ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, January 28, 2013

ਉੱਪ ਮਹਾਂਦੀਪ-(ਦਲਿਤ+ਘੱਟਗਿਣਤੀਆਂ+ਕੌਮੀਅਤਾਂ)=ਭਾਰਤੀ ਹਿੰਦੂਤਵੀ ਸਿਆਸਤ : ਪੈਰੀ ਐਂਡਰਸਨ,ਮਾਰਕਸੀ ਚਿੰਤਕ

'ਦ ਇੰਡੀਅਨ ਅਡਿਓਲਿਜੀ': ਮਿੱਥ ਤੋਂ ਯਥਾਰਥ ਵੱਲ
ਪੈਰੀ ਐਂਡਰਸਨ ਬ੍ਰਿਟਿਸ਼ ਇਤਿਹਾਸਕਾਰ ਤੇ ਸਿਆਸੀ ਵਿਸਲੇਸ਼ਕ ਹੈ।ਉਹ ਵੀਹ ਸਾਲ ਮਸ਼ਹੂਰ ਕੌਮਾਂਤਰੀ ਰਸਾਲੇ 'ਨਿਊ ਲੈਫਟ ਰੀਵਿਊ' ਦਾ ਸੰਪਾਦਕ ਰਿਹਾ ਹੈ। ਉਸ ਦੀ ਕਿਤਾਬ 'ਦ ਇੰਡੀਅਨ ਅਡਿਓਲਿਜੀ' ਦਾ ਰੀਵਿਊ ਖੱਬੇਪੱਖੀ ਚਿੰਤਕ ਸੁਭਾਸ਼ ਗਾਤਾੜੇ ਨੇ ਲਿਖਿਆ ਹੈ ਤੇ ਇਸ ਦਾ ਪੰਜਾਬੀ ਤਰਜ਼ਮਾ ਅੱਜਕਲ੍ਹ ਪੈਰੀ ਐਂਡਰਸਨ ਨੂੰ ਪੜ੍ਹ-ਸਮਝ ਰਹੀ ਸਿਆਸਤ ਦੀ ਵਿਦਿਆਰਥਣ ਵੀਰਪਾਲ ਕੌਰ ਨੇ ਕੀਤਾ ਹੈ।-ਗੁਲਾਮ ਕਲਮ

ਇਸ ਦੀ ਕੋਈ ਦੋ ਰਾਇ ਨਹੀਂ ਹੈ ਕਿ 'ਪੈਰੀ ਐਂਡਰਸਨ ਦੇ ਤਰਕ ੳਨ੍ਹਾਂ ਸਾਰੇ ਵਿਦਵਾਨਾਂ ਤੇ ਵਿਚਾਰਕਾਂ ਨੂੰ ਬੈਚੇਨ ਕਰਨ ਦੇਣਗੇ, ਜਿਨ੍ਹਾਂ ਨੇ ਭਾਰਤੀ ਗਣਤੰਤਰ ਨੂੰ ਲੈ ਕੇ ਗੁਣਗਾਨ ਕਰਨ ਵਾਲੀ ਸਹਿਮਤੀ ਅਪਣਾਈ ਹੈ'।-ਅਰੁੰਧਤੀ ਰਾਏ 


ਪਣੀ ਕਿਤਾਬ 'ਦ ਜਰਮਨ ਆਡਿਓਲਿਜੀ' 'ਚ ਮਾਰਕਸ ਤੇ ਏਂਗਲਸ ਤਿਹਾਸ ਦੀ ਭੌਤਿਕਵਾਦੀ ਵਿਆਖਿਆ ਕਰਦੇ ਹਨ। ਇਸੇ ਨਾਂਅ ਨਾਲ ਮੇਲ ਖਾਂਦੀ ਪੈਰੀ ਐਂਡਰਸਨ ਦੀ ਕਿਤਾਬ 'ਦ ਇੰਡੀਅਨ ਅਡਿਓਲਿਜੀ' ਦਾ ਸਾਰ ਭਾਵੇਂ ਫਿਲਾਸਫੀ ਨਹੀਂ ਹੈ ਪਰ ਇਹ ਆਪਣੇ ਵਕਤ ਦੇ ਮੋਹਰੀ ਵਿਚਾਰਕਾਂ ਦੁਆਰਾ ਭਾਰਤੀ ਰਾਜ ਤੇ ਸਮਾਜ ਦੀ ਪਰਖ ਦੀ ਅਲੋਚਨਾ ਦੇ ਮਾਮਲੇ 'ਚ 'ਦ ਜਰਮਨ ਅਡਿਓਲਿਜੀ' ਜਿੰਨੀ ਸਖ਼ਤ ਦਿਖਦੀ ਹੈ।

ਭਾਰਤੀ ਸਮਾਜ ਦੀਆਂ ਵਿਭਿੰਨ ਗੈਰ-ਬਰਾਬਰੀ,ਜਾਤੀ-ਜੇਂਡਰ-ਨਸਲ ਆਦਿ 'ਤੇ ਅਧਾਰਤ ਸਾਰੇ ਪੀੜ੍ਹੀ ਦਰ ਪੀੜ੍ਹੀ ਦੇ ਵਿਭਿੰਨ ਅਲੋਚਕ ਭਾਰਤੀ ਰਾਜ ਦੀ ਇਸ ਆਤਮ ਪ੍ਰਸੰਸਾ ਨਾਲ ਸਹਿਮਤਹੁੰਦੇ ਦਿਖਾਈ ਦਿੰਦੇ ਹਨ।ਪਰ ਇਹ ਬੈਚੇਨ ਕਰਨ ਵਾਲਾ ਸਵਾਲ ਨਹੀਂ ਪੁੱਛਿਆ ਜਾਂਦਾ ਕਿ ਭਾਰਤੀ ਰਾਜ ਦੇ ਤਮਾਮ ਦਾਅਵਿਆਂ ਤੇ ਹਕੀਕਤ ਦੇ ਵਿਚਕਾਰ ਕਿੰਨਾ ਫਰਕ ਹੈ? ਜੇ ਦਾਅਵੇ ਤੇ ਹਕੀਕਤਾਂ 'ਚ ਫਰਕ ਦਿਖਦਾ ਹੈ ਤਾਂ ਉਸਨੂੰ ਅਸੀਂ ਸਥਿਤੀ ਦੀ ਨੀਅਤ ਜਾਂ ਉਸਦੀਆਂ ਜੜ੍ਹਾਂ ਸਾਸ਼ਕਾਂ ਦੇ ਆਚਰਨ 'ਚ ਲੱਭ ਸਕਦੇ ਹਾਂ'।

ਦਰ ਅਸਲ ਭਾਰਤ ਨੂੰ ਆਪਣੀ ਇਕਹਰੀ ਨਜ਼ਰ ਦੇ ਤਹਿਤ ਹਿੰਦੂ ਰਾਸ਼ਟਰ ਬਨਾਉਣ ਨੂੰ ਕਾਹਲੇ ਵਿਚਾਰਕਾਂ ਦੀ ਚਿੰਤਨਪ੍ਰਣਾਲੀ ਪਿਛਲੇ ਦੋ ਦਹਾਕਿਆਂ ਦੇ ਜ਼ਿਆਦਾ ਸਮੇਂ ਤੋਂ ਉਦਾਰਵਾਦੀ ਤੇ ਖੱਬੇਪੱਖੀ ਵਿਚਾਰਕਾਂ ਦੀ ਚਿੰਤਾ ਤੇ ਅਲੋਚਨਾ ਦਾ ਵਿਸ਼ਾ ਰਹੀ ਹੈ। ਤਰਾਸਦੀ ਇਹੀ ਕਹੀ ਜਾਵੇ ਕਿ ਫਿਰਕਾਪ੍ਰਸਤੀ ਬਨਾਮ ਧਰਮਨਿਰਪੱਖਤਾ,ਅਧੁਨਿਕਤਾ ਬਨਾਮ ਲੋਕਤੰਤਰ ਜਿਹੇ ਬਾਇਨਰੀ ਰੂਪ 'ਚ ਪੇਸ਼ ਇਸ ਬਹਿਸ 'ਚ ਖੁਦ ਉਦਾਰਵਾਦੀ ਵਿਚਾਰਕਾਂ ਦੀਆਂ ਸੀਮਾਵਾਂ ਤੇ ਉਨ੍ਹਾਂ ਦੁਆਰਾ ਧਰਨਰਿਪੱਖਤਾ/ਲੋਕਤੰਤਰ ਤੇ ਏਕਤਾ-ਅਖੰਡਤਾ ਆਦਿ ਮਸਲੇ ਦੀ ਗੈਰ-ਅਲੋਚਨਾਤਮਕ ਢੰਗ ਨਾਲ ਦੇਖਣ ਦਾ ਮਾਮਲਾ ਕਦੇ ਵੀ ਏਜੰਡੇ 'ਤੇ ਨਹੀਂ ਆ ਸਕਿਆ ਹੈ'।ਲੰਦਨ ਰੀਵਿਊ ਆਫ ਬੁਕਸ 'ਚ 2012 ਦੀਆਂ ਗਰਮੀਆਂ 'ਚ ਪ੍ਰਕਾਸ਼ਿਤ ਪੇਰੀ ਐਂਡਰਸਨ ਦੁਆਰਾ ਲਿਖੇ ਭਾਰਤ ਸਬੰਧੀ ਲੇਖਾਂ ਦਾ ਪੇਸ਼ ਸੰਗ੍ਰਿਹ ਨਾ ਕੇਵਲ ਭਾਰਤੀ ਸੰਘ ਦੀ ਸੱਚਾਈ ਨੂੰ ਪੈਨੀ ਨਜ਼ਰ ਨਾਲ ਵੇਖਦਾ ਹੈ ਬਲਕਿ ਉਸ ਨੂੰ ਲੈ ਕੇ ਸਥਾਪਤ ਬਹੁਤ ਸਾਰੀਆਂ 'ਸੱਚਾਈਆਂ' ਨੂੰ ਪ੍ਰਸ਼ਨ ਕਰਦਾ ਹੈ ਤੇ ਨਾਲ ਹੀ ਨਾਲ ਸਾਡੇ ਸਮੇਂ ਸਾਰੇ ਸਥਾਪਤ ਵਿਚਾਰਕਾਂ ਦੀ ਪਹੁੰਚ 'ਤੇ ਸਵਾਲ ਖੜ੍ਹੇ ਕਰਦਾ ਹੈ।

ਪੈਰੀ ਐਂਡਰਸਨ ਮੁਤਾਬਕ,'ਭਾਰਤੀ ਗਣਤੰਤਰ ਦੀਆਂ ਸਾਰੀਆਂ ਬਿਮਾਰੀਆਂ ਦੀ ਜੜ੍ਹਾਂ,ਇਤਿਹਾਸਕ ਤੌਰ 'ਤੇ ਡੂੰਘੀਆਂ ਹਨ'। ਉਨ੍ਹਾਂ ਮੁਤਾਬਕ ਭਾਰਤੀ ਅਜ਼ਾਦੀ ਦਾ ਅੰਦੋਲਨ ਜਿਸ ਤਰ੍ਹਾਂ ਲੜ੍ਹਿਆ ਗਿਆ,ਓਹਦੀ ਗਤੀ ਇਕ ਵੰਡੇ ਉਪ ਮਹਾਂਦੀਪ 'ਚ ਕਾਂਗਰਸ ਦੇ ਹੱਥਾਂ 'ਚ ਸੱਤਾ ਤਬਦੀਲ ਹੋਣ ਨਾਲ ਹੋਈ। ਇਸ ਪੂਰੇ ਇਤਿਹਾਸ ਨੂੰ ਨਵੇਂ ਸਿਰਿਓਂ ਦੇਖਣ-ਪਰਖਣ ਦੀ ਜ਼ਰੂਰਤ ਹੈ'।ਕਿਤਾਬ ਦੇ ਮੁੱਖ ਬੰਦ 'ਚ ਪੇਰੀ ਐਂਡਰਸਨ ਪੁੱਛਦੇ ਹਨ ਕਿ 'ਡੂੰਘਾਈ 'ਚ ਜਾ ਕੇ ਦੇਖੀਏ ਤਾਂ ਭਾਰਤ 'ਚ ਜਨਤੰਤਰ ਦਾ ਸਮਾਜਿਕ ਅਧਾਰ ਕਿੰਨਾ ਹੈ ਤੇ ਉਸ 'ਚ ਜਾਤ ਦੀ ਕਿੰਨੀ ਭੂਮਿਕਾ ਹੈ'।ਭਾਰਤੀ ਸੰਘ 'ਚ ਧਰਮ ਦਾ ਕਿੰਨਾ ਸਥਾਨ ਹੈ-ਜੋ ਐਲਾਨੀਆ ਤੌਰ 'ਤੇ ਸੈਕੂਲਰ ਹੈ,ਪਰ ਸੱਚਾਈ 'ਚ ਕਿੰਨਾ ਹੈ ? ਤੇ ਅੰਤ 'ਚ ਰਾਸ਼ਟਰ ਦੀ ਏਕਤਾ ਦੇ ਜਨਮ ਚਿੰਨ੍ਹ ਕੀ ਹਨ ਤੇ ਉਸਦੀ ਕਿੰਨੀ ਕੀਮਤ ਅਦਾ ਕਰਨੀ ਪਈ ਹੈ?ਕਿਤਾਬ ਦਾ ਸਮੁੱਚਾ ਜ਼ੋਰ ਲਿਬਰਲ,ਸੈਕੂਲਰ ਚਿੰਤਕਾਂ 'ਤੇ ਹੈ ਤੇ ਇਸ 'ਚ ਖੱਬੇਪੱਖੀਆਂ ਦੀ ਚਰਚਾ ਨਹੀਂ ਕੀਤੀ ਗਈ ਹੈ'। ਪੇਰੀ ਦੇ ਮੁਤਾਬਕ, 'ਇਕ ਤਾਕਤ ਦੇ ਤੌਰ 'ਤੇ ਖੱਬੇਪੱਖੀਆਂ ਦੀ 'ਸਿੱਧੀ ਸਿਆਸੀ ਕਮਜ਼ੋਰੀ' ਨੇ ਭਾਰਤੀ ਵਿਚਾਰਧਾਰਾ ਦੀ ਪਕੜ ਨੂੰ ਹੋਰ ਮਜ਼ਬੂਤ ਬਣਾਇਆ ਹੈ'।



ਲੇਖਕ ਦੇ ਮੁਤਬਾਕ ਖੱਬੇਪੱਖੀਆਂ ਦੀ ਕਮਜ਼ੋਰੀ ਦੇ ਕਾਰਨਾਂ ਦੀ ਡੂੰਘਾਈ 'ਚ ਜਾ ਕੇ ਪੜਤਾਲ ਜ਼ਰੂਰੀ ਹੈ',ਪਰ ਉਸਦਾ ਮੰਨਣਾ ਹੈ ਕਿ ਇਸਦੀ ਪ੍ਰਮੁੱਖ ਵਜ੍ਹਾ 'ਅਜ਼ਾਦੀ ਦੇ ਅੰਦੋਲਨ ਦੇ ਨਾਲ ਰਾਸ਼ਟਰ ਦੇ ਧਰਮ(ਹਿੰਦੂ) ਦੇ ਨਾਲ ਏਕੀਕਰਨ 'ਚ ਨਿਹਿਤ ਹੈ'।ਆਇਰਲੈਂਡ,ਜਿੱਥੇ ਲੇਖਕ ਪੈਦਾ ਹੋਇਆ,ਉਸਦੀ ਚਰਚਾ ਕਰਦਾ ਹੋਇਆ ਉਹ ਇਹ ਵੀ ਜੋੜਦਾ ਹੈ ਕਿ ਜਿੱਥੇ ਅਜਿਹਾ ਏਕੀਕਰਨ(ਰਾਸ਼ਟਰ ਤੇ ਧਰਮ) ਹੋਇਆ, ਓਥੇ ਖੱਬੇਪੱਖੀਆਂ ਲਈ ਜ਼ਮੀਨ ਹਮੇਸ਼ਾਂ ਪ੍ਰਤੀਕੂਲ ਰਹੀ ਹੈ'। ਮੁੱਖ ਬੰਦ ਦੇ ਅੰਤ 'ਚ ਉਹ ਖੱਬੇਪੱਖੀਆਂ ਨੂੰ ਸਲਾਹ ਦਿੰਦੇ ਹੋਏ ਕਹਿੰਦੇ ਹੈ ਕਿ ਖੱਬੇਪੱਖੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਦੌਰ ਨੂੰ ਸ਼ਰਧਾਭਾਵ ਨਾਲ ਦੇਖਣ ਦੀ ਬਜਾਏ ਅੰਬੇਡਕਰ ਤੇ ਪੇਰੀਅਰ ਦੀ ਤਰਜ਼ 'ਤੇ ਜ਼ਿਆਦਾ ਅਲੋਚਨਾਤਮਕ ਢੰਗ ਨਾਲ ਦੇਖਣ'।

ਆਪਣੇ ਪਹਿਲੇ ਅਧਿਆਏ 'ਇੰਡੀਪੈਂਡਨਸ' ਦੀ ਸ਼ੁਰੂਆਤ ਕਰਦੇ ਹੋਏ ਲੇਖਕ ਜਵਾਹਰ ਲਾਲ ਨਹਿਰੂ ਦੀ ਚਰਚਿਤ ਕਿਤਾਬ 'ਡਿਸਕਵਰੀ ਆਫ ਇੰਡੀਆ' ਦੀ ਉਦਾਹਰਨ ਤੋਂ ਕਰਦੇ ਹਨ ਜਿਸ 'ਚ ਭਾਰਤ ਦੇ ਪ੍ਰਧਾਨਮੰਤਰੀ ਅਜ਼ਾਦੀ ਤੋਂ ਕੁਝ ਸਮਾਂ ਪਹਿਲਾਂ ' ਭਾਰਤ ਦੇ ਸੱਭਿਆਚਾਰ ਤੇ ਸੰਸਕ੍ਰਿਤੀ ਦੀ ਪੰਜ ਛੇ ਹਜ਼ਾਰ ਸਾਲਾਂ ਤੋਂ ਜ਼ਿਆਦਾ ਸਮੇਂ ਚੱਲੀ ਆ ਰਹੀ ਲਗਤਾਰਤਾ' ਨੂੰ ਲੈ ਕੇ ਆਪਣੀ ਮੁਗਧਤਾ ਬਿਆਨ ਕਰਦੇ ਹੋਏ ਇਸ ਉਪ-ਮਹਾਂਦੀਪ ਦੀ ਪ੍ਰਚੀਨਤਾ ਦੇ ਅਨੋਖੇਪਣ ਦਾ ਜ਼ਿਕਰ ਕਰਦੇ ਹਨ, ਜੋ ਸੱਭਿਅਤਾ ਦੀ ਸਵੇਰ ਤੋਂ ਹੀ ਭਾਰਤ ਦੇ ਵਿਚਾਰ 'ਚ ਫੈਲੇ ਏਕਤਾ ਦੇ ਸੁਫਨੇ' 'ਚ ਪ੍ਰਤੀਬਿੰਬਤ ਹੁੰਦੀ ਹੈ'।ਫਿਰ ਅਮਰੱਤਿਯਾ ਸੇਨ,ਮੇਘਨਾਦ ਦੇਸਾਈ,ਰਾਮਚੰਦਰ ਗੂਹਾ,ਸੁਨਿਲ ਖਿਲਨਾਨੀ,ਪ੍ਰਤਾਪ ਭਾਨੂ ਮਹਿਤਾ ਆਦਿ ਜਿਹੇ ਚੋਟੀ ਦੇ ਵਿਦਵਾਨਾਂ ਦੀਆਂ ਭਾਰਤ ਸਬੰਧੀ ਗੰਭੀਰ ਰਚਨਾਵਾਂ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ ਕਿ ਕਿਸ ਤਰ੍ਹਾਂ ਭਾਰਤ ਨੂੰ ਸਮਝਣ ਦੇ ਲਈ ਇਨ੍ਹਾਂ ਦੀ ਜ਼ਰੂਰੀ ਰਚਨਾਵਾਂ ਵੀ 'ਰਾਜ ਦੇ ਆਪਣੇ ਪ੍ਰਤੀ ਸ਼ਬਦ ਅਡੰਬਰ ਨੂੰ ਸਾਂਝਾ ਕਰਦੀਆਂ ਹਨ'। ਦਰ ਅਸਲ ਇਹ ਉਪ ਮਹਾਂਦੀਪ ਜਿਸ ਨੂੰ ਅੱਜ ਅਸੀਂ ਇਸ ਰੂਪ 'ਚ ਜਾਣਦੇ ਹਾਂ ਉਹ ਅਧੁਨਿਕ ਦੌਰ ਤੋਂ ਪਹਿਲਾਂ ਕਦੇ ਵੀ ਸਿਆਸੀ ਜਾਂ ਸੱਭਿਆਚਾਰਕ ਇਕਾਈ ਦੇ ਰੂਪ 'ਚ ਨਹੀਂ ਸੀ। ਬ੍ਰਿਟਿਸ਼ ਦੇ ਆਉਣ ਨਾਲ ਹੀ ਪਹਿਲੀ ਵਾਰ ਇਸ ਨੂੰ ਇਕ ਪ੍ਰਸਾਸ਼ਨਿਕ ਤੇ ਵਿਚਾਰਧਾਰਕ ਹਕੀਕਤ 'ਚ ਬਦਲਿਆ ਗਿਆ।


ਜੇ ਅਸੀਂ ਅਤੀਤ ਦੇ ਪੰਨਿਆਂ ਨੂੰ ਫਰੋਲੀਏ ਤਾਂ ਇਤਿਹਾਸ ਦੇ ਲੰਮੇ ਕਾਲ ਖੰਡ 'ਚ ਉਸਦਾ ਭੂੰ-ਭਾਗ ਛੋਟੇ ਅਕਾਰ ਦੇ ਰਾਜਾਂ ਦਾ ਹਿੱਸਾ ਸੀ। ਭਾਰਤ ਦੇ ਇਤਿਹਾਸ 'ਚ ਨਜ਼ਰ ਆਉਣ ਵਾਲੇ ਤਿੰਨ ਵੱਡੇ ਸਾਮਰਾਜਾਂ ਮੌਰਿਯ,ਗੁਪਤ ਤੇ ਮੁਗਲ ਸਾਮਰਾਜਾਂ ਦਾ ਦਾਇਰਾ ਕਦੇ ਵੀ ਨਹਿਰੂ ਦੁਆਰਾ 'ਡਿਸਕਵਰੀ ਆਫ ਇੰਡੀਆ' 'ਚ ਬਿਆਨੇ ਭੂੰ-ਭਾਗ ਤੱਕ ਨਹੀਂ ਫੈਲਿਆ ਸੀ'। ਜਿਸ 'ਭਾਰਤ ਦੇ ਵਿਚਾਰ' ਦੀਆਂ ਗੱਲਾਂ ਅਜ਼ਾਦੀ ਦੇ ਅੰਦੋਲਨ ਦੇ ਮੋਢੀਆਂ ਨੇ ਕੀਤੀ, ਉਹ ਪੂਰੀ ਤਰ੍ਹਾਂ ਇਕ 'ਯੂਰਪੀਅਨ ਵਿਚਾਰ' ਹੈ'। ਕਿਸੇ ਵੀ ਸਥਾਨਕ ਭਾਸ਼ਾ 'ਚ ਅਜਿਹਾ ਸ਼ਬਦ ਵਜੂਦ 'ਚ ਨਹੀਂ ਦਿਖਦਾ'।ਇਸ ਉਪ ਮਹਾਂਦੀਪ ਦਾ ਵੰਡਿਆ ਹੋਇਆ ਸਮਾਜ ਤੇ ਵੱਖ ਵੱਖ ਰਾਜਾਂ 'ਚ ਵੰਡੇ ਭੂੰ-ਭਾਗ 'ਤੇ ਕਬਜ਼ਾ ਕਰਨਾ ਬਰਤਾਨਵੀ ਸਾਸ਼ਕਾਂ ਦੇ ਲਈ ਬਹੁਤ ਔਖਾ ਸਾਬਤ ਨਹੀਂ ਹੋਇਆ।ਨਿਸ਼ਚਤ ਹੀ ਪੁਲੀਸ ਤੇ ਫੌਜ ਨਾਲ ਬਣੀ ਦਮਨਕਾਰੀ ਮਸ਼ਿਨਰੀ ਦੇ ਇਲਾਵਾ ਬ੍ਰਿਟਿਸ਼ ਰਾਜ ਦੇ ਆਧੁਨਿਕੀਕਰਨ ਦੀ ਤਾਕਤ ਕਨੂੰਨੀ ਕਿਤਾਬਾਂ ਦੇ ਨਿਰਮਾਣ ਜਾਂ ਰੇਲ ਤੇ ਆਵਾਜਾਈ ਦੇ ਹੋਰ ਸਾਧਨਾਂ ਨੂੰ ਵਿਕਸਤ ਕਰਨ ਤੱਕ ਸੀਮਤ ਨਹੀਂ ਸੀ। ਉਨ੍ਹਾਂ ਨੇ ਇਕ ਦੇਸ਼ ਅਭਿਜਾਤ ਦੇ ਤਬਕੇ ਦੇ ਬੀਜ ਪਾਏ ਜੋ ਮੈਕਾਲੇ ਦੀ ਭਾਸ਼ਾ 'ਚ ਰੰਗ ਤੇ ਵਰਣ 'ਚ ਭਾਰਤੀ ਸੀ,ਪਰ ਰੁਚੀਆਂ, ਬੌਧਿਕਤਾ ਤੇ ਨੈਤਕਿਤਾ ਦੇ ਮਾਮਲੇ 'ਚ ਬ੍ਰਿਟਿਸ਼ ਸੀ। 'ਭਾਰਤ ਦਾ ਵਿਚਾਰ' ਉਨ੍ਹਾਂ ਦਾ ਸੀ।(ਸਫਾ 15)


ਗਾਂਧੀ ਦੁਆਰਾ ਵਾਰ ਵਾਰ ਸਿਆਸਤ ਨਾਲੋਂ ਜ਼ਿਆਦਾ ਹਿੰਦੂ ਧਰਮ ਦੀ ਦੁਹਾਈ ਦੇਣ ਦੇ ਉਦਾਹਰਨਾਂ ਨੂੰ ਪੇਸ਼ ਕਰਨ ਤੋਂ ਬਾਅਦ ਲੇਖਕ ਇਹ ਸਵਾਲ ਉਠਾਉਂਦਾ ਹੈ ਕਿ 'ਇਸ ਕਿਸਮ ਦੇ ਹਿੰਦੂ ਪੁਰਾਤਨਪੰਥੀਆਂ ਤੋਂ ਅਸੀਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਉਹ ਮੁਸਲਮਾਨਾਂ ਨੂੰ ਵੀ ਇਕ ਸਾਂਝੇ ਰਾਸ਼ਟਰੀ ਸੰਘਰਸ਼ ਲਈ ਏਕਤਬੱਧ ਕਰੇਗਾ'?(ਸਫਾ 24) ਇਸ ਮਸਲੇ ਦਾ ਹੱਲ ਗਾਂਧੀ ਨੇ ਲੱਭਿਆ ਕਿ ' ਇਸਲਾਮ ਦੇ ਬੈਨਰ ਹੇਠ ਬ੍ਰਿਟਿਸ਼ ਰਾਜ ਦੇ ਖ਼ਿਲਾਫ ਮੁਸਲਮਾਨਾਂ ਨੂੰ ਗੋਲਬੰਦ ਕੀਤਾ ਜਾਵੇ'।ਤੁਰਕੀ ਦੇ ਖਿਲਾਫਤ ਦੀ ਸਮਾਪਤੀ ਇਕ ਅਜਿਹਾ ਮੁੱਦਾ ਸੀ ਜਿਸ ਦੇ ਨਾਲ ਦੇ ਰੂੜੀਵਾਦੀ ਮੁਸਲਮਾਨਾਂ ਦੇ ਵੱਡੇ ਹਿੱਸੇ ਨੂੰ ਨਾਲ ਜੋੜਿਆ ਜਾ ਸਕਦਾ ਸੀ।ਸਪੱਸ਼ਟ ਸੀ ਇਹ ਅਜਿਹਾ ਮਸਲਾ ਸੀ ਜੋ ' ਜ਼ਿਆਦਾ ਸੈਕੁਲਰ ਮੁਸਲਮਾਨ ਦੇ ਲਈ-ਜਿਸ 'ਚ ਜਿਨਾਹ ਵੀ ਸ਼ਾਮਲ ਸੀ-ਨਾ ਕੇਵਲ ਅਪ੍ਰਸੰਗਿਕ ਸੀ ,ਬਲਕਿ ਬੇਹੱਦ ਪ੍ਰਤੀਕ੍ਰਿਆਵਾਦੀ ਸੀ'।


ਅੱਗੇ ਲੇਖਕ ਅਛੂਤਾਂ ਨੂੰ ਵੱਖ ਮਤਦਾਤਾ ਸੰਘ ਪ੍ਰਦਾਨ ਕਰਨ ਦੇ ਲਈ ਗੋਲਮੇਜ ਸੰਮੇਲਨ ਦੇ ਫੈਸਲੇ ਦੇ ਬਹਾਨੇ ਜਾਤ ਦੇ ਪ੍ਰਸ਼ਨ 'ਤੇ ਗਾਂਧੀ ਦੀ ਰੂੜੀਵਾਦੀ ਸਮਝਦਾਰੀ ਬਾਰੇ ਚਰਚਾ ਕਰਦੇ ਹਨ।ਵਰਨ ਵਿਵਸਥਾ ਦੀ ਹਮਾਇਤ ਕਰਨ ਵਾਲੇ(ਜੇ ਹਿੰਦੂ ਸਮਾਜ ਅੱਜ ਵੀ ਖੜ੍ਹਾ ਹੈ ਤਾਂ ਉਸਦੀ ਵਜ੍ਹਾ ਜਾਤੀਵਾਦੀ ਵਿਵਸਥਾ ਦੀ ਬੁਨਿਆਦ ਹੈ।ਗਾਂਧੀ ਦੀ ਕਿਤਾਬ 'ਸਵਰਾਜ' ਦੀ ਜੜ੍ਹਾਂ ਜਾਤੀ ਪ੍ਰਥਾ 'ਚ ਦੇਖੀਆਂ ਜਾ ਸਕਦੀਆਂ ਹਨ'।'ਮੇਰਾ ਸਪੱਸ਼ਟ ਮੰਨਣਾ ਹੈ ਕਿ ਜਾਤੀਪ੍ਰਥਾ ਨੇ ਹਿੰਦੂ ਧਰਮ ਦੇ ਟੁੱਟਣ ਨੂੰ ਬਚਾਇਆ ਹੈ' ਤੇ ਛੂਤਛਾਤ ਨੂੰ ਮਨੁੱਖੀ ਗਲਤੀ ਦਾ ਹਿੱਸਾ ਮੰਨਣ ਵਾਲੇ ਗਾਂਧੀ ਲਈ ਬ੍ਰਿਟਿਸ਼ ਸਰਕਾਰ ਦਾ ਇਹ ਫੈਸਲਾ ਮਹਿਜ਼ ਰਾਸ਼ਟਰੀ ਅੰਦੋਲਨ ਨੂੰ ਵੰਡਣ ਵਾਲਾ ਨਹੀਂ ਬਲਕਿ ਇਸਦਾ ਅਰਥ ਸੀ ਜਾਤੀ ਵਿਵਸਥਾ ਦੇ ਚਲਦੇ ਹੋਈ ਸ਼ਰਾਪੇ ਹੋਣ ਦੀ ਗੱਲ ਕਬੂਲ ਕਰਨਾ'।ਦਲਿਤਾਂ ਦੇ ਵੱਖ ਮਤਦਾਤਾ ਮਹਾਂਸੰਘ ਪ੍ਰਦਾਨ ਕਰਨ ਦੇ ਫੈਸਲੇ ਨੂੰ ਉਲਟਾਉਣ ਦੇ ਲਈ ਗਾਂਧੀ ਦੁਆਰਾ ਲਿਆ ਮਰਨ ਵਰਤ ਦਾ ਸਹਾਰਾ ਤੇ ਅੰਬਦਕਰ ਦੇ ਪਾਇਆ ਗਿਆ ਦਬਾਅ ,ਇਸ ਦੀ ਚਰਚਾ ਕਰਦੇ ਹੋਏ ਲੇਖਕ ਦੱਸਦੇ ਹਨ ਕਿ ਕਿਸ ਤਰ੍ਹਾਂ ਅੰਬੇਦਕਰ ਦੇ ਨਾਲ ਸੰਪੰਨ ਪੂਨਾ ਕਰਾਰ-ਜਿਸਨੇ ਅਛੂਤਾਂ ਦੇ ਲਈ ਚੋਣਾਂ 'ਚ ਜ਼ਿਆਦਾ ਸੀਟਾਂ ਪ੍ਰਦਾਨ ਕਰਨ ਦੀ ਗੱਲ ਕਹੀ ਗਈ,ਉਸਨੇ ਦਲਿਤ ਭਾਈਚਾਰੇ ਤੋਂ ਸਿਆਸੀ ਆਜ਼ਾਦੀ ਦਾ ਅਧਿਕਾਰ ਖੋਹ ਲਿਆ।'ਹਿੰਦੂ ਜੋ ਵੀ ਕਹਿਣ,ਪਰ ਹਿੰਦੂ ਧਰਮ ਬਰਾਬਰੀ,ਸੁਤੰਤਰਤਾ ਤੇ ਭਾਈਚਾਰਕਤਾ ਲਈ ਖਤਰਾ ਹੈ' ਇਸ ਗੱਲ ਨੂੰ ਜ਼ੋਰ ਨਾਲ ਕਹਿਣ ਵਾਲੇ ਅੰਬੇਦਕਰ ਨੇ ਪੂਨਾ ਕਰਾਰ ਦੇ ਸਮੇਂ ਆਪਣੇ ਸਮਰਪਣ-ਜਦੋਂ ਸਮੁੱਚਾ ਦਲਿਤ ਭਾਈਚਾਰੇ 'ਤੇ ਵਰਨ ਸਮਾਜ ਦਾ ਹਮਲਵਾਰ ਖਤਰਾ ਮੰਡਰਾ ਰਿਹਾ ਹੈ-ਪਰ ਸ਼ਰਮਿੰਦਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਿ 'ਇਸ ਵਰਤ ਕੋਈ ਉਦਾਤਤਤਾ ਨਹੀਂ ਸੀ,ਇਹ ਇਕ ਨਿੰਦਣਯੋਗ ਕਦਮ ਸੀ।


ਪੈਰੀ ਬੌਧਿਕ ਸਮਰੱਥਾ ਦੇ ਮਾਮਲੇ 'ਚ ਅੰਬੇਦਕਰ ਦੇ ਨਾਲ ਨਹਿਰੂ ਦੀ ਤੁਲਨਾ ਕਰਦੇ ਹਨ'।'ਅੰਬੇਦਕਾਰ ਦੀ ਨਹਿਰੂ ਨਾਲ ਤੁਲਣਾ ਕਰਨਾ ਨਿਆਂਪੂਰਨ ਨਹੀਂ ਹੈ,ਜੋ ਬੌਧਿਕ ਸਮਰੱਥਾ ਦੇ ਮਾਮਲੇ 'ਚ ਕਾਂਗਰਸ ਦੇ ਸਾਰੇ ਆਗੂਆਂ ਤੋਂ ਬਹੁਤ ਅੱਗੇ ਸਨ।ਜਿਸ ਦੀ ਇਕ ਵਜ੍ਹਾ ਇਹ ਵੀ ਕਹੀ ਜਾ ਸਕਦੀ ਹੈ ਕਿ ਅੰਬੇਦਕਾਰ ਨੇ ਲੰਦਨ ਸਕੂਲ ਆਫ ਇਕਨਾਮਿਕਸ ਤੇ ਕਲੰਬੀਆ ਯੂਨੀਵਰਸਿਟੀ 'ਚ ਗੰਭੀਰ-ਗਹਿਨ ਅਧਿਐਨ ਕੀਤਾ ਸੀ,ਉਨ੍ਹਾਂ ਨੂੰ ਪੜ੍ਹਨਾ ਇਕ ਤਰ੍ਹਾਂ ਨੂੰ ਅਲੱਗ ਦੁਨੀਆ 'ਚ ਪ੍ਰਵੇਸ਼ ਕਰਨਾ ਹੈ'।ਪਰ ਅਸੀਂ 'ਡਿਸਕਵਰੀ ਆਫ ਇੰਡੀਆ' ਨੂੰ ਪੜ੍ਹੀਏ ਤਾਂ ਉਹ ਨਾ ਕੇਵਲ ਨਹਿਰੂ ਦੀ ਰਸਮੀ ਵਿਦਵਤਾ ਦੀ ਕਮੀ ਤੇ ਰੋਮਾਨੀ ਮਿੱਥਕਾਂ ਦੇ ਪ੍ਰਤੀ ਲਗਾਅ ਨੂੰ ਉਜਾਗਰ ਕਰਦਾ ਹੈ ਬਲਕਿ ਜੇ ਡੂੰਘਾਈ 'ਚ ਦੇਖੀਏ ਤਾਂ ਆਤਮ ਪ੍ਰਵਚਨ ਦੀ ਸਮਰੱਥਾ ਨੂੰ ਵੀ ਪਾਰਦਰਸ਼ ਕਰਦਾ ਹੈ ਜਿਸ ਦੇ ਸਿਆਸੀ ਨਤੀਜੇ ਬੇਹੱਦ ਪ੍ਰਤੀਕੂਲ ਹੋਏ'। (ਸਫਾ53)


ਆਪਣੇ ਆਪ ਨੂੰ ਨਾਸਤਿਕ ਕਹਿਣ ਵਾਲੇ ਨਹਿਰੂ ਨੇ ਕਿਸ ਤਰ੍ਹਾਂ ਧਰਮ ਨੂੰ ਰਾਸ਼ਟਰ ਨਾਲ ਜੋੜਿਆ ਸੀ,ਇਸ ਦੀ ਚਰਚਾ ਕਰਦੀ ਹੋਈ ਕਿਤਾਬ ਦੱਸਦੀ ਹੈ ਕਿ 'ਹਿੰਦੂ ਧਰਮ ਰਾਸ਼ਟਰਵਾਦ ਦਾ ਪ੍ਰਤੀਕ ਬਣਿਆ'।ਇਹ ਸੱਚ ਮੁੱਚ ਇਕ ਰਾਸ਼ਟਰ ਧਰਮ ਸੀ,ਓਹਦੇ ਤਮਾਮ ਗਹਿਰੇ ਪ੍ਰਭਾਵਾਂ ਨਾਲ, ਨਸਲੀ ਤੇ ਸੰਸਕ੍ਰਿਤਕ,ਜੋ ਮੌਜੂਦਾ ਸਮੇਂ 'ਚ ਹਰ ਥਾਂ ਰਾਸ਼ਟਰਵਾਦ ਦਾ ਅਧਾਰ ਬਣਦੇ ਹਨ'।ਇਸ ਲਈ ਬੁੱਧ ਧਰਮ,ਜਿਸ ਦਾ ਜਨਮ ਭਾਰਤ 'ਚ ਹੋਇਆ,ਉਸਦੀ ਓਥੇ ਹਾਰ ਹੋਈ ਕਿਉਂਕਿ ਉਹ ਸਾਰ ਤੱਤ ਦੇ ਤੌਰ 'ਤੇ ਕੌਮਾਂਤਰੀ ਸੀ'।


ਜੇ ਰਾਸ਼ਟਰੀ ਧਰਮ ਤੇ ਉਸਦੀਆਂ ਬੁਨਿਆਦੀ ਸੰਸਥਾਵਾਂ ਬਾਰੇ ਨਹਿਰੂ ਦਾ ਨਜ਼ਰੀਆ ਇਹ ਸੀ ਤਾਂ ਹੋਰ ਧਰਮਾਂ ਦੇ ਪੈਰੋਕਾਰ ਜੋ ਜਨਮ ਜਾਤ ਹੀ ਕੌਮੀ ਨਹੀਂ ਸਨ, ਉਨ੍ਹਾਂ ਬਾਰੇ ਉਸ ਦਾ ਵਤੀਰਾ ਕੀ ਸੀ? ਲੇਖਕ ਅਨੁਸਾਰ ਇਸ ਦਾ ਪਹਿਲਾ ਇਮਤਿਹਾਨ 1937 'ਚ ਹੋਈਆਂ ਸੂਬਾਈ ਵਿਧਾਨ ਸਭਾ ਚੋਣਾਂ ਤੋਂ ਪਿੱਛੋਂ ਹੋਇਆ, ਜਦੋਂ ਨਹਿਰੂ ਖ਼ੁਦ ਕਾਂਗਰਸ ਪਾਰਟੀ ਦਾ ਪ੍ਰਧਾਨ ਸੀ ਅਤੇ ਗਾਂਧੀ ਨੇ ਇਕ ਤਰ੍ਹਾਂ ਨਾਲ 1934 ਤੋਂ ਖ਼ੁਦ ਨੂੰ ਲਾਂਭੇ ਕਰ ਲਿਆ ਸੀ। ਕਈ ਸੂਬਿਆਂ ਵਿਚ ਕਾਂਗਰਸ ਨੂੰ ਮਿਲੇ ਬਹੁਮੱਤ ਤੋਂ ਬਾਗ਼ੋਬਾਗ਼ ਹੋਏ ਨਹਿਰੂ ਨੇ ਐਲਾਨ ਕੀਤਾ ਕਿ ਹੁਣ ਭਾਰਤ ਵਿਚ ਦੋ ਹੀ ਤਾਕਤਾਂ ਹਨ: ਕਾਂਗਰਸ ਅਤੇ ਅੰਗਰੇਜ਼ ਹਕੂਮਤ, ਜਦਕਿ ਹਕੀਕਤ ਇਹ ਸੀ ਕਿ ਮੁਸਲਿਮ ਬਹੁਗਿਣਤੀ ਵਾਲੇ ਕੁਝ ਸੂਬਿਆਂ ਵਿਚ ਸੱਤਾ ਦੀ ਵਾਗਡੋਰ ਮੁਸਲਿਮ ਲੀਗ ਦੇ ਹੱਥਾਂ 'ਚ ਸੀ ਅਤੇ ਜਿੱਥੋਂ ਤੱਕ ਕਾਂਗਰਸ ਦੀ ਮੈਂਬਰੀ ਦਾ ਸਵਾਲ ਹੈ ਇਹ 97ਫ਼ੀ ਸਦੀ ਹਿੰਦੂ ਸੀ। 'ਸਮੁੱਚੇ ਭਾਰਤ ਵਿਚ 90 ਫ਼ੀ ਸਦੀ ਮੁਸਲਿਮ ਬਹੁਗਿਣਤੀ ਵਾਲੇ ਹਲਕਿਆਂ ਵਿਚ ਇਸ ਨੂੰ ਉਮੀਦਵਾਰ ਹੀ ਨਹੀਂ ਸੀ ਲੱਭੇ। ਨਹਿਰੂ ਦੇ ਆਪਣੇ ਸੂਬੇ ਉੱਤਰ ਪ੍ਰਦੇਸ ਵਿਚ ਕਾਂਗਰਸ ਨੇ ਤਮਾਮ ਹਿੰਦੂ ਸੀਟਾਂ ਉੱਪਰ ਜਿੱਤ ਹਾਸਲ ਕੀਤੀ ਸੀ, ਪਰ ਇਸ ਨੂੰ ਇਕ ਵੀ ਮੁਸਲਿਮ ਵੋਟ ਨਹੀਂ ਸੀ ਪਈ।' (ਸਫ਼ਾ 56)ਇਸ ਹਾਲਾਤ ਦੇ ਬਾਵਜੂਦ ਨਹਿਰੂ ਨੇ ਮੁਸਲਿਮ ਲੀਗ ਦੀ ਇਹ ਅਪੀਲ ਠੁਕਰਾ ਦਿੱਤੀ ਕਿ ਉਹ ਹਕੂਮਤ ਨਾਲ ਗੱਠਜੋੜ ਕਰਨਾ ਚਾਹੁੰਦੀ ਹੈ ਤਾਂ ਕਿ ਉਸ ਨੂੰ ਵੀ ਨੁਮਾਇੰਦਗੀ ਮਿਲੇ।


ਲੇਖਕ ਅੱਗੇ ਇਕ ਸਮੇਂ ਧਰਮ-ਨਿਰਪੱਖ ਨਜ਼ਰੀਆ ਰੱਖਣ ਵਾਲੇ ਜਿਨਾਹ ਦਾ ਕਾਂਗਰਸ 'ਚ ਖੂੰਝੇ ਲੱਗ ਜਾਣਾ, ਕਾਂਗਰਸ ਦੀ ਸਮਾਜ ਵਿਗਿਆਨਕ ਅਸਲੀਅਤ ਬਾਰੇ ૶ ਕਿ ਉਹ ਮੂਲ ਰੂਪ 'ਚ ਹਿੰਦੂ ਪਾਰਟੀ ਹੈ ૶ ਉਨ੍ਹਾਂ ਦਾ ਵਧਦਾ ਅਹਿਸਾਸ, ਮੁਸਲਿਮ ਫਿਰਕੇ ਦੇ ਰੂੜੀਵਾਦੀ ਤੱਤਾਂ ਨੂੰ ਨਾਲ ਲੈ ਕੇ ਚੱਲਣ ਦੀਆਂ ਕਾਂਗਰਸ ਦੀਆਂ ਕੋਸ਼ਿਸ਼ਾਂ ਪ੍ਰਤੀ ਉਨ੍ਹਾਂ ਦਾ ਵਧਦਾ ਵਿਰੋਧ ਅਤੇ ਬਾਦ 'ਚ ਮੁਸਲਿਮ ਕੌਮਵਾਦ ਦੀ ਉਨ੍ਹਾਂ ਦੀ ਹਮਾਇਤ ਦੀ ਚਰਚਾ ਹੈ।

1944 'ਚ ਛਪੀ ਡਾ. ਅੰਬੇਡਕਰ ਦੀ ਲਿਖਤ 'ਪਾਕਿਸਤਾਨ ਐਂਡ ਪਾਰਟੀਸ਼ਨ ਆਫ ਇੰਡੀਅ;' ਦੀ ਤਾਰੀਫ਼ ਕਰਦੇ ਹੋਏ ਲੇਖਕ ਦੱਸਦਾ ਹੈ ਕਿ ਇਸ ਮੁੱਦੇ ਬਾਰੇ ਛਪੀ ਇਕੋ ਇਕ ਗੰਭੀਰ ਲਿਖਤ, 'ਜਿਸਦੇ ਪ੍ਰਸੰਗ ਰੈਨਨ ਤੋਂ ਏਕਟਨ ਤੋਂ ਲੈ ਕੇ ਕਾਰਸਨ ਤੱਕ ਫੈਲੇ ਹੋਏ ਹਨ, ਕੈਨੇਡਾ ਤੋਂ ਆਇਰਲੈਂਡ ਤੇ ਸਵਿਟਜ਼ਰਲੈਂਡ ਤੱਕ ਖਿੰਡੇ ਹੋਏ ਹਨ, ਉਹ ਕਾਂਗਰਸ ਤੇ ਉਸ ਦੇ ਆਗੂਆਂ ਦੇ ਬੌਧਿਕ ਦੀਵਾਲੀਏਪਣ ਦਾ ਠੋਸ ਸਬੂਤ ਸੀ।' (ਸਫ਼ਾ 89)

ਕਤਲੇਅਮ ਵਿਚ ਹੈਦਰਾਬਾਦ ਵਿਚ ਭਾਰਤੀ ਫ਼ੌਜਾਂ ਦੇ ਕੰਟਰੋਲ ਤੋਂ ਬਾਦ ਭਾਰਤੀ ਫ਼ੌਜਾਂ ਦੀ ਮਦਦ ਨਾਲ ਹਿੰਦੂਆਂ ਵਲੋਂ ਕੀਤੇ ਗਏ ਸਥਾਨਕ ਮੁਸਲਮਾਨਾਂ ਦੇ ਘਾਣ ਦੇ ਉਸ ਤੱਥ ਦੀ ਵੀ ਚਰਚਾ ਕੀਤੀ ਗਈ ਹੈ ਜਿਸ ਨੂੰ ਲਗਭਗ ਭੁਲਾ ਹੀ ਦਿੱਤਾ ਗਿਆ ਹੈ। ਚੇਤੇ ਰਹੇ ਕਿ ਇਸ ਘਾਣ ਦੀ ਜਾਂਚ ਲਈ ਭੇਜੀ ਗਈ ਸਰਕਾਰੀ ਟੀਮ ਦਾ ਅੰਦਾਜ਼ਾ ਸੀ ਕਿ ਇਸ ਕਤਲੋਗ਼ਾਰਤ 'ਚ ਕੁਝ ਹਫ਼ਤਿਆਂ 'ਚ ਹੀ ਉੱਥੇ 27 ਹਜ਼ਾਰ ਤੋਂ ਲੈ ਕੇ 45 ਹਜ਼ਾਰ ਤੱਕ ਮੁਸਲਮਾਨ ਮਾਰ ਦਿੱਤੇ ਗਏ ਸਨ। 'ਭਾਰਤੀ ਸੰਘ ਦੇ ਇਤਿਹਾਸ ਵਿਚ ਇਹ ਸਭ ਤੋਂ ਵੱਡਾ ਕਤਲੇਆਮ ਸੀ, ਜਿਸ ਦੇ ਸਾਹਮਣੇ ਪਠਾਣ ਘੁਸਪੈਠੀਆਂ ਵਲੋਂ ਸ੍ਰੀਨਗਰ ਉੱਪਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਕੀਤੀ ਗਈ ਹਿੰਸਾ ਬਹੁਤ ਤੁਛ ਹੈ.. ..। (ਸਫ਼ਾ 91)


ਕੌਮੀ ਲਹਿਰ ਦੀ ਸ਼ਬਦਾਵਲੀ ਅਤੇ ਪੇਸ਼ਕਾਰੀ ਵਿਚ ਧਰਮ ਦੇ ਦਾਖ਼ਲੇ ਲਈ ਜਿਨਾਹ ਨੂੰ ਜ਼ਿੰਮੇਵਾਰ ਠਹਿਰਾਏ ਜਾਣ ਦੀ ਪ੍ਰਵਿਰਤੀ ਬਾਰੇ ਗੱਲ ਕਰਦਿਆਂ ਲੇਖਕ ਇਸ ਦਾ ਜ਼ਿੰਮੇਵਾਰ ਗਾਂਧੀ ਨੂੰ ਮੰਨਦਾ ਹੈ। ਉਸ ਦੇ ਮੁਤਾਬਿਕ 'ਚਾਹੇ ਉਸ ਨੇ ਇਹ ਕੰਮ ਸੰਕੀਰਣ ਭਾਵਨਾ ਨਾਲ ਨਹੀਂ ਕੀਤਾ, ਜਿੱਥੇ ਉਸ ਨੇ ਮੁਸਲਮਾਨਾਂ ਨੂੰ ਖ਼ਲੀਫ਼ੇ ਦੀ ਰਾਖੀ ਲਈ ਅੱਗੇ ਆਉਣ ਲਈ ਕਿਹਾ ਉੱਥੇ ਹਿੰਦੂਆਂ ਨੂੰ ਰਾਮ ਰਾਜ ਕਾਇਮ ਕਰਨ ਦੀ ਅਪੀਲ ਵੀ ਕੀਤੀ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਉਨ੍ਹਾਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਸਾਂਝੇ ਸੰਘਰਸ਼ 'ਚ ਉਨ੍ਹਾਂ ਦੇ ਸਹਿਯੋਗੀ ਕੌਣ ਹੋ ਸਕਦੇ ਹਨ ਇਸ ਸਵਾਲ ਨੂੰ ਖੁੱਲ੍ਹਾ ਛੱਡ ਦਿੱਤਾ।' (ਸਫ਼ਾ 94)


ਕਿਤਾਬ ਦਾ ਆਖ਼ਰੀ ਅਧਿਆਏ 'ਚ ਭਾਰਤੀ ਗਣਰਾਜ ਦੀ ਉਸਾਰੀ ਤੇ ਵਿਕਾਸ ਦੀ ਚਰਚਾ ਕਰਦਾ ਹੈ ਅਤੇ ਭਾਰਤੀ ਜਮਹੂਰੀਅਤ ਦੀ ਪਕਿਆਈ ਬਾਰੇ ਉਦਾਰਵਾਦੀ ਵਿਦਵਾਨਾਂ ਵਲੋਂ ਅਕਸਰ ਗਾਏ ਜਾਂਦੇ ਸੋਹਲਿਆਂ 'ਚ ਦਬੇ ਰਹਿਣ ਵਾਲੇ ਤੱਥ ਬਿਆਨ ਕਰਦਾ ਹੈ। ਲੇਖਕ ਅਨੁਸਾਰ ਭਾਰਤੀ ਜਮਹੂਰੀਅਤ ਦੀ ਮਜ਼ਬੂਤੀ ਸਭ ਤੋਂ ਪਹਿਲਾਂ ਭਾਰਤ ਦੀ ਆਜ਼ਾਦੀ ਦੇ ਹਾਲਾਤ ਤੋਂ ਤੈਅ ਹੋਈ, ਜਿੱਥੇ ਅੰਗਰੇਜ਼ ਰਾਜ ਨੂੰ ਉਲਟਾਇਆ ਨਹੀਂ ਗਿਆ ਸਗੋਂ ਕਾਂਗਰਸ ਨੂੰ ਸੱਤਾ ਸੌਂਪ ਦਿੱਤੀ ਗਈ।


ਸੁਨੀਲ ਖਿਲਨਾਨੀ ਦੇ ਮੁਤਬਾਕ, ਸਮਾਜੀ ਸੰਰਚਨਾ ਦੇ ਮਾਮਲੇ 'ਚ ਸੰਵਿਧਾਨ ਸਭਾ ਇਕ ਬਹੁਤ ਹੀ ਸੰਕੀਰਣ ਇਕਾਈ ਸੀ ਜਿਸ ਉੱਪਰ ਕਾਂਗਰਸ ਦੇ ਉੱਚ ਜਾਤੀ ਤੇ ਬ੍ਰਾਹਮਣਵਾਦੀ ਕੁਲੀਨਾਂ ਦਾ ਦਬਦਬਾ ਸੀ ਅਤੇ ਉਸ ਨੇ ਅਜਿਹਾ ਸੰਵਾਨ ਬਣਾਇਆ ਜੋ ਆਮ ਜੀਵਨ ਨੂੰ ਗਠਿਤ ਕਰਨ ਵਾਲਾ ਨਹੀਂ ਸਗੋਂ ਕਿਸੇ ਕਲੱਬ ਹਾਊਸ ਦੇ ਨੇਮਾਂ ਦੀ ਤਰਜ਼ 'ਤੇ ਸੀ।'ਇਸ ਸੰਵਿਧਾਨ ਸਭਾ ਵਲੋਂ ਬਣਾਏ ਭਾਰਤੀ ਜਮਹੂਰੀਅਤ ਦੀਆਂ ਨੁਮਾਇੰਦਾ ਸੰਸਥਾਵਾਂ ਦੀ ਜੜ੍ਹ 'ਚ ਹੀ ਕਿਸ ਤਰ੍ਹਾਂ ਦੇ ਚੋਣ ਵਿਗਾੜ ਪਏ ਸੀ, ਇਸ ਦੀ ਚਰਚਾ ਕਰਦਿਆਂ ਲੇਖਕ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਇੱਥੇ ਅਨੁਪਾਤ ਅਨੁਸਾਰ ਨੁਮਾਇੰਦਗੀ ਦੇਣ ਦੀ ਬਜਾਏ ਜੋ ਜਿੱਤਿਆ ਉਹੀ ਸਿਕੰਦਰ ਦੀ ਤਰਜ਼ 'ਤੇ ਨੁਮਾਇੰਦਗੀ ਦਿੱਤੀ ਗਈ ਜਿਸ ਦੇ ਚਲਦਿਆਂ 1951 ਤੋਂ 1971 ਦੇ ਦਰਮਿਆਨ ਕਦੇ ਵੀ ਵੋਟਾਂ ਦਾ ਬਹੁਮੱਤ ਨਾ ਮਿਲਣ ਦੇ ਬਾਵਜੂਦ (ਜੋ ਕਦੇ ਵੀ 45 ਫ਼ੀ ਸਦੀ ਤੋਂ ਨਹੀਂ ਵਧਿਆ) ਕਾਂਗਰਸ ਪਾਰਟੀ ਸੰਸਦ ਵਿਚ 70 ਫ਼ੀ ਸਦੀ ਸੀਟਾਂ ਉੱਪਰ ਕਬਜ਼ਾ ਕਰ ਗਈ।


ਭਾਰਤ ਦੀ 'ਜਾਤ ਦੀ ਕੈਦ 'ਚ ਜਕੜੀ' ਇਸ ਜਮਹੂਰੀਅਤ ૶ ਜੋ ਧਾਰਮਿਕ ਤਾਕਤਾਂ ਦੀ ਕੈਦ 'ਚ ਵੀ ਹੈ ૶ ਦੀ ਚਰਚਾ ਤੋਂ ਪਿੱਛੋਂ ਕਿਤਾਬ ਇੱਥੇ ਘੋਰ ਵੰਨ-ਸੁਵੰਨਤਾ 'ਚ ਬਣੀ ਹੋਈ ਏਕਤਾ 'ਤੇ ਕੇਂਦਰਤ ਕਰਦੀ ਹੈ। ਸੰਵਿਧਾਨ ਘਾੜਿਆਂ ਨੇ ਸੁਚੇਤ ਰੂਪ 'ਚ 'ਸੰਘੀ' ਲਫ਼ਜ਼ ਵਰਤਣ ਤੋਂ ਗੁਰੇਜ਼ ਕੀਤਾ। ਆਜ਼ਾਦੀ ਦੇ ਵਕਤ ਭਾਰਤ ਵਿਚ ਚੌਦਾਂ ਸੂਬੇ ਸਨ ਅਤੇ ਅੱਜ ਇਨ੍ਹਾਂ ਦੀ ਗਿਣਤੀ 28 ਹੋ ਗਈ ਹੈ। 'ਕਦੇ ਵੀ ਇਸ ਮੁੜ ਵੰਡ ਲਈ ਵੋਟਰਾਂ ਦੀ ਸਲਾਹ ਨਹੀਂ ਲਈ ਗਈ।, ਨਾ ਪਹਿਲਾਂ ਅਤੇ ਨਾ ਹੀ ਪਿੱਛੋਂ,।'ਨਿਸ਼ਚਿਤ ਤੌਰ 'ਤੇ ਇਸ ਤਰ੍ਹਾਂ ਦੇ ਆਡੰਬਰ ਦਾ ਕੋਈ ਅਧਾਰ ਨਹੀਂ ਹੈ।' (ਸਫ਼ਾ 114) ਅੱਜ ਕਿਸੇ ਵੀ ਯੂਰਪੀ ਬਸਤੀ ਨੂੰ ਦੇਖ ਲਓ ਇਹੀ ਨਿਯਮ ਦਿਖਾਈ ਦਿੰਦਾ ਹੈ। ਭਾਰਤੀ ਰਾਜ ਵਲੋਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਭਾਰਤ ਨੂੰ 'ਇਕੱਠਾ' ਰੱਖਣ ਦੀਆਂ ਕੋਸ਼ਿਸ਼ਾਂ ਨੇ ਕਿਸ ਤਰ੍ਹਾਂ ਕਸ਼ਮੀਰੀ ਜਨਤਾ ਦੀ ਆਮ ਰਜ਼ਾ ਉੱਪਰ ਕਹਿਰ ਵਰਤਾਇਆ ਇਸ ਦੀ ਚਰਚਾ ਤੋਂ ਬਾਦ ਲੇਖਕ ਉੱਤਰ-ਪੂਰਬ ਨੂੰ ਇਕੱਠਾ ਰੱਖਣ ਦੇ ਨਵੇਂ ਆਜ਼ਾਦ ਹੋਏ ਮੁਲਕ ਦੇ ਯਤਨਾਂ ਵੱਲ ਆਉਂਦਾ ਹੈ, ਜਿੱਥੋਂ ਦੀ ਜਨਤਾ ਦਾ ਵੱਡਾ ਹਿੱਸਾ ਇਸ ਕਹਿਰ ਨੂੰ ਜਾਬਰ ਕਾਨੂੰਨਾਂ ਜਾਂ ਲਗਾਤਾਰ ਜਾਰੀ ਫ਼ੌਜੀ ਜਬਰ ਦੇ ਰੂਪ 'ਚ ਅੱਜ ਵੀ ਝੱਲ ਰਿਹਾ ਹੈ।


ਆਜ਼ਾਦੀ ਤੋਂ ਇਕ ਮਹੀਨਾ ਪਹਿਲਾਂ ਇਸ ਵਫ਼ਦ ਨੂੰ ਗਾਂਧੀ ਨੇ ਸਾਫ਼ ਕਿਹਾ ਸੀ ਕਿ 'ਵਿਅਕਤੀਗਤ ਤੌਰ 'ਤੇ, ਤੁਸੀਂ ਸਾਰੇ ਮੇਰਾ ਜਾਂ ਭਾਰਤ ਦਾ ਹਿੱਸਾ ਹੋ। ਪਰ ਜੇ ਤੁਸੀਂ ਇਸ ਤੋਂ ਇਨਕਾਰ ਕਰਦੋ ਹੋ ਤਾਂ ਕੋਈ ਵੀ ਤੁਹਾਡੇ ਉੱਪਰ ਦਬਾਅ ਨਹੀਂ ਪਾ ਸਕਦਾ।'' (ਸਫ਼ਾ 121)ਨਹਿਰੂ ਦੀ ਮਹਾਨਤਾ ਦੀ ਚਰਚਾ ਕਰਦੇ ਵਕਤ ਜਿਸ ਗੱਲ ਦਾ ਉਚੇਚਾ ਜ਼ਿਕਰ ਕੀਤਾ ਗਿਆ ਹੈ ਕਿ ਉਹ ਇਹ ਕਿ ਤਾਨਾਸ਼ਾਹਾਂ ਵਾਲੇ ਗ਼ੈਰਪੱਛਮੀ ਜਗਤ ਵਿਚ ਇਕ ਜਮਹੂਰੀ ਆਗੂ ਵਜੋਂ ਰਾਜ ਕਰਦਾ ਰਿਹਾ, ਪਰ ਉਸ ਪ੍ਰਸੰਗ 'ਚ ਲੇਖਕ ਇਸ ਪਹਿਲੂ ਨੂੰ ਦਰਸਾਉਣਾ ਨਹੀਂ ਭੁੱਲਦਾ '૴.. ਨਹਿਰੂ ਸਭ ਤੋਂ ਪਹਿਲਾਂ ਇਕ ਭਾਰਤੀ ਕੌਮਵਾਦੀ ਸੀ ਅਤੇ ਜਿੱਥੇ ਆਮ ਰਜ਼ਾ ਕੌਮ ਦੇ ਉਸ ਦੇ ਸੁਭਾਅ ਨਾਲ ਮੇਲ ਖਾਂਦੀ ਦਿਖਾਈ ਨਾ ਦਿੱਤੀ, ਉਸ ਨੇ ਬਿਨਾਂ ਕਿਸੇ ਪਛਤਾਵੇ ਦੇ ਉਸ ਨੂੰ ਕੁਚਲ ਦਿੱਤਾ।


ਇੱਥੇ ਸਰਕਾਰ ਦੀ ਸਰਕਾਰ ਦੀ ਪ੍ਰਣਾਲੀ ਵੋਟ ਨਹੀਂ ਸੀ, ਸਗੋਂ ਜਿਵੇਂ ਉਸ ਨੇ ਖ਼ੁਦ ਕਿਹਾ, ਸੰਗੀਨਾਂ ਸਨ।' (ਸਫ਼ਾ 133) '1961 'ਚ ਉਸ ਨੇ ਭਾਰਤ ਦੀ ਏਕਤਾ ਬਾਰੇ ਤਕਰੀਰ 'ਚ ਜਾਂ ਲਿਖਤੀ ਰੂਪ 'ਚ, ਫੋਟੋ ਰੂਪ 'ਚ ਜਾਂ ਚਿੰਨ੍ਹ ਦੇ ਰੂਪ 'ਚ, ਸਵਾਲ ਕਰਨ ਨੂੰ ਜੁਰਮ ਐਲਾਨ ਦਿੱਤਾ, ਜਿਸ ਲਈ ਤਿੰਨ ਵਰ੍ਹੇ ਦੀ ਸਜ਼ਾ ਮੁਕੱਰਰ ਕਰ ਦਿੱਤੀ ਗਈ। ਨਾਗਾ ਜਨਤਾ, ਜਿਸ ਉੱਪਰ ਉਸ ਨੇ 1963 'ਚ ਬੰਬਾਰੀ ਸ਼ੁਰੂ ਕੀਤੀ, ਉਹ ਉਸ ਦੀ ਮੌਤ ਹੋਣ ਸਮੇਂ ਹਾਲੇ ਵੀ ਲੜ ਰਹੀ ਸੀ। ਤਿੰਨ ਸਾਲ ਪਿੱਛੋਂ ਗੁਆਂਢੀ ਮਿਜ਼ੋ ਲੋਕਾਂ ਨੇ ਵੀ ਬਗ਼ਾਵਤ ਕਰ ਦਿੱਤੀ।' (ਸਫਾ 135)


'ਭਾਰਤੀ ਵਿਚਾਰਧਾਰਾ' ਦੇ ਤੀਜੇ ਅਹਿਮ ਅੰਗ, ਧਰਮ ਨਿਰਪੱਖਤਾ, ਦੇ ਸਵਾਲ ਬਾਰੇ ਲੇਖਕ ਕਹਿੰਦਾ ਹੈ ਕਿ ਕਿਸ ਤਰ੍ਹਾਂ ਸੰਵਿਧਾਨ ਨੂੰ ਅਪਣਾਉਣ ਵਕਤ ਭਾਰਤ ਨੂੰ ਧਰਮ ਨਿਰਪੇਖ ਰਾਜ ਕਹਿਣ ਤੋਂ ਗੁਰੇਜ਼ ਕੀਤਾ ਗਿਆ। ਨਾ ਭਾਰਤ ਨੇ ਕਾਨੂੰਨ ਅੱਗੇ ਬਰਾਬਰੀ ਦੇ ਸਿਧਾਂਤ ਨੂੰ ਸਥਾਪਤ ਕੀਤਾ, ਨਾ ਇਕਸਾਰ ਨਾਗਰਿਕ ਜ਼ਾਬਤਾ ਲਾਗੂ ਕੀਤਾ: ਹਿੰਦੂ ਤੇ ਮੁਸਲਮਾਨ ਦੋਵੋਂ ਆਪਣੇ ਪਰਿਵਾਰਕ ਜ਼ਿੰਦਗੀ 'ਚ ਆਪਣੇ ਅਕੀਦੇ 'ਚੋ ਪੈਦਾ ਹੋਈ ਰਿਵਾਜ਼ਾਂ ਦੇ ਅਧੀਨ ਰੱਖ ਦਿੱਤੇ ਗਏ, ਰੋਜ਼ਮਰਾ ਜ਼ਿੰਦਗੀ 'ਚ ਧਾਰਮਿਕ ਦਰਜ਼ੇਬੰਦੀ 'ਚ ਦਖ਼ਲ ਦੇਣ ਤੋਂ ਨਾਂਹ ਕਰ ਦਿੱਤੀ ਗਈ, ਛੂਆਛਾਤ ਉੱਪਰ ਪਾਬੰਦੀ ਲਾ ਦਿੱਤੀ ਗਈ ਪਰ ਜਾਤਪਾਤ ਨੂੰ ਸਮੱਸਿਆ ਨਹੀਂ ਆਉਣ ਦਿੱਤੀ।


ਸੰਵਿਧਾਨ ਘਾੜੇ ਵਜੋਂ ਅਕਸਰ ਹੀ ਵਡਿਆਏ ਜਾਂਦੇ ਡਾ. ਅੰਬੇਡਕਰ ਖ਼ੁਦ ਉਸ ਸੰਵਿਧਾਨ ਤੋਂ ਸੰਤੁਸ਼ਟ ਨਹੀਂ ਸਨ ਜਿਹੋ ਜਿਹਾ ਇਹ ਹੋਂਦ 'ਚ ਆਇਆ ਸੀ। ਸੰਵਿਧਾਨ ਬਣਾਏ ਜਾਣ ਤੋਂ ਪਿੱਛੋਂ ਉਨ੍ਹਾਂ ਦਾ ਇਹ ਬਿਆਨ ਬਹੁਤ ਮਸ਼ਹੂਰ ਹੈ। 'ਲੋਕ ਅਕਸਰ ਮੈਨੂੰ ਕਹਿੰਦੇ ਹਨ ਕਿ ਜਨਾਬ, ਤੁਸੀਂ ਸੰਵਿਧਾਨ ਘਾੜੇ ਹੋ। ਮੇਰਾ ਜਵਾਬ ਹੁੰਦਾ ਹੈ, ਮੈਂ ਭਾੜੇ ਦਾ ਟੱਟੂ ਸੀ, ਮੈਨੂੰ ਜੋ ਕਰਨ ਲਈ ਕਿਹਾ ਗਿਆ, ਮੈਂ ਕਰਦਾ ਗਿਆ ਅਤੇ ਜ਼ਿਆਦਾਤਰ ਆਪਣੀ ਇੱਛਾ ਦੇ ਖ਼ਿਲਾਫ਼' (ਸਫ਼ਾ 139) ਹਿੰਦੂਆਂ ਦੀ ਵਿਆਹ ਪ੍ਰਥਾ 'ਚ ਮੌਜੂਦ ਨਾਬਰਾਬਰੀ ਦੇ ਖ਼ਿਲਾਫ਼ ਹਿੰਦੂ ਕੋਡ ਬਿਲ ਬਣਾਉਣ ਦੀ ਉਨ੍ਹਾਂ ਦੀ ਯੋਜਨਾ ਜਦੋਂ ਘੱਟੇ ਰੁਲ ਗਈ, ਇਸ ਅਧਾਰ 'ਤੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਏ ਡਾ. ਅੰਬੇਡਕਰ ਇਸ ਪ੍ਰਤੀ ਸੁਚੇਤ ਸਨ ਕਿ ਸੰਵਿਧਾਨ ਬਣਾਏ ਜਾਣ ਨਾਲ ਉਨ੍ਹਾਂ ਦੇ ਆਪਣੇ ਲੋਕਾਂ ਦੀ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ: 'ਉਹੀ ਤਾਨਾਸ਼ਾਹੀ, ਉਹੀ ਪੁਰਾਣੇ ਦਾਬੇ ਦੀ ਹੋਂਦ ਅੱਜ ਵੀ ਬਣੀ ਹੋਈ ਹੈ, ਪਹਿਲਾਂ ਤੋਂ ਚਲਿਆ ਆ ਰਿਹਾ ਭੇਦਭਾਵ ਅੱਜ ਵੀ ਜਾਰੀ ਹੈ, ਅਤੇ ਅੱਜ ਸ਼ਾਇਦ ਵੱਧ ਭੈੜੇ ਰੂਪ 'ਚ।' (ਅੰਬੇਡਕਰ ਰਾਈਟਿੰਗਜ਼ ਐਂਡ ਸਪੀਚਸ, ਜਿਲਦ 14, ਬੰਬਈ 1995, ਸਫ਼ੇ 1318-1322) ਇੱਥੇ ਧਰਮਨਿਰਪੱਖਤਾ ਨੂੰ ਧਰਮ ਦੇ ਰਾਜ ਨਾਲੋਂ ਵੱਖਰੇ ਰੂਪ 'ਚ ਅਪਨਾਉਣ ਤੇ ਅਮਲ 'ਚ ਲਿਆਉਣ ਦੀ ਬਜਾਏ ਸਰਬ-ਧਰਮੀ ਵਜੋਂ ਅਪਣਾਇਆ ਗਿਆ।


'ਕਾਂਗਰਸ ਦੀ ਅਗਵਾਈ ਵਾਲੇ ਰਾਜ ਨੇ ਕਦੇ ਵੀ ਮੁਸਲਮ ਧਾਰਮਿਕ ਘੱਟਗਿਣਤੀਆਂ ਦੇ ਸਮਾਜੀ ਤੇ ਸਿਆਸੀ ਹਾਲਾਤ ਨੂੰ ਸੁਧਾਰਨ ਲਈ ਕੋਈ ਗੰਭੀਰ ਯਤਨ ਨਹੀਂ ਕੀਤੇ। ਜੇ ਪਾਰਟੀ ਜਾਂ ਰਾਜ ਵਾਕਈ ਧਰਮ ਨਿਰਪੱਖ ਹੁੰਦਾ ਤਾਂ ਹਰ ਮਾਮਲੇ 'ਚ ਇਸਨੂੰ ਤਰਜ਼ੀਹ ਦਿੱਤੀ ਜਾਂਦੀ, ਪਰ ਇਹ ਉਨ੍ਹਾਂ ਦੇ ਦਿਮਾਗ 'ਚ ਕਦੇ ਨਹੀਂ ਆਈ।' (ਸਫ਼ਾ 146)


ਅਖ਼ੀਰ 'ਚ ਕਿਤਾਬ ਅੰਦਰ ਜਮਹੂਰੀਅਤ, ਧਰਮਨਿਰਪੱਖਤਾ ਤੇ ਏਕਤਾ ਦੀ ਤਿੱਕੜੀ, ਜੋ ਲੇਖਕ ਅਨੁਸਾਰ ਭਾਰਤੀ ਵਿਚਾਰਧਾਰਾ ਦੀ ਬੁਨਿਆਦ ਹੈ, ਉੱਪਰ ਵੱਖ-ਵੱਖ ਮੋਹਰੀ ਵਿਦਵਾਨਾਂ ਦੀ ਸਮਝਦਾਰੀ ਦੀ ਚਰਚਾ ਕੀਤੀ ਗਈ ਹੈ ਅਤੇ ਸਪਸ਼ਟ ਤੌਰ 'ਤੇ ਲਿਖਿਆ ਗਿਆ ਹੈ ਕਿ ਸਮਾਜੀ ਆਲੋਚਨਾ ਦਾ ਪੱਖ ਇਨ੍ਹਾਂ ਦੀਆਂ ਲਿਖਤਾਂ ਵਿਚ ਤਾਂ ਅਹਿਮ ਦਿਖਾਈ ਦਿੰਦਾ ਹੈ, ਪਰ ਇਹੀ ਪਹੁੰਚ ਸਿਆਸੀ ਆਲੋਚਨਾ 'ਚ ਨਜ਼ਰ ਨਹੀਂ ਆਉਂਦੀ। ਇਕ ਮਿਸਾਲ ਵਜੋਂ ਉਹ ਆਕਸਫੋਰਡ ਕੰਪੈਨੀਅਨ ਟੂ ਪਾਲਿਟਿਕਸ ਸਿਰਲੇਖ ਹੇਠ ਹਾਲ 'ਚ ਛਪੇ ਇਕ ਪ੍ਰਸੰਗ ਗ੍ਰੰਥ ਦਾ ਜ਼ਿਕਰ ਕਰਦਾ ਹੈ, ਜਿਸ ਵਿਚ ਜਿਸ ਤਰ੍ਹਾਂ ਦਾ ਭਾਰਤ ਅੱਜ ਹੈ ਉਸ ਬਾਰੇ ਇਨ੍ਹਾਂ ਤਮਾਮ ਮੋਹਰੀ ਵਿਦਵਾਨਾਂ ਦੇ ਵਿਚਾਰ ਦੇਖੇ ਜਾ ਸਕਦੇ ਹਨ। ਭਾਰਤੀ ਰਾਜ ਦੀਆਂ ਜਾਬਰ ਨੀਤੀਆਂ ਬਾਰੇ ਇਹ ਕੰਪੈਨੀਅਨ ਲਗਭਗ ਖ਼ਾਮੋਸ਼ ਹੈ।


ਆਪਣੀ ਇਸ ਕਿਤਾਬ ਦੀ ਸਮਾਪਤੀ ਕਰਦੇ ਹੋਏ ਲੇਖਕ ਲਿਖਦਾ ਹੈ ਕਿ 'ਇਕ ਵਾਰ ਜਦੋਂ ਬਸਤੀਵਾਦ ਵਿਰੋਧੀ ਸੰਘਰਸ਼ ਰਾਹੀਂ ਕਿਸੇ ਨਵੇਂ ਆਜ਼ਾਦ ਕੌਮ ਦੀ ਉਸਾਰੀ ਹੁੰਦੀ ਹੈ, ਤਾਂ ਉਸ ਦੀ ਜਾਗ੍ਰਿਤੀ ਲਈ ਜ਼ਰੂਰੀ ਪ੍ਰਵਚਨ ਉਸ ਲਈ ਨਸ਼ਾ ਵੀ ਬਣ ਸਕਦਾ ਹੈ। ਭਾਰਤ ਵਿਚ ਇਹ ਖ਼ਤਰਾ ਵੱਧ ਦਿਖਾਈ ਦੇ ਰਿਹਾ ਹੈ.. ਅੱਜ ਲੋੜ ਇਸ ਗੱਲ ਦੀ ਹੈ ਕਿ ਰੋਮਾਂਚਿਤ ਬਣਾਏ ਬੀਤੇ ਦੇ ਮੋਹ ਤੇ ਵਰਤਮਾਨ 'ਚ ਮੌਜੂਦ ਇਸ ਦੀ ਰਹਿੰਦ-ਖੂੰਹਦ ਤੋਂ ਮੁਕਤ ਹੋਈਏ'।


'ਭਾਰਤ ਦੇ ਲੋਕਾਂ ਦੀ ਬਿਹਤਰੀ ਲਈ ਚਿੰਤਨ ਕਰਨ ਵਾਲੇ ਤੇ ਹਰ ਜਾਗਰੂਕ ਬੰਦੇ ਲਈ ਇਹ ਕਿਤਾਬ ਪੜ੍ਹਨੀ ਬਹੁਤ ਜ਼ਰੂਰੀ ਹੈ।

2 comments:

  1. ਕਿਤੇ ਵੀ ਡੀ.ਡੀ.ਕੋਸੰਬੀ ਦਾ ਜ਼ਿਕਰ ਨਹੀਂ ਤੇ ਨਾ ਹੀ ਭਾਗਵਤ ਸ਼ਰਨ ਉਪਾਧਿਆਏ ਦਾ ਫਿਰ ਵੀ ਇਹ ਲੇਖ ਨੂੰ ਜੀ ਆਇਆਂ ਆਖਣਾ ਚਾਹੀਦਾ ਹੈ | ਹੋ ਰਹੇ ਸੈਮੀਨਾਰ 'ਚ ਇਹ ਪਰਚਾ ਪਹਿਲਾਂ ਦਾਖਿਲ ਕਰੋ |

    ReplyDelete
  2. eh Bhagwat Saran Upadhyaya. kuan ha bai g .ehna da naam te wiki pedia nu ve nahi pata.......jara chananna payo ikbal gggggggggggg

    ReplyDelete