ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, April 9, 2013

ਇਤਿਹਾਸਕਾਰਾਂ ਨੇ ਗ਼ਦਰ ਲਹਿਰ ਨਾਲ ਇਨਸਾਫ਼ ਨਹੀਂ ਕੀਤਾ: ਅਜਮੇਰ ਸਿੰਘ

ਗ਼ਦਰ ਲਹਿਰ ਭਾਰਤ ਦੀਆਂ ਆਜ਼ਾਦੀ ਲਹਿਰਾਂ ਵਿਚ ਆਪਣਾ ਨਿਵੇਕਲਾ ਸਥਾਨ ਰੱਖਦੀ ਹੈ ਅਤੇ ਚੱਲ ਰਹੇ ਵਰ੍ਹੇ ਨੂੰ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਦੇ ਵਰ੍ਹੇ ਵੱਜੋਂ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਪਹਿਲਕਦਮੀ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਵਲ਼ੋਂ ਯੂਨੀਵਰਸਿਟੀ ਕੈਂਪਸ ਵਿਚ ''ਭਾਰਤ ਦੀਆਂ ਅਜ਼ਾਦੀ ਲਹਿਰਾਂ ਵਿਚ ਗ਼ਦਰ ਲਹਿਰ ਦਾ ਸਥਾਨ ਅਤੇ ਯੋਗਦਾਨ'' ਦੇ ਵਿਸ਼ੇ ਉਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਕੀਤਾ, ਜਿਸ ਵਿਚ ਪਹੁੰਚੇ ਵਿਦਵਾਨਾਂ ਤੇ ਬੁਲਾਰਿਆਂ ਨੇ ਗ਼ਦਰ ਲਹਿਰ ਦੇ ਅਣਗੌਲੇ ਕਰ ਦਿੱਤੇ ਗਏ ਪੱਖਾਂ ਨੂੰ ਉਭਾਰਿਆ। ਕਲਾ ਭਵਨ ਵਿਖੇ ਹੋਏ ਇਸ ਸੈਮੀਨਾਰ ਵਿਚ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਉੱਘੇ ਸਿੱਖ ਚਿੰਤਕ ਤੇ ਵਿਦਵਾਨ ਅਜਮੇਰ ਸਿੰਘ, ਕੌਮਾਂਤਰੀ ਪੱਧਰ ਦੇ ਖੋਜੀ ਡਾ. ਦਰਸ਼ਨ ਸਿੰਘ ਤਾਤਲਾ ਅਤੇ 'ਗ਼ਦਰ ਲਹਿਰ ਦੀ ਅਸਲੀ ਗਾਥਾ' ਪੁਸਤਕ ਲੜੀ ਦੇ ਸੰਪਾਦਕ ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਵਿਚਾਰ ਸਾਂਝੇ ਕੀਤੇ।


ਪੱਤਰਕਾਰੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸੈਮੀਨਾਰ ਦਾ ਉਦਘਾਟਨ ਕਰਦਿਆਂ ਸੈਮੀਨਾਰ ਵਿਚ ਪਹੁੰਚੇ ਵਿਦਵਾਨਾਂ ਦਾ ਸਵਾਗਤ ਕੀਤਾ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਉਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗ਼ਦਰ ਲਹਿਰ ਦੀਆਂ ਕਵਿਤਾਵਾਂ ਅੰਦਰ ਜਗ੍ਹਾ ਜਗ੍ਹਾ ਦਸਮੇਸ਼ ਪਿਤਾ ਦੀਆਂ ਕੁਰਬਾਨੀਆਂ ਨੂੰ ਚਿਤਾਰਦੇ ਹੋਏ ਉਨ੍ਹਾਂ ਕੋਲੋਂ ਸ਼ੁਭ ਕਰਮਨ ਲਈ ਜੂਝਣ ਦੀ ਪ੍ਰੇਰਨਾ ਲਈ ਗਈ ਹੈ। ਸਟੇਜ ਦੀ ਪਿਛਲੀ ਕੰਧ ਉਤੇ ਲੱਗੀ ਗ਼ਦਰੀ ਬਾਬਿਆਂ ਦੀ ਗਰੁੱਪ ਫੋਟੋ ਵੱਲ ਇਛਾਰਾ ਕਰਦੇ ਹੋਏ ਪ੍ਰੋ: ਵਾਲੀਆ ਨੇ ਕਿਹਾ ਕਿ ਫੋਟੋ ਹੀ ਦਰਸਾਉਂਦੀ ਹੈ ਕਿ ਗ਼ਦਰੀ ਬਾਬੇ ਗੁਰਸਿੱਖ ਸਨ ਅਤੇ ਉਨ੍ਹਾਂ ਨੇ ਸਿੱਖੀ ਦੇ ਇਨਕਲਾਬੀ ਵਿਰਸੇ ਤੋਂ ਪ੍ਰੇਰਿਤ ਹੋ ਕੇ ਹੀ ਭਾਰਤ ਦੀ ਆਜ਼ਾਦੀ ਦਾ ਸੰਗਰਾਮ ਵਿੱਢਿਆ ਸੀ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ। ਇਸ ਉਪਰੰਤ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਕ ਕਾਰਕੁੰਨ ਨੇ ਪ੍ਰੋ: ਮਲਵਿੰਦਰਜੀਤ ਸਿੰਘ ਵੜੈਚ ਵੱਲੋਂ ਸੈਮੀਨਾਰ ਲਈ ਉਚੇਚੇ ਤੌਰ 'ਤੇ ਲਿਖੇ ਪਰਚੇ ਦੀ ਸੰਖੇਪ ਰੂਪ ਵਿਚ ਜਾਣ ਪਛਾਣ ਕਰਵਾਈ ਅਤੇ ਸਰੋਤਿਆਂ ਨੂੰ ਦੱਸਿਆ ਕਿ ਪ੍ਰੋ: ਸਾਹਿਬ ਸਿਹਤ ਦੇ ਕਾਰਨਾਂ ਕਰਕੇ ਸੈਮੀਨਾਰ ਵਿਚ ਸ਼ਾਮਲ ਨਹੀਂ ਹੋ ਸਕੇ।

ਰਾਜਵਿੰਦਰ ਸਿੰਘ ਰਾਹੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੱਬੇ-ਪੱਖੀ ਹੁੰਦਿਆਂ ਉਨ੍ਹਾਂ ਨੂੰ ਇਹ ਬਹੁਤ ਭੁਲੇਖਾ ਸੀ ਕਿ ਉਹ ਗ਼ਦਰ ਲਹਿਰ ਬਾਰੇ ਬਹੁਤ ਕੁਝ ਜਾਣਦੇ ਹਨ ਪਰ ਹੁਣ ਜਦੋਂ ਉਨ੍ਹਾਂ ਗ਼ਦਰ ਲਹਿਰ ਨੂੰ ਸੰਕੀਰਨ ਨਜ਼ਰੀਏ ਤੋਂ ਮੁਕਤ ਹੋ ਕੇ ਵੇਖਣ ਦਾ ਯਤਨ ਕੀਤਾ, ਤਾਂ ਉਹ ਇਸ ਨਤੀਜੇ ਉੱਤੇ ਪਹੁੰਚੇ ਹਨ ਕਿ ਖੱਬੇ-ਪੱਖੀਆਂ ਨੇ ਗ਼ਦਰ ਲਹਿਰ ਦੇ ਬੁਨਿਆਦੀ ਖ਼ਾਸੇ ਨੂੰ ਨਾ ਸਿਰਫ਼ ਅੱਖੋਂ ਪਰੋਖੇ ਕੀਤਾ ਹੈ ਬਲਕਿ ਇਸ ਲਹਿਰ ਨਾਲ ਜੁੜੇ ਅਸਲ ਤੱਥਾਂ ਨੂੰ ਛੁਪਾਉਣ ਦੇ ਸੁਚੇਤ ਯਤਨ ਵੀ ਕੀਤੇ ਹਨ। ''ਗਦਰ ਲਹਿਰ ਵਿਚ ਗੁਰਦੁਆਰਿਆਂ ਦਾ ਕੇਂਦਰੀ ਰੋਲ'' ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਰਾਹੀ ਨੇ ਕਿਹਾ ਕਿ ਇਹ ਲਹਿਰ ਧਾਰਮਕ ਬਿਰਤੀ ਵਾਲੇ ਸਿੱਖਾਂ ਵੱਲੋਂ ਆਪਣੇ ਵਿਰਸੇ ਅਤੇ ਸਿੱਖੀ ਸਿਧਾਂਤ ਤੋਂ ਸੇਧ ਲੈਂਦਿਆਂ ਗ਼ੁਲਾਮੀ ਦੇ ਖਿਲਾਫ਼ ਅਤੇ ਆਜ਼ਾਦੀ ਦੀ ਤਾਂਘ ਵਿਚ ਸ਼ੁਰੂ ਕੀਤੀ ਗਈ ਸੀ ਜਿਸ ਦੇ ਕੇਂਦਰ ਸਿੱਖ ਗੁਰਦੁਆਰੇ ਹੀ ਸਨ। ਉਸ ਨੇ ਸਟੇਜ ਉਤੇ ਲੱਗੀ ਗ਼ਦਰੀ ਬਾਬਿਆਂ ਦੀ ਗਰੁੱਪ ਫੋਟੋ ਦੀ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਇਹ ਫੋਟੋ 1930 ਈ: ਵਿਚ ਅੰਮ੍ਰਿਤਸਰ ਵਿਖੇ ਦੇਸ਼ਭਗਤ ਪਰਿਵਾਰ ਸਹਾਇਕ ਕਮੇਟੀ ਦੇ ਦਫ਼ਤਰ ਵਿਚ ਗੁਰਦਿਆਲ ਸਿੰਘ ਫੋਟੋਗਰਾਫਰ ਨੇ ਉਸ ਵਕਤ ਖਿੱਚੀ ਸੀ ਜਦੋਂ ਲਗਭਗ ਸਾਰੇ ਬਾਬੇ ਜੇਲ੍ਹਾਂ ਵਿਚੋਂ ਬਾਹਰ ਆ ਚੁੱਕੇ ਸਨ। ਉਸ ਨੇ ਦੱਸਿਆ ਕਿ ਫੋਟੋ ਵਿਚ ਸ਼ਾਮਲ ਸਾਰੇ ਬਾਬੇ ਅੰਮ੍ਰਿਤਧਾਰੀ ਹਨ ਅਤੇ ਬਾਬਾ ਵਸਾਖਾ ਸਿੰਘ ਦਦੇਹਰ ਤੇ ਹੋਰ ਬਾਬਿਆਂ ਦੇ ਹੱਥਾਂ ਵਿਚ ਸ੍ਰੀ ਸਾਹਿਬ ਫੜੀ ਹੋਈ ਹੈ। ਜਿਸ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਗ਼ਦਰੀ ਬਾਬੇ ਗੁਰਮਤਿ ਵਿਚਾਰਧਾਰਾ ਦੇ ਧਾਰਨੀ ਸਨ ਅਤੇ ਉਨ੍ਹਾਂ ਨੇ ਜ਼ਿੰਦਗੀ ਭਂਰ ਸਿੱਖ ਧਰਮ ਦੇ ਅਸੂਲਾਂ ਤੇ ਕਦਰਾਂ ਕੀਮਤਾਂ ਨੂੰ ਅਪਣਾਈ ਰੱਖਿਆ ਸੀ। ਜਦੋਂ ਉਹ ਇਕੱਲੇ ਇਕੱਲੇ ਬਾਬੇ ਦੀ ਜਾਣ ਪਛਾਣ ਕਰਵਾ ਰਹੇ ਸਨ ਤਾਂ ਸਰੋਤੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਬਾਬਿਆਂ ਦੀ ਫੋਟੋ ਨੂੰ ਨਿਹਾਰਦੇ ਰਹੇ ਅਤੇ ਉਨ੍ਹਾਂ ਦੀਆਂ ਨਜ਼ਰਾਂ ਕਿੰਨਾ ਚਿਰ ਫੋਟੋ ਉਤੇ ਹੀ ਟਿਕੀਆਂ ਰਹੀਆਂ। 
ਡਾ. ਦਰਸ਼ਨ ਸਿੰਘ ਤਾਤਲਾ ਨੇ ''ਗ਼ਦਰੀ ਵਿਰਾਸਤ - ਸਮਕਾਲੀ ਪ੍ਰਸੰਗਕਤਾ'' ਵਿਸ਼ੇ ਉੱਤੇ ਆਪਣਾ ਪਰਚਾ ਪੜ੍ਹਿਆ। ਉਨ੍ਹਾਂ ਦਾ ਪਰਚਾ ਇਸ ਨੁਕਤੇ ਉੱਤੇ ਕੇਂਦਰਿਤ ਸੀ ਕਿ ਪੰਜਾਬ ਦੀ ਵਾਰਸ ਧਿਰ ਹੀ ਅਸਲ ਵਿਚ ਗ਼ਦਰੀ ਬਾਬਿਆਂ ਜਾਂ ਗਦਰ ਲਹਿਰ ਦੀ ਵਾਰਸ ਹੋ ਸਕਦੀ ਹੈ। ਪੰਜਾਬੀ ਸੂਬੇ ਦੇ ਮਾਮਲੇ, ਕੇਂਦਰ ਦੀਆਂ ਸ਼ਕਤੀਆਂ ਨੂੰ ਮੁੜ-ਪ੍ਰਭਾਸ਼ਤ ਕਰਨ ਤੇ ਸੰਘੀ ਢਾਂਚੇ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਦੇ ਮਾਮਲੇ ਅਤੇ 1984 ਦੇ ਦੁਖਾਂਤ ਬਾਰੇ ਖੱਬੇ-ਪੱਖੀਆਂ ਦੀ ਪਹੁੰਚ ਪੰਜਾਬ ਵਿਰੋਧੀ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਖੱਬੇ-ਪੱਖੀ ਧਿਰ ਕੇਂਦਰ ਸਰਕਾਰ ਦੀ ਪਹੁੰਚ ਅਪਣਾਅ ਕੇ ਹੀ ਚੱਲਦੀ ਰਹੀ ਹੈ ਜਦਕਿ ਗਦਰੀ ਬਾਬਿਆਂ ਦੀ ਵਿਚਾਰਧਾਰਾ ਇਨਸਾਫ, ਬਰਾਬਰੀ ਅਤੇ ਧੱਕੇਸ਼ਾਹੀ ਦਾ ਵਿਰੋਧ ਕਰਨ ਦੀ ਸੀ। ਇਸ ਲਈ ਪੰਜਾਬ ਵਿਚਲੀ ਖੱਬੇ ਪੱਖੀ ਧਿਰ ਗ਼ਦਰ ਲਹਿਰ ਦੀ ਵਾਰਸ ਨਹੀਂ ਅਖਵਾ ਸਕਦੀ ਕਿਉਂਕਿ ਉਨ੍ਹਾਂ ਵੱਲੋਂ ਸਮੇਂ-ਸਮੇਂ ਸਿਰ ਪੰਜਾਬ ਵਿਰੋਧੀ ਪਹੁੰਚ ਅਪਣਾਈ ਜਾਂਦੀ ਰਹੀ ਹੈ। ਸਿੱਖ ਸੰਘਰਸ਼ ਪ੍ਰਤਿ ਖੱਬੇ ਪੱਖੀਆਂ ਦਾ ਰਵਈਆ ਨਾਂਹ-ਪੱਖੀ ਰਿਹਾ ਅਤੇ ਉਹ ਭਾਰਤੀ ਸਟੇਟ ਦੀ ਬੋਲੀ ਹੀ ਬੋਲਦੇ ਰਹੇ। 

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਪੁਸਤਕ ਲੜੀ ਦੇ ਕਰਤਾ ਅਜਮੇਰ ਸਿੰਘ ਨੇ ''ਗਦਰ ਲਹਿਰ ਦੀ ਇਤਿਹਾਸਕਾਰੀ ਦਾ ਕੱਚ ਅਤੇ ਸੱਚ'' ਵਿਸ਼ੇ ਉੱਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗ਼਼ਦਰ ਪਾਰਟੀ ਦਾ ਹੁਣ ਤਕ ਜੋ ਵੀ ਇਤਿਹਾਸ ਲਿਖਿਆ ਗਿਆ ਹੈ, ਉਹ ਇਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਇਸ ਵਿਚ ਧਰਮ ਦੇ ਪੱਖ ਨੂੰ ਨਾ ਸਿਰਫ ਕੋਈ ਅਹਿਮੀਅਤ ਨਹੀਂ ਦਿਤੀ ਗਈ, ਸਗੋਂ ਧਰਮ ਬਾਰੇ ਨਾਂਹ-ਪੱਖੀ ਵਤੀਰਾ ਅਪਣਾਇਆ ਗਿਆ ਹੈ। ਗ਼਼ਦਰੀ ਬਾਬਿਆਂ ਨੂੰ ਧਰਮ ਤੋਂ ਮੁਕਤ ਜਾਂ ਨਿਰਲੇਪ ਦਿਖਾਉਣ ਦੇ ਯਤਨ ਕੀਤੇ ਗਏ ਹਨ। ਇਸ ਸਚਾਈ ਉਤੇ ਜਾਣ ਬੁੱਝ ਕੇ ਪੜਦਾ ਪਾਉਣ ਦੇ ਯਤਨ ਕੀਤੇ ਗਏ ਹਨ ਕਿ ਗ਼਼ਦਰੀ ਯੋਧਿਆਂ ਦੀ ਵੱਡੀ ਬਹੁਗਿਣਤੀ ਸਿੱਖ ਧਰਮ ਤੋਂ ਗੂੜ੍ਹੀ ਤਰ੍ਹਾਂ ਪ੍ਰੇਰਿਤ ਸੀ, ਉਨ੍ਹਾਂ ਦਾ ਹਰ ਖ਼ਿਆਲ ਤੇ ਕਰਮ ਸਿੱਖ ਸਿਧਾਂਤਾਂ ਦੇ ਅਨੁਸਾਰੀ ਸੀ। ਗ਼ਦਰੀ ਬਾਬੇ ਕੋਈ ਆਮ ਜਿਹੇ ਰਾਜਸੀ ਕਾਰਕੁਨ ਨਹੀਂ ਸਨ। ਉਹ ਆਤਮਕ ਤੌਰ 'ਤੇ ਜਾਗਰੂਪ ਰੂਹਾਂ ਸਨ। ਉਹ ਨਾਮ-ਰੱਤੇ ਜਿਊੜੇ ਸਨ। ਉਹ ਬਾਣੀ ਦੇ ਰਸੀਏ ਤੇ ਨਾਮ ਦੇ ਅਭਿਆਸੀ ਸਨ। ਉਨ੍ਹਾਂ ਦੀ ਜ਼ਮੀਰ, ਬਿਬੇਕ ਤੇ ਅੰਦਾਜ਼ ਵਿਚ ਵੱਡਾ ਬਲ ਸੀ। ਉਨ੍ਹਾਂ ਦਾ ਇਕ ਇਕ ਕਰਮ ਇਸ ਦਾ ਗਵਾਹ ਹੈ। ਪਦਾਰਥਕ ਕੀਮਤਾਂ ਨਾਲ ਲਥਪਥ ਹੋਇਆ ਇਤਿਹਾਸ ਰੂਹਾਨੀ ਕੀਮਤਾਂ ਦੀ ਪਾਲਣਾ ਕਰ ਰਹੇ ਵਿਅਕਤੀਆਂ ਨਾਲ ਨਿਆਂ ਨਹੀਂ ਕਰ ਸਕਦਾ। ਉਨ੍ਹਾਂ ਨੇ ਸੰਸਾਰ ਪ੍ਰਸਿੱਧ ਇਤਿਹਾਸ ਸ਼ਾਸਤਰੀ ਈ. ਐਚ. ਕਾਰ ਦੇ ਹਵਾਲੇ ਨਾਲ ਦੱਸਿਆ ਕਿ ਇਤਿਹਾਸ ਦੀ ਕਿਸੇ ਰਚਨਾ ਨੂੰ ਪੜ੍ਹਨ ਤੋਂ ਪਹਿਲਾਂ ਇਹ ਦੇਖਣਾ ਜ਼ਰੂਰੀ ਹੈ ਕਿ ਇਸ ਦਾ ਲੇਖਕ ਕੌਣ ਹੈ, ਉਸਦਾ ਵਿਚਾਰਧਾਰਕ ਦ੍ਰਿਸ਼ਟੀਕੋਣ ਤੇ ਮਾਨਸਿਕ ਪ੍ਰਵਿਰਤੀਆਂ ਕਿਹੋ ਜਿਹੀਆਂ ਹਨ। ਇਸ ਤੱਥ ਦੀ ਰੋਸ਼ਨੀ ਵਿਚ ਹੀ ਇਤਿਹਾਸ ਰਚਨਾ ਨੂੰ ਠੀਕ ਤਰ੍ਹਾਂ ਬੁੱਝਿਆ ਤੇ ਸਮਝਿਆ ਜਾ ਸਕਦਾ ਹੈ। 

ਉਨ੍ਹਾਂ ਨੇ ਬਜ਼ੁਰਗ ਮਾਰਕਸੀ ਚਿੰਤਕ ਪ੍ਰੋ: ਰਣਧੀਰ ਸਿੰਘ (ਦਿੱਲੀ) ਦੇ ਇਕ ਕਥਨ ਦਾ ਹਵਾਲਾ ਦੇ ਕੇ ਕਿਹਾ ਕਿ ਬਾਗ਼ੀ ਲੋਕਾਂ ਦੀਆਂ ਪਹਿਲਕਦਮੀਆਂ ਹਮੇਸ਼ਾ ਹੀ ਸੂਖ਼ਮਭਾਵੀ ਵਿਦਵਾਨਾਂ ਦੀ ਸਮਝ ਤੇ ਪਕੜ ਤੋਂ ਬਾਹਰ ਰਹਿੰਦੀਆਂ ਹਨ। ਸਿਰਫ਼ ਉਹ ਵਿਦਵਾਨ ਹੀ ਇਨਕਲਾਬੀ ਲਹਿਰ ਨੂੰ ਠੀਕ ਰੂਪ ਵਿਚ ਸਮਝ ਸਕਦਾ ਹੈ ਜਿਸ ਦਾ ਆਪਣਾ ਨਜ਼ਰੀਆ ਇਨਕਲਾਬੀ ਹੋਵੇ ਜਾਂ ਉਸ ਕੋਲ ਇਨਕਲਾਬੀ ਅਨੁਭਵ ਹੋਵੇ। ਇਨਕਲਾਬੀ ਨਜ਼ਰੀਏ ਤੇ ਅਨੁਭਵ ਤੋਂ ਸੱਖਣੇ ਵਿਦਵਾਨ ਇਨਕਲਾਬੀ ਲਹਿਰ ਨਾਲ ਇਨਸਾਫ਼ ਨਹੀਂ ਕਰ ਸਕਦੇ।ਅਜਮੇਰ ਸਿੰਘ ਨੇ ਇਸ ਦ੍ਰਿਸ਼ਟੀ ਤੋਂ ਗ਼ਦਰ ਪਾਰਟੀ ਦਾ ਇਤਿਹਾਸ ਲਿਖਣ ਵਾਲੇ ਸਾਰੇ ਪ੍ਰਮੁੱਖ ਵਿਦਵਾਨਾਂ ਦੀਆਂ ਸੀਮਤਾਈਆਂ ਦੀ ਨਿਸ਼ਾਨ ਦੇਹੀ ਕੀਤੀ ਅਤੇ ਠੋਸ ਤੱਥਾਂ ਦੇ ਹਵਾਲਿਆਂ ਨਾਲ ਇਹ ਕੌੜਾ ਸੱਚ ਉਭਾਰਿਆ ਕਿ ਅਧੁਨਿਕਵਾਦੀ ਇਤਿਹਾਸਕਾਰਾਂ ਨੇ ਗ਼ਦਰੀ ਬਾਬਿਆਂ ਨਾਲ ਭਾਰੀ ਅਨਿਆਂ ਕੀਤਾ ਹੈ। ਗ਼ਦਰੀ ਬਾਬੇ ਦੇਸ਼-ਭਗਤ ਸਨ ਪਰ ਉਨ੍ਹਾਂ ਦਾ ਦੇਸ਼ ਪ੍ਰੇਮ ਕਿਸੇ ਵਿਸ਼ੇਸ਼ ਭੋਇੰ-ਮੰਡਲ ਜਾਂ ਕਿਸੇ ਜਾਤੀ-ਅਭਿਮਾਨ ਉਤੇ ਅਧਾਰਿਤ ਨਹੀਂ ਸੀ, ਸਗੋਂ ਗੁਰੂ ਦੇ ਨਿੱਜੀ ਪ੍ਰੇਮ ਉਤੇ ਟਿਕਿਆ ਹੋਇਆ ਸੀ। ਉਹ ਗੁਰੂ-ਲਿਵ ਵਿਚ ਰਹਿੰਦੇ ਹੋਏ ਹੀ ਦੇਸ਼-ਭਗਤ ਸਨ। ਉਨ੍ਹਾਂ ਦੇ ਹਰ ਬਚਨ ਤੇ ਕਰਮ ਵਿਚੋਂ ਗੁਰੂ ਦੀ ਖ਼ਾਤਿਰ ਸਗਲ-ਸ੍ਰਿਸ਼ਟੀ ਨੂੰ ਪ੍ਰੇਮ ਕਰਨ ਦੀ ਮਾਨਵਵਾਦੀ ਭਾਵਨਾ ਡੁਲ੍ਹ ਡੁਲ੍ਹ ਪੈਂਦੀ ਸੀ। ਇਸ ਕਰਕੇ, ਉਨ੍ਹਾਂ ਨੂੰ, ਅਜੋਕੇ ਆਧੁਨਿਕਵਾਦੀ ਅਰਥਾਂ ਵਿਚ 'ਰਾਸ਼ਟਰਵਾਦੀ' ਕਹਿਣਾ ਅਨਮੱਤ ਹੈ। ਇਸ ਅਨਮੱਤ ਦਾ ਪਰਚਾਰ ਵਿਆਪਕ ਪੈਮਾਨੇ 'ਤੇ, ਯੋਜਨਾਬੱਧ ਢੰਗਾਂ ਨਾਲ ਹੋ ਰਿਹਾ ਹੈ। ਇਸ ਵਿਚ ਰਾਜਸੀ ਸੁਆਰਥ ਦੇ ਅੰਸ਼ ਸ਼ਾਮਲ ਹਨ। ਇਹ ਬਿਪਰ ਸੰਸਕਾਰ ਹੈ ਜਿਹੜਾ ਵੰਨ-ਸੁਵੰਨੇ ਮਨ-ਲੁਭਾਉਣੇ ਸਿਧਾਂਤਕ ਅੰਦਾਜ਼ਾਂ-ਭਗਵੇਂ, ਲਾਲ, ਤਿਰੰਗੇ ਤੇ ਰੰਗ-ਬਰੰਗੇ ਲਿਬਾਸਾਂ-ਵਿਚ ਪਰਗਟ ਹੋ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜਿਹੜੀਆਂ ਤਾਕਤਾਂ ਸਿੱਖ ਕੌਮ ਨਾਲ ਢਿੱਡੋਂ ਖਾਰ ਖਾਂਦੀਆਂ ਹਨ, ਤੇ ਇਸ ਨੂੰ ਹਸਤੀਹੀਣ ਕਰਨਾ ਚਾਹੁੰਦੀਆਂ ਹਨ, ਉਹ ਨਾ ਸਿਰਫ਼ ਗ਼਼ਦਰ ਲਹਿਰ ਨੂੰ ਸਿੱਖ ਪੰਥ ਨਾਲੋਂ ਨਿਖੇੜਨਾ ਤੇ ਤੋੜਨਾ ਚਾਹੁੰਦੀਆਂ ਹਨ, ਸਗੋਂ ਇਸ ਨੂੰ ਸਿੱਖ ਪੰਥ ਦੇ ਵਿਰੋਧ ਵਿਚ ਭੁਗਤਾਉਣਾ ਚਾਹੁੰਦੀਆਂ ਹਨ। ਇਸ ਕਾਰਜ ਵਿਚ ਹਿੰਦੂਤਵੀ ਤਾਕਤਾਂ, ਉਦਾਰਪੰਥੀਆਂ ਤੇ ਖੱਬੇ ਪੱਖੀਆਂ ਵਿਚਕਾਰ ਪੂਰਨ ਸਾਂਝ ਪ੍ਰਗਟ ਹੋ ਰਹੀ ਹੈ। ਇਸ ਸਾਂਝ ਦਾ ਸਭ ਤੋਂ ਉਘੜਵਾਂ ਇਜ਼ਹਾਰ ਤਿੰਨਾਂ ਦੇ ਸਾਂਝੇ ਗਿਆਨ ਪ੍ਰਬੰਧ ਦੇ ਰੂਪ ਵਿਚ ਹੋ ਰਿਹਾ ਹੈ। ਤਿੰਨਾਂ ਵਰਗਾਂ ਦੇ ਸਰੋਕਾਰ, ਡਰ, ਤੇ ਫਿਕਰ ਸਾਂਝੇ ਹਨ; ਤਿੰਨਾਂ ਵੱਲੋਂ (ਸਿੱਖ ਕੌਮ ਦੇ ਵਿਰੁੱਧ) ਵਰਤੀ ਜਾ ਰਹੀ ਭਾਸ਼ਾ ਸਾਂਝੀ ਹੈ। ਰਾਸ਼ਟਰਵਾਦ ਤਿੰਨਾਂ ਦਾ ਸਾਂਝਾ ਇਸ਼ਟ ਤੇ ਸਾਂਝਾ ਵਿਚਾਰਧਾਰਕ ਹਥਿਆਰ ਹੈ। ਤਿੰਨੇ ਭਾਰਤੀ ਕੌਮ ਦੀ ਧਾਰਨਾ ਦੇ ਕਾਇਲ ਹਨ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਜੋਸ਼ੀਲੇ ਸਮਰਥਕ ਹਨ। ਤਿੰਨਾਂ ਵੱਲੋਂ ਗ਼ਦਰੀ ਬਾਬਿਆਂ ਨੂੰ ਰਾਸ਼ਟਰਵਾਦੀ ਰੰਗ ਵਿਚ ਪੇਸ਼ ਕਰਨ ਦੇ ਇਕ ਦੂਜੇ ਨਾਲੋਂ ਵਧਕੇ ਯਤਨ ਕੀਤੇ ਜਾ ਰਹੇ ਹਨ। 

ਅੰਤ ਵਿਚ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਜਿਹੀ ਪਹਿਲਕਦਮੀ ਲਈ ਵਧਾਈ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਗ਼ਦਰ ਲਹਿਰ ਨੂੰ ਸਿੱਖ ਵਿਰਾਸਤ ਤੋਂ ਵੱਖ ਕਰਕੇ ਨਹੀਂ ਵੇਖ ਸਕਦੇ।

ਸੁਰਜੀਤ ਗੋਪੀਪੁਰ ਦੀ ਰਿਪੋਰਟ

2 comments:

  1. A sinister attempt by communalists and pro-imperialists to hijack the legacy of Gadar movement, which was a secular and nationalist movement.

    ReplyDelete
  2. ਰਾਜਵਿੰਦਰ ਸਿੰਘ ਰਾਹੀ ਕਿ ਰਾਜਿੰਦਰ ਸਿੰਘ ਰਾਹੀ ?

    ReplyDelete