ਰਾਜੀਵ ਨਾਲ ਮੇਰੀ ਵਿਚਾਰ ਚਰਚਾ ਪਾਸ਼ ਦੀਆਂ ਦੋਵੇਂ ਫਿਲਮਾਂ "ਅਪਣਾ ਪਾਸ਼" ਤੇ "ਚੌਰਸ ਚਾਂਦ" ਖ਼ਤਮ ਹੋਣ ਤੋਂ ਬਾਅਦ ਹਾਲ 'ਚ ਹੀ ਸ਼ੁਰੂ ਹੋ ਗਈ ਸੀ।ਫਿਰ ਬਾਅਦ 'ਚ ਮੈਂ ਇੰਟਰਵਿਊ ਕਰਨ ਬਾਰੇ ਸੋਚਿਆ।ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਇੰਟਰਵਿਊ ਕੀਤਾ,ਪਰ ਜਿਸ ਤਰ੍ਹਾਂ ਰਾਜੀਵ ਨੇ ਮੇਰੇ ਸਵਾਲਾਂ ਦੇ ਸਪੱਸ਼ਟ ਤੇ ਸਿੱਧੇ ਜਵਾਬ ਦਿੱਤੇ,ਉਸ ਨਾਲ ਇੰਟਰਵਿਊ ਵਿਚਾਰ ਚਰਚਾ 'ਚ ਬਦਲ ਗਈ।ਸ਼ਾਇਦ ਇਹੀ ਕਾਰਨ ਸੀ ਕਿ ਮੇਲੇ ਦੇ ਤੀਜੇ ਦਿਨ ਮੈਂ ਦਫਤਰੋਂ ਛੁੱਟੀ ਮਾਰਕੇ ਮੇਲੇ 'ਚ ਗਿਆ।ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਮੁੱਦਿਆਂ 'ਤੇ ਵਿਚਾਰ ਚਰਚਾ ਕਰਦੇ ਰਹੇ।ਖੈਰ,ਰਾਜੀਵ ਨਾਲ ਇਸ ਸਫਰ ਦਾ ਅਖੀਰਲਾ ਪੜਾਅ ਦਿੱਲੀ 'ਚ ਨਿਜ਼ਾਮੂਦੀਨ ਦੀ ਦਰਗਾਹ ਸੀ।-ਯਾਦਵਿੰਦਰ ਕਰਫਿਊ
ਪੰਜਾਬੀ ਸਿਨੇਮੇ ਨੂੰ ਇਰਾਨੀ ਸਿਨੇਮੇ ਤੋਂ ਸੇਧ ਲੈਣੀ ਚਾਹੀਦੀ ਹੈ,ਇਰਾਨੀ ਸਿਨੇਮਾ ਸਾਡੇ ਲਈ ਆਦਰਸ਼ ਹੋ ਸਕਦਾ ਹੈ।-ਰਾਜੀਵ
ਇਸਟੈਬਲਿਸ਼ਮੈਂਟ ਦਾ ਵਿਰੋਧ ਕਰਦੇ ਕਰਦੇ ,ਕਾਮਰੇਡ ਆਪ ਸੰਸਥਾਗਤ ਹੋ ਗਏ ਹਨ।-ਰਾਜੀਵ
ਕਿਸੇ ਵੀ ਲਹਿਰ ਦਾ ਸਿਰਫ ਤੇ ਸਿਰਫ ਘਟਨਾਵਾਂ ਦੇ ਅਧਾਰ ‘ਤੇ ਵਿਸ਼ਲੇਸ਼ਨ ਨਹੀਂ ਕੀਤਾ ਜਾ ਸਕਦਾ,ਇਸ ਲਈ ਇਕ ਠੋਸ ਰਾਜਨੀਤਿਕ ਸਮਝ ਹੋਣੀ ਜ਼ਰੂਰੀ ਹੈ।-ਰਾਜੀਵ
ਯਾਦਵਿੰਦਰ-1994 ਤੋਂ ਹੁਣ ਤੱਕ ਫਿਲਮਾਂ ਬਣਾਉਣ ਬਾਰੇ ਤੁਹਾਡੇ ਨਜ਼ਰੀਏ ‘ਚ ਕੀ ਫਰਕ ਆਇਆ..?
ਰਾਜੀਵ-ਹਾਂ,ਮੇਰਾ ਨਜ਼ਰੀਆ ਬਦਲਿਆ ਹੈ।ਓਦੋਂ ਮੈਂ ਆਪਣੇ ਲੋਕਾਂ ‘ਚ ਰਹਿਕੇ ਕੰਮ ਕਰਦਾ ਸੀ,ਜੋ ਮੇਰੇ ਵਾਂਗੂੰ ਸੋਚਦੇ ਸੀ।ਪਰ ਪਿਛਲੇ ਲੰਬੇ ਸਮੇਂ ਤੋਂ ਮੈਂ ਨੌਕਰੀ ਕਰਨ ਕਾਰਨ ਬਹੁਰਾਸ਼ਟਰੀ ਕੰਪਨੀਆਂ ਤੇ ਬਹੁਰਾਸ਼ਟਰੀ ਸਮਾਜ ‘ਚ ਘਿਰਿਆ ਹੋਇਆ ਹਾਂ।ਇਹ ਸਮਾਜ ਮੇਰੇ ਲੋਕਾਂ ਦਾ ਨਹੀਂ ਹੈ।ਮੈਂ 30% ਲੋਕਾਂ ਲਈ ਕੰਮ ਕਰ ਰਿਹਾਂ ਹਾਂ।ਬਾਕੀ ਦੇ 70 % ਨੂੰ ਪਤਾ ਨਹੀਂ ਕਿ ਇਹ 30% ਕੀ ਹਨ।ਇਸ ਲਈ ਮੈਂ ਸਮਝਦਾ ਹਾਂ ਕਿ ਹੁਣ ਜੇ ਮੈਂ ਕੋਈ ਫਿਲਮ ਬਣਾਵਾਂਗਾ ਤਾਂ ਉਹ ਫਿਲਮ 70% ਲੋਕਾਂ ਦਾ 30% ਨਾਲ ਡਾਇਲਾਗ ਹੋਵੇਗਾ।ਉਸ ਰਾਹੀਂ ਮੈਂ 30% ਨੂੰ ਇਹ ਦੱਸਾਂਗਾ ਕਿ 70% ਦੀ ਹਾਲਤ ਸਮਾਜ ‘ਚ ਕੀ ਹੈ ਤੇ 70% ਨੂੰ ਇਹ ਵੀ ਦੱਸਾਂਗਾ ਕਿ ਤੁਹਾਡੀ ਹੱਡ ਤੋੜਵੀਂ ਕਮਾਈ ਕਿੱਥੇ ਜਾਂਦੀ ਹੈ।ਇਹੋ ਜਿਹੀ ਇਕ ਫਿਲਮ ਹੈ ਬੈਬੁਲ।ਜਿਸ ‘ਚ ਤਿੰਨ ਪਰਿਵਾਰਕ ਕਹਾਣੀਆਂ ਨਾਲੋ ਨਾਲ ਚਲਦੀਆਂ ਹਨ।ਜਿਨ੍ਹਾਂ ਰਾਹੀਂ ਨਿਰਦੇਸ਼ਕ ਵਿਕਸਤ ਦੇਸਾਂ ਤੇ ਤੀਜੀ ਦੁਨੀਆਂ ਦੀ ਹਾਲਤ ਨੂੰ ਬੜੀ ਸੌਖੀ ਤੇ ਸੁਚੱਜੇ ਢੰਗ ਨਾਲ ਚਿੱਤਰਦਾ ਹੈ।
ਯਾਦਵਿੰਦਰ- ਇਹਦਾ ਮਤਲਬ ਸਮਾਜਿਕ ਦੁਖਾਂਤ ਨੂੰ ਇਕੋ ਪੱਖ ਤੋਂ ਪੇਸ਼ ਕਰਨਾ ਠੀਕ ਨਹੀਂ।
ਰਾਜੀਵ-ਹਾਂ ਪਹਿਲਾਂ ਸਾਨੂੰ ਸਮਝ ਨਹੀਂ ਸੀ,ਪਰ ਸਮੇਂ ਦੇ ਮੁਤਾਬਿਕ ਸਿਨੇਮੇ ਦਾ ਰੂਪ ਬਦਲਣਾ ਬਣਦਾ ਹੈ।ਜਦੋਂ ਤੱਕ ਅਸੀਂ ਆਪਣੀ ਕਲਾ ਰਾਹੀਂ ਕੋਈ ਵੀ ਮੁੱਦਾ ਦੂਜਿਆਂ ਨੂੰ ਸੌਖੇ ਢੰਗ ਨਾਲ ਸਮਝਾਉਣ ‘ਚ ਸਫਲ ਨਹੀਂ ਹੁੰਦੇ,ਉਦੋਂ ਤੱਕ ਉਸਦਾ ਕੋਈ ਬਹੁਤ ਮਤਲਬ ਨਹੀਂ ਰਹਿ ਜਾਂਦਾ।ਮੈਂ ਇਹੀ ਕਹਿ ਰਿਹਾਂ ਕਿ ਬੰਬੇ ਦੇ ਹਾਈ ਫਾਈ ਲੋਕਾਂ ਤੇ ਪਿੰਡ ਦੇ ਕਿਸਾਨ ‘ਚ ਡਾਇਲਾਗ ਸਮੇਂ ਦੀ ਮੁੱਖ ਮੰਗ ਹੈ।ਹੁਣ ਸਿਰਫ ਇਕੋ ਗੱਲ ਕਰਨ ਦਾ ਸਮਾਂ ਨਹੀਂ ਰਿਹਾ।ਬਾਕੀ ਮੈਂ ਸਮਝਦਾ ਹਾਂ ਕਿ ਕਲਾ ਚਾਹੇ ਲੋਕਾਂ ਵਾਸਤੇ ਹੀ ਹੈ,ਪਰ ਕਲਾ ਨੂੰ ਵਿਕਸਤ ਕਰਨਾ ਵੀ ਸਾਡਾ ਫਰਜ਼ ਹੈ।ਕਲਾ ਦਿਖਣ ਨੂੰ ਚੰਗੀ ਲੱਗਣੀ ਚਾਹੀਦੀ ਹੈ।ਚੰਗੀ ਗੱਲ ਜੇ ਕਲਾਤਮਿਕ ਤਰੀਕੇ ਨਾਲ ਕਹੀ ਜਾਵੇ ਤਾਂ ਉਹ ਸਮਾਜ ਨੂੰ ਜ਼ਿਆਦਾ ਪ੍ਰਭਾਵਿਤ ਕਰੇਗੀ।ਇਸ ਮਾਮਲੇ ‘ਚ ਮੈਂ ਇਰਾਨੀ ਸਿਨੇਮੇ ਦਾ ਕਾਇਲ ਹਾਂ ।ਉਸਤੋਂ ਸਿੱਖਣ ਦੀ ਲੋੜ ਹੈ ਕਿ ਕਲਾ ਦਾ ਮਤਲਬ ਕੀ ਹੁੰਦਾ ਹੈ।ਇਹ ਗੱਲ ਮੈਂ ਵਾਰ ਵਾਰ ਕਹੂੰਗਾ ਕਿ ਪੰਜਾਬੀ ਸਿਨੇਮੇ ਨੂੰ ਇਰਾਨੀ ਸਿਨੇਮੇ ਤੋਂ ਸੇਧ ਲੈਣੀ ਚਾਹੀਦੀ ਹੈ।ਇਰਾਨੀ ਸਿਨੇਮਾ ਸਾਡੇ ਲਈ ਆਦਰਸ਼ ਹੋ ਸਕਦਾ ਹੈ।ਜਿਵੇਂ ਪੰਜਾਬੀ ਥੀਏਟਰ ਲੈਟਿਨ ਅਮਰੀਕਾ ਦੇ ਰਾਹ ਪਿਆ ਹੈ,ਉਵੇਂ ਪੰਜਾਬੀ ਸਿਨੇਮਾ ਇਰਾਨੀ ਸਿਨੇਮੇ ਦੇ ਰਾਹ ਪੈਣਾ ਜ਼ਰੁਰੀ ਹੈ।

ਯਾਦਵਿੰਦਰ-“ਆਪਣਾ ਪਾਸ਼” ‘ਚ ਪਾਸ਼ ਦੀ ਸਭਤੋਂ ਮਹੱਤਵਪੂਰਨ ਕਵਿਤਾ “ਕਾਮਰੇਡ ਨਾਲ ਗੱਲਬਾਤ” ਦਾ ਜ਼ਿਕਰ ਨਹੀਂ ਹੈ.ਕੀ ਗੱਲ ਕਾਮਰੇਡਾਂ ਦੇ ਸ਼ਬਦੀ ਹਮਲਿਆਂ ਦਾ ਡਰ ਸੀ..?
ਰਾਜੀਵ-ਹੱਸਕੇ…..ਨਹੀਂ ਇਹੋ ਜਿਹੀ ਕੋਈ ਗੱਲ ਨਹੀਂ।ਅਸਲ ‘ਚ ਪਹਿਲਾਂ ਇਸੇ ਫਿਲਮ ‘ਚ ਉਹ ਸੰਵਾਦ ਸੀ..ਪਰ ਬਾਅਦ ਫਿਲਮ ਦਾ ਪ੍ਰਿੰਟ ਖਰਾਬ ਹੋਣ ਕਾਰਨ ਕੁਝ ਥਾਵਾਂ ਤੋਂ ਫਿਲਮ ਐਡਿਟ(ਕਾਂਟ-ਸਾਂਟ) ਕਰਨੀ ਪਈ,ਜਿਸ ਕਰਕੇ ਉਹ ਹਿੱਸਾ ਐਡਿਟ ਹੋ ਗਿਆ।ਹਾਂ,ਮੈਂ ਉਹ ਵਾਕਿਆ ਜ਼ਰੂਰ ਦੱਸਾਂਗਾ,ਜਿਸ ‘ਚ ਪੰਜਾਬੀ ਕਾਮਰੇਡਾਂ ਨੇ ਸਾਡਾ ਬੇਤੁਕਾ ਵਿਰੋਧ ਕੀਤਾ।ਸਾਡੀ ਟੀਮ ਨੇ ਫਿਲਮ ਤੋਂ ਬਾਅਦ ਪਾਸ਼ ਦੇ ਕੁਝ ਸੌਫਟ ਜਿਹੇ ਗੀਤ ਦੀ ਆਡਿਓ ਕੈਸਟ "ਅੰਬਰਾਂ'ਤੇ" ਕੱਢੀ।ਜਿਸ 'ਚ ਉਸਦੀ ਜ਼ਿੰਦਗੀ ਦੇ ਕਈ ਹੋਰ ਪੱਖ ਸਨ।।ਪਰ ਪੰਜਾਬੀ ਕਾਮਰੇਡਾਂ ਨੁੰ ਪਤਾ ਨਹੀਂ ਕੀ ਸਮਝ ਆਇਆ।ਇਹਨਾਂ ਆਪਮੁਹਾਰਾ ਜਿਹਾ ਵਿਰੋਧ ਤਾਂ ਕੀਤਾ ਹੀ ਤੇ ਕੈਸੇਟ ਵੀ ਨਹੀਂ ਵਿਕਣ ਦਿੱਤੀ।
ਯਾਦਵਿੰਦਰ-ਮੌਤ ਤੋਂ ਬਾਅਦ ਸਾਡਾ ਸਮਾਜ ਮਰਨ ਵਾਲੇ ਦੀ ਅਲੋਚਨਾ ਬਿਲਕੁਲ ਨਹੀਂ ਕਰਦਾ,ਮੈਨੂੰ ਅਜੇ ਤੱਕ ਭਾਰਤੀ ਸਹਿਤ,ਕਲਾ ਤੇ ਰਾਜਨੀਤੀ ਅੰਦਰ ਅਜਿਹੀ ਕੋਈ ਉਦਾਹਰਨ ਨਹੀਂ ਮਿਲੀ।ਜਿਥੇ ਮੌਤ ਤੋਂ ਬਾਅਦ ਕਿਸੇ ਬਾਰੇ ਕੋਈ ਸਿਹਤਮੰਦ ਅਲੋਚਨਾ ਹੋਈ ਹੋਵੇ।..ਕੀ ਵਿਚਾਰਕ ਪੱਖੋਂ ਕਮਜ਼ੋਰ ਸਮਾਜ ਕਹੀਏ ਇਸਨੂੰ ..?
ਰਾਜੀਵ-ਹਾਂ ਤੁਸੀਂ ਕੁਝ ਹੱਦ ਤੱਕ ਸਹੀ ਹੋ।ਸਾਡਾ ਸਮਾਜ ਸ਼ਰਧਾਵਾਨ ਸਮਾਜ ਹੈ।ਮੌਤ ਤੋਂ ਬਾਅਦ ਸਾਰੇ ਕਿਸੇ ਨਾ ਕਿਸੇ ਰੂਪ ‘ਚ ਵਿਚਾਰਵਾਦੀ ਹੋ ਜਾਂਦੇ ਹਨ।ਭਗਤੀ ਭਾਵਨਾ ਸਭ ਅੰਦਰ ਹੈ। "ਅੰਬਰਾਂ'ਤੇ" ਆਡਿਓ ਕੈਸਟ ‘ਚ ਪਾਸ਼ ਦੀ ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹਨ,ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਮਰੇਡਾਂ ਅੰਦਰ ਭਗਤੀ ਭਾਵਨਾ ਜਾਗ ਪਈ।ਅਲੋਚਨਾ ਦਾ ਤਾਂ ਪਤਾ ਹੀ ਨਹੀਂ,ਮੈਨੂੰ ਲਗਦਾ ਇਥੇ ਤਾਂ ਮੌਤ ਤੋਂ ਬਾਅਦ ਕਿਸੇ ਦੀ ਜ਼ਿੰਦਗੀ ਦੇ ਸਾਰੇ ਪੱਖ ਸੁਣਨ ਲਈ ਸਮਾਜ ਦਾ ਸਭਤੋਂ ਅਗਾਂਹਵਧੂ ਕਹਾਉਂਦਾ ਤਬਕਾ ਤਿਆਰ ਨਹੀਂ।ਸਮਾਜ ਦੀ ਸਹੀ ਪਹੁੰਚ ਨਾ ਹੋਣ ਕਾਰਨ ਹੀ ਭਗਤ ਸਿੰਘ ਪੰਜਾਬ ‘ਚ ਦੇਵਤਾ ਬਣਦਾ ਜਾ ਰਿਹਾ ਹੈ।
ਯਾਦਵਿੰਦਰ-ਕਾਮਰੇਡਾਂ ਦੇ ਕਲਾ ਬਾਰੇ ਨਜ਼ਰੀਏ ਤੋਂ ,ਤੁਸੀਂ ਕਿੰਨੇ ਕੁ ਕਾਇਲ ਹੋ.?
ਰਾਜੀਵ-ਦੇਖੋ ਮੈਂ ਪੰਜਾਬੀ ਕਾਮਰੇਡਾਂ ਦੇ ਕੌੜੇ ਤਜ਼ਰਬੇ ਤੁਹਾਡੇ ਨੂੰ ਜ਼ਰੂਰ ਦੱਸ ਸਕਦਾ ਹਾਂ।ਬਾਕੀ ਦਾ ਨਜ਼ਰੀਆ ਵੱਖਰਾ ਹੈ।ਇਕ ਤਾਂ ਪਾਸ਼ ਦੀ ਟੇਪ ਵਾਲਾ ਮਾਮਲਾ ਦੱਸਿਆ।ਹੋਰ ਵੀ ਨਿੱਕੀਆਂ ਨਿੱਕੀਆਂ ਘਟਨਾਵਾਂ ਬਹੁਤ ਨੇ,ਪਰ ਦਲਜੀਤ ਅਮੀ ਦੀ ਫਿਲਮ “ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ” ਵਾਲਾ ਤਜ਼ਰਬਾ ਬਹੁਤ ਦਿਲ ਝੰਜੋੜਨ ਵਾਲਾ ਰਿਹਾ।ਜਿਸ ਤਰ੍ਹਾਂ ਪੰਜਾਬੀ ਕਾਮਰੇਡਾਂ ਨੇ ਉਸ ਫਿਲਮ ਬਾਰੇ ਆਪਣੀ ਪਹੁੰਚ ਦਿਖਾਈ,ਉਹ ਪੰਜਾਬ ਦੀ ਕਮਿਊਨਿਸਟ ਲਹਿਰ ਮੂਹਰੇ ਵੱਡੇ ਸਵਾਲ ਖੜ੍ਹੇ ਕਰਦੀ ਹੈ।ਇਸਟੈਬਲਿਸ਼ਮੈਂਟ ਦਾ ਵਿਰੋਧ ਕਰਦੇ ਕਰਦੇ ,ਕਾਮਰੇਡ ਆਪ ਕਿੰਨੇ ਸੰਸਥਾਗਤ ਹੋ ਗਏ ਨੇ,ਇਹ ਉਸ ਵਿਰੋਧ ‘ਚੋਂ ਸਾਫ ਨਜ਼ਰ ਆਉਂਦਾ ਹੈ।ਕਲਾ ਬਾਰੇ ਸਮਝ ਵਿਕਿਸਤ ਕਰਨਾ ਦੂਰ ਦੀ ਗੱਲ ,ਇਥੇ ਤਾਂ ਵਿਚਾਰਧਾਰਾ ਦਾ ਕੋਈ ਮਸਲਾ ਹੀ ਨਹੀਂ।ਆਪਣੀਆਂ ਇੰਟਰਵਿਊਆਂ ਤੇ ਆਪਣੇ ਨਾਅਰੇ ਦੀ ਘਟਦੀ ਵਧਦੀ ਗਿਣਤੀ ਵੇਖਕੇ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਸੀ।ਇਸਤੋਂ ਇਲਾਵਾ ਇਹ ਕਲਾ ‘ਚ ਸਿਰਫ ਨਾਅਰੇ ਦੇਖਣਾ ਪਸੰਦ ਕਰਦੇ ਹਨ,ਸ਼ਾਇਦ ਉਹੀ ਕਲਾ ਇਹਨਾਂ ਨੂੰ ਲੋਕਾਂ ਲਈ ਲਗਦੀ ਹੈ।ਮੇਰਾ ਮੰਨਣਾ ਹੈ ਕਿ ਕੋਈ ਵੀ ਚੀਜ਼ ਸਿਰਫ ਪ੍ਰਭਾਸ਼ਾਵਾਂ ਨਾਲ ਹੀ ਨਹੀਂ ਸਮਝ ਜਾ ਸਕਦੀ,ਚੀਜ਼ਾਂ ਦੀਆਂ ਬਹੁਤ ਸਾਰੀਆਂ ਸਮਾਜਿਕ ਭੁਜਾਵਾਂ ਹੁੰਦੀਆਂ ਹਨ।ਪਰ ਇਸ ਤਰ੍ਹਾਂ ਸਮਝਣ ਦੀ ਬਜਾਏ ਸਾਡੇ ਅਗਾਂਹਵਧੂਆਂ ‘ਚ ਰੱਦ ਕਰਨ ਦਾ ਸੱਭਿਆਚਾਰ ਜ਼ਿਆਦਾ ਹੈ।ਇਸਦਾ ਨੁਕਸਾਨ ਨਵੀਂ ਪੀੜੀ ਨੂੰ ਉਠਾਉਣਾ ਪੈਂਦਾ ਹੈ।ਮੈਂ ਇਸ ਗੱਲ ਦਾ ਗਵਾਹ ਹਾਂ ਕਿ ਇਸ ਤਰ੍ਹਾਂ ਦੇ ਵਿਵਹਾਰ ਨੇ ਬਹੁਤ ਸਾਰੇ ਲੋਕਾਂ ਅੰਦਰ ਨਿਰਾਸ਼ਾ ਭਰੀ ਹੈ।
ਯਾਦਵਿੰਦਰ-ਫਿਰ ਕੀ ਲਗਦਾ ਹੈ ਕਿ ਰੈਸ਼ਨਲ ਤੇ ਰੀਅਲ ਸਿਨੇਮੇ ਨੂੰ ਪੰਜਾਬ ‘ਚ ਕਿਵੇਂ ਵਿਕਸਤ ਕੀਤਾ ਜਾ ਸਕਦਾ ਹੈ ?
ਰਾਜੀਵ-ਮੈਨੂੰ ਲੱਗਦਾ ਹੈ ਕਿ ਪਲਸ ਮੰਚ ਵਰਗੇ ਫਰੰਟਾਂ ਅੰਦਰ ਫਿਲਮ/ਸਿਨੇਮੇ ਦੀ ਇਕ ਸੁਤੰਤਰ ਬੌਡੀ ਹੋਣੀ ਚਾਹੀਦੀ ਹੈ।ਜੋ ਆਪਣੇ ਫੈਸਲੇ ਆਪ ਲਵੇ ਤੇ ਗੁਰਸ਼ਰਨ ਭਾਜੀ ਦੇ ਥੀਏਟਰ ਦੀ ਤਰ੍ਹਾਂ ਫਿਲਮ ਨੂੰ ਪਿੰਡਾਂ ਦੀ ਆਮ ਜਨਤਾ ਤੱਕ ਪਹੁੰਚਵੇ।ਜੇ ਅਜਿਹਾ ਨਹੀਂ ਹੁੰਦਾ ਤਾਂ ਸੋਚਣ ਸਮਝਣ ਵਾਲੇ ਫਿਲਮ ਮੇਕਰਾਂ ਨੂੰ ਪੰਜਾਬ ‘ਚ ਇਕ ਵੱਖਰਾ ਮੰਚ ਖੜ੍ਹਾ ਕਰਨ ਦੀ ਜ਼ਰੂਰਤ ਹੈ।ਤਾਂ ਕਿ ਪੰਜਾਬ ‘ਚ ਚੰਗੀਆਂ ਫਿਲਮਾਂ ਬਣ ਸਕਣ।ਵਰਕਸ਼ਾਪਾਂ ਤੇ ਫਿਲਮੀ ਮੇਲਿਆਂ ਰਾਹੀਂ ਪੰਜਾਬ ‘ਚ ਨਵੇਂ ਫਿਲਮਮੇਕਰ ਪੈਦਾ ਕਰਨ ਦੀ ਜ਼ਰੂਰਤ ਹੈ।ਸਿੰਗਲ ਹਾਲ ਸਿਨੇਮੇ ਪੰਜਾਬ ‘ਚੋਂ ਖਤਮ ਹੋ ਰਹੇ ਹਨ,ਉਹਨਾਂ ਦਾ ਬਦਲ ਸਾਨੂੰ ਬਣਨ ਦੀ ਲੋੜ ਹੈ।ਸਾਨੂੰ ਮਿਡਲ ਆਫ ਦੀ ਰੋਡ ਚੱਲਣ ਦੀ ਵੀ ਜ਼ਰੂਰਤ ਹੈ।ਸਿਵਾਏ ਇਸਦੇ ਕੀ ਅਸੀਂ ਫਿਲਮਾਂ ਸਿਧਾਤਾਂ ‘ਤੇ ਕਿਤਾਬਾਂ ਪ੍ਰਕਾਸ਼ਿਤ ਕਰੀ ਜਾਈਏ।ਜਿਵੇਂ ਕਈ ਪ੍ਰਕਾਸ਼ਨਾਂ ਨੇ ਆਈਜ਼ੇਂਸਤਾਈਨ ‘ਤੇ ਕਿਤਾਬਾਂ ਤਾਂ ਪ੍ਰਕਾਸ਼ਿਤ ਕਰ ਦਿੱਤੀਆਂ,,ਪਰ ਫਿਲਮਾਂ ਬਾਰੇ ਅਮਲੀ ਤੌਰ 'ਤੇ ਕੁਝ ਨਹੀਂ ਕੀਤਾ

ਯਾਦਵਿੰਦਰ-ਜਿਸ ਲਹਿਰ ਦੀ ਭੇਂਟ ਪਾਸ਼ ਚੜ੍ਹਿਆ,ਉਸਨੂੰ ਅੱਜ ਲੰਬੇ ਵਕਫੇ ਬਾਅਦ ਕਿਵੇਂ ਵੇਖਦੇ ਹੋ.?
ਰਾਜੀਵ-ਮੈਂ ਪੰਜਾਬ ਦੀ ਖਾਲਿਸਤਾਨੀ ਲਹਿਰ ਨੂੰ ਸਮਝਣਾ ਚਾਹੁੰਦਾ ਹਾਂ।ਮੈਨੂੰ ਲਗਦਾ ਹੈ ਕਿ ਉਸ ਲਹਿਰ,ਸਿੱਖ ਧਰਮ ਤੇ ਪੰਜਾਬ ਦੇ ਸੱਭਿਆਚਾਰ ਦਾ ਆਪਸ ‘ਚ ਕੀ ਰਿਸ਼ਤਾ ਹੈ,ਇਸਨੂੰ ਸਮਝਣ ਦੀ ਲੋੜ ਹੈ।ਮੈਂ ਮੰਨਦਾ ਹਾਂ ਕਿ ਕਿਸੇ ਵੀ ਲਹਿਰ ਦਾ ਸਿਰਫ ਤੇ ਸਿਰਫ ਘਟਨਾਵਾਂ ਦੇ ਅਧਾਰ ‘ਤੇ ਵਿਸ਼ਲੇਸ਼ਨ ਨਹੀਂ ਕੀਤਾ ਜਾ ਸਕਦਾ(ਘਟਨਾਵਾਂ ਪਿੱਛੇ ਏਜੰਸੀਆਂ ਵੀ ਹੋ ਸਕਦੀਆਂ ਹਨ),ਇਸ ਲਈ ਇਕ ਠੋਸ ਰਾਜਨੀਤਿਕ ਸਮਝ ਹੋਣੀ ਜ਼ਰੂਰੀ ਹੈ,ਇਸੇ ‘ਚ ਪੰਜਾਬ ਦੀ ਭਲਾਈ ਹੈ।ਮੇਰੇ ਮੁਤਾਬਿਕ ਪੰਜਾਬ ‘ਚ ਸਿੱਖਾਂ ਨੂੰ ਅੱਡ ਕਰਕੇ ਕੋਈ ਵੀ ਲਹਿਰ ਕਾਮਯਾਬ ਹੋਣੀ ਮੁਸ਼ਕਿਲ ਹੈ।ਮੈਂ ਸਭਤੋਂ ਪਹਿਲਾਂ ਨਕਸਲੀ ਲਹਿਰ ‘ਚੋਂ ਖਾਲਿਸਤਾਨੀ ਲਹਿਰ ‘ਚ ਆਏ ਲੋਕਾਂ ਬਾਰੇ ਸਮਝ ਰਿਹਾਂ ਹਾਂ।ਜੇ ਕਦੇ ਮੌਕਾ ਮਿਲਿਆ ਤਾਂ ਮੈਂ ਪੰਜਾਬ ਦੇ ਕਮਿਊਨਿਸਟਾਂ ਤੇ ਖਾਲਿਸਤਾਨੀਆਂ ‘ਚ ਡਾਇਲਾਗ ਕਰਦੀ ਫਿਲਮ ਜ਼ਰੂਰ ਬਣਾਵਾਂਗਾ।ਮੈਂ ਇਹ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਹਾਂ ਕਿ ਇਹਨਾਂ ਦੋਵੇਂ ਧਿਰਾਂ ਅੰਦਰ ਸਿਹਤਮੰਦ ਡਾਇਲਾਗ ਹੋਣਾ ਚਾਹੀਦਾ ਹੈ।ਮੇਰੇ ਕੋਲ ਇਕ ਸੱਚੀ ਕਹਾਣੀ ਹੈ ,ਜਿਸਨੂੰ ਕਦੇ ਮੌਕਾ ਮਿਲਣ ‘ਤੇ ਫਿਲਮ ਦੇ ਰੂਪ ‘ਚ ਪੇਸ਼ ਕਰਾਂਗਾ।
ਯਾਦਵਿੰਦਰ-ਰਾਜੀਵ,ਮੈਂ ਹੁਣ ਤੱਕ ਦੇ ਮਾਰਕਸਵਾਦੀ ਇਤਿਹਾਸ ਅੰਦਰ ਸਭਤੋਂ ਵੱਧ ਖੁਦਕੁਸ਼ੀਆਂ ਕਲਾਕਾਰਾਂ ਨੂੰ ਕਰਦੇ ਵੇਖਦੇ ਹਾਂ,ਕੋਈ ਲੇਖਕ,ਕੋਈ ਕਵੀ,ਤੇ ਕੋਈ ਚਿੱਤਰਕਾਰ..ਕੀ ਕਾਰਨ ਕਲਾਕਾਰ ਹੀ ਕਿਉਂ ?
ਰਾਜੀਵ..ਮੇਰੇ ਕੋਲ ਕੋਈ ਬਹੁਤਾ ਸਪੱਸ਼ਟ ਜਵਾਬ ਨਹੀਂ,ਪਰ ਮੈਨੂੰ ਲਗਦਾ ਹੈ ਕਿ ਕਲਾਕਾਰ ਦੀ ਦੁਨੀਆਂ ਥੋੜ੍ਹੀ ਸੁਪਨਮਈ ਹੁੰਦੀ ਹੈ।ਕਲਾਕਾਰ ਹਮੇਸ਼ਾ ਆਪੋ ਆਪਣੀ ਵਿਧਾ ਰਾਹੀਂ ਸਮਾਜਿਕ ਦੂਰੀਆਂ ਨੂੰ ਘੱਟ ਕਰਕੇ ਸਮਾਜ ਨੂੰ ਇਕ ਧਾਗੇ ‘ਚ ਪਰੋਣ ਦੀ ਕੋਸ਼ਿਸ਼ ਕਰਦੇ ਹਨ।ਇਥੇ ਉਹ ਪਦਾਰਥਵਾਦੀ ਹੁੰਦਿਆਂ ਹੋਇਆਂ ਵੀ ਅਚੇਤ ‘ਚੋਂ ਯਥਾਰਥਵਾਦੀ ਨਹੀਂ ਹੁੰਦੇ,ਉਹਨਾਂ ਦਾ ਇਕ ਆਪਣਾ ਆਦਰਸ਼ ਸਮਾਜ ਹੁੰਦੈ,ਜਿਸਨੂੰ ਉਹ ਹਮੇਸ਼ਾ ਸਿਰਜਣ ਦੀ ਕੋਸ਼ਿਸ਼ ‘ਚ ਰਹਿੰਦੇ ਹਨ(ਇਥੇ ਕਲਾਕਾਰ ਕੋਈ ਵੀ ਹੋ ਸਕਦੈ),ਪਰ ਜਦੋਂ ਉਹਨਾਂ ਨੂੰ ਆਪਣਾ ਸੁਪਨਾ ਜਾਂ ਸੰਸਾਰ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ ਤਾਂ ਉਹ ਸ਼ਾਇਦ ਸੌਖਾ ਰਾਹ ਚੁਣ ਲੈਂਦੇ ਹਨ।
ਯਾਦਵਿੰਦਰ ਕਰਫਿਊ,
ਮੌ: 09899436972
mail2malwa@gmail.com,mlawa2delhi@yahoo.co.in