ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, January 22, 2010

ਗੁਰਬਤ ਭਰੀ ਜ਼ਿੰਦਗੀ ਜਿਉਂ ਰਹੇ ਰੰਗਕਰਮੀ ਸੁਰਜੀਤ ਗਾਮੀ ਦੀ ਮੱਦਦ ਕਰੋ

( ‘ਮਿੱਟੀ’ ਫ਼ਿਲਮ ‘ਚ ਟੁੰਡੇ ਦੇ ਪਿਓ ਦੀ ਭੂਮੀਕਾ ਵਾਲਾ ਅਦਾਕਾਰ)

ਲ਼ੋਕ ਪੱਖੀ ਸਾਹਿਤ ਦੀ ਅਗਵਾਈ ਕਰਨ ਵਾਲੇ ਸ਼ਾਰਤਰ ਨੇ ਦੁਨੀਆਂ ਦੇ ਸਭਤੋਂ ਵੱਡੇ ਨੋਬਲ ਇਨਾਮ ਨੂੰ ਆਲੂਆਂ ਦੀ ਬੋਰੀ ਕਹਿਕੇ ਠੁਕਰਾ ਦਿੱਤਾ ਸੀ। ਇਸ ਕਰਕੇ ਲੋਕ ਪੱਖੀ ਸਾਹਿਤਕਾਰ ਜਾਂ ਕਲਾਕਾਰ ਸਮਾਜ ਦਾ ਸਰਮਾਇਆ ਹੁੰਦੇ ਹਨ।ਉਹ ਸਮਾਜ ਲਈ ਤੇ ਸਮਾਜ ਉਹਨਾਂ ਲਈ ਹੋਣਾ ਚਾਹੀਦਾ ਹੈ।ਪਰ ਪੱਛਮ ਤੇ ਯੂਰਪ ਤੋਂ ਬਿਲਕੁਲ ਉਲਟ ਭਾਰਤ ‘ਚ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਦੁਰਗਤੀ ਦਾ ਸ਼ਿਕਾਰ ਹੋਣਾ ਪੈਂਦਾ ਹੈ।ਇਸਤੋਂ ਵੀ ਜ਼ਿਆਦਾ ਦੁਰਦਸ਼ਾ ਪੰਜਾਬ ਦੀ ਧਰਤੀ ‘ਤੇ ਦੇਖੀ ਜਾ ਸਕਦੀ ਹੈ।ਜਿੱਥੇ ਸੁਰਜੀਤ ਗਾਮੀ ਵਰਗੇ ਪਤਾ ਨਹੀਂ ਕਿੰਨੇ,ਜਿਹੜੇ ਕਲਾ…ਕਲਾ ਲਈ ਨਹੀਂ,ਕਲਾ ਲੋਕਾਂ ਲਈ, ਦੀ ਧਾਰਨਾ ਰੱਖਦੇ ਹਨ ਨੂੰ ਲੋਕਾਂ ਤੇ ਸਮਾਜ ਦੀ ਬੇਰੁਖੀ ਦਾ ਸ਼ਿਕਾਰ ਹੋਣਾ ਪੈਂਦਾ ਹੈ।ਜਿਸ ਤਰ੍ਹਾਂ ਪੰਜਾਬੀ ਸਮਾਜ ‘ਚ ਬਹੁਤ ਸਾਰੇ ਗਾਮੀ ਵਰਗੇ ਲੋਕਾਂ ਦੀ ਦੁਰਦਸ਼ਾ ਹੋ ਰਹੀ ਹੈ,ਉਸਨੂੰ ਵੇਖਕੇ ਨਵੀਂ ਪੀੜੀ ਕਦੇ ਵੀ ਬਦਲਵੀਂ ਕਲਾ ਵੱਲ ਨਹੀਂ ਝਾਕੇਗੀ।ਅਸਲ ‘ਚ ਗੱਲ ਗਾਮੀ ‘ਤੇ ਆਕੇ ਖ਼ਤਮ ਨਹੀਂ ਹੋ ਰਹੀ ਬਲਕਿ ਗਾਮੀ ਦੇ ਜ਼ਰੀਏ ਸ਼ੁਰੂ ਹੋ ਰਹੀ ਹੈ।ਮੱਦਾ ਉਹਨਾਂ ਬਦਲਵੇਂ ਸੰਚਾਰ ਸਾਧਨਾਂ ਦਾ ਹੈ,ਜਿਨ੍ਹਾਂ ਲਈ ਕਦੇ ਬਦਲਵੀਂ ਆਰਥਿਕਤਾ ਵਿਕਸਤ ਕਰਨ ਬਾਰੇ ਸੋਚਿਆ ਨਹੀਂ ਗਿਆ ਤੇ ਨਾ ਸੋਚਿਆ ਜਾ ਰਿਹਾ ਹੈ।ਅਸਲ ‘ਚ ਸਮਾਜਿਕ ਬਦਲਾਅ ਦੇ ਠੇਕੇਦਾਰ ਤੇ ਆਪਣੇ ਆਪ ਨੂੰ ਇਨਕਲਾਬੀ ਕਹਾਉਂਦੀਆਂ ਸ਼ਕਤੀਆਂ ਨੇ, ਸਵਾਏ ਆਪਣੀ ਚੌਧਰ ਤੋਂ ਕਦੇ ਵੀ ਬਦਲਵੇਂ ਸੰਚਾਰ ਮਾਧਿਅਮਾਂ ਦੇ ਰਾਜਨੀਤਿਕ ਅਰਥਸ਼ਾਸ਼ਤਰ ਦੀਆਂ ਬਰੀਕੀਆਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ।ਜਿਸਦੀ ਗਵਾਹੀ ਪੰਜਾਬ ਦੀ ਧਰਤੀ ਭਰਦੀ ਹੈ।ਕਿ ਕਿਸ ਤਰ੍ਹਾਂ ਵੱਖ ਵੱਖ ਸੱਭਿਆਚਾਰਕ ਫਰੰਟ ਇਹਨਾਂ ਅਗਾਂਹਵਧੂਆਂ ਦੀ ਬੇਸਮਝੀ ਦੀ ਭੇਂਟ ਚੜ੍ਹੇ ਨੇ।ਫਿਲਹਾਲ ਮੁੱਦਾ ਗਾਮੀ ਦੀ ਵਿੱਤੀ ਸਹਾਇਤਾ ਦਾ ਹੈ,ਲੰਬੀ ਚਰਚਾ ਕਿਸੇ ਹੋਰ ਥਾਂ ਕਰਾਂਗੇ।ਅਸੀਂ ਦੋਸਤਾਂ ਮਿੱਤਰਾਂ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਗਾਮੀ ਬਾਈ ਦੀ ਮੱਦਦ ਕੀਤੀ ਜਾਵੇ।ਸਭਤੋਂ ਪਹਿਲਾਂ ਉਸਦੇ ਮੰਡੇ ਦੇ ਆਪਰੇਸ਼ਨ ਲਈ ਰਾਸ਼ੀ ਦੀ ਜ਼ਰੂਰਤ ਹੈ।ਸਾਨੂੰ ਲਗਦੈ ਕਿ ਅਜਿਹੀ ਉਪਰਾਲਿਆਂ ਨਾਲ ਕਲਾਕਾਰਾਂ ਦੀ ਨਵੀਂ ਪੀੜੀ ਅੰਦਰ ਉਤਸ਼ਾਹ ਵੀ ਆਵੇਗਾ।ਪੱਤਰਕਾਰਾਂ ਦੋਸਤਾਂ ਨੂੰ ਖਾਸ ਕਰਕੇ ਕਹਾਂਗੇ ਕਿ ਉਹ ਗਾਮੀ ਵਰਗਿਆਂ ਨੂੰ ਆਪੋ ਆਪਣੇ ਪਲੇਟਫਾਰਮਾਂ ਜ਼ਰੀਏ ਜਨਤਾ ਦੇ ਰੂਬਰੂ ਕਰਨ।ਜੇ ਸਹਾਇਤਾ ਨੂੰ ਲੈਕੇ ਕਿਸੇ ਦਾ ਕੋਈ ਸਲਾਹ ਮਸ਼ਵਰਾ ਹੋਵੇ ਤਾਂ ਜ਼ਰੂਰ ਦੇਵੇ।--ਗੁਲਾਮ ਕਲਮ

ਮਾਨਸਾ ਸ਼ਹਿਰ ਪੰਜਾਬ ਦੇ ਨਕਸ਼ੇ ‘ਤੇ ਨਵੇਂ ਜ਼ਿਲੇ ਵਜੋਂ ਉਭਰਿਆ ਪਰ ਸਾਹਿਤਕ ਹਲਕਿਆਂ ‘ਚ ਇਹ ਆਪਣੇ ਕੁਝ ਮਿੱਟੀ ਨਾਲ ਜੁੜੇ ਅਸਲ ਜਿੰਦਗੀ ਦੇ ਨਾਇਕਾਂ ਕਰਕੇ ਜਾਣਿਆ ਜਾਂਦਾ ਹੈ, ਜੋ ਕਿ ਮੀਡੀਆ ਤੋਂ ਦੂਰੀ ਹੋਣ ਕਰਕੇ ਆਮ ਲੋਕਾਂ ਵਲੋਂ ਭਾਵੇਂ ਨਾ ਜਾਣੇ-ਪਛਾਣੇ ਜਾਂਦੇ ਹੋਣ ਪਰ ਰੰਗਮੰਚਾਂ, ਡਰਾਮਿਆਂ ਅਤੇ ਨੁੱਕੜ ਨਾਟਕਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਉਣ ਕਰਕੇ ਪੂਰੇ ਪੰਜਾਬ ਦੇ ਕਲਾ ਪ੍ਰੇਮੀਆਂ ਦੇ ਸਦਾ ਚਹੇਤੇ ਬਣੇ ਰਹੇ ਹਨ।ਮਾਲਵੇ ਦੇ ਇਨ੍ਹਾਂ ਟਿੱਬਿਆਂ ਦੇ ਰੇਤੇ ਵਿੱਚ ਪਲਿਆ ਇਕ ਅਸਲ ਜਿੰਦਗੀ ਦਾ ਨਾਇਕ ਪਿਛਲੇ ਦਿਨੀਂ ਪ੍ਰਦਰਸ਼ਿਤ ਪੰਜਾਬੀ ਫਿਲਮ ‘ਮਿੱਟੀ’ ਵਿਚ ਆਪਣੇ ਛੋਟੇ ਜਿਹੇ ਰੋਲ ਨਾਲ ਵੱਖਰੀ ਪਛਾਣ ਛੱਡਣ ਕਰਕੇ ਚਰਚਾ ਵਿਚ ਹੈ,ਜਿਸਦੀ ਗੁਰਬਤ ਭਰੀ ਜਿੰਦਗੀ ਨੇ ਇਹ ਸਤਰਾਂ ਲਿਖਣ ਲਈ ਮਜ਼ਬੂਰ ਕੀਤਾ।ਇਸ ਨਾਇਕ ਦਾ ਨਾਮ ਹੈ ‘ਸੁਰਜੀਤ ਗਾਮੀ’,1959 ‘ਚ ਜਨਮਿਆ ਗਾਮੀ ਬਚਪਨ ‘ਚ ਘਰ ਦੀ ਗਰੀਬੀ ਕਾਰਨ ਪੜ੍ਹ ਨਹੀਂ ਸਕਿਆ ਅਤੇ 10 ਸਾਲ ਦੀ ਬਾਲੜੀ ਉਮਰ ਵਿੱਚ ਹੀ ਲੋਂਗੋਵਾਲ ਇਲਾਕੇ ਦੇ ਉਘੇ ਕਾਮਰੇਡ ਮਰਹੂਮ ਵਿੱਦਿਆ ਦੇਵ ਨਾਲ ਨਾਟਕ ਖੇਡਣ ਲੱਗ ਪਿਆ।ਕੁੱਝ ਸਮੇਂ ਬਾਦ ਉਹ ਗੁਰਸ਼ਰਨ ਭਾਅ ਜੀ ਦੇ ਗਰੁੱਪ ਨਾਲ ਨਾਲ ਇਨਕਲਾਬੀ ਨਾਟਕ ਖੇਡਣ ਲੱਗਾ।ਭਾਅ ਜੀ ਨਾਲ ਗਾਮੀ ਨੇ 2 ਸਾਲ ਨਾਟਕ ਖੇਡੇ ਅਤੇ ਉਨੀ ਦਿਨੀਂ ਉਹ ਇਕ ਮਹੀਨੇ ‘ਚ 45-45 ਨਾਟਕ ਵੀ ਖੇਡਦੇ ਸਨ।

ਗਾਮੀ ਜ਼ਿਆਦਾਤਰ ਇਨਕਲਾਬੀ ਨਾਟਕ ਹੀ ਖੇਡਦਾ ਰਿਹਾ ਜਿਸ ਕਰਕੇ ਮੇਰਾ ਇਹ ਪੁੱਛਣਾ ਸੁਭਾਵਿਕ ਹੀ ਸੀ ਕਿ ਫੇਰ ਗ੍ਰਿਫਤਾਰੀ ਕਦੇ ? ਗਾਮੀ ਹੱਸਦਿਆ ਜਵਾਬ ਦਿੰਦਾ 12-14 ਸਾਲ ਦੀ ਉਮਰ ਵਿੱਚ ਸਤਿਆਗ੍ਰਹਿ ਲਹਿਰ ਵੇਲੇ ਮੈਂ ਚੰਡੀਗੜ ਤੋਂ ਗ੍ਰਿਫਤਾਰ ਹੋਇਆ ਸੀ, ਆਪਣੇ ਪੂਰੇ ਗਰੁੱਪ ਨਾਲ ਇਕ ਇਨਕਲਾਬੀ ਨਾਟਕ ਖੇਡਦਿਆਂ ਅਤੇ ਮੈਂ ਸਭ ਤੋਂ ਛੋਟੀ ਉਮਰ ਦਾ ਸੀ । ਉਸਨੇ 2 ਮਹੀਨੇ ਸੰਗਰੂਰ ਜੇਲ੍ਹ ਵਿਚ ਬੀਤਾਏ।ਨਕਸਲਬਾੜੀ ਲਹਿਰ ਵੇਲੇ ਵੀ ਗਾਮੀ ਅਤੇ ਉਸਦਾ ਗਰੁੱਪ ਨਾਟਕ ਖੇਡਦਾ ਰਿਹਾ ਪਰ ਉਹ ਗ੍ਰਿਫਤਾਰ ਨਹੀਂ ਹੋਏ।ਐਮਰਜੈਂਸੀ ਵੇਲੇ ਦੀ ਇਕ ਘਟਨਾ ਦੱਸਦਿਆਂ ਹਾਲੇ ਵੀ ਉਸ ਦੀਆਂ ਅੱਖਾਂ ਚਮਕ ਪੈਂਦੀਆਂ ਨੇ ਜਦ ਉਹ ਦੱਸਦਾ ਕਿ ਇਕ ਵਾਰ ਮਾਨਸਾ ਨੇੜਲੇ ਪਿੰਡ ਮਲਕਪੁਰ ਖਿਆਲਾ ਵਿਚ ਨਾਟਕ ਖੇਡਣ ਪਹੁੰਚਣ ‘ਤੇ ਉਸ ਨੇ ਪਾਇਆ ਕਿ ਸਟੇਜ ਉਲਟਾਈ ਪਈ ਹੈ। ੳਸ ਨੂੰ ਲੋਕਾਂ ਨੇ ਕਾਰਨ ਦੱਸਿਆ ਕਿ ਪੁਲਿਸ ਨੇ ਅਜਿਹਾ ਕੀਤਾ ਤਦ ਉਸਨੇ ਫਿਰ ਵੀ ਇਕ ਨੁੱਕੜ ਨਾਟਕ ਰਾਹੀ ਲੋਕਾਂ ਨੂੰ ਜਾਗ੍ਰਿਤ ਕਰਨ ਦਾ ਆਪਣਾ ਬਣਦਾ ਕਾਰਜ ਪੂਰਾ ਕੀਤਾ।ਗਾਮੀ ਅਤੇ ਉਸਦੇ ਸਾਥੀਆ ਨੇ ਮਾਨਸਾ ਦੇ ਮਸ਼ਹੂਰ ਪੰਜਾਬ ਕਲਾ ਮੰਚ ਦੀ ਨੀਂਹ ਰੱਖੀ ਅਤੇ ਉਹਨਾਂ 25 ਕੁ ਸਾਲ ਦਿੱਲੀ, ਬੰਬਈ, ਕਲਕੱਤਾ ਸਮੇਤ ਪੰਜਾਬ ਦੇ ਲਗਭਗ ਹਰੇਕ ਕੋਨੇ ਵਿੱਚ ਨਾਟਕ,ਡਰਾਮੇ ਅਤੇ ਨੁੱਕੜ ਨਾਟਕ ਖੇਡੇ। ਇਸ ਮੰਚ ਵਲੋਂ ਨਾਟਕ ਖੇਡਦਿਆਂ ਗਾਮੀ ਨੇ ਅੰਬਾਲਾ ‘ਚ ਸੋਨੇ ਦਾ ਤਮਗਾ ਅਤੇ ਬਰਨਾਲਾ ਦੇ ਮਸ਼ਹੂਰ ਮਹਾਂ ਸ਼ਕਤੀ ਕਲਾ ਮੰਦਰ ਵਲੋਂ ਕਰਵਾਏ ਜਾਂਦੇ ਨਾਟਕ ਮੁਕਾਬਲਿਆ ਵਿੱਚ ਚਾਂਦੀ ਦਾ ਤਮਗਾ ਜਿੱਤਿਆ।ਪੰਜਾਬ ਕਲਾ ਮੰਚ,ਮਾਨਸਾ ਹੁਣ ਆਪਣੀ ਹੋਂਦ ਗੁਆਕੇ ਬਠਿੰਡਾ ਤਬਦੀਲ ਹੋ ਗਿਆ ਅਤੇ ਇਸਦਾ ਨਾਮ ਬਠਿੰਡਾ ਆਰਟ ਥੀਏਟਰ ਰੱਖਿਆ ਗਿਆ ਜਿਸਦੀ ਰਹਿਨੁਮਾਈ ਅੱਜਕਲ ਸੱਤਪਾਲ ਬਰਾੜ ਕਰ ਰਹੇ ਹਨ। ਮੇਰੇ ਵਿਚਾਰ ਮਤੁਾਬਿਕ ਮਾਨਸਾ ‘ਚ ਇਹਨਾਂ ਨੂੰ ਲੋਕਾਂ ਨੇ ਬਣਦਾ ਸਤਿਕਾਰ ਨਹੀਂ ਦਿੱਤਾ ਸ਼ਾਇਦ ਭਾਵੇਂ ਇਸ ਪਿੱਛੇ ਆਰਥਿਕ ਮੱਦਦ ਦੀ ਅਣਹੋਂਦ ਹੀ ਸੱਭ ਤੋਂ ਵੱਡਾ ਕਾਰਨ ਹੋਵੇਗੀ ਜੋ ਗਾਮੀ ਗੱਲਾਬਾਤਾਂ ‘ਚ ਜ਼ਾਹਿਰ ਕਰ ਗਿਆ ਸੀ ਸ਼ਾਇਦ। ਗਾਮੀ ਨੇ ਮਾਨਸਾ ਦੇ ਪ੍ਰਸਿੱਧ ਨਾਟਕਕਾਰ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਅਜਮੇਰ ਔਲਖ਼ ਨਾਲ ਵੀ ਕਈ ਨਾਟਕ ਖੇਡੇ ਹਨ।

ਸੁਰਜੀਤ ਗਾਮੀ ਨੂੰ ਜਦ ਉਸਦੇ ਸਭ ਤੌ ਪਿਆਰੇ ਨਾਟਕ ਬਾਰੇ ਪੁਛਿਆ ਤਾਂ ਮਸ਼ਹੂਰ ਹਸਤੀਆਂ ਵਾਗੂੰ ਰਟੇ ਰਟਾਏ ਜਵਾਬ ਮੇਰੇ ਲਈ ਤਾਂ ਸਾਰੇ ਇਕੋ ਜਿਹੇ ਹਨ ਦੀ ਥਾਂ ‘ਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ।ਆਪਣੀਆਂ ਭਾਵਨਾਵਾਂ ‘ਤੇ ਕਾਬੂ ਕਰਦਿਆਂ ਉਸਨੇ ਕਿਹਾ “ਬਾਈ,ਬਰਾੜ ਛੋਟੇ ਵੀਰ! ਕਿਹੜਾ ਕਿਸੇ ਨੇ ਕੋਈ ਰਿਕਾਰਡ ਬੁੱਕ ‘ਚ ਮੇਰਾ ਨਾਂ ਦਰਜ ਕਰਨੈਂ? ਮੈਂ ਆਪਣੇ ਮਾਨਸਾ ਵਾਲੇ ਦਰਸ਼ਨ ਮਿਤਵਾ (ਮਰਹੂਮ) ਦਾ ਨਾਟਕ ‘ਕੁਰਸੀ ਨਾਚ ਨਚਾਏ’ ਲਗਭਗ 4770 ਵਾਰ ਖੇਡ ਚੁੱਕਾ ਹਾਂ।ਮੈਂ ਕੀ ਦੱਸਾਂ ਤੈਨੂੰ? ਮੇਰਾ ਮੁੰਡਾ ਅੱਖਾਂ ਦੇ ਇਲਾਜ ਖੁਣੋਂ ਸੁਬਕ ਰਿਹਾ।ਮੈਂ ਕਿੱਥੋ ਲਿਆਵਾ ਪੈਸੇ?.....” ਇਹ ਕਹਿੰਦਿਆ ਉਹ ਹੁਬਕੀ ਹੁਬਕੀ ਰੋਣ ਲੱਗ ਪਿਆ। ਮੈਨੂੰ ਉਸਦੀ ਪਤਨੀ ਮਹਿੰਦਰ ਕੌਰ ਦੇ ਚਿਹਰੇ ‘ਤੋਂ ਇੰਝ ਜਾਪਿਆ ਜਿਵੇਂ ਕਹਿੰਦੀ ਹੋਵੇ ਕਿ ਸਾਰੀ ਜਿੰਦਗੀ ਇਸਨੇ ਨਾਟਕਾਂ ਦੇ ਲੇਖੇ ਲਾ ਦਿੱਤੀ ਕੋਈ ਹੋਰ ਕੰਮ ਕਰਦਾ ਤਾਂ ਆਹ ਦਿਨ ਨਾ ਦੇਖਣੇ ਪੈਂਦੇ।ਮੈਂ ੳੇੁਸਦੇ ਸਾਹਮਣੇ ਬੇਬੱਸ ਬੈਠਾ ਸੀ ਇਕ ਕਮਰੇ ਦੇ ਘਰ ਦੇ ਵਿਹੜੇ ‘ਚ ਜਿੱਥੇ ਚੁੱਲ੍ਹੇ ਦਾ ਧੂੰਆਂ ਘਰ ‘ਚ ਸੁੱਕੇ ਬਾਲਣ ਦੀ ਕਮੀ ਯਕੀਨੀ ਤੌਰ ‘ਤੇ ਜ਼ਾਹਿਰ ਕਰਦਾ ਸੀ।ਇਹਨਾ ਗ਼ਮਗੀਨ ਹਾਲਾਤ ‘ਚ ਮੈਂ ਉਸਦੇ ਪ੍ਰੀਵਾਰ ਵਾਰੇ ਇਨਾ ਹੀ ਜਾਣ ਸਕਿਆ ਕਿ ਉਸ ਦੇ 3 ਮੁੰਡੇ ਅਤੇ 2 ਕੁੜੀਆ ਹਨ ਜਿਨਾਂ ਦੇ ਬਾਰੇ ਮੈਂ ਭਾਵੁਕ ਹੋਣ ਕਰਕੇ ਕੁੱਝ ਪੁੱਛਣ ਦੀ ਹਿੰਮਤ ਨਾ ਕਰ ਸਕਿਆ।

ਸੁਰਜੀਤ ਗਾਮੀ ਦਾ ਜ਼ਿਕਰ ‘ਮਿੱਟੀ’ ਪੰਜਾਬੀ ਫ਼ਿਲਮ ‘ਚ ਟੁੰਡੇ ਦੇ ਪਿਓ ( ਦਲਿਤ ਬਾਪ) ਦੀ ਭੂਮਿਕਾ ਕਰਕੇ ਫ਼ਿਲਮ ਦੇ ਪ੍ਰੀਮੀਅਰ ਵਾਲੇ ਦਿਨ ਤੋ ਹੀ ਸ਼ੁਰੂ ਹੋ ਚੁੱਕਾ ਸੀ ਪਰ ਗਾਮੀ ਕਈ ਦਿਨ ਆਪਣੇ ਰੋਜ਼ਾਨਾ ਦੇ ਕਿੱਤੇ ,ਕਲੀ ਜਾਂ ਪੇਂਟ ਦੇ ਕੰਮ, ਦੇ ਸਿਲਸਲੇ ਵਿਚ ਮਾਨਸਾ ਨੇੜਲੇ ਪਿੰਡ ਬੁਰਜ ਹਰੀ ਦਿਹਾੜੀ ਕਰ ਰਿਹਾ ਹੋਣ ਕਰਕੇ ਮਲਾਕਾਤ ਨਹੀਂ ਹੋ ਸਕੀ ਸੀ।ਟੁੰਡੇ ਦੇ ਪਿਓ ਦੀ ਭੂਮਿਕਾ ਲਈ ਗਾਮੀ ਨੂੰ ਚੁਣਨ ਬਾਰੇ ਫ਼ਿਲਮ ਦੇ ਕਾਸਟਿੰਗ ਡਾਇਰੈਕਟਰ ਸੈਮੂਅਲ ਜੌਹਨ (ਜੋ ਖ਼ੁਦ ਇਕ ਪੁਰਾਣੇ ਰੰਗਕਰਮੀ ਹਨ) ਨੇ ਦੱਸਿਆ ਕਿ ਫ਼ਿਲਮ ਦੀ ਪਟਕਥਾ ਹੱਥ ‘ਚ ਆਉਣਸਾਰ ਹੀ ਉਹਨਾਂ ਇਸ ਰੋਲ ਲਈ ਗਾਮੀ ਨੂੰ ਚੁਣ ਲਿਆ ਸੀ ਕਿਉਂਕਿ ਇਸ ਕਿਰਦਾਰ ਨੂੰ ਅਮਰ ਸਿਰਫ਼ ਸੁਰਜੀਤ ਗਾਮੀ ਹੀ ਕਰ ਸਕਦਾ ਸੀ।ਜੋਹਨ ਮੁਤਾਬਿਕ ਉਹਨਾਂ ਨੂੰ ਆਸਟਰੇਲੀਆ ਅਤੇ ਹੋਰ ਕਈ ਮੁਲਕਾਂ ਤੋ ਗਾਮੀ ਦੀਆਂ ਤਾਰੀਫ਼ਾਂ ਕਰਨ ਵਾਲੇ ਸੈਂਕੜੇ ਫੋਨ ਰੋਜ਼ਾਨਾ ਆ ਰਹੇ ਹਨ ਅਤੇ ਲੋਕ ਉਸ ਬਾਰੇ ਜਾਣਨਾ ਚਾਹੁੰਦੇ ਹਨ।ਜਦ ਮੈਂ ਉਹਨਾਂ ਨੂੰ ਗਾਮੀ ਦੀ ਮੰਦੀ ਆਰਥਿਕ ਹਾਲਤ ਅਤੇ ਨਿਰਾਸ਼ਤਾ ਕਾਰਨ ਸ਼ਰਾਬ ਦੀ ਲੱਗੀ ਭੈੜੀ ਲ਼ਤ ਬਾਰੇ ਦੱਸਿਆ ਤਾਂ ਉਹਨਾਂ ਕਿਹਾ ਕਿ ਮੈਨੂੰ ਪਤਾ ਹੈ ਇਸ ਲਈ ਗਾਮੀ ਨੂੰ ਅਸੀਂ ਪੂਰਾ ਮਿਹਨਤਾਨਾ ਦਿੱਤਾ ਸੀ ਅਤੇ ਮੇਰੇ ਕੋਲ ਉਸ ਲਈ ਕਈ ਸੀਰੀਅਲਾਂ ਲਈ ਮੁੰਬਈ ਤੋ ਫੋਨ ਆਏ ਹਨ ਜਿਨਾਂ ਰਾਹੀ ਮੈਂ ਆਪਣੇ ਪੱਧਰ ‘ਤੇ ਉਸ ਮੱਦਦ ਕਰ ਦੇਵਾਗਾਂ।


ਗਾਮੀ ਦੇ ਅਸਲ ਹਾਲਾਤ ਬਹੁਤ ਬਦਤਰ ਹਨ, ਉਸਦੇ ਤੇੜ ਉਪਰ ਇਕ ਚਾਦਰ ਮਸਾਂ ਹੀ ਹੱਡ ਭੰਨਵੀਂ ਠੰਡ ਰੋਕਦੀ ਹੈ ਪਰ ਉਹ ਆਪਣੇ ਪਾਪੀ ਪੇਟ ਲਈ ਰੋਜ਼ਾਨਾ ਮਾਨਸਾ ਦੇ ਮਾਲ ਗੋਦਾਮ ‘ਤੇ ਡੇਅਲੀ ਦਿਹਾੜੀ ‘ਤੇ ਜਾਣ ਵਾਲਿਆਂ ਦੀ ਲੰਬੀ ਲਾਇਨ ‘ਚ ਸ਼ਾਮਿਲ ਹੁੰਦਾ ਹੈ ਅਤੇ ਦਿਹਾੜੀ ਨਾ ਲੱਗਣ ‘ਤੇ ਪੰਜਾਬ ਪੱਲੇਦਾਰ ਯੂਨੀਅਨ ਦਾ ਪ੍ਰਧਾਨ ਉਸ ਦਾ ਪੁਰਾਣਾ ਸਾਥੀ ਹੋਣ ਕਰਕਾ ਸਾਰਾ ਦਿਨ ਚਾਹ ਪਾਣੀ ਪਿਆਉਦਾ ਹੈ ।ਗਾਮੀ ਜਿਸ ਦਿਨ ਕੰਮ ਨਾ ਮਿਲੇ ਆਪਣੇ ਨਾਟਕ ਲਿਖ਼ਦਾ ਹੈ, ਜਿਨ੍ਹਾਂ ‘ਤੇ 2-3 ਵੀਡੀਓ ਫ਼ਿਲਮਾਂ ਵੀ ਬਣ ਚੁੱਕੀਆ ਹਨ। ਲੁਧਿਆਣਾ ਦੇ ਸਿਨੇਮੇ’ਚ ਜਦ ਤਾੜੀਆ ਉਸਦੀ ਭੂਮੀਕਾ ‘ਤੇ ਵੱਜਦੀਆ ਸਨ, ਤਦ ਗਾਮੀ ਦੀ ਅਸਲ ਹਾਲਾਤ ‘ਤੋਂ ਵਾਕਿਫ਼ ਪੰਜਾਬੀ ਫ਼ਿਲਮਾਂ ‘ਚ ਨਵੇਂ,ਕਈ ਤਾਮਿਲ ਫ਼ਿਲਮਾਂ ਕਰ ਚੁੱਕੇ ਅਤੇ ਹਿੰਦੀ ਫ਼ਿਲਮ ਜੋਧਾ ਅਕਬਰ ‘ਚ ਐਸ਼ਵਰੀਆ ਰਾਏ (ਜੋਧਾ ਬਾਈ) ਦੇ ਮੰਗੇਤਰ ਦੀ ਭੂਮਿਕਾ ਨਾਲ ਫ਼ਿਲਮ ਜਗਤ ‘ਚ ਦਾਖ਼ਿਲ ਹੋਏ ਮਾਡਲ ਅਮਨ ਧਾਲੀਵਾਲ ( ਮਾਨਸਾ ਦਾ ਵਸਨੀਕ ) ਦੀਆਂ ਅੱਖਾਂ ਵਿਚ ਵੀ ਹੰਝੂ ਸਨ।ਅਮਨ ਅਤੇ ਪ੍ਰੈੱਸ ਫੋਟੋਗ੍ਰਾਫ਼ਰ ਕੁਲਵੰਤ ਬੰਗੜ ਵਲੋਂ ਵਾਰ ਵਾਰ ਕਹਿਣ ‘ਤੇ ਮੈਂ ਆਪਣੀ ਫੇਸਬੁਕ ਆਈ ਡੀ ‘ਤੇ ਗਾਮੀ ਦੀਆਂ ਕੁੱਝ ਫੋਟੋਆ ਪਾਈਆ ਸਨ, ਪਰ ਕਿਸੇ ਵੀ ਫ਼ਿਲਮ ਜਗਤ ਨਾਲ ਸੰਬੰਧਿਤ ਹਸਤੀ ਨੇ ਇਸ ‘ਤੇ ਗ਼ੌਰ ਨਹੀਂ ਕੀਤੀ ।

ਸੋ, ਹੁਣ ਪੰਜਾਬੀ ਦੇ ਸੂਝਵਾਨ ਪਾਠਕਾਂ ਦੀ ਕਚਿਹਰੀ ‘ਚ ਮੈਂ ਫ਼ਰਿਆਦ ਕਰਦਾ ਹਾਂ ਕਿ ਆਓ ਆਪਾਂ ਰਲ ਕੇ ਪੰਜਾਬ ਦੇ ਇਸ ਰੰਗਕਰਮੀ ਅਤੇ ਚੰਗੇ ਅਦਾਕਾਰ ਨੂੰ ਗ਼ਰੀਬੀ ਅਤੇ ਆਰਥਿਕ ਮੰਦਹਾਲੀ ਵਿਚੋਂ ਬਾਹਰ ਕੱਢਣ ਲਈ ਕੋਈ ਸੁਹਿਰਦ ਯਤਨ ਕਰੀਏ ਤਾਂ ਜੋ ਪੰਜਾਬੀ ਰੰਗਮੰਚ ਜਿੰਦਾ ਰਹੇ ਅਤੇ ਨਵੇਂ ਰੰਗਕਰਮੀਆ ਦਾ ਹੌਸਲਾ ਬਣੇ।ਇਹ ਯਤਨ ਆਪਣੀ ਕਮਾਈ ਦਾ ਨਿਗੂਣਾ ਹਿੱਸਾ ਹੋ ਸਕਦੇ ਹਨ, ਜੋ ਗਾਮੀ ਨੂੰ ਘੱਟੋ-ਘੱਟ ੳਜਰਤ ਦੇ ਬਰਾਬਰ ਪੈਸਾ ਹਰ ਮਹੀਨੇ ਮੁੱਹੀਆ ਕਰੇ, ਪਰ ਉਸ ਦੇ ਬੇਟੇ ਦੇ ਇਲਾਜ਼ ਲਈ ਰਕਮ ਦੀ ਫੋਰਨ ਜ਼ਰੂਰਤ ਹੈ।ਇਸਦੇ ਨਾਲ ਹੀ ਇਹਨਾਂ ਗੱਲਾਂ ਨਾਲ ਕੋਈ ਸਾਰੋਕਾਰ ਨਾ ਰੱਖਣ ਵਾਲੇ ਪੰਜਾਬ ਦੇ ਘਾਗ ਅਕਾਲੀ ਅਤੇ ਅਗਾਂਹਵਧੂ ਕਹਾਉਣ ਵਾਲੇ ਕਾਗਰਸੀ ਨੇਤਾਵਾਂ ਨੂੰ ਇਹ ਬੇਨਤੀ ਵੀ ਕਰਾਗਾਂ ਕਿ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ, ਜੋ ਪਹਿਲਾਂ ਹੀ ਕਰੋੜਾਂ ਕਮਾਂ ਚੁੱਕੇ ਹਨ, ਨੂੰ ਕੌਡੀਆ ਬਦਲੇ ਕਰੋੜਾਂ ਦੀਆਂ ਜ਼ਮੀਨਾਂ ਮੁਫ਼ਤ ਆਪਣੀਆ ਥੀਏਟਰ ਸਿਖਲਾਈ ਸੰਸਥਾਵਾਂ ਬਣਾਉਣ ਲਈ ਦੇਣ ਨਾਲੋਂ ,ਇਹੋ ਜਿਹੇ ਮਾਂ ਬੋਲੀ ਦੇ ਅਸਲ ਸੇਵਕਾਂ ਨੂੰ ਮਾਲੀ ਇਮਦਾਦ ਦੇ ਕੇ ਪੰਜਾਬੀ ਰੰਗਮੰਚ ਅਤੇ ਪੰਜਾਬੀਅਤ ਨਾਲ ਆਪਣਾ ਰਿਸ਼ਤਾ ਨਿਭਾਉਣ।

ਸਹਾਇਤਾ ਲਈ ਫੋਨ ਨੰਬਰ:
ਸੈਮੂਅਲ ਜੌਹਨ,ਪੰਜਾਬੀ ਨਾਟਕਕਾਰ-098156-49941
ਵਿਸ਼ਵਦੀਪ ਬਰਾੜ- 093577-17477
ਯਾਦਵਿੰਦਰ ਕਰਫਿਊ-098994-36972

ਫੋਟੋਆਂ -ਕੁਲਵੰਤ ਬੰਗੜ

ਲੇਖਕ ਸੁਤੰਤਰ ਪੱਤਰਕਾਰ ਹਨ।
ਵਿਸ਼ਵਦੀਪ ਬਰਾੜ,ਪਤਾ:-169,ਵਾਰਡ ਨੰ.10,ਢੱਲ ਸਕੂਲ ਸਟਰੀਟ,ਮਾਨਸਾ,ਪੰਜਾਬ

vishavdeepbrar@gmail.com

3 comments:

  1. ਇਹ ਟਿੱਪਣੀ ਰਚਨਾ 'ਤੇ ਹੀ ਸਮਝੀ ਜਾਵੇ, ਕਿਉਂ ਕਿ ਇਸ ਨੂੰ ਪੜ੍ਹ ਕੇ ਹੀ ਇਹ ਇਲਮ ਹੋਇਆ ਹੈ ਕਿ ਇਹ ਪੱਤਰਕਾਰ ਸੁਤੰਤਰ ਹੈ। ਮੈਂ ਇਸ ਰਚਨਾ ਦੇ ਕਨਟੈਂਟ ਬਾਰੇ ਕੋਈ ਗੱਲ ਨਾ ਕਰਦਾ ਹੋਇਆ ਇਹ ਗੱਲ ਜ਼ਰੂਰ ਕਹਾਂਗਾ ਕਿ ਸੁਤੰਤਰ ਪੱਤਰਕਾਰ ਹੋ ਤਾਂ ਰਹੋ, ਪਰ ਪੱਤਰਕਾਰੀ ਲਈ ਆਉਣੀ ਜ਼ਰੂਰੀ ਸਮਝੀ ਜਾਂਦੀ ਭਾਸ਼ਾ ਦੀਆਂ ਉਕਾਈਆਂ ਤੋਂ ਸੁਤੰਤਰ ਹੋਵੋਂ ਤਾਂ ਹੀ ਇਸ ਸੁਤੰਤਰਤਾ ਦਾ ਕੋਈ ਫ਼ਾਇਦਾ ਹੈ ਨਹੀਂ ਤਾਂ ਆਪੇ ਮੈਂ ਰੱਜੀ-ਪੱਜੀ, ਆਪੇ.....
    -ਬਖ਼ਸ਼ਿੰਦਰ

    ReplyDelete
  2. vir g i am not a journalist,the things that touched me i wrote those things only. I talked to Journalists what none responded so i did the way i can do.

    ReplyDelete
  3. people come to know about Gammi and his struggle and coming forward to help. Tomarrow Mansa People are honouring him. That's what i want.

    ReplyDelete