ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, March 16, 2010

ਔਰਤ ਰਾਖਵਾਂਕਰਨ,ਕਰੀਮੀ ਲੇਅਰ ਤੇ ਹਿੰਦੀ ਪੱਟੀ ਦੀ ਸਿਆਸਤ


ਲੋਕਤੰਤਰ ਨੂੰ ਜੇ ਦੂਜਾ ਨਾਂਅ ਦੇਣਾ ਹੋਵੇ ਤਾਂ ਅਸਹਿਮਤੀਆਂ ਦਾ ਤੰਤਰ ਕਹਿਣਾ ਪਵੇਗਾ।ਜਿੱਥੇ ਅਸਹਿਮਤੀਆਂ ਮਜ਼ਬੂਤ ਤੇ ਸਿਹਤਮੰਦ ਲੋਕਤੰਤਰ ਦੀਆਂ ਨਿਸ਼ਾਨੀਆਂ ਹਨ,ਓਥੇ ਅਸਹਿਮਤੀਆਂ ਜਤਾਉਣ ਦਾ ਤਰੀਕਾ ਵੀ ਜਮਹੂਰੀ ਹੋਣਾ ਚਾਹੀਦਾ ਹੈ।ਸਿਰਫ ਆਪਣੇ ਨਿੱਜੀ ਏਜੰਡੇ ਤੇ ਮੌਕਾਪ੍ਰਸਤੀ ਲਈ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਣ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ।ਪਰ ਅਜਿਹੇ ਨਜ਼ਾਰੇ ਪਿਛਲੇ ਦਿਨੀਂ ਦੇਸ਼ ਦੀ ਸੰਸਦ ਅੰਦਰ ਵੇਖਣ ਨੂੰ ਮਿਲੇ ਹਨ।ਸੰਸਦ ‘ਚ ਪਿਛਲੇ ਸਮਿਆਂ ਦੌਰਾਨ ਕਾਫੀ ਬਿੱਲ ਪਾਸ ਹੋਏ ਹਨ,ਪਰ ਜਿਸ ਤਰ੍ਹਾਂ ਔਰਤ ਰਾਖਵਾਂਕਰਨ ਬਿੱਲ ‘ਤੇ ਹੱਲਾ ਗੁੱਲਾ ਹੋਇਆ,ਉਵੇਂ ਕਿਸੇ ਹੋਰ ‘ਤੇ ਨਹੀਂ।ਕਾਰਨ ਸਾਫ ਹਨ,ਕਿ ਉਹ ਬਿੱਲ ਪਾਰਟੀਆਂ ਦੇ ਸਿਆਸੀ ਮਾਅਨੇ ਨਹੀਂ ਰੱਖਦੇ ਸਨ,ਜਿੰਨਾ ਔਰਤ ਦੇ ਰਾਖਵਾਂਕਰਨ ਦਾ ਮਸਲਾ।ਇਸੇ ਲਈ ਬਿੱਲ ਦੇ ਵਿਰੋਧ ‘ਚ ਭਾਰਤੀ ਸਿਆਸਤ ਤੇ ਹਿੰਦੀ ਪੱਟੀ ਦੇ ਧੜੱਲੇਦਾਰ ਨੇਤਾ ਤਿੱਖੇ ਰੂਪ ‘ਚ ਸਾਹਮਣੇ ਆਏ।ਇਹਨਾਂ ਪਾਰਟੀਆਂ ਤੇ ਲੀਡਰਾਂ ਤੋਂ ਇਲਾਵਾ ਕਈ ਹੋਰ ਬਿੱਲ ਦਾ ਵਿਰੋਧ ਦੱਬੀ ਸੁਰ ‘ਚ ਕਰਦੇ ਰਹੇ ਹਨ।

ਬਿੱਲ ਦਾ ਵਿਰੋਧ ਕਰਨ ਵਾਲੀਆਂ ਹਿੰਦੀ ਪੱਟੀ ਦੀਆਂ ਸਾਰੀਆਂ ਪਾਰਟੀਆਂ ਅਨੁਸੂਚਿਤ ਜਾਤੀਆਂ,ਪਛੜੀਆਂ ਸ਼੍ਰੇਣੀਆਂ ਤੇ ਘੱਟਗਿਣਤੀ ਭਾਈਚਾਰਿਆਂ ਦੇ ਰਾਖਵੇਂਕਰਨ ਦੀਆਂ ਸਮੱਰਥਕ ਰਹੀਆਂ ਤੇ ਹਨ।ਪਿੱਛਲਝਾਤ ਮਾਰਦਿਆਂ ਪਤਾ ਲਗਦਾ ਹੈ ਕਿ ਭਾਰਤੀ ਸਿਆਸਤ ਦੇ ਧਰਾਤਲ ‘ਤੇ ਇਹਨਾਂ ਸਾਰੀਆਂ ਪਾਰਟੀਆਂ ਦੀਆਂ ਦਾ ਜ਼ਿਆਦਾ ਉਭਾਰ “ਮੰਡਲ ਕਮਿਸ਼ਨ” ਤੋਂ ਬਾਅਦ ਹੋਣਾ ਸ਼ੁਰੂ ਹੋਇਆ।ਯਾਨਿ “ਮੰਡਲ ਕਮਿਸ਼ਨ” ਇਹਨਾਂ ਪਾਰਟੀਆਂ ਲਈ “ਮਸੀਹਾ” ਬਣਕੇ ਆਇਆ।“ਮੰਡਲ” ਨੇ 1977 ਦੀ ਗੈਰ ਕਾਂਗਰਸਵਾਦ ਲਹਿਰ ‘ਚੋਂ ਪੈਦਾ ਹੋਏ ਮੁਲਾਇਮ ਸਿੰਘ,ਲਾਲੂ ਪ੍ਰਸਾਦ ਯਾਦਵ,ਸ਼ਰਦ ਯਾਦਵ,ਨਤੀਸ਼ ਕੁਮਾਰ,ਰਾਮ ਵਿਲਾਸ ਪਾਸਵਾਨ ਵਰਗੇ ਆਗੂਆਂ ਦੀਆਂ ਜੜ੍ਹਾਂ ਭਾਰਤੀ ਸਿਆਸਤ ‘ਚ ਜਮਾ ਦਿੱਤੀਆਂ ਸਨ।ਮੰਡਲ ਤੋਂ ਬਾਅਦ ਭਾਰਤੀ ਸਿਆਸਤ ‘ਚ ਵਾਪਰੀ “ਬਾਬਰੀ ਮਸਜਿਦ” ਦੀ ਅਹਿਮ ਘਟਨਾ ਨੇ,ਇਹਨਾਂ ‘ਚੋਂ ਕੁਝ ਲੀਡਰਾਂ ਲਈ ਨਵੇਂ ਰਾਜਨੀਤਿਕ ਧਰੁਵੀਕਰਨ ਦੀ ਜ਼ਮੀਨ ਤਿਆਰ ਕੀਤੀ।ਇਕ ਪਾਸੇ ਹਿੰਦੂਤਵੀ ਤੇ ਦੂਜੇ ਪਾਸੇ ਕਿਹਾ ਜਾਂਦਾ “ਸੈਕੁਲਰ” ਧਰੁਵੀਕਰਨ।ਮੁਲਾਇਮ ਸਿੰਘ ਯਾਦਵ ਨੇ ਜਿੱਥੇ ੳੁੱਤਰਪ੍ਰਦੇਸ਼ ਦੇ ਅੰਦਰ “ਬਾਬਰੀ ਮਸਜਿਦ ਕਾਂਡ” ਦੇ ਤਿੱਖਾ ਵਿਰੋਧ ਦੇ ਜ਼ਰੀਏ ਨਵੀਂ ਸਿਆਸੀ ਜ਼ਮੀਨ ਬਣਾਉਣ ਦੀ ਕੋਸ਼ਿਸ਼ ਕੀਤੀ ,ਓਥੇ ਹੀ ਲਾਲੂ ਪ੍ਰਸਾਦ ਯਾਦਵ ਨੇ ਹਿੰਦੂਤਵ ਦਾ ਧਰੁਵ ਬਣੇ ਲਾਲ ਕ੍ਰਿਸ਼ਨ ਅਡਵਾਨੀ ਦੀ ਰੱਥ ਯਾਤਰਾ ਨੂੰ ਬਿਹਾਰ ਦੇ ਸਮਸਤੀਪੁਰ ਜ਼ਿਲੇ ਅੰਦਰ ਰੁਕਵਾਕੇ,ਉਹਨਾਂ ਦੀ ਗ੍ਰਿਫਤਾਰੀ ਕਾਰਵਾਈ।ਇਸ ਗ੍ਰਿਫਤਾਰੀ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੂੰ ਮੁਸਲਮਾਨ ਭਾਈਚਾਰੇ ਤੋਂ ਵੱਡੀ ਹਮਦਰਦੀ ਮਿਲੀ।ਇਹਨਾਂ ਦੋਵਾਂ ਘਟਨਾਵਾਂ ਤੋਂ ਬਾਅਦ ਦੋਵੇਂ ਯਾਦਵਾਂ ਨੇ ਰਾਜਨੀਤੀ ਅੰਦਰ ਹਮੇਸ਼ਾਂ ਹੀ ਯਾਦਵ-ਮੁਸਲਮਾਨ ਗਠਜੋੜ ਬਣਾਉਣ ਦੀ ਕੋਸ਼ਿਸ਼ ਕੀਤੀ।ਜਿਸ ‘ਚ ਉਹਨਾਂ ਨੂੰ ਸਫਲਤਾ ਵੀ ਮਿਲੀ।

ਇਹਨਾਂ ਸਮੀਕਰਨਾਂ ਦੇ ਜ਼ਰੀਏ ਸਿਆਸਤ ‘ਚ ਵੱਖਰੀ ਥਾਂ ਬਣਾਉਣ ਵਾਲੇ ਇਹਨਾਂ ਲੀਡਰਾਂ ਨੇ ਉਹਨਾਂ ਵਰਗਾਂ ਦੀ ਪ੍ਰਤੀਨਿਧਤਾਂ ਦਾ ਖਿਆਲ ਕਦੇ ਨਹੀਂ ਰੱਖਿਆ।ਅੱਜ ਜਦੋਂ ਔਰਤਾਂ ਦੇ ਰਾਖਵੇਂਕਰਨ ਨੂੰ ਲੈ ਕੇ ਦਲਿਤ,ਪਛੜੀਆਂ ਤੇ ਮੁਸਲਮਾਨ ਔਰਤਾਂ ਦੇ ਰਾਖਵੇਂਕਰਨ ਦੀ ਗੱਲ ਹੋ ਰਹੀ ਹੈ ਤਾਂ ਇਹਨਾਂ ਪਾਰਟੀਆਂ ਅੰਦਰ ਹੁਣ ਤੱਕ ਇਹਨਾਂ ਵਰਗਾਂ ਦੀ ਸ਼ਮੂਲੀਅਤ ਦੀ ਸ਼ਨਾਖ਼ਤ ਵੀ ਕਰਨੀ ਚਾਹੀਦੀ ਹੈ।ਛੋਟੇ ਮੋਟੇ ਅਹੁਦਿਆਂ ਤੋਂ ਇਲਾਵਾ ਵੱਡੇ ਅਹੁਦਿਆਂ ‘ਤੇ ਰਾਬੜੀ ਦੇਵੀ ਤੇ ਡਿੰਪਲ ਯਾਦਵ ਹੀ ਨਜ਼ਰ ਆਉਣਗੀਆਂ।ਜੇ ਬਹੁਜਨ ਸਮਾਜ ਪਾਰਟੀ ਦਾ ਵਿਰੋਧ ਦੇ ਸੁਰ ਕੁਝ ਨੀਵੇਂ ਹਨ,ਉਸਦਾ ਕਾਰਨ ਵੀ ਹੈ ਕਿ ਬਹੁਜਨ ਸਮਾਜ ਪਾਰਟੀ ਮੁਲਾਇਮ ਸਿੰਘ ਯਾਦਵ ਤੇ ਲਾਲੂ ਪ੍ਰਸਾਦ ਯਾਦਵ ਦੀ ਤਰ੍ਹਾਂ ਸਿਰਫ ੳੁੱਤਰਪ੍ਰਦੇਸ਼ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ,ਤੇ ਹੋਰ ਰਾਜਾਂ ‘ਚ ਪਸਾਰਾ ਕਰਨ ਲਈ ਉਸਨੇ ਇਹੋ ਜਿਹੀ ਰਾਜਨੀਤੀ ਨੂੰ ਜ਼ਿਆਦਾ ਉਭਾਰਨ ਤੋਂ ਪ੍ਰਹੇਜ਼ ਕੀਤਾ ਹੈ।ਕਿਉਂਕਿ ਯੂ.ਪੀ ਅੰਦਰ ਉਸ ਕੋਲ ਪਹਿਲਾਂ ਹੀ ਦਲਿਤ-ਬ੍ਰਹਮਣ ਮਜ਼ਬੂਤ ਗਠਜੋੜ ਹੈ।ਜਨਤਾ ਦਲ(ਯੂਨਾਈਟਡ) ‘ਚ ਇਸ ਮਾਮਲੇ ‘ਤੇ ਧੜੇਬੰਦੀ ਹੋਈ ਹੈ।ਪਾਰਟੀ ਦੋ ਦਿੱਗਜ ਲੀਡਰ ਆਹਮੋ ਸਾਹਮਣੇ ਹਨ।ਬਿਹਾਰ ਤੇ ਮੁੱਖ ਮੰਤਰੀ ਤੇ ਪਾਰਟੀ ਦੇ ਸੀਨੀਅਰ ਨੇਤਾ ਜਿੱਥੇ ਔਰਤ ਰਾਖਵੇਂਕਰਨ ਦੇ ਪੱਖ ‘ਚ ਹਨ,ਓਥੇ ਹੀ ਸ਼ਰਦ ਯਾਦਵ ਇਸਦਾ ਵਿਰੋਧ ਕਰ ਰਹੇ ਹਨ।ਇਸਦਾ ਮਤਲਬ ਵੀ ਇਹੀ ਕੱਢਿਆ ਜਾ ਰਿਹੈ ਕਿ ਜਾਂ ਤਾਂ ਸ਼ਰਦ ਯਾਦਵ ਆਪਣੇ ਨਿੱਜੀ ਅਧਾਰ ਨੂੰ ਬਚਾਉਣ ਲਈ ਅਜਿਹਾ ਕਰਨ ਰਹੇ ਹਨ ਜਾਂ ਫਿਰ ਆਉਂਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਆਪਸੀ ਵਿਰੋਧ ਤਹਿਸ਼ੁਦਾ ਸਿਆਸੀ ਰਣਨੀਤੀ ਹੈ।ਜਿਸ ਨਾਲ ਪੱਖ ਤੇ ਵਿਰੋਧ ਵਾਲੇ ਦੋਵੇਂ ਵਰਗਾਂ ਨੂੰ ਆਪਣੇ ਸਿਆਸੀ ਕਲਾਵੇ ‘ਚ ਲਿਆ ਜਾ ਸਕਦਾ ਹੈ।ਵੈਸੇ ਇਸ ਲਈ ਕੋਈ ਸ਼ੱਕ ਨਹੀਂ ਕਿ ਨਤੀਸ਼ ਕੁਮਾਰ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਹਾਂਦਲਿਤ ਵਾਲਾ ਪੱਤਾ ਖੇਡਕੇ ਸ਼ਰਦ ਯਾਦਵ ਨੂੰ ਖੁੱਡੇ ਲਾਇਆ ਹੈ।ਨਤੀਸ਼ ਕੁਮਾਰ ਕੁਰਮੀ ਭਾਈਚਾਰੇ ‘ਚੋਂ ਆਉਂਦੇ ਹਨ,ਇਸੇ ਲਈ ਉਹਨਾਂ ਮੁੱਖ ਮੰਤਰੀ ਬਣਨ ਤੋਂ ਤੁਰੰਤ ਬਾਅਦ ਕੁਰਮੀ ਭਾਈਚਾਰੇ ਨੂੰ ਪ੍ਰਸ਼ਾਸ਼ਨ ਤੇ ਸੱਤਾ ਅੰਦਰ ਵੱਡੀ ਭਾਗੀਦਾਰੀ ਦਿਵਾਈ ਹੈ,ਜਿਸ ਕਰਕੇ ਹੀ ਮੌਜੂਦਾ ਦੌਰ ‘ਚ ਬਿਹਾਰ ਅੰਦਰ ਵਿਸ਼ਾਲ ਮਹਾਂਦਲਿਤ ਰੈਲੀਆਂ ਹੋ ਰਹੀਆਂ ਹਨ।ਨਤੀਸ਼ ਕੁਮਾਰ ਦੀ ਇਸ ਮਹਾਂਦਲਿਤ ਸਿਆਸਤ ਨੇ ਯਾਦਵਾਂ ਨੂੰ ਵੱਡਾ ਧੱਕਾ ਪਹੁੰਚਾਇਆ ਹੈ।ਜਿਸ ਕਾਰਨ ਸ਼ਰਦ ਯਾਦਵ ਨਵੇਂ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ।

ਇਸ ਪੂਰੀ ਸਿਆਸਤ ਦਾ ਖ਼ਾਕਾ ਦੇਖਕੇ ਕੋਈ ਵੀ ਕਹਿਣ ਦੀ ਜ਼ੁਅਰਤ ਨਹੀਂ ਕਰੇਗਾ ਕਿ ਇਹ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ,ਗੈਰ ਕਾਂਗਰਸਵਾਦ ਨੂੰ ਸਿਖ਼ਰ ‘ਤੇ ਲਿਜਾਣ ਵਾਲੇ ਸੰਪੂਰਨ ਕ੍ਰਾਂਤੀ ਦੇ ਮੁੱਖ ਆਗੂ ਜੈ ਪ੍ਰਕਾਸ਼ ਨਰਾਇਣ ਤੇ ਦਲਿਤਾਂ ਦੇ ਮਸੀਹਾ ਡਾ.ਬੀ.ਆਰ.ਅੰਬੇਦਕਰ ਦੇ ਵਾਰਿਸ ਜਾਂ ਅਗਲੀ ਪੀੜੀ ਹਨ।ਉਹਨਾਂ ਹਮੇਸ਼ਾਂ ਆਪਣੀ ਵਿਚਾਰਧਾਰਾ ਨੂੰ ਪਹਿਲ ਦੇ ਕੇ ਰਾਜਨੀਤੀ ਦੇ ਜ਼ਰੀਏ ਸੱਤਾ ਤੇ ਵਿਵਸਥਾ ਨੂੰ ਲੋਕਪੱਖੀ ਬਣਾਇਆ,ਪਰ ਇਹ ਸਾਰੇ ਸਿਧਾਤਾਂ ਨੂੰ ਤਿਲਾਂਜਲੀ ਦੇਕੇ ਆਪਣੀ ਨਿੱਜੀ ਨਫੇ ਨੁਕਸਾਨਾਂ ਤੇ ਸੱਤਾ ਦਾ ਸਵਾਦ ਚੱਖ਼ਣ ਲਈ ਖ਼ੁਦ ਸੱਤਾ ਤੇ ਵਿਵਸਥਾ ਬਣ ਗਏ ਹਨ।ਜੈ.ਪ੍ਰਕਾਸ ਨਰਾਇਣ ਨੇ ਜਿਸ ਰਾਜਨੀਤੀ ਸ਼ਬਦ ਨੁੰ ਘ੍ਰਿਣਾ ਕਰਦਿਆਂ,ਉਸ ਨੂੰ “ਲੋਕਨੀਤੀ” ਕਹਿਕੇ ਪ੍ਰਭਾਸ਼ਤ ਕੀਤਾ,ਅੱਜ ਉਹਨਾਂ ਦੀ ਪੈਦਾਵਾਰ ਇਹ ਪੀੜੀ ਮੌਕਾਪ੍ਰਸਤ ਸਿਆਸਤ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਰਹੀ।ਇਹਨਾਂ ਕਹੇ ਜਾਂਦੇ ਸਮਾਜਵਾਦੀਆਂ ਦੀ ਜਾਣਕਾਰੀ ਲਈ ਡਾ. ਰਾਮ ਮਨੋਹਰ ਲੋਹੀਆ ਔਰਤਾਂ ਲਈ 33 ਨਹੀਂ ਬਲਕਿ 50 %ਰਾਖਵੇਂਕਰਨ ਦੀ ਮੰਗ ਕਰਦੇ ਸਨ।ਉਹ ਸਮਾਜ ਦੇ ਹੋਰ ਦੱਬੇ ਕੁਚਲੇ ਤਬਕਿਆਂ ਨੂੰ ਰਾਖਵੇਂਕਰਨ ਦੀ ਗੱਲ ਹਮੇਸ਼ਾ ਕਰਦੇ ਰਹੇ,ਪਰ ਉਹਨਾਂ ਇਸਨੂੰ ਮੁੱਖ ਧਰਾਈ ਸਿਆਸੀ ਏਜੰਡਾ ਨਹੀਂ ਬਣਨ ਦਿੱਤਾ।

ਡਾ. ਰਾਮ ਮਨੋਹਰ ਲੋਹੀਆ ਤੇ ਜੈ ਪ੍ਰਕਾਸ਼ ਨਰਾਇਣ ਇਕ ਸਮਾਂ ਕਾਂਗਰਸ ‘ਚ ਮਹਾਤਮਾ ਗਾਂਧੀ ਤੇ ਜਵਾਹਰਲਾਲ ਨਹਿਰੂ ਦੇ ਨਾਲ ਚਲਦੇ ਰਹੇ,ਪਰ ਜਦੋਂ ਵਿਚਾਰਧਾਰਕ ਮੱਤਭੇਦ ਆਏ ਤਾਂ ਪਿੱਛੇ ਮੁੜਕੇ ਨਹੀਂ ਵੇਖਿਆ।ਸੰਘਰਸ਼ਾਂ ਤੇ ਜਨਤਾ ਤੇ ਟੇਕ ਰੱਖੀ।ਜਿਸ ਦੇਸ਼ ਦੀ ਰਾਜਨੀਤੀ ‘ਚ ਕਾਂਗਰਸ ਤੇ ਨਹਿਰੂ ਪਰਿਵਾਰ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ ਸੀ,ਉਸ ਦੇਸ਼ ‘ਚ ਕਾਂਗਰਸ ਦੀ ਸਥਾਪਤੀ ਨਾਲ ਮੱਥਾ ਲਾਕੇ ਉਸਦੀਆਂ ਜੜ੍ਹਾਂ ਹਿਲਾ ਦਿੱਤੀਆਂ।ਦੇਸ਼ ਤੇ ਲੋਕਤੰਤਰ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦਿੱਤੀ।ਕਾਂਗਰਸ ਦੇ ਜੀ ਜੀ ਤੇ ਜੈ ਜੈ ਕਾਰ ਸੱਭਿਆਚਾਰ ਦੇ ਖ਼ਿਲਾਫ ਜਮਹੂਰੀ ਪਿਰਤਾਂ ਪਾਈਆਂ।ਪਰ ਅੱਜ ਜਿਹੜੇ ਉਹਨਾਂ ਦੇ ਵਾਰਿਸ ਹੋਣ ਦਾ ਦਾਅਵਾ ਠੋਕਦੇ ਰਹਿੰਦੇ ਹਨ।ਉਹਨਾਂ ਦਾ ਹਾਲ ਇਹ ਹੈ ਕਿ ਪੰਜ ਸਾਲ ਯੂ.ਪੀ.ਏ ਤੇ ਪੰਜ ਸਾਲ ਐੱਨ.ਡੀ.ਏ ਨਾਲ ਸਾਂਝ ਭਿਆਲੀ ਪਾਈ ਹੁੰਦੀ ਹੈ।

1966 ‘ਚ ਜਦੋਂ ਇਟਾਵਾ ‘ਚ ਡਾ.ਲੋਹੀਆ ਨੇ ਮੁਲਾਇਮ ਸਿੰਘ ਯਾਦਵ ਨੂੰ ਦੇਸ਼ ਦਾ ਭਵਿੱਖ ਕਿਹਾ ਹੋਵੇਗਾ,ਤਾਂ ਸ਼ਾਇਦ ਉਹਨਾਂ ਦੇ ਕਿਤੇ ਚਿੱਤ ਚੇਤੇ ਵੀ ਨਹੀਂ ਹੋਣਾ ਕਿ ਕਿ ਇਹਨਾਂ ਸਮਾਜਵਾਦੀਆਂ ਕੋਲ ਸਿਰਫ ਸਿਆਸਤ ਕਰਨ ਲਈ ਲਾਲ ਟੋਪੀਆਂ ਰਹਿ ਜਾਣਗੀਆਂ।ਤੇ 1975 ‘ਚ ਸੰਪੂਰਨ ਕ੍ਰਾਂਤੀ ਦਾ ਨਾਹਰਾ ਦੇਣ ਵੇਲੇ ਜੈ.ਪ੍ਰਕਾਸ਼ ਨਰਾਇਣ ਨੇ ਕਦੇ ਵੀ ਨਹੀਂ ਸੋਚਿਆ ਹੋਣਾ,ਕਿ ਇਹਨਾਂ ਕੋਲ ਕਦੇ ਮੇਰੇ ਸਰੋਕਾਰ ਨਹੀਂ ਰਹਿਣਗੇ।ਅੱਜ ਉਲਟਾ ਸਰੋਕਾਰਾਂ ਦੇ ਜ਼ਰੀਏ ਹੀ ਵਿਅਕਤੀਗਤ ਰਾਜਨੀਤੀ ਚਮਕ ਰਹੀ ਹੈ।ਪਟਨਾ ਦੇ ਬੀ.ਐਨ ਕਾਲਜ ‘ਚ ਵਿਦਿਆਰਥੀ ਰਾਜਨੀਤੀ ਕਰਦੇ ਲਾਲੂ ਪ੍ਰਸ਼ਾਦ ਯਾਦਵ ਜਿਸ ਜੈ.ਪ੍ਰਕਾਸ਼ ਨਰਾਇਣ ਦੇ ਅੰਦੋਲਨ ‘ਚੋਂ ਪੈਦਾ ਹੋਏ,ਉਸਨੂੰ ਉਹ ਅੱਜ ਹਿੱਕ ਠੋਕਕੇ ਕਹਿੰਦੇ ਹਨ ਕਿ ਬਿਹਾਰ ਅੰਦਰ ਜੇ.ਪੀ ਨੂੰ ਜੇ.ਪੀ ਮੈਂ ਬਣਾਇਆ।ਪਾਰਟੀਆਂ ਨੂੰ ਆਪਣੀ ਘਰੇਲੂ ਜਗੀਰ ਬਣਾ ਚੁੱਕੇ ਇਹਨਾਂ ਲੋਕਾਂ ਨੂੰ ਵੇਖਦੇ,ਡਾ.ਲੋਹੀਆਂ ਤੇ ਜੈ.ਪ੍ਰਕਾਸ਼ ਨਰਾਇਣ ਦੀ ਆਤਮਾ ਵੀ ਧਾਹਾਂ ਮਾਰ ਮਾਰ ਰੋਂਦੀ ਹੋਵੇਗੀ।ਪਰ ਮੁੱਖ ਧਾਰਾ ‘ਚ ਲੀਨ ਹੋਈ ਸਿਆਸਤ ਦਾ ਇਹ ਬੁਨਿਆਦੀ ਸਮੱਸਿਆ ਹੈ ਕਿ ਉਹ ਕਹਿਣੀ ਤੇ ਕਰਨੀ ਦੀ ਪੱਕੀ ਕਦੇ ਨਹੀਂ ਹੋ ਸਦੀ,ਕਿਉਂਕਿ ਦੋਵੇਂ ਸ਼ਬਦ ਸਿਆਸਤ ਲਈ ਅੰਤਰਵਿਰੋਧੀ ਹਨ।

ਅਸਲ ‘ਚ ਮਸਲਾ ਔਰਤ ਰਾਖਵੇਂਕਰਨ ਅੰਦਰ ਹੋਰ ਰਾਖਵੇਂਕਰਨ ਦਾ ਨਹੀਂ ਹੈ, ਸਿਰਫ ਨਿਰੋਲ ਰਾਜਨੀਤੀ ਚਮਕਾਉਣ ਦਾ ਹੈ।ਦਲਿਤਾਂ,ਪਛੜਿਆਂ ਜਾਂ ਘੱਟਗਿਣਤੀਆਂ ਦੀ ਇਹਨਾਂ ਨੂੰ ਕਿੰਨੀ ਕੁ ਚਿੰਤਾ ਹੋ ਸਕਦੀ ਹੈ,ਉਹ ਇਹਨਾਂ ਦੀ ਸਿਆਸੀ ਤਸਵੀਰ ‘ਚ ਸਪੱਸ਼ਟ ਨਜ਼ਰ ਆਉਂਦੀ ਹੈ।ਸਿਰਫ ਰਾਜਨੀਤੀ ਦੀ ਬੇੜੀ ਬੱਟੇ ਪਾਉਣ ਲਈ ਸਾਰਾ ਸਿਆਸੀ ਤਮਾਸ਼ਾ ਕੀਤਾ ਜਾ ਰਿਹਾ ਹੈ।ਰਾਜ ਸਭਾ ਤੋਂ ਬਾਅਦ ਲੋਕ ਸਭਾ ‘ਚ ਵੀ ਤਮਾਸ਼ਾ ਜਾਰੀ ਰਹੇਗਾ।ਪਰ ਲਾਲੂ,ਮੁਲਾਇਮ ਤੇ ਸ਼ਰਦ ਯਾਦਵ ਨੂੰ ਇਹ ਸਮਝਣਾ ਚਾਹੀਦਾ ਹੈ,ਕਿ ਉਹਨਾਂ ਦੀ ਤਿਕੜਦੀ ਸਿਆਸਤ ਦੇ ਦਿਨ ਪੁੱਗਦੇ ਜਾ ਰਹੇ ਹਨ।ਭੂ-ਮੰਡਲੀਕਰਨ ਤੋਂ ਬਾਅਦ ਸਮਾਜ ‘ਚ ਹੋਈ ਆਰਥਿਕ-ਸਮਾਜਿਕ ਟੁੱਟ ਫੁੱਟ ਤੇ ਵਿਗੜੇ ਵਿਕਾਸ ਨੇ ਪੁਰਾਣੇ ਸਮਾਜਿਕ ਹਲਾਤਾਂ ਤੇ ਸਿਆਸੀ ਸਮੀਕਰਨਾਂ ਨੂੰ ਬਦਲਿਆ ਹੈ।ਲੰਮੀ ਦੇਰ ਤੱਕ ਭਾਸ਼ਾਈ,ਜਾਤੀ ਤੇ ਫਿਰਕੂ ਸਮੀਕਰਨਾਂ ਨਾਲ ਰੋਟੀਆਂ ਨਹੀਂ ਸਿਕਣਗੀਆਂ।ਬੱਕਰੇ ਦੀ ਮਾਂ ਬਹੁਤਾ ਚਿਰ ਖੈਰ ਨਹੀਂ ਮਨਾ ਸਕਦੀ।

ਔਰਤ ਰਾਖਵੇਂਕਰਨ ਦੇ ਮਾਮਲੇ ਪ੍ਰਤੀ ਜਿਹੜੇ ਲੋਕ ਸੱਚਮੁੱਚ ਸੰਵੇਦਨਸ਼ੀਲ਼ ਹਨ,ਉਹ ਵੱਖ ਵੱਖ ਜਮਹੂਰੀ ਮੰਚਾਂ ਤੋਂ ਜਮਹੂਰੀ ਤਰੀਕੇ ਨਾਲ ਵਿਰੋਧ ਦੀ ਆਵਾਜ਼ ਦਰਜ਼ ਕਰਵਾ ਰਹੇ ਹਨ।ਦੇਸ਼ ਦਾ ਵੱਡਾ ਦਾਨਿਸ਼ਮੰਦ ਤਬਕਾ ਰਾਖਵੇਂਕਰਨ ਦੀ ਹਮਾਇਤ ਦੇ ਨਾਲ ਨਾਲ,ਇਸਦੀ ਪ੍ਰਤੀਨਿਧਤਾ ਬਾਰੇ ਚਿੰਤਾ ਜਤਾ ਚੁੱਕਿਆ ਹੈ।50 ਪ੍ਰਤੀਸ਼ਤ ਰਾਖਵੇਂਕਰਨ ਤੇ ਦੇਸ਼ ਦੀਆਂ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਅੰਦਰ ਇਸਨੂੰ ਲਾਗੂ ਕਰਨਾ ਵੀ ਇਕ ਮੰਗ ਵਜੋਂ ਉਭਰਦਾ ਆ ਰਿਹਾ ਹੈ।ਇਸ ਪੂਰੇ ਮਾਮਲੇ ‘ਚ ਜੋ ਮੁੱਖ ਤੇ ਵੱਡੇ ਸਵਾਲ ਹੈ,ਉਹ ਇਹ ਹੈ ਕਿ ਜਦੋਂ ਪਿਛਲੇ 20 ਸਾਲਾਂ ਦੌਰਾਨ ਹੋਏ ਤਿੰਨ ਮੁੱਖ ਰਾਖਵੇਂਕਰਨਾਂ ‘ਚ ਕਰੀਮੀ ਲੇਅਰ ਨੂੰ ਹਮੇਸ਼ਾ ਬਾਹਰ ਰੱਖਿਆ ਗਿਆ ਤਾਂ ਇਸ ਰਾਖਵੇਂਕਰਨ ‘ਚ ਕਿਉਂ ਨਹੀਂ ?ਮੰਡਲ ਕਮਿਸ਼ਨ ਦੀਆਂ ਸਿਫਰਸ਼ਾਂ,2006 ਦਾ ੳੁੱਚ ਸਿੱਖਿਆ ਸੰਸਥਾਵਾਂ ਅੰਦਰ ਓ.ਬੀ.ਸੀ ਰਾਖਵਾਂਕਰਨ ਤੇ ਬੰਗਾਲ ਸਰਕਾਰ ਵਲੋਂ ਰਾਜ ‘ਚ ਸਰਕਾਰੀ ਨੌਕਰੀਆਂ ਅੰਦਰ ਮੁਸਲਮਾਨਾਂ ਨੂੰ ਦਿੱਤੇ ਗਏ 10 ਪ੍ਰਤੀਸ਼ਤ ਰਾਖਵੇਂਕਰਨ ‘ਚ ਕਰੀਮੀ ਲੇਅਰ ਨੂੰ ਬਾਹਰ ਰੱਖਿਆ ਗਿਆ ਸੀ।ਅਜਿਹਾ ਦੇਸ਼ ‘ਚ ਜਿੱਥੇ ਬਹੁਤ ਸਾਰੀਆਂ ਸਮਾਜਿਕ ਵਿਭਿੰਨਤਾਵਾਂ ਹਨ,ਇਹ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਸਮਾਜ ਦੇ ਦੱਬੇ ਕੁਚਲੇ ਤਬਕਿਆਂ ਪ੍ਰਤੀ ਸਹੀ ਪਹੁੰਚ ਕੀ ਹੋਵੇ।ਇਹ ਸਮਝਣ ਦੀ ਜ਼ਰੂਰਤ ਹੈ ਕਿ ਕਿ ਰਾਖਵੇਂਕਰਨ ਦਾ ਮਸਲਾ ਆਰਥਿਕ ਬਰਾਬਰਤਾ ਤੱਕ ਸੀਮਤ ਨਹੀਂ ,ਬਲਕਿ ਸਵਾਲ ਸਦੀਆਂ ਤੋਂ ਦੱਬਿਆਂ ਲਤਾੜਿਆਂ ਦੇ ਸਮਾਜਿਕ ਵਿਕਾਸ ਤੇ ਬਰਾਬਰੀ ਦਾ ਹੈ।ਜਿਵੇਂ ਕਿ ਪਿੱਛੇ ਜਿਹੇ ਰੰਗਨਾਥ ਮਿਸ਼ਰਾ ਕਮਿਸ਼ਨ ਦੀ ਰਿਪੋਰਟ ਨੇ ਇਹ ਸਾਬਿਤ ਕੀਤਾ ਸੀ ਕਿ ਮੁਸਲਮਾਨ ਔਰਤਾਂ ਦੇਸ਼ ਦੇ ਸਭਤੋਂ ਦੱਬੇ ਕੁਚਲੇ ਤੇ ਪਛੜੇ ਵਰਗਾਂ ‘ਚ ਆਉਂਦੀਆਂ ਹਨ।ਇਸ ਲਈ ਇਮਾਨਦਾਰੀ ਨਾਲ ਲੋੜ ਅਜਿਹੇ ਵਰਗਾਂ ‘ਤੇ ਧਿਆਨ ਦੇਣ ਦੀ ਹੀ ਨਾ ਕਿ ਆਪੋ ਆਪਣੇ ਰਾਜਨੀਤਿਕ ਰਾਗ ਅਲਾਪਣ ਦੀ।ਕਿਉਂਕਿ ਹਾਸ਼ੀਏ ‘ਤੇ ਪਏ ਵਰਗਾਂ ਨੂੰ ਮੁੱਖ ਧਾਰਾ ਦਾ ਹਿੱਸਾ ਬਣਾਉਣ ਨਾਲ ਹੀ ਜਮਹੂਰੀਅਤ ਨੂੰ ਮਜ਼ਬੂਤੀ ਮਿਲੇਗੀ।

ਯਾਦਵਿੰਦਰ ਕਰਫਿਊ,
ਨਵੀਂ ਦਿੱਲੀ।
mail2malwa@gmail.com,malwa2delhi@yhaoo.co.in
09899436972

3 comments:

  1. ki es da malaab eh le lya jaave ki jehdeyaa partiyaan ne es bll di support kiti oh pro feminist han...????es bill da viorodh baare ik content tusi miss kar gaye..assal cha jehdiyaan partiyaaan nu tusi mandaal partiyaan llikhya hai..ohna di appprehenssion ai ke i dalit lady ik brahmin ja ik swarn jatti di aurat de mukable kive gal karegi.... ki ik dalit samaj di aurat parliament ch bol vi sakegi,,and there apprehesions are right..eh sawaal jarror sambhodit hona chahida si...rahul

    ReplyDelete
  2. ਰਾਹੁਲ ,ਪਹਿਲੀ ਗੱਲ ਤਾਂ ਮੈਂ ਸਮਝਦਾ ਹਾਂ ਕਿ ਇਸ ਬਿੱਲ ਦੀ ਵਿਰੋਧਤਾ ਬਿਲਕੁੱਲ ਗਲਤ ਹੈ।ਰਾਖਵੇਂਕਰਨ ਦੇ ਅੰਦਰ ਰਾਖਵੇਂਕਰਨ ਲਈ ਵਿਰੋਧੀ ਧਿਰਾਂ ਨੂੰ ਵੱਡੀ ਜਨਤਕ ਲਾਮਬੰਦੀ ਕਰਨ ਦੀ ਜ਼ਰੂਰਤ ਹੈ।ਨਾ ਕਿ ਸੰਸਦੀ 'ਚ ਰਾਜਨੀਤੀ ਚਮਕਾਉਣ ਦੀ।ਪਰ ਜਿਹੜੇ ਇਸਦੇ ਵਿਰੋਧੀ ਹਨ..ਉਹ ਗਰਾਉਂਡ 'ਤੇ ਕੀ ਕਰ ਰਹੇ ਹਨ..ਇਸ ਦੇਖਣਾ ਜ਼ਰੂਰੀ ਹੈ।ਦੂਜੀ ਗੱਲ ਮੈਂ ਆਪਣੇ ਲੇਖ 'ਚ ਗੱਲ ਰਾਖਵੇਂਕਰਨ ਦੀ ਨਹੀਂ ਬਲਕਿ ਰਾਖਵੇਂਕਰਨ ਦੇ ਆੜ ਹੇਠ ਹੁੰਦੀ ਮੁੱਖ ਧਰਾਈ ਰਾਜਨੀਤੀ ਬਾਰੇ ਕੀਤੀ ਹੈ।ਜੇ ਟਾਈਮ ਮਿਲਿਆਂ ਤਾਂ ਰਾਖਵੇਂਕਰਨ ਦੀ ਪੂਰੀ ਤਸਵੀਰ ਨੂੰ ਵੱਖਰੇ ਤੌਰ 'ਤੇ ਸੰਬੋਧਿਤ ਹੋਣ ਦੀ ਕੋਸ਼ਿਸ਼ ਕਰਾਂਗਾ।ਤੁਹਾਡੀ ਟਿੱਪਣੀ ਦਾ ਸਵਾਗਤ ਹੈ..ਜੇ ਲਿਖ ਸਕਦੇ ਹੋਂ ਤਾਂ ਪੂਰੇ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ..ਇਸਤੇ ਜ਼ਰੂਰ ਲਿਖਕੇ ਭੇਜੋ...ਯਾਦਵਿੰਦਰ

    ReplyDelete
  3. Vishavdeep Brar SAID..... Very Good Brother. I just wanna have ur permission that may i distribute some of our articles in a printed form in b/n those who are directly attached with those issues in any way.

    ReplyDelete