ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, March 29, 2010

ਝੱੜ ਰਹੇ ਪੱਤੇ


ਪੰਜਾਬੀ ਸਾਹਿਤ ਦੇ ਮਸ਼ਹੂਰ ਸ਼ਾਇਰ ਡਾ: ਰਾਬਿੰਦਰ ਮਸਰੂਰ ਹੁਰਾਂ ਦੀ ਕਵਿਤਾ ਦੀਆਂ ਹੇਠ ਲਿਖੀਆਂ ਸਤਰਾਂ ਮਨੁੱਖੀ ਜੀਵਨ ਦੀ ਇੱਕ ਅਟੱਲ ਸੱਚਾਈ ਨੂੰ ਬਿਆਨ ਕਰਦੀਆਂ ਹਨ।

“ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ਼ ਹੈ

ਇਹ ਨਵੇਂ ਪੱਤੇ ਨਿਕਲਦੇ ਸਾਰ ਸਿ਼ਖਰਾਂ ਹੋ ਗਏ।”

ਮਨੁੱਖੀ ਮਨ ਦੀ ਇਸ ਅਵਸਥਾ ਨੂੰ ਡਾ: ਰਾਬਿੰਦਰ ਮਸਰੂਰ ਹੁਰਾਂ ਨੇ ਇਹਨਾਂ ਦੋ ਸਤਰਾਂ ਵਿੱਚ ਹੀ ਬਿਆਨ ਕਰ ਦਿੱਤਾ ਹੈ। ਅਸਲ ਵਿੱਚ ਕਿੱਤਾ ਕੋਈ ਵੀ ਹੋਵੇ ਪੁਰਾਣੇ ਪੱਤੇ (ਪੁਰਾਣੇ ਲੋਕ) ਇਹ ਨਹੀਂ ਚਾਹੁੰਦੇ ਕਿ ਕੋਈ ਨਵਾਂ ਪੱਤਾ (ਨਵਾਂ ਵਿਅਕਤੀ) ਨਿਕਲਦਿਆਂ (ਉਸ ਖੇਤਰ ਵਿੱਚ ਆਉਂਦਿਆਂ) ਹੀ ਉਹਨਾਂ ਤੋਂ ਉੱਪਰ ਹੋ ਜਾਏ।

ਪੰਜਾਬੀ ਸਾਹਿਤ ਦੀ ਗੱਲ ਕਰਦਿਆਂ ਵੀ ਇਹ ਸੱਚ ਅੱਖਾਂ ਸਾਹਮਣੇ ਆਉਂਦਾ ਹੈ ਕਿ ਪੁਰਾਣੇ ਪੱਤੇ (ਲਿਖਾਰੀ) ਕਿਸੇ ਨਵੇਂ ਪੱਤੇ (ਲਿਖਾਰੀ) ਨੂੰ ਵੇਖ ਕੇ ਆਪਣੇ ਤਾਜ ਨੂੰ ਹਿੱਲਦਾ ਮਹਿਸੂਸ ਕਰਦੇ ਹਨ ਤੇ ਬਜਾਏ ਉਸ ਨਵੇਂ ਪੱਤੇ (ਲਿਖਾਰੀ) ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਪ੍ਰੇਰਣਾ ਦੇਣ ਦੇ, ਉਹ ਉਸ ਨੂੰ ਇਸ ਖੇਤਰ ਵਿੱਚੋਂ ਚੁੱਕ ਕੇ ਬਾਹਰ ਵਗਾਹ ਮਾਰਨਾ ਚਾਹੁੰਦੇ ਹਨ। ਇਹ ਨਾ ਮੰਨਣ ਵਾਲਾ ਸੱਚ ਹੈ।

ਅਸਲ ਵਿੱਚ ਬਦਲਾਓ ਕਿਸੇ ਨੂੰ ਚੰਗਾ ਨਹੀਂ ਲੱਗਦਾ ਪਰ ਇਹ ਕੁਦਰਤ ਦਾ ਨਿਯਮ ਹੈ। ਇਸ ਬਦਲਾਓ ਉੱਪਰ ਕਿਸੇ ਦਾ ਕੋਈ ਵੱਸ ਨਹੀਂ ਹੈ। ਵੈਸੇ ਵੀ ਕਿਹਾ ਗਿਆ ਹੈ ਕਿ ਇੱਕ ਥਾਂ ਤੇ ਖੜਾ ਪਾਣੀ ਵੀ ਬਦਬੂ ਮਾਰਨ ਲੱਗ ਪੈਂਦਾ ਹੈ ਫਿਰ ਹੋਰ ਗੱਲ ਹੀ ਕੀ ਕਰੀਏ। ਪਰ ਮਨ ਪਰਿਵਰਤਨ ਨੂੰ ਪ੍ਰਵਾਨ ਕਰਨ ਤੋਂ ਸੰਕੋਚ ਕਰਦਾ ਹੈ।

ਬਦਲਾਓ ਇਸ ਲਈ ਚੰਗਾ ਨਹੀਂ ਲੱਗਦਾ ਕਿ ਸਾਡੀ ਮਨ ਦੀ ਅਸਵਥਾ ਇਸ ਨੂੰ ਪ੍ਰਵਾਨ ਨਹੀਂ ਕਰਦੀ। ਜੇਕਰ ਅਸੀਂ ਮਨ ਨੂੰ ਪਹਿਲਾਂ ਹੀ ਇਸ ਪਰਿਵਰਤਨ ਲਈ ਤਿਆਰ ਕਰ ਦੇਈਏ ਤਾਂ ਸ਼ਾਇਦ ਇਤਨਾ ਜਿਆਦਾ ਬੁਰਾ ਨਾ ਲੱਗੇ ਜਿਤਨਾ ਕਿ ਬਦਲਾਓ ਵੇਲੇ ਲੱਗਦਾ ਹੈ।

ਜਦੋਂ ਘਰ ਬਦਲਣਾ ਹੋਵੇ ਤਾਂ ਬੁਰਾ ਲੱਗਦਾ ਹੈ। ਮਨ ਵਿੱਚ ਡਰ ਹੁੰਦਾ ਹੈ ਕਿ ਗੁਆਂਢੀ ਚੰਗੇ ਮਿਲਣਏ ਜਾਂ ਨਹੀਂ? ਜਦੋਂ ਸਕੂਲ, ਕਾਲਜ, ਜਗ੍ਹਾਂ, ਕਾਰੋਬਾਰ ਜਾਂ ਜੀਵਨ ਨਾਲ ਸੰਬੰਧਤ ਕੋਈ ਵੀ ਬਦਲਾਓ ਹੁੰਦਾ ਹੈ ਤਾਂ ਚੰਗਾ ਨਹੀਂ ਲੱਗਦਾ ਪਰ ਬਾਅਦ ਵਿੱਚ ਠੀਕ ਹੋ ਜਾਂਦਾ ਹੈ ਕਿਉਂਕਿ ਮਨ ਇਸ ਬਦਲਾਓ ਨੂੰ ਪ੍ਰਵਾਨ ਕਰ ਲੈਂਦਾ ਹੈ।

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਪੁਰਾਣੇ ਪੱਤੇ ਨਵੇਂ ਪੱਤਿਆਂ ਨੂੰ ਸ਼ੁਰੂ ਵਿੱਚ ਤਾਂ ਅਸਲੋਂ ਹੀ ਪ੍ਰਵਾਨ ਨਹੀਂ ਕਰਦੇ ਤੇ ਹਰ ਗੱਲ/ਲਿਖਤ ਤੇ ਟੀਕਾ ਟਿੱਪਣੀ ਕਰਕੇ ਉਸ ਦੇ ਆਤਮ ਵਿਸ਼ਵਾਸ ਨੂੰ ਤੋੜਣ ਦਾ ਯਤਨ ਕਰਦੇ ਹਨ ਪਰ ਜੇ ਫਿਰ ਵੀ ਕੋਈ ਆਪਣੀ ਧੁਨ ਵਿੱਚ ਲੱਗਾ ਰਹੇ ਤੇ ਉਹ ਆਪਣੀ ਪਛਾਣ ਕਾਇਮ ਕਰ ਲੈਂਦਾ ਹੈ।

ਮਸਰੂਰ ਹੁਰਾਂ ਦੀ ਇਸ ਕਵਿਤਾ ਦੀ ਦੂਜੀ ਲਾਈਨ ਵਿੱਚ ਇਹ ਗੱਲ ਬੜੀ ਸਾਫ ਹੈ ਕਿ ਜਿੱਥੇ ਪੁਰਾਣੇ ਪੱਤਿਆਂ ਨੂੰ ਇਸ ਗੱਲ ਤੇ ਬੜਾ ਇਤਰਾਜ ਹੈ ਕਿ ਇਹ ਨਵੇਂ ਪੱਤੇ ਅਜੇ ਕੁੱਝ ਚਿਰ ਪਹਿਲਾਂ ਹੀ ਪੈਦਾ ਹੋਏ ਸਨ ਤੇ ਥੋੜੇ ਸਮੇਂ ਵਿੱਚ ਹੀ ਸਾਡੇ ਨਾਲੋਂ ਉੱਚੇ ਕਿਵੇਂ ਹੋ ਗਏ ਹਨ?

ਦੂਜੀ ਗੱਲ ਜਿਤਨਾ ਦੁੱਖ ਪੁਰਾਣੇ ਪੱਤਿਆਂ ਨੂੰ ਇਹ ਹੈ ਕਿ ਨਵੇਂ ਪੱਤੇ ਜਲਦੀ ਸਿ਼ਖਰ ਨੂੰ ਛੂਹ ਰਹੇ ਨੇ ਉਤਨਾ ਹੀ ਦੁੱਖ ਇਹ ਵੀ ਹੈ ਕਿ ਅਸੀਂ ਪੁਰਾਣੇ ਹੋ ਕੇ ਵੀ ਇਸ ਤੋਂ ਥੱਲੇ ਕਿਉਂ ਹੋ ਗਏ ਹਾਂ। ਉਹ ਕਿਸੇ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ।

ਆਮ ਕਹਾਵਤ ਹੈ ਕਿ ਆਦਮੀ ਆਪਣੇ ਦੁੱਖ ਤੋਂ ਇਤਨਾ ਦੁੱਖੀ ਨਹੀਂ ਹੁੰਦਾ ਜਿਤਨਾ ਕਿ ਗੁਆਂਢੀ ਦੇ ਸੁੱਖ ਤੋਂ ਦੁੱਖੀ ਹੁੰਦਾ ਹੈ। ਇਹ ਬਿਰਤੀ ਕੇਵਲ ਲੇਖਕ ਵਰਗ ਵਿੱਚ ਹੀ ਨਹੀਂ ਬਲਕਿ ਪੱਤਰਕਾਰਤਾ, ਅਧਿਆਪਨ ਖੇਤਰ, ਕਾਨੂੰਨ, ਧਰਮ, ਫਿ਼ਲਮ, ਵਪਾਰ, ਉਦਯੋਗ, ਕਲਾ, ਰਾਜਨੀਤੀ ਅਤੇ ਖੇਡ ਆਦਿ ਹਰੇਕ ਖੇਤਰ ਵਿੱਚ ਹੈ।

ਇਹ ਬਿਰਤੀ ਜਿੱਥੇ ਇਨਸਾਨਾਂ ਵਿੱਚ ਹੁੰਦੀ ਹੈ ਉੱਥੇ ਪਸ਼ੂਆਂ ਵਿੱਚ ਵੀ ਇਹ ਬਿਰਤੀ ਪਾਈ ਜਾਂਦੀ ਹੈ। ਇੱਕ ਸ਼ੇਰ ਜਿਹੜਾ ਕਈ ਸਾਲਾਂ ਤੋਂ ਜੰਗਲ ਵਿੱਚ ਸਿ਼ਕਾਰ ਕਰ ਰਿਹਾ ਹੁੰਦਾ ਹੈ ਜੇ ਕੋਈ ਨਵਾਂ ਜੰਮਿਆਂ ਸ਼ੇਰ ਦਾ ਬੱਚਾ ਉਸ ਦੇ ਇਲਾਕੇ ਵਿੱਚ ਸਿ਼ਕਾਰ ਕਰਨ ਆਉਂਦਾ ਹੈ ਤਾਂ ਉਸ ਪੁਰਾਣੇ ਸ਼ੇਰ ਨੂੰ ਬੜਾ ਬੁਰਾ ਲੱਗਦਾ ਹੈ ਤੇ ਕਈ ਵਾਰ ਲੜਾਈ ਵੀ ਹੋ ਜਾਂਦੀ ਹੈ।

ਇਸ ਜਗ੍ਹਾ ਤੇ ਡਾ: ਮਸਰੂਰ ਹੁਰਾਂ ਨੇ ਰੁੱਖਾਂ ਦੇ ਪੱਤਿਆਂ ਦੇ ਮਾਧਿਅਮ ਦੁਆਰਾ ਮਨੁੱਖੀ ਮਨ ਦੇ ਇਸ ਵਿਚਾਰ ਨੂੰ ਬਹੁਤ ਹੀ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਕਿ ਕਿਸ ਤਰ੍ਹਾਂ ਝੱੜ ਰਹੇ ਪੱਤਿਆਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਕਿ ਇਹ ਨਵਾਂ ਪੱਤਾ ਨਿਕਲਦਿਆਂ ਹੀ ਸਾਥੋਂ ਉੱਪਰ ਕਿਵੇਂ ਚਲਾ ਗਿਆ ਹੈ?

ਪਰ ਇਸ ਬਿਰਤੀ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਮਨੁੱਖੀ ਮਨ ਦੀ ਇੱਕ ਅਜਿਹੀ ਅਵਸਥਾ ਹੈ ਜੋ ਜਨਮ ਤੋਂ ਲੈ ਕੇ ਮਰਨ ਤੱਕ ਮਨੁੱਖ ਨਾਲ ਸਹਿਜੇ ਹੀ ਚੱਲਦੀ ਹੈ। ਕਹਿੰਦੇ ਨੇ ਕਿ ਇੱਕ ਆਦਮੀ ਨੂੰ ਰਸਤੇ ਵਿੱਚ ਜਾਂਦਿਆਂ ਰੱਬ ਮਿਲਿਆ ਤੇ ਕਹਿਣ ਲੱਗਾ, “ਮੰਗ ਬੱਚਾ ਜੋ ਕੁੱਝ ਤੂੰ ਮੰਗਣਾ ਹੈ, ਅੱਜ ਤੈਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ।”

ਉਹ ਆਦਮੀ ਬੜਾ ਖੁਸ਼ ਹੋਇਆ ਕਿ ਅੱਜ ਤੇ ਮੇਰੀ ਕਿਸਮਤ ਹੀ ਖੁੱਲ ਗਈ ਹੈ। ਰੱਬ ਆਪ ਹੀ ਮਿਲ ਪਿਆ ਹੈ। ਉਹ ਅਜੇ ਮੰਗਣ ਹੀ ਲੱਗਾ ਸੀ ਕਿ ਰੱਬ ਅਚਾਨਕ ਫਿਰ ਬੋਲਿਆ, “ਇੱਕ ਗੱਲ ਯਾਦ ਰੱਖੀਂ ਕਿ ਤੂੰ ਜੋ ਵੀ ਚੀਜ ਮੰਗ ਕੇ ਲਵੇਂਗਾ ਤੇਰੇ ਗੁਆਂਢੀ ਨੂੰ ਉਹ ਦੁਗਣੀ ਹੋ ਕੇ ਮਿਲੇਗੀ, ਜਿਵੇਂ ਤੂੰ ਇੱਕ ਸੋਨੇ ਦਾ ਹਾਰ ਲਵੇਂਗਾ ਤੇ ਤੇਰਾ ਗੁਆਂਢੀ ਨੂੰ ਦੋ ਸੋਨੇ ਦੇ ਹਾਰ ਮਿਲਣਗੇ।”

ਉਸ ਆਦਮੀ ਦੀ ਖੁਸ਼ੀ ਅਚਾਨਕ ਗਾਇਬ ਹੋ ਗਈ। ਉਸ ਨੇ ਸੋਚਿਆ ਕਿ ਇਸ ਤਰ੍ਹਾਂ ਤੇ ਮੇਰਾ ਗੁਆਂਢੀ ਮੇਰੇ ਨਾਲੋਂ ਜਿਆਦਾ ਅਮੀਰ ਹੋ ਜਾਏਗਾ ਤੇ ਕਾਫੀ ਸੋਚ ਵਿਚਾਰ ਕੇ ਉਸ ਨੇ ਰੱਬ ਤੋਂ ਮੰਗਿਆ, “ਮਹਾਰਾਜ ਮੈਨੂੰ ਇੱਕ ਅੱਖ ਤੋਂ ਕਾਣ੍ਹਾਂ ਕਰ ਦਿਓ ਤੇ ਮੇਰੇ ਘਰ ਅੱਗੇ ਇੱਕ ਖੂਹ ਬਣਵਾ ਦਿਓ। ਮੈਂ ਤਾਂ ਕਾਣ੍ਹਾਂ ਹੋ ਕੇ ਘਰ ਸਾਹਮਣੇ ਬਣੇ ਖੂਹ ਤੋਂ ਬੱਚ ਕੇ ਆਰਾਮ ਨਾਲ ਬਾਹਰ ਨਿਕਲ ਜਾਇਆ ਕਰਾਂਗਾ ਪਰ ਗੁਆਂਢੀ ਅੰਨਾ ਹੋ ਕੇ ਕਦੇ ਨਾ ਕਦੇ ਤਾਂ ਖੂਹ ਵਿੱਚ ਡਿੱਗ ਕੇ ਮਰੇਗਾ।”

ਸੋ ਅਜੋਕੇ ਸਮੇਂ ਪੰਜਾਬੀ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਝੱੜ ਰਹੇ ਪੱਤਿਆਂ (ਲਿਖਾਰੀਆਂ) ਦੀ ਉਸ ਵਿਅਕਤੀ ਵਾਲੀ ਬਿਰਤੀ ਬਣੀ ਹੋਈ ਹੈ ਕਿ ਅਸੀਂ ਭਾਵੇਂ ਭੁੱਖੇ ਮਰ ਜਾਈਏ ਪਰ ਇਹ ਨਵਾਂ ਪੱਤਾ ਕਿਉਂ ਢਿੱਡ ਭਰ ਕੇ ਰੋਟੀ ਖਾ ਰਿਹਾ ਹੈ? ਅੱਲਾ ਮਿਹਰ ਕਰੇ…, ਇਹ ਪੁਰਾਣੇ ਝੱੜ ਰਹੇ ਪੱਤੇ ਆਪਣੇ ਜੀਵਨ ਦੇ ਅਨੁਭਵ ਨਵੇਂ ਪੱਤਿਆਂ ਨਾਲ ਸਾਂਝੇ ਕਰਨ ਤੇ ਇਹਨਾਂ ਨਵੇਂ ਪੱਤਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦੇ ਸਮਰੱਥ ਬਣਾ ਦੇਣ ਤਾਂ ਕਿ ਪੰਜਾਬੀ ਦੇ ਮਿੱਠੇ ਬੋਲ ਹਮੇਸ਼ਾ ਲਈ ਫਿਜ਼ਾ ਵਿੱਚ ਗੂੰਜਦੇ ਰਹਿਣ। ਇਹੀ ਅਰਦਾਸ ਹੈ ਮੇਰੀ…।

ਨਿਸ਼ਾਨ ਸਿੰਘ ‘ਕੁਰੂਕਸ਼ੇਤਰ’
ਈਮੇਲ :nishanrathaur@gmail.com

No comments:

Post a Comment