ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, March 22, 2010

ਭਗਤ ਸਿੰਘ ,ਪੱਤਰਕਾਰੀ ਤੇ ਬਦਲਵਾਂ ਮੀਡੀਆ

ਪ੍ਰੋਫੈਸਰ ਚਮਨ ਲਾਲ ਭਾਰਤ ਦੀ ਮਸ਼ਹੂਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ,ਦਿੱਲੀ ‘ਚ ਸਕੂਲ਼ ਆਫ ਇੰਡੀਅਨ ਲੈਂਗੂਅਜ਼ ਕੇਂਦਰ ਦੇ ਚੇਅਰਪਰਸਨ ਹਨ।ਜੈ.ਐੱਨ.ਯੂ ਦੀ ਟੀਚਰ ਯੂਨੀਅਨ ਦੇ ਪ੍ਰਧਾਨ ਵੀ ਰਹੇ।“ਭਗਤ ਸਿੰਘ ਦੇ ਸੰਪੂਰਨ ਦਸਤਾਵੇਜ਼” ਦੇ ਸੰਪਾਦਕ।ਭਗਤ ਸਿੰਘ ਦੇ ਜੀਵਨ ਨਾਲ ਜੁੜੇ ਹਰ ਪਹਿਲੂ ‘ਤੇ ਲਗਤਾਰ ਖੋਜ ਕਰ ਰਹੇ ਹਨ।ਭਗਤ ਸਿੰਘ ਦੇ ਜ਼ਰੀਏ ਜਿਸ ਤਰ੍ਹਾਂ ਉਹਨਾਂ ਨੇ ਪੱਤਰਕਾਰੀ ਤੇ ਬਦਲਵੇਂ ਮੀਡੀਏ ਦੀ ਗੱਲ ਕੀਤੀ,ਉਹ ਨਵੀਂ ਪੀੜੀ ਉਤਸ਼ਾਹਿਤ ਤੇ ਉਸ ਅੰਦਰ ਜੋਸ਼ ਭਰਦੀ ਹੈ।ਅੱਜ ਜਦੋਂ ਬਲੌਗਿੰਗ ਵਰਗੇ ਸਾਧਨ ਹਨ ਤਾਂ ਲੋੜ ਸਿਰਫ ਇਕ ਸਿਆਸੀ/ਚੰਗੇ ਨਜ਼ਰੀਏ ਨਾਲ ਲੈੱਸ ਹੋਣ ਦੀ ਹੈ।ਜਿਸਦੇ ਰਾਹੀਂ ਅਸੀਂ ਭਗਤ ਸਿੰਘ ਵਰਗੇ ਲੋਕਾਂ ਦੇ ਵਿਚਾਰਾਂ ਨੂੰ ਜਨਤਾ ਤੱਕ ਲਿਜਾਈਏ।ਸ਼ਾਇਦ …ਸਮੁੰਦਰ ਇਹਨਾਂ ਨਿੱਕੀਆਂ ਨਿੱਕੀਆਂ ਬੂੰਦਾਂ ਨੂੰ ਹੀ ਉਡੀਕ ਰਿਹਾ ਹੋਵੇ।--ਯਾਦਵਿੰਦਰ ਕਰਫਿਊ

ਇਕ ਕ੍ਰਾਂਤੀਕਾਰੀ ਸਿਆਸੀ ਕਾਮੇ ਦੇ ਲਈ ਪੱਤਰਕਾਰੀ ਦਾ ਤਜ਼ਰਬਾ ਕਿੰਨਾ ਕਾਰਗਰ ਸਿੱਧ ਹੋ ਸਕਦਾ ਹੈ,ਭਗਤ ਸਿੰਘ ਨੂੰ ਵੇਖਕੇ ਇਸਨੂੰ ਜਾਣਿਆ ਜਾ ਸਕਦਾ ਹੈ।ਪੱਤਰਕਾਰੀ ਦੇ ਪੇਸ਼ੇ ਦਾ ਇਕ ਸਕਰਾਤਮਿਕ ਪੱਖ ਇਹ ਹੈ ਕਿ ਉਸਦੇ ਜ਼ਰੀਏ ਆਮ ਲੋਕਾਂ ਨਾਲ ਵੱਡੇ ਪੈਮਾਨੇ ‘ਤੇ ਸੂਚਨਾ ਤੇ ਸੰਵਾਦ ਦੇ ਪੱਧਰ ‘ਤੇ ਜੁੜਨ ਦੀ ਸੰਭਾਵਨਾ ਰਹਿੰਦੀ ਹੈ।

17 ਸਾਲ ਦੀ ਉਮਰ ‘ਚ ਜਦੋਂ ਕ੍ਰਾਂਤੀਕਾਰੀ ਲਹਿਰ ਨੂੰ ਜੀਵਨ ਸਮਰਪਿਤ ਕਰਕੇ ਭਗਤ ਸਿੰਘ ਘਰੋਂ ਨਿਕਲੇ ਤਾਂ ਜੈ ਚੰਦਰ ਵਿਦਿਅਲੰਕਰ ਦਾ ਪੱਤਰ ਲੈ ਕੇ ਸਿੱਧਾ “ਪ੍ਰਤਾਪ” ਦੇ ਸੰਪਾਦਕ ਗਣੇਸ਼ ਵਿਦਿਆਰਥੀ ਨੂੰ ਮਿਲਿਆ।ਵਿਦਿਆਰਥੀ ਜੀ ਨੇ ਭਗਤ ਸਿੰਘ ਨੂੰ “ਪ੍ਰਤਾਪ” ਦੇ ਸੰਪਾਦਕੀ ਵਿਭਾਗ ‘ਚ ਕੰਮ ਦੇ ਦਿੱਤਾ।ਇਥੋਂ ਉਹਨਾਂ “ਬਲਵੰਤ” ਦੇ ਨਾਲ ਲਿਖਣਾ ਸ਼ੁਰੂ ਕੀਤਾ।ਫਿਰ ਲਹਿਰ ਦੀਆਂ ਜ਼ਰੂਰਤਾਂ ਲਈ “ਬਲਵੰਤ” ਨਾਂਅ ਨਾਲ ਹੀ 1925 ‘ਚ ਦਿੱਲੀ ਦੇ “ਦੈਨਿਕ ਅਰਜੁਨ” ਅਖ਼ਬਾਰ ਦੇ ਸੰਪਾਦਕੀ ਵਿਭਾਗ ‘ਚ ਕੰਮ ਕੀਤਾ।ਉਹਨਾਂ ਦੇ ਅਧਿਐੱਨ ਤੇ ਲਗਨ ਦੀ ਚਰਚਾ,ਉਹਨਾਂ ਦੇ ਹਰ ਸਾਥੀ ਨੇ ਕੀਤੀ ਹੈ।ਇਹਨਾਂ ਕਿਤਾਬਾਂ ‘ਚ ਸਾਹਿਤ ਵੀ ਸੀ,ਰਾਜਨੀਤੀ ਤੇ ਇਤਿਹਾਸ ਵੀ।1928 ‘ਚ ਉਹਨਾਂ ਨੇ ਸੋਹਣ ਸਿੰਘ ਜੋਸ਼ ਦੀ ਰਹਿਨੁਮਾਈ ‘ਚ ਨਿਕਲਣ ਵਾਲੀ ਪੱਤ੍ਰਕਿਾ “ਕਿਰਤੀ” ‘ਚ ਵੀ ਕੰਮ ਕੀਤਾ।“ਫਿਰਕਾਪ੍ਰਸਤ ਦੰਗੇ ਤੇ ਉਹਨਾਂ ਦਾ ਇਲਾਜ”,ਧਰਮ ਤੇ ਅਜ਼ਾਦੀ ਸੰਗਰਾਮ,“ਅਛੂਤ ਸਮੱਸਿਆ” ਜਿਹੇ ਮਹੱਤਵਪੂਰਨ ਲੇਖ ਉਹਨਾਂ ਨੇ ਉਸੇ ਸਾਲ ਕਿਰਤੀ ‘ਚ ਲਿਖੇ ਸਨ।“ਚਾਂਦ” ਦੇ ਨਵੰਬਰ 1928 ਦੇ “ਫਾਂਸੀ ਅੰਕ” ‘ਚ ਕ੍ਰਾਂਤੀਕਾਰੀਆਂ ਦੇ 37 ਰੇਖਾ ਚਿੱਤਰ ਉਹਨਾਂ ਨੇ ਲਿਖੇ।ਉਹਨਾਂ ਨੂੰ ਹਿੰਦੀ ,ਉਰਦੂ ਤੇ ਪੰਜਾਬੀ –ਤਿੰਨਾਂ ਜ਼ੁਬਾਨਾਂ ‘ਚ ਲ਼ਿਖਣ ਦੀ ਮੁਹਾਰਤ ਹਾਸਿਲ ਸੀ।

ਭਗਤ ਸਿੰਘ ਪੱਤਰਕਾਰੀ ਦੇ ਮਹੱਤਵ ਨੂੰ ਬਹੁਤ ਚੰਗੇ ਢੰਗ ਨਾਲ ਸਮਝਦੇ ਸੀ।ਇਸਨੂੰ ਬੰਬ ਧਮਾਕੇ ਦੇ ਸੰਦਰਭ ‘ਚ ਵੀ ਵੇਖਿਆ ਜਾ ਸਕਦਾ ਹੈ।ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਆਪਣੇ ਤੇ ਬੁਟਕੇਸ਼ਵਰ ਦੱਤ ਦੇ ਦਿੱਲੀ ਦੇ ਕਸ਼ਮੀਰੀ ਗੇਟ ਵਿਖੇ ਰਾਮਨਾਥ ਫੋਟੋਗ੍ਰਾਫਰ ਦੀ ਦੁਕਾਨ ਤੇ ਫੋਟੋ ਖਿਚਵਾਏ।ਉਹਨਾਂ ਨੇ ਅਸੈਂਬਲੀ ‘ਚ ਬੰਬ ਧਮਾਕੇ ਦੇ ਨਾਲ ਭੇਜੇ ਗਏ ਪਰਚੇ ਨੂੰ ਪਹਿਲਾਂ ਹੀ ਪ੍ਰੈਸ ਬਿਆਨ ਦੇ ਰੂਪ ‘ਚ ਟਾਈਪ ਕਰਾ ਲਿਆ ਸੀ।“ਹਿੰਦੋਸਤਾਨ ਟਾਈਮਜ਼” ਦੇ ਪੱਤਰਕਾਰ ਚਮਨ ਲਾਲ ਨੇ ਉਸੇ ਸ਼ਾਮ ਭਗਤ ਸਿੰਘ ਤੇ ਦੱਤ ਦੀ ਫੋਟੋ ਦੇ ਨਾਲ ਵਿਸ਼ੇਸ਼ ਅੰਕ ਦੇ ਰੂਪ ‘ਚ ਪੂਰਾ ਬਿਆਨ ਛਾਪਿਆ।“ਨੌਜਵਾਨ ਭਾਰਤ ਸਭਾ” ਨਾਲ ਜੁੜੇ ਰਹੇ “ਸਟੇਟਸ ਮੈੱਨ” ਦੇ ਪੱਤਰਕਾਰ ਦੁਰਗਾਦਾਸ ਖੰਨਾ ਨੇ ਉਸੇ ਬਿਆਨ ਨੂੰ ਕਲਕੱਤਾ ਨਾ ਭੇਜਕੇ ਲੰਦਨ ਭੇਜ ਦਿੱਤਾ,ਜਿਸਦੇ ਚਲਦਿਆਂ ਨਾ ਸਿਰਫ ਭਾਰਤ ਬਲਕਿ ਬਹੁਤ ਸਾਰੇ ਦੇਸ਼ਾ ‘ਚ ਅਸੈਂਬਲੀ ਬੰਬ ਧਮਾਕੇ ਦੀ ਖ਼ਬਰ ਛਪੀ ਸੀ।ਬਾਅਦ ‘ਚ ਭੁੱਖ ਹੜਤਾਲ ਤੇ ਅਦਾਲਤੀ ਬਿਆਨਾਂ ਦੇ ਜ਼ਰੀਏ ਵੀ ਉਹਨਾਂ ਨੇ ਪੱਤਰਕਾਰੀ ਦੇ ਸਾਧਨ ਦੀ ਜ਼ਬਰਦਸਤ ਵਰਤੋਂ ਕੀਤੀ।

ਅੱਜ ਮੀਡੀਆ ‘ਤੇ ਸੰਪਾਦਕ ਦੀ ਬਜਾਏ ਮੈਨੇਜਮੈਂਟ ਹਾਵੀ ਹੈ।ਮੀਡੀਆ ਦੇ ਜ਼ਰੀਏ ਅੱਜ ਨਵ ਉਦਾਰਵਾਦੀ ਤੇ ਨਵ ਬਸਤੀਵਾਦੀ ਮਾਈਂਡਸੈਟ ਬਣਾਇਆ ਜਾ ਰਿਹਾ ਹੈ।ਵਿਵਸਥਾ ਨੂੰ ਲੋਕਪੱਖੀ ਪੱਤਰਕਾਰੀ ਦੀ ਕੋਈ ਜ਼ਰੂਰਤ ਨਹੀਂ ਹੈ।ਅੱਜ ਬਦਲਵੇਂ ਮੀਡੀਆ ਨੂੰ ਤਾਕਤਵਰ ਬਣਾਉਣ ਦੀ ਬੇਹੱਦ ਜ਼ਰੁਰਤ ਹੈ।ਸ਼ਾਇਦ ਮੌਜੂਦਾ ਦੌਰ ‘ਚ ਬਦਲਵੇਂ ਮੀਡੀਆ ਦੀ ਗਿਣਤੀ ਬਹੁਤ ਘੱਟ ਹੈ ਪਰ ਬਦਲਵੇਂ ਮੀਡੀਆ ਦੀ ਆਪਣੀ ਸਮਝ ਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ।ਅੱਜ ਮੰਥਲੀ ਰੀਵਿਊ ਦੀ ਪੂਰੀ ਦੁਨੀਆਂ ‘ਚ ਬੇਹੱਦ ਇੱਜ਼ਤ ਹੈ।ਦੇਸ਼ ‘ਚ ਜੋ ਬਦਲਵੀਂ ਪੱਤਰਕਾਰੀ ਹੋ ਰਹੀ ਹੈ,ਉਸਦਾ ਆਪਣਾ ਮਹੱਤਵ ਹੈ।ਚਾਹੇ ਅੱਜ ਦੀ ਲੋਕਪੱਖੀ ਪੱਤਰਕਾਰੀ ਨੂੰ ਪਹਾੜ ਨਾਲ ਟਕਰਾਉਣਾ ਪੈ ਰਿਹਾ ਹੈ ਪਰ ਉਸ ਕੋਲ ਆਤਮਚਿੰਤਨ ਦਾ ਵਕਤ ਨਹੀਂ ਹੈ।ਉਸਨੂੰ ਭਗਤ ਸਿੰਘ ਤੇ ਉਸ ਦੌਰ ਦੇ ਅਖ਼ਬਾਰਾਂ ਤੋਂ ਸਿੱਖਣਾ ਚਾਹੀਦਾ ਹੈ।ਲੋਕ ਲਹਿਰਾਂ ਦੀ ਚਿਣਗ ਪੈਦਾ ਕਰਨ ‘ਚ ਅਜਿਹੀਆਂ ਪੱਤਰਕਾਵਾਂ ਆਪਣਾ ਵੱਡਾ ਰੋਲ ਅਦਾ ਕਰਦੀਆਂ ਹਨ।ਇਸਦੇ ਲਈ ਲੋਕ ਭਾਸ਼ਾ ਤੇ ਲੋਕ ਮਹਾਵਰ੍ਹਿਆਂ ਨਾਲ ਜੁੜਨਾ ਤੇ ਜਨਤਾ ਦੀ ਨਬਜ਼ ਨੂੰ ਸਮਝਣਾ ਜ਼ਰੂਰੀ ਹੈ।ਅਜ਼ਾਦੀ ਦੀ ਲਹਿਰ ਦੌਰਾਨ ਜੋ ਛੋਟੀਆਂ ਛੋਟੀਆਂ ਅਖ਼ਬਾਰਾਂ ਸੀ,ਅੱਜ ਦੇ ਮੁਕਾਬਲੇ ਉਹਨਾਂ ਦੇ ਕਈ ਗੁਣਾ ਜ਼ਿਆਦਾ ਪਾਠਕ ਸੀ।ਮੈਨੂੰ ਲਗਦਾ ਹੈ ਕਿ ਜੇ ਭਗਤ ਸਿੰਘ ਦਾ ਕਿੱਤਾਕਾਰੀ ਖੇਤਰ ਪੱਤਰਕਾਰੀ ਹੁੰਦਾ ਤਾਂ ਇਸ ‘ਚ ਵੀ ਉਹਨਾਂ ਦੀ ਬੇਹੱਦ ਬੌਧਿਕ ਤੇ ਈਮੇਜ਼ਨੇਟਿਵ ਸ਼ਖਸ਼ੀਅਤ ਹੋਣੀ ਸੀ।ਉਹ ਆਪਣੀ ਅਖ਼ਬਾਰ ਨੂੰ ਕੁਝ ਹੀ ਮਹੀਨਿਆਂ ‘ਚ ਏਨਾ ਚੰਦਾ ਬਣਾ ਦਿੰਦੇ ਕਿ ਲੋਕ ਇੰਤਜ਼ਾਰ ਕਰਦੇ ਕਿ ਅਗਲੇ ਅੰਕ ‘ਚ ਕੀ ਆਵੇਗਾ।ਉਹ ਪਾਠਕਾਂ ਦੀ ਦਿਲਚਸਪੀ ਬਣਾ ਪਾਉਂਦੇ।ਡੂੰਘੇ ਤੇ ਗੰਭ੍ਰੀ ਵਿਸ਼ਿਆਂ ਨੂੰ ਵੀ ਚੰਗੇ ਤਰੀਕੇ ਨਾਲ ਪੇਸ਼ ਕਰਦੇ।ਭਗਤ ਸਿੰਘ ਦੇ ਅੰਦਰ ਆਤਮਵਿਸ਼ਵਾਸ਼ ਕੁੱਟ ਕੁੱਟਕੇ ਭਰਿਆ ਹੋਇਆ ਸੀ।ਵਿਚਾਰਾਂ ਦੇ ਪ੍ਰਤੀ ਜੇ ਕਿਸੇ ਦੀ ਖਿੱਚ ਹੋਵੇ,ਤਾਂ ਹੀ ਲੇਖਣੀ ਦੇ ਪ੍ਰਤੀ ਅਜਿਹੀ ਤਾਕਤ ਪੈਦਾ ਹੁੰਦੀ ਹੈ।ਤਾਂਹੀਓ ਤਾਂ ਉਹ ਜੇਲ੍ਹ ‘ਚ ਵੀ “ ਮੈਂ ਨਾਸਤਿਕ ਕਿਉਂ ਹਾਂ”,”ਡਰੀਮਲੈਂਡ ਦੀ ਭੂਮਿਕਾ” ,ਤੇ ਨੌਜਵਾਨ ਸਿਆਸੀ ਵਰਕਰਾਂ ਦੇ ਨਾਂਅ ਅਪੀਲ”, ਜਿਹੇ ਇਤਿਹਾਸਿਕ ਦਸਤਾਵੇਜ਼ਾਂ ਦੀ ਰਚਨਾ ਕਰ ਪਾ ਰਿਹਾ ਸੀ।ਉਹਨਾਂ ਨੇ ਆਪਣੇ ਦੌਰ ‘ਚ ਭਾਰਤੀ ਸਮਾਜ ਤੇ ਸੱਭਿਆਚਾਰ ਦੇ ਜਿਨ੍ਹਾਂ ਬੁਨਿਆਦੀ ਸਵਾਲਾਂ ਨੂੰ ਉਠਾਇਆ,ਉਹ ਉਸ ਸਮੇਂ ਦੀ ਸਿਆਸੀ ਜ਼ਰੂਰਤ ਤਾਂ ਸਨ ਹੀ,ਪਰ ਉਹ ਅੱਜ ਵੀ ਓਨੇ ਹੀ ਪ੍ਰਸੰਗਿਕ ਹਨ।ਇਕ ਲੋਕਪੱਖੀ ਤੇ ਸਿਆਸੀ ਪੱਤਰਕਾਰ ਦਾ ਨਜ਼ਰੀਆ ਅਜਿਹਾ ਹੀ ਹੋਣਾ ਚਾਹੀਦਾ ਹੈ।ਭਗਤ ਸਿੰਘ ਦੀ ਸ਼ਹਾਦਤ ਨੇ ਇਸ ਦੇਸ਼ ਦੀ ਪੱਤਰਕਾਰੀ ਨੂੰ ਨਵਾਂ ਵੇਗ ਪ੍ਰਦਾਨ ਕੀਤਾ।“ਭਵਿੱਖ” ਤੇ ਅੱਭਯੂਦਿਯ” ਦੇ ਉਹਨਾਂ ‘ਤੇ ਕੇਂਦਰਿਤ ਅੰਕਾਂ ਨੂੰ ਸਰਕਾਰ ਨੇ ਜ਼ਬਤ ਕਰ ਲਿਆ।ਭਗਤ ਸਿੰਘ ਦੇ ਮਕੱਦਮੇ ਹੀ ਅਖ਼ਬਾਰਾਂ ਦੀ ਰਿਪੋਰਟਿੰਗ ਤੇ ਛਪੀ ਕਿਤਾਬ ‘ਤੇ ਪਾਬੰਦੀ ਲੱਗ ਗਈ ਸੀ।ਹਿੰਦੀ ‘ਚ 54,ਮਰਾਠੀ ‘ਚ 4,ਤਾਮਿਲ ‘ਚ 19,ਅੰਗਰੇਜ਼ੀ ‘ਚ 9,ਪੰਜਾਬੀ ‘ਚ 7,ਬੰਗਲਾ,ਸਿੰਧੀ,ਗੁਜਰਾਤੀ ‘ਚ 2-2 ਤੇ ਕੰਨੜ ਤੇ ਤੇਲਗੂ ‘ਚ 1-1 ਅਜਿਹੇ ਪ੍ਰਕਾਸ਼ਨ 1930 ਤੋਂ 1946 ਦੇ ਵਿਚਕਾਰ ਜ਼ਬਤ ਕੀਤੇ ਗਏ।

ਪ੍ਰੋਫੈਸਰ ਚਮਨ ਲਾਲ

3 comments:

 1. Remembering Bhagat Singh, Rajguru, Sukhdev and Paash on the martyrdom day today

  ReplyDelete
 2. दोस्तों अब अमेरिका को बुरा भला
  कहना छोड़ कर अपने देश के कर्णधारो को कहो की उन से कुझ सीखें.
  येह जनता को बाज़ार के रहमो कर्म पर छोड़ रहे हैं ,
  वो अब भी जनता का हित सोचते हैं .
  वह छद्म अवर्ण दूसरों के लिए ओढ़ते हैं .अपनों के लिए नहीं .
  हाँ के शासक भेड़ों को भेडियो के रहम ओ कर्म पर छोड़ रहे हैं ...

  deep zirvi

  ReplyDelete
 3. I don't know why this stooge (Chaman Lal) of establishment is always selling Bhagat Singh. Basically he is running his entire business on the name of Bhagat Singh.

  ReplyDelete