ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, March 4, 2010

ਪੰਜਾਬੀ ਅਲੋਚਕ ਡਾ.ਟੀ.ਆਰ. ਵਿਨੋਦ ਨਾਲ ਅੰਤਿਮ ਮੁਲਾਕਾਤ


ਉੱਘੇ ਮਾਰਕਸੀ ਅਲੋਚਕ ਡਾ.ਟੀ.ਆਰ. ਵਿਨੋਦ ਸਦਾ ਲਈ ਅਲਵਿਦਾ ਕਹਿ ਗਏ। ਜਮਾਤੀ ਨਜ਼ਰੀਏ ਤੋਂ ਪੰਜਾਬੀ ਅਲੋਚਨਾ ਵਿੱਚ ਨਵੀਆਂ ਪਿਰਤਾਂ ਪਾਉਂਣ ਵਾਲੇ ਡਾ ਵਿਨੋਦ ਨਾਲ ਕੁਝ ਸਮਾਂ ਪਹਿਲਾ ਇੱਕ ਮੁਲਾਕਾਤ ਕੀਤੀ, ਇਹ ਮੁਲਾਕਾਤ ਅੰਤਿਮ ਸਾਬਤ ਹੋਈ ਜੋ ਕਿਸੇ ਕਾਰਣ ਅਖ਼ਬਾਰਾਂ ਵਿੱਚ ਛੱਪ ਨਾ ਸਕੀ। ਉਨ੍ਹਾਂ ਦੀ ਯਾਦ ’ਚ ਇਸ ਮੁਲਕਾਤ ਨੂੰ ਪਾਠਕਾਂ ਦੇ ਰੂ ਬ ਰੂ ਕੀਤਾ ਜਾ ਰਿਹਾ ਹੈ। ਡਾ ਵਿਨੋਦ ਦੀ ਖਾਸੀਅਤ ਇਹ ਵੀ ਰਹੀ ਕਿ ਭਾਵੇਂ ਉਹ ਉਮਰ ਦੇ ਹਿਸਾਬ ਨਾਲ ਬੁੱਢੇ ਹੋ ਗਏ ਸਨ, ਪ੍ਰੰਤੂ ਆਖਰ ਤੱਕ ਉਨ੍ਹਾਂ ਦੇ ਵਿਚਾਰ ਸਮੇਂ ਦੇ ਹਾਣ ਦੇ ਰਹੇ। ਉਨ੍ਹਾਂ ਨੇ ਇਸ ਮੁਲਾਕਾਤ ਵਿੱਚ ਇਮਾਨਦਾਰੀ ਨਾਲ ਕਬੂਲ ਕੀਤੀ ਕਿ ਉਹ ਚਾਹੁੰਦੇ ਹੋਏ ਵੀ ਆਪਣੀ ਕਮਜ਼ੋਰੀ ਕਾਰਣ ਸਮਾਜਿਕ ਤਬਦੀਲੀ ਵਾਲੀਆਂ ਲਹਿਰਾਂ ਵਿੱਚ ਅਮਲੀ ਤੌਰ ’ਤੇ ਯੋਗਦਾਨ ਨਾ ਪਾ ਸਕੇ। ਇਉਂ ਉਹ ਮਾਰਕਸਵਾਦੀ ਪੰਜਾਬੀ ਅਲੋਚਕਾਂ ਵਿੱਚੋਂ ਪਹਿਲੇ ਅਜਿਹੇ ਵਿਦਵਾਨ ਸਨ, ਜੋ ਆਪਣੀਆਂ ਸਮੱਰਥਾਵਾਂ, ਸੀਮਾਵਾਂ ਜਾਨਣ ਦੇ ਨਾਲ ਨਾਲ ਦੂਜੇ ਅਲੋਚਕਾਂ ਨੂੰ ਵੀ ਉਨ੍ਹਾਂ ਦੀਆਂ ਸਮਰੱਥਾਵਾਂ, ਸੀਮਾਵਾਂ ਤੋਂ ਜਾਣੂ ਕਰਵਾਉਣ ਦੀ ਵਿਸ਼ੇਸਤਾ ਰੱਖਦੇ ਸਨ। ਸਾਦਗੀ, ਨਿਮਰਤਾ ਅਤੇ ਪਾਰਦਰਸ਼ਤਾ ਉਸ ਸਖ਼ਸੀਅਤ ਦੇ ਵਿਸ਼ੇਸ ਗੁਣ ਸਨ। ਡਾ ਵਿਨੋਦ ਵੱਲੋਂ ਅਲੋਚਨਾ ਦਾ ਕਾਰਜ 1954 ਈ ਤੋਂ ਆਰੰਭ ਕੀਤੀ ਗਿਆ ਜੋ ਅਖੀਰ ਤੱਕ ਜਾਰੀ ਰਿਹਾ। ਉਨ੍ਹਾਂ ਦੁਆਰਾ ਰਚਿਤ ਰਚਨਾਵਾਂ ਕਹਾਣੀਕਾਰ ਸੁਜਾਨ ਸਿੰਘ 1962, ਕਹਾਣੀਕਾਰ ਕੁਲਵੰਤ ਸਿੰਘ ਵਿਰਕ 1965, ਪੰਜ ਨਾਵਲ 1984, ਪੰਜਾਬੀ ਕਹਾਣੀ ਅਧਿਐਨ 1988, ਪੰਜਾਬੀ ਨਾਵਲ ਦਾ ਸੰਸਕ੍ਰਿਤਕ ਅਧਿਐਨ 1990, ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ 1991, ਕੁਲਵੰਤ ਵਿਰਕ ਜੀਵਨ ਤੇ ਰਚਨਾਵਾਂ 1993, ਸਾਹਿਤ ਅਤੇ ਅਲੋਚਨਾ 1997, ਆਓ ਨਾਵਲ ਪੜ•ੀਏ 1999 ਸ਼ਾਮਲ ਹਨ। ਡਾ ਵਿਨੋਦ ਨੇ ਆਧਿਆਪਨ ਦੀ ਸ਼ੁਰੂਆਤ ਪਹਿਲਾ ਸਕੂਲ ਆਧਿਆਪਕ ਤੋਂ ਕੀਤੀ, ਫਿਰ ਕਾਲਜ ਆਧਿਆਪਕ, ਫਿਰ ਪੰਜਾਬੀ ਦੇ ਪ੍ਰੋਫ਼ੈਸਰ ਬਣੇ ਅਤੇ ਉਹ ਅਖੀਰ ਪੰਜਾਬੀ ਯੂਨੀਵਰਸਿਟੀ ਰਿਜ਼ਨਲ ਸੈਂਟਰ ਬਠਿੰਡਾ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।


ਬਲਜਿੰਦਰ : ਡਾ. ਸਾਹਿਬ ਤੁਹਾਡੀ ਜ਼ਿੰਦਗੀ ਦੀ ਕਿਹੜੀ ਅਜਿਹੀ ਘਟਨਾ ਸੀ, ਜਿਸ ਤੋਂ ਤੁਸੀਂ ਮਾਰਕਸਵਾਦ ਵੱਲ ਪਰਤੇ?

ਡਾ. ਵਿਨੋਦ : ਸੁਰੂ ਸੁਰੂ ਵਿੱਚ ਮੇਰੀ ਸੋਚਣੀ ਵੀ ਆਮ ਲੋਕਾਂ ਦੀ ਤਰ•ਾਂ ਹੀ ਸੀ। 1960 ਵੀਆ ਵਿੱਚ ਮੈਂਨੂੰ ‘‘ਕਮਿਊਨਿਸਟ ਮੈਨੀਫੈਸਟੋ’’ ਪੜਨ ਦਾ ਮੌਕਾ ਮਿਲਿਆ, ਜਿਸ ਨੇ ਮੇਰੇ ਧੁੰਦਲੇ ਜਿਹੇ ਵਿਚਾਰਾਂ ਨੂੰ ਕਾਫੀ ਸੇਧ ਦਿੱਤੀ ਅਤੇ ਇਸੇ ਸਮੇਂ ਦੌਰਾਨ ਮੈਂਨੂੰ ਮੇਰੇ ਇੱਕ ਦੋਸਤ ਪੰਜਾਬੀ ਦੇ ਪ੍ਰੋਫੈਸਰ ਨਿਰਮਲ ਸਿੰਘ ਪਟਿਆਲਾ ਕੋਲ ਰਹਿਣ ਦਾ ਮੌਕਾ ਮਿਲਿਆ ਜਿਨਾਂ ਦੀ ਘਰੇਲੂ ਲਾਇਬਰੇਰੀ ਮਾਰਕਸਵਾਦੀ ਸਾਹਿਤ ਨਾਲ ਭਰੀ ਪਈ ਸੀ, ਇਸ ਲਾਇਬਰੇਰੀ ਵਿਚਲੇ ਮਾਰਕਸਵਾਦੀ ਸਾਹਿਤ ਤੋਂ ਮੇਰੇ ਉਸ ਦੋਸਤ ਨੇ ਐਨਾ ਫਾਇਦਾ ਨਹੀਂ ਉਠਾਇਆ, ਜਿਨਾਂ ਮੈਂ ਇਹ ਸਾਹਿਤ ਪੜਕੇ ਉਠਾਇਆ। ਇਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਨੂੰ ਜੇ ਕੋਈ ਬਿਹਤਰ ਬਣਾ ਸਕਦਾ ਹੈ ਤਾਂ ਉਹ ਮਾਰਕਸਵਾਦ ਹੀ ਹੈ।

ਬਲਜਿੰਦਰ : ਕਿਹੜੀ ਸਮਾਜਿਕ ਲਹਿਰ ਤੋਂ ਤੁਸੀਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਤੇ ਕਿਉਂ ?

ਡਾ. ਵਿਨੋਦ : ਮਾਰਕਸਵਾਦ ਪੜ•ਨ ਤੋਂ ਮਗਰੋਂ ਮੈਂ ਕਿਸੇ ਵਿਵਸਥਾ ਪੱਖੀ ਪਾਰਟੀ ਨਾਲ ਤਾਂ ਖੜ ਨਹੀਂ ਸੀ ਸਕਦਾ, ਪਰ ਦੂਜੇ ਪਾਸੇ ਮੈਂ ਵਿਵਸਥਾ ਵਿਰੋਧੀ ਪਾਰਟੀ ਦਾ ਮੈਂਬਰ ਵੀ ਨਹੀਂ ਬਣਿਆ, ਇਸ ਪਿੱਛੇ ਸਾਇਦ ਮੇਰਾ ਡਰ ਕੰਮ ਕਰਦਾ ਹੋਵੇ ਜਾਂ ਮੇਰੀ ਸੀਮਾ ਹੋਵੇ। ਸੁਰੂ ਵਿੱਚ ਮੈਂ ਸੀ ਪੀ ਆਈ ਦਾ, ਫਿਰ ਸੀ ਪੀ ਐਮ ਦਾ ਅਤੇ ਬਾਅਦ ਵਿੱਚ ਨਕਸਲਾਈਟ ਮੂਵਮੈਂਟ ਦਾ ਸਮਰੱਥਕ ਰਿਹਾ। ਨਕਸਲਵਾੜੀ ਦੌਰ ਸਮੇਂ ਮੈਂ ਉਨ੍ਹਾਂ ਸਾਰੇ ਸਾਹਿਤਕਾਰਾਂ ਦੇ ਪੱਖ ਵਿੱਚ ਲਿਖਦਾ ਰਿਹਾ, ਜੋ ਇਸ ਲਹਿਰ ਦੇ ਯੋਧਿਆਂ ਨੂੰ ਪੰਜਾਬੀ ਸਾਹਿਤ ਵਿੱਚ ਹੀਰੋ ਬਣਾ ਕੇ ਪੇਸ਼ ਕਰਦੇ ਰਹੇ ਹਨ। ਉਹ ਚਾਹੇ ਅਵਤਾਰ ਪਾਸ਼ ਹੋਵੇ, ਸੰਤ ਰਾਮ ਉਦਾਸੀ ਹੋਵੇ, ਵਰਿਆਮ ਸੰਧੂ ਹੋਵੇ ਜਾਂ ਸੁਰਜੀਤ ਪਾਤਰ ਹੋਵੇ। ਪਰ ਦੂਜੇ ਪਾਸੇ ਸੁਧਾਰਵਾਦੀ ਪ੍ਰਗਤੀਵਾਦੀ ਸਾਹਿਤਕ ਲਹਿਰ ਵੀ ਚੱਲਦੀ ਰਹੀ ਹੈ, ਜਿਹੜੀਆਂ ਸਾਰੀਆਂ ਸਮਾਜਿਕ ਬੁਰਾਈਆਂ ਨੂੰ ਬਿਨ•ਾ ਆਰਥਿਕ ਸਮਾਜਿਕ ਪ੍ਰਬੰਧ ਬਦਲਿਆ ਹੀ ਹੱਲ ਕਰਨਾ ਲੋਚਦੀ ਹੈ। ਜਿਸ ਵਿੱਚ ਕਹਾਣੀਕਾਰ ਸੁਜਾਨ ਸਿੰਘ ਅਤੇ ਨਾਵਲਕਾਰ ਨਾਨਕ ਸਿੰਘ ਵਰਗੇ ਪ੍ਰਮੁੱਖ ਤੌਰ ’ਤੇ ਸ਼ਾਮਲ ਹਨ,ਇਨ੍ਹਾਂ ਲੇਖਕਾਂ ਦੀ ਮਨਸ਼ਾ ਵਿੱਚ ਕੋਈ ਪਾਪ ਨਹੀਂ ਪੰ੍ਰਤੂ ਮੌਜੂਦਾ ਪ੍ਰਬੰਧ ਵਿੱਚ ਇਨ੍ਹਾਂ ਦੀਆਂ ਅਸ਼ਾਵਾਂ ਨੂੰ ਬੂਰ ਨਹੀਂ ਪੈ ਸਕਦਾ।

ਬਲਜਿੰਦਰ : ਤੁਹਾਡੇ ਨਜ਼ਰੀਏ ਅਨੁਸਾਰ ਸਮਾਜ ਵਿੱਚ ਸਾਹਿਤ ਦਾ ਕੀ ਰੋਲ ਹੈ?

ਡਾ. ਵਿਨੋਦ : ਸਮਾਜ ਵਿੱਚ ਸਾਹਿਤ ਦਾ ਰੋਲ ਦੂਜੇ ਦਰਜੇ ਦਾ ਹੈ, ਇੱਕ ਸਹਾਇਕ ਦਾ ਰੋਲ ਹੈ। ਜਦੋਂ ਕਿ ਮੁੱਖ ਰੋਲ ਸਿਆਸਤ ਦਾ ਹੁੰਦਾ ਹੈ। ਕਿਸੇ ਸਾਹਤਿਕਾਰ ਤੋਂ ਇਹ ਉਮੀਦ ਨਹੀਂ ਕਰਨੀ ਚਾਹੀਦੀ ਕਿ ਉਹ ਇਨਕਲਾਬ ਲੈ ਆਵੇਗਾ, ਇਨਕਲਾਬ ਵਿੱਚ ਉਸ ਦਾ ਰੋਲ ਸਹਾਇਕ ਦਾ ਹੁੰਦਾ ਹੈ। ਸਾਹਿਤ ਦਾ ਰੋਲ ਸਿਆਸਤ ਨੂੰ ਉਤੇਜਤ ਕਰਨਾ ਹੁੰਦਾ ਹੈ। ਸਾਹਿਤ ਵਿੱਚ ਦਸ਼ਾ ਅਤੇ ਦਿਸ਼ਾ ਦੋਹੇ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਲੋਕਾਂ ਦੀਆਂ ਸਿਰਫ਼ ਦੁੱਖਾਂ, ਤਕਲੀਫ਼ਾ ਦਾ ਰਾਮ ਰੋਲਾ ਪਾਉਂਣ ਵਾਲਾ ਸਾਹਿਤ ਕਿਸੇ ਕੰਮ ਦਾ ਨਹੀਂ ਬਲਕਿ ਸਾਹਿਤ ਜ਼ਰੀਏ ਲੋਕਾਂ ਨੂੰ ਇਹ ਵੀ ਦੱਸਣ ਦੀ ਜਰੂਰਤ ਹੈ ਕਿ ਉਨ੍ਹਾਂਦੀਆਂ ਤਕਲੀਫਾਂ ਦਾ ਕਾਰਣ ਕੀ ਹੈ ਅਤੇ ਦੂਰ ਕਿਵੇਂ ਹੋ ਸਕਦੀਆਂ ਹਨ। ਕ੍ਰਾਂਤੀ ਵਿੱਚ ਸਾਹਿਤ ਦਾ ਰੋਲ ਉਸ ਤਰ•ਾ ਹੋਣਾ ਚਾਹੀਦਾ ਹੈ, ਜਿਸ ਤਰ•ਾਂ ਰੂਸੀ ਇਨਕਲਾਬ ਵਿੱਚ ਮੈਕਸਿਮ ਗੋਰਕੀ ਦੇ ਨਾਵਲ ‘‘ਮਾਂ’’ ਦਾ ਹੈ।

ਬਲਜਿੰਦਰ : ਉਸਾਰੂ ਸਾਹਿਤ ਦੇ ਕੀ ਮਾਪ ਦੰਡ ਹਨ?

ਡਾ. ਵਿਨੋਦ : ਉਸਾਰੂ ਸਾਹਿਤ ਦਾ ਪਹਿਲਾ ਕਾਰਜ ਸਾਰੇ ਕਿਰਤੀ ਲੋਕਾਂ ਨੂੰ ਇੱਕ ਮੁੱਠ ਕਰਨ ਦਾ ਹੈ। ਉਦਾਹਰਣ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਪੰਜ ਕਰਾਰਾਂ ਦਾ ਸੰਕਲਪ ਪੇਸ਼ ਕੀਤਾ ਪ੍ਰੰਤੂ ਅਜੋਕੇ ਸਮੇਂ ਇਹ ਪੰਜ ਕਰਾਰ ਹਨ : ਕਾਮੇ, ਕੰਮੀ, ਕਿਸਾਨ, ਕਾਰੀਗਰ ਅਤੇ ਕਰਮਚਾਰੀ। ਅੱਜ ਦੇ ਉਸਾਰੂ ਸਾਹਿਤ ਦਾ ਮੁੱਢਲਾ ਫ਼ਰਜ ਹੈ ਕਿ ਉਹ ਇਨ•ਾਂ ਕਾਮਿਆਂ ਦੇ ਅੰਤਰ ਵਿਰੋਧਾਂ ਨੂੰ ਹੱਲ ਕਰਨ ਦੇ ਨਾਲ ਨਾਲ ਇੱਕ ਜੁੱਟ ਕਰਨ ਦਾ ਕਾਰਜ ਵੀ ਨਿਭਾਏ ਅਜੌਕੇ ਵਿਸ਼ਵੀਕਰਣ ਦੇ ਦੌਰ ਵਿੱਚ ਪੂੰਜੀਪਤੀ ਤਾਂ ਇੱਕ ਹੱਦ ਤੱਕ ਇੱਕਜੁੱਟ ਹੋ ਰਹੇ ਹਨ, ਪ੍ਰੰਤੂ ਕਿਰਤੀ ਜਮਾਤ ਦੇ ਇੱਕਜੁੱਟਤਾ ਦਾ ਕੰਮ ਅਜੇ ਅਧੂਰਾ ਹੈ, ਇਸ ਕਰਕੇ ਉਸਾਰੂ ਸਾਹਿਤ ਦਾ ਫ਼ਰਜ਼ ਹੈ ਕਿ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇੱਕਠੇ ਹੋ ਕੇ ਸੰਘਰਸ਼ ਕਰਨ ਦੀ ਪ੍ਰੇਰਣਾ ਦੇਵੇ।

ਬਲਜਿੰਦਰ : ਸਾਹਿਤ ਵਿੱਚ ਅਲੋਚਨਾ ਦੀ ਕੀ ਸਥਾਨ ਸਮਝਦੇ ਹੋ?

ਡਾ. ਵਿਨੋਦ : ਅਲੋਚਨਾ ਦਾ ਮੁੱਖ ਕਾਰਜ ਚੰਗੇ ਅਤੇ ਮਾੜੇ ਸਾਹਿਤ ਵਿੱਚ ਫ਼ਰਕ ਕਰਨਾ ਹੈ। ਅਲੋਚਨਾ ਦਾ ਮੁੱਖ ਮੰਤਵ ਵੀ ਇਹ ਹੈ ਕਿ ਚੰਗੇ ਸਾਹਿਤ ਪ੍ਰਤੀ ਪਾਠਕ ਦੇ ਮਨ ਵਿੱਚ ਰੁਚੀ ਪੈਂਦਾ ਕਰੇ ਅਤੇ ਮਾੜੇ ਸਾਹਿਤ ਪ੍ਰਤੀ ਨਫ਼ਰਤ, ਅਤੇ ਇਹ ਵੀ ਦੱਸੇ ਕਿ ਚੰਗੇ ਅਤੇ ਮਾੜੇ ਸਾਹਿਤ ਵਿੱਚ ਕੀ ਅੰਤਰ ਹੈ।

ਬਲਜਿੰਦਰ : ਅਜੋਕੀ ਪੰਜਾਬੀ ਅਲੋਚਨਾ ਬਾਰੇ ਤੁਹਾਡਾ ਕੀ ਖਿਆਲ ਹੈ?

ਡਾ. ਵਿਨੋਦ : ਜਿਸ ਤਰ•ਾਂ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਇਸ ਤਰ•ਾਂ ਪੰਜਾਬੀ ਅਲੋਚਨਾ ਵੀ। ਇਸ ਪ੍ਰਬੰਧ ਵਿੱਚ ਜਿਨਾਂ ਲੋਕਾਂ ਨੂੰ ਚੰਗੀ ਪੱਦਵੀ ਮਿਲ ਗਈ, ਚੰਗਾ ਮਾਣ ਸਨਮਾਨ, ਚੰਗੀਆਂ ਤਨਖਾਹਾਂ ਮਿਲਦੀਆਂ ਹਨ, ਉਹ ਸਮਝਦੇ ਹਨ ਕਿ ਸਾਹਿਤ ਕੁਝ ਕੁ ਖਾਸ ਲੋਕਾਂ ਲਈ ਹੀ ਹੁੰਦਾ ਹੈ, ਆਮ ਲੋਕਾਂ ਲਈ ਨਹੀਂ, ਇਸ ਲਈ ਉਹ ਖਾਸ ਲੋਕਾਂ ਲਈ ਲਿਖਣ ਦੀ ਪ੍ਰੇਰਣਾ ਦਿੰਦੇ ਹਨ, ਦੂਜੇ ਪਾਸੇ ਇਹ ਵੀ ਕਹਿੰਦੇ ਹਨ ਕਿ ਅਸੀਂ ਸਵੈ ਦੇ ਪ੍ਰਗਟਾਵੇ ਲਈ ਸਾਹਤਿ ਦੀ ਰਚਨਾ ਕਰਦੇ ਹਾਂ। ਮੈਂ ਅਜਿਹੇ ਅਲੋਚਕਾਂ, ਸਾਹਿਤਕਾਰਾਂ ਨਾਲ ਸਹਿਮਤ ਨਹੀਂ ਹਾਂ, ਅਸਲ ਵਿੱਚ ਅਜਿਹੇ ਸਾਹਿਤਕਾਰ ਸਾਹਿਤ ਦੇ ਜਮਾਤੀ ਖਾਸੇ ’ਤੇ ਪਰਦਾ ਪਾਉਂਣ ਦੀ ਕੋਸ਼ਿਸ ਕਰਦੇ ਹਨ ਜਦੋਂ ਕਿ ਮਾਰਕਸਵਾਦੀ ਅਲੋਚਕ ਅਜਿਹੇ ਪਾਖੰਡਾਂ ਨਾਲ ਸਹਿਮਤ ਨਹੀਂ ਹਨ।

ਬਲਜਿੰਦਰ : ਅਕਾਦਮਿਕ ਪੰਜਾਬੀ ਅਲੋਚਨਾਵਾਂ ਦੀਆਂ ਕੀ ਕੀ ਸੀਮਾਵਾਂ ਹਨ?

ਡਾ. ਵਿਨੋਦ : ਅਕਾਦਮਿਕ ਅਲੋਚਨਾ ਵਿਦਵਾਨਾਂ ਵਾਸਤੇ ਅਲੋਚਨਾ ਹੁੰਦੀ ਹੈ। ਉਦਾਹਰਣ ਦੇ ਤੌਰ ’ਤੇ ਜਿਵੇਂ ਕਰਤਾਰ ਸਿੰਘ ਦੁੱਗਲ। ਤੱਤ ਪੱਖੋਂ ਉਸ ਦੀ ਹਰ ਕਹਾਣੀ ਵਿੱਚ ਹੀ ਸਾਨੂੰ ਪਿਛਾਂਹ ਖਿੱਚੂ ਅੰਸ਼ ਪ੍ਰਾਪਤ ਹੋ ਸਕਦੇ ਹਨ। ਪ੍ਰੰਤੂ ਇਹ ਸੱਚ ਜੇ ਕੋਈ ਵਿਦਿਆਰਥੀ ਇਮਤਿਹਾਨ ਵਿੱਚ ਲਿਖੇਗਾ ਤਾਂ ਉਹ ਆਪਣਾ ਨੁਕਸਾਨ ਹੀ ਕਰਵਾਏਗਾ। ਕਰਤਾਰ ਸਿੰਘ ਵਰਗੇ ‘‘ਕਹਾਣੀਕਾਰਾਂ’’ ਦੀ ਪਹੁੰਚ ਕਲਾ ਵਿਰੋਧੀ ਹੋਣ ਦੇ ਬਾਵਜੂਦ ਇਸ ਨੂੰ ਚੰਗਾ ਕਹਿਣਾ ਪੈਂਦਾ ਹੈ ਇਹ ਅਕਾਦਮਿਕ ਪੰਜਾਬੀ ਅਲੋਚਨਾ ਦੀ ਸੀਮਾ ਹੈ। ਜਿਹੜੇ ਅਲੋਚਕ ਕਲਾ ਪੱਖ ’ਤੇ ਹੀ ਜਿਆਦਾ ਜ਼ੋਰ ਦਿੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕੋਈ ਵੀ ਪਿਛਾਂਹ ਖਿੱਚੂ ਸਾਹਿਤਕਾਰ ਆਪਣੀ ਕਲਾ ਦੀ ਬਾਰੀਕੀ ਰਾਹੀ ਹੀ ਖ਼ਤਰਨਾਕ ਸੁਨੇਹਾ ਦਿੰਦਾ ਹੈ।

ਬਲਜਿੰਦਰ : ਡਾ. ਸਾਹਿਬ ਇਹ ਵੀ ਸੁਣਿਆ ਹੈ ਕਿ ਅਲੋਚਨਾ ਵਿੱਚ ਲਿਹਾਜਾਂ ਦੀ ਪੂਰਤੀ ਵੀ ਹੁੰਦੀ ਹੈ। ਤੁਹਾਡਾ ਇਸ ਬਾਰੇ ਕੀ ਖਿਆਲ ਹੈ?


ਡਾ. ਵਿਨੋਦ : ਇਹ ਬਿਲਕੁੱਲ ਸਹੀ ਹੈ ਕਿ ਪੰਜਾਬੀ ਅਲੋਚਨਾ ਵਿੱਚ ਲਿਹਾਜਾਂ ਦੀ ਪੂਰਤੀ ਹੁੰਦੀ ਹੈ। ਅਲੋਚਨਾ ਹਮੇਸ਼ਾ ਜਮਾਤੀ ਅਧਾਰਤਾਂ ’ਤੇ ਹੋਣੀ ਚਾਹੀਦੀ ਹੈ, ਇਸ ਨੂੰ ਛੱਡ ਕੇ ਜੇ ਅਲੋਚਕ ਅਲੋਚਨਾ ਦਾ ਅਧਾਰ ਕੁਝ ਹੋਰ ਬਣਾ ਬੈਠਦਾ ਹੈ ਤਾਂ ਉਹ ਮਾਰਕਸਵਾਦ ਦਾ ਕੱਚਾ ਖਿਡਾਰੀ ਹੀ ਸਮਝਿਆ ਜਾਵੇਗਾ। ਸਮਾਜ ਦੇ ਹਰ ਵਰਤਾਰੇ ਦਾ ਜਮਾਤੀ ਖਾਸਾ ਹੁੰਦਾ ਹੈ ਜਿਵੇਂ ਜਿਹੜੇ ਸਾਹਿਤਕਾਰ ਨਾਰੀ ਮੁਕਤੀ ਦੀ ਗੱਲ ਕਰਦੇ ਹਨ, ਉਹ ਕੇਵਲ ਉੱਚ ਵਰਗ ਦੀਆਂ ਔਰਤਾਂ ਨੂੰ ਮਖਾਤਿਬ ਹਨ। ਸਮਾਜ ਦੀ ਬਹੁ ਗਿਣਤੀ ਕਿਰਤੀ ਔਰਤਾਂ ਦੀ ਲੁੱਟ ਖਸੁੱਟ ਅਤੇ ਅਜ਼ਾਦੀ ਨਾਲ ਇਸ ਤਰ•ਾਂ ਦੀ ਨਾਰੀ ਮੁਕਤੀ ਦਾ ਕੋਈ ਸਰੋਕਾਰ ਨਹੀਂ ਹੈ। ਇਹ ਨਾਰੀਵਾਦੀ ਪਿਆਰ ਦੀ ਮੁਕਤੀ ਨਹੀਂ ਪਿਆਰ ਤੋਂ ਹੀ ਚਾਹੁੰਦੇ ਹਨ। ਜੋ ਕੇਵਲ ਸੈਕਸੂਅਲ ਤੱਕ ਹੀ ਸੀਮਤ ਹੈ। ਲਿਹਾਜਾਂ ਦੀ ਪੂਰਤੀ ਦਾ ਵੀ ਇੱਕ ਸਮਾਜਿਕ ਅਧਾਰ ਹੈ ਅਤੇ ਜਮਾਤੀ ਸਮਾਜ ਵਿੱਚ ਇਹ ਹੁੰਦਾ ਵੀ ਰਹੇਗਾ। ਜੇ ਮੈਂ ਆਪਣੇ ਸਬੰਧ ਵਿੱਚ ਕਹਾਂ ਕਿ ਮੈਂ ਲਿਹਾਜਾਂ ਤਾਂ ਨਹੀਂ ਪੂਰਦਾ ਪਰ ਜਿੱਥੋਂ ਕਿਤੇ ਮੈਂਨੂੰ ਸਮਝੋਤਾ ਕਰਨਾ ਪਵੇ ਤਾਂ ਉੱਥੇ ਮੈਂ ਚੁੱਪ ਹੀ ਰਹਿੰਦਾ ਹਾਂ ਅਤੇ ਇਹ ਮੇਰੀ ਸੀਮਾ ਵੀ ਹੋ ਸਕਦੀ ਹੈ।

ਬਲਜਿੰਦਰ : ਵਿਸ਼ਵੀਕਰਣ ਦਾ ਸਮਾਜ, ਸਾਹਿਤ ਅਤੇ ਅਲੋਚਨਾ ’ਤੇ ਕੀ ਪ੍ਰਭਾਵ ਦੇਖਦੇ ਹੋ?

ਡਾ. ਵਿਨੋਦ : ਵਿਸ਼ਵੀਕਰਣ ਬਾਰੇ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ। ਜਦੋਂ ਸਰਮਾਏਦਾਰੀ ਹੋਂਦ ਵਿੱਚ ਆਈ, ਉਦੋਂ ਤੋਂ ਹੀ ਵਿਸ਼ਵੀਕਰਣ ਦਾ ਵਰਤਾਰਾ ਹੋਂਦ ਵਿੱਚ ਆਇਆ ਹੈ। ਵਿਸ਼ਵੀਕਰਣ ਸਰਮਾਏਦਾਰੀ ਦੇ ਸੁਭਾਅ ਵਿੱਚ ਸ਼ਾਮਲ ਹੈੇ। ਜਿਹੜੇ ਲੋਕ ਕਹਿੰਦੇ ਹਨ ਕਿ ਵਿਸ਼ਵੀਕਰਣ ਦਾ ਕੋਈ ਬਦਲ ਨਹੀਂ ਮੈਂ ਉਨ੍ਹਾਂ ਨਾਲ ਸਹਿਮਤ ਨਹੀਂ ਹਾਂ, ਵਿਸ਼ਵੀਕਰਣ ਦੇ ਵਰਤਾਰੇ ਨੇ ਅੱਜ ਇਸ ਸਵਾਲ ਨੂੰ ਮੁੱਖ ਬਣਾ ਦਿੱਤਾ ਹੈ ਕਿ ਤੁਸੀਂ ਸਾਮਰਾਜਵਾਦੀ ਵਿਸ਼ਵੀਕਰਣ ਦੇ ਹੱਕ ਵਿੱਚ ਹੋ ਜਾਂ ਸਮਾਜਵਾਦੀ ਵਿਸ਼ਵੀਕਰਣ ਦੇ ਅਤੇ ਇਹ ਸਵਾਲ ਵਿੱਚ ਵੀ ਮੁੱਖ ਸਵਾਲ ਹੈ।

ਬਲਜਿੰਦਰ : ਅੱਜ ਕਿਸ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਹਿਤ ਦੀ ਜ਼ਰੂਰਤਮਹਿਸੂਸ ਕਰਦੇ ਹੋ?

ਡਾ. ਵਿਨੋਦ : ਮੈਂ ਸਮਝਦਾ ਹਾਂ ਕਿ ਅੱਜ ਕਿਰਤੀ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਸਾਹਿਤ ਦੀ ਜ਼ਰੂਰਤ ਹੈ ।ਉਹ ਚੇਤੰਨ ਤੌਰ ’ਤੇ ਲਿਖਣਾ ਚਾਹੀਦਾ ਹੈ। ਜਿਹੜੇ ਲੋਕ ਕਹਿੰਦੇ ਹਨ ਕਿ ਸਾਹਿਤ ਮਹਿਜ ਅਨੁਭਵ ਦੀ ਕਲਾ ਹੈ, ਮੈਂ ਉਨ੍ਹਾਂ ਦੇ ਸਖ਼ਤ ਖਿਲਾਫ਼ ਹਾਂ ਕਿਉਂਕਿ ਮਨੁੱਖ ਕੋਲ ਤਾਂ ਚੇਤਨਾ ਹੈ, ਤਰਕ ਹੈ, ਬੁੱਧੀ ਹੈ। ਉਹ ਚੰਗੇ ਮਾੜੇ ਦੀ ਪਰਖ਼ ਕਰ ਸਕਦਾ ਹੈ, ਇਸ ਤਰ•ਾਂ ਸਾਹਿਤ ਵਿੱਚ ਪਰਖ਼ੀ ਪੜਚੋਲੀ ਚੀਜ਼ ਦੀ ਹੀ ਪੇਸ਼ਕਾਰੀ ਹੋਣੀ ਚਾਹੀਦੀ ਹੈ। ਪਰਖੀ ਪੜਚੋਲੀ ਚੀਜ਼ ਇਹ ਹੀ ਹੈ ਕਿ ਇਸ ਧਰਤੀ ’ਤੇ ਕੰਮ ਕਰਨ ਵਾਲੇ ਲੋਕ ਜੋ ਸੰਸਾਰ ਦੀਆਂ ਸਭ ਚੀਜ਼ਾਂ ਬਣਾਉਂਦੇ ਹਨ, ਪਰ ਵਰਤਦਾ ਕੋਈ ਹੋਰ ਹੈ। ਸਾਹਿਤ ਦਾ ਪਹਿਲਾ ਅਤੇ ਆਖਰੀ ਕਰਤੱਵ ਹੀ ਇਹ ਹੈ ਕਿ ਉਹ ਇਨ੍ਹਾਂ ਲੋਕਾਂ ਨੂੰ ਚੇਤੰਨ ਕਰੇ।

ਬਲਜਿੰਦਰ : ਕਿਸਾਨੀ ਦੇ ਉਜਾੜੇ ਬਾਰੇ ਪੰਜਾਬੀ ਸਾਹਿਤ ਸਿਰਜਣਾ ’ਤੇ ਤੁਹਾਡਾ ਕੀ ਪ੍ਰਤੀਕਰਮ ਹੈ ?

ਡਾ. ਵਿਨੋਦ : ਹੁਣ ਪੰਜਾਬੀ ਸਾਹਿਤ ਵਿੱਚ ਕਿਸਾਨੀ ਦੇ ਉਜਾੜੇ ਦਾ ਜੋ ਪ੍ਰਗਟਾਵਾ ਹੋ ਰਿਹਾ ਹੈ, ਉਹ ਕਿਸਾਨ ਨੂੰ ਕਿਸਾਨੀ ਦੇ ਤੌਰ ’ਤੇ ਹੀ ਕਾਇਮ ਰੱਖਣ ਦੀ ਦ੍ਰਿਸ਼ਟੀ ਨਾਲ ਹੀ ਹੋ ਰਿਹਾ ਹੈ ਜਦੋਂ ਕਿ ਕਿਸੇ ਵੀ ਛੋਟੇ ਮਾਲ ਉਤਪਾਦਕ ਦਾ ਬਚਿਆ ਰਹਿਣਾ ਅਸੰਭਵ ਹੈ ਪਰ ਇਹ ਸੁਨੇਹਾ ਸਾਹਤਿਕਾਰ ਸਿੱਧੇ ਤੌਰ ’ਤੇ ਨਹੀਂ ਦੇਵੇਗਾ ਅਤੇ ਉਸ ਨੂੰ ਦੇਣਾ ਵੀ ਨਹੀਂ ਚਾਹੀਦਾ ਪਰ ਉਹ ਸਾਫ਼ ਤੌਰ ’ਤੇ ਕਹੇਗਾ ਕਿ ਤੁਹਾਡੀਆਂ ਦੁੱਖਾਂ ਤਕਲੀਫਾਂ ਦਾ ਕਲਿਆਣ ਸਮਾਜਵਾਦ ਵਿੱਚ ਹੀ ਸੰਭਵ ਹੈ। ਇਹ ਸਾਰੇ ਤੀਜੀ ਦੁਨੀਆਂ ਦੇ ਮੁਲਕਾਂ ਦਾ ਵੱਡਾ ਮਸਲਾ ਹੈ ਕਿ ਕਿਸਾਨੀ ਨੂੰ ਸਮਾਜਵਾਦ ਦੀ ਲੜਾਈ ਵਿੱਚ ਕਿਵੇਂ ਨਾਲ ਲਿਆ ਜਾਵੇ। ਕਿਉਂਕਿ ਤਾਕਤ ਪੱਖੋਂ ਇਹ ਗੋਲਣਯੋਗ ਹੈ, ਇਹ ਕਿਸਾਨੀ ਤਾਕਤ ਦੋ ਧਾਰੀ ਤਲਵਾਰ ਹੈ ਜੋ ਸਮਾਜ ਨੂੰ ਅੱਗੇ ਵੱਲ ਲਿਜਾ ਸਕਦੀ ਹੈ ਅਤੇ ਪਿਛਾਂਹ ਵੱਲ ਵੀ। ਮਸਲਾ ਇਹ ਹੈ ਕਿ ਸਮਾਜਵਾਦ ਦੀ ਲੜਾਈ ਵਿੱਚ ਇਸ ਨੂੰ ਕਿਵੇਂ ਜਿੱਤਿਆ ਜਾ ਸਕਦਾ ਹੈ।

ਬਲਜਿੰਦਰ : ਤੁਸੀਂ ਬਾਕੀ ਦੇ ਮਾਰਕਸਵਾਦੀ ਅਲੋਚਕਾਂ ਨਾਲੋਂ ਆਪਣੇ ਆਪ ਨੂੰ ਕਿਵੇਂ ਭਿੰਨ ਦੇਖਦੇ ਹੋ?

ਡਾ. ਵਿਨੋਦ : ਪਹਿਲੀ ਗੱਲ ਤਾਂ ਉਨ੍ਹਾਂ ਵਿਦਵਾਨਾਂ ਨਾਲੋਂ ਮੇਰਾ ਬਹੁਤ ਵੱਡਾ ਅੰਤਰ ਹੈ, ਜਿਹੜੇ ਆਪਣੇ ਆਪ ਨੂੰ ਇੱਕ ਵਿਦਵਾਨ ਦੇ ਤੌਰ ’ਤੇ ਸਥਾਪਤ ਕਰਨ ਲਈ ਲਿਖਦੇ ਹਨ ਪਰ ਮੈਂ ਆਪਣੇ ਆਪ ਨੂੰ ਇੱਕ ਵਿਦਵਾਨ ਦੇ ਤੌਰ ’ਤੇ ਅਤੇ ਆਪਣੇ ਵਿਦਿਆਰਥੀਆਂ ਤੋਂ ਸਿੱਖਿਆ ਹੈ ਅਤੇ ਉਨ੍ਹਾਂ ਨੂੰ ਉਨ•ਾਂ ਦੀ ਸਧਾਰਣ ਬੋਲੀ ਵਿੱਚ ਅਤੇ ਉਨ੍ਹਾਂ ਦੇ ਜੀਵਨ ਵਿੱਚੋਂ ਉਦਾਹਰਣਾਂ ਲੈ ਕੇ ਸਮਝਾਉਂਣ ਦੀ ਕੋਸ਼ਿਸ ਕਰਦਾ ਹਾਂ।

ਬਲਜਿੰਦਰ : ਸਰ ਇਹ ਵੀ ਕਿਹਾ ਜਾਂਦਾ ਹੈ ਕਿ ਸਮਾਜ ਨੂੰ ਬਦਲਣ ਲਈ ਉਸ ਨੂੰ ਸਮਝਣਾ ਪੈਂਦਾ ਹੈ ਅਤੇ ਸਮਾਜ ਨੂੰ ਬਦਲਣ ਦੀ ਪ੍ਰਕਿਰਿਆ ਵਿੱਚੋਂ ਖੁਦ ਨੂੰ ਬਦਲਣਾ ਪੈਂਦਾ ਹੈ, ਤੁਸੀਂ ਇਸ ਗੱਲ ਨਾਲ ਕਿਨ•ਾ ਕੁ ਸਹਿਮਤ ਹੋ?

ਡਾ. ਵਿਨੋਦ : ਸਿਧਾਂਤ ਅਤੇ ਅਮਲ ਦਾ ਰਿਸ਼ਤਾ ਦਵੰਦਤਾਮਕ ਹੁੰਦਾ ਹੈ। ਸਮਾਜ ਨੂੰ ਬਦਲਣ ਦੇ ਅਭਿਆਸ ਵਿੱੋਚੋਂ ਮਨੁੱਖ ਦਾ ਅੰਦਰਲਾ ਵੀ ਬਦਲਦਾ ਹੈ, ਅਭਿਆਸ ਵਿੱਚੋਂ ਸਿਧਾਂਤ ਪੈਂਦਾ ਹੁੰਦਾ ਅਤੇ ਸਿਧਾਂਤ ਦੀ ਪੁਸਟੀ ਅਮਲ ਕਰਦਾ ਹੈ। ‘‘ਵਿਨੋਦ ਸਾਹਿਤ ਚਿੰਤਨ’’ ਨਾਮੀ ਮੇਰੇ ਬਾਰੇ ਛਪੀ ਕਿਤਾਬ ਦੀ ਭੁਮਿਕਾ ਵਿੱਚ ਮੈਂ ਇਕਬਾਲ ਕੀਤਾ ਹੈ ਕਿ ਮਾਰਕਸਵਾਦ ਨੂੰ ਮੈਂ ਸਮਝਣ ਦੀ ਕੋਸ਼ਿਸ ਕੀਤੀ ਹੈ ਅਤੇ ਊਸ ਨੂੰ ਆਪਣੇ ਸਮੇਂ ਅਤੇ ਸਮਾਜ ’ਤੇ ਲਾਗੂ ਕਰਨ ਦੀ ਵੀ ਪਰ ਮੈਂ ਡਰਦਾ ਹੋਇਆ ਅਮਲ ਵਿੱਚ ਨਹੀਂ ਪਿਆ, ਇਸ ਦੇ ਲਈ ਇੱਕ ਢੁੱਕਵਾ ਸ਼ਬਦ ਹੈ ‘‘ਡਰਾਇੰਗ ਰੂਮ ਅਲੋਚਕ’’।

ਬਲਜਿੰਦਰ : ਸਾਹਿਤਕ ਖੇਤਰ ਵਿੱਚ ਦਿੱਤੇ ਜਾਂਦੇ ਮਾਣ ਸਨਮਾਨ ਬਾਰੇ ਤੁਹਾਡਾ ਕੀ ਕਹਿਣਾ ਹੈ?

ਡਾ. ਵਿਨੋਦ : ਮੈਂਨੂੰ ਜਦੋਂ ਵੀ ਕੋਈ ਸਰਕਾਰੀ ਇਨਾਮ ਮਿਲਿਆ ਤਾਂ ਮੈਂ ਉਸ ਵਿੱਚ ਹੱਤਕ ਮਹਿਸੂਸ ਕੀਤੀ ਹੈ ਜਾਂ ਮੈਂ ਸਮਝਦਾ ਹਾਂ ਕਿ ਮੈਂ ਆਪਣੀ ਹੱਤਕ ਆਪ ਕਰਵਾਈ ਪਰ ਮੈਂ ਇਹ ਲੈਣ ਤੋਂ ਇਨਕਾਰ ਵੀ ਨਹੀਂ ਸੀ ਕਰ ਸਕਦਾ, ਕਿਉਂਕਿ ਮੈਂਨੂੰ ਭੈਅ ਸੀ ਕਿ ਜੇਕਰ ਮੈਂ ਇਨਕਾਰ ਕਰ ਦਿੱਤਾ ਤਾਂ ਮੇਰੀ ਪਿੱਠ ’ਤੇ ‘‘ਲਾਲ ਰੰਗ ਦਾ ਸਿੱਧਾ ਠੱਪਾ’’ ਨਾ ਲੱਗ ਜਾਵੇ, ਇਹ ਵੀ ਮੇਰਾ ਹਾਲਤਾਂ ਨਾਲ ਇੱਕ ਕਿਸਮ ਦਾ ਸਮਝੋਤਾ ਹੀ ਹੈ।

ਬਲਜਿੰਦਰ : ਇੱਕ ਇਮਾਨਦਾਰ ਅਤੇ ਪਾਰਦਰਸ਼ੀ ਮਾਰਕਸਵਾਦੀ ਅਲੋਚਕ ਹੋਣ ਦੇ ਨਾਤੇ ਤੁਸੀਂ ਪੰਜਾਬੀ ਸਾਹਿਤਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਡਾ. ਵਿਨੋਦ : ਜੇ ਇਸ ਧਰਤੀ ਨੂੰ ਬਚਾਉਂਣਾ ਹੈ ਤਾਂ ਸਾਨੂੰ ਸਮਾਜਵਾਦ ਲਿਆਉਣਾ ਹੀ ਪਵੇਗਾ ਅਤੇ ਸਮਾਜਵਾਦ ਉਹੀ ਲਿਆਉਂਣਗੇ ਜਿਨ•ਾਂ ਦੀ ਇਹ ਲੋੜ ਹੈ, ਮੇਰੇ ਵਰਗੇ ਮੱਧ ਵਰਗੀ ਬੰਦੇ ਦਾ ਕੰਮ ਦੀਵੇ ਨੂੰ ਬੱਤੀ ਸੀਖਣ ਵਰਗਾ ਹੋ ਸਕਦਾ ਹੈ, ਜਿਸ ਦੀ ਰੋਸਨੀ ਨਾਲ ਸਮਾਜ ਨੂੰ ਚੰਗੇ ਪਾਸੇ ਤੋਰਿਆ ਜਾ ਸਕਦਾ ਹੈ।

ਬਲਜਿੰਦਰ : ਹੁਣ ਤੁਸੀਂ ਜਿੰਦਗੀ ਦੀ ਕੀ ਇੱਛਾ ਰੱਖਦੇ ਹੋ?

ਡਾ. ਵਿਨੋਦ : ਮੈਂ ਇੱਕ ਕਿਤਾਬ ਲਿਖਣਾ ਚਾਹੁੰਦਾ ਹਾਂ ‘‘ਮਾਰਕਸਵਾਦ ਤੇ ਮੈਂ’’।

ਜਰਨਲਿਸਟ ਬਲਜਿੰਦਰ ਕੋਟਭਾਰਾ
ਫ਼ੋਨ 97795 22211 ਬਠਿੰਡਾ

2 comments:

  1. T R VINOD JI JO APNAY BARAY KEH GAI HUN US TON OH KITAY VADH SUN.IS GAL DA EHSAAS OHNA DE VICHARDHARK SATHIAN ATAY VIRODHI VICHAR VALAY DOHAN TARAN DE LOKAN NU HAI.

    SUKHI BARNALA

    ReplyDelete
  2. I met Uncle Vinod On 9th Jan as i was there to Give some books.I discussed about the marketing of Punjabi lit. with him including Our Gulam kalam also. Thn our discussion touched the issue of Punjabi w.r.t Hindus. I still remember the words of G8 Uncle that Beta u professionals of Other fields shouuld join hands with Punjabi Vidwans and make a mass marketing approach for Punjabi. I wish i 'ld the camera with me.I am asking his son to follow his legacy.
    vishavdeep

    ReplyDelete