Saturday, May 8, 2010
ਬਾਬਾ ਬੂਝਾ ਸਿੰਘ ਨੂੰ ਲੋਕਾਂ ਦੇ ਦਿਲਾਂ 'ਤੇ ਲਿਖਣ ਵਾਲ਼ੀ ਫ਼ਿਲਮ
'ਬਾਬਾ ਬੂਝਾ ਸਿੰਘ: ਗ਼ਦਰ ਤੋਂ ਨਕਸਲਬਾੜੀ ਤੱਕ' ਛਪੀ ਤਾਂ ਇਸ ਦੀਆਂ ਕੁਝ ਕਾਪੀਆਂ ਮੇਰੇ ਝੋਲੇ ਵਿਚ ਆ ਗਈਆਂ। ਇਨ੍ਹਾਂ ਵਿਚੋਂ ਇਕ ਦਾ ਗਾਹਕ ਮੇਰਾ ਸਹਿਕਰਮੀ ਬਖ਼ਸ਼ਿੰਦਰ ਬਣਿਆ। ਤੀਜੇ ਦਿਨ ਫ਼ੋਨ ਖੜਕਿਆ, ''ਬਾਬੇ ਦਾ ਜੀਵਨ ਤਾਂ ਬੜਾ ਨਾਟਕ ਭਰਪੂਰ ਹੈ।'' ਮੈਂ ਖ਼ੁਸ਼ ਸੀ ਕਿ ਮੇਰੀ ਵੇਚੀ ਕਿਤਾਬ ਲੋਕਾਂ ਨੂੰ ਪਸੰਦ ਆ ਰਹੀ ਹੈ। ਹਫ਼ਤੇ ਕੁ ਬਾਅਦ ਫ਼ਿਰ ਟਰਨ-ਟਰਨ-ਟਰਨ। ਮੋਬਾਇਲ ਦੀ ਸਕਰੀਨ ਉੱਤੇ ਉਹੀ ਨਾਂ: ਬਖ਼ਸ਼ਿੰਦਰ।
''ਹਾਂ ਬਈ ਸਮਰ! ਮੈਂ ਬਾਬੇ ਬਾਰੇ ਫਿਲਮ ਦੀ ਪਟਕਥਾ ਲਿਖਾਂਗਾ।''
ਮੈਂ ਉਸ ਨੂੰ ਦੱਸਿਆ ਨਹੀਂ ਕਿ ਮੈਂ ਇਹ ਕੰਮ ਕਰਨ ਲਈ ਉਸ ਨੂੰ ਕਹਿਣ ਹੀ ਵਾਲਾ ਸਾਂ। ਪੂਰਾ ਹਫ਼ਤਾ ਬਾਬੇ ਦੀ ਸ਼ਖ਼ਸੀਅਤ ਬਾਬਤ ਹੀ ਗੱਲਾਂ ਹੋਈਆਂ ਸਨ। ਕੁਝ ਦਿਨਾਂ ਬਾਅਦ ਉਹਨੇ 17 ਸਫ਼ਿਆਂ ਦਾ ਪੁਲੰਦਾ ਮੇਰੇ ਹੱਥ ਲਿਆ ਫੜਾਇਆ। ਇਹਦਾ ਸਿਰਲੇਖ ਸੀ: ਬਾਬਾ ਇਨਕਲਾਬ ਸਿੰਘ ਪਟਕਥਾ ਲਈ ਨਾਟਕੀ ਅੰਸ਼। ਨਾਲ ਹੁਕਮ ਸੀ ਕਿ ਅਜਮੇਰ ਸਿੱਧੂ ਨਾਲ ਵਿਚਾਰ ਕਰ ਕੇ ਦ੍ਰਿਸ਼ਾਂ ਬਾਰੇ ਗੱਲ ਕਰਨੀ ਹੈ: ਕੋਈ ਕਾਂਟ-ਛਾਂਟ, ਕੋਈ ਵਾਧਾ-ਘਾਟਾ। ਅਜਮੇਰ ਨਾਲ ਗੱਲ ਹੋਈ ਤਾਂ ਇਨ੍ਹਾਂ ਦ੍ਰਿਸ਼ਾਂ ਦੀ ਰੂਪ ਰੇਖਾ ਵਿਚ ਤਬਦੀਲੀ ਕਰਨ ਯੋਗ ਦੱਸਣ ਲਈ ਕੁਝ ਨਹੀਂ ਲੱਗਿਆ। ਲਗਦਾ ਸੀ ਕਿਤਾਬ ਵਾਲੀਆਂ ਸਾਰੀਆਂ ਗੱਲਾਂ ਇਨ੍ਹਾਂ 17 ਸਫ਼ਿਆਂ ਵਿਚ ਸਿਮਟ ਗਈਆਂ ਹਨ। ਬਖ਼ਸ਼ਿੰਦਰ ਪਟਕਥਾ ਬਾਰੇ ਰੋਜ਼ ਗੱਲ ਕਰਦਾ। ਮੈਂ ਪਹਿਲੀ ਵਾਰ ਦੇਖ ਰਿਹਾ ਸਾਂ ਕਿ ਕਿਸੇ ਨੂੰ ਕੋਈ ਲਿਖਤ ਇਉਂ ਦਾਰੂ ਵਾਂਗ ਵੀ ਚੜ੍ਹ ਸਕਦੀ ਹੈ। ਪਾਤਰਾਂ ਬਾਬਤ ਉਹ ਰੋਜ਼ ਕੁਝ ਨਾ ਕੁਝ ਨਵਾਂ ਦੱਸਦਾ। ਕੁਝ ਦਿਨਾਂ ਬਾਅਦ ਹੀ ਉਹਨੇ ਸਿੱਧਿਆਂ, ਕੰਪਿਊਟਰ ਉੱਤੇ ਪਟਕਥਾ ਲਿਖਣੀ ਸ਼ੁਰੂ ਕਰ ਲਈ। ਪਹਿਲਾ ਦ੍ਰਿਸ਼ ਲਿਖ ਕੇ ਉਸ ਨੇ ਫ਼ੋਨ ਖੜਕਾਇਆ, ''ਤੈਨੂੰ ਇਕ ਚੀਜ਼ ਦਿਖਾਉਣੀ ਆ।'' ਉਸ ਨੇ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਕੰਪਿਊਟਰ ਦਾ ਬਟਨ ਦੱਬਿਆ। ਸਕਰੀਨ ਉੱਤੇ ਆਮ ਛੋਟੇ ਅੱਖਰਾਂ ਵਿਚ 'ਪਟਕਥਾ' ਸ਼ਬਦ ਤੋਂ ਬਾਅਦ ਮੋਟੇ ਅੱਖ਼ਰਾਂ ਵਿਚ 'ਬਾਬਾ ਇਨਕਲਾਬ ਸਿੰਘ' ਲਿਖਿਆ ਹੋਇਆ ਦਿਸਿਆ ਤੇ ਮੈਂ ਸਮਝਿਆ ਕਿ ਉਸ ਤੋਂ 'ਬਾਬਾ ਬੂਝਾ ਸਿੰਘ' ਦਾ ਨਾਂ ਗ਼ਲਤ ਲਿਖਿਆ ਗਿਆ ਹੈ। ਮੈਂ ਕੁੱਝ ਕਹਿਣ ਹੀ ਲੱਗਿਆ ਸਾਂ ਕਿ ਉਹ ਬੋਲਿਆ, ''ਫ਼ਿਲਮ ਦਾ ਟਾਈਟਲ ਇਹੋ ਹੋਵੇਗਾ।
ਮੈਨੂੰ ਕੰਪਿਊਟਰ ਅੱਗੇ ਕੁਰਸੀ 'ਤੇ ਬਿਠਾ ਉਹ ਚਾਹ ਬਣਾਉਣ ਰਸੋਈ 'ਚ ਚਲਾ ਗਿਆ ਅਤੇ ਉੱਥੋਂ ਕੁਝ ਨਾ ਕੁਝ ਬੋਲੀ ਗਿਆ। ਮੈਂ ਸੀਨ ਪੜ੍ਹ ਰਿਹਾ ਸਾਂ ਤਾਂ ਇਉਂ ਲੱਗ ਰਿਹਾ ਸੀ ਕਿ ਅੱਖਾਂ ਅੱਗੇ ਫ਼ਿਲਮ ਚੱਲ ਰਹੀ ਹੈ। ਜਦੋਂ ਤੱਕ ਚਾਹ ਆਈ, ਮੈਂ ਪਹਿਲਾ ਸੀਨ ਪੜ੍ਹ ਚੁੱਕਾ ਸਾਂ। ਦੋਹਾਂ ਦੀਆਂ ਨਜ਼ਰਾਂ ਮਿਲੀਆਂ। ਅਗਲੇ ਹੀ ਪਲ ਅਸੀਂ ਇਕ ਦੂਜੇ ਦੀ ਗਲਵਕੜੀ 'ਚ ਸਾਂ। ਇਸ ਤੋਂ ਅੱਗੇ ਬਾਬਾ ਸੀ ਤੇ ਬਖ਼ਸ਼ਿੰਦਰ ਸੀ। ਸੀਨ ਦਰ ਸੀਨ ਕੰਪਿਊਟਰ ਵਿਚ ਬੰਦ ਹੋਣ ਲੱਗੇ। ਇਕ ਦਿਨ ਪਤਾ ਲੱਗਿਆ ਕਿ ਉਹ ਉਚੇਚਾ ਬਾਬੇ ਦੇ ਪਿੰਡ ਚੱਕ ਮਾਈਦਾਸ ਵੀ ਹੋ ਆਇਆ ਹੈ। ਮੋਬਾਈਲ ਨਾਲ ਖਿੱਚੀ ਬਾਬੇ ਦੀ ਸਮਾਧ ਦੀ ਫੋਟੋ ਦੇਖੀ ਤਾਂ ਮੇਰਾ ਦਿਲ ਵੀ ਵਲੂੰਧਰਿਆ ਗਿਆ। ਝਾੜ-ਝੁੰਡੇ। ਉੱਚਾ ਸੁੱਕਿਆ ਘਾਹ ਬਾਬੇ ਨੂੰ ਮਖੌਲ਼ ਕਰ ਰਿਹਾ ਜਾਪਦਾ ਸੀ।ਬਖ਼ਸ਼ਿੰਦਰ ਪਟਕਥਾ ਵਾਂਗ ਫਿਰ ਚਿੱਤਰ ਖਿੱਚਣ ਲੱਗ ਪਿਆ।...ਪਿੰਡ ਦੇ ਰਾਹ ਵੱਲ ਜਾਂਦਿਆਂ ਉਹਨੂੰ ਇਕ ਬਜ਼ੁਰਗ ਔਰਤ ਦਿਸੀ। ਇਤਫ਼ਾਕਨ ਉਹ ਬਾਬੇ ਦੀ ਰਿਸ਼ਤੇਦਾਰੀ ਵਿਚੋਂ ਸੀ। ਮੈਂ ਬਾਬੇ ਦੀ ਪਟਕਥਾ ਵਾਂਗ ਇਹ ਕਥਾ ਵੀ ਸੁਣੀ। ਫਿਰ ਕਹਿਣ ਲੱਗਿਆ, ''ਆਪਾਂ ਅਜਮੇਰ ਸਿੱਧੂ ਨਾਲ ਗੱਲ ਕਰ ਕੇ, ਸਮਾਧ ਦੀ ਸਫ਼ਾਈ ਕਰਾ ਕੇ ਫੁੱਲਾਂ ਦੇ ਦੋ-ਚਾਰ ਬੂਟੇ ਨਾ ਲਗਾ ਦੇਈਏ?"
ਦੋ ਮਹੀਨੇ ਵੀ ਨਹੀਂ ਲੰਘੇ ਹੋਣੇ ਕਿ ਫ਼ਿਲਮ ਦਾ ਆਖ਼ਰੀ ਸੀਨ ਵੀ ਲਿਖਿਆ ਗਿਆ। ਇਹ ਸੀਨ ਬਾਬੇ ਦੀ ਸਮਾਧ ਉੱਤੇ ਮੁੱਕਦਾ ਹੈ। ਆਖ਼ਰੀ ਸੀਨ ਸੁਣ ਕੇ ਹਟਿਆ ਤਾਂ ਲੱਗਿਆ ਕਿ ਫ਼ਿਲਮ ਦੇਖ ਕੇ ਹਟਿਆ ਹਾਂ। ਪਟਕਥਾ ਵਿਚੋਂ ਬਾਬਾ ਬੂਝਾ ਸਿੰਘ ਦੇ ਦਰਸ਼ਨ ਜਿਸ ਤਰ੍ਹਾਂ ਹੋਏ ਹਨ, ਉਸ ਤੋਂ ਲੱਗਿਆ, ਜੇ ਉਹ ਕਿਸੇ ਦਿਨ ਕਿਸੇ ਰਾਹ ਜਾਂਦਾ ਦਿਸਿਆ ਤਾਂ ਮੈਂ ਉਸ ਨੂੰ ਝੱਟ ਪਛਾਣ ਲਵਾਂਗਾ। ਦਿਲ ਵਿਚ ਉਬਾਲ ਜਿਹਾ ਉੱਠਿਆ ਕਿ ਫ਼ਿਲਮ ਛੇਤੀ ਬਣਨੀ ਚਾਹੀਦੀ ਹੈ। ਵਿਦੇਸ਼ ਵਸਦੇ ਬਾਬੇ ਦੇ ਰਿਸ਼ਤੇਦਾਰ ਅਤੇ ਸੰਤ ਰਾਮ ਉਦਾਸੀ ਟਰੱਸਟ ਦੇ ਪ੍ਰਧਾਨ ਸੁਖਵਿੰਦਰ ਕੰਧੋਲਾ ਨੇ ਫ਼ਿਲਮ ਬਣਾਉਣ ਬਾਰੇ ਗੱਲ ਚਲਾਈ, ਪਰ ਉਹ ਵੀ ਪੱਛਮ ਵਿਚ ਪਏ ਮੰਦਵਾੜੇ ਦੀ ਲਪੇਟ ਵਿਚ ਆ ਗਿਆ। ਬਖ਼ਸ਼ਿੰਦਰ ਅਜੇ ਵੀ ਆਪਣੇ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਿਆ ਦੇਖਣ ਲਈ ਜੂਝ ਰਿਹਾ ਹੈ। ਉਹ ਅਕਸਰ ਕਹਿੰਦਾ ਹੈ, ''ਇਹ ਪ੍ਰਾਜੈਕਟ ਸਿਰੇ ਚੜ੍ਹਨ ਤੋਂ ਭਾਵੇਂ ਅਗਲੇ ਦਿਨ ਹੀ ਮਰ ਜਾਵਾਂ, ਏਦਾਂ ਸਮਝਾਂਗਾ ਕਿ ਜ਼ਿੰਦਗੀ ਵਿਚ ਕੁਝ ਕਰ ਚੱਲਿਆ ਹਾਂ।'' ਮੈਂ ਫਿਰ ਤੜਫ਼ਦਾ ਹਾਂ।
ਬਖ਼ਸ਼ਿੰਦਰ, ਮਸ਼ਹੂਰ ਫ਼ਿਲਮਸਾਜ਼ ਸ਼ਿਆਮ ਬੈਨੇਗਲ ਦੀ ਮਿਸਾਲ ਦਿੰਦਾ ਹੈ, ਜਿਸ ਨੂੰ ਫ਼ਿਲਮ 'ਨਿਸ਼ਾਂਤ' ਪੂਰੀ ਕਰਨ ਲਈ ਤਿੰਨ ਲੱਖ ਕਿਸਾਨਾਂ ਨੇ ਇਕ-ਇਕ ਰੁਪੱਈਆ ਦਿੱਤਾ ਸੀ। ਇਸੇ ਤਰ੍ਹਾਂ ਫ਼ਿਲਮ 'ਨੈਕਸਲਾਈਟ' ਸਿਰੇ ਚਾੜ੍ਹਨ ਲਈ ਖਵਾਜਾ ਅਹਿਮਦ ਅੱਬਾਸ ਨੇ ਆਪਣੇ ਕੈਮਰਾਮੈਨ ਤੇ ਹੋਰ ਸਾਥੀਆਂ ਨੂੰ ਫ਼ਿਲਮ ਦੇ ਖਰਚ ਅਤੇ ਨਫ਼ੇ ਦੇ ਸਾਂਝੀਦਾਰ ਬਣਾ ਲਿਆ ਸੀ। ਉਹ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਦਾ ਹੈ, ''ਬਾਬੇ ਦੇ ਇੰਨੇ ਕੁ ਖ਼ੈਰ-ਖ਼ਵਾਹ ਤਾਂ ਜ਼ਰੂਰ ਹੋਣਗੇ ਕਿ ਇਕ ਫ਼ਿਲਮ ਫਾਇਨਾਂਸ ਕਰ ਸਕਣ?'' ਮੈਂ ਉਸ ਵੱਲੋਂ ਦਿੱਤੀਆਂ ਇਨ੍ਹਾਂ ਦਲੀਲਾਂ ਤੋਂ ਕਾਇਲ ਹੋਣ ਬਗ਼ੈਰ ਨਾ ਰਹਿ ਸਕਿਆ ਤੇ ਕਹਿੰਦਾ ਹਾਂ,''ਮੇਰੇ ਵੱਲੋਂ ਦਸ ਹਜ਼ਾਰ ਰੁਪਏ। ਤੁਸੀਂ ਖਾਤਾ ਖੋਲ੍ਹ ਕੇ ਮਹੂਰਤ ਕਰੋ।'' ਕੋਲ ਬੈਠਾ ਗੁਰਮੇਲ ਸਰਾ ਜਿਹੜਾ ਸਾਡੀਆਂ ਗੱਲਾਂ ਨੀਝ ਲਾ ਕੇ ਸੁਣ ਰਿਹਾ ਸੀ, ਬੋਲਿਆ,''ਮੇਰਾ ਵੀ ਦਸ ਹਜ਼ਾਰ।'' ਮੈਨੂੰ ਫ਼ਿਲਮ ਦੀ ਸ਼ੂਟਿੰਗ ਹੋ ਰਹੀ ਦਿਸਣ ਲੱਗੀ। ਕੁਝ ਚਿਰ ਪਿੱਛੋਂ ਬਖ਼ਸ਼ਿੰਦਰ ਦੀ ਆਵਾਜ਼ ਆਉਣ ਲਗਦੀ ਹੈ,''ਇਸ ਫ਼ਿਲਮ ਉੱਤੇ ਖਰਚੀ ਜਾਣ ਵਾਲੀ ਇਕ ਇਕ ਪਾਈ ਦਾ ਹਿਸਾਬ ਰੱਖਿਆ ਹੀ ਨਹੀਂ ਜਾਵੇਗਾ, ਸਭ ਨੂੰ ਦੱਸਿਆ ਵੀ ਜਾਵੇਗਾ। ਬੈਂਕ ਵਿਚ ਖਾਤਾ ਖੋਲ੍ਹ ਕੇ ਅਸੀਂ 'ਫੇਸਬੁੱਕ' ਰਾਹੀਂ ਸਭ ਨੂੰ ਸੂਚਿਤ ਕਰਾਂਗੇ।'' ਜਿਹੜੀ ਗੱਲ ਮੈਂ ਕਹਿਣ ਨੂੰ ਫਿਰਦਾ ਸਾਂ, ਬਖ਼ਸ਼ਿੰਦਰ ਨੇ ਆਪ ਕਰ ਦਿੱਤੀ।
ਉਸ ਨੇ ਤਾਂ 'ਫੇਸਬੁੱਕ' ਉੱਤੇ 'ਬਾਬਾ ਇਨਕਲਾਬ ਸਿੰਘੀਏ' ਦੇ ਨਾਂ ਹੇਠ ਗਰੁੱਪ ਵੀ ਖੜ੍ਹਾ ਕਰ ਲਿਆ ਹੈ ਅਤੇ ਹੋਕਾ ਦੇ ਰਿਹਾ ਹੈ ਕਿ ਬਾਬੇ ਦੀ ਕੁਰਬਾਨੀ ਦਾ ਮੁੱਲ ਪਾਉਣ ਲਈ ਸਾਂਝਾ ਹੰਭਲਾ ਮਾਰਿਆ ਜਾਵੇ। ਬਿਲਕੁਲ ਉਸੇ ਤਰ੍ਹਾਂ, ਜਿਸ ਤਰ੍ਹਾਂ ਬਾਬਾ ਬੂਝਾ ਸਿੰਘ ਇਸ ਪਟਕਥਾ ਦੇ ਦ੍ਰਿਸ਼ ਨੰਬਰ 41 ਵਿਚ ਆਪਣੀ ਪਤਨੀ ਨਾਲ ਗੱਲਾਂ ਕਰਦਾ ਆਖਦਾ ਹੈ, ''ਮੈਂ ਸਾਰੇ ਜਹਾਨ ਦੀ ਕਬੀਲਦਾਰੀ ਸਹੇੜ ਲਈ ਆਮੈਂ ਸਾਰੀ ਦੁਨੀਆ ਦੇ ਦੁੱਖ-ਦਲਿੱਦਰ ਦੂਰ ਕਰਨੇ ਚਾਹੁੰਨਾਂ।''
ਜੱਗ-ਜਹਾਨ ਦੇ ਦੁੱਖ-ਦਲਿੱਦਰ ਦੂਰ ਕਰਨ ਲਈ ਘਰ ਦੀ ਦਹਿਲੀਜ਼ ਟੱਪਣ ਵਾਲਾ ਬੂਝਾ ਸਿੰਘ ਤਾਉਮਰ ਘਰ ਨਹੀਂ 'ਪਰਤ' ਸਕਿਆ। 41ਵੇਂ ਸੀਨ ਵਿਚ ਉਸ ਦੀ ਪਤਨੀ ਧੰਤੀ ਉਹਨੂੰ ਇਨਕਲਾਬ ਲਈ ਤੋਰਦੀ ਆਖਦੀ ਹੈ, ''ਤੂੰ ਜਿਹੜੇ ਰਾਹੇ ਪੈ ਗਿਆ ਏਂ, ਇਹ ਪਰ'ਪਕਾਰ ਦਾ ਰਾਹ ਆ, ਸੰਤਾਂ-ਮਹਾਪੁਰਖਾਂ ਦਾ ਰਾਹ ਆ। ਇਸ ਰਾਹ ਪਿਆ ਏਂ ਸਰਦਾਰ ਜੀ ਤਾਂ ਫਤਿਹ ਕਰ ਕੇ ਮੁੜੀਂ ਤੇ ਮੈਨੂੰ ਲੋਕਾਂ ਵਲੋਂ ਕੋਈ ਉਲ੍ਹਾਮਾ ਨਾ ਦੁਆਵੀਂ ।''ਤੇ ਬੂਝਾ ਸਿੰਘ ਨੇ ਧੰਤੀ ਨੂੰ ਕੋਈ ਉਲ੍ਹਾਮਾ ਨਹੀਂ ਦਿਵਾਇਆ। ਉਹ ਆਪ ਇਨਕਲਾਬ ਦੇ ਰਾਹ ਚੱਲਿਆ ਅਤੇ ਦੂਜਿਆਂ ਨੂੰ ਵੀ ਪ੍ਰੇਰਿਆ। ਉਹਦੇ ਲਾਏ ਪਾਰਟੀ ਸਕੂਲਾਂ ਵਿਚ ਜਿਹੜਾ ਵੀ ਗਿਆ, ਉਮਰ ਭਰ ਭੁੱਲ ਨਹੀਂ ਸਕਿਆ। ਜਦੋਂ ਜਾਨ 'ਤੇ ਆਣ ਪਈ ਤਾਂ ਰਣ ਤੱਤੇ ਵਿਚ ਜੂਝ ਮਰਿਆ। ਇਸ ਪਟਕਥਾ ਵਿਚ ਬਾਬੇ ਦੇ ਇਨਕਲਾਬੀ ਨੈਣ-ਨਕਸ਼ ਖੂਬ ਉਘੜੇ ਹਨ। ਕੋਈ ਦਾਅਵਾ ਨਹੀਂ ਸਗੋਂ ਯਕੀਨ ਹੈ ਕਿ ਜੇ ਇਸ ਪਟਕਥਾ ਦੇ ਆਧਾਰ 'ਤੇ ਬਣੀ ਫ਼ਿਲਮ ਲੋਕਾਂ ਨੇ ਦੇਖ ਲਈ ਤਾਂ ਬਾਬਾ ਬੂਝਾ ਸਿੰਘ ਉਸ ਫ਼ਿਲਮ ਰਾਹੀ ਲੋਕਾਂ ਦੇ ਦਿਲਾਂ ਉੱਤੇ ਲਿਖਿਆ ਜਾਵੇਗਾ। #
ਬਾਬਾ ਇਨਕਲਾਬ ਸਿੰਘ
ਸੀਨ-40
ਇਨ ਡੋਰ ਬੂਝਾ ਸਿੰਘ ਦਾ ਘਰ ਦਿਨ
(ਸੀਨ ਨੰਬਰ 39 ਵਿਚ ਵੱਜੇ ਠਹਾਕੇ ਵਿਚ ਹੀ ਬੂਝਾ ਸਿੰਘ ਦੇ ਭਰਾ ਤੇ ਪਰਿਵਾਰ ਦੇ ਹੋਰ
ਜੀਆਂ ਦਾ ਠਹਾਕਾ ਰਲ ਜਾਂਦਾ ਹੈ।ਇਉਂ ਲੱਗਦੈ ਜਿਵੇਂ ਕਿਸੇ ਨੇ ਕੋਈ ਗੱਲ ਕੀਤੀ ਹੋਵੇ
ਤੇ ਸਾਰੇ ਜਣੇ ਉਸ 'ਤੇ ਹੱਸੇ ਹੋਣ। ਬੂਝਾ ਸਿੰਘ ਇਕ ਮੰਜੇ ਉੱਤੇ ਬੈਠਾ ਹੈ ਤੇ ਸਾਰਾ
ਪਰਿਵਾਰ ਉਸ ਦੇ ਦੁਆਲੇ ਬੈਠਾ ਹੈ। ਬੂਝਾ ਸਿੰਘ ਦੇ ਭਰਾਵਾਂ ਵਿਚੋਂ ਇਕ ਦਾ ਮੁੰਡਾ
ਕਾਕੂ ਕਹਿੰਦਾ ਹੈ)
ਕਾਕੂ -ਕੁਛ ਵੀ ਆ, ਤਾਇਆ ਪਹਿਲਾਂ ਨਾਲੋਂ ਗੋਰਾ ਹੋ ਕੇ ਆਇਐ।
ਧੰਤੀ -ਚੁੱਪ ਕਰ ਵੇ ਕਾਕੂ ਵੱਡਿਆਂ ਨੂੰ ਐਂ ਨਹੀਂ ਬੋਲੀਦਾ।
ਅਮਰ ਸਿੰਘ -ਓਦਾਂ ਭਾਬੀ, ਕਾਕੂ ਦੀ ਗੱਲ ਤਾਂ ਠੀਕ ਹੀ ਆ। ਜਦੋਂ ਭਾਅ ਆਹ ਵੱਡਾ ਸਾਰਾ ਟਰੰਕ ਚੁੱਕੀ
ਅੰਦਰ ਵੜਿਆ ਤਾਂ ਮੈਂ ਤਾਂ ਇਹੋ ਲੱਖਣ ਲਾਇਆ ਬਈ ਕੋਈ ਓਪਰਾ ਬੰਦਾ ਆ ਵੜਿਆ ਸਾਡੇ
ਘਰ।
ਧੰਤੀ -ਨਾ ਬਈ ਅਮਰ ਸਿੰਹਾਂ ਤੈਨੂੰ ਲੱਗਿਆ ਹੋਊ ਏਦਾਂ। ਮੈਂ ਤਾਂ ਦਰ ਟੱਪਦੇ ਨੂੰ ਸਿਆਣ ਲਿਆ ਸੀ
ਕਿ ਇਹ ਤਾਂ ਸਾਡਾ ਹੀ ਵਲਾਇਤੀਆ ਰਾਹ ਭੁੱਲ ਆਇਐ।
ਬੂਝਾ ਸਿੰਘ -ਮਿਹਣੇ ਨਾ ਮਾਰ ਸਰਦਾਰਨੀਏ, ਰਾਹ ਭੁੱਲਿਆ ਨਹੀਂ, ਸਹੀ ਰਾਹ ਪੈ ਕੇ ਮੁੜਿਆਂ।
ਧੰਤੀ -ਸਾਨੂੰ ਕੀ ਇਲਮ, ਅਸੀਂ ਤਾਂ ਉਹੀ ਕਿਹਾ, ਜੋ ਸਾਡੇ ਨਾਲ ਹੋਇਆ-ਬੀਤਿਐ।
ਅਮਰ ਸਿੰਘ ਚਲੋ ਤੁਸੀਂ ਆਪਣਾ ਨਿਆਂ ਫੇਰ ਕਰਦੇ ਰਿਹੋ। ਮੈਂ ਚੱਲਿਆਂ ਖੂਹ ਨੂੰ, ਬਾਪੂ ਨੂੰ ਭਾਅ ਦੇ ਆਉਣ
ਦੀ ਖ਼ਬਰ ਦੇਣ। ਉਨ੍ਹੇ ਕਹਿਣਾ ਮੈਨੂੰ ਸਾਰੇ ਪਿੰਡ ਨੂੰ ਖ਼ਬਰ ਹੋਣ ਤੋਂ ਮਗਰੋਂ ਦੱਸਿਐ। ਭਾਅ ਤੂੰ ਵੀ
ਹੱਥ-ਮੂੰਹ ਸੁੱਚਾ ਕਰ ਕੇ, ਅੰਨ-ਪਾਣੀ ਛਕ ਕੇ ਘੜੀ ਸਰਾਮ ਕਰ ਲੈ, ਲੰਮਾ ਪੈਂਡਾ ਕਰ ਕੇ
ਥੱਕਿਆ ਹੋਵੇਂਗਾ। ਮੈਂ ਗਿਆ ਤੇ ਆਇਆ। ਫੇਰ ਸੁਣਾਂਗੇ ਸਾਰੇ ਜਣੇ ਬੈਠ ਕੇ ਤੇਰੇ ਸਫ਼ਰ ਦਾ
ਚਿੱਠਾ।(ਇਹ ਕਹਿ ਕੇ ਉਹ ਤੁਰਨ ਹੀ ਲੱਗਦਾ ਹੈ ਕਿ ਬਾਪੂ ਧਰਮ ਸਿੰਘ ਵੀ ਬੂਹੇ ਆ ਵੜਦਾ ਹੈ
ਤੇ ਕਹਿੰਦਾ ਹੈ)
ਧਰਮ ਸਿੰਘ ਓਏ ਤੇਰੇ ਆਉਣ ਦੀਆਂ ਵਧਾਈਆਂ ਦੇਣ ਵਾਲੇ ਤਾਂ ਮੈਨੂੰ ਖੂਹ 'ਤੇ ਵੀ ਜਾ ਮਿਲੇ, ਤੇਰਾ ਚਿੱਤ
ਨਾ ਕੀਤਾ ਮੈਨੂੰ ਮਿਲਣ ਨੂੰ? (ਇੰਨਾ ਕਹਿੰਦਾ ਹੀ ਉਹ ਉੱਠ ਕੇ ਖੜ੍ਹੇ ਹੋ ਗਏ ਬੂਝਾ ਸਿੰਘ ਨੂੰ
ਕਲਾਵੇ ਵਿਚ ਲੈ ਲੈਂਦਾ ਹੈ ਤੇ ਬੂਝਾ ਸਿੰਘ ਕਲਾਵਾ ਢਿੱਲਾ ਹੁੰਦੇ ਹੀ ਝੁਕ ਕੇ ਬਾਪੂ ਦੇ ਗੋਡੀਂ ਹੱਥ
ਲਾ ਕੇ ਕਹਿੰਦਾ ਹੈ)
ਬੂਝਾ ਸਿੰਘ -ਅਜੇ ਤਾਂ ਆ ਕੇ ਜੁੱਤੀ ਲਾਹੀ ਆ ਬਾਪੂ, ਅਮਰ ਸਿਹੁੰ ਤੈਨੂੰ ਦੱਸਣ ਜਾਣ ਲਈ ਤੁਰਨ
ਹੀ ਲੱਗਿਆ ਸੀ ਖੂਹ ਨੂੰ ਕਿ ਤੂੰ ਆ ਗਿਆ। ਮੈਨੂੰ ਆਏ ਨੂੰ ਕਿਹੜਾ ਦਸ ਦਿਨ ਹੋ ਗਏ।
ਧਰਮ ਸਿੰਘ -ਤੂੰ ਤਾਂ ਕੋਹੜਿਆ ਮੂਲੋਂ ਹੀ ਨਿਰਮੋਹਾ ਹੋ ਗਿਆ, ਜਾ ਕੇ ਕੋਈ ਚਿੱਠੀ ਨਾ ਚੀਰਾ।
ਬੂਝਾ ਸਿੰਘ -ਉਹ ਵੀ ਸਾਰੀਆਂ ਗੱਲਾਂ ਕਰਾਂਗੇ ਬਾਪੂ, ਪਹਿਲਾਂ ਇਹ ਦੱਸ ਤੇਰੀ ਸਿਹਤ ਕਿੱਦਾਂ ਰਹਿੰਦੀ ਆ
ਹੁਣ?
ਧਰਮ ਸਿੰਘ -ਤੂੰ ਮੇਰੀ ਸਿਹਤ ਦਾ ਫਿਕਰ ਕਦੋਂ ਦਾ ਕਰਨ ਲੱਗ ਪਿਐਂ? ਤੂੰ ਤਾਂ ਲਾਂਭੇ ਹੋ ਗਿਆ, ਤੈਨੂੰ ਕੀ
ਕੋਈ ਮਰੇ ਕੋਈ ਜੀਵੇ।
ਬੂਝਾ ਸਿੰਘ -ਤੂੰ ਹੁਣ 'ਸਾਨ ਲਾਉਣੇ ਛੱਡ ਵੀ ਦੇ।
ਧਰਮ ਸਿੰਘ -ਤੇਰੇ 'ਤੇ ਕਾਹਦੇ 'ਸਾਨ ਮੱਲਾ, ਏਸ ਬੇਗਾਨੀ ਧੀ ਵੱਲ ਦੇਖ, ਜਿਹੜੀ ਮੇਰੀ ਨੂੰਹ ਨਹੀਂ, ਧੀ ਵੀ
ਬਣੀ ਤੇ ਪੁੱਤ ਵੀ। ਇਕ ਤੂੰ ਏਂ ਜਿਹੜਾ ਪੁੱਤ ਹੋ ਕੇ ਵੀ...
(ਧਰਮ ਸਿੰਘ ਦਾ ਗੱਚ ਭਰ ਆਉਂਦਾ ਹੈ ਤੇ ਧੰਤੀ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਕਹਿੰਦੀ ਹੈ)
ਧੰਤੀ -ਬੱਸ ਵੀ ਕਰ ਬਾਪੂ ਜੀ ਕਿਹਦੇ ਅੱਗੇ ਬੀਨ ਵਜਾਉਣ ਡਿਹਾ ਏਂ।
ਬੂਝਾ ਸਿੰਘ ਲੈ ਹੁਣ ਇਹ ਵੀ ਪਾਛੂ ਬਣ ਗਈ ਆ। ਓ ਯਾਰ, ਮੈਂ ਹੁਣ ਏਥੇ ਹੀ ਆਂ, ਟੰਗ ਲਿਓ ਜਿਹੜੇ
ਫਾਹੇ ਟੰਗਣਾ ਹੋਇਆ।
ਧਰਮ ਸਿੰਘ -ਫਾਹੇ ਤਾਂ ਸਾਨੂੰ ਤੂੰ ਟੰਗ ਕੇ ਟਿਭ ਗਿਆ।
ਅਮਰ ਸਿੰਘ ਚੁੱਪ ਕਰ ਜਾ ਬਾਪੂ! ਭਾਅ, ਤੂੰ ਹੀ ਕੁਛ ਸਿਆਣਾ ਬਣ। ਜਹਾਨ ਕੀ ਕਹੂ ਪਈ ਆਉਣ ਸਾਰ
ਹੀ ਝੰਜੂਆੜਾ ਪੈ ਗਿਆ। ਭਾਬੀ ਤੂੰ ਤਾਂ ਏਨੀ ਸਿਆਣੀ ਹੋ ਕੇ ਵੀਮੈਂ ਤੈਨੂੰ ਸਮਝਾਉਂਦਾ ਚੰਗਾ
ਲੱਗਦਾਂ? ਜਾ ਅੰਦਰ ਜਾ ਕੇ ਕੋਈ ਰੋਟੀ ਟੁਕ ਦਾ ਆਹਰ ਕਰੋ ਭਾਅ ਲਈ। ਇਹ ਗੱਲਾਂ ਕਰਨ
ਨੂੰ ਬਥੇਰੀ ਉਮਰ ਪਈ ਆ। ਬਹਿ ਗਏ ਖੂਹ 'ਚ ਡਿੱਗੇ ਨੂੰ।
(ਇੰਨੇ ਨੂੰ ਅਮਰ ਸਿੰਘ ਦੇ ਘਰ ਵਾਲੀ ਘੁੰਡ ਕੱਢੀ ਆ ਕੇ ਬੂਝਾ ਸਿੰਘ ਅੱਗੇ ਰੋਟੀ
ਦੀ ਥਾਲੀ ਰੱਖ ਕੇ ਉਸ ਦੇ ਪੈਰੀਂ ਹੱਥ ਲਾ ਜਾਂਦੀ ਹੈ ਤਾਂ ਅਮਰ ਸਿੰਘ ਮਾਹੌਲ
ਬਦਲਣ ਲਈ ਕਹਿੰਦਾ ਹੈ)
-ਚੱਲ ਤੂੰ ਚੰਗੇ ਵੇਲੇ ਚਾਂਦ ਮਾਰੀ ਕਰ ਗਈ, ਨਹੀਂ ਤਾਂ ਓਦਾਂ ਕਿਹੜਾ ਭਾਅ ਨੇ ਤੈਨੂੰ ਆਪਣੇ ਪੈਰਾਂ
ਤਕ ਪਹੁੰਚਣ ਦੇਣਾ ਸੀ।
(ਨਾ ਚਾਹੁੰਦਿਆਂ ਵੀ ਸਾਰਿਆਂ ਦਾ ਹਾਸਾ ਨਿਕਲ ਜਾਂਦਾ ਹੈ ਤੇ ਅਮਰ ਸਿੰਘ ਕਹਿੰਦਾ ਹੈ)
-ਹੁਣ ਮੋਟੀ ਮੋਟੀ ਭੁੱਖ ਮਾਰ ਲਾ ਭਾਅ, ਰੋਟੀ ਤਾਂ ਆਪਾਂ ਖੂਹ ਦਾ ਗੇੜਾ ਮਾਰ ਕੇ ਆ ਕੇ ਹੀ
ਖਾਵਾਂਗੇ। ਕੱਟ
ਸੀਨ-41
ਇਨ ਡੋਰ ਬੂਝਾ ਸਿੰਘ ਦੇ ਘਰ ਦੀ ਇਕ ਬੈਠਕ ਰਾਤ
(ਧੰਤੀ ਆਪਣੇ ਘਰ ਦੇ ਇਕ ਕਮਰੇ ਵਿਚ ਮੰਜੇ ਬਿਸਤਰੇ ਵਿਛਾ ਰਹੀ ਹੈ।ਇੰਨੇ
ਵਿਚ ਬੂਝਾ ਸਿੰਘ, ਜਿਸ ਨੇ ਉਹੋ ਹੀ ਲਿਬਾਸ ਪਾਇਆ ਹੋਇਆ ਹੈ, ਜੋ ਉਸ ਨੇ
ਸੀਨ 40 ਵਿਚ ਵਿਦੇਸ਼ ਤੋਂ ਆਉਣ ਸਮੇਂ ਤੇ ਅਮਰ ਸਿੰਘ ਨਾਲ ਖੂਹ ਨੂੰ ਜਾਣ
ਸਮੇਂ ਪਾਇਆ ਹੋਇਆ ਸੀ, ਅੰਦਰ ਵੜਦਾ ਹੈ।ਉਸ ਵਲੋਂ ਬੂਹਾ ਖੋਲ੍ਹਣ ਨਾਲ
ਹੋਇਆ ਖੜਾਕਾ ਸੁਣ ਕੇ ਧੰਤੀ ਕਹਿੰਦੀ ਹੈ)
ਧੰਤੀ -ਹੋ ਗਿਆ ਮੇਲ ਮਿਲਾਪ ਤੋਂ ਵਿਹਲਾ ਸਰਦਾਰ ਜੀ?
ਬੂਝਾ ਸਿੰਘ -ਵਿਹਲਾ ਹੋ ਗਿਆ ਜਾਂ ਨਹੀਂ, ਤੂੰ ਇਹ ਦੱਸ ਤੇਰੇ ਕੋਲ ਵਿਹਲ ਹੈਗਾ ਮੇਰੇ ਕੋਲ ਦੋ ਪਲ
ਬੈਠਣ ਜੋਗਾ?
ਧੰਤੀ -ਵਿਹਲ ਈ ਵਿਹਲ ਆ, ਆਪਾਂ ਨੂੰ ਉੱਥੇ ਕਿਹੜਾ ਕੋਈ ਕੰਮ ਆ। ਕਰਨ-ਕਰਾਉਣ ਵਾਲੇ
ਆਪੇ ਹੀ ਬਥੇਰਾ ਕੰਮ ਕਰੀ ਜਾਂਦੇ ਆ।
ਬੂਝਾ ਸਿੰਘ -ਦੇਖ, ਜੇ ਏਦਾਂ ਟਾਂਚਾਂ-ਟਕੋਰਾਂ ਹੀ ਮਾਰੀ ਜਾਏਂਗੀ ਤਾਂ ਗੱਲ ਨਹੀਂ ਬਣਨੀ।
ਧੰਤੀ -ਹੁਣ ਤਕ ਓਦਾਂ ਵੀ ਗੱਲ ਕਿੰਨੀ ਕੁ ਬਣੀ ਹੋਈ ਆ ਸਰਦਾਰਾ? ਰਹਿੰਦੀ-ਖੂੰਹਦੀ ਤੇਰੇ
ਟਰੰਕ ਨੇ ਬਣਾ ਦਿੱਤੀ, ਜਿਸ ਵਿਚੋਂ ਤੇਰੇ ਮੈਲ਼ੇ ਲੀੜਿਆਂ ਤੋਂ ਬਿਨਾਂ ਕੁਛ ਨਹੀਂ
ਨਿਕਲਿਆ।
ਬੂਝਾ ਸਿੰਘ -ਅੱਛਾ ਟਰੰਕ ਦੀ ਤਲਾਸ਼ੀ ਤਾਂ ਤੂੰ ਲੈ ਹੀ ਹਟੀ ਏਂ, ਇਸ ਬੰਦੇ ਦਾ ਮਨ ਵੀ ਟੋਹ ਲਾ
ਹੁਣ।(ਇਹ ਕਹਿੰਦਾ ਬੂਝਾ ਸਿੰਘ, ਧੰਤੀ ਦੇ ਮੋਢੇ 'ਤੇ ਹੱਥ ਰੱਖਣ ਲੱਗਦਾ ਹੈ ਤਾਂ ਧੰਤੀ
ਤ੍ਰਬਕ ਕੇ ਪਿੱਛੇ ਹਟ ਜਾਂਦੀ ਹੈ)
ਧੰਤੀ -ਹੱਥ ਨਾ ਲਾਈਂ ਮੈਨੂੰ, ਜਿਹੜੀ ਗੱਲ ਕਰਨੀ ਆ, ਪਰ੍ਹਾਂ ਬੈਠਾ ਈ ਕਰੀ ਚੱਲ।
ਬੂਝਾ ਸਿੰਘ -ਦੇਖ ਤੂੰ ਮੈਨੂੰ ਉਸ ਗੁਨਾਹ ਦੀ ਸਜ਼ਾ ਦੇਈ ਜਾਨੀ ਏਂ, ਜਿਹੜਾ ਮੈਂ ਕੀਤਾ ਈ ਨਹੀਂ।
ਧੰਤੀ -ਗੁਨਾਹ? ਤੂੰ ਤਾਂ ਤਿੰਨ ਨਿਆਣਿਆਂ ਦਾ ਪੇ ਬਣ ਕੇ ਘਰੋਂ ਤੁਰ ਗਿਆ ਸੀ, ਮੈਨੂੰ ਇੱਥੇ ਸੱਤ
ਨਿਆਣਿਆਂ ਦੀ ਮਾਂ ਬਣਨਾ ਪੈ ਗਿਆ। ਮੈਂ ਆਪਣੇ ਪਾਲਦੀ ਕਿ ਬਾਪੂ ਦੇ ਵਿਆਹੁੰਦੀ-
ਨਜਿੱਠਦੀ?
ਬੂਝਾ ਸਿੰਘ -ਮੈਨੂੰ ਇਨ੍ਹਾਂ ਗੱਲਾਂ ਦਾ ਤੇਰੇ ਦੱਸਣ ਨਾਲੋਂ ਵੱਧ ਪਤੈ। ਤੂੰ ਆਪਣੀ ਤੇ ਬਾਪੂ ਦੀ ਕਬੀਲਦਾਰੀ
ਬਾਰੇ ਹੀ ਸੋਚਦੀ ਏਂ, ਮੈਂ ਸਾਰੇ ਜਹਾਨ ਦੀ ਕਬੀਲਦਾਰੀ ਸਹੇੜ ਲਈ ਆ।
ਧੰਤੀ -ਕਿਉਂ, ਤੂੰ ਕੋਈ ਹੋਰ ਟੱਬਰ ਕਰ ਲਿਆ ਆ?
ਬੂਝਾ ਸਿੰਘ -ਏਨੀ ਸਿਆਣੀ ਹੋ ਕੇ ਵੀ ਤੂੰ ਗੱਲ ਸਮਝਦੀ ਕਿਉਂ ਨਹੀਂ ਧੰਤ ਕੋਰੇ? ਮੈਨੂੰ ਸਾਰਾ ਜਹਾਨ
ਆਪਣਾ ਟੱਬਰ ਲੱਗਦੈ, ਮੈਂ ਸਾਰੀ ਦੁਨੀਆਂ ਦੇ ਦੁੱਖ-ਦਲਿੱਦਰ ਦੂਰ ਕਰਨੇ ਚਾਹੁੰਨਾ।
ਧੰਤੀ -ਜਿਹੜਾ ਬੰਦਾ ਆਪਣਾ ਘਰ ਨਾ ਸੁਆਰ ਸਕੇ, ਉਹ ਜੱਗ-ਜਹਾਨ ਦੇ ਦੁੱਖ ਕਿੱਦਾਂ ਤੋੜ ਦਊ
ਭਲਾ?
ਬੂਝਾ ਸਿੰਘ -ਇਹੋ ਤਾਂ ਗੱਲ ਆ ਜਿਹੜੀ ਮੈਂ ਤੈਨੂੰ ਸਮਝਾਉਣੀ ਚਾਹੁੰਨਾ।
ਧੰਤੀ -ਮੇਰੇ ਗੋਲ ਖਾਨੇ ਨਹੀਂ ਪੈਂਦੀਆਂ ਤੇਰੀਆਂ ਇਹ ਚਾਰ ਖੂੰਜੀਆਂ।
ਬੂਝਾ ਸਿੰਘ -ਤੇਰੇ ਹੀ ਨਹੀਂ, ਹਾਲੇ ਇਹ ਹੋਰ ਬਹੁਤਿਆਂ ਦੇ ਨਹੀਂ ਪੈਣੀਆਂ। ਪਹਿਲਾਂ ਸਾਨੂੰ ਇਹੋ ਕੰਮ
ਕਰਨਾ ਪੈਣਾ ਆ।
ਧੰਤੀ -ਸਾਨੂੰ? ਕੋਈ ਹੋਰ ਵੀ ਆ ਤੇਰੇ ਨਾਲ?
ਬੂਝਾ ਸਿੰਘ ਆਹੋ, ਸਾਡੀ ਪਾਰਟੀ ਆ, ਉਸ ਦੇ ਲੀਡਰ ਆ। ਤੂੰ ਪਹਿਲਾਂ ਮੇਰੀ ਇਕ ਗੱਲ ਧਿਆਨ
ਨਾਲ ਸੁਣ। ਆਪਾਂ ਆਪਣੇ ਘਰ ਦਾ ਕੂੜਾ ਸੁੰਭਰ ਕੇ ਨਾਲ ਦੇ ਘਰ ਦੀ ਮੁੱਖ ਨਾਲ ਲਾ ਕੇ
ਇਹ ਸਮਝਦੇ ਹਾਂ ਕਿ ਸਾਡਾ ਘਰ ਸੁਥਰਾ ਹੋ ਗਿਆ। ਅਸਲ ਵਿਚ ਹੁੰਦਾ ਕੀ ਆ ਕਿ
ਅਸੀਂ ਉਹ ਕੂੜਾ ਆਪਣੇ ਘਰੋਂ ਕੱਢ ਕੇ ਕਿਸੇ ਹੋਰ ਦੇ ਘਰ ਨੇੜੇ ਰੱਖ ਦਿੱਤਾ, ਇਸ ਨਾਲ
ਗੰਦ ਖ਼ਤਮ ਤਾਂ ਨਾ ਹੋਇਆ ਨਾ?
ਧੰਤੀ -ਨਾ ਹੋਵੇ, ਸਾਡਾ ਘਰ ਤਾਂ ਸੁਥਰਾ ਹੋ ਈ ਗਿਆ।
ਬੂਝਾ ਸਿੰਘ ਇਹੋ ਤਾਂ ਉਹ ਸੋਚ ਆ, ਜਿਸ ਨੂੰ ਬਦਲਣ ਦੀ ਲੋੜ ਆ। ਜੇ ਤੇਰੀ ਗੁਆਂਢਣ ਉਹ ਕੂੜਾ
ਤੇ ਆਪਣੇ ਘਰ ਦਾ ਕੂੜਾ ਹੂੰਝ ਕੇ ਤੀਜੇ ਘਰ ਦੀ ਮੁੱਖ ਨਾਲ ਲਾ ਆਵੇ ਤਾਂ ਤੀਜੇ ਘਰ ਵਾਲ਼ੀ
ਨੂੰ ਆਪਣੇ ਸਣੇ ਤਿੰਨ ਘਰਾਂ ਦਾ ਕੂੜਾ ਹੂੰਝਣਾ ਪੈ ਜਾਊ। ਏਦਾਂ ਹੀ ਇਸ ਬੀਹੀ ਦੇ ਅਖੀਰਲੇ
ਘਰ ਵਾਲ਼ੀ ਨੂੰ ਸਾਰੀ ਬੀਹੀ ਦਾ ਕੂੜਾ ਚੁੱਕਣਾ/ਹੂੰਝਣਾ ਨਾ ਪੈ ਜਾਊ?
ਧੰਤੀ -ਫੇਰ ਤਾਂ ਏਦਾਂ ਹੀ ਹੋਊ।
ਬੂਝਾ ਸਿੰਘ ਉਸ ਅਖੀਰਲੇ ਘਰ ਵਾਲੀ ਨੂੰ ਇਸ ਜਹਿਮਤ ਤੋਂ ਬਚਾਇਆ ਜਾ ਸਕਦੈ।
ਧੰਤੀ -ਉਹ ਕਿੱਦਾਂ?
ਬੂਝਾ ਸਿੰਘ ਜੇ ਸਾਰੇ ਘਰਾਂ ਦੀਆਂ ਤੀਮੀਆਂ ਆਪਣੇ-ਆਪਣੇ ਘਰ ਦਾ ਕੂੜਾ ਇਕ-ਦੂਜੀ ਦੇ ਘਰ
ਦੀਆਂ ਮੁੱਖਾਂ ਨਾਲ ਲਾਉਣ ਦੀ ਥਾਂ 'ਕੱਠੀਆਂ ਹੋ ਕੇ ਸਾਰੀ ਬੀਹੀ ਸੁੰਭਰ ਲੈਣ ਤਾਂ ਕੰਮ ਤਾਂ
ਓਨਾ ਹੀ ਹੋਊ, ਰਲ ਕੇ ਕਰਦਿਆਂ ਕਿਸੇ ਨੂੰ ਵੀ ਭਾਰਾ ਨਾ ਲੱਗੂ ਤੇ ਆਪਸ ਵਿਚ
ਭਾਈਚਾਰਾ ਵੀ ਵਧੂਗਾ।
ਧੰਤੀ -ਚਲੋ, ਤੁਹਾਡੀ ਇਹ ਗੱਲ ਮੰਨ ਲਈ, ਪਰ ਸਾਰੀ ਬੀਹੀ ਦੀਆਂ ਤੀਮੀਆਂ ਨੂੰ 'ਕੱਠੀਆਂ
ਕੌਣ ਕਰੂ?
ਬੂਝਾ ਸਿੰਘ ਇਹ ਕੰਮ ਹੁਣ ਤੂੰ ਕਰ ਸਕਦੀ ਏਂ।ਬੱਸ ਇਹੋ ਜਿਹੀਆਂ ਕੁਛ ਗੱਲਾਂ ਸਿੱਖ ਕੇ ਆਇਆਂ। ਜੇ
ਮੈਂ ਤੇ ਮੇਰੇ ਨਾਲਦੇ, ਲੋਕਾਂ ਤੋਂ ਇਹੋ ਜਿਹੀਆਂ ਗੱਲਾਂ ਉੱਤੇ ਅਮਲ ਕਰਾਉਣ 'ਚ ਕਾਮਯਾਬ
ਹੋ ਗਏ ਤਾਂ ਇਸ ਜਹਾਨ ਤੋਂ ਸਾਰਾ ਹੀ ਕੂੜਾ ਤੇ ਦੁੱਖ-ਦਲਿੱਦਰ ਥੋੜ੍ਹੇ ਜਿਹੇ ਸਮੇਂ ਵਿਚ ਹੀ
ਹੂੰਝਿਆ ਜਾਊ ਤੇ ਇਸੇ ਕੰਮ ਨੂੰ ਹੀ ਇਨਕਲਾਬ ਕਹਿੰਦੇ ਹਨ।
(ਕੁਝ ਚਿਰ ਚੁੱਪ ਕਰ ਕੇ ਧੰਤੀ 'ਤੇ ਆਪਣੀ ਗੱਲ ਦਾ ਅਸਰ ਹੁੰਦਾ ਦੇਖਦਾ
ਹੈ। ਧੰਤੀ, ਜੋ ਹੁਣ ਤਕ ਉਸ ਤੋਂ ਪਰ੍ਹਾਂ ਦੂਜੇ ਮੰਜੇ ਉੱਤੇ ਬੈਠੀ ਹੁੰਦੀ ਹੈ,
ਉਸ ਦੇ ਨੇੜੇ ਆ ਕੇ ਗ਼ੌਰ ਨਾਲ ਉਸ ਦਾ ਚਿਹਰਾ ਇਸ ਤਰ੍ਹਾਂ ਦੇਖਦੀ ਹੈ,
ਜਿੱਦਾਂ ਉਸ ਨੂੰ ਪਛਾਨਣ ਦਾ ਯਤਨ ਕਰ ਰਹੀ ਹੋਵੇ। ਧੰਤੀ ਦੇ ਚਿਹਰੇ ਦੇ
ਪ੍ਰਭਾਵਾਂ ਵਿਚ ਆਈ ਨਰਮੀ ਮਹਿਸੂਸ ਕਰ ਕੇ ਬੂਝਾ ਸਿੰਘ ਉਸ ਨੂੰ ਬਹੁਤ
ਹੀ ਪੁਖ਼ਤਾ ਤੇ ਪ੍ਰਭਾਵਸ਼ਾਲੀ ਸੁਰ ਵਿਚ ਕਹਿੰਦਾ ਹੈ)
ਬੂਝਾ ਸਿੰਘ -ਤੇ ਮੈਂ ਇਨਕਲਾਬ ਲਿਆਉਣਾ ਆ, ਇਨਕਲਾਬ ਲਿਆ ਕੇ ਹੀ ਦਮ ਲੈਣਾ ਆ।
ਧੰਤੀ -ਹੁਣ ਬਹਿ ਗਈ ਆ ਮੇਰੇ ਵੀ ਖਾਨੇ ਗੱਲ।
ਬੂਝਾ ਸਿੰਘ -ਏਦਾਂ ਹੀ ਹਰ ਹਿੰਦੁਸਤਾਨੀ ਦੇ ਖਾਨੇ ਵਿਚ ਇਹ ਗੱਲ ਬਹਾਉਣ ਲਈ ਮੈਂ ਭਲਕੇ-ਪਰਸੋਂ
ਤੁਰ ਜਾਣਾ ਆ। ਹੁਣ ਮੈਂ ਤੇਰੇ ਘਰ ਕਦੇ-ਕਦਾਈਂ ਦਾ ਪ੍ਰਾਹੁਣਾ ਹੀ ਹੋਇਆ ਕਰੂੰ ਧੰਤ
ਕੋਰੇ।
ਧੰਤੀ -ਇਕ ਗੱਲ ਮੇਰੀ ਵੀ ਸੁਣ ਲਾ ਸਰਦਾਰ ਜੀ, ਤੇਰੀਆਂ ਦੋਵੇਂ ਧੀਆਂ ਵਿਆਹੁਣ ਯੋਗ ਆ
ਸੁੱਖ ਨਾਲ, ਤੂੰ ਉਨ੍ਹਾਂ ਦੇ ਹੱਥ ਪੀਲੇ ਕਰ ਜਾ ਆਪਣੀ ਹਾਜਰੀ 'ਚ, ਬਾਕੀ ਮੈਂ ਜਾਣਾ, ਮੇਰਾ
ਕੰਮ।
ਬੂਝਾ ਸਿੰਘ ਤੇਰਾ ਕਿਹਾ ਸਿਰ ਮੱਥੇ।
ਧੰਤੀ -ਇਕ ਗੱਲ ਹੋਰ, ਤੂੰ ਜਿਹੜੇ ਰਾਹੇ ਪੈ ਗਿਆ ਏਂ, ਇਹ ਪਰ'ਪਕਾਰ ਦਾ ਰਾਹ ਆ, ਸੰਤਾਂ-
ਮਹਾਪੁਰਖਾਂ ਦਾ ਰਾਹ ਆ। ਇਸ ਰਾਹ ਪਿਆ ਏਂ ਸਰਦਾਰ ਜੀ ਤਾਂ ਫਤਿਹ ਕਰ ਕੇ ਮੁੜੀਂ
ਤੇ ਮੈਨੂੰ ਲੋਕਾਂ ਵਲੋਂ ਕੋਈ ਉਲ੍ਹਾਮਾ ਨਾ ਦੁਆਵੀਂ। ਕੱਟ
#
ਹੁਣ ਤੋਂ ਅਗਲੀ ਗੱਲ: 27 ਜੁਲਾਈ, 2010 ਨੂੰ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਹੋਇਆਂ 40 ਸਾਲ ਹੋ ਜਾਣਗੇ। ਕਿੰਨੀ ਚੰਗੀ ਗੱਲ ਹੋਵੇ ਜੇ ਇਸੇ ਦਿਨ ਬਾਬਾ ਜੀ ਨੂੰ 'ਬਾਬਾ ਇਨਕਲਾਬ ਸਿੰਘ' ਦੇ ਰੂਪ ਵਿਚ ਸਾਕਾਰ ਕਰਨ ਦਾ ਅਮਲ ਵਿੱਢ ਲਿਆ ਜਾਵੇ।
ਤੁਹਾਡਾ ਕੀ ਖਿਆਲ ਹੈ?
-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।
ਹੁਣ ਤੋਂ ਧੰਨਵਾਦ ਸਾਹਿਤ
ਵੰਨਗੀ :
ਬਾਬਾ ਬੂਝਾ ਸਿੰਘ
Subscribe to:
Post Comments (Atom)
ਬਖਸ਼ਿੰਦਰ ਜੀ ਨੇ ਬਾਬਾ ਬੂਝਾ ਸਿੰਘ ਬਾਰੇ ਫਿਲਮ ਦੀ ਪਟਕਥਾ ਲਿਖੀ ਹੈ ਜਿਸਦੇ ਦੋ ਸੀਨ ਪੜ੍ਹਨ ਦਾ ਮੌਕਾ ਮਿਲਿਆ| ਬਾਬਾ ਜੀ ਦੀ ਬੇਬੇ ਧੰਤੀ ਨਾਲ ਗੱਲਬਾਤ ਪੜਕੇ ਗਲ ਭਰ ਆਇਆ| ਮਾਤਾ ਕਹਿੰਦੀ ਐ "ਤੂੰ ਜਿਹੜੇ ਰਾਹੇ ਪੈ ਗਿਆ ਏਂ, ਇਹ ਪਰ'ਪਕਾਰ ਦਾ ਰਾਹ ਆ, ਸੰਤਾਂ-ਮਹਾਪੁਰਖਾਂ ਦਾ ਰਾਹ ਆ। ਇਸ ਰਾਹ ਪਿਆ ਏਂ ਸਰਦਾਰ ਜੀ ਤਾਂ ਫਤਿਹ ਕਰ ਕੇ ਮੁੜੀਂ
ReplyDeleteਤੇ ਮੈਨੂੰ ਲੋਕਾਂ ਵਲੋਂ ਕੋਈ ਉਲ੍ਹਾਮਾ ਨਾ ਦੁਆਵੀਂ।" ਕਾਸ਼ ਇਹ ਗੱਲ ਸਾਡੇ ਅਤੇ ਸਾਡੇ ਹੋਰ ਵੀਰਾਂ ਦੇ ਖਾਨੇ 'ਚ ਵੀ ਪੈ ਜਾਂਦੀ, ਅਸੀਂ ਇਸ ਰਾਹ ਦੀ ਸੁੱਚਤਾ ਨੂੰ ਪਛਾਣ ਸਕਦੇ| ਅਸੀਂ ਤਾਂ ਇਹੀ ਸੋਚਦੇ ਰਹੇ ਕਿ ਜੇ ਇਨਕਲਾਬ ਹੋਵੇ ਤਾਂ ਸਾਡੀ ਅਗਵਾਈ ਹੇਠਾਂ ਹੀ ਹੋਵੇ| ਰੂੜੀਵਾਦੀਆਂ ਬਾਰੇ ਬੋਲਦੇ ਬੋਲਦੇ ਅਸੀਂ ਕਿੰਨੇ ਸੰਕੀਰਣ ਹੋ ਗਏ| ਅਰਦਾਸ ਹੈ ਕਿ ਅਸੀਂ ਬਾਬਾ ਬੂਝਾ ਸਿੰਘ ਤੋਂ ਕੁਝ ਸਿਖ ਸਕੀਏ, ਬਾਬਾ ਜੀ ਵਾਲੀ ਸੁੱਚਤਾ ਅਤੇ ਕਾਜ ਪ੍ਰਤੀ ਵਚਨਬੱਧਤਾ ਸਾਡੇ ਮਨਾਂ ਵਿੱਚ ਵੀ ਆ ਜਾਵੇ|
ਨਵਦੀਪ ਸਿੰਘ ਸਕਰੌਦੀ