ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, May 22, 2010

ਵਿਆਨਾ ਕਾਂਡ- ਪੱਤਰਕਾਰ ਦਾ ਨਿਜੀ ਤਜ਼ਰਬਾ

ਡੇਰਾ ਸੱਚਖੰਡ ਬੱਲਾਂ ਦੇ ਬਾਬਾ ਰਾਮਾਨੰਦ ਦੇ ਕਤਲ ਦੀ ਘਟਨਾ ਨੂੰ ਪੂਰਾ ਸਾਲ ਬੀਤ ਚੁੱਕਿਆ ਹੈ। ਇਕ ਸਾਲ ਪਹਿਲਾਂ ਨਰਿੰਦਰਪਾਲ ਨੇ ਆਪਣੀ ਰਿਪੋਰਟਿੰਗ ਦੇ ਤਜ਼ਰਬਿਆਂ ਦਾ ਅੱਖੀਂ ਡਿੱਠਾ ਹਾਲ ਬਿਆਨ ਕਰਦੀ ਇਕ ਰਪਟ ਲਿਖੀ ਸੀ।ਜੋ ਬੀਤੇ ਦਿਨ ਨਰਿੰਦਰ ਨੇ ਭੇਜੀ।ਲੋਕਾਂ ਨੂੰ ਜਾਣਕਾਰੀਆਂ ਦੇਣ ਵਾਲੇ ਪੱਤਰਕਾਰਾਂ ਦੇ ਰਿਪੋਰਟਿੰਗ ਦੌਰਾਨ ਕੀ ਤਜ਼ਰਬੇ ਹੁੰਦੇ ਨੇ...ਇਹ ਨਰਿੰਦਰਪਾਲ ਦੀ ਲਿਖਤ ਬਿਆਨ ਕਰਦੀ ਹੈ।-ਗੁਲਾਮ ਕਲਮ

ਆਪਣੇ ਸ਼ੋਅ ‘ਇਕ ਖਾਸ ਮੁਲਾਕਾਤ’ ਨੂੰ ਰਿਕਾਰਡ ਕਰਕੇ ਸਟੂਡੀਓ ‘ਚੋਂ ਬਾਹਰ ਨਿਕਲਿਆਂ ਹੀ ਸੀ ਕਿ ਜੈਵੀਰ (ਸਟੂਡੀਓ ਕੈਮਰਾਮੈਨ) ਨੇ ਯਾਦ ਕਰਵਾਇਆਂ " ਭਾਅ ਜੀ ਹੁਣ ਆਪਾਂ ਪ੍ਰੈੱਸ ਕਲੱਬ ਜਾਣਾ ਏ, ਕਿਸੇ ‘ਕੋਕਟੇਲ ਡੀਨਰ’ ਦਾ ਸੱਦਾ ਆਇਆ ਹੋਇਆ ਏ।" ਦਿਨ ਐਤਵਾਰ ਦਾ ਸੀ ਅਤੇ ਤਾਰੀਖ ਸੀ 24 ਮਈ ਸਾਲ 2009। 11 ਕੁ ਵਜੇ ਤੱਕ ਪ੍ਰੈੱਸ ਕਲੱਬ ਰੁਕਕੇ ਵਾਪਸ ਆ ਰਹੇ ਸੀ ਕਿ ਰਾਹ ਵਿੱਚ ਹੀ ਨੋਇਡਾ ਤੋਂ ਸਾਡੇ ਸੰਪਾਦਕ ਦਾ ਫੋਨ ਆ ਗਿਆ "ਨਰਿੰਦਰ ਪਾਲ, ਹਾਲਾਤ ਕਾਫੀ ਖਰਾਬ ਹੋ ਰਹੇ ਨੇ ਤੂੰ ਜਲੰਧਰ ਪਹੁੰਚ।" ਖਬਰ ਤਾਂ ਇਸ ਤੋਂ ਪਹਿਲਾਂ ਹੀ ਮੇਰੇ ਕੰਨੀਂ ਪੈ ਗਈ ਸੀ ਕਿ ਵਿਆਨਾ (ਆਸਟ੍ਰੀਆ) ‘ਚ ਇਕ ਭਾਈਚਾਰੇ ਦੇ ਦੋ ਧਾਰਮਿਕ ਆਗੂਆਂ ‘ਤੇ ਹਮਲੇ ਤੋਂ ਬਾਅਦ ਜਲੰਧਰ,ਫਗਵਾੜਾ ‘ਚ ਹਾਲਾਤ ਆਮ ਵਰਗੇ ਨਹੀਂ ਰਹੇ। ਪ੍ਰੈੱਸ ਕਲੱਬ ‘ਚ ਵੀ ਇਸ ਬਾਰੇ ਚਰਚਾ ਚੱਲ ਰਹੀ ਸੀ। ਫਟਾਫਟ ਰਜਿੰਦਰ ਭਾਅ ਜੀ (ਨਿਊਜ਼ ਕੈਮਰਾਮੈਨ) ਨੂੰ ਘਰੋਂ ਉਠਾਇਆ ਅਤੇ ਅਸੀਂ ਜਲੰਧਰ ਵੱਲ ਨੂੰ ਹੋ ਤੁਰੇ। ਰਾਹ ‘ਚ ਹੀ ਕੁਝ ਹੋਰ ਚੈੱਨਲ ਵਾਲੇ ਸਾਥੀਆਂ ਦਾ ਵੀ ਫੋਨ ਆ ਗਿਆ, ਜੋ ਸਾਡੇ ਪਿੱਛੇ-ਪਿੱਛੇ ਹੀ ਜਲੰਧਰ ਆ ਰਹੇ ਸੀ।

ਪਹਿਲਾ ਦਹਿਸ਼ਤੀ ਮਾਹੌਲ ਅਸੀਂ ਬੰਗਾ ਸ਼ਹਿਰ ‘ਚ ਦੇਖਿਆ, ਰਾਤੀਂ ਇਕ-ਡੇਢ ਵਜੇ ਦੇ ਕਰੀਬ। 50-60 ਦੇ ਕਰੀਬ ਮੁੰਡੇ ਸੜਕ ‘ਤੇ ਘੁੰਮ ਰਹੇ ਸਨ। ਹੱਥਾਂ ‘ਚ ਲਾਠੀਆਂ, ਡੰਡੇ, ਹਾਕੀਆਂ ਅਤੇ ਕਈਆਂ ਕੋਲ ਕਿਰਪਾਨਾਂ ਵੀ। ਗੁੱਸੇ ਨਾਲ ਭਰੇ-ਪੀਤੇ। ਬਹੁਤੇ ਵਾਹਨ ਉਨ੍ਹਾਂ ਨੂੰ ਦੇਖਕੇ ਵਾਪਸ ਹੋ ਰਹੇ ਸੀ। ਸੜਕ ‘ਤੇ ਟਾਇਰ ਵੀ ਧੁਖ ਰਹੇ ਸਨ। ਅਸੀਂ ਕੁਝ ਸ਼ਾਰਟ ਕੈਮਰੇ ‘ਚ ਰਿਕਾਰਡ ਕੀਤੇ ਅਤੇ ਅੱਗੇ ਲੰਘ ਗਏ। ਫਗਵਾੜਾ ਬਾਈਪਾਸ ਤੋਂ ਜਿਸ ਸਮੇਂ ਅਸੀਂ ਲੰਘੇ ਚੁੱਪ-ਚਾਂ ਅਤੇ ਸ਼ਾਂਤੀ ਪਸਰੀ ਹੋਈ ਸੀ। ਪਰ ਆਸੇ-ਪਾਸੇ ਜੋ ਖੰਡਾਰਾ ਪਿਆ ਹੋਇਆ ਸੀ, ਉਹ ਬਿਆਂ ਕਰਦਾ ਸੀ ਕਿ ਕੁਝ ਸਮਾਂ ਪਹਿਲਾਂ ਇੱਥੇ ਕੀ ਹਾਲਾਤ ਰਹੇ ਹੋਣਗੇ। ਥਾਂ-ਥਾਂ ਇੱਟਾਂ-ਪੱਥਰ ਅਤੇ ਭੰਨ-ਤੋੜ ਕੀਤੀ ਪਈ ਸੀ। ਲੈ, ਹਾਲੇ ਨੁਕਸਾਨ ਦੀਆਂ ਗੱਲਾਂ ਹੀ ਕਰ ਰਹੇ ਸੀ ਕਿ ਸੜਕ ਦੇ ਇੱਕ ਪਾਸੇ ਧੁਖ ਰਹੀ ਸਰਕਾਰੀ ਬੱਸ ਅਤੇ ਦੂਸਰੇ ਬੰਨੇ ਇੱਕ ਹੋਰ ਭੰਨੀ ਬੱਸ ‘ਤੇ ਨਿਗ੍ਹਾਂ ਪੈ ਗਈ।

ਜਿਉਂ ਹੀ ਚਹੇੜੂ, ਲਵਲੀ ਯੂਨੀਵਰਸਿਟੀ ਕੋਲ ਪਹੁੰਚੇ ਪੰਜਾਬ ਰੋਡਵੇਜ਼ ਬਟਾਲਾ ਡਿਪੂ ਦੀ ਬੱਸ ਕੋਲੇ ਰੰਗੀਂ ਬਣੀ ਖੜ੍ਹੀ ਸੀ ਅਤੇ ਲਪਟਾਂ ਹਾਲੇ ਵੀ ਨਿਕਲ ਰਹੀਆਂ ਸੀ। ਡਰਾਇਵਰ ਤੇ ਕੰਡਕਟਰ ਨੇ ਦੱਸਿਆ ਕਿ ਦੋ ਕੁ ਘੰਟੇ ਪਹਿਲਾਂ ਬੱਸ ‘ਚੋਂ ਸਵਾਰੀਆਂ ਨੂੰ ਉਤਾਰ ਕੇ ‘ਮੁੰਡਿਆਂ’ ਨੇ ਅੱਗ ਲਾ ਦਿੱਤੀ। ਉਨ੍ਹਾਂ ਨੂੰ ਕੋਈ ਸਾਮਾਨ ਵੀ ਨਹੀਂ ਕੱਢਣ ਦਿੱਤਾ, ਸਭ ਸਵਾਹ ਹੋ ਚੁੱਕਾ ਸੀ। ਚਹੇੜੂ ਤੋਂ ਜਲੰਧਰ ਤੱਕ ਦਾ ਰਸਤਾ ‘ਤਬਾਹੀ ਸੀ ਤਬਾਹੀ’। ਕਈ ਵਾਹਨ ਫੂਕ ਸੁੱਟੇ ਸੀ ਭੀੜ ਨੇ। ਸੜਕ ਦੇ ਦੋਵੇਂ ਪਾਸੀਂ ਖੰਡਾਰਾ ਪਿਆ ਪਿਆ ਸੀ। ਭੀੜ ਦੀ ਕੋਈ ਸੋਚ ਨਹੀਂ ਹੁੰਦੀ ! ਇਹੀ ਸੋਚ ਰਿਹਾ ਸੀ। ਘੱਟੋ-ਘੱਟ 12-15 ਵੱਡੇ-ਛੋਟੇ ਵਾਹਨ ਤਾਂ ਮੈਂ ਖੁਦ ਆਪਣੇ ਅੱਖੀਂ ਦੇਖੇ, ਜੋ ਕੰਡਮ ਕੀਤੇ ਖੜ੍ਹੇ ਸੀ। ਬਾਕੀ ਸੁਣੀਆਂ-ਸੁਣਾਈਆਂ ਗੱਲਾਂ ਤਾਂ ਹੈਰਾਨੀ ‘ਚ ਹੋਰ ਵਾਧਾ ਕਰ ਰਹੀਆਂ ਸਨ। ‘ਭੀੜ’ ਨੇ ਜੀ।ਟੀ. ਰੋਡ ਦੇ ਦੋਵੇਂ ਪਾਸੇ ਕਹਿਰ ਢਾਹਿਆ ਪਿਆ ਸੀ। ਇਹ ਕੈਸਾ ਰੋਸ ਬਈ !

ਜਦੋਂ ਅਸੀਂ ਜਲੰਧਰ ਪੁੱਜੇ ਤਾਂ ਕਈ ਥਾਈਂ ਸੜਕਾਂ ਵਿਚਕਾਰਲੀ ਰੇਲਿੰਗ ਜੜ੍ਹੋਂ ਪੁੱਟਕੇ ਧਰਤੀ ‘ਤੇ ਸੁੱਟੀ ਪਈ ਸੀ। ਸੜਕਾਂ ਕਿਨਾਰੇ ਲੱਗਿਆ ਕੋਈ ਵੀ ਪੋਸਟਰ ਸਾਬਤ-ਸਬੂਤਾ ਨਹੀਂ ਸੀ। ਥਾਂ-ਥਾਂ ਖਿਲਾਰਾ! ਟੁੱਟ-ਭੰਨ, ਤਬਾਹੀ, ਜਿੰਨਾ ਨੁਕਸਾਨ ਹੋ ਸਕੇ ਉਨ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਸ਼ਹਿਰ ਦਾ ਗੇੜਾ ਕੱਢਿਆ। ਆਪਣੇ ਪੜ੍ਹਾਈ ਦੇ ਅਤੇ ਜਲੰਧਰ ਨੌਕਰੀ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕਰ ਰਿਹਾ ਸੀ ਪਰ ਉਸ ਸਮੇਂ ਦੇ ਜਲੰਧਰ ਅਤੇ ਇਸ ਵਾਲੇ ਜਲੰਧਰ ਦਾ ਸੁਭਾਅ …… ਇਹ ਉਹੀ ਸ਼ਹਿਰ ਐ?

ਮੇਰਾ ਮੂਡ ਵਾਰ-ਵਾਰ ਨਕੋਦਰ ਰੋਡ ‘ਤੇ ਬੂਟਾ ਮੰਡੀ ਵੱਲ ਜਾਣ ਦਾ ਬਣ ਰਿਹਾ ਸੀ। ਰਾਤ ਦੇ ਤਿੰਨ-ਸਾਢੇ ਤਿੰਨ ਦਾ ਸਮਾਂ ਹੋਵੇਗਾ। ਜਿਉਂ ਹੀ ਅਸੀਂ ਵਾਲਮਿਕ ਭਵਨ ਵਾਲੀ ਸੜਕ ਤੋਂ ਅੱਗੇ ਵਧੇ ਨਕੋਦਰ ਚੌਂਕ ‘ਚ ਹੀ ਪੁਲਿਸ ਵਾਲਿਆਂ ਨੇ ਰੋਕ ਲਿਆ। ਕਹਿੰਦੇ ਇਸ ਸੜਕ ‘ਤੇ ਕਰਫਿਊ ਦੀ ਸਖਤਾਈ ਰੱਖਣ ਦੇ ਸਖਤ ਆਦੇਸ਼ ਨੇ। ਨਾਕੇ ਤੋਂ ਅੱਗੇ ਦਾ ਸਾਰਾ ਇਲਾਕਾ ਫੌਜ ਹਵਾਲੇ ਐ। ਥੋੜ੍ਹਾ ਚਿਰ ਖੜ੍ਹ ਕੇ ਉਨ੍ਹਾਂ ਨਾਲ ਗੱਲਾਂਬਾਤਾਂ ਕੀਤੀਆਂ ਤਾਂ ਉਹ ਮੰਨ ਗਏ ਕਿ ਥੋੜ੍ਹਾ ਅੱਗੇ ਤੱਕ ਜਾ ਕੇ ਦੇਖ ਆਓ। ਉਸ ਨਾਕੇ ਤੋਂ ਜਿਉਂ ਹੀ ਗੱਡੀ ਅੰਦਰ ਵਾੜੀ ਤਾਂ ਆਸਾ-ਪਾਸਾ ਇੰਝ ਬਿਖਰਿਆ ਪਿਆ ਸੀ ਜਿਵੇਂ ਕਿਸੇ ਐਕਸ਼ਨ ਫਿਲਮ ਦੇ ਲੜਾਈ ਵਾਲੇ ਸੀਨ ਤੋਂ ਬਾਅਦ ਸਬਜ਼ੀ ਮੰਡੀ ‘ਚ ਖਿਲਾਰਾ ਪਿਆ ਹੁੰਦਾ ਏ। ਮਾਰਬਲ ਦੀਆਂ ਦੁਕਾਨਾਂ ਦੇ ਬਾਹਰ ਪਿਆ ਸਾਰਾ ਪੱਥਰ ਛੋਟੇ-ਛੋਟੇ ਟੁਕੜਿਆਂ ਦੇ ਰੂਪ ‘ਚ ਸੜਕਾਂ ‘ਤੇ ਪਿਆ ਸੀ। ਥੋੜ੍ਹਾ ਅੱਗੇ ਖਰਬੂਜ਼ਿਆ ਦੇ ਭਰੇ ਇਕ ਟਰੱਕ ਨੂੰ ਅੱਗ ਲਾਈ ਪਈ ਸੀ। ਖਰਬੂਜ਼ਿਆ ਦੀ ਸੁਗੰਧ ਪੂਰੀ ਫਿਜ਼ਾ ‘ਚ ਖਿਲਰੀ ਹੋਈ ਸੀ। ਅੱਗੇ-ਅੱਗੇ ਫੌਜੀ ਜਵਾਨਾਂ ਦਾ ਭਰਿਆ ਇਕ ਟਰੱਕ ਜਾ ਰਿਹਾ ਸੀ। ਜਿਉਂ ਹੀ ਅਗਲੇ ਚੌਂਕ ‘ਚ ਪੁੱਜੇ ਹਨੇਰਾ ਹੀ ਹਨੇਰਾ ਅਤੇ ਫੌਜੀਆਂ ਨਾਲ ਭਰੇ 3-4 ਟਰੱਕ ਖੜ੍ਹੇ ਸੀ। ਸਾਡੇ ਖੜ੍ਹੇ-ਖੜ੍ਹੇ ਇੰਨੇ ਹੀ ਟਰੱਕ ਹੋਰ ਵੀ ਲੰਘੇ। ਉੱਥੋਂ ਅਸੀਂ ਖੱਬੇ ਹੱਥ ਨੂੰ ਮੁੜ ਗਏ ਮਾਡਲ ਟਾਊਨ ਵੱਲ ਨੂੰ। 4 ਕੁ ਵੱਜ ਗਏ ਸੀ। ਕੋਈ ਹੋਟਲ ਦਾ ਕਮਰਾ ਲਿਆ ਨਹੀਂ। ਡੀ।ਸੀ. ਦਫਤਰ ਦੇ ਸਾਹਮਣੇ ‘ਟ੍ਰਿਬਿਊਨ ਦੇ ਆਫਿਸ’ ਅੱਗੇ ਗੱਡੀ ਖੜ੍ਹਾ ਕੇ ਦੋ ਘੜੀ ਸੌਂ ਗਏ। ਇਹ ਵੀ ਕੋਈ ਸੌਣਾ ਸੀ ਭਲਾ!

ਸਵੇਰੇ 6 ਕੁ ਵਜੇ ਦਫਤਰੋਂ ਫੋਨ ਆਉਣ ‘ਤੇ ਜਾਗ ਖੁੱਲ੍ਹ ਗਈ। ਬਾਹਰ ਲੋਕ ਸੈਰ ਕਰ ਰਹੇ ਸੀ ਅਤੇ ਬੱਚੇ ਸਕੂਲ ਜਾਣ ਲਈ ਖੜ੍ਹੇ ਸੀ। ਸਵੇਰ ਆਮ ਵਰਗੀ ਹੀ ਲੱਗ ਰਹੀ ਸੀ। ਨਜ਼ਦੀਕ ਹੀ ਇਕ ਟੂਟੀ ਤੋਂ ਮੂੰਹ-ਹੱਥ ਧੋ ਕੇ ਪੱਗ ਠੀਕ ਕੀਤੀ ਅਤੇ ਚੰਡੀਗੜ੍ਹੋਂ ਨਾਲ ਆਏ ਰਿਪੋਰਟਰਾਂ ਨੂੰ ਫੋਨ ਕਰਕੇ ਉਨ੍ਹਾਂ ਕੋਲ ਹੋਟਲ ‘ਚ ਪਹੁੰਚ ਗਏ, ਤਰੋ-ਤਾਜ਼ਾ ਹੋਣ ਲਈ। 7 ਵਜੇ ਤੋਂ ਲਗਾਤਾਰ ਫੋਨ ਖੜਕਣਾ/ਕਰਨਾ ਸ਼ੁਰੂ ਹੋ ਗਿਆ। ਕਦੇ ਕਿਸੇ ਰਿਪੋਰਟਰ ਦਾ, ਕਿਸੇ ਦੋਸਤ ਦਾ, ਦਫਤਰੋਂ……… ਹੈਲੋ, ਹੈਲੋ !!! ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਫਿਲੌਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ‘ਮਾੜੀਆਂ’ ਖਬਰਾਂ ਮਿਲ ਰਹੀਆਂ ਸੀ। ਜਦੋਂ ਸਾਢੇ ਕੁ ਅੱਠ ਵਜੇ ਹੋਟਲ ਤੋਂ ਬਾਹਰ ਨਿਕਲੇ ਤਾਂ ਢਾਈ ਘੰਟੇ ਪਹਿਲਾਂ ਨਾਲੋਂ ਮਾਹੌਲ ਬਿਲਕੁਲ ਵੱਖਰਾ ਸੀ। ਇਸ ਤਰ੍ਹਾਂ ਦਾ ਮਾਹੌਲ ਮੈਂ ਜਲੰਧਰ ‘ਚ ਕਦੇ ਵੀ ਨਹੀਂ ਦੇਖਿਆ ਸੀ। ਬੀ ਐਮ ਸੀ ਚੌਂਕ ‘ਚ ਪੁਲਿਸ ਹੀ ਪੁਲਿਸ! ਹਰ ਚੌਂਕ, ਸੜਕ ‘ਤੇ ‘ਪਹਿਰੇਦਾਰ’!

ਸ਼ਹਿਰ ਦਾ ਚੱਕਰ ਮਾਰਨ ਲਈ ਜੇਲ੍ਹ ਰੋਡ ਵੱਲ ਨੂੰ ਤੁਰ ਪਏ। ਉੱਧਰ ਇਹ ਵੇਖ ਕੇ ਕਾਫੀ ਵਧੀਆਂ ਲੱਗਾ ਕਿ ਗੁਰੁ ਰਵਿਦਾਸ ਦੇ ਮੰਦਰ ਅੱਗੇ ਸੜਕ ‘ਤੇ ਹੀ ਕਈ ਟੋਲੀਆਂ ‘ਚ ਮੁੰਡੇ ਕ੍ਰਿਕਟ ਖੇਡ ਰਹੇ ਸੀ। ਕਰਫਿਊ ਤੋਂ ਅਭਿੱਜ। ਕਈ ਰਾਹਗੀਰਾਂ ਨੇ ਆਪਣੇ ਦੁੱਖ ਵੀ ਸਾਂਝੇ ਕੀਤੇ, ਇਸ ਕਾਰੇ ਨੂੰ ਮੰਦਭਾਗਾ ਆਖਿਆ। ਉੱਥੇ ਖੜ੍ਹੇ ਹੀ ਸੀ ਕਿ ਇਕ ਸਾਥੀ ਰਿਪੋਰਟਰ ਦਾ ਫੋਨ ਆ ਗਿਆ ਕਿ ਭੀੜ ਨੇ ਮਕਸੂਦਾ ਪੁਲਿਸ ਚੌਂਕੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਏ। ਜਿੱਥੇ ਖੜ੍ਹੇ ਸੀ ਉਹ ਰਸਤਾ ਸਿੱਧਾ ਮਕਸੂਦਾ ਹੀ ਜਾਂਦਾ ਸੀ। ਜਿਉਂ ਹੀ ਉੱਥੇ ਪੁੱਜੇ ਹਾਹਾਕਾਰ ਮਚੀ ਹੋਈ ਸੀ। ਥਾਣੇ ਬਾਹਰ ਖੜ੍ਹੀਆਂ ਕਾਰਾਂ ਨੂੰ ਅੱਗ ਲਾਈ ਹੋਈ ਸੀ ਪਰ ਇਹ ਕਾਫੀ ਧੀਮੀ ਸੀ। ਬਹੁਤ ਵੱਡੀ ਗਿਣਤੀ ‘ਚ ਫੌਜ ਅਤੇ ਪੁਲਿਸ ਮੁਲਾਜ਼ਮ ਤਾਇਨਾਤ ਸਨ। ਆਈ।ਜੀ., ਡੀ.ਸੀ., ਐਸ.ਐਸ.ਪੀ., ਫੌਜ ਦੇ ਅਫਸਰ ਅਤੇ ਹੋਰ ਅਧਿਕਾਰੀ ਇੱਥੇ ਮੌਜੂਦ ਸੀ। ਭੀੜ ਲਾਂਬੜਾਂ ਪਿੰਡ ਵੱਲ ਨੂੰ ਭੱਜ ਗਈ ਸੀ। ਕੁਝ ਕੁ ਹੜਦੁੰਗਕਾਰੀ ਪੁਲਿਸ ਅੜਿੱਕੇ ਆ ਗਏ ਸੀ, ਜਿਨ੍ਹਾਂ ਦੀ ਉਮਰ ਮਸਾਂ 13 ਤੋਂ 16 ਸਾਲ ਵਿਚਕਾਰ ਹੋਵੇਗੀ।

ਦੁਪਹਿਰ ਤੱਕ ਸ਼ਹਿਰ ‘ਚ ਪੂਰੀ ਤਰ੍ਹਾਂ ਫੌਜ ਦੇ ਫੈਲ ਜਾਣ ਨਾਲ ਜਲੰਧਰ ‘ਚ ਤਾਂ ਮਾਹੌਲ ਸੁਖਾਵਾਂ ਹੋਣਾ ਸ਼ੁਰੂ ਹੋ ਗਿਆ ਪਰ ਬਾਹਰੀ ਇਲਾਕਿਆਂ ‘ਚ ਹੜਦੁੰਗਕਾਰੀ ਆਪਣਾ ਅਸਰ ਛੱਡ ਰਹੇ ਸੀ। ਲਾਂਬੜਾਂ, ਚੁਗਿੱਟੀ ਚੌਂਕ ਅਤੇ ਛਾਉਣੀ ਰੇਲਵੇ ਸਟੇਸ਼ਨ ਵੱਲ ਮਾਹੌਲ ‘ਆਮ ਦੀ ਤਰ੍ਹਾਂ’ ਨਹੀਂ ਸੀ। ਏਨੇ ਨੂੰ ਡੀ।ਸੀ। ਦਫਤਰ ਤੋਂ ਅਸੀਂ ‘ਕਰਫਿਊ ਪਾਸ’ ਵੀ ਬਣਾ ਲਏ ਤਾਂ ਜੋ ਸ਼ਹਿਰ ‘ਚ ਘੁੰਮਣ ਲਈ ਕੋਈ ਦਿੱਕਤ ਨਾ ਆਵੇ। ਅੰਮ੍ਰਿਤਸਰ ਰੋਡ ਅਤੇ ਲੁਧਿਆਣਾ ਰੋਡ ‘ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਸੀ। ਧਰਨਾਕਾਰੀਆਂ ਨੂੰ ਸਮਝਾਉਣ ਗਏ ਪੁਲਿਸ ਅਧਿਕਾਰੀਆਂ ਦੇ ਵਾਹਨਾਂ ਦੀ ਵੀ ਭੰਨ-ਤੋੜ ਕੀਤੀ ਗਈ। ਕਈ ਮੀਡੀਆ ਵਾਲਿਆਂ ਦੀਆਂ ਕਾਰਾਂ ਅਤੇ ਕੈਮਰੇ ਵੀ ਹੜਦੁੰਗਕਾਰੀਆਂ ਨੇ ਭੰਨ ਸੁੱਟੇ। ਇਹ ਕੈਸਾ ਰੋਸ ਸੀ ਬਈ!

ਕਦੋਂ ਦੇ ਤੁਰੇ-ਫਿਰਦੇ ਸੀ ਪਰ ਟਾਇਮ ਹਾਲੇ ਇਕ ਵੀ ਨਹੀਂ ਵੱਜਿਆ ਸੀ। ਸਮਾਂ ਜਿਵੇਂ ਰੁਕ ਜਿਹਾ ਗਿਆ ਸੀ। ਸਵੇਰ ਦਾ ਕੁਝ ਖਾਧਾ ਨਹੀਂ ਸੀ। ਵੈਸੇ ਕੁਝ ਮਿਲਿਆ ਵੀ ਨਹੀਂ ਸੀ। ਸ਼ਾਸ਼ਤਰੀ ਚੌਂਕ ਨਜ਼ਦੀਕ ਇਕ ਗਲੀ ‘ਚ ਕੁਲਚਿਆ ਵਾਲੇ ਨੂੰ ਖੜ੍ਹਾ ਦੇਖਕੇ ਉੱਥੋਂ ਭੁੱਖ ਕੁਝ ਸ਼ਾਂਤ ਕੀਤੀ। ਗੱਲਾਂਬਾਤਾਂ ਦੌਰਾਨ ਪਤਾ ਚੱਲਿਆ ਕਿ ਪੀਏਪੀ ਦੀ ਕੈਂਟੀਨ ਖੁੱਲ੍ਹੀ ਏ। ਸਾਥੀ ਰਿਪੋਰਟਰਾਂ ਨਾਲ ਉੱਥੇ ਚਲੇ ਗਏ। ਬਾਹਰ ਮੁਲਾਜ਼ਮ ਹੀ ਮੁਲਾਜ਼ਮ। ਉੱਥੇ ਗਏ ਤਾਂ ਏ।ਸੀ ਹਾਲ ‘ਚ 10-12 ਜਣੇ ਅਜਿਹੇ ਬੈਠੇ ਸੀ ਜੋ ਸਫਰ ਦੌਰਾਨ ਰਾਹ ‘ਚ ‘ਫਸ’ ਗਏ ਸੀ। ਬੈਠੇ-ਬੈਠੇ ਰੌਲਾ ਸੁਣਿਆਂ ਕਿ ਚੁਗਿੱਟੀ ਚੌਂਕ ‘ਚ ਕੋਈ ‘ਹਿਲਜੁਲ’ ਹੋਈ ਏ। ਫਟਾਫਟ ਉੱਥੇ ਪੁੱਜੇ ਪਰ ਰੋਸਕਾਰੀ ਸ਼ਾਂਤ ਸੁਭਾਅ ਬੈਠੇ ਸੀ, ਜੀ.ਟੀ. ਰੋਡ ਦੇ ਵਿਚਕਾਰ ਟੈਂਟ ਲਗਾ ਕੇ। ਸਾਡੀਆਂ ਗੱਡੀਆਂ ਦੇਖਕੇ ਕੁਝ ਨੌਜਵਾਨ ਕੋਲ ਨੂੰ ਆ ਗਏ। ਉਨ੍ਹਾਂ ‘ਚੋਂ ਇਕ ਜਣੇ ਨੂੰ ਕੈਮਰੇ ਅੱਗੇ ਕੁਝ ਬੋਲਣ ਲਈ ਮਨਾ ਲਿਆ। ਵਿਚਾਰ ਸੁਣਕੇ ਤਰੇਲੀਆਂ ਆ ਗਈਆਂ। ਏਨਾ ਗੁੱਸਾ ਤੇ ਮਨਾਂ ‘ਚ ਕੁੜੱਤਣ! ਇੱਥੇ ਮੈਨੂੰ ਅਹਿਸਾਸ ਹੋਇਆ ਕਿ ਪੱਗ ਦੀ ਥਾਂ ਮੈਨੂੰ ‘ਕੈਪ’ ਲੈ ਲੈਣੀ ਚਾਹੀਦੀ ਏ! ਇਹ ਇੰਟਰਵਿਊ ਮੈਂ ਤਾਂ ਚੈੱਨਲ ਨੂੰ ਭੇਜੀ ਨਹੀਂ, ਸਾਥੀ ਰਿਪੋਰਟਰਾਂ ਨੇ ਭੇਜੀ ਜਾਂ ਨਹੀਂ, ਪਤਾ ਨਹੀਂ!

ਮੁੜ ਸ਼ਹਿਰ ‘ਚ ਆ ਗਏ। ਮਾਹੌਲ ਕਾਬੂ ਹੇਠ ਆ ਰਿਹਾ ਸੀ। 5 ਕੁ ਵਜੇ ਦਫਤਰ ਵਾਪਸ ਜਾਣ ਦੀ ਸੋਚੀ। ਡੀਜ਼ਲ ਵੀ ਪੂਰਾ-ਪੂਰਾ ਹੀ ਸੀ। ਜਿਉਂ ਹੀ ਛਾਉਣੀ ਰੇਲਵੇ ਸਟੇਸ਼ਨ ਕੋਲ ਪੁੱਜੇ ਤਾਂ ਲੋਕਾਂ ਨੇ ਹੱਥ ਦੇ ਕੇ ਖੜ੍ਹਾ ਲਿਆ। ਉਨ੍ਹਾਂ ਦੱਸਿਆ ਕਿ ਥੋੜ੍ਹਾ ਅੱਗੇ ਹੜਦੁੰਗਕਾਰੀ ਲੁਕੇ ਹੋਏ ਨੇ ਅਤੇ ਵਾਹਨਾਂ ਨੂੰ ਘੇਰਕੇ ਉਨ੍ਹਾਂ ਦੀ ਤੋੜ-ਭੰਨ ਕਰ ਰਹੇ ਨੇ। ਲੁਧਿਆਣਾ ਤੱਕ ਜੀ।ਟੀ. ਰੋਡ ‘ਤੇ ਸਫਰ ਕਰਨਾ ਖਤਰੇ ਤੋਂ ਖਾਲੀ ਨਹੀਂ ਸੀ। ਜਲੰਧਰ ਤੋਂ ਜਗਰਾਓਂ ਹੁੰਦਿਆਂ ਲੁਧਿਆਣਾ ਨਹਿਰ ਤੋਂ ਦੋਰਾਹਾ-ਨੀਲੋਂ ਰਸਤੇ ਰਾਹੀਂ ਜਾਣ ਦੀ ਯੋਜਨਾ ਬਣਾਈ। ਰਸਤੇ ‘ਚ ਪੈਣ ਵਾਲੇ ਸ਼ਹਿਰਾਂ ਨਕੋਦਰ, ਮਲਸੀਆਂ, ਜਗਰਾਓਂ ਦੀ ਸਥਿਤੀ ਬਾਰੇ ਜਾਣਕਾਰੀ ਲੈ ਲਈ ਸੀ। ਛਾਉਣੀ ਇਲਾਕਾ ਪਾਰ ਕਰਕੇ ਜਿਉਂ ਹੀ ਸੰਸਾਰਪੁਰ ਤੋਂ ਅਗਲੇ ਪਿੰਡ ਖੇੜਾ ਪਹੁੰਚੇ, ਰਸਤਾ ਬੰਦ। ਰੋਸਕਾਰੀਆਂ ਨਾਲ ਗੱਲ ਕੀਤੀ ਪਰ ਉਨ੍ਹਾਂ ਸਪੱਸ਼ਟ ਸ਼ਬਦਾਂ ‘ਚ ਅੱਗੇ ਲੰਘ ਜਾਣ ਤੋਂ ਨਾਂਹ ਕਰ ਦਿੱਤੀ। ਕੁਝ ਸਮਾਂ ਮੈਂ ਅਤੇ ਰਜਿੰਦਰ ਜੀ ਉਨ੍ਹਾਂ ਨਾਲ ਧਰਨੇ ਵਾਲੀ ਥਾਂ ‘ਤੇ ਵੀ ਬੈਠੇ। ਵਿਚਾਰਾਂ ਦੀ ਕਸ਼ਮਕਸ਼ ਵੀ ਚੱਲ ਰਹੀ ਸੀ। ਕੀ ਪਤਾ ਅਣਜਾਣ ਲੋਕਾਂ ਦਾ!

ਵਾਪਸ ਪਰਤ ਆਏ। ਪਿੰਡ ਦੇ ਬਾਹਰ ਇਕ ਮੋਟਰ ਗੈਰਜ ਖੁੱਲ੍ਹਾ ਸੀ। ਕੁਝ ਨੌਜਵਾਨ ਮੁੰਡਿਆਂ ਨੂੰ ਬੈਠਾ ਦੇਖਕੇ ਉਨ੍ਹਾਂ ਤੋਂ ਨਕੋਦਰ ਜਾਣ ਦਾ ਕੋਈ ਬਦਲਵਾਂ ਰਾਹ ਪੁੱਛਿਆ। ਗੱਲੀਂ-ਬਾਤੀਂ ਚਾਹ ਪੀਣ ਦੀ ਇੱਛਾ ਵੀ ਰਜਿੰਦਰ ਭਾਅ ਜੀ ਦੱਸ ਬੈਠੇ। ਉਨ੍ਹਾਂ ਚਾਹ ਵੀ ਪਿਲਾਈ ਅਤੇ ਹਲਕਿਆਂ-ਫੁਲਕੀਆਂ ਮਜ਼ਾਕੀਆ ਗੱਲਾਂ ਨਾਲ ਥਕਾਵਟ ਵੀ ਦੂਰ ਕਰ ਦਿੱਤੀ। ਕੋਈ ਡੇਢ ਕੁ ਘੰਟਾ ਅਸੀਂ ਉੱਥੇ ਹੀ ਬੈਠੇ ਰਹੇ। ਜਦੋਂ ਪਤਾ ਲੱਗਿਆ ਕਿ ਰਾਹ ਖੁੱਲ੍ਹ ਗਿਆ ਏ ਅਸੀਂ ਤੁਰ ਪਏ। ਜਾਣ ਲੱਗਿਆਂ ਉਨ੍ਹਾਂ ਸਾਡੇ ਲਈ ਪੰਜ ਲੀਟਰ ਡੀਜ਼ਲ ਦਾ ਬੰਦੋਬਸਤ ਵੀ ਕੀਤਾ। ਰਾਹ ‘ਚ ਮਲਸੀਆਂ ਫਿਰ ਰਸਤਾ ਬੰਦ ਸੀ ਜਿਸ ਕਰਕੇ ਪਿੰਡ ਦੇ ਵਿੱਚ ਦੀ ਹੋ ਕੇ ਅੱਗੇ ਲੰਘਣਾ ਪਿਆ। ਉਂਝ ਰਸਤਾ ਸਾਰਾ ਹੀ ਸੁੰਨ-ਮਸਾਨ ਪਿਆ ਸੀ। ਕਿਸੇ-ਕਿਸੇ ਪਿੰਡ ਸੜਕ ਕਿਨਾਰੇ ਲੋਕਾਂ ਨੂੰ ਖੜ੍ਹਾ ਦੇਖਕੇ ਕਾਰ ਪਿੱਛੇ ਹੀ ਹੌਲੀ ਕਰ ਲੈਣੀ। ਇਹ ਸੁਨਿਸ਼ਚਿਤ ਕਰਨ ‘ਤੇ ਕਿ ਇਹ ਤਾਂ ਵੈਸੇ ਹੀ ਗੱਲਾਂ ਕਰ ਰਹੇ ਨੇ ਤਾਂ ਅੱਗੇ ਵੱਧਣਾ। ਵਿਰਲਾ-ਵਿਰਲਾ ਵਾਹਨ ਹੀ ਮਿਲ ਰਿਹਾ ਸੀ। ਸਤਲੁਜ ਦਰਿਆ ਦਾ ਪੁਲ ਟੱਪ ਕੇ ਮਾਲਵਾ ਖੇਤਰ ‘ਚ ਪਹੁੰਚ ਕੇ ਕੁਝ ਰਾਹਤ ਮਿਲੀ।

ਜਗਰਾਓਂ ਸਾਢੇ ਕੁ ਨੌਂ ਵਜੇ ਪਹੁੰਚ ਕੇ ਰੋਟੀ ਖਾਧੀ। ਇੱਧਰ ਸਭ ਠੀਕ ਜਾਪ ਰਿਹਾ ਸੀ। ਸਵਾ ਕੁ ਦਸ ਵਜੇ ਉੱਥੋਂ ਚੱਲੇ। ਲੁਧਿਆਣਾ ਪੁੱਜ ਕੇ ਨਹਿਰ ਕੋਲ ਹੀ ਪੁਲਿਸ ਨੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਸਾਰਾ ਟ੍ਰੈਫਿਕ ਨਹਿਰੋ-ਨਹਿਰ ਲੰਘਾ ਰਹੇ ਸੀ। ਬਾਕੀ ਚੰਡੀਗੜ੍ਹ ਤੱਕ ਦਾ ਰਸਤਾ ਸਾਫ ਮਿਲਿਆ। ਰਾਤੀਂ ਇਕ ਵਜੇ ਆਪਣੇ ਦਫਤਰ ਦਾਰਾ ਸਟੂਡੀਓ ਪੁੱਜ ਗਏ।

ਬਾਅਦ 'ਚ ਪਤਾ ਲੱਗਿਆ ਕਿ ਦੋ ਦਿਨਾਂ ‘ਚ ਪੰਜਾਬ ਦੀ ਸੱਤ ਹਜ਼ਾਰ ਕਰੋੜ ਰੁਪਏ ਤੱਕ ਦੀ ਤਾਂ ਸਰਕਾਰੀ ਸੰਪਤੀ ਤਬਾਹ ਹੋ ਗਈ, ਬਾਕੀ 500 ਕਰੋੜ ਰੁਪਏ ਤੱਕ ਦਾ ਨੁਕਸਾਨ ਸਨਅਤਾਂ ਨੂੰ ਸਹਿਣਾ ਪਿਆ । ਮ੍ਰਿਤਕ, ਜਖਮੀ ਅਤੇ ਜੋ ਲੋਕ ਪ੍ਰਭਾਵਿਤ ਹੋਏ, ਉਹ ਵੱਖਰੇ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖਕ ਟੈਲੀਵਿਜ਼ਨ ਪੱਤਰਕਾਰ ਹਨ।

2 comments:

  1. ਇਹ ਕੈਸ ਰੋਸ ਬਈ !
    ਗੱਲ ਠੀਕ ਹੈ ਤੇ ਸੁਭਾਵਕ ਵੀ। ਮੈਂ ਜਦੋਂ ਵੀ ਜਲੰਧਰ ਤੋਂ ਲੁਧਿਆਣਾ ਵੱਲ ਲੰਘਦਾ ਹਾਂ ਸੜਕ ਦੇ ਕਿਨਾਰੇ ਰਾਮਾ ਮੰਡੀ ਕੋਲ ਉਸ ਦਿਨ ਸਾੜੀ ਗਈ ਰੇਲ ਦੇਖ ਕੇ ਲਗਦਾ ਹੈ ਜਿਵੇਂ ਭੀੜ ਵਿਚ ਕੋਈ ਜਿੰਨ ਵਸਦਾ ਹੈ, ਠੀਕ ਅੱਲਾਦੀਨ ਦੇ ਚਿਰਾਗ ਵਾਂਗ, ਜਿਸਨੂੰ ਜਿਹੜਾ ਮਰਜੀ , ਜਿਵੇਂ ਮਰਜੀ , ਜਰਾ ਕੁ ਹਲੂਣਾ ਜਿਹਾ ਦੇ ਕੇ , ਉਸ ਤੋਂ ਕੁਝ ਵੀ ਕਰਵਾ ਸਕਦਾ ਹੈ। ਕੁਝ ਵੀ।
    ਪੱਤਰਕਾਰ ਨੂੰ ਚੰਗਾ ਮਾੜਾ ਸਭ ਤਰਾਂ ਦਾ ਰੂਪ ਦੇਖਣ ਨੂੰ ਮਿਲਦਾ ਹੈ, ਹਾਲਾਕਿ ਇਸ ਲਈ ਉਸਨੂੰ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਇਹ ਭੀੜਤੰਤਰ ਵਿਚ ਕਾਸ਼ ਕਿਤੇ ਕਿਤਾਬਾਂ ਵਾਲੇ ਲੋਕਤੰਤਰ ਦੀ ਗੱਲ ਵੀ ਤੁਰੇ !

    ReplyDelete