ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, July 19, 2010

ਅਲਵਿਦਾ .... ਅੱਜ ਵਰਗਾ ਦਿਨ ਕਿਤੇ ਨਾ ਚੜ੍ਹਨਾ

ਤਿੰਨ ਆਗੂਆਂ ਨੂੰ ਉਮਰ ਕੈਦ ਹੋਣ ਤੋਂ ਬਾਅਦ ਮਹਿਲ ਕਲਾਂ ਤੋਂ ਉੱਠੀ ਲੋਕ ਲਹਿਰ ਸਦਮੇ ਵਿੱਚ ਸੀ। ਸੂਬਾਈ ਪੱਧਰ ਦਾ ਪਹਿਲਾਂ ਮੁਜ਼ਾਹਰਾ ਬਰਨਾਲੇ ਹੋਣਾ ਸੀ। ਪੁਲੀਸ-ਪ੍ਰਸ਼ਾਸਨ ਵੱਲੋਂ ਦਾਬਾ ਪਾਉਣ ਲਈ ਮੁਜ਼ਾਹਰੇ ਵਾਲੀ ਥਾਂ ਉੱਤੇ ਭਾਰੀ ਨਫ਼ਰੀ ਤਾਇਨਾਤ ਕੀਤੀ ਸੀ। ਅਸੀਂ ਦਸਤਾਵੇਜ਼ੀ ਫਿਲਮ ਬਣਾਉਣ ਦਾ ਕੰਮ ਸ਼ੁਰੂ ਕਰ ਚੁੱਕੇ ਸਾਂ। ਲੋਕ ਲਹਿਰ ਦੇ ਖਾਸੇ ਵਿੱਚ ਦ੍ਰਿੜ੍ਹਤਾ ਅਹਿਮ ਹੁੰਦੀ ਹੈ। ਅਸੀਂ ਇਸ ਔਖੀ ਘੜੀ ਵਿੱਚ ਫਸੀ ਲੋਕ ਲਹਿਰ ਵਿੱਚ ਦ੍ਰਿੜ੍ਹਤਾ ਵਾਲੀ ਸੁਰ ਲੱਭ ਰਹੇ ਸੀ। ਰੋਹਲੇ ਇਕੱਠ ਨੇ ਸਦਮੇ ਅਤੇ ਦਹਿਸ਼ਤ ਦੀ ਚਾਦਰ ਚਾਕ ਕਰ ਦਿੱਤੀ ਸੀ।

ਮੰਚ ਤੋਂ ਕੋਈ ਕਹਿ ਰਿਹਾ ਸੀ, “ਮੈਂ ਤੁਹਾਨੂੰ ਦੱਸਣਾ ਚਾਹੁਨਾ ਕਿ ਪੁਲੀਸ-ਪ੍ਰਸ਼ਾਸਨ ਦੀਆਂ ਅੱਖਾਂ ਵਿੱਚ ਰੋੜਿਆਂ ਵਾਂਗ ਰੜਕਦੀ ਹੈ ਅੱਜ ਦੀ ਰੈਲੀ। ਇਹ ਰੈਲੀ ਅੱਜ ਨਹੀਂ ਹੋਣੀ, ਅਸੀਂ ਵਾਰ-ਵਾਰ ਕਰਾਂਗੇ ਰੈਲੀ। ਅਸੀਂ ਵੀਹ ਸਾਲ ਕਰਾਂਗੇ ਰੈਲੀ।” ਮੈਂ ਕੈਮਰੇ ਵਿੱਚੋਂ ਬੁਲਾਰੇ ਨੂੰ ਨੇੜਿਓਂ ਦੇਖਿਆ ਸੀ। ਸਾਨੂੰ ਦ੍ਰਿੜ੍ਹਤਾ ਵਾਲੀ ਸੁਰ ਮਿਲ ਗਈ ਸੀ। ਇਹ ਸੁਰ ਪੰਜਾਬੀ ਬੰਦੇ ਦੇ ਨਾਬਰ ਖਾਸੇ ਦੇ ਨਾਲ-ਨਾਲ ਆਖ਼ਰੀ ਸਾਹ ਤੱਕ ਲੜਨ ਦੀ ਦ੍ਰਿੜ੍ਹਤਾ ਨੂੰ ਸਮੂਰਤ ਕਰਦੀ ਸੀ। ਚਿੱਟੀ ਦਾੜ੍ਹੀ ਅਤੇ ਕੁੜਤੇ ਪਜਾਮੇ ਵਾਲਾ ਇਹ ਬੰਦਾ ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਸੀ।

ਉਪਰੋਕਤ ਘਟਨਾ ਤੋਂ ਕਰੀਬ ਪੰਜ ਸਾਲ ਬਾਅਦ ਸਵੇਰੇ ਦਫ਼ਤਰ ਪੁੱਜਿਆ ਤਾਂ ਕੰਪਿਉਟਰ ਚਲਾਇਆ। ਈ.ਮੇਲ ਖੁੱਲ੍ਹ ਰਹੀ ਸੀ। ਜਗਮੋਹਨ ਸਿੰਘ ਪਟਿਆਲਾ ਦੀ ਈ-ਮੇਲ ਦਾ ਵਿਸ਼ਾ ਸੀ, ‘ਬਲਕਾਰ ਸਿੰਘ ਡਕੌਂਦਾ ਅਤੇ ਉਨ੍ਹਾਂ ਦੀ ਜੀਵਨਸਾਥੀ ਦੀ ਸੜਕ ਹਾਦਸੇ ਵਿੱਚ ਮੌਤ।’ ਇਸ ਤੋਂ ਅੱਗੇ ਤਾਂ ਈ-ਮੇਲ ਖੋਲ੍ਹਣ ਦੀ ਹਿੰਮਤ ਨਹੀਂ ਪਈ। ਕੁਝ ਦੇਰ ਇਸ ਨੂੰ ਮਜ਼ਾਕ ਜਾਂ ਸਪੈਮ ਸਮਝਣ ਦਾ ਭੁਲੇਖਾ ਪਾਲ਼ਿਆ। ਮੋਬਾਇਲ ਵਿੱਚ ਸਭ ਦੇ ਫੋਨ ਨੰਬਰ ਦੇਖੇ। ਕਿਸੇ ਨੂੰ ਕਿਵੇਂ ਪੁੱਛਾਂ ਜਾਂ ਕੀ ਕਹਾਂ? ਆਖ਼ਰ ਜਗਮੋਹਨ ਸਿੰਘ ਪਟਿਆਲਾ ਨੂੰ ਫੋਨ ਕੀਤਾ। ਦੋਵਾਂ ਪਾਸਿਓਂ ਇੱਕੋ ਫਿਕਰਾ ਕਈ ਵਾਰ ਦੁਹਰਾਇਆ ਗਿਆ। ‘ਬਹੁਤ ਨੁਕਸਾਨ ਹੋ ਗਿਆ।’

ਬਲਕਾਰ ਸਿੰਘ ਡਕੌਂਦਾ ਨੂੰ ਮੈਂ ਬਾਬਾ ਜੀ ਕਹਿੰਦਾ ਸਾਂ। ਉਨ੍ਹਾਂ ਨੇ ਇੱਕ ਵਾਰ ਇਤਰਾਜ਼ ਕੀਤਾ। ਮੈਂ ਕਿਹਾ ਕਿ ਕੋਈ ਅਜਿਹਾ ਸ਼ਬਦ ਲੱਭ ਦਿਓ ਜਿਸ ਵਿੱਚ ਸਤਿਕਾਰਯੋਗ ਅਤੇ ਪਿਆਰੇ ਦੇ ਅਰਥ ਰਲੇ ਹੋਣ। ਉਨ੍ਹਾਂ ਨੇ ਮੁੜ ਕੇ ਨਹੀਂ ਟੋਕਿਆ। ਪਟਿਆਲੇ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਨੇ ਕਿਸਾਨੀ ਦੇ ਮਸਲੇ ਉੱਤੇ ਕੌਮਾਂਤਰੀ ਸੈਮੀਨਾਰ ਕਰਵਾਇਆ। ਬਲਕਾਰ ਸਿੰਘ ਡਕੌਂਦਾ ਹੁਰਾ ਨੇ ਪੇਪਰ ਪੜ੍ਹਿਆ ਅਤੇ ਮੈਂ ਖੇਤ ਮਜ਼ਦੂਰਾਂ ਬਾਬਤ ਦਸਤਾਵੇਜ਼ੀ ਫਿਲਮ ‘ਕਰਜ਼ੇ ਹੇਠ’ ਦਿਖਾਈ। ਬਾਬਾ ਜੀ ਨੇ ਫਿਲਮ ਉੱਤੇ ਸਖ਼ਤ ਲਹਿਜ਼ੇ ਵਿੱਚ ਇਤਰਾਜ਼ ਕੀਤੇ। ਖੇਤ ਮਜ਼ਦੂਰ ਅਤੇ ਕਿਸਾਨ ਦੇ ਆਪਸੀ ਰਿਸ਼ਤਿਆਂ ਬਾਬਤ ਬਹਿਸ ਬਾਅਦ ਵਿੱਚ ਵੀ ਚਲਦੀ ਰਹੀ। ਜਦੋਂ ਕਿਸਾਨ ਜਥੇਬੰਦੀਆਂ ਨੇ ਮਟਕਾ ਚੌਂਕ ਵਿੱਚ ਧਰਨਾ ਦਿੱਤਾ ਹੋਇਆ ਸੀ ਤਾਂ ਉਨ੍ਹਾਂ ਨੇ ਮੈਨੂੰ ‘ਕਰਜ਼ੇ ਹੇਠ’ ਦਿਖਾਉਣ ਲਈ ਮਟਕਾ ਚੌਂਕ ਸੱਦਿਆ। ਯੂਨੀਵਰਸਿਟੀ ਅੰਦਰ ਸ਼ੁਰੂ ਹੋਈ ਬਹਿਸ ਬਾਬੇ ਰਾਹੀਂ ਪੰਜਾਬ ਦੇ ਪਿੰਡਾਂ ਵਿੱਚ ਪਹੁੰਚ ਗਈ।

ਜਤਿੰਦਰ ਮੌਹਰ ਦੀ ਪਲੇਠੀ ਫਿਲਮ ਵਿੱਚ ਕਿਸਾਨ ਆਗੂ ਦਾ ਕਿਰਦਾਰ ਹੈ – ਜੀਤ ਬਾਈ। ਜਤਿੰਦਰ ਨੂੰ ਲੱਗਦਾ ਸੀ ਕਿ ਇਹ ਕਿਰਦਾਰ ਉਸੇ ਬੰਦੇ ਨਾਲ ਮਿਲਦਾ ਹੈ ਜੋ ‘ਹਰ ਮਿੱਟੀ ਕੁੱਟਿਆ ਨਹੀਂ ਭੁਰਦੀ’ ਵਿੱਚ ਕਹਿ ਰਿਹਾ ਹੈ, “…ਅਸੀਂ ਵੀਹ ਸਾਲ ਕਰਾਂਗੇ ਰੈਲੀ।” ਆਪਾਂ ਬਾਬਾ ਜੀ ਨੂੰ ਪੁੱਛਣ ਦੀ ਸਲਾਹ ਕੀਤੀ। ਫੋਨ ਉੱਤੇ ਗੱਲ ਕੀਤਾ ਤਾਂ ਮੈਨੂੰ ਕਹਿੰਦੇ ਕੀ ਜੇ ਤੂੰ ਕਹਾਣੀ ਸੁਣ ਲਈ ਤਾਂ ਠੀਕ ਹੈ। ਮੈਂ ਜਵਾਬ ਦਿੱਤਾ ਕਿ ਤੁਸੀਂ ਆਪ ਸੁਣੋ। ਤੁਹਾਡੀ ਜਵਾਬਤਲਬੀ ਹੋਣੀ ਹੈ। ਮੈਨੂੰ ਕਿਹਨੇ ਪੁੱਛਣਾ? ਜਤਿੰਦਰ ਉਨ੍ਹਾਂ ਕੋਲ ਗਿਆ। ਬਾਬਾ ਜੀ ਨੂੰ ਕਹਾਣੀ ਵਿੱਚ ਨੌਜਵਾਨਾਂ ਦੇ ਸੰਵਾਦ ਪਸੰਦ ਨਹੀਂ ਸਨ। ਉਨ੍ਹਾਂ ਨਾਂਹ ਕਰ ਦਿੱਤੀ ਅਤੇ ਨਾਂਹ ਦੀ ਤਫ਼ਸੀਲ ਨਾਲ ਵਿਆਖਿਆ ਕੀਤੀ। ਜਦੋਂ ਮੈਨੂੰ ਮਿਲੇ ਤਾਂ ਆਪ ਹੀ ਗੱਲ ਸ਼ੁਰੂ ਕੀਤੀ। ਲੱਚਰਤਾ, ਗਾਲ੍ਹਾਂ, ਕਲਾ ਅਤੇ ਵਿਸ਼ੇ ਬਾਬਤ ਲੰਮੀ ਚਰਚਾ ਹੋਈ। ਉਹ ਕਹਿੰਦੇ ਸੀ ਕਿ ਕੁਝ ਗੱਲਾਂ ਲੱਚਰ ਹਨ। ਮੈਂ ਕਹਿ ਰਿਹਾ ਸੀ ਕਿ ਨੌਜਵਾਨ ਪੀੜ੍ਹੀ ਇੰਝ ਬੋਲਦੀ ਹੈ। ਮੇਰੀ ਦਲੀਲ ਸੀ ਕਿ ਨੌਜਵਾਨਾਂ ਨਾਲ ਸੰਵਾਦ ਛੇੜਨਾ ਜ਼ਰੂਰੀ ਹੈ ਤੁਸੀਂ ਸਿਰਫ਼ ਨੌਜਵਾਨਾਂ ਵਿੱਚ ਆਏ ਵਿਗਾੜਾਂ ਬਾਬਤ ਤਕਰੀਰਾਂ ਕਰਕੇ ਕੰਮ ਸਾਰ ਦਿੰਦੇ ਹੋ। ਖ਼ੈਰ ਲੰਮੀ ਬਹਿਸ ਸਿਰੇ ਨਹੀਂ ਲੱਗੀ ਪਰ ਕਈ ਮਸਲੇ ਸੁਲਝ ਗਏ। ਹੁਣ ਮੈਂ ਸੋਚਦਾ ਹਾਂ ਕਿ ਬਾਬਾ ਤਾਂ ਇੱਕੋ ਸਮੇਂ ਕਈ ਤਬਕਿਆਂ ਨਾਲ ਸੁਹਿਰਦ ਸੰਵਾਦ ਰਚਾ ਰਿਹਾ ਸੀ। ਯੂਨੀਵਰਸਿਟੀ ਦੇ ਵਿਦਵਾਨਾਂ, ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ,ਫਿਲਮਸਾਜ਼ਾਂ ਅਤੇ ਪੱਤਰਕਾਰਾਂ ਵਿੱਚ ਉਹ ਸਾਲਸ ਦਾ ਸਹਿਜ ਪੁਲ਼ ਸੀ। ਇਸੇ ਕਰਕੇ ਪਾਲਾਬੰਦੀ ਦੇ ਬਾਵਜੂਦ ਸਮੂਹ ਕਿਸਾਨ ਜਥੇਬੰਦੀਆਂ ਵਿੱਚ ਸਤਿਕਾਰੇ ਜਾਂਦੇ ਸਨ।

ਇਹ ਗੱਲ ਸਮਝ ਆਉਂਦੇ ਹੀ ਮੇਰਾ ਧਿਆਨ ਉਨ੍ਹਾਂ ਬਜ਼ੁਰਗਾਂ ਵੱਲ ਜਾਂਦਾ ਹੈ ਜਿਹੜੇ ਆਪਣੇ ਤਜਰਬੇ ਵਿੱਚੋਂ ਜੀਵਨ ਜਾਚ ਸਿਖਾਉਂਦੇ ਸਨ। ਪਿੰਡ ਤੋਂ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਆਇਆ ਤਾਂ ਇਸ ਗੱਲ ਦਾ ਮਾਣ ਸੀ ਕਿ ਪੇਂਡੂ ਜ਼ਿੰਦਗੀ ਨੂੰ ਮੈਂ ਬਾਕੀਆਂ ਤੋਂ ਬਿਹਤਰ ਜਾਣਦਾ ਹਾਂ। ਜਦੋਂ ਮੇਰੇ ਨਾਲ ਪਿੰਡ ਗਏ ਦੂਜੇ ਸੂਬਿਆਂ ਦੇ ਦੋਸਤਾਂ ਨੇ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛਣੀਆਂ ਤਾਂ ਮੈਨੂੰ ਲੱਗਣਾ ਕਿ ਪਿੰਡ ਨੂੰ ਜਾਣਨ ਦਾ ਦਾਅਵਾ ਠੋਸ ਨਹੀਂ ਹੈ। ਉਹ ਮਛੇਰਨ ਯਾਦ ਆਈ ਜਿਸ ਨੂੰ ਕਈ ਸਾਲ ਸਮੁੰਦਰ ਕੰਢੇ ਰਹਿਣ ਤੋਂ ਬਾਅਦ ਵੀ ਡੁੱਬਦੇ ਸੂਰਜ ਦੀ ਲਾਲੀ ਓਨੀ ਖ਼ੂਬਸੂਰਤ ਨਹੀਂ ਦਿਖੀ ਜਿੰਨੀ ਵਾਨ ਗੌਗ ਨੂੰ ਪਹਿਲੀ ਵਾਰ ਦਿਖ ਗਈ। ਵਾਨ ਗੌਗ ਨੇ ਮਛੇਰਨ ਨੂੰ ਸੂਰਜ ਦੀ ਖ਼ੂਬਸੂਰਤੀ ਦਿਖਾਈ, ਮੈਨੂੰ ਮੇਰੇ ਦੋਸਤਾਂ ਨੇ ਮੇਰਾ ਪਿੰਡ ਦਿਖਾਇਆ। ਹਾਲੇ ਵੀ ਮੇਰਾ ਇਹ ਮਾਣ ਤਾਂ ਕਾਇਮ ਸੀ ਕਿ ਮੈਂ ਪੇਂਡੂਆਂ ਨੂੰ ਵਧੇਰੇ ਜਾਣਦਾ ਹਾਂ। ਜਦੋਂ ਮੈਂ ਆਪਣੀ ਪਲੇਠੀ ਫਿਲਮ ਬਣਾਉਣ ਲਈ ਪਟਿਆਲੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਿਆ ਤਾਂ ਪਹਿਲੇ ਦਿਨ ਹੀ ਇਸ ਮਾਣ ਦੇ ਅਣਗਿਣਤ ਟੋਟੇ ਹੋ ਗਏ। ਉਦਾਸੀ ਦੇ ਜਿਹੜੇ ਗੀਤ ਬਚਪਨ ਤੋਂ ਗਾਉਂਦਾ-ਸੁਣਦਾ ਰਿਹਾ ਸਾਂ ਉਨ੍ਹਾਂ ਦੇ ਅਰਥ ਉਸੇ ਦਿਨ ਸਮਝ ਆਏ। ਜੋ ਫਿਲਮ ਪੇਂਡੂ ਕਰਜ਼ੇ ਉੱਤੇ ਬਣਨੀ ਸੀ ਉਹ ਖੇਤ ਮਜ਼ਦੂਰਾਂ ਦੇ ਕਰਜ਼ੇ ਬਾਬਤ ਬਣੀ ਅਤੇ ਬਾਬਾ ਜੀ ਨਾਲ ਬਹਿਸ ਦਾ ਸਬੱਬ ਬਣੀ।

ਉਸ ਦਿਨ ਦੇ ਸਵਾਲਾਂ ਨਾਲ ਮੈਂ ਆਪਣੇ ਪਿੰਡ ਬਾਬੇ ਭਾਗੂ ਕੋਲ ਗਿਆ। ਉਹ ਜਵਾਨੀ ਵੇਲੇ ਦਿਹਾੜੀ ਵਿੱਚ ਕਿੱਲਾ ਕਣਕ ਦਾ ਵੱਢ ਦਿੰਦੇ ਸਨ। ਇਕੱਲੇ ਵੱਢ ਕੇ ਚਰੀ ਦੀ ਟਰਾਲੀ ਭਰ ਦਿੰਦੇ ਸਨ। ਉਨ੍ਹਾਂ ਮੈਨੂੰ ਪੜ੍ਹਨ ਅਤੇ ਚੰਡੀਗੜ੍ਹ ਬਾਰੇ ਦੱਸਣ ਦੀ ਸਲਾਹ ਦਿੱਤੀ। ਹੁਣ ਮੈਨੂੰ ਸਮਝ ਆਈ ਕਿ ਪਿੰਡ ਨਾਲ ਮੇਰੀ ਪਛਾਣ ਦਾ ਕੋਈ ਜਾਤੀ ਪੱਖ ਸੀ। ਇਸੇ ਕਾਰਨ ਹਰ ਵੇਲੇ ਚਾਅ ਨਾਲ ਗੱਲਾਂ ਕਰਨ ਵਾਲਾ ਬਾਬਾ ਭਾਗੂ ਮੈਨੂੰ ਟਾਲ ਰਿਹਾ ਸੀ। ਜ਼ਿੱਦੀ ਪੋਤੇ ਨੂੰ ਬਾਬਾ ਕਿੰਨੀ ਕੁ ਦੇਰ ਟਾਲ ਸਕਦਾ ਸੀ। ਆਖ਼ਰ ਮੈਂ ਯੂਨੀਵਰਸਿਟੀ ਵਰਗੀ ਰਸਮੀ ਸੰਸਥਾ ਤੋਂ ਨਿਕਲ ਕੇ ਗਿਆਨ ਦੇ ਕੁਦਰਤੀ ਸਰੋਤ ਸਾਂਭੀ ਬੈਠੇ ਬਾਬਿਆਂ-ਬੇਬੇਆਂ ਦਾ ਵਿਦਿਆਰਥੀ ਬਣ ਗਿਆ। ਬਾਬੇ ਭਾਗੂ ਦੇ ਤਜਰਬੇ ਮੇਰੇ ਵਿੱਚੋਂ ਬਾਬੇ ਡਕੌਂਦੇ ਨਾਲ ਸੰਵਾਦ ਰਚਾਉਂਦੇ ਹਨ, ਉਹ ਅੱਗੇ ਲੜੀ ਜੋੜਦਾ ਹੈ।

ਮੌਜੂਦਾ ਪੰਜਾਬ ਵਿੱਚ ਸੁਹਿਰਦ ਸੰਵਾਦ ਦੇ ਮੌਕੇ ਅਤੇ ਥੜ੍ਹੇ ਘਟ ਰਹੇ ਹਨ। ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਕਾਰ ਪਾੜਾ ਵਧ ਰਿਹਾ ਹੈ। ਬੇਮੁਹਾਰ ਜਾਣਕਾਰੀ ਤਜਰਬੇ ਨੂੰ ਰੱਦ ਕਰ ਰਹੀ ਹੈ। ਨਾਬਰੀ ਦੀ ਦ੍ਰਿੜ ਸੁਰ ਮੰਡੀ ਦੇ ਸ਼ੋਰ ਵਿੱਚ ਹੋਰ ਕੰਨੀ ਉੱਤੇ ਚਲੀ ਗਈ ਹੈ। ਇਸ ਹਾਲਾਤ ਵਿੱਚ ਮੁੜ-ਘਿੜ ਕੇ ਇੱਕੋ ਗੱਲ ਸੰਘ ਵਿੱਚ ਅਟਕੀ ਹੋਈ ਹੈ, “ਬਾਬਿਓ ਇੰਝ ਨਾ ਜਾਓ ..¨”

ਦਲਜੀਤ ਅਮੀ
ਅਸਿਸਟੈਂਟ ਐਡੀਟਰ
ਪੰਜਾਬੀ ਟ੍ਰਿਬਿਊਨ
( ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ )

No comments:

Post a Comment