ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, July 24, 2010

ਹੜ੍ਹਾਂ ‘ਤੇ ਸਿਆਸਤ ਅਤੇ ਡੇਰਾਵਾਦ ਭਾਰੂ

ਮੀਂਹ ਨਹੀਂ ਪੈਂਦਾ...ਕਈ ਥਾਂਈ ਲੋਕਾਂ ਵਲੋਂ ਅਰਦਾਸਾਂ....ਫਲਾਣੇ ਥਾਂ ਗੁੱਡੀ ਫੂਕੀ....ਪੰਜਾਬ ‘ਚ ਭਰਵੇਂ ਮੀਂਹ ਨਾਲ ਪਾਣੀ ਦਾ ਪੱਧਰ ੳੁੱਚਾ ਹੋਣ ਦੀ ਸੰਭਾਵਨਾ…..ਆਦਿ ਸਭ ਅਖ਼ਬਾਰਾਂ ਦੀਆਂ ਕਈ ਸੁਰਖ਼ੀਆਂ ਸਨ, ਜਦ 29 ਮਈ ਤੱਕ ਮੌਨਸੂਨ ਪੰਜਾਬ ਨਹੀਂ ਪਹੁੰਚਿਆ ਸੀ।ਮੌਨਸੂਨ ਦੇ ਪਹਿਲੇ ਤੇ ਦੂਜੇ ਮੀਂਹ ਨੇ ਪੂਰੇ ਪੰਜਾਬ ‘ਚ ਹੜਾਂ ਦੀ ਸਥਿਤੀ ਪੈਦਾ ਕਰ ਗਈ,ਜਿਸ ਨਾਲ ਨਜਿੱਠਣ ਲਈ ਨਾ ਤਾਂ ਪ੍ਰਸ਼ਾਸਨ ਅਤੇ ਨਾ ਹੀ ਆਮ ਲੋਕ ਤਿਆਰ ਸਨ।ਹਾਲਾਤ ਬਦਤਰ ਹੋਣ ਦੀ ਸ਼ੁਰੂਆਤ ਹੋਈ ਨੀਮ ਪਹਾੜੀ ਇਲਾਕਿਆਂ ਤੋਂ ਮੈਦਾਨੀ ਇਲਾਕਿਆਂ ਵੱਲ ਵਹਿੰਦੇ ਚੋਆਂ ‘ਚ ਵਧੇਰੇ ਪਾਣੀ ਆਉਣ ਨਾਲ ਸਮਰਾਲਾ ਤੋਂ।ਪੰਜਾਬ ਦੇ ਆਖਰੀ ਸ਼ਹਿਰ ਸਰਦੂਲਗੜ ਤੱਕ ਮਾਲਵੇ ਦੀ ਨਾਲੀ ਯਾਨਿ ਘੱਗਰ ਨਦੀ ਦੀ ਬਦੌਲਤ ਪੰਜਾਬ ਅਤੇ ਹਰਿਆਣਾ ‘ਚ ਨੁਕਸਾਨ ਇੰਨਾ ਹੋ ਗਿਆ ਕਿ ਪਹਿਲਾਂ ਹੀ ਤੰਗੀ ਤੁਰਸ਼ੀ ਭਰਪੂਰ ਜ਼ਿੰਦਗੀ ਕੱਟ ਰਹੀ ਛੋਟੀ ਕਿਸਾਨੀ ਦੀਆਂ ਖ਼ੁਦਕੁਸ਼ੀਆਂ ‘ਚ ਸ਼ਇਦ ਹੋਰ ਵਾਧਾ ਕਰ ਦੇਵੇ।ਭਾਵੇਂ ਕਿ ਕਈ ਇਹ ਵੀ ਸੋਚ ਰਹੇ ਹਨ ਕਿ ਚਲੋ ਸਾਲਾਂ ਵੱਧੀ ਲਗਾਤਾਰ ਡਿੱਗ ਰਿਹਾ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਆਉਣ ਨਾਲ ਕਿਸਾਨਾਂ ਦਾ ਫਾਇਦਾ ਹੋਵੇਗਾ,ਪਰ ਸ਼ਾਇਦ ਨੁਕਸਾਨ ਏਨਾ ਹੋ ਗਿਆ ਕਿ ਨੁਕਸਾਨ ਦਾ ਅੰਦਾਜ਼ਾ ਲਗਾਉਣ ਵਾਲੀਆਂ ਸਰਕਾਰੀ ਗਰਦਾਵਰੀਆਂ ਹਮੇਸ਼ਾਂ ਦੀ ਤਰਾਂ ਖਾਨਾਪੂਰਤੀ ਤੱਕ ਹੀ ਨਾ ਰਹਿ ਜਾਣ, ਜਿਵੇਂ 30 ਹਜ਼ਾਰ ਦੀ ਫਸਲ ਦਾ ਮੁਆਵਜ਼ਾ ਸਿਰਫ 4-5 ਹਜ਼ਾਰ ਹੋ ਸਕਦਾ ਹੈ।

ਜਿੱਥੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਇਕ ਦੂਜੇ ਸਿਰ
ਦੋਸ਼ ਮੜ ਰਹੀਆਂ ਹਨ,ਉਥੇ ਦੋਵੇਂ ਰਾਜਾਂ ਦੀ ਅਫਸਰਸ਼ਾਹੀ ਬੀਤੇ ਵਰਿਆਂ ‘ਚ ਹੜ ਰੋਕਣ ਲਈ ਚੁਕੇ ਕਦਮਾਂ ਦੀਆਂ ਕਰੋੜਾਂ ਦੀਆਂ ਰਕਮਾਂ ਹੜਾਂ ਨਾਲ ਅਸਾਨੀ ਖੁਰਦ-ਬੁਰਦ ਕਰਨ ‘ਚ ਮਿਲੀ ਸਹਾਇਤਾ ਨਾਲਾ ਬਹੁਤ ਖੁਸ਼ ਹੈ। ਇਕੱਲੀ ਘੱਗਰ ਨਦੀ, ਜੋ ਪੰਜਾਬ ਦੀ ਇਕੱਲੀ ਬਰਸਾਤੀ ਨਦੀ ਹੈ ਅਤੇ ਬਿਨਾਂ ਹੜਾਂ ਦੇ ਸਮੇਂ ਸਨੱਅਤੀ ਪ੍ਰਦੂਸ਼ਣ ਨਾਲ ਭਰਪੂਰ ਪਾਣੀ ਨਾਲ ਇਕ ਛੋਟੇ ਨਾਲੇ ਦੇ ਰੂਪ ‘ਚ ਵਗਦੀ ਹੈ, ਉੱਤੇ ਹੜ ਕੰਟਰੋਲ ਲਈ ਹਰ ਸਾਲ 100-200 ਕਰੋੜ ਖਾਧੇ ਜਾਂਦੇ ਹਨ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। 30 ਸਾਲ ਪਹਿਲਾਂ ਘੱਗਰ ਨਦੀ ‘ਚ ਹੜ ਆਉਣ ਵੇਲੇ ਸਰਦੂਲਗੜ ਪਿੰਡ, ਜੋ ਹੁਣ ਤਹਿਸੀਲ ਬਣ ਗਿਆ ਹੈ, ਉਸ ਦੀ ਵਾਗਡੋਰ ਸਰਬਸੰਮਤੀ ਨਾਲ ਸਰਪੰਚ ਬਣੇ ਘਾਂਬੜ ਸਰਪੰਚ ਦੇ ਮੋਢੇ ਤੇ ਸੀ। ਸਾਬਕਾ ਸਰਪੰਚ ਸਾਹਿਬ ਦੇ ਘਰ ਉਸ ਸਮੇਂ ਧੀ ਪੈਦਾ ਹੋਣ ਦਾ ਸੁਨੇਹਾ ਵੀ ਉਹਨਾਂ ਨੂੰ ਬੰਨ੍ਹ ‘ਤੇ ਖੜਿਆ ਨੂੰ ਮਿਲਿਆ ਸੀ।ਪਿੰਡ ਦੇ ਲੋਕਾਂ ਨੇ ਕਿਵੇਂ ਸਾਂਝੇ ਉਦਮ ਨਾਲ ਉਸ ਸਮੇਂ ਦਾ ਟਾਕਰਾ ਕੀਤਾ,ਇਹ ਦੱਸਦੇ ਹੋਏ ਸਾਬਕਾ ਸਰਪੰਚ ਅਤੇ ਮਾਰਕਸਵਾਦੀ ਲਹਿਰ ਦੇ ਇਸ ਲੀਡਰ ਦੀਆਂ ਅੱਖਾਂ ਚਮਕ ਪੈਦੀਆਂ ਹਨ।ਸਰਪੰਚ ਸਾਹਿਬ ਮੁਤਾਬਿਕ ਪਹਿਲਾਂ ਭਾਵੇਂ ਬਿਜਲਈ ਮੀਡੀਆ ਨਹੀਂ ਸੀ ਪਰ ਪਿੰਡ ਵਾਸੀ ਮੀਹਾਂ ਦਾ ਪਤਾ ਲੱਗਣ ‘ਤੇ ਹੀ ਸਰਦੂਲਗੜ ਦੇ ਨੇੜੇ ਸਰਦੂਲੇਵਾਲਾ, ਸਾਧੂਵਾਲਾ ਅਤੇ ਪਾਰ ਦਾ ਬੰਨ੍ਹ (ਭੂੰਦੜ ਪਿੰਡ ਵਾਲੇ ਪਾਸੇ) ਸਾਰੇ ਬੰਨ੍ਹ ਮਜ਼ਬੂਤ ਕਰਨ ਲਈ ਕਈ ਦਿਨ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੰਦੇ ਸਨ ਅਤੇ ਇਸ ਲਈ ਅਕਾਲੀ-ਕਾਂਗਰਸ ਦੀ ਸੌੜੀ ਸਿਆਸਤ ਕੋਈ ਅੜਚਣ ਨਹੀਂ ਪਾਉਦੀ ਸੀ।

ਘੱਗਰ ਦੇ ਕਿਨਾਰੇ ਵਾਰ ਵਾਰ ਟਰੈਕਟਰ ਆਦਿ ਦੇ ਲੰਘਣ ਨਾਲ ਕਾਫੀ ਮਜ਼ਬੂਤ ਹੋ ਜਾਂਦੇ ਸਨ ਅਤੇ ਚੂਹਿਆਂ ਵਗੈਰਾ ਦੀਆਂ ਖੱਡਾਂ ਦੱਬੀਆ ਜਾਂਦੀਆ ਸਨ (ਇਸ ਬਾਰ ਬੰਨ੍ਹਾਂ ਦੇ ਟੁੱਟਣ ਦਾ ਮੁੱਖ ਕਾਰਨ ਹੀ ਇਹੀ ਰਿਹਾ ਹੈ)। ਲੋਕ ਪਾਣੀ ‘ਚ ਘਿਰੇ ਲੋਕਾਂ ਦੀ ਮੱਦਦ ਸਿਆਸਤ ‘ਚ ਉਨ੍ਹਾਂ ਦੀ ਭੂਮਿਕਾ ਬਾਰੇ ਸੋਚ ਕੇ ਨਹੀਂ ਕਰਦੇ ਸਨ। ਐਮ.ਐਲ.ਏ ਅਤੇ ਐਮ.ਪੀ ਇਕੱਲੇ ਦੌਰੇ ਕਰਨ ਦੀ ਥਾਂ ਆਮ ਲੋਕਾਂ ਨਾਲ ਹੜ੍ਹ ਨਾਲ ਨਜਿੱਠਣ ‘ਤੇ ਵਿਚਾਰ ਕਰਦੇ ਸਨ ਅਤੇ ਇਸ ਵਾਰ ਦੀ ਤਰਾਂ ਕੰਨ੍ਹ ਬੰਦ ਨਹੀਂ ਮਿਲਦੇ ਸਨ। ਜਿੱਥੇ ਲੋਕ ਪਹਿਲਾਂ ਨਦੀ ਵਿਚ ਪਾਣੀ ਆਉਣ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਹਨਾਂ ਦਾ ਹੜਾਂ ਦੇ ਖ਼ਦਸ਼ੇ ਪ੍ਰਤੀ ਅਵੇਸਲਾ ਹੋਣਾ ਹੀ ਇਸ ਇਲਾਕੇ ਵਿਚ ਵਧੇਰੇ ਨੁਕਸਾਨ ਦਾ ਕਾਰਨ ਬਣਿਆ।

ਖੈਰ੍ਹਾ ਰੋਡ ਉੱਪਰ ਇਕ ਡਿੱਗ ਰਹੇ ਘਰ ਨੂੰ ਕਵਰ ਕਰਨ ਦੀ ਇੱਛਾ ਨਾਲ ਅਸੀਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਹਰਦੀਪ ਜਟਾਣਾ ਨਾਲ ਇਸ ਇਲਾਕੇ ‘ਚ ਪਹੁੰਚੇ, ਤਾਂ ਇਕ ਘਰ ਦੇ ਨਾਲ ਡੇਰਾ ਸੱਚਾ ਸੌਦਾ ਸਰਸਾ ਦੀਆਂ ਭੂਰੇ ਰੰਗ ਦੀਆਂ ਵਰਦੀਆਂ ਪਾਈ ਕੁੱਝ ਜਰਵਾਣੇ ਨੌਜਵਾਨ ਇਕ ਘਰ ਦੇ ਆਲੇ ਦੁਆਲੇ ਬੰਨ੍ਹ ਮਾਰ ਰਹੇ ਸਨ। ਸਾਡੇ ਸਾਰੇ ਬੰਦਿਆਂ ਨੇ ਉਹਨਾਂ ਦੀ ਇਸ ਪਹਿਲ ਨੂੰ ਚੰਗਾ ਸਮਾਜਿਕ ਉਦਮ ਕਰਾਰ ਦਿੱਤਾ ਪਰ ਕੁਝ ਦੇਰ ਬਾਅਦ ਹੀ ਆਲੇ ਦੁਆਲੇ ਤੋਂ ਪਤਾ ਲੱਗਾ ਕਿ ਸਮਾਜ ਸੇਵਾ ਸਿਰਫ ਆਪਣੇ ਡੇਰੇ ਦੇ ਪ੍ਰੇਮੀਆਂ ਤੱਕ ਹੀ ਸੀਮਤ ਹੈ। ਇਹ ਕਾਫੀ ਭੈੜਾ ਲੱਗਣ ਕਾਰਨ, ਅਸੀਂ ਇਸ ਦੀ ਘੋਖ ਕਰਨ ਦੀ ਕੋਸ਼ਿਸ਼ ਕੀਤੀ ਕਿੳਂੁਕਿ ਡੇਰੇ ਵਲੋਂ ਸਾਰੇ ਧਰਮਾਂ ਦੇ ਨਿਸ਼ਾਨ ਧਾਰਨ ਕੀਤੇ ਹੋਣ ਕਰਕੇ ਇਹ ਇਹਨਾਂ ਭਾਵਾਨਾਵਾਂ ਤੋਂ ੳੱਪਰ ੳੱਠਣ ਦਾ ਦਾਅਵਾ ਕਰਦੇ ਹਨ, ਅਜਿਹੇ ਫਲਸਫੇ ਦੇ ਧਾਰਨੀ ਇੰਝ ਸਮਾਜਿਕ ਵਿਤਕਰਾ ਕਰਨ ਇਹ ਮੈਨੂੰ ਹਜਮ ਨਹੀਂ ਹੋ ਰਿਹਾ ਸੀ। ਪਰ ਪਿੰਡ ਦੇ ਕੁੱਝ ਬਜ਼ੁਰਗਾਂ ਨੇ ਇਹਨਾਂ ਵਲੋਂ ਕਾਹਨੇਵਾਲਾ ਅਤੇ ਅਕਾਲੀ ਲੀਡਰ ਭੂੰਦੜ ਸਾਹਿਬ ਦੇ ਪਿੰਡਾਂ ਵਾਲ ਟੁੱਟੇ ਬੰਨ੍ਹ ਨੂੰ ਰੋਕਣ ਦੀਆਂ ਇਸ ਅਦਾਰੇ ਦੇ ਭੰਗੀਦਾਸਾਂ ਵਲੋਂ ਕੀਤੀਆ ਜਾਣ ਵਾਲੀਆਂ ਕੋਸ਼ਿਸ਼ਾ ਨੂੰ ਵੀ ਆਪਣੇ ਮਤਲਬ ਤੋਂ ਪ੍ਰੇਰਿਤ ਦੱਸਿਆ। ਉਹਨਾਂ ਮੁਤਾਬਿਕ ਕਾਹਨੇਵਾਲਾ ‘ਚ ਡੇਰਾ ਪ੍ਰੇਮੀਆਂ ਦੀ ਵਸੋਂ ਜ਼ਿਆਦਾ ਹੈ ਤਾਂ ਹੀ ਉਹ ਟੁੱਟੇ ਬੰਨ੍ਹ ਨੂੰ ਠੀਕ ਕਰਨ ‘ਚ ਅੱਗੇ ਹਨ, ਜਦ ਕਿ ਸਾਧੂਵਾਲ ਪਿੰਡ ਵਾਲੇ ਪਾਸੇ ਕੋਈ ਨਹੀਂ ਆਇਆ। ਖੈਰ੍ਹਾ ਰੋਡ ‘ਤੇ ਹੀ ਆਰਜੀ ਟੈਂਟਾਂ ‘ਚ ਬੈਠੇ ਲੋਕਾਂ ਨੇ ਵੀ ਇਹੋ ਕਿਹਾ ਕਿ ਲੰਗਰ ਗੁਰੂਦੁਆਰੇ ਜਾਂ ਕਿਸੇ ਸਮਾਜਿਕ ਸੰਸਥਾ ਵਲੋਂ ਆਉਦਾ ਹੈ ਡੇਰਾ ਪ੍ਰੇਮੀਆਂ ਵਲੋਂ ਨਹੀਂ ਕਿਉਕਿ ਉਹਨਾਂ ਦੀ ਮੱਦਦ ਆਪਣੇ ਤੱਕ ਸੀਮਤ ਹੈ।

ਸਿਆਸਤ ਪੰਜਾਬੀਆ ਦੇ ਮਨਾਂ ‘ਚ ਇਸ ਹੱਦ ਤੱਕ ਘਰ ਕਰ ਚੁੱਕੀ ਹੈ ਕਿ ਸਾਧੂਵਾਲਾ ਰੋਡ ‘ਤੇ ਪਾਣੀ ਦੇ ਨਿਕਾਸ ਨੂੰ ਰੋਕਣ ਵਾਲੇ ਇਕ ਘਰ ਦਾ ਸਾਰੇ ਘਰਾਂ ਨੇ ਵਿਰੋਧ ਕੀਤਾ ਅਤੇ ਮਸਲਾ ਉਲਝ ਗਿਆ। ਕੁਝ ਲੋਕਾਂ ਨੇ ਦੱਸਿਆ ਕਿ ਇਹ ਬੰਦਾ ਕਾਂਗਰਸੀ ਹੈ ,ਇਸ ਲਈ ਅੜਿੱਕੇ ਲਾ ਰਿਹਾ ਹੈ ਉਸ ਦਾ ਹੱਲ ਕੱਢਣ ਲਈ ਇਲਾਕੇ ਦੇ ਐਮ.ਐਲ.ਏ ਸਾਹਿਬ ਦੀ ਮੱਦਦ ਲਈ ਗਈ। ਅਕਾਲੀ ਸਰਕਾਰ ਸਮੇਂ ਆਏ ਹੜ੍ਹਾਂ ਨੂੰ ਕਾਂਗਰਸੀ ਸਰਕਾਰ ਦੀ ਨਕਾਮੀ ਕਹਿਕੇ ਭੰਡਦੇ ਹਨ ਅਤੇ ਰਾਹਤ ਕਾਰਜਾਂ ਨਾਲੋਂ ਵੀ ਆਪਣੀ ਦੂਰੀ ਬਣਾਈ ਰੱਖਦੇ ਹਨ, ਭਾਵੇਂ ਮੋਫਰ ਸਾਹਿਬ ਆਪਣੇ ਬੰਦਿਆਂ ਦੀਆਂ ਦੁੱਧ ਵੰਡਣ ਆਦਿ ਦੇ ਕਾਰਜਾਂ ‘ਚ ਡਿਊਟੀਆਂ ਲਗਾਉਂਦੇ ਸਭ ਨੂੰ ਨਜ਼ਰ ਆਏ ਪਰ ਹੇਠਲੇ ਪੱਧਰ ਦੀ ਲੀਡਰਸ਼ਿਪ ਗੈਰਹਾਜ਼ਰ ਸੀ।ਗਰੀਬਾਂ ਦੇ ਮਸੀਹਾਂ ਕਹਿਕੇ ਇਲਾਕੇ ‘ਚ ਆਧਾਰ ਬਣਾਉਣ ਲਈ ਤਤਪਰ ਬੁਹਜਨ ਸਮਾਜ ਪਾਰਟੀ ਦੇ ਨੇਤਾ ਦੇ ਤਾਂ ਦਰਸ਼ਨ ਵੀ ਨਹੀਂ ਹੋਏ ਭਾਵੇਂ ਵਾਰਡ ਨੰਬਰ 2 ‘ਚ ਜ਼ਿਆਦਾ ਆਧਾਰ ਇਸੇ ਪਾਰਟੀ ਦਾ ਸੀ ਜਿੱਥੇ ਨੁਕਸਾਨ ਵੀ ਵੱਧ ਹੋਇਆ ਹੈ। ਅਜਿਹਾ ਹੀ ਕੁੱਝ ਤੀਜੀ ਧਿਰ ਬਣਾਉਣ ਦੀਆਂ ਚਾਹਵਾਨ ਪਾਰਟੀਆਂ ਦੇ ਨੇਤਾਵਾਂ ਨੇ ਵੀ ਲੋਕਾਂ ਨਾਲ ਕੀਤਾ ਕਿ ਔਖੇ ਵੇਲੇ ‘ਚ ਕੰਮ ਨਾ ਆ ਕੇ ਵੈਲਫੇਅਰ ਰਾਜਨੀਤੀ ਦੀ ਪ੍ਰੀਭਾਸ਼ਾ ਗਲਤ ਸਾਬਿਤ ਕੀਤੀ।ਹੜ੍ਹਾਂ ਦਾ ਮੁਆਵਜ਼ਾ ਮਿਲਣ ‘ਚ ਵੀ ਪਟਵਾਰੀਆਂ ਵਲੋਂ ਵਿਤਕਰਾ ਕੀਤੇ ਜਾਣ ਦਾ ਖਦਸ਼ਾ ਹਰੇਕ ਕਾਂਗਰਸੀ ਵਰਕਰ ਦੇ ਮਨ ਵਿਚ ਹੈ ਕਿਉਂਕਿ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ ਅਤੇ ਉਹ ਇਹ ਸੋਚਦੇ ਹਨ ਕੋਈ ਨਹੀਂ ਕਦੇ ਸਾਡੀ ਬਾਰੀ ਆਏਗੀ।ਭਾਵ ਕਿ ਆਪਣੀ ਕਿੜ ਕੱਢਣ ਲਈ ਇਕ ਵਾਰ ਫੇਰ ਹੜ੍ਹਾਂ ਦੀ ਕਾਮਨਾ ਕਰਦੇ ਹਨ ਜਦ ਉਹਨਾਂ ਦੀ ਸਰਕਾਰ ਆਵੇਗੀ। ਵਾਹ! ਇਹ ਸੋਚ ਬਣ ਰਹੀ ਹੈ ਸਾਡੀ।ਅਸੀਂ ਸਵੇਰੇ ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਨਾਨਕ ਦੇ ਹੀ ਪੈਰੋਕਾਰ ਹਾਂ!

ਪੰਜਾਬੀ ਕੌਮ,ਜੋ ਆਪਣੇ ਉੱਤੇ ਪਈਆਂ ਭੀੜਾਂ ਦਾ ਟਾਕਰਾ ਰਲ ਮਿਲਕੇ ਕਰਨ ਲਈ ਜਾਣੇ ਜਾਂਦੇ ਹਨ ਉਹਨਾਂ ਨੇ ਇਹਨਾਂ ਹੜ੍ਹਾਂ ਦੌਰਾਨ ਅਪਣੇ ਆਪ ਨੂੰ ਫਿਰਕਿਆਂ, ਧਰਮਾਂ ਅਤੇ ਸਿਆਸਤ ‘ਚ ਵੰਡੇ ਹੋਣ ਦਾ ਜੋ ਸਬੂਤ ਦਿੱਤਾ ਹੈ, ੳਹ ਪੰਜਾਬ ਦੇ ਭਵਿੱਖ ਲਈ ਸ਼ੁਭ ਨਹੀਂ ਹੈ।ਲੋਕ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਭੁੱਲ ਚੁੱਕੇ ਹਨ ਅਤੇ ਡੇਰਿਆਂ, ਸਿਆਸੀ ਪਾਰਟੀਆਂ ਅਤੇ ਫਿਰਕਿਆਂ ਦੇ ਛੋਟੀ ਸੋਚ ਦੇ ਨੇਤਾਵਾਂ ਦੀ ਤੁੱਛ ਸਮਝ ਦੇ ਪਿੱਛੇ ਲੱਗਕੇ ਸਾਂਝੇ ਕਾਰਜਾਂ ਤੋਂ ਮੂੰਹ ਮੋੜਣ ਲੱਗ ਪਏ ਹਨ।

ਵਿਸ਼ਵਦੀਪ ਬਰਾੜ
ਲੇਖਕ ਸੁਤੰਤਰ ਪੱਤਰਕਾਰ ਹਨ।
vishavdeepbrar@gmail.com

3 comments:

  1. braa shaib wase tuhadia likta ma pehala vi pad da rehnda ha per comment pehali war post kar reha ha..

    kafi acha likhea ha tusi ah artical... bhut dukh vi hoyea pad k darm de takedar kida loka di mansikta nal khed rahe han. apne parokar di madad karna koi buri gal ni ha per darm de na ta es tara di maded kar k hor laka di mansikta de chot karni buri gal ha..
    so as karda ha k age tu vi tuhade es tara de artical padan nu milde rehnge..
    dhanwad
    Sapan Manchanda
    M.A.J.M.C
    Film journalist & Staf Reporter Daily Desh Sewak.

    ReplyDelete
  2. ਜੋ ਵਾਪਰਦਾ ਹੈ ਉਸ ਨੂੰ ਇਮਾਨਦਾਰੀ ਨਾਲ ਹੂਬਹੂ ਦੱਸਣ ਦਾ ਬਹੁਤ ਅੱਛਾ ਉਪਰਾਲਾ ਹੈ.ਅਵਚੇਤਨ ਵਿੱਚ ਸਰੋਕਾਰ ਦੀ ਸਿੱਦਤ ਮਲੋਮੱਲੀ ਖਿਚ੍ਚ ਪਾਉਂਦੀ ਹੈ.ਸਲਾਘਾਯੋਗ ਰਿਪੋਰਟਿੰਗ ਹੈ.

    ReplyDelete
  3. a good initiative...
    please keep it up...
    jaswinder singh
    AIR delhi

    ReplyDelete