Tuesday, July 13, 2010
ਕਿਸਾਨ ਆਗੂ ਬਲਕਾਰ ਸਿੰਘ ਡਕੌਂਦਾ ਦਾ ਹਾਦਸੇ ਵਿਚ ਦੇਹਾਂਤ
ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੇ ਪ੍ਰਧਾਨ ਬਲਕਾਰ ਸਿੰਘ ਡਕੌਂਦਾ (55 ਸਾਲ) ਅਤੇ ਉਨ੍ਹਾਂ ਦੀ ਪਤਨੀ ਜਸਵੀਰ ਕੌਰ ਦਾ ਸੜਕ ਹਾਦਸੇ ਵਿਚ ਦੇਹਾਂਤ ਹੋ ਗਿਆ। ਉਹ ਸੋਮਵਾਰ ਰਾਤੀਂ 9 ਕੁ ਵਜੇ ਸਰਹਿੰਦ ਦੇ ਆਮ-ਖ਼ਾਸ ਬਾਗ ਨੇੜੇ ਆਪਣੇ ਮੋਟਰ ਸਾਈਕਲ ਉੱਤੇ ਪਿੰਡ ਫਤਿਹਪੁਰ ਜਾ ਰਹੇ ਸਨ ਕਿ ਕੋਈ ਵਾਹਨ ਵਾਲਾ ਉਨ੍ਹਾਂ ਨੂੰ ਫੇਟ ਮਾਰ ਗਿਆ। ਉਨ੍ਹਾਂ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਪੀ.ਜੀ.ਆਈ. ਭੇਜ ਦਿੱਤਾ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਸਸਕਾਰ 14 ਜੁਲਾਈ ਨੂੰ ਬਾਅਦ ਦੁਪਹਿਰ 2 ਵਜੇ ਪਿੰਡ ਡਕੌਂਦਾ (ਨੇੜੇ ਪਿੰਡ ਟੌਹੜਾ) ਵਿਖੇ ਕੀਤਾ ਜਾਵੇਗਾ।
ਕਾਮਰੇਡ ਡਕੌਂਦਾ ਪਹਿਲਾਂ ਆਰ.ਐੱਮ.ਪੀ. (ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ) ਸਨ। ਗੁਆਂਢੀ ਪਿੰਡ ਦਿੱਤੂਪੁਰ ਦੇ ਕਿਸਾਨ ਆਗੂ ਗੁਰਮੀਤ ਸਿੰਘ ਦਿੱਤੂਪੁਰ ਦੇ ਪ੍ਰਭਾਵ ਸਦਕਾ ਉਹ ਕਿਸਾਨ ਘੋਲ਼ਾਂ ਨਾਲ ਜੁੜ ਗਏ। ਸੰਨ 1984 ਵਿਚ ਭਾਰਤੀ ਕਿਸਾਨ ਯੂਨੀਅਨ ਦੀ ਨਾਭਾ ਇਕਾਈ ਦੇ ਪ੍ਰਧਾਨ ਚੁਣੇ ਗਏ। ਇਸ ਤੋਂ ਬਾਅਦ ਉਨ੍ਹਾਂ ਭਾਰਤੀ ਕਿਸਾਨ ਯੂਨੀਅਨ ਦੀ ਪਟਿਆਲਾ ਇਕਾਈ ਦੇ ਸਕੱਤਰ, ਸੂਬਾ ਪ੍ਰੱਸ ਸਕੱਤਰ ਅਤੇ ਸੂਬਾ ਜਨਰਲ ਸਕੱਤਰ ਦੇ ਅਹੁਦੇ ਤੇ ਰਹਿੰਦਿਆਂ ਕਿਸਾਨਾਂ ਦੀ ਅਗਵਾਈ ਕੀਤੀ। ਅੱਜਕੱਲ੍ਹ ਉਹ ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ ਦੇ ਪ੍ਰਧਾਨ ਸਨ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਛੋਟੀ ਕਿਸਾਨੀ ਵਿਚੋਂ ਸੀ। 26 ਸਾਲ ਤੋਂ ਉਹ ਲਹਿਰ ਨਾਲ ਬਤੌਰ ਕੁਲਵਕਤੀ ਕਾਰਕੁਨ ਜੁੜੇ ਹੋਏ ਸਨ। ਇਸ ਵੇਲੇ 17 ਜਥੇਬੰਦੀਆਂ ਵੱਲੋਂ ਵਿੱਢੇ ਘੋਲ ਦੇ ਉਹ ਸਿਰਕੱਢ ਆਗੂ ਸਨ। ਉਨ੍ਹਾਂ ਦੀ ਜੀਵਨਸਾਥਣ ਜਸਵੀਰ ਕੌਰ ਹਾਲ ਹੀ ਵਿਚ ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸਕੂਲ, ਫ਼ਤਿਹਗੜ੍ਹ ਸਾਹਿਬ ਤੋਂ ਬਤੌਰ ਅਧਿਆਪਕ ਰਿਟਾਇਰ ਹੋਏ ਸਨ। ਉਨ੍ਹਾਂ ਦਾ ਇਕਲੌਤਾ ਬੇਟਾ ਆਸਟਰੇਲੀਆ ਵਿਚ ਹੈ ਅਤੇ ਭਲਕੇ ਪਿੰਡ ਪੁੱਜ ਰਿਹਾ ਹੈ।
ਵੰਨਗੀ :
ਬਲਕਾਰ ਸਿੰਘ ਡਕੌਂਦਾ
Subscribe to:
Post Comments (Atom)
No comments:
Post a Comment