ਮਿਸਾਲੀ ਗ਼ਦਰੀ ਬਾਬੇ ਅਤੇ ਨਕਸਲਵਾਦੀ ਅੰਦੋਲਨ ਵੇਲੇ 82 ਸਾਲ ਦੀ ਉਮਰ ਵਿਚ ਸ਼ਹੀਦ ਹੋਏ ਬੂਝਾ ਸਿੰਘ ਦੇ 40ਵੇਂ ਸ਼ਹਾਦਤ ਦਿਨ ਮੌਕੇ 27 ਜੁਲਾਈ ਨੂੰ ਪਿੰਡ ਚੱਕ ਮਾਈਦਾਸ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਚ ਬਾਬਾ ਬੂਝਾ ਸਿੰਘ ਯਾਦਗਾਰ ਉੱਤੇ ਫ਼ਿਲਮ 'ਬਾਬਾ ਇਨਕਲਾਬ ਸਿੰਘ' ਦਾ ਮਹੂਰਤ ਸ਼ਾਟ ਲਿਆ ਗਿਆ।ਇਸ ਮੌਕੇ ਪੰਜਾਬੀ ਦੇ ਉੱਘੇ ਕਵੀ ਦਰਸ਼ਨ ਖਟਕੜ ਨੇ ਕੌਮਾਂਤਰੀ ਪੱਧਰ 'ਤੇ ਮਸ਼ਹੂਰ ਫ਼ਿਲਮ 'ਉਮਰ ਮੁਖ਼ਤਾਰ' (ਦ ਲੋਇਨ ਆਫ਼ ਡੈਜ਼ਰਟ) ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਫ਼ਿਲਮ ਵੀ ਉਸੇ ਤਰ੍ਹਾਂ ਦਾ ਇਤਿਹਾਸ ਸਿਰਜ ਚੁੱਕੇ ਨਾਇਕ ਦੀ ਜੀਵਨ ਕਹਾਣੀ 'ਤੇ ਆਧਰਿਤ ਹੈ ਅਤੇ ਇਹ ਰਵਾਇਤੀ ਪੰਜਾਬੀ ਸਿਨੇਮੇ ਵਿਚ ਨਿੱਗਰ ਵਾਧਾ ਹੋਵੇਗੀ। ਉਮਰ ਮੁਖ਼ਤਾਰ ਲਿਬੀਆ ਦੀ ਆਜ਼ਾਦੀ ਖ਼ਾਤਿਰ ਸੰਘਰਸ਼ ਕਰਦਿਆਂ 80 ਸਾਲ ਦੀ ਉਮਰ ਵਿਚ ਫ਼ਾਂਸੀ ਚੜ੍ਹ ਗਿਆ ਸੀ।
ਫ਼ਿਲਮ 'ਬਾਬਾ ਇਨਕਲਾਬ ਸਿੰਘ' ਬਾਬਾ ਬੂਝਾ ਸਿੰਘ ਦੇ ਜੀਵਨ 'ਤੇ ਆਧਰਿਤ ਹੈ ਜਿਸ ਨੇ ਸਾਰੀ ਉਮਰ ਲੋਕਾਂ ਘੋਲ਼ਾਂ ਦੇ ਲੇਖੇ ਲਾ ਦਿੱਤੀ। ਇਸ ਦੀ ਪਟਕਥਾ ਪੱਤਰਕਾਰ-ਫ਼ਿਲਮਸਾਜ਼ ਬਖ਼ਸ਼ਿੰਦਰ ਨੇ ਲਿਖੀ ਹੈ। ਖੋਜ ਕਾਰਜ ਕਹਾਣੀਕਾਰ ਅਜਮੇਰ ਸਿੱਧੂ ਦਾ ਹੈ। ਇਸ ਫ਼ਿਲਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਨਿਰਮਾਤਾ ਲੋਕ ਹਨ ਭਾਵ ਫ਼ਿਲਮ ਲੋਕਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਪੈਸਿਆਂ ਨਾਲ ਮੁਕੰਮਲ ਕੀਤੀ ਜਾਵੇਗੀ। ਜਸਵੀਰ ਸਮਰ ਦੇ ਇਸ ਲੇਖ ਵਿਚ ਬਾਬਾ ਬੂਝਾ ਸਿੰਘ ਦੇ ਵੱਖ ਵੱਖ ਪੱਖਾਂ ਬਾਰੇ ਗੱਲ ਕੀਤੀ ਗਈ ਹੈ। ਬਾਬਾ ਜੀ ਜੀਵਨ ਦਾ ਸਭ ਤੋਂ ਵਿਲੱਖਣ ਅਤੇ ਮੌਲਿਕ ਪੱਖ ਇਹ ਰਿਹਾ ਕਿ ਇਨਕਲਾਬ ਹਮੇਸ਼ਾ ਉਸ ਦੇ ਏਜੰਡੇ 'ਤੇ ਰਿਹਾ। ਵੱਖ ਵੱਖ ਸਮੇਂ ਚੱਲੀਆਂ ਲਹਿਰਾਂ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਇਸੇ ਜ਼ਾਵੀਏ ਤੋਂ ਫੜਨ ਦੀ ਲੋੜ ਹੈ। ਬਾਬਾ ਅੰਤ ਤੱਕ ਅਡੋਲ ਰਿਹਾ ਅਤੇ ਸ਼ਹੀਦੀ ਜਾਮ ਪੀ ਗਿਆ।-ਗੁਲਾਮ ਕਲਮ
ਗ਼ਦਰੀ ਬਾਬੇ ਬੂਝਾ ਸਿੰਘ ਦੀ ਕਥਾ ਕਰਨੀ ਤੇ ਸੁਣਨੀ ਪੰਜਾਬ ਦੀਆਂ, ਤਕਰੀਬਨ ਪੌਣੀ ਸਦੀ ਦੀਆਂ ਅਹਿਮ ਸਰਗਰਮੀਆਂ ਉੱਤੇ ਝਾਤੀ ਮਾਰਨੀ ਹੈ। ਬਾਬਾ ਬੂਝਾ ਸਿੰਘ, ਆਮ ਬੰਦੇ ਦੀ ਜ਼ਿੰਦਗਾਨੀ ਸੌਖੇਰੀ ਬਣਾਉਣ ਲਈ ਜੂਝ ਰਹੇ ਲੋਕਾਂ ਲਈ ਬਹੁਤ ਵੱਡੇ ਸਵਾਲ ਛੱਡ ਗਿਆ ਹੈ। ਉਹ ਆਪਣੀ ਪਿਛਲੀ ਉਮਰ ਵਿਚ ਵੀ, 70ਵਿਆਂ ਵਿਚ ਉੱਠੇ ਹਥਿਆਰਬੰਦ ਸੰਘਰਸ਼ ਦੇ ਜ਼ਰੀਏ ਇਨਕਲਾਬ ਲਿਆਉਣ ਉੱਤੇ ਟੇਕ ਰੱਖਦਾ ਹੈ। ਇੱਥੇ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਸਾਰੀ ਉਮਰ ਲੋਕ ਲਹਿਰਾਂ ਦੇ ਲੇਖੇ ਲਾਉਣ ਵਾਲਾ ਬੰਦਾ ਪਿਛਲੀ ਉਮਰੇ ਜਦੋਂ ਉਹ ਸੌਖ ਨਾਲ ਰਹਿ ਸਕਦਾ ਸੀ, ਇਹ ਰਾਹ ਕਿਉਂ ਅਖਤਿਆਰ ਕਰਦਾ ਹੈ? ਪਿਛਲੀ ਉਮਰ ਵਿਚ ਜਦੋਂ ਆਮ ਤੌਰ ’ਤੇ ਸਰੀਰਕ ਹੀ ਨਹੀਂ, ਮਾਨਸਿਕ ਵੇਗ ਵੀ ਮੱਠਾ ਪੈ ਜਾਂਦਾ ਹੈ ਤਾਂ ਬੂਝਾ ਸਿੰਘ ਇਕ ਵਾਰ ਫ਼ਿਰ, ਇਨਕਲਾਬ ਲਈ ਲੰਗੋਟ ਕੱਸ ਕੇ ਪੂਰੇ ਤਾਣ ਨਾਲ ਮੈਦਾਨ ਵਿਚ ਕੁੱਦ ਪੈਂਦਾ ਹੈ।
ਇਸ ਪ੍ਰਸੰਗ ਵਿਚ ਭਗਤ ਸਿੰਘ ਦੀ ਗੱਲ ਕਰਨੀ ਬਣਦੀ ਹੈ। ਭਗਤ ਸਿੰਘ ਦੀ ਚਰਚਾ, ਵੱਖਰੇ ਵੱਖਰੇ ਨੁਕਤਿਆਂ ਮੁਤਾਬਕ ਹਥਿਆਰਬੰਦ ਸੰਗਰਾਮੀਏ, ਕੌਮੀ ਨਾਇਕ ਅਤੇ ਚਿੰਤਕ ਵਜੋਂ ਹੁੰਦੀ ਹੈ। ਦੇਖਣ ਅਤੇ ਸਮਝਣ ਵਾਲੀ ਗੱਲ ਇਹ ਹੈ ਕਿ ਭਗਤ ਸਿੰਘ ਵੱਖ ਵੱਖ ਸਮਿਆਂ ’ਤੇ ਵੱਖਰੇ-ਵੱਖਰੇ ਰੂਪ ਵਿਚ ਅਤੇ ਵੱਖਰੀ-ਵੱਖਰੀ ਸਮਝ ਨਾਲ ਸਾਡੇ ਸਾਹਮਣੇ ਆਉਂਦਾ ਹੈ, ਪਰ ਇਹ ਸਾਰੇ ਰੂਪ ਆਪਸ ਵਿਚ ਖਹਿੰਦੇ ਨਹੀਂ, ਇਨ੍ਹਾਂ ਦਾ ਆਪਸ ਵਿਚ ਕੋਈ ਤਕਰਾਰ ਨਹੀਂ ਦਿਸਦਾ, ਨਾ ਉਹ ਆਪ ਇਕ-ਦੂਜੇ ਨੂੰ ਰੱਦ ਕਰਦੇ ਹਨ, ਸਗੋਂ ਉਹ ਇਕ-ਦੂਜੇ ਦੇ ਪੂਰਕ ਹਨ। ਇਨ੍ਹਾਂ ਦੇ ਸੁਮੇਲ ਤੋਂ ਭਗਤ ਸਿੰਘ ਦਾ ਜਿਹੜਾ ਅਕਸ ਉੱਭਰਦਾ ਹੈ, ਉਸ ਨੂੰ ਸਮਝਣ ਲਈ ਸਮੁੱਚਤਾ (ਠੋਟੳਲਟਿੇ) ਵਿਚ ਗੱਲ ਕਰਨੀ ਦਰਕਾਰ ਹੈ। ਦਰਅਸਲ ਇਹ ਰੂਪ ਭਗਤ ਸਿੰਘ ਦੇ ਭੱਥੇ ਵਿਚ ਪਏ ਉਹ ਤੀਰ ਹਨ, ਜਿਨ੍ਹਾਂ ਨੂੰ ਉਹ ਵੱਖ-ਵੱਖ ਮੌਕਿਆਂ ’ਤੇ ਆਪਣੀ ਸਹੂਲਤ ਅਤੇ ਪਹੁੰਚ ਮੁਤਾਬਕ ਵਰਤਦਾ ਹੈ। ਇਹੀ ਗੱਲ ਬਾਬਾ ਬੂਝਾ ਸਿੰਘ ਉੱਤੇ ਢੁੱਕਦੀ ਹੈ। ਜਦ ਵੀ ਕਦੀ ਇਨਕਲਾਬ ਦਾ ਹੋਕਾ ਲਗਦਾ ਹੈ, ਉਹ ਆਪਣੇ ਭੱਥੇ ਵਿਚੋਂ ਲੋੜ ਮੁਤਾਬਕ ਤੀਰ ਕੱਢ ਲੈਂਦਾ ਹੈ ਅਤੇ ਇਨਕਲਾਬ ਲਈ ਪਿੜ ਤਿਆਰ ਕਰਨ ਲੱਗਦਾ ਹੈ। 70ਵਿਆਂ ਵਿਚ ਜਦੋਂ ਇਨਕਲਾਬ ਦਾ ਹੋਕਾ ਲੱਗਿਆ ਤਾਂ ਉਹ ਆਪਣੀ ਜ਼ਿੰਦਗੀ ਦੇ 80 ਭਰਪੂਰ ਵਰ੍ਹੇ ਹੰਢਾ ਚੁੱਕਾ ਸੀ ਅਤੇ ਉਸ ਪੱਕੀ ਉਮਰੇ ਵੀ ਜਿਹੜੇ ਵੀ ਨੌਜਵਾਨ ਨੇ ਇਕ ਵਾਰ ਉਸ ਦਾ ਸਕੂਲ ਲਾ ਲਿਆ, ਉਹ ਰਾਤੋ-ਰਾਤ ਮੋਢੇ ਉੱਤੇ ਸਲੀਬ ਚੁੱਕ ਕੇ ਤੁਰ ਪਿਆ। ਇਹ ਉਸ ਸ਼ਖ਼ਸ ਦੀ ਕਥਾ ਹੈ, ਜਿਹੜਾ ਹਲ਼ ਵਾਹੁਣ ਵੇਲ਼ੇ ਵੀ ਕਦੀ ਬਲ਼ਦ ਦੇ ਪ੍ਰੈਣੀ ਨਹੀਂ ਸੀ ਮਾਰਦਾ। ਇਸ ਸੂਰਤ ਵਿਚ ਹਿੰਸਾ ਦੇ ਅਰਥ, ਉਹ ਨਹੀਂ ਰਹਿੰਦੇ, ਜੋ ਅਕਸਰ ਅਤੇ ਆਮ ਤੌਰ ’ਤੇ ਪ੍ਰਚਾਰੇ-ਪ੍ਰਸਾਰੇ ਜਾਂਦੇ ਹਨ। ਨਾਲੇ ਇਸ ਹਿੰਸਾ ਦੀ ਗੱਲ ਕਰਨ ਵਾਲੇ, ਉਸ ਹਿੰਸਾ ਦੀ ਗੱਲ ਤੋਰਦੇ ਹੀ ਨਹੀਂ, ਜੋ ਬਹੁਤ ਸੂਖਮ ਢੰਗ ਨਾਲ ਲੋਕਾਂ ਉੱਤੇ ਵਰ੍ਹ ਰਹੀ ਹੁੰਦੀ ਹੈ।
ਪੰਜਾਬ ਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ, ਪਰ ਜਦੋਂ ਬੂਝਾ ਸਿੰਘ ਵਰਗਾ ਬਜ਼ੁਰਗ ਇਹ ਰਸਤਾ ਅਖ਼ਤਿਆਰ ਕਰਦਾ ਹੈ ਤਾਂ ਇਸ ਦੇ ਅਰਥਾਂ ਨੂੰ ਡਾਢੀ ਜ਼ਰਬ ਆ ਜਾਂਦੀ ਹੈ ਅਤੇ ਇਹ ਮਸਲਾ ਵਿਚਾਰਨ ਲਈ ਫ਼ਿਰ ਤੁਹਾਨੂੰ ਪੁਰਾਣੇ ਮੀਟਰ ਲਾਂਭੇ ਰੱਖਣੇ ਪੈਂਦੇ ਹਨ।ਇਸ ਤਰ੍ਹਾਂ ਹੀ ਜ਼ਿੰਦਗੀ ਦੇ ਮੋਕਲੇ ਪਿੜ ਵਿਚ ਵਿਚਰਦੇ, ਅਜਿਹੇ ਨਾਇਕਾਂ ਨਾਲ ਇਨਸਾਫ਼ ਕੀਤਾ ਜਾ ਸਕਦਾ ਹੈ। ਬਾਬਾ ਜਿੱਥੇ ਵੀ ਜਾਂਦਾ ਹੈ, ਆਪਣੀਆਂ ਪੈੜਾਂ ਛੱਡਦਾ ਜਾਂਦਾ ਹੈ। ਉਹ, ਨੇਤਾ ਜੀ ਸੁਭਾਸ਼ ਚੰਦਰ ਬੋਸ ਵਰਗੇ ਚੋਟੀ ਦੇ ਲੀਡਰ ਨੂੰ ਰੂਸੀ ਲੀਡਰਾਂ ਨਾਲ ਗੱਲਬਾਤ ਚਲਾਉਣ ਲਈ ਪ੍ਰੇਰ ਲੈਂਦਾ ਹੈ ਅਤੇ ਉਸ ਨੂੰ ਆਪਣੇ ਨਾਲ ਰੂਸ ਜਾਣ ਲਈ ਰਾਜ਼ੀ ਕਰ ਲੈਂਦਾ ਹੈ। ਇਸੇ ਤਰ੍ਹਾਂ ਵਿਦੇਸ਼ ਵਿਚ ਜਦੋਂ ਗ਼ਦਰੀਆਂ ਦੀ ਯਾਦਗਾਰ (ਦੇਸ਼ ਭਗਤ ਯਾਦਗਾਰ ਹਾਲ) ਲਈ ਫੰਡ ਇਕੱਠਾ ਕਰਨ ਗਏ ਸਾਥੀਆਂ ਨੂੰ ਦਿੱਕਤ ਆਉਂਦੀ ਹੈ ਤਾਂ ਦੇਸ ਤੋਂ ਬੂਝਾ ਸਿੰਘ ਨੂੰ ਹੀ ਉੱਥੇ ਬੁਲਾਇਆ ਜਾਂਦਾ ਹੈ ਅਤੇ ਉਹ ਪੈਸਿਆਂ ਦੇ ਢੇਰ ਲਾ ਦਿੰਦਾ ਹੈ ਕਿਉਂ ਕਿ ਉਸ ਦੀ ਸ਼ਖ਼ਸੀਅਤ ਬਹੁਤ ਹੀ ਮਿਕਨਾਤੀਸੀ ਸੀ। ਇਸ ਦੇ ਨਾਲ ਹੀ ਬਾਬਾ ਉਨ੍ਹਾਂ ਲੋਕਾਂ ਨੂੰ ਵੀ ਸਵਾ ਸੇਰ ਹੋ ਕੇ ਟੱਕਰਦਾ ਹੈ, ਜਿਹੜੇ ਉਸ ਯਾਦਗਾਰ ਨੂੰ ‘ਕਮਿਊਨਿਸਟਾਂ ਤੇ ਕਮਿਊਨਿਜ਼ਮ ਦੀ ਕਬਰ’ ਦੱਸ ਕੇ ਹੁੱਜਤਾਂ ਕਰਦੇ ਹਨ। ਅੰਗਰੇਜ਼ਾਂ ਨੇ ਜਦੋਂ ਉਸ ਨੂੰ ਪਿੰਡ ਵਿਚ ਜੂਹ ਬੰਦ ਕੀਤਾ ਤਾਂ ਉਹ, ਉਸ ਦੀ ਨਿਗਰਾਨੀ ਕਰਨ ਲਈ ਬਿਠਾਏ ਹੋਏ ਸਿਪਾਹੀਆਂ ਨੂੰ ਆਪਣੇ ਵਿਚਾਰਾਂ ਨਾਲ ਪ੍ਰੇਰ ਕੇ, ਰਾਤ ਨੂੰ ਪਿੰਡੋਂ ਨਿਕਲ ਜਾਂਦਾ ਸੀ ਅਤੇ ਰਾਤ ਭਰ ਹੋਰ ਪਿੰਡਾਂ ਵਿਚ ਸਕੂਲਿੰਗ ਕਰਨ ਤੋਂ ਬਾਅਦ, ਦਿਨ ਚੜ੍ਹਨ ਤੋਂ ਪਹਿਲਾਂ ਫਿਰ ਪਿੰਡ ਮੁੜ ਆਉਂਦਾ ਸੀ। ਆਪਣੇ ਵਿਹਾਰ ਨਾਲ ਉਸ ਨੇ ਉਨ੍ਹਾਂ ਸਿਪਾਹੀਆਂ ਦਾ ਦਿਲ ਵੀ ਜਿੱਤ ਲਿਆ ਸੀ।
ਸਿਆਸੀ ਸਮਝ ਬਾਰੇ ਬਾਬੇ ਦੀਆਂ ਦੋ ਗੱਲਾਂ ਬਹੁਤ ਅਹਿਮ ਹਨ ਅਤੇ ਉਚੇਚਾ ਧਿਆਨ ਮੰਗਦੀਆਂ ਹਨ। ਇਨ੍ਹਾਂ ਦੋਹਾਂ ਦਾ ਬਾਅਦ ਦੀ ਸੰਸਾਰ ਸਿਆਸਤ ਉੱਤੇ ਡਾਢਾ ਅਸਰ ਪਿਆ। ਪਹਿਲੀ, ਰੂਸ ਅਤੇ ਚੀਨ ਬਾਰੇ ਸਮਝ ਸੀ। ਉਸ ਮੁਤਾਬਕ ਭਾਰਤੀ ਕਮਿਊਨਿਸਟਾਂ ਨੂੰ ,ਰੂਸ-ਚੀਨ ਕੈਂਪ ਦੇ ਹੇਠਾਂ ਲੱਗਣ ਦੀ ਥਾਂ ਬਰਾਬਰੀ ਦੇ ਆਧਾਰ ’ਤੇ ਜਮਹੂਰੀ ਇਨਕਲਾਬੀ ਫਰੰਟ ਬਣਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਹ, ਅਸਲ ਵਿਚ ਪਿਛਲੱਗੂਪੁਣੇ ਨੂੰ ਸਦਾ ਸਦਾ ਲਈ ਅਲਵਿਦਾ ਆਖਣ ਦਾ ਹੋਕਾ ਸੀ। ਦੂਜੀ ਗੱਲ ਇਹ ਸੀ ਕਿ ਬਾਬਾ ਬੂਝਾ ਸਿੰਘ ਨੇ ਸੋਵੀਅਤ ਸੰਘ ਟੁੱਟਣ ਬਾਰੇ ਪੇਸ਼ੀਨਗੋਈ 1956 ਵਿਚ ਹੀ ਕਰ ਦਿੱਤੀ ਸੀ। ਉਦੋਂ ਲੰਡਨ ਵਿਚ ਕਮਿਊਨਿਸਟ ਇੰਟਰਨੈਸ਼ਨਲ ਦੀ 20ਵੀਂ ਕਾਂਗਰਸ ਦੌਰਾਨ ਪੇਸ਼ ਕੀਤੀ ਗਈ, ਰਜਨੀ ਪਾਮਦੱਤ ਦੀ ਰਿਪੋਰਟ ਬਾਰੇ ਚਰਚਾ ਕਰਦਿਆਂ ਉਸ ਨੇ ਕਿਹਾ ਸੀ,“ਨਵੀਂ ਲਾਈਨ ਨਾਲ ਸੋਵੀਅਤ ਸੰਘ ਸਮਾਜਵਾਦੀ ਦੇਸ਼ ਨਹੀਂ ਰਿਹਾ। ਸਮਾਜਵਾਦ ਦੇ ਮਾਡਲ ਦੇ ਤੌਰ ’ਤੇ ਦੁਨੀਆਂ ਭਰ ਵਿਚ ਜਾਣਿਆ ਜਾਂਦਾ ਸੋਵੀਅਤ ਸੰਘ, ਆਉਣ ਵਾਲੇ ਸਮੇਂ ਵਿਚ ਢਹਿ ਢੇਰੀ ਹੋ ਜਾਵੇਗਾ।”
ਬੂਝਾ ਸਿੰਘ ਦਾ ਸਾਰਾ ਜੀਵਨ ਘਟਨਾਵਾਂ ਭਰਪੂਰ ਸੀ। ਸਾਧਾਰਨ ਕਿਸਾਨ ਟੱਬਰ ਵਿਚ ਜੰਮਿਆ-ਪਲਿਆ ਬੂਝਾ ਸਿੰਘ ਛੇਤੀ ਹੀ ਬਾਪੂ-ਬੇਬੇ ਨੂੰ ਨਿਕੰਮਾ ਦਿਸਣ ਲੱਗ ਪੈਂਦਾ ਹੈ। ਉਸ ਨੂੰ ਲੀਹੇ ਪਾਉਣ ਲਈ ਉਸ ਨੂੰ ਪਿੰਡ ਦੇ ਇਕ ਡੇਰੇ ਭੇਜਿਆ ਜਾਂਦਾ ਹੈ। ਡੇਰੇ ਜਾ ਕੇ ਉਹ ਡੇਰੇ ਜੋਗਾ ਹੀ ਹੋ ਜਾਂਦਾ ਹੈ, ਉਸ ਦੇ ਪ੍ਰਵਚਨ ਕਰਨ ਵੇਲੇ ਪਰਿੰਦੇ ਹੀ ਪਰ ਮਾਰਨੋਂ ਨਹੀਂ ਹਟ ਜਾਂਦੇ ਸਨ, ਪੱਤੇ ਵੀ ਹਿਲਣੋਂ ਹਟ ਜਾਂਦੇ ਹਨ। ਲੋਕਾਂ ਨੂੰ ਇਕਾਗਰ ਕਰ ਕੇ ਉਹ ਇਸ ਤਰ੍ਹਾਂ ਬੰਨ੍ਹ-ਬਹਾਉਂਦਾ ਹੈ ਕਿ ਉਸ ਦੇ ਪਿੰਡ ਦੇ ਇਕ ਗ਼ਦਰੀ ਨੂੰ ਜਾਪਦਾ ਹੈ ਕਿ ਲੋਕਾਂ ਨੂੰ ਇੰਨਾ ਬੰਨ੍ਹਣ ਵਾਲਾ ਇਹ ਬੰਦਾ ਤਾਂ ਗ਼ਦਰੀਆਂ ਦੇ ਕੰਮ ਦਾ ਹੈ। ਫ਼ਿਰ ਹੋਰ ਗ਼ਦਰੀਆਂ ਵਾਂਗ ਉਹ ਵੀ ਟੱਬਰ ਖ਼ਾਤਰ, ਕਮਾਈ ਕਰਨ ਪਰਦੇਸੀ ਹੁੰਦਾ ਹੈ। ਜਦੋਂ ਘਰ ਪਰਤਦਾ ਹੈ ਤਾਂ ਘਰਦਿਆਂ ਦੀ ਆਸ ਦੇ ਉਲਟ ਉਹਦੇ ਪੱਲੇ ਵਿਚੋਂ ਅਮਰੀਕੀ ਡਾਲਰਾਂ ਦੀ ਥਾਂ, ਇਨਕਲਾਬ ਦੀਆਂ ਚੰਗਿਆੜੀਆਂ ਨਿੱਕਲਦੀਆਂ ਹਨ। ਉਹ ਤਾਂ ਆਪਣੇ ਟੱਬਰ ਦੀ ਥਾਂ, ਕੁੱਲ ਜਹਾਨ ਦੇ ਗ਼ਰੀਬਾਂ ਦੀ ਕਬੀਲਦਾਰੀ ਨਜਿੱਠਣ ਤੁਰ ਪਿਆ ਸੀ। ਕੋਈ ਇਸ ਨੂੰ ਆਪਣੇ ਟੱਬਰ ਤੋਂ ਮੂੰਹ ਮੋੜਨਾ ਵੀ ਕਹਿ ਸਕਦਾ ਹੈ, ਉਸ ਉੱਤੇ ਮਾੜਾ ਪਤੀ, ਮਾੜਾ ਪਿਓ, ਮਾੜਾ ਭਰਾ ਹੋਣ ਦੇ ਇਲਜ਼ਾਮ ਵੀ ਲਾ ਸਕਦਾ ਹੈ, ਪਰ ਕੀ ਬੂਝਾ ਸਿੰਘ ਦੀਆਂ ਸਰਗਰਮੀਆਂ ਦੇ ਮੱਦੇਨਜ਼ਰ ਅਜਿਹੀਆਂ ਗੱਲਾਂ ਗ਼ੈਰ-ਦਿਆਨਤਦਾਰੀ ਵਾਲੀਆਂ ਨਹੀਂ? ਕਿਸੇ ਇਨਕਲਾਬੀ ਨਾਲ ਇਉਂ ਇਨਸਾਫ਼ ਕੀਤਾ ਜਾ ਸਕਦਾ ਹੈ? ਬਾਬੇ ਦੇ ਘਰੋਂ ਜਾਣ ਤੋਂ ਬਾਅਦ ਉਹਦੀ ਪਤਨੀ ਧੰਤੀ ਹੀ ਘਰ ਸਾਂਭਦੀ ਹੈ, ਆਪਣੇ ਦਿਓਰਾਂ, ਨਣਦਾਂ ਤੇ ਧੀਆਂ ਦੇ ਵਿਆਹ ਕਰਦੀ ਹੈ। ਬਾਬਾ ਬੂਝਾ ਸਿੰਘ ਅਤੇ ਉਸ ਦੇ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
ਮੁੱਢਲੀ ਜੀਵਨ ਸਰਗਰਮੀ ‘ਸਾਧਾਂ ਦੇ ਡੇਰੇ’ ਤੋਂ ਲੈ ਕੇ ‘ਨਕਸਲਬਾੜੀ ਲਹਿਰ’ ਤੱਕ ਦਾ ਸਫ਼ਰ ਬਾਬਾ ਬੂਝਾ ਸਿੰਘ ਦਾ ਜੀਵਨ ਸਫ਼ਰ ਹੀ ਨਹੀਂ, ਸਗੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੀ ਸਾਰਥਕ ਝਾਕੀ ਹੋ ਨਿਬੜਦਾ ਹੈ। ਗ਼ਦਰ ਲਹਿਰ, ਕਿਰਤੀ ਲਹਿਰ, ਪੈਪਸੂ ਮੁਜਾਰਾ ਲਹਿਰ, ਲਾਲ ਪਾਰਟੀ, ਕਮਿਊਨਿਸਟ ਪਾਰਟੀ ਵਿਚ ਬਾਬਾ ਪੂਰੀ ਜ਼ਿੰਮੇਵਾਰੀ, ਦਿਆਨਤਦਾਰੀ ਅਤੇ ਇਮਾਨਦਾਰੀ ਨਾਲ ਕੁੱਦਦਾ ਹੈ। ਇਉਂ ਬਾਬੇ ਦਾ ਵਾਸਤਾ, ਸਮੇਂ ਦੀਆਂ ਉਨ੍ਹਾਂ ਲਹਿਰਾਂ ਨਾਲ ਰਿਹਾ, ਜਿਹੜੀਆਂ ਸੱਤਾ ਨੂੰ ਵੰਗਾਰ ਰਹੀਆਂ ਸਨ।ਦਰਅਸਲ ਬਾਬੇ ਦਾ ਮੁੱਖ ਏਜੰਡਾ ਹਰ ਵਕਤ ਇਨਕਲਾਬ ਹੀ ਰਿਹਾ ਅਤੇ ਇਸੇ ਮੁਤਾਬਕ ਉਸ ਦੀ ਹਰ ਸਰਗਰਮੀ ਚੱਲਦੀ ਸੀ।
‘ਬਾਬਾ ਇਨਕਲਾਬ ਸਿੰਘ’ ਸਿਰਲੇਖ ਵਾਲੀ ਇਹ ਫ਼ਿਲਮ ਜਿਸ ਦੇ ਲੇਖਕ ਤੇ ਨਿਰਦੇਸ਼ਕ ਪੱਤਰਕਾਰ-ਫ਼ਿਲਮਸਾਜ਼ ਬਖ਼ਸ਼ਿੰਦਰ ਹਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉਂਗਲ ਲਾ ਕੇ ਤੋਰੇਗੀ। ਇਸ ਫ਼ਿਲਮ ਦੀ ਪਟਕਥਾ ਪੜ੍ਹ-ਸੁਣ ਕੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਬਾਬੇ ਨਾਲ ਮੇਲਾ ਹੋ ਗਿਆ ਹੈ ਜਾਂ ਤੁਸੀਂ ਬਾਬੇ ਦਾ ਸਕੂਲ ਲਾ ਲਿਆ ਹੈ ਜਾਂ ਕੁੱਝ ਸਮਾਂ ਬਾਬੇ ਨਾਲ ਸਫ਼ਰ ਕਰ ਲਿਆ ਹੈ। ਬਾਬੇ ਦਾ ਸਕੂਲ ਲਾ ਕੇ ਇਸ ਬਿਖੜੇ ਪੈਂਡੇ ਉੱਤੇ ਚੱਲਣ ਵਾਲਾ ਕਿਰਪਾਲ ਸਿੰਘ ਬੀਰ, ਬਾਬੇ ਬਾਰੇ ਬਹੁਤ ਹੁੱਬ ਕੇ ਗੱਲਾਂ ਕਰਦਾ ਹੈ। ਅਖੇ, ਸਕੂਲ ਲਾਉਣ ਤੋਂ ਬਾਅਦ ਬਾਬਾ ਟੈਸਟ ਵੀ ਲੈਂਦਾ ਸੀ। ਆਪ ਲਾਏ ਸਕੂਲ ਦਾ ਜ਼ਿਕਰ ਕਰਦਿਆਂ ਬੀਰ ਦੱਸਦਾ ਹੈ-ਪੰਜ ਜਣਿਆਂ ਦਾ ਲਿਖਤੀ ਟੈਸਟ ਹੋਇਆ ਜਿਸ ਵਿਚੋਂ ਦੋ ਪਾਸ ਹੋਏ ਤੇ ਤਿੰਨ ਫੇਲ੍ਹ। ਪਾਸ ਹੋਣ ਵਾਲੇ ਦੋਵੇਂ ਜਣੇ ਆਖ਼ਰ ਤੱਕ ਇਨਕਲਾਬੀ ਘੋਲ਼ਾਂ ਵਿਚੋਂ ਵੀ ਲਗਾਤਾਰ ਪਾਸ ਹੁੰਦੇ ਰਹੇ।
ਇਹ ਫ਼ਿਲਮ ਅਸਲ ਵਿਚ ਬਾਬੇ ਦੇ ਸਿਰੜ ਦੀ ਕਹਾਣੀ ਹੈ। ਜਦੋਂ ਬਾਬੇ ਦਾ ਪੁਲੀਸ ਮੁਕਾਬਲਾ ਬਣਾਇਆ ਗਿਆ ਤਾਂ ਉਸ ਦੀ ਉਮਰ ਬਿਆਸੀਆਂ ਨੂੰ ਢੁੱਕ ਚੁੱਕੀ ਸੀ। ਉਸ ਦਾ ਸਰੀਰ ਅੱਗੇ ਨੂੰ ਰਤਾ ਕੁ ਲਿਫ ਗਿਆ ਸੀ ਤੇ ਨਜ਼ਰ ਕਮਜ਼ੋਰ ਹੋ ਗਈ ਸੀ। ਇਕ ਤੋਂ ਦੂਜੀ ਥਾਂ ਜਾਣ ਲਈ ਉਸ ਨੂੰ ਕਿਸੇ ਨਾ ਕਿਸੇ ਸਾਥੀ ਦਾ ਸਹਾਰਾ ਲੋੜੀਦਾ ਸੀ। ਫ਼ਿਰ ਵੀ ਵੇਲੇ ਦੀ ਸਰਕਾਰ ਨੂੰ ਬਾਬੇ ਤੋਂ ਖ਼ਤਰਾ ਸੀ। ਦਰਸ਼ਨ ਸਿੰਘ ਖਟਕੜ ਨੂੰ ਦੁੱਖ ਹੈ ਤੇ ਉਹ ਕਹਿੰਦਾ ਹੈ ਕਿ ਸਰਕਾਰ ਬਾਬੇ ਨੂੰ ਨਜ਼ਰਬੰਦ ਕਰ ਸਕਦੀ ਸੀ, ਝੂਠੇ ਮੁਕੱਦਮੇ ਬਣਾ ਕੇ ਜੇਲ੍ਹ ਅੰਦਰ ਡੱਕ ਸਕਦੀ ਸੀ, ਪਰ ਜਿਵੇਂ ਨਹਿਰੂ ਦੀ ਜੇਲ੍ਹ ਵਿਚੋਂ ਕੁੱਬੇ ਹੋ ਕੇ ਆਏ ਬਾਬਾ ਸੋਹਣ ਸਿੰਘ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਨੂੰ ਸਾਰੀ ਉਮਰ ਝੁਕਾਅ ਨਾ ਸਕੇ, ‘ਆਪਣੀ’ ਸਰਕਾਰ ਨੇ ਝੁਕਾਅ (ਕੁੱਬੇ ਕਰ) ਦਿੱਤਾ। ਉਵੇਂ ਹੀ ਬਾਬੇ ਦਾ ਪ੍ਰਸੰਗ ਹੈ। ਬਾਬੇ ਨੂੰ ਇਸ ਹੋਣੀ ਬਾਰੇ ਪੂਰਾ ਇਲਮ ਸੀ। ਉਸ ਨੂੰ ਪਤਾ ਸੀ, ਉਹ ਕੀ ਕਰ ਰਿਹਾ ਹੈ ਅਤੇ ਉਸ ਨੂੰ ਇਸ ਦੀ ਕੀ ਕੀਮਤ ਤਾਰਨੀ ਪੈਣੀ ਹੈ। ਇਸੇ ਲਈ ਜਦੋਂ ਸਰਕਾਰ ਵੱਲੋਂ ਉਸ ਨੂੰ ਮਾਰਨ ਦਾ ਫ਼ੈਸਲਾ ਕਰ ਲੈਣ ਦੀ ਸੂਹ ਮਿਲਦੀ ਹੈ ਤਾਂ ਸਾਥੀਆਂ ਵੱਲੋਂ ਉਸ ਨੂੰ ਉਹ ਇਲਾਕਾ ਛੱਡ ਕੇ ਇਧਰ-ੳੁੱਧਰ ਹੋ ਜਾਣ ਲਈ ਦਿੱਤੀ ਹੋਈ ਸਲਾਹ ਰੱਦ ਕਰਦਿਆਂ ਉਹਨੇ ਕਿਹਾ ਕਿ ਜਿਨ੍ਹਾਂ ਮੁੰਡਿਆਂ ਨੂੰ ਉਹ ਇਨਕਲਾਬ ਲਈ ਤਿਆਰ ਕਰ ਗਿਆ ਹੈ, ਉਨ੍ਹਾਂ ਨੂੰ ਏਦਾਂ ਮੈਦਾਨ ਵਿਚ ਛੱਡ ਕੇ ਨਹੀਂ ਜਾਵੇਗਾ। ਉਹ ਕੀ ਸੋਚਣਗੇ ਕਿ ਭੀੜ ਪਈ ਤਾਂ ਲਾਂਭੇ ਹੋ ਗਿਆ।…ਸਾਬਤ ਕਦਮੀਂ ਤੁਰਨ ਦਾ ਇਹ ਜਲੌਅ ਬਾਬਾ ਬੂਝਾ ਸਿੰਘ ਦੇ ਹਿੱਸੇ ਆਇਆ ਹੈ ਅਤੇ ਇਹ ਕੁਰਬਾਨੀ ਇਨਕਲਾਬਪਸੰਦਾਂ ਨੂੰ ਪ੍ਰੇਰਦੀ ਰਹੇਗੀ। ਬਖ਼ਸ਼ਿੰਦਰ ਦੀ ਇਹ ਫ਼ਿਲਮ ‘ਬਾਬਾ ਇਨਕਲਾਬ ਸਿੰਘ’ ਇਸ ਪ੍ਰੇਰਨਾ ਨੂੰ ਨਵੀਂ ਪੀੜ੍ਹੀ ਤੱਕ ਅਪੜਾਉਣ ਦਾ ਜ਼ਰੀਆ ਬਣੇਗੀ।
-ਜਸਵੀਰ ਸਮਰ
ਲੇਖਕ ਸੀਨੀਅਰ ਪੱਤਰਕਾਰ ਹਨ।
Wednesday, July 28, 2010
Subscribe to:
Post Comments (Atom)
No comments:
Post a Comment