
ਉਨ੍ਹਾਂ ਬੋਲੀਆਂ ਦੀ ਹੋਣੀ ਬਾਬਤ ਗੱਲ ਕਰਨ ਦੀ ਇਜਾਜ਼ਤ ਚਾਹੁੰਦਾ ਹਾਂ ਜਿਨ੍ਹਾਂ ਨੂੰ ਮੁੱਦਾ ਬਣਾ ਕੇ ਸਿਆਸਤਦਾਨਾਂ ਨੇ ਚੋਣਾਂ ਜਿੱਤਣ ਦਾ ਉਪਰਾਲਾ ਕੀਤਾ ਹੈ। ਉਹ ਮਾਂ ਬੋਲੀ ਨਾਲ ਹੇਜ ਦਾ ਰੌਲਾ ਪਾਉਂਦੇ ਹਨ ਅਤੇ ਆਪਣੇ ਬੱਚੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ਵਿੱਚ ਪਾਉਂਦੇ ਹਨ। ਅੰਗਰੇਜ਼ੀ ਨਾਲ ਨੌਕਰੀ ਅਤੇ ਦੇਸ਼-ਵਿਦੇਸ਼ ਵਿੱਚ ਉਚੇਰੀ ਵਿਦਿਆ ਦੇ ਬਿਹਤਰ ਮੌਕੇ ਮਿਲਦੇ ਹਨ। ਸ਼ੁੱਧਤਾਵਾਦੀ ਮਾਂ-ਬੋਲੀ ਦੇ ਸਭ ਤੋਂ ਘਾਤਕ ਦੁਸ਼ਮਣ ਹੁੰਦੇ ਹਨ। ਇਸ ਦੀਆਂ ਮਿਸਾਲਾਂ ਰੇਲਗੱਡੀਆਂ ਵਿੱਚ ਲਿਖੀਆਂ ਕੁਝ ਸਤਰਾਂ ਤੋਂ ਮਿਲਦੀਆਂ ਹਨ: ‘ਧੁਮਰ ਪਾਨ ਨਿਸ਼ੇਧ’ ਅਤੇ ‘ਯਾਤਰਾ ਮੇ ਮਦੀਰਾ ਪਾਨ ਕਰਨਾ ਵਰਜਿਤ ਹੈ’। ਗਿਣਤੀ ਦੇ ਲੋਕ ਹੀ ਇਨ੍ਹਾਂ ਸਤਰਾਂ ਦੇ ਮਾਅਨੇ ਸਮਝਦੇ ਹਨ। ਇਹੋ ਕਾਰਨ ਹੈ ਕਿ ਸਭ ਤੋਂ ਵੱਧ ਲੋਕਾਂ ਵੱਲੋਂ ਬੋਲੇ ਜਾਣ ਦੇ ਬਾਵਜੂਦ ਹਿੰਦੀ ਸਾਡੇ ਮੁਲਕ ਵਿੱਚ ਸਾਂਝੀ ਕੜੀ ਨਹੀਂ ਬਣ ਸਕੀ। ਸਾਡੀ ਸਾਂਝੀ ਕੜੀ ਅੰਗਰੇਜ਼ੀ ਹੈ। ਹੋਰ ਉੱਘੜਵੀਂ ਮਿਸਾਲ ਪੰਜਾਬ ਹੈ। ਜਦੋਂ ਮਰਦਮਸ਼ੁਮਾਰੀ ਹੋ ਰਹੀ ਸੀ ਤਾਂ ਜਨਸੰਘ ਨੇ ਪੰਜਾਬੀ ਹਿੰਦੂਆਂ ਨੂੰ ਮਾਂ ਬੋਲੀ ਹਿੰਦੀ ਲਿਖਾਉਣ ਲਈ ਕਿਹਾ। ਇਹ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੀ ਗਈ ਜ਼ੋਰਦਾਰ ਮੁਹਿੰਮ ਦਾ ਹੀ ਨਤੀਜਾ ਸੀ ਕਿ ਉਨ੍ਹਾਂ ਨੇ ਸੱਚ ਲਿਖਾਇਆ ਅਤੇ ਫਿਰੋਜ਼ਪੁਰ ਦਾ ਵੱਡਾ ਹਿੱਸਾ ਪੰਜਾਬ ਵਿੱਚ ਰਹਿ ਗਿਆ।

ਸ਼ੁੱਧਤਾਵਾਦੀਆਂ ਵੱਲੋਂ ਬੋਲੀਆਂ ਦੇ ਨੁਕਸਾਨ ਦੀ ਫ਼ੈਸਲਾਕੁੰਨ ਮਿਸਾਲ ਅੰਗਰੇਜ਼ੀ ਦੀ ਆਲਮੀ ਸਰਦਾਰੀ ਤੋਂ ਪਹਿਲਾਂ ਦੇ ਦੌਰ ਵਿੱਚੋਂ ਦਿੱਤੀ ਜਾ ਸਕਦੀ ਹੈ। ਕਿਸੇ ਵੇਲੇ ਫਰੈਂਚ ਅਤੇ ਸਪੈਨਿਸ਼ ਅੰਗਰੇਜ਼ੀ ਦੇ ਮੁਕਾਬਲੇ ਦੀਆਂ ਬੋਲੀਆਂ ਸਨ। ਫਰੈਂਚ ਅਤੇ ਸਪੈਨਿਸ਼ ਨੇ ਦੂਜੀਆਂ ਬੋਲੀਆਂ ਦੇ ਸ਼ਬਦ ਪ੍ਰਵਾਨ ਨਹੀਂ ਕੀਤੇ। ਦੂਜੇ ਪਾਸੇ ਅੰਗਰੇਜ਼ੀ ਨੇ ਦੁਨੀਆਂ ਭਰ ਦੀਆਂ ਬੋਲੀਆਂ ਵਿੱਚੋਂ ਸ਼ਬਦ ਲੈਕੇ ਆਪਣੇ ਖ਼ਜ਼ਾਨੇ ਭਰਪੂਰ ਕੀਤੇ। ਅੰਗਰੇਜ਼ੀ ਵਿੱਚ ਸਿਰਫ਼ ਭਾਰਤੀ ਮੂਲ ਦੇ ਹੀ ਦਸ ਹਜ਼ਾਰ ਤੋਂ ਵਧੇਰੇ ਸ਼ਬਦ ਹਨ ਅਤੇ ਇਹ ਸਭ ਤੋਂ ਵੱਧ ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਭਾਰਤੀ ਬਹੁਤ ਸਾਰੇ ਗ਼ੈਰ-ਅੰਗਰੇਜ਼ਾਂ ਤੋਂ ਵਧੀਆ ਅੰਗਰੇਜ਼ੀ ਬੋਲਦੇ ਹਨ। ਇਸੇ ਕਰਕੇ ਸਾਨੂੰ ਨੌਕਰੀਆਂ ਅਤੇ ਵਣਜ ਵਿੱਚ ਤਰਜੀਹ ਮਿਲਦੀ ਹੈ।
ਲੋਕਾਂ ਵੱਲੋਂ ਆਪਣੀ ਮਾਂ-ਬੋਲੀ ਤਬਦੀਲ ਕਰਨ ਦੀ ਮੈਨੂੰ ਇੱਕੋ ਮਿਸਾਲ ਯਹੂਦੀਆਂ ਦੀ ਯਾਦ ਹੈ। ਪਹਿਲਾਂ ਉਨ੍ਹਾਂ ਨੇ ਆਪਣੇ ਵਸੇਬੇ ਵਾਲੇ ਮੁਲਕਾਂ ਦੀਆਂ ਬੋਲੀਆਂ ਨੂੰ ਅਪਣਾਇਆ। ਉਨ੍ਹਾਂ ਨੇ ਆਪਣੀ ਸਾਂਝੀ ਬੋਲੀ ਯਿਡਿਸ਼ ਬਣਾਈ। (ਹਿਵਰਿਉ, ਜਰਮਨ, ਅਰੈਮਿਕ ਅਤੇ ਸਲੈਵਿਕ ਉਪਬੋਲੀਆਂ ਦੇ ਮਿਲਗੋਭੇ ਨਾਲ ਬਣੀ ਇਸ ਬੋਲੀ ਨੂੰ ਹਿਵਰਿਉ ਲਿਪੀ ਵਿੱਚ ਲਿਖਿਆ ਜਾਂਦਾ ਹੈ।) ਇਸ ਬੋਲੀ ਦਾ ਆਪਣਾ ਸਾਹਿਤ ਹੈ। ਇਸਾਕ ਬਸਸ਼ੇਵਿਸ ਸਿੰਗਰ (ਪੋਲੈਂਡ ਦਾ ਜੰਮਿਆ ਅਤੇ ਅਮਰੀਕਾ ਵਿੱਚ ਵਸਿਆ ਯਹੂਦੀ ਲੇਖਕ) ਨੂੰ ਯਿਡਿਸ਼ ਬੋਲੀ ਵਿੱਚ ਨਾਵਲ ਲਿਖਣ ਲਈ ਸਾਹਿਤ ਦਾ ਨੋਬਲ ਪੁਰਸਕਾਰ ਵੀ ਮਿਲ ਚੁੱਕਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮੁਲਕ ਇਸਰਾਈਲ ਦੀ ਕੌਮੀ ਬੋਲੀ ਬਣਾਉਣ ਲਈ ਹਿਵਰਿਉ ਨੂੰ ਮੁੜ-ਸੁਰਜੀਤ ਕਰਨ ਦਾ ਫ਼ੈਸਲਾ ਕੀਤਾ। ਹੁਣ ਸਾਰੇ ਯਹੂਦੀ ਹਿਵਰਿਉ ਪੜ੍ਹਦੇ ਅਤੇ ਬੋਲਦੇ ਹਨ।
ਖੁਸ਼ਵੰਤ ਸਿੰਘ
( ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ )
No comments:
Post a Comment