ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, July 29, 2010

ਪੱਤਰਕਾਰ,ਪ੍ਰਭਾਸ਼ ਜੋਸ਼ੀ,ਐਵਾਰਡ ਤੇ ਦਿੱਲੀ ਦੇ ਰੰਗ

ਉਰਲੀਆਂ ਪਰਲੀਆਂ

ਮੰਗਲਵਾਰ ਨੂੰ ਹਫਤਾਵਾਰੀ ਛੁੱਟੀ ਸੀ।ਮੈਂ ਦਿੱਲੀ ਗਹੁਣ ਨਿਕਲ ਤੁਰਿਆ।ਖਾਸ ਪ੍ਰੋਗਰਾਮ ਸਾਡੇ ਪੱਤਰਕਰ ਦੋਸਤ ਤੇ ਮਹੱਲਾ ਲਾਈਵ ਦੇ ਸੰਪਾਦਕ ਅਵਿਨਾਸ਼ ਦਾਸ ਨੂੰ ਮਿਲਣ ਦਾ ਸੀ। ਮੈਂ ਗੋਬਿੰਦਪੁਰੀ,ਜੈ.ਐੱਨ.ਯੂ(ਜਵਾਹਰ ਲਾਲ ਨਹਿਰੂ ਯੂਨੀਵਰਸਿਟੀ),ਮੰਡੀ ਹਾਊਸ,ਫਿਰੋਜਸ਼ਾਹ ਰੋਡ ਗਹੁੳਂਦਾ ਗਹੁਉਂਦਾ ਸ਼ਾਮ ਨੂੰ ਪ੍ਰੈਸ ਕਲੱਬ ਆਫ ਇੰਡੀਆ ਅਪੜਿਆ।ਅਵਿਨਾਸ਼ ਤੇ ਪੈਂਗਊਅਨ ਹਿੰਦੀ ਦੇ ਸੰਪਾਦਕ ਨਿਰੁਪਮ ਨਾਲ 7 ਵਜੇ ਦੇ ਨੇੜੇ ਤੇੜੇ ਮੁਲਾਕਾਤ ਹੋਈ।

ਅਸੀਂ ਗੱਲਬਾਤਾਂ ਕਰਨੀਆਂ ਸੀ।ਕਲੱਬ ‘ਚ ਬੈਠ ਗਏ,ਇਸੇ ਦੇ ਬਹਾਨੇ ਪ੍ਰੈਸ ਕਲੱਬ ਦੇ ਨਵੇਂ ਰੰਗ ਵੇਖਣ ਨੂੰ ਮਿਲੇ।ਪ੍ਰੈਸ ਕਲੱਬ ਆਫ ਇੰਡੀਆ ਹਮੇਸ਼ਾ ਦੇਸ਼ ਤੇ ਦਿੱਲੀ ਦੀ ਪੱਤਰਕਾਰੀ ਤੇ ਸਾਹਿਤਕ ਬਹਿਸ ਨਾਲ ਗਰਮ ਹੁੰਦਾ ਹੈ।ਸੋਫੀ ਤੇ ਸ਼ਰਾਬੀ ਦੋਵੇਂ ਪਾਰਟੀਆਂ ਆਪੋ ਆਪਣੇ ਢੰਗ ਨਾਲ ਭੜਾਸ ਕੱਢਦੀਆਂ ਹਨ,ਇਨ੍ਹੀਂ ਦਿਨੀਂ ਦਿੱਲੀ ਦੀ ਪੱਤਰਕਾਰੀ ‘ਚ ਇੰਡੀਅਨ ਐਕਸਪ੍ਰੈਸ ਗਰੁੱਪ ਦੇ ਹਿੰਦੀ ਅਖ਼ਬਾਰ ਜਨਸੱਤਾ ਦੇ ਸਵਰਗੀ ਸੰਪਾਦਕ ਪ੍ਰਭਾਸ਼ ਜੋਸ਼ੀ ‘ਤੇ ਉਹਨਾਂ ਦੀ ਯਾਦ ‘ਚ ਬਣੇ ਟਰੱਸਟ ‘ਤੇ ਬਹਿਸ ਗਰਮ ਹੈ।ਪ੍ਰਭਾਸ਼ ਜੋਸ਼ੀ ਭਾਰਤੀ ਪੱਤਰਕਾਰੀ ‘ਚ ਵੱਡੀ ਤੋਪ ਵਜੋਂ ਜਾਣੇ ਜਾਂਦੇ ਸਨ।ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਦੀ ਲਹਿਰ ‘ਚੋਂ ਨਿਕਲੇ ਪ੍ਰਭਾਸ਼ ਜੋਸ਼ੀ ਨੇ ਪੱਤਰਕਾਰੀ ‘ਚ ਹਮੇਸ਼ਾ “ਜ਼ਿੰਦਗੀ ਅਸੂਲਾਂ ਤੋਂ ਪਿਆਰੀ ਨਹੀਂ” ਵਾਲੀ ਗੱਲ ਕੀਤੀ।1992 ‘ਚ ਜਦੋਂ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ ਗਿਆ ਤਾਂ ਮੋਹਰਲੀ ਕਤਾਰ ‘ਚ ਖੜ੍ਹੇ ਹੋ ਕੇ ਪ੍ਰਭਾਸ਼ ਜੋਸ਼ੀ ਨੇ ਜਨਸੱਤਾ ‘ਚ ਸੰਪਾਦਕੀ ਲਿਖਕੇ ਸੰਘੀਆਂ ਨੂੰ ਵੰਗਾਰਿਆ ਸੀ।ਫਿਰ ਜਦੋਂ ਦੇਸ਼ ਦੀ ਸੰਸਦ ‘ਤੇ ਹੋਏ ਹਮਲੇ ‘ਚ ਦਿੱਲੀ ਯੂਨਵਿਰਸਿਟੀ ਦੇ ਪ੍ਰੈਫੈਸਰ ਐਸ ਏ ਆਰ ਗਿਲਾਨੀ ਨੂੰ ਮਾਸਟਰਮਾਈਂਡ ਦੱਸਿਆ ਗਿਆ ਤਾਂ ਜਿਹੜੀ ਕਮੇਟੀ ਇਸਦੇ ਵਿਰੋਧ ‘ਚ ਬਣੀ,ੳਸ ‘ਚ ਦੇਸ਼ ਦੇ ਮੁੱਖ ਧਾਰਾਈ ਅਖ਼ਬਾਰ ਦਾ ਇਕੋ ਇਕ ਸੰਪਾਦਕ ਸ਼ਾਮਿਲ ਸੀ।ਗਿਲਾਨੀ ਸੁਪਰੀਮ ਕੋਰਟ ਵਲੋਂ ਬਰੀ ਹੋਏ।ਉਹਨਾਂ ਨੇ ਹੀ ਦੇਸ਼ ‘ਚ ਪੇਡ ਨਿਊਜ਼ ਦੇ ਖਿਲਾਫ ਸਭ ਤੋਂ ਪਹਿਲਾਂ ਬਿਗੁਲ ਵਜਾਇਆ।ਪੱਤਰਕਾਰੀ ਦੇ ਆਦਰਸ਼ਾਂ ਨੂੰ ਜਿਉਂਦਾ ਰੱਖਣ ਲਈ ਆਪਣੇ ਆਖਰੀ ਸਾਹਾਂ ਤੱਕ ਸੰਘਰਸ਼ ਕਰਦੇ ਰਹੇ।ਕੁੱਲ ਮਿਲਾਕੇ ਉਹਨਾਂ ਪੂਰੀ ਜ਼ਿੰਦਗੀ ਜਿੰਨ੍ਹੀ ਟੇਕ ਪੱਤਰਕਾਰੀ 'ਤੇ ਰੱਖੀ,ਓਨੀ ਹੀ ਸੰਘਰਸ਼ਾਂ ‘ਤੇ।


ਜਨਸੱਤਾ ਦੇਸ਼ ਦਾ ਪਹਿਲਾ ਅਖ਼ਬਾਰ ਹੋਵੇਗਾ ਜਿਸਦੀ 3 ਲੱਖ ਕਾਪੀ ਛਪਣ ਤੋਂ ਬਾਅਦ ਪ੍ਰਭਾਸ਼ ਜੋਸ਼ੀ ਨੇ ਪਾਠਕਾਂ ਨੂੰ ਸੰਪਾਦਕੀ ਲਿਖਕੇ ਬੇਨਤੀ ਕੀਤੀ ਸੀ ਕਿ ਕ੍ਰਿਪਾ ਕਰਕੇ ਅਖ਼ਬਾਰ ਫੋਟੋ ਸਟੇਟ ਕਰਵਾਕੇ ਪੜ੍ਹਿਆ ਜਾਵੇ।3 ਲੱਖ ਵਿਕਣਾ ਵੀ ਉਸ ਦੌਰ ਦੀ ਬਹੁਤ ਵੱਡੀ ਉਪਲਬਧੀ ਸੀ।ਜਿਵੇਂ ਜੈ.ਐਨ.ਯੂ ਦੇ ਵਿਦਿਆਰਥੀ ਆਪਣੇ ਆਪ ਨੂੰ ਜੈਨਯੂਆਈਟ ਕਹਾਉਂਦੇ ਨੇ,ਉਸੇ ਤਰ੍ਹਾਂ ਜਨਸੱਤਾ ‘ਚ ਪ੍ਰਭਾਸ਼ ਜੋਸ਼ੀ ਦੀ ਅਗਵਾਈ ‘ਚ ਜਨਸਤਾਈਟ ਪੈਦਾ ਹੋਏ।ਮੈਂ ਵੇਖਿਆ ਹੈ ਕਿ ਕਹੇ ਜਾਂਦੇ ੳੁੱਤਰ ਆਧੁਨਿਕ ਦੌਰ ‘ਚ ਵੀ ਜੇ ਐਨ ਯੂ ‘ਚ ਕੋਟ ਪੈਟਾਂ,ਨਾਈਕੀਆਂ-ਸ਼ਾਈਕਈਆਂ ਤੇ ਰੇਬਨਾਂ ਵਾਲਿਆਂ ਨਾਲੋਂ ਹਵਾਈ ਚੱਪਲਾਂ ਵਾਲੇ ਵੱਧ ਆਤਮਵਿਸ਼ਵਾਸ਼ ਨਾਲ ਭਰੇ ਨਜ਼ਰ ਆਉਂਦੇ ਹਨ।ਦੂਜੇ ਪਾਸੇ ਜਦੋਂ ਜਨਸੱਤਾ ਦੀ ਹਾਲਤ ਬਦ ਤੋਂ ਬਦਤਰ ਹੈ ਤਾਂ ਜਨਸੱਤਾ ਦੇ ਪੱਤਰਕਾਰ ਜਨਸਤਾਈਟ ਹੋਣ ‘ਚ ਮਾਣ ਮਹਿਸੂਸ ਕਰਦੇ ਹਨ।ਇਸ ਆਤਮਵਿਸ਼ਵਾਸ਼ ਦੋਵਾਂ ਥਾਵਾਂ ‘ਤੇ ਮੁੱਖ ਧਾਰਾ ਨੇ ਨਹੀਂ ਭਰਿਆ,ਬਲਕਿ ਦੋਵਾਂ ਥਾਂਵਾਂ ਅੰਦਰ ਵਿਚਰਦੀਆਂ ਵੱਖ ਵੱਖ ਧਰਾਵਾਂ ਨੇ ਭਰਿਆ ਹੈ।

ਗੱਲ ਪ੍ਰਭਾਸ਼ ਜੋਸ਼ੀ ਦੇ ਟਰੱਸਟ ‘ਤੇ ਰੁਕ ਗਈ ਸੀ।ਟਰੱਸਟ ਬਣਿਆ,ਮੁੱਖ ਏਜੰਡਾ ਪੱਤਰਕਾਰੀ ‘ਚ ਆ ਰਹੇ ਰਹੇ ਨਿਘਾਰਾਂ ਬਾਰੇ ਕੰਮ ਕਰਨਾ ਸੀ,ਪਰ ਸੌੜੀ ਸਿਆਸਤ ਹੋਣੀ ਸ਼ੁਰੁ ਹੋ ਗਈ।ਰਾਜਨਾਥ ਸਿੰਘ ਤੇ ਮੁਰਲੀ ਮਨੋਹਰ ਜੋਸ਼ੀ ਵੀ ਕਿਸੇ ਸਮੇਂ ਜਨਸੱਤਾ ‘ਚ ਕੰਮ ਕਰਦੇ ਰਹੇ ਸਨ,ਇਸ ਲਈ ਸੰਘੀ ਸਿਆਸਤ ਸ਼ੁਰੂ ਹੋਈ।ਯਾਨਿ ਪ੍ਰਭਾਸ਼ ਜੋਸ਼ੀ ਨੁੰ ਭਗਵਾ ਰੰਗ ਚਾੜ੍ਹਨ ਦੀ ਸਿਆਸਤ।ਇਸੇ ‘ਚੋਂ ਸਾਰਾ ਕਲੇਸ਼ ਸ਼ੁਰੂ ਹੋਇਆ।ਇਸ ਟਰੱਸਟ ‘ਤੇ ਹੋ ਰਹੀ ਸਿਆਸਤ ਦਾ ਵਿਰੋਧ ਕਰਨ ਵਾਲਿਆਂ ‘ਚ ਯੂ.ਪੀ ‘ਚ ਜਨਸੱਤਾ ਦੇ ਬਿਊਰੋ ਚੀਫ ਅੰਬਰੀਸ਼ ਕਮੁਾਰ ਹਨ।ਪਿਛਲੇ ਦਿਨਾਂ ਤੋਂ ਲਗਾਤਾਰ ਵੱਖ ਵੱਖ ਥਾਈਂ ਉਹਨਾਂ ਨੂੰ ਪੜ੍ਹ ਰਿਹਾ ਸੀ।ਅਸੀਂ 10 ਵਜੇ ਪ੍ਰੈਸ ਕਲੱਬ ‘ਚੋਂ ਬਾਹਰ ਨਿਕਲੇ ਤਾਂ ਸਾਹਮਣੇ ਅੰਬਰੀਸ਼ ਕੁਮਾਰ, ਹਿੰਦੋਸਤਾਨ ਦੇ ਸਿਆਸੀ ਸੰਪਾਦਕ ਪ੍ਰਦੀਪ ਸੌਰਭ ਤੇ ਕੁਝ ਹੋਰ ਜਨਸਤਾਈਟ ਖੜ੍ਹੇ ਸਨ।ਪੂਰੇ ਮੂਡ ਤੇ ਖਿੜੇ ਹੋਇਆਂ ਨੇ ਅਵਿਨਾਸ਼ ਨੂੰ ਹਾਕ ਮਾਰ ਲਈ।ਅਵਿਨਾਸ਼ ਲਗਾਤਾਰ ਮੱਹਲਾ ਲਾਈਵ ‘ਤੇ ਪੂਰੀ ਵਿਚਾਰ ਚਰਚਾ ਨੂੰ ਛਾਪ ਰਿਹਾ ਹੈ।

ਹੁਣੇ ਹੁਣੇ ਪੱਤਰਕਾਰੀ ਦੇ ਸਰਬੋਤਮ (ਰਾਮ ਨਾਥ ਗੋਇਨਕਾ) ਐਵਾਰਡ ਮਿਲਕੇ ਹਟੇ ਨੇ,ਜੋ ਇੰਡੀਅਨ ਐਕਸਪ੍ਰੈਸ ਤੇ ਜਨਸੱਤਾ ਦੇ ਮਾਲਕ ਦੇ ਨਾਂਅ ‘ਤੇ ਦਿੱਤੇ ਜਾਂਦੇ ਹਨ।ਅੰਬਰੀਸ਼ ਕੁਮਾਰ ਕਾਫੀ ਗੁੱਸੇ ਹੋ ਕੇ ਭਾਵੁਕਤਾ ‘ਚ ਬੋਲ ਰਹੇ ਸੀ ਕਿ ਜਨਸੱਤਾ ਦੇਸ਼ ਦੀ ਪੱਤਰਕਾਰੀ ਦਾ ਨਾਂਅ ਰਿਹਾ ਹੈ,ਪਰ ਅੱਜ ਤੱਕ ਕਿਸੇ ਜਨਸੱਤਾ ਦੇ ਪੱਤਰਕਾਰ ਨੁੰ ਐਵਾਰਡ ਨਹੀਂ ਮਿਲਿਆ।ਅੰਗਰੇਜ਼ੀ ਖਾ ਗਈ ਹਿੰਦੀ ਨੂੰ।ਨਾਲ ਹੀ ਕਹਿੰਦੇ ਜਨਸਤਾਈਟ ਹੋਣਾ ਆਪਣੇ ਆਪ ‘ਚ ਇਕ ਐਵਰਾਡ ਹੈ,ਅਸੀਂ ਅਜਿਹੇ ਐਵਾਰਡਾਂ ਦੀ…………!ਕਿਸੇ ਜ਼ਮਾਨੇ ‘ਚ ਖੁਦ ਰਾਮ ਨਾਥ ਗੋਇਨਕਾ ਨੇ ਪ੍ਰਭਾਸ਼ ਜੋਸ਼ੀ ਨੂੰ ਪੂਰੇ ਗਰੁੱਪ ਦੀ ਵਾਗਡੋਰ ਫੜਾਉਣੀ ਚਾਹੀ ਸੀ,ਪਰ ਪ੍ਰਭਾਸ਼ ਜੀ ਨੇ ਇਹ ਇਹ ਕਹਿਕੇ ਨਾਂਹ ਕਰ ਦਿੱਤੀ ਸੀ,ਮੈਨੂੰ ਲੋਕ ਭਾਸ਼ਾ ਦੀ ਸੇਵਾ ਕਰਨ ਦਿਓ।ਪ੍ਰਭਾਸ਼ ਜੋਸ਼ੀ ਜਾਣਦੇ ਸਨ ਕਿ ਅੰਗਰੇਜ਼ੀ ਦਾ ਅਸਰ ਸੱਤਾ ਦੇ ਗਲਿਆਰਿਆਂ ਜ਼ਰੂਰ ਜ਼ਿਆਦਾ ਹੋ ਸਕਦੈ,ਪਰ ਮੇਰੀ ਹਿੰਦੀ ਪੱਟੀ ‘ਚ ਵਸਦੀ ਗਰੀਬ ਅਬਾਦੀ ਦੀ ਜਾਗਰੂਕਤਾ ਨਾਲ ਇਸਦਾ ਕੋਈ ਸਬੰਧ ਨਹੀਂ।ਫਿਰ ਜਿਸ ਤਰ੍ਹਾਂ ਦੀ ਪੇਂਡੂ ਭਾਸ਼ਾ ਉਹ ਜਨਸੱਤਾ ਦੇ ਜ਼ਰੀਏ ਹਿੰਦੀ ਪੱਤਰਕਾਰੀ ‘ਚ ਲੈ ਕੇ ਆਏ ਉਹ ਭਾਰਤੀ ਪੱਤਰਕਾਰੀ ‘ਚ ਇਕ ਨਵਾਂ ਤਜ਼ਰਬਾ ਸੀ।ਜਿਹੜੇ ਮੱਧ ਵਰਗੀ ਸ਼ਹਿਰੀ ਬੌਧਿਕ ਜੁਗਾਲੀ ਵਰਗ ਨੇ ਜਨਸੱਤਾ ਨੂੰ ਰੱਦ ਕੀਤਾ ਸੀ,ਹਿੰਦੀ ਪੱਤਰਕਾਰੀ ‘ਚ ਜਨਸੱਤਾ ਦੀ ਸਥਾਪਤੀ ਉਹਨਾਂ ਦੇ ਮੂੰਹ ‘ਤੇ ਥੱਪੜ ਸੀ।।ਅੱਜ ਪ੍ਰਭਾਸ਼ ਜੋਸ਼ੀ ਦੇ ਮਰਨ ਤੋਂ ਬਾਅਦ ਹਿੰਦੀ ਪੱਤਰਕਾਰੀ ‘ਚ ਪ੍ਰਭਾਸ਼ ਪਰੰਪਰਾ ਦੀ ਗੱਲ ਹੁੰਦੀ ਹੈ।ਪੰਜਾਬੀ ਪੱਤਰਕਾਰੀ ‘ਚ ਅਜਿਹੇ ਦਿਨ ਪਤਾ ਨਹੀਂ ਕਦੋਂ ਆਉਣਗੇ।

ਖੈਰ,ਉਰਲੀਆਂ ਪਰਲੀਆਂ ਮਾਰਦਾ ਮਾਰਦਾ,ਮੈਂ ਕਾਫੀ ਦੂਰ ਨਿਕਲ ਆਇਆਂ।ਦਿੱਲੀ ਦੀਆਂ ਵੱਖ ਵੱਖ ਥਾਵਾਂ ਬਾਰੇ ਪੜ੍ਹਿਆ ਜਾਂ ਸੁਣਿਆ ਹੈ।ਕਿ ਕਿਸ ਤਰ੍ਹਾਂ ਦੇਸੀ ਡਾਇਸਪੋਰੇ ਦੇ ਰੂਪ ‘ਚ ਵਸਦੇ ਵਿਦਿਆਰਥੀਆਂ,ਅਧਿਆਪਕਾਂ ਤੇ ਪੱਤਰਕਾਰਾਂ ਆਦਿ ‘ਤੇ ਐਕਟਵਿਜ਼ਮ ਭਾਰੂ ਹੁੰਦਾ ਸੀ।ਪੁਰਾਣੇ ਲੋਕ ਕਹਿੰਦੇ ਨੇ ਜਿਹੋ ਜਿਹਾ ਮਹੌਲ 70ਵਿਆਂ ਤੋਂ 90ਵਿਆਂ ਤੱਕ ਹੁੰਦਾ ਸੀ,ਹੁਣ ਨਹੀਂ ਰਿਹਾ।ਜਿਸ ਦੌਰ ‘ਚੋਂ ਸਾਡੀ ਪੀੜ੍ਹੀ ਗੁਜ਼ਰ ਰਹੀ ਹੈ,ਇਵੇਂ ਲਗਦਾ ਬੱਸ ਅੰਤ ਹੈ।ਡਾਚੀ ਦੀਆਂ ਮੁਹਾਰਾਂ ਮੁੜਨ ਵਾਲੀਆਂ ਨੇ।ਪੁਰਾਣੇ ਲੋਕਾਂ ਕੋਲ ਬੈਠਕੇ ਮਨ ਨੂੰ ਇਹੀ ਧਰਵਾਸ ਮਿਲਦੀ ਹੈ ਕਿ ਭਵਿੱਖ ਸਾਡਾ ਹੈ।

ਯਾਦਵਿੰਦਰ ਕਰਫਿਊ
ਨਵੀਂ ਦਿੱਲੀ।
mail2malwa@gmail.com,malwa2delhi@yahoo.co.in
09899436972

No comments:

Post a Comment