ਮ੍ਰਿਤਕ ਬੰਦੇ ਆਪਣੇ ਨਾਲ ਬੀਤੀ ਬਿਆਨ ਨਹੀਂ ਕਰ ਸਕਦੇ ਹੁੰਦੇ। ਪਰ ਜਦੋਂ ਮ੍ਰਿਤਕ ਵਿਅਕਤੀ ਚੇਰੂਕੁਰੀ ਰਾਜ ਕੁਮਾਰ ਉਰਫ਼ ਆਜ਼ਾਦ ਹੋਵੇ ਤਾਂ ਮੌਤ ਦਾ ਢੰਗ ਬਹੁਤ ਕੁਝ ਬਿਆਨ ਕਰ ਦਿੰਦਾ ਹੈ। ਮਾਓਵਾਦੀ ਆਗੂ ਦੀ ਪੋਸਟ ਮਾਰਟਮ ਰਿਪੋਰਟ, ਜਿਸ ਤੱਕ ਆਊਟਲੁੱਕ ਨੇ ਪਹੁੰਚ ਕਰ ਲਈ ਹੈ, ਸਪਸ਼ਟ ਤੌਰ ’ਤੇ ਸਾਬਤ ਕਰਦੀ ਹੈ ਕਿ ਉਸ ਨੂੰ ਮੁਕਾਬਲੇ ਵਿਚ ਮਾਰਿਆ ਗਿਆ ਸੀ। ਜਦੋਂ ਇਸ ਨੂੰ ਐਫ ਆਈ ਆਰ ਅਤੇ ਸਰਕਾਰੀ ਛਾਣਬੀਣ ਦੀਆਂ ਰਿਪੋਰਟਾਂ ਨਾਲ ਜੋੜਕੇ ਘੋਖਿਆ ਜਾਂਦਾ ਹੈ ਤਾਂ ਇਹ ਆਂਧਰਾ ਪ੍ਰਦੇਸ਼ ਪੁਲੀਸ ਵੱਲੋਂ ਘੜੀ ਗਈ ਉਸਦੀ ਮੌਤ ਦੀ ਕਹਾਣੀ ਦੇ ਝੂਠ ਦੇ ਪੁਲੰਦੇ ਦੀ ਪੋਲ ਖੋਲਦੀ ਹੈ। ਇਹ ਮੁਕਾਬਲੇ ਦਾ ਦਾਅਵਾ, ਜਿਸ ਨੂੰ ਭਾਰਤ ਦੀ ‘‘ਅੰਦਰੂਨੀ ਸੁਰੱਖਿਆ ਨੂੰ ਸਭ ਤੋਂ ਵੱਡੇ ਖ਼ਤਰੇ’’ ਵਿਰੁੱਧ ਯੂ ਪੀ ਏ ਸਰਕਾਰ ਵੱਲੋਂ ਲੜੀ ਜਾ ਰਹੀ ਜੰਗ ਦੇ ਵੱਡੇ ਹਾਸਲ ਵਜੋਂ ਧੁਮਾਇਆ ਜਾ ਰਿਹਾ ਹੈ, ਅਸਲ ਵਿਚ ਰਾਜ ਵੱਲੋਂ ਗਿਣ-ਮਿਥਕੇ ਕੀਤਾ ਗਿਆ ਕਤਲ ਸੀ। ਆਜ਼ਾਦ, ਜਿਸ ਦੀ ਸਰਕਾਰ ਨਾਲ ਚੱਲਣ ਵਾਲੀ ਗੱਲਬਾਤ ’ਚ ਕੁੰਜੀਵਤ ਭੂਮਿਕਾ ਸੀ, ਨੂੰ ਚੁੱਕਕੇ ਗਿੱਠ ਕੁ ਜਿੰਨੀ ਦੂਰੀ ਤੋਂ ਪਿਸਤੌਲ ਨਾਲ ਗੋਲੀ ਮਾਰਕੇ ਮਾਰ ਦਿੱਤਾ ਗਿਆ। ਸਰਕਾਰ ਵਲੋਂ ਪੇਸ਼ ਕਹਾਣੀ ਉਕਾ ਹੀ ਮਨ ਨੂੰ ਨਹੀਂ ਲੱਗਦੀ ਕਿ ਪਹਾੜੀ ਦੇ ਸਿਖਰ ’ਤੇ ਛੁਪੇ ਮਾਓਵਾਦੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾਈਆਂ ਅਤੇ ਜਦੋਂ ਸੁਰੱਖਿਆ ਦਸਤਿਆਂ ਨੇ ਹੇਠੋਂ ਇਸ ਦੇ ਜਵਾਬ ’ਚ ਗੋਲੀ ਚਲਾਈ ਤਾਂ ਆਜ਼ਾਦ ਮਾਰਿਆ ਗਿਆ।
ਮਾਰੇ ਜਾਣ ਤੋਂ ਦੋ ਦਿਨ ਬਾਅਦ ਆਦਿਲਾਬਾਦ ਜ਼ਿਲ•ਾ ਹਸਪਤਾਲ ਦੇ ਡਾਕਟਰਾਂ ਵੱਲੋਂ ਆਜ਼ਾਦ ਦੀ ਲਾਸ਼ ਦੇ ਪੋਸਟ ਮਾਰਟਮ ਦੀ ਰਿਪੋਰਟ ’ਚ ਦਰਜ ਹੈ ਕਿ ਉਸਦੀ ਛਾਤੀ ਦੇ ਖੱਬੇ ਪਾਸੇ ਕੁਝ ਇੰਚ ਉਪਰ ਵੱਲ ਇਕ ਸੈਂਟੀਮੀਟਰ ਦਾ ਅੰਡਾਕਾਰ ਜ਼ਖ਼ਮ ਸੀ ਜਿੱਥੇ ਗੋਲੀ ਲੱਗਕੇ ਦਿਲ ਪਾੜਕੇ ਕੰਗਰੋੜ ਦੇ ਨੌਵੇਂ ਤੇ ਦਸਵੇਂ ਮਣਕੇ ਵਿਚਾਲਿਉਂ ਬਾਹਰ ਨਿੱਕਲੀ ਹੋਈ ਸੀ। ਪੋਸਟ-ਮਾਰਟਮ ਕਰਨ ਵਾਲੇ ਡਾਕਟਰਾਂ ਨੇ ਰਿਪੋਰਟ ’ਚ ਦਰਜ ਕੀਤਾ ਹੈ ਕਿ ਜਿਸ ਥਾਂ ਜ਼ਖ਼ਮ ਸੀ ਉਥੇ,‘‘ਖੱਬੇ ਪਾਸੇ ਪੱਸਲੀਆਂ ਵਿਚਕਾਰਲੀ ਥਾਂ ਉ¤ਤੇ ‘‘ਕਾਲੇ ਅਤੇ ਲੂਹੇ ਹੋਣ’’ ਦੇ ਨਿਸ਼ਾਨ ਸਨ।
ਫਾਰੈਂਸਿਕ ਪ੍ਰਣਾਲੀ, ਜੋ ਗੋਲੀ ਦੇ ਘਾਤਕ ਜ਼ਖ਼ਮਾਂ ਦੀ ਬੁਝਾਰਤ ਬੁੱਝਣ ਦਾ ਕੰਮ ਵੀ ਕਰਦੀ ਹੈ, ਮੁਤਾਬਿਕ ‘‘ਕਾਲੇ ਅਤੇ ਲੂਹੇ ਹੋਣ ਦੇ ਨਿਸ਼ਾਨ’’ ਭੇਤ ਨਸ਼ਰ ਕਰਨ ਵਾਲੇ ਹੁੰਦੇ ਹਨ। ਸੈਂਕੜੇ ਪੋਸਟ ਮਾਰਟਮਾਂ ਦੇ ਸਾਰੇ ਮਾਹਰ ਕਹਿੰਦੇ ਹਨ ਕਿ ਜਦੋਂ ਜ਼ਖ਼ਮ ਵਾਲੀ ਜਗਾ• ਉ¤ਤੇ ‘‘ਲੂਹੇ ਹੋਣ’’ ਦੇ ਨਾਲ ‘‘ਕਾਲੇ ਨਿਸ਼ਾਨ’’ ਪਏ ਹੋਣ ਤਾਂ ਇਸ ਦਾ ਅਰਥ ਸਿਰਫ਼ ਇਹ ਹੁੰਦਾ ਹੈ ਕਿ ਮ੍ਰਿਤਕ ਨੂੰ ਗੋਲੀ 7.5 ਸੈਂਟੀਮੀਟਰ ਜਾਂ ਇਸ ਤੋਂ ਵੀ ਥੋੜ•ੇ ਫਾਸਲੇ ਤੋਂ ਮਾਰੀ ਗਈ-ਵਿਵਹਾਰਕ ਤੌਰ ’ਤੇ ਇਸ ਦਾ ਭਾਵ ਹੈ ਐਨ ਨੇੜਿਉਂ ਗੋਲੀ ਮਾਰਨਾ।
ਪੋਸਟ ਮਾਰਟਮ ਰਿਪੋਰਟ ਦੀਆਂ ਟਿੱਪਣੀਆਂ ਦੀ ਬਿਹਤਰ ਵਿਆਖਿਆ ਕਰਾਉਣ ਅਤੇ ਇਸ ਬਾਰੇ ਵਿਚਾਰ ਲੈਣ ਲਈ, ਆਊਟ ਲੁਕ ਨੇ ਤਿੰਨ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਤ ਦੇਸ਼ ਦੇ ਫਾਰੈਂਸਿਕ ਪ੍ਰਣਾਲੀ ਦੇ ਅਤੇ ਬਾਰੂਦੀ ਹਥਿਆਰਾਂ ਦੇ ਜ਼ਖ਼ਮਾਂ ਦੇ ਚੋਟੀ ਦੇ ਮਾਹਰਾਂ ਨੂੰ ਇਸ ਦੀਆਂ ਕਾਪੀਆਂ ਦਿੱਤੀਆਂ। ਤੁਅੱਸਬ ਰਹਿਤ ਅਤੇ ਹਕੀਕਤਮੁਖੀ ਰਾਏ ਯਕੀਨੀ ਬਣਾਉਣ ਲਈ, ਸਿਰਫ਼ ਰਿਪੋਰਟ ਦਾ ਸਾਰਤੱਤ ਹੀ ਉਨ•ਾਂ ਨੂੰ ਦਿੱਤਾ ਗਿਆ, ਮ੍ਰਿਤਕ ਦਾ ਨਾਂ ਨਹੀਂ ਦੱਸਿਆ ਗਿਆ। ਤਿੰਨਾਂ ਹੀ ਮਾਹਰਾਂ ਦੀ ਰਾਏ ਸੀ ਕਿ ਨੇੜਿਉਂ, ਸ਼ਾਇਦ 7.5 ਸੈਂਟੀਮੀਟਰ ਤੋਂ ਵੀ ਘੱਟ ਨੇੜਿਉਂ, ਗੋਲੀ ਮਾਰੇ ਜਾਣ ਦੀ ਸੰਭਾਵਨਾ ਜ਼ਿਆਦਾ, ਬਹੁਤ ਜ਼ਿਆਦਾ ਹੈ।
ਮੈਡੀਸਿਨ ਦੇ ਗੋਲਡ ਮੈਡਲਿਸਟ ਅਤੇ ਅੱਜਕੱਲ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ ਵਿਖੇ ਫਾਰੈਂਸਿਕ ਮੈਡੀਸਿਨ ਅਤੇ ਜ਼ਹਿਰ ਅਧਿਐਨ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਡਾ. ਸੁਧੀਰ ਗੁਪਤਾ ਨੂੰ ਇਸ ਖੇਤਰ ਦੀ ਅਥਾਰਟੀ ਮੰਨਿਆ ਜਾਂਦਾ ਹੈ। ਉਹ ਮੁਕਾਬਲਿਆਂ ’ਚ ਮੌਤਾਂ ਦੇ ਅਧਿਐਨ ਦਾ ਮਾਹਰ ਵੀ ਹੈ, ਜਿਸ ਦਾ ਅਜਿਹੇ 30 ਮਾਮਲਿਆਂ ਨਾਲ ਵਾਹ ਪਿਆ ਹੈ। ਆਜ਼ਾਦ ਦੀ ਪੋਸਟ-ਮਾਰਟਮ ਰਿਪੋਰਟ ਦੀ ਘੋਖ ਕਰਨ ਤੋਂ ਬਾਅਦ, ਗੁਪਤਾ ਨੇ ਨਿਚੋੜ ਕੱਢਿਆ ਕਿ ਮ੍ਰਿਤਕ ਨੂੰ ਬਹੁਤ ‘‘ਨੇੜਿਉਂ ਗੋਲੀ’’ ਮਾਰਕੇ ਮਾਰਿਆ ਗਿਆ ਸੀ।
ਉਹ ਇਸ ਤਰ੍ਹਾਂ ਵਿਆਖਿਆ ਕਰਦਾ ਹੈ : ‘‘ਜਦੋਂ ਬਾਰੂਦੀ ਹਥਿਆਰ ਦੀ ਗੋਲੀ ਲੱਗਣ ਵਾਲੀ ਥਾਂ ਦੇ ਦੁਆਲੇ ਕਾਲਾ ਦਾਗ਼ ਪੈ ਕੇ ਚਮੜੀ ਕਾਲੀ ਹੋ ਗਈ ਹੋਵੇ, ਲੂਹੇ ਹੋਣ ਦੇ ਨਿਸ਼ਾਨ ਪਏ ਹੋਣ, ਤਾਂ ਇਹ ਬੰਦੂਕ ਚਲ ਕੇ ਨਿੱਕਲੀ ਬਾਰੂਦ ਦੀ ਲਾਟ ਤੇ ਧੂੰਏਂ ਦੀ ਵਜਾ• ਕਰਕੇ ਹੁੰਦਾ ਹੈ। ਇਹ ਨਿਸ਼ਾਨ ਨੇੜਿਉਂ (ਐਨ ਨੇੜਿਉਂ) ਗੋਲੀ ਮਾਰੀ ਹੋਣ ਦਾ ਜ਼ੋਰਦਾਰ ਸੰਕੇਤ ਹੁੰਦੇ ਹਨ। ਇਸ ਥਾਂ ਦੀ ਚਮੜੀ ਲਾਟ ਨਾਲ ਲੂਹੀ ਜਾਂਦੀ ਹੈ ਇਹ (ਲਾਟ) ਇਕੱਠੀ ਹੋ ਕੇ ਜੰਮਦੀ ਨਹੀਂ। ਜੇ ਗੋਲੀ ਐਨ ਨੇੜਿਉਂ ਚਲਾਈ ਗਈ ਹੋਵੇ, ਤਾਂ ਇਹ (ਲਾਟ) ਬੰਦੂਕ ਦੇ ਮੂੰਹ ਤੋਂ ਬਹੁਤ ਥੋੜ•ੇ ਫ਼ਾਸਲੇ ਤੱਕ ਹੀ ਜਾਂਦੀ ਹੈ ਅਤੇ ਇਸ ਕਰਕੇ ਇਸ ਨਾਲ ਚਮੜੀ ਲੂਹੀ ਜਾਂਦੀ ਹੈ। ਨੇੜਿਉਂ ਵੱਜੀ ਗੋਲੀ ਦੇ ਬਾਰੂਦ ਦੀ ਰਹਿੰਦ-ਖੂੰਹਦ ਚਮੜੀ ’ਚ ਧਸ ਜਾਂਦੀ ਹੈ ਅਤੇ ਇਥੇ ਦਾਗ਼ ਪੈ ਜਾਂਦਾ ਹੈ। ਇਹ ਨੋਟ ਕੀਤਾ ਜਾਵੇ ਕਿ ਇਸ ਦਾ ਜਮਾ ਨਾਮਾਤਰ ਹੋਣ ਕਾਰਨ ਲਾਟ ਅਤੇ ਬਾਰੂਦ ਬਹੁਤੇ ਫ਼ਾਸਲੇ ਤੱਕ ਨਹੀਂ ਜਾ ਸਕਦੇ।’’ ਹਾਲਾਂਕਿ, ਪੇਸ਼ੇਵਰ ਵਿਅਕਤੀ ਵਾਲੀ ਰਿਵਾਜ਼ੀ ਚੇਤਾਵਨੀ ਦਿੰਦਾ ਹੋਇਆ ਗੁਪਤਾ ਇਹ ਵਕਾਲਤ ਵੀ ਕਰ ਜਾਂਦਾ ਹੈ ਕਿ ‘‘ਗੋਲੀ ਦੀ ਮਾਰ ਦਾ ਸਹੀ ਅੰਦਾਜ਼ਾ ਲਾਉਣ ਲਈ ਬੰਦੂਕ ਨਾਲ ਉਸ ਤਰ੍ਹਾਂ ਦੀ ਗੋਲੀ ਚਲਾਕੇ ਦੇਖ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਦਾ ਬਾਰੂਦ ਅਸਲ ਫਾਇਰਿੰਗ ਸਮੇਂ ਵਰਤਿਆ ਗਿਆ ਸੀ।’’
ਜਿਹੜੇ ਦੂਸਰੇ ਮਾਹਰ ਤੱਕ ਆਊਟਲੁਕ ਨੇ ਪਹੁੰਚ ਕੀਤੀ ਸੀ ਉਸ ਦੇ ਨਾਂ ਤੋਂ ਫਾਰੈਂਸਿਕ ਮੈਡੀਸਿਨ ਦੇ ਸਾਰੇ ਵਿਦਿਆਰਥੀ ਚੰਗੀ ਤਰ•ਾਂ ਵਾਕਫ਼ ਹਨ। ਡਾ. ਬੀ ਊਮਾਦੇਤਨ ਫਾਰੈਂਸਿਕ ਮੈਡੀਸਿਨ ਵਿਭਾਗ ਦਾ ਸਾਬਕਾ ਮੁਖੀ ਅਤੇ ਥਿਰੂਵਨੰਤਾਪੁਰਮ ਮੈਡੀਕਲ ਕਾਲਜ ਵਿਖੇ ਪੁਲਿਸ ਸਰਜਨ ਹੈ। ਉਸਦੀ ਕਿਤਾਬ, ਫਾਰੈਂਸਿਕ ਮੈਡੀਸਿਨ ਦੇ ਅਸੂਲ ਅਤੇ ਅਭਿਆਸ, ਫਾਰੈਂਸਿਕ ਵਿਦਿਆਰਥੀਆਂ ਲਈ ਮਿਆਰੀ ਪਾਠ–ਪੁਸਤਕ ਹੈ। ਪੂਰੀ ਸਾਵਧਾਨੀ ਨਾਲ ਰਾਏ ਦੇਣ ਵਾਲਾ ਊਮਾਦੇਤਨ ਬਹੁਤ ਹੀ ਸਪਸ਼ਟ ਕਰ ਦਿੰਦਾ ਹੈ ਕਿ ਹਾਸਲ ਡੇਟਾ ਤੋਂ ਰਾਇ ਬਣਾ ਲੈਣਾ ਮੁਸ਼ਕਲ ਹੈ ਅਤੇ ਖ਼ਤਰਨਾਕ ਵੀ। ਪਰ ਉਸ ਨੂੰ ਵੀ ‘‘ਜਖ਼ਮ ਦੇ ਸਿਰਿਆਂ ਤੋਂ ਚਮੜੀ ਦਾ ਕਾਲੀ ਅਤੇ ਲੂਹੀ ਹੋਣਾ ਕੋਈ ਸਾਜਿਸ਼ ਲੱਗਦੀ ਹੈ। ‘‘ਆਮ ਤੌਰ ’ਤੇ, ਐਨ ਨੇੜਿਉਂ, 7.5 ਸੈਂਟੀਮੀਟਰ ਤੋਂ ਵੀ ਘੱਟ ਫ਼ਾਸਲੇ ਤੋਂ, ਗੋਲੀ ਲੱਗਣ ਨਾਲ ਤਿੰਨ ਤਰ•ਾਂ ਦੇ ਨਿਸ਼ਾਨ ਪੈ ਜਾਂਦੇ ਹਨ: ਜਖ਼ਮ ਵਾਲੀ ਥਾਂ ਲੂਹੀ ਜਾਂਦੀ ਹੈ; ਅਣ ਮੱਚੇ ਬਾਰੂਦ ਨਾਲ ਇਥੇ ਗੋਲ ਨਿਸ਼ਾਨ ਬਣ ਜਾਂਦਾ ਹੈ ਅਤੇ ਧੂੰਏ ਨਾਲ ਇਹ ਥਾਂ ਕਾਲੀ ਪੈ ਜਾਂਦੀ ਹੈ। ਜੇ ਮ੍ਰਿਤਕ ਨੇ ਸੂਤੀ ਕਮੀਜ਼ ਪਹਿਨੀਂ ਹੋਈ ਹੋਵੇ ਤਾਂ ਬਾਰੂਦ ਦਾ ਦਾਗ਼ ਕੱਪੜੇ ’ਤੇ ਪੈ ਜਾਂਦਾ ਹੈ। ਪਰ ਇਨ੍ਹਾਂ ਹੋਰ ਸੰਕੇਤਾਂ ਨਾਲ ਜੁੜਕੇ ਚਮੜੀ ਲੂਹੀ ਹੋਣ ਦਾ ਪੱਕਾ ਸੰਕੇਤ ਇਹੀ ਹੁੰਦਾ ਹੈ ਕਿ ਐਨ ਨੇੜਿਉਂ ਗੋਲੀ ਮਾਰੀ ਗਈ ਹੈ।’’
ਤੀਜਾ ਮਾਹਰ ਬਹੁਤ ਜ਼ਿਆਦਾ ਕਾਬਲੀਅਤ ਰੱਖਦਾ ਹੈ, ਉਸ ਨੇ ਨਾਂ ਗੁਪਤ ਰੱਖਣ ਦੀ ਗੁਜ਼ਾਰਿਸ਼ ਤਹਿਤ ਰਾਏ ਦਿੱਤੀ। ਚੰਡੀਗੜ• ਦੀ ਕੇਂਦਰੀ ਫਾਰੈਂਸਿਕ ਸਾਇੰਸਿਜ਼ ਲੈਬੋਰੇਟਰੀ ਦਾ ਇਹ ਸਾਬਕਾ ਡਾਇਰੈਕਟਰ ਬਾਰੂਦੀ ਹਥਿਆਰਾਂ ਦੇ ਜ਼ਖ਼ਮਾਂ ਦੇ ਅਧਿਐਨ ਦਾ ਮਾਹਰ ਹੈ ਅਤੇ ਉਸ ਨੇ ਇਸ ਵਿਸ਼ੇ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਉਸ ਦਾ ਕਹਿਣਾ ਹੈ, ‘‘ਜ਼ਖ਼ਮ ਦੇ ਦੁਆਲੇ ਦਾ ਰੰਗ ਕਾਲਾ ਹੋ ਜਾਣ ਦੀ ਵਜਾ• ਗੰਦਗੀ ਅਤੇ ਸੱਟ ਦੇ ਨਿਸ਼ਾਨ ਵੀ ਹੋ ਸਕਦੀ ਹੈ, ਪਰ ਜਦੋਂ ਇਸ ਦੇ ਜ਼ਖ਼ਮ ਦਾ ਆਲਾ ਦੁਆਲਾ ਲੂਹਿਆ ਗਿਆ ਹੋਵੇ, ਫੇਰ ਇਹ ਲਗਭਗ ਯਕੀਨੀ ਹੁੰਦਾ ਹੈ ਕਿ ਗੋਲੀ ਐਨ ਨੇੜਿਉਂ ਚਲਾਈ ਗਈ ਸੀ ਅਤੇ ਵਰਤਿਆ ਗਿਆ ਹਥਿਆਰ ਪਿਸਤੌਲ ਸੀ, ਨਾ ਕਿ ਏ ਕੇ-47 ਵਰਗੀ ਬੰਦੂਕ। ਇਸ ਨਾਲ ਵੀ ਇਸੇ ਤਰ੍ਹਾਂ ਦਾ ਜ਼ਖ਼ਮ ਹੁੰਦਾ ਹੈ ਪਰ ਤੰਤੂਆਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਹੈ। ਮੇਰਾ ਅੰਦਾਜ਼ਾ ਹੈ ਕਿ ਗੋਲੀ .38 ਬੋਰ (9 ਐਮ ਐਮ ਪਿਸਤੌਲ) ਤੋਂ ਚਲਾਈ ਗਈ ਸੀ।’’
ਜੇ ਪੋਸਟ-ਮਾਰਟਮ ਦੀ ਰਿਪੋਰਟ ਪੁਲਿਸ ਦੇ ਦਾਅਵਿਆਂ ਦੀ ਪੋਲ ਖੋਲਦੀ ਹੈ, ਤਾਂ 2 ਜੁਲਾਈ ਨੂੰ ਸਰਕਲ ਇੰਸਪੈਕਟਰ ਰਘੂਨੰਦਨ ਰਾਉ ਵੱਲੋਂ ਦਿੱਤੀ ਇਤਲਾਹ ਦੇ ਅਧਾਰ ’ਤੇ ਦਰਜ ਕੀਤੀ ਐਫ ਆਈ ਆਰ ਹੋਰ ਵੀ ਜ਼ਿਆਦਾ ਆਪਾ–ਵਿਰੋਧੀ ਹੈ। ਇਹ ਕਹਿੰਦੀ ਹੈ ਕਿ ਪੁਲਿਸ ਨੂੰ ਸੂਹੀਆ ਵਿਭਾਗ ਤੋਂ ਸੂਚਨਾ ਮਿਲੀ ਕਿ ਮਹਾਂਰਾਸ਼ਟਰ ਵਾਲੇ ਪਾਸਿਉਂ 20-25 ਮਾਓਵਾਦੀਆਂ ਦੇ ਤਕੜੇ ਦਸਤੇ ਨੇ ਵਾਂਕੇਡੀ ਜੰਗਲ ’ਚ ਘੁਸਪੈਠ ਕੀਤੀ ਹੈ। ਪਹਿਲੀ ਜੁਲਾਈ ਦੀ ਰਾਤ ਨੂੰ, ਰਾਓ ਦੀ ਟੀਮ, ਜੋ ਰਾਤ ਨੂੰ ਦੇਖ ਸਕਣ ਵਾਲੇ ਯੰਤਰਾਂ ਨਾਲ ਲੈਸ ਸੀ, ਨੇ ਸੈਂਕੜੇ ਏਕੜਾਂ ’ਚ ਫੈਲੇ ਜੰਗਲ ’ਚ ਦਸਤੇ ਦੀ ਪੈੜ ਨੱਪ ਲਈ। ਪੁਲਿਸ ਦਾ ਦਾਅਵਾ ਹੈ ਕਿ ਇਸ ਨੇ ਦਸਤੇ ਨੂੰ ਲਲਕਾਰਿਆ, ਪਰ ਅੱਗੋਂ ਗੋਲੀਆਂ ਦੀ ਜ਼ੋਰਦਾਰ ਬੌਛਾੜ ਦੇ ਰੂਪ ’ਚ ਜਵਾਬ ਆਇਆ। ਪੁਲਿਸ ਨੇ ਵੀ ਅੱਗੋਂ ਗੋਲੀਆਂ ਚਲਾਈਆਂ;ਅਤੇ 30 ਮਿੰਟ ਗੋਲੀਆਂ ਦਾ ਵਟਾਂਦਰਾ ਹੁੰਦਾ ਰਿਹਾ। ਜਦੋਂ ਗੋਲੀਆਂ ਚੱਲਣੀਆਂ ਬੰਦ ਹੋਈਆਂ ਤਾਂ ਰਾਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਠਹਿਰਣ ਤੇ ਰਾਤ ਕੱਟਣ ਲਈ ਪਹਾੜੀ ਵੱਲ ਚਲੀ ਗਈ। ਅਗਲੇ ਦਿਨ ਸਵੱਖਤੇ, ਜਦੋਂ ਉਸ ਨੇ ਤਲਾਸ਼ੀ ਮੁਹਿੰਮ ਫੇਰ ਸ਼ੁਰੂ ਕਰਨ ’ਤੇ ਦੋ ਅਣਪਛਾਤੀਆਂ ਲਾਸ਼ਾਂ ਦਾ ਠੇਡਾ ਲੱਗਣ ’ਤੇ ਇਨ੍ਹਾਂ ਦਾ ਪਤਾ ਲੱਗਿਆ, ਨੇੜੇ ਹੀ ਇਨ੍ਹਾਂ ਦੇ ਕਿਟ ਬੈਗ, ਇਕ ਏ ਕੇ-ਸੰਤਾਲੀ ਅਤੇ ਇਕ 9-ਐਮ ਐਮ ਦਾ ਪਿਸਤੌਲ ਪਏ ਸਨ। ਇਕ ਲਾਸ਼ ਆਜ਼ਾਦ ਦੀ ਸੀ; ਦੂਜੀ ਮ੍ਰਿਤਕ ਦੇਹ ਫਰੀਲਾਂਸ ਪੱਤਰਕਾਰ ਹੇਮਚੰਦਰ ਪਾਂਡੇ ਦੀ ਸੀ।
ਇਥੇ ਨਾ ਸਿਰਫ਼ ਪਹਿਲੀਆਂ ਵਾਲੀਆਂ ਆਪਾ–ਵਿਰੋਧੀ ਚੀਜ਼ਾਂ ਉਭਰਦੀਆਂ ਹਨ, ਐ¤ਫ ਆਈ ਆਰ ਅਤੇ ਜਾਂਚ ਰਿਪੋਰਟ ’ਚ ਦੋ ਹੋਰ ਅਹਿਮ ਸਵਾਲਾਂ ਦਾ ਜਵਾਬ ਵੀ ਨਹੀਂ ਹੈ:
* ਜੇ ਮਾਓਵਾਦੀਆਂ ਨੂੰ ਆਜ਼ਾਦ ਦੀ ਲਾਸ਼ ਛੱਡਕੇ ਭੱਜਣਾ ਵੀ ਪੈ ਗਿਆ ਹੋਵੇ, ਤਾਂ ਗੋਲੀਆਂ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਏ ਕੇ –ਸੰਤਾਲੀ ਅਤੇ 9-ਐਮ ਐਮ ਪਿਸਤੌਲ ਕਿਉਂ ਨਹੀਂ ਚੁੱਕਿਆ? ਏ ਕੇ-ਸੰਤਾਲੀ ਅਤੇ 9-ਐਮ ਐਮ ਦਾ ਪਿਸਤੌਲ ਮਾਓਵਾਦੀਆਂ ਲਈ ਬਹੁਤ ਕੀਮਤੀ ਚੀਜ਼ਾਂ ਹਨ ਅਤੇ ਉਹ ਕਦੇ ਛੱਡ ਕੇ ਨਹੀਂ ਜਾਂਦੇ।
*ਜੇ ਪੁਲਿਸ ਦੂਰੋਂ ਗੋਲੀ ਚਲਾ ਰਹੀ ਸੀ ਤਾਂ ਫੇਰ ਆਜ਼ਾਦ ਦੀ ਮੌਤ ਥੋੜ•ੀ ਦੂਰੀ ਤੋਂ ਮਾਰ ਕਰਨ ਵਾਲੇ 9-ਐਮ ਐਮ ਪਿਸਤੌਲ ਦੀ ਗੋਲੀ ਨਾਲ ਕਿਵੇਂ ਹੋ ਗਈ?ਸਵਾਮੀ ਅਗਨੀਵੇਸ਼ ਖ਼ੁਦ ਹੈਰਾਨ–ਪ੍ਰੇਸ਼ਾਨ ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅਮਨ ਦੀ ਤਲਾਸ਼ ’ਚ ਗੱਲਬਾਤ ਚਲਾਉਣ ਲਈ ਕਿਹਾ ਸੀ। ‘‘ਜੇ ਉਹ ਉਸੇ ਬੰਦੇ ਨੂੰ ਮਾਰ ਦਿੰਦੇ ਹਨ ਜੋ ਗੱਲਬਾਤ ਸ਼ੁਰੂ ਕਰਨ ਲਈ ਮੇਰਾ ਸੁਨੇਹਾ ਦੰਡਕਾਰਣੀਆਂ ’ਚ ਮਾਓਵਾਦੀ ਲੀਡਰਸ਼ਿਪ ਕੋਲ ਲੈ ਕੇ ਜਾ ਰਿਹਾ ਸੀ ਅਤੇ ਜਿਸ ਵੱਲੋਂ ਸੰਜੀਦਗੀ ਦਾ ਅਹਿਮ ਸੰਕੇਤ ਆਇਆ ਸੀ, ਤਾਂ ਅਸੀਂ ਗੱਲ ਕਿਸ ਨਾਲ ਕਰਾਂਗੇ? ਕੀ ਅਸੀਂ ਇਹ ਟਕਰਾਅ ਖ਼ਤਮ ਕਰਨਾ ਚਾਹੁੰਦੇ ਹਾਂ ਜਾਂ ਭਾਰਤ ਦੇ ਕੇਂਦਰ ਵਿਚ ਇਸ ਜੰਗ ਨੂੰ ਚੱਲਦਾ ਰੱਖਣ ਦਾ ਮਨ ਬਣਾਇਆ ਹੋਇਆ ਹੈ? ਜਦੋਂ ਐਸੇ ਬੰਦੇ ਦੀ ਮੌਤ ਵਿਚੋਂ ਐਸੇ ਪ੍ਰੇਸ਼ਾਨ ਕਰਨ ਵਾਲੇ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ, ਤਾਂ ਕੀ ਇਸ ਦੀ ਢੁੱਕਵੀਂ ਪੜਤਾਲ ਦੀ ਲੋੜ ਨਹੀਂ ਬਣਦੀ?’’ ਜਿਸ ਦੇਸ਼ ਨੇ ਆਪਣੇ ਆਪ ਨਾਲ ਹੀ ਜੰਗ ਛੇੜੀ ਹੋਈ ਹੋਵੇ, ਉਹ ਤਾਂ ਛੋਟੀ ਤੋਂ ਛੋਟੀ ਸਚਾਈ ਦਾ ਵੀ ਰਿਣੀ ਹੁੰਦਾ ਹੈ।
ਨਹੀਂ ਤਾਂ, ਆਜ਼ਾਦ ਕਾਂਗਰਸ ਲਈ ਸੋਹਰਾਬੂਦੀਨ ਹੋ ਨਿਬੜੇਗਾ। ਆਪਣੇ ਗੁਜਰਾਤ ਵਿਚਲੇ ਹਮਸਾਇਆਂ ਵਾਂਗ (ਜਿਹੜੇ ਓਦੋਂ ਤੱਕ ਟੱਸ ਤੋਂ ਮੱਸ ਨਹੀਂ ਹੋਏ ਜਦੋਂ ਤੱਕ ਸੁਪਰੀਮ ਕੋਰਟ ਨੇ ਦਖ਼ਲਅੰਦਾਜੀ ਨਹੀਂ ਕੀਤੀ), ਕੇਂਦਰ ਤੇ ਸੂਬਾ ਸਰਕਾਰ ਨੇ ਆਜ਼ਾਦ ਦੇ ਮਾਮਲੇ ’ਚ ਨਾਂਹ ਫੜੀ ਹੋਈ ਹੈ ਅਤੇ ਇਹ ਨਾਖੁਸ਼ਗਵਾਰ ਤੱਥਾਂ ਨੂੰ ਦਬਾਉਣ ਦਾ ਸਿਰਤੋੜ ਯਤਨ ਕਰ ਰਹੀਆਂ ਹਨ। ਸੋਹਰਾਬੂਦੀਨ ਦੇ ਮੁਕਾਬਲੇ ਵਾਂਗ, ਆਜ਼ਾਦ ਦੀ ਮੌਤ ’ਚ ਚਲਾਕੀ ਛੁਪੀ ਹੋਈ ਹੈ। ਸਾਰੇ ਵੇਰਵੇ ਇਹੀ ਪੁਸ਼ਟੀ ਕਰਦੇ ਹਨ ਕਿ ਪਹਿਲਾਂ ਤਾਂ ਇਸ ਮਾਓਵਾਦੀ ਸਿਧਾਂਤਕਾਰ ਨੂੰ ਅਮਨ ਗੱਲਬਾਤ ਲਈ ਉਕਸਾ ਲਿਆ। ਫੇਰ ਉਸ ਨੂੰ ਪੱਖ ਪੇਸ਼ ਕਰਨ ਦਾ ਮੌਕਾ ਦੇਣ ਦੀ ਬਜਾਏ, ਸਰਕਾਰ ਨੇ ਸਦਾ ਲਈ ਖ਼ਾਮੋਸ਼ ਕਰ ਦਿੱਤਾ।
ਆਜ਼ਾਦ ਦਾ ਡਾਕਟਰ ਭਰਾ ਕਹਿੰਦਾ ਹੈ, ‘‘ਨੀਵੀਂ ਥਾਂ ਤੋਂ ਚਲਾਈ ਗੋਲੀ ਕਿਸੇ ਬੰਦੇ ਦੀ ਛਾਤੀ ’ਚ ਲੱਗਕੇ ਦੂਜੇ ਪਾਸੇ ਇਸ ਤਰ੍ਹਾਂ ਕਿਵੇਂ ਨਿਕਲ ਸਕਦੀ ਹੈ।
ਆਊਟਲੁਕ ਨੇ ਆਜ਼ਾਦ ਦੀ ਪਛਾਣ ਨਸ਼ਰ ਨਾ ਕਰਕੇ ਉਸ ਦੀ ਪੋਸਟ-ਮਾਰਟਮ ਰਿਪੋਰਟ ਦੇ ਵਿਸ਼ਲੇਸ਼ਣ ਸਬੰਧੀ ਤਿੰਨ ਮਾਹਰਾਂ ਦੀ ਰਾਏ ਮੰਗੀ। ਤਿੰਨਾਂ ਦਾ ਹੀ ਕਹਿਣਾ ਹੈ ਕਿ ਗੋਲੀ 7.5 ਸੈਂਟੀਮੀਟਰ ਜਾਂ ਇਸ ਤੋਂ ਵੀ ਥੋੜ੍ਹੇ ਫ਼ਾਸਲੇ ਤੋਂ ਮਾਰੀ ਗਈ ਸੀ।‘‘ਜੇ ਗੋਲੀ ਲੱਗਣ ਵਾਲੀ ਥਾਂ ਦੁਆਲੇ ਕਾਲੇ ਰੰਗ ਦੇ ਅਤੇ ਲੂਹੇ ਜਾਣ ਦੇ ਨਿਸ਼ਾਨ ਹੋਣ, ਤਾਂ ਇਹ ਬਾਰੂਦੀ ਹਥਿਆਰ ਵਿਚੋਂ ਨਿਕਲਣ ਵਾਲੀ ਅੱਗ, ਧੂੰਏਂ ਅਤੇ ਬਾਰੂਦ ਦੀ ਵਜਾ• ਨਾਲ ਪੈਂਦੇ ਹਨ। ਘਣਤਾ ਥੋੜ੍ਹੀ ਹੋਣ ਕਾਰਨ, ਅੱਗ ਦੀ ਲਾਟ ਅਤੇ ਬਾਰੂਦ ਬਹੁਤੀ ਦੂਰ ਤਕ ਨਹੀਂ ਜਾ ਸਕਦੇ। ਇਸ ਲਈ, ਇਸ ਤਰ੍ਹਾਂ ਦੇ ਨਿਸ਼ਾਨ ਬਹੁਤ ਨੇੜਿਉਂ ਗੋਲੀ ਮਾਰੇ ਜਾਣ ਦਾ ਸੰਕੇਤ ਦਿੰਦੇ ਹਨ।’’-ਡਾ. ਸੁਧੀਰ ਗੁਪਤਾ, ਏਮਜ਼ ਨਵੀਂ ਦਿੱਲੀ ਵਿਖੇ ਫੋਰੈਂਸਿਕ ਮੈਡੀਸਿਨ ਅਤੇ ਜ਼ਹਿਰ ਦੇ ਅਸਰਾਂ ਅਧਿਐਨ ਬਾਰੇ ਐਸੋਸੀਏਟ ਪ੍ਰੋਫੈਸਰ। ਉਸ ਨੇ ਪੁਲਿਸ ਮੁਕਾਬਲਿਆਂ ਵਿਚ ਹੋਈਆਂ 30 ਮੌਤਾਂ ਦੇ ਮੁਆਇਨੇ ਕੀਤੇ ਹੋਏ ਹਨ।
‘‘ਰਿਪੋਰਟ ਚਮੜੀ ਲੂਹੀ ਹੋਣ ਦਾ ਜ਼ਿਕਰ ਤਾਂ ਕਰਦੀ ਹੈ, ਪਰ ਦਾਗ਼ ਨਹੀਂ ਪਏ ਹੋਏ। ਪਰ ਜੇ ਮ੍ਰਿਤਕ ਨੇ ਕਮੀਜ਼ ਪਹਿਨੀ ਹੋਈ ਸੀ, ਤਾਂ ਦਾਗ਼ ਕਮੀਜ਼ ਉਪਰ ਪਏ ਹੋ ਸਕਦੇ ਹਨ। ਅਤੇ ਇੱਥੇ ਸਿਰਫ਼ ਚਮੜੀ ਲੂਹੀ ਹੋਈ ਹੀ ਦਿਖਾਈ ਦਿੰਦੀ ਹੈ। ਗੋਲੀ ਲੱਗਣ ਵਾਲੀ ਥਾਂ ਚਮੜੀ ਲੂਹੀ ਹੋਣ ਦੇ ਨਾਲ ਜੇ ਦਾਗ਼ ਪਿਆ ਹੋਇਆ ਹੈ ਤਾਂ ਇਹ ਸਪਸ਼ਟ ਸੰਕੇਤ ਹੁੰਦਾ ਹੈ ਕਿ ਗੋਲੀ 7.5 ਸੈਂਟੀਮੀਟਰ ਤੋਂ ਵੀ ਨੇੜਿਉਂ ਮਾਰੀ ਗਈ ਹੈ।’’-ਡਾ. ਬੀ ਊਮਾਦੇਤਨ, ਫੋਰੈਂਸਿਕ ਮੈਡੀਸਿਨ ਵਿਭਾਗ ਦਾ ਸਾਬਕਾ ਮੁਖੀ, ਅਤੇ ਪੁਲੀਸ ਸਰਜਨ, ਥਿਰੂਵਨੰਤਾਪੁਰਮ ਮੈਡੀਕਲ ਕਾਲਜ। ਫੋਰੈਂਸਿਕ ਮੈਡੀਸਿਨ ਦੇ ਅਸੂਲ ਅਤੇ ਅਭਿਆਸ ਕਿਤਾਬ ਦਾ ਲੇਖਕ‘‘ਅੰਡਾਕਾਰ ਜ਼ਖ਼ਮ ਦਿਖਾਉਂਦਾ ਹੈ ਕਿ ਗੋਲੀ ਥੋੜ੍ਹਾ ਪਾਸੇ ਤੋਂ ਮਾਰੀ ਗਈ ਸੀ। ਇਹ ਲਗਭਗ ਨਿਸ਼ਚਿਤ ਹੈ ਕਿ ਗੋਲੀ ਬਹੁਤ ਹੀ ਨੇੜਿਉਂ ਚਲਾਈ ਗਈ ਸੀ। ਵਰਤਿਆ ਗਿਆ ਹਥਿਆਰ ਪਿਸਤੌਲ ਸੀ ਨਾ ਕਿ ਏ ਕੇ-ਸੰਤਾਲੀ ਕਿਸਮ ਵਰਗਾ। ਮੇਰਾ ਅੰਦਾਜ਼ਾ ਹੈ ਕਿ ਇਹ ਵਿਅਕਤੀ ਜਿਸ ਗੋਲੀ ਨਾਲ ਮਾਰਿਆ ਗਿਆ ਉਹ .38 ਬੋਰ (9 ਐਮ ਐਮ) ਪਿਸਤੌਲ ਨਾਲ ਮਾਰੀ ਗਈ ਸੀ।’’
-ਕੇਂਦਰੀ ਫਾਰੈਂਸਿਕ ਸਾਇੰਸਿਜ਼ ਲੈਬੋਰੇਟਰੀ, ਚੰਡੀਗੜ ਦਾ ਸੇਵਾ–ਮੁਕਤ ਨਿਰਦੇਸ਼ਕ, ਬਾਰੂਦੀ ਹਥਿਆਰ ਨਾਲ ਹੋਏ ਜ਼ਖ਼ਮਾਂ ਦਾ ਮਾਹਰ ਅਤੇ ਬਾਰੂਦੀ ਹਥਿਆਰਾਂ ਦੇ ਜ਼ਖ਼ਮਾਂ ਸੰਬੰਧੀ ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ ਜਿਸ ਨੇ ਆਪਣੀ ਪਛਾਣ ਗੁਪਤ ਰੱਖੀ।
ਯੋਜਨਾਬੱਧ ਕਤਲ ਖ਼ਿਲਾਫ ਉੱਠਦੀਆਂ ਆਵਾਜ਼ਾਂ ‘‘ਆਜ਼ਾਦ ਦੇ ਮਾਮਲੇ ’ਚ, ਇਵੇਂ ਹੀ ਹੋਰ ਸਾਰੇ ਮਾਮਲਿਆਂ ’ਚ, ਕਿਸੇ ਆਜ਼ਾਦ ਸੰਸਥਾ ਨੂੰ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ, ਨਾ ਕਿ ਉਹੀ ਪੁਲਿਸ ਜਾਂਚ ਕਰੇ, ਜਿਸ ਨੇ ਉਸ ਨੂੰ ਮਾਰਿਆ ਸੀ।’’ -ਜਸਟਿਸ ਮਾਲੀਮਥ, ਕੇਰਲਾ ਦਾ ਸਾਬਕਾ ਮੁੱਖ ਜੱਜ, ਕਰਨਾਟਕਾ
‘‘ਦੋ ਸਾਲਾਂ ’ਚ ਮੈਂ ਮੁਕਾਬਲਿਆਂ ਦੇ 110 ਮਾਮਲਿਆਂ ਦੀ ਸੁਣਵਾਈ ਕੀਤੀ ਹੈ...ਸਾਰੇ ਮ੍ਰਿਤਕਾਂ ਦੇ ਸਿਰ ਜਾਂ ਛਾਤੀ ’ਚ ਗੋਲੀ ਮਾਰੀ ਗਈ ਸੀ। ਪੁਲਸ ਸੱਚੀਉਂ ਹੀ ਕਮਾਲ ਦੀ ਨਿਸ਼ਾਨਚੀ ਹੋਵੇਗੀ।’’ ਜਸਟਿਸ ਏ ਪੀ ਸ਼ਾਹ, ਸਾਬਕਾ ਮੁੱਖ ਜੱਜ, ਦਿੱਲੀ ਹਾਈ ਕੋਰਟ
‘‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਅਗਵਾਈ ਸੇਧਾਂ ਕਾਰਗਰ ਨਹੀਂ ਹਨ। ਬੇਖੌਫ਼ ਹੋ ਕੇ ਐਸੀਆਂ ਕਾਰਵਾਈਆਂ ਕਰਦੀ ਰਹਿੰਦੀ ਹੈ ਅਸੀਂ ਵਾਰ ਵਾਰ ਇਨ੍ਹਾਂ ਦੀ ਜਾਂਚ ਕਰਾਏ ਜਾਣ ਦੀ ਮੰਗ ਕਰਦੇ ਹਾਂ, ਪਰ ਕੋਈ ਫ਼ਾਇਦਾ ਨਹੀਂ ਹੁੰਦਾ। ’’ -ਕੇ ਜੀ ਕੰਨਾਬਿਰਾਨ, ਐਡਵੋਕੇਟ, ਮਨੁੱਖੀ ਅਧਿਕਾਰ ਘੁਲਾਈਆ
‘‘ਗ੍ਰਹਿ ਮੰਤਰੀ ਪੀ ਚਿਦੰਬਰਮ ਨੂੰ ਆਜ਼ਾਦ ਦੇ ਕਤਲ ਦੀ ਆਪ ਜਾਂਚ ਕਰਾਉਣ ਦੀ ਪਹਿਲ ਕਰਨੀ ਚਾਹੀਦੀ ਸੀ। ਉਸ ਦੀ ਖਾਮੋਸ਼ੀ ਦਰਸਾਉਂਦੀ ਹੈ ਕਿ ਉਹ ਖ਼ੁਦ ਦੋਸ਼ੀ ਹੈ।’’ ਪ੍ਰਸ਼ਾਂਤ ਭੂਸ਼ਨ, ਐਡਵੋਕੇਟ, ਸੁਪਰੀਮ ਕੋਰਟ
ਸਿੱਧਾ ਨਿਆਂ ਹੈ ਹੀ ਨਹੀਂ ਜੱਜ ਕਹਿੰਦੇ ਹਨ ‘ਮੁਕਾਬਲਿਆਂ’ ਦੀ ਪੜਤਾਲ ਕਿਸੇ ਆਜ਼ਾਦਾਨਾ ਸੰਸਥਾ ਤੋਂ ਲਾਜ਼ਮੀ ਕਰਾਈ ਜਾਣੀ ਚਾਹੀਦੀ ਹੈ। ਪਰ ਕੋਈ ਕਾਨੂੰਨ ਇਸ ਨੂੰ ਲਾਜ਼ਮੀ ਕਰਾਰ ਨਹੀਂ ਦਿੰਦਾ।-ਅਨੁਰਾਧਾ ਰਮਨਜਿਵੇਂ ਗੁਜਰਾਤ ਸਰਕਾਰ ਦੇ ਸਿਰ ’ਤੇ ਸੋਹਰਾਬੂਦੀਨ ਸ਼ੇਖ ਦਾ ਭੂਤ ਮੰਡਰਾ ਰਿਹਾ ਹੈ ਅਤੇ ਸੂਬੇ ਦਾ ਗ੍ਰਹਿ ਮੰਤਰੀ ਤਲਬ ਕਰ ਲਿਆ ਗਿਆ ਹੈ, ਕੀ ਸੀ ਪੀ ਆਈ (ਮਾਓਵਾਦੀ) ਦੇ ਦੂਜੇ ਨੰਬਰ ਦੇ ਚੋਟੀ ਦੇ ਆਗੂ ਚੇਰੂਕੁਰੀ ਰਾਜਕੁਮਾਰ ਆਜ਼ਾਦ ਦਾ ਭੂਤ, ਜਿਸ ਨੂੰ 1 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਆਦਿਲਾਬਾਦ ਜ਼ਿਲ•ੇ ਅੰਦਰ ‘ਮੁਕਾਬਲੇ’ ਵਿਚ ਗੋਲੀ ਨਾਲ ਮਾਰ ਦਿੱਤਾ ਗਿਆ ਸੀ, ਕੇਂਦਰ ਦੀ ਯੂ ਪੀ ਏ ਸਰਕਾਰ ਨੂੰ ਇਸੇ ਤਰ੍ਹਾਂ ਸਤਾਏਗਾ ਨਹੀਂ? ਘੱਟੋ ਘੱਟ ਪੋਸਟ–ਮਾਰਟਮ ਦੀ ਰਿਪੋਰਟ ਤੋਂ ਤਾਂ ਇਹੀ ਜਾਪਦਾ ਹੈ।
ਪਹਿਲਾਂ ਤੋਂ ਸ਼ੱਕ ਇਹੀ ਸੀ ਕਿ ਆਜ਼ਾਦ ਨੂੰ ਗਿਣ ਮਿੱਥਕੇ ਕਤਲ ਕੀਤਾ ਗਿਆ, ਹਾਲਾਂਕਿ ਨਾ ਸਰਕਾਰਾਂ ਇਹ ਮੰਨਣਗੀਆਂ ਤੇ ਨਾ ਹੀ ਪੁਲਿਸ ਮੰਨੇਗੀ। ਕਤਲ ਓਦੋਂ ਹੋਇਆ ਜਦੋਂ ਮਾਓਵਾਦੀ ਕੇਂਦਰ ਨਾਲ ਗੱਲਬਾਤ ਦੀ ਤਿਆਰੀ ਕਰ ਰਹੇ ਸਨ, ਜੋ ਇਸ ਦੀ ਪੜਤਾਲ ’ਚ ਸਹਾਇਤਾ ਕਰਨ ਤੋਂ ਹੀ ਇਨਕਾਰੀ ਹੈ ਕਿ ਕੀ ਉਸ ਨੂੰ ਮਾਰਿਆ ਗਿਆ ਜਾਂ ਉਸ ਦੀ ਮੌਤ ਹੋਈ। ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਇਸ ਤਰ•ਾਂ ਦੇ ਹਾਸੋਹੀਣੇ ਬਹਾਨੇ ਬਣਾਕੇ ਪੜਤਾਲ ਦੀ ਮੰਗ ਠੁਕਰਾਉਂਦਾ ਆ ਰਿਹਾ ਹੈ: ਕਿ ਅਮਨ–ਕਾਨੂੰਨ ਸੂਬੇ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ, ਅਤੇ ਇਸ ਕਰਕੇ ਕੇਂਦਰ, ਸੰਘ ਢਾਂਚੇ ਦੀ ਸਹੀ ਭਾਵਨਾ ਨੂੰ ਮੁੱਖ ਰੱਖਕੇ, ਅਜਿਹੇ ਮਾਮਲਿਆਂ ’ਚ ਦਖ਼ਲ ਨਹੀਂ ਦਿੰਦਾ।
ਇਹ ਦਲੀਲਾਂ ਕਾਟ ਨਹੀਂ ਕਰਦੀਆਂ। ਬੰਬਈ ਹਾਈ ਕੋਰਟ ਦਾ ਸਾਬਕਾ ਜੱਜ, ਜਸਟਿਸ ਹੌਸਬਤ ਸੁਰੇਸ਼ ਕਹਿੰਦਾ ਹੈ ‘‘ਆਜ਼ਾਦ ਦੇ ਮਾਮਲੇ ’ਚ, ਸੂਬਾ ਅਤੇ ਕੇਂਦਰ ਸਰਕਾਰ ਨੇ ਜ਼ਿੰਮੇਵਾਰੀ ਤੋਂ ਕੋਤਾਹੀ ਕੀਤੀ ਹੈ। ਆਂਧਰਾ ਪ੍ਰਦੇਸ਼ ਨੂੰ ਜਾਂਚ ਕਰਾਉਣ ਦੀ ਹਦਾਇਤ ਦੇਣ ਤੋਂ ਕਿਹੜੀ ਚੀਜ਼ ਰੋਕਦੀ ਹੈ? ਅਜਿਹੇ ਖ਼ੂਨ ਸਿੱਧੇ ਤੌਰ ’ਤੇ ਕਤਲ ਬਣਦੇ ਹਨ ਅਤੇ ਇਨ੍ਹਾਂ ਨੂੰ ਇੰਜ ਹੀ ਦਰਜ ਕਰਨਾ ਚਾਹੀਦਾ ਹੈ। ਇਨ•ਾਂ ਦੀ ਅਦਾਲਤੀ ਜਾਂਚ ਅਣਸਰਦੀ ਲੋੜ ਹੈ। ਇਹ ਲਾਜ਼ਮੀ ਮੰਨਣਾ ਹੋਵੇਗਾ ਕਿ ਅਜਿਹੇ ਖ਼ੂਨ ਬੁਨਿਆਦੀ ਮਨੁੱਖੀ ਹੱਕਾਂ ਦੀ ਉਲੰਘਣਾ ਹਨ।’’
ਅਜਿਹੇ ਮੁਕਾਬਲਿਆਂ ਬਾਰੇ ਪੁਲਿਸ ਇਹ ਕਹਿਕੇ ਆਪਣੇ ਖ਼ੂਨ ਨਾਲ ਲਿੱਬੜੇ ਹੱਥਾਂ ਦੇ ਦਾਗ਼ ਮਿਟਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਨੂੰ ਤਾਂ ਗੋਲੀ ਸਵੈ–ਰੱਖਿਆ ਲਈ ਚਲਾਉਣੀ ਪਈ ਅਤੇ ਇਹ ਆਸ ਰੱਖਦੀ ਹੈ ਕਿ ਲੋਕ ਇਸ ਨੂੰ ਮੰਨ ਲੈਣਗੇ। ਪੁਲਿਸ ਨੇ ਆਜ਼ਾਦ ਦੇ ਮੁਕਾਬਲੇ ਦਾ ਜੋ ਦ੍ਰਿਸ਼ ਪੇਸ਼ ਕੀਤਾ ਹੈ, ਕਿ ਆਜ਼ਾਦ ਤੇ ਉਸਦੇ ਸਾਥੀਆਂ ਨੇ ਪਹਾੜੀ ਉ¤ਪਰੋਂ ਗੋਲੀਆਂ ਚਲਾਈਆਂ; ਪੁਲਿਸ ਪਾਰਟੀ ਨੇ ਜਵਾਬੀ ਗੋਲੀਆਂ ਚਲਾਈਆਂ; ਆਜ਼ਾਦ ਅਤੇ ਕੁਝ ਹੋਰ ਮਾਰੇ ਗਏ, ਪੋਸਟ ਮਾਰਟਮ ਦੀ ਰਿਪੋਰਟ ਇਸ ਨੂੰ ਝੁਠਲਾਉਂਦੀ ਹੈ (ਮੁੱਖ ਸਟੋਰੀ ਦੇਖੋ) ਜੋ ਦਰਸਾਉਂਦੀ ਹੈ ਕਿ ਉਸ ਨੂੰ ਗੋਲੀ ਐਨ ਨੇੜਿਉਂ ਮਾਰੀ ਗਈ ਸੀ।
ਦਿੱਲੀ ਹਾਈ ਕੋਰਟ ਦਾ ਸਾਬਕਾ ਜੱਜ ਏ ਪੀ ਸ਼ਾਹ, ਜਿਸਨੇ 1990ਵਿਆਂ ਵਿਚ ਬੰਬਈ ਹਾਈ ਕੋਰਟ ਦੇ ਮੁੱਖ ਜੱਜ ਵਜੋਂ, ਬਹੁਤ ਸਾਰੇ ਐਸੇ ਮਾਮਲਿਆਂ ਦੀ ਸੁਣਵਾਈ ਕੀਤੀ ਜਿਨ•ਾਂ ’ਚ ਗਰੋਹ ਮੈਂਬਰਾਂ ਦਾ ਸਫ਼ਾਇਆ ਕੀਤਾ ਗਿਆ ਸੀ, ਕਹਿੰਦਾ ਹੈ, ‘‘ਅਸੀਂ ਦੋ ਸਾਲਾਂ ’ਚ 110 ਮਾਮਲਿਆਂ ਦੀ ਘੋਖ–ਪੜਤਾਲ ਕੀਤੀ। ਹਰ ਵਾਰ ਇਕੋ ਹੀ ਤਰੀਕਾ ਵਰਤਿਆ ਗਿਆ ਸੀ। ਪੁਲਿਸ ਕਹਿ ਦਿੰਦੀ ਹੈ ਕਿ ਅਸੀਂ ਤਾਂ ਸਵੈ–ਰੱਖਿਆ ਲਈ ਗੋਲੀ ਚਲਾਈ। ਪਰ ਪੋਸਟ–ਮਾਰਟਮ ਰਿਪੋਰਟਾਂ ਤੋਂ ਹਮੇਸ਼ਾ ਇਹੀ ਸਾਹਮਣੇ ਆਇਆ ਕਿ ਇਨ੍ਹਾਂ ਗਰੋਹ ਮੈਂਬਰਾਂ ਦੇ ਜਾਂ ਤਾਂ ਸਿਰਾਂ ’ਚ ਗੋਲੀ ਗਈ ਜਾਂ ਛਾਤੀ ਦੇ ਖੱਬੇ ਪਾਸੇ। ਇੰਜ ਜਾਪਦਾ ਹੈ ਕਿ ਪੁਲਿਸ ਤਾਂ ਵਿਸ਼ੇਸ਼ ਮਾਹਰ ਨਿਸ਼ਾਨਚੀ ਹੈ।’’ ਆਜ਼ਾਦ ਨੂੰ ਵੀ ਛਾਤੀ ’ਚ, ਦਿਲ ਵਾਲੇ ਹਿੱਸੇ ’ਚ ਗੋਲੀ ਮਾਰੀ ਗਈ।
ਆਮ ਤੌਰ ’ਤੇ, ਮੁਕਾਬਲਿਆਂ ਵਾਲੇ ਮਾਮਲਿਆਂ ਦਾ ਕੁਝ ਨਹੀਂ ਬਣਦਾ-ਜੇ ਜਾਂਚ ਹੋ ਵੀ ਜਾਵੇ ਤਾਂ ਵੀ ਨਹੀਂ। ਜਸਟਿਸ ਸ਼ਾਹ ਨੂੰ ਉਹ ਮਾਮਲਾ ਯਾਦ ਹੈ ਜਦੋਂ ਉਸ ਨੇ ਬੰਬਈ ਹਾਈ ਕੋਰਟ ਦੇ ਦੋ ਜੱਜਾਂ ਦੇ ਬੈਂਚ ਦੇ ਮੁਖੀ ਵਜੋਂ ਉਸ ਜਨਤਕ ਹਿੱਤ ਪਟੀਸ਼ਨ ਦੀ ਸੁਣਵਾਈ ਕੀਤੀ ਜੋ ਪੀ ਯੂ ਸੀ ਐ¤ਲ ਨੇ ਦੋ ਸ਼ੱਕੀ ਦਹਿਸ਼ਤਗਰਦਾਂ ਦੇ ਮੁਕਾਬਲੇ ’ਚ ਮਾਰੇ ਗਏ ਹੋਣ ਦੇ ਸੰਬੰਧ ’ਚ ਪਾਈ ਸੀ। ਬੈਂਚ ਨੇ ਇਹ ਮਾਮਲਾ ਸਿਵਲ ਅਦਾਲਤ ਦੇ ਮੁੱਖ ਜੱਜ ਨੂੰ ਭੇਜ ਦਿੱਤਾ, ਜਿਸ ਨੇ ਫ਼ੈਸਲਾ ਦਿੱਤਾ ਕਿ ਮੁਕਾਬਲਾ ਝੂਠਾ ਸੀ। ਪਰ ਹਾਈ ਕੋਰਟ ਦੇ ਜਿਸ ਨਵੇਂ ਬੈਂਚ ਕੋਲ ਮਾਮਲਾ ਆਇਆ ਉਸ ਨੇ ਇਹ ਪਛਤਾਲ ਰੱਦ ਕਰ ਦਿੱਤੀ। ਫਿਰ ਵੀ, ਕੁਝ ਚੰਗਾ ਸਿੱਟਾ ਨਿਕਲਿਆ। ਪੀ ਯੂ ਸੀ ਐਲ ਦੀ ਪੈਰਵਾਈ ਦੀ ਬਦੌਲਤ, ਬੈਂਚ ਨੇ ਮਹਾਂਰਾਸ਼ਟਰ ਸਰਕਾਰ ਨੂੰ ਨਾਲ ਹੀ ਇਹ ਹਦਾਇਤ ਵੀ ਕਰ ਦਿੱਤੀ ਕਿ ਸੂਬਾਈ ਮਨੁੱਖੀ ਅਧਿਕਾਰ ਕਮਿਸ਼ਨ ਬਣਾਇਆ ਜਾਵੇ।
ਜਸਟਿਸ ਸ਼ਾਹ ਦਾ ਕਹਿਣਾ ਹੈ ਕਿ ਆਜ਼ਾਦਾਨਾ ਪੜਤਾਲ ਕਰਾਉਣਾ ਅਹਿਮ ਚੀਜ਼ ਹੈ: ‘‘ਆਜ਼ਾਦ ਦੇ ਮਾਮਲੇ ਸਣੇ, ਸਾਰੇ ਮੁਕਾਬਲਿਆਂ ’ਚ, ਆਜ਼ਾਦਾਨਾ ਪੜਤਾਲ ਹੀ ਸੱਚ ਸਾਹਮਣੇ ਲਿਆ ਸਕਦੀ ਹੈ ਨਾ ਕਿ ਪੁਲਿਸੀ ਪੜਤਾਲ।’’ ਸਾਬਕਾ ਜੱਜ ਅਤੇ ਮਨੁੱਖੀ ਅਧਿਕਾਰ ਕਾਰਕੁਨ ਹਰ ਕੋਈ ਸਹਿਮਤ ਹੈ ਕਿ ਨਿਆਂਪ੍ਰਣਾਲੀ ਨੇ ਸਰਗਰਮ ਪਹੁੰਚ ਨਹੀਂ ਅਪਣਾਈ ਹੈ। ਇਕੱਲੇ ਆਂਧਰਾ ਪ੍ਰਦੇਸ਼ ’ਚ ਹੀ, 1960ਵਿਆਂ ਤੋਂ ਲੈ ਕੇ 2000 ਲੋਕਾਂ ਨੂੰ ਮੁਕਾਬਲਿਆਂ ’ਚ ਖ਼ਤਮ ਕਰ ਦਿੱਤਾ ਗਿਆ ਹੈ। ਜਦੋਂ ਸੁਰੱਖਿਆ ਦੀ ਦੁਹਾਈ ਦਿੱਤੀ ਜਾਂਦੀ ਹੈ ਤਾਂ ਅਦਾਲਤਾਂ ਅਕਸਰ ਹੀ ਚੁੱਪ ਕਰ ਜਾਂਦੀਆਂ ਹਨ। ਸ਼ਾਇਦ ਹੀ ਇਨ੍ਹਾਂ ਦੀ ਦਲੀਲ ਕਦੇ ਪੁਲਿਸ ’ਤੇ ਭਾਰੂ ਹੋਈ ਹੋਵੇ। ਪਿਛਲੇ ਸਾਲ, ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਪੁਲਿਸ ਲਈ ਇਹ ਲਾਜ਼ਮੀ ਕਰ ਦਿੱਤਾ ਕਿ ਮੁਕਾਬਲੇ ਦੇ ਹਰੇਕ ਮਾਮਲੇ ’ਚ ਉਨ੍ਹਾਂ ਪੁਲਸੀਆਂ ਦੇ ਨਾਂ ਦਿੰਦੇ ਹੋਏ ਐਫ ਆਰ ਆਰ ਲਾਜ਼ਮੀ ਦਰਜ ਕੀਤੀਆਂ ਜਾਇਆ ਕਰਨ ਜੋ ਇਨ੍ਹਾਂ ’ਚ ਸ਼ਾਮਲ ਹੁੰਦੇ ਹਨ। ਇਸ ਨੇ ਆਜ਼ਾਦਾਨਾ ਪੜਤਾਲ ਕਰਾਉਣਾ ਅਤੇ ਸਵੈ–ਰੱਖਿਆ ਦੇ ਅਧਾਰ ਨੂੰ ਅਦਾਲਤ ’ਚ ਸਾਬਤ ਕਰਨਾ ਵੀ ਲਾਜ਼ਮੀ ਕਰਾਰ ਦੇ ਦਿੱਤਾ। ਪਰ ਪੁਲਿਸ ਨੇ ਅਪੀਲ ਕਰ ਦਿੱਤੀ ਅਤੇ ਸੁਪਰੀਮ ਕੋਰਟ ਨੇ ਇਸ ਫ਼ੈਸਲੇ ’ਤੇ ਰੋਕ ਲਾ ਦਿੱਤੀ। ਜਸਟਿਸ ਸੁਰੇਸ਼ ਕਹਿੰਦਾ ਹੈ, ‘‘ਇਹ ਹੈਰਾਨੀ ਵਾਲੀ ਗੱਲ ਨਹੀਂ ਹੈ। ਹਰ ਵਾਰ ਪੁਲਿਸ ਜਾਂ ਸਰਕਾਰ ਦੇਸ਼ ਨੂੰ ਖ਼ਤਰੇ ਦੀ ਦੁਹਾਈ ਦਿੰਦੀ ਹੈ ਅਤੇ ਅਦਾਲਤਾਂ ਅਕਸਰ ਹੀ ਐਸੇ ਫ਼ੈਸਲਿਆਂ ’ਤੇ ਰੋਕ ਲਾ ਦਿੰਦੀਆਂ ਹਨ।’’
ਭਾਰਤ ਦਾ ਸਾਬਕਾ ਚੀਫ ਜਸਟਿਸ, ਜਸਟਿਸ ਜੇ ਐਸ ਵਰਮਾ ਜੋ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦਾ ਮੁਖੀ ਰਿਹਾ ਹੈ, ਕਹਿੰਦਾ ਹੈ ਕਿ ਮੁਕਾਬਲਿਆਂ ’ਚ ਹੋਈਆਂ ਸਾਰੀਆਂ ਮੌਤਾਂ ਦੀ ਡੂੰਘਾਈ ਨਾਲ ਛਾਣਬੀਣ ਕਰਾਉਣਾ ਜ਼ਰੂਰੀ ਹੈ। ਉਹ ਕਹਿੰਦਾ ਹੈ, ‘‘ਸਾਨੂੰ ਇਹ ਲਾਜ਼ਮੀ ਘੋਖਣਾ ਚਾਹੀਦਾ ਹੈ ਕਿ ਕੀ ਇਹ ਮੌਤਾਂ ਵਿਸ਼ੇਸ਼ ਮਾਮਲੇ ਹਨ?-ਇਨ੍ਹਾਂ ਨੂੰ ਆਮ ਅਸੂਲ ਬਣਾਏ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਰਕਾਰ ਵੱਲੋਂ ਪੇਸ਼ ਕੀਤੇ ਪੱਖ ਨੂੰ ਉਂਜ ਹੀ ਨਹੀਂ ਮੰਨਿਆ ਜਾ ਸਕਦਾ।’’ 1997 ’ਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਬਣਾਈਆਂ ਗਈਆਂ ਅਗਵਾਈ–ਸੇਧਾਂ ’ਚ ਕਿਹਾ ਗਿਆ ਸੀ ਕਿ ਕਾਨੂੰਨ ਲਾਗੂ ਕਰਨ ਵਾਲੀ ਤਾਕਤ ਵਜੋਂ ਪੁਲਿਸ ਨੂੰ ਕਿਸੇ ਦੀ ਜਾਨ ਲੈਣ ਦਾ ਹੱਕ ਨਹੀਂ ਮਿਲ ਜਾਂਦਾ, ਹਾਲਾਂਕਿ ਕਾਨੂੰਨ ਸਵੈ–ਰੱਖਿਆ ਲਈ ਕਿਸੇ ਨੂੰ ਮਾਰਨ ਦੀ ਹਾਲਤ ਨੂੰ ਛੋਟ ਵਜੋਂ ਲੈਂਦਾ ਹੈ, ਬਸ਼ਰਤੇ ਕਿ ਇਹ ਸਾਬਤ ਹੁੰਦਾ ਹੋਵੇ। ਇਸ ਕਰਕੇ, ਅਗਵਾਈ–ਸੇਧਾਂ ਕਹਿੰਦੀਆਂ ਹਨ ਕਿ ਅਜਿਹੀਆਂ ਮੌਤਾਂ ਦੀ ਸਹੀ ਪੜਤਾਲ ਜ਼ਰੂਰ ਕਰਾਈ ਜਾਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਦਾ ਕਾਰਨ ਨਿਸਚਿਤ ਹੋ ਸਕੇ। ਬਾਕੀ ਸਾਬਕਾ ਜੱਜਾਂ ਵਾਂਗ, ਜਸਟਿਸ ਵੀ ਐ¤ਸ ਮਾਲੀਮਾਥ ਦਾ ਵੀ ਦ੍ਰਿੜ ਵਿਚਾਰ ਹੈ ਕਿ ਅਜਿਹੀ ਜਾਂਚ ਉਸੇ ਪੁਲਿਸ ਤੋਂ ਨਹੀਂ ਕਰਵਾਈ ਜਾ ਸਕਦੀ ਜੋ ਖ਼ੁਦ ਹੀ ਸ਼ਿਕਾਇਤ ਦਰਜ ਕਰਨ ਵਾਲੀ ਧਿਰ ਹੁੰਦੀ ਹੈ।
ਜਦਕਿ, ਮਨੁੱਖ ਅਧਿਕਾਰ ਘੁਲਾਟੀਆ ਅਤੇ ਵਕੀਲ ਕੇ ਜੀ ਕੰਨਾਬਿਰਾਨ ਕਹਿੰਦਾ ਹੈ, ‘‘ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਅਗਵਾਈ-ਸੇਧਾਂ ਅਸਰਹੀਣ ਹਨ। ਪੁਲਿਸ ਬੇਖੌਫ਼ ਹੋ ਕੇ ਐਸੀਆਂ ਕਾਰਵਾਈਆਂ ਕਰਦੀ ਰਹਿੰਦੀ ਹੈ ਅਸੀਂ ਵਾਰ ਵਾਰ ਇਨ੍ਹਾਂ ਦੀ ਜਾਂਚ ਕਰਾਏ ਜਾਣ ਦੀ ਮੰਗ ਕਰਦੇ ਹਾਂ, ਪਰ ਕੋਈ ਫ਼ਾਇਦਾ ਨਹੀਂ ਹੁੰਦਾ। ਇਹ ਕਿਵੇਂ ਜਾਇਜ਼ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਸਿਆਸੀ ਵਿਚਾਰਾਂ ਕਾਰਨ ਕਤਲ ਕਰ ਦਿੱਤੇ ਜਾਵੇ?’’
ਪੰਜਾਬੀ ਤਰਜ਼ਮਾ ----ਬੂਟਾ ਸਿੰਘ