ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, February 4, 2011

ਜੇਲ੍ਹ 'ਚ ਬੰਦ ਸਿਨੇਮਾ

ਇਰਾਨ ਦੀ ਅਦਾਲਤ ਨੇ ਇਰਾਨ ਦੇ ਮਸ਼ਹੂਰ ਫਿਲਮਸਾਜ਼ ਜਫਰ ਪਨਾਹੀ ਨੂੰ 20 ਦਸੰਬਰ 2010 ਨੂੰ 6 ਸਾਲ ਦੀ ਸਜ਼ਾ ਤੇ 20 ਸਾਲ ਫਿਲਮ ਨਾ ਬਣਾਉਣ ਦਾ ਹੁਕਮ ਸੁਣਾਇਆ ਸੀ,ਇਸ ਕਰਕੇ ਕਿ ਉਹ ਇਰਾਨ ਦੀਆਂ ਸਮਾਜਿਕ ਹਾਲਤਾਂ ਨੂੰ ਬਿਆਨ ਕਰਦੀਆਂ ਫਿਲਮਾਂ ਬਣਾਉਂਦਾ ਹੈ।ਪੂਰੀ ਦੁਨੀਆਂ 'ਚ ਇਰਾਨ ਵਲੋਂ ਮੁੱਢਲੇ ਮਨੁੱਖੀ ਹੱਕ 'ਤੇ ਕੀਤੇ ਗਏ ਹਮਲੇ ਦੀ ਨਿਖੇਧੀ ਹੋਈ ਸੀ।ਦੁਨੀਆਂ 'ਚ ਸਿਨੇਮੇ ਦੀ ਸ਼ੁਰੂਆਤ ਦੇ ਮੁੱਢਲੇ ਪੰਜ ਸਾਲਾਂ ਬਾਅਦ ਹੀ ਇਰਾਨੀ ਸਿਨੇਮਾ ਬਣਨਾ ਸ਼ੁਰੂ ਹੋ ਗਿਆ ਸੀ,ਜੋ ਅਬਾਸ ਕਿਆਰੁਸਤਮੀ ਵਰਗੇ ਮਹਾਨ ਨਿਰਦੇਸ਼ਕਾਂ ਨਾਲ ਵਰਤਮਾਨ ਕੌਮਾਂਤਰੀ ਸਿਨੇਮੇ ਦਾ ਸਿਖ਼ਰ ਛੂਹ ਗਿਆ,ਅੱਜ ਦੁਨੀਆਂ 'ਚ ਸਭ ਤੋਂ ਬੇਹਤਰੀਨ ਸਿਨੇਮਾ ਇਰਾਨੀ ਸਿਨੇਮੇ ਨੁੰ ਮੰਨਿਆ ਜਾਂਦਾ ਹੈ।ਬਹੁਤ ਘੱਟ ਬਜਟ ਨਾਲ ਬਣਨ ਵਾਲੇ ਇਰਾਨੀ ਸਿਨੇਮੇ ਅੰਦਰ ਭਾਰਤੀ ਸਿਨੇਮੇ ਜਿਹੀ ਬਕਵਾਸ ਨਹੀਂ ਹੰਦੀ।
1979 'ਚ ਜਦੋਂ ਇਰਾਨ 'ਚ ਇਸਲਾਮਿਕ ਕ੍ਰਾਂਤੀ ਹੋਈ ਸੀ ਤਾਂ ਉੱਤਰ-ਆਧੁਨਿਕਤਾਵਾਦੀਆਂ (Postmordnists) ਨੇ ਇਸਦੀ ਵੱਡੇ ਪੱਧਰ 'ਤੇ ਪ੍ਰਸ਼ੰਸਾ ਕਰਦੇ ਹੋਏ ਆਪਣੇ ਸਿਧਾਂਤੀਕਰਨ ਦੇ ਅਮਲੀ ਮਾਡਲ ਵਜੋਂ ਪੂਰੀ ਦੁਨੀਆਂ 'ਚ ਪ੍ਰਚਾਰਿਆ ਸੀ,ਪਰ ਇਸਲਾਮਿਕ ਕ੍ਰਾਂਤੀ ਨੇ ਹੁਣ ਤੱਕ ਜੋ ਗੁੱਲ੍ਹ ਖਿਲਾਏ ਉਹ ਇਤਿਹਾਸ ਦਾ ਕੌੜਾ ਸੱਚ ਹਨ।ਫਿਰ ਵੀ ਮੌਜੂਦਾ ਕੌਮਾਂਤਰੀ ਸਿਆਸੀ ਹਾਲਤਾਂ ਅੰਦਰ ਮੈਂ ਇਰਾਨ ਨਾਲ ਖੜ੍ਹਾ ਹਾਂ,ਪਰ ਇਰਾਨ ਦੀ ਅਜਿਹੀ ਹਰ ਕਾਰਵਾਈ ਕਿਸੇ ਵੀ ਜਮਹੂਰੀ ਬੰਦੇ ਲਈ ਕਾਬਿਲੇ-ਬਰਦਾਸ਼ਤ ਨਹੀਂ ਹੈ।ਇਰਾਨ 'ਚ ਸੱਭਿਆਚਾਰਕ ਕਾਮਿਆਂ ਦੀਆਂ ਹੋ ਰਹੀਆਂ ਲਗਾਤਾਰ ਗ੍ਰਿਫਤਾਰੀਆਂ ਤੇ ਸਜ਼ਾਵਾਂ ਨੇ ਸਿਆਸੀ ਤੇ ਸੱਭਿਆਚਾਰਕ ਕਾਮਿਆਂ ਦੇ ਸਮਾਜਿਕ ਰੋਲ ਨੂੰ ਬਰੀਕੀ ਨਾਲ ਸਮਝਣ ਲਈ ਇਕ ਨਵੀਂ ਜ਼ਮੀਨ ਦਿੱਤੀ ਹੈ।ਬਦਲਵੇਂ ਮਾਧਿਅਮਾਂ 'ਤੇ ਬਿਨਾਂ ਸਮਝ ਤੋਂ ਰੌਲਾ ਪਾਉਣ ਵਾਲੇ "ਆਦਰਸ਼ਵਾਦੀ ਸਿਆਸੀ ਭਗਤਾਂ" ਤੋਂ ਇਲਾਵਾ ਜਿਹੜੇ ਲੋਕ ਸਿਆਸੀ ਤੇ ਸੱਭਿਆਚਾਰਕ ਕਾਮਿਆਂ ਦੇ ਫਰਕ ਤੇ ਸਮਾਜ 'ਚ ਉਨ੍ਹਾਂ ਦੇ ਰੋਲ ਨੂੰ ਸਮਝਣ ਨਾਲ ਸੱਚਮੁੱਚ ਸਰੋਕਾਰ ਰੱਖਦੇ ਨੇ,ਉਨ੍ਹਾਂ ਨੂੰ ਅਜਿਹੀਆਂ ਹਾਲਤਾਂ 'ਤੇ ਬਾਜ਼ ਵਰਗੀ ਅੱਖ ਰੱਖਣ ਦੀ ਲੋੜ ਹੈ।ਕੁਝ ਦਿਨ ਪਹਿਲਾਂ ਮੇਰੇ ਹੱਥ ਡਫ ਸਾਂਡਰਸ ਦੀ ਜਫਰ ਪਨਾਹੀ ਨਾਲ ਉਸ ਦੇ ਜੇਲ੍ਹ ਜਾਣ ਤੋਂ ਕੁਝ ਸਮਾਂ ਪਹਿਲਾਂ ਕੀਤੀ ਇੰਟਰਵਿਊ ਹੱਥ ਲੱਗੀ,ਉਸਦਾ ਤਰਜ਼ਮਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ-ਯਾਦਵਿੰਦਰ ਕਰਫਿਊ

ਡਫ ਸਾਂਡਰਸ-ਕੀ ਤੁਹਾਡੇ ਫਿਲਮ ਨਿਰਮਾਣ ਦੇ ਕਰੀਅਰ ਨੂੰ ਹਮੇਸ਼ਾਂ ਹੀ ਸੈਂਸਰ ਨਾਲ ਜੁੜਨਾ ਪਿਆ,ਜਾਂ ਇਹ ਹੁਣ ਜ਼ਿਆਦਾ ਤਿੱਖਾ ਹੈ?

ਜਫਰ ਪਨਾਹੀ-ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਫਿਲਮਾਂ ਤੋਂ ਕੀਤੀ ਸੀ,ਉਦੋਂ ਸੈਂਸਰ ਦੀ ਸਮੱਸਿਆ ਨਹੀਂ ਆਉਂਦੀ ਸੀ,ਜਿਵੇਂ ਹੀ ਮੈਂ ਫੀਚਰ ਫਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ ਸਮੱਸਿਆਵਾਂ ਆਉਣ ਲੱਗੀਆਂ।ਅਸਲ 'ਚ ਉਸ ਵਕਤ ਬਾਲ ਫਿਲਮਾਂ ਬਣਾਉਣਾ ਹੀ ਸਸਤਾ ਹੁੰਦਾ ਸੀ,ਜੋ ਅਸੀਂ ਕਰਮਸ਼ੀਅਲ ਫਿਲਮਾਂ ਦੇ ਜ਼ਰੀਏ ਕਹਿਣਾ ਚਾਹੁੰਦੇ ਸੀ,ਹਾਲਤਾਂ ਦੇ ਮੱਦੇਨਜ਼ਰ ਸਾਨੂੰ ਉਹ ਮਾਧਿਅਮ ਚੁਣਨਾ ਪਿਆ,ਕਿਉਂਕਿ ਉਸ ਸਮੇਂ ਉਨ੍ਹਾਂ 'ਚ ਸੈਂਸਰ ਦਾ ਖਤਰਾ ਘੱਟ ਸੀ।ਸਮੇਂ ਦੇ ਵੱਡੀਆਂ ਫਿਲਮਾਂ ਬਣਾਉਣਾ ਬਦਤਰ ਹੁੰਦਾ ਗਿਆ।ਕਿਹਾ ਜਾ ਸਕਦਾ ਹੈ ਕਿ ਪਿਛਲਾ ਇਕ ਡੇਢ ਸਾਲ ਇਰਾਨ 'ਚ ਫਿਲਮ ਨਿਰਮਾਣ ਦਾ ਸਭ ਤੋਂ ਕਾਲਾ ਸਮਾਂ ਸੀ।ਮੈਂ ਕਿਉਂਕਿ ਤਿੰਨ ਸਾਲਾਂ 'ਚ ਇਕ ਫਿਲਮ ਬਣਾਉਂਦਾ ਹਾਂ,ਇਸ ਲਈ ਮੈਨੂੰ ਵਰਤਮਾਨ ਸੱਤਾ ਦਾ ਸਾਹਮਣਾ ਕਰਨ ਦਾ ਮੌਕਾ ਨਹੀਂ ਮਿਲਿਆ,ਪਰ ਮੇਰੇ ਨੇੜੇ ਤੇੜੇ ਤੇ ਬਾਕੀ ਲੋਕਾਂ ਦਾ ਤਜ਼ਰਬਾ ਕਾਫੀ ਭਿਆਨਕ ਰਿਹਾ ਹੈ।

ਡਫ ਸਾਂਡਰਸ ਇਸ ਸੈਂਸਰਸ਼ਿੱਪ ਦੇ ਕਾਰਨ ਹੀ ਤੁਸੀਂ ਆਪਣੇ ਦਰਸ਼ਕਾਂ ਤੋਂ ਵਾਂਝੇ ਹੋਂ,ਤੁਹਾਡੀ ਕੋਈ ਫਿਲਮ ਇਰਾਨੀਆਂ ਨੇ ਨਹੀਂ ਦੇਖੀ..ਜਦੋਂ ਕਿ ਇਹ ਸਾਫ ਤੌਰ 'ਤੇ ਉਨ੍ਹਾਂ ਲਈ ਹੀ ਬਣਾਈ ਗਈ ਹੈ ?

ਜਫਰ ਪਨਾਹੀ-ਮੇਰੇ ਮਾਮਲੇ 'ਚ ਦੋ ਸਮੱਸਿਆਵਾਂ ਹਨ।ਇਕ-ਮੇਰੇ ਕੰਮ ਦਾ ਠੀਕ ਢੰਗ ਨਾਲ ਵਿਸ਼ਲੇਸ਼ਨ ਨਹੀਂ ਹੁੰਦਾ।ਇਸਨੂੰ ਫਾਰਸੀ ਭਾਸ਼ਾ 'ਚ ਇਰਾਨ 'ਚ ਬਣਾਇਆ ਜਾਂਦਾ ਹੈ।ਇਸ ਲਈ ਸਿਰਫ ਇਰਾਨੀ ਜਨਤਾ ਹੀ ਠੀਕ ਢੰਗ ਨਾਲ ਇਸਤੇ ਟਿੱਪਣੀ ਕਰ ਸਕਦੀ ਹੈ,ਜਿਸ ਤੋਂ ਮੈਂ ਦੂਰ ਹਾਂ।ਹਾਲਾਂਕਿ ਮੈਂ ਅਜਿਹਾ ਕੋਈ ਮੌਕਾ ਨਹੀਂ ਛੱਡਦਾ ,ਜਿਸ ਨਾਲ ਇਰਾਨੀ ਮੇਰੀ ਫਿਲਮ ਦੇਖਣ,ਭਾਵੇਂ ਉਹ ਸੁਦੂਰ ਸੂਬਿਆਂ ਦੀਆਂ ਯੂਨੀਵਰਸਿਟੀ 'ਚੋਂ ਆਇਆ ਸੱਦਾ ਕਿਉਂ ਨਾ ਹੋਵੇ,ਜਿੱਥੇ ਵਿਦਿਆਰਥੀਆਂ ਦੇ ਛੋਟੇ ਜਿਹੇ ਸਮੂਹ ਨੂੰ ਫਿਲਮ ਦਿਖਾਉਣ ਦੀ ਗੱਲ ਹੁੰਦੀ ਹੈ।ਅਜਿਹਾ ਹਰ ਇਕ ਮੌਕਾ ਮੈਂ ਸਵੀਕਾਰ ਕਰਦਾ ਹਾਂ।ਦੂਜੇ ਪਾਸੇ ਮੈਂ ਆਪਣੇ ਕੰਮ ਦੁਆਰਾ ਉਨ੍ਹਾਂ ਲੋਕਾਂ ਨੂੰ ਵੀ ਪ੍ਰਭਾਵ 'ਚ ਲੈਣ ਤੋਂ ਦੂਰ ਹਾਂ,ਜਿੱਥੇ ਉਹ ਕਾਫੀ ਅਸਰ ਛੱਡ ਸਕਦੀ ਹੈ।ਕਿਉਂਕਿ ਮੈਂ ਇਕ ਸਮਾਜਿਕ ਫਿਲਮ ਨਿਰਮਾਤਾ ਹਾਂ ਤੇ ਸਮਾਜਿਕ ਸਮੱਸਿਆਵਾਂ 'ਤੇ ਫਿਲਮਾਂ ਬਣਾਉਂਦਾ ਹਾਂ,ਪਰ ਉਸਦੀ ਚਰਚਾ ਨਹੀਂ ਹੁੰਦੀ।ਦਰਸ਼ਕ ਵੀ ਇਸਤੋਂ ਦੂਰ ਹਨ ਤੇ ਇਸਤੋਂ ਇਲਾਵਾ ਪ੍ਰਮੁੱਖ ਨੌਕਰਸ਼ਾਹ ਜੋ ਇਸ ਹਾਲਤ ਦੇ ਲਈ ਜ਼ਿੰਮੇਵਾਰ ਹਨ,ਮੇਰੇ ਨਾਲ ਬਾਕੀ ਆਮ ਫਿਲਮ ਨਿਰਮਾਤਵਾਂ ਦੀ ਤਰ੍ਹਾਂ ਗੱਲ ਨਹੀਂ ਕਰਦੇ,ਤਾਂ ਇਸਦਾ ਨੁਕਸਾਨ ਵੀ ਮੈਨੂੰ ਉਠਾਉਣਾ ਪੈਂਦਾ ਹੈ।ਸਿਰਫ ਇਕ ਚੀਜ਼ ਮੇਰੇ ਕੋਲ ਬਚੀ ਹੈ,ਉਹ ਹੈ ਅਹਿਸਾਸ ਕਿ ਮੈਂ ਇਕ ਅਜਿਹਾ ਬਣਾ ਰਿਹਾ ਹਾਂ,ਜੋ ਭਵਿੱਖ 'ਚ ਦਿਖਾਏਗਾ ਕਿ ਉਸ ਸਮੇਂ ਜੀਵਨ ਕਿਹੋ ਜਿਹਾ ਸੀ।ਦੋਵਾਂ 'ਚੋਂ ਇਕ ਗੱਲ ਹੋ ਸਕਦੀ ਹੈ।ਸ਼ਾਇਦ ਸਮਾਂ ਬਦਲ ਜਾਵੇ ਤਾਂ ਉਨ੍ਹਾਂ ਕੋਲ ਮੇਰੇ ਦਸਤਾਵੇਜ਼ ਹੋਣਗੇ ਜੋ ਚੁਕੰਨਾ ਕਰਨਗੇ ਕਿ ਉਸ ਕਾਲੇ ਸਮੇਂ 'ਚ ਉਹ ਵਾਪਸ ਨਾ ਜਾ ਸਕੇ।ਜਾਂ ਚੀਜ਼ਾਂ ਨਹੀਂ ਬਦਲਣਗੀਆਂ ਤਾਂ ਇਹ ਇਕ ਚੇਤਾਵਨੀ ਹੋਵੇਗੀ ਕਿ ਕਿਸ ਤਰ੍ਹਾਂ ਐਨੇ ਲੰਮੇ ਸਮੇਂ ਤੱਕ ਇਹ ਸਮੱਸਿਆ ਬਣੀ ਰਹੀ।

ਡਫ ਸਾਂਡਰਸ-ਇਰਾਨੀ ਫਿਲਮ ਨਿਰਮਾਤਵਾਂ ਦੀਆਂ ਦੋ ਦੁਚਿੱਤੀਆਂ ਹਨ।ਜਾਂ ਤਾਂ ਆਪਣੇ ਅਸੂਲਾਂ ਦੇ ਮੁਤਾਬਕ ਫਿਲਮ ਬਣਾਓ,ਉਸਨੂੰ ਸੈਂਸਰ ਕਰਵਾਓ ਤੇ ਉਹ ਕਦੇ ਵੀ ਰਿਲੀਜ਼ ਨਾ ਹੋਵੇ,ਜਾਂ ਫਿਰ ਸੈਂਸਰ ਦੇ ਮੁਤਾਬਕ ਕੰਮ ਕਰੋ ਤੇ ਆਪਣੇ ਆਦਰਸ਼ ਨਾਲ ਸਮਝੌਤਾ ਕਰੋ।ਦੋਨਾਂ ਹੀ ਹਾਲਤਾਂ 'ਚ ਸੈਂਸਰ ਬਾਰੇ ਸੋਚਣ 'ਚ ਤੁਹਾਡਾ ਸਮਾਂ ਲੰਘਦਾ ਹੈ,ਤੁਸੀਂ ਕਿਵੇਂ ਕੰਮ ਕਰਦੇ ਹੋ ?

ਜਫਰ ਪਨਾਹੀ-ਇਸਦੇ ਦੋ ਹਿੱਸੇ ਹਨ।ਪਹਿਲਾ ਜਦੋਂ ਮੈਂ ਫਿਲਮ ਬਣਾਉਂਦਾ ਹਾਂ.ਦੂਜਾ ਜਦੋਂ ਇਸ ਨੂੰ ਬਣ ਜਾਣ ਤੋਂ ਬਾਅਦ ਪੇਸ਼ ਕਰਦਾ ਹਾਂ।ਪਹਿਲੇ ਹਿੱਸੇ 'ਚ ਮੈਂ ਇਹ ਨਹੀਂ ਸੋਚਦਾ ਕਿ ਇਹ ਸੈਂਸਰ ਹੋਵੇਗੀ।ਮੈਂ ਬੱਸ ਉਹੀ ਕਰਦਾ ਹਾਂ ਜੋ ਮੈਨੂੰ ਠੀਕ ਲਗਦਾ ਹੈ।ਮੈਂ ਦੁਚਿੱਤੀ ਨਾਲ ਨਿਬੜਨ ਦਾ ਫੈਸਲਾ ਮੈਂ ਉਦੋਂ ਤੱਕ ਟਾਲ ਦਿੰਦਾ ਹਾਂ,ਜਦ ਅਸੀਂ ਇਸਨੂੰ ਸੈਂਸਰ ਸਾਹਮਣੇ ਪੇਸ਼ ਕਰਨ ਦਾ ਫੈਸਲਾ ਲੈਂਦੇ ਹਾਂ।ਸੱਚ ਤਾਂ ਇਹ ਹੈ ਕਿ ਜੇ ਤੁਸੀਂ ਫਿਲਮ ਬਣਾਉਂਦੇ ਸਮੇਂ ਸੈਂਸਰ ਦੇ ਬਾਰੇ 'ਚ ਸੋਚੋਂਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰਨੀਆਂ ਪੈਣਗੀਆਂ ਤੇ ਮੈਨੂੰ ਡਰ ਹੈ ਕਿ ਫਿਰ ਤੁਹਾਡੇ ਕੋਲ ਕੁਝ ਨਹੀਂ ਬਚੇਗਾ।ਪਹਿਲੀ ਪੁਲਾਂਘ ਪੁੱਟਣ ਦਾ ਮਤਲਬ ਆਖਰੀ ਪੁਲਾਂਗ ਪੁੱਟਣਾ ਤੇ ਸੈਂਸਰ ਦੇ ਟੋਏ 'ਚ ਡਿੱਗ ਜਾਣਾ…ਇਸ ਲਈ ਮੈਂ ਪਹਿਲੀ ਪੁਲਾਂਗ ਨਹੀਂ ਪੁੱਟਦਾ।ਅਸਲੀ ਦੁਬਿਧਾ ਤੇ ਅਸਲੀ ਉਦੋਂ ਸ਼ੁਰੂ ਹੁੰਦੀ ਹੈ,ਜਦ ਫਿਲਮ ਬਣਕੇ ਪੇਸ਼ ਕਰਨ ਲਈ ਤਿਆਰ ਹੋ ਜਾਂਦੀ ਹੈ।ਉਦੋਂ ਤੁਹਾਨੂੰ ਲਾਲਚ ਹੁੰਦਾ ਹੈ ਕਿ ਕੁਝ ਦ੍ਰਿਸ਼ ਕੱਟ ਲੈਣ ਤੇ ਸੈਂਸਰ ਕਰ ਲੈਣ ਤੇ ਜਿਸ 'ਚ ਤੁਹਾਨੂੰ ਫਿਲਮ ਨੂੰ ਪਰਦੇ 'ਤੇ ਦਿਖਾਉਣ ਦਾ ਮੌਕਾ ਮਿਲ ਜਾਵੇ,ਪਰ ਮੈਂ ਅਜਿਹਾ ਕਰਨ ਤੋਂ ਵੀ ਇਨਕਾਰ ਕਰ ਦਿੰਦਾ ਹਾਂ,ਮੈਨੂੰ ਡਰ ਹੈ ਕਿ ਇਸ ਲਈ ਮੈਨੂੰ ਬਹੁਤ ਜ਼ਿਆਦਾ ਸਮਝੌਤਾ ਕਰਨਾ ਪਵੇਗਾ।

ਡਫ ਸਾਂਡਰਸਤੁਹਾਨੂੰ ਲਗਦਾ ਹੈ ਕਿ ਤੁਹਾਡੀ ਫਿਲਮ ਦਾ ਸਿਨਮੈਟਿਕ ਮੁੱਲ ਸੈਂਸਰ ਦੇ ਟਕਰਾਅ ਦੇ ਵਾਜਿਬ ਹੈ ? ਕੁਝ ਲੋਕ ਤੁਹਾਡੇ 'ਤੇ ਇਲਜ਼ਾਮ ਲਗਾਉਂਦੇ ਹਨ ਕਿ ਤੁਸੀਂ ਸੈਂਸਰ ਦੇ ਉਦੇਸ਼ ਨਾਲ ਹੀ ਫਿਲਮ ਬਣਾਉਂਦੇ ਹੋਂ ਕਿ ਫਿਲਮ ਨੂੰ ਲੈ ਕੇ ਸੰਸਾਰ ਨਾਲ ਟਕਰਾਅ ਹੋਵੇ ਤੇ ਫਿਲਮ ਚਰਚਾ 'ਚ ਆਵੇ ?

ਜਫਰ ਪਨਾਹੀ-ਮੈਨੂੰ ਨਹੀਂ ਲਗਦਾ ਕਿ ਇਹ ਫਿਲਮ ਦਾ ਮੁੱਲ ਹੈ,ਬਲਕਿ ਇਹ ਮੇਰਾ ਮੁੱਲ ਹੈ।ਮੈਂ ਅਜਿਹਾ ਵਿਅਕਤੀ ਬਣ ਗਿਆ ਹਾਂ ਕਿ ਜੋ ਸਮਝੌਤਾ ਕਰਨ ਤੋਂ ਇਨਕਾਰ ਕਰਦਾ ਹੈ।ਸੈਂਸਰ ਤੇ ਸੱਤਾ ਨਾਲ ਦੇ ਖਿਲਾਫ ਬਗਾਵਤ ਕਰਨ ਵਾਲੇ ਵਿਅਕਤੀ ਦੇ ਰੂਪ 'ਚ ਮੇਰੀ ਪਛਾਣ ਬਣ ਗਈ ਹੈ।ਧਾਰਾ ਦੇ ਖਿਲਾਫ ਚੱੱਲਣ ਵਾਲੇ ਵਿਅਕਤੀ ਦੇ ਰੂਪ 'ਚ ਜਿਉਣਾ ਮੈਨੂੰ ਚੰਗਾ ਲਗਦਾ ਹੈ,ਜੇ ਮੈਂ ਸਮਝੌਤਾ ਕਰਦਾ ਹਾਂ ਭਾਵੇਂ ਥੋੜ੍ਹਾ ਜਿਹਾ ਹੀ ਸਹੀ ਤਾਂ ਮੈਂ ਉਹ ਫਿਲਮ ਨਹੀਂ ਬਣਾ ਪਾਵਾਂਗਾ ਜੋ ਬਣਨੀ ਚਾਹੀਦੀ ਹੈ।

ਡਫ ਸਾਂਡਰਸਤੁਹਾਡੀ ਫਿਲਮ "ਆਫਸਾਈਡ" ਨੇ ਕੌਮਾਂਤਰੀ ਪੱਧਰ 'ਤੇ ਕਾਫੀ ਵਾਹ ਵਾਹ ਖੱਟੀ,ਭਾਵੇਂ ਇਰਾਨ 'ਚ ਇਸਨੂੰ ਕਿਸੇ ਨੇ ਨਹੀਂ ਵੇਖਿਆ,ਕੀ ਵਿਦੇਸ਼ੀ ਹੀ ਤੁਹਾਡੇ ਹਮਾਇਤੀ ਨੇ ?

ਜਫਰ ਪਨਾਹੀ-ਇਕ ਸਮਾਂ ਸੀ ਜਦੋਂ ਮੇਰੇ ਹਮਾਇਤੀ ਵਿਦੇਸ਼ੀ ਸਨ,ਉਦੋਂ ਮੇਰੇ 'ਤੇ ਮੁੱਖ ਇਲਜ਼ਾਮ ਇਹ ਸੀ ਕਿ ਵਿਦੇਸ਼ੀ ਮੈਨੂੰ ਪੈਸਾ ਦਿੰਦੇ ਹਨ।ਜਿਵੇਂ ਮੈਂ ਕੋਈ ਧੋਖਾ ਦੇ ਰਿਹਾ ਹੋਵਾਂ।"ਆਫਸਾਈਡ" ਦੇ ਲਈ ਸਾਰਾ ਪੈਸਾ ਅੰਦਰੂਨੀ ਸ੍ਰੋਤਾਂ ਤੋਂ ਆਇਆ ਸੀ.ਮੈਂ ਇਹ ਫਿਲਮ ਪੂਰੀ ਤਰ੍ਹਾਂ ਅੰਦਰੂਨੀ ਸ੍ਰੋਤਾਂ ਤੋਂ ਪੈਸਾ ਲੈ ਕੇ ਬਣਾਈ।ਫਿਰ ਵੀ ਉਹ ਇਨ੍ਹਾਂ ਇਲਜ਼ਾਮਾਂ ਨੂੰ ਹਟਾਉਣ ਤੋਂ ਅਸਮਰੱਥ ਸੀ।ਮੈਨੂੰ ਮੇਰੀ ਫਿਲਮ ਲਈ ਇਰਾਨੀ ਨਿਰਮਾਤਵਾਂ ਦੀ ਕਦੇ ਤੋਟ ਨਹੀਂ ਆਈ,ਆਫਸਾਈਡ ਤੋਂ ਬਾਅਦ ਬਹੁਤ ਸਾਰੇ ਡਿਸਟੀਬਿਊਟਰ ਮੇਰੇ ਕੋਲ ਆਏ,ਜਿਨ੍ਹਾਂ ਨੇ ਫਿਲਮ ਨੁੰ ਏਥੇ ਦਿਖਾਉਣ ਦੀ ਇੱਛਾ ਜਾਹਰ ਕੀਤੀ।ਮੈਨੂੰ ਫਿਲਮ ਨੂੰ ਲੈ ਕੇ ਪੈਸੇ ਦੀ ਕਦੇ ਸਮੱਸਿਆ ਨਹੀਂ ਆਈ,ਸਮੱਸਿਆ ਏਥੇ ਕੰਮ ਕਰਨ ਦੀਆਂ ਹਾਲਤਾਂ ਨੂੰ ਲੈ ਕੇ ਹੈ।ਇਥੋਂ ਕਿ ਵੱਡੇ ਕਮਰਸ਼ੀਅਲ ਨਿਰਮਾਤਵਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਸੁਝਾਅ ਦਿੱਤਾ ਕਿ ਮੈਂ ਉਨ੍ਹਾਂ ਨਾਲ ਕੰਮ ਕਰਾਂ।ਉਨ੍ਹਾਂ ਨੂੰ ਉਹ ਦਿੱਖ ਚਾਹੀਦੀ ਸੀ ਜੋ ਕਲਾ ਫਿਲਮਾਂ 'ਚ ਕੰਮ ਕਰਨ ਨਾਲ ਆਉਂਦੀ ਹੈ।ਮੈਂ ਉਨ੍ਹਾਂ ਦੀ ਹਾਲਤ ਸਮਝਦਾ ਹਾਂ,ਪਰ ਸਮੱਸਿਆ ਪੈਸੇ ਦੀ ਨਹੀਂ ਹੈ।ਪਤਾ ਲੱਗਿਆ ਹੈ ਕਿ ਸਾਰੀਆਂ ਹਾਲੀਆ ਫਿਲਮਾਂ ਬਹੁਤ ਸਫਲ ਰਹੀਆਂ ਹਨ,ਨਿਰਮਾਤਾ ਮੇਰੇ ਨਾਲ ਖੁਸ਼ੀ ਨਾਲ ਸੰਪਰਕ ਕਰਦੇ ਹਨ,ਪਰ ਉਨ੍ਹਾਂ 'ਚੋਂ ਕੋਈ ਵੀ ਮੈਨੂੰ ਅਜਿਹਾ ਮਾਹੌਲ ਦੇਣ ਤੋਂ ਅਸਮਰੱਥ ਹੈ,ਜਿਸ 'ਚ ਮੈਂ ਕੰਮ ਕਰ ਸਕਾਂ।

ਡਫ ਸਾਂਡਰਸਕੁਝ ਇਰਾਨੀ ਨਿਰਦੇਸ਼ਕ ਹਰ ਹਾਲ 'ਚ ਆਪਣੇ ਆਦਰਸ਼ਾਂ ਨਾਲ ਜੁੜੇ ਰਹਿੰਦੇ ਹਨ।ਕੁਝ ਆਪਣਾ ਸੁਨੇਹਾ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਦੇ ਰਹਿੰਦੇ ਹਨ ਤੇ ਤੀਜਾ ਸਮੂਹ ਹੈ ਦੇਸ਼ ਛੱਡਣ ਦਾ ਰਾਹ ਚੁਣਦਾ ਹੈ।ਕੀ ਤੁਸੀਂ ਇਨ੍ਹਾਂ ਵੱਖ ਵੱਖ ਸਮੂਹਾਂ ਦਾ ਸਨਮਾਨ ਕਰਦੇ ਹੋਂ ?

ਜਫਰ ਪਨਾਹੀ—ਸਾਰੇ ਨਿਰਦੇਸ਼ਕ ਖੁਦ ਫੈਸਲਾ ਲੈਂਦੇ ਹਨ ਕਿ ਉਨ੍ਹਾਂ ਨੇ ਕਿਹੋ ਜਿਹੀ ਫਿਲਮ ਬਣਾਉਣੀ ਹੈ।ਮੈਂ ਫੈਸਲਾ ਨਹੀਂ ਦੇ ਸਕਦਾ।ਹਰ ਆਪਣੇ ਚਰਿੱਤਰ ਤੇ ਸਮਝਦਾਰੀ ਦੇ ਹਿਸਾਬ ਨਾਲ ਫਿਲਮ ਬਣਾਉਂਦਾ ਹੈ।ਓਥੇ ਦੂਜੇ ਪਾਸੇ ਮੈਨੂੰ ਨਹੀਂ ਲਗਦਾ ਕਿ ਜਦ ਤੱਕ ਕੁਝ ਨਹੀਂ ਬੱਚਦਾ ਸਮਝੌਤਾ ਕਰਨਾ ਚਾਹੀਦਾ ਜਾਂ ਸਾਰੀ ਖੇਡ ਛੱਡ ਕੇ ਦੇਸ਼ ਤੋਂ ਚਲੇ ਜਾਣਾ ਚਾਹੀਦਾ ਹੈ।ਮੈਨੂੰ ਲਗਦਾ ਹੈ ਕਿ ਏਥੇ ਰਹਿ ਕੇ ਹੀ ਆਪਣੇ ਹਥਿਆਰ ਸਿੰਨ੍ਹੀ ਰਹਿਣੇ ਚਾਹੀਦੇ ਹਨ।ਸਹੀ ਮਾਅਨਿਆਂ 'ਚ ਸੈਂਸਰ ਤਾਂ ਚਾਹੁੰਦਾ ਹੈ ਕਿ ਅਸੀਂ ਦੇਸ਼ ਛੱਡ ਦੇਈਏ,ਉਹ ਸਾਨੂੰ ਦੇਸ਼ ਛੱਡਣ ਲਈ ਉਕਸਾਉਂਦਾ ਹੈ। 2006 'ਚ ਸੂਚਨਾ ਮੰਤਰਾਲੇ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਸੀ.ਚਾਰ ਘੰਟੇ ਬਿਠਾਕੇ ਮੇਰੇ ਕੋਲੋਂ ਪੁੱਛਗਿੱਛ ਕੀਤੀ ਗਈ।ਆਖਿਰ 'ਚ ਉਨ੍ਹਾਂ ਦਾ ਸਵਾਲ ਸੀ ਕਿ ਤੂੰ ਇਹ ਦੇਸ਼ ਛੱਡ ਕੇ ਇਰਾਨ ਤੋਂ ਬਾਹਰ ਫਿਲਮਾਂ ਕਿਉਂ ਨਹੀਂ ਬਣਾ ਲੈਂਦਾ,ਜਦ ਕਿ ਤੇਰੇ ਹਮਾਇਤੀ ਵੀ ਓਥੇ ਰਹਿੰਦੇ ਹਨ।ਇਹ ਹਾਲਾਤ ਸਿਰਫ ਸਿਨੇਮੇ ਤੱਕ ਸੀਮਤ ਨਹੀਂ ਹਨ ਬਲਕਿ ਇੱਥੋਂ ਦੀਆਂ ਸਾਰੀਆਂ ਸੱਭਿਆਚਾਰਕ ਤੇ ਸਿਆਸੀ ਗਤੀਵਿਧੀਆਂ 'ਚ ਫੈਲੇ ਹੋਏ ਹਨ।ਸਰਕਾਰ ਇਨ੍ਹਾਂ ਸਾਰਿਆਂ ਨੂੰ ਇਰਾਨ ਛੱਡ ਕੇ ਜਾਣ ਲਈ ਪ੍ਰੇਰਦੀ ਹੈ।

1 comment:

  1. ਜੇਲ੍ਹ 'ਚ ਬੰਦ ਸਨੇਮਾਂ ਬਹੁਤ ਖੂਬਸੂਰਤ ਬਲਾਗ ਲੱਗਿਆ, ਕਿਉਕੀ ਜਫਰ ਪਨਾਹੀ ਦਾ ਨਾ ਸਿਰਫ ਇਰਾਨੀ ਬਲਕਿ ਸੰਸਾਰ ਦੇ ਵਧਿਆ ਫਿਲਮਾਂ ਬਣਾਉਣ ਵਿਚ ਵੱਡਾ ਯੋਗਦਾਨ ਹੈ । ਮੈ ਉਸ ਦੀ ਬੱਚਿਆਂ ਲਈ ਬਣਾਈ ਫਿਲਮ 'ਦਾ ਵਾਇਟ ਬਇਲੂਨ' ਦੇਖੀ ਜੋ ਕਿ ਇਕ ਲਾਜਬਾਵ ਫਿਲਮ ਸੀ । ਪੰਜਾਬੀ ਦੇ ਉਹਨਾਂ ਪਾਠਕਾਂ ਲਈ ਇਹ ਬਲਾਗ ਬਹੁਤ ਫਾਇਦੇਮੰਦ ਹੋਵੇਗਾ ਜਿੰਨਾਂ ਨੂੰ ਸੰਸਾਰ ਦੇ ਵਧਿਆ ਸਨੇਮੇ ਵਿਚ ਦਿਲਚਸਪੀ ਹੈ ।

    ReplyDelete