ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, February 26, 2011

ਔਰਤ ਤੇ ਔਰਤ ਦੇ ਮਾਨਸਿਕ ਰੋਗ

ਲੇਖ਼ਿਕਾ ਸ਼ਗਨਦੀਪ ਧਾਲੀਵਾਲ ਮੇਰੀ ਛੋਟੀ ਭੈਣ ਹੈ।ਬੀ.ਏ ਭਾਗ ਤੀਜਾ 'ਚ ਮਨੋਵਿਗਿਆਨ ਦੀ ਵਿਦਿਆਰਥਣ ਹੈ।ਮਨੋਵਿਗਿਆਨ ਉਸਦਾ ਪਸੰਦੀਦਾ ਵਿਸ਼ਾ ਹੈ।ਮਨੋਵਿਗਿਆਨ ਰਾਹੀਂ ਔਰਤ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਤੇ ਕਦੀ ਕਦਾਈਂ ਕਵਿਤਾ ਵੀ ਲਿਖ਼ਦੀ ਹੈ।ਹੱਥਲਾ ਲੇਖ਼ ਉਸਨੇ ਆਪਣੇ ਕਾਲਜ ਦੇ ਮੈਗਜ਼ੀਨ ਲਈ ਇਕ ਸਾਲ ਪਹਿਲਾਂ ਲਿਖਿਆ ਸੀ।ਸ਼ਗਨਦੀਪ ਦਾ ਜਨਮ ਮੇਰੀ ਸੁਰਤ 'ਚ ਹੋਇਆ ਤੇ ਮੈਂ ਉਹਨੂੰ ਟਿਆਂ-ਟਿਆਂ ਕਰਦੀ ਨੂੰ ਹਜ਼ਾਰਾਂ ਵਾਰ ਵਿਰਾਇਆ ਹੋਵੇਗਾ।ਹੁਣ ਘਰ ਗਏ ਤੋਂ ਜਦੋਂ ਉਹ ਮੇਰੇ ਧਿਆਨ 'ਚੋਂ ਬਾਹਰ ਪਏ ਸੰਵੇਦਨਸ਼ੀਲ ਮਸਲਿਆਂ 'ਤੇ ਵਿਚਾਰ ਚਰਚਾ ਕਰਦੀ ਤੇ ਕਵਿਤਾ ਸਣਾਉਂਦੀ ਹੈ ਤਾਂ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ।ਮੈਂ ਆਪਣੇ ਸੁਭਾਅ ਮੁਤਾਬਕ ਕਦੇ ਵੀ ਉਸ 'ਤੇ ਆਪਣੀ ਵਿਚਾਰਕ ਸਮਝ ਨਹੀਂ ਥੋਪੀ,ਉਸ ਨਾਲ ਹਮੇਸ਼ਾ ਵਿਚਾਰ ਤੇ ਤਜ਼ਰਬੇ ਸਾਂਝੇ ਹੁੰਦੇ ਹਨ।ਉਸ ਘਰ 'ਚ ਉਹ ਮੇਰੇ ਨਾਲੋਂ ਪਹਿਲਾਂ ਸਿਆਣੀ ਤੇ ਜ਼ਿੰਮੇਵਾਰ ਹੋਈ ਹੈ,ਮੈਂ ਉਸਦੀ ਉਮਰ 'ਚ ਬਹੁਤ ਨੌਨ-ਸੀਰੀਅਸ ਤੇ ਗੈਰ-ਜ਼ਿੰਮੇਵਾਰ ਸੀ।ਸ਼ਾਲਾ,ਉਹ ਸਾਰੀ ਉਮਰ ਸਿਰਜਨਾ ਤੇ ਸੰਵਾਦ ਨਾਲ ਇਵੇਂ ਹੀ ਜੁੜੀ ਰਹੇ।-ਯਾਦਵਿੰਦਰ ਕਰਫਿਊ

ਔਰਤ ਦੀ ਬੇਕਦਰੀ ਜਾਂ ਦੁਰਦਸ਼ਾ ਦੀ ਕਹਾਣੀ ਉਸ ਦੇ ਜਨਮ ਤੋਂ ਸ਼ੁਰੂ ਹੋ ਜਾਂਦੀ ਹੈ।ਭਾਰਤੀ ਸਮਾਜ 'ਚ ਕੁੜੀਆਂ ਨੂੰ ਮਾਰਨ ਦੀ ਦੀ ਕਹਾਣੀ ਸਦੀਆਂ ਤੋਂ ਚੱਲੀ ਆ ਰਹੀ ਹੈ,ਪਰ ਫਰਕ ਸਿਰਫ ਏਨਾ ਹੈ ਕਿ ਜਿਸ ਤਰ੍ਹਾਂ ਅੱਜ ਕੁੜੀਆਂ ਨੂੰ ਮਾਰਿਆ ਜਾ ਰਿਹਾ ਹੈ ਉਹ ਵਿਗਿਆਨ ਦੀ ਵਿਕਿਸਤ ਤਕਨੀਕ ਦਾ ਫਾਇਦਾ ਉਠਾਇਆ ਜਾ ਰਿਹਾ ਹੈ।ਅੱਜ ਔਰਤ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਉਹ ਮਰਦ ਦੇ ਬਰਾਬਰ ਹੈ,ਬਰਾਬਰ ਦੀ ਹੱਕਦਾਰ ਹੈ,ਪਰ ਅਸਲ 'ਚ ਇਹ ਸਿਰਫ ਪ੍ਰਚਾਰ ਹੈ ਜਾਂ ਆਜ਼ਾਦੀ ਦੇ ਨਾਂਅ ਹੇਠ ਗੁੰਮਰਾਹ ਕੀਤਾ ਜਾ ਰਿਹਾ ਹੈ।

ਔਰਤ ਦੀ ਬਿਹਤਰ ਜ਼ਿੰਦਗੀ ਲਈ ਕਈ ਸਮਾਜ ਸੁਧਾਰਕਾਂ ਨੇ ਵੱਖ ਵੱਖ ਸਮੇਂ 'ਤੇ ਉਪਰਾਲੇ ਕੀਤੇ ਹਨ।ਔਰਤ ਦੀ ਦੁਰਦਸ਼ਾ ਨੂੰ ਦੇਖ ਕੇ ਕਿਸੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਸੀ।ਉਨ੍ਹਾਂ ਕਿਹਾ ਸੀ ਕਿ "ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।' ਪਰ ਅੱਜ ਉਸੇ ਧਰਤੀ 'ਤੇ ਔਰਤ ਦੀ ਸਭ ਤੋਂ ਵੱਧ ਦੁਰਗਤੀ ਹੋ ਰਹੀ ਹੈ।ਭਾਵੇਂ ਕੋਈ ਕਿੰਨੀਆਂ ਹੀ ਉਦਾਹਰਨਾਂ ਦੇ ਲਵੇ ਕਿ ਔਰਤ ਕਿੱਥੇ ਦੀ ਕਿੱਥੇ ਪਹੁੰਚ ਗਈ,ਔਰਤ ਹੁਣ ਪਹਿਲਾਂ ਵਾਂਗ ਨਹੀਂ ਦਬਾਈ ਜਾ ਰਹੀ।ਪਰ ਇਹਨਾਂ ਸਾਰੀਆਂ ਉਦਾਹਰਨਾਂ ਇਕ ਉੱਤਰ ਦੇ ਕੇ ਹੀ ਝੁਠਲਾਇਆ ਜਾ ਸਕਦਾ ਹੈ,ਕਿ ਸਾਡੇ ਸੂਬੇ 'ਚ ਔਰਤਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ੨੦੭ ਤੋਂ ਵੀ ਘੱਟ ਹੈ।

ਆਧੁਨਿਕ ਮਨੋਵਿਗਿਆਨ ਦੇ ਪਿਤਾਮਾ ਫਰਾਇਡ ਨੇ ਔਰਤ ਬਾਰੇ ਆਪਣੇ ਵਿਚਾਰਾਂ 'ਚ ਕਹਿੰਦੇ ਨੇ,"ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਇਹ ਨਹੀਂ ਦੱਸ ਸਕਿਆ ਕਿ ਔਰਤ ਚਾਹੁੰਦੀ ਕੀ ਹੈ।ਔਰਤ ਕੀ ਚਾਹੁੰਦੀ ਹੈ,ਇਹ ਸ਼ਾਇਦ ਉਸਨੂੰ ਵੀ ਨਹੀਂ ਪਤਾ!ਉਸਦੀ ਮਾਨਸਿਕਤਾ ਦੀ ਤਹਿ ਤੱਕ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ,ਉਸਦੇ ਮਨ ਦੀਆਂ ਡੂੰਘਾਈਆਂ 'ਚ ਅਧੂਰੀਆਂ ਅਣਬਲੀਆਂ ਲਾਸ਼ਾਂ ਪਈਆਂ ਹਨ"।ਫਰਾਇਡ ਦੇ ਇਹਨਾਂ ਵਿੱਚ ਪਹਿਲੀ ਗੱਲ ਤਾਂ ਇਹ ਭੁਲੇਖਾ ਪਾਉਂਦੀ ਹੈ ਕਿ ਉਹ ਗੁੰਝਲਦਾਰ ਹੈ ਤੇ ਉਸਨੂੰ ਸਮਝਣਾ ਔਖਾ ਕੰਮ ਹੈ।ਪਰ ਜੇ ਅਸੀਂ ਫਰਾਇਡ ਦੇ ਵਿਚਾਰਾਂ ਦਾ ਖੁਲਾਸਾ ਕਰੀਏ ਤਾਂ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬਚਪਨ 'ਚ ਹੀ ਇਕ ਕੁੜੀ ਦਾ ਖਾਹਸ਼ਾ ਦਾ ਗਲ੍ਹਾ ਘੁੱਟਣਾ ਸ਼ੁਰੂ ਹੋ ਜਾਂਦਾ ਹੈ।ਜਿਵੇਂ ਪੜ੍ਹਨਾ ਨਹੀਂ,ਪੜ੍ਹਨਾ ਤੇਰੇ ਲਈ ਓਨਾ ਜ਼ਰੂਰੀਨਹੀਂ,ਜਿੰਨੇ ਘਰ ਦੇ ਕੰਮ ਜ਼ਰੂਰੀ ਹਨ।ਜ਼ਿਆਦਾ ਹੱਸਣਾ-ਟੱਪਣਾ ਨਹੀਂ,ਕਿਉਂਕਿ ਇਹ ਕੰਮ ਸਿਆਣੀਆਂ ਕੁੜੀਆਂ ਦੇ ਨਹੀਂ ਹੁੰਦੇ।ਘਰੋਂ ਬਾਹਰ ਨਹੀਂ ਜਾਣਾ,ਜੇ ਜਾਣਾ ਹੈ ਤਾਂ ਜੇ ਜਾਣਾ ਹੈ ਤਾਂ ਕਿਸੇ ਨੂੰ ਨਾਲ ਲੈ ਕੇ ਜਾ।ਇਥੋਂ ਤੱਕ ਕਿ ਕਿਸੇ ਜਵਾਨ ਕੁੜੀ ਨੂੰ ਉਸਦੇ 6-7 ਸਾਲਾਂ ਦੇ ਛੋਟੇ ਭਰਾ ਨੂੰ ਨਾਲ ਲਿਜਾਣ ਲਈ ਕਿਹਾ ਜਾਂਦਾ ਹੈ।ਆਪਣੇ ਪਤੀ ਜਾਂ ਭਰਾ ਦੀ ਗੱਲ ਦਾ ਜਵਾਬ ਨਹੀਂ ਦੇਣਾ,ਭਾਵੇਂ ਗਲਤ ਹੋਵੇ ਤਾਂ ਵੀ ਸਵੀਕਾਰ ਕਰਨੀ ਹੈ।ਨੌਕਰੀ ਨਹੀਂ ਕਰਨੀ।ਗੱਲ ਕੀ ਬੱਸ ਹਰ ਗੱਲ 'ਤੇ 'ਨੰਨਾ' ਹੁੰਦਾ ਹੈ।ਬਚਪਨ ਤੋਂ ਲੈ ਕੇ ਮਰਨ ਤੱਕ ਹਰ ਖਾਹਿਸ਼ ਨੂੰ ਮਾਰਨਾ ਪੈਂਦਾ ਹੈ।ਫਿਰ ਕਿਵੇਂ ਔਰਤ ਕੋਈ ਫੈਸਲਾ ਲੈ ਸਕੇਗੀ ?ਕਿਵੇਂ ਉਸਦੇ ਕਿਰਦਾਰ 'ਚ ਦ੍ਰਿੜਤਾ ਆਵੇਗੀ?ਕਿਵੇਂ ਉਸਦੀ ਸਖ਼ਸ਼ੀਅਤ ਨਿੱਖਰੇਗੀ?

ਬੰਗਲਾਦੇਸ਼,ਪਾਕਿਸਤਾਨ ਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਤੋਂ ਲੈ ਕੇ ਅਮਰੀਕਾ,ਜਪਾਨ ਵਰਗੇ ਵਿਕਿਸਤ ਮੁਲਕਾਂ ਤੱਕ ਹਰ ਰੋਜ਼ ਔਰਤ ਨੂੰ ਗਾਲ੍ਹਾਂ ਤੋਂ ਬਲਾਤਕਾਰ ਤੱਕ ਦੇ ਜ਼ੁਲਮ ਸਹਿਣ ਕਰਨੇ ਪੈਂਦੇ ਹਨ।ਔਰਤ ਨੂੰ ਦਬਾਅ ਕੇ ਰੱਖਣਾ,ਉਸਦੀ ਹਰ ਸਰਗਰਮੀ ਉੱਤੇ ਨਿਗਰਾਨੀ ਤੇ ਪੈਸੇ ਧੇਲੇ ਤੇ ਹੋਰ ਆਰਥਿਕ ਵਸੀਲਿਆਂ ਤੋਂ ਵਾਂਝੇ ਰੱਖਣਾ ਇਹ ਸਭ ਕੁਝ ਇਸ ਜ਼ੁਲਮ 'ਚ ਸ਼ਾਮਲ ਹੈ।ਸਾਲ 1993 'ਚ ਪਹਿਲੀ ਵਾਰ ਸੰਯੁਕਤ ਰਾਸ਼ਟਰ ਸੰਘ ਨੇ ਇਹਨਾਂ ਸਥਿਤੀਆਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕੀਤੀ ਤੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ।ਜਪਾਨ 'ਚ ਹੋਏ ਸਰਵੇਖਣ 'ਚ 57 ਫੀਸਦੀ ਔਰਤਾਂ ਨੇ ਇਸ ਤਰ੍ਹਾਂ ਦੇ ਜ਼ੁਲਮ ਝੱਲੇ।ਇਸ ਤਰ੍ਹਾਂ ਮੈਕਸੀਕੋ 'ਚ 52 ਤੇ ਨਿਕਾਰਾਗੁਆ ਵਿੱਚ 97.5ਫੀਸਦੀ ਔਰਤਾਂ ਨੇ ਇਹ ਜ਼ੁਲਮ ਸਹੇ।

ਕੁੜੀ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਜਾਂਦਾ ਹੈ,ਉਸਨੂੰ ਘਰੋਂ ਦੂਰ ਦੁਰਾਡੇ ਪੜ੍ਹਨ ਨਹੀਂ ਜਾਣ ਦਿੱਤਾ ਜਾਂਦਾ।ਸਾਡੇ ਸਮਾਜ 'ਚ ਕਦੇ ਵੀ ਕੁੜੀ ਨੂੰ ਹਾਲਤਾਂ ਦਾ ਮੁਕਾਬਲਾ ਕਰਨਾ ਨਹੀਂ ਸਿਖਾਇਆ ਜਾਂਦਾ,ਸਗੋਂ ਉਸਨੂੰ ਜ਼ੁਲਮ ਪ੍ਰਤੀ ਚੁੱਪ ਵੱਟਣ ਲਈ ਕਿਹਾ ਜਾਂਦਾ ਹੈ।ਔਰਤ ਨੂੰ ਬਚਪਨ ਤੋਂ ਅਜਿਹਾ ਮਹੌਲ ਤਿਆਰ ਕੀਤਾ ਜਾਂਦਾ ਹੈ ਕਿ ਉਹ ਖ਼ੁਦ ਬ ਖ਼ੁਦ ਗੁਲਾਮੀ ਵੱਲ ਵੱਧਦੀ ਜਾਂਦੀ ਹੈ।ਇਹਨਾਂ ਕਾਰਨਾਂ ਕਰਕੇ ਔਰਤ 'ਚ ਮਰਦਾਂ ਦੇ ਮੁਕਾਬਲੇ ਵੱਧ ਮਾਨਸਿਕ ਰੋਗ ਪਾਏ ਜਾਂਦੇ ਹਨ।ਕੁਝ ਮਾਨਸਿਕ ਰੋਗ ਹੇਠ ਲਿਖੇ ਹਨ--

ਉਦਾਸੀ ਰੋਗ:--ਜਿਸ ਤਰ੍ਹਾਂ ਨਾਂਅ ਤੋਂ ਹੀ ਸਪੱਸ਼ਟ ਹੈ ਕਿ ਮਨ ਦੀ ਉਦਾਸ ਅਵਸਥਾ ਦਾ ਰੋਗ।ਦਰਅਸਲ ਇਹ ਇਕ ਲੱਛਣ ਹੈ ਜੋ ਅਨੇਕਾਂ ਕਾਰਨਾਂ ਦੇ ਜੋੜ ਦਾ ਨਤੀਜਾ ਹੁੰਦਾ ਹੈ।ਸਮਾਜਿਕ ਹਾਦਸਿਆਂ ਕਾਰਨ ਬੈਚੇਨੀ ਦੀ ਸਥਿਤੀ ਪ੍ਰੇਸ਼ਾਨ ਕਰਦੀ ਹੈ।ਪ੍ਰੇਸ਼ਾਨੀ ਵਿਅਕਤੀ ਨੂੰ ਨਿਰਾਸ਼ਤਾ ਵੱਲ ਲਿਜਾਂਦੀ ਹੈ ਤੇ ਨਿਰਾਸ਼ ਵਿਅਕਤੀ ਚੁੱਪ ਚਾਪ ਤੇ ਉਦਾਸ ਰਹਿਣ ਲੱਗ ਜਾਂਦਾ ਹੈ।

ਹਿਸਟੀਰੀਆ ਰੋਗ---ਹਿਸਟੀਰੀਆ ਸ਼ਬਦ ਯੂਨਾਨੀ ਭਾਸ਼ਾ ਦਾ ਸ਼ਬਦ ਹੈ,ਬੱਚੇਦਾਨੀ ਤੋਂ ਭਾਵ ਰੱਖਦਾ ਹੈ,ਜਿਸ ਨਾਲ ਇਸਨੂੰ ਗਰਭ ਨਾਲ ਸੰਬੰਧਿਤ ਬਿਮਾਰੀ ਵੀ ਕਿਹਾ ਜਾਂਦਾ ਹੈ।ਇਸ ਬਾਰੇ ਜ਼ਿਆਦਾਤਰ ਇਹ ਮੰਨਿਆ ਜਾਂਦਾ ਹੈ ਕਿ ਇਹ ਔਰਤਾਂ 'ਚ ਪਾਇਆ ਜਾਂਦਾ ਹੈ,ਪਰ ਇਹ ਗੱਲ ਪੂਰੀ ਤਰ੍ਹਾਂ ਸੱਚ ਨਹੀਂ ਹੈ,ਕਿਉਂਕਿ ਇਹ ਰੋਗ ਮਰਦਾਂ ਅੰਦਰ ਵੀ ਦੇਖਿਆ ਜਾਂਦਾ ਹੈ।ਫਰਕ ਸਿਰਫ ਇੰਨਾ ਹੈ,ਕਿ ਔਰਤਾਂ ਦੇ ਮੁਕਾਬਲੇ ਮਰਦਾਂ 'ਚ ਇਹ ਰੋਗ ਘੱਟ ਹੈ।ਇਹ ਰੋਗ ਦਾ ਮਨੋਵਿਗਿਆਨੀ ਤਿੰਨ ਕਿਸਮਾਂ 'ਚ ਜ਼ਿਕਰ ਕਰਦੇ ਹਨ।

(1) ਪਹਿਲੀ ਕਿਸਮ 'ਚ ਵਿਅਕਤੀ ਤਨਾਅ 'ਚ ਰਹਿੰਦਾ ਹੈ।ਸਿਰ ਦਰਦ,ਥਕਾਵਟ ਤੇ ਨੀਂਦ ਨਾ ਆਉਣਾ ਇਸ ਦੀਆਂ ਨਿਸ਼ਾਨੀਆਂ ਹਨ।

(2) ਦੂਜੀ ਕਿਸਮ 'ਚ ਉਹ ਦੌਰੇ ਜਾਂ ਬਿਮਾਰੀ ਰਾਹੀਂ ਆਪਣੇ ਵੱਲ ਧਿਆਨ ਖਿੱਚਣ 'ਚ ਕਾਮਯਾਬ ਹੋ ਜਾਂਦਾ ਹੈ।ਭਾਵ ਜੋ ਮਰੀਜ਼ ਚਾਹੁੰਦਾ ਹੈ,ਉਹ ਹਾਸਿਲ ਕਰ ਲੈਂਦਾ ਹੈ।

(3) ਤੀਜੀ ਕਿਸਮ 'ਚ ਉਹ ਮਰੀਜ਼ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਲਈ,ਕਿਸੇ ਖਾਸ ਵਿਅਕਤੀ ਜਾਂ ਦੇਵੀ-ਦੇਵਤੇ ਨੂੰ ਆਪਣੇ ਉੱਪਰ ਹਾਵੀ ਕਰ ਲੈਂਦਾ ਹੈ।ਇਸ ਤਰ੍ਹਾਂ ਉਸ ਨੂੰ ਸੁਤੁੰਸ਼ਟੀ ਮਿਲਦੀ ਤੇ ਮਰੀਜ਼ ਜੋ ਸਮਾਜਿਕ ਬੰਧਨਾਂ 'ਚ ਰਹਿ ਕੇ ਨਹੀਂ ਕਰ ਪਾਉਂਦਾ,ਉਹ ਇਸ ਤਰ੍ਹਾਂ ਕਰ ਲੈਂਦਾ ਹੈ।

ਇਹਨਾਂ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾਉਣ ਜਾਂ ਆਪਣੇ ਆਪ ਨੂੰ ਸਮਾਜ 'ਚ ਉੱਚਾ ਉਠਾਉਣ ਲਈ ਔਰਤ ਨੂੰ ਆਪਣੀ ਮਾਨਸਿਕਤਾ ਬਦਲਣੀ ਪਵੇਗੀ।ਉਸਨੂੰ ਆਜ਼ਾਦੀ ਦੇ ਸਹੀ ਅਰਥਾਂ ਨੂੰ ਸਮਝਣਾ ਪਵੇਗਾ।ਆਜ਼ਾਦੀ ਮਨ ਦੇ ਵਿਚਾਰਾਂ ਦੇ ਪ੍ਰਗਟਾਵੇ ਤੋਂ ਬੰਦਿਸ਼ ਹਟਾਉਣਾ,ਆਪਣੀ ਗੱਲ ਕਹਿਣ ਦੀ ਹਿੰਮਤ ਕਰਨਾ ਤੇ ਆਪਣੇ ਫੈਸਲੇ ਖ਼ੁਦ ਕਰਨਾ ਜਾਂ ਸੁਣਾਉਣਾ ਹੈ।ਨਿਯਮਾਂ 'ਚ ਨਾ ਰਹਿਣਾ ਆਜ਼ਾਦੀ ਨਹੀਂ ਹੈ,ਸੁੰਦਰਤਾ ਮੁਕਾਬਲਿਆਂ 'ਚ ਦੇਹ ਦਾ ਪ੍ਰਦਰਸ਼ਨ ਕਰਨਾ ਆਜ਼ਾਦੀ ਨਹੀਂ ਹੈ।

ਔਰਤਾਂ ਨੂੰ ਆਪਣੀ ਹੋਂਦ ਪਛਾਨਣ ਲਈ ਔਰਤਾਂ ਦੇ ਅੰਦੋਲਨਾਂ ਤੋਂ ਵੱਧ ਸਿੱਖਿਆ ਤੇ ਆਰਥਿਕਤਾ ਦਾ ਸਹਾਰਾ ਲੈਣਾ ਚਾਹੀਦਾ ਹੈ।ਮਨੋਵਿਗਿਆਨਕ ਢੰਗ ਨਾਲ ਆਪਣੀ ਮਾਨਸਿਕਤਾ ਬਦਲਣ ਦੀ ਲੋੜਹੈ।ਸਹਿਜ ਤੇ ਦਲੀਲ ਨਾਲ ਆਪਣੀ ਪਛਾਣ ਨਾਲ ਕੀਤੇ ਫੈਸਲਿਆਂ ਉੱਪਰ ਦ੍ਰਿੜ ਰਹਿਣ ਦੀ ਲੋੜ ਹੈ।

ਸ਼ਗਨਦੀਪ ਧਾਲੀਵਾਲ
B.A FIANL YEAR

No comments:

Post a Comment