ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, February 17, 2011

"ਅਜਿਹੀ ਹਾਲਤ 'ਚ ਬੁਰਕੇ ਦੀ ਪ੍ਰਵਾਹ ਕੌਣ ਕਰਦੈ''

(ਕਸ਼ਮੀਰ ਦੇ ਹਾਲਾਤ ਬਾਰੇ ''ਲਾਪਤਾ ਵਿਅਕਤੀਆਂ ਦੇ ਮਾਪਿਆਂ ਦੀ ਸਭਾ', ਜੰਮੂ–ਕਸ਼ਮੀਰ, ਦੀ ਸੰਸਥਾਪਕ ਅਤੇ ਪ੍ਰਧਾਨ ਪ੍ਰਵੀਨਾ ਅਹੰਗਰ ਨਾਲ ਗੱਲਬਾਤ)

ਲਾਪਤਾ ਲੋਕਾਂ ਦੇ ਮਾਪਿਆਂ ਦੀ ਸਭਾ (ਐਸੋਸੀਏਸ਼ਨ ਆਫ ਪੇਰੈਂਟਸ ਆਫ ਡਿਸਅਪੀਅਰਡ ਪਰਸਨਜ਼ (ਏ ਪੀ ਡੀ ਪੀ) ਜੰਮੂ–ਕਸ਼ਮੀਰ ਅੰਦਰ ਭਾਰਤੀ ਫ਼ੌਜੀ ਤਾਕਤਾਂ ਵਲੋਂ ਲਾਪਤਾ ਕੀਤੇ ਲੋਕਾਂ ਦੇ ਸਕੇ–ਸਬੰਧੀਆਂ ਦੀ ਜਥੇਬੰਦੀ ਹੈ। ਇਹ ਜਥੇਬੰਦੀ ਲਾਪਤਾ ਲੋਕਾਂ ਦਾ ਪਤਾ ਲਾਉਣ ਅਤੇ ਇਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਮੰਤਵ ਨਾਲ 1994 'ਚ ਬਣਾਈ ਗਈ ਸੀ। ਇਸ ਦੀ ਸਥਾਪਨਾ ਕਰਨ 'ਚ ਪ੍ਰਵੀਨਾ ਅਹੰਗਰ ਦੀ ਮੁੱਖ ਭੂਮਿਕਾ ਸੀ। 1991 'ਚ ਪ੍ਰਵੀਨਾ ਦੇ ਬੇਟੇ ਜਾਵੇਦ ਅਹੰਗਰ ਨੂੰ ਭਾਰਤੀ ਫ਼ੌਜੀ ਦਸਤਿਆਂ ਨੇ ਚੁੱਕ ਲਿਆ ਸੀ ਓਦੋਂ ਤੋਂ ਲੈ ਕੇ ਅੱਜ ਤੱਕ ਉਸ ਦੀ ਕੋਈ ਖ਼ਬਰ ਨਹੀਂ ਹੈ। ਫ਼ੌਜੀ ਦਸਤਿਆਂ ਨੇ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਸਮੇਂ ਉਸ ਨੂੰ ਉਸ ਦੇ ਚਾਚਾ ਦੇ ਘਰੋਂ ਅਗਵਾ ਕੀਤਾ ਸੀ। ਉੱਥੇ ਉਹ ਰਾਤ ਨੂੰ ਪੜ ਰਿਹਾ ਸੀ। ਪ੍ਰਵੀਨਾ ਨੂੰ ਇਸ ਦਾ ਪਤਾ ਤੜਕੇ ਜਾ ਕੇ ਲੱਗਿਆ ਕਿ ਉਸ ਦੇ ਬੇਟੇ ਨੂੰ ਫ਼ੌਜੀ ਦਸਤੇ ਲੈ ਗਏ ਹਨ।ਇੱਥੋਂ ਹੀ ਉਸ ਦੀ ਆਪਣੇ ਪੁੱਤ ਦੀ ਤਲਾਸ਼ ਕਰਨ ਦੀ ਲੰਮੀ ਅਤੇ ਨਿਰੰਤਰ ਲੜਾਈ ਦੀ ਸ਼ੁਰੂਆਤ ਹੋਈ; ਬੇਥਾਹ ਦਰਦ ਅਤੇ ਮਾਯੂਸੀ ਭਰੀ ਲੜਾਈ; ਇਕ ਲੜਾਈ ਜਿਸ ਨੂੰ ਉਹ ਹਿੰਮਤ ਅਤੇ ਦਲੇਰੀ ਨਾਲ ਲਗਾਤਾਰ ਲੜ ਰਹੀ ਹੈ : ਉਸ ਵੇਦਨਾ ਦੇ ਬਾਵਜੂਦ ਜਦੋਂ ਉਸ ਦੇ 19 ਸਾਲਾ ਬੇਟੇ ਜਾਵੇਦ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਬਾਰੇ ਉਹ ਕਹਿੰਦੀ ਹੈ ਕਿ ਉਹ ਜ਼ਖ਼ਮ ਹਾਲੇ ਵੀ ਉਨਾ ਹੀ ਅੱਲਾ ਹੈ ਜਿੰਨਾ ਖ਼ਬਰ ਸੁਣਨ ਸਮੇਂ ਸੀ। ਵਹਿਸ਼ਤ ਅਤੇ ਦਮਨ ਦਰਮਿਆਨ ਡੂੰਘੇ ਸੰਕਲਪ ਜ਼ਰੀਏ ਉਸ ਨੇ ਆਪਣੇ ਲਈ ਰਾਹ ਕੱਢਣਾ ਸਿੱਖ ਲਿਆ ਹੈ। ਉਹ ਕਹਿੰਦੀ ਹੈ ਕਿ ਉਸ ਦੇ ਬੇਟੇ ਦੇ ਨਾਲ ਹੀ ਉਸ ਦਾ ਡਰ ਵੀ ਗ਼ਾਇਬ ਹੋ ਗਿਆ। ਪੁੱਤ ਦੀ ਭਾਲ 'ਚ ਉਹ ਥਾਣਿਆਂ, ਤਸੀਹਾ ਕੇਂਦਰਾਂ, ਫ਼ੌਜੀ ਕੈਂਪਾਂ, ਹਸਪਤਾਲਾਂ 'ਚ ਦਰ–ਦਰ ਠੋਕਰਾਂ ਖਾਂਦੀ ਰਹੀ, ਉੱਥੇ ਉਸ ਨੂੰ ਆਪਣੇ ਵਰਗੇ ਬਹੁਤ ਲੋਕ ਮਿਲੇ ਜੋ ਆਪੋ–ਆਪਣੇ ਪਿਆਰਿਆਂ ਨੂੰ ਲੱਭ ਰਹੇ ਸਨ।

1994 'ਚ ਪ੍ਰਵੀਨਾ ਨੇ ਸ੍ਰੀਨਗਰ ਹਾਈ ਕੋਰਟ 'ਚ ਹੈਬੀਅਸ ਕਾਰਪਸ ਦਾਇਰ ਕੀਤੀ।ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਵਕੀਲਾਂ ਦੀ ਮਦਦ ਨਾਲ ਐਸੀਆਂ ਪਟੀਸ਼ਨਾਂ ਪਾਉਣ ਦੀ ਜੱਦੋਜਹਿਦ ਜਾਰੀ ਹੈ। 'ਲਾਪਤਾ' ਲੋਕਾਂ ਦੇ ਵੱਧ ਤੋਂ ਵੱਧ ਸਕੇ–ਸਬੰਧੀ ਇਕਜੁੱਟ ਹੁੰਦੇ ਗਏ, ਮਿਲ ਕੇ ਅਦਾਲਤਾਂ 'ਚ ਗਏ ਅਤੇ ਇਕਜੁੱਟ ਹੋ ਕੇ ਰੋਸ–ਮੁਜ਼ਾਹਰੇ ਕੀਤੇ।ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੇਲ੍ਹਾਂ 'ਚ ਡੱਕਿਆ ਗਿਆ ਅਤੇ ਪੁਲਿਸ ਦੀਆਂ ਗੋਲੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਭਾਰਤੀ ਰਾਜ ਦੇ ਵਹਿਸ਼ੀ ਫ਼ੌਜੀ ਦਸਤਿਆਂ ਦਾ ਉਨ੍ਹਾਂ ਲੋਕਾਂ ਨੇ ਦਲੇਰੀ ਅਤੇ ਇਕਮੁੱਠਤਾ ਨਾਲ ਡੱਟ ਕੇ ਮੁਕਾਬਲਾ ਕੀਤਾ। ਇਸ ਤਰ੍ਹਾਂ ਏ ਪੀ ਡੀ ਪੀ ਦੇ ਸਮੂਹਿਕ ਯਤਨਾਂ ਨਾਲ 'ਲਾਪਤਾ' ਲੋਕਾਂ ਦੀ ਭਾਲ ਕਰਨ ਦੀ ਲਹਿਰ ਦਾ ਮੁੱਢ ਬੱਝਿਆ, ਜੋ ਕਸ਼ਮੀਰ ਦੇ ਆਜ਼ਾਦੀ ਦੇ ਸੰਘਰਸ਼ ਦਾ ਇਕ ਮਹੱਤਵਪੂਰਨ ਹਿੱਸਾ ਹੈ।ਜਦੋਂ ਪ੍ਰਵੀਨਾ ਅਹੰਗਰ ਪਿੱਛੇ ਜਹੇ ਇਕ ਇਕੱਠ ਨੂੰ ਸੰਬੋਧਨ ਕਰਨ ਲਈ ਦਿੱਲੀ ਆਈ ਸੀ ਤਾਂ ਔਰਤਾਂ ਵਿਰੁੱਧ ਹਿੰਸਾ ਬਾਰੇ ਕਮੇਟੀ (CAVOW) ਦੀਆਂ ਆਗੂ ਕਰੇਨ ਗੈਬਰਿਅਲ ਅਤੇ ਵਸੰਤਾ ਨੇ ਉਸ ਨਾਲ ਗੱਲਬਾਤ ਕੀਤੀ ਜਿਸ ਦਾ ਸੰਖੇਪ ਪੇਸ਼ ਹੈ :

ਕੈਵੋ : ਕੀ ਮੌਜੂਦਾ ਹਾਲਾਤ ਦੇ ਚਲਦਿਆਂ ਕਸ਼ਮੀਰੀ ਔਰਤਾਂ ਇਸ ਅੰਦੋਲਨ 'ਚ ਸ਼ਾਮਲ ਹੋਣ ਲਈ ਮਜਬੂਰ ਹੋਈਆਂ ਜਾਂ ਉਹ ਖ਼ੁਦ ਇਸ ਲਈ ਪ੍ਰਤੀਬੱਧ ਹਨ, ਭਾਵ ਇਸ ਲਈ ਕਿ ਐਨੇ ਨੌਜਵਾਨ ਮਾਰੇ ਦਿੱਤੇ ਗਏ, ਅਤੇ ਲਾਪਤਾ ਕਰ ਦਿੱਤੇ ਗਏ ਜਾਂ ਫੇਰ ਉਨ੍ਹਾਂ ਦੀ ਸੋਚ 'ਚ ਕਸ਼ਮੀਰ ਦੇ ਸਵੈ–ਨਿਰਣੇ ਦਾ ਸਵਾਲ ਹੈ?

ਪ੍ਰਵੀਨਾ ਅਹੰਗਰ : ਨਹੀਂ, ਇਹ ਸਿਰਫ਼ ਮਰਦਾਂ ਦਾ ਅੰਦੋਲਨ ਨਹੀਂ ਹੈ। ਇਹ ਹਰ ਵਿਅਕਤੀ ਦਾ ਅੰਦੋਲਨ ਹੈ ਅਤੇ ਹਰ ਕੋਈ ਇਸ ਦੀ ਹਮਾਇਤ ਕਰ ਰਿਹਾ ਹੈ। ਪਰ ਐਸੀਆਂ ਕਸ਼ਮੀਰੀ ਔਰਤਾਂ ਵੱਡੀ ਗਿਣਤੀ 'ਚ ਹਨ ਜਿਨ੍ਹਾਂ ਦੇ ਬੱਚੇ ਖੋਹ ਲਏ ਗਏ ਜਾਂ ਜਿਨ੍ਹਾਂ ਨੇ ਇਨ੍ਹਾਂ ਨੂੰ 'ਲਾਪਤਾ' ਹੁੰਦੇ ਅੱਖੀਂ ਡਿੱਠਾ ਹੈ। ਮਿਸਾਲ ਵਜੋਂ, ਇਕ ਔਰਤ ਨੇ ਆਪਣੇ ਗੁੰਮਸ਼ੁਦਾ ਬੱਚੇ ਦੀ ਭਾਲ 'ਚ ਰਾਜ ਦੀਆਂ ਸਾਰੀਆਂ ਜੇਲ੍ਹਾਂ ਛਾਣ ਮਾਰੀਆਂ। ਇਸ ਕਰਕੇ ਐਸੇ ਹਾਲਾਤ ਨੇ ਉਨ੍ਹਾਂ ਨੂੰ ਮਜਬੂਰ ਕੀਤਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਭਾਲ ਕਰਨੀ ਪੈਂਦੀ ਹੈ ਅਤੇ ਉਨ੍ਹਾਂ ਦੀ ਉੱਘ–ਸੁੱਘ ਲਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਉਨ੍ਹਾਂ ਦੀ ਮਜਬੂਰੀ ਹੈ। ਪਰ ਜਿੱਥੋਂ ਤੱਕ ਅੰਦੋਲਨ ਨੂੰ ਹਮਾਇਤ ਦੇਣ ਦਾ ਸਵਾਲ ਹੈ, ਹਰ ਕੋਈ ਇਸ ਦੇ ਪੱਖ 'ਚ ਹੈ ਅਤੇ ਕਸ਼ਮੀਰ ਦੀਆਂ ਔਰਤਾਂ ਕੋਈ ਅੱਪਵਾਦ ਨਹੀਂ ਹੈ।

ਕੈਵੋ : ਭਾਰਤੀ ਰਾਜ ਵਲੋਂ ਕੀਤੇ ਫ਼ੌਜੀ ਕਬਜ਼ੇ ਦਾ ਕਸ਼ਮੀਰੀ ਔਰਤਾਂ ਉੱਪਰ ਕੀ ਅਸਰ ਪਿਆ ਹੈ? ਇਸ ਬਾਰੇ ਕੀ ਤੁਸੀਂ ਕੁਝ ਦੱਸ ਸਕਦੇ ਹੋ?

ਪ੍ਰਵੀਨਾ : ਔਰਤਾਂ ਨੂੰ ਬਹੁਤ ਕੁਝ ਝੱਲਣਾ ਪਿਆ ਹੈ, ਅਤੇ ਇਸ ਦਾ ਲੰਮਾ ਇਤਿਹਾਸ ਹੈ। ਕੋਨਨ ਕੇਸ਼ਪੁਰਾ ਬਲਾਤਕਾਰ ਨੂੰ ਲੈ ਲਵੋ, ਜਿੱਥੇ ਲਿੰਗਕ ਹਿੰਸਾ ਦੀ ਪੀੜਤ ਨੂੰ ਡੂੰਘਾ ਮਾਨਸਿਕ ਸਦਮਾ ਅਤੇ ਸਮਾਜਿਕ ਦਬਾਅ ਸਹਿਣਾ ਪਿਆ ਸੀ। ਕੋਈ ਵੀ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਨਹੀਂ ਸੀ। ਪਿਛਲੇ ਸਾਲ ਵੀ ਫ਼ੌਜੀ ਤਾਕਤਾਂ ਵਲੋਂ ਸ਼ੋਪੀਆਂ ਵਿਚ ਬਲਾਤਕਾਰ ਦੇ ਜ਼ੁਲਮ ਨੂੰ ਦਬਾ ਦਿੱਤਾ ਗਿਆ ਸੀ।

ਕੈਵੋ : ਕੀ ਫ਼ੌਜੀ ਕਬਜ਼ੇ ਦੇ ਪ੍ਰਸੰਗ 'ਚ ਇਹ ਕਹਿਣਾ ਸਹੀ ਹੋਵੇਗਾ ਕਿ ਇਸ ਵਿਚ ਮਰਦਾਂ ਦੇ ਮੁਕਾਬਲੇ ਔਰਤਾਂ ਵੱਖਰੇ ਤਰੀਕੇ ਨਾਲ ਇਸ ਦਾ ਸ਼ਿਕਾਰ ਹੋ ਰਹੀਆਂ ਹਨ?

ਪ੍ਰਵੀਨਾ : ਹਾਂ, ਔਰਤਾਂ ਨੇ ਅਨੇਕਾਂ ਰੂਪਾਂ 'ਚ ਇਹ ਸਭ ਭੁਗਤਿਆ ਹੈ। ਅਤੇ ਠੀਕ ਇਸੇ ਤਰ੍ਹਾਂ ਹੀ ਉਨ੍ਹਾਂ ਦੇ ਪ੍ਰਤੀਕਰਮ ਵੀ ਕਈ ਤਰੀਕਿਆਂ ਨਾਲ ਸਾਹਮਣੇ ਆਏ ਹਨ। ਉਨ੍ਹਾਂ ਨੂੰ ਬੱਚੇ ਖੋਹਣੇ ਪਏ, ਉਨ੍ਹਾਂ ਨੇ ਆਪਣੇ ਲਾਪਤਾ ਜਾਂ ਮਰ ਚੁੱਕੇ ਬਾਪਾਂ ਦਾ ਦਰਦ ਹੰਢਾਇਆ ਹੈ। ਔਰਤਾਂ ਦਾ ਇਕ ਹਿੱਸਾ ਨੀਮ–ਵਿਧਵਾਵਾਂ ਦਾ ਹੈ, ਜੋ ਆਪਣੇ ਲਾਪਤਾ ਪਤੀ ਦੇ ਘਰ ਪਰਤ ਆਉਣ ਦੀ ਉਡੀਕ 'ਚ ਬੈਠੀਆਂ ਹਨ। ਇਹ ਸਾਰੇ ਲੋਕ ਪੀੜਤ ਹਨ। ਐਸੇ ਬੱਚੇ ਵੱਡੀ ਗਿਣਤੀ 'ਚ ਹਨ ਜਿਨ੍ਹਾਂ ਨੂੰ ਆਪਣੇ ਜ਼ਿੰਦਾ ਬਾਪ ਦਾ ਮੂੰਹ ਤੱਕਣਾ ਵੀ ਨਸੀਬ ਨਹੀਂ ਹੋਇਆ, ਜਿਨ੍ਹਾਂ ਦੇ ਬਾਪ ਭਾਰਤ ਦੇ ਸੁਰੱਖਿਆ ਦਸਤਿਆਂ ਨੇ ਪਹਿਲਾਂ ਹੀ ਮਾਰ ਕੇ ਖਪਾ ਦਿੱਤੇ। ਜਦੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ''ਤੁਹਾਡਾ ਬਾਪ ਕੌਣ ਹੈ? '' ਉਹ ਆਪਣੇ ਬਾਪ ਬਾਰੇ ਨਹੀਂ ਦੱਸ ਸਕਦੇ। ਇਸ ਲਈ, ਕਸ਼ਮੀਰ ਦੇ ਵੱਖ–ਵੱਖ ਹਿੱਸਿਆਂ 'ਚ ਯਾਦਗਾਰਾਂ ਬਣਾਈਆਂ ਗਈਆਂ ਹਨ ਤਾਂ ਜੋ ਐਸੇ ਬੱਚੇ ਘੱਟੋ–ਘੱਟ ਯਾਦਗਾਰ ਦੀ ਪਛਾਣ ਕਰ ਸਕਣ ਕਿ ਉਨ੍ਹਾਂ ਦੇ ਬਾਪ ਕਿੱਥੇ ਹਨ। ਇੱਥੋਂ ਤੱਕ ਕਿ ਜਿਹੜੀਆਂ ਔਰਤਾਂ ਆਮ ਜ਼ਿੰਦਗੀ ਜੀਅ ਰਹੀਆਂ ਹਨ, ਉਹ ਵੀ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਘਰੋਂ ਬਾਹਰ ਆਉਣ ਲਈ ਮਜਬੂਰ ਹੋ ਗਈਆਂ। ਜਦੋਂ ਕਈ ਔਰਤਾਂ ਦੇ ਪਿਆਰੇ ਖੋਹ ਲਏ ਗਏ, ਉਨ੍ਹਾਂ ਨੂੰ ਬੇਸਹਾਰਾ ਭਟਕਣਾ ਪਿਆ ਕਿਉਂਕਿ ਇਸ ਪਿੱਛੋਂ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਉਹ ਬਾਹਰ ਨਿਕਲਕੇ ਕੰਮ ਜਾਂ ਗੁਜ਼ਾਰੇ ਦਾ ਸਾਧਨ ਲੱਭਣ ਲਈ ਮਜਬੂਰ ਹੋ ਗਈਆਂ, ਜਦਕਿ ਆਮ ਹਾਲਾਤ 'ਚ ਇਸ ਤਰ•ਾਂ ਕਦੇ ਨਾ ਹੁੰਦਾ।

ਕੈਵੋ : ਤੁਹਾਡੇ ਖ਼ਿਆਲ ਮੁਤਾਬਿਕ, ਆਜ਼ਾਦੀ ਦੇ ਸੰਘਰਸ਼ ਨੇ ਔਰਤਾਂ ਦੀ ਜ਼ਿੰਦਗੀ ਨੂੰ ਕਿਵੇਂ ਬਦਲਿਆ ਹੈ?

ਪ੍ਰਵੀਨਾ : ਐਸੇ ਬਥੇਰੇ ਲੋਕ ਨੇ ਜੋ ਕਸ਼ਮੀਰ ਦੀ ਆਜ਼ਾਦੀ ਲਈ ਜੂਝ ਰਹੇ ਹਨ ਜਾਂ ਜੋ ਆਜ਼ਾਦੀ ਦੀ ਜੱਦੋਜਹਿਦ ਨੂੰ ਕਾਇਮ ਰੱਖਣ ਦੇ ਦਾਅਵੇਦਾਰ ਹਨ। ਪਰ ਵਿਅਕਤੀਗਤ ਤੌਰ 'ਤੇ, ਮੈਂ ਆਪਣੀ ਆਜ਼ਾਦੀ ਲਈ ਸੰਘਰਸ਼ ਦਾ ਰਸਤਾ ਆਪ ਚੁਣਿਆ ਹੈ। ਸਾਨੂੰ ਇਹ ਜਾਨਣ ਲਈ ਆਜ਼ਾਦੀ ਦੀ ਲੋੜ ਹੈ ਕਿ ਉਨ੍ਹਾਂ ਦਸ ਲੱਖ ਤੋਂ ਵੱਧ ਕਸ਼ਮੀਰੀਆਂ ਨਾਲ ਕੀ ਬੀਤੀ ਜਿਨ੍ਹਾਂ ਦੀ ਵਰਿਆਂ ਤੋਂ ਕੋਈ ਉੱਘ–ਸੁੱਘ ਨਹੀਂ ਹੈ ਅਤੇ ਉਹ 'ਲਾਪਤਾ' ਹਨ। ਤਾਂ ਜੋ ਅਸੀਂ ਉਨ੍ਹਾਂ ਦੇ ਹਸ਼ਰ ਦਾ ਪਤਾ ਲਾ ਸਕੀਏ ਅਤੇ ਘੱਟੋ–ਘੱਟ ਉਨ੍ਹਾਂ ਨੂੰ ਸਹੀ ਢੰਗ ਨਾਲ ਸਪੁਰਦੇ–ਖ਼ਾਕ ਤਾਂ ਕਰ ਸਕੀਏ। ਨਿੱਜੀ ਤੌਰ 'ਤੇ ਸਾਡੇ ਲਈ, ਖ਼ਾਸ ਤੌਰ 'ਤੇ ਲਾਪਤਾ ਮਾਮਲਿਆਂ 'ਚ ਕੰਮ ਕਰਨ ਵਾਲਿਆਂ ਲਈ ਆਜ਼ਾਦੀ ਦੇ ਵਿਸ਼ਾਲ ਸੰਘਰਸ਼ ਦਾ ਅੰਗ ਹੁੰਦੇ ਹੋਏ ਇਹ ਇਨਸਾਫ਼ ਲਈ ਅਤੇ ਸਾਡੇ ਪਿਆਰਿਆਂ ਨਾਲ ਕੀ ਬੀਤੀ, ਇਹ ਜਾਨਣ ਦਾ ਸੰਘਰਸ਼ ਵੀ ਹੈ।

ਕੈਵੋ : 1990 ਦੇ ਮੁਕਾਬਲੇ ਅਜੋਕੇ ਮੁਜ਼ਾਹਰਿਆਂ 'ਚ ਕੀ ਔਰਤਾਂ ਦੀ ਗਿਣਤੀ ਵਧੀ ਹੈ? ਜੇ ਵਧੀ ਹੈ ਤਾਂ ਇਹ ਕੀ ਦਰਸਾਉਂਦੀ ਹੈ?

ਪ੍ਰਵੀਨਾ : ਔਰਤਾਂ ਐਨ ਸ਼ੁਰੂ ਤੋਂ ਹੀ ਆਜ਼ਾਦੀ ਦੀ ਤਹਿਰੀਕ ਦਾ ਹਿੱਸਾ ਰਹੀਆਂ ਹਨ ਅਤੇ ਕਿਸੇ ਵੀ ਪੜਾਅ 'ਤੇ ਇਸ 'ਚ ਕੋਈ ਤਬਦੀਲੀ ਨਹੀਂ ਹੋਈ। ਤੁਸੀਂ ਧਿਆਨ ਦਿੱਤਾ ਹੋਵੇਗਾ ਕਿ ਪੱਥਰਾਂ ਨਾਲ ਲੜਾਈ ਲੜਨ ਦੇ ਸਿਖ਼ਰ ਸਮੇਂ ਇਸ ਆਵਾਮ 'ਚ ਔਰਤਾਂ ਦੀ ਸ਼ਮੂਲੀਅਤ ਸੀ। ਔਰਤਾਂ ਵੱਖੋ–ਵੱਖਰੇ ਢੰਗਾਂ ਨਾਲ ਸੰਘਰਸ਼ 'ਚ ਸਦਾ ਸ਼ਾਮਲ ਰਹੀਆਂ ਹਨ।

ਕੈਵੋ :ਜੇ ਇਕ ਆਜ਼ਾਦ ਕਸ਼ਮੀਰ ਬਣਦਾ ਹੈ ਤਾਂ ਇਸ ਦੇ ਬਣਨ 'ਚ ਕੀ ਔਰਤਾਂ ਦੀ ਕੋਈ ਖ਼ਾਸ ਭੂਮਿਕਾ ਰਹੇਗੀ?

ਪ੍ਰਵੀਨਾ : ਇਸ ਦੀ ਇਕ ਮਿਸਾਲ ਲੈਂਦੇ ਹਾਂ, ਸਿਖਿਆ ਹਾਸਲ ਕਰਕੇ ਕਸ਼ਮੀਰੀ ਔਰਤਾਂ ਖ਼ਾਮੋਸ਼ ਨਹੀਂ ਬੈਠਣਗੀਆਂ। ਮੈਂ ਲਹਿਰ 'ਚ ਆਪਣੀ ਭੂਮਿਕਾ ਅਤੇ ਨਾਲ ਹੀ ਲਾਪਤਾ ਵਿਅਕਤੀਆਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰੱਖਣ ਦੀ ਜ਼ਰੂਰਤ ਤੋਂ ਵੀ ਬਾਰੇ ਜਾਗਰੂਕ ਹਾਂ। ਮੇਰੇ ਘਰ 'ਚ ਮੇਰਾ ਪਤੀ ਬੀਮਾਰ ਹੈ ਜਿਸ ਦੇ ਦਸ ਓਪਰੇਸ਼ਨ ਹੋ ਚੁੱਕੇ ਹਨ। ਫੇਰ ਵੀ, ਆਪਣੇ ਨਿੱਜੀ ਸੰਤਾਪ ਅਤੇ ਦੁੱਖ ਦੇ ਬਾਵਜੂਦ ਮੈਂ ਵਡੇਰੇ ਕਾਜ ਨੂੰ ਸਮਰਪਿਤ ਹਾਂ ਜਿਸ ਨੂੰ ਮੈਂ ਖ਼ੂਬ ਸਮਝਦੀ ਹਾਂ ਅਤੇ ਇਸ ਖ਼ਾਤਰ ਮੈਂ ਸਦਾ ਸੰਘਰਸ਼ਸੀਲ ਰਹਾਂਗੀ।

ਕੈਵੋ : ਕੀ ਕਸ਼ਮੀਰ 'ਤੇ ਕਾਬਜ਼ ਭਾਰਤੀ ਫ਼ੌਜੀ ਤਾਕਤ ਦੀ ਮੌਜੂਦਗੀ ਅਤੇ ਨਾਲ ਹੀ ਤਰ੍ਹਾਂ–ਤਰ੍ਹਾਂ ਦੀ ਹਿੰਸਾ, ਜਿਸ ਨੇ ਹਜ਼ਾਰਾਂ ਕਸ਼ਮੀਰੀ ਮਰਦਾਂ ਨੂੰ ਨਿਗਲ ਲਿਆ, ਦੇ ਕਾਰਨ ਔਰਤਾਂ ਉੱਪਰ ਬੇਥਾਹ ਆਰਥਕ ਬੋਝ ਨਹੀਂ ਪਿਆ? ਉਹ ਐਸੀ ਹਾਲਤ ਨਾਲ ਕਿਵੇਂ ਨਜਿੱਠਦੀਆਂ ਹਨ?

ਪ੍ਰਵੀਨਾ : ਲੋਕਾਂ, ਖ਼ਾਸ ਕਰਕੇ ਜਿਨ੍ਹਾਂ ਔਰਤਾਂ ਦੇ ਪਿਆਰੇ 'ਲਾਪਤਾ' ਹਨ, ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਆਪਣੀ ਜਥੇਬੰਦੀ ਵਲੋਂ ਐਸੀਆਂ ਔਰਤਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਮਦਦ ਕਰਦੇ ਹੀ ਹਾਂ, ਅਤੇ ਆਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ।

ਕੈਵੋ : ਕਸ਼ਮੀਰੀ ਸਮਾਜ ਵਿਚ ਸਿਖਿਆ–ਪ੍ਰਾਪਤ ਔਰਤਾਂ ਦੀ ਫੀਸਦੀ ਕੀ ਹੈ? ਮੌਜੂਦਾ ਸਿਆਸੀ ਹਾਲਾਤ ਨੇ ਸਿਖਿਆ ਤੱਕ ਔਰਤਾਂ ਦੀ ਪਹੁੰਚ ਅਤੇ ਮੌਕਿਆਂ 'ਤੇ ਕਿਹੋ ਜਿਹਾ ਅਸਰ ਪਾਇਆ ਹੈ? ਕੀ ਕਸ਼ਮੀਰ ਦੀ ਲਹਿਰ ਔਰਤਾਂ ਨੂੰ ਸਿੱਖਿਆ ਹਾਸਲ ਕਰਾਉਣ ਦੀ ਜ਼ਰੂਰਤ ਬਾਰੇ ਜਾਗਰੂਕ ਹੈ?

ਪ੍ਰਵੀਨਾ : ਅੱਜ ਪੂਰੀ ਦੁਨੀਆ ਸਿਖਿਅਤ ਅਤੇ ਸਾਖ਼ਰ ਹੈ, ਪਰ ਜੇ ਤੁਸੀਂ ਮੇਰੇ ਬਾਰੇ ਪੁੱਛੋ ਤਾਂ ਮੈਂ ਨਹੀਂ ਹਾਂ। ਗਿਆਨ ਚਾਨਣ ਹੈ। ਜੇ ਮੈਂ ਪੜ•ੀ ਹੁੰਦੀ ਤਾਂ ਤੁਹਾਡੇ ਨਾਲ ਗੱਲ ਕਰਨ ਲਈ ਮੈਨੂੰ ਅਨੁਵਾਦਕ ਦੀ ਲੋੜ ਨਾ ਪੈਂਦੀ ਅਤੇ ਆਪਣੀ ਈ–ਮੇਲ ਦੇਖਣ ਲਈ ਮੈਨੂੰ ਕਿਸੇ ਦਾ ਸਹਾਰਾ ਨਾ ਲੈਣਾ ਪੈਂਦਾ। ਸ਼ਾਇਦ ਮੈਂ ਕੁਝ ਹੋਰ ਯੋਗਦਾਨ ਪਾਉਣ ਦੇ ਸਮਰੱਥ ਹੁੰਦੀ।

ਕੈਵੋ : ਲਿੰਗਕ ਪੱਖੋਂ ਜ਼ਮੀਨੀ ਸੁਧਾਰ ਤੋਂ ਪਿੱਛੋਂ ਜਾਇਦਾਦ ਸਬੰਧਾਂ 'ਚ ਕੀ ਬਦਲਾਅ ਆਇਆ ਹੈ? ਕੀ ਔਰਤਾਂ ਜਾਇਦਾਦ ਦੀਆਂ ਵਾਰਿਸ ਬਣ ਸਕਦੀਆਂ ਹਨ?

ਪ੍ਰਵੀਨਾ : ਹਾਂ, ਇਸ ਸਬੰਧੀ ਕੁਝ ਮੁਸ਼ਕਲਾਂ ਹਨ, ਮੈਂ ਇਸ ਦੀ ਇਕ ਮਿਸਾਲ ਦੇਂਦੀ ਹਾਂ। ਇਕ ਵਿਆਹੀ ਔਰਤ ਨੂੰ ਉਸ ਦੇ ਪਤੀ ਦੇ 'ਲਾਪਤਾ' ਹੋਣ ਤੋਂ ਬਾਅਦ ਸਹੁਰਾ ਘਰ ਛੱਡਣਾ ਪਿਆ। ਉਸ ਦੇ ਪੰਜ ਸਾਲ ਦਾ ਬੱਚਾ ਸੀ। ਉਸ ਨੂੰ ਆਪਣੇ ਪੇਕੇ ਜਾਣ ਲਈ ਮਜਬੂਰ ਹੋਣਾ ਪਿਆ। ਸਾਡੀ ਜਥੇਬੰਦੀ ਨੇ ਉਸ ਨੂੰ ਰੁਜ਼ਗਾਰ ਦਿਵਾਉਣ 'ਚ ਮਦਦ ਕੀਤੀ। ਸਮੇਂ–ਸਮੇਂ 'ਤੇ ਐਸੀਆਂ ਸਮੱਸਿਆਵਾਂ ਉੱਠਦੀਆਂ ਰਹਿੰਦੀਆਂ ਹਨ। ਹਾਲਾਂਕਿ ਆਪਣੇ ਮਾਪਿਆਂ ਦੀ ਜਾਇਦਾਦ ਉੱਪਰ ਔਰਤਾਂ ਦਾ ਹੱਕ ਹੈ, ਅਤੇ ਮਰਦ ਦੇ ਨਾਲ ਨਾਲ ਉਹ ਵੀ ਜਾਇਦਾਦ ਦੀ ਵਾਰਿਸ ਹੋ ਸਕਦੀ ਹੈ। ਜੇ ਇਕ ਲੜਕੇ ਨੂੰ ਜਾਇਦਾਦ ਦੇ ਦਸ ਹਿੱਸੇ ਮਿਲਦੇ ਹਨ ਤਾਂ ਲੜਕੀ ਨੂੰ ਪੰਜ ਹਿੱਸੇ ਦਿੱਤੇ ਜਾਂਦੇ ਹਨ। ਲੜਕੀ ਆਪਣੇ ਸਹੁਰਿਆਂ ਦੀ ਜਾਇਦਾਦ ਦੀ ਵਾਰਿਸ ਵੀ ਹੁੰਦੀ ਹੈ ਅਤੇ ਆਪਣੇ ਪਤੀ ਜਾਂ ਆਪਣੇ ਬੇਟੇ ਦੀ ਜਾਇਦਾਦ ਦੀ ਵਾਰਿਸ। ਫੇਰ ਵੀ ਔਰਤਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਚੀਜ਼ਾਂ ਹਮੇਸ਼ਾ ਸਹਿਜ ਤਰੀਕੇ ਨਾਲ ਨਹੀਂ ਚੱਲਦੀਆਂ। ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਵਿਆਹ ਕਰਾਉਣ 'ਚ ਅਕਸਰ ਹੀ ਮੁਸ਼ਕਲ ਆਉਂਦੀ ਹੈ। ਕਿਉਂਕਿ ਐਸਾ ਬੰਦਾ ਲੱਭਣਾ ਬਹੁਤ ਮੁਸ਼ਕਲ ਹੈ ਜੋ ਉਸ ਦੇ ਪਹਿਲੇ ਵਿਆਹ ਦੇ ਬੱਚਿਆਂ ਦੀ ਜ਼ਿੰਮੇਵਾਰੀ ਓਟਣ ਲਈ ਤਿਆਰ ਹੋਵੇ।

ਕੈਵੋ : ਅਕਸਰ ਹੀ ਕਿਹਾ ਜਾਂਦਾ ਹੈ ਕਿ ਕਸ਼ਮੀਰ ਵਿਚ ਹਥਿਆਰਬੰਦ ਸੰਘਰਸ਼ ਦੇ ਉੱਭਰਨ ਨਾਲ ਔਰਤਾਂ ਉੱਪਰ ਖ਼ਾਸ ਤੌਰ 'ਤੇ ਉਲਟਾ ਇਸਲਾਮੀ ਪ੍ਰਤੀਕਰਮ ਸਾਹਮਣੇ ਆਇਆ ਹੈ ਅਤੇ ਇਸ ਤੋਂ ਪਿੱਛੋਂ ਔਰਤਾਂ ਦੀ ਜ਼ਿੰਦਗੀ ਹੋਰ ਜ਼ਿਆਦਾ ਰੂੜ•ੀਵਾਦੀ ਹੋ ਗਈ ਹੈ? ਕੀ ਵਾਕਈ ਐਸਾ ਹੋਇਆ ਹੈ? ਜੇ ਹੈ ਤਾਂ ਔਰਤਾਂ ਇਸ ਨਾਲ ਕਿਵੇਂ ਨਜਿੱਠ ਰਹੀਆਂ ਹਨ ਅਤੇ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ?

ਪ੍ਰਵੀਨਾ : ਜੇ ਤੁਸੀਂ ਮੈਨੂੰ ਪੁੱਛੋ, ਮੈਂ ਬੁਰਕਾ ਪਹਿਨਦੀ ਸੀ। ਪਰ ਆਪਣਾ ਬੱਚਾ ਖੋਹਣ ਤੋਂ ਬਾਅਦ ਮੈਂ ਸਾਰੇ ਮੁਜ਼ਾਹਰਿਆਂ ਅਤੇ ਜਲੂਸਾਂ 'ਚ ਸ਼ਾਮਲ ਹੋਈ ਹਾਂ। ਮੈਨੂੰ ਅਦਾਲਤਾਂ, ਜੇਲ੍ਹਾਂ ਅਤੇ ਤਸੀਹਾਂ ਕੇਂਦਰਾਂ ਵਿਚ ਜਾਣਾ ਪੈਂਦਾ ਸੀ। ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ, ਅਤੇ ਐਸੇ ਹਾਲਾਤ 'ਚ ਬੁਰਕੇ ਦੀ ਪ੍ਰਵਾਹ ਕੌਣ ਕਰੇਗਾ।

ਕੈਵੋ : ਕੀ ਤੁਸੀਂ ਸਮੱਸਿਆਵਾਂ ਬਾਰੇ ਦੱਸ ਸਕਦੇ ਹੋ, ਕੀ ਐਸੀ ਕੋਈ ਸਮੱਸਿਆ ਹੈ ਜੋ ਤੁਸੀਂ ਇਕ ਔਰਤ ਹੋਣ ਕਾਰਨ ਸੰਘਰਸ਼ ਦੌਰਾਨ ਮਹਿਸੂਸ ਕੀਤੀ?

ਪ੍ਰਵੀਨਾ : ਮੇਰੇ ਪਰਿਵਾਰ ਨੂੰ ਬਹੁਤ ਕੁਝ ਝੱਲਣਾ ਪਿਆ ਹੈ। ਮੇਰਾ ਪਤੀ ਇਕ ਕਾਰੋਬਾਰੀ ਬੰਦਾ ਸੀ। ਪਰ ਬੀਮਾਰ ਹੋਣ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਦਾ। ਮੇਰੇ ਕੁਝ ਬੱਚਿਆਂ ਦੀ ਪੜ੍ਹਾਈ ਛੁੱਟ ਗਈ। ਮੇਰੀ ਇਕ ਬੇਟੀ ਨੂੰ ਦਸਵੀਂ ਤੋਂ ਪਿੱਛੋਂ ਪੜ੍ਹਾਈ ਛੱਡਣੀ ਪਈ। ਮੇਰਾ ਇਕ ਬੇਟਾ ਮੈਡੀਕਲ ਰਿਪ੍ਰੈਜੈਂਟੇਟਿਵ ਦਾ ਕੰਮ ਕਰਦਾ ਹੈ। ਇਸ ਲਈ, ਨਿੱਜੀ ਤੌਰ 'ਤੇ ਮੈਂ ਬਹੁਤ ਕੁਝ ਝੱਲਿਆ ਹੈ।

ਕੈਵੋ : ਆਪਣੀ ਆਵਾਜ਼ ਨੂੰ ਸੁਣਾਉਣ ਅਤੇ ਜਥੇਬੰਦ ਹੋਣ 'ਚ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ?

ਪ੍ਰਵੀਨਾ : ਵਿਅਕਤੀਗਤ ਰੂਪ 'ਚ, ਮੈਂ ਆਪਣੇ ਪਰਿਵਾਰ ਬਾਰੇ ਬਹੁਤ ਚਿੰਤਤ ਹਾਂ ਕਿਉਂਕਿ ਮੇਰੇ ਤੋਂ ਉਨ੍ਹਾਂ ਨੂੰ ਬਹੁਤ ਆਸਾਂ ਹਨ। ਮੌਜੂਦਾ ਹਾਲਤ ਮੇਰੇ ਲਈ ਸਦਮੇ ਵਾਂਗ ਹੈ। ਰਾਜ ਦੀ ਅਥਾਰਟੀ ਜਾਂ ਸਰਕਾਰ ਪ੍ਰਤੀ ਮੇਰੇ ਮਨ ਵਿਚ ਬਹੁਤਾ ਸਤਿਕਾਰ ਨਹੀਂ ਹੈ ਅਤੇ ਨਾ ਹੀ ਮੈਨੂੰ ਉਨ੍ਹਾਂ 'ਚ ਯਕੀਨ ਹੈ ਨਾ ਹੀ ਮੈਂ ਕੋਈ ਲਾਹਾ ਲੈਣ ਲਈ ਉਨ੍ਹਾਂ ਨਾਲ ਸੰਪਰਕ ਕਰਦੀ ਹਾਂ। 1994 ਤੋਂ ਪਿੱਛੋਂ ਅਸੀਂ ਤੈਅ ਕੀਤਾ ਕਿ ਅਸੀਂ ਉਨ੍ਹਾਂ ਕੋਲ ਨਹੀਂ ਜਾਣਾ ਕਿਉਂਕਿ ਸਾਡੇ ਦੁੱਖ–ਮੁਸੀਬਤਾਂ ਦੇ ਜ਼ਿੰਮੇਵਾਰ ਇਹੀ ਲੋਕ ਹਨ। ਅਸੀਂ ਸਿਆਸੀ ਪਾਰਟੀਆਂ ਨਾਲ ਵੀ ਸੰਪਰਕ ਨਹੀਂ ਕਰਦੇ। ਸ੍ਰੀਨਗਰ 'ਚ ਪ੍ਰੈੱਸ ਅਤੇ ਮੀਡੀਆ ਦੀ ਸਾਡੇ ਨਾਲ ਹਮਦਰਦੀ ਹੈ ਜੋ ਸਾਡੀ ਮਦਦ ਕਰਦੇ ਹਨ।

ਕੈਵੋ : ਕੀ ਤੁਹਾਨੂੰ ਲਗਦਾ ਹੈ ਕਿ ਆਮ ਤੌਰ 'ਤੇ ਸਮਾਜ ਨੂੰ ਅਤੇ ਖ਼ਾਸ ਤੌਰ 'ਤੇ ਕਸ਼ਮੀਰੀ ਸਮਾਜ ਨੂੰ ਬਦਲਣ ਅਤੇ ਮੌਜੂਦਾ ਸੰਘਰਸ਼ ਦੇ ਸੁਭਾਅ ਨੂੰ ਬਦਲਣ 'ਚ ਔਰਤਾਂ ਦੀ ਕੋਈ ਵਿਸ਼ੇਸ਼ ਭੂਮਿਕਾ ਹੋਣੀ ਚਾਹੀਦੀ ਹੈ?

ਪ੍ਰਵੀਨਾ : ਇਕ ਮਿਸਾਲ ਲੈ ਲਉ ਕਿ ਜਦੋਂ ਔਰਤਾਂ ਜ਼ੁਲਮ ਨਾਲ ਟੱਕਰ ਲੈਣ ਲਈ ਬਾਹਰ ਨਿੱਕਲਦੀਆਂ ਹਨ ਤਾਂ ਇਸ ਨਾਲ ਮਰਦਾਂ ਨੂੰ ਵੀ ਸੁਰੱਖਿਆ ਮਿਲਦੀ ਹੈ। ਜੇ ਔਰਤਾਂ ਮੂਹਰਲੀ ਕਤਾਰ 'ਚ ਹਨ ਤਾਂ ਸੁਰੱਖਿਆ ਦਸਤੇ ਤਾਕਤ ਵਰਤਣ ਸਮੇਂ ਬਹੁਤ ਚੌਕਸੀ ਤੋਂ ਕੰਮ ਲੈਂਦੇ ਹਨ। ਜੇ ਲੜਕੇ ਮੂਹਰੇ ਹੋਣਗੇ ਤਾਂ ਪੁਲਿਸ ਉਨ੍ਹਾਂ ਨੂੰ ਅਸਾਨੀ ਨਾਲ ਗ੍ਰਿਫ਼ਤਾਰ ਕਰ ਲੈਂਦੀ ਹੈ। ਇਸ ਕਾਰਨ ਕਸ਼ਮੀਰੀ ਔਰਤਾਂ ਇਹ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਉਹ ਇਸ ਦਾ ਵਿਰੋਧ ਕਰਦੀਆਂ ਹਨ ਅਤੇ ਗ੍ਰਿਫ਼ਤਾਰ ਵਿਅਕਤੀਆਂ ਨੂੰ ਥਾਂ ਥਾਂ ਜੇਲ੍ਹਾਂ 'ਚ ਜਾ ਕੇ ਭਾਲਦੀਆਂ ਹਨ।

ਕੈਵੋ : ਕਸ਼ਮੀਰ ਦੇ ਸੰਘਰਸ਼ 'ਚ ਔਰਤਾਂ ਦੀ ਵਿਸ਼ੇਸ਼ ਹਿੱਸੇਦਾਰੀ ਨਾਲ ਕੀ ਕਸ਼ਮੀਰ ਦੇ ਆਜ਼ਾਦੀ ਦੇ ਨਜ਼ਰੀਏ 'ਚ ਕੋਈ ਤਬਦੀਲੀ ਆਏਗੀ?

ਪ੍ਰਵੀਨਾ : ਔਰਤਾਂ ਦੀ ਵਿਸ਼ਾਲ ਸ਼ਮੂਲੀਅਤ ਨਾਲ ਯਕੀਨਨ ਹੀ ਲਹਿਰ ਦੀ ਬਿਹਤਰੀ ਹੋਵੇਗੀ, ਕਿਉਂਕਿ ਨਿੱਜੀ ਤੌਰ 'ਤੇ ਔਰਤਾਂ ਨੂੰ ਵੱਧ ਮੁਸੀਬਤਾਂ ਝੱਲਣੀਆਂ ਪਈਆਂ ਹਨ। ਮਰਦਾਂ ਦੇ ਮੁਕਾਬਲੇ ਉਨ੍ਹਾਂ ਦਾ ਆਪਣੇ ਬੱਚਿਆਂ ਨਾਲ ਵੱਧ ਜਜ਼ਬਾਤੀ ਲਗਾਓ ਹੁੰਦਾ ਹੈ ਅਤੇ ਉਨ੍ਹਾਂ ਦਾ ਦਿਲ ਵੱਧ ਕੋਮਲ ਹੁੰਦਾ ਹੈ। ਉਹ ਜਨਮ ਤੋਂ ਪਹਿਲਾਂ ਬੱਚੇ ਨੂੰ ਆਪਣੇ ਪੇਟ 'ਚ ਨੌ ਮਹੀਨੇ ਪਾਲਦੀਆਂ ਹਨ। ਜੇ ਇਕ ਔਰਤ ਦੇ ਬੇਟੇ ਨੂੰ ਗੋਲੀ ਨਾਲ ਉਡਾਇਆ ਜਾਂਦਾ ਹੈ ਜਾਂ ਉਸ ਨੂੰ 'ਲਾਪਤਾ' ਕੀਤਾ ਜਾਂਦਾ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਧੱਕਾ ਲਗਦਾ ਹੈ। ਇਸ ਲਈ ਮੇਰੇ ਸਮੇਤ ਕਸ਼ਮੀਰ ਦੀਆਂ ਔਰਤਾਂ ਦਾ ਬਿਹਤਰ ਸਮਾਜ ਲਈ ਸੰਘਰਸ਼ ਜਾਰੀ ਰਹੇਗਾ।

ਕੈਵੋ : ਮੌਜੂਦਾ ਟਕਰਾਅ ਦੀ ਹਾਲਤ 'ਚ ਅਮਨ–ਅਮਾਨ ਬਹਾਲ ਕਰਨ ਵਾਲੀਆਂ ਵਜੋਂ ਔਰਤਾਂ ਦੀ ਭੂਮਿਕਾ ਬਾਰੇ ਤੁਹਾਡਾ ਕੀ ਖ਼ਿਆਲ ਹੈ?

ਪ੍ਰਵੀਨਾ : ਕਸ਼ਮੀਰ ਵਿਚ ਅੱਜ ਕੋਈ ਅਮਨ ਨਹੀਂ ਹੈ। ਅਤੇ ਅਮਨ ਦੇ ਲੰਮੇ–ਚੌੜੇ ਦਾਅਵਿਆਂ ਦੇ ਬਾਵਜੂਦ ਇਹ ਕਿਤੇ ਦਿਖਾਈ ਨਹੀਂ ਦਿੰਦਾ। ਕੁਝ ਅਮਨ ਤਦ ਹੀ ਹੋਵੇਗਾ ਅਤੇ ਮਸਲੇ ਦਾ ਨਿਬੇੜਾ ਫੇਰ ਹੀ ਹੋਵੇਗਾ ਜੇ ਬੁਨਿਆਦੀ ਮਸਲੇ ਹੱਲ ਕੀਤੇ ਜਾਂਦੇ ਹਨ। ਉਸ ਤੋਂ ਪਹਿਲਾਂ ਨਹੀਂ। ਬਾਂਦੀਪੁਰਾ ਦੀ ਇਕ ਔਰਤ ਦੀ ਮਿਸਾਲ ਲੈ ਲਉ ਜਿਸ ਦਾ ਇਕ ਤਿੰਨ ਵਰੇ ਦਾ ਬੱਚਾ ਸ਼ਹੀਦ ਹੋ ਗਿਆ ਅਤੇ ਇਕ ਬੇਟਾ 'ਲਾਪਤਾ' ਹੈ। ਉਹ ਆਪ ਬਹੁਤ ਬੀਮਾਰ ਮਹਿਸੂਸ ਕਰ ਰਹੀ ਹੈ ਅਤੇ ਥਾਂ ਥਾਂ ਡਾਕਟਰਾਂ ਕੋਲ ਇਲਾਜ਼ ਲਈ ਜਾ ਰਹੀ ਹੈ। ਸਾਡੀ ਜਥੇਬੰਦੀ ਉਸ ਨੂੰ ਸ੍ਰੀਨਗਰ ਮੈਡੀਕਲ ਕਾਲਜ ਲੈ ਕੇ ਗਈ ਜਿੱਥੇ ਉਸ ਦਾ ਇਲਾਜ਼ ਹੋ ਰਿਹਾ ਹੈ। ਉਥੇ ਉਸ ਦੇ ਜਿਗਰ ਦਾ ਮੁਆਇਨਾ ਕੀਤਾ ਗਿਆ ਜਿਸ ਤੋਂ ਪਤਾ ਲੱਗਿਆ ਕਿ ਜਿਗਰ ਉੱਪਰ ਚਾਰ ਨਿਸ਼ਾਨ ਹਨ। ਉਸ ਔਰਤ ਨੇ ਡਾਕਟਰ ਨੂੰ ਕਿਹਾ ਉਸ ਨੂੰ ਕੋਈ ਬੀਮਾਰੀ ਨਹੀਂ ਹੈ ਇਹ ਚਾਰ ਨਿਸ਼ਾਨ ਉਸ ਦੇ ਚਾਰ ਬੱਚਿਆਂ ਦੇ ਹਨ! ਸਾਡੇ ਇੱਥੇ ਕਸ਼ਮੀਰ 'ਚ ਇਕ ਦੰਦ–ਕਥਾ ਹੈ, ਇਕ ਗਾਂ ਬਾਰੇ ਜਿਸ ਨੂੰ ਸੱਤ ਵੱਛੇ ਖੋਹਣੇ ਪਏ ਸਨ। ਉਸ ਦੇ ਜਿਗਰ 'ਚ ਵੀ ਸੱਤ ਛੇਕ ਸਨ। ਇੰਞ ਇਹ ਗੱਲਾਂ ਕਿੰਨਾ ਮੇਲ ਖਾਂਦੀਆਂ ਹਨ। ਕਸ਼ਮੀਰ ਦੇ ਲੋਕ, ਖ਼ਾਸ ਤੌਰ 'ਤੇ ਔਰਤਾਂ ਐਸਾ ਮਾਨਸਿਕ ਸੰਤਾਪ ਅਤੇ ਦਰਦ ਹੰਢਾ ਰਹੀਆਂ ਹਨ। ਬੁਨਿਆਦੀ ਮਸਲੇ ਹੱਲ ਕਰਨੇ ਪੈਣਗੇ। ਅਸੀਂ ਭਾਰਤੀ ਫ਼ੌਜਾਂ ਦੇ ਕਬਜ਼ੇ ਕਾਰਨ ਘੋਰ ਸੰਤਾਪ ਦਾ ਸ਼ਿਕਾਰ ਔਰਤਾਂ ਦੇ ਨਾਲ ਖੜਦੀਆਂ ਹਾਂ, ਜਿਵੇਂ ਇਹ ਮਾਮਲਾ ਹੈ। ਤਿੰਨ ਬੇਟੇ ਮਾਰ ਦਿੱਤੇ ਜਾਣ ਅਤੇ ਇਕ ਦੇ ਲਾਪਤਾ ਹੋ ਜਾਣ ਤੋਂ ਬਾਅਦ ਕੈਂਸਰ ਨੇ ਉਸ ਦੇ ਪਤੀ ਦੀ ਜਾਨ ਲੈ ਲਈ। ਅਸੀਂ ਹਰ ਮਹੀਨੇ ਉਸ ਲਈ ਇਕ ਹਜ਼ਾਰ ਰੁਪਏ ਦੇਣ ਦਾ ਯਤਨ ਕਰ ਰਹੀਆਂ ਹਾਂ ਤਾਂ ਜੋ ਉਹ ਆਪਣਾ ਇਲਾਜ਼ ਕਰਾ ਸਕੇ।

ਕੈਵੋ : ਇਸ ਤਰ੍ਹਾਂ ਦੇ ਬੇਇੰਤਹਾ ਜ਼ੁਲਮ ਦੇ ਕਾਰਨ ਕੀ ਔਰਤਾਂ ਦਾ ਹੋਰ ਵੀ ਤਿੱਖਾ ਉਭਾਰ ਸਾਹਮਣੇ ਆਵੇਗਾ?

ਪ੍ਰਵੀਨਾ : ਐਸੇ ਬੇਇੰਤਹਾ ਜ਼ੁਲਮ ਕਾਰਨ ਅਸੀਂ ਬਹੁਤ ਰੋਹ 'ਚ ਹਾਂ। ਕੀ ਹੋਇਆ ਸਾਡੇ ਕੋਲ ਬੰਦੂਕਾਂ ਨਹੀਂ, ਅਸੀਂ ਕਸ਼ਮੀਰੀ ਔਰਤਾਂ ਭਾਰਤੀ ਫ਼ੌਜੀ ਦਸਤਿਆਂ ਉੱਪਰ ਨਿਹੱਥੀਆਂ ਹੀ ਹਮਲੇ ਕਰਾਂਗੀਆਂ।

ਅਨੁਵਾਦ :ਰਣਜੀਤ ਕੌਰ ਬੈਂਸ
ਇਸਤਰੀ ਗਰਜਨਾ' ਦਸੰਬਰ 2010 ਵਿਚੋਂ ਧੰਨਵਾਦ ਸਹਿਤ

No comments:

Post a Comment