ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, February 17, 2011

ਫੈਸ਼ਨ ਦੀ ਮੰਡੀ 'ਚ ਘਿਰਿਆ ਮਨੁੱਖ

ਲੇਖਿਕਾ ਅਮਨਦੀਪ ਕੌਰ ਦਿਓਲ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੰਜਾਬੀ ਵਿਭਾਗ ਦੇ ਖੋਜਰਥੀ ਹਨ।ਉਹ ਪੰਜਾਬ ਸਟੂਡੈਂਟਸ ਯੂਨੀਅਨ(ਪੀ.ਐੱਸ.ਯੂ) ਦੇ ਸੂਬਾ ਕਮੇਟੀ ਮੈਂਬਰ ਵੀ ਹਨ।ਗੁਲਾਮ ਕਲਮ ਨੂੰ ਉਨ੍ਹਾਂ ਨੇ ਆਪਣੀ ਪਹਿਲੀ ਰਚਨਾ ਭੇਜੀ,ਸਾਨੂੰ ਆਸ ਹੈ ਕਿ ਉਹ ਹੋਰ ਮਸਲਿਆਂ 'ਤੇ ਲਿਖਕੇ ਗੁਲਾਮ ਕਲਮ ਨੂੰ ਸਹਿਯੋਗ ਜਾਰੀ ਰੱਖਣਗੇ।-ਗੁਲਾਮ ਕਲਮ

ਹਰੇਕ ਸਮਾਜ ਵਿੱਚ ਮਨੁੱਖ ਦੀਆਂ ਕੁੱਝ ਨਾ ਕੁੱਝ ਚਾਹਤਾਂ ਜਰੂਰ ਹੁੰਦੀਆਂ ਹਨ। ਜੇਕਰ ਮਨੁੱਖ ਦੇ ਵਿੱਚ ਚਾਹਤਾਂ ਨਾ ਹੋਣ ਤਾਂ ਜ਼ਿੰਦਗੀ ਬੇ-ਮਤਲਬ ਹੋ ਜਾਂਦੀ ਹੈ। ਜਿਵੇਂ ਕਿ ਹੇਠਲੇ ਸ਼ਿਅਰ 'ਚ ਬਿਆਨ ਹੈ .......

ਕੁਛ ਤੋਂ ਬਹਾਨਾ ਚਾਹੀਏ, ਬਸ਼ਰ-ਏ-ਜਿੰਦਗੀ ਕੇ ਲੀਏ,
ਕਾਫੀ ਹੈ ਚਾਹਤ ਕਾ ਮਰ ਜਾਨਾ,ਖੁਦਕੁਸ਼ੀ ਕੇ ਲੀਏ।

ਦੂਸਰੇ ਤੋਂ ਸੋਹਣੇ ਅਤੇ ਵੱਖਰੇ ਦਿਸਣ ਦੀ ਚਾਹਤ ਵੀ ਮਨੁੱਖ ਅੰਦਰ ਸਦੀਆਂ ਤੋਂ ਪਈ ਹੈ, ਇਸੇ ਚਾਹਤ ਦੀ ਪੂਰਤੀ ਲਈ ਹਰੇਕ ਸੱਭਿਆਚਾਰ ਵਿੱਚ ਫੈਸ਼ਨ ਦੀ ਕਲਾ ਮੌਜੂਦ ਹੈ। ਫੈਸਨ ਇੱਕ ਅਜਿਹੀ ਕਲਾ ਹੈ ਜਿਸ ਦੁਆਰਾ ਮਨੁੱਖ ਨੂੰ ਸਰਵੋਤਮ ਦਿਖਾਉਣ ਲਈ ਦਿਖਾਵਾ ਕਰਦਾ ਹੈ ਚਾਹੇ ਉਹ ਪੈਸੇ ਦਾ ਹੋਵੇ ਅਤੇ ਚਾਹੇ ਸਰੀਰਕ ਬਣਤਰ ਦਾ।

ਸਾਡੇ ਕੋਲ ਵੱਖ-ਵੱਖ ਸਮਿਆਂ ਅੰਦਰ,ਵੱਖ-ਵੱਖ ਸੱਭਿਆਚਾਰ ਵਿੱਚ ਫੈਸ਼ਨ ਦੀ ਕਲਾ ਮੌਜੂਦ ਹੈ। ਫੈਸ਼ਨ ਇੱਕ ਅਜਿਹੀ ਕਲਾ ਹੈ ਜਿਸ ਦੁਆਰਾ ਮਨੁੱਖ ਖੁਦ ਨੂੰ ਸਰਵੋਤਮ ਦਿਖਾਉਣ ਲਈ ਦਿਖਾਵਾ ਕਰਦਾ ਹੈ ਚਾਹੇ ਉਹ ਪੈਸੇ ਦਾ ਹੋਵੇ ਅਤੇ ਚਾਹੇ ਸਰੀਰਕ ਬਣਤਰ ਦਾ।ਸਾਡੇ ਕੋਲ ਵੱਖ-ਵੱਖ ਸਮਿਆਂ ਅੰਦਰ, ਵੱਖ-ਵੱਖ ਸੱਭਿਆਚਾਰਾਂ ਦਾ ਵੱਖ-ਵੱਖ ਫੈਸ਼ਨ ਮੌਜੂਦ ਹੈ। ਜਿਵੇਂ ਭਾਰਤੀ ਸੱਭਿਆਚਾਰ ਅੰਦਰ ਵਿਆਹ ਸਮੇਂ ਲਾਲ ਰੰਗ ਪਹਿਨਣਾ ਫੈਸ਼ਨ ਹੈ ਅਤੇ ਪੱਛਮੀ ਸੱਭਿਅਤਾ 'ਚ ਸਫੈ ਰੰਗ ਦਾ ਫੈਸ਼ਨ ਹੈ। ਜਦੋਂ ਕਿ ਸਰੀਰ ਪੱਤਿਆਂ ਨਾਲ ਢੱਕਦੇ ਸਨ ਉਸ ਸਮੇਂ ਜਾਨਵਰ ਦੀ ਖੱਲ ਦਾ ਕੱਪੜਾ ਪਾਉਣਾ ਆਪਣੇ-ਆਪ ਵਿੱਚ ਫੈਸ਼ਨ ਸੀ, ਜਾਗੀਰਦਾਰੀ ਸਮਾਜ ਅੰਦਰ ਵੱਧ ਤੋਂ ਵੱਧ ਗਹਿਣੇ ਪਾਉਣਾ ਅਤੇ ਭਾਰੀਆਂ ਕਢਾਈਆਂ ਵਾਲੇ ਸੂਟਾਂ ਦੇ ਫੈਸ਼ਨ ਮੌਜੂਦ ਸਨ ਜੋ ਕਿ ਅੱਜ ਤੱਕ ਸਾਡੀ ਸੋਚ ਦਾ ਹਿੱਸਾ ਬਣੇ ਹੋਏ ਹਨ।

ਫੈਸ਼ਨ ਦਾ ਸਾਡੀ ਜ਼ਿੰਦਗੀ ਨਾਲ ਬਹੁਤ ਨੇੜਲਾ ਸਬੰਧ ਹੈ ਕਿਉਂਕਿ ਫੈਸ਼ਨ ਸਾਡੀਆਂ ਕੁਛ ਅਜਿਹੀਆਂ ਜਰੂਰਤਾਂ ਦੀ ਪੂਰਤੀ ਕਰਦਾ ਹੈ, ਜਿਹਨਾਂ ਦੀ ਪੂਰਤੀ ਸਮਾਜ 'ਚ ਰਹਿਣ ਲਈ ਜਰੂਰੀ ਹੈ ਪਰ ਪੂੰਜੀਵਾਦੀ ਪ੍ਰਬੰਧ ਨੇ ਫੈਸ਼ਨ ਨੂੰ ਜਦੋਂ ਤੋਂ ਆਪਣੇ ਮੁਨਾਫੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ, ਉਦੋਂ ਤੋਂ ਫੈਸ਼ਨ ਨਾਲ ਸਾਡੀ ਜਿੰਦਗੀ 'ਚ ਉਤਸ਼ਾਹ ਘੱਟ ਅਤੇ ਹੀਣਭਾਵਨਾ ਆਉਣੀ ਸ਼ੁਰੂ ਹੋ ਗਈ ਹੈ।ਔਰਤ ਅਤੇ ਮਰਦ ਦੋਹਾਂ ਅੰਦਰ ਲਿੰਗ ਭੇਦ ਹੋਣ ਕਰਕੇ ਸਮਿਆਂ ਤੋਂ ਹੀ ਖਿੱਚ ਰਹੀ ਹੈ ਅਤੇ ਔਰਤ ਅਤੇ ਮਰਦ ਦੋਹੇ ਇੱਕ-ਦੂਜੇ ਨੂੰ ਖਿੱਚਣ ਲਈ ਫੈਸ਼ਨ ਕਰਦੇ ਹਨ। ਅੱਜ ਫੈਸ਼ਨ ਦਾ ਉਸਾਰੂ ਪੱਖ ਲੱਗਭੱਗ ਖ਼ਤਮ ਹੋਣ ਦੇ ਕਰੀਬ ਹੈ, ਜਦੋਂ ਕਿ ਫੈਸ਼ਨ ਦੀ ਆਪਣੀ ਮਰਿਆਦਾ ਹੁੰਦੀ ਹੈ।

ਫੈਸ਼ਨ ਜੋ ਕਿ ਸਾਡੇ ਸੱਭਿਆਚਾਰ ਦਾ ਇੱਕ ਅਟੁੱਟ ਅੰਗ ਹੈ ਜੇਕਰ ਸੱਭਿਆਚਾਰ 'ਚ ਪਰਿਵਰਤਨ ਆਉਂਦਾ ਹੈ ਤਾਂ ਫੈਸ਼ਨ ਵਿੱਚ ਪਰਿਵਰਤਨ ਆਉਣਾ ਯਕੀਨੀ ਹੈ। ਜਮਾਤੀ ਸੱਭਿਆਚਾਰ ਅੰਦਰ ਫੈਸ਼ਨ ਵਿੱਚ ਵੀ ਜਮਾਤੀ ਹਿੱਤਾਂ ਦੀ ਪੂਰਤੀ ਕਰਦਾ ਹੈ ਜਦੋਂਕਿ ਜਮਾਤ ਰਹਿਤ ਅਤੇ ਕਬੀਲਿਆਂ ਅੰਦਰ ਫੈਸ਼ਨ ਦੀ ਹੋਂਦ ਲਗੱਭੱਗ ਨਾ-ਮਾਤਰ ਹੈ।

ਪਟਿਆਲਾ- ਸ਼ਾਂਹੀ ਸਲਵਾਰ ਅਤੇ ਨਹੁੰ ਵਧਾਉਣ ਦੀ ਪਿਰਤ ਕਾਬਜ਼ ਦੀਆਂ ਔਰਤਾ ਦੀ ਜ਼ਰੂਰਤ ਅਤੇ ਚਾਹਤ 'ਚੋਂ ਪੈਦਾ ਹੋਈ। ਆਮ ਸਲਵਾਰ ਨਾਲੋਂ ਵੱਧ ਕੱਪੜਾ ਲਾ ਕੇ ਬਣਾਈ ਭਾਰੀ ਸਲਵਾਰ ਨੂੰ ਪਟਿਆਲਾ ਸ਼ਾਹੀ ਸਲਵਾਰ ਕਹਿੰਦੇ ਹਨ ਅਤੇ ਪਟਿਆਲਾ ਦੇ ਸ਼ਾਂਹੀ ਘਰਾਣੇ ਦੀਆਂ ਔਰਤਾਂ ਨੇ ਆਮ ਔਰਤਾਂ ਤੋਂ ਖੁਦ ਨੂੰ ਅਲੱਗ ਕਰਨ ਦੀ ਚਾਹਤ 'ਚੋਂ ਇਹ ਸਲਵਾਰ ਬਣਾਉਣੀ ਸ਼ੁਰੂ ਕੀਤੀ ਅਤੇ ਜੱਜ ਇਹ ਪੂਰੇ ਸੰਸਾਰ 'ਚ ਪ੍ਰਚੱਲਿਤ ਹੈ। ਉਸੇ ਤਰ੍ਹਾਂ ਵਿਹਲੜ ਔਰਤਾ ਨੇ ਨਹੁੰ ਵਧਾ ਕੇ ਖੁਦ ਨੂੰ ਕਿਰਤੀ ਔਰਤਾਂ ਨਾਲੋਂ ਅਲੱਗ ਤਾਂ ਕੀਤਾ ਨਾਲੋਂ-ਨਾਲ ਆਪਣੇ ਆਪ ਨੂੰ ਸਰਵਸ਼੍ਰੇਠ ਦਿਖਾਇਆ ਕਿਉਂਕਿ ਕਿਰਤੀ ਔਰਤਾਂ ਦੇ ਕੰਮ ਕਾਰਨ ਨਹੁੰ ਘਸ ਜਾਂਦੇ ਹਨ। ਜਦੋਂ ਕਿ ਸਾਇੰਸ ਅਨੁਸਾਰ ਨਹੁੰ ਮਰੇ ਹੋਏ ਸੈਲ ਹੁੰਦੇ ਹਨ ਪਰ ਨਹੁੰ ਵਧਾਉਣਾ ਸਾਡੇ ਸੁੰਦਰਤਾ ਦੇ ਸੰਕਲਪ ਨਾਲ ਜੁੜ ਗਿਆ।

ਜਿਸ ਤਰ੍ਹਾਂ ਪੂੰਜੀਵਾਦ ਦਾ ਖਾਸਾ ਇਹ ਹੈ ਕਿ ਹਰੇਕ ਚੀਜ਼ ਖਰੀਦੀ ਅਤੇ ਵੇਚੀ ਜਾ ਸਕਦੀ ਹੈ ਅਤੇ ਮੁਨਾਫਾ ਕਮਾਇਆ ਜਾ ਸਕਦਾ ਹੈ। ਫੈਸ਼ਨ ਵਰਗੀ ਕਲਾ ਨੂੰ ਲੁੱਟ ਅਧਾਰਿਤ ਸਾਰੇ ਪ੍ਰਬੰਧਾਂ ਨੇ ਆਪਣੇ ਮੁਨਾਫੇ ਲਈ ਵੱਡੇ ਪੱਧਰ ਤੇ ਵਰਤਿਆ ਹੈ ਅਤੇ ਮਨੁੱਖੀ ਜਿੰਦਗੀ ਨੂੰ ਉੱਥਲ-ਪੁੱਥਲ ਕਰਕੇ ਰੱਖ ਦਿੱਤਾ ਹੈ।

ਜਦੋਂ ਦੋ ਸੱਭਿਆਚਾਰ ਇੱਕ-ਦੂਜੇ ਦੇ ਸੰਪਰਕ 'ਚ ਆਉਂਦੇ ਹਨ ਤਾਂ ਸੁਭਾਵਿਕ ਹੀ ਇੱਕ ਦੂਜੇ ਦੀਆਂ ਕੁੱਝ ਗੱਲਾਂ ਨੂੰ ਆਪਣੇ ਸੱਭਿਆਚਾਰ ਦਾ ਹਿੱਸਾ ਬਣਾ ਲੈਂਦੇ ਹਨ। ਜਿਸ ਤਰ੍ਹਾਂ ਪੰਜਾਬੀ ਸਮਾਜ 'ਚ ਸਲਵਾਰ ਮੁਸਲਮਾਨੀ ਸੱਭਿਆਚਾਰ 'ਚੋਂ ਆਈ ਪਰ ਅੱਜ ਇਹ ਪੰਜਾਬੀ ਸਮਾਜ ਦਾ ਅਟੁੱਟ ਅੰਗ ਬਣ ਚੁੱਕੀ ਹੈ। ਪਰ ਜਦੋਂ ਇਹ ਪਰਿਵਰਤਨ ਸੁਭਾਵਿਕ ਨਾ ਹੋ ਕੇ ਹਮਲਾ ਹੋਵੇ ਤਾਂ ਇਸਦੇ ਭਿਆਨਕ ਸਿੱਟੇ ਨਿਕਲਣੇ ਲਾਜ਼ਮੀ ਹਨ। ਪੂੰਜੀਵਾਦ ਦਾ ਇਹ ਸੱਭਿਆਚਾਰਕ ਹਮਲਾ ਭਾਰਤ ਅੰਦਰ ਆਪਣੀ ਮੰਡੀ ਨੂੰ ਸਥਾਪਿਤ ਕਰਨ ਲਈ ਹੋਇਆ ਹੈ ਜਿਸ ਵਿੱਚ ਉਹ ਵਿਵਿਆਪਨ ਦੀ ਕਲਾ ਨੂੰ ਵੱਡੇ ਪੱਧਰ ਤੇ ਵਰਤ ਰਹੇ ਹਨ। ਭਾਵੇਂ ਇਹ ਹਮਲਾ 1947 ਤੋਂ ਪਹਿਲਾਂ ਹੀ ਅੰਗਰੇਜਾਂ ਦੀ ਭਾਰਤ 'ਚ ਆਮਦ ਨਾਲ ਹੀ ਸ਼ੁਰੂ ਹੋ ਗਿਆ ਸੀ ਜਦੋਂ ਭਾਰਤ ਅੰਗਰੇਜਾਂ ਦੀ ਬਸਤੀ ਸੀ। ਸਭ ਤੋਂ ਪਹਿਲਾਂ ਕੂਕਿਆਂ ਨੇ ਸਵਦੇਸ਼ੀ ਲਹਿਰ ਰਾਹੀਂ ਇਸ ਹਮਲੇ ਦਾ ਵਿਰੋਧ ਕੀਤਾ, ਬਾਅਦ ਵਿੱਚ ਭਾਵੇਂ ਮਹਾਤਮਾ ਗਾਂਧੀ ਨੇ ਨਾ-ਮਿਲਵਰਤਨ ਲਹਿਰ ਚਲਾਈ। 1947 ਦੀ ਰਸਮੀ ਆਜ਼ਾਦੀ ਤੋਂ ਬਾਅਦ ਭਾਰਤ ਅਰਧ-ਬਸਤੀ ਬਣ ਗਿਆ ਜੋ ਕਿ 1991 ਦੀ ਨਵੀਂ ਆਰਥਿਕ ਨੀਤੀ ਤੋਂ ਬਾਅਦ ਨੰਗੇ-ਚਿੱਟੇ ਰੂਪ ਵਿੱਚ ਸਾਡੇ ਸਾਹਮਣੇ ਆ ਗਿਆ।

ਸਾਮਰਾਜੀ ਮੁਲਕ ਆਪਣੀਆਂ ਨੀਤੀਆਂ ਤਿੰਨ ਤਰੀਕਿਆਂ ਰਾਹੀਂ ਤੀਜੀ ਦੁਨੀਆ ਦੇ ਦੇਸ਼ਾ ਅੰਦਰ ਪਰੋਸਦੇ ਹਨ 1. ਸਿੱਧੇ ਹਮਲੇ, 2. ਰਾਜ ਪਲਟੇ 3. ਆਰਥਿਕ ਨੀਤੀਆਂ ਰਾਹੀਂ। ਭਾਰਤ ਅੰਦਰ ਵੀ ਸੱਭਿਆਚਾਰ ਤੇ ਸਭ ਤੋਂ ਤਿੱਖਾ ਹਮਲਾ 1991 ਦੀ ਆਰਥਿਕ ਨੀਤੀ ਤਹਿਤ ਵਿਸ਼ਵੀਕਰਨ ਦੇ ਸੰਕਲਪ ਰਾਹੀਂ ਕੀਤਾ। ਇਸ ਨੀਤੀ ਰਾਹੀਂ ਸਭ ਤੋਂ ਪਹਿਲਾਂ ਸੁੰਦਰਤਾ ਦਾ ਇੱਕੋ ਸੰਕਲਪ ਦਿੱਤਾ ਗਿਆ, ਅਜਿਹੀ ਕੁੜੀ 'ਜਿਸਦੀਆਂ ਹੱਡੀਆਂ ਤੇ ਮਾਸ ਨਜ਼ਰ ਨਹੀਂ ਆਉਂਦਾ' ਉਹ ਸਾਡੀ ਰੋਲ ਮਾਡਲ ਬਣਾ ਦਿੱਤੀ ਹੈ ਦੂਜੇ ਪਾਸੇ ਅਜਿਹਾ ਮੁੰਡਾ ਜੋ ਕਿ ਚੰਗੇ ਡੌਲਿਆ ਵਾਲਾ, ਸਰੀਰ ਦਾ ਪਤਲਾ ਅਤੇ ਜਿਸਦੇ ਵਾਲ ਖੜ੍ਹੇ ਹੋਣ, ਮੰਡੀ ਨੇ ਰੋਲ ਮਾਡਲ ਬਣਾ ਦਿੱਤਾ ਹੈ। ਜਦੋਂ ਕਿ ਵੱਖ-ਵੱਖ ਸੱਭਿਆਚਾਰਾਂ ਵਿੱਚ ਸੁੰਦਰਤਾ ਦੇ ਸੰਕਲਪ ਵੱਖ-ਵੱਖ ਹਨ ਜਿਵੇਂ ਆਰੀਆ ਲਈ ਔਰਤ ਦੀ ਸੁੰਦਰਤਾ ਤਿੱਖੇ ਨੱਕ, ਹਿਰਨੀ ਵਰਗੀਆਂ ਅੱਖਾਂ, ਸੁਰਖ ਬੁੱਲ, ਗੁਲਾਬੀ ਗੱਲ੍ਹਾਂ ਅਤੇ ਲੰਬੀ ਧੋਣ ਹੈ ਜਦੋਂ ਕਿ ਦ੍ਰਾਵਿੜ ਅਤੇ ਅਮਰੀਕਨ ਮੂਲ ਦੇ ਲੋਕਾਂ ਲਈ ਗੁੰਦਵੀਆਂ ਮੀਢੀਆਂ, ਘੁੰਗਰਾਲੇ ਵਾਲ, ਮੋਟੇ ਬੁੱਲ, ਸੁਡੌਲ ਅਤੇ ਗੁੰਦਵਾਂ ਸਰੀਰ ਹੈ ਅਤੇ ਮਰਦਾਂ ਲਈ ਵੀ ਸੁੰਦਰਤਾ ਦੇ ਸੰਕਲਪ ਵੱਖ-ਵੱਖ ਹਨ। ਸੁੰਦਰਤਾ ਦੇ ਇੰਨੇ ਵੱਖ-ਵੱਖ ਸੰਕਲਪ ਹੋਣ ਦੇ ਬਾਵਜੂਦ ਸੁੰਦਰਤਾ ਦਾ ਕੋਈ ਇੱਕ ਸੰਕਲਪ ਕਿਵੇਂ ਹੋ ਸਕਦਾ ਹੈ?

ਸਾਮਰਾਜੀ ਮੁਲਕਾਂ ਨੇ ਆਪਣੀਆਂ ਵਸਤਾਂ ਵੇਚਣ ਲਈ ਇਹ ਸੁੰਦਰਤਾ ਦਾ ਇੱਕ ਸੰਕਲਪ ਦਿੱਤਾ ਤਾਂ ਕਿ ਉਹਨਾਂ ਦੇ ਸੁੰਦਰਤਾ ਉਤਪਾਦ ਵੇਚੇ ਜਾ ਸਕਣ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਅਚਾਨਕ ਜਿਹੇ ਭਾਰਤੀ ਮਾਵਾਂ ਵਿਸ਼ਵ ਸੁੰਦਰੀਆਂ ਨੂੰ ਕਿੱਥੋਂ ਜੰਮਣ ਲੱਗ ਪਈਆਂ। ਅਸਲੀਅਤ ਇਹ ਹੈ ਕਿ ਜਿਸ ਦੇਸ਼ ਨੂੰ ਸਾਮਰਾਜੀਆਂ ਨੇ ਮੰਡੀ ਬਣਾਉਣਾ ਹੋਵੇ ਉਸ ਦੇਸ਼ ਦੇ ਰੋਲ ਮਾਡਲ ਨੂੰ ਚੁਣ ਕੇ ਆਪਣੇ ਸਮਾਨ ਦੀ ਮਸ਼ਹੂਰੀ ਅਤੇ ਆਪਣੇ ਮਾਲ ਨੂੰ ਵੇਚਦਾ ਹੈ।

ਅਜੋਕੇ ਫੈਸ਼ਨ ਦੇਹ ਸ਼ਿਕਾਰ ਭਾਵੇਂ ਮੁੰਡਾ ਹੋਵੇ ਅਤੇ ਭਾਵੇਂ ਕੁੜੀ ਦੋਵੇਂ ਹੋਣ, ਮੰਡੀ ਦੀ ਨਜ਼ਰ 'ਚ ਦੋਵੇਂ ਹੀ ਉਪਭੋਗੀ ਹਨ।ਪਰ ਔਰਤ ਦਾ ਸਬੰਧ ਫੈਸ਼ਨ ਨਾਲ ਸਭ ਤੋਂ ਨੇੜੇ ਦਾ ਬਣਾ ਦਿੱਤਾ ਹੇ ਅਤੇ ਸਮਾਜਿਕ ਤੌਰ ਤੇ ਵੀ ਔਰਤ ਫੈਸ਼ਨ ਆਪਣੀ ਹੋਂਦ ਨੂੰ ਜਤਾਉਣ ਲਈ ਕਰਦੀ ਹੈ।ਮੰਡੀ ਨੇ ਔਰਤ ਦੀ ਇਸ ਕਮਜੋਰੀ ਨੁੰ ਵਰਤਦਿਆਂ ਔਰਤ ਨੂੰ ਇਕ ਵਸਤੂ ਬਣਾ ਕੇ ਰੱਖ ਦਿੱਤਾ ਹੈ ਜਿਸਨੂੰ ਉਹ ਆਪਣੇ ਕਿਸੇ ਵੀ ਪ੍ਰੋਡਕਟ ਨਾਲ ਖੜ•ਾ ਕਰਕੇ ਮਸ਼ਹੂਰੀ ਕਰਦੇ ਹਨ ਅਤੇ ਮੁਨਾਫਾ ਕਮਾਉਂਦੇ ਹਨ। ਸ਼ਰਾਬ,ਮੋਟਰਸਾਈਕਲ, ਨਹੁੰ ਪਾਲਿਸ਼ , ਲਿਪਸਟਿਕ, ਸੀਮੇਂਟ, ਇਲਵਰਟਰ , ਸ਼ਰਫ, ਸਾਬੁਣ, ਕਰੀਮ, ਤੇਲ ਆਦਿ ਸਭ ਦੀ ਮਸ਼ਹੂਰੀ ਔਰਤ ਰਾਹੀਂ ਕਰਵਾਈ ਜਾਂਦੀ ਹੈ ਅਤੇ ਮਰਦ ਵੀ ਇਸਤੋਂ ਅਛੂਤੇ ਨਹੀਂ ਹਨ।

ਫੈਸ਼ਨ ਦੇ ਨਾਂ 'ਤੇ ਸਾਡੇ ਖਾਣ-ਪੀਣ, ਰਹਿਣ-ਸਹਿਣ 'ਤੇ ਡਾਕਾ ਮਾਰਿਆ ਜਾ ਰਿਹੈ। ਫਾਸਟ ਫੂਡ ਅਤੇ ਜੰਕ ਫੂਡ ਜੋ ਕਿ ਯੂਰਪ ਦੀ ਭੱਜ ਨੱਠ ਦੀ ਜ਼ਿੰਦਗੀ 'ਚੋ ਪੈਦਾ ਹੋਇਆ ਭੋਜਨ ਹੈ, ਭਾਰਤ ਅੰਦਰ ਫੈਸ਼ਨ ਦੇ ਨਾਂ ਤੇ ਵੇਚਿਆ ਜਾ ਰਿਹੈ। ਭਾਰਤ ਦੀਆਂ ਭੂਗੋਲਿਕ ਹਾਲਤਾਂ ਦੇ ਅਨੁਕੂਲ ਨਾ ਹੋਣ ਕਾਰਨ ਇਹ ਭੋਜਨ ਅੱਜ ਭਾਰਤੀਆ ਦੀ ਸਿਹਤ ਮਾਰ ਕਰ ਰਿਹੈ। ਇਸ ਤਰ੍ਹਾਂ ਜੀਨਸ ਵੀ ਯੂਰਪ ਦੀਆਂ ਭੂਗੋਲਿਕ ਹਾਲਤਾਂ ਤੇ ਪੂੰਜੀਵਾਦ ਪ੍ਰਬੰਧ 'ਚੋ ਪੈਦਾ ਹੋਇਆ ਕੱਪੜਾ ਹੈ ਪਰ ਭਾਰਤ ਅੰਦਰ ਮਲਟੀ- ਨੈਸ਼ਨਲ ਕੰਪਨੀਆਂ ਟਰੇਡ-ਫੂਡ ਅਤੇ ਜੀਨਸ ਦੋਵੇਂ ਲੋੜ ਵਿੱਚੋਂ ਨਹੀਂ ਬਲਕਿ ਜਿੰਦਗੀ ਵਿੱਚ ਫੈਸ਼ਨ ਦੇ ਨਾਂ ਤੇ ਸ਼ਾਮਿਲ ਕੀਤੇ ਹਨ।

ਕੇਬਲ ਟੀਵੀ ਰਾਹੀਂ ਏਕਤਾ ਕਪੁਰ ਦੇ ਜਿੰਨੇ ਵੀ 'ਕੱਕੇ' ਦੇ ਨਾਂ ਤੋਂ ਸ਼ੁਰੂ ਹੁੰਦੇ ਸੀਰੀਅਲ ਆਮ ਲੋਕਾਂ ਦੇ ਘਰਾਂ 'ਚ ਅਜਿਹਾ ਸੱਭਿਆਚਾਰ ਪ੍ਰਚਾਰ ਰਹੇ ਹਨ ਜਿਹਨਾਂ ਦਾ ਆਮ ਲੋਕਾ ਨਾਲ ਨੇੜੇ-ਤੇੜੇ ਦਾ ਸਬੰਧ ਨਹੀਂ, ਅਮੀਰ ਹੋਣ ਦੇ ਨਵੇਂ-ਨਵੇਂ ਤਰੀਕੇ ਪੇਸ਼ ਕੀਤੇ ਜਾਂਦੇ ਹਨ ਜੋ ਆਮ ਲੋਕਾਂ ਨੁੰ ਸੰਘਰਸ਼ ਤੋਂ ਦੂਰ ਲੈ ਜਾ ਰਹੇ ਹਨ।ਫੈਸ਼ਨ ਦਾ ਸਬੰਧ ਭਾਸ਼ਾ ਨਾਲ ਵੀ ਜੁੜ ਚੁੱਕਾ ਹੈ। ਅੰਗਰੇਜ਼ੀ ਭਾਸ਼ਾ ਦੀ ਵਰਤੋਂ ਅੱਜ ਦਾ ਫੈਸ਼ਨ ਹੈ,ਜੋ ਇਹ ਭਾਸ਼ਾ ਨਹੀਂ ਵਰਤਦੇ ਉਹਨਾਂ ਨੁੰ ਪੇਂਡੂ ਜਾਂ ਹੀਣਾ ਦਿਖਾਇਆ ਜਾਂਦਾ ਹੈ।

ਸਾਡਾ ਸੰਗੀਤ, ਸਾਡੀ ਗਾਇਕੀ 'ਚ ਖਪਤ ਸੱਭਿਆਚਾਰ ਦੀ ਪੇਸ਼ਕਾਰੀ ਕਰਨਾ ਵੀ ਫੈਸ਼ਨ ਹੈ। ਇਹ ਗਾਇਕੀ ਵੀ ਮੰਡੀ ਦੇ ਦ੍ਰਿਸ਼ ਤੋਂ ਹੀ ਬੋਲਦੀ ਹੈ ਅਤੇ ਇਸਦੀ ਵੀਡੀਓ ਵਿੱਚ ਵੀ ਔਰਤ ਨੂੰ ਕੇਂਦਰ 'ਚ ਰੱਖ ਕੇ ਮੁਨਾਫਾ ਖੱਟਿਆ ਜਾਂਦਾ ਹੈ। ਜਿੱਥੇ ਗਾਇਕੀ ਚੋਂ ਪਹਿਲਾ ਸੁਹਜ ਝਲਕਦਾ ਸੀ, ਅੱਜ ਖਪਤ ਸੱਭਿਆਚਾਰ ਦੀ ਪੇਸ਼ਕਾਰੀ ਹੈ। ਨਮੂਨਾ ਦੇਖੋ:

ਗੇੜਾ ਦੇ-ਦੇ ਨੀ ਮੇਲਣੇ ਗਾਗਰ ਵਰਤੀ ਤੂੰ
ਅਤੇ ਅੱਜ
ਗੇੜਾ ਦੇ-ਦੇ ਨੀ ਮੇਲਣੇ ਬੋਤਲ ਵਰਗੀ ਤੂੰ


ਬੋਤਲ ਦਾ ਸਬੰਧ ਸ਼ਰਾਬ ਨਾਲ ਹੈ ਅਤੇ ਸ਼ਰਾਬ ਵਾਂਗ ਔਰਤ ਵੀ ਭੋਗਣ ਵਾਲੀ ਵਸਤੂ ਹੈ ਤੇ ਦੂਜੇ ਪਾਸੇ ਇਹ ਗੀਤ ਔਰਤ ਦੇ ਸਾਈਜ਼ ਦੀ ਵੀ ਗੱਲ ਕਰਦਾ ਹੈ। ਇਸ ਲਈ ਫੈਸ਼ਨ ਦੇ ਨਾਂ ਹੇਠ ਸਾਡੇ 'ਤੇ ਖਪਤ ਸੱਭਿਆਚਾਰ ਥੋਪਿਆ ਜਾ ਰਿਹਾ ਹੈ।ਇਸ ਖਪਤ ਸੱਭਿਆਚਾਰ ਨੇ ਵੱਖ-ਵੱਖ ਸੱਭਿਆਚਾਰਾਂ ਦੇ ਨਾਇਕਾਂ ਦਾ ਅਕਸ ਵੀ ਆਪਣੇ ਮੁਨਾਫਿਆਂ ਲਈ ਖਰਾਬ ਕਰਕੇ ਰੱਖ ਦਿੱਤਾ ਹੈ। ਜਿਵੇਂ ਭਾਰਤ ਦੇ ਨਾਇਕ ਸ਼ਹੀਦ ਭਗਤ ਸਿੰਘ ਅਤੇ ਲਾਤੀਨੀ ਅਮਰੀਕਾ ਦੇ ਨਾਇਕ ਚੀ-ਗੁਵੇਰਾ ਨੂੰ ਸ਼ਰਾਬ ਦੀਆਂ ਬੋਤਲਾਂ ਤੱਕ ਵੀ ਵਰਤਿਆ ਜਾ ਰਿਹਾ ਹੈ। ਇਸ ਲਈ ਮੰਡੀ ਦਾ ਮਕਸਦ ਮੁਨਾਫੇ ਲਈ ਕਿਸੇ ਵੀ ਚੀਜ਼ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਹੈ ਨਾ ਕਿ ਜ਼ਿੰਦਗੀ ਨੂੰ ਕੋਈ ਬਦਲ ਦਾ ਪਰਿਵਰਤਨ ਦੇਣਾ।

ਬਾਜ਼ਾਰੂ ਸੱਭਿਆਚਾਰ ਨੂੰ ਸੱਭਿਆਚਾਰਕ ਉਦਯੋਗ ਵਜੋਂ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਅਤੇ ਸੱਭਿਆਚਾਰ ਨੂੰ ਵੀ ਦੋ ਰੂਪਾਂ 'ਚ ਵੰਡਿਆ ਜਾ ਸਕਦਾ ਹੈ। 1. ਲੋਕ ਸੱਭਿਆਚਾਰ 2. ਪਾਪੂਲਰ ਸੱਭਿਆਚਾਰਲੋਕ ਸੱਭਿਆਚਾਰ ਲੋਕ-ਲੋੜਾਂ 'ਚੋਂ ਪੈਦਾ ਹੁੰਦਾ ਹੈ ਅਤੇ ਪਾਪੂਲਰ ਸੱਭਿਆਚਾਰ ਲੋਕ-ਲੋੜਾਂ 'ਚੋਂ ਪੈਦਾ ਨਾ ਹੋ ਕੇ ਕਾਬਜ਼ ਜਮਾਤਾਂ ਦੀਆਂ ਲੋੜਾਂ ਚੋਂ ਪੈਦਾ ਹੁੰਦਾ ਹੈ। ਅਜਿਹਾ ਸੱਭਿਆਚਾਰ ਲੋਕਾਂ ਦੇ ਹੱਕਾਂ, ਉਮੰਗਾਂ ਅਤੇ ਜਰੂਰਤਾਂ ਦੀ ਤਰਜਮਾਨੀ ਨਾ ਕਰਦਾ ਹੋਇਆ, ਲੋਕ ਪੱਖੀ ਤਬਦੀਲੀ ਦੇ ਰਾਹ ਵਿੱਚ ਰੋੜਾ ਬਣਦਾ ਹੈ।

ਮੰਡੀ ਨੇ ਫੈਸ਼ਨ ਦੇ ਉਸਾਰੂ ਪੱਖ ਨੂੰ ਖਤਮ ਕਰਕੇ ਖਪਤ ਸੱਭਿਆਚਾਰ ਦਾ ਹਿੱਸਾ ਬਣਾ ਦਿੱਤਾ ਹੈ। ਜਿੰਨੀ ਦੇਰ ਤੱਕ ਅਸੀਂ ਇਸ ਸੱਭਿਆਚਾਰ ਦੇ ਬਦਲ ਵਜੋ ਇੱਕ ਉਸਾਰੂ ਸੱਭਿਆਚਾਰ ਨਹੀਂ ਸਥਾਪਿਤ ਕਰਦੇ, ਉਨੀ ਦੇਰ ਤੱਕ ਮੰਡੀ ਦੇ ਇਸ ਵਰਤਾਰੇ ਨੂੰ ਠੱਲ ਪਾਉਣੀ ਔਖੀ ਹੈ। ਸਾਨੂੰ ਲੋਕ-ਲਹਿਰਾਂ ਦਾ ਹਿੱਸਾ ਬਣਦੇ ਹੋਏ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਤਾ ਹੀ ਇੱਕ ਚੰਗਾ ਸੱਭਿਆਚਾਰ ਸਿਰਜਿਆ ਜਾ ਸਕਦਾ ਹੈ।

ਅਮਨਦੀਪ ਕੌਰ ਦਿਓਲ
ਖੋਜਰਥੀ,ਪੰਜਾਬੀ ਯੂਨੀਵਰਸਿਟੀ ਪਟਿਆਲਾ

No comments:

Post a Comment