ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Tuesday, February 15, 2011

ਦੂਰੋਂ ਡਿੱਠੇ ਡਾ. ਸਤਿੰਦਰ ਨੂਰ

ਸ਼ਬਦੀ ਅਲਵਿਦਾ
ਪੱਤਰਕਾਰ ਨੇ ਚੋਰ,ਠੱਗ,ਵਿਦਰੋਹੀ,ਵਿਦਵਾਨ,ਸਿਆਸਤਦਾਨ ਸਭ ਦੇ ਘਰ ਜਾਣਾ ਹੁੰਦਾ ਹੈ,ਇਹ ਹੱਕ ਉਸਨੂੰ ਉਸਦਾ ਪੇਸ਼ਾ ਦਿੰਦਾ ਹੈ,ਪਰ ਉਸ ਨੇ ਕਿਸ ਨਾਲ ਕਿਸ ਤਰ੍ਹਾਂ ਦਾ ਰਿਸ਼ਤਾ ਰੱਖਣਾ ਹੈ,ਇਹ ਉਸਦੀ ਨਿਜੀ ਜਾਂ ਸਿਆਸੀ ਰੁਚੀ 'ਤੇ ਨਿਰਭਰ ਕਰਦਾ ਹੈ।

ਦਿੱਲੀ 'ਚ ਮੇਰਾ ਪੱਤਰਕਾਰੀ ਦੇ ਪਿਛਲੇ 4 ਸਾਲਾਂ ਅੰਦਰ ਇਨ੍ਹਾਂ ਸਾਰੀਆਂ ਕੈਟਾਗਿਰੀਆਂ ਦੇ ਲੋਕਾਂ ਨਾਲ ਦੂਰ ਨੇੜੇ ਦਾ ਵਾਹ ਰਿਹਾ ਹੈ।ਸਾਹਿਤ ਤੇ ਗਿਆਨ ਨਾਲ ਦੂਰ ਦਾ ਰਿਸ਼ਤਾ ਸੀ ਤੇ ਹੈ,ਪਰ ਸੂਚਨਾ ਮਜ਼ਬੂਰੀਵੱਸ ਰੱਖਣੀ ਪੈਂਦੀ ਹੈ।ਹੌਲੀ ਹੌਲੀ ਦਿੱਲੀ 'ਚ ਸਾਹਿਤਕ,ਸਿਆਸੀ ਤੇ ਗਿਆਨ ਦੀਆਂ ਗਲੀਆਂ ਨਾਲ ਵਾਹ ਪਿਆ।ਮੈਂ ,ਜਿਹੜਾ ਸਿਰਫ ਕਵਿਤਾ,ਕਹਾਣੀਆਂ,ਨਾਵਲਾਂ ਆਦਿ ਦੀਆਂ ਕਿਤਾਬਾਂ ਦੇ ਸਿਰਫ ਵਰਕੇ ਫਰੋਲਣ ਜਾਣਦਾ ਸੀ,ਉਨ੍ਹਾਂ 'ਚ ਥੋੜ੍ਹੀ ਬਹੁਤੀ ਰੁਚੀ ਲੈਣ ਲੱਗਿਆ।

ਡਾ. ਸਤਿੰਦਰ ਨੂਰ ਬਾਰੇ ਪੰਜਾਬੀ ਯੂਨੀਵਰਸਿਟੀ ਬੈਠੇ ਨੇ ਥੋੜ੍ਹਾ ਬਹੁਤ ਸੁਣਿਆ ਸੀ।ਦਿੱਲੀ ਆਉਣ ਤੋਂ ਲਗਭਗ ਸਾਲ ਕ ਬਾਅਦ ਨਾਵਲਕਾਰ ਨਾਨਕ ਸਿੰਘ 'ਤੇ ਕੋਈ ਪ੍ਰੋਗਰਾਮ ਬਣਾ ਰਹੇ ਸੀ,ਮੈਂ ਡਾ .ਸਤਿੰਦਰ ਨੂਰ ਨੂੰ ਫੋਨ ਖੜਕਾਇਆ।ਮੈਂ ਕਿਹਾ ਡਾ. ਸਾਹਿਬ,ਨਾਨਕ ਸਿੰਘ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਸੀ,ਕਹਿੰਦੇ ਆਜਾ ਘਰ ਹੀ ਹਾਂ।ਇਹ ਪਹਿਲੀ ਮੁਲਾਕਾਤ ਸੀ,ਮੈਂ ਇਕ ਸਾਹਿਤਕ ਵਿਸ਼ੇ 'ਤੇ ਇਕ ਸਾਹਿਤਕਾਰ ਨੂੰ ਪੱਤਰਕਾਰਾਂ ਵਰਗੇ ਸਵਾਲ ਕੀਤੇ।ਕੈਮਰੇ ਤੇ ਲਾਈਟ ਸਾਹਮਣੇ ਡਾ.ਨੂਰ ਨਾਨਕ ਸਿੰਘ 'ਤੇ ਬੋਲਦੇ ਰਹੇ।ਕੈਮਰਾ ਤੇ ਲਾਈਟ ਬੰਦ ਹੋਣ ਤੋਂ ਬਾਅਦ ਜਦੋਂ ਮਹੌਲ ਥੋੜ੍ਹਾ ਜਿਹਾ ਸਹਿਜ ਹੋਇਆ ਤਾਂ ਮੇਰੀਆਂ ਪਿੰਡ ਤੋਂ ਲੈ ਕੇ ਉਦੋਂ ਤੱਕ ਦੇ ਸਫਰ ਦੀਆਂ ਮੋਟੀਆਂ ਮੋਟੀਆਂ ਗੱਲਾਂ ਹੋਈਆਂ।ਮੈਂ ਪਿੰਡ ਦੱਸਿਆ ਤਾਂ ਕਹਿੰਦੇ,ਤੂੰ ਤਾਂ ਮਲਵਈ ਐਂ ਯਾਰ।ਤੇਰੀ ਬੋਲੀ ਦੇਖ ਕੇ ਮੈਂ ਹਿਸਾਬ ਲਾ ਲਿਆ ਸੀ,ਕਿ ਤੂੰ ਸਾਡੇ ਇਲਾਕੇ ਦਾ ਬੰਦਾ ਲੱਗਦੈਂ।ਉਸਤੋਂ ਬਾਅਦ ਉਨ੍ਹਾਂ ਦੀ ਪਾਸ਼ ਬਾਰੇ ਸਮਝ ਤੇ ਯਾਰੀ ਦੋਸਤੀਆਂ ਦੀਆਂ ਗੱਲਾਂ ਹੋਈਆਂ।ਭੂਤਵਾੜੇ ਦੇ ਇਤਿਹਾਸ ਨੂੰ ਫਰੋਲਦੇ ਰਹੇ।ਪੰਜਾਬ 'ਚ ਮੌਜੂਦਾ ਭੂਤਵਾੜੇ ਬਣਨ ਜਾਂ ਨਾ ਬਣਨ ਦੀਆਂ ਸੰਭਾਵਨਾਵਾਂ ਦੇ ਗੱਲਾਂ ਕਰਦੇ ਰਹੇ।ਇਸੇ ਦੌਰਾਨ ਚਾਹ ਪੀਂਦੇ-ਪੀਂਦੇ ਮੈਨੂੰ ਕਹਿੰਦੇ,ਤੂੰ ਤਾਂ ਖਾਸਾ ਕੁਝ ਜਾਣਦਾ ਹੈਂ ਯਾਰ ਸਾਹਿਤਕਾਰਾਂ ਬਾਰੇ।ਮੈਂ ਕਿਹਾ,ਜੇ ਮੈਂ ਖਾਸਾ ਕੁਝ ਜਾਣਦਾ ਹਾਂ,ਤਾਂ ਖਾਸਾ ਕੁਝ ਜਾਨਣ ਵਾਲਿਆਂ ਨੂੰ ਮੁੜ ਪ੍ਰਭਾਸ਼ਿਤ ਕਰਨਾ ਪਵੇਗਾ।ਉਹ ਬੜਾ ਹੱਸੇ।ਇਸ ਪਹਿਲੀ ਮੁਲਾਕਾਤ ਦੀ ਮਿਲਣਸਾਰਤਾ ਤੇ ਪਿਆਰ ਸੀ ਜਿਹਨੇ ਡਾ. ਨੂਰ ਲਈ ਮੇਰੇ ਦਿਲ 'ਚ ਹਮੇਸ਼ਾ ਥਾਂ ਰੱਖੀ।ਉਹ ਸਾਦਾ ਤੇ ਮਿਲਾਪੜਾ ਵਿਦਵਾਨ ਸੀ।ਮੈਂ ਆਮ ਤੌਰ 'ਤੇ ਵੇਖਦਾ ਹਾਂ,ਕਿ ਜਿਹਨੂੰ ਚਾਰ ਗੱਲਾਂ ਪਤਾ ਹੋਣ,ਉਹ ਸਾਦਗੀ,ਸਧਾਰਨਤਾ ਤੇ ਜਨਤਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੰਦਾ ਹੈ।ਇਸੇ ਲਈ ਮੈਨੂੰ ਬਹੁਤੇ ਬੁੱਧੀਜੀਵੀ "ਆਧੁਨਿਕ ਬ੍ਰਹਮਣ" ਲੱਗਦੇ ਹਨ।

ਇਸਤੋਂ ਬਾਅਦ ਭਾਵੇਂ ਮੈਂ ਫੋਨ ਕਰਨਾ ਜਾਂ ਉਨ੍ਹਾਂ ਦਾ ਫੋਨ ਆਉਣਾ,ਮਸਲਾ ਸਾਹਿਤ ਹੀ ਹੁੰਦਾ ਸੀ।ਕਦੇ ਮੈਨੂੰ ਕੋਈ ਬਾਈਟ(ਛੋਟੀ ਇੰਟਰਵਿਊ) ਚਾਹੀਦੀ ਹੁੰਦੀ ਤੇ ਕਦੇ ਉਹ ਪਾਕਿਸਤਾਨ ਵਾਲੇ ਫਖ਼ਰ ਜ਼ਮਾਨ ਆਏ ਤੋਂ ਪ੍ਰੈਸ ਕਲੱਬ ਆਫ ਇੰਡੀਆ ਬੁਲਾ ਲੈਂਦੇ।ਕੁਝ ਗੱਲਾਂ ਜਿਹੜੀਆਂ ਉਹ ਮੇਰੇ ਨਾਲ ਸ਼ੁਰੂਆਤੀ ਦਿਨਾਂ 'ਚ ਕਰਦੇ ਰਹੇ,ਉਹ ਮੈਨੂੰ ਹਮੇਸ਼ਾ ਮਹੱਤਵਪੂਰਨ ਲੱਗਦੀਆਂ ਨੇ।ਪਹਿਲੀ ਮੁਲਾਕਾਤ ਵਾਲੇ ਦਿਨ ਹੀ ਉਨ੍ਹਾਂ ਮੇਰਾ ਪੱਤਰਕਾਰੀ 'ਚੋਂ ਸਾਹਿਤ ਦੀ ਖ਼ਤਮ ਹੁੰਦੀ ਥਾਂ ਵੱਲ ਧਿਆਨ ਦਵਾਇਆ ਸੀ ਤੇ ਬਾਅਦ 'ਚ ਵੀ ਗੱਲਬਾਤ ਕਰਦੇ ਰਹੇ।ਖਾਸ ਕਰ ਮੇਰਾ ਜੁੜਾਅ ਟੀ.ਵੀ ਪੱਤਰਕਾਰੀ ਨਾਲ ਹੋਣ ਕਾਰਨ ਉਹ ਮੁੱਖ ਧਾਰਾਈ ਟੈਲੀਵੀਜ਼ਨ 'ਚੋਂ ਸਾਹਿਤ ਨੂੰ ਕੰਨ੍ਹੀ 'ਤੇ ਧੱਕਣ ਦੀ ਗੱਲ ਅਕਸਰ ਕਰਦੇ ਸਨ।ਉਨ੍ਹਾਂ ਦਾ ਮੰਨਣਾ ਸੀ ਕਿ ਸਿਰਜਨਾ ਤੋਂ ਬਿਨਾਂ ਸਮਾਜ ਅਧੂਰਾ ਹੁੰਦਾ ਹੈ ਤੇ ਟੈਲੀਵੀਜ਼ਨ ਵਰਗੇ ਪ੍ਰਭਾਵਸ਼ਾਲੀ ਮਾਸ ਮੀਡੀਆ 'ਚੋਂ ਸਿਰਜਨਾ ਨੂੰ ਧੱਕਣਾ ਇਕ ਖਤਰਨਾਕ ਰੁਝਾਨ ਹੈ।ਜਦੋਂ ਟੀ.ਵੀ ਤੇ ਸਾਹਿਤ ਬਾਰੇ ਸਿਧਾਂਤਕ ਸਮਝ ਸਮਝ ਜ਼ੀਰੋ ਹੋਵੇ ਤਾਂ ਗੱਲਾਂ ਤੁਹਾਡੇ ਲਈ ਬਹੁਤ ਮਾਅਨੇ ਰੱਖਦੀਆਂ ਹਨ।ਤੁਹਾਨੂੰ ਚੀਜ਼ਾਂ ਬਰੀਕੀ ਨਾਲ ਘੋਖਣ ਤੇ ਸਮਝਣ ਲਈ ਨਜ਼ਰੀਆ ਦਿੰਦੀਆਂ ਹਨ।

ਇਕ ਦਿਨ ਡਾ.ਨੂਰ ਦੀਆਂ ਰਾਤ 8-8:30 ਦੇ ਲਗਭਗ ਮੇਰੇ ਫੋਨ 'ਤੇ 3-4 ਮਿਸ ਕਾਲਾਂ।ਇਹ ਉਹ ਦਿਨ ਸਨ,ਜਦੋਂ ਭਾਰਤ-ਅਮਰੀਕਾ ਪ੍ਰਮਾਣੂ ਕਰਾਰ ਦੇ ਮਸਲੇ 'ਤੇ ਯੂ.ਪੀ.ਏ. ਸਰਕਾਰ ਡਾਵਾਂਡੋਲ ਸੀ।ਪੂਰਾ ਮੀਡੀਆ ਸਰਕਾਰ ਡਿੱਗਣ ਤੇ ਬਚਣ ਦੀਆਂ ਖਬਰਾਂ ਦੇ ਨਾਲ ਸੀਟਾਂ ਵਧਣ ਘਟਣ ਦੀਆਂ ਸਿਆਸੀ ਤਿਕੜਮਾਂ ਦਿਖਾ ਰਿਹਾ ਸੀ।ਮੈਂ ਆਪਣੀ ਸਮਰੱਥਾ ਮੁਤਾਬਕ ਚੈਨਲ ਦੇ ਨਿਊਜ਼ ਡੈਕਸ ਤੋਂ ਗੁੱਝੀਆਂ ਸਿਆਸੀ ਰਮਜ਼ਾਂ 'ਤੇ ਟਿੱਪਣੀਆਂ ਕਰਦਿਆਂ ਖ਼ਬਰਾਂ ਦਾ ਵਿਸ਼ਲੇਸ਼ਨ ਕਰ ਰਿਹਾ ਸੀ।ਮੈਂ ਪ੍ਰਮਾਣੂ ਕਰਾਰ ਦੇ ਮਸਲੇ 'ਤੇ ਸੰਸਦੀ ਖੱਬਿਆਂ ਦੀ ਸੱਜੇਸ਼ਾਹੀ ਤੇ ਸੰਸਦੀ ਧਾਰਾ ਤੋਂ ਬਾਹਰ ਵਿਚਰਦੇ ਖੱਬਿਆਂ ਦੀ ਪ੍ਰਮਾਣੂ ਮਸਲੇ ਬਾਰੇ ਸਮਝ ਨੂੰ ਪੇਸ਼ ਕਰਕੇ ਦੋਵਾਂ ਦਾ ਫਰਕ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ।ਖੱਬੇ ਉਸੇ ਯੂ.ਪੀ.ਏ. ਨਾਲ ਐਨਾ ਸਮਾਂ ਕਿਉਂ ਰਹੇ,ਜਦੋਂ ਕਿ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਸਮਝੌਤੇ ਦਾ ਮਸੌਦਾ ਬਹੁਤ ਪਹਿਲਾਂ ਤਿਆਰ ਹੋ ਚੁੱਕਿਆ ਸੀ।ਸੰਸਦੀ ਧਾਰਾ ਤੋਂ ਬਾਹਰਲੇ ਖੱਬੇ ਮੁੱਖ ਧਾਰਾ 'ਚ ਮਸਲਾ ਆਉਣ ਤੋਂ ਪਹਿਲਾਂ ਸਰਗਰਮ ਕਿਉਂ ਨਹੀਂ ਹੋਏ .?ਦੇਸ਼ ਦੇ ਵੱਡੇ ਸਰਮਾਏਦਾਰ ਮਨਮੋਹਨ ਸਿੰਘ ਨੂੰ ਵਾਰ ਵਾਰ ਆ ਕੇ ਕਿਉਂ ਮਿਲ ਰਹੇ,ਇਸ 'ਤੇ ਗੱਲਬਾਤ ਹੋ ਰਹੀ ਸੀ।ਗੱਲਬਾਤ ਖ਼ਤਮ ਹੋਣ ਬਾਅਦ ਫੋਨ ਦੇਖਿਆ ਤਾਂ ਡਾ.ਨੂਰ ਦੀਆਂ ਮਿੱਸ ਕਾਲਾਂ..ਮੈਂ ਫੋਨ ਲਾਇਆ,ਡਾ. ਸਾਹਿਬ ਦਾ ਪਹਿਲਾ ਵਾਕ ਸੀ..ਸ਼ਾਬਾਸ਼ ਯਾਦਵਿੰਦਰ ਸ਼ਾਬਾਸ਼..ਚੰਗਾ ਵਿਸ਼ਲੇਸ਼ਨ ਸੀ।ਮੈਂ ਕਿਹਾ ਡਾ. ਸਾਹਿਬ ਜਿੰਨਾ ਕ ਸਪੇਸ ਮਿਲਦਾ ਹੈ,ਬੱਸ ਗੱਲ ਕਹਿਣ ਦੀ ਕੋਸ਼ਿਸ਼ ਕਰੀਦੀ ਹੈ।ਕਹਿੰਦੇ ਯਾਰ ਨਹੀਂ..ਖੱਬੇ ਸਭ ਦੀ ਖਬਰ ਲੈਂਦੇ ਨੇ,ਇਨ੍ਹਾਂ ਦੀ ਖ਼ਬਰ ਲੈਣ ਵਾਲਾ ਵੀ ਕੋਈ ਹੋਣਾ ਚਾਹੀਦਾ ਹੈ।ਸੱਚੀਂ ਤੂੰ ਤੱਥ ਅਧਾਰਤ ਚੰਗਾ ਵਿਸ਼ਲੇਸ਼ਨ ਕੀਤਾ ਹੈ।ਮੇਰਾ ਖਿਆਲ ਹੈ ਸ਼ਾਇਦ ਉਹ ਪੰਜਾਬ 'ਚ ਕਿਸੇ ਮਿੱਤਰ ਦੇ ਘਰ ਬੈਠੇ ਟੀ.ਵੀ. ਵੇਖ ਰਹੇ ਸੀ।ਡਾ. ਨੂਰ ਜਿਹੇ ਬੰਦੇ ਵਲੋਂ ਹੌਂਸਲਾ ਮਿਲਣਾ ਤੁਹਾਨੂੰ ਕੁਝ ਨਵਾਂ ਸਿੱਖਣ ਤੇ ਮਿਹਨਤ ਲਈ ਪ੍ਰੇਰਦਾ ਹੈ।

ਦਿੱਲੀ 'ਚ ਭਾਪਾ ਪ੍ਰੀਤਮ ਜੀ ਦੀ ਯਾਦ 'ਚ ਹੁੰਦੇ ਸਲਾਨਾ ਸਾਹਿਤਕ ਪ੍ਰੋਗਰਾਮ '"ਧੁੱਪ ਦੀ ਮਹਿਫਲ" 'ਚ ਮੈਂ ਚਾਰ ਸਾਲਾਂ 'ਚੋਂ ੩ ਵਾਰ ਗਿਆ ਹਾਂ।ਤਿੰਨੇ ਵਾਰ ਡਾ. ਨੂਰ ਮਿਲੇ ਨੇ,ਇਹ ਵੀ ਇਤਫਾਕ ਹੈ ਕਿ ਉਨ੍ਹਾਂ ਨਾਲ ਮੇਰੀ ਆਖਰੀ ਮੁਲਾਕਾਤ ਵੀ ਪਿਛਲੀ 1 ਜਨਵਰੀ ਨੂੰ 'ਧੁੱਪ ਦੀ ਮਹਿਫਲ' 'ਚ ਹੋਈ।ਧੁੱਪ ਦੀਆਂ ਦੋ ਮਹਿਫਲਾਂ" 'ਚ ਉਨ੍ਹਾਂ ਨਾਲ ਮਹਿਫਲ ਲੱਗੀ।ਪਿਛਲੀ ਵਾਰ ਭਾਪਾ ਪ੍ਰੀਤਮ ਜੀ ਦੇ ਮਹਿਰੌਲੀ ਵਾਲੇ ਫਾਰਮ 'ਤੇ ਸੀ।ਮੈਂ ਉਦੋਂ ਪੱਤਰਕਾਰੀ ਤੋਂ ਰੁਖ਼ਸਤ ਹੋ ਕੇ ਕਿਸੇ ਸੰਸਥਾ ਲਈ ਦਸਤਾਵੇਜ਼ੀ ਫਿਲਮਾਂ ਤੇ ਪੰਜਾਬ ਤੇ ਸਿੱਖ ਇਤਿਹਾਸ 'ਤੇ ਖੋਜ ਦਾ ਕੰਮ ਕਰ ਰਿਹਾ ਸੀ।ਪ੍ਰੋਗਰਾਮ ਤੋਂ ਇਕ ਦੋ ਦਿਨ ਪਹਿਲਾਂ "ਪੰਜਾਬੀ ਟ੍ਰਿਬਿਊਨ" 'ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀਆਂ ਦਿੱਲੀ 'ਚ ਪੰਜਾਬੀ ਵਿਭਾਗ ਖੋਲ੍ਹਣ ਦੀ ਮੰਗ ਬਾਰੇ ਮੇਰਾ ਲੇਖ਼ ਛਪਿਆ ਸੀ।ਮੇਰੇ ਨਾਲ ਲੇਖ਼ ਬਾਰੇ ਵਿਚਾਰ ਚਰਚਾ ਕਰਦੇ ਕਰਦੇ ਪੁੱਛਣ ਲੱਗੇ,ਕਿਵੇਂ ਚਲਦੀ ਹੈ ਪੱਤਰਕਾਰੀ?ਮੈਂ ਕਿਹਾ,ਡਾ. ਸਾਹਿਬ ਪੱਤਰਕਾਰੀ ਨੂੰ ਅਲਵਿਦਾ ਨਹੀਂ ਕਿਹਾ,ਪਰ ਪੱਤਰਕਾਰੀ ਤੋਂ ਅਲਵਿਦਾ ਹੋ ਗਏ।ਕਹਿੰਦੇ,ਕੀ ਮਤਲਬ ? ਮੈਂ ਕਿਹਾ ਜੀ ਨੌਕਰੀ ਛੱਡ ਦਿੱਤੀ।ਨੌਕਰੀ ਬਾਰੇ ਕੁਝ ਗੱਲਾਂ-ਬਾਤਾਂ ਉਨ੍ਹਾਂ ਨਾਲ ਪਹਿਲਾਂ ਵੀ ਹੋਈਆਂ ਸੀ।ਕਹਿੰਦੇ ਯਾਰ ਸੰਸਥਾਵਾਂ ਇਹੋ ਜਿਹੀਆਂ ਹੀ ਹੁੰਦੀਆਂ ਨੇ,ਇਵੇਂ ਨਹੀਂ ਫਰੱਸਟੇਟ ਹੋਈਦਾ।ਜੋ ਕਰ ਰਿਹਾ ਹੈਂ,ਉਹ ਠੀਕ ਚੱਲ ਰਿਹੈ ?…..ਜੇ ਨਹੀਂ ਤਾਂ ਪੱਤਰਕਾਰੀ ਦੀ ਇਕ ਨੌਕਰੀ ਲਈ ਮੈਂ ਕਹਿ ਦਿੰਦਾ ਹਾਂ।ਅੱਜਕਲ਼੍ਹ ਮੇਰਾ ਇਕ ਮਿੱਤਰ ਹੈ,ਵੱਡੇ ਅਹੁਦੇ 'ਤੇ।ਮੈਂ ਕਿਹਾ ,ਡਾ. ਸਾਹਿਬ ਜੇ ਲੋੜ ਹੋਈ ਤੁਹਾਨੂੰ ਆਪੇ ਕਹਿ ਦਿਆਂਗਾ।ਦਿਨ ਦੀ ਮਹਿਫਲ 'ਚ ਪੱਤਰਕਾਰੀ ਦੇ ਪੇਸ਼ੇ ਦੀ ਅੰਦਰੂਨੀ ਜਹਾਲਤ ਬਾਰੇ ਗੱਲਬਾਤਾਂ ਵੀ ਹੋ ਰਹੀਆਂ ਸੀ ਤੇ ਪੈੱਗਾਂ ਦੀ ਦਿਨ ਖੁਮਾਰੀ ਵੀ ਚੜ੍ਹ ਰਹੀ ਸੀ।ਗੱਲਾਂ ਗੱਲਾਂ 'ਚ ਮੈਂ ਕਵੀ "ਗੁਰਪਾਲ ਬਿਲਾਬਲ" ਤੇ ਉਸਦੀਆਂ ਕਵਿਤਾਵਾਂ ਦੀ ਕਿਤਾਬ ਦੀ ਗੱਲ ਵੀ ਛੇੜੀ ਤੇ ਉਨ੍ਹਾਂ ਨੂੰ ਕਿਤਾਬ ਭੇਂਟ ਕਰਕੇ ਉਸਤੇ ਕੁਝ ਲਿਖਣ ਲਈ ਵੀ ਕਿਹਾ।

ਉਨ੍ਹਾਂ ਨਾਲ ਆਖਰੀ ਦਿਨ(1 ਜਨਵਰੀ) ਤੇ ਮੇਰੀ ਧੁੱਪ ਦੀ ਤੀਜੀ ਮਹਿਫਲ ।ਮੈਂ ਓਦਣ ਕਾਫੀ ਦੇਰ ਨਾਲ ਪਹੁੰਚਿਆ ਸੀ,ਸੁਣਿਆ ਹੈ ਉਨ੍ਹਾਂ ਨੇ ਉਸ ਦਿਨ ਸਟੇਜ ਤੋਂ ਪੀਲੂ ਦਾ ਮਿਰਜ਼ਾ ਸੁਣਾਇਆ ਸੀ।ਸਾਹਿਤ ਦੇ ਮਿਰਜ਼ੇ ਦਾ ਮਿਰਜ਼ਾ ਤਾਂ ਮੈਥੋਂ ਸੁਣਿਆ ਨਾ ਗਿਆ।ਬਾਅਦ 'ਚ ਵੀ ਸੇਲ੍ਹੀ ਚੱਕ ਮਿਲਣੀ ਵਰਗੀ ਮੁਲਾਕਾਤ ਜ਼ਰੂਰ ਹੋਈ।ਮੈਂ ਪਹੁੰਚਿਆ,…ਦੋਸਤ,ਪਿਓ ਤੇ ਗੁਰੂ ਵਰਗਾ ਰਿਸ਼ਤਾ ਰੱਖਣ ਵਾਲੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਧੁੱਪ ਦੀ ਲੱਗੀ ਹੋਈ ਯਾਰਾਂ ਦੀ ਮਹਿਫਲ 'ਚ ਆਉਂਦੇ ਨੂੰ ਕਿਹਾ,ਬਈ,ਯਾਦਵਿੰਦਰ ਨੂੰ ਪੈੱਗ ਫੜ੍ਹਾਓ।ਮੈਂ ਕਿਹਾ ਜੀ,ਅਸੀਂ ਦੋਸਤ ਮਿੱਤਰ ਰਾਤ ਨਵੇਂ ਸਾਲ ਦੇ ਬਹਾਨੇ ਬੈਠੇ ਸੀ,ਹੁਣ ਹਾਲਤ ਨਹੀਂ ....ਹੈਂਗ ਓਵਰ।ਦੋ ਵਾਰ ਨਾਂਹ ਨੁੱਕਰ ਕੀਤੀ,ਤੀਜੀ ਵਾਰ ਮੈਂ ਵੀ ਨਹੀਂ ਕਹਾਇਆ।ਡਾ.ਨੂਰ ਨਾਲ ਹੀ ਖੜ੍ਹੇ ਸੀ।ਮੈਂ ਹਾਲ ਚਾਲ ਪੁੱਛਿਆ।ਠੀਕ ਠਾਕ ਕਹਿਕੇ ਕਹਿੰਦੇ,ਚੰਗਾ ਬਲੌਗ(ਗੁਲਾਮ ਕਲਮ) ਚਲਾ ਰਿਹਾ ਹੈਂ ਤੂੰ,ਮੇਲ ਕਰ ਦਿਆ ਕਰ ਮੈਨੂੰ।ਇਕ ਦੋ ਗੱਲਾਂ ਕੰਮ ਕਾਰ ਬਾਰੇ ਹੋਈਆਂ।ਗੱਲਾਂ ਹੋਰ ਵੀ ਹੋ ਸਕਦੀਆਂ ਸੀ,ਪਰ ਮਹਿਫਲ 'ਚ ਕਵਿਤਾ ਬਾਰੇ ਮੇਰੇ ਸੁੱਟੇ ਸਵਾਲ ਕਾਰਨ ਕਵੀ ਮੋਹਨਜੀਤ ਨਾਲ ਬਿਨਾਂ ਦੰਦਿਆਂ ਵਾਲੀ ਗਰਾਰੀ ਫਸ ਗਈ।ਅਸੀਂ ਸਾਇਡ 'ਤੇ ਜਾ ਕੇ ਕਵਿਤਾ ਦੀਆਂ ਸੂਖਮ ਪਰਤਾਂ ਫਰੋਲਣ ਲੱਗੇ।ਤੇ ਜਦੋਂ ਤੱਕ ਗਰਾਰੀ ਨਿਕਲੀ ਉਦੋਂ ਆਖਰੀ ਦੌਰ ਦੀ ਮਹਿਫਲ 'ਚੋਂ ਡਾ. ਨੂਰ ਸਮੇਤ ਕਾਫੀ ਲੋਕ ਵਿੱਜੜ ਚੁੱਕੇ ਸਨ।ਪਰ ਜੇ ਪਤਾ ਹੁੰਦਾ ਕਿ ਡਾ. ਨੂਰ ਨੇ ਹਮੇਸ਼ਾ ਲਈ ਵਿੱਜੜ ਜਾਣਾ ਹੈ ਤਾਂ ਮੈਂ ਕਿੰਨੀਆਂ ਹੀ ਕਰਨ ਵਾਲੀਆਂ ਗੱਲਾਂ ਕਰਦਾ।

ਇਹ ਮੇਰੇ ਦੂਰੋਂ ਡਿੱਠੇ ਡਾ. ਨੂਰ ਹਨ।ਮੇਰੇ ਕੋਲ ਉਨ੍ਹਾਂ ਨੂੰ ਅਲਵਿਦਾ ਕਹਿਣ ਲਈ ਇਨ੍ਹਾਂ ਨਿੱਜੀ ਯਾਦਾਂ,ਪਿਆਰ ਤੇ ਪੰਜਾਬੀ ਭਾਸ਼ਾ ਤੇ ਸਾਹਿਤ 'ਚ ਪਾਏ ਯੋਗਦਾਨ ਨੂੰ ਸਿਜਦਾ ਕਰਨ ਤੋਂ ਇਲਾਵਾ ਕੁਝ ਨਹੀਂ ਹੈ।ਉਨ੍ਹਾਂ ਨੂੰ ਨੇੜਿਓਂ ਦਿਖਾਉਣ ਲਈ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਹੈ।ਭਾਰਤੀ ਸਹਿਤ ਅਕਾਦਮੀ ਤੇ ਬਿਰਲਾ ਫਾਉਂਡੇਸ਼ਨ ਆਦਿ ਸੰਸਥਾਵਾਂ ਦੇ ਅਹੁਦਿਆਂ 'ਤੇ ਹੋਣ ਕਰਕੇ ਡਾ. ਨੂਰ ਬਹੁਤ ਸਾਰੇ ਸਾਹਿਤਕ ਨਿਸ਼ਾਨਚੀਆਂ ਦੇ ਨਿਸ਼ਾਨਿਆਂ 'ਤੇ ਰਹੇ ਹਨ।ਡਾ.ਨੂਰ ਦੀ ਸੱਤਾ ਨਾਲ ਸਾਂਝ ਨਹੀਂ ਸੀ,ਇਹ ਕਹਿਣਾ ਸ਼ਾਇਦ ਸੱਚ ਨਾਲ ਬੇਇੰਸਾਫੀ ਹੋਵੇਗੀ,ਪਰ ਪੰਜਾਬੀ ਦੇ ਕਿੰਨੇ ਸਾਹਿਤਕਾਰ,ਪੱਤਰਕਾਰ,ਕਲਾਕਾਰ ਇਸ 'ਤੋਂ "ਸੱਚਮੁੱਚ" ਬਚੇ ਹੋਏ ਹਨ,ਇਸ 'ਤੇ ਵੀ ਗੱਲ ਕਰਨੀ ਬਣਦੀ ਹੈ।ਸਵਾਲ ਕਿਸੇ ਨੂੰ ਬਰੀ ਕਰਨ ਦਾ ਨਹੀਂ ਹੈ,ਪਰ ਪੰਜਾਬੀ ਸਾਹਿਤਕ ਪੰਥ 'ਚੋਂ "ਜਮਹੂਰੀ ਸਮਾਜਿਕ ਬਾਈਕਾਟ" ਜਾਂ ਪੰਥ 'ਚੋਂ ਛੇਕਣ ਦਾ ਸੱਭਿਆਚਾਰ ਕੋਈ ਬਹੁਤਾ ਚੰਗਾ ਰੁਝਾਨ ਨਹੀਂ ਹੈ।ਮੈਂ ਪੱਤਰਕਾਰੀ ਅੰਦਰ ਵਿਚਦਿਆਂ ਬਹੁਤ ਅਗਾਂਹਵਧੂ ਕਹਾਉਂਦੇ ਲੋਕਾਂ ਦੇ ਦਿਖਾਉਣ ਵਾਲੇ ਦੰਦ ਵੀ ਵੇਖੇ ਨੇ ਤੇ ਖਾਣ ਵਾਲੇ ਵੀ,ਇਸੇ ਲਈ ਕਾਲੇ ਅੱਖਰਾਂ 'ਤੇ ਹੁਣ ਛੇਤੀ ਛੇਤੀ ਯਕੀਨ ਨਹੀਂ ਹੁੰਦਾ।ਵਾਰ ਵਾਰ ਐਵਾਰਡ ਲੈਣ ਤੇ ਦਿਵਾਉਣ ਦੀ ਗੱਲ ਹੁੰਦੀ ਹੈ,ਪਰ ਐਵਾਰਡ ਨਾ ਲੈਣ ਵਾਲਿਆਂ ਤੇ ਉਨ੍ਹਾਂ ਦੀਆਂ ਸਿਆਸੀ ਤਿਕੜਮਾਂ ਨੂੰ ਵੀ ਲਿਖ਼ਣ ਵਾਲੇ ਚੰਗੀ ਤਰ੍ਹਾਂ ਜਾਣਦੇ ਹਨ।ਡਾ. ਨੂਰ ਜਾਂ ਕਿਸੇ ਹੋਰ ਸਾਹਿਤਕਾਰ ਦੇ ਨਿਜੀ ਰਿਸ਼ਤਿਆਂ ਨੂੰ ਲੈ ਹੋਣ ਵਾਲੀਆਂ ਟਿੱਪਣੀਆਂ ਪੰਜਾਬੀ ਸਾਹਿਤ ਦੀ ਜਗੀਰਦਾਰੀ ਚੌਧਰ ਤੇ ਔਰਤ ਵਿਰੋਧੀ ਗਰੀਬ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ।ਇਹ ਵੀ ਸੱਚ ਹੈ ਕਿਸੇ ਇਕ 'ਤੇ ਵਿਅਕਤੀਗਤ ਹਮਲੇ ਕਰਕੇ ਪੰਜਾਬੀ ਸਾਹਿਤ ਦਾ ਭਲਾ ਹੋਣ ਵਾਲਾ ਨਹੀਂ ਹੈ।ਮੁੱਖ ਧਾਰਾ ਤੋਂ ਲੈ ਕੇ ਬਦਲਵੀਂ ਧਾਰਾ ਤੱਕ ਇਹ ਵਰਤਾਰਾ ਕਿਉਂ ਵਾਪਰ ਰਿਹਾ ਹੈ,ਇਸ ਸਬੰਧੀ ਪੰਜਾਬੀ ਸਮਾਜ ਨੂੰ ਸਿਹਤਮੰਦ ਬਹਿਸ ਚਲਾਉਣ ਦੀ ਲੋੜ ਹੈ।ਸੰਸਾਰੀਕਰਨ ਤੋਂ ਬਾਅਦ ਹੀ ਲੇਖ਼ਕਾਂ ਤੇ ਪੱਤਰਕਾਰਾਂ ਦੀ ਸੱਤਾ ਨਾਲ ਸਾਂਝ ਜਾਂ ਹਿੱਸੇਦਾਰੀ ਦਾ ਰੁਝਾਨ ਕਿਉਂ ਵਧਿਆ ਹੈ,ਇਸ 'ਤੇ ਵਿਚਾਰ ਕਰਨ ਦੀ ਲੋੜ ਹੈ ?ਕਿਤੇ ਹੁਣ ਤੱਕ ਦੀਆਂ ਬਹੁਤੀਆਂ ਬਹਿਸਾਂ ਸਿਰਫ ਤੇ ਸਿਰਫ ਸਾਹਿਤਕ ਚੌਧਰੀਆਂ ਦੀਆਂ ਖੇਮੇਬੰਦੀਆਂ ਦਾ ਸ਼ਿਕਾਰ ਤਾਂ ਨਹੀਂ ?ਕੀ ਸਿਆਸਤ ਤੋਂ ਭੱਜੇ ਹੋਏ ਲੋਕ ਸਿਰਫ ਸਾਹਿਤ ਜ਼ਰੀਏ ਸਮਾਜ ਦੀ ਮੁਕਤੀ ਦਾ ਸ਼ੋਸ਼ਾ ਛੱਡ ਰਹੇ ਹਨ ?

ਸਿਆਸਤ,ਸਾਹਿਤ,ਕਲਾ ਤੇ ਪੱਤਰਕਾਰੀ ਦੀ ਡੂੰਘੀ ਸਮਝ ਰੱਖਣ ਵਾਲੇ ਜਦੋਂ ਸਾਹਿਤ,ਕਲਾ ਤੇ ਪੱਤਰਕਾਰੀ ਨੂੰ ਹੀ ਸਮਾਜ ਦੀ ਮੁੱਖ ਚੀਜ਼ ਬਣਾ ਦਿੰਦੇ ਹਨ ਤਾਂ ਬੜਾ ਹਾਸਾ ਆਉਂਦਾ ਹੈ।ਉਹ ਇਹਨਾਂ ਵਿਸ਼ਿਆਂ ਨੂੰ ਸਮਾਜ ਸਾਹਮਣੇ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਜਿਵੇਂ ਸਾਹਿਤ,ਕਲਾ ਤੇ ਪੱਤਰਕਾਰੀ 'ਚ ਠੀਕ ਹੋਣ ਨਾਲ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਹੋ ਜਾਣਗੇ।ਜਦੋਂਕਿ ਸਿਆਸਤ ਦੇ ਧੁਰੇ ਦੁਆਲੇ ਵਿਚਰਦੇ ਇਨ੍ਹਾਂ ਸਹਾਇਕ ਖੇਤਰਾਂ 'ਚ ਸਭ ਕੁਝ ਠੀਕ ਸਿਆਸਤ ਦੇ ਠੀਕ ਹੋਣ ਨਾਲ ਹੀ ਹੋ ਸਕਦਾ ਹੈ।ਗੌਣ ਪੱਖਾਂ 'ਤੇ ਕ੍ਰਾਂਤੀ ਮੁੱਖ ਪੱਖ ਨੂੰ ਨਕਾਰਿਆ ਨਹੀਂ ਹੋ ਸਕਦੀ।ਜੇ ਸਿਰਫ ਇਕੱਲਿਆਂ ਲਿਖ਼ਣ,ਬੋਲਣ ਤੇ ਫਿਲਮਾਂ ਦਿਖਾਉਣ ਨਾਲ ਕ੍ਰਾਂਤੀਆਂ ਹੋਣੀਆਂ ਹੁੰਦੀਆਂ ਤਾਂ ਸ਼ਾਇਦ ਦੁਨੀਆਂ ਹੁਣ ਤੱਕ ਕਦੋਂ ਦੀ ਬੇਗਮਪੁਰਾ ਜਾਂ ਕਮਿਊਨ ਵਸਾ ਚੁੱਕੀ ਹੁੰਦੀ।

ਯਾਦਵਿੰਦਰ ਕਰਫਿਊ
mail2malwa@gmail.com
09899436972
ਇਹ ਲਿਖ਼ਤ ਬਿਨਾਂ ਪੁੱਛੇ ਕਿਤੇ ਵੀ ਛਾਪੀ ਜਾ ਸਕਦੀ ਹੈ।

4 comments:

  1. veere aap de lekh ne mere v bahut kujh chete kra ditta yaada`n di pitaari cho`n NOOR sabh nal kitiyaa mulakata bahar a gia oh insan hi is tra de san k pehli mulakaate hi bande nu apna bna lende san ohna de jan nal sahitak aalochna nu ta ghata pia hi nal hi aasi ek dildar banda v kho ditta!!

    ReplyDelete
  2. Bai lekh ch Dr Noor da zikar ghatt kita te apna vadh, je thoriaan ohna diaan gallan suna dinda ta hor suaad aona si, par Ghulamkalam ne ohna nu yad kita eh changi gall a, Dr Noor nu ma hamesha shayad sabh to vadh accomodating bande de de taur te yad karunga. Mai jad v ohna nu phone kita ya milia ta apne kamm lai ya kaho matlab lai, par os bande ne kade channel te apne kamm de vallo mere to dakka ni turhvaya. Mainu jinne lokaan to sunan nu milia ohde bare changa e sunan nu milia. Ohdi milansarta, ohda madadgar andaaz, ohda vadda jera, ohdi sadaa movement ch rehan dee adat, asi hamesha os shakhs dee energy to hairaan rahe aa, Punjabi sahit nu os movement te energy da jehra ghaata piya ohnu pura karan vaala himmati ta ghato ghatt nere koi ni disda. Rahi gall bhandi parchar karan valiaan dee, ta punjabi sahit de ikk vadde sikandar ne ohna nu JATHEDAAR keh k bhandiaa si, mai ehna dohaa cho kise brabar siana ni es lai kise de naal behas ni karda, par es tara diaan gallan nal nuksaan punjabi da he hunda. Noor kise paseon v ghatt kar k gine jaan vali shakhsiyat nahi si. Na he eda ginia javega. Oh vaddia te naviaa pairaan pa giya apni raftaar naal. Koi mech sakda ohnu ta gall kare

    ReplyDelete
  3. ਡਾ. ਸਤਿੰਦਰ ਨੂਰ ਜੀ ਬਾਰੇ ਲਿਖਿਆ ਬਲਾਗ ਕਾਫੀ ਰੌਚਕ ਲੱਗਿਆ । ਨੂੰਰ ਜੀ ਬਹੁਤ ਲੰਮੇ ਸਮੇ ਪੰਜਾਬੀ ਟ੍ਰਬਿਊਨ ਅਖਬਾਰ ਵਿੱਚ ਪੜਦੇ ਰਹੇ ਹਾਂ । ਪੰਜਾਬੀ ਸਹਿਤ ਨੂੰ ਉਹਨਾ ਦਾ ਯੋਗਦਾਨ ਬਹੁਤ ਵੱਡਾ ਹੈ ।

    ReplyDelete
  4. Jagjit Singh BindraMarch 14, 2011 at 4:14 AM

    Noor sahib barey vadhia likhia hey.Jo ghata Punjabi jgat nu Dr. Noor dey tur jaan naal pia hey ,Haal dee gharee tan koiee nahee dikhda jo us ghatey dee purtee ker sakey.Dr. Noor valon arbhey karja nu agey toran layee sarian nu hambla marna chahida hey .

    ReplyDelete