ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, March 12, 2011

ਪੰਜਾਬੀ ਕਾਮਰੇਡਾਂ ਦਾ "ਸਿਧਾਂਤਕ" ਪੈਂਤੜਾ

ਖਾਲਿਸਤਾਨੀ ਸਿੱਖ ਵਿਚਾਰਕ ਪ੍ਰਭਸ਼ਰਨਬੀਰ ਸਿੰਘ ਨੇ ਆਪਣੇ ਭਰਾ ਪ੍ਰਭਸ਼ਰਨਦੀਪ ਸਿੰਘ ਦੀ ਉਸਦੇ ਨਜ਼ਰੀਏ ਤੋਂ ਪੰਜਾਬ ਦੇ ਕਮਿਊਨਿਸਟਾਂ ਦੀ ਅਲੋਚਨਾ ਕਰਦੀ ਲਿਖ਼ਤ ਭੇਜੀ ਹੈ।ਇਹ ਪ੍ਰਭਸ਼ਰਨਦੀਪ ਸਿੰਘ ਦੇ ਨਿਜੀ ਵਿਚਾਰ ਹਨ,ਜਿਨ੍ਹਾਂ ਨਾਲ ਗੁਲਾਮ ਕਲਮ ਦਾ ਕੋਈ ਸਬੰਧ ਨਹੀਂ ਹੈ ਤੇ ਅਸੀਂ ਸਮਝਦੇ ਹਾਂ ਕਿ ਕਿਸੇ ਵੀ ਮਸਲੇ 'ਤੇ ਸੰਵਾਦ ਰਚਾਉਂਦੀ(ਸੱਭਿਅਕ ਭਾਸ਼ਾ 'ਚ) ਗੰਭੀਰ ਲਿਖਤ ਦੇ ਗੁਲਾਮ ਕਲਮ 'ਤੇ ਛਪਣ ਲਈ ਸਾਡਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ।ਅਸੀਂ ਗੁਲਾਮ 'ਤੇ ਸਿਰਫ ਅਜਿਹੀਆਂ ਰਚਨਾਵਾਂ ਨਹੀਂ ਛਾਪਦੇ,ਜੋ ਜਾਤੀਵਾਦ,ਨਸਲਵਾਦ ਤੇ ਫਿਰਕਾਪ੍ਰਸਤੀ ਦਾ ਪ੍ਰਚਾਰ ਕਰਦੀਆਂ/ਸ਼ਹਿ ਦਿੰਦੀਆਂ ਹੋਣ ਜਾਂ ਗੈਰ-ਤੱਥ,ਗੈਰ-ਵਿਚਾਰਕ(ਹਵਾਈ ਲਿਖ਼ਤ),ਨਿੱਜੀ ਦੂਸ਼ਣਬਾਜੀ ਤੇ ਸਿਰਜਨਾ ਦੀ ਪਰਿਭਾਸ਼ਾ ਦੇ ਨੇੜੇ ਤੇੜੇ ਨਾ ਢੁੱਕਦੀਆਂ ਹੋਣ।ਪ੍ਰਭਸ਼ਰਨਦੀਪ ਦਾ ਲੇਖ਼ ਛਾਪਣ ਦੇ ਨਾਲ ਹੀ ਅਸੀਂ ਦੋਸਤਾਂ,ਮਿੱਤਰਾਂ ਤੇ ਸਾਰੀਆਂ ਸਿਆਸੀ ਧਿਰਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹਾਂ,ਕਿ ਇਸ ਲੇਖ ਦੇ ਜਵਾਬ 'ਚ ਆਪਣੀ ਲਿਖ਼ਤ ਭੇਜ ਸਕਦੀਆਂ ਹਨ।--ਗੁਲਾਮ ਕਲਮ

ਕਾਮਰੇਡਾਂ ਵੱਲੋਂ, ਹਿੰਦੁਸਤਾਨੀ ਹਕੂਮਤ ਦੀ ਤਰਜ਼ ਤੇ, ਸਿੱਖਾਂ ਦੀ ਆਜ਼ਾਦੀ ਦੇ ਸੰਘਰਸ਼ ਨੂੰ ਸਮੱਸਿਆ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਮੱਸਿਆ ਕੀ ਹੈ? ਕਾਮਰੇਡਾਂ ਮੁਤਾਬਕ: ਪੰਜਾਬ ਹੱਸ ਰਿਹਾ ਸੀ, ਨੱਚ ਰਿਹਾ ਸੀ, ਗਾ ਰਿਹਾ ਸੀ। ਕੁਝ ਲੋਕ ਆਏ ਤੇ ਉਹਨਾਂ ਨੇ ਕੁਝ ਮਸਲੇ ਛੇਡ਼ ਦਿੱਤੇ। ਪੰਜਾਬ ਵਿਚ ਇਕ ਅੱਗ ਲੱਗੀ। ਇਸ ਦੀ ਧਰਤੀ ਨੇ ਬਹੁਤ ਉਜਾਡ਼ਾ ਵੇਖਿਆ। ਇਹ ਧਰਤੀ ਬਹੁਤ ਪੀਡ਼ ਤੇ ਅਕਹਿ ਅਪਮਾਨ ‘ਚੋਂ ਲੰਘੀ। ਇਹ ਰੰਗਲੀ ਧਰਤੀ ਲਹੂ ਲੁਹਾਣ ਹੋ ਗਈ। ਇਹ ਮਸਲੇ ਛੇਡ਼ਨ ਵਾਲੇ ਲੋਕ ਕੌਣ ਸਨ? ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਨਾਂ ਦੇ ਸਾਥੀ ਸਿੰਘ ਸਨ, ਜਿਨਾਂ ਨੇ ਇਹ ਮਸਲੇ ਛੇਡ਼ੇ। ਜੁਝਾਰੂ ਸਿੰਘ, ਜਿਹਨਾਂ ਨੇ ਜੂਨ ਚੁਰਾਸੀ ਤੋਂ ਬਾਅਦ ਲਡ਼ਾਈ ਇਕ ਨਵੇਂ ਸਿਰੇ ਤੋਂ ਵਿੱਢੀ, ਜਿਹਡ਼ੇ ਕਈ ਸਾਲ ਆਪਣੇ ਸਾਰੇ ਤਾਣ ਨਾਲ ਲਡ਼ਦੇ ਰਹੇ, ਐਨੇ ਜ਼ੋਰ ਨਾਲ ਕਿ ਇਕ ਇਕ ਸਾਲ ਇਕ ਇਕ ਦਹਾਕੇ ਵਰਗਾ ਹੋ ਗਿਆ। ਕੌਣ ਸਨ ਇਹ ਲੋਕ? ਪੰਜਾਬ ਦੀ ਧਰਤੀ ਨੂੰ ਮੁਹੱਬਤ ਕਰਨ ਦਾ ਦਾਅਵਾ ਕਰਨ ਵਾਲੇ ਦਾਨਿਸ਼ਵਰ ਅਕਸਰ ਇਹ ਸੁਆਲ ਕਰਦੇ ਹਨ ਕਿ ਕੌਣ ਸਨ ਜਿਹਨਾਂ ਨੇ ਹੱਸਦੇ-ਵੱਸਦੇ ਪੰਜਾਬ ਨੂੰ ਕਬਰਿਸਤਾਨ ਵਿਚ ਤਬਦੀਲ ਕਰ ਦਿੱਤਾ? ਕੌਣ ਸਨ ਜਿਨਾਂ ਨੇ ਇਸ ਦੀ ਪਾਵਨ ਮਿੱਟੀ ਲਹੂ ਨਾਲ ਸਿੰਜ ਦਿੱਤੀ? ਅੱਜ ਅਸੀਂ ਇਨਾਂ ਸੁਆਲਾਂ ਦੇ ਦਰਪੇਸ਼ ਹੋਣਾ ਹੈ ਜਾਂ ਸ਼ਾਇਦ ਇਨਾਂ ਸੁਆਲਾਂ ਦੇ ਸਥਾਪਤ ਹੋ ਚੁੱਕੇ ਜੁਆਬਾਂ ਦੀ ਗੱਲ ਕਰਨੀ ਹੈ।

ਪਰ ਗੱਲ ਇਉਂ ਕੀਤੀ ਜਾ ਨਹੀਂ ਸਕਦੀ। ਗੱਲ ਕਿਤੋਂ ਹੋਰ ਸ਼ੁਰੂ ਕਰਨੀ ਪੈਣੀ ਹੈ ਕਿਉਂਕਿ ਗੱਲ ਜਿੰਨੀ ਸਿੱਧ ਪੱਧਰੀ ਬਣਾ ਕੇ ਪੇਸ਼ ਕੀਤੀ ਜਾ ਰਹੀ ਹੈ, ਓਨੀ ਅਸਲ ਵਿਚ ਹੈ ਨਹੀਂ। ਗੱਲ ਪੰਜਾਬ ਦੀ ਧਰਤੀ ਤੇ ਇਸ ਨਾਲ ਜੁਡ਼ੀ ਮੁਹੱਬਤ ਤੋਂ ਸ਼ੁਰੂ ਕਰਨੀ ਪੈਣੀ ਹੈ। ਇਸ ਨਾਲ ਜੁਡ਼ੀ ਮੁਹੱਬਤ ਜਾਂ ਇਸ ਨਾਲ ਜੋਡ਼ ਕੇ ਪ੍ਰਚਾਰੀ ਜਾ ਰਹੀ ਮੁਹੱਬਤ ਦੀ ਗੱਲ ਕਰਨ ਦੀ ਲੋਡ਼ ਹੈ। ਮੁਹੱਬਤ ਤੇ ਵਿਚਾਰਧਾਰਾ ਦੇ ਅਨਜੋਡ਼ ‘ਚੋਂ ਪੈਦਾ ਹੋਏ ਵਪਾਰਕ ਰਿਸ਼ਤੇ ਤੋਂ ਗੱਲ ਸ਼ੁਰੂ ਕਰਨ ਦੀ ਜ਼ਰੂਰਤ ਹੈ। ਕੌਣ ਹਨ ਪੰਜਾਬ ਦੀ ਮੁਹੱਬਤ ਦੇ ਦਾਅਵੇਦਾਰ? ਜੇ ਇਹ ਕਮਿਊਨਿਸਟ ਹਨ ਤਾਂ ਪੰਜਾਬ ਦੀ ਧਰਤੀ ਉਲਝੇ, ਥੱਕੇ-ਹਾਰੇ, ਨਿਰਾਸ਼ ਹੋਏ ਕਮਿਊਨਿਸਟਾਂ ਦੀ ਜਗੀਰ ਨਹੀਂ। ਕਮਿਊਨਿਸਟਾਂ ਨੇ ਪੰਜਾਬ ਦੇ ਹੋਣ ਦੇ ਬਜਾਏ ਆਪਣੇ ਆਪ ਨੂੰ ਨਿਥਾਵੇਂ ਬਣਾਉਣ ਨੂੰ ਤਰਜੀਹ ਦਿੱਤੀ ਹੈ। ਕਮਿਊਨਿਸਟਾਂ ਨੇ ਪੰਜਾਬ ਦੇ ਦਰਦ ਨਾਲ ਦਗ਼ਾ ਕਮਾਇਆ ਹੈ। ਉਨਾਂ ਨੇ ਸੰਨ ਸੰਤਾਲੀ ਦੇ ਦੁੱਖ ਨੂੰ ਆਪਣਾ ਸੌਦਾ ਵੇਚਣ ਲਈ ਵਰਤਿਆ ਹੈ। ਵਾਰਿਸ ਸ਼ਾਹ ਦੇ ਨਾਂ ‘ਤੇ ਯੂਰਪੀ ਸੈਕੂਲਰਇਜ਼ਮ ਦਾ ਲਾਂਗਾ ਢੋਇਆ ਹੈ। ਬੀਬੀ ਨੇ ਵਾਰਿਸ਼ ਸ਼ਾਹ ਨੂੰ ਵਾਜਾਂ ਕਿਵੇਂ ਮਾਰੀਆਂ, ਇਹ ਤਾਂ ਸ਼ਾਇਦ ਉਹਨੂੰ ਵੀ ਨਾ ਪਤਾ ਹੋਵੇ, ਪਰ ਜਿਵੇਂ ਉਸ ਗੱਲ ਦਾਂ ਕਾਮਰੇਡਾਂ ਨੇ ਜਨਾਜ਼ਾ ਕੱਢਿਆ, ਇਹ ਸਾਨੂੰ ਜ਼ਰੂਰ ਪਤਾ ਹੈ। ਸਿਰਜਣਾ ਦੇ ਖਿਣਾਂ ਵਿਚ ਇਕ ਬੇਖ਼ਬਰੀ ਹੁੰਦੀ ਹੈ। ਅਰਥਾਂ ਤੋਂ, ਭਾਵ ਤੋਂ, ਕੋਈ ਉਚੇਰੀ ਗੱਲ ਹੁੰਦੀ ਹੈ, ਜਿਸ ਨੂੰ ਫਡ਼ ਲੈਣ ਦਾ ਕਵੀ ਵਿਚ ਵੀ ਤਾਣ ਨਹੀਂ ਹੁੰਦਾ। ਕਵਿਤਾ ਉਸ ਗੱਲ ਦੇ ਹੋਣ ਦੇ ਅਹਿਸਾਸ ‘ਚੋਂ ਆਏ ਨਿੱਘ ਵਿਚ ਜਿਉਂਦੀ ਹੈ, ਵਿਗਸਦੀ ਹੈ। ਇਸ ਨੂੰ ਇਉਂ ਸਿੱਧ ਪੱਧਰਾ ਬਣਾ ਕੇ ਪ੍ਰਚਾਰਨਾ ਇਕ ਹੋਛਾ ਆਪਹੁਦਰਾਪਣ ਹੈ। ਕਵੀ ਦੀ ਪ੍ਰਵਾਨਗੀ ਵੀ ਇਸ ਲਈ ਕਾਫ਼ੀ ਹੋਵੇ, ਜ਼ਰੂਰੀ ਨਹੀਂ, ਕਿਉਂਕਿ ਉਹਨਾਂ ਖਿਣਾਂ ‘ਚੋਂ ਬਾਹਰ ਆ ਕੇ ਕਵੀ ਵੀ ਕੋਈ ਹੋਰ ਹੈ। ਕਮਿਊਨਿਸਟਾਂ ਨੇ ਅਜਿਹੇ ਹੋਛੇਪਣ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬ ਦੀ ਧਰਤੀ ਨਾਲ ਜਤਾਇਆ ਕਬਜ਼ੇ ਦਾ ਅਧਿਕਾਰ, ਕਮਿਊਨਿਸਟਾਂ ਦੀ ਵੱਡੀ ਬਦਤਮੀਜ਼ੀ ਸੀ। ਇਥੋਂ ਤੱਕ ਕਿ ਉਹ ਸਿੰਘਾਂ ਦੇ ਪੰਜਾਬ ਦੀ ਧਰਤੀ ਨਾਲ ਲਗਾਓ ਨੂੰ ਚੁਣੌਤੀਆਂ ਦੇਣ ਲੱਗੇ। ਅੱਜ ਸਿੰਘਾਂ ਅੱਗੇ ਇਹ ਸ਼ਰਤ ਹੋ ਗਈ ਹੈ ਕਿ ਉਹ ਪੰਜਾਬ ਦੀ ਧਰਤੀ ਨਾਲ ਮੁਹੱਬਤ ਦਾ ਇਜ਼ਹਾਰ ਕਮਿਊਨਿਸਟਾਂ ਵਾਂਗੂੰ ਕਰਨ ਜਾਂ ਫਿਰ ਉਨਾਂ ਦੇ ਫ਼ਤਵਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਮੈਂ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅਸੀਂ ਪੰਜਾਬ ਦੀ ਧਰਤੀ ਨਾਲ ਉਹ ਵਫ਼ਾ ਪਾਲੀ ਹੈ ਜਿਸ ਦਾ ਕੋਈ ਸਾਨੀ ਨਹੀਂ। ਪਰ ਅਸੀਂ ਧਰਤੀ ਦੇ ਹਾਂ, ਧਰਤੀ ਦੇ ਇਕ ਟੁਕਡ਼ੇ ਦੇ ਨਹੀਂ। ਅਸੀਂ ‘ਮਾਤਾ ਧਰਤਿ ਮਹਤੁ‘ ਦੇ ਅਲਾਪ ਨਾਲ ਆਪਣੀ ਸਵੇਰ ਦਾ ਆਰੰਭ ਕਰਦੇ ਹਾਂ। ਅਸੀਂ ਆਖ਼ਰੀ ਦਮ ਤੱਕ ਪੰਜਾਬ ਦੀ ਧਰਤੀ ਦੇ ਹੋ ਕੇ ਵੀ ਇਸ ਦੇ ਮੋਹ ਤੋਂ ਪਾਰ ਹਾਂ। ਸਾਡੇ ਲਈ ਪਾਉਂਟਾ ਸਾਹਿਬ, ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਸਦਾ ਹੀ ਧੂਹ ਪਾਉਣ ਵਾਲੇ ਅਸਥਾਨ ਰਹੇ ਹਨ। ਬਗਦਾਦ ਤੇ ਮੱਕੇ ਮਦੀਨੇ ਦੀਆਂ ਧਰਤੀਆਂ ਤੇ ਹੋਈਆਂ ਬਾਬਾ ਜੀ ਦੀਆਂ ਪੈਡ਼ਾਂ ਸਾਡੇ ਮੱਥੇ ਨੂੰ ਹਰਦਮ ਲੋਅ ਵਿਖਾਉਂਦੀਆਂ ਰਹਿੰਦੀਆਂ ਹਨ। ਜਦ ਕਦੇ ਵੀ ਸਾਨੂੰ ਉਹਨਾਂ ਥਾਵਾਂ ਦੇ ਦੀਦਾਰ ਹੋਣਗੇ ਸਾਡਾ ਮੱਥਾ ਇਉਂ ਢਹਿ ਪਵੇਗਾ ਕਿ ਜਿਵੇਂ ਕਦੇ ਨਹੀਂ। ਧਰਤੀ ਧਰਮਸਾਲ ਹੈ, ਸਭਿਆਚਾਰਕ ਜਾਂ ਨਸਲੀ ਪਛਾਣ ਮਨੁੱਖ ਦੀ ਹਸਤੀ ਨੂੰ ਸੀਮਤ ਕਰਨ ਦਾ ਨਾਂ ਹੈ। ਧਰਤੀ ਪਾਵਨ ਹੈ,ਪੰਜਾਬ ਸਾਡਾ ਆਪਣਾ ਹੈ, ਪਰ ਬੰਦੇ ਦੀ ਜਡ਼ ਕਿਤੇ ਹੋਰ ਲੱਗੀ ਹੈ। ਬੰਦਾ ਧਰਤੀ ਦਾ ਜਾਇਆ ਹੋ ਕੇ ਵੀ ਇਸ ਦੇ ਮੋਹ ਦੇ ਬੰਧਨਾਂ ਤੋਂ ਪਾਰ ਹੈ। ਕਮਿਊਨਿਸਟ ਤਾਂ ਇਹ ਨਹੀਂ ਜਾਣਦੇ ਪਰ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਜਿਹਡ਼ੀਆਂ ਸਦੀਆਂ ਤੋਂ ਇਹ ਗਾਉਂਦੀਆਂ ਆ ਰਹੀਆਂ ਹਨ ਕਿ ‘ਜਨਮ ਗੁਰਾਂ ਦਾ ਪਟਨੇ ਸਾਹਿਬ ਦਾ', ਜਾਣਦੀਆਂ ਹਨ ਕਿ ਧਰਤੀ ਉਹੀ ਪਾਵਨ ਹੈ ਜਿਹਡ਼ੀ ਨਿਵਾਜੀ ਗਈ। ਜਿਹਡ਼ੀ ਗੁਰੂ ਨੇ ਨਿਵਾਜ ਦਿੱਤੀ ਉਹੀ ਸਾਡੀ ਹੈ।

ਸਿੰਘਾਂ ਨੇ ਧਰਤੀ ਨੂੰ ਨਿਵਾਜਣ ਵਾਲੇ ਖਿਣਾਂ ਨਾਲ ਅਪਣੱਤ ਪਾਲ਼ੀ ਤੇ ਉਸ ਨਾਲ ਬੰਦ-ਬੰਦ ਕਟਾ ਕੇ ਨਿਭੇ। ਕਮਿਊਨਿਸਟ ਇਹ ਸਮਝ ਨਹੀਂ ਸਕੇ। ਉਹ ਸਦਾ ਇਸ ਤੋਂ ਵਿੱਥ ਤੇ ਜਿਉਂਦੇ ਰਹੇ। ਉਹ ਬਹੁਤ ਬੁਰੇ ਫਸ ਗਏ। ਧਰਤੀ, ਧਰਮ, ਸਭਿਆਚਾਰ ਜਾਂ ਵਿਚਾਰਧਾਰਾ ਆਦਿਕ ਬਾਰੇ ਕਮਿਊਨਿਸਟਾਂ ਦੇ ਨਜ਼ਰੀਏ ਦੀ ਪਡ਼ਚੋਲ ਦੀ ਗੱਲ ਤਾਂ ਛੱਡੋ, ਕਮਿਊਨਿਸਟਾਂ ਨੇ ਆਪ ਵੀ ਇਨਾਂ ਗੱਲਾਂ ਬਾਰੇ ਆਪਣੀਆਂ ਧਾਰਨਾਵਾਂ ਦੀ ਪਡ਼ਚੋਲ ਨਹੀਂ ਕੀਤੀ। ਜਿਸ ਨੂੰ ਸੰਵਾਦ ਕਹਿੰਦੇ ਹਨ ਉਹ ਪਿਛਲੀ ਡੇਢ ਸਦੀ ਦੇ ਇਸ ਕਥਿਤ ਆਧੁਨਿਕ ਦੌਰ ਵਿਚ ਕਦੇ ਸ਼ੁਰੂ ਹੀ ਨਹੀਂ ਹੋਇਆ। ਕਮਿਊਨਿਸਟਾਂ ਨੇ ਇਕ ਆਪਾ ਧਾਪੀ ਵਿਚ ਹੀ ਮਾਰਕਸਵਾਦ ਤੇ ਸਮਾਜਵਾਦ ਦੇ ਨਾਂ ਤੇ ਗਾਹ ਪਾਈ ਰੱਖਿਆ। ਭਾਜਡ਼ਾਂ ਹੀ ਪਾਈ ਰੱਖੀਆਂ। ਕਦੇ ਚੈਨ ਦੇ ਦੋ ਪਲ ਹਾਸਲ ਹੀ ਨਹੀਂ ਕਰ ਸਕੇ ਜਦੋਂ ਉਹ ਸੋਚ ਸਕਣ ਕਿ ਅਸਲ ਵਿਚ ਚੱਲ ਕੀ ਰਿਹਾ ਹੈ। ਯੂਰਪ, ਰੂਸ, ਜਾਂ ਚੀਨ ਵਿਚ ਕੀ ਚੱਲ ਰਿਹਾ ਹੈ ਤੇ ਪੰਜਾਬ ਦੀ ਧਰਤੀ ‘ਤੇ ਕੀ ਹੋ ਰਿਹਾ ਹੈ। ਪੇਤਲੀ ਸਮਝ ‘ਚੋਂ ਨਿਕਲੀ ਹੋਛੀ ਨਾਅਰੇਬਾਜ਼ੀ ਨਾਲ ਪੰਜਾਬ ਦੀ ਧਰਤੀ ਦੇ ਉਜਾਡ਼ੇ ਦਾ ਮੁੱਢ ਅਸਲ ਵਿਚ ਬੰਨਿਆ ਹੀ ਕਮਿਊਨਿਸਟਾਂ ਨੇ। ਸਥਿਤੀ ਦਾ ਵਿਅੰਗ ਇਹ ਸੀ ਕਿ ਮਨੁੱਖੀ ਬਰਾਬਰੀ ਦੇ ਸਿਧਾਂਤ ਦੇ ਦਾਅਵੇਦਾਰ ਹਿੰਦੂ ਰਾਸ਼ਟਰਵਾਦੀ ਰਾਜ ਦੇ ਹੱਥ ਠੋਕੇ ਬਣ ਕੇ ਰਹਿ ਗਏ। ਪੰਜਾਬ ਵਿਚ ਅਮਨ ਦੀਆਂ ਦੁਹਾਈਆਂ ਦੇਣ ਵਾਲੇ ਕਮਿਊਨਿਸਟਾਂ ਨੇ ਕਦੇ ਇਹ ਸਮਝਿਆ ਹੀ ਨਹੀਂ ਕਿ ਯੂਰਪ ਦੇ ਸੈਕੂਲਰ ਕੌਮੀ ਰਾਜ ਦੀ ਤਰਜ਼ ‘ਤੇ ਹਿੰਦੂ ਰਾਸ਼ਟਰ ਦਾ ਉਸਾਰਿਆ ਜਾਣਾ ਅਸਲ ਵਿਚ ਸਮੱਸਿਆ ਹੈ। ਅਮਨ, ਦੋਸਤੀ ਤੇ ਮੁਹੱਬਤ ਦੇ ਨਾਂ ਤੇ ਆਪਣੀ ਖੱਪ ਨੂੰ ਵਾਜਬ ਠਹਿਰਾਉਣ ਵਾਲੇ ਇਹ ਵੇਖਣ ਜੋਗਾ ਠਰੰਮਾ ਹੀ ਹਾਸਲ ਨਹੀਂ ਕਰ ਸਕੇ ਕਿ ਐਨਲਾਈਟਨਮੈਂਟ ਫਲਸਫ਼ੇ ਨਾਲ ਜੁਡ਼ੀ ਮੈਟਾਫਿਜ਼ਿਕਸ ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆ ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ? ਇਸ ਨੂੰ ਦਿੱਤਾ ਗਿਆ ਮਾਰਕਸਵਾਦੀ ਜੁਆਬ ਅਸਲ ਵਿਚ ਕੀ ਸੀ? ਇਸ ਸਭ ਕੁਝ ਨੂੰ ਯੂਰਪ ਦੇ ਰੂਹਾਨੀ ਸੰਕਟ ਵਜੋਂ ਕਿਵੇਂ ਵੇਖਣਾ ਹੈ। ਈਸਾਈਅਤ ਦੇ ਨਾਂ ਤੇ ਗੋਰੀ ਨਸਲ ਨੂੰ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਹੇਗਲ ਨਾਲ਼ ਕਾਰਲ ਮਾਰਕਸ ਦਾ ਅਸਲ ਵਿਚ ਕੀ ਸੰਬੰਧ ਹੈ? ਮਾਰਕਸ ਹੇਗਲ ਦੇ ਘੇਰੇ ਤੋਂ ਕਿੰਨਾ ਕੁ ਬਾਹਰ ਹੈ? ਫਰਾਇਡ ਤੇ ਯੁੰਗ ਦੇ ਸੰਵਾਦ ਦੇ ਕੀ ਆਧਾਰ ਹਨ? । ਦੈਰਿਦਾ ਦਾ ਨਿਤਸ਼ੇ, ਹਾਈਡਿਗਰ ਤੇ ਮੈਟਾਫਿਜ਼ਿਕਸ ਦੀ ਪੂਰੀ ਪ੍ਰੰਪਰਾ ਨਾਲ ਸੰਵਾਦ ਅਸਲ ਵਿਚ ਕੀ ਹੈ ? ਇਹ ਕੁਝ ਸਵਾਲ ਹਨ ਜੋ ਮੈਂ ਅਜੇ ਸਿਰਫ ਸਾਹਮਣੇ ਲਿਆ ਰਿਹਾ ਹਾਂ। ਪਰ ਮੈਂ ਇਨਾਂ ਦੇ ਜਵਾਬ ਦੇਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰ ਰਿਹਾ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਪੰਜਾਬ ਦੇ ਕਮਿਊਨਿਸਟ ਕਦੇ ਇਨਾਂ ਸਵਾਲਾਂ ਦੇ ਦਰਪੇਸ਼ ਨਹੀਂ ਹੋਏ। ਉਹਨਾਂ ਨੇ ਚੱਜ ਨਾਲ ਮਾਰਕਸਵਾਦ ਵੀ ਨਹੀਂ ਸਮਝਿਆ। ਉਨਾਂ ਨੇ ਪੰਜਾਬ ਦੀ ਧਰਤੀ ਤੇ ਖਰੂਦ ਹੀ ਪਾਈ ਰੱਖਿਆ। ਉਨਾਂ ਦੀ ਕਵਿਤਾ ਪੰਜਾਬ ਦੇ ਗੀਤਾਂ ਨੂੰ ਖਾ ਗਈ ਤੇ ਉਨਾਂ ਦੀ ਗਲਪ ਨੇ ਪੰਜਾਬ ਦੇ ਰਿਸ਼ਤਿਆਂ ਦਾ ਘਾਣ ਕਰ ਦਿੱਤਾ। ਉਨਾਂ ਦੇ ਲੇਖਾਂ ਨੇ ਉਹ ਖੱਪ ਪਾਈ ਕਿ ਕਿਸੇ ਬੰਦੇ ਲਈ ਸੋਚਣ ਵਿਚਾਰਨ ਦੇ ਦੋ ਪਲ਼ ਹਾਸਲ ਕਰਨੇ ਮੁਹਾਲ ਹੋ ਗਏ।

ਇਹ ਕਮਿਊਨਿਸਟ ਜਦ ਇਹ ਦੁਹਾਈ ਪਾਉਂਦੇ ਹਨ ਕਿ ਰੰਗਲਾ ਪੰਜਾਬ ਕੁਝ ਕੱਟਡ਼ਵਾਦੀਆਂ ਨੇ ਉਜਾਡ਼ ਕੇ ਰੱਖ ਦਿੱਤਾ ਤਾਂ ਇਹ ਨਹੀਂ ਸਮਝਦੇ ਕਿ ਇਨਾਂ ਵੱਲੋਂ ਅਮਨ ਕਾਇਮ ਰੱਖਣ ਲਈ ਦਿੱਤੀ ਦੁਹਾਈ ਦਾ ਅਰਥ ਹੈ ਕਿ ਜੋ ਹੈ ਸੋ ਠੀਕ ਹੈ। ਭਾਰਤ ਦੀ ਇਕ ਕੌਮੀ ਰਾਜ ਤੌਰ ਤੇ ਹੋਈ ਕਾਇਮੀ ਇਕ ਕੁਦਰਤੀ ਵਰਤਾਰਾ ਹੈ ਤੇ ਇਸ ਦਾ ਬਦਲ ਇਸ ਦੇ ਆਰਥਿਕ ਤੇ ਸਿਆਸੀ ਢਾਂਚੇ ਦੀ ਤਬਦੀਲੀ ਹੀ ਹੈ। ਅਜਿਹਾ ਕਹਿੰਦਿਆਂ ਉਹ ਕੌਮੀ ਰਾਜ ਤੇ ਇਸਦੇ ਮਾਰਕਸਵਾਦੀ ਬਦਲ ਦੋਹਾਂ ਦੀ ਅਸਲੀਅਤ ਨਹੀਂ ਸਮਝਦੇ। ਪੰਜਾਬ ਦੇ ਕਮਿਊਨਿਸਟਾਂ ਨੂੰ ਇਹ ਜਾਨਣ ਦੀ ਲੋਡ਼ ਹੈ ਕਿ ਖੱਬੇ ਪੱਖੀ ਤੇ ਸੱਜੇ ਪੱਖੀ ਹਿਗੇਲੀਅਨ ਇਕੋ ਘੇਰੇ ਵਿਚ ਕਿਵੇਂ ਘੁੰਮ ਰਹੇ ਹਨ। ਇਕ ਪਾਸੇ ਜਾਰਜ ਸੱਜੇ ਪੱਖੀ ਪੱਛਮੀ (ਖਾਸ ਕਰ ਅਮਰੀਕਨ) ਸਿਆਸਤਦਾਨ ਈਸਾਈਅਤ ਦੇ ਦਾਅਵੇਦਾਰ ਬਣ ਕੇ ਅੱਗੇ ਆ ਰਹੇ ਹਨ ਤੇ ਅਮਰੀਕਨ ਜਨਤਾ ਅਕਸਰ ਉਹਨਾਂ ਦੇ ਇਸ ਦਾਅਵੇ ਤੇ ਮੋਹਰ ਵੀ ਲਾਉਂਦੀ ਰਹੀ ਹੈ, ਦੂਜੇ ਪਾਸੇ ਫੂਕੋ ਦੀ ਧਾਰਾ ਨਾਲ ਸਬੰਧਿਤ ਵਿਦਵਾਨ ਅਮਰੀਕਨ ਪੂੰਜੀਵਾਦ ਬਾਰੇ ਸਖ਼ਤ ਅਲੋਚਨਾਤਮਕ ਸੁਰ ਅਪਣਾਉਂਦਿਆਂ, ਮਾਰਕਸਵਾਦੀ ਬਿਰਤਾਂਤ ਦੇ ਆਸਰੇ ਨਾਲ ਈਸਾਈਅਤ ਦੀ ਬਿਹਤਰ ਪ੍ਰੀਭਾਸ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਕਹਿਣ ਤੋਂ ਭਾਵ ਗੱਲ ਕੁਝ ਹੋਰ ਹੈ ਤੇ ਪੰਜਾਬ ਦੇ ਕਮਿਊਨਿਸਟ ਉਹਨੂੰ ਹੋਰ ਹੀ ਸਮਝ ਰਹੇ ਹਨ। ਉਨਾਂ ਦੀ ਮਾਰਕਸਵਾਦ ਬਾਰੇ ਸਮਝ ਬਹੁਤ ਸਿੱਧਡ਼ ਜਿਹੀਆਂ ਧਾਰਨਾਵਾਂ ‘ਤੇ ਆਧਾਰਿਤ ਹੈ। ਇਸ ਲਈ ਉਨਾਂ ਵੱਲੋਂ ਕੌਮੀ ਰਾਜ ਦੀ ਪ੍ਰੀਭਾਸ਼ਾ ਤੇ ਇਸ ਦੇ ਬਦਲ ਬਾਰੇ ਧਾਰਨ ਕੀਤੀ ਪਹੁੰਚ ਨੂੰ ਪ੍ਰਮਾਣਿਕ ਮੰਨਣ ਦਾ ਕੋਈ ਠੋਸ ਆਧਾਰ ਨਹੀਂ ਹੈ। ਕਹਿਣ ਨੂੰ ਤਾਂ ਜੀਅ ਕਰਦਾ ਹੈ ਕਿ ਉੱਤਰਆਧੁਨਿਕ ਬਿਰਤਾਂਤ ਦਾ ਅਨੁਭਵ ਅਜਿਹੀ ਸਥਿਤੀ ਵਿਚ ਮੱਦਦਗਾਰ ਸਾਬਤ ਹੋ ਸਕਦਾ ਹੈ ਪਰ ਪੰਜਾਬ ਦੇ ਕਮਿਊਨਿਸਟਾਂ ਨੂੰ ਤਾਂ ਆਧੁਨਿਕਤਾਵਾਦੀ ਫਲਸਫੇ ਦਾ ਹੀ ਪਤਾ ਨਹੀਂ, ਉੱਤਰ-ਆਧੁਨਿਕਵਾਦ ਇਹ ਕੀ ਪਡ਼ਨਗੇ। ਇਸ ਲਈ ਖਾਲਿਸਤਾਨ ਦੀ ਲਹਿਰ ਦੇ ਸਬੰਧ ਵਿਚ ਅਮਨ ਕਾਨੂੰਨ ਦੇ ਨਾਂ ‘ਤੇ ਪੰਜਾਬ ਦੇ ਕਾਮਰੇਡਾਂ ਵੱਲੋਂ ਮਚਾਏ ਰਾਮ-ਰੌਲੇ ਵਿਚ ਨਾ ਤਾਂ ਧਰਤੀ ਨਾਲ ਕੋਈ ਗੂਡ਼੍ਹੀ ਮੁਹੱਬਤ ਨਜ਼ਰ ਆਉਂਦੀ ਹੈ ਨਾ ਹੀ ਸਥਿਤੀ ਦੀ ਸਹੀ ਸਮਝ। ਇਨ੍ਹਾਂ ਨੂੰ ਆਪਣੀ ਸਥਿਤੀ ਦਾ ਵੀ ਸਹੀ ਸਹੀ ਜਾਇਜ਼ਾ ਨਹੀਂ ਕਿ ਕਿਸੇ ਮਸਲੇ ਵਿਚ ਇਨ੍ਹਾਂ ਦੀ ਜਾਇਜ਼ ਪਹੁੰਚ ਕੀ ਬਣਦੀ ਹੈ। ਸਿੱਖਾਂ ਦੀ ਆਜ਼ਾਦੀ ਦੀ ਲਡ਼ਾਈ ਨੂੰ ਮਹਿਜ਼ ਇਸ ਕਰਕੇ ਨਕਾਰਨਾ ਕਿ ਵਸਦਾ ਰਸਦਾ ਰੰਗਲਾ ਪੰਜਾਬ ਉਜਡ਼ ਗਿਆ, ਕਮਿਊਨਿਸਟਾਂ ਦੇ ਅਨੁਭਵ ਨੂੰ ਸਾਰੇ ਵਰਤਾਰੇ ਤੋਂ ਅਲਹਿਦਗੀ ਵਿਚ ਚਲਦਾ ਵਿਖਾਉਂਦਾ ਹੈ। ਜੇ ਹੁਣ ਉਹਨਾਂ ਦੇ ਸੁਆਲ ਵੱਲ ਵਾਪਸ ਆਈਏ ਕਿ ਕੌਣ ਸਨ ਇਹ ਲੋਕ ਜਿਹਨਾਂ ਨੇ ਹੱਸਦੇ ਪੰਜਾਬ ਦੀ ਪਾਵਨ ਮਿੱਟੀ ਨੂੰ ਲਹੁ ਨਾਲ ਸਿੰਜ ਦਿੱਤਾ? ਤਾਂ ਮੈਂ ਕਹਿਣਾ ਚਾਹਾਂਗਾ ਕਿ ਉਹ ਲੋਕ ਸਨ ਜਿਹਨਾਂ ਨੇ ਪੰਜਾਬ ਦੇ ਹਾਸਿਆਂ ਦੀ ਬਜਾਏ ਇਸਦੇ ਹੰਝੂਆਂ ਦੀ ਪਛਾਣ ਕੀਤੀ। ਜਿਹਨਾਂ ਨੇ ਇਸ ਧਰਤੀ ‘ਤੇ ਵੱਸਦੇ ਸਿੱਖਾਂ ਦੇ ਦਰਦ ਨੂੰ ਮੁਕੰਮਲ ਸੰਜੀਦਗੀ ਨਾਲ ਸਮਰਪਣ ਦਿੱਤਾ। ਜਿਨਾਂ ਨੇ ਹਾਸਿਆਂ ਭਰੀ ਲੰਮੀ ਜ਼ਿੰਦਗੀ ਦੇ ਮੁਕਾਬਲੇ ਅੱਥਰੂ ਦੀ ਲੋਅ ਵਿਚ ਬਿਤਾਏ ਦੋ ਪਲਾਂ ਨੂੰ ਜੀਵਨ ਦਾ ਰੌਸ਼ਨ ਮੁਕਾਮ ਜਾਣਿਆ ਤੇ ਇਸ ਤੋਂ ਆਪਣਾ ਆਪ ਕੁਰਬਾਨ ਕਰ ਗਏ। ਜਿਨਾਂ ਨੇ ਇਹ ਅਹਿਸਾਸ ਕੀਤਾ ਕਿ ਹਿੰਦੁਸਤਾਨ ਦਾ ਦਮਨਕਾਰੀ ਢਾਂਚਾ ਸਿੱਖਾਂ ਨੂੰ ਉਨਾਂ ਦੇ ਆਪਣੇ ਤਰੀਕੇ ਨਾਲ ਜਿਉਣ ਦੀ ਥਾਂ ਨਹੀਂ ਸੀ ਦੇ ਰਿਹਾ। ਕਿ ਸਿੱਖਾਂ ਦੀ ਜ਼ਿੰਦਗੀ ਦੇ ਅਰਥ ਬਦਲੇ ਜਾ ਰਹੇ ਸਨ। ਕਿ ਉਨਾਂ ਦੇ ਜੀਵਨ ਨਾਲ ਖਿਲਵਾਡ਼ ਕਰਨ ਦੇ ਸੰਵਿਧਾਨਕ ਆਧਾਰ ਕਾਇਮ ਕਰ ਲਏ ਗਏ ਸਨ। ਜਿਨਾਂ ਨੂੰ ਪੰਜਾਬ ਜਿਉਂਦਾ ਹੀ ਮਰਦਾ ਨਜ਼ਰ ਆਇਆ, ਉਨਾਂ ਨੇ ਜਿਉਣ ਦੇ ਮੁਕਾਬਲੇ ਮਰਨ ਨੂੰ ਤਰਜੀਹ ਦਿੱਤੀ, ਉਨਾਂ ਨੇ ਮੌਤ ਨੂੰ ਇਸ ਅਹਿਸਾਸ ਨਾਲ ਗਲੇ ਲਾਇਆ ਕਿ ਧਰਤੀ ਦੀ ਮਿੱਟੀ ਬਹੁਤ ਪਾਵਨ ਹੈ ਪਰ ਇਸ ਤੋਂ ਕੁਰਬਾਨ ਹੋਣ ਲਈ ਇਨਸਾਨ ਦੇ ਲਹੂ ਤੋਂ ਪਵਿੱਤਰ ਕੁਝ ਹੋਰ ਲੱਭਣਾ ਔਖਾ ਹੈ। ਇਹ ਸਨ ਉਹ ਲੋਕ ਜਿਨਾਂ ਨੇ ਹਿੰਦੁਸਤਾਨ ਵਿਚ ਸਥਾਪਤ ਹੋਏ ਜ਼ਿੰਦਗੀ ਦੇ ਰਾਹ ਨੂੰ ਅਨਿਆਂਕਾਰੀ ਜਾਣ ਕੇ ਚੁਣੌਤੀ ਦਿੱਤੀ। ਰਾਹ ਜਿਹਡ਼ਾ ਕਿ ਆਪਣੇ ਯੂਰਪੀਨ ਤੇ ਪੁਰਾਤਨ ਹਿੰਦੁਸਤਾਨੀ ਦੋਹਾਂ ਪੱਖਾਂ ਤੋਂ ਅਨਿਆਂਕਾਰੀ ਬੁਨਿਆਦਾਂ ਵਿਚੋਂ ਪੈਦਾ ਹੋਇਆ ਸੀ। ਇਹ ਸਨ ਉਹ ਲੋਕ ਜਿਹਡ਼ੇ ਧਰਤੀ ਦੇ ਟੁਕਡ਼ੇ ਲਈ ਤਾਂ ਨਹੀਂ ਪਰ ਧਰਤੀ ਦੇ ਇਸ ਹਿੱਸੇ ਤੇ ਆਪਣੀ ਤਰਜ਼ ਦੀ ਜ਼ਿੰਦਗੀ ਜਿਉਣ ਲਈ ਲਡ਼ੇ।

ਬਿਨਾਂ ਸ਼ੱਕ ਪੰਜਾਬ ਦੀ ਧਰਤੀ ‘ਤੇ ਬਹੁਤ ਖੂਨ ਡੁਲਿਆ। ਇਕ ਦਮਨਕਾਰੀ ਰਾਜ, ਜਿਸ ਦੀਆ ਨੀਹਾਂ ਬਸਤੀਵਾਦੀ ਹਾਕਮਾਂ ਨੇ ਸਾਡੀ ਹਿੱਕ ਵਿਚ ਗੱਡੀਆਂ, ਦੀ ਹੋਂਦ ਨੂੰ ਚੁਣੌਤੀ ਦੇਣ ਤੇ ਉਸ ਦੇ ਹਾਕਮਾਂ ਨੇ ਖੂਨ ਖਰਾਬੇ ਦਾ ਰਾਹ ਅਖਤਿਆਰ ਕਰ ਲਿਆ। ਇਹਦੇ ਲਈ ਦੋਸ਼ੀ ਇਸ ਜਬਰ ਦੇ ਖਿਲਾਫ਼ ਲਡ਼-ਮਰਨ ਵਾਲੇ ਸਿੰਘ ਹਨ ਜਾਂ ਇਸ ਰਾਜ ਦੀ ਪੁਸ਼ਤਪਨਾਹੀ ਕਰਨ ਵਾਲੇ ਕਮਿਊਨਿਸਟ? ਇਹ ਠੀਕ ਹੈ ਕਿ ਸਿੱਖਾਂ ਦੇ ਇਕ ਹਿੱਸੇ ਨੇ ਆਪਣੇ ਆਪ ਨੂੰ ਇਸ ਲਡ਼ਾਈ ਤੋਂ ਅਲਹਿਦਗੀ ਤੇ ਰੱਖਿਆ। ਇਸ ਵਿਚ ਸ਼ੱਕ ਨਹੀਂ ਕਿ ਇਨਾਂ ਲੋਕਾਂ ਲਈ ਇਹ ਲਡ਼ਾਈ ਤੇ ਇਸ ਵਿਚ ਹਿੱਸਾ ਲੈਣ ਵਾਲੇ ਇਕ ਸਮੱਸਿਆ ਸੀ। ਪਰ ਸੁਆਲ ਤਾਂ ਇਹ ਹੈ ਕਿ ਇਨਾਂ ਲੋਕਾਂ ਦੀ ਚੁੱਪ ਤੇ ਅਲਹਿਦਗੀ ਬਾਰੇ ਅਸੀਂ ਕੀ ਸਮਝ ਬਣਾਉਣੀ ਹੈ? ਇਸ ਸਬੰਧ ਵਿਚ ਮੇਰੀ ਸਮਝ ਇਹ ਹੈ ਕਿ ਅਜਿਹੀ ਪਹੁੰਚ ਭਾਰਤੀ ਸੰਵਿਧਾਨਕ ਢਾਂਚੇ ਨੂੰ ਇਕ ਵਾਜਬ ਤੇ ਸਥਿਰ ਵਰਤਾਰੇ ਵਜੋਂ ਮਾਨਤਾ ਦੇਣ ਵਜੋਂ ਹੋਈ ਜੋ ਕਿ ਇਸ ਢਾਂਚੇ ਲਈ ਕੰਮ ਕਰਦੇ ਲੋਕਾਂ ਵੱਲੋਂ ਆਉਣੀ ਕੁਦਰਤੀ ਹੈ। ਜੋ ਕਿ ਇਸ ਵਰਤਾਰੇ ਨੂੰ ਚੁਣੌਤੀ ਦੇਣ ਵਾਲੇ ਕਿਸੇ ਸੰਜੀਦਾ ਦਾਰਸ਼ਨਿਕ ਬਿਰਤਾਂਤ ਦੀ ਗ਼ੈਰ ਹਾਜ਼ਰੀ ਵਿਚ ਸੁਭਾਵਿਕ ਹੋ ਨਿੱਬਡ਼ਦੀ ਹੈ। ਭਾਰਤੀ ਸੰਵਿਧਾਨਕ ਢਾਂਚਾ ਬਸਤੀਵਾਦੀ ਹਾਕਮ ਅੰਗਰੇਜ਼ ਦੀ ਜੀਵਨ ਦ੍ਰਿਸ਼ਟੀ ਦੇ ਫੈਲਾਅ ਵਿਚੋਂ ਨਿਕਲਿਆ ਵਰਤਾਰਾ ਹੈ। ਯੂਰਪੀਨ ਬਸਤੀਵਾਦੀ ਆਪਣੀ ਜੀਵਨ ਤਰਜ਼ ਦਾ ਸਗਲਵਿਆਪੀਕਰਨ ਕਰ ਲੈਣ ਵਿਚ ਸਫਲ ਹੋਏ ਹਨ। ਸਿੱਟੇ ਵਜੋਂ ਉਨਾਂ ਦੀਆਂ ਸਮੱਸਿਆਵਾਂ ਖਾਹਮਖਾਹ ਹੀ ਸਾਰੀ ਦੁਨੀਆ ਦੀਆਂ ਸਮੱਸਿਆਵਾਂ ਬਣ ਗਈਆਂ ਤੇ ਉਨਾਂ ਵੱਲੋਂ ਸੁਝਾਇਆ ਹਰ ਹੱਲ ਸਾਰੀ ਦੁਨੀਆਂ ਲਈ ਇਕੋ ਇਕ ਹੱਲ ਹੋ ਕੇ ਰਹਿ ਗਿਆ। ਪੱਛਮੀ ਸਾਮਰਾਜੀਆਂ ਵੱਲੋਂ ਸਾਰੀ ਦੁਨੀਆਂ ਦੇ ਉਲਟ ਵਿੱਢੀ ਲਡ਼ਾਈ ਅਸਲ ਵਿਚ ਇਹੋ ਹੈ ਕਿ ਮੇਰੇ ਹਿਸਾਬ ਨਾਲ ਜਿਉਂ, ਨਹੀਂ ਤਾਂ ਮਰ। ਸਿੱਖਾਂ ਦੀ ਆਜ਼ਾਦੀ ਦੀ ਲਡ਼ਾਈ ਨੂੰ ਸਮੱਸਿਆ ਸਮਝਣ ਵਾਲੇ ਸਥਾਪਤ ਸਿਸਟਮ ਵਿਚ ਜੀਵਨ ਬਤੀਤ ਕਰਨ ਨੂੰ ਤਰਜੀਹ ਦੇਣ ਵਾਲੇ ਜਾਂ ਬੱਸ ਇਸਦੇ ਆਦੀ ਹੋ ਚੁੱਕੇ ਲੋਕ ਹਨ। ਆਪਣੀ ਜੀਵਨ ਤਰਜ਼ ਬਰਕਰਾਰ ਰੱਖਣ ਲਈ ਤੇ ਆਪਣੇ ਹੱਕ ਹਾਸਲ ਕਰਨ ਲਈ ਜੰਗ ਦੇ ਮੈਦਾਨ ਵਿਚ ਲਡ਼ਨ ਵਾਲੇ ਜੁਝਾਰੂ ਸਿੰਘ ਅਜਿਹੇ ਲੋਕਾਂ ਲਈ ਸਮੱਸਿਆ ਹਨ। ਕਿਉਂਕਿ ਲਡ਼ਾਈ ‘ਚੋਂ ਨਿਕਲਣ ਵਾਲੀ ਸਾਰਥਕ ਤਬਦੀਲੀ ਤਾਂ ਸ਼ਾਇਦ ਜਿੱਤ ਤੋਂ ਬਾਅਦ ਹੀ ਸਾਹਮਣੇ ਆਉਂਦੀ ਹੈ ਪਰ ਤਬਾਹੀ ਤਾਂ ਲਡ਼ਾਈ ਦਾ ਪਹਿਲਾ ਤੇ ਸਿੱਧਾ ਨਤੀਜਾ ਹੈ। ਅੱਜ ਜਿਹੇ ਦੌਰਾਂ ਵਿਚ, ਜਦੋਂ ਸੰਸਾਰ ਦਾ ਵਪਾਰੀਕਰਨ ਕਰਨ ਵਾਲੇ ਬਿਰਤਾਂਤ ਮਨੁੱਖੀ ਮਨ ਨੂੰ ਸ਼ਕਲ ਦਿੰਦੇ ਹਨ, ਅਜਿਹੀ ਸਮਝ ਜ਼ਿਆਦਾ ਫੈਲਦੀ ਹੈ।

ਕਾਮਰੇਡਾਂ ਨੂੰ ਚਾਹੀਦਾ ਹੈ ਕਿ ਮਾਰਕਸਵਾਦ ਨਾਲ਼ ਆਪਣੀ ਪ੍ਰਤੀਬੱਧਤਾ, ਜਿਸਦਾ ਕਿ ਉਹ ਦਾਅਵਾ ਕਰਦੇ ਹਨ, ਦੇ ਮੱਦੇ ਨਜ਼ਰ, ਇਸ ਚਿੰਤਨਧਾਰਾ ਪ੍ਰਤੀ ਆਪਣੀ ਸਮਝ ਸਾਂਝੀ ਕਰਦੇ ਹੋਏ ਇਹ ਸਪੱਸ਼ਟ ਕਰਨ ਕਿ ਜਿ਼ੰਦਗੀ ਨੂੰ ਇਤਿਹਾਸਕ ਤੇ ਦਵੰਦਾਤਮਕ ਪਦਾਰਥਵਾਦ ਦੇ ਨੁਕਤੇ ਤੋਂ ਪ੍ਰੀਭਾਸਿ਼ਤ ਤੇ ਸੰਗਠਿਤ ਕਰਨ ਦੇ ਅਸਲ ਵਿੱਚ ਕੀ ਪ੍ਰਭਾਵ ਹਨ?

7 comments:

  1. ਸ਼ੁਕਰੀਆ ਯਾਦਵਿੰਦਰ ਜੀ, ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਜਦੋਂ ਕੋਈ ਸਿੱਖ ਵਿਰੋਧੀ ਲਿਖਤ 'ਗੁਲਾਮ ਕਲਮ' ਤੇ ਛਾਪੀ ਜਾਂਦੀ ਹੈ ਤਾਂ ਉਦੋਂ ਤੁਹਾਨੂੰ ਇਹ ਲਿਖਣ ਦੀ ਲੋੜ ਮਹਿਸੂਸ ਕਿਉਂ ਨਹੀਂ ਹੁੰਦੀ ਕਿ ਇਹ ਲੇਖਕ ਦੇ ਨਿਜੀ ਵਿਚਾਰ ਹਨ। ਕੀ ਇਸਦਾ ਮਤਲਬ ਇਹ ਕੱਢਿਆ ਜਾਵੇ ਕਿ ਸਿੱਖ ਵਿਰੋਧੀ ਵਿਚਾਰਾਂ ਨਾਲ ਅਦਾਰਾ 'ਗੁਲਾਮ ਕਲਮ' ਸਹਿਮਤ ਹੈ ਤੇ ਕਾਮਰੇਡ ਵਿਰੋਧੀ ਵਿਚਾਰਾਂ ਨਾਲ ਨਹੀਂ? ਜਦੋਂ ਤੁਹਾਡੀ ਮੇਰੇ ਨਾਲ ਕਸ਼ਮੀਰ ਬਾਰੇ ਬਹਿਸ ਹੋਈ ਸੀ ਉਦੋਂ ਵੀ ਤੁਸੀਂ ਇਸੇ ਤਰ੍ਹਾਂ ਹੀ ਕੀਤਾ ਸੀ। ਤਹਾਡੇ ਲੇਖ ਵਿਚ ਇਤਿਹਾਸਕ ਤੱਥਾਂ ਨਾਲ ਸਿੱਧੀ ਤੋੜ ਮਰੋੜ ਫੜ੍ਹੇ ਜਾਣ ਤੋਂ ਬਾਅਦ ਵੀ ਤੁਸੀਂ ਆਪਣੀ ਗਲਤੀ ਸਵੀਕਾਰ ਨਹੀਂ ਸੀ ਕੀਤੀ। ਉਲਟਾ ਤੁਸੀਂ ਮੇਰੇ ਲੇਖ ਦੀ ਭੂਮਿਕਾ ਲਿਖ ਕੇ ਮੇਰੇ ਵਿਚਾਰਾਂ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਮੇਰੇ ਲੇਖ ਦੇ ਜਵਾਬ ਵਿਚ ਲੇਖ ਲਿਖ ਕੇ ਜਵਾਬ ਦੇਣਾ ਚਾਹੀਦਾ ਸੀ ਨਾ ਕਿ ਮੇਰੇ ਲੇਖ ਦੀ ਭੂਮਿਕਾ ਲਿਖ ਕੇ। ਵਿਚਾਰਾਂ ਦਾ ਆਦਾਨ ਪ੍ਰਦਾਨ ਕੋਈ ਖੇਡ ਨਹੀਂ। ਇਹ ਬਹੁਤ ਹੀ ਜਿੰਮੇਵਾਰੀ ਵਾਲਾ ਕੰਮ ਹੈ। ਇਸ ਅਮਲ ਨਾਲ ਕੌਮਾਂ ਦਾ ਭਵਿੱਖ ਜੁੜਿਆ ਹੁੰਦਾ ਹੈ। ਜੇਕਰ ਤੁਸੀਂ ਸੰਵਾਦ ਦੇ ਵਾਕਿਆ ਹੀ ਹਾਮੀ ਹੋ ਤਾਂ ਬਲਾਗ ਦੇ ਸੰਪਾਦਕ ਹੋਣ ਦੇ ਨਾਤੇ ਸਾਰੀਆਂ ਧਿਰਾਂ ਨਾਲ ਇਕੋ ਜੇਹਾ ਵਰਤਾਅ ਕਰੋ। ਤੁਸੀਂ ਆਪਣੇ ਬਲਾਗ ਦੀ ਜਾਣ ਪਛਾਣ ਵਾਲੇ ਹਿੱਸੇ ਵਿਚ ਹੀ ਇਹ ਕਿਉਂ ਨਹੀਂ ਲਿਖ ਦਿੰਦੇ ਕਿ ਇਸ ਬਲਾਗ ਉਤੇ ਛਪਣ ਵਾਲੀਆਂ ਰਚਨਾਵਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ ਹੈ। ਸਿਰਫ ਸਾਡੇ ਲੇਖਾਂ ਦੇ ਅੱਗੇ ਹੀ ਇਹ ਕਿਉਂ ਲਿਖਿਆ ਜਾਂਦਾ ਹੈ। ਜੇ ਇਹ ਤੁਹਾਡੀ ਨੀਤੀ ਹੈ ਤਾਂ ਇਸਨੂੰ ਇਕ ਵਾਰ ਹੀ ਸਪੱਸ਼ਟ ਕਿਉਂ ਨਹੀਂ ਕਰ ਦਿੰਦੇ? ਅਮਰਪ੍ਰੀਤ ਮਾਨ ਦੀ ਕਵਿਤਾ ਵਿਚ ਕੀ ਮਾੜੀ ਗੱਲ ਸੀ ਕਿ ਉਹ ਨਹੀਂ ਛਾਪੀ ਗਈ? ਜੇ ਭਾਸ਼ਾ ਦੀ ਹੀ ਗੱਲ ਹੈ ਤਾਂ ਪਾਸ਼ ਨੇ ਇਹਦੇ ਤੋਂ ਕਿਤੇ ਵੱਧ ਮਾੜੀ ਭਾਸ਼ਾ ਸਿੱਖਾਂ ਬਾਰੇ ਵਰਤੀ ਹੈ, ਉਸਨੂੰ ਕਿਉਂ ਹਮੇਸ਼ਾ ਹੀਰੋ ਬਣਾ ਕੇ ਪੇਸ਼ ਕੀਤਾ ਜਾਂਦਾ ਹੈ? ਯਾਦਵਿੰਦਰ ਜੀ, ਨਿਰਪੱਖਤਾ ਦਾ ਲੇਬਲ ਲਗਾ ਕੇ ਘੁੰਮਣਾ ਸੌਖਾ ਹੈ ਪਰ ਇਸਨੂੰ ਅਮਲ ਵਿਚ ਉਤਾਰਨਾ ਬਹੁਤ ਔਖਾ ਹੈ।

    ReplyDelete
  2. ਤੁਸੀਂ ਹਰ ਵਾਰ ਕਿਸੇ ਦੇ ਵੀ ਸਿਆਸੀ ਵਿਰੋਧਾਂ ਨੂੰ ਸਿੱਖ ਵਿਰੋਧੀ ਹੋਣ ਦਾ ਨਾਂਅ ਦਿੰਦੇ ਹੋਂ।ਖਾਲਿਸਤਾਨ ਲਹਿਰ ਨਾਲ ਵਿਚਾਰਕ ਮੱਤਭੇਦਾਂ ਤੇ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਪੰਜਾਬ ਤੇ ਬਾਹਰਲੇ ਰਹਿੰਦੇ ਸਿੱਖ ਸਹਿਮਤ ਨਹੀਂ ਹਨ,ਕਿ ਤੁਹਾਡੀ ਪਰਿਭਾਸ਼ਾ 'ਚ ਉਹ ਸਾਰੇ ਸਿੱਖ ਤੇ ਪੰਥ ਵਿਰੋਧੀ ਹਨ ?ਤਹਾਨੂੰ ਕਿਸੇ ਨੂੰ ਵੀ ਸਿੱਖ ਵਿਰੋਧੀ ਸਰਟੀਫਿਕੇਟ ਦੇਣ ਦਾ ਹੱਕ ਕਿਸ ਅਥਾਰਟੀ(ਪੰਥ,ਕੋਈ ਜੱਥੇਬੰਦੀ ਜਾਂ ਇਲਾਹੀ) ਨੇ ਦਿੱਤਾ ਹੈ ?ਵੈਸੇ Intersting ਗੱਲ ਹੈ ਕਿ ਕੁਝ ਕਾਮਰੇਡ ਮਿੱਤਰ ਵੀ ਗੁਲਾਮ ਕਲਮ ਬਾਰੇ ਇਵੇਂ ਹੀ ਸੋਚਦੇ ਹਨ,ਕਿ ਗੁਲਾਮ ਕਲਮ ਕਮਿਊਨਿਸਟ ਵਿਰੋਧੀ ਬਲੌਗ ਹੈ।ਦੋ ਵੱਖੋ ਵੱਖ ਵਿਚਾਰਧਰਾਵਾਂ ਦੀ ਇਕ ਬਲੌਗ ਬਾਰੇ ਇਕੋ ਜਿਹੀ ਸਮਝ ਹੈ,ਸਾਨੂੰ ਖੁਸ਼ੀ ਹੁੰਦੀ ਹੈ।ਅਲੋਚਨਾ ਤੇ ਵਿਰੋਧ ਨੂੰ ਅਸ਼ੀ ਸੁਭ ਸੰਕੇਤ ਵਜੋਂ ਵੇਖਦੇ ਹਾਂ।ਸਾਡੇ ਬਾਰੇ ਕੋਈ ਕੀ ਸੋਚਦੈ ਅਸੀਂ ਇਸ ਦੀ ਪਰਵਾਹ ਨਹੀਂ ਕਰਦੇ।ਅਸੀਂ ਅੱਜ ਤੱਕ ਕਦੇ ਨਿਰਪੱਖਤਾ ਦਾ ਦਾਅਵਾ ਨਹੀਂ ਕੀਤਾ,ਕਿਉਂਕਿ ਸਾਡੇ ਮੁਤਾਬਕ ਨਿਰਪੱਖਤਾ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ।ਹਾਂ ਤੁਸੀਂ ਵਿਚਾਰਧਾਰਕ ਹੁੰਦਿਆਂ ਹੋਇਆਂ ਵੀ ਚੀਜ਼ਾਂ ਨੂੰ ਅਜ਼ਾਦਆਨਾ/ਸੁਤੁੰਤਰ ਤੌਰ 'ਤੇ ਕਿਵੇਂ ਵੇਖਦੇ ਹੋਂ,ਇਹ ਮਹੱਤਵਪੂਰਨ ਗੱਲ ਹੈ।ਅਸੀਂ ਚੀਜ਼ਾਂ ਬਾਰੇ ਅਜ਼ਾਦ ਪਹੁੰਚ ਅਪਨਾਉਣ ਦੀ ਹਮੇਸਾ ਕੋਸ਼ਿਸ਼ ਕੀਤੀ ਹੈ।ਜਿੰਨ੍ਹਾਂ ਚੀਜਾਂ ਨਾਲ ਸਾਡੀ ਸਹਿਮਤੀ ਹੁੰਦੀ ਹੈ,ਉਨ੍ਹਾਂ ਪ੍ਰਤੀ ਝੁਕਾਅ ਹੋਣਾ ਕੁਦਰਤੀ ਹੈ।ਬਾਕੀ ਜੇ ਤੁਹਾਡੀ ਪੱਕੀ ਰਾਇ ਹੈ ਕਿ ਗੁਲਾਮ ਕਲਮ ਭਾਰਤੀ ਸਟੇਟ ਤੇ ਸੰਘੀਆਂ ਵਾਂਗੂੰ ਸਿੱਖ ਵਿਰੋਧੀ ਹੈ ਤਾਂ ਤੁਸੀਂ ਗੁਲਾਮ ਕਲਮ ਦਾ ਬਾਈਕਾਟ ਕਰ ਸਕਦੇ ਹੋਂ।ਇਸ ਤੋਂ ਇਲਾਵਾ ਜੋ ਵੀ ਤੁਹਾਡੀ ਰਣਨੀਤੀ ਹੋਵੇ ਆਪਣਾ ਸਕਦੇ ਹੋਂ।ਅੰਤ 'ਚ ਇਹੀ ਕਹਾਂਗਾ ਤੁਸੀਂ ਆਪਣਾ ਕੰਮ ਪੂਰੀ ਸ਼ਿੱਦਤ ਨਾਲ ਕਰੋ ਤੇ ਅਸੀਂ ਆਪਣੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ।।ਨਿਬੇੜੇ ਤਾਂ ਅਮਲਾਂ ਨੇ ਕਰਨੇ ਹਨ।

    ReplyDelete
  3. ਜੇ ਅਸੀਂ ਬਹਿਸ ਨਹੀਂ ਕਰਦੇ ਤਾਂ ਕਿਹਾ ਜਾਂਦਾ ਹੈ ਕਿ ਇਹਨਾਂ ਕੋਲ ਕੋਈ ਦਲੀਲ ਨਹੀਂ ਹੈ ਤੇ ਜੇ ਬਹਿਸ ਕਰਦੇ ਹਾਂ ਤੇ ਬਹਿਸ ਨੂੰ ਕਿਸੇ ਜਾਬਤੇ ਵਿਚ ਰੱਖ ਕੇ ਚਲਾਉਣ ਦੀ ਗੱਲ ਕਰਦੇ ਹਾਂ ਤਾਂ ਬਾਈਕਾਟ ਦੇ ਸੁਨੇਹੇ ਮਿਲਣ ਲੱਗਦੇ ਹਨ। ਕਿਧਰ ਜਾਈਏ ਅਸੀਂ? ਤੁਹਾਡੇ ਤੇ ਕੋਈ ਨਿੱਜੀ ਦੂਸ਼ਣ ਨਹੀਂ ਲਾਇਆ, ਕੋਈ ਮਾੜਾ ਸ਼ਬਦ ਨਹੀਂ ਵਰਤਿਆ। ਬਹਿਸ ਦੌਰਾਨ ਵਿਚਾਰਧਾਰਕ ਵਿਰੋਧਾਂ ਨੇ ਤਿੱਖੇ ਹੋ ਕੇ ਪ੍ਰਗਟ ਹੋਣਾ ਹੀ ਹੁੰਦਾ ਹੈ। ਇਸ ਨੂੰ ਹਉਮੈ ਦਾ ਸਵਾਲ ਬਣਾ ਕੇ ਜੇ ਬਹਿਸ ਤੋਂ ਭੱਜਣਾ ਹੈ ਤਾਂ ਤੁਹਾਡੀ ਮਰਜੀ ਹੈ। ਅਸੀਂ ਤਾਂ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਤੋਂ ਵੀ ਕਰਦੇ ਰਹਾਂਗੇ।
    ਨਿਰਪੱਖਤਾ ਤੋਂ ਮੇਰਾ ਭਾਵ ਇਹ ਨਹੀਂ ਸੀ ਕਿ ਤੁਸੀਂ ਸਥਾਪਤੀ ਤੇ ਲਿਤਾੜੇ ਜਾ ਰਹੇ ਲੋਕਾਂ ਦੇ ਵਿਚ ਨਿਰਪੱਖ ਹੋ ਕੇ ਵਿਚਰੋ। ਅਜਿਹੀ ਨਿਰਪੱਖਤਾ ਦੇ ਮੇਰੇ ਲਈ ਵੀ ਕੋਈ ਮਾਅਨੇ ਨਹੀਂ ਹਨ। ਪਰ ਜਦੋਂ ਦੋ ਸਥਾਪਤੀ ਵਿਰੋਧੀ ਧਿਰਾਂ ਦਾ ਆਪਸ ਵਿਚ ਸੰਵਾਦ ਹੋ ਰਿਹਾ ਹੋਵੇ ਤਾਂ ਇਸ ਸੰਵਾਦ ਦਾ ਜਰੀਆ ਬਣਨ ਵਾਲੇ ਤੋਂ ਸੰਵਾਦ ਦੌਰਾਨ ਨਿਰਪੱਖ ਰਹਿਣ ਦੀ ਮੰਗ ਕਰਨੀ ਬਿਲਕੁਲ ਜਾਇਜ ਹੈ।
    ਮੈਂ ਇਹ ਕਦੇ ਨਹੀਂ ਕਿਹਾ ਕਿ ਖਾਲਿਸਤਾਨ ਦਾ ਵਿਰੋਧ ਕਰਨ ਵਾਲਾ ਹਰੇਕ ਵਿਅਕਤੀ ਸਿੱਖ ਵਿਰੋਧੀ ਹੈ। ਜੇ ਕਿਹਾ ਹੈ ਤਾਂ ਤੁਸੀਂ ਹਵਾਲਾ ਕਿਉਂ ਨਹੀਂ ਦਿੰਦੇ? ਆਪਣੇ ਕੋਲੋਂ ਹੀ ਗੱਲਾਂ ਜੋੜ ਕੇ ਮੇਰੇ ਸਿਰ ਕਿਉਂ ਮੜ੍ਹ ਰਹੇ ਹੋ? ਮੈਂਨੂੰ ਨਾ ਕਿਸੇ ਨੇ ਫਤਵਾ ਦਿੱਤਾ ਹੈ ਤੇ ਨਾ ਮੈਨੂੰ ਕਿਸੇ ਦੇ ਫਤਵੇ ਦੇ ਕੋਈ ਜਰੂਰਤ ਹੈ। ਵਾਹਿਗੁਰੂ ਨੇ ਜਿੰਨੀ ਕੁ ਅਕਲ ਬਖਸ਼ੀ ਹੈ ਉਸ ਅਨੁਸਾਰ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਪਾਸ਼ ਨੂੰ ਸਿੱਖ ਵਿਰੋਧੀ ਮੰਨਦਾ ਹਾਂ ਕਿਉਂਕਿ ਉਸਨੇ ਸਿੱਖਾਂ ਦੇ ਸਤਿਕਾਰਤ ਆਗੂਆਂ ਲਈ ਗਾਲ੍ਹਾਂ ਤੋਂ ਵੀ ਮਾੜੀ ਭਾਸ਼ਾ ਵਰਤੀ ਹੈ। ਮੈਂ ਉਸਦੇ ਪੈਰੋਕਾਰਾਂ ਨੂੰ ਸਿੱਖ ਵਿਰੋਧੀ ਮੰਨਦਾ ਹਾਂ ਕਿਉਂਕਿ ਉਹ ਉਸਦੇ ਕੀਤੇ ਤੇ ਪਰਦਾ ਪਾਉਣਾ ਚਾਹੁੰਦੇ ਹਨ ਤੇ ਉਸਨੂੰ ਹੀਰੋ ਬਣਾ ਕੇ ਪੇਸ਼ ਕਰਦੇ ਹਨ।
    ਤੁਸੀਂ ਬਾਈਕਾਟ ਦੀ ਗੱਲ ਕੀਤੀ ਹੈ। ਅਸਲ ਵਿਚ ਇਸਦਾ ਮਤਲਬ ਇਹ ਬਣਦਾ ਹੈ ਕਿ ਅਸੀਂ ਤਾਂ ਆਪਣੀ ਮਰਜੀ ਕਰਨੀ ਹੈ, ਜੇ 'ਗੁਲਾਮ ਕਲਮ' ਤੇ ਕੁਝ ਭੇਜਣਾ ਹੈ ਤਾਂ ਭੇਜੋ ਤੇ ਜੇ ਨਹੀਂ ਭੇਜਣਾ ਤਾਂ ਨਾ ਭੇਜੋ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ 'ਗੁਲਾਮ ਕਲਮ' ਨੂੰ ਰਚਨਾਵਾਂ ਭੇਜਣ ਦਾ ਮਕਸਦ ਸਿਰਫ ਤੇ ਸਿਰਫ ਸੰਵਾਦ ਰਚਾਉਣਾ ਸੀ। ਨਹੀਂ ਤਾਂ ਛਪਣ ਲਈ ਹੋਰ ਵੀ ਬਥੇਰੀਆਂ ਸਾਈਟਾਂ ਹਨ। ਬਾਈਕਾਟ ਕਰਨ ਲਈ ਕਹਿ ਕੇ ਤੁਸੀਂ ਇਹ ਹੀ ਕਹਿਣਾ ਚਾਹੁੰਦੇ ਹੋ ਨਾ ਕਿ ਤੁਹਾਨੂੰ ਆਪਣੀ ਕਿਸੇ ਵੀ ਕਿਸਮ ਦੀ ਆਲੋਚਨਾ ਸਵੀਕਾਰ ਨਹੀਂ ਤੇ ਤੁਹਾਡਾ ਹਰ ਫੈਸਲਾ ਦਰੁਸਤ ਹੈ ਤੇ ਇਸਨੂੰ ਇਵੇਂ ਹੀ ਮੰਨਿਆ ਜਾਣਾ ਚਾਹੀਦਾ ਹੈ। ਮੈਂ ਤੁਹਾਡੇ ਕੋਈ ਡਾਂਗ ਤਾਂ ਮਾਰੀ ਨਹੀਂ ਸੀ ਤੇ ਨਾ ਹੀ ਕੋਈ ਗਾਲ੍ਹ ਕੱਢੀ ਸੀ। ਫਿਰ ਏਨਾ ਗੁੱਸਾ ਦਿਖਾਉਣ ਦੀ ਕੀ ਲੋੜ ਪੈ ਗਈ? ਕੁਝ ਸਵਾਲ ਕੀਤੇ ਸਨ ਜਿਹਨਾਂ ਦਾ ਜਵਾਬ ਦੇਣ ਦੀ ਥਾਂ ਤੁਸੀਂ ਬਾਈਕਾਟ ਦੀਆਂ ਗੱਲਾਂ ਕਰਨ ਲੱਗ ਪਏ। ਤੁਸੀਂ ਮੈਂਨੂੰ ਦੱਸੋ ਜੇ ਆਪਾਂ ਸੰਵਾਦ ਕਰਾਂਗੇ ਹੀ ਨਹੀਂ ਤਾਂ ਵਿਚਾਰਧਾਰਕ ਮੱਤਭੇਦ ਦੂਰ ਕਿਵੇਂ ਹੋਣਗੇ। ਤੁਸੀਂ ਮੇਰੇ ਵੱਲੋਂ ਉਪਰ ਕੀਤੇ ਕਮੈਂਟ ਵਿਚ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਦੇਣ ਦੀ ਜਰੂਰਤ ਨਹੀਂ ਸਮਝੀ ਤੇ ਉਲਟਾ ਬਾਈਕਾਟ ਕਰਨ ਲਈ ਕਹਿ ਦਿੱਤਾ। ਸੱਚ ਜਾਣੀਂ ਯਾਦਵਿੰਦਰ, ਭਾਵੇਂ ਆਪਾਂ ਕਦੇ ਵੀ ਇਕ ਦੂਜੇ ਨੂੰ ਮਿਲੇ ਨਹੀਂ, ਪਰ ਮੈਂ ਤੇਰੇ ਤੋਂ ਕਦੇ ਵੀ ਇਹ ਆਸ ਨਹੀਂ ਸੀ ਕੀਤੀ।
    ਮੇਰਾ ਤੁਹਾਡੇ ਨਾਲ ਵਿਰੋਧ ਨਿੱਜੀ ਨਹੀਂ ਹੈ। ਨਾ ਹੀ ਮੈਂ ਤੁਹਾਨੂੰ ਭਾਰਤੀ ਸਟੇਟ ਜਾਂ ਸੰਘੀਆਂ ਦਾ ਸਾਥੀ ਸਮਝਦਾ ਹਾਂ। ਜੇ ਅਜਿਹਾ ਹੁੰਦਾ ਤਾਂ ਮੈਂ ਕਦੇ ਵੀ ਤੁਹਾਡੇ ਨਾਲ ਬਹਿਸ ਵਿਚ ਪੈ ਕੇ ਆਪਣਾ ਤੇ ਹੋਰਾਂ ਦਾ ਸਮਾਂ ਬਰਬਾਦ ਨਾ ਕਰਦਾ।

    ReplyDelete
  4. ਸਾਡੇ ਮੁਤਾਬਕ ਨਿਰਪੱਖਤਾ ਨਾਂਅ ਦੀ ਕੋਈ ਚੀਜ਼ ਨਹੀਂ ......
    ਇਹੋ ਉੱਤਰ ਹੋਵੇਗਾ ਜੋ ਕਿਸੇ ਸੂਝਵਾਨ ਦਾ ਹੋ ਸਕਦਾ ਹੈ
    ਵੀਰ ਜੀ ਇਸ ਲੇਖ ਦਾ ਪ੍ਰਤੀਕਰਮ ਵੀ ਜਰੂਰ ਛਾਪਣਾ |

    ReplyDelete
  5. The whole article of Prabhsharanbir Singh is based on a baseless & false hypothesis. The author has not bothered to inform from where he formulated that, "ਕਾਮਰੇਡਾਂ ਮੁਤਾਬਕ: ਪੰਜਾਬ ਹੱਸ ਰਿਹਾ ਸੀ, ਨੱਚ ਰਿਹਾ ਸੀ, ਗਾ ਰਿਹਾ ਸੀ। ਕੁਝ ਲੋਕ ਆਏ ਤੇ ਉਹਨਾਂ ਨੇ ਕੁਝ ਮਸਲੇ ਛੇੜ ਦਿੱਤੇ।"
    Thereafter when he says, "ਬਿਨਾਂ ਸ਼ੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਤੇ ਉਨਾਂ ਦੇ ਸਾਥੀ ਸਿੰਘ ਸਨ, ਜਿਨਾਂ ਨੇ ਇਹ ਮਸਲੇ ਛੇੜੇ। ਜੁਝਾਰੂ ਸਿੰਘ, ਜਿਹਨਾਂ ਨੇ ਜੂਨ ਚੁਰਾਸੀ ਤੋਂ ਬਾਅਦ ਲੜਾਈ ਇਕ ਨਵੇਂ ਸਿਰੇ ਤੋਂ ਵਿੱਢੀ, ਜਿਹੜੇ ਕਈ ਸਾਲ ਆਪਣੇ ਸਾਰੇ ਤਾਣ ਨਾਲ ਲੜਦੇ ਰਹੇ, ਐਨੇ ਜ਼ੋਰ ਨਾਲ ਕਿ ਇਕ ਇਕ ਸਾਲ ਇਕ ਇਕ ਦਹਾਕੇ ਵਰਗਾ ਹੋ ਗਿਆ।" he does not enlighten us about the so called new 'fight' started by 'Jujharu Singhs'after June 1984. Up till now we have known only of one fight of 'Jujharu Singhs'. Indiscriminate killing. In this mindless crusade, no one was left untouched. With AK-47s in their hands, they tried to impose their obscurantist ideas on the people. There is not even a single instance when they took up any cause dear to the people. It is the height of hypocracy when the author claims, "ਅਸੀਂ ਪੰਜਾਬ ਦੀ ਧਰਤੀ ਨਾਲ ਉਹ ਵਫ਼ਾ ਪਾਲੀ ਹੈ ਜਿਸ ਦਾ ਕੋਈ ਸਾਨੀ ਨਹੀਂ" No doubt they shed their own blood, but much more than that, of innocent & common people. I do not know what the communist say about it, but the leftist broadly took a principled stand on this issue, stood resolutely with the people of Punjab, shed their blood, and are proud of their legacy.It is strange that, those who at that time boastfully took responsibilities for these sinister acts are now trying to wash their hands of just by putting the blame on Govt agencies. After reading the article I am reminded of a couplet from Gurbani:

    "ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਹ
    ਮਨੁਹ ਕਸੁੱਧਾ ਕਾਲੀਆਂ, ਉੱਪਰੋਂ ਚਿੱਤਵੀਆਹ
    ਰੀਸਾਂ ਕਰੈ ਤਿਨਾੜੀਆ, ਜੋ ਸੇਵਹਿ ਦਰ ਖੜੀਆਹ"

    ReplyDelete
  6. ਹਦ ਹੋ ਗਈ ਹੈ ਜੀ .... "ਐਨਲਾਈਟਨਮੈਂਟ ਫਲਸਫ਼ੇ ਨਾਲ ਜੁਡ਼ੀ ਮੈਟਾਫਿਜ਼ਿਕਸ ਤੇ ਇਸ ਵਿਚੋਂ ਨਿਕਲਿਆ ਸਾਮਰਾਜਵਾਦੀ ਬਿਰਤਾਂਤ ਦੁਨੀਆ ਤੇ ਕਿਸ ਕਿਸਮ ਦੀਆਂ ਤਬਦੀਲੀਆਂ ਲਿਆ ਰਿਹਾ ਹੈ? ਇਸ ਨੂੰ ਦਿੱਤਾ ਗਿਆ ਮਾਰਕਸਵਾਦੀ ਜੁਆਬ ਅਸਲ ਵਿਚ ਕੀ ਸੀ? ਇਸ ਸਭ ਕੁਝ ਨੂੰ ਯੂਰਪ ਦੇ ਰੂਹਾਨੀ ਸੰਕਟ ਵਜੋਂ ਕਿਵੇਂ ਵੇਖਣਾ ਹੈ। ਈਸਾਈਅਤ ਦੇ ਨਾਂ ਤੇ ਗੋਰੀ ਨਸਲ ਨੂੰ ਜ਼ਮੀਨ ਮੁਹੱਈਆ ਕਰਵਾਉਣ ਵਾਲੇ ਹੇਗਲ ਨਾਲ਼ ਕਾਰਲ ਮਾਰਕਸ ਦਾ ਅਸਲ ਵਿਚ ਕੀ ਸੰਬੰਧ ਹੈ? ਮਾਰਕਸ ਹੇਗਲ ਦੇ ਘੇਰੇ ਤੋਂ ਕਿੰਨਾ ਕੁ ਬਾਹਰ ਹੈ? ਫਰਾਇਡ ਤੇ ਯੁੰਗ ਦੇ ਸੰਵਾਦ ਦੇ ਕੀ ਆਧਾਰ ਹਨ? । ਦੈਰਿਦਾ ਦਾ ਨਿਤਸ਼ੇ, ਹਾਈਡਿਗਰ ਤੇ ਮੈਟਾਫਿਜ਼ਿਕਸ ਦੀ ਪੂਰੀ ਪ੍ਰੰਪਰਾ ਨਾਲ ਸੰਵਾਦ ਅਸਲ ਵਿਚ ਕੀ ਹੈ ? ਇਹ ਕੁਝ ਸਵਾਲ ਹਨ ਜੋ ਮੈਂ ਅਜੇ ਸਿਰਫ ਸਾਹਮਣੇ ਲਿਆ ਰਿਹਾ ਹਾਂ। ਪਰ ਮੈਂ ਇਨਾਂ ਦੇ ਜਵਾਬ ਦੇਣ ਦੀ ਗੁਸਤਾਖੀ ਹਰਗਿਜ਼ ਨਹੀਂ ਕਰ ਰਿਹਾ।"

    ReplyDelete
  7. ਭਾਊ ਜੀ, ਤੁਹਾਡਾ ਲੇਖ ਪੜਿਆ ਤੇ ਤੁਹਾਡੀ ਵੱਲੋਂ ਕੀਤੀ ਮੇਹਨਤ ਦੀ ਦਾਦ ਦੇਣੀ ਬਣਦੀ ਹੈ ਪਰ ਇਹ ਲੇਖ ਮੇਰੇ ਮਨ ਵਿੱਚ ਕਾਫੀ ਸਵਾਲ ਵੀ ਛੱਡ ਗਿਆ ਹੈ। ਜਿਵੇ ਕਿ ਅੱਜਕੱਲ ਵੇਖਣ ਵਿੱਚ ਆ ਰਿਹਾ ਹੈ ਕਿ ਕਾਫੀ ਲੇਖਕ ਕਮਿਉਸਿਟਾ ਮਗਰ ਹੱਥ ਧੋ ਕੇ ਪਏ ਹੋਏ ਹਨ ਜਿਵੇ ਕਿ ਪੰਜਾਬ ਦੀ ਬਰਬਾਦੀ ਲਈ ਉਹ ਜਿੰਮੇਵਾਰ ਹੋਣ। ਪੰੰਜਾਬ ਦੇ ਦੁਖਾਂਤ ਤੇ ਰਾਜਨੀਤੀਕ, ਧਾਰਮਿਕ ਤੇ ਸੱਭਿਆਚਾਰਕ ਸੰਕਟ ਲਈ ਉਨਾ ਨੂੰ ਜਿੰਮੇਵਾਰ ਠਹਿਰਾਉਣ ਦੀ ਅਸਿੱਧੀ ਜਿਹੀ ਕੋਸ਼ਿਸ ਕੀਤੀ ਜਾ ਰਹੀ ਹੈ। ਜਦਕਿ ਕੰਜਰ ਕਲਾਕਾਰ ਸੱਭਿਅਆਚਾਰ ਤੇ ਗਲੋਬਲੀ ਚੈਨਲਾ ਬਾਰੇ ਸਾਜਿਸੀ ਚੱਪ ਧਾਰੀ ਹੋਈ ਹੈ। ਕਾਂਗਰਸੀਆ ਨੂੰ ਸਾਜਿਸੀ ਢੰਗ ਨਾਲ ਬਿਨਾ ਮੁਆਫੀ ਮੰਗੇ ਮਾਫ ਕਰ ਦਿੱਤਾ ਗਿਆ ਹੈ ਤੇ ਖਾਲਸੇ ਦੀ ਧਰਤੀ ਆਨੰਦਪੁਰ ਤੋ ਖਾਲਸੇ ਦੇ ਕਾਤਲ ਲੋਕ ਮੈਬਰ ਪਾਰਲੀਮੈਂਟ ਜਿਤਾਏ ਜਾ ਰਹੇ ਹਨ। ਧਰਮ ਯੁੱਧ ਮੋਰਚੇ ਲਾ ਕੇ ਸਿੱਖਾ ਦਾ ਜਾਨੀ-ਮਾਲੀ ਨੁਕਸਾਨ ਕਰਨ ਵਾਲਿਆ, ਸਿੱਖਾ ਨੂੰ ਮਰਵਾ ਕੇ ਮੁੱਲ ਵੱਟਣ ਵਾਲਿਆ ਨੂੰ ਮੁੱਖ ਮੰਤਰੀ ਦੀਆ ਕੁਰਸੀਆ ਸੌਪ ਦਿੱਤਿਆ ਗਈਆ ਹਨ ਤੇ ਮੁੜ ਜਦ ਪੰਜਾਬ ਦਾ ਵਿਨਾਸ, ਕਾਲੇ ਦੌਰ ਦਾ ਚੇਤੇ ਆਉਦਾ ਹੈ ਤਾਂ ਸਾਰਾ ਦੋਸ਼ ਕਮਿਊਨਿਸਟਾ ਸਿਰ ਥੌਪਣ ਦੀ ਕੋਸਿਸ ਕੀਤੀ ਜਾਦੀ ਹੈ ਕਿ ਇਨਾ ਨੇ ਇੰਦਰਾ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਉਕਸਾਈਆ ਸੀ। ਪਾਸ ਨੇ ਦੁੱਖੀ ਲੋਕਾ ਨੂੰ ਖੇਖਣਹਾਰੇ ਕਿਹਾ ਸੀ ਆਦਿ-ਆਦਿ।

    ਕਿ ਇੰਦਰਾ ਗਾਂਧੀ ਕਾਮਰੇਡਾ ਦੀ ਗੁਲਾਮ ਸੀ ਜਿਸ ਨੇ ਅੱਖਾਂ ਬੰਦ ਕਰਕੇ ਕਾਮਰੇਡਾ ਦੀ ਹਮਲਾ ਕਰਨ ਤੇ ਸਿੱਖਾ ਦਾ ਘਾਣ ਕਰਨ ਦੀ ਸਲਾਹ ਮੰਨ ਲਈ। ਵੈਸੇ ਵੀ ਯਾਦ ਰੱਖਣਾ ਚਾਹੀਦਾ ਹੈ ਕਿ (ਅਸਲੀ-ਨਕਲੀ ) ਕਾਮਰੇਡਾ ਦੇ ਰਾਜ ਪੱਛਮੀ ਬੰਗਾਲ ਵਿੱਚ ਸਿੱਖ ਸਮੁੱਝੇ ਭਾਰਤ ਨਾਲੋਂ ਸਰੁੱਖਿਅਤ ਰਹੇ ਸਨ।

    ਵੈਸੇ ਇਸ ਗੱਲ ਦੀ ਪੜਚੋਲ ਹੋਣੀ ਚਾਹੀਦੀ ਕਿ ਉਹ ਕਿਹੜੇ ਕਾਰਨ ਸਨ ਕਿ ਪੰਜਾਬ ਪੁਲਿਸ ਵਿੱਚ ਬਹੁਗਿਣਤੀ ਵਿੱਚ ਸਿੱਖ ਧਰਮ ਤੇ ਸਿੱਖੀ ਸਰੂਪ ਵਾਲੇ ਪੁਲਿਸ ਅਫਸਰ ਆਪਣੇ ਹੀ ਭਾਈਚਾਰੇ ਦਾ ਮੁਕਾਬਲੇਆ ਦੇ ਨਾਮ ਤੇ ਕਤਲ ਕਰਨ ਲੱਗੇ ਸਨ। ਉਨਾ ਨੂੰ ਧਰਮ ਜਾਂ ਰੱਬ ਦਾ ਡਰ ਆਦਿ ਕਿਉਂ ਨਹੀਂ ਰਿਹਾ ਸੀ, ਰਿਹਾ ਹੈ।

    ਵੈਸੇ ਇਹ ਇਲਜਾਮ ਤੁਸੀ ਇਕੱਲੇ ਤੇ ਪਹਿਲੇ ਵਾਰ ਕਮਿਉਨਿਸਟਾਂ ਨਹੀ ਲਗਾ ਰਹੇ ਹੋ। ਇਸ ਤੋਂ ਜਰਮਨ ਦੇ ਨਾਜੀ ਵੀ ਲਗਾਉਦੇ ਸਨ। ਅਮਰੀਕੀ ਸਾਮਰਾਜ ਵੱਲੋਂ ਪੇਡ ਕੀਤੇ ਆਫਗਾਨੀਸਤਾਨ ਵਿੱਚ ਮੁਜਾਹੂਦੀਨ ਤੇ ਲਾਦੇਨ ਟੋਲਾ ਵੀ ਲਗਾਉਦਾ ਸੀ ਤੇ ਵੀਅਤਨਾਮ ਵਿੱਚ ਵੀ ਇੱਕ ਮੁਸਲਿਮ ਟੋਲਾ ਕਮਿਉਨਿਸਟਾ ਦੇ ਖਾਤਮੇ ਲਈ ਸਰਗਰਮ ਹੋਇਆ ਸੀ।

    ReplyDelete