ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, October 27, 2011

ਮਾਓਵਾਦੀ ਲਹਿਰ ਦੀ ਅਣਕਹੀ ਗਾਥਾ : 'ਵਿਦਰੋਹੀ ਜੰਗਲ'

ਰਾਹੁਲ ਕਹਾਣੀਕਾਰ ਨਹੀਂ ਹੈ, ਪਰ ਉਸਨੂੰ ਕਹਾਣੀ ਕਹਿਣ ਦਾ ਵੱਲ ਹੈ। ਉਹ ਲਗਤਾਰ ਬੋਲਦਾ ਜਾਂਦਾ ਹੈ ਤੇ ਸੁਨਣ ਵਾਲੇ ਨੂੰ ਬੰਨ੍ਹ ਲੈਂਦਾ ਹੈ। ਆਪਣੀ ਲੰਬੀ ਕਹਾਣੀ ਨੂੰ ਉਸਨੇ ਕੋਬਾਡ ਗਾਂਧੀ ਤੋਂ ਸ਼ੁਰੂ ਕੀਤਾ ਤੇ ਉਸੇ ਉੱਤੇ ਹੀ ਖ਼ਤਮ ਕਰਦਿਆਂ ਉਹ ਇਕ ਚੀਜ਼ ਵੱਲ ਇਸ਼ਾਰਾ ਕਰਦਾ ਹੈ ਕਿ ਅਜੇ ਇਹ ਪਤਾ ਨਹੀਂ ਕਿ ਗਿਰਡੀਹ ਗੁੜਗਾਓਂ ਪਹੁੰਚੇਗਾ ਕਿ ਗੁੜਗਾਓਂ ਗਿਰਡੀਹ ਚਲਾ ਜਾਵੇਗਾ। ਪਰ ਇਹ ਤੈਅ ਹੈ ਕਿ ਇਕ ਤੰਦ ਮਾਓਵਾਦੀ ਲਹਿਰ ਦੇ ਗੜ੍ਹਾਂ ਨੂੰ ਹਿੰਦੋਸਤਾਨ ਅੰਦਰ ਮੌਜੂਦ ਕਾਰਪੋਰੇਟੀ ਸਰਮਾਏ ਦੇ ਗੜ੍ਹਾਂ ਵਿਚ ਪੱਸਰ ਰਹੀ ਗ਼ਰੀਬੀ ਨਾਲ ਜੋੜਦੀ ਹੈ ਤੇ ਇਹ ਰਿਸ਼ਤਾ ਅਟੁੱਟ ਹੈ ਜਿਹੜਾ ਮੌਜੂਦਾ ਆਰਥਕ ਸਮਾਜੀ ਢਾਂਚੇ ਵਿਚ ਤਰਥੱਲੀਆਂ ਪੈਦਾ ਕਰ ਸਕਦਾ ਹੈ। ਇਹ ਜੰਗਲ ਦਾ ਸ਼ਹਿਰ ਨਾਲ ਰਿਸ਼ਤਾ ਹੈ ਇਕ ਵੱਖਰੇ ਪਸਾਰ ਦੇ ਰੂਪ ਵਿਚ, ਇਕ ਦੀ ਦੂਸਰੇ ਵੱਲੋਂ ਲੁੱਟ ਦੇ ਰੂਪ 'ਚ ਹੀ ਨਹੀਂ ਸਗੋਂ ਦੋਹਾਂ ਥਾਵਾਂ ਦੇ ਲੁੱਟੇ ਨਪੀੜਿਆਂ ਦੀ ਇਨਕਲਾਬੀ ਸਾਂਝ ਦੇ ਰੂਪ ਵਿਚ।

ਇਸ ਪੱਤਰਕਾਰ ਨੇ ਇਤਹਾਸ ਦੇ ਟੁਕੜਿਆਂ ਨੂੰ ਇਕ ਲੜੀ ਵਿਚ ਪਰੋਣ ਲਈ ਕਾਫ਼ੀ ਮਿਹਨਤ ਕੀਤੀ ਹੈ। ਬੇਸ਼ੱਕ, ਇਹ ਇਕ ਨਿੱਕੀ ਜਹੀ ਕੋਸ਼ਿਸ਼ ਹੈ ਪਰ ਹੈ ਇਹ ਮਹੱਤਵ ਵਾਲੀ ਅਤੇ ਇਸ ਉੱਤੇ ਅਜੇ ਬਹੁਤ ਕੁਝ ਲਿਖਿਆ ਜਾਣਾ ਹੈ। ਮਾਓਵਾਦੀ ਲਹਿਰ ਦੇ ਇਤਹਾਸ ਸਬੰਧੀ ਇਹ ਕਿਰਤ ਲਾਜ਼ਮੀ ਹੀ ਚਰਚਾ ਤੇ ਬਹਿਸ ਛੇੜੇਗੀ। ਇਤਹਾਸ ਨੂੰ ਕਹਾਣੀ ਦੇ ਰੂਪ ਵਿਚ ਪੇਸ਼ ਕਰਨ ਦਾ ਤਰੀਕਾ ਬਹੁਤ ਪੁਰਾਣਾ ਹੈ, ਇਹ ਲੋਕਾਂ ਦਾ ਤਰੀਕਾ ਹੈ, ਇਤਹਾਸ ਦੀ ਟੈਕਸਟ ਬੁੱਕ ਅਲੱਗ ਤਰ੍ਹਾਂ ਦੀ ਹੁੰਦੀ ਹੈ। ਪੰਡਿਤਾ ਨੇ ਬੁੱਧੀਜੀਵੀ ਹੋਣ ਦੇ ਬਾਵਜੂਦ ਪੰਡਤਾਊਪਣ ਤੋਂ ਗੁਰੇਜ਼ ਕੀਤਾ ਹੈ। ਜਿੱਥੇ ਉਸ ਨੇ ਮਾਓਵਾਦੀਆਂ ਦੀਆਂ ਦਸਤਾਵੇਜ਼ਾਂ 'ਚੋਂ ਹਵਾਲੇ ਦਿੱਤੇ ਵੀ ਹਨ ਉਹਨਾਂ ਨੂੰ ਵੀ ਬਾਦ ਵਿਚ ਕਹਾਣੀ ਜਿਹੀ ਰੰਗਤ ਦੇ ਕੇ ਸਮੇਟਿਆ ਹੈ।

ਇਹ ਕਿਤਾਬ ਮਾਓਵਾਦੀ ਲਹਿਰ ਦਾ ਸੰਪੂਰਨ ਇਤਹਾਸ ਬਿਆਨ ਕਰਨ ਦਾ ਦਾਅਵਾ ਨਹੀਂ ਕਰਦੀ। ਇਤਹਾਸ ਕਦੇ ਸੰਪੂਰਨ ਹੁੰਦਾ ਹੀ ਨਹੀਂ। ਇਹ ਮੁੜ ਮੁੜ ਉਠਾਇਆ ਜਾਂਦਾ ਹੈ ਤੇ ਬਹਿਸ ਦਾ ਵਿਸ਼ਾ ਬਣਦਾ ਰਹਿੰਦਾ ਹੈ। ਪੰਡਿਤਾ ਨੇ ਸਹਿਜ ਨਾਲ ਘਟਨਾਵਾਂ ਉਠਾਈਆਂ ਹਨ ਤੇ ਉਹਨਾਂ ਨੂੰ ਪੇਸ਼ ਕੀਤਾ ਹੈ। ਉਹ ਪੱਤਰਕਾਰਾਂ ਵਾਂਗ ਘਟਨਾਵਾਂ ਨੂੰ ਉਠਾਉਂਦਾ ਹੈ ਤੇ ਫੇਰ ਉਹਨਾਂ ਨੂੰ ਆਪਣੀ ਜ਼ੁਬਾਨ ਦੇਂਦਾ ਹੈ, ਨਾਲ ਹੀ ਆਪਣਾ ਨਜ਼ਰੀਆ ਵੀ। ਘਟਨਾਵਾਂ ਦੇ ਵੇਰਵੇ ਅਕਸਰ ਹੀ ਬਹਿਸਾਂ ਛੇੜ ਦੇਂਦੇ ਹਨ ਤੇ ਨਵੇਂ ਨਵੇਂ ਤੱਥ ਉੱਭਰਦੇ ਰਹਿੰਦੇ ਹਨ। ਇਸ ਨਾਲ ਤਰਤੀਬ ਵਿਚ ਬਦਲਾਅ ਆਉਂਦੇ ਰਹਿੰਦੇ ਹਨ। ਵਧੇਰੇ ਮਹੱਤਵਪੂਰਨ ਬਹਿਸ ਨਜ਼ਰੀਏ ਦੁਆਲੇ ਹੁੰਦੀ ਹੈ। ਜਦੋਂ ਲੋਕ ਕਿਤਾਬ ਦੀ ਚੀਰ-ਫਾੜ ਕਰਨਗੇ ਤਾਂ ਲਾਜ਼ਮੀ ਹੀ ਰਾਹੁਲ ਵੀ ਨਸ਼ਤਰ ਹੇਠ ਆਵੇਗਾ ਤੇ ਉਸ ਦੇ ਕੁਝ ਹਿੱਸਿਆਂ ਨੂੰ ਚੀਰਿਆ-ਫਰੋਲਿਆ ਜਾਵੇਗਾ। ਕੁਲ ਮਿਲਾਕੇ ਭਾਵੇਂ ਉਹ ਦੱਬਿਆਂ-ਕੁਚਲਿਆਂ ਦੇ ਹੱਕ ਵਿਚ ਖੜ੍ਹਾ ਹੋਇਆ ਹੈ ਪਰ ਲਹਿਰ ਪ੍ਰਤੀ ਜੋ ਤੁਅੱਸਬ ਮੌਜੂਦ ਹਨ ਰਾਹੁਲ ਵੀ ਉਹਨਾਂ ਤੋਂ ਸੁਰਖ਼ਰੂ ਨਹੀਂ।

ਕਿਤੇ ਉਸਨੂੰ ਲੋਕਾਂ ਦੀ ਬਗ਼ਾਵਤ ਹੱਕੀ ਲਗਦੀ ਹੈ ਤੇ ਕਿਤੇ ਲਗਦਾ ਹੈ ਕਿ ਲੋਕ ਸਰਕਾਰੀ ਤੇ ਮਾਓਵਾਦੀ ਹਿੰਸਾ ਦੇ ਦੋ ਪੁੜਾਂ ਵਿਚਾਲੇ ਪਿਸ ਰਹੇ ਹਨ। ਰਾਧਾ ਡਿਸੂਜ਼ਾ ਨੇ ਇਸ ਸੈਂਡਵਿਚ (sandwich) ਨਜ਼ਰੇਏ ਦੇ ਬੁਰੀ ਤਰ੍ਹਾਂ ਪਰਖੱਚੇ ਉਡਾਏ ਹਨ। ਰਾਹੁਲ ਨੇ ਉਸ ਨੂੰ ਪੜ੍ਹਿਆ ਹੈ ਜਾਂ ਨਹੀਂ, ਪਤਾ ਨਹੀਂ। ਇਸ ਨਾਲ ਫ਼ਰਕ ਵੀ ਨਹੀਂ ਪੈਂਦਾ। ਉਹ ਬਗ਼ਾਵਤ ਨੂੰ ਜੇ ਮਜਬੂਰੀ 'ਚੋਂ ਨਿਕਲੀ ਹੋਈ ਜ਼ਰੂਰਤ ਵਜੋਂ ਪੇਸ਼ ਕਰਦਾ ਹੈ ਤਾਂ ਚੱਕੀ ਦੇ ਦੋ ਪੁੜਾਂ ਵਿਚ ਪਿਸਣ ਵਾਲੀ ਸੈਂਡਵਿਚ ਥਿਊਰੀ ਖ਼ੁਦ-ਬ-ਖ਼ੁਦ ਰੱਦ ਹੋ ਜਾਂਦੀ ਹੈ। ਹਿੰਦੋਸਤਾਨ ਭਰ ਵਿਚ ਬੁੱਧੀਜੀਵੀਆਂ ਦਾ ਇਕ ਹਿੱਸਾ ਇਸੇ ਪੁੜਾਂ ਵਾਲੇ ਸਿਧਾਂਤ ਦੀ ਗੱਲ ਕਰਦਾ ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਇਹ ਗੁੰਜਾਇਸ਼ ਦੇਂਦਾ ਹੈ ਕਿ ਉਹ ਖੰਡੇ ਨਾਲ ਵਾਹੀ ਲਕੀਰ ਦੇ ਨਾ ਇਸ ਪਾਸੇ ਖੜ੍ਹਣ ਨਾ ਦੂਸਰੇ ਪਾਸੇ ਅਤੇ ਦੂਰ ਕਿਸੇ ਪਹਾੜੀ ਉੱਤੇ ਬੈਠੇ ਕਦੇ ਜੰਗ ਦਾ ਨਜ਼ਾਰਾ ਤੱਕ ਲੈਣ ਤੇ ਕਦੇ ਠੰਡੇ ਸਾਹ ਭਰ ਲੈਣ। ਸ਼ਾਇਦ ਅਜਿਹਾ ਮਨੁੱਖਤਾਵਾਦ ਉਹਨਾਂ ਦੀ ਸਵੈ-ਤਸੱਲੀ ਦੇ ਬਹੁਤ ਢੁਕਵਾਂ ਬੈਠਦਾ ਹੈ।

ਮੇਰੇ ਲਈ ਪੰਡਿਤਾ ਹਿੰਦੋਸਤਾਨੀ ਨਹੀਂ,ਕਸ਼ਮੀਰੀ ਹੈ। ਸਿਰਫ਼ ਇਕ ਪੱਤਰਕਾਰ ਨਹੀਂ, ਸਹੀ ਤੇ ਗ਼ਲਤ ਦੀ ਪਛਾਣ ਕਰਨ ਦੀ ਸਮਰੱਥਾ ਰੱਖਣ ਵਾਲਾ ਇਨਸਾਨ ਵੀ ਹੈ ਜਿਸ ਤੋਂ ਹੋਰ ਚੰਗੇਰੀ ਲਿਖਤ ਦੀ ਤਵੱਕੋ ਕੀਤੀ ਜਾਣੀ ਚਾਹੀਦੀ ਹੈ। ਬਗ਼ਦਾਦ ਹੋਵੇ ਜਾਂ ਕਸ਼ਮੀਰ, ਜਾਂ ਫਿਰ ਬਸਤਰ, ਖੰਡੇ ਦੀ ਲਕੀਰ ਤੇ ਕਲਮ ਦੀ ਲਕੀਰ ਅਲੱਗ ਅਲੱਗ ਨਹੀਂ ਹੋ ਸਕਦੀ। ਰਾਹੁਲ ਵੱਲੋਂ ਫ਼ਾਸਲਾ ਰੱਖਣ ਦੀ ਗੱਲ ਚੁੱਭਦੀ ਹੈ।

ਕਿਤਾਬ ਦਿਲਚਸਪ ਵੀ ਹੈ ਤੇ ਬੰਨ੍ਹ ਵੀ ਲੈਂਦੀ ਹੈ। ਇਹ ਇਸ ਦੀ ਖ਼ੂਬੀ ਹੈ। ਪਾਠਕ ਇਸ ਨੂੰ ਪਸੰਦ ਕਰਨਗੇ ਕਿਉਂਕਿ ਇਹ ਪੰਜਾਬੀ ਵਿਚ ਲਿਖੀ ਗਈ ਲਗਦੀ ਹੈ ਨਾ ਕਿ ਕੋਈ ਤਰਜਮਾ।

ਸਤਨਾਮ
ਲੇਖ਼ਕ ਮਾਓਵਾਦੀ ਲਹਿਰ ਬਾਰੇ ਜੰਗਲਨਾਮਾ ਨਾਂਅ ਦੀ ਕਿਤਾਬ ਲਿਖ਼ ਚੁੱਕੇ ਹਨ।
ਕਿਤਾਬ ਖਰੀਦਣ ਲਈ ਬੂਟਾ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ।-Mob-94634-74342

ਇਹੋ ਜਿਹਾ ਸੀ ‘ਸਾਡਾ ਸਾਥੀ ਪਾਲ ਸਿੰਘ’

ਦਸਾਂ ਨੋਹਾਂ ਦੀ ਕਿਰਤ ਕਰ-ਕਰ, ਗੁਰਬਤ ਹੰਦਾਉਂਦਾ ਤੁਰ ਗਿਆ,
ਹਨੇਰਿਆਂ ਨੂੰ ਰੁਸ਼ਨਾਉਣ ਲਈ ਮਸਾਲਾਂ ’ਚ ਤੇਲ ਪਾਉਂਦਾ ਤੁਰ ਗਿਆ

ਜਿਸ ਵਿਅਕਤੀ ਬਾਰੇ ਮੈਂ ਸ਼ਰਧਾਂਜਲੀ ਲਿਖਣ ਜਾ ਰਿਹਾ ਹਾਂ ਉਹ ਨਾਂ ਕੋਈ ਸਿਆਅਤਦਾਨ ਸੀ, ਨਾ ਨਾਟਕਕਾਰ ਤੇ ਨਾ ਹੀ ਉਹ ਕਿਸੇ ਹੋਰ ਅਸਰ ਰਸੂਖ ਵਾਲਾ ਬੰਦਾ ਸੀ। ਉਹ ਇਕ ਸਾਧਾਰਨ ਪਿੰਡ ਵਿੱਚ ਰਹਿਣ ਵਾਲਾ ਇਕ ਮਜ਼ਦੂਰ ਸੀ। ਜਿਸ ਨੇ ਸਾਰੀ ਉਮਰ ਹੱਡ-ਭੰਨਵੀ ਮਿਹਨਤ ਕਰਕੇ ਦੇਸ਼ ਦੇ ਅੰਨ ਦੇ ਭੰਡਾਰ ਭਰਨ ਵਿੱਚ ਆਪਣਾ ਯੋਗਦਾਨ ਪਾਇਆ। ਇਹ ਵਿਅਕਤੀ ਉਸ ਤਬਕੇ ਵਿੱਚੋਂ ਸੀ ਜਿਸ ਨੂੰ ਹਮੇਸ਼ਾ ਮੀਡੀਏ, ਸਰਕਾਰਾ ਬੁਧੀਜੀਵੀਆਂ ਵੱਲੋਂ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ।

9 ਅਕਤੂਬਰ 2011 ਦੀ ਸ਼ਾਮ ਨੂੰ ਦਿਲ ਦੀ ਬਿਮਾਰੀ ਨਾਲ ਲੜਦਿਆਂ ਸਾਥੀ ਪਾਲ ਸਿੰਘ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸੰਗੀਆਂ-ਸਾਥੀਆਂ ਕੋਲੋਂ ਸਦਾ-ਸਦਾ ਲਈ ਚਲਾ ਗਿਆ। ਉਹ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੜਿਤ ਸੀ। 9 ਅਕਤੂਬਰ ਨੂੰ ਉਹ ਆਪਣੇ ਨਿਤ-ਕਰਮ ਅਨੁਸਾਰ ਸਾਂਝੇ ਖੇਤ ਗਏ ਵਾਪਸ ਆਉਂਦਿਆਂ ਛਾਤੀ ਵਿੱਚ ਦਰਦ ਹੋਣ ਲੱਗਾ। ਘਰ ਆ ਕੇ ਦਰਦ ਹੋਰ ਵੱਧ ਗਿਆ। ਉਨ੍ਹਾਂ ਦਾ ਪੁੱਤਰ ਜਸਵੀਰ ਸਿੰਘ ਅਤੇ ਜੀਵਨ ਸਾਥਣ ਗਿਆਨ ਕੌਰ ਉਨ੍ਹਾਂ ਨੂੰ ਸੰਗਰੂਰ ਹਸਪਤਾਲ ਵਿੱਚ ਲੈ ਕੇ ਗਏ। ਉਥੋਂ ਉਨ੍ਹਾਂ ਦਾ ਪਟਿਆਲੇ ਦਾ ਪਰਚਾ ਕੱਟ ਦਿੱਤਾ। ਜਦੋਂ ਸਾਡੇ ਪਿਆਰੇ ਸਾਥੀ ਨੂੰ ਜੇਰੇ-ਇਲਾਜ਼ ਲਈ ਪਟਿਆਲੇ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਬਿਮਾਰੀ ਨਾਲ ਜੁਝਦਿਆਂ ਦਮ ਤੋੜ ਗਏ।

ਸਾਥੀ ਪਾਲ ਸਿੰਘ ਅੱਜ ਤੋਂ ਤਕਰੀਬਨ 55 ਵਰੇ੍ ਪਹਿਲਾਂ ਪੰਜਾਬ ਦੇ ਪਿੰਡ ਬੇਨੜਾ ਦੇ ਮਜ਼ਦੂਰ ਵਿਹੜੇ ਅੰਦਰਲੇ ਇਕ ਬੇ-ਜ਼ਮੀਨੇ ਗਰੀਬ ਦਲਿਤ ਪਰਿਵਾਰ ਦੇ ਬਜੁਰਗ ਧੰਨ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਉਨ੍ਹਾਂ ਸਮਿਆਂ ਵਿੱਚ ਪੈਦਾ ਹੋਏ ਜਦੋਂ ਦਲਿਤ ਪਰਿਵਾਰਾਂ ਵਿੱਚ ਪੈਦੇ ਹੋਣ ਵਾਲੇ ਬੱਚਿਆਂ ਨੂੰ ਸਕੂਲ ਦੀ ਥਾਂ, ਪਸ਼ੂਆਂ ਦੀ ਰਾਖੀ ਕਰਨ ਦੇ ਕੰਮ ਲਾ ਦਿੱਤਾ ਜਾਂਦਾ ਸੀ।

ਭਾਰਤ ਦੇ ਹੋਰ ਕਰੋੜਾਂ ਮਿਹਨਤਕਸ੍ਹ ਲੋਕਾਂ ਦੇ ਧੀਆਂ ਪੁੱਤਰਾਂ ਵਾਗੂੰ ਸਾਥੀ ਪਾਲ ਸਿੰਘ ਵੀ ਵਿਦਿਆ ਦੀ ਅਨਮੋਲ ਦਾਤ ਤੋਂ ਸੱਖਣਾ ਰਿਹਾ। ਪੜ੍ਹਨ-ਲਿਖਣ ਅਤੇ ਖੇਡਣ ਦੀ ਉਮਰ ਪਸ਼ੂ-ਡੰਗਰ ਚਾਰਦਿਆਂ ਬੀਤੀ। ਚੜਦੀ ਜਵਾਨੀ ਵਿੱਚ ਹੀ ਸੀਰੀ-ਸਾਂਝੀ ਰਲਣਾ ਪਿਆ। ਕਿੰਨੇ ਹੀ ਪੋਹਾਂ-ਮਾਘਾਂ ਦੀਆਂ ਕੁਕਰਾਲੀ ਰਾਤਾਂ ਅਤੇ ਜੇਠ ਹਾੜ ਦੀਆਂ ਸਿਖਰ ਦੁਪਹਿਰਾਂ, ਸੱਪਾਂ ਦੀਆਂ ਸਿਰੀਆਂ ਮਿੱਧਦਿਆਂ, ਖੇਤ-ਬੰਨਿਆਂ ਵਿੱਚ ਕਿਰਤ ਕਰਦਿਆਂ ਗੁਜਾਰਨੀਆਂ ਪਈਆਂ। ਸਾਥੀ ਪਾਲ ਸਿੰਘ ਮਜ਼ਦੂਰਾਂ ਦੀ ਉਸ ਪੀੜ੍ਹੀ ਦਾ ਪ੍ਰਤੀਨਿਧੀ ਸੀ ਜਿਸ ਨੇ ਨਾ ਚੰਗਾ ਪਹਿਣ ਕੇ ਨਾਂ ਸੌਂ ਕੇ ਤੇ ਨਾਂ ਚੰਗਾ ਖਾ ਕੇ ਦੇਖਿਆ। ਆਪਣੇ ਜੀਵਨ ਦਾ ਵੱਡਾ ਹਿੱਸਾ ਲਹੂ-ਪਸੀਨਾਂ ਇਕ ਕਰਕੇ ਦੇਸ਼ ਦੇ ਅਨਾਜ ਦੇ ਭੰਡਾਰ ਭਰਨ ਵਿੱਚ ਲਗਾਇਆ। ਪਰ ਦੇਸ਼ ਵਿੱਚ ਸਮੇਂ-ਸਮੇਂ ਤੇ ਬਣਦੀਆਂ ਰਹੀਆਂ ਵੋਟ ਪਾਰਟੀਆਂ ਦੀਆਂ ਸਰਕਾਰਾਂ ਤੇ ਦੇਸ਼ ਦੇ ਬੁਧੀਜੀਵੀਆਂ ਨੇ ਕਦੇ ਇਨ੍ਹਾਂ ਮਜ਼ਦੂਰਾਂ ਨੂੰ ਅੰਨ-ਦਾਤੇ ਦੇ ਤੌਰ ਤੇ ਨਹੀਂ ਦੇਖਿਆ। ਉਹ ਵੀ ਬਿਗਾਨੇ ਖੇਤਾਂ ਵਿੱਚ ਹਲ ਚਲਾਉਂਦਾ, ਮਹਿੰਗਾਈ, ਗੁਰਬਤ, ਜਾਤ-ਪਾਤ ਵਿਤਕਰੇ ਅਤੇ ਕਰਜ਼ੇ ਦਾ ਸ਼ਿਕਾਰ ਹੁੰਦਾ ਰਿਹਾ। ਸੰਸੇ, ਫਿਕਰਾਂ, ਝੋਰਿਆਂ ਅਤੇ ਮਜ਼ਬੂਰੀਆਂ ਨੇ ਹੋਰ ਕਿਰਤੀਆਂ ਦੀ ਤਰ੍ਹਾਂ ਉਸ ਦਾ ਖਹਿੜਾ ਵੀ ਨਾ ਛੱਡਿਆ।

ਸਾਥੀ ਪਾਲ ਸਿੰਘ ਮਜ਼ਦੂਰਾਂ ਦੇ ਹੱਕ ਲਈ ਲੜਨ ਵਾਲੀ ਜੱਥੇਬੰਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਕਾਈ ਪਿੰਡ ਬੇਨੜਾ ਦੇ ਮੁੱਖ ਆਗੂਆਂ ਵਿੱਚੋਂ ਇਕ ਸੀ। ਉਹ ਜੱਥੇਬੰਦੀ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਪਿੰਡ ਬੇਨੜਾ ਵਿੱਚ ਜੱਥੇਬੰਦੀ ਵੱਲੋਂ ਪੰਚਾਇਤ ਜ਼ਮੀਨ ਵਿੱਚੋਂ ਮਜ਼ਦੂਰਾਂ ਦੇ ਬਣਦੇ ਤੀਜੇ ਹਿੱਸੇ ਨੂੰ ਪ੍ਰਾਪਤ ਕਰਨ ਲਈ ਲੜੇ ਗਏ ਮਾਣਮੱਤੇ ਸੰਘਰਸ਼ ਵਿੱਚ ਸਾਥੀ ਪਾਲ ਦਾ ਪ੍ਰਸ਼ੰਸਾਯੋਗ ਯੋਗਦਾਨ ਸੀ। ਜਦੋਂ ਜੱਥੇਬੰਦੀ ਨੇ ਜ਼ਮੀਨ ਵਿੱਚ ਸਾਂਝੇ ਤੌਰ ਤੇ ਹਰਾ-ਚਾਰਾ ਬੀਜਣਾ ਸ਼ੁਰੂ ਕੀਤਾ ਤਾਂ ਇਸ ਦੀ ਸੰਭਾਲ ਦਾ ਵੱਡਾ ਮਸਲਾ ਸਾਹਮਣੇ ਆ ਖੜਾ ਹੋਇਆ ਤਾਂ ਸਾਥੀ ਪਾਲ ਸਿੰਘ ਨੇ ਕਿਹਾ ਕਿ ਸਾਂਝੇ ਖੇਤ ਦੀ ਸੰਭਾਲ ਮੈਂ ਕਰਾਂਗਾ ਤੁਸੀਂ ਫਿਕਰ ਨਾ ਕਰੋਂ। ਸਾਥੀ ਜੀ ਨੇ ਜਿੰਦ-ਜਾਨ ਲਾ ਕੇ ਖੇਤ ਦੀ ਸੰਭਾਲ ਕੀਤੀ। ਸਾਂਝੇ ਖੇਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਾਥੀ ਜੀ ਨੇ ਬੜੀ ਮਿਹਨਤ ਤੇ ਸਿਆਪਣ ਨਾਲ ਹੱਲ ਕੀਤਾ। ਖੇਤ ਦੀ ਸੰਭਾਲ ਵਿੱਚ ਦਿੱਤੇ ਇਸ ਯੋਗਦਾਨ ਨੂੰ ਪਿੰਡ ਬੇਨੜਾ ਦੇ ਮਜ਼ਦੂਰ ਕਦੇ ਵੀ ਨਹੀਂ ਭੁੱਲਣਗੇ।
ਸਾਥੀ ਪਾਲ ਦਾ ਮੰਨਣਾ ਸੀ ਕਿ ਜਿਨਾਂ ਚਿਰ ਸਾਰੇ ਪਿੰਡਾਂ ਦੇ ਮਜ਼ਦੂਰ ਇੱਕਠੇ ਨਹੀਂ ਹੁੰਦੇ ਉਨ੍ਹਾਂ ਚਿਰ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਦਾ। ਉਹ ਇਹ ਵੀ ਕਹਿੰਦੇ ਹੁੰਦੇ ਸਨ ਕਿ ਜਿਨਾਂ ਚਿਰ ਸਾਂਝੇ ਖੇਤ ਦੀ ਵਾਂਗ-ਡੋਰ ਜੱਥੇਬੰਦੀ ਦੇ ਹੱਥ ਵਿੱਚ ਹੈ ਉਨ੍ਹਾ ਚਿਰ ਹੀ ਖੇਤ ਵਿੱਚ ਸਾਂਝੀਵਾਲਤਾ ਕਾਇਮ ਰਹਿ ਸਕਦੀ ਹੈ। ਇਸ ਕਰਕੇ ਸਾਥੀ ਪਾਲ ਨੇ ਜੱਥੇਬੰਦੀ ਨੂੰ ਮਜਬੂਤ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਸੀ। ਉਨ੍ਹਾਂ ਦੇ ਇਸ ਯੋਗਦਾਨ ਨੂੰ ਜੱਥੇਬੰਦੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਮਜ਼ਦੂਰਾਂ ਦੀ ਘਰੇਲੂ ਜ਼ਿੰਦਗੀ ਵਿੱਚ ਪੈਦਾ ਹੋਣ ਵਾਲੇ ਲੜਾਈ ਝਗੜਿਆਂ ਨੂੰ ਸੁਲਝਾਉਣ ਵਿੱਚ ਸਾਥੀ ਪਾਲ ਦੀ ਖਾਸ ਮੁਹਾਰਤ ਸੀ। ਲੋਕਾਂ ਦੇ ਰੌਲੇ-ਰੱਪਿਆਂ ਨੂੰ ਹੱਲ ਕਰਨਾ ਉਹ ਆਪਣੀ ਜਿੰਮੇਵਾਰੀ ਸਮਝਦਾ ਸੀ। ਜਿਸ ਪਰਿਵਾਰ ਦਾ ਕੋਈ ਰੌਲਾ ਹੁੰਦਾ ਉਹ ਉਸਨੂੰ ਹੱਲ ਕਰਨ ਚਲਿਆ ਜਾਂਦਾ। ਜਿਸ ਧਿਰ ਦਾ ਕਸੂਰ ਹੁੰਦਾ ਉਸ ਨੂੰ ਸਮਝਾਉਂਦਾ। ਲੋਕ ਉਨ੍ਹਾਂ ਦਾ ਚੰਗਾ ਪ੍ਰਭਾਵ ਮੰਨਦੇ ਸਨ। ਉਹ ਟੁੱਟਦੇ ਘਰਾਂ ਨੂੰ ਫਿਰ ਤੋਂ ਜੋੜ ਦਿੰਦੇ, ਵਿਛੜੇ ਭਰਾਵਾਂ ਵਿੱਚ ਮਿਲਾਪ ਕਰਵਾ ਦਿੰਦਾ।

ਉਨ੍ਹਾਂ ਕੋਲ ਜ਼ਿੰਦਗੀ ਦਾ ਹੱਡੀ ਹੰਢਾਇਆ ਤਜ਼ਰਬਾ ਸੀ। ਉਨ੍ਹਾਂ ਦੇ ਇਸ ਤਜ਼ਰਬੇ ਤੋਂ ਪਿੰਡ ਇਕਾਈ ਦੇ ਨੌਜਵਾਨ ਸਾਥੀਆਂ ਨੇ ਕਾਫੀ ਕੁਝ ਸਿੱਖਣਾ ਸੀ। ਉਨ੍ਹਾਂ ਦੇ ਬੇ-ਵਕਤੇ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਵੱਡਾ ਘਾਟਾ ਜੱਥੇਬੰਦੀ ਨੂੰ ਵੀ ਪਿਆ ਹੈ। ਜੱਥੇਬੰਦੀ ਪਿਛੇ ਰਹਿ ਗਏ ਪਰਿਵਾਰ ਦੇ ਮੈਂਬਰਾਂ ਨੂੰ ਹੌਂਸਲਾ ਦਿੰਦੀ ਹੈ। ਉਹ ਕਿਸੇ ਗੱਲ ਦਾ ਫਿਕਰ ਨਾ ਕਰਨ ਜੱਥੇਬੰਦੀ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਹੈ। ਉਹਨਾਂ ਵੱਲੋਂ ਲੋਕ-ਹਿੱਤਾਂ, ਖਾਸ ਕਰਕੇ ਸਾਂਝੇ ਖੇਤ ਦੀ ਸੰਭਾਲ ਅਤੇ ਇਸ ਨੂੰ ਕਾਇਮ ਰੱਖਣ ਲਈ ਕੀਤੇ ਕੰਮਾਂ ਦੀਆਂ ਪੈਂੜਾਂ ਅਮਿੱਟ ਰਹਿਣਗੀਆਂ। ਉਹਨਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਬੇਨੜਾ ਇਕਾਈ ਵਿਛੜੇ ਸਾਥੀ ਪਾਲ ਸਿੰਘ ਨੂੰ ਲਾਲ ਸਲਾਮ ਆਖਦੀ ਹੈ।

ਬਹਾਲ ਸਿੰਘ
ਬੇਨੜਾ ਪਿੰਡ ਦੇ ਸਾਂਝੇ ਖੇਤ ਬਾਰੇ ਪੜ੍ਹਨ ਲਈ ਹੇਠਲਾ ਲਿੰਕ ਕਲਿੱਕ ਕਰੋ


ਏਥੇ ਦੀਵੇ ਬਲਦੇ ਦੁੱਖਾਂ ਦੇ...

ਜਦੋਂ ਸਰਕਾਰੀ ਇਰਾਦਾ ਮਾੜਾ ਹੋਵੇ ਤਾਂ ਕੇਸ ਇਰਾਦਾ ਕਤਲ ਦਾ ਹੀ ਬਣਦਾ ਹੈ। ਨਾ ਫਿਰ ਕਸੂਰ ਦੇਖਿਆ ਜਾਂਦਾ ਹੈ ਤੇ ਨਾ ਹੀ ਕਿਸੇ ਬੱਚੇ ਬੱਚੀ ਦਾ ਭਵਿੱਖ। ਸਕੂਲ ਪੜ੍ਹਦੀ ਬੱਚੀ ਸੁਖਦੀਪ ਨੂੰ ਥਾਣੇ ਦਾ ਮੂੰਹ ਦਿਖਾ ਦਿੱਤਾ ਗਿਆ ਹੈ। ਜਦੋਂ ਹੁਕਮ ਉਪਰੋਂ ਆਏ ਹੋਣ ਤਾਂ ਥਾਣੇਦਾਰ ਦੀ ਕਲਮ ਵੀ ਲੇਖ ਕਾਲੇ ਹੀ ਲਿਖਦੀ ਹੈ। ਬੱਚੀ ਸੁਖਦੀਪ ਕੌਰ 'ਤੇ ਇਰਾਦਾ ਕਤਲ ਦਾ ਕੇਸ ਬਣਿਆ ਹੈ। ਉਹ ਵੀ ਬਿਨ੍ਹਾਂ ਕਸੂਰੋਂ। ਜੋ ਇਸ ਬੱਚੀ ਦੇ ਅਰਮਾਨ ਕਤਲ ਹੋਏ ਹਨ,ਉਨ੍ਹਾਂ ਦਾ ਕੋਈ ਲੇਖਾ ਨਹੀਂ। ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ ਇਹ ਧੀਅ ਹੁਣ ਕਿਸ ਦਰ ਜਾਵੇ। ਏਨਾ ਕੁ ਕਸੂਰ ਉਸ ਦਾ ਹੈ ਕਿ ਉਹ 'ਜ਼ਮੀਨ ਨਹੀਂ ਦਿਆਂਗੇ' ਉਚੀ ਅਵਾਜ਼ 'ਚ ਆਖ ਬੈਠੀ। ਮਾਮਲਾ ਇਰਾਦਾ ਕਤਲ ਦਾ ਬਣ ਗਿਆ। ਉਸ ਦੇ ਬਾਪ ਸਿਰ ਪੰਜ ਲੱਖ ਦਾ ਖੇਤੀ ਕਰਜ਼ਾ ਹੈ। ਸਰਕਾਰੀ ਅੱਖ ਉਨ੍ਹਾਂ ਦੀ ਜ਼ਮੀਨ 'ਤੇ ਟਿਕੀ ਹੋਈ ਹੈ। ਇਸ ਬੱਚੀ ਨੂੰ ਹੁਣ ਫਿਕਰ ਪੜਣ ਲਿਖਣ ਦਾ ਨਹੀਂ,ਬਾਪ ਦੀ ਪੈਲੀ ਖੁਸਣ ਦਾ ਸਿਰ 'ਤੇ ਭਾਰ ਹੈ। ਬਾਪ ਦੀ ਪੱਗ ਲਈ ਉਸ ਨੇ ਹਵਾਲਾਤ ਵੀ ਵੇਖ ਲਿਆ ਹੈ। ਜਦੋਂ ਮਸਲੇ ਵੱਡੇ ਬਣ ਜਾਣ ਤਾਂ ਫਿਰ ਥਾਣੇ ਵੀ ਛੋਟੇ ਲੱਗਦੇ ਹਨ। ਲੋਕ ਰਾਜੀ ਸਰਕਾਰ ਲੋਕਾਂ ਦਾ ਚਿਹਰਾ ਪੜ੍ਹਦੀ ਤਾਂ ਇਸ ਬੱਚੀ ਨੂੰ ਥਾਣਾ ਨਾ ਦੇਖਣਾ ਪੈਂਦਾ। ਇਸ ਬੱਚੀ ਦਾ ਬਾਪ ਤਾਪ ਬਿਜਲੀ ਘਰ ਲਈ 'ਪਿਉਨਾ ਕੰਪਨੀ' ਨੂੰ ਆਪਣੇ ਖੇਤ ਨਹੀਂ ਦੇਣਾ ਚਾਹੁੰਦਾ। ਨਾ ਉਹ ਚੈਕ ਲੈਂਦਾ ਹੈ। ਤਾਹੀਂ ਉਹ ਪੁਲੀਸ ਦੀ ਅੱਖ ਦੀ ਰੜ੍ਹਕ ਬਣ ਗਿਆ ਹੈ। ਸਬਕ ਸਿਖਾਉਣ ਖਾਤਰ ਇਹੋ ਰੜ੍ਹਕ ਉਸ ਦੀ ਬੱਚੀ 'ਤੇ ਕੱਢ ਦਿੱਤੀ ਗਈ ਹੈ। ਗੋਬਿੰਦਪੁਰਾ ਦੇ ਜ਼ਮੀਨੀ ਮਸਲੇ ਦਾ ਅੰਤ ਕੋਈ ਵੀ ਹੋਵੇ ਲੇਕਿਨ ਦਰਜ਼ਨਾਂ ਧੀਆਂ ਦੇ ਇਹ ਜਖਮ ਜ਼ਿੰਦਗੀ ਭਰ ਰਿਸਦੇ ਰਹਿਣਗੇ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਕੁਰਸੀ ਸੰਭਾਲਣ ਮਗਰੋਂ ਵਾਅਦਾ ਕੀਤਾ ਗਿਆ ਸੀ ਕਿ 'ਕਿਸੇ ਔਰਤ ਨੂੰ ਥਾਣੇ ਨਹੀਂ ਸੱਦਿਆ ਜਾਏਗਾ।' ਗੋਬਿੰਦਪੁਰਾ ਦੀ 19 ਵਰ੍ਹਿਆਂ ਦੀ ਜਵਾਨ ਧੀਅ ਅਮਨਪ੍ਰੀਤ ਕੌਰ ਨੂੰ ਜ਼ਿਲ੍ਹੇ ਦਾ ਹਰ ਥਾਣਾ ਦਿਖਾ ਦਿੱਤਾ ਗਿਆ ਹੈ। ਪੁਲੀਸ ਨੇ ਪੰਜ ਦਫਾ ਉਸ ਨੂੰ ਹਵਾਲਾਤ ਡੱਕਿਆ ਹੈ। ਉਸ ਮਗਰੋਂ ਬਠਿੰਡਾ ਜੇਲ੍ਹ ਦੀ ਵਿਖਾ ਦਿਤੀ ਹੈ। ਬੁਢਲਾਡਾ ਦੇ ਗੁਰੂ ਨਾਨਕ ਕਾਲਜ 'ਚ ਬੀ.ਏ ਭਾਗ ਦੂਜਾ 'ਚ ਪੜ੍ਹਦੀ ਅਮਨਪ੍ਰੀਤ 'ਤੇ ਹੁਣ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਹ ਆਖਦੀ ਹੈ ਕਿ ਮੁੱਖ ਮੰਤਰੀ ਤਾਂ ਆਪਣਾ ਵਾਅਦਾ ਭੁੱਲ ਗਏ ਪ੍ਰੰਤੂ ਉਹ ਪੁਲੀਸ ਕੇਸ ਦੇ ਦਾਗ ਨੂੰ ਕਦੇ ਨਹੀਂ ਭੁੱਲੇਗੀ। ਉਸ ਦੀ ਵੱਡੀ ਭੈਣ ਗਗਨਪ੍ਰੀਤ ਕੌਰ ਅਧਿਆਪਕ ਬਣਨਾ ਚਾਹੁੰਦੀ ਸੀ। ਪੁਲੀਸ ਨੇ ਉਸ ਨੂੰ ਮੁਜ਼ਰਮ ਬਣਾ ਦਿੱਤਾ ਹੈ। ਇਨ੍ਹਾਂ ਭੈਣਾਂ ਦੀ ਮਾਂ ਤੇ ਬਾਪ ਤੋਂ ਬਿਨ੍ਹਾਂ ਭਰਾ ਅਤੇ 70 ਵਰ੍ਹਿਆਂ ਦੀ ਦਾਦੀ 'ਤੇ ਵੀ ਪੁਲੀਸ ਕੇਸ ਬਣਾ ਦਿੱਤਾ ਗਿਆ ਹੈ। ਇਨ੍ਹਾਂ ਧੀਆਂ ਦਾ ਕਹਿਣਾ ਹੈ ਕਿ 'ਜ਼ਮੀਨ ਸਾਡੀ ਮਾਂ ਹੈ,ਜਦੋਂ ਮਾਂ ਹੀ ਹੱਥੋਂ ਚਲੀ ਗਈ,ਫਿਰ ਜੀਵਨ ਕਾਹਦਾ।' ਇਹ ਪਰਿਵਾਰ ਪਿਉਨਾ ਕੰਪਨੀ ਨੂੰ ਜ਼ਮੀਨ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਦੇ ਬਾਪ ਗੁਰਲਾਲ ਸਿੰਘ 'ਤੇ ਤਾਂ ਕਈ ਪਰਚੇ ਦਰਜ ਕੀਤੇ ਗਏ ਹਨ। ਇਸ ਪਿੰਡ ਦੀ ਸਕੂਲੀ ਬੱਚੀ ਹਰਪ੍ਰੀਤ ਕੌਰ ਨੇ ਮਈ 2009 ਦੀ ਲੋਕ ਸਭਾ ਚੋਣ ਤੋਂ ਪਹਿਲਾਂ ਆਪਣੇ ਪਿੰਡ 'ਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਔਰਤਾਂ ਨਾਲ ਚੁੰਨੀਆਂ ਵਟਾਉਂਦੀ ਨੂੰ ਦੇਖਿਆ ਹੈ। ਹੁਣ ਇਹ ਬੱਚੀ ਉਹੀ ਚੁੰਨੀ ਪੁਲੀਸ ਹੱਥੋਂ ਲੀਰੋ ਲੀਰ ਹੁੰਦੀ ਵੇਖ ਰਹੀ ਹੈ। ਬੱਚੀ ਆਖਦੀ ਹੈ ਕਿ ਨੰਨ੍ਹੀ ਛਾਂ ਸਾਡਾ ਨਹੀਂ ਤਾਂ ਸਾਡੀ ਚੁੰਨੀ ਦਾ ਹੀ ਵਚਨ ਨਿਭਾ ਦਿੰਦੀ। ਪੁਲੀਸ ਨੇ ਇਸ ਬੱਚੀ ਨੂੰ ਵੀ ਇਰਾਦਾ ਕਤਲ 'ਚ ਫਸਾ ਦਿੱਤਾ ਹੈ।

ਬਾਪ ਦੀ ਉਮਰ ਤੋਂ ਵੱਡੇ ਥਾਣੇਦਾਰਾਂ ਨੇ ਇਨ੍ਹਾਂ ਬੱਚੀਆਂ ਨਾਲ ਕੋਈ ਲਿਹਾਜ ਨਹੀਂ ਕੀਤੀ। ਇਸ ਪਰਿਵਾਰ ਨੇ ਦੱਸਿਆ ਕਿ ਪਹਿਲਾਂ ਪੁਲੀਸ ਨੇ ਉਨ੍ਹਾਂ ਦੇ ਦੋ ਏਕੜ ਹਰੇ ਝੋਨੇ 'ਤੇ ਦਵਾਈ ਛਿੜਕਾ ਦਿੱਤੀ। ਜਦੋਂ ਉਹ ਆਪਣੀ ਜੱਦੀ ਪੁਸ਼ਤੀ ਜਾਇਦਾਦ ਨੂੰ ਬਚਾਉਣ ਤੋਂ ਪਿਛੇ ਨਾ ਹਟੇ ਤਾਂ ਉਨ੍ਹਾਂ ਦੀ ਸਕੂਲ ਪੜ੍ਹਦੀ ਬੱਚੀ 'ਤੇ ਪੁਲੀਸ ਕੇਸ ਪਾ ਦਿੱਤਾ। ਏਦਾ ਹੀ 18 ਵਰ੍ਹਿਆਂ ਦੀ ਲੜਕੀ ਸੁਖਦੀਪ ਕੌਰ ਨਾਲ ਹੋਈ ਹੈ। ਉਹ ਤਾਂ ਕਿਸੇ ਸੰਘਰਸ਼ ਦੇ ਰਾਹ ਵੀ ਨਹੀਂ ਪਈ ਸੀ ਲੇਕਿਨ ਫਿਰ ਵੀ ਉਸ 'ਤੇ ਇਰਾਦਾ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਪਿੰਡ ਗੋਬਿੰਦਪੁਰਾ ਦੀ ਜੂਹ ਤੋਂ ਇਹ ਸਭ ਕੁਝ ਝੱਲਿਆ ਨਹੀਂ ਜਾ ਰਿਹਾ ਹੈ। ਇਸ ਜੂਹ ਨੇ ਪਿੰਡ 'ਚ ਹਾਸੇ ਠੱਠੇ ਦੇਖੇ ਹਨ। ਖੇਤਾਂ 'ਚ ਫਸਲਾਂ ਦੇ ਚੋਝ ਦੇਖੇ ਹਨ। ਪਿਪਲਾਂ 'ਤੇ ਪੀਘਾਂ ਝੂਟਦੀਆਂ ਧੀਆਂ ਨੂੰ ਦੇਖਿਆ ਹੈ। ਸਕੂਲ ਜਾਂਦੀਆਂ ਬੱਚੀਆਂ ਦੀ ਪੈੜ ਚਾਲ ਵੀ ਨਿੱਤ ਸੁਣੀ ਹੈ। ਸਰਕਾਰਾਂ ਨੂੰ ਸ਼ਰਮ ਹੁੰਦੀ ਤਾਂ ਇਸ ਪਿੰਡ ਨਾਲ ਹਾਸੇ ਰੁੱਸਣੇ ਨਹੀਂ ਸਨ। ਗੋਬਿੰਦਪੁਰਾ ਸ਼ਰਮ 'ਚ ਜ਼ਰੂਰ ਡੁੱਬਾ ਹੋਇਆ ਹੈ। ਦਿਨ ਰਾਤ ਪੁਲੀਸ ਦਾ ਪਹਿਰਾ ਉਸ ਦਾ ਧਰਵਾਸ ਤੋੜ ਰਿਹਾ ਹੈ। ਧੀਆਂ ਭੈਣਾਂ ਪਿਛੇ ਦੌੜਦੀ ਪੁਲੀਸ ਨੂੰ ਦੇਖ ਕੇ ਉਹ ਵਾਰਸ ਸਾਹ ਨੂੰ ਸੱਦਣੋ ਬੇਵੱਸ ਹੈ। ਘੋੜ ਸਵਾਰ ਪੁਲੀਸ ਦੀ ਗਲੀਆਂ'ਚ ਨਿੱਤ ਹੁੰਦੀ ਦਗੜ ਦਗੜ ਦੇਖਣੀ ਉਸ ਦੇ ਭਾਗ ਹੀ ਬਣ ਗਏ ਹਨ। ਗੋਬਿੰਦਪੁਰਾ ਨੇ ਆਹ ਦਿਨ ਵੀ ਵੇਖਣੇ ਸਨ। ਗੋਬਿੰਦਪੁਰਾ ਨੂੰ ਮਾਣ ਵੀ ਜ਼ਰੂਰ ਹੈ ਕਿ ਉਸ ਦਾ ਹਰ ਨਿਆਣਾ ਸਿਆਣਾ ਹੱਕ ਲਈ ਲੜਣਾ ਜਾਣਦਾ ਹੈ। ਕਿਸਾਨ ਤੇ ਮਜ਼ਦੂਰ ਧਿਰਾਂ ਇਸ ਪਿੰਡ ਦੀ ਰਾਖੀ ਲਈ ਉਤਰੀਆਂ ਹਨ। ਹੁਣ ਸੋਖਾ ਨਹੀਂ ਖੇਤਾਂ ਦਾ ਪੁੱਤਾਂ ਨੂੰ ਖੇਤਾਂ ਤੋਂ ਵਿਰਵੇ ਕਰਨਾ। ਪੁਲੀਸ ਨੂੰ ਹੁਣ ਪਿੰਡ ਦੀ ਹਰ ਧੀਅ ਚੋਂ 'ਝਾਂਸੀ ਦੀ ਰਾਣੀ' ਦਾ ਝਉਲਾ ਪੈਂਦਾ ਹੈ।

ਜ਼ਿੰਦਗੀ ਦੀ ਢਲਦਾ ਪ੍ਰਛਾਵਾ ਵੀ ਜੇਲ੍ਹ ਵੇਖ ਚੁੱਕਾ ਹੈ। 70 ਵਰ੍ਹਿਆਂ ਦੀ ਬੇਬੇ ਗੁਰਦੇਵ ਕੌਰ ਚੰਗੀ ਤਰ੍ਹਾਂ ਤੁਰ ਫਿਰ ਵੀ ਨਹੀਂ ਸਕਦੀ। ਪੁਲੀਸ ਆਖਦੀ ਹੈ ਕਿ ਉਸ ਨੇ ਤਾਂ ਕਤਲ ਕਰ ਦੇਣਾ ਸੀ। ਉਸ ਉਪਰ ਧਾਰਾ 307 ਦਾ ਕੇਸ ਦਰਜ ਕਰ ਦਿੱਤਾ ਹੈ। ਪੋਤਿਆਂ ਲਈ ਜ਼ਮੀਨ ਬਚ ਜਾਏ,ਇਹੋ ਉਸ ਦੀ ਆਖਰੀ ਇੱਛਾ ਹੈ। ਮੁਢ ਕਦੀਮ ਤੋਂ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਹਵਾਲਾਤ ਦੇਖਣੇ ਪੈਣਗੇ। ਉਹ ਤਾਂ ਪੁਲੀਸ ਦੀ ਡਾਂਗ ਵੀ ਝੱਲ ਚੁੱਕੀ ਹੈ। ਕਿਉਂਕਿ ਉਹ ਕਿਸਾਨ ਨੇਤਾ ਗੁਰਲਾਲ ਸਿੰਘ ਦੀ ਮਾਂ ਹੈ। 72 ਵਰ੍ਹਿਆਂ ਦੀ ਵਿਧਵਾ ਔਰਤ ਅਮਰਜੀਤ ਕੌਰ ਤੇ ਉਸ ਦੀ 56 ਸਾਲ ਦੀ ਵਿਧਵਾ ਭੈਣ ਸੁਖਦੇਵ ਕੌਰ ਲਈ ਇਹ ਦੁੱਖ ਕੋਈ ਨਵੇਂ ਨਹੀਂ ਹਨ। ਅਮਰਜੀਤ ਕੌਰ ਦਾ ਪਤੀ ਜੱਗਾ ਸਿੰਘ ਇਸ ਜਹਾਨੋ ਚਲਾ ਗਿਆ ਹੈ। ਜਦੋਂ ਅਮਰਜੀਤ ਕੌਰ ਦੇ ਘਰ ਔਲਾਦ ਨਾ ਹੋਈ ਤਾਂ ਉਹ ਆਪਣੀ ਛੋਟੀ ਭੈਣ ਨੂੰ ਸੁਖਦੇਵ ਕੌਰ ਨੂੰ ਆਪਣੇ ਘਰ ਲੈ ਆਈ। ਪਰ ਉਸ ਦੇ ਵੀ ਔਲਾਦ ਨਾ ਹੋਈ। ਹੁਣ ਵਿਧਵਾ ਭੈਣਾਂ ਦੀ ਸੱਤ ਏਕੜ ਜ਼ਮੀਨ ਐਕੁਆਇਰ ਕਰ ਲਈ ਗਈ ਹੈ। ਭਾਵੇਂ ਉਨ੍ਹਾਂ ਦੇ ਔਲਾਦ ਤਾਂ ਨਹੀਂ ਹੋਈ ਲੇਕਿਨ ਜੱਗੇ ਜੱਟ ਦੀ ਆਖਰੀ ਨਿਸ਼ਾਨੀ ਜ਼ਮੀਨ ਨੂੰ ਬਚਾਉਣ ਲਈ ਇਨ੍ਹਾਂ ਭੈਣਾਂ ਨੂੰ ਪੁਲੀਸ ਦਾ ਕੋਈ ਭੈਅ ਨਹੀਂ ਰਿਹਾ। ਇਰਾਦਾ ਕਤਲ ਦੇ ਕੇਸ ਵੀ ਉਨ੍ਹਾਂ ਦੇ ਜਜਬਾ ਨਹੀਂ ਤੋੜ ਸਕੇ ਹਨ। ਬਿਰਧ ਸੁਰਜੀਤ ਕੌਰ ਦਾ ਸਿਰੜ ਦੇਖੇ। ਉਹ ਆਖਦੀ ਹੈ ਕਿ 50 ਵਰ੍ਹੇ ਪਹਿਲਾਂ ਪਿੰਡ ਗੋਬਿੰਦਪੁਰਾ 'ਚ ਡੋਲੀ 'ਚ ਬੈਠ ਕੇ ਆਈ ਸੀ,ਹੁਣ ਅਰਥੀ ਵੀ ਇਸੇ ਪਿੰਡ ਚੋਂ ਉਠੇਗੀ ਪਰ ਜ਼ਮੀਨ ਨਹੀਂ ਛੱਡਾਂਗੇ।

ਭਾਵੇਂ ਇਹ ਮਸਲਾ ਦੇਰ ਸਵੇਰ ਕਿਵੇਂ ਵੀ ਸੁਲਝ ਜਾਏ ਪ੍ਰੰਤੂ ਇਸ ਮਸਲੇ ਦੀ ਚੀਸ ਜਵਾਨ ਧੀਆਂ ਦੇ ਹਮੇਸ਼ਾ ਪੈਂਦੀ ਰਹੇਗੀ। ਇਹੋ ਚੀਸ ਬੁਢਾਪੇ ਦੇ ਅੰਤਲੇ ਸਾਹ ਤੱਕ ਸਾਹ ਬਣ ਕੇ ਹੀ ਚੱਲੇਗੀ। ਹੁਣ ਤੁਸੀਂ ਹੀ ਦੱਸੋ ਕਿ ਜਿਸ ਪਿੰਡ 'ਤੇ ਪਹਾੜ੍ਹ ਡਿੱਗੇ ਹੋਣ,ਉਹ ਕਿਵੇਂ ਬਨੇਰਿਆਂ 'ਤੇ ਦੀਪ ਬਾਲਣ। ਜਿਨ੍ਹਾਂ ਦੇ ਘਰ ਹੀ ਨਹੀਂ ਰਹੇ, ਉਹ ਦੀਵੇ ਕਿਥੇ ਰੱਖਣ। ਮਸਲੇ ਦੇ ਹੱਲ ਤੱਕ ਇਸ ਪਿੰਡ 'ਚ ਹਰ ਦੀਵਾਲੀ ਦੁੱਖਾਂ ਦੇ ਦੀਪ ਹੀ ਬਲਣਗੇ। ਲੋੜ ਇਸ ਗੱਲ ਦੀ ਹੈ ਕਿ ਦੀਵਾਲੀ ਦੀ ਰੋਸਨੀ ਤੋਂ ਹੀ ਸਰਕਾਰ ਕੁਝ ਸਿਖ ਲਵੇ। ਇਸ ਪਿੰਡ ਦੇ ਦੁੱਖਾਂ ਦਾ ਚਿਹਰਾ ਪੜ੍ਹ ਲਵੇ ਤਾਂ ਜੋ ਪੰਜਾਬ ਦੇ ਕਿਸੇ ਹੋਰ ਪਿੰਡ ਨੂੰ ਪੁਲੀਸ ਦਾ ਪਹਿਰਾ ਨਾ ਝੱਲਣਾ ਪਵੇ।

ਚਰਨਜੀਤ ਭੁੱਲਰ

Monday, October 24, 2011

ਨਹਿਰੂ ਚਾਹੁੰਦਾ ਸੀ ਕਸ਼ਮੀਰ ਬਾਰੇ ਲੋਕ ਰਾਇ

ਕਸ਼ਮੀਰ ਨੂੰ ਲੈ ਕੇ ਆਮ ਨਜ਼ਰੀਆ ਭਾਰਤੀ ਸੱਤਾ ਦੀ ਪਰਿਭਾਸ਼ਾ ਹੈ।ਇਸ ਦੇਸ਼ 'ਚ ਕੌਮੀਅਤਾਂ ਨੂੰ ਲੈ ਕੇ 'ਅਤੀ ਰਾਸ਼ਟਰਵਾਦ' ਹਮੇਸ਼ਾ ਦੀ ਡੁੱਲ੍ਹ ਡੁੱਲ੍ਹ ਪੈਂਦਾ ਰਿਹਾ ਹੈ।ਭਾਰਤੀ ਸਟੇਟ 'ਅਤੀ ਰਾਸ਼ਟਰਵਾਦੀ' ਹਵਨ ਯੱਗ 'ਚ ਦੇਸੀ ਘਿਓ ਪਾਉਂਦੀ ਰਹੀ ਹੈ।ਇਸ ਹਨ੍ਹੇਰੀ ਨੂੰ ਠੱਲਣ ਲਈ ਜਿਹੜੀਆਂ ਫੋਰਸਾਂ ਦੇ ਅਹਿਮ ਯੋਗਦਾਨ ਦੀ ਲੋੜ ਸੀ,ਉਹ ਓਨਾ ਯੋਗਦਾਨ ਪਾਉਣ'ਚ ਅਸਫਲ ਰਹੀਆਂ ਹਨ।ਮਸਲਨ ਇਸ ਮਾਮਲੇ 'ਚ ਸਟੇਟ ਦੀਆਂ ਪਰਿਭਾਸ਼ਾਵਾਂ ਦੇ ਵਿਰੋਧ 'ਚ ਜਿੰਨੀ ਵੱਡੀ ਕਾਉਂਟਰ ਪ੍ਰਚਾਰ ਲਹਿਰ ਖੜ੍ਹੀ ਕਰਨ ਦੀ ਲੋੜ ਸੀ,ਉਹ ਕਦੇ ਨਹੀਂ ਕੀਤੀ ਜਾ ਸਕੀਜਨਤਕ ਪੱਧਰ 'ਤੇ ਵੱਡੀ ਪ੍ਰਚਾਰ ਮੁਹਿੰਮ ਨਾਲ ਕਸ਼ਮੀਰ ਮਸਲੇ ਬਾਰੇ ਘੱਟੋ ਘੱਟ ਸਪੱਸ਼ਟਤਾ ਲਿਆਂਦੀ ਜਾ ਸਕਦੀ ਸੀ,ਪਰ ਪੂਰੇ ਦੇਸ਼ ਚ ਅੰਗਰੇਜ਼ੀ ਤੋਂ ਬਿਨ੍ਹਾਂ ਕਸ਼ਮੀਰ ਮਸਲੇ ਨੂੰ ਸਮਝਣ ਇਕ ਦੁੱਕਾ ਕਿਤਾਬਾਂ ਤੋਂ ਬਿਨਾਂ ਸਾਹਿਤ ਨਹੀਂ ਮਿਲਦਾ।ਇਸੇ ਲਈ ਜਦੋਂ ਸਈਅਦ ਅਲੀ ਸ਼ਾਹ ਗਿਲਾਨੀ,ਐਸ ਏ ਆਰ ਗਿਲਾਨੀ,ਅਰੁੰਧਤੀ ਰਾਇ ਜਾਂ ਪ੍ਰਸ਼ਾਂਤ ਭੂਸ਼ਨ 'ਤੇ ਹਮਲਾ ਹੁੰਦਾ ਹੈ ਤਾਂ ਜਨਤਾ 'ਚ ਗੱਲ ਲਿਜਾਣੀ ਔਖੀ ਹੁੰਦੀ ਹੈ।ਸਾਨੂੰ ਲੱਗਦੈ ਕਿ ਸੂਚਨਾਤਮਕ ਪੱਧਰ ਤੇ ਕਸ਼ਮੀਰ ਜਾਂ ਹੋਰ ਕੌਮੀਅਤਾਂ ਬਾਰੇ ਜਨਤਾ 'ਚ ਵੱਡੇ ਪੱਧਰ ਤੇ ਪ੍ਰਚਾਰ ਲਿਜਾਣ ਦੀ ਜ਼ਰੂਰਤ ਹੈ।ਕਈ ਲੋਕ ਕਹਿੰਦੇ ਹਨ ਕਿ ਕੌਮੀਅਤਾਂ ਜਾਂ ਹੋਰ ਕੰਨ੍ਹੀਆਂ ਤੇ ਪਏ ਸਵਾਲ (ਜਿਵੇਂ ਜਾਤ ਦਾ ਸਵਾਲ,ਘੱਟਗਿਣਤੀਆਂ) ਦੇ ਮਸਲੇ ਮੁੱਖ ਏਜੰਡੇ 'ਤੇ ਨਹੀਂ ਲਿਆਂਦੇ ਜਾ ਸਕਦੇ। ਹੋ ਸਕਦੈ ਉਹ ਸਹੀ ਹੋਣ ਪਰ ਮੁੱਖ ਏਜੰਡਿਆਂ ਦੀ ਖੜੋਤ ਨੂੰ ਕੰਨ੍ਹੀ ਦੇ ਪਏ ਮਸਲਿਆਂ ਨੁੰ ਛੋਹਿਆਂ ਬਿਨਾਂ ਨਹੀਂ ਤੋੜਿਆ ਜਾ ਸਕਦਾ।ਖੈਰ,ਸਾਲ ਪਹਿਲਾਂ ਹੀ ਕਸ਼ਮੀਰ ਮਾਮਲੇ ‘ਤੇ ਆਪਣੇ ਵਿਚਾਰ ਰੱਖਣ ਕਾਰਨ ਲੇਖਿਕਾ ਅਰੁੰਧਤੀ ਰਾਏ ‘ਤੇ ਅਦਾਲਤੀ ਹੁਕਮਾਂ ਅਧੀਨ ਕੇਸ ਵੀ ਦਰਜ ਕੀਤਾ ਗਿਆ ਸੀ।ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਰੁੰਧਤੀ ਰਾਏ ਨੇ ਪਿਛਲੇ ਸਾਲ 28 ਨਵੰਬਰ ਨੂੰ ‘ਉਹ ਜਵਾਹਰ ਲਾਲ ਨਹਿਰੂ ‘ਤੇ ਮਰਨੋਂ ਉਪੰਰਤ ਮਾਮਲਾ ਚਲਾ ਸਕਦੇ ਹਨ’ ਸਿਰਲੇਖ ਅਧੀਨ ਲਿਖੇ ਲੇਖ ਰਾਹੀਂ ਜਵਾਬ ਦਿੱਤਾ ਸੀ।ਅਸੀ ਅਰੁੰਧਤੀ ਰਾਏ ਦੇ ਲੇਖ ਦਾ ਪੰਜਾਬੀ ਤਰਜ਼ਮਾ ਪੇਸ਼ ਕਰ ਰਹੇ ਹਾਂ।--ਗੁਲਾਮ ਕਲਮ


ਅਦਾਲਤ ਵੱਲੋਂ ਦਿੱਤੇ ਉਸ ਹੁਕਮ ਦੇ ਬਾਰੇ(ਜਿਸ ਹੁਕਮ ਰਾਹੀਂ ਦਿੱਲੀ ਪੁਲਿਸ ਨੂੰ ਮੇਰੇ ਖਿਲਾਫ ‘ਰਾਜ ਦੇ ਖਿਲਾਫ ਜੰਗ ਸ਼ੁਰੂ ਕਰਨ ਦੇ ਦੋਸ਼’ ਅਧੀਨ ਐੱਫ.ਆਈ.ਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ) ਮੇਰੀ ਪ੍ਰਤੀਕਿਰਿਆ ਇਹ ਹੈ ਕਿ ਸ਼ਾਇਦ ਉਹਨਾਂ ਨੂੰ ਜਵਾਹਰ ਲਾਲ ਨਹਿਰੂ ਖਿਲਾਫ ਵੀ ਮਰਨੋਂ ਉਪੰਰਤ ਮਾਮਲਾ ਦਰਜ ਕਰਨਾ ਚਾਹੀਦਾ ਹੈ।ਕਿਉਂ ਕਿ ਉਹਨਾਂ ਕਸ਼ਮੀਰ ਦੇ ਬਾਰੇ ਹੇਠਲੀਆਂ ਗੱਲਾਂ ਕਹੀਆਂ ਸਨ।

1.ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਇੱਕ ਤਾਰ ਦੇ ਹਵਾਲੇ ਨਾਲ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਮੈਂ ਇਹ ਗੱਲ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਇਸ ਸੰਕਟਕਾਲ ‘ਚ ਕਸ਼ਮੀਰ ਦੀ ਸਹਾਇਤਾ ਕਰਨ ਦਾ ਸਵਾਲ ਕਿਸੇ ਵੀ ਤਰ੍ਹਾਂ ਇਹਦੇ ਭਾਰਤ ‘ਚ ਸ਼ਾਮਲ ਹੋਣ ਦੇ ਸੰਦਰਭ ਨਾਲ ਨਹੀਂ ਜੁੜਿਆ।ਸਾਡਾ ਮਤ ਜਿਹਨੂੰ ਅਸੀ ਵਾਰ ਵਾਰ ਜਨਤਕ ਕਰਦੇ ਆਏ ਹਾਂ ,ਇਹ ਹੈ ਕਿ ਕਿਸੇ ਵੀ ਵਿਵਾਦਤ ਇਲਾਕੇ ਜਾਂ ਰਾਜ ਦੇ ਸ਼ਾਮਲ ਹੋਣ ਦਾ ਫੈਸਲਾ ਉਥੋਂ ਦੇ ਲੋਕਾਂ ਦੀ ਇੱਛਾ ਮੁਤਾਬਕ ਹੀ ਹੋਣਾ ਚਾਹੀਦਾ ਹੈ ਤੇ ਅਸੀ ਇਸ ਵਿਚਾਰ ‘ਤੇ ਕਾਇਮ ਹਾਂ।(ਤਾਰ 402,Primin-2227,ਤਾਰੀਖ਼ 27 ਅਕਤੂਬਰ,1947,ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਭੇਜਿਆ,ਇਸੇ ਤਾਰ ਨੂੰ ਯੂ.ਕੇ. ਪ੍ਰਧਾਨਮੰਤਰੀ ਨੂੰ ਵੀ ਨੱਥੀ ਕੀਤਾ ਗਿਆ)

2.ਪਾਕਿਸਤਾਨ ਨੂੰ ਭੇਜੀ ਇੱਕ ਹੋਰ ਚਿੱਠੀ ‘ਚ ਨਹਿਰੂ ਨੇ ਕਿਹਾ, “ਕਸਮੀਰ ਦੇ ਭਾਰਤ ‘ਚ ਸੁਮੇਲ ਨੂੰ ਅਸੀ ਮਹਾਰਾਜਾ ਦੀ ਸਰਕਾਰ ਅਤੇ ਰਾਜ ਦੇ ਬਹੁਗਿਣਤੀ ਜਨਮਤ ਵਾਲੀ ਸੰਸਥਾ ਜੋ ਕਿ ਮੁਸਲਮਾਨ ਹਨ ਦੇ ਬੇਨਤੀ ਉਪੰਰਤ ਹੀ ਮੰਨਿਆ ਸੀ।ਪਰ ਇਹ ਇਸ ਸ਼ਰਤੀਆ ਅਧਾਰ ਦਾ ਫੈਸਲਾ ਸੀ ਜਿਸ ‘ਚ ਇਹ ਵੀ ਮੰਨਿਆ ਗਿਆ ਸੀ ਕਿ ਕਾਨੂੰਨੀ ਪ੍ਰਬੰਧ ਦੇ ਸੁਚੱਜੇ ਰੂਪ ਦੇ ਬਹਾਲ ਹੋਣ ਦੀ ਸੂਰਤ ਤੋਂ ਬਾਅਦ ਕਸ਼ਮੀਰ ਦਾ ਅਵਾਮ ਹੀ ਤੈਅ ਕਰੇਗਾ ਕਿ ਉਹ ਭਾਰਤ ‘ਚ ਸ਼ਾਮਲ ਹੋਣ ਨੂੰ ਆਪਣੀ ਸਹਿਮਤੀ ਦਿੰਦੇ ਹੋਏ ਸ਼ਾਮਲ ਹੁੰਦੇ ਹਨ ਕਿ ਨਹੀਂ(ਤਾਰ ਸੰਖਿਆ 255, ਤਾਰੀਖ਼ 31 ਅਕਤੂਬਰ,1947)
ਕਸ਼ਮੀਰ ਦਾ ਸ਼ਾਮਲ ਹੋਣਾ

3.ਨਵੰਬਰ 2, 1947 ਨੂੰ ਆਕਾਸ਼ਵਾਣੀ ‘ਤੇ ਕੌਮਾਂਤਰੀ ਪ੍ਰਸਾਰਣ ਦੇ ਆਪਣੇ ਇੱਕ ਸੰਦੇਸ਼ ‘ਚ ਪੰਡਿਤ ਨਹਿਰੂ ਨੇ ਕਿਹਾ, “ਸੰਕਟ ਦੇ ਇਸ ਸਮੇਂ ਅਸੀ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਕਸ਼ਮੀਰ ਦੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿੱਤੇ ਬਗ਼ੈਰ ਕੋਈ ਫੈਸਲਾ ਨਹੀਂ ਲਿਆ ਜਾਵੇਗਾ,ਤੇ ਫੈਸਲਾ ਉਹਨਾਂ ਨੂੰ ਹੀ ਲੈਣਾ ਪਵੇਗਾ।ਇਸ ਨਾਲ ਮੈਂ ਇਹ ਗੱਲ ਵੀ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਜਿੱਥੇ ਵੀ ਕੋਈ ਅਜਿਹੇ ਹਲਾਤ ਬਣਦੇ ਹਨ ਜਿੱਥੇ ਰਾਜ ਦਾ ਦੋਵਾਂ ਦੇਸ਼ਾਂ ਚੋਂ ਕਿਸੇ ਇੱਕ ਦੇ ਹੱਕ ‘ਚ ਜਾਣ ਦਾ ਫੈਸਲਾ ਹੋਵੇ ਤਾਂ ਨੀਤੀ ਇਹੋ ਹੈ ਕਿ ਉਥੋਂ ਦੇ ਲੋਕਾਂ ਨੂੰ ਹੀ ਇਸ ਸਦੰਰਭ ‘ਚ ਫੈਸਲਾ ਲੈਣਾ ਚਾਹੀਦਾ ਹੈ।ਇਸੇ ਨੀਤੀ ਤਹਿਤ ਹੀ ਅਸੀ ਕਸ਼ਮੀਰ ਦੇ ਭਾਰਤ ‘ਚ ਸੁਮੇਲ ਸਮਝੌਤੇ ਸਮੇਂ ਇਹ ਸ਼ਰਤ ਸ਼ਾਮਲ ਕੀਤੀ ਸੀ।

4.ਨਵੰਬਰ 3,1947 ਨੂੰ ਰਾਸ਼ਟਰ ਦੇ ਨਾਮ ਕੀਤੇ ਇੱਕ ਹੋਰ ਪ੍ਰਸਾਰਣ ‘ਚ ਪੰਡਿਤ ਨਹਿਰੂ ਨੇ ਕਿਹਾ, “ਅਸੀ ਇਹ ਐਲਾਨ ਕੀਤਾ ਹੈ ਕਿ ਕਸ਼ਮੀਰ ਦੇ ਮੁੱਕਦਰ ਦਾ ਫੈਸਲਾ ਅਖੀਰ ਉਥੋਂ ਦੇ ਵਸਨੀਕ ਹੀ ਕਰਨਗੇ।ਇਹ ਜ਼ੁਬਾਨ ਅਸੀ ਸਿਰਫ ਕਸ਼ਮੀਰ ਦੇ ਲੋਕਾਂ ਨੂੰ ਹੀ ਨਹੀਂ ਸਗੋਂ ਪੂਰੇ ਸੰਸਾਰ ਨੂੰ ਦਿੱਤੀ ਹੈ।ਅਸੀ ਇਸ ਤੋਂ ਪਿੱਛੇ ਨਹੀਂ ਹਟਾਂਗੇ ਤੇ ਪਿਛਾਂਹ ਹੋ ਵੀ ਨਹੀਂ ਸਕਦੇ।

5.ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਸੰ: 368 Primin, ਤਾਰੀਖ਼ 21 ਨਵੰਬਰ,1947 ਰਾਹੀਂ ਪੰਡਿਤ ਨਹਿਰੂ ਨੇ ਕਿਹਾ, “ਮੈਂ ਵਾਰ ਵਾਰ ਇਹ ਬਿਆਨ ਦਿੱਤਾ ਹੈ ਕਿ ਜਿਵੇਂ ਹੀ ਸ਼ਾਂਤੀ ਤੇ ਸੁਚੱਜਾ ਪ੍ਰਬੰਧ ਬਹਾਲ ਹੋ ਜਾਵੇਗਾ,ਕਸ਼ਮੀਰ ਨੂੰ ਕਿਸੇ ਕੌਮਾਂਤਰੀ ਸੰਸਥਾ,ਜਿਵੇਂ ਕਿ ਸੁੰਯਕਤ ਰਾਸ਼ਟਰ ਸੰਘ ਦੇ ਮਾਰਫਤ ਜਨਮਤ ਸੰਗ੍ਰਿਹ ਨਾਲ ਆਪਣੀ ਹਮਾਇਤ ਦਾ ਫੈਸਲਾ ਕਰਨਾ ਚਾਹੀਦਾ ਹੈ।
ਸੰਯੁਕਤ ਰਾਸ਼ਟਰ ਸੰਘ ਦੇ ਪ੍ਰਬੰਧ ‘ਚ

6.ਭਾਰਤੀ ਸੰਵਿਧਾਨ ਸਭਾ ‘ਚ 25 ਨਵੰਬਰ 1947 ਨੂੰ ਆਪਣੇ ਇੱਕ ਬਿਆਨ ‘ਚ ਪੰਡਿਤ ਨਹਿਰੂ ਨੇ ਕਿਹਾ, “ਸਾਡੇ ਰਾਸਟਰੀ ਸੁਭਾਅ ਨੂੰ ਸਾਬਤ ਕਰਨ ਲਈ ਅਸੀ ਇਹ ਮਤਾ ਰੱਖਿਆ ਹੈ ਕਿ ਜਦੋਂ ਲੋਕਾਂ ਨੂੰ ਆਪਣੇ ਭੱਵਿਖ ਦਾ ਫੈਸਲਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਇਹ ਕਿਸੇ ਨਿਰਪੱਖ ਟ੍ਰਾਈਬਿਊਨਲ ਦੇ ਮਸੌਦੇ ਅਧੀਨ ਹੀ ਹੋਣਾ ਚਾਹੀਦਾ ਹੈ।ਜਿਵੇਂ ਕਿ ਸੁੰਯਕਤ ਰਾਸ਼ਟਰ ਸੰਘ,ਕਸ਼ਮੀਰ ਦਾ ਮਸਲਾ ਵੀ ਅਜਿਹਾ ਹੈ ਕਿ ਭੱਵਿਖ ਦਾ ਫੈਸਲਾ ਨਿਰਪੱਖ ਤੇ ਪਾਰਦਰਸ਼ੀ ਤਾਕਤਾਂ ਨਾਲ ਹੋਣਾ ਚਾਹੀਦਾ ਹੈ ਜਾਂ ਫਿਰ ਅਵਾਮ ਦੀ ਆਪਣੀ ਇੱਛਾ ਮੁਤਾਬਕ”

7.ਭਾਰਤੀ ਸੰਵਿਧਾਨ ਸਭਾ ‘ਚ 5 ਮਾਰਚ 1948 ਨੂੰ ਆਪਣੇ ਵਿਚਾਰਾਂ ਰਾਹੀਂ ਪੰਡਿਤ ਨਹਿਰੂ ਨੇ ਇਹ ਵੀ ਕਿਹਾ ਸੀ ਕਿ ਕਸ਼ਮੀਰ ਦੇ ਭਾਰਤ ‘ਚ ਸ਼ਾਮਲ ਹੋਣ ਸਮੇਂ ਵੀ ਅਸੀ ਉਮੀਦ ਤੋਂ ਅੱਗੇ ਜਾਕੇ ਇੱਕਪਾਸਾ ਐਲਾਨ ਕੀਤਾ ਸੀ ਕਿ ਅਸੀ ਲੋਕਮਤ ‘ਚ ਕਸ਼ਮੀਰ ਦੇ ਲੋਕਾਂ ਵੱਲੋਂ ਕੀਤੇ ਗਏ ਫੈਸਲੇ ਦਾ ਆਦਰ ਕਰਾਂਗੇ।ਅਸੀ ਅੱਗੇ ਇਹ ਵੀ ਜ਼ੋਰਦਾਰ ਢੰਗ ਨਾਲ ਕਿਹਾ ਸੀ ਕਿ ਕਸ਼ਮੀਰ ਦੀ ਸਰਕਾਰ ਫੌਰੀ ਲੋਕਾਂ ਦੀ ਪਿਆਰੀ ਸਤਕਾਰੀ ਸਰਕਾਰ ਹੋਣੀ ਚਾਹੀਦੀ ਹੈ।ਅਸੀ ਲਗਾਤਾਰ ਇਸ ਵਚਨ ‘ਤੇ ਕਾਇਮ ਰਹੇ ਹੈ ਤੇ ਜਨਮਤ ਕਰਾਉਣ ਦੇ ਲਈ ਤਿਆਰ ਹਾਂ,ਜਿਸ ‘ਚ ਨਿਆਂਪੂਰਨ ਚੋਣ ਕਰਾਉਣ ਦੇ ਲਈ ਪੂਰੇ ਸੁਰੱਖਿਆ ਪ੍ਰਬੰਧ ਹੋਣ ਤੇ ਅਸੀ ਕਸ਼ਮੀਰ ਦੇ ਲੋਕਾਂ ਦੇ ਫੈਸਲੇ ਦਾ ਪਾਲਣ ਕਰਨ ਲਈ ਵੀ ਦ੍ਰਿੜ ਹਾਂ।

ਰੇਫ਼ਰੇਂਡਮ ਜਾਂ ਪਲੇਬੀਸਾਈਟ

8.ਲੰਡਨ ‘ਚ 16 ਜਨਵਰੀ 1951 ਨੂੰ ਆਪਣੀ ਪ੍ਰੈਸ ਕਾਨਫਰੰਸ ‘ਚ(ਜਿਵੇਂ ਕਿ ਰੋਜ਼ਾਨਾ ‘ਸਟੇਟਸਮੈਨ’ ਨੇ 18 ਜਨਵਰੀ 1951 ਨੂੰ ਆਪਣੀ ਇੱਕ ਰਿਪੋਰਟ ‘ਚ ਦੱਸਿਆ) ਜਵਾਹਰ ਲਾਲ ਨਹਿਰੂ ਨੇ ਕਿਹਾ, “ਭਾਰਤ ਨੇ ਵਾਰ ਵਾਰ ਸੰਯੁਕਤ ਰਾਸ਼ਟਰ ਸੰਘ ਦੇ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ ਤਾਂ ਕਿ ਕਸ਼ਮੀਰ ਦੇ ਬਾਸ਼ਿੰਦੇ ਆਪਣੀ ਰਾਏ ਪੇਸ਼ ਕਰ ਸਕਣ ਤੇ ਅਸੀ ਇਸ ਦੇ ਲਈ ਹਮੇਸ਼ਾ ਤਿਆਰ ਹਾਂ”

ਫੋਟੋਆਂ
1. 1947 ਨਵੰਬਰ 'ਚ ਸ਼ੇਖ ਅਬਦੁੱਲਾ ਨਾਲ ਨਹਿਰੂ
2. ਸ਼ੇਖ ਅਬਦੁੱਲਾ ਨਾਲ ਨਹਿਰੂ

ਪੰਜਾਬੀ ਤਰਜ਼ਮਾ-ਹਰਪ੍ਰੀਤ ਸਿੰਘ ਕਾਹਲੋਂ

Wednesday, October 19, 2011

'ਭਾਰ' : ਇੱਕ ਪੁਲੀਸ ਕੈਟ ਦੀ ਗਾਥਾ--ਆਖ਼ਰੀ ਭਾਗ

ਮਨਿੰਦਰ ਕਾਂਗ ਪੰਜਾਬੀ ਦੇ ਸਥਾਪਤ ਕਹਾਣੀਕਾਰ ਹਨ।ਉਨ੍ਹਾਂ ਨੇ ਆਪਣੀ ਕਲਮ ਰਾਹੀਂ ਪੰਜਾਬ ਚ ਖਾਲਿਸਤਾਨੀ ਲਹਿਰ ਸਮੇਂ ਵਿਚਰਦੇ ਕੈਟ ਦੀ ਗਾਥਾ ਲਿਖ਼ੀ ਹੈ।ਤੁਹਾਡੇ ਯਾਦ ਹੋਵੇ ਤਾਂ ਕੁਝ ਸਾਲ ਪਹਿਲਾਂ ਜਲੰਧਰ ਤੋਂ ਸੁੱਖੀ ਨਾਂਅ ਦਾ ਕੈਟ ਵੀ ਫੜਿਆ ਗਿਆ ਸੀ।ਇਹ ਮਨਿੰਦਰ ਕਾਂਗ ਦੀ ਕੈਟ ਬਾਰੇ ਕਹਾਣੀ 'ਭਾਰ' ਦਾ ਆਖ਼ਰੀ ਭਾਗ ਹੈ।ਪਿਛਲੇ ਦੋ ਭਾਗਾਂ ਦੇ ਲਿੰਕ ਇਸ ਪੋਸਟ ਦੇ ਹੇਠਾਂ ਦਿੱਤੇ ਗਏ ਹਨ।-ਗੁਲਾਮ ਕਲਮ


''ਪਰ ਹੁਣ ਤੂੰ ਕੀ ਚਾਹੁੰਨੈ?'' ਮੈਂ ਕਿਹਾ।
''ਮੈਂ ਭਾਅ। ਬਸ ਇਹੀ ਚਾਹੁੰਨਾ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਓ।'' ਉਸ ਫੇਰ ਕਿਹਾ।
''ਕਦੰਤ ਨਹੀਂ ਹੋ ਸਕਦਾ।'' ਮੈਂ ਅੱਕ ਕੇ ਕਿਹਾ।
''ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ।'' ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ।

''ਉਏ, ਉਹ ਤੇ ਗਿੱਲ ਦਾ ਹੁਕਮ ਸੀ।'' ਮੈਂ ਉਹਨੂੰ ਸੱਚ ਦੱਸ ਦਿੱਤਾ।
''ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਰਨਾ ਚਾਹੁੰਨਾ। ਫੇਰ ਕਿਸੇ ਨੂੰ ਕੀ ਤਰਾਜ ਐ?'' ਉਸ ਬੱਚਿਆਂ ਵਾਂਗ ਹਠ ਕੀਤਾ।
''ਪਰ ਯਾਰ। ਤੂੰ ਇਸ ਸਿਆਪੇ 'ਚ ਕਿਉਂ ਪੈਨੈ? ਗੱਲ ਕੀ ਆ ਵਿੱਚੋਂ?'' ਮੈਂ ਅੱਕ ਕੇ ਕਿਹਾ।
''ਲੈ ਉਹ ਵੀ ਸੁਣ ਲੈ, ਤੇ ਆਪੇ ਫੈਸਲਾ ਕਰ ਲੈ।'' ਉਸਨੇ ਕਿਹਾ। ਸਾਹ ਲੈ ਕੇ ਉਹ ਫੇਰ ਸ਼ੁਰੂ ਹੋ ਗਿਆ-

''ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਿਸ ਨੇ ਫ²ਿੜਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀਂ।'' ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬੱਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇੱਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ 'ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿੱਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲੱਗ ਪੈਂਦੇ। ਤੇ ਜਿਵੇਂ ਮੇਰੀ ਛਾਤੀ 'ਤੇ ਬੈਠੀ ਉਹ ਮਣਾਂ, ਟਨਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ ਹੱਸੀ ਜਾਂਦੀ ਏ ਤੇ ਨਾਲੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲ•ਦਾਂ, ਹੱਥ ਮੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।''
ਮੈਂ ਚੁੱਪ ਸਾਂ।

ਉਹਨੇ ਹਿੰਮਤ ਕਰਕੇ ਆਪਣੇ ਖੱਬੇ ਹੱਥ ਨਾਲ ਮੇਰੇ ਪੈਰ ਫੜਨੇ ਚਾਹੇ। ਮੈਂ ਤ੍ਰਭਕ ਗਿਆ। ਉਹ ਫੇਰ ਖੱਬਾ ਹੱਥ ਮੰਗਤੇ ਵਾਂਗ ਮੇਰੇ ਵੱਲ ਅੱਡ ਕੇ ਕਹਿਣ ਲੱਗਾ-

''ਭਾਅ। ਮੇਰੀ ਬਸ ਆਹ ਇੱਕ ਅੱਧ ਘੜੀ ਰਹਿ ਗਈ ਊ। ਉਪਰ ਮੈਂ ਟਿਕਟ ਕਟਾ ਕੇ, ਇਹ ਭਾਰ ਛਾਤੀ 'ਤੇ ਲੈ ਕੇ ਨਹੀਂ ਜਾਣਾ ਚਾਹੁੰਦਾ। ਰੱਬ ਦਾ ਵਾਸਤਾ ਈ, ਚੰਨੇ ਨੂੰ ਕਹਿ ਵੇਖ, ਕਿ ਮੇਰੀ ਛਾਤੀ ਤੋਂ ਟਰੱਕ ਲੰਘਾ ਦਏ। ਖਬਰੇ ਏਦਾਂ ਹੀ ਉਸ ਬਾਲੜੀ ਦਾ ਭਾਰ ਮੈਥੋਂ ਲਹਿ ਜਾਏ।''


Sunday, October 16, 2011

ਕੈਨੇਡਾ:ਲੋਕ-ਨਾਇਕ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਰੋਹ

ਸਰੀ ਬੀ ਸੀ: 10 ਅਕਤੂਬਰ ਨੂੰ ਸਰੀ ਦੇ ਬੰਬੇ ਬੈਂਕੁਇਟ ਹਾਲ ਵਿੱਚ ਪੰਜਾਬੀ ਲੋਕ-ਨਾਇਕ ਸ਼ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਸਮਾਰੋਹ ਕੀਤਾ ਗਿਆ। ਭਰਵੀਂ ਹਾਜ਼ਰੀ ਵਾਲੇ ਇਸ ਸਮਾਰੋਹ ਦਾ ਪ੍ਰਬੰਧ ਗੁਰਸ਼ਰਨ ਸਿੰਘ ਨਾਲ ਸਨੇਹ ਰੱਖਣ ਵਾਲੇ ਲੋਕਾਂ ਨੇ ਰਲ਼ ਕੇ ਕੀਤਾ। ਇਸ ਸਮਾਰੋਹ ਦਾ ਸੰਚਾਲਨ ਐੱਮ ਐੱਲ ਏ ਰਾਜ ਚੌਹਾਨ ਅਤੇ ਡਾਕਟਰ ਚਿੰਨ ਬੈਨਰਜੀ ਨੇ ਕੀਤਾ। ਸਮਾਰੋਹ ਦੌਰਾਨ ਵਿਚ-ਵਿਚ ਰਾਜ ਚੌਹਾਨ ਨੇ ਗੁਰਸ਼ਰਨ ਸਿੰਘ ਨਾਲ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ ਚਿੰਨ ਬੈਨਰਜੀ ਨੇ ਕਿਹਾ ਕਿ ਗੁਰਸ਼ਰਨ ਸਿੰਘ ਲੋਕ-ਨਾਇਕ ਸੀ। ਉਹ ਮਨੁੱਖੀ ਹੱਕਾਂ ਲਈ ਹਮੇਸ਼ਾ ਲੜਦੇ ਸਨ।ਸਾਧੂ ਬਿਨਿੰਗ ਨੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦਿੰਦਿਆ ਕਿਹਾ ਕਿ ਭਾਅ ਜੀ ਗੁਰਸ਼ਰਨ ਸਿੰਘ ਵਰਗੇ ਪੁਰਸ਼ ਕਦੇ ਨਹੀਂ ਮਰਦੇ। ਉਹ ਲੋਕਾਂ ਦੇ ਮਨਾਂ ਵਿਚ ਜਿਉਂਦੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਭਾਅ ਜੀ ਨੇ ਨਾਟਕ ਦੀ ਕਲਾ ਰਾਹੀਂ ਬਰਾਬਰਤਾ ਦਾ ਸਮਾਜ ਉਸਾਰਨ ਦਾ ਸੁਨੇਹਾ ਦਿੱਤਾ ਅਤੇ ਨਾਟਕ ਨੂੰ ਸ਼ਹਿਰੀ ਮੱਧ-ਵਰਗ 'ਚੋਂ ਕੱਢ ਕੇ ਪਿੰਡਾਂ ਵਿੱਚ ਲਿਆਂਦਾ। ਉਨ੍ਹਾਂ ਵਲੋਂ ਗੁਰਸ਼ਰਨ ਸਿੰਘ ਵਲੋਂ ਕਨੇਡਾ ਦੇ ਰੰਗ ਮੰਚ ਉੱਪਰ ਪਾਏ ਪ੍ਰਭਾਵ ਬਾਰੇ ਵੀ ਚਰਚਾ ਕੀਤੀ ਗਈ।

ਹਰਿੰਦਰ ਮਾਹਲ ਨੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਨੂੰ ਭਾਅ ਜੀ ਦੇ ਨਾਟਕਾਂ ਵਿੱਚੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰਸ਼ਰਨ ਸਿੰਘ 52 ਸਾਲ ਨਾਟਕ ਦਾ ਹਿੱਸਾ ਰਹੇ ਅਤੇ ਬਲਰਾਜ ਸਾਹਨੀ ਯਾਦਗਰ ਪ੍ਰਕਾਸ਼ਨ ਰਾਹੀਂ ਉਨ੍ਹਾਂ ਨੇ ਅਗਾਂਹਵਧੂ ਸਾਹਿਤ ਛਾਪਿਆ ਅਤੇ ਪਿੰਡ ਪਿੰਡ ਸਸਤੀ ਕੀਮਤ 'ਤੇ ਲੋਕਾਂ ਤੱਕ ਪਹੁੰਚਾਇਆ। ਉਨ੍ਹਾਂ ਨੇ ਇਪਾਨਾ ਦੇ ਸੱਦੇ 'ਤੇ ਆਏ ਗੁਰਸ਼ਰਨ ਸਿੰਘ ਦੀਆਂ 1983 ਅਤੇ 1985 ਦੀਆਂ ਫੇਰੀਆਂ ਦਾ ਵੀ ਜ਼ਿਕਰ ਕੀਤਾ।

ਚਿੱਤਰਕਾਰ ਸੀਤਲ ਅਨਮੋਲ ਵੱਲੋਂ ਤਿਆਰ ਕੀਤੇ ਗੁਰਸ਼ਰਨ ਸਿੰਘ ਦੇ ਚਿੱਤਰ ਦੀ ਘੁੰਢ-ਚੁਕਾਈ ਕੀਤੀ ਗਈ। ਗੁਰਸ਼ਰਨ ਸਿੰਘ ਬਾਰੇ ਬਣੀ ਡਾਕੂਮੈਂਟਰੀ 'ਕਰਾਂਤੀ ਦਾ ਕਲਾਕਾਰ' ਵਿੱਚੋਂ ਵੀਹ ਮਿੰਟ ਦੀ ਫਿਲਮ ਦਿਖਾਈ ਗਈ ਜਿਸ ਨੂੰ ਮੱਖਣ ਟੁੱਟ ਨੇ ਸੰਪਾਦ ਕੀਤਾ ਸੀ।

ਅਜਮੇਰ ਰੋਡੇ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਪ੍ਰੋਫੈਸ਼ਨਲ ਡਰਾਮੇ ਨੂੰ ਰੀਜੈਕਟ ਨਹੀਂ ਸੀ ਕੀਤਾ ਸਗੋਂ ਉਨ੍ਹਾਂ ਨੇ ਲੋਕ-ਨਾਟਕ ਦੀ ਚੋਣ ਕੀਤੀ ਸੀ। ਉਨ੍ਹਾਂ ਨੇ ਗੁਰਸ਼ਰਨ ਸਿੰਘ ਨੂੰ ਮਹਾਨ ਕਲਾਕਾਰ ਕਿਹਾ। ਗੁਰਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਗੁਰਸ਼ਰਨ ਸਿੰਘ ਗੁਰੂ ਨਾਨਕ ਦੇਵ ਜੀ ਦਾ ਅਸਲੀ ਸਿੱਖ ਸੀ, ਜਿਹੜਾ ਹਮੇਸ਼ਾ ਭਾਈ ਲਾਲੋਆਂ ਦੀ ਆਵਾਜ਼ ਬਣਿਆ। ਮੋਹਨ ਗਿੱਲ ਨੇ ਕਿਹਾ ਕਿ ਸਾਡੇ ਸਭਨਾਂ ਅੰਦਰ ਥੋੜ੍ਹਾ-ਥੋੜ੍ਹਾ ਗੁਰਸ਼ਰਨ ਸਿੰਘ ਵਸਦਾ ਹੈ। ਉਸ ਨੂੰ ਅਸਲੀ ਸ਼ਰਧਾਜਲੀ ਇਹੀ ਹੋਵੇਗੀ ਕਿ ਆਪਣੇ ਅੰਦਰਲੇ ਗੁਰਸ਼ਰਨ ਸਿੰਘ ਨੂੰ ਆਖਰੀ ਦਮ ਤੱਕ ਜਿੰਦਾ ਰੱਖੀਏ।

ਉਪਰੋਕਤ ਤੋਂ ਇਲਾਵਾ ਚਰਨਪਾਲ ਗਿੱਲ, ਪ੍ਰਮਿੰਦਰ ਸਵੈਚ, ਹਰਦਰਸ਼ਨ ਸਿੰਘ ਸੰਧੂ, ਪ੍ਰਿਥੀਪਾਲ ਸਿੰਘ ਸੋਹੀ, ਸਤਵੰਤ ਦੀਪਕ, ਕੁਲਵੰਤ ਢੇਸੀ, ਸਰਪੰਚ ਮਢਿਆਣੀ ਅਤੇ ਕਾਮਰੇਡ ਸੁਰਿੰਦਰ ਸਿੰਘ ਨੇ ਵੀ ਗੁਰਸ਼ਰਨ ਸਿੰਘ ਨੂੰ ਯਾਦ ਕੀਤਾ। ਰਮਿੰਦਰ ਭੁੱਲਰ, ਬਿੰਦਰ ਰੋਡੇ ਅਤੇ ਦਵਿੰਦਰ ਸਿੰਘ ਤੱਖੜ ਨੇ ਆਪਣੇ ਗੀਤਾਂ ਰਾਹੀਂ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਡਾ ਬੈਨਰਜੀ ਨੇ ਆਪਣੇ ਸਮਾਪਤੀ ਭਾਸ਼ਣ ਵਿਚ ਕਿਹਾ ਕਿ ਉਹ ਹਰ ਸਾਲ ਗੁਰਸ਼ਰਨ ਸਿੰਘ ਦੀ ਯਾਦ ਵਿਚ ਕੋਈ ਪ੍ਰੋਗਰਾਮ ਉਲੀਕਣ ਲਈ ਵਿਚਾਰ ਕਰਨਗੇ। ਅੰਤ ਵਿਚ ਰਾਜ ਚੌਹਾਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮੀਡੀਏ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਕਮੇਟੀ ਦੇ ਮੈਂਬਰਾਂ - ਹਰਿੰਦਰ ਮਾਹਲ, ਡਾ ਚਿੰਨ ਬੈਨਰਜੀ, ਸਾਧੂ ਬਿਨਿੰਗ, ਚਰਨਪਾਲ ਗਿੱਲ, ਮੱਖਣ ਟੁੱਟ, ਪਾਲ ਬਿਨਿੰਗ, ਸੁਖਵੰਤ ਹੁੰਦਲ ਅਤੇ ਸਰਵਣ ਬੋਲ ਦਾ ਵੀ ਧੰਨਵਾਦ ਕੀਤਾ।

ਹਰਪ੍ਰੀਤ ਸੇਖਾ

Thursday, October 13, 2011

ਔਰਤਾਂ ਦੇ ਮੁੱਦੇ ਅਤੇ ਔਰਤ ਫ਼ਿਲਮਸਾਜ਼

ਕੁਲਦੀਪ ਕੌਰ ਔਰਤਾਂ ਨਾਲ ਜੁੜੇ ਸੰਵੇਦਨਸ਼ੀਲ ਮਸਲਿਆਂ 'ਤੇ ਲਿਖਦੇ ਰਹਿੰਦੇ ਹਨ।ਉਹਨਾਂ ਦੀਆਂ ਲਿਖਤਾਂ ਜ਼ਮੀਨੀ ਪੱਧਰ ਤੋਂ ਮਾਮਲੇ ਨੂੰ ਸਮਝਦਿਆਂ ਕੁੱਲ ਦੁਨੀਆਂ ਅੰਦਰ ਔਰਤ ਦੀ ਹਾਲਤ ਨੂੰ ਘੋਖਦੀਆਂ ਹਨ|

ਭਾਰਤੀ ਫ਼ਿਲਮ ਸਨਅਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮਨੋਰੰਜਨ ਫੈਕਟਰੀ ਮੰਨਿਆ ਜਾਂਦਾ ਹੈ। ਕਰੋੜਾਂ ਰੁਪਏ ਦੇ ਕਾਲੇ ਪੈਸੇ ਦੇ ਕਾਰੋਬਾਰ ਅਤੇ ਕੁਝ ਘਰਾਣਿਆਂ ਦੀ ਇਜਾਰੇਦਾਰੀ ‘ਤੇ ਖੜ੍ਹੀ ਇਸ ਫੈਕਟਰੀ ਦਾ ਉਤਪਾਦਨ ਮੁਨਾਫ਼ੇ ਅਤੇ ਹਰ ਹਾਲਤ ਵਿਚ ਸਫ਼ਲਤਾ ਦੇ ਮੂਲ ਮੰਤਰ ਨਾਲ ਕੀਤਾ ਜਾਂਦਾ ਹੈ। ਸੰਨ 1990 ਤੋਂ ਬਾਅਦ ਤੀਜੀ ਦੁਨੀਆਂ ਦੇ ਹੋਰ ਮੁਲਕਾਂ ਵਾਂਗ ਭਾਰਤੀ ਫ਼ਿਲਮ ਸਨਅਤ ਨੂੰ ਵੀ ਖੁੱਲ੍ਹੀ ਮੰਡੀ, ਉਦਾਰਵਾਦ ਅਤੇ ਪੱਛਮ-ਮੁਖੀ ਵਿਕਾਸ ਢਾਂਚੇ ਦੀ ਨੀਤੀਆਂ ਨੇ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ। ਹੁਣ ਫ਼ਿਲਮ ਚਕਾਚੌਂਧ ਕਰ ਦੇਣ ਵਾਲੇ ਇਸ਼ਿਤਹਾਰ ਵਾਂਗ ਹੈ ਜਿਸ ਨੂੰ ਦਰਸ਼ਕ ਸਾਹੋ-ਸਾਹ ਹੋਇਆ ਦੇਖਦਾ ਹੈ।

ਭਾਰਤੀ ਰਾਜਨੀਤੀ ਵਾਂਗ ਭਾਰਤੀ ਫ਼ਿਲਮ ਸਨਅਤ ਹਾਸ਼ੀਏ ‘ਤੇ ਪਏ ਵਰਗਾਂ ਦੀ ਨਿਸ਼ਾਨਦੇਹੀ ਤਾਂ ਕਰਦੀ ਹੈ ਪਰ ਉਨ੍ਹਾਂ ਦਿਆਂ ਮੁੱਦਿਆਂ ਬਾਰੇ ਕੋਈ ਸਾਰਥਿਕ ਕਦਮ ਚੁੱਕਣ ਜਾਂ ਸੰਵਾਦ ਤੋਰਨ ਦਾ ਹੀਆ ਨਹੀਂ ਕਰਦੀ। ਭਾਰਤੀ ਫ਼ਿਲਮਾਂ ਦੀ ਖਰੀਦ-ਵੇਚ ਦਾ ਮੁੱਖ ਨੁਕਤਾ ਔਰਤ ਦਾ ਸਰੀਰ ਰਿਹਾ ਹੈ। ਦਿਲਚਸਪ ਗੱਲ ਹੈ ਕਿ ਭਾਰਤੀ ਸਮਾਜ ਵੀ ਨੈਤਿਕਤਾ, ਇੱਜ਼ਤ, ਮਾਣ-ਮਰਿਆਦਾ ਅਤੇ ਭੋਗ ਵਿਲਾਸ ਦਾ ਤਾਣਾ-ਬਾਣਾ ਔਰਤ ਦੇ ਸਰੀਰ ਦੁਆਲੇ ਬੁਣਦਾ ਹੈ। ਇਸ ਦੀ ਹਰ ਤੰਦ ਉਸ ਨੂੰ ਨਾ ਸਿਰਫ਼ ਕੁੱਖ ਦੇ ਤੌਰ ‘ਤੇ ਮਹਿਦੂਦ ਕਰਦੀ ਹੈ ਬਲਿਕ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਵੀ ਰੱਦ ਕਰਦੀ ਹੈ। ਜੇ ਇਸ ਨੂੰ ਸਿਰਫ਼ ਮਰਦ ਫ਼ਿਲਮਸਾਜ਼ਾਂ ਵਿਚ ਸੰਵੇਦਨਸ਼ੀਲਤਾ ਦੀ ਘਾਟ ਦਾ ਮੁੱਦਾ ਮੰਨਿਆ ਜਾਵੇ ਤਾਂ ਸਵਾਲ ਇਹ ਬਣਦਾ ਹੈ ਕਿ, ਕੀ ਔਰਤ ਫ਼ਿਲਮ ਨਿਰਦੇਸ਼ਕਾਵਾਂ ਕੁਝ ਅਜਿਹਾ ਸਿਰਜ ਸਕੀਆਂ ਹਨ ਜੋ ਮਰਦ ਤੱਕਣੀ ਤੇ ਮੁਨਾਫ਼ਾ-ਧਾਰਨਾ ਤੋਂ ਹੱਟ ਕੇ ਹੈ?


ਅੱਜ ਦੀਆਂ ਦੋ ਫ਼ਿਲਮ ਨਿਰਦੇਸ਼ਕਾਵਾਂ ਫਰਾਹ ਖ਼ਾਨ ਅਤੇ ਏਕਤਾ ਕਪੂਰ ਨੇ ਇਸ ਸਬੰਧੀ ਨਿਰਾਸ਼ ਹੀ ਨਹੀਂ ਕੀਤਾ ਸਗੋਂ ਫਰਾਹ ਖ਼ਾਨ ਨੇ ਤਾਂ ਪਹਿਲੀ ਵਾਰ ਮਰਦ ਸਰੀਰ ਦਾ ਵਪਾਰੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ (ਮਿਸਾਲ ਵਜੋਂ ਫ਼ਿਲਮ ‘ਓਮ ਸ਼ਾਂਤੀ ਓਮ’ ਦਾ ਗਾਣਾ-’ਦਿਲ ਮੇਂ ਮੇਰੇ ਹੈ ਦਰਦੇ-ਡਿਸਕੋ’ ਵਿਚ ਸ਼ਾਹਰੁਖ ਦਾ ਸਰੀਰ)। ਔਰਤ ਸਰੀਰ ਨੂੰ ‘ਸ਼ੀਲਾ ਕੀ ਜਵਾਨੀ’ ਵਰਗੇ ਕੁਚੱਜੇ ਤਰੀਕੇ ਨਾਲ ਪੇਸ਼ ਕਰਨਾ ਉਸ ਨੂੰ ਸੁਹਜ ਅਤੇ ਕਲਾ ਤੋਂ ਕੋਰੀ ਫ਼ਿਲਮਸਾਜ਼ ਸਾਬਤ ਕਰਦਾ ਹੈ ਜੋ ਉਨ੍ਹਾਂ ਔਰਤਾਂ ਦੇ ਸੰਘਰਸ਼ ‘ਤੇ ਸਿੱਧਾ ਵਾਰ ਕਰਦੀ ਹੈ ਜੋ ਨਿੱਤ ਦਿਨ ਜ਼ਿੰਦਗੀ ਤਰਾਸ਼ਣ ਦੇ ਤਰਦੱਦ ਵਿਚ ਹਨ। ਏਕਤਾ ਕਪੂਰ ਇਸ ਤੋਂ ਵੀ ਇਕ ਕਦਮ ਅਗਾਂਹ ਜਾਂਦੀ ਹੈ ਅਤੇ ਸਮਾਜ ਵਿਚ ਔਰਤਾਂ ਵਿਰੁੱਧ ਵਧ ਰਹੀ ਹਿੰਸਾ ਨੂੰ ਮੁਨਾਫ਼ਾ ਕਮਾਉਣ ਵਾਲੀ ਫ਼ਿਲਮ (ਰਾਗਿਨੀ ਐਮ.ਐਮ.ਐਸ.) ਬਣਾਉਣ ਲਈ ਵਰਤਦੀ ਹੈ। ਦੋਵੇਂ, ਔਰਤ ਨਾਲ ਹੁੰਦੀ ਕਲਾ-ਹਿੰਸਾ ਦੇ ਵਰਤਾਰੇ ਦੀਆਂ ਪ੍ਰਤੱਖ ਮਿਸਾਲਾਂ ਹਨ। ਦੋਵੇ ਇਹ ਵੀ ਸਾਬਿਤ ਕਰਦੀਆਂ ਹਨ ਕਿ ਸਿਆਸੀ ਬੁਰਛਾਗਰਦੀ, ਗ਼ਰੀਬੀ, ਬੇਕਾਰੀ ਤੇ ਸਮਾਜਿਕ ਅਸਰੁੱਖਿਆ ਦਾ ਸ਼ਿਕਾਰ ਲੋਕਾਂ ਦੀ ਬਾਤ ਪਾਉਣ ਦੇ ਸਮਿਆਂ ਵਿਚ ਕਲਾ ਤੇ ਸਿਰਜਣਾ ਨੂੰ ਕਿਵੇਂ ਮੰਡੀ ਵਿਚ ਵੇਚਿਆ ਜਾਂਦਾ ਹੈ।

ਬੰਗਾਲੀ ਫ਼ਿਲਮਸਾਜ਼ ਅਪਰਣਾ ਸੇਨ ਮੁੱਖ ਧਾਰਾ ਦੀਆਂ ਇਨ੍ਹਾਂ ਵਿਚਾਰਧਾਰਾਹੀਣ ਫ਼ਿਲਮਾਂ ਨੂੰ ਵੱਢ ਮਾਰਦੀ ਹੈ। ਉਹਦੀਆਂ ਫ਼ਿਲਮਾਂ ਉਸ ਦਰਦ ਅਤੇ ਇਕੱਲੇਪਣ ਦਾ ਸੰਜੀਵ ਚਿੱਤਰ ਖਿੱਚਦੀਆਂ ਹਨ ਜੋ ਔਰਤ ਦੇ ਸਰੀਰ ਵਿਚ ਪੈਦਾ ਹੋਏ ਇਨਸਾਨ ਦੀ ਹੋਣੀ ਸਮਝਿਆ ਜਾਂਦਾ ਹੈ। ਉਹ ਕਹਿੰਦੀ ਹੈ, “ਮੇਰੀਆਂ ਫ਼ਿਲਮਾਂ ਦਰਦ ਅਤੇ ਇਕੱਲ ਦੀਆਂ ਫ਼ਿਲਮਾਂ ਹਨ ਜੋ ਅਸੀਂ ਰੋਜ਼ ਹੰਢਾਉਦੇ ਹਾਂ।” ਉਸ ਇਕੱਲ ਨੂੰ ਭਰਨ ਲਈ ਉਹ ਖ਼ਪਤਵਾਦੀ ਕਦਰਾਂ-ਕੀਮਤਾਂ, ਮੰਡੀ ਵੱਲੋਂ ਤੈਅ ਕੀਤੀ ਨੈਤਿਕਤਾ ਅਤੇ ਬਾਜ਼ਾਰੀ ਮਾਪਦੰਡਾਂ ਦਾ ਸਹਾਰਾ ਨਹੀ ਲੈਂਦੀ।


ਇਸ ਬਾਰੇ ਉਹਦੀ ਫ਼ਿਲਮ ’15 ਪਾਰਕ ਐਵਿਨਊ’ ਦਾ ਜ਼ਿਕਰ ਜ਼ਰੂਰੀ ਹੈ। ਫ਼ਿਲਮ ਪੱਤਰਕਾਰ ਲੜਕੀ ਦੁਆਲੇ ਘੁੰਮਦੀ ਹੈ ਜੋ ਹੌਲੀ ਹੌਲੀ ਸਕਿਜ਼ੋਫ਼ਰੇਨੀਆ ਵੱਲ ਵਧ ਰਹੀ ਹੈ। ਉਹਦੀ ਵੱਡੀ ਭੈਣ ਭੌਤਿਕ ਵਿਗਿਆਨ ਦੀ ਪ੍ਰੋਫ਼ੈਸਰ ਹੈ ਪਰ ਉਹਦੀ ਜ਼ਿੰਦਗੀ ਘਰ ਵਿਚ ਇਕ ਮਾਨਸਿਕ ਰੋਗੀ, ਬੁੱਢੀ ਮਾਂ ਅਤੇ ਅੰਧਵਿਸ਼ਵਾਸੀ ਨੌਕਰਾਣੀ ਕਾਰਨ ਦੁਬਿਧਾ ਵਿਚ ਘਿਰੀ ਰਹਿੰਦੀ ਹੈ। ਫ਼ਿਲਮ ਵਿਚ ਮਿਤਾਲੀ (ਕੋਂਕਣਾ ਸੇਨ ਵੱਲੋਂ ਖ਼ੂਬਸੂਰਤੀ ਨਾਲ ਨਿਭਾਇਆ ਕਿਰਦਾਰ) ਚੋਣ-ਪ੍ਰਚਾਰ ਦੀ ਕਵਰੇਜ ਦੌਰਾਨ ਬਲਾਤਕਾਰ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਕਾਰਨ ਉਸ ਦੀ ਸਕਿਜ਼ੋਫ਼ਰੇਨੀਆ ਦੀ ਬਿਮਾਰੀ ਕਈ ਗੁਣਾਂ ਵਧ ਜਾਂਦੀ ਹੈ। ਪਰਿਵਾਰ ‘ਤੇ ਮਾਨਸਿਕ ਬਿਮਾਰੀ ਦੇ ਪਏ ਅਸਰਾਂ ਦਾ ਵਿਸਥਾਰ ਕਰਦਿਆਂ ਫ਼ਿਲਮਸਾਜ਼ ਸਵਾਲ ਖੜ੍ਹਾ ਕਰਦੀ ਹੈ ਕਿ ਕੌਣ ਹੈ ਜੋ ਸਦਮਿਆਂ, ਕਲਪਨਾਵਾਂ, ਖੁਦ ਸਿਰਜੇ ਭਰਮਾਂ ਤੋਂ ਮੁਕਤ ਹੈ? ਆਖ਼ਰ ਸਮਰੱਥ ਤੇ ਅਸਮਰੱਥ ਬੰਦੇ ਵਿਚਲਾ ਫਰਕ ਕੌਣ ਤੈਅ ਕਰਦਾ ਹੈ? ਵਿਚਾਰ ਨੂੰ ਸਪਸ਼ਟ ਕਰਨ ਲਈ ਉਹ ਮਿਤਾਲੀ ਦੀ ਵੱਡੀ ਭੈਣ ਅੰਜਲੀ (ਸ਼ਬਾਨਾ ਆਜ਼ਮੀ ਦਾ ਯਾਦਗਾਰੀ ਕਿਰਦਾਰ) ਦਾ ਪਾਤਰ ਘੜਦੀ ਹੈ ਜੋ ਮਿੱਤਾਲੀ ਦੀ ’15 ਪਾਰਕ ਐਵਿਨਊ’ ਦੀ ਖੋਜ ਨੂੰ ਸਹੀ ਮੰਨਦੀ ਹੈ। ਉਹ ਇਸ ਨੂੰ ਪਾਗਲਪਣ ਮੰਨਣ ਦੀ ਬਿਜਾਏ ਪੁੱਛਦੀ ਹੈ ਕਿ ਕੀ ਅਸੀਂ ਸਾਰੇ ਉਸੇ ਤਲਾਸ਼ ਵਿਚ ਤਾਂ ਨਹੀ ਹਾਂ? ਫ਼ਿਲਮ ਬਹੁਤ ਖ਼ੂਬਸੂਰਤੀ ਨਾਲ ਜੋਜੋ ਨਾਂ ਦੇ ਆਦਮੀ ਦੀਆ ਗੁੰਝਲਦਾਰ ਤਕਲੀਫ਼ਾਂ ਨੂੰ ਚਿਤਰਦੀ ਹੈ ਜੋ ਮਿਤਾਲੀ ਨੂੰ ਪਿਆਰ ਤਾਂ ਕਰਦਾ ਹੈ ਪਰ ਬਿਮਾਰੀ ਅਤੇ ਬਲਾਤਕਾਰ ਤੋਂ ਘਬਰਾ ਕੇ ਉਮਰ ਭਰ ਗਿਲਾਨੀ ਵਿਚ ਜਿਉਂਦਾ ਹੈ। ਕੀ ਮਿਤਾਲੀ ਵੀ ਉਸ ਨਾਲ ਇੰਜ ਹੀ ਵਰਤਦੀ? ਫ਼ਿਲਮ ਦੇ ਪਾਤਰ ਉੱਚ ਵਰਗ ਨਾਲ ਸਬੰਧਿਤ ਹਨ ਪਰ ਫ਼ਿਲਮ ਸਪਸ਼ਟ ਕਰਦੀ ਹੈ ਕਿ ਜਦੋਂ ਸਧਾਰਨ ਪਰਿਵਾਰਾਂ ਵਿਚ ਔਰਤਾਂ ਦੇ ਸਰੀਰ ਅਤੇ ਮਨ ਨਾਲ ਕੁੱਝ ਅਣਚਾਹਿਆ ਹੁੰਦਾ ਹੈ ਤਾਂ ਤ੍ਰਾਸਦੀ ਕਿੰਨੇ ਗੁਣਾਂ ਵੱਧ ਭਿਆਨਕ ਹੁੰਦੀ ਹੈ।

ਅਪਰਣਾ ਸੇਨ ਦੀ ਇਕ ਹੋਰ ਫ਼ਿਲਮ ‘ਮਿਸਟਰ ਐਂਡ ਮਿਸਜ਼ ਆਇਅਰ’ ਦੀ ਕਹਾਣੀ ਭਾਰਤ ਦੀ ਧਰਮ-ਨਿਰਪੱਖਤਾ, ਜਾਤ-ਪਾਤ ਨਾਲ ਸਬੰਧਤ ਸਿਆਸਤ ਅਤੇ ਮਨੁੱਖੀ ਹਮਦਰਦੀ ਦੀਆਂ ਸੰਭਾਵਨਾਵਾਂ ਦੀ ਚੀਰ-ਫਾੜ ਕਰਦੀ ਹੈ। ਫ਼ਿਲਮ ਦੀ ਸ਼ੁਰੂਆਤ ਵਿਚ ਅਪਰਣਾ ਦਰਸ਼ਕਾਂ ਅੱਗੇ 11 ਸਤੰਬਰ ਦੇ ਹਮਲਿਆਂ, ਪੱਤਰਕਾਰ ਡੇਨੀਅਲ ਪਰਲ ਦੇ ਕਤਲ, ਇਰਾਕ ਦੀ ਜੰਗ ਅਤੇ 2002 ਦੇ ਗੁਜਰਾਤ ਦੰਗਿਆਂ ਨਾਲ ਸਬੰਧਤ ਖਬਰਾਂ ਦਾ ਸਵਾਲ ਪਾਉਂਦੀ ਹੈ। ਦਰਸ਼ਕ ਦੇ ਦਿਮਾਗ ਵਿਚ ਫ਼ਿਲਮ ਤਰਥੱਲੀ ਮਚਾ ਦਿੰਦੀ ਹੈ। ਉਹ ਇਸ ਫ਼ਿਲਮ ਨੂੰ ਪਾਪਕਾਰਨ ਖਾਂਦੇ ਹੋਏ ਜਾਂ ਪੈਪਸੀ-ਕੋਕ ਦੇ ਘੁੱਟ ਭਰਦਿਆਂ ਨਹੀਂ ਦੇਖ ਸਕਦਾ। ਫ਼ਿਲਮ ਵਿਚ ਮੀਨਾਕਸ਼ੀ ਪ੍ਰੰਪਰਾਗਤ ਤਮਿਲ ਬ੍ਰਾਹਮਣ ਹੈ ਜੋ ਆਪਣੇ ਇਕ ਸਾਲ ਦੇ ਬੱਚੇ ਨਾਲ ਬੱਸ ਰਾਹੀਂ ਪਤੀ ਕੋਲ ਰਹਿਣ ਜਾ ਰਹੀ ਹੈ। ਬੱਸ ਵਿਚ ਉਸ ਦੀ ਮੁਲਾਕਾਤ ਰਾਜਾ ਨਾਮ ਦੇ ਫੋਟੋ-ਪੱਤਰਕਾਰ ਨਾਲ ਹੁੰਦੀ ਹੈ। ਬੱਚੇ ਦੀ ਸੰਭਾਲ ਵਿਚ ਰਾਜਾ ਦੀ ਮਦਦ ਨਾਲ ਕਈ ਬਰੀਕ ਤੰਦਾਂ ਉਸਰਦੀਆਂ ਹਨ ਜੋ ਰਾਜਾ ਦੇ ਮੁਸਲਿਮ ਹੋਣ ਦਾ ਪਤਾ ਲੱਗਦਿਆਂ ਹੀ ਮੀਨਾਕਸ਼ੀ ਝਟਕੇ ਨਾਲ ਤੋੜ ਦਿੰਦੀ ਹੈ। ਮਨੁੱਖੀ ਮਮਤਾ ਨੂੰ ਬਹੁਤੀ ਵਾਰ ਧਰਮਾਂ ਦੇ ਲਬਾਦੇ ਦੀ ਜ਼ਰੂਰਤ ਨਹੀਂ ਹੁੰਦੀ, ਇਸੇ ਨੂੰ ਸਾਬਿਤ ਕਰਦਿਆਂ ਜਦੋਂ ਹਿੰਦੂ ਫਿਰਕਾਪ੍ਰਸਤ ਬੱਸ ਵਿਚੋਂ ਮੁਸਲਿਮ ਸਵਾਰੀਆਂ ਨੂੰ ਕੱਢ ਕੇ ਮਾਰਨਾ ਸ਼ੁਰੂ ਕਰਦੇ ਹਨ ਤਾਂ ਮੀਨਾਕਸ਼ੀ ਆਪਣਾ ਪਤੀ ਹੋਣ ਦੀ ਝੂਠੀ ਪਛਾਣ ਦੇ ਕੇ ਰਾਜਾ ਨੂੰ ਬਚਾ ਲੈਂਦੀ ਹੈ। ਉਸੇ ਬੱਸ ਵਿਚ ਸਫ਼ਰ ਕਰ ਰਹੇ ਬੁੱਢੇ ਮੁਸਲਿਮ ਜੋੜੇ ਦੇ ਕਤਲ ਦਾ ਚਿਤਰਨ ਸਾਡੀ ਨਿਸ਼ਾਨਦੇਹੀ ਉਨ੍ਹਾਂ ਕੌਮਾਂ ਵਜੋਂ ਕਰਦਾ ਹੈ ਜੋ ਇਮਾਰਤਾਂ ਦੀ ਰਾਖੀ ਲਈ ਇਨਸਾਨਾਂ ਦਾ ਕਤਲ ਕਰਦੀਆਂ ਹਨ। ਅਜਿਹੇ ਹਾਦਸੇ ਮੌਜੂਦਾ ਦੌਰ ਵਿਚ ਜਾਰੀ ਹਨ। ਕੀ ਇਨਸਾਨ ਸਭ ਤੋਂ ਵੱਡੀ ਵਿਰਾਸਤ ਨਹੀਂ ਹੁੰਦਾ? ਫ਼ਿਲਮ ਦੀ ਸਾਰਥਿਕਤਾ ਉਸ ਖ਼ੂਬਸੂਰਤੀ ਨੂੰ ਸਾਕਾਰ ਕਰਨਾ ਹੈ ਜਦ ਇਨਸਾਨ ਧਰਮਾਂ, ਜਾਤਾਂ ਅਤੇ ਲਿੰਗ ਸਬੰਧਤ ਬੇੜੀਆਂ ਸਿਰਾਂ ਤੋਂ ਉਤਾਰ ਕੇ ਖੜ੍ਹਾ ਹੁੰਦਾ ਹੈ। ਸ਼ਾਇਦ ਮੁਕਤੀ ਦਾ ਇਹੋ ਰਾਹ ਹੈ। ਇਹ ਸ਼ੰਵੇਦਨਸ਼ੀਲ ਫ਼ਿਲਮਸਾਜ਼ ਦਾ ਸਮਾਜ ਲਈ ਸਿਰਜਿਆ ਸੁਫਨਾ ਹੈ।

ਉਪਰੋਕਤ ਫ਼ਿਲਮਾਂ ਵਾਂਗ ਅਪਰਣਾ ਸੇਨ ਦੀਆਂ ਬਾਕੀ ਫ਼ਿਲਮਾਂ ਜਿਵੇਂ ‘ਪਰੋਮਿੱਤਰ ਕਾ ਏਕ ਦਿਨ’ ਬੰਗਾਲ ਦੇ ਮੌਜੂਦਾ ਸਮਾਜਿਕ ਤਣਾਵਾਂ ਦੀ ਨਾ ਸਿਰਫ਼ ਨਿਸ਼ਾਨਦੇਹੀ ਕਰਦੀਆਂ ਹਨ ਸਗੋਂ ਦਰਸ਼ਕ ਨੂੰ ਆਪਣੇ ਆਸ-ਪਾਸ ਨਾਲ ਜੋੜਨ ਦਾ ਕੰਮ ਵੀ ਕਰਦੀਆਂ ਹਨ। ‘ਪਰੋਮਿੱਤਰ ਕਾ ਏਕ ਦਿਨ’ ਪਿਤਾ-ਪੁਰਖੀ ਸਮਾਜ ਵਿਚ ਵਿਆਹ ਕੇ ਲਿਆਂਦੀਆਂ ਦੋ ਔਰਤਾਂ ਦੀ ਬਾਤ ਪਾਉਂਦੀ ਹੈ। ਦੋਵੇਂ ਘੁਟ ਘੁਟ ਕੇ ਜਿਉਣ ਲਈ ਮਜਬੂਰ ਹਨ ਪਰ ਦੋਵਾਂ ਨੇ ਸਾਂਝਾ ਹੱਲ ਲੱਭ ਲਿਆ ਹੈ-ਦੋਸਤੀ ਦਾ। ਫ਼ਿਲਮ ਔਰਤ ਹੀ ਔਰਤ ਦੀ ਦੁਸ਼ਮਣ ਰੂਪੀ ਧਾਰਨਾ ਨੂੰ ਮੁੱਢੋਂ ਰੱਦ ਕਰਕੇ ਸੱਸ-ਨੂੰਹ ਦਾ ਵੱਖਰਾ ਸੰਸਾਰ ਸਿਰਜਦੀ ਹੈ ਜਿਥੇ ਦੋਵੇਂ ਇਕ-ਦੂਜੇ ਨੂੰ ਕਵਿਤਾਵਾਂ ਸੁਣਾ ਸਕਦੀਆਂ ਹਨ, ਇਕੱਠੀਆਂ ਘੁੰਮ ਸਕਦੀਆਂ ਹਨ ਤੇ ਇਕਸੁਰ ਵਿਚ ਆਪਣੀ ਜ਼ਿੰਦਗੀ ਦਾ ਗੀਤ ਗਾ ਸਕਦੀਆਂ ਹਨ। ਇਹ ਬੇਗਰਜ਼ ਦੋਸਤੀ ਹੈ ਜੋ ਉਮਰਾਂ, ਪੜ੍ਹਾਈ, ਕਿੱਤੇ ਅਤੇ ਰਿਸ਼ਤਿਆਂ ਦੇ ਘੇਰਿਆਂ ਵਿਚ ਬੰਦੀ ਹੋ ਕੇ ਨਹੀਂ ਉਗਮਦੀ।

ਅਪਰਣਾ ਸੇਨ ਦੀਆਂ ਫ਼ਿਲਮਾਂ ਉਨ੍ਹਾਂ ਫ਼ਿਲਮਸਾਜ਼ਾਂ ਨੂੰ ਵੰਗਾਰ ਹਨ ਜੋ ਨਾਇਕਾਵਾਂ ਨੂੰ ਖੇਤਾਂ ਦੇ ਬੰਨਿਆਂ ‘ਤੇ ਅੱਗ ਲਾਉਣ ਲਈ ਰਾਖਵੀਂ ਰੱਖ ਛੱਡਦੇ ਹਨ ਜਾਂ ਸਾਰੀ ਫ਼ਿਲਮ ਵਿਚ ਨਾਇਕ ਨਾਲ ਵਿਆਹ ਲਈ ਤਿਆਰ ਕਰਦਿਆਂ, ਉਹਨੂੰ ਮੂਰਤੀ ਬਣਾ ਧਰਦੇ ਹਨ। ਉਹ ਨਾ ਸੋਚ ਸਕਦੀ ਹੈ ਤੇ ਨਾ ਉਸ ਨੂੰ ਵਿਆਹ ਤੋਂ ਬਿਨਾਂ ਜ਼ਿੰਦਗੀ ਵਿਚ ਕੋਈ ਹੋਰ ਦਿਲਚਸਪੀ ਹੈ। ਇਹ ਉਸੇ ਮਨੁੱਖ-ਵਿਰੋਧੀ ਸੋਚ ਦੀ ਲੜੀ ਸਾਬਿਤ ਹੁੰਦੀ ਹੈ ਜਿੱਥੇ ਦਲਿਤ ਹੋਣ ਦਾ ਮਤਲਬ ਦਿਮਾਗ ਘੱਟ ਹੋਣਾ, ਕਾਲੀ ਨਸਲ ਦਾ ਖ਼ਾਸਾ, ਜੁਰਮ ਨੂੰ ਖੇਡ ਸਮਝਣਾ, ਘੱਟਗਿਣਤੀ ਹੋਣਾ, ਆਦਿ ਦੀ ਪਛਾਣ ਅਤਿਵਾਦ ਹੈ।

ਦੀਪਾ ਮਹਿਤਾ ਦੀਆਂ ਫ਼ਿਲਮਾਂ ਵੱਖਰੀ ਤਰ੍ਹਾਂ ਦੀ ਰਹਿਤਲ ‘ਤੇ ਵਿਚਰਦੀਆਂ ਹਨ। ਤਿੰਨ ਫ਼ਿਲਮਾਂ ਦੀ ਲੜੀ ‘ਵਾਟਰ’, ‘ਫਾਇਰ’ ਅਤੇ ‘ਅਰਥ’ ਰਾਹੀਂ ਉਹ ਤਿੰਨ ਵੱਖ ਵੱਖ ਸਮਿਆਂ ਵਿਚ ਜੀਅ ਰਹੀਆਂ ਔਰਤਾਂ ਦੀ ਸਮਾਜਿਕ ਹਾਲਾਤ ਲਈ ਕਸੂਰਵਾਰ ਕਾਰਨਾਂ ਦੀ ਨਿਸ਼ਾਨਦੇਹੀ ਕਰਦੀ ਹੈ। ਉਹਦੀਆਂ ਫ਼ਿਲਮਾਂ ਮਿੱਥਾਂ, ਭਰਮਾਂ ਤੇ ਔਰਤ ਸਰੀਰ ਨਾਲ ਜੁੜੀ ਨੈਤਿਕਤਾ ‘ਤੇ ਤਿੱਖਾ ਵਿਅੰਗ ਹਨ। ਵਾਟਰ ਫ਼ਿਲਮ ਵਿਚ ਦੀਪਾ ਉਨ੍ਹਾਂ ਵਿਧਵਾਵਾਂ ਦੀ ਬਾਤ ਪਾਉਂਦੀ ਹੈ ਜਿਨ੍ਹਾਂ ਦਾ ਬਚਪਨ, ਜਵਾਨੀ ਤੇ ਬੁਢਾਪਾ ਸਮਾਜੀ ਨੱਕ-ਨਜੂਮ ਲਈ ਹਾਸ਼ੀਏ ‘ਤੇ ਸੁੱਟ ਦਿੱਤਾ ਜਾਂਦਾ ਹੈ। ਫ਼ਿਲਮ ਵਿਚ ਅੱਠ ਸਾਲ ਦੀ ਬੱਚੀ ਨੂੰ ਜਦੋਂ ਉਸ ਦਾ ਪਿਤਾ ਦੱਸਦਾ ਹੈ ਕਿ ਉਹ ਵਿਧਵਾ ਹੋ ਗਈ ਹੈ ਤਾਂ ਉਸ ਦਾ ਸਵਾਲ ਹੈ ਕਿ ਬਾਬਾ ਕਦੋਂ ਤੱਕ? ਜਵਾਨ ਵਿਧਵਾ ਨੂੰ ਹਾਣ ਲੱਭਣ ਉੱਤੇ ਖ਼ੁਦਕੁਸ਼ੀ ਕਰਨੀ ਪੈਂਦੀ ਹੈ ਪਰ ਰੋਜ਼ ਰਾਤ ਉਹਦਾ ਕਿਸੇ ਉੱਚ ਜਾਤੀ ਬ੍ਰਾਹਮਣ ਵੱਲੋਂ ਖਰੀਦਿਆ ਜਾਣਾ ਕਿਸੇ ਨੂੰ ਵੀ ਨਹੀਂ ਰੜਕਦਾ। ਸਮਾਜ ਦਾ ਉਹੀ ਟੀਰ ਸਾਧਨਾਂ ਦੀ ਘਾਟ ਨਾਲ ਜੂਝਦੇ ਹਰੇਕ ਤਬਕੇ ਦੀ ਹੋਣੀ ਹੈ। ਫ਼ਿਲਮ ਪਾਪ-ਪੁੰਨ ਤੇ ਫ਼ਰਜ਼ ਦੇ ਫ਼ਲਸਫ਼ੇ ਨੂੰ ਔਰਤ ਦੇ ਨਜ਼ਰੀਏ ਤੋਂ ਪਰਖਦੀ ਹੈ।

‘ਫਾਇਰ’ ਫ਼ਿਲਮ ਦਾ ਧੁਰਾ ਸਮਲਿੰਗਤਾ ਹੈ ਪਰ ਸਵਾਲ ਵਿਆਹ-ਸੰਸਥਾ ਵਿਚ ਹੁੰਦੀ ਹਿੰਸਾ ‘ਤੇ ਖੜ੍ਹਾ ਹੁੰਦਾ ਹੈ। ਫ਼ਿਲਮਸਾਜ਼ ਦਾ ਕੈਮਰਾ ਫ਼ਿਲਮ ਵਿਚ ਕੰਧਾਂ ‘ਤੇ ਚਿਪਕੇ ਮਰਦਾਨਗੀ ਵਧਾਉਣ ਦੇ ਫਾਰਮੂਲਿਆਂ, ਰੰਗ ਗੋਰਾ ਕਰਨ ਦੀਆਂ ਕਰੀਮਾਂ ਅਤੇ ਸੈਕਸ ਅਤੇ ਹਿੰਸਾ ਭਰਪੂਰ ਇਸ਼ਤਿਹਾਰਾਂ ‘ਤੇ ਜਾ ਖੜ੍ਹਦਾ ਹੈ। ਕੀ ਇਹ ਜਮਹੂਰੀ ਮੁਲਕ ਦੇ ਸਮਾਨ-ਲਿੰਗ ਅਧਿਕਾਰਾਂ ਵੱਲ ਵਧ ਰਹੇ ਸਮਾਜ ਦੀਆਂ ਕੰਧਾਂ ਹਨ? ਨਵ-ਬਸਤੀਵਾਦ ਵਿਚੋਂ ਗੁਜ਼ਰ ਰਹੇ ਦੇਸ਼ ਵਿਚ ਆਪਸੀ ਰਿਸ਼ਤੇ ਵਿਸ਼ਵਾਸ, ਇਮਾਨਦਾਰੀ ਅਤੇ ਸਮਾਨਤਾ ‘ਤੇ ਕਿਵੇਂ ਟਿਕੇ ਰਹਿ ਸਕਦੇ ਹਨ? ਫ਼ਿਲਮ ਸਵਾਲ ਖੜ੍ਹਾ ਕਰਦੀ ਹੈ ਕਿ ਕਿਉਂ ਖੁੱਲੀ ਮੰਡੀ ਦਾ ਸੰਦ ਬਣਨ ਤੋਂ ਇਨਕਾਰ ਕਰਨ ‘ਤੇ ਜ਼ਿੰਦਗੀ ਵੱਲ ਜਾਂਦੀਆਂ ਰਾਹਾਂ ਅੱਗ ਦਾ ਸਫ਼ਰ ਤੈਅ ਕਰਦੀਆਂ ਹਨ। ‘ਫਾਇਰ’ ਅਤੇ ‘ਵਾਟਰ’ ਦੋਵਾਂ ਫ਼ਿਲਮਾਂ ਦਾ ਕੱਟੜਵਾਦੀਆਂ ਵੱਲੋਂ ਕੀਤਾ ਤਿੱਖਾ ਵਿਰੋਧ ਇਸ ਗੱਲ ਦੀ ਜ਼ਾਮਨੀ ਹੈ ਕਿ ਕਿਵੇਂ ਸਮਾਜਿਕ ਪੌੜੀ ਦੇ ਹੇਠਲੇ ਡੰਡਿਆਂ ਤੇ ਲਟਕੇ ਲੋਕਾਂ ਦੇ ਮਸਲਿਆਂ ਦਾ ਜ਼ਿਕਰ ਤੱਕ ਮੁੱਖਧਾਰਾ ਨੂੰ ਨਾ-ਗਵਾਰ ਗੁਜ਼ਰਦਾ ਹੈ।

ਬਰਤਾਨਵੀ ਫ਼ਿਲਮਸਾਜ਼ ਗੁਰਿੰਦਰ ਚੱਢਾ ਦੀ ਫ਼ਿਲਮ ‘ਬੈੰਡ ਇਟ ਲ਼ਾਈਕ ਬੈਕਹੈਮ’ ਕਾਮੇਡੀ ਹੋਣ ਦੇ ਬਾਵਜੂਦ ਵਿਸ਼ਵੀਕਰਨ, ਆਧੁਨਿਕਤਾ ਅਤੇ ਜ਼ਿੰਦਗੀ ਨੂੰ ਖੁਦ ਘੜਨ ਦੀ ਜ਼ਿੱਦ ‘ਤੇ ਅੜੀਆਂ ਕੁੜੀਆਂ ਨਾਲ ਸੰਵਾਦ ਛੇੜਦੀ ਹੈ। ਕਿਸੇ ਖਿੱਤੇ ਦਾ ਸੱਭਿਆਚਾਰ ਕਿਵੇਂ ਔਰਤਾਂ ਦੇ ਰੋਲ ਨੂੰ ਪੀੜ੍ਹੀ ਦਰ ਪੀੜ੍ਹੀ ਪਰਿਭਾਸ਼ਤ ਕਰਦਾ ਹੈ ਤੇ ਅਕਸਰ ਧਾੜਵੀ ਧਿਰ ਦੇ ਹੱਕ ਵਿਚ ਭੁਗਤਦਾ ਹੈ। ਫ਼ਿਲਮ ਵਿਸ਼ਵੀਕਰਨ ਕਾਰਨ ਬਣ ਰਹੇ ਵੱਖ ਵੱਖ ਨਸਲਾਂ ਤੇ ਧਰਮਾਂ ਦੇ ਲੋਕਾਂ ਦੇ ਰਿਸ਼ਤਿਆਂ ਦੇ ਪੱਖ ਵਿਚ ਜ਼ੋਰਦਾਰ ਹੁੰਗਾਰਾ ਭਰਦੀ ਹੈ।

‘ਸਲਾਮ ਬੰਬੇ’ ਵਰਗੀ ਯਾਦਗਾਰੀ ਫ਼ਿਲਮ ਬਣਾਉਣ ਵਾਲੀ ਮੀਰਾ ਨਾਇਰ ਜਦੋਂ ‘ਕਾਮਸੂਤਰ’ ਵਰਗੀ ਫ਼ਿਲਮ ਬਣਾਉਂਦੀ ਹੈ ਤਾਂ ਉਹਦੀ ਅੱਖ ਤੋਂ ਸਮਾਜਿਕ ਢਾਂਚੇ ਦੇ ਚਿੱਬ ਅਤੇ ਸੱਤਾ ਦਾ ਸਰੀਰਾਂ ਨਾਲ ਰਿਸ਼ਤਾ ਲੁਕਦਾ ਨਹੀਂ। ਉਹਦੇ ਪਾਤਰ ਪੱਲੇ ਪੈ ਗਈ ਹੋਣੀ ਜਿਉਂਦਿਆਂ ਵੀ ਉਹਨੂੰ ਆਪਣੇ-ਆਪ ‘ਤੇ ਹਾਵੀ ਨਹੀਂ ਹੋਣ ਦਿੰਦੇ। ਮੀਰਾ ਨਾਇਰ ਦੀਆਂ ਫ਼ਿਲਮਾਂ ਦੀ ਖ਼ੂਬਸੂਰਤੀ ਦੁਖਾਂਤ ਨੂੰ ਭੋਗ ਰਹੀਆਂ ਜ਼ਿੰਦਗੀਆਂ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਨਾ ਹੈ। ਇਨ੍ਹਾਂ ਸਾਰੀਆਂ ਫ਼ਿਲਮਸਾਜ਼ ਭਾਰਤੀ ਫ਼ਿਲਮ ਸਨਅਤ ਦੇ ਰੂੜ ਮੰਤਰਾਂ ਨੂੰ ਰੱਦ ਕਰਦੀਆਂ ਹਨ। ਕਲਾ ਨਾਲ ਸਮਾਜ ਦੇ ਰਿਸ਼ਤੇ ਦਾ ਸਾਵਾਂ ਰਾਹ ਇਨ੍ਹਾਂ ਦੇ ਕੈਮਰੇ ਦੀ ਅੱਖ ਹੀ ਤਰਾਸ਼ੇਗੀ।

Cross posted from ਪੰਜਾਬੀ ਕਲਾ ਵੇਅਰ

ਰਿਸ਼ਤਾ-ਸਰੋਤੇ ਤੇ ਗ਼ਜ਼ਲ ਗਾਇਕ ਦਾ

ਗ਼ਜ਼ਲ ਗਾਇਕਾਂ ਨੂੰ ਲੈਕੇ ਨੌਜਵਾਨ ਦਾ ਬਹੁਮਤ ਅਜਿਹਾ ਹੈ ਕਿ ਉਹ ਇਹਨਾਂ ਗਾਇਕਾਂ ਨੂੰ ਸੁਣਦੇ ਘੱਟ ਹਨ ਆਪਣੇ ਵਿਅੰਗ ਦਾ ਹਿੱਸਾ ਬਹੁਤਾ ਬਣਾਉਂਦੇ ਹਨ।ਪਰ ਜਿਹੜੇ ਨੌਜਵਾਨ ਗ਼ਜ਼ਲਾਂ ਦੇ ਸ਼ੌਂਕ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ ਉਹ ਸਭ ਤੋਂ ਵੱਧ ਇੱਜ਼ਤ ਵੀ ਇਹਨਾਂ ਗਾਇਕਾਂ ਨੂੰ ਹੀ ਦਿੰਦੇ ਹਨ।ਇੱਕ ਸਰੋਤੇ ਦੇ ਰੂਪ ‘ਚ ਪਹਿਲਾਂ ਰਿਸ਼ਤਾ ਕਿਸੇ ਗ਼ਜ਼ਲ ਗਾਇਕ ਨਾਲ ਜੇ ਜੁੜਿਆ ਸੀ ਤਾਂ ਉਹ ਪੰਕਜ ਉਦਾਸ ਸੀ।ਉਸ ਦਾ ਵੀ ਮੁੱਢਲਾ ਕਾਰਨ ਇਹ ਸੀ ਕਿ ਸੰਜੇ ਦੱਤ ਛੋਟੇ ਹੁੰਦੇ ਬੜਾ ਵਧੀਆ ਲੱਗਦਾ ਸੀ ਤੇ ਉਹਦੀ ਫਿਲਮ ‘ਨਾਮ’ ਦਾ ‘ਚਿੱਠੀ ਆਈ ਹੈ’ ਗੀਤ ਬਹੁਤ ਮਸ਼ਹੂਰ ਹੋਇਆ ਸੀ।

7.30 ਵਜੇ ਦਾ ਸਮਾਂ ਸੀ ਜਦੋਂ ਮੈਂ ਚੰਡੀਗੜ੍ਹ ਤੋਂ ਆਪਣੇ ਘਰ ਪਟਿਆਲੇ ਪਹੁੰਚਿਆ।ਮੈਂ ਰਾਹ ‘ਚ ਹੀ ਸੀ ਜਦੋਂ ਗਗਨ ਨੇ ਫੋਨ ‘ਤੇ ਦੱਸਿਆ ਕਿ ਜਗਜੀਤ ਬੀਤ ਗਿਆ ਹੈ।ਉਹਨੇ ਮੇਰੇ ਘਰ ਪਹੁੰਚਣ ‘ਤੇ ਮੁੜ ਇਸੇ ਗੱਲ ਨੂੰ ਦੋਹਰਾਇਆ।ਮੈਂ ਥੱਕਿਆ ਹੋਇਆ ਸਾਂ ਸੋ ਮੈਂ ਗੱਲ ਨੂੰ ਇਹ ਕਹਿਕੇ ਆਈ ਚਲਾਈ ਕਰ ਦਿੱਤਾ ਕਿ ਇਸ ‘ਚ ਕੀ ਨਵੀਂ ਗੱਲ ਐ ਦੁਨੀਆ ਮਰਦੀ ਐ।ਮੈਂ ਨਾਲ ਇਹ ਵੀ ਕਿਹਾ ਵਿਚਾਰੇ ਦਾ ਸਮਾਂ ਸੀ ਲੰਮੇ ਸਮੇਂ ਤੋਂ ਬਿਮਾਰ ਸੀ ਇਹ ਸਮਾਂ ਤਾਂ ਆਉਣਾ ਹੀ ਸੀ।

ਇੱਥੇ ਮਸਲਾ ਇਹ ਸੀ ਕਿ ਅਸੀ ਪਹਿਲਾਂ ਆਪਣੀਆਂ ਨਿਜੀ ਤਰਜੀਹਾਂ ਦੀ ਹੱਦਬੰਦੀ ਕਰਾਂਗੇ ਫਿਰ ਸੋਚਾਂਗੇ ਕਿ ਬਾਕੀ ਸੰਸਾਰ ‘ਚ ਕੀ ਵਾਪਰਿਆ ਹੈ,ਮੈਂ ਵੀ ਆਮ ਘਰੇਲੂ ਬੰਦੇ ਦੀ ਤਰ੍ਹਾਂ ਆਪਣੇ ਝਮੇਲਿਆ ਨੂੰ ਲੈਕੇ ਉਲਝਿਆ ਹੋਇਆ ਘਰ ਪਹੁੰਚਿਆ ਸੀ ਤੇ ਨਾਲੋ ਨਾਲ ਮੇਰੇ ਜਿਹਨ ‘ਚ ਇਹ ਵਿਉਂਤਬੰਦੀ ਚੱਲ ਰਹੀ ਕਿ ਕੱਲ੍ਹ ਨੂੰ ਕੀ ਕਰਨਾ ਹੈ? ਸੋ ਅਜਿਹੀ ਮਾਨਸਿਕ ਥਕਾਨ ‘ਚ ਮੈਂ ਜਗਜੀਤ ਸਿੰਘ ਦੇ ਬੀਤ ਜਾਣ ਨਾਲ ਆਤਮਕ ਸਾਂਝ ਕਿਵੇਂ ਪਾ ਸਕਦਾ ਸੀ ?)

ਪਰ ਜਿਉਂ ਜਿਉਂ ਮੇਰੀ ਥਕਾਨ ਉੱਤਰੀ ਮੈਨੂੰ ਜਗਜੀਤ ਸਿੰਘ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਵਾਲੇ ਨੁਕਸਾਨ ਵਿਖਣ ਲੱਗ ਪਏ।ਮੈਂ ਜਗਜੀਤ ਸਿੰਘ ਬਾਰੇ ਸੋਚਦਾ ਜਾ ਰਿਹਾ ਸੀ।ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਅਵਾਜ਼ ਹੁਣ ਜਿਊਂਦੀ ਜਾਗਦੀ ਸਾਡੇ ਰੂਬੂਰੂ ਨਹੀਂ ਹੋਵੇਗੀ।ਇਹਨਾਂ ਖਿਆਲੀ ਘੁੰਮਣਘੇਰੀਆਂ ‘ਚ ਘੁੰਮਦਾ ਹੋਇਆ ਪਤਾ ਨਹੀਂ ਮੈਂ ਕਿੱਥੇ ਗਵਾਚ ਗਿਆ ਤੇ ਮੈਨੂੰ ਉਹ ਸਾਰੇ ਕਿੱਸੇ ਯਾਦ ਆਏ ਜਦੋਂ ਇੱਕ ਸਰੋਤੇ ਦੇ ਤੌਰ ‘ਤੇ ਜਗਜੀਤ ਸਿੰਘ ਨਾਲ ਮੇਰੀ ਪਲੇਠੀ ਪਛਾਣ ਪਈ।

ਨਾਮ ਤਾ ਗਾਹੇ ਬਗਾਹੇ ਜਗਜੀਤ ਸਿੰਘ ਦਾ ਅਸੀ ਪਹਿਲਾਂ ਵੀ ਸੁਣਿਆ ਸੀ ਪਰ ਜਗਜੀਤ ਸਿੰਘ ਨਾਲ ਸਾਡੀ ਰਸਮੀ ਪਛਾਣ ਇੱਕ ਘਟਨਾ ਤੋਂ ਬਾਅਦ ਹੀ ਪਈ।ਇਹ ਕਿੱਸਾ ਫਿਰ ਮੁੱਦਤਾਂ ਬਾਅਦ ਯਾਦ ਆਇਆ।ਇਹ ਗੱਲ ਉਦੋਂ ਦੀ ਹੈ ਜਦੋਂ ਅਸੀ ਨੌਵੀਂ ਜਮਾਤ ‘ਚ ਹੁੰਦੇ ਸਾਂ।ਅਸੀ ਆਪਣੇ ਅਧਿਆਪਕਾਂ ਤੇ ਸਾਥੀਆਂ ਨਾਲ ਕਪੂਰਥਲਿਓਂ ਆ ਰਹੇ ਸੀ।ਉਹਨਾਂ ਦਿਨਾਂ 'ਚ ਦੀਪ ਢਿੱਲੋਂ ਦਾ ਗਾਣਾ 'ਮਣਕੇ ਟੁਦੇ ਜਾਂਦੇ ਆ',ਹਰਭਜਨ ਮਾਨ ਦੀ 'ਸਤਰੰਗੀ ਪੀਂਘ' ਤੇ ਗੁਰਦਾਸ ਮਾਨ ਦੀ ਪੰਜੀਰੀ ਬਹੁਤ ਚੱਲ ਰਹੀ ਸੀ।ਸਾਰੇ ਸਫਰ 'ਚ ਅਸੀ ਇਹਨਾਂ ਗੀਤਾਂ ਦਾ ਲੁਤਫ ਉਠਾਉਂਦੇ ਆ ਰਹੇ ਸਾਂ।ਵਿਗਿਆਨ ਪ੍ਰਦਰਸ਼ਨੀ ਤੇ ਭਾਸ਼ਣ ਮੁਕਾਬਲਿਆਂ ‘ਚ ਅਸੀ ਜਿੱਤ ਹਾਸਲ ਕੀਤੀ ਸੀ ਸੋ ਜਿੱਤ ਸਾਡੇ ਸਿਰ ਚੱੜ੍ਹਕੇ ਬੋਲ ਰਹੀ ਸੀ।ਪਰ ਸਾਡੀ ਮੈਡਮ ਨੂੰ ਇਹ ਗੀਤ ਪਸੰਦ ਨਹੀਂ ਸਨ।ਉਹਨਾਂ ਕਿਹਾ,ਬੰਦ ਕਰੋ ਯੇ ਕਯਾ ਲਗਾਇਆ ਹੈ ਯੇ ਗੁਰਦਾਸ ਪੇਂਡੂ ਸਾ,ਸੁਨਣਾ ਹੈ ਤੋ ਜਗਜੀਤ ਸਿੰਘ ਕੋ ਸੁਣੋ।"

ਬੇਸ਼ੱਕ ਸਾਰੇ ਗਾਇਕਾਂ ਦੀ ਆਪਣੀ ਸਤਕਾਰਯੋਗ ਥਾਂ ਹੈ ਪਰ ਇੱਥੇ ਅਸੀ ਬੱਚਿਆ ਵਾਲੀ ਲੜਾਈ ‘ਚ ਪੈ ਗਏ ਸੀ ਜਿੱਥੇ ਸਾਨੂੰ ਇਹੋ ਸੀ ਕਿ ਸਾਡੇ ਮਨਪਸੰਦ ਗਾਇਕ ਨੂੰ ਕਿਸੇ ਨੇ ਮਾੜਾ ਕਿਵੇਂ ਕਹਿ ਦਿੱਤਾ।ਉਸ ਸਮੇਂ ਅਸੀ ਗਲਤ ਸਾਂ ਕਿ ਸਾਡੀ ਅਜਿਹੀ ਸੋਚ ਸੀ ਪਰ ਮੈਡਮ ਵੀ ਸਹੀ ਨਹੀਂ ਸੀ ਜੋ ਇਹਨਾਂ ਗਾਇਕਾਂ ਬਾਰੇ ਇੰਝ ਕਹਿ ਰਹੀ ਸੀ।ਇੱਥੇ ਮਸਲਾ ਆਪੋ ਆਪਣੀ ਪਸੰਦ ਨੂੰ ਥੋਪਣ ਦਾ ਸੀ) ਸਾਨੂੰ ਇਹ ਸੁਨਣਾ ਚੰਗਾ ਨਾ ਲੱਗਾ ਤੇ ਮੇਰੇ ਦੋਸਤ ਸੁਖਪਾਲ ਨੇ ਇੱਕ ਕਥਾ ਸੁਣਾਈ।

ਕਹਿੰਦਾ,“ਮੈਡਮ ! ਮੜ੍ਹੀਆ ਦੀ ਗੱਲ ਇਆ ਕਿ ਸਾਰੇ ਮੁਰਦਿਆਂ ਵਿਚਾਰ ਕੀਤੀ ਭਈ ਅੱਜ ਮਨੋਰੰਜਨ ਕੀਤਾ ਜਾਵੇ।ਉਹਨਾਂ ਸਾਰੇ ਮੁਰਦਿਆਂ ਨੂੰ ਰੁੱਕਾ ਭੇਜਿਆ।ਸਾਰੇ ਮੁਰਦੇ ਦੱਸੀ ਜਗ੍ਹਾ ‘ਤੇ ਇੱਕਠੇ ਹੋਏ।ਸਾਰੇ ਮੁਰਦੇ ਖੂਬ ਖੁਸ਼ ਸਨ ਪਰ ਉਹਨਾਂ ਚਾਣਚੱਕ ਸੁਣਿਆ ਕਿ ਉਹਨਾਂ ਦੀ ਮਹਿਫਲ ਵਾਲੀ ਜਗ੍ਹਾ ਦੇ ਨੇੜਿਓ ਹੀ ਕਿਸੇ ਦੇ ਗਾਉਣ ਦੀ ਅਵਾਜ਼ ਆ ਰਹੀ ਹੈ।ਉਹਨਾਂ ਧਿਆਨ ਨਾਲ ਸੁਣਿਆ ਤਾਂ ਪਤਾ ਲੱਗਾ ਇਹ ਤਾਂ ਜਗਜੀਤ ਸਿੰਘ ਗਾ ਰਿਹਾ ਹੈ।ਮੈਡਮ ਜੀ ਫੇਰ ਕੀ ਸੀ ਜੀ,ਮੁਰਦਿਆਂ ਦਾ ਸਾਰਾ ਮਨੋਰੰਜਨ ਖਰਾਬ ਹੋ ਗਿਆ।”

ਅਸੀ ਹੱਸ ਹੱਸ ਕੇ ਆਪਣੀ ਵੱਖੀ ਪੀੜਾਂ ਪਾ ਲਈਆਂ ਤੇ ਮੈਡਮ ਸ਼ਰਮਿੰਦੀ ਜਹੀ ਹੋਕੇ ਚੁੱਪ ਹੋ ਗਈ।ਸਾਡੇ ਨਾਲ ਦੋ ਮੈਡਮਾਂ ਚੋਂ ਇੱਕ ਸਾਡੇ ਮਿਉਜ਼ਿਕ ਟੀਚਰ ਸਨ।ਮੈਡਮ ਉਹਨਾਂ ਨੂੰ ਕਹਿੰਦੇ,“ਦੇਖਾ ਮੈਡਮ ਆਪਨੇ,ਇੰਨ੍ਹੇ ਸ਼ਰਮ ਨਹੀਂ ਆਤੀ ਯੇ ਜਗਜੀਤ ਸਿੰਘ ਜੀ ਕੇ ਬਾਰੇ ਮੇਂ ਐਸਾ ਬੋਲਤੇ ਹੈਂ,ਮੈਡਮ ਆਪ ਇਨਕੋ ਕੁਛ ਸਿਖਾਈਏ।”

ਸਾਡੀ ਉਹ ਬਹਿਸ ਇਸ ਮੁੱਦੇ ‘ਤੇ ਹੀ ਸਿਮਟ ਗਈ ਕਿ ਜੇ ਤੁਸੀ ਗੁਰਦਾਸ ਮਾਨ ਬਾਰੇ ਇੰਝ ਬੋਲੋਗੇ ਤਾਂ ਅਸੀ ਜਗਜੀਤ ਸਿੰਘ ਬਾਰੇ ਇੰਝ ਬੋਲਾਂਗੇ।ਉਸ ਗੱਲ ਦਾ ਇੰਨਾ ਪ੍ਰਭਾਵ ਪਿਆ ਕਿ ਸਾਡੇ ਦੋਸਤਾਂ ‘ਚ ਜਗਜੀਤ ਸਿੰਘ ਹੁਣਾਂ ‘ਤੇ ਕਿਸੇ ਦੀ ਸਹਿਮਤੀ ਨਾ ਬਣੀ।ਜਗਜੀਤ ਸਿੰਘ ਨਾਲ ਸਾਡੀ ਸਾਂਝ ਹਮੇਸ਼ਾ ਮੋਹ ਪਿਆਰ ਤੋਂ ਸੱਖਣੀ ਰਹੀ।ਬੱਸ ਜੀ ਮੁੱਕਦੀ ਗੱਲ ਇਹ ਹੈ ਕਿ ਅਲੱ੍ਹੜਪੁਣੇ ਦੀ ਉੱਮਰ ਸੀ,ਕੀਲ ਕੇ ਲਿਜਾਣ ਵਾਲੀ ਦਿਲ ਖਿੱਚਵੀਂ ਅਵਾਜ਼ ਦਾ ਹੁਨਰ ਪਛਾਣਦੇ ਨਹੀਂ ਸਾਂ।ਜਗਜੀਤ ਸਿੰਘ ਦੀ ਅਵਾਜ਼ ਸੁਣਦੇ ਜ਼ਰੂਰ ਸਾਂ ਪਰ ਇਹ ਅਵਾਜ਼ ਸਾਡੇ ਲਈ ਕਦੀ ਦਸਤਕ ਦੇਣ ਵਾਲੀ ਅਵਾਜ਼ ਨਾ ਬਣੀ।ਸਮਾਂ ਬੀਤਦਾ ਗਿਆ,ਬਚਪਨ ਚਲਾ ਗਿਆ ਤੇ ਕਿਸ਼ੋਰ ਅਵਸਥਾ ਵੀ ਚਲੇ ਗਈ।ਫਿਰ ਉਹ ਉੱਮਰ ਆਈ ਜੋ ਸਾਰਿਆਂ ‘ਤੇ ਆਉਂਦੀ ਹੈ।

ਜਦੋਂ ਦਿਲ ਨੂੰ ਕੋਈ ਪਸੰਦ ਆਉਂਦਾ ਹੈ।ਜਦੋਂ ਕਾਲਜ ਤਾਂ ਹੁੰਦਾ ਹੈ ਪਰ ਪੜ੍ਹਾਈ ਦੇ ਨਾਲ ਹੋਰ ਵੀ ਬਹੁਤ ਕੁਝ ਹੁੰਦਾ ਹੈ।ਕੋਈ ਕੁੜੀ ਦੋਸਤ ਬਣਦੀ ਹੈ,ਫਿਰ ਉਸ ਨਾਲ ਪਿਆਰ ਹੁੰਦਾ ਹੈ,ਤੇ ਫਿਰ……ਪਿਆਰ ਟੁੱਟਦਾ ਵੀ ਹੈ।ਉਹਨਾਂ ਦਿਨਾਂ ‘ਚ ਮੇਰੇ ਇੱਕ ਦੋਸਤ ਨਾਲ ਅਜਿਹਾ ਹੀ ਭਾਣਾ ਵਾਪਰਿਆ।ਆਪਣੇ ਦਿਲ ਦੇ ਅਲ੍ਹੇ ਅਲ੍ਹੇ ਜ਼ਖ਼ਮ ਨੂੰ ਪਲੋਸਨ ਲਈ ਉਹ ਦਰਦ ਭਿੰਨੇ ਗੀਤ ਸੁਨਣ ਲੱਗ ਪਿਆ।ਉਹਨੇ ਸ਼ਿਵ ਕੁਮਾਰ ਦੀ ਕਵਿਤਾਵਾਂ ਪੜ੍ਹਣੀਆਂ ਸ਼ੁਰੂ ਕੀਤੀਆਂ।ਫਿਰ ਉਹਨੂੰ ਗਾਹੇ ਬਗਾਹੇ ਪਤਾ ਚਲਿਆ ਕਿ ਸ਼ਿਵ ਕੁਮਾਰ ਦੇ ਗੀਤਾਂ ਨੂੰ ਬਹੁਤ ਸਾਰੇ ਗਾਇਕਾਂ ਵੀ ਗਾਇਆ ਹੈ।ਉਹਨੇ ਹੰਸ ਰਾਜ ਹੰਸ ਦੇ ਗੀਤ ਵੀ ਸੁਣੇ,ਉਹਨੇ ਸੁਰਿੰਦਰ ਕੌਰ ਦੇ ਗੀਤ ਵੀ ਸੁਣੇ ਪਰ ਜਦੋਂ ਉਹਦੇ ਹੱਥ ਜਗਜੀਤ ਸਿੰਘ ਵੱਲੋਂ ਗਾਏ ਸ਼ਿਵ ਦੇ ਗੀਤ ਆਏ ਤਾਂ ਬੱਸ ਫਿਰ ਕੀ ਸੀ ਉਹਨੇ ਜਗਜੀਤ ਸਿੰਘ ਦੇ ਇਕੋ ਗੀਤ ਦੀ ਹੀ ਪੂਰੀ ਕੈਸੇਟ ਰਿਕਾਰਡ ਕਰਵਾ ਲਈ।ਜਿਸ ‘ਚ ਜਗਜੀਤ ਦਾ ਇਹੋ ਗੀਤ ਹੀ ਚੱਲਦਾ ਰਹਿੰਦਾ ਸੀ।

ਰੋਗ ਬਣਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ,
ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ॥


ਹੁਣ ਖਰਬੂਜ਼ੇ ਨੂੰ ਵੇਖਕੇ ਖਰਬੂਜ਼ਾ ਰੰਗ ਤਾਂ ਬਦਲਦਾ ਹੀ ਹੈ।ਜੇ ਨਾਲ ਵਾਲਾ ਖਰਬੂਜ਼ਾ ਖੁਸ਼ ਹੋਵੇਗਾ ਤੇ ਦੂਜਾ ਖਰਬੂਜ਼ਾ ਵੀ ਖੁਸ਼ ਹੋਵੇਗਾ।ਹੁਣ ਸਾਡਾ ਖਰਬੂਜ਼ਾ ਦੁਖੀ ਸੀ ਉਸ ਨਾਲ ਲੱਗੇ ਲੱਗੇ ਅਸੀ ਵੀ ਜਗਜੀਤ ਸਿੰਘ ਨੂੰ ਸੁਨਣ ਲੱਗ ਪਏ।ਸਾਨੂੰ ਹੌਲੀ ਹੌਲੀ ਉਹ ਆਪਣੀ ਅਵਾਜ਼ ਲੱਗਣ ਪਈ।ਅਸੀ ਫਿਰ ਵੱਧ ਤੋਂ ਵੱਧ ਜਗਜੀਤ ਸਿੰਘ ਦੇ ਗੀਤ ਇੱਕਠੇ ਕਰਨੇ ਸ਼ੁਰੂ ਕਰ ਦਿੱਤੇ।ਇੱਕ ਸਮਾਂ ਅਜਿਹਾ ਆਇਆ ਕਿ ਵਾਕਮੈਨ ਤੋਂ ਸਾਡੇ ਕੋਲ ਲੈਪਟੋਪ,ਆਈਪੌਡ ਤੇ ਮੈਮੋਰੀ ਕਾਰਡ ਵਾਲਾ ਮੋਬਾਈਲ ਆ ਗਿਆ ਪਰ ਇਹ ਸਾਨੂੰ ਵਾਕਮੈਨ ਹੀ ਲੱਗਦੇ ਕਿਉਂ ਕਿ ਇਹਨਾਂ ‘ਚ ਵੀ ਸਿਰਫ ਜਗਜੀਤ ਸਿੰਘ ਦੇ ਗੀਤਾਂ ਦੀ ਭਰਮਾਰ ਹੁੰਦੀ।ਅਸੀ ਹੁਣ ਜਗਜੀਤ ਸਿੰਘ ਦੇ ਗੀਤਾਂ ਬਾਰੇ ਜ਼ੁਬਾਨੀ ਹੀ ਦੱਸ ਦਿੰਦੇ ਸਾਂ ਕਿ ਇਹ ਕਿਹੜੀ ਐਲਬਮ ਚੋਂ ਹੈ।ਸਾਡੀਆਂ ਰੋਜ਼ਾਨਾ ਗੱਲਾਂ ‘ਚ ਵੀ ਜਗਜੀਤ ਦੇ ਗੀਤ ਅਖਾਣ ਦੇ ਰੂਪ ‘ਚ ਪ੍ਰਗਟ ਹੋ ਜਾਂਦੇ।ਅਸੀ ਰੱਬੀ ਸਬੱਬੀ ਹੀ ਕਿਸੇ ਗੱਲ ‘ਚ ਆਪਣੇ ਆਪ ਨੂੰ ਸ਼ਾਮਲ ਕਰਨ ਲਈ ਕਹਿ ਜਾਣਾ ਕਿ ‘ਜ਼ਿੰਦਗੀ ਕਿਆ ਹੈ ਜਾਨਣੇ ਕੇ ਲੀਏ ਜ਼ਿੰਦਾ ਰਹਿਣਾ ਬਹੁਤ ਜ਼ਰੂਰੀ ਹੈ,ਆਜ ਤੱਕ ਕੋਈ ਭੀ ਰਹਾ ਤੋ ਨਹੀਂ,ਸਾਰੀ ਵਾਦੀ ਉਦਾਸ ਬੈਠੀ ਹੈ’ਭਰਾਵੋ ਮਾਜਰਾ ਕੀ ਹੈ..!

ਪੱਤਰਕਾਰੀ ਦੀ ਜਮਾਤ ‘ਚ ਕਾਲਜ ਦੌਰਾਨ ਜਦੋਂ ਸਾਡੀ ਅਧਿਆਪਕ ਨੇ ਸਾਡੀਆਂ ਸ਼ਰਾਰਤਾਂ ਤੋਂ ਤੰਗ ਹੋਈ ਨੇ ਨਰਾਜ਼ ਹੋਕੇ ਸਾਨੂੰ ਕਹਿਣਾ ਕਿ ਗੱਲ ਨਾ ਕਰਿਓ ਮੇਰੇ ਨਾਲ ਅੱਜ ਤੋਂ ਬਾਅਦ ਤਾਂ ਅਸੀ ਗਾਉਣ ਲੱਗ ਜਾਣਾ ‘ਹਾਥ ਛੂਟੇ ਮਗਰ ਰਿਸ਼ਤੇ ਨਹੀਂ ਟੂਟਾ ਕਰਤੇ ਵਕਤ ਕੀ ਸ਼ਾਖ਼ ਸੇ ਲਮ੍ਹੇ ਨਹੀਂ ਟੂਟਾ ਕਰਤੇ’ ਤਾਂ ਸਾਡੀ ਅਧਿਆਪਕ ਨੇ ਆਪਣੀ ਨਰਾਜ਼ਗੀ ਦੂਰ ਕਰਕੇ ਮੁਸਕਰਾਉਂਦੇ ਹੋਏ ਫਿਰ ਸਾਨੂੰ ਪੜ੍ਹਾਉਣ ਲੱਗ ਪੈਣਾ।ਫਿਰ ਸਮਾਂ ਆਇਆ ਜਦੋਂ ਮੇਰੀ ਚੋਣ ਬਤੌਰ ਰੇਡਿਓ ਅਨਾਉਂਸਰ ਅਕਾਸ਼ਵਾਣੀ ਪਟਿਆਲਾ ‘ਚ ਹੋ ਗਈ।ਫਿਰ ਕੀ ਸੀ ਮੇਰੇ ਲਈ ਤਾਂ ਉਹ ਅਲੀ ਬਾਬੇ ਦੇ ਖ਼ਜ਼ਾਨੇ ਤੱਕ ਪਹੁੰਚਣ ਦੀ ਤਰ੍ਹਾਂ ਸੀ।ਰੇਡਿਓ ‘ਚ ਪ੍ਰੋਗਰਾਮ ਪੇਸ਼ ਕਰਨੇ ਤੇ ਨਾਲੇ ਵਿਹਲੇ ਸਮੇਂ ਜਗਜੀਤ ਦੇ ਗੀਤ ਲਾਇਬ੍ਰੇਰੀ ‘ਚ ਸੁਣਦੇ ਰਹਿਣਾ।

‘ਆਦਮੀ ਆਦਮੀ ਕੋ ਕਿਆ ਦੇਗਾ,ਜੋ ਭੀ ਦੇਗਾ ਵੋਹੀ ਖੁਦਾ ਦੇਗਾ’

ਜਗਜੀਤ ਸਿੰਘ ਵੱਲੋਂ ਸ਼ਰਵਣ ਕੀਤੇ ਭਜਨ ਤੇ ਸ਼ਬਦ ਸਾਡੀ ਜ਼ਿੰਦਗੀ ਦਾ ਆਮ ਹਿੱਸਾ ਬਣ ਗਏ।ਲੌਂਗ ਦਾ ਲਿਸ਼ਕਾਰਾ ਦੇ ਗੀਤ ਮੈਂ ਆਮ ਹੀ ਕਿਸਾਨਵਾਣੀ ਪ੍ਰੋਗਰਾਮ ‘ਚ ਚਲਾ ਦੇਣੇ।ਮੇਰੇ ਪ੍ਰੋਗਰਾਮਿੰਗ ਹੈੱਡ ਨੇ ਕਹਿਣਾ, “ਕਾਕਾ ਰੋਜ ਈ ਜਗਜੀਤ ਸਿੰਘ ਦੇ ਗੀਤ ਠੋਕ ਦੇਂਦਾ ਏ ਕਦੀ ਸਦੀਕ ਜਾਂ ਮਾਣਕ ਵੀ ਲਾਇਆ ਕਰ,ਇੰਝ ਕੁਆਲਟੀ ਮੈਟੇਨ ਰਹਿੰਦੀ ਹੈ।” ਪਰ ਜਨਾਬ ਨੂੰ ਕੌਣ ਸਮਝਾਏ ਕਿ ਇੱਥੇ ਤਾਂ ਬਾਬੇ ਆਪਣੀ ਕੁਆਲਟੀ ਮੈਂਟੇਨ ਕਰਦੇ ਹੋਏ ਆਪਣਾ ਸ਼ੌਂਕ ਪੂਰਾ ਕਰਦੇ ਹਨ।

ਸਾਡੇ ਪਿੰਡ ‘ਚ ਇੱਕ ਮਾਤਾ ਨੂੰ ਸਾਰਾ ਦਿਨ ਪਿੰਡ ਗਾਹੁਣ ਦਾ ਬੜਾ ਚਸਕਾ ਸੀ।ਉਹਨੇ ਇੱਕ ਘਰ ਦੀ ਦੂਜੇ ਘਰ ਤੇ ਦੂਜੇ ਘਰ ਦੀ ਤੀਜੇ ਘਰ ਜਾਕੇ ਸਣਾਉਣੀ।ਉਹਦੀਆਂ ਕੀਤੀਆਂ ਗੱਲਾਂ ਨਾਲ ਬੜੀ ਵਾਰ ਤਾਂ ਚੰਗੀ ਰਾਮ ਰੌਲੀ ਛਿੜਦੀ ਕਿ ਸੱਸ-ਨੂੰਹ ਦੇ ਕੁਪੱਤ ਦਾ ਅੱਖੀ ਵੇਖਿਆ ਹਾਲ ਵੇਖਕੇ ਸਾਰਿਆਂ ਖੂਬ ਮਨੋਰੰਜਨ ਕਰਨਾ।ਸਾਨੂੰ ਮਾਤਾ ਨੇ ਮਿਲਿਆ ਕਰਨਾ ਤੇ ਅਸੀ ਮਸ਼ਕਰੀਆਂ ਕਰਦਿਆਂ ਨੇ ਜਗਜੀਤ ਸਿੰਘ ਦਾ ਗੀਤ ਗਾਉਣ ਲੱਗ ਪੈਣਾ।

ਸਾਰੇ ਪਿੰਡ ‘ਚ ਪੁਆੜੇ ਪਾਏ।ਅਸੀ ਦੂਜੀ ਸਤਰ ਨੂੰ ਤਾਂ ਬੋਲਦੇ ਨਹੀਂ ਸਾਂ ਬੱਸ ਪਹਿਲੀ ਸਤਰ ਨੂੰ ਹੀ ਦੁਹਰਾਈ ਜਾਣਾ।ਮਾਤਾ ਨੇ ਸਾਰੀ ਮੰਡੀਰ ਨੂੰ ਫਟਕਾਰ ਮਾਰਦਿਆਂ ਕਹਿਣਾ,“ ਮੈਨੂੰ ਕੀ ਪਤਾ ਨੀ ਲੱਗਦੇ ਓਂਤਰਿਆਂ ਨੂੰ ਸ਼ਰਮ ਨੀ ਆਉਂਦੀ,ਚਿੱਟੇ ਵਾਲਾ ਨਾਲ ਚਲੇਡਾਂ ਕਰਦਿਆਂ ਨੂੰ,ਅੱਗੇ ਵੀ ਤੇਰੀ ਮਾਂ ਹੈਗੀ ਏ ਓ,ਵੀ ਗਾ ਲਓ ਇੱਥੇ ਹੀ ਕਿਉਂ ਤੁਹਾਡਾ ਕੁੱਤਾ ਫਸ ਗਿਆ ਐ।”

ਜੇ ਮੈਂ ਗਲਤ ਨਹੀਂ ਤਾਂ ਸ਼ਾਇਦ ਜਗਜੀਤ ਸਿੰਘ ਹੀ ਮੈਨੂੰ ਅਜਿਹਾ ਗ਼ਜ਼ਲ ਗਾਇਕ ਯਾਦ ਆਉਂਦਾ ਹੈ ਜਿੰਨੇ ਕੋਈ ਵਪਾਰਕ ਇਸ਼ਤਿਹਾਰ ਕੀਤਾ ਹੋਵੇ।‘ਟੋਰੇਕਸ ਖਾਂਸੀ ਕੀ ਛੁੱਟੀ’ ਆਖਰ ਉਹਦੇ ਚਲੇ ਜਾਣ ਤੋਂ ਬਾਅਦ ਇਹ ਵਿਗਿਆਪਨ ਵੀ ਨਹੀਂ ਭੁੱਲ ਸਕਦਾ।ਇਸ ਵਿਗਿਆਪਨ ਦੇ ਆਉਣ ਨਾਲ ਹੀ ਘਰ ਰੌਲਾ ਪੈ ਜਾਂਦਾ ਸੀ, “ਓ ਤੇਰਾ ਜਗਜੀਤ ਸਿੰਘ ਆ ਗਿਆ।” ਫਿਰ ਸਾਰੇ ਹੀ ਅਸੀ ਜਗਜੀਤ ਸਿੰਘ ਨਾਲ ਮਿਲਕੇ ਗਾਉਣ ਲੱਗ ਪੈਂਦੇ ਸਾਂ।ਫ਼ਿਲਮ ‘ਸਰਫਰੋਸ਼’ ‘ਚ ਗਾਈ ਜਗਜੀਤ ਸਿੰਘ ਦੀ ਗ਼ਜ਼ਲ ‘ਹੋਸ਼ ਵਾਲੋਂ ਕੋ ਖਬਰ ਕਿਆ,ਦਿਲਲਗੀ ਕਿਆ ਚੀਜ਼ ਹੈ, ਜਾਂ ਫਿਲਮ ‘ਤੁਮ ਬਿਨ’ ਦਾ ‘ਕੋਈ ਫਰਿਆਦ’ ਅੱਜ ਮੈਨੂੰ ਫਿਰ ਸੁਨਣੇ ਚੰਗੇ ਲੱਗ ਰਹੇ ਹਨ।

ਜਗਜੀਤ ਸਿੰਘ ਦੀ ਦਾ ਠਹਿਰਾ ਸਾਨੂੰ ਸਿਆਣਪ ਦੇ ਨਾਲ ਸਮਝ ਆਇਆ ਕਿ ਉਸ ਦੀ ਗਾਇਕੀ ‘ਚ ਕਿੰਨੀ ਰੂਹਦਾਰੀ ਹੈ।ਉਹ ਇਸ਼ਕ ਮਜਾਜ਼ੀ ਨੂੰ ਵੀ ਪਿਆਰ ਨਾਲ ਛੂੰਹਦਾ ਹੈ ਤੇ ਇਸ਼ਕ ਹਕੀਕੀ ਦੇ ਦਰਸ਼ਨ ਵੀ ਉਨੇ ਹੀ ਸਤਕਾਰ ਨਾਲ ਕਰਾਉਂਦਾ ਹੈ।ਜਗਜੀਤ ਸਿੰਘ ਦੇ ਸਾਰੇ ਗੀਤ ਦਾ ਜ਼ਿਕਰ ਤਾਂ ਨਹੀਂ ਕਰ ਸਕਦਾ ਪਰ ਉਹਦੇ ਟੁਰ ਜਾਣ ਤੋਂ ਬਾਅਦ ਮੈਨੂੰ ਇਹ ਜ਼ਰੂਰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ‘ਚ ਇੱਟ ਪੁੱਟਿਆ ਹੀ ਗਾਇਕ ਪ੍ਰਗਟ ਹੁੰਦੇ ਹਨ ਪਰ ਹਰ ਗਾਇਕ ਸਰੋਤੇ ਦੇ ਦਿਲ ਦੀ,ਉਹਦੇ ਜਜ਼ਬਾਤ ਦੀ ਇੰਨੀ ਗੂੜ੍ਹੀ ਛਾਪ ਨਹੀਂ ਬਣਦਾ।ਉਹਦੇ ਲਈ ਇੱਕ ਸੰਵਾਦ ਪੈਦਾ ਹੁੰਦਾ ਹੈ।ਇੱਕ ਅਜਿਹਾ ਸੰਵਾਦ ਜਿੱਥੇ ਜਜ਼ਬਾ ਜਜ਼ਬੇ ਨਾਲ ਗੱਲ ਕਰਦਾ ਹੈ ਤਾਂ ਜਾਕੇ ਜਜ਼ਬਾਤ ਵਹਿੰਦੇ ਹਨ।ਵਹਿੰਦੇ ਹਨ-ਇੱਕ ਪਿਆਰੇ ਮਲੂਕ ਜਿਹੇ,ਮੱਠੇ ਜਿਹੇ ਅਹਿਸਾਸ ਵੱਲ ਨੂੰ ਜੋ ਕੋਈ ਵੀ ਬੰਦਾ ਆਪਣੇ ਨਿਜ ਤੋਂ ਹੀ ਸਮਝ ਸਕਦਾ ਹੈ।

ਹਰਪ੍ਰੀਤ ਸਿੰਘ ਕਾਹਲੋਂ ਪੱਤਰਕਾਰ ਹੈ,ਪਰ ਪੱਤਰਕਾਰੀ ਨਾਲੋਂ 1000 ਗੁਣਾ ਵੱਧ ਰੁਚੀ ਸਿਨੇਮੇ 'ਚ ਰੱਖਦਾ ਹੈ।

Wednesday, October 12, 2011

ਕਸ਼ਮੀਰ ਵਿਰੋਧੀ ਫਿਰਕਾਪ੍ਰਸਤਾਂ ਦਾ ਪ੍ਰਸ਼ਾਂਤ ਭੂਸ਼ਨ 'ਤੇ ਹਮਲਾ

ਬੁੱਧਵਾਰ ਨੂੰ ਕਰੀਬ ਚਾਰ ਵਜੇ ਤਿੰਨ ਲੋਕਾਂ ਨੇ ਸੁਪਰੀਮ ਕੋਰਟ ਦੇ ਵਕੀਲਾਂ ਦੇ ਚੈਂਬਰ 'ਚ ਵੜ ਕੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ 'ਤੇ ਹਮਲਾ ਕੀਤਾ ਤੇ ਉਨ੍ਹਾਂ ਨੂੰ ਮਾਰਿਆ ਕੁੱਟਿਆ।ਉਨ੍ਹਾਂ 'ਤੇ ਇਸ ਲਈ ਹਮਲਾ ਕੀਤਾ ਗਿਆ ਕਿਉਂ ਕਿ ਉਨ੍ਹਾਂ ਕਸ਼ਮੀਰ 'ਚ ਭਾਰਤੀ ਫੌਜ ਵਲੋਂ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਕੀਤੇ ਜਾ ਰਹੇ ਘਾਣ ਸਬੰਧੀ ਸੁਪਰੀਮ ਕੋਰਟ 'ਚ ਜਨ ਹਿੱਤ ਪਟੀਸ਼ਨ ਦਾਖ਼ਲ ਕੀਤੀ ਸੀ।ਜਿਸ 'ਚ ਇਹ ਵੀ ਕਿਹਾ ਗਿਆ ਹੈ ਕਿ ਕਸ਼ਮੀਰ 'ਚੋਂ ਭਾਰਤੀ ਫੌਜ ਵਾਪਸ ਬੁਲਾਈ ਜਾਵੇ।

ਭੂਸਨ 'ਤੇ ਹਮਲਾ ਕਰਨ ਵਾਲੇ ਇਸ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।ਉਹ ਖ਼ੁਦ ਨੂੰ ਭਗਤ ਸਿੰਘ ਕ੍ਰਾਂਤੀ ਸੈਨਾ ਦਾ ਮੈਂਬਰ ਦੱਸ ਰਿਹਾ ਹੈ।

ਭਗਤ ਸਿੰਘ ਦੇ ਨਾਂਅ 'ਤੇ ਬਣਾਈ ਇਸ ਸੰਸਥਾ ਦਾ ਪ੍ਰਧਾਨ ਤੇਜਿੰਦਰ ਪਾਲ ਸਿੰਘ ਬੱਗਾ ਹੈ।ਜਿਸਨੂੰ ਭਗਤ ਸਿੰਘ ਬਾਰੇ ਸ਼ਾਇਦ ਓ,ਅ ਵੀ ਨਹੀਂ ਪਤਾ ਹੈ।

ਇਸੇ ਬੰਦੇ ਨੇ ਕੁਝ ਸਮਾਂ ਪਹਿਲਾਂ ਦਿੱਲੀ 'ਚ ਹੀ ਕਸ਼ਮੀਰੀ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ 'ਤੇ ਜੁੱਤਾ ਸੁੱਟਿਆ ਸੀ।ਫੇਸਬੁੱਕ 'ਤੇ ਆਪਣੀ ਸੰਸਥਾ ਵਲੋਂ ਬਾਏ ਪੇਜ 'ਤੇ ਇਸ ਨੇ ਗਿਲਾਨੀ 'ਤੇ ਜੁੱਤਾ ਸੁੱਟਣ ਵਾਲੀ ਫੋਟੋ ਨੂੰ ਪ੍ਰੋਫਾਇਲ ਫੋਟੋ ਬਣਾਇਆ ਹੋਇਆ ਹੈ ਤੇ ਉਸੇ ਪੇਜ 'ਤੇ ਇਹ ਇਕ ਫੋਟੋ 'ਚ ਸ਼੍ਰੀ ਸ਼੍ਰੀ ਰਵੀਸ਼ੰਕਰ ਨਾਲ ਖੜ੍ਹਾ ਹੈ।ਫੋਟੋ ਦੇ ਹੇਠਾਂ ਇਸਨੇ ਲਿਖ਼ਿਆ ਹੈ ਕਿ ਸੱਈਅਦ ਅਲੀ ਸ਼ਾਹ ਗਿਲਾਨੀ 'ਤੇ ਜੁੱਤਾ ਸੁੱਟਣ ਤੋਂ ਬਾਅਦ ਉਸਨੂੰ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਘਰ ਬੁਲਾ ਕੇ ਵਧਾਈ ਦਿੱਤੀ ਸੀ।

ਇਸੇ ਪ੍ਰੋਫਾਇਲ 'ਚ ਇਕ ਹੋਰ ਫੋਟੋ ਹੈ ਜਿਸ 'ਚ ਇਸਨੇ ਲਿਖ਼ਿਆ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚੋਂ ਰਾਸ਼ਟਰ ਵਿਰੋਧੀ ਤੱਤਾਂ ਨੂੰ ਬਾਹਰ ਕੱਢਿਆ ਜਾਵੇ।

ਦਰ ਅਸਲ ਇਨ੍ਹਾਂ ਹਮਲਿਆਂ ਜ਼ਰੀਏ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੀ ਸਿਆਸਤ ਨੂੰ ਸਮਝਣ ਦੀ ਲੋੜ ਹੈ।ਇਸ ਤੋਂ ਪਹਿਲਾਂ ਦਿੱਲੀ 'ਚ ਅਰੰਧਤੀ ਰਾਏ 'ਤੇ ਵੀ ਅਜਿਹੀਆਂ ਧਾਰਮਿਕ ਫਿਕਰਾਪ੍ਰਸਤ ਫੋਰਸਾਂ ਦਾ ਹਮਲਾ ਹੋ ਚੁੱਕਿਆ ਹੈ।ਸਈਅਦ ਅਲੀ ਸ਼ਾਹ ਗਿਲਾਨੀ,ਸੰਸਦ 'ਤੇ ਹਮਲੇ 'ਚ ਫਸਾਏ ਐਸ ਏ ਆਰ ਗਿਲਾਨੀ,
ਪ੍ਰਸ਼ਾਂਤ ਭੂਸ਼ਨ ਤੇ ਅਰੁੰਧਤੀ ਰਾਏ ਅਜਿਹੇ ਲੋਕ ਹਨ,ਜੋ ਨਿੱਤ ਦਿਨ "ਭਾਰਤੀ ਰਾਸ਼ਟਰ" ਨੂੰ ਨਵੇਂ ਸੁਆਲ ਕਰ ਰਹੇ ਹਨ।ਜਿੱਥੇ ਪ੍ਰਸ਼ਾਂਤ ਭੂਸ਼ਨ ਤੇ ਅਰੁੰਧਤੀ ਰਾਏ ਨੇ ਕਾਰਪੋਰੇਟ ਕੰਪਨੀਆਂ ਦੀ ਲੁੱਟ ਨੂੰ ਸਰੇਆਮ ਬੇਨਕਾਬ ਕੀਤਾ ਹੈ,ਓਥੇ ਹੀ ਗਿਲਾਨੀ ਤੇ ਇਨ੍ਹਾਂ ਵਰਗੇ ਲੋਕਾਂ ਨੇ ਮਨੁੱਖੀ ਹੱਕਾਂ ਤੇ ਕੌਮੀਅਤਾਂ ਦੇ ਹੋ ਰਹੇ ਰਹੇ ਘਾਣ ਸਬੰਧੀ 'ਭਾਰਤੀ ਰਾਸ਼ਟਰ' ਦੀ ਰਣਨੀਤੀ ਤੇ ਰਾਜਨੀਤੀ ਨੰਗਾ ਕੀਤਾ ਹੈ,ਇਸ ਲਈ ਇਹ ਫਿਰਕਾਪ੍ਰਸਤ ਫੋਰਸਾਂ ਕਹੀ ਜਾਂਦੀ ਰਾਸ਼ਟਰ ਭਗਤੀ ਦਿਖਾ ਰਹੀਆਂ ਹਨ।ਅਜਿਹੇ 'ਚ ਸਾਰੀਆਂ ਜਮਹੂਰੀ ਤਾਕਤਾਂ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਹਮਲਿਆਂ ਦੀ ਹਰ ਪੱਧਰ 'ਤੇ ਤਿੱਖੀ ਨਿੰਦਿਆ ਕਰਦੇ ਹੋਏ,ਇਨ੍ਹਾਂ ਖ਼ਿਲਾਫ ਸਾਂਝੀ ਲਾਮਬੰਦੀ ਕੀਤੀ ਜਾਵੇ

(ਪ੍ਰਸ਼ਾਂਤ ਭੂਸ਼ਨ
ਆਪਣੀਆਂ 500 ਜਨ ਹਿੱਤ ਪਟੀਸ਼ਨਾਂ ਜ਼ਰੀਏ ਕਈ ਵੱਡੀਆਂ ਕਾਰਪੋਰੇਟ ਕੰਪਨੀਆਂ ਤੇ ਭਾਰਤ ਸਰਕਾਰ ਨੂੰ ਵਕਤ ਪਾ ਚੁੱਕੇ ਹਨ।)

Sunday, October 9, 2011

ਦੇਸਾਂ ਵਰਗਾ ਦੇਸ ਹੁੰਦਾ,ਅਸੀਂ ਕਿਉਂ ਜਾਂਦੇ ਪਰਦੇਸ?

ਕਾਫ਼ੀ ਦੇਰ ਬਾਅਦ ਲਿਖਣ ਬੈਠਾ, ਪਰ ਮੁੱਦਾ ਫੇਰ ਉਹੀ ਜਨਮ ਭੂਮੀ ਦਾ, ਫੇਰ ਸੋਚਦਾ ਕਿਉਂ ਲੱਸੀ ਰਿੜਕੀ ਜਾਣਾ? ਬਹੁਤ ਸਾਰੇ ਮੇਰੇ ਕਲਮਕਾਰ ਵੀਰ ਪਿਛਲੇ ਪੈਂਹਠ ਵਰ੍ਹਿਆਂ ਤੋਂ ਕਲਮਾਂ ਘਸਾ-ਘਸਾ ਕੇ ਹੰਭ ਗਏ ਨੇ ਪਰ ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ ਤੇ ਨਾਲੇ ਮੇਲੇ 'ਚ ਅਮਰੂਦਾਂ ਵਾਲੀ ਰੇਹੜੀ ਨੂੰ ਕੌਣ ਪੁੱਛਦੈ? ਪਰ ਜਦੋਂ ਫੇਰ ਇੰਡੀਆ ਤੋਂ ਆਉਂਦੀਆਂ ਨਿੱਤ ਨਵੀਆਂ-ਨਵੀਆਂ ਖ਼ਬਰਾਂ ਤੇ ਝਾਤ ਮਾਰਦਾ ਹਾਂ ਤਾਂ ਫੇਰ ਅੰਦਰ ਦਾ ਲੇਖਕ ਕਹਿੰਦੈ,

"ਯਾਰ! ਤੂੰ ਆਪਣੀ ਤੁਲਨਾ ਅਮਰੂਦਾਂ ਵਾਲੀ ਰੇਹੜੀ ਨਾਲ ਕਿਉ ਕਰਦਾ? ਤੂੰ ਆਪਣੇ ਪਿੰਡ ਵਾਲੇ ਮੱਸੇ ਚੌਕੀਦਾਰ ਵੱਲ ਦੇਖ, ਜਿਹੜਾ ਸਾਰੀ ਉਮਰ ਦਾ ਰੌਲਾ ਪਾਈ ਜਾਂਦਾ ਕਿ ਭਾਈ ਜਾਗਦੇ ਰਹੋ-ਜਾਗਦੇ ਰਹੋ! ਭਾਵੇਂ ਅੱਧੇ ਤੋਂ ਜ਼ਿਆਦਾ ਪਿੰਡ ਉਹਨੂੰ ਗਾਲ੍ਹਾਂ ਦੇ ਕੇ ਸੌਂ ਜਾਂਦੈ"!

ਸੋ ਦੋਸਤੋ! ਜੋ ਮਰਜ਼ੀ ਸਮਝੋ, ਆਪਾਂ ਤਾਂ ਬਹਿ ਗਏ ਕਾਗ਼ਜ਼ ਤੇ ਭੜਾਸ ਕੱਢਣ, ਕਿਉਂਕਿ ਹੋਰ ਕਿਤੇ ਸਾਡਾ ਵਾਹ ਵੀ ਨਹੀਂ ਚਲਦਾ। ਹੁਣ ਤੁਸੀਂ ਪੁੱਛੋਗੇ ਕਿ ਕਿਹੜੀਆਂ ਖ਼ਬਰਾਂ ਨੇ ਤੈਨੂੰ ਅਪਸੈੱਟ ਕਰ ਦਿੱਤਾ ਤਾਂ ਸੁਣ ਲਵੋ; ਕੱਲ੍ਹ ਜਦੋਂ ਅਮਲ ਜਿਹਾ ਟੁੱਟਿਆ ਤਾਂ ਸੋਚਿਆ ਕਿ ਚਲੋ ਦੋ ਸੂਟੇ ਫੇਸਬੁੱਕ ਦੇ ਹੀ ਲਾ ਲਈਏ। ਮੂਹਰੇ ਇੱਕ ਮਿੱਤਰ ਦੀ ਚੇਤਾਵਨੀ ਦੇਖੀ ''ਜੇ ਤੁਸੀ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ''! ਮੈਂ ਸਰਸਰੀ ਜਿਹੀ ਝਾਤ ਮਾਰੀ ਤਾਂ ਮੈਨੂੰ ਇਹ ਇੱਕ ਕਹਾਣੀ ਜਿਹੀ ਜਾਪੀ।ਕਮੈਂਟਾਂ ਤੇ ਉੱਡਦੀ ਜਿਹੀ ਨਿਗ੍ਹਾ ਮਾਰਦਿਆਂ ਜਦੋਂ ਆਪਣੇ ਇੱਕ ਕਲਮੀ ਮਿੱਤਰ ਜੋਗਿੰਦਰ ਬਾਠ ਹਾਲੈਂਡ ਵਾਲਿਆਂ ਦਾ ਕਮੈਂਟ ਪੜ੍ਹਿਆ ਤਾਂ ਕੁਝ ਸੁਚੇਤ ਜਿਹਾ ਹੋ ਕੇ ਉਸ ਚੇਤਾਵਨੀ ਨੂੰ ਦੁਬਾਰਾ ਪੜ੍ਹਿਆ ਤੇ ਨਾਲ਼ ਦੀ ਨਾਲ਼ ਮਿਲਾ ਲਿਆ ਫ਼ੋਨ ਬਾਈ ਬਾਠ ਨੂੰ। ਅਗਾਂਹ ਬਾਠ ਸਾਹਿਬ ਵੀ ਭਰੇ-ਪੀਤੇ ਪਏ ਸੀ। ਕਹਿੰਦੇ "ਯਾਰ! ਆਹ ਤੂੰ ਚੰਗਾ ਕੀਤਾ ਛੋਟੇ ਵੀਰ, ਜਿਹੜਾ ਫ਼ੋਨ ਕਰ ਲਿਆ"। ਰਸਮੀ ਗੱਲਾਂ ਤੋਂ ਬਾਅਦ ਜੋ ਕਹਾਣੀ ਉਹਨਾਂ ਦੱਸੀ, ਬਸ! ਉਹ ਸੁਣ ਕੇ ਖਿਆਲਾਂ ਵਿੱਚ ਹੀ ਗੁਆਚ ਗਿਆ।

ਸੱਚ ਕਹਾਂ ਦੋਸਤੋ? ਬਚਪਨ ਤੋਂ ਹੀ ਮੇਰੇ ਕੋਲੋਂ ਤਸਵੀਰਾਂ ਵਿੱਚ ਜ਼ੰਜੀਰਾਂ ਨਾਲ ਜਕੜੀ ਹੋਈ ਭਾਰਤ ਮਾਤਾ ਦੇਖ ਨਹੀਂ ਹੁੰਦੀ। ਆਪਣੀਆਂ ਅੱਖਾਂ ਮੈਂ ਇਸ ਤਰ੍ਹਾਂ ਚੁਰਾ ਲੈਂਦਾ ਸਾਂ ਜਿਵੇਂ ਇਹਦੇ ਗਲ 'ਚ ਜ਼ੰਜੀਰਾਂ ਪੈਣ ਦਾ ਮੈਂ ਹੀ ਗੁਨਾਹਗਾਰ ਹੋਵਾਂ। ਅੱਜ ਮੁੜ ਜਦੋਂ ਖ਼ਿਆਲਾਂ 'ਚ ਭਾਰਤ ਮਾਤਾ ਦਾ ਸਾਹਮਣਾ ਹੋਇਆ ਤਾਂ ਨਜ਼ਰਾਂ ਫੇਰ ਨਹੀਂ ਮਿਲਾ ਸਕਿਆ। ਇੰਨਾ ਕੁ ਸ਼ਰਮਸਾਰ ਹੋਇਆ ਕਿ ਸ਼ਬਦਾਂ 'ਚ ਦੱਸ ਨਹੀਂ ਸਕਦਾ। ਭਾਵੇਂ ਅੱਜ ਭਾਰਤ ਮਾਤਾ ਦੇ ਕੋਮਲ ਪਿੰਡੇ ਨੂੰ ਜ਼ੰਜੀਰਾਂ ਨੇ ਤਾਂ ਨਹੀਂ ਜਕੜਿਆ, ਪਰ ਸ਼ਰਮ ਦੀ ਗਲ ਇਹ ਹੈ ਕਿ ਉਸ ਵਿਚਾਰੀ ਦੇ ਪਿੰਡੇ ਤੇ ਜੰਜੀਰ ਤਾਂ ਕਿ ਤਨ ਢੱਕਣ ਨੂੰ ਇੱਕ ਲੀਰ ਵੀ ਨਹੀਂ ਦਿਖਾਈ ਦਿੱਤੀ।

ਦੋਸਤੋ! ਹਾਲੇ ਬਾਈ ਬਾਠ ਦੀ ਹੱਡਬੀਤੀ ਬਾਰੇ ਅਜੇ ਸੋਚ ਹੀ ਰਿਹਾ ਸੀ ਕਿ ਫੇਸਬੁੱਕ ਤੇ ਆਏ ਬਠਿੰਡੇ ਦੇ ਇੱਕ ਗਾਇਕ ਮਿੱਤਰ ਗੁਰਵਿੰਦਰ ਬਰਾੜ ਦਾ ਨਿਜੀ ਸੁਨੇਹਾ ਦੇਖ ਕੇ ਰੂਹ ਖ਼ੁਸ਼ ਹੋ ਗਈ। ਜਦੋਂ ਸੁਨੇਹਾ ਛੇਤੀ ਛੇਤੀ ਖੋਲ੍ਹ ਕੇ ਦੇਖਿਆ ਤਾਂ ਉਹਨੇ ਆਪਣਾ ਇੱਕ ਗੀਤ ਮੇਰੇ ਨਾਲ ਸਾਂਝਾ ਕਰ ਰੱਖਿਆ ਸੀ। ਅੱਗੇ ਤੁਰਨ ਤੋਂ ਪਹਿਲਾਂ ਕੁਝ ਗੁਰਵਿੰਦਰ ਬਾਰੇ ਦੱਸ ਦੇਵਾਂ, ਉਹ ਮੁਕਤਸਰ ਲਾਗੇ ਪਿੰਡ ਮਹਾਂਬੱਧਰ ਦੇ ਇੱਕ ਚੰਗੇ ਖਾਂਦੇ-ਪੀਂਦੇ ਘਰ ਦਾ ਪੜ੍ਹਿਆ ਲਿਖਿਆ ਮੁੰਡਾ ਹੈ ਤੇ ਕੁਝ ਚਿਰ ਸਰਕਾਰੀ ਨੌਕਰੀ ਵੀ ਕੀਤੀ ਪਰ ਲਿਖਣ ਤੇ ਗਾਉਣ ਦੇ ਸ਼ੌਂਕ ਨੂੰ ਇਸ ਨੇ ਕਿੱਤਾ ਹੀ ਬਣਾ ਲਿਆ। ਹੁਣ ਤਕ ਸੱਤ-ਅੱਠ ਟੇਪਾਂ ਸਰੋਤਿਆਂ ਦੀ ਝੋਲੀ ਪਾ ਚੁੱਕਿਆ ਹੈ। ਕਦੇ ਕਦੇ ਮੈਨੂੰ ਇਹ ਫ਼ੈਸਲਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਹ ਗਾਉਂਦਾ ਵਧੀਆ ਹੈ ਜਾਂ ਲਿਖਦਾ ਵਧੀਆ? ਚਲੋ, ਇਹ ਇੱਕ ਵੱਖਰਾ ਮੁੱਦਾ ਹੈ ਕਦੇ ਫੇਰ ਖੁੱਲ੍ਹ ਕੇ ਲਿਖਾਂਗੇ ਗੁਰਵਿੰਦਰ ਬਾਰੇ 'ਚ, ਅਸਲੀ ਮੁੱਦੇ ਤੇ ਆਉਂਦੇ ਹਾਂ। ਜਦੋਂ ਮੈਂ ਉਹ ਗੀਤ ਚਲਾਇਆ ਤਾਂ ਜਾਪਿਆ ਜਿਵੇਂ ਉਹਨੇ ਰਿਆਜ਼ ਕਰਦਿਆਂ ਹੀ ਮੋਬਾਈਲ ਨਾਲ ਵੀਡੀਓ ਬਣਾਈ ਹੋਵੇ। ਪਰ ਜਦੋਂ ਗੀਤ ਦੇ ਬੋਲ ਕੰਨੀਂ ਪਏ ਤਾਂ ਰੂਹ ਝੰਜੋੜੀ ਗਈ। ਇਹ ਗੀਤ ਰੂਪੀ ਹੂਕ ਭਾਵੇਂ ਗੁਰਵਿੰਦਰ ਦੀ ਕਲਮ ਤੋਂ ਨਿਕਲੀ ਹੈ, ਪਰ ਹੈ ਹਰ ਉਸ ਪ੍ਰਵਾਸੀ ਦੀ, ਜੋ ਵਿਦੇਸ਼ ਦੇ ਰਾਹ ਹੋ ਤੁਰਿਆ ਹੈ।
ਸਭ ਤੋਂ ਪਹਿਲਾਂ ਮਾਫ਼ੀ ਚਾਹਾਂ ਤੇ ਫਿਰ ਕੌੜਾ ਸੱਚ ਸੁਣਾਵਾਂ,

ਠੱਗੀ, ਚੋਰੀ, ਭ੍ਰਿਸ਼ਟਾਚਾਰੀ ਗੱਲ ਗੱਲ ਉੱਤੇ ਕਲੇਸ਼,
ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪਰਦੇਸ?

ਇਹ ਗੀਤ ਸੁਣਦਿਆਂ-ਸੁਣਦਿਆਂ ਬਾਈ ਜੋਗਿੰਦਰ ਦੀਆਂ ਕਹੀਆਂ ਗੱਲਾਂ ਇੱਕ ਦੂਜੇ ਤੋਂ ਮੂਹਰੇ ਹੋ ਹੋ ਡਿੱਗਣ ਲੱਗੀਆਂ;
"ਯਾਰ ਬਰਾੜਾ! ਉਏ ਕੀ ਪੁੱਛਦਾ ਛੋਟੇ ਵੀਰ, ਸੰਨ ਤਰਾਸੀ ਦਾ ਆਇਆ ਹਾਲੈਂਡ,'ਕਤਾਲੀ ਆਰ ਇੰਡੀਆ ਜਾ ਆਇਆ। ਪਰ ਯਾਰ ਹਰ ਬਾਰ ਇਹੋ ਜੇਹਾ ਫਾਨਾ ਅੜਾਉਂਦੇ ਆ ਬੱਸ ਕੀ-ਕੀ ਦੱਸਾਂ ਯਰ? ਉਹ ਯਾਰ ਆਹ ਜਿਹੜੀ ਵਰਕੇ ਪਾੜਨ ਵਾਲੀ ਗਲ ਥੱਲੇ ਮੈਂ ਕਮੈਂਟ ਕੀਤਾ ਸੀ, ਯਰ ਸਾਂਵੀਂ ਭੈੜੀ ਸਾਡੇ ਨਾਲ ਵੀ ਹੋ ਗਈ ਸੀ ਐਤਕੀਂ"!

ਬਾਈ ਬਾਠ ਦੇ ਧੁਰ ਅੰਦਰੋਂ ਨਿਕਲੀ ਹੂਕ ਦੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਆਹ ਵਰਕੇ ਪਾੜਨ ਵਾਲੀ ਗੱਲ ਤੋਂ ਪਰਦਾ ਲਾਹੁਣਾ ਵੀ ਜ਼ਰੂਰੀ ਹੈ। ਜਿਨ੍ਹਾਂ ਮਿੱਤਰਾਂ ਦੀ ਨਿਗ੍ਹਾ ਆਹ ਖ਼ਬਰ ਨਹੀਂ ਚੜ੍ਹੀ ਉਹਨਾਂ ਲਈ ਦੱਸ ਦੇਵਾਂ ਕਿ ਕਿਸੇ ਸੱਜਣ ਨੇ ਫੇਸਬੁੱਕ ਤੇ ਇੱਕ ਹੱਡਬੀਤੀ ਲਿਖੀ ਸੀ ਕਿ ਜੇ ਤੁਸੀ ਇੰਡੀਆ ਜਾ ਰਹੇ ਹੋ ਤਾਂ ਸਾਵਧਾਨ! ਅੱਜ ਕਲ ਉੱਥੇ ਜਦੋਂ ਤੁਸੀ ਇਮੀਗ੍ਰੇਸ਼ਨ ਦੀ ਮੋਹਰ ਲਗਵਾਉਂਦੇ ਹੋ ਤਾਂ ਮੂਹਰੇ ਬੈਠਾ ਅਫ਼ਸਰ ਤੁਹਾਡਾ ਧਿਆਨ ਭੰਗ ਕਰਕੇ ਤੁਹਾਡੇ ਪਾਸਪੋਰਟ ਦੇ ਕੁਝ ਵਰਕੇ ਪਾੜ ਦਿੰਦਾ ਹੈ ਜਾਂ ਫੇਰ ਤੁਹਾਡੇ ਵੀਜ਼ਾ ਸਟਿੱਕਰ ਆਦਿ ਨਾਲ ਅਜਿਹਾ ਕੁਝ ਕਰ ਦਿੰਦਾ ਹੈ ਜੋ ਕਿ ਗ਼ੈਰ ਕਾਨੂੰਨੀ ਹੁੰਦਾ ਹੈ। ਜਦੋਂ ਤੁਸੀਂ ਥੋੜ੍ਹਾ ਅੱਗੇ ਜਾਂਦੇ ਹੋ ਤਾਂ, ਉਸ ਨਾਲ ਰਲੇ ਹੋਰ ਬੰਦੇ ਤੁਹਾਨੂੰ ਫੜ ਲੈਂਦੇ ਹਨ ਤੇ ਮੋਟੇ ਪੈਸੇ ਲੈ ਕੇ ਮਾਂਜ ਦਿੰਦੇ ਹਨ।

ਬਾਈ ਬਾਠ ਏਨਾ ਕੁ ਸਤਿਆ ਪਿਆ ਸੀ ਕਿ ਆਪਣੀ ਹੱਡ ਬੀਤੀ ਸੁਣਾਉਂਦਿਆਂ ਮੈਨੂੰ ਹੁੰਗਾਰਾ ਭਰਨ ਜੋਗਾ ਥਾਂ ਵੀ ਨਹੀਂ ਸੀ ਦੇ ਰਿਹਾ। ਚਾਬੀ ਦਿੱਤੇ ਖਿਡੌਣੇ ਵਾਂਗ ਇੱਕੋ ਸਾਹ ਸਾਰੀ ਵਿਆਖਿਆ ਸੁਣਾ ਗਿਆ, ਕਹੇ;

"ਯਾਰ ਐਤਕੀਂ ਮੈਂ ਤੇ ਤੇਰੀ ਭਰਜਾਈ ਦੋਨੇਂ ਮੁੰਡਿਆਂ ਸਣੇ ਚੰਗੇ ਭਲੇ ਇੰਡੀਆ ਗਏ ਸੀ। ਜਦੋਂ ਜੁਆਕਾਂ ਦੇ ਸਕੂਲ ਲੱਗਣ 'ਚ ਦੋ ਦਿਨ ਰਹਿ ਗਏ ਤਾਂ ਅਸੀਂ ਪਿੰਡੋਂ ਦਿੱਲੀ ਆ ਪਹੁੰਚੇ ਜਹਾਜ਼ ਫੜਨ। ਜਦੋਂ ਬਾਈ ਅਸੀਂ ਅੰਦਰ ਵੜੇ ਨਾ ਏਅਰਪੋਰਟ 'ਚ, ਬੱਸ ਫੇਰ ਕੀ ਸੀ ਯਰ ਪਾਸਪੋਰਟ ਫੜਨ ਸਾਰ ਮੂਹਰੇ ਬੈਠਾ ਪਤੰਦਰ ਐਨਕਾਂ ਉੱਤੋਂ ਦੀ ਖਚਰੀ ਜਿਹੀ ਝਾਕਣੀ ਝਾਕਦਾ ਬੋਲਿਆ, ਤੂੰ ਤੇ ਤੇਰਾ ਛੋਟਾ ਮੁੰਡਾ ਹੀ ਜਾ ਸਕਦੇ ਹੋ, ਵੱਡਾ ਮੁੰਡਾ ਤੇ ਘਰ ਵਾਲੀ ਦੇ ਪਾਸਪੋਰਟ ਤੇ ਤਾਂ ਇੰਡੀਆ ਪਹੁੰਚਣ ਦੀ ਮੋਹਰ ਹੀ ਨਹੀਂ ਲੱਗੀ! ਛੋਟਿਆ ਇੱਕ ਬਾਰ ਤਾਂ ਯਰ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ। ਦੋ ਦਿਨ ਸਕੂਲ ਲੱਗਣ 'ਚ ਰਹਿ ਗਏ ਤੇ ਇਹ ਝੰਡੇ ਚ ਹੋਰ ਹੀ ਡੰਡਾ ਫਸਾਈ ਜਾਂਦਾ!! ਕੇਰਾਂ ਤਾਂ ਬਾਈ ਸਾਰਾ ਕੁਝ ਹੀ ਗਲ 'ਚ ਆ ਗਿਆ। ਬਸ ਯਰ ਫੇਰ ਤਾਂ ਇੱਕ ਕੋਲੋਂ ਦੂਜੇ ਕੋਲ ਤੇ ਦੂਜੇ ਕੋਲੋਂ ਤੀਜੇ ਕੋਲ, ਤੋਰ-ਤੋਰ ਕੇ ਹੰਭਾ ਦਿਤਾ। ਕਦੇ ਤਾਂ ਸਕੂਲ ਦਿਸੇ ਤੇ ਕਦੇ ਥੱਬਾ ਨੋਟਾਂ ਦਾ, ਜਿਹੜਾ ਟਿਕਟਾਂ ਤੇ ਲਾਈ ਬੈਠੇ ਸਾਂ ਤੇ ਦੂਜੀ ਬਾਰ ਫੇਰ ਲਾਉਣਾ ਪੈਣਾ।

ਭਰਾਵਾ ਉਹ ਤਾਂ ਜ਼ਿੰਦਗੀ 'ਚ ਪਹਿਲੀ ਵਾਰ ਗਿੱਦੜ ਚਿੱਠੀ ਨੇ ਕੰਮ ਦਿਤਾ, ਆਹ ਤੇਰੀ ਪੱਤਰਕਾਰ ਵਾਲੀ ਨੇ। ਯਾਰ ਤੈਨੂੰ ਪਤਾ ਕਿੰਨੇ ਸਾਲ ਗਾਲੇ ਸੀ, ਇਸ ਸ਼ੌਂਕ ਮਗਰ ਤੇ ਪੱਲੇ ਕਦੇ ਕੁਝ ਪਿਆ ਨਹੀਂ ਸੀ। ਬੱਸ ਨਿੱਕਿਆ, ਪਹਿਲੇ ਸੱਟੇ ਬਈ ਮੁੱਲ ਮੋੜ ਤਾ ਆਹ ਪੱਤਰਕਾਰ ਵਾਲੇ ਕਾਰਡ ਨੇ। ਬਈ ਕਿੱਡੀ ਸੌਂਹ ਪਾ ਦੇ ਕਦੇ ਨਹੀਂ ਸੀ ਦਿਖਾਇਆ ਕਿਸੇ ਨੂੰ ਇਹ ਕਾਰਡ, ਬਸ ਓਦਣ ਤਾਂ ਫੇਰ ਇਹ ਬ੍ਰਹਮ ਅਸਤਰ ਆਂਗੂ ਚਲਿਆ। ਜਦੋਂ ਮੈਂ ਹੋਇਆ ਨਾ ਕਰੜਾ ਸਾਰੇ ਮੂਹਰੇ ਲਗ ਪਏ। ਜਦੋਂ ਮੈਂ ਕਿਹਾ ਨਾ ਕਿ ਜੇ ਅੱਜ ਅਸੀਂ ਸਾਰੇ ਜਹਾਜ਼ ਨਾ ਚੜ੍ਹੇ ਤਾਂ ਮਿੱਟੀ ਪੱਟ ਦੂੰ ਤੁਹਾਡੀ ਸਾਰਿਆਂ ਦੀ, ਨਾਲੇ ਪੱਟੂੰ ਸਾਰੇ ਜਹਾਨ 'ਚ। ਬੱਸ ਫੇਰ ਕੀ ਸੀ ਬਰਾੜਾ ਉਹਨਾਂ ਚੋਂ ਇੱਕ ਅਫ਼ਸਰ ਕਹੇ ਤੁਸੀ ਪਹਿਲਾਂ ਦਸ ਦੇਣਾ ਸੀ। ਇਹ ਵੀ ਕੋਈ ਗਲ ਆ, ਅਸੀਂ ਹੁਣ ਪੈੱਨ ਨਾਲ਼ ਲਿਖ ਦਿੰਦੇ ਆਂ, ਕੀ ਹੋ ਗਿਆ ਜੇ ਮੋਹਰ ਲਾਉਣੀ ਭੁੱਲ ਗਏ। ਜਿਹੜੇ ਹੁਣ ਤਕ ਸਾਨੂੰ ਹੀ ਕਸੂਰਵਾਰ ਠਹਿਰਾ ਰਹੇ ਸਨ ਕਿ ਤੁਸੀ ਆਪਣੇ ਪਾਸਪੋਰਟ ਚੈੱਕ ਕਿਉਂ ਨਹੀਂ ਕੀਤੇ? ਉਹ ਕਹਿਣ, ਜੀ ਗ਼ਲਤੀ ਹੋ ਗਈ ਹੋਣੀ ਆ ਜੀ, ਕਈ ਬਾਰ ਭੀੜ ਜਿਆਦਾ ਹੁੰਦੀ ਆ ਨਾ ਜੀ। ਮਿੰਟੂ ਯਰ ਹੁਣ ਤੂੰ ਦੇਖ ਜਦੋਂ ਅਸੀਂ ਡੂਢ ਮਹੀਨਾ ਇੰਡੀਆ ਸੀ, ਰੱਬ ਨਾ ਕਰੇ ਜੇ ਕੋਈ ਉੱਨੀ-ਇੱਕੀ ਹੋ ਜਾਂਦੀ, ਉਹਨਾਂ ਨੇ ਤਾਂ ਉਦੋਂ ਹੀ ਗ਼ੈਰ ਕਾਨੂੰਨੀ ਬਣਾ ਦੇਣਾ ਸੀ। ਤੂੰ ਹੁਣ ਆਪ ਦੇਖ, ਆਹ ਤਾਂ ਆਪਣੇ ਪ੍ਰੈੱਸ ਵਾਲੇ ਕੰਮ ਨੇ ਬਚਾ ਲਿਆ ਤੇ ਆਮ ਬੰਦੇ ਨਾਲ ਕੀ ਹੁੰਦੀ ਹੋਊ" ???

ਜਦੋਂ ਮੈਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਮੈਂ ਕਿਹਾ ਕਿ ਹਾਂ ਜੀ ਬਾਈ ਜੀ! ਆਹ ਫੇਸਬੁੱਕ ਤੇ ਸਾਵਧਾਨ ਕਰਨ ਵਾਲੇ ਵੀਰ ਨੇ ਵੀ ਦੱਸਿਆ ਸੀ ਕਿ ਪੱਚੀ-ਤੀਹ ਨਾਲ ਹੁੰਦਾ ਇਹੋ ਜਿਹਾ ਮਹੀਨੇ 'ਚ। ਤੁਸੀਂ ਹੁਣ ਆਪ ਹੀ ਹਿਸਾਬ ਲਾ ਲਵੋ, ਹਰ ਰੋਜ਼ ਇੱਕ ਅੱਧੀ ਮੱਛੀ ਤਾਂ ਕੁੰਡੀ 'ਚ ਅੜਦੀ ਹੀ ਹੋਣੀ ਆਂ। ਮੈਂ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਕੋਈ ਨਾ ਬਾਈ ਜੀ, ਆਪਾਂ ਰਲ ਮਿਲ ਕੇ ਇਸ ਮਸਲੇ ਨੂੰ ਸਰਕਾਰੇ ਦਰਬਾਰੇ ਚੁੱਕਦੇ ਹਾਂ।

ਬਾਠ ਸਾਹਿਬ ਕਹਿੰਦੇ,"ਤੂੰ ਹੁਣ ਹੋਰ ਸੁਣ ਲੈ, ਆਹ ਸਾਡੇ ਜਿਹੜੇ ਹਾਲੈਂਡ 'ਚ ਭਾਰਤੀ ਐਂਬਸੀ ਵਾਲੇ ਬੈਠੇ ਆ, ਉਹ ਵੀ ਬੱਸ ਪੱਟ ਦੇ ਲੱਛੇ ਹੀ ਆ ਯਾਰ!"
"ਕਿਉਂ ਬਾਈ ਉਹਨਾਂ ਨੇ ਕੀ ਕਰਤਾ"?
"ਯਾਰ ਆਹ ਨਿੱਤ ਦਿਹਾੜੀ ਦੇ ਵੀਜ਼ਿਆਂ ਤੋਂ ਦੁਖੀ ਹੋ ਕੇ ਓ.ਆਈ.ਸੀ. ਅਪਲਾਈ ਕੀਤੀ ਸੀ, ਕਹਿੰਦੇ ਦੋ ਵੀਕਾਂ 'ਚ ਪਾਸਪੋਰਟ ਦੇ ਦੇਵਾਂਗੇ। ਪਹਿਲਾਂ ਤਾਂ ਪਤੰਦਰਾਂ ਨੇ ਅੱਠ ਵੀਕ ਲਾ ਤੇ। ਜਦੋਂ ਮੈਂ ਦੋ ਸੋ ਕਿਲੋਮੀਟਰ ਪਾਸਪੋਰਟ ਲੈਣ ਗਿਆ ਤਾਂ ਬਾਈ ਤੂੰ ਯਕੀਨ ਮੰਨੀ ਪਤੰਦਰਾਂ ਨੇ ਜਵਾਂ ਹੀ ਢੱਗਿਆਂ ਵਾਲਾ ਕੰਮ ਕੀਤਾ ਹੋਇਆ ਸੀ।ਪਤਾ ਨਹੀਂ ਕੀਹਨੇ ਇਹਨਾਂ ਨੂੰ ਅਫ਼ਸਰ ਲਾ ਤਾ! ਉਏ ਕੰਜਰਾਂ ਨੇ ਮੇਰੇ ਪਾਸਪੋਰਟ ਤੇ ਮੇਰੀ ਘਰਵਾਲੀ ਦਾ ਤੇ ਉਹਦੇ ਪਾਸਪੋਰਟ ਤੇ ਮੇਰਾ ਨਾਂ ਚਾੜ੍ਹ ਤਾ। ਉਹ ਤਾਂ ਮੈਂ ਉੱਥੇ ਉਹਨਾਂ ਦੇ ਬਾਰ 'ਚ ਖੜਿਆਂ ਹੀ ਦੇਖ ਲਿਆ। ਬਾਈ ਮੈਂ ਤਾਂ ਉੱਥੇ ਹੀ ਪਾਸਪੋਰਟ ਉਹਨਾਂ ਦੇ ਮੱਥੇ ਮਾਰੇ। ਕਹਿੰਦੇ ਗ਼ਲਤੀ ਹੋ ਗਈ, ਘਰੇ ਭੇਜ ਦਿਆਂਗੇ ਦੋ ਵੀਕਾਂ 'ਚ। ਬਾਈ ਚਾਰ ਤਾਂ ਹੋ ਗਏ, ਹਾਲੇ ਤਕ ਤਾਂ ਆਏ ਨਹੀਂ। ਲਗਦਾ ਕਿਸੇ ਦਿਨ ਕਲੇਸ਼ ਕਰਨਾ ਪਉ''

ਦੋਸਤੋ! ਇਹ ਤਾਂ ਇੱਕ ਨੌਂਹ ਜਿੰਨੀ ਝਾਤ ਸੀ ਮੇਰੇ ਮਹਾਨ ਭਾਰਤ ਦੇ ਸਿਸਟਮ ਦੀ। ਕਿਸੇ ਵੇਲੇ ਤਾਂ ਲਗਦਾ ਕਿ ਅਸੀਂ ਗੋਰਿਆਂ ਨੂੰ ਇਹ ਅਹਿਸਾਸ ਕਰਵਾਉਣ 'ਚ ਲੱਗੇ ਹੋਏ ਹਾਂ ਕਿ ਤੁਹਾਨੂੰ ਤਾਂ ਭਾਰਤ ਉੱਤੇ ਰਾਜ ਕਰਨਾ ਹੀ ਨਹੀਂ ਆਇਆ। ਅਸੀਂ ਦਿਖਾਉਣੇ ਆ ਕਿ ਰਾਜ ਕਿਵੇਂ ਕਰੀਦੈ? ਚਲੋ ਫੇਰ, ਇੱਕ ਝਾਤ ਇਸ ਤੇ ਵੀ ਮਾਰ ਲੈਣੇ ਆ ਕਿ ਚੰਮ ਦੀਆਂ ਚਲਾਉਣ 'ਚ ਗੋਰੇ ਕਿਥੇ ਮਾਤ ਖਾ ਗਏ।

ਗੱਲ ਕਰਦੇ ਹਾਂ ਗੋਰਿਆਂ ਦੇ ਰਾਜ ਦੀਆਂ ਬੁਰਾਈਆਂ ਦੀ ਕਿ ਸਾਡੇ ਬਜ਼ੁਰਗਾਂ ਨੇ ਉਸ ਵਕਤ ਕੀ-ਕੀ ਝੱਲਿਆ? ਸਭ ਤੋਂ ਪਹਿਲਾਂ ਤਾਂ ਗੱਲ ਆਉਂਦੀ ਹੈ ਅੱਤਿਆਚਾਰ ਦੀ, ਜਿਸ ਦਾ ਸਭ ਤੋਂ ਵੱਧ ਸ਼ਿਕਾਰ ਆਮ ਜੀਵ ਹੋਇਆ ਸੀ ਕਿਉਂਕਿ ਅਮੀਰ ਇਨਸਾਨ ਤਾਂ ਉਸ ਵਕਤ ਵੀ ਆਪਣੇ ਕੱਪੜੇ ਵਿਦੇਸ਼ਾਂ ਚੋਂ ਪ੍ਰੈੱਸ ਕਰਵਾਉਂਦੇ ਹੁੰਦੇ ਸਨ ਤੇ ਅੱਜ ਵੀ ਸਿਰ ਦੁਖਣ ਤੇ ਵਿਦੇਸ਼ਾਂ ਤੋਂ ਹੀ ਦਵਾਈ ਲੈਣ ਜਾਂਦੇ ਹਨ। ਉਸ ਤੋਂ ਬਾਅਦ ਵਾਰੀ ਆਉਂਦੀ ਆ ਲੁੱਟ-ਖਸੁੱਟ ਦੀ। ਦੱਸਣ ਵਾਲੇ ਦੱਸਦੇ ਹਨ ਕਿ ਇੱਕ ਵਪਾਰੀ ਦੇ ਤੌਰ ਤੇ ਆਏ ਗੋਰੇ ਇਸ ਸੋਨੇ ਦੀ ਚਿੜੀ ਨੂੰ ਜਿੰਨਾਂ ਕੁ ਲੁੱਟ ਸਕਦੇ ਸੀ, ਲੁੱਟ ਕੇ ਸਾਰਾ ਧਨ ਵਿਦੇਸ਼ੀ ਲੈ ਗਏ। ਦੱਸਣ ਵਾਲੇ ਇਹ ਵੀ ਦੱਸਦੇ ਹਨ ਕਿ ਹਿੰਦੁਸਤਾਨੀ ਲੋਕਾਂ ਨੂੰ ਚਾਹ ਤਕ ਦਾ ਵੀ ਵੈਲ ਨਹੀਂ ਸੀ। ਆਉਣ ਵਾਲੀਆਂ ਪੀੜ੍ਹੀਆਂ ਨੂੰ ਗ਼ੁਲਾਮ ਬਣਾਈ ਰੱਖਣ ਲਈ ਇਹਨਾਂ ਚਾਹ ਜਿਹੇ ਨਸ਼ੇ ਦੇ ਆਦੀ ਬਣਾਉਣ 'ਚ ਕੋਈ ਕਸਰ ਨਹੀਂ ਸੀ ਛੱਡੀ। ਇਸ ਤੋਂ ਬਾਅਦ ਆਉਂਦੀ ਆ ਵਾਰੀ ਪਾੜੋ ਤੇ ਰਾਜ ਕਰੋ ਦੀ ਨੀਤੀ ਦੀ। ਇਤਿਹਾਸ ਗਵਾਹ ਹੈ ਕਿ ਗੋਰਿਆਂ ਨੇ ਭਰਾ ਨੂੰ ਭਰਾ ਨਾਲ ਲੜਾ ਕੇ ਰਾਜ ਕੀਤਾ। ਕਿਤੇ ਕਿਤੇ ਇਤਿਹਾਸ ਇਹ ਵੀ ਗਵਾਹੀ ਭਰਦਾ ਹੈ ਕਿ ਧੀ ਭੈਣ ਦੀ ਪੱਤ 'ਤੇ ਵੀ ਹਮਲੇ ਹੁੰਦੇ ਰਹੇ ਹਨ। ਭਾਰਤ ਦੀ ਰੀੜ੍ਹ ਦੀ ਹੱਡੀ 'ਕਿਸਾਨ', ਦਾ ਲਹੂ ਵੀ ਇਹ ਲਗਾਨ ਦੇ ਨਾਂ ਹੇਠ ਚੂਸਦੇ ਰਹੇ। ਧਰਮ ਦੇ ਨਾਂ ਤੇ ਵੀ ਇਹ ਜਾਲ ਸੁੱਟਦੇ ਰਹੇ, ਕਿਉਂਕਿ ਬੀਤਿਆ ਵਕਤ ਦੱਸਦਾ ਹੈ ਕਿ ਜੋ ਇਹਨਾਂ ਦੀ ਈਨ ਕਬੂਲ ਕਰ ਲੈਂਦਾ ਸੀ ਉਸ ਨੂੰ ਇਹ ਲੰਬੜਦਾਰੀਆਂ ਤੇ ਜ਼ੈਲਦਾਰੀਆਂ ਨਾਲ ਨਿਵਾਜਦੇ ਸਨ। ਇਹਨਾਂ ਬੁਰਾਈਆਂ ਦੀ ਲਿਸਟ ਨੂੰ ਜਿੰਨੀ ਮਰਜ਼ੀ ਲੰਮੀ ਕਰ ਲਵੋ ਪਰ ਅੱਜ ਦੇ ਇਸ ਲੇਖ 'ਚ ਇੰਨੇ ਕੁ ਖਿਲਾਰੇ ਨੂੰ ਹੀ ਸਮੇਟ ਲਈਏ ਤਾਂ ਕਾਫ਼ੀ ਹੈ।

ਲਓ ਜੀ! ਲਹੂ ਵਗਾਉਂਦਾ ਰਹਿ ਗਿਆ ਕੋਈ ਤੇ ਲਾਹਾ ਲੈ ਗਿਆ ਕੋਈ। ਪਰ ਜੋ ਵੀ ਹੋਇਆ, ਅਖੀਰ ਉਹ ਦਿਨ ਵੀ ਆ ਗਿਆ ਜਦੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਵਗਾਹ ਮਾਰੀਆਂ ਤੇ ਇੱਕ ਆਜ਼ਾਦ ਭਾਰਤ ਦਾ ਸੁਫਨਾ ਸੱਚ ਹੋ ਗਿਆ। ਵਕਤ ਬੀਤਦਾ ਗਿਆ, ਅੱਜ ਚੌਂਹਠ ਵਰ੍ਹਿਆਂ ਤੋਂ ਬਾਅਦ ਜਦੋਂ ਆਪਾ ਵਾਰ ਕੇ ਮਿਲੀ ਆਜ਼ਾਦੀ ਦੀ ਸਮੀਖਿਆ ਕਰਦੇ ਹਾਂ ਤਾਂ ਦਿਲ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਕੀ ਖੱਟਿਆ ਆਜ਼ਾਦ ਹੋ ਕੇ!!! ਆਮ ਆਦਮੀ ਅੱਜ ਜਦੋਂ ਸੋਚਦਾ ਕਿ ਗ਼ੁਲਾਮੀ ਤੋਂ ਦੁਖੀ ਹੋ ਕੇ ਆਜ਼ਾਦੀ ਲਈ ਸੰਘਰਸ਼ ਵਿੱਢਿਆ ਸੀ। ਪਰ ਅੱਜ ਦੂਜੀ ਨੂੰਹ ਆਈ ਤੋਂ ਮਹਿਸੂਸ ਹੋ ਰਿਹਾ ਹੈ ਕਿ ਪਹਿਲੀ ਹੀ ਚੰਗੀ ਸੀ। ਇਕੱਲੀ-ਇਕੱਲੀ ਗੱਲ ਦੀ ਜੇ ਸਮੀਖਿਆ ਕਰੀਏ ਤਾਂ ਮੂੰਹੋਂ ਆਪ ਮੁਹਾਰੇ ਨਿੱਕਲ ਆਉਂਦਾ ਹੈ ਕਿ ਇਸ ਨਾਲੋਂ ਤਾਂ ਗੋਰੇ ਹੀ ਚੰਗੇ ਸਨ। ਉਹਨਾਂ ਸੋਨੇ ਦੀ ਚਿੜੀ ਨੂੰ ਲੁੱਟਿਆ ਪਰ ਇੱਕ ਸੀਮਾ 'ਚ ਰਹਿ ਕੇ।ਪਰ ਆਪਣੀਆਂ ਨੇ ਤਾਂ ਚਿੜੀ ਦੀਆਂ ਬਿਠਾ ਵੀ ਨਹੀਂ ਛੱਡੀਆਂ।

ਅੰਕੜੇ ਦੱਸਦੇ ਹਨ ਕਿ ਦੋ ਸੌ ਵਰ੍ਹਿਆਂ 'ਚ ਜਿੰਨਾਂ ਗੋਰਿਆਂ ਨੇ ਭਾਰਤ ਨੂੰ ਲੁੱਟਿਆ ਉਸ ਨਾਲੋਂ ਕਈ ਗੁਣਾ ਜਿਆਦਾ ਆਪਣੀਆਂ ਨੇ ਚੌਹਠ ਵਰ੍ਹਿਆਂ 'ਚ ਲੁੱਟ ਲਿਆ। ਗੋਰੇ ਵੀ ਧਨ ਵਿਦੇਸ਼ 'ਚ ਭੇਜਦੇ ਸਨ ਤੇ ਆਪਣੇ ਵੀ ਧਨ ਵਿਦੇਸ਼ 'ਚ ਹੀ ਭੇਜਣਾ ਪਸੰਦ ਕਰਦੇ ਹਨ। ਅਗਲੀ ਗਲ ਤੇ ਆ ਜਾਓ, ਉਸ ਵਕਤ ਸਾਡੇ ਨੇਤਾ ਚਾਹ ਨੂੰ ਵੀ ਨਸ਼ਾ ਸਮਝਦੇ ਸਨ ਤੇ ਅੱਜ ਸਮੈਕ ਜਿਹੇ ਨਸ਼ੇ ਵੀ ਉਹਨਾਂ ਨੂੰ ਖ਼ਤਰਨਾਕ ਨਹੀਂ ਲਗ ਰਹੇ। ਸ਼ਰਾਬ ਅਫ਼ੀਮ ਦੇ ਠੇਕੇ ਖੋਲ੍ਹਦਿਆਂ ਸਰਕਾਰਾਂ ਨੂੰ ਆਪਣੇ ਭਾਰਤ ਦਾ ਭਵਿੱਖ ਸੁਨਹਿਰੀ ਦਿਸ ਰਿਹਾ ਹੈ। ਸਾਡੇ ਆਪਣੇ ਆਜ਼ਾਦ ਭਾਰਤ ਦੇ ਨਿਰਮਾਤਾ ਜਵਾਨੀ ਨਸ਼ਿਆਂ ਤੇ ਲਾ ਕੇ ਚੰਗੇ ਭਵਿੱਖ ਦੀ ਕਾਮਨਾ ਕਰ ਰਹੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਤਾਂ ਗੋਰਿਆਂ ਨੂੰ ਵਰਤਣੀ ਹੀ ਨਹੀਂ ਆਈ। ਉਹ ਤਾਂ ਵਿਚਾਰੇ ਹਿੰਦੂ ਮੁਸਲਮਾਨ 'ਚ ਪਾੜ ਪਾਉਣ ਤਕ ਹੀ ਸੀਮਤ ਰਹੇ। ਪਰ ਸਾਡੇ ਆਪਣਿਆਂ ਨੇ ਤਾਂ ਕਮਾਲ ਕਰ ਦਿੱਤੀ, ਉਹਨਾਂ ਤਾਂ ਇਹ ਨੀਤੀ ਪਰਵਾਰ ਪੱਧਰ ਤੇ ਲਾਗੂ ਕਰ ਦਿੱਤੀ। ਬਾਕੀ ਰਹੀ ਧੀ ਭੈਣ ਦੀ ਇੱਜ਼ਤ ਦੀ ਗਲ, ਤਾਂ ਉਸ ਬਾਰੇ ਜਿਆਦਾ ਕਹਿਣ ਦੀ ਲੋੜ ਨਹੀਂ। ਤੜਕੇ ਤੜਕੇ ਚਾਹ ਦਾ ਕੱਪ ਹੱਥ 'ਚ ਫੜ ਕੇ ਟੀ.ਵੀ. ਮੂਹਰੇ ਬਹਿ ਜਾਓ ਤਾਂ ਹਰ ਤੀਜੀ ਖ਼ਬਰ ਪੱਤ ਨਾਲ ਸਬੰਧਿਤ ਹੋਵੇਗੀ ਤੇ ਜਿਹੜੀ ਥੋੜ੍ਹੀ ਬਹੁਤ ਪੱਤ ਕਿਸੇ ਧੀ ਭੈਣ ਦੀ ਬਚੀ ਹੁੰਦੀ ਹੈ, ਉਹ ਇਹ ਚੈਨਲਾਂ ਵਾਲੇ ਲੁੱਟ ਰਹੇ ਹੁੰਦੇ ਹਨ।

ਹੁਣ ਅੰਨਦਾਤੇ ਦੀ ਸੁਣ ਲਵੋ, ਉਦੋਂ ਅੰਨਦਾਤੇ ਦਾ ਖ਼ੂਨ ਚੂਸਿਆ ਜਾਂਦਾ ਸੀ ਤੇ ਅੱਜ ਅੰਨਦਾਤੇ ਦੀ ਜਾਨ ਦੇ ਤਿਹਾਏ ਹੋਏ ਫਿਰਦੇ ਹਨ। ਸਾਡਾ ਕਿਸਾਨ ਭਾਰਤ ਦੀਆਂ ਆਜ਼ਾਦ ਫਿਜ਼ਾਵਾਂ 'ਚ ਹਰ ਰੋਜ਼ ਆਤਮਹੱਤਿਆ ਕਰਨ ਲਈ ਮਜ਼ਬੂਰ ਹੈ। ਧਰਮ ਤਾਂ ਸਾਡੀ ਮੁੱਢ ਕਦੀਮੀ ਹੀ ਕਮਜ਼ੋਰੀ ਰਿਹਾ ਤੇ ਵਿਚਾਰੇ ਗੋਰਿਆਂ ਨੂੰ ਤਾਂ ਇਹ ਗੱਲ ਪੂਰੀ ਤੌਰ ਤੇ ਸਮਝ ਹੀ ਨਹੀਂ ਆਈ। ਸਾਡੇ ਆਪਣਿਆਂ ਅਸਲੀ ਨਬਜ਼ ਫੜੀ ਹੈ। ਹੁਣ ਧਰਮ ਦੇ ਨਾਂ ਤੇ ਕੀ ਕੁਝ ਨਹੀਂ ਹੁੰਦਾ? ਉਸ ਵਕਤ ਚਾਰ ਧਰਮ ਹੀ ਮੰਨੇ ਗਏ ਸਨ। ਆਪਸ ਵਿੱਚ ਭਾਈ-ਭਾਈ ਹੋਣ ਦੇ ਗੀਤ ਵੀ ਗਾਏ ਜਾਂਦੇ ਸਨ ਤੇ ਗੋਰਿਆਂ ਨੂੰ ਇੱਕ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਸੀ। ਪਰ ਅੱਜ ਆਪਣਿਆਂ ਇਸ ਚਾਰ ਦੇ ਅੰਕੜਿਆਂ ਨੂੰ ਚਾਰ ਹਜ਼ਾਰ ਕਰ ਦਿੱਤਾ ਹੈ। ਗੋਰਿਆਂ ਨੂੰ ਉਸ ਵਕਤ ਭਾਈ ਭਤੀਜਾਵਾਦ ਬਾਰੇ ਗਿਆਨ ਨਹੀਂ ਸੀ ਜੋ ਸਾਡੇ ਆਪਣਿਆਂ ਅਪਣਾਇਆ ਤੇ ਬੜੀ ਸ਼ਿੱਦਤ ਨਾਲ ਇਸ ਤੇ ਅਮਲ ਕਰ ਰਹੇ ਹਨ। ਇਹਨਾਂ ਸਾਰੀਆਂ ਗੱਲਾਂ ਤੋਂ ਇਹ ਹੀ ਗੱਲ ਨਿੱਕਲ ਕੇ ਸਾਹਮਣੇ ਆਈ ਹੈ ਕਿ ਆਜ਼ਾਦੀ ਦੇ ਮਾਅਨੇ ਉਹ ਨਹੀਂ ਸਨ, ਜੋ ਆਮ ਇਨਸਾਨ ਆਪਣੇ ਸੁਪਨਿਆਂ ਵਿੱਚ ਦੇਖਦਾ ਹੁੰਦਾ ਸੀ। ਆਜ਼ਾਦੀ ਦੇ ਮਾਅਨੇ ਤਾਂ ਇਹ ਸਨ ਕਿ ਬੇਗਾਨੇ ਸਾਡੇ ਹੁੰਦਿਆਂ ਜਨਤਾ ਤੇ ਜੁਲਮ ਕਿਵੇਂ ਕਰੀ ਜਾਣ! ਉਦੋਂ ਵੀ ਜ਼ੁਲਮ ਦਾ ਵਿਰੋਧ ਕਰਨ ਵਾਲਿਆਂ ਤੇ ਡਾਂਗ ਵਰ੍ਹਦੀ ਸੀ ਅੱਜ ਵੀ ਉਹੀ ਸਲੂਕ ਹੁੰਦਾ, ਬਸ ਫ਼ਰਕ ਆਪਣਿਆਂ ਬੇਗਾਨਿਆਂ ਦਾ ਹੈ। ਜਦੋਂ ਵੀ ਕਿਸੇ ਬੁਰਾਈ ਬਾਰੇ ਗੱਲ ਕਰਦੇ ਹਾਂ ਤਾਂ ਉਦੋਂ ਸਾਡਾ ਦੋਸ਼ ਹੁੰਦਾ ਕਿ ਸਾਨੂੰ ਗੋਰੇ ਸਿਖਾ ਗਏ। ਹੈਰਾਨੀ ਇਸ ਗਲ ਦੀ ਹੈ ਕਿ ਅਸੀਂ ਗੋਰਿਆਂ ਤੋਂ ਕੋਈ ਚੰਗਾਈ ਕਿਉਂ ਨਹੀਂ ਸਿੱਖੀ?

ਗੋਰਿਆਂ ਦੇ ਬੁਰੇ ਪੱਖ ਨੂੰ ਤਾਂ ਆਪਾਂ ਪੜਚੋਲ ਲਿਆ ਪਰ ਕਦੇ ਇਹ ਵੀ ਸੋਚਿਆ ਕਿ ਗੋਰਿਆਂ ਨੇ ਆਪਣੇ ਰਾਜ 'ਚ ਜੋ ਕੁਝ ਚੰਗਾ ਕੀਤਾ, ਉਸ ਦੀ ਵੀ ਨਕਲ ਕਰ ਲਈਏ? ਅੱਜ ਵੀ ਸਦੀਆਂ ਪੁਰਾਣੇ ਅਣਗਿਣਤ ਰੇਲਵੇ ਸਟੇਸ਼ਨ ਤੇ ਪੁਲ ਉਹਨਾਂ ਦੀ ਲਾ-ਮਿਸਾਲ ਕਾਰਗੁਜ਼ਾਰੀ ਦਾ ਸਬੂਤ ਹਨ, ਜਿੰਨਾਂ ਵਿੱਚ ਇੱਕ ਵੀ ਤਰੇੜ ਦੇਖਣ ਨੂੰ ਨਹੀਂ ਮਿਲਦੀ। ਜੋ ਕਿ ਦਰਸਾਉਂਦੀ ਹੈ ਕਿ ਉਹ ਆਪਣੇ ਕੰਮ ਪ੍ਰਤੀ ਕਿੰਨ੍ਹੇ ਇਮਾਨਦਾਰ ਸਨ। ਜਾਂ ਫੇਰ ਇੰਝ ਕਹਿ ਲਵੋ ਕਿ ਗੋਰਿਆਂ ਨੂੰ ਤਾਂ ਅਕਲ ਹੀ ਨਹੀਂ ਸੀ, ਐਵੇਂ ਇੱਟਾਂ ਚੂਨੇ 'ਚ ਥੱਪੀ ਗਏ। ਕੀ ਲੋੜ ਸੀ ਏਨਾ ਪੱਕਾ ਕੰਮ ਕਰਨ ਦੀ? ਕਮਲ਼ਿਓ! ਕਦੇ ਤਾਂ ਆਪਣੇ ਜੁਆਕਾਂ ਬਾਰੇ ਸੋਚ ਲੈਂਦੇ। ਜੇ ਇੱਕੋ ਵਾਰੀ 'ਚ ਪੱਕਾ ਕੰਮ ਕਰ ਦਿਤਾ ਤਾਂ ਬਾਕੀ ਉਮਰ ਜੁਆਕਾਂ ਨੂੰ ਕੀ ਖਵਾਉਂਗੇ।

ਇਥੇ ਮੈਂ ਦੋ ਇਹੋ ਜਿਹੇ ਥਾਂਵਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਸਬੂਤ ਹਨ ਗੋਰਿਆਂ ਦੇ ਚੰਗੇ ਪੱਖ ਦੇ ਅਤੇ ਆਪਣੇ ਲੋਕਾਂ ਦੀ ਨਿਗ੍ਹਾ 'ਚ ਬੇਵਕੂਫ਼ੀ ਦੇ। ਜਿਨ੍ਹਾਂ ਵਿੱਚੋਂ ਇੱਕ ਤਾਂ ਹਰਿਆਣਾ ਦੇ ਸਿਰਸਾ ਜਿਲ੍ਹੇ ਵਿੱਚ ਘੱਗਰ ਦਰਿਆ ਤੇ ਬਣਿਆ ਓਟੂ ਦਾ ਪੁਲ ਹੈ। ਜਿਸ ਬਾਰੇ ਮਸ਼ਹੂਰ ਹੈ ਕਿ ਆਜ਼ਾਦੀ ਤੋਂ ਪਹਿਲਾਂ ਇੱਕ ਗੋਰੇ ਨੇ, ਉਸ ਪੁਲ ਦੇ ਨਿਰਮਾਤਾ ਵੱਲੋਂ ਲਿਖੀ ਉਸ ਦੀ ਮਿਆਦੀ ਤਾਰੀਖ਼ ਪੜ੍ਹ ਕੇ, ਉਸ ਉੱਪਰੋਂ ਆਪਣਾ ਘੋੜਾ ਲੰਘਾਉਣ ਤੋਂ ਮਨ੍ਹਾ ਕਰ ਦਿਤਾ ਸੀ। ਅੱਜ ਵੀ ਜਾ ਕੇ ਅੱਖੀਂ ਦੇਖਿਆ ਜਾ ਸਕਦੇ ਹੈ ਕਿ ਉਹ ਪੁਲ ਅੱਜ ਵੀ ਨੌਂ-ਬਰ-ਨੌਂ ਹੈ, ਭਾਵੇਂ ਉਸ ਦੀ ਮਿਆਦ ਖ਼ਤਮ ਹੋਇਆਂ ਵੀ ਅੱਧੀ ਸਦੀ ਤੋਂ ਜ਼ਿਆਦਾ ਵਕਤ ਬੀਤ ਚੁੱਕਾ ਹੈ। ਉਸ ਵਕਤ ਤਾਂ ਗੋਰਾ ਘੋੜੇ ਦੇ ਭਾਰ ਤੋਂ ਹੀ ਡਰ ਗਿਆ ਸੀ ਪਰ ਅੱਜ ਤੱਕ ਉਸ ਉੱਤੋਂ ਦੀ ਭਾਰੀ-ਭਰਕਮ ਚੀਜ਼ਾਂ ਬੇਖ਼ੌਫ ਲੰਘ ਰਹੀਆਂ ਹਨ।

ਦੂਜੀ ਉਦਾਹਰਨ ਏਸ਼ੀਆ ਦੇ ਸਭ ਤੋਂ ਵੱਡੇ ਰੇਲਵੇ ਜੰਕਸ਼ਨ ਦੇ ਤੌਰ ਤੇ ਜਾਣੇ ਜਾਂਦੇ ਬਠਿੰਡੇ ਦੇ ਰੇਲਵੇ ਸਟੇਸ਼ਨ ਦੀ ਹੈ। ਦੋਸਤੋ! ਸੰਯੋਗਵੱਸ ਜੇ ਕਦੇ ਬਠਿੰਡੇ ਵੱਲ ਦੀ ਲੰਘੋ ਤਾਂ ਇੱਕ ਗੇੜੀ ਇਸ ਦੇ ਰੇਲਵੇ-ਸਟੇਸ਼ਨ ਦੇ ਪਲੇਟਫਾਰਮ ਨੰਬਰ ਛੇ 'ਤੇ ਬਣੀ ਕੰਟੀਨ ਤੇ ਜ਼ਰੂਰ ਮਾਰਿਓ। ਭਾਵੇਂ ਸਾਰੇ ਦੇ ਸਾਰੇ ਸਟੇਸ਼ਨ 'ਚ ਇੱਕ ਵੀ ਤਰੇੜ ਤੁਹਾਨੂੰ ਨਹੀਂ ਲੱਭਣੀ ਪਰ ਜਦੋਂ ਤੁੱਸੀ ਇਸ ਦੀ ਕੰਟੀਨ ਦਾ ਬੂਹਾ ਖੋਲ੍ਹੋਗੇ ਤਾਂ ਇਸ ਦੇ ਫ਼ਰਸ਼ ਦਾ ਲਿਸ਼ਕਾਰਾ ਤੁਹਾਡੀਆਂ ਅੱਖਾਂ ਨੂੰ ਚੁੰਧਿਆ ਦੇਵੇਗਾ ਤੇ ਉੱਥੇ ਬੈਠੇ ਸਟਾਫ਼ ਨੂੰ ਤੁਹਾਡਾ ਪਹਿਲਾ ਸਵਾਲ ਇਹੀ ਹੋਵੇਗਾ ਕਿ ਫ਼ਰਸ਼ ਬੜਾ ਸੋਹਣਾ! ਇਹ ਕਦੋਂ ਬਣਵਾਇਆ? ਮੂਹਰੋਂ ਕੰਟੀਨ ਦਾ ਠੇਕੇਦਾਰ ਰਾਜੇਸ਼ ਕੁਮਾਰ ਉਹੀ ਰਟਿਆ-ਰਟਾਇਆ ਜਵਾਬ ਦੇਵੇਗਾ ਕਿ ਸਾਹਮਣੀ ਕੰਧ ਤੇ ਪੜ੍ਹ ਲਵੋ। ਜਦੋਂ ਤੁਸੀ ਉੱਥੇ ਲਿਖੀ ਇੱਕ ਸਦੀ ਤੋਂ ਵੀ ਪੁਰਾਣੀ ਤਾਰੀਖ ਪੜ੍ਹੋਗੇ ਤਾਂ ਤੁਹਾਡੀਆਂ ਨਜ਼ਰਾਂ ਕਦੇ ਫ਼ਰਸ਼ ਵੱਲ ਤੇ ਕਦੇ ਅਰਸ਼ ਵੱਲ ਤੇ ਮੂੰਹੋਂ ਆਪ ਮੁਹਾਰੇ ਨਿੱਕਲੂ "ਵਾਹ ਉਏ ਗੋਰਿਓ! ਨਹੀਂਓਂ ਰੀਸਾਂ ਤੁਹਾਡੇ ਕੰਮ ਦੀਆਂ"।

ਚਲੋ ਜੀ! ਅਸੀਂ ਤਾਂ ਦੱਸ ਦਿੱਤਾ ਕਿ ਕਿਉਂ ਆਏ ਪਰਦੇਸ, ਕਿਉਂ ਸ਼ੇਰਾਂ ਵਾਲੇ ਪਾਸਪੋਰਟ ਨੂੰ ਅਲਵਿਦਾ ਕਹਿ ਦਿੱਤੀ ਤੇ ਕਿਉਂ ਸਰਦਾਰੀ ਛੱਡ, ਦਿਹਾੜੀ ਗਲ ਲਾ ਲਈ। ਤਿੱਖੀਆਂ ਨਹੋਦਰਾਂ ਵਾਲੀਆਂ ਬਿੱਲੀਆਂ ਨਾਲ ਭਰੇ ਇਸ ਜੰਗਲ ਵਿੱਚ ਕਬੂਤਰ ਦੀਆਂ ਬੰਦ ਜਾਂ ਖੁੱਲ੍ਹੀਆਂ ਅੱਖਾਂ ਹੁਣ ਕੋਈ ਮਾਇਨੇ ਨਹੀਂ ਰਖਦੀਆਂ। ਸੋ ਸੱਚ ਤਾਂ ਸੱਚ ਹੈ ਜੋ ਗੁਰਵਿੰਦਰ ਬਰਾੜ ਨੇ ਇਸ ਗੀਤ 'ਚ ਗਾ ਦਿੱਤਾ ਇਹ ਗਲ ਵੱਖਰੀ ਹੈ ਕਿ ਕਿਸੇ ਦੇ ਹਜ਼ਮ ਹੋਵੇ ਜਾ ਨਾ।

ਮਿੰਟੂ ਬਰਾੜ
ਲੇਖ਼ਕ ਕਾਫੀ ਸਮੇਂ ਤੋਂ ਆਸਟਰੇਲੀਆ ਚ ਰਹਿ ਰਹੇ ਹਨ।

Thursday, October 6, 2011

'ਭਾਰ' : ਇੱਕ ਪੁਲੀਸ ਕੈਟ ਦੀ ਗਾਥਾ--Part 2

ਮਨਿੰਦਰ ਕਾਂਗ ਪੰਜਾਬੀ ਦੇ ਸਥਾਪਤ ਕਹਾਣੀਕਾਰ ਹਨ।ਉਨ੍ਹਾਂ ਨੇ ਆਪਣੀ ਕਲਮ ਰਾਹੀਂ ਪੰਜਾਬ ਚ ਖਾੜਕੂ ਲਹਿਰ ਸਮੇਂ ਵਿਚਰਦੇ ਕੈਟ ਦੀ ਗਾਥਾ ਲਿਖ਼ੀ ਹੈ।ਤੁਹਾਡੇ ਯਾਦ ਹੋਵੇ ਤਾਂ ਕੁਝ ਸਾਲ ਪਹਿਲਾਂ ਜਲੰਧਰ ਤੋਂ ਸੁੱਖੀ ਨਾਂਅ ਦਾ ਕੈਟ ਵੀ ਫੜਿਆ ਗਿਆ ਸੀ।ਇਹ ਮਨਿੰਦਰ ਕਾਂਗ ਦੀ ਕੈਟ ਬਾਰੇ ਕਹਾਣੀ 'ਭਾਰ' ਦਾ ਦੂਜਾ ਭਾਗ ਹੈਤੀਜਾ ਵੀ ਛੇਤੀ ਛਾਪਾਂਗੇ।-ਗੁਲਾਮ ਕਲਮ


''ਮੈਂ ਆਂ ਜੱਸਿਆ ਮਾਸਟਰ! ਤੇਰਾ ਪੁਰਾਣਾ ਬੇਲੀ, ਮਾਸਟਰ ਕਰਮ ਪਛਾਣਿਆ?'' ਮੈਂ ਗੱਲਬਾਤ ਤੋਰਨ ਲਈ ਕਿਹਾ। ''ਪਛਾਣ ਦੀ ਤੇ ਗੱਲ ਈ ਛੱਡ। ਮੈਨੂੰ ਜਦੋਂ ਛਿੰਦੇ ਸ਼ਿਪਾਹੀ ਕੋਲੋਂ ਤੇਰੇ ਇਥੇ ਹੋਣ ਦਾ ਪਤਾ ਲੱਗਾ, ਮੈਂ ਆਪ ਮੰਗ ਕੇ ਤੇਰਾ ਸਾਥ ਲਿਐ। ਮੇਰੀ ਖਣੀ ਇੱਕ ਕਿ ਪਤਾ ਨਹੀਂ ਦੋ ਰਾਤਾਂ ਬਚੀਆਂ ਨੇ। ਮੈਂ ਕਈ ਦਿਨਾਂ ਦਾ ਸ਼ਰਮੇ ਐਸ. ਪੀ. ਨੂੰ ਬੇਨਤੀ ਕਰਨ ਡਿਹਾਂ ਪਈ ਮੇਰੀ ਆਖਰੀ ਘੜੀ ਮਾਸ਼ਟਰ ਕੋਲ ਲੰਘਾ ਦਿਆ ਜੇ! ਬੜੀ ਮੁਸ਼ਕਿਲ ਉਹਦੇ ਮਨ ਮਿਹਰ ਪਈ ਏ। ਮਨ ਮਿਹਰ ਵੀ ਕਿੱਥੇ? ਮੈਂ ਤੇਰੇ ਸਾਥ ਖਾਤਰ ਜੀਤ ਸਪਰਿੰਗਾਂ ਆਲੇ ਦੇ ਚੁਬਾਰੇ ਦੀ ਦੱਸ ਪਾਈ ਏ। ਉਥੇ ਮੇਰਾ ਨਕਦ ਦੋ ਲੱਖ ਪਿਆ ਏ ਸਾਲ ਕੁ ਪੁਰਾਣਾ। ਚੁਬਾਰੇ ਤੇ ਜਿੰਦਰਾ ਮੇਰਾ ਈ ਏ, ਭਾਅ ਵੱਡਿਆ। ਦੋ ਲੱਖ ਦੀ ਪਈ ਏ ਤੇਰੀ ਇਹ ਪਹਿਲੀ ਮੁਲਾਕਾਤ ਮੈਨੂੰ।'' ਜੱਸਾ ਬੜੀ ਚੜ•ਦੀ ਕਲਾ ਵਾਲੀ ਅਵਾਜ਼ ਵਿੱਚ ਬੋਲ ਰਿਹਾ ਸੀ। ਪਹਿਲੇ ਮੈਨੂੰ ਯਕੀਨ ਨਾ ਆਵੇ ਕਿ ਏਨੇ ਹਿੱਲੇ ਅੰਜਰ-ਪੰਜਰ ਨਾਲ ਵੀ ਕੋਈ ਏਨੀ ਬੁਲੰਦ ਅਵਾਜ਼ ਵਿੱਚ ਬੋਲ ਸਕਦੈ? ਫੇਰ ਆਪੇ ਹੀ ਮੈਨੂੰ ਬਘੇਲੇ ਦਾ ਚੇਤਾ ਆ ਗਿਆ। ਬਘੇਲੇ ਦਾ ਅੰਗ-ਅੰਗ ਗਿੱਲ ਨੇ ਕੋਲ ਖੜ•ੋ ਕੇ ਤੁੜਵਾਇਆ ਸੀ, ਪਰ ਮੌਤ ਦੀ ਆਖਰੀ ਘੜੀ ਤੱਕ ਉਹਦੀ ਅਵਾਜ਼ ਦਾ ਗੜਕਾ ਕਾਇਮ ਰਿਹਾ।
***
''ਭਾਅ! ਤੂੰ ਇਹ ਕੀ ਹਾਲਤ ਕਰਵਾ ਲਈ ਊ? ਚੰਗਾ ਭਲਾ ਟਿਕਾਣੇ ਤੇ ਸੈਂ! ਸਬ ਇੰਸਪੈਕਟਰ ਤੇ ਉਹ ਵੀ ਪੰਜਾਬ ਪੁਲਿਸ ਵਿੱਚ। ਤੈਨੂੰ ਕੀ ਲੋੜ ਪਈ ਸੀ ਭਲਾ ਆਪਣਾ ਪਾਗਲਪਣ ਏਥੇ ਵਖੌਣ ਦੀ? ਅੱਗੇ ਤੂੰ ਚੁਰਾਸੀ ਵਿੱਚ ਤੇ ਚੁਰਾਸੀ ਤੋਂ ਮਗਰੋਂ ਥੋੜ•ਾ ਵਖਾਲਿਐ ਆਪਣਾ ਪਾਗਲਪਣ? ਹੋਰ ਕੀ ਕਸਰ ਸੀ ਭਲਾ.....?'' ਮੈਂ ਦੁਖੀ ਮਨ ਨਾਲ ਏਨਾ ਹੀ ਕਹਿ ਸਕਿਆ।

''ਵੱਡਿਆ!'' ਲੰਮੀ ਚੁੱਪ ਦੇ ਮਗਰੋਂ ਉਹ ਬੋਲਿਆ।
''ਹੂੰ?'' ਮੈਂ ਪ੍ਰਸ਼ਨ ਚਿੰਨ ਬਣਿਆ ਬੈਠਾ ਸਾਂ।

''ਏਹ ਲੰਮੀ ਰਾਮ ਕਹਾਣੀ ਊ। ਜੇ ਕਿਤੇ ਕੁਦਰਤ ਨੇ ਇੱਕ ਅੱਧੀ ਰਾਤ ਉਮਰ ਲਮਕਾਈ ਏ, ਤਾਂ ਮੈਂ ਕੁਛ ਨਾ ਕੁਛ ਤੈਨੂੰ ਦੱਸ ਕੇ ਮਰਾਂਗਾ। ਪਰ ਮੈਂ ਤੈਨੂੰ ਇੱਕ ਕੰਮ ਕਹਿਣਾ ਈ, ਤੇ ਨਾਂਹ ਨਾ ਕਰੀਂ। ਮੈਂ ਏਸੇ ਕੰਮ ਲਈ ਤੇਰੇ ਕੋਲ ਆਇਆਂ। ਰੁਪਈਆ ਦੋ ਲੱਖ ਕੀ, ਮੈਂ ਹੋਰ ਵੀ ਸਾਰਾ ਕੁਛ ਦੇ ਦੇਣਾ ਸੀ ਸ਼ਰਮੇ ਨੂੰ। ਤੈਨੂੰ ਵੀ ਮੈਂ ਜਾਂਦਾ ਜਾਂਦਾ ਬੜਾ ਕੁਛ ਦੇ ਜਾਊਂ ਪਰ ਮੇਰੀ ਹਾਅ ਬੇਨਤੀ ਮੰਨ ਲਈਂ, ਜਿਹੜੀ ਮੈਂ ਕਰਾਂਗਾ।'' ਉਹ ਜਿਵੇਂ ਬੁਝਾਰਤ ਬਣਿਆ ਖੜ•ਾ ਸੀ।


''ਪੈਹੇ ਮੈਂ ਢੂਹੇ 'ਚ ਲੈਣੇ ਆ ਜੱਸਿਆ। ਤੂੰ ਦੱਸ ਭਾਅ! ਮੈਂ ਅੱਗ ਲੌਣੀ ਆ ਨੋਟਾਂ ਨੂੰ। ਕਾਗਜ਼ਾਂ 'ਚ ਮੈਂ ਮੋਇਆ ਪਿਆਂ। ਬਾਹਰ ਵੀ ਨਾ ਮੇਰੀ ਰੰਨ, ਨਾ ਕੰਨ, ਨਾ ਮਾਂ-ਨਾ ਪਿਓ। ਭਰਾ ਪਤਾ ਨਹੀਂ ਹੈ ਵੀ ਕਿ ਨਹੀਂ। ਉਹ ਵੀ ਮੋਇਆਂ ਬਰਾਬਰ। ਤੂੰ ਆਪਣੀ ਦੱਸ!'' ਮੈਂ ਜਿਵੇਂ ਜ਼ਿੰਦਗੀ ਦੇ ਅਕੇਵੇਂ 'ਚੋਂ ਬੋਲ ਪਿਆ।

''ਹਾਂ! ਇਹ ਤੇ ਵੱਡਿਆ, ਤੂੰ ਠੀਕ ਆਂਹਨਾ ਇਆ, ਹਾਅ ਹਾਂ!'' ਉਹ ਜਿਵੇਂ ਲੰਮੀ ਪੀੜ ਭਰੀ ਅਵਾਜ਼ ਵਿੱਚ ਬੋਲਿਆ।

ਫੇਰ ਸਾਡੇ ਦੋਹਾਂ ਵਿੱਚ ਲੰਮੀ ਚੁੱਪ ਛਾ ਗਈ। ਅਸੀਂ ਦੋਵੇਂ ਹੀ ਸੋਚੀਂ ਪੈ ਗਏ ਸਾਂ।

***

ਮਾਂ ਮੇਰੀ ਪੁਲਿਸ ਨੇ ਮਾਰ ਦਿੱਤੀ ਸੀ, ਅਸੀਂ ਇਸੇ ਸ਼ਸ਼ੋਪੰਜ ਵਿੱਚ ਪਏ ਤਿੰਨੇ ਰੁਲ ਗਏ ਸਾਂ। ਪਿਉ ਮੇਰਾ ਮੰਜੇ ਤੇ ਪੈ ਗਿਆ। ਮੈਂ ਤੇ ਛੋਟਾ ਕਦੀ ਰੋਟੀਆਂ ਲਾਹੁੰਦੇ, ਕਦੀ ਡਾਕਟਰ ਵੱਲ ਭੱਜਦੇ, ਕਦੀ ਨੌਕਰੀਆਂ ਵੱਲ ਭੱਜਦੇ। ਹਾਰ ਕੇ ਮਾਈ ਰੱਖ ਲਈ। ਪਰ ਪਿਉ ਮੇਰੇ ਲਈ ਇਹ ਵਿਛੋੜਾ ਅਸਹਿ ਸੀ। ਕੁਛ ਦੇਰ ਬਾਅਦ ਮੈਨੂੰ ਜਿਵੇਂ ਹੀ ਖਬਰ ਮਿਲੀ, ਉਹ ਠੀਕ ਨਹੀਂ ਸੀ। ਸ਼ਰਮੇ ਨੇ ਮੇਰੀ ਮਾਂ ਮਾਰ ਦਿੱਤੀ ਸੀ। ਦਿਲ 'ਤੇ ਅਜੇ ਤੱਕ ਅੰਦਰੋਂ ਨਹੀਂ ਮੰਨਦਾ, ਪਰ ਸਚਾਈ ਤੋਂ ਮੁਨਕਰ ਵੀ ਨਹੀਂ ਹੋਇਆ ਜਾਂਦਾ। ਉਦੋਂ ਹੀ ਪੁਲਿਸ ਬਾਰ-ਬਾਰ ਮੈਨੂੰ ਤੇ ਛੋਟੇ ਭਰਾ ਨੂੰ ਤੰਗ ਕਰਨ ਲੱਗ ਪਈ ਸੀ। ਕਦੀ ਆਟਾ ਮੰਡੀ, ਕਦੇ ਸੱਟੇ ਬਜ਼ਾਰ 'ਚ ਤੇ ਕਦੀ ਮੰਦਰਾਂ ਦੇ ਬਾਹਰ ਜਦ ਬੰਬ ਧਮਾਕਾ ਹੋਣਾ, ਮੈਨੂੰ ਜਾਂ ਭਰਾ ਨੂੰ ਇੱਕ ਅੱਧੀ ਰਾਤ ਥਾਣੇ ਬਠਾ ਲੈਣਾ। ਹਾਰ ਕੇ ਛੋਟੇ ਭਰਾ ਨੂੰ ਯੂ. ਪੀ. ਰਿਸ਼ਤੇਦਾਰਾਂ ਕੋਲ ਭੇਜ ਦਿੱਤਾ। ਉਥੇ ਸਾਡੇ ਤਖਾਣਾ ਬਰਾਦਰੀ ਬਥੇਰੀ ਸੀ। ਮਾਂ ਦੀ ਖਬਰ ਮਿਲਣ ਤੋਂ ਮਹੀਨੇ ਤੱਕ ਮੈਂ ਦੁਬਿਧਾ ਵਿੱਚ ਰਿਹਾ, ਫੇਰ ਦਿਲ ਕਰੜਾ ਕਰ ਕੇ ਅਸਤੀਫਾ ਭੇਜ ਦਿੱਤਾ ਤੇ ਜੋਤੀ ਹੁੰਦਲ ਦੀ ਸਿਫਾਰਸ਼ 'ਤੇ ਸੰਤਾਂ ਦੇ ਟਹਿਲੂਆਂ ਵਿੱਚ ਸ਼ਾਮਲ ਹੋ ਗਿਆ। ਬੇਨਤੀ ਮੇਰੀ ਇੱਕੋ ਸੀ ਕਿ ਮੈਨੂੰ ਐਸ. ਪੀ. ਸ਼ਰਮੇ ਨੂੰ ਮਾਰਨ ਲਈ ਹਥਿਆਰ ਦਿੱਤਾ ਜਾਵੇ। ਪਰ ਜੋਤੀ ਹੁੰਦਲ ਨੇ ਇਹ ਦੱਸ ਕੇ ਮੈਨੂੰ ਠਾਕ ਦਿੱਤਾ ਕਿ ਹਥਿਆਰਾਂ ਦੀ ਤੰਗੀ ਹੈ, ਅੱਗੇ ਹੀ ਲਾਲੇ ਨੂੰ ਮਾਰਨ ਲਈ ਬਾਬਾ ਰੋਡੇ ਨੂੰ ਸੰਤਾਂ ਨੇ ਆਪਣਾ ਨਿੱਜੀ ਹਥਿਆਰ ਸੇਵਾ ਵਿੱਚ ਪਾ ਦਿੱਤਾ ਸੀ।


ਮੈਂ ਉਥੇ ਇੱਕ ਸੇਵਕ ਵਜੋਂ ਦਿਨ ਕੱਟ ਰਿਹਾ ਸੀ। ਮੇਰੇ ਹਰਿਮੰਦਰ ਸਾਹਿਬ ਅੱਪੜ ਜਾਣ ਤੇ ਸੰਤਾਂ ਦੇ ਟਹਿਲੂਏ ਬਣਨ ਦੀ ਖਬਰ ਅੱਗ ਵਾਂਗ ਫੈਲੀ ਸੀ, ਉਹੀ ਪੁਲਿਸ ਹੁਣ ਮੇਰੇ ਵੱਲ ਮੂੰਹ ਨਹੀਂ ਸੀ ਕਰਦੀ। ਮੇਰੇ ਭਾਪਾ ਜੀ ਅਰਾਮ ਨਾਲ ਰਹਿੰਦੇ ਪਏ ਸਨ। ਕੰਮ-ਕਾਰ 'ਤੇ ਉਹ ਜਾਂਦੇ ਸਨ, ਪਰ ਹੁਣ ਮਸਾਂ ਆਪਣੇ ਖਰਚ ਜੋਗਾ ਕੰਮ ਕਰਦੇ ਸਨ।

***


ਉਥੇ ਹੀ ਪਹਿਲੀ ਵਾਰੀ ਮੈਨੂੰ ਇਹ ''ਜੱਸਾ ਮਰੂਤੀ'' ਮਿਲਿਆ ਸੀ। ਉਹ ਪੁਤਲੀ ਘਰ ਵਾਲੇ ਖਾੜ²ਕੂ ਪੀ. ਟੀ. ਦਾ ਪੁਰਾਣਾ ਸੰਗੀ ਸੀ। ਖਾਲਸਾ ਕਾਲਜ, ਅੰਮ੍ਰਿਤਸਰ ਦੇ ਨਾਲ ਦੀਆਂ ਗਲੀਆਂ ਵਿੱਚ ਉਹਦਾ ਪੁਰਾਣਾ ਘਰ ਸੀ। ਪਿੱਛੋਂ ਪਿਉ ਉਹਦਾ ਯੂਨੀਵਰਸਿਟੀ ਦੇ ਮਗਰਲੇ ਰਾਹ 'ਤੇ ਪੈਂਦੇ ਘਣਪੁਰ ਦਾ ਸੀ। ਗਰੀਬ ਜੱਟ ਭਲੇ ਵੇਲੇ ਪਿੰਡੋਂ ਉੱਠ ਕੇ ਖਾਲਸਾ ਕਾਲਜ ਦੇ ਨਾਲ ਵੱਸੇ ਗੁਰੂ ਨਾਨਕ ਵਾੜੇ ਆ ਵਸਿਆ ਸੀ। ਜੱਸਾ ਉਹਦੀ ਇੱਕੋ ਇੱਕ ਵੱਡੀ ਉਮਰੇ ਹੋਈ ਔਲਾਦ ਸੀ। ਜਮਾਂਦਰੂ ਹੀ ਵਹਿਸ਼ੀ ਸੁਭਾਅ ਦਾ ਹੋਣ ਕਰਕੇ ਉਹਦੀ ਬਹਿਣੀ ਬਲੈਕੀਏ ਜਾਂ ਮਾਰਖੋਰੇ ਭਾਊਆਂ ਨਾਲ ਹੋ ਗਈ ਸੀ। ਉਥੋਂ ਹੀ ਉਹਦੀ ਪੀ. ਟੀ. ਨਾਲ ਯਾਰੀ ਪੈ ਗਈ। ਪੀ. ਟੀ. ਅੰਦਰ ਵੀ ਅਜਿਹੇ ਜਜ਼ਬੇ ਸਨ। ਦੋਹੇਂ ਅੰਤ ਨੂੰ ਸੰਤਾਂ ਦੀ ਸ਼ਰਨ ਜਾ ਪਏ ਸਨ। ਪੀ. ਟੀ. ਦੀਆਂ ਹਰਕਤਾਂ ਤੋਂ ਤੰਗ ਆ ਕੇ ਸੰਤਾਂ ਨੇ ਬਾਬਾ ਥਾਰਾ ਸਿੰਘ ਕੋਲੋਂ ਉਹਦੀਆਂ ਲੱਤਾਂ ਤੁੜਵਾ ਕੇ ਲੰਗਰ ਦੀ ਛੱਤ 'ਤੇ ਮਹੀਨੇ ਕੁ ਲਈ ਲੰਮਾ ਪਾ ਛੱਡਿਆ ਸੀ। ਉਦੋਂ ਤੇ ਜੱਸਾ ਝੂਠ ਮਾਰ ਕੇ ਸੰਤਾਂ ਕੋਲੋਂ ਬਚ ਗਿਆ ਸੀ, ਪਰ ਬਾਬੇ ਮਾਨੋਚਾਹਲ ਨੂੰ ਜੱਸਾ ਪਸੰਦ ਨਹੀਂ ਸੀ। ਉਹਨੇ ਤੇ ਬਾਬੇ ਥਾਰੇ ਨੇ ਵੀ ਕਈ ਵਾਰ ਸੰਤਾਂ ਨੂੰ ਉਹਦਾ ਸੋਧਾ ਲਾਉਣ ਲਈ ਕਿਹਾ, ਪਰ ਏਦੂੰ ਪਹਿਲਾਂ ਕਿ ਉਹਦਾ ਕੰਮ ਹੁੰਦਾ, ਉਹ ਭੱਜ ਕੇ ਗੁਰੂ ਨਾਨਕ ਨਿਵਾਸ ਜਾ ਵੜਿਆ। ਉਦੋਂ ਹੀ ਕਿਧਰੇ ਅਪਰੇਸ਼ਨ ਬਲਿਊ ਸਟਾਰ ਦੀ ਸ਼ੁਰੂਆਤ ਹੋਈ। ਜੱਸਾ ਬੱਬਰਾਂ ਕੋਲੋਂ ਤੇ ਗੁਰਚਰਨ ਲੰਮੇ ਕੋਲੋਂ ਜਿਹੜਾ ਸੰਤ ਲੌਂਗੋਵਾਲ ਦਾ ਟਹਿਲੂਆ ਸੀ, ਸੂਚਨਾ ਲੈ ਕੇ ਬਲਿਊ ਸਟਾਰ ਤੋਂ ਪੰਜ ਕੁ ਦਿਨ ਪਹਿਲਾਂ ਹੀ ਬਾਗ ਵਾਲੀ ਗਲੀ ਵਿੱਚ ਪਾੜ ਪਾ ਕੇ ਚੌਂਕ ਪ੍ਰਾਗਦਾਸ ਕੋਲੋਂ ਤਰਨਤਾਰਨ ਵਲ ਨੂੰ ਨਿਕਲ ਗਿਆ ਸੀ। ਪੀ. ਟੀ. ਤੇ ਉਹਦੇ ਸਾਥੀ ਅੰਦਰ ਪਰਕਰਮਾ ਵਿੱਚ ਤੇ ਬਾਬੇ ਸ੍ਰੀ ਚੰਦ ਦੇ ਉਦਾਸੀਨ ਅਖਾੜੇ ਵਿੱਚ ਫੌਜ ਨਾਲ ਮੁਕਾਬਲਾ ਕਰਦੇ ਮਾਰੇ ਗਏ ਸਨ।

***


ਮੈਂ ਉਹਨੀਂ ਦਿਨੀਂ ਆਪ ਵੀ ਪ੍ਰਕਰਮਾ ਤੋਂ ਬਾਹਰ ਸਾਂ। ਮੇਰੀ ਡਿਊਟੀ ਸਿੰਘਾਂ ਨੇ ਜੋਤੀ ਹੁੰਦਲ ਨੂੰ ਮਾਰਨ 'ਤੇ ਲਾਈ ਸੀ, ਪਰ ਮੈਂ ਨਾਂਹ ਕਰ ਗਿਆ ਸਾਂ। ਫੇਰ ਉਹਨੂੰ ਇੰਦਰ ਵਹਿਸ਼ੀ ਤੇ ਜੱਸੇ ਪੀ. ਟੀ. ਨੇ ਮਾਰਿਆ ਸੀ। ਸਿੰਘਾਂ ਨੇ ਮੇਰੀ ਇੱਕੋ ਇੱਕ ਤਮੰਨਾ, ਐਸ. ਪੀ. ਸ਼ਰਮੇ ਦੀ ਜਾਨ ਲੈਣ ਦੀ ਭਾਵਨਾ ਨੂੰ ਸਮਝ ਲਿਆ ਤੇ ਮੈਨੂੰ ਪੱਟੀ ਦੇ ਇਲਾਕੇ ਵਿੱਚ ਭੇਜ ਦਿੱਤਾ। ਸ਼ਰਮਾ ਵੀ ਉਦੋਂ ਤਰਨਤਾਰਨ ਵੱਲ ਕੰਮ ਕਰ ਰਿਹਾ ਸੀ।

***


''ਕੀ ਸੋਚਦੈਂ ਵੱਡਿਆ?'' ਲੰਮੇ ਪਏ ਜੱਸੇ ਨੇ ਅਚਾਨਕ ਮੈਨੂੰ ਪੁੱਛ ਲਿਆ।

''ਕੁਛ ਨਹੀਂ। ਬਸ ਪੁਰਾਣੇ ਦਿਨ ਯਾਦ ਆ ਗਏ।'' ਮੈਂ ਕਿਹਾ।

''ਯਾਦ ਈ ਭਾਊ। ਮੈਂ ਪਹਿਲੀ ਵਾਰ ਤੈਨੂੰ ਬੀ. ਐਡ. ਖਾਲਸਾ ਕਾਲਜ ਦੇ ਸਮਾਗਮ 'ਤੇ ਵੇਖਿਆ ਸੀ। ਤੂੰ ਇੱਕ ਤੇ ਮੁਕੇਸ਼ ਦਾ ਗਾਣਾ ਗਾਇਆ ਸੀ। ਨਾਲੇ ਤੁਹਾਡੀ ਕਲਾਸ ਨੇ ਕਵਾਲੀ ਪੇਸ਼ ਕੀਤੀ ਸੀ।''

ਮੇਰੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ। ਮੇਰੇ ਚਿਹਰੇ 'ਤੇ ਮੁਸਕਰਾਹਟ ਆ ਗਈ।

''ਤੂੰ ਕਿਵੇਂ ਉਥੇ ਸੀ?'' ਮੈਂ ਕਿਹਾ

''ਅਸੀਂ ਭਾਅ ਵਿਹਲੜ ਤੇ ਲੋਫਰ ਨੰਬਰ ਇੱਕ ਸੀਗੇ। ਕਾਲਜ ਦੇ ਹਰ ਸਮਾਗਮ ਵਿੱਚ ਵੜ ਜਾਂਦੇ ਸਾਂ। ਇੱਕ ਤੇ ਮੇਰਾ ਘਰ ਈ ਕਾਲਜ ਦੀ ਜੜ• 'ਚ ਸੀ। ਦੂਜਾ ਮੈਂ ਖਾਲਸਾ ਸਕੂਲ ਤੋਂ ਪੜਿ•ਆ ਵਾਂ। ਮੇਰੇ ਲਈ ਕੀ ਔਖਾ ਸੀ?'' ਜੱਸੇ ਨੇ ਕਿਹਾ।

***


ਅਚਾਨਕ ਬਾਹਰ ਰੌਲਾ ਪਿਆ। ਮੇਰਾ ਧਿਆਨ ਬਾਹਰ ਨੂੰ ਚਲਾ ਗਿਆ। ਸ਼ਾਮ ਢਲ ਗਈ ਸੀ ਤੇ ਰਾਤ ਪੈ ਰਹੀ ਸੀ। ਰੌਲਾ ਸੁਣ ਕੇ ਮੈਂ ਬਾਹਰ ਚਲਾ ਗਿਆ। ਉਥੇ ਦੂਰੋਂ ਨਜ਼ਰ ਮਾਰਿਆਂ ਕੁਝ ਪਤਾ ਨਹੀਂ ਸੀ ਲਗਦਾ। ਪਰ ਏਨਾ ਪਤਾ ਲੱਗ ਗਿਆ ਕਿ ਅਜੈਬਾ ਥਾਣੇਦਾਰ ਤੇ ਫਕੀਰੀਆ ਆਪਸ ਵਿੱਚ ਖਹਿਬੜਦੇ ਪਏ ਸਨ। ਫਕੀਰੀਆ ਕਿਸੇ ਤੋਂ ਡਰਦਾ ਨਹੀਂ ਸੀ। ਥੋੜ•ੀ ਦੇਰ ਮੈਂ ਖੜ•ਾ ਰਿਹਾ। ਏਨੇ ਨੂੰ ਸ਼ੌਂਕੀ ਲਾਂਗਰੀ ਮੇਰੇ ਕੋਲੋਂ ਲੰਘਿਆ। ਮੈਂ ਹੌਲੀ ਜਿਹੀ ਵਾਜ ਮਾਰ ਕੇ ਉਹਨੂੰ ਮਾਜਰਾ ਪੁੱਛਿਆ।

''ਓ ਫਕੀਰੀਆ ਤੇ ਜੈਬਾ ਥਾਣੇਦਾਰ ਖਹਿਬੜਪਏ ਈ ਭਾਊ। ਜੈਬਾ ਫਕੀਰੀਏ ਨੂੰ ਰੁਪਈਆ ਦਸ ਹਜ਼ਾਰ ਸੁੱਟੂ ਈ। ਨਾਲੇ ਬੋਤਲਾਂ ਦੀ ਪੂਰੀ ਪੇਟੀ ਦਊ ਈ, ਪਈ ਉਹ ਜੱਸੇ ਨੂੰ ਮਾਰ ਕੇ ਮੰਡ ਵੱਲ ਸੁੱਟ ਆਏ, ਉਥੇ ਜਿੱਥੇ ਪਹਿਲਾਂ ਈ ਲਾਸ਼ਾਂ ਸੁੱਟਦੇ ਰਹੇ ਆਂ। ਪਰ ਫਕੀਰੀਆ ਅੱਗੋਂ ਗਾਹਲੀਂ ਡਹਿ ਪਿਆ ਈ ਅਖੇ ਮੈਂ ਆਪਣੇ ਪੁਰਾਣੇ ਆੜੀ ਜੱਸੇ ਨੂੰ ਨਹੀਂ ਮਾਰਨਾ।''

''ਫੇਰ?'' ਮੈਂ ਸ਼ੌਂਕੀ ਨੂੰ ਹੋਰ ਕੁਰੇਦਿਆ।


''ਫੇਰ ਕੀ? ਅਜੈਬਾ ਕਹਿੰਦੈ, ਮਾਈਂਯਾਵੇ ਨੇ ਸਾਡੇ ਖਣੀਂ ਕਿੰਨੇ ਪੁਲਸੀਏ ਮਾਰੇ ਐ, ਆਪ ਹੀ ਪੁਲਸੀਆ ਹੋ ਕੇ ਵੀ। ਤੇ ਏਹੋ ਜਹੇ ਕੀੜੇ ਨੂੰ ਮਾਰਨ 'ਚ ਕੀ ਹਰਜ਼ ਐ? ਅੱਗੋਂ ਫਕੀਰੀਆ ਕਹਿੰਦੈ, ''ਮੈਂ ਕਿਹੜਾ ਥੋੜ•ੇ ਬੰਦੇ ਮਾਰੇ ਐ? ਫੇਰ ਤੇ ਕੱਲ• ਨੂੰ ਮੈਨੂੰ ਵੀ ਮਾਰ ਦਿਓ ਜੇ।''

''ਹੁਣ ਕੀ ਕਰਨਗੇ ਫੇਰ?'' ਮੈਂ ਪੁੱਛਿਆ। ਮੈਨੂੰ ਪਤਾ ਸੀ ਕਿ ਸ਼ੌਂਕੀ ਨੂੰ ਸਭ ਪਤਾ ਹੋਏਗਾ। ਉਂਝ ਵੀ ਤਜਰਬੇ ਤੋਂ ਮੈਂ ਜਾਣ ਗਿਆ ਸਾਂ ਕਿ ਭੇਤ ਜਾਂ ਤੇ ਲਾਂਗਰੀ ਜਾਂ ਨੌਕਰਾਂ ਤੇ ਡਰਾਈਵਰਾਂ ਕੋਲ ਹੀ ਹੁੰਦੇ ਨੇ।


''ਫੇਰ ਕੀ?''

''ਫੇਰ ਭਾਅ, ਹੁਣ ਚੰਨਾ ਨੱਥ ਤੇ ਕਿਰਪਾਲ ਹੌਲਦਾਰ ਤਿਆਰ ਨੇ ਇਹਦੀ ਟਿਕਟ ਕੱਟਣ ਲਈ। ਅਜੈਬੇ ਨੇ ਉਹੀ ਦਸ ਹਜ਼ਾਰ ਤੇ ਪੇਟੀ ਉਨ•ਾਂ ਨੂੰ ਦੇਣੀ ਕਰ 'ਤੀ ਐ,'' ਸ਼ੌਂਕੀ ਨੇ ਕਿਹਾ।

''ਕਦੋਂ?'' ਮੈਂ ਸ਼ੌਂਕੀ ਨੂੰ ਸਪੱਸ਼ਟ ਪੁੱਛਿਆ।

''ਕੱਲ• ਦੁਪਹਿਰੋਂ ਬਾਅਦ,'' ਸ਼ੌਂਕੀ ਕਹਿ ਕੇ ਬਾਹਰ ਚਲਾ ਗਿਆ।

***


ਮੈਂ ਕਮਰੇ ਵਿੱਚ ਪਰਤ ਆਇਆ। ਜੱਸੇ ਨੇ ਰੌਲੇ ਦਾ ਕਾਰਣ ਪੁੱਛਿਆ। ਬੜੇ ਸਪੱਸ਼ਟ ਰੂਪ ਵਿੱਚ ਪੂਰੀ ਸਹਿਜ ਅਵਾਜ਼ ਵਿੱਚ ਮੈਂ ਕਿਹਾ, ''ਕੱਲ• ਦੁਪਹਿਰ ਤੋਂ ਬਾਦ ਤਿਆਰ ਰਹੀਂ। ਆ ਗਿਐ ਵੇਲਾ।''

ਲੰਮੀ ਚੁੱਪ ਤੋਂ ਬਾਅਦ ਉਸ ਨੇ ਕਿਹਾ-

''ਫੇਰ ਰੌਲਾ ਕਾਹਦਾ ਸੀ?''

''ਫਕੀਰੀਏ ਨੇ ਨਾਂਹ ਕਰ ਤੀ ਐ।'' ਮੈਂ ਕਿਹਾ।

''ਹੁਣ ਕੌਣ?'' ਉਹਨੇ ਨਜ਼ਰਾਂ ਗੱ²ਡ ਕੇ ਸਪੱਸ਼ਟ ਪੁੱਛਿਆ।

''ਚੰਨਾ ਤੇ ਕਿਰਪਾਲ!'' ਮੈਂ ਏਨਾ ਕਹਿ ਕੇ ਚੁੱਪ ਵੱਟ ਗਿਆ। ਉਹ ਵੀ ਚੁੱਪ ਕਰ ਗਿਆ। ਕੁਛ ਦੇਰ ਸਿੱਧਾ ਪਏ ਰਹਿਣ ਬਾਅਦ ਉਸ ਕਿਹਾ, ''ਮੈਨੂੰ ਪਾਸਾ ਦਵਾ ਦੇਹ!''

ਮੈਂ ਉੱਠਕੇ ਵੱਖੀ ਪਰਨੇ ਕਰ ਦਿੱਤਾ। ਅਚਾਨਕ ਮੈਨੂੰ ਉਹਦੇ ਕੱਟੇ ਹੋਏ ਹੱਥ ਦਾ ਖਿਆਲ ਆਇਆ-

''ਸੱਜਾ ਹੱਥ ਕਿੱਥੇ ਈ?''

''ਉਹ ਥਾਣੇਦਾਰ ਚੀਮਾ ਵੱਢ ਕੇ ਸੁੱਟ ਗਿਐ ਹਫਤਾ ਕੁ ਪਹਿਲਾਂ।'' ਉਹਨੇ ਜਵਾਬ ਦਿੱਤਾ।

''ਉਹਦਾ ਮੁੰਡਾ ਮਾਰਿਆ ਸੀ ਮੈਂ ਰਈਏ ਕੋਲ ਝਾੜੂ ਨੰਗਲ ਵਲ! ਚੀਮਾ ਰਟੈਰ ਹੋਣ ਵੇਲੇ ਉਹਨੂੰ ਭਰਤੀ ਕਰਾ ਗਿਆ ਸੀ ਹੌਲਦਾਰ! ਉਹਦੀ ਡਿਊਟੀ ਉਧਰਲੀ ਪੁਲਿਸ ਚੌਂਕੀ 'ਚ ਸੀ। ਬਸ ਮੈਨੂੰ ਪਤਾ ਸੀ, ਰਾਤ ਨੂੰ ਕਿਹੜੇ ਵੇਲੇ ਉਹ ਦੋ ਤਿੰਨ ਜਣੇ ਨਿਕਲਦੇ ਐ। ਦੋ ਸਨ, ਮੈਂ ਰੇੜ ਦਿੱਤੇ।'' ਉਹਨੇ ਬਾਕੀ ਬਚਦੀ ਕਥਾ ਵੀ ਸੁਣਾ ਦਿੱਤੀ।

''ਫੇਰ?'' ਮੈਂ ਪੁੱਛਿਆ।

''ਫੇਰ ਕੀ? ਚੀਮੇ ਨੂੰ ਪਤਾ ਲੱਗਾ ਈ ਸਾਲ ਕੁ ਬਾਅਦ! ਉਹ ਵੀ ਹਫਤਾ ਕੁ ਪਹਿਲਾਂ ਅਜੈਬੇ ਨੇ ਦੱਸਿਆ ਈ ਉਹਨੂੰ। ਉਹ ਅਜੈਬੇ ਕੋਲੋਂ ਮੈਨੂੰ ਮੰਗਦਾ ਸੀ। ਪੰਜ ਲੱਖ ਵੀ ਢੇਰੀ ਕਰਦਾ ਸੀ ਕਿ ਜੱਸੇ ਦੇ ਟੋਟੇ ਕਰ ਦਿਓ। ਅਜੈਬੇ ਨੇ ਪੰਜ ਲੱਖ ਵੇਖ ਕੇ ਆਖ ਛੱਡਿਆ, ''ਤੈਨੂੰ ਇਹ ਨੋਟਾਂ ਦੀ ਖਾਣ ਪੰਜ ਲੱਖ 'ਚ ਦੇ ਦੇਈਏ। ਕੁੱਟ ਜਿੰਨਾ ਮਰਜ਼ੀ ਲਾ, ਵੱਢਾਂ-ਮਾਰਾਂਗੇ ਅਸੀਂ ਆਪੇ।''

''ਅੱਛਾ?'' ਮੈਂ ਹੁੰਗਾਰਾ ਭਰਿਆ। ਮੈਨੂੰ ਹੁਣ ਕੋਈ ਗੱਲ ਹੈਰਾਨ ਨਹੀਂ ਸੀ ਕਰ ਰਹੀ, ਕਿਉਂਕਿ ਅੱਤ ਦੇ ਨੀਚ ਤੇ ਹੈਵਾਨਾਂ ਨਾਲ ਤੇ ਮੈਂ ਆਪ ਕੰਮ ਕਰ ਚੁੱਕਾ ਸਾਂ ਕਈ ਸਾਲ। ਸੋ ਇਹ ਸਭ ਸਹਿਜ ਸੀ।

***


''ਫੇਰ ਕੀ?''

''ਆਹ ਸਾਰਾ ਅੰਜਰ-ਪੰਜਰ ਦੁਬਾਰਾ ਉਸੇ ਧੀ ਦੇ ਯਾਰ ਦਾ ਈ ਹਿਲਾਇਐ ਹੋਇਐ। ਜਾਂਦਾ ਹੋਇਆ ਉਹ ਕਿਤੋਂ ਦਾਤਰ ਲੱਭ ਲਿਆਇਆ ਤੇ ਹੱਥ ਵੱਢ ਗਿਆ। ਉਹ ਤੇ ਸਾਲਾ ਗਾਟਾ ਲਾਹੂ ਸੀ, ਪਰ ਅਜੈਬੇ ਤੇ ਨਿਰਮਲ ਨੇ ਫੜ• ਲਿਆ।'' ਉਸ ਕਿਹਾ।

ਲੰਮੀ ਚੁੱਪ ਬਾਅਦ ਉਸਨੇ ਫੇਰ ਕਹਿਣਾ ਸ਼ੁਰੂ ਕੀਤਾ-

''ਮੈਨੂੰ ਨਾ ਕੱਲ• ਦੁਪਹਿਰੇ ਆਉਣ ਵਾਲੀ ਮੌਤ ਦਾ ਕੋਈ ਰੰਜ ਈ, ਤੇ ਨਾ ਈ ਏਸ ਹੱਥ ਦਾ। ਰੰਝ ਤੇ ਵੱਡਿਆ ਮੈਨੂੰ ਹੋਰ ਈ ਐ। ਉਹ ਵੀ ਮੈਂ ਤੈਨੂੰ ਦੱਸ ਕੇ ਜਾਵਾਂਗਾ। ਨਾਲੇ ਤੈਥੋਂ ਕੁਝ ਮੰਗਣਾ ਵੀ ਏ।''

''ਤੈਨੂੰ ਯਾਦ ਏ, ਮੈਂ ਤੈਨੂੰ ਰੂਬੀ ਕੈਟ ਕੋਲੋਂ ਬਚਾਇਆ ਸੀ?'' ਕੁਛ ਦੇਰ ਬਾਅਦ ਉਸ ਕਿਹਾ।

ਮੈਨੂੰ ਸਾਰੀ ਕਹਾਣੀ ਯਾਦ ਆ ਗਈ। ਰੂਬੀ ਕੈਟ ਪੁਲਿਸ ਦਾ ਬੰਦਾ ਸੀ। ਪਰ ਚਾਟੀਵਿੰਡ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਦਾ ਜਥੇਦਾਰ ਬਣਿਆ ਬੈਠਾ ਸੀ। ਮੈਂ ਵੀ ਉਥੇ ਸੇਵਾਦਾਰ ਬਣ ਕੇ ਪਨਾਹ ਲਈ ਹੋਈ ਸੀ। ਰੂਬੀ ਨੂੰ ਪਤਾ ਲੱਗ ਗਿਆ ਤੇ ਉਹਨੇ ਥਾਣੇ ਬੀ. ਡਿਵੀਜ਼ਨ ਰਿਪੋਰਟ ਕਰ ਦਿੱਤੀ ਸੀ। ਉੱਥੇ ਕਿਤੇ ਜੱਸਾ ਤੈਨਾਤ ਸੀ। ਉਹਨੇ ਫੱਟ ਆਪਣੇ ਫੀਲੇ ਤੋਚੀ ਲਾਂਗਰੀ ਨੂੰ ਸੁਨੇਹਾ ਦਿੱਤਾ ਤੇ ਤੋਚੀ ਨੇ ਮੈਨੂੰ ਲਾਂਭੇ ਕਰ ਦਿੱਤਾ। ਸ਼ਾਮ ਨੂੰ ਹਨੇਰਾ ਪਏ ਮੈਂ ਤੇ ਤੋਚੀ ਨੇ ਰੂਬੀ ਨੂੰ ਗਲ 'ਚ ਪਰਨਾ ਪਾ ਕੇ ਮਾਰ ਦਿੱਤਾ, ਜਦੋਂ ਉਹ ਬੇਫਿਕਰ ਹੋ ਕੇ ਸਕੱਤਰੀ ਬਾਗ ਕੋਲੋਂ ਲੰਘ ਕੇ ਭਗਤਾਂ ਵਾਲੇ ਜਾ ਰਿਹਾ ਸੀ। ਲਾਸ਼ ਚੁੱਕ ਕੇ ਗੰਦੇ ਨਾਲੇ ਵਿੱਚ ਪੱਕੀ ਤਰ•ਾਂ ਨੱਪ ਦਿੱਤੀ। ਰੂਬੀ ਦਾ ਅੱਜ ਤੱਕ ਖੁਰਾ ਨਹੀਂ ਲੱਭ ਸਕੀ ਪੁਲਿਸ ਤੇ ਨਾ ਮੈਂ ਕਿਸੇ ਵੀ ਰਿਮਾਂਡ ਵਿੱਚ ਉਹਦਾ ਕਤਲ ਮੰਨਿਆ ਸਾਂ।

''ਹਾਂ! ਤੇਰੀ ਕਿਰਪਾ ਨਾਲ ਉਦੋਂ ਮੈਂ ਮਸਾਂ ਬਚਿਆ ਸਾਂ।'' ਮੈਂ ਜੱਸੇ ਨੂੰ ਦਿਲੋਂ ਕਿਹਾ।

ਕੁਝ ਦੇਰ ਬਾਅਦ ਮੇਰੀ ਅੱਖ ਲੱਗ ਗਈ। ਜੱਸੇ ਨੂੰ ਨੀਂਦ ਕਿੱਥੇ?

***


ਪੀ. ਟੀ. ਦੀ ਮੌਤ ਤੋਂ ਮਗਰੋਂ ਜੱਸੇ ਦੀਆਂ ਵਾਗਾਂ ਖੁੱਲ•ੀਆਂ ਸਨ। ਸੰਤ ਤੇ ਉਹਦੇ ਸਾਥੀ ਅੰਦਰ ਲੜਦੇ ਚੜ•ਾਈਆਂ ਕਰ ਗਏ ਸਨ। ਜੱਸੇ ਨੇ ਉਥੋਂ ਬਚ ਨਿਕਲੇ ਜਿੰਦੇ, ਗਿੰਦਰ, ਬਾਬੇ ਮਾਨੋਚਾਹਲ ਜਾਂ ਸੁੱਖ ਹੋਰਾਂ ਨਾਲ ਸੰਪਰਕ ਨਾ ਬਣਾਇਆ। ਉਧਰ ਫੌਜ ਤੇ ਪੁਲਿਸ ਸਾਰੇ ਹਾਰ²ਡ ਕੋਰ ਅਤਿਵਾਦੀਆਂ ਨੂੰ ਲੱਭ ਰਹੀ ਸੀ। ਜੱਸਾ ਛੇਹਰਟੇ ਦੀ ਕਾਲੀ ਬਿੱਲੀ ਜਸਵਿੰਦਰ ਦੀ ਮਦਦ ਨਾਲ ਮੁਸਤਫੇ ਆਲਮ ਦੀ ਕਾਲੀ ਬਿੱਲੀ ਬਣ ਗਿਆ। ਥੋੜ•ੀ ਦੇਰ ਬਾਅਦ ਉਹ ਮਸ਼ਹੂਰ ਕੈਟ ਸੋਖੇ ਕਾਲੇ ਦੀ ਸਿਫਾਰਿਸ਼ ਨਾਲ ਸਿਪਾਹੀ ਭਰਤੀ ਹੋ ਗਿਆ। ਸਾਨੂੰ ਇਹ ਸਭ ਖਬਰਾਂ ਮਿਲਦੀਆਂ ਸਨ। ਮਾਨੋਚਾਹਲ ਅਤੇ ਗੁਰਜੰਟ ਸਿੰਘ ਹੱਥਾਂ 'ਤੇ ਦੰਦੀਆਂ ਵੱਢਦੇ ਸਨ ਕਿ ਉਦੋਂ ਹੀ ਇਹਨੂੰ ਕਿਉਂ ਨਾ ਮਾਰ ਦਿੱਤਾ? ਉਧਰ ਜੱਸੇ ਨੂੰ ਤੇ ਖਾੜਕੂ ਲਹਿਰ ਦੇ ਅੱਡੇ, ਉਨ•ਾਂ ਦੇ ਕੰਮ ਕਰਨ ਦੇ ਢੰਗ ਤੱਕ ਪਤਾ ਸੀ, ਉਹਨੇ ਕਈ ਇਨਾਮੀ ਸਿੰਘ ਮਾਰੇ ਤੇ ਤਰੱਕੀਆਂ ਕਰਦਾ ਛੋਟਾ ਥਾਣੇਦਾਰ ਬਣ ਗਿਆ ਸੀ। ਇੰਦਰਜੀਤ ਵਹਿਸ਼ੀ ਦੀ ਸੰਗਤ ਕਾਰਣ ਉਸ ਅੰਦਰ ਬੇਤਰਸੀ ਪੈਦਾ ਹੋ ਗਈ ਸੀ, ਜਿਹੜੀ ਅਕਸਰ ਕਸਾਈਆਂ, ਨੀਮ ਪਾਗਲਾਂ ਜਾਂ ਅੰਨ•ੀ ਤਾਕਤ ਨਾਲ ਭੂਸਰੇ ਪਸ਼ੂਆਂ ਦੀਆਂ ਅੱਖਾਂ ਵਿੱਚ ਹੁੰਦੀ ਹੈ। ਸੋਖਾ ਕਾਲਾ ਤੇ ਇੱਕ ਦਿਨ ਅੰਮ੍ਰਿਤਸਰ ਆਪਣੇ ਘਰ ਬੈਠਾ ਹੀ ਭੂਪੀ ਜੋਗਪੁਰੀਏ ਹੱਥੋਂ ਮਾਰਿਆ ਗਿਆ, ਪਰ ਜੱਸੇ ਦੇ ਸੰਪਰਕ ਬਣਾ ਗਿਆ ਸੀ। ਦਿੱਲੀ ਸਰਕਾਰ ਨੂੰ ਅੱਤਵਾਦ ਨੂੰ ਹਵਾ ਦੇਣ ਲਈ ਜੱਸੇ ਵਰਗੇ ਚਾਹੀਦੇ ਸਨ, ਉਹਦਾ ਦਾ ਨਾਂ ਹਰ ਏਜੰਸੀ ਵਿੱਚ 'ਕੰਮ ਦੇ ਬੰਦੇ' ਵਜੋਂ ਬੋਲਣ ਲੱਗ ਪਿਆ ਸੀ।

***


''ਇੰਦਰ ਵਹਿਸ਼ੀ ਨੂੰ ਕਿਉਂ ਮਾਰ ਤਾ ਸੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਾਲਿਆਂ ਨੇ?'' ਰਾਤ ਦਾ ਆਖਰੀ ਪਹਿਰ ਸੀ, ਜਦ ਮੈਂ ਨਿਰੰਤਰ ਜਾਗਦੇ ਜੱਸੇ ਨੂੰ ਪੁੱਛਿਆ। ਅਸੀਂ ਦੋਵੇਂ ਹੀ ਸੁੱਤੇ ਨਹੀਂ ਸਾਂ।

''ਉਹ ਦਰਅਸਲ ਅਸੀਂ ਵਰਪਾਲਾਂ ਦੇ ਕਿਸੇ ਟਾਊਟ ਨੂੰ ਮੌਕੇ 'ਤੇ ਫੜ• ਕੇ ਮਾਰਨਾ ਸੀ। ਜਦ ਅਸੀਂ ਗੋਲੀ ਮਾਰਨ ਲੱਗੇ, ਇੰਦਰ ਵਹਿਸ਼ੀ ਕਹਿੰਦਾ, ''ਥੋੜ•ਾ ਨਜ਼ਾਰਾ ਵੀ ਬੰਨ•ੀਏ ਤੇ ਉਹਨੇ ਲਿਬਰੇਸ਼ਨ ਆਲੇ ਜਥੇਦਾਰ ਕਸ਼ਮੀਰ ਠੱਠੇ ਨੂੰ ਕਿਹਾ ਕਿ ਇਹਨੂੰ ਅਸੀਂ ਨਹਿਰ ਦੇ ਪਰਲੇ ਬੰਨੇ ਮਾਰ ਦਿਆਂਗੇ ਤੁਸੀਂ ਜਾਓ। ਉਹ ਸਾਨੂੰ ਟਾਊਟ ਸੌਂਪ ਕੇ ਚਲੇ ਗਏ। ਨਾਲ ਉਨ•ਾਂ ਦਾ ਹੌਲੀ ਉਮਰ ਦਾ ਸਿੰਘ ਸੀ-ਪ੍ਰਤਾਪ ਸਿੰਘ। ਉਹ ਸਾਡੇ ਨਾਲ ਰਿਹਾ। ਇੰਦਰ ਵਹਿਸ਼ੀ ਨੇ ਤੇ ਮੈਂ ਰਲ ਕੇ ਨਹਿਰ ਦੇ ਕੰਢੇ ਜਾ ਕੇ ਉਸ ਟਾਊਟ ਦੇ ਮੂੰਹ ਵਿੱਚ ਕੱਪੜਾ ਦੇ ਕੇ ਉਹਦਾ ਬੰਦ ਬੰਦ ਕੱਟਿਆ। ਜਿਉਂ ਜਿਉਂ ਅਸੀਂ ਕੱਟੀਏ, ਉਹ ਮਰਨ ਤੋਂ ਪਹਿਲਾਂ ਤੜਫੇ । ਸਾਨੂੰ ਦੋਹਾਂ ਨੂੰ ਮਾਰ ਕੇ ਕਿਤੇ ਸਵਾਦ ਆਇਆ। ਪ੍ਰਤਾਪ ਇਹ ਵੇਖ ਕੇ ਡਰ ਗਿਆ ਤੇ ਭੱਜ ਗਿਆ। ਉਥੋਂ ਹੀ ਰਾਤੋ ਰਾਤ ਕਸ਼ਮੀਰ ਠੱਠੇ ਕੋਲ ਚਲਾ ਗਿਆ। ਅਸੀਂ ਪਿੱਛੋਂ ਉਹਦੇ ਸੰਤਾਲੀ ਦਾ ਪੂਰਾ ਬਰਸਟ ਮਾਰਿਆ ਕਿ ਉਹ ਠੱਠੇ ਕੋਲ ਨਾ ਪਹੁੰਚ ਸਕੇ, ਪਰ ਉਹ ਬਚ ਗਿਆ, ਤੇ ਠੱਠੇ ਨੂੰ ਸਾਰੀ ਕਹਾਣੀ ਜਾ ਸੁਣਾਈ। ਮੈਨੂੰ ਖੁੜਕ ਗਈ ਸੀ ਏਸ ਲਈ ਮੈਂ ਤੇ ਮੁੜ ਬਾਬੇ ਭਿੰਡਰਾਂਵਾਲੇ ਦੇ ਦਰਬਾਰ ਵਿੱਚ ਨਹੀਂ ਸੀ ਗਿਆ। ਪਰ ਇੰਦਰ ਨੂੰ ਮੈਂਟਲ ਨੂੰ ਅਕਲ ਕਿੱਥੇ? ਉਹ ਅੰਦਰ ਪ੍ਰਕਰਮਾ 'ਚ ਚਲਾ ਗਿਆ ਤੇ ਉਥੋਂ ਹੀ ਠੱਠੇ ਹੁਰਾਂ ਉਹਨੂੰ ਬਾਹਰ ਗੁਰੂ ਰਾਮਦਾਸ ਸਰਾਂ ਵਿੱਚ ਲਿਜਾ ਕੇ ਟੋਟੇ ਟੋਟੇ ਕਰਕੇ ਤਰਨਤਾਰਨ ਰੋਡ ਵੱਲ ਕਿਤੇ ਉਜਾੜ ਵਿੱਚ ਪੈਟਰੋਲ ਪਾ ਕੇ ਸਾੜ ਘੱਤਿਆ ਸੀ।'' ਜੱਸੇ ਨੇ ਸਾਰੀ ਕਹਾਣੀ ਦੱਸ ਦਿੱਤੀ।

***

''ਪਰ....ਪਰ ਭਾਅ। ਤੂੰ ਗਿੰਦੋ ਸ਼ਪੈਹਣ ਕਾਹਨੂੰ ਮਾਰ ਘੱਤੀ?'' ਮੈਂ ਝਿਜਕ ਕੇ ਪੁੱਛ ਹੀ ਲਿਆ।

ਉਹ ਮੇਰੀ ਘਰਦੀ ਨਹੀਂ ਸੀ, ਓਦਾਂ ਹੀ ਰੱਖੀ ਹੋਈ ਸੀ ਰਖੇਲ ਵਾਂਗ। ਪਰ ਉਹ ਮੈਨੂੰ ਟੋਕਣ ਬਹੁਤ ਲੱਗ ਪਈ ਸੀ। ਜਦੋਂ ਮੈਂ ਸ਼ਰਾਬ ਨਾਲ ਡੱਕਿਆ ਉਹਦੇ ਆਲੇ ਘਰ ਹੀ ਜਾਂਦਾ, ਉਹ ਮੈਨੂੰ ਟੋਕਦੀ। ਇਕੱਲੀ ਰਹਿੰਦੀ ਸੀ ਉਹ। ਜਿੱਦਣ ਮੈਨੂੰ ਕੋਈ ਬੰਦਾ ਮਾਰਨ ਲਈ ਨਾ ਲੱਭਦਾ ਮੈਂ ਪਾਗਲ ਹੋ ਕੇ ਹੱਥਾਂ ਵਿੱਚ ਚਾਕੂ ਮਾਰ ਮਾਰ ਲਹੂ ਕੱਢਦਾ ਜਾਂ ਕੰਧ ਨਾਲ ਸਿਰ ਭੰਨਦਾ। ਉਹ ਤੰਗ ਆ ਜਾਂਦੀ। ਇੱਕ ਦਿਨ ਗੁੱਸੇ 'ਚ ਮੈਥੋਂ ਉਹਦੇ ਗੋਲੀ ਮਾਰੀ ਗਈ। ਮੈਂ ਸਰਕਾਰੀ ਜੀਪ 'ਚ ਲੱਦ ਕੇ ਮੰਡ ਲੈ ਗਿਆ ਤੇ ਡੀਜ਼ਲ ਪਾ ਕੇ ਫੂਕ ਦਿੱਤੀ। ਏਦਾਂ ਹੀ ਪਹਿਲਾਂ ਮੈਂ ਤਰਨਤਾਰਨ ਦੀਆਂ ਦੋ ਮਾਸਟਰਨੀਆਂ ਵੀ ਡੀਜ਼ਲ ਪਾ ਕੇ ਫੂਕੀਆਂ ਸੀ। ਉਦੋਂ ਖਬਾਰਾਂ 'ਚ ਬੜਾ ਰੌਲਾ ਪਿਆ ਸੀ, ਪਰ ਆਪੇ ਈ ਸਭ ਚੁੱਪ ਕਰ ਗਏ ਸਨ।'' ਜੱਸਾ ਉਧੜਦਾ ਜਾਂਦਾ ਸੀ।

''ਭਾਅ....। ਤੇਰੀ ਵਹੁਟੀ ਤੇ ਬੱਚਾ ਵੀ ਸੀਗੇ। ਨਿੱਕੀ ਉਮਰੇ ਤੇਰੇ ਪਿਓ ਨੇ ਤੇਰੇ ਲਈ ਜਿਹੜੀ ਸਹੇੜੀ ਸੀ। ਉਹ ਨਹੀਂ ਕਦੀ ਮਿਲੇ?'' ਮੈਂ ਉਹਦਾ ਧਿਆਨ ਪੁਰਾਣੀ ਜ਼ਿੰਦਗੀ ਵੱਲ ਦਵਾਇਆ।

''ਭਾਅ। ਉਹ ਤੇ ਮੈਂ ਸੰਨ ਇਕਾਸੀ ਦੇ ਛੱਡੇ ਈ। ਮੈਂ ਉਦੋਂ ਮਸਾਂ ਉਨ•ੀਆਂ ਵੀਹਾਂ ਦਾ ਹੋਵਾਂਗਾ। ਉਹ ਤੇ ਐਸੀ ਮੈਂ ਛੱਡੀ, ਉਹਨੇ ਵੀ ਪੇਕੇ ਪਿੰਡ ਜਾ ਕੇ ਮੇਰੇ ਵੱਲ ਮੂੰਹ ਨਹੀਂ ਕੀਤਾ। ਮੁੰਡਾ ਮੇਰਾ ਵੀ ਉਥੇ ਹੀ ਹੋਇਆ ਸੀ।'' ਉਹ ਫਿਸ ਜਿਹਾ ਪਿਆ।

''ਯਾਦ ਆਉਂਦਾ ਕਦੇ?'' ਮੈਂ ਕਿਹਾ।

''ਨਹੀਂ।'' ਉਹਦਾ ਚਿਹਰਾ ਫਿਰ ਸਖਤ ਹੋ ਗਿਆ।

***


ਬਰਨਾਲਾ ਸਰਕਾਰ ਜਦੋਂ ਸਤਾਸੀ ਵਿੱਚ ਆਈ ਤੇ ਚਲੀ ਵੀ ਗਈ, ਉਦੋਂ ਮੈਨੂੰ ਕੁਝ ਮਹੀਨਿਆਂ ਲਈ ਆਮ ਮਾਫੀ ਮਿਲ ਗਈ ਸੀ। ਮੈਂ ਤੇ ਮੇਰੇ ਕਈ ਸਾਥੀ ਖੇਤਾਂ ਵਿੱਚੋਂ ਬਾਹਰ ਆ ਕੇ ਹਥਿਆਰ ਸੁੱਟ ਗਏ ਸਨ। ਮੇਰੇ ਪਿਤਾ ਜੀ ਵੀ ਉਦੋਂ ਹੀ ਚੜ•ਾਈ ਕਰ ਗਏ ਸਨ। ਮੈਂ ਉਹਨੀ ਦਿਨੀਂ ਘਰ ਹੀ ਰਹਿੰਦਾ ਸਾਂ। ਕਈ ਮੇਰੇ ਸਾਥੀ ਬਰਨਾਲਾ ਸਰਕਾਰ ਦੇ ਕੰਡਕਟਰ ਭਰਤੀ ਕੀਤੇ ਸਨ, ਕਈ ਬਿਜਲੀ ਬੋਰਡ ਵਿੱਚ। ਕਈਆਂ ਨੂੰ ਮਿੰਨੀ ਬੱਸਾਂ ਪਵਾ ਦਿੱਤੀਆਂ ਗਈਆਂ ਸਨ। ਭਾਪੇ ਹੁਰਾਂ ਨੂੰ ਗੁਜ਼ਰਿਆਂ ਦੋ ਕੁ ਮਹੀਨੇ ਹੀ ਹੋਏ ਸਨ ਕਿ ਬਰਨਾਲਾ ਸਰਕਾਰ ਡਿੱਗ ਪਈ ਸੀ। ਮੈਂ ਵੀ ਵੀਹ ਕੁ ਹਜ਼ਾਰ ਦਾ ਲੋਨ ਲੈ ਰੱਖਿਆ ਸੀ, ਪਰ ਕਿਸੇ ਕੰਮ ਨੂੰ ਰੂਹ ਨਹੀਂ ਸੀ ਕਰਦੀ। ਭਰਾ ਪੱਕਾ ਹੀ ਯੂ. ਪੀ. ਵਸ ਗਿਆ ਸੀ। ਬਰਨਾਲਾ ਸਰਕਾਰ ਦੇ ਡਿੱਗਣ ਦੀ ਦੇਰ ਸੀ ਕਿ ਫੇਰ ਪੁਲਿਸ ਗੇੜੇ ਕੱਢਣ ਲੱਗ ਪਈ। ਉਹੀ ਕੁਚੱਕਰ। ਹਾਰ ਕੇ ਮੈਂ ਫੇਰ ਰੂਪੋਸ਼ ਹੋ ਗਿਆ। ਇੱਕ ਵਾਰ ਮੈਂ ਪੈਂਟਾ ਗਰੁੱਪ ਨਾਲ ਰਲਿਆਂ ਸਾਂ। ਉਨ•ਾਂ ਕੋਲ ਪੱਕੀਆਂ ਠਾਹਰਾਂ ਤੇ ਨਵੇਂ ਹਥਿਆਰ ਸਨ। ਕਦੀ ਕਦੀ ਮੈਨੂੰ ਜੱਸੇ ਦੀ ਸ਼ੋਅ ਮਿਲਦੀ ਤੇ ਉਹਨੂੰ ਮੇਰੀ, ਪਰ ਉਦੋਂ ਹੋਰ ਕੁਝ ਪੋਂਹਦਾ ਹੀ ਨਹੀਂ ਸੀ। ਇੱਕ ਵਾਰ ਢੰਡ ਕਸੇਲ ਮੇਰੇ ਤੇ ਜੱਸੇ ਦੇ ਟਾਕਰੇ ਹੋਏ ਸਨ। ਮੈਂ ਇਕੱਲਾ ਮੋਟਰ ਸਾਈਕਲ ਤੇ ਜਾ ਰਿਹਾ ਸਾਂ। ਉਧਰੋਂ ਜੱਸਾ ਨਾਕਾ ਲਾਈ ਖੜ•ਾ ਸੀ। ਪੁਲਿਸ ਨੇ ਰੋਕਿਆ ਤੇ ਮੇਰੀ ਪੁੱਛਗਿੱਛ ਸ਼ੁਰੂ ਕੀਤੀ। ਜੱਸਾ ਤਿੰਨ ਸਟਾਰ ਲਾਈ ਖੜ•ਾ ਸੀ। ਅਸਾਂ ਦੋਹਾਂ ਇੱਕ ਦੂਜੇ ਨੂੰ ਪਛਾਣ ਲਿਆ। ਬੋਲਿਆ ਕੋਈ ਵੀ ਨਾ। ਉਹਨੇ ਹੱਥ ਦੇ ਇਸ਼ਾਰੇ ਨਾਲ ਕਿਹਾ, ''ਜਾਣ ਦਿਓ ਮੁੰਡਿਓ ਇਹਨੂੰ।''

ਮੈਂ ਵੀ ਚੁੱਪਚਾਪ ਚਲਾ ਗਿਆ ਸਾਂ।

***


ਸਵੇਰ ਹੋ ਰਹੀ ਸੀ, ਜਦ ਜੱਸੇ ਨੇ ਮੇਰੇ ਕੋਲੋਂ ਪਾਣੀ ਮੰਗਿਆ। ਮੈਂ ਪਾਣੀ ਪਿਆ ਕੇ ਉਹਨੂੰ ਦੁਬਾਰਾ ਲਿਟਾ ਦਿੱਤਾ। ਅਚਾਨਕ ਉਹ ਬੋਲਿਆ

''ਮਾਸਟਰਾ! ਮੈਨੂੰ ਤੇਰੀ ਮਾਂ ਮਰੀ ਦਾ ਬੜਾ ਮਸੋਸ ਈ।''

''ਛੱਡ ਹੁਣ।'' ਮੈਂ ਕਿਹਾ। ਪਰ ਅਚਾਨਕ ਮਾਂ ਦਾ ਜ਼ਿਕਰ ਆ ਜਾਣ ਨਾਲ ਮੇਰਾ ਗੱਚ ਭਰ ਆਇਆ ਸੀ।

''ਮਾਸਟਰਾ। ਮੇਰੀ ਇੱਕ ਗਲਤੀ ਹੈ ਈ। ਮੈਂ ਤੇਰੇ ਦੋਸ਼ੀ ਸ਼ਰਮੇ ਐਸ. ਪੀ. ਨਾਲ ਸਾਲ ਕੁ ਕੰਮ ਕੀਤੈ। ਉਦੋਂ ਤੇਰੀ ਬੜ•ੀ ਚੜ•ਾਈ ਸੀ ਪੰਜਾਬ 'ਚ। ਮੈਂ ਚਾਹੁੰਦਾ ਤਾਂ ਤੈਨੂੰ ਸ਼ਰਮੇ ਦਾ ਰੂਟ ਦੱਸ ਸਕਦਾ ਸੀ। ਪਰ ਕੀ ਦੱਸਾਂ, ਮੈਨੂੰ ਉਦੋਂ ਪੈਹੇ ਦਾ ਲਾਲਚ ਬੜਾ ਹੀ, ਮੈਨੂੰ ਮਾਰ ਗਿਆ।'' ਉਹ ਪੂਰੀ ਤਰ•ਾਂ ਉੱਧੜ ਰਿਹਾ ਸੀ।

''ਛੱਡ ਗੱਲ ਨੂੰ ਦਫਾ ਕਰ ਹੁਣ।'' ਮੈਂ ਇਹ ਗੱਲਾਂ ਤੇ ਸ਼ਰਮੇ ਸੀਨੀਅਰ ਦਾ ਜ਼ਿਕਰ ਵੀ ਸੁਣਨਾ ਨਹੀਂ ਸੀ ਚਾਹੁੰਦਾ। ਸੋ ਮੈਂ ਗੱਲ ਮੁਕਾਈ।

***

ਘੰਟੇ ਕੁ ਬਾਅਦ ਜਦੋਂ ਟਿੱਕੀ ਪੂਰੀ ਚੜ• ਆਈ, ਚੰਨਾ ਤੇ ਕਿਰਪਾਲ ਆ ਗਏ। ਕਿਰਪਾਲ ਘਰੋਂ ਆਇਆ ਸੀ, ਪਰ ਚੰਨਾ ਉਥੇ ਹੀ ਸੌਂਦਾ ਸੀ। ਆਰੀਆ ਸਮਾਜੀਆਂ ਦਾ ਇਹ ਸਕੂਲ ਬੜਾ ਵੱਡਾ ਸੀ, ਪਰ ਵਰਿ•ਆਂ ਤੋਂ ਬੰਦ ਪਿਆ ਸੀ। ਇਥੇ ਪੰਜਾਬ ਪੁਲਿਸ ਦਾ ਟਾਰਚਰ ਸੈਂਟਰ ਸੀ ਤੇ ਸੀ. ਆਈ. ਡੀ. ਦਾ ਵੀ ਵਿੰਗ ਸੀ। ਪਿਛਲਾ ਹਾਲ ਸੀ. ਆਰ. ਪੀ. ਕੋਲ ਸੀ। ਪਰ ਉਹ ਪੰਜਾਬ ਪੁਲਿਸ ਦੇ ਕਿਸੇ ਕੰਮ ਵਿੱਚ ਦਖਲ ਨਹੀਂ ਸੀ ਦੇਂਦੀ। ਚੰਨੇ ਤੇ ਉਹਦੇ ਵਰਗੇ ਕਈ ਸਿਪਾਹੀ ਤੇ ਹੌਲਦਾਰ ਉਥੇ ਹੀ ਖਾਲੀ ਕਮਰਿਆਂ ਵਿੱਚ ਸੌਂ ਛੱਡਦੇ ਸਨ।

''ਹਾਂ ਬਈ। ਤਿਆਰ ਏਂ? ਚੰਨੇ ਨੇ ਬੜੇ ਇਤਮੀਨਾਨ ਨਾਲ ਲੰਮੇ ਪਏ ਜੱਸੇ ਨੂੰ ਕਿਹਾ। ਕਿਰਪਾਲ ਬਿਲਕੁਲ ਚੁੱਪ ਸੀ। ਕਿਰਪਾਲ ਦੀ ਆਦਤ ਸੀ, ਬੰਦਾ ਕੁੱਟਣ ਲੱਗਾ ਤੇ ਮਾਰਨ ਲੱਗਾ ਵੀ ਚੁੱਪ ਰਹਿੰਦਾ ਸੀ। ਉਹਦੀ ਤੱਕਣੀ ਵੀ ਪੂਰੀ ਦਹਿਸ਼ਤ ਪਾਊ ਸੀ। ਜਦੋਂ ਬੱਬੂ ਟਾਊਟ ਦੀ ਮੁਖਬਰੀ ਤੇ ਚੱਬੇ ਅੱਲੋਂ ਫੜ• ਕੇ ਲਿਆਏ ਸਨ, ਉਦੋਂ ਕਿਰਪਾਲ ਨੇ ਹੀ ਮੈਨੂੰ ਸਭ ਤੋਂ ਵੱਧ ਤਸੀਹੇ ਦਿੱਤੇ ਸਨ।

''ਤਿਆਰ ਆਂ। ਤੂੰ ਦੱਸ, ਕਦੋਂ ਟਿਕਟ ਕੱਟਣਾ ਆ ਮੇਰਾ?'' ਜੱਸਾ ਨਿਰਭੈ ਸੀ।

''ਦੁਪਹਿਰੋਂ ਬਾਦ।'' ਕਿਰਪਾਲ ਨੇ ਹੌਲੀ ਜਿਹੀ ਕਿਹਾ ਤੇ ਫਿਰ ਦੋਹੇਂ ਚਲੇ ਗਏ।

''ਭਾਅ। ਹੁਣ ਵੇਲਾ ਆ ਗਿਐ। ਮੈਨੂੰ ਤੇਰੀ ਲੋੜ ਐ। ਮੈਂ ਐਵੇਂ ਨਹੀਂ ਸ਼ਰਮੇ ਨੂੰ ਦੋ ਲੱਖ ਦੇ ਕੇ ਤੇਰਾ ਸਾਥ ਮੰਗਿਆ।'' ਜੱਸਾ ਉਨ•ਾਂ ਦੋਹਾਂ ਦੇ ਜਾਂਦਿਆਂ ਹੀ ਮੈਨੂੰ ਕਹਿਣ ਲੱਗਾ।

''ਦੱਸ। ਸੇਵਾ ਦੱਸ?'' ਮੈਂ ਦਿਲੋਂ ਕਿਹਾ।

''ਭਾਅ! ਚੰਨਾ ਨੱਥ ਤੇ ਕਿਰਪਾਲ, ਤੇਰੇ ਨਾਲ ਦੋਹੇਂ ਬੜੇ ਸੂਤਰ ਆ। ਤੂੰ ਇਨ•ਾਂ ਨੂੰ ਕਹਿ ਕਿ ਮੇਰੀ ਛਾਤੀ ਉਪਰੋਂ ਟਰੱਕ ਲੰਘਾ ਕੇ ਮੈਨੂੰ ਮਾਰਨ। ਮੈਂ ਗੋਲੀ ਨਾਲ ਨਹੀਂ ਮਰਨਾ ਚਾਹੁੰਦਾ।'' ਉਹਨੇ ਪੱਕੀ ਅਵਾਜ਼ ਵਿੱਚ ਕਿਹਾ।

ਹੈਰਾਨੀ ਨਾਲ ਮੇਰਾ ਮੂੰਹ ਖੁੱਲ•ਾ ਰਹਿ ਗਿਆ। ਮੈਂ ਕਦੀ ਤਵੱਕੋ ਨਹੀਂ ਸੀ ਕੀਤੀ ਕਿ ਜੱਸਾ ਏਦਾਂ ਦੀ ਮੌਤ ਮੰਗੇਗਾ। ਅੰਤ ਹਾਰ ਕੇ ਮੇਰੇ ਮੂੰਹੋਂ ਨਿਕਲਿਆ-

''ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਦਾਂ?''

''ਮੈਂ ਜੋ ਕਹੇਂ, ਦੇਣ ਨੂੰ ਤਿਆਰ ਆਂ। ਅਜੇ ਵੀ ਮੇਰੇ ਕੋਲ ਇੱਕ ਜਗ•ਾ ਡੇਢ ਲੱਖ ਰੁਪਿਆ ਦੱਬਿਆ ਪਿਆ। ਮੈਂ ਚੰਨੇ ਨੱਥ ਹੁਰਾਂ ਨੂੰ ਜਗ•ਾ ਦੱਸਦਾਂ। ਬੱਸ ਮੇਰਾ ਵੀਰ, ਤੂੰ ਕਹਿ ਸੁਣ ਕੇ ਉਨ•ਾਂ ਨੂੰ ਰਾਜ਼ੀ ਕਰ ਲੈ, ਪਈ ਉਹ ਮੈਨੂੰ ਛਾਤੀ ਤੋਂ ਟਰੱਕ ਲੰਘਾ ਕੇ ਮਾਰਨ।'' ਉਹ ਮੇਰੇ ਤਰਲੇ ਪਾਉਣ ਤੇ ਉਤਰ ਆਇਆ ਸੀ।

ਹੁਣ ਮੈਨੂੰ ਕੁਝ ਸੁੱਝ ਨਹੀਂ ਸੀ ਰਿਹਾ। ਮੈਂ ਹਾਰ ਕੇ ਸਖਤੀ ਨਾਲ ਕਿਹਾ-

''ਯਾਰ ਤੂੰ ਕਮਲਾ ਇਆਂ। ਦੱਸ ਭਲਾ ਇੰਝ ਮੰਗਿਆਂ ਵੀ ਮੌਤ ਮਿਲਦੀ ਐ?''

ਉਹ ਲੰਮਾ ਪਿਆ ਵਾਰ-ਵਾਰ ਹਿੱਲੀ ਜਾਂਦਾ ਤੇ ਮੈਨੂੰ ਮਜਬੂਰ ਕਰਨ ਲੱਗਾ ਕਿ ਮੈਂ ਚੰਨੇ ਹੋਰਾਂ ਕੋਲ ਜਾ ਕੇ ਗੱਲ ਕਰਾਂ। ਉੱਠ ਕੇ ਮੈਂ ਚੰਨੇ ਕੋਲ ਉਹਦੇ ਕਮਰੇ ਵਿੱਚ ਚਲਾ ਗਿਆ। ਸਾਰੀ ਗੱਲ ਸੁਣ ਕੇ ਚੰਨਾ ਪਾਗਲਾਂ ਵਾਂਗ ਹੱਸਣ ਲੱਗ ਪਿਆ ਤੇ ਮੈਨੂੰ ਕਹਿਣ ਲੱਗਾ-

''ਭੈਣ ਦਾ ਯਾਰ। ਹੁਣ ਸੌਖੀ ਮੌਤ ਮੰਗਦੈ। ਪਹਿਲਾਂ ਆਪ ਪੁਲਸੀਏ ਹੋ ਕੇ ਵੀ ਸਾਡੇ ਪੁਲਸੀਏ ਭਰਾ ਮਾਰਦਾ ਰਿਹੈ ਚੋਰੀ। ਹੁਣ ਡਰਦੈ? ਅਜੈਬੇ ਨੇ ਤੇ ਇਹਦੇ ਲਈ ਬੜਾ ਸਖਤ ਆਡਰ ਕੱਢਿਐ। ਉਹਨੇ ਤੇ ਲੋਹੇ ਦਾ ਫੰਦਾ ਵੀ ਪੱਲਿਓਂ ਤਿਆਰ ਕਰ ਕੇ ਦਿੱਤੈ। ਅਸੀਂ ਇਥੋਂ ਹੀ ਇਹਦੇ ਗਲ 'ਚ ਲੋਹੇ ਦਾ ਫੰਧਾ ਪਾਉਣੈ ਤੇ ਤੜਫਾਂਦੇ ਨੂੰ ਮੰਡ ਲਿਜਾ ਕੇ ਮਾਰ ਕੇ ਸੁੱਟਣੈ। ਇਹਦਾ ਸਾਹ ਅਸੀਂ ਅੱਧਾ ਪੌਣਾ ਘੰਟਾ ਨਾ ਆਉਣ ਦੇਣੈ ਤੇ ਨਾ ਇਹਨੂੰ ਮਰਨ ਦੇਣਾ ਏ। ਤੂੰ ਜਾ ਕੇ ਦੱਸ ਦੇਹ ਉਹਨੂੰ।''

***


ਮੈਂ ਆ ਕੇ ਜੱਸੇ ਨੂੰ ਸਭ ਕੁਝ ਦੱਸ ਦਿੱਤਾ। ਉਹ ਚੁੱਪ ਹੋ ਗਿਆ। ਮੈਂ ਵੀ ਕੁਝ ਚਿਰ ਖਾਮੋਸ਼ ਰਿਹਾ। ਹਾਰ ਕੇ ਮੈਂ ਕਿਹਾ-

''ਭਾਅ! ਤੂੰ ਹਾਅ, ਏਦਾਂ ਦੀ ਮੌਤ ਕਿਉਂ ਮੰਗਦੈਂ?

''ਮੈਨੂੰ ਪਤਾ ਸੀ, ਤੂੰ ਇਹ ਸੁਆਲ ਕਰੇਂਗਾ। ਮੈਂ ਵੀ ਤੈਨੂੰ ਦੱਸ ਕੇ ਜਾਵਾਂਗਾ। ਹੁਣ ਮੇਰੇ ਕੋਲ ਸਮਾਂ ਘੱਟ ਏ। ਮੈਂ ਦਿਲ ਤੋਂ ਬੋਝ ਲਾਹੁਣ ਚਾਹੁੰਨਾ। ਤੂੰ ਪਹਿਲਾ ਤੇ ਆਖਰੀ ਸਖਸ਼ ਏਂ, ਜੀਹਨੂੰ ਮੈਂ ਇਹ ਭੇਦ ਦੱਸ ਕੇ ਮਰਨੈ।'' ਉਹ ਮੇਰੇ ਵੱਲ ਵੇਖ ਕੇ ਕਹਿਣ ਲੱਗਾ।

''ਮੈਨੂੰ ਪਾਸਾ ਦਵਾ ਦੇਹ।'' ਉਹਨੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਕਿਹਾ। ਮੈਂ ਪਾਸਾ ਦਵਾ ਦਿੱਤਾ ਤੇ ਉਹਦੇ ਬਿਲਕੁਲ ਮੂੰਹ ਦੇ ਕੋਲ ਹੋ ਕੇ ਕੰਧ ਨਾਲ ਢੋਅ ਲਾ ਕੇ ਬੈਠ ਗਿਆ। ਹੁਣ ਮੈਂ ਪੂਰੀ ਇਕਾਗਰਤਾ ਨਾਲ ਉਹਦੀ ਗੱਲ ਸੁਣਨ ਲਈ ਤਿਆਰ ਸਾਂ।

''ਗੱਲ ਏਦਾਂ ਸੀ ਵੱਡਿਆ। ਪਈ ਮੈਂ ਹੁਣ ਇਨ•ਾਂ ਮਹੀਨਿਆਂ ਵਿੱਚ ਆਪਣੇ ਬਾਰੇ ਬੜਾ ਸੋਚਿਐ। ਮੈਂ ਆਪਣੇ ਸੁਭਾਅ ਦਾ ਤੇ ਜੀਵਨ ਦਾ ਆਪ ਬੜਾ ਨੇੜਿਓਂ ਹੋ ਕੇ ....ਇਹਨੂੰ ਸਮਝਣਾ ਚਾਹਿਆ ਏ।'' ਉਹਨੂੰ ਗੱਲ ਕਰਨ ਲਈ ਸ਼ਬਦ ਨਹੀਂ ਸਨ ਅਹੁੜ ਰਹੇ।

''ਤੂੰ ਭਾਅ। ਕਰੀ ਚੱਲ ਗੱਲ।'' ਮੈਂ ਉਹਨੂੰ ਹੌਸਲਾ ਦਿੱਤਾ।

''ਗੱਲ ਏਦਾਂ ਸੀ ਪਈ, ਮੈਂ ਜਦੋਂ ਪੁਲਿਸ 'ਚ ਚਲਾ ਗਿਆ ਤੇ ਮਾਅਰ ਮੈਂ ਕੋਈ ਜੀਅ ਜੰਤ ਮਾਰਿਆ। ਕੋਈ ਗਿਣਤੀ, ਕੋਈ ਹਿਸਾਬ ਨਹੀਂ। ਏਜੰਸੀਆਂ ਦੇ ਕਹਿਣ ਤੇ ਮੈਂ ਅਖਬਾਰਾਂ ਵਾਲੇ ਮਾਰੇ, ਹਾਕਰ ਮਾਰੇ, ਮਾਸਟਰ ਮਾਰੇ, ਪਟਵਾਰੀ ਮਾਰੇ, ਡਾਂਸਰਾਂ ਮਾਰੀਆਂ, ਗੌਣ ਆਲੇ ਮਾਰੇ, ਖੁਸਰੇ ਮਾਰੇ। ਮੈਂ ਮਾਅਰ ਕੋਈ ਕੰਮ ਨਹੀਂ ਛੱਡਿਆ। ਮਾਰ ਕੇ ਕਦੀ ਮੈਂ ਪਰਚੀ ਮਾਨੋਚਾਹਲ ਦੀ ਸੁੱਟ ਦੇਣੀ। ਕਦੀ ਬੁੱਧਸਿੰਘ ਵਾਲੇ ਦੀ ਲਿਬਰੇਸ਼ਨ ਫੋਰਸ ਦੀ, ਕਦੇ ਬੱਬਰਾਂ ਦੀ। ਸਾਡੇ ਕੋਲ ਸਾਰੇ ਪੈਡ ਪਏ ਹੁੰਦੇ ਸਨ। ਸਿੱਖਾਂ ਨੂੰ ਕੀ ਪਤਾ ਲੱਗਣੈ ਪਈ ਇਥੇ ਤੇ ਖੰਡ ਦੀ ਬੋਰੀ ਨੂੰ ਸਾਰੇ ਕੁੱਤੇ ਹੀ ਸਰਕਾਰੀ ਚਿੰਬੜੇ ਹੋਏ ਸਨ। ਲੋਕ ਸਮਝਣਗੇ ਕਿ ਅੱਤਵਾਦੀ ਕੰਮ ਕਰ ਗਏ ਨੇ। ਤੇ ਬਹੁਤੇ ਕਾਂਡ ਮੈਂ ਜਾਂ ਸੋਖੇ ਕਾਲੇ ਦੀ ਬਣਾਈ ਸੈਨਾ ਨੇ ਕੀਤੇ ਹੁੰਦੇ ਸਨ।

ਮੈਂ ਚੁੱਪ ਸਾਂ। ਮੈਨੂੰ ਤੇ ਇਨ•ਾਂ ਮਹੀਨਿਆਂ ਵਿੱਚ ਇਨ•ਾਂ ਸਭ ਗੱਲਾਂ ਦਾ ਚਾਨਣ ਹੋ ਚੁੱਕਾ ਸੀ ਕਿ ਕਿਵੇਂ ਦਿੱਲੀ ਸਰਕਾਰ ਆਪ ਹੀ ਸਾਨੂੰ ਖਾੜਕੂ ਬਣਾ ਰਹੀ ਏ ਤੇ ਆਪ ਹੀ ਸਾਡੀ ਸਫ ਲਵੇਟੀ ਜਾ ਰਹੀ ਏ। ਪਰ ਅੱਜ ਜੱਸੇ ਦੇ ਮੂੰਹੋਂ ਸੁਣ ਕੇ ਚੰਗਾ ਲੱਗ ਰਿਹਾ ਸੀ।

***


''ਮੈਂ ਤੇ ਭਾਅ। ਤੇਰੇ ਨਾਂ 'ਤੇ ਵੀ ਪੈਡ ਸੁੱਟ ਸੁੱਟ ਕੇ ਬੜੇ ਬੰਦੇ ਮਾਰੇ। ਅੰਬਰਸਰ ਕੰਪਨੀ ਬਾਗ ਕੋਲ ਜਿਹੜੇ 'ਜਨਸੰਘੀ' ਸਵੇਰੇ ਸੈਰ ਕਰਦੇ ਮਾਰੇ ਸਨ ਨਾ, ਉਹ ਮੈਂ ਈ ਮਾਰੇ ਸਨ, ਪਰਚੀ ਮੈਂ ਤੇਰੇ ਨਾਂ ਦੀ, ਮਾਸਟਰ ਕਰਮ ਸਿੰਘ ਦੇ ਨਾਂ ਦੀ ਸੁੱਟ ਦਿੱਤੀ ਸੀ। ਤਰਨਤਾਰਨ ਆਲੇ ਦਸ ਲਾਲੇ ਵੀ ਮੈਂ ਈ ਬੱਸ 'ਚੋਂ ਲਾਹ ਕੇ ਮਾਰੇ ਸਨ। ਨਾ ਤੇਰਾ ਦੇ ਤਾ।'' ਉਹ ਉੱਧੜ ਰਿਹਾ ਸੀ।

''ਹੁਣ ਛੱਡ ਪੁਰਾਣੀਆਂ ਗੱਲਾਂ ਵੀਰ,'' ਮੈਂ ਕਿਹਾ।

''ਨਹੀਂ ਇਹ ਦੱਸਣੀਆਂ ਜ਼ਰੂਰੀ ਨੇ। ਇਹਨਾਂ ਗੱਲਾਂ ਦਾ ਸਬੰਧ ਹੀ ਤੇ ਹੈ ਮੇਰੀ ਅਗਲੀ ਗੱਲ ਨਾਲ।'' ਉਹਨੇ ਲੜੀ ਜੋੜੀ।


''ਅੱਗੇ ਗੱਲ ਭਾਅ ਇਹ ਸੀ ਕਿ ਮੇਰਾ ਦਿਲ ਬਚਪਨ ਤੋਂ ਹੀ ਵਹਿਸ਼ੀ ਜਿਹਾ ਸੀ। ਜਿਵੇਂ ਦਿਲ ਦੀ ਥਾਂ ਖਬਰੇ ਕੋਈ ਜੰਗਾਲ ਖਾਧਾ ਲੋਹਾ ਰੱਖਿਆ ਸੀ। ਸ਼ਾਇਦ ਮੇਰੀ ਮਾਂ ਛੇਤੀਂ ਮਰ ਗਈ, ਉਹਦੇ ਵਿਗੋਚੇ ਕਰਕੇ ਮੈਂ ਇੰਝ ਹੋ ਗਿਆ। ਮਗਰੋਂ ਮੈਨੂੰ ਇੰਦਰ ਵਰਗੇ ਜਾਨਵਰ ਮਿਲ ਗਏ ਸਨ। ਮੇਰੇ ਅੰਦਰਲਾ ਪਸ਼ੂ ਬਸ ਦਿਨੋਂ ਦਿਨ ਵਧਦਾ ਹੀ ਗਿਆ ਸੀ। ਰੋਜ਼ ਮੈਂ ਤੇ ਮੇਰੇ ਸਾਥੀ ਕਿਸੇ ਨਾ ਕਿਸੇ ਨੂੰ ਮਾਰਨ ਲਈ ਲੱਭ ਈ ਲੈਂਦੇ। ਕੁੱਟਦੇ ਤਾਂ ਅਸੀਂ ਸਵਾਦ ਲੈ ਲੈ ਕੇ ਸਾਂ। ਆਹੀ ਫਕੀਰੀਆ ਮੇਰਾ ਪੁਰਾਣਾ ਆੜੀ। ਇਹਨੇ ਤੇ ਮੈਂ ਖਬਰੇ ਕੋਈ ਸੌ ਤੋਂ ਉਪਰ ਬੰਦਾ ਮਾਰਿਆ ਹੋਣੈ? ਮੈਂ ਤੇ ਇਹ ਮਸ਼ਹੂਰ ਸਾਂ। ਫਕੀਰੀਏ ਦੇ ਪੈਰਾਂ ਵਿੱਚ ਕੋਹੜ ਹੋਣ ਕਰਕੇ ਪਾਕ ਚਲਦੀ ਸੀ। ਨਾਭੇ ਦੀ ਟਾਡਾ ਆਲੀ ਜੇਲ• ਵਿੱਚ ਫਕੀਰੀਆ ਇਹੀ ਪਾਕ ਆਲੇ ਪੈਰ ਬੰਨ• ਕੇ ਲੰਮੇ ਸਮੇਂ ਮੁੰਡਿਆਂ ਦੇ ਪੈਰਾਂ ਤੇ ਰਗੜਦਾ ਹੁੰਦਾ ਸੀ।'' ਉਹਨੇ ਸਾਹ ਲੈ ਕੇ ਕਿਹਾ।

''ਫੇਰ। ਅੱਗੋਂ ਕੀ ਹੋਇਆ?'' ਮੈਂ ਦਿਲਚਸਪੀ ਵਿਖਾਈ।

''ਦੱਸਦਾਂ।'' ਉਹਨੇ ਲੰਮੇ ਸਾਹ ਲਏ।


''ਹੋਇਆ ਭਾਅ ਏਦਾਂ ਪਈ ਸਾਨੂੰ ਮੈਨੂੰ ਤੇ ਮੇਰੀ ਚੌਂਕੀ ਦੇ ਸਾਥੀਆਂ ਨੂੰ ਪਤਾ ਲੱਗਾ ਕਿ ਬਟਾਲੇ ਫਤਹਿਗੜ• ਚੂੜੀਆਂ ਆਲੀ ਰੋਡ ਤੇ ਮੀਲ ਕੁ ਹਟ ਕੇ ਜਿਹੜਾ ਬਾਜਵਾ ਟਰਾਂਸਪੋਰਟ ਇਆ। ਉਹਦੇ ਕੋਲ ਬਾਬਾ ਬਿਜਲਵਾਲ ਮਰਨ ਤੋਂ ਪਹਿਲਾਂ ਸੱਤ ਕੁ ਲੱਖ ਰੁਪਈਆ ਛੱ²ਡ ਗਿਐ। ਉਦੋਂ ਮੇਰੀ ਡਿਊਟੀ ਅਚੱਲ ਵਟਾਲੇ ਤੋਂ ਪਹਿਲਾਂ ਸੜਕ ਆਲੀ ਚੌਂਕੀ ਵਿੱਚ ਸੀਗੀ। ਅਸੀਂ, ਮੈਂ ਤੇ ਛੋਟੇ ਥਾਣੇਦਾਰ ਗੁਰਮੁਖ ਤੇ ਸਾਡੀ ਜੁੰਡੀ ਦੇ ਦੋ ਸਿਪਾਹੀ ਤਿਲਕੂ ਤੇ ਰਾਮ ਸਿੰਘ ਨੇ ਰਾਤ ਨੂੰ ਬਾਜਵੇ ਨਾਲ ਲੇਖਾ ਕਰਨ ਦੀ ਸਲਾਹ ਬਣਾਈ। ਮੁਖਬਰ ਨੇ ਦੱਸਿਆ ਸੀ ਪਈ ਪੈਸਾ ਉਹਦੇ ਘਰ 'ਚ ਹੀ ਹੈ, ਅਜੇ ਕਿਸੇ ਲੇਖੇ ਨਹੀਂ ਲੱਗਾ। ਅਸੀਂ ਬਟਾਲੇ ਆਲੇ ਐਸ. ਐਸ.ਪੀ. ਨੂੰ ਗੱਲ ਖੋਲ• ਦਿੱਤੀ ਤੇ ਹਿੱਸਾ ਪੱਤੀ ਮੰਨ ਕੇ ਅੱਧੀ ਰਾਤ ਨੂੰ ਬਾਜਵੇ ਦਾ ਬੂਹਾ ਭੰਨਿਆ। ਪਹਿਲਾਂ ਉਹ ਖੋਲ•ੇ ਨਾ, ਅਸੀਂ ਪੰਜ ਛੇ ਹੋਮਗਾਡੀਏ ਪਿਛਲੀ ਕੰਧ ਵੱਲ ਖੜ•ੇ ਕੀਤੇ ਹੋਏ ਸਨ ਕਿ ਉਧਰੋਂ ਕੋਈ ਨਾ ਭੱਜੇ। ਇਧਰੋਂ ਅਸੀਂ ਚਾਰਾਂ ਬੂਹੇ ਭੰਨ ਕੇ ਖੁਲ•ਵਾ ਲਏ। ਘਰ ਸਿਰਫ ਉਹ ਟਰਾਂਸਪੋਰਟਰ, ਉਹਦੀ ਪਤਨੀ ਤੇ ਉਨ•ਾਂ ਦੀ ਦੋ ਢਾਈ ਸਾਲ ਦੀ ਬਾਲੜੀ ਹੀ ਸਨ। ਬਾਕੀ ਟੱਬਰ ਸ਼ਾਇਦ ਦੂਸਰੇ ਘਰ ਹੋਏਗਾ, ਮੈਨੂੰ ਪਤਾ ਨਹੀਂ।''


''ਲੈ ਬਈ ਮਾਸਟਰਾ। ਕੋਈ ਪੱਕੀ ਹੱਡੀ ਵੇਖੀ ਤੇ ਉਹ ਬਾਜਵਾ ਸਾਈ। ਅਸੀਂ ਉਸ ਉਜਾੜ ਘਰ ਤੇ ਉਜਾੜ ਆਸ ਪਾਸ ਵਿੱਚ ਬਗੈਰ ਚੀਕਾਂ ਦੀ ਪਰਵਾਹ ਕੀਤਿਆਂ ਉਹਦੇ ਸਾਰੇ ਹੱਡ ਤੋੜੇ, ਪਰ ਉਹਨੇ ਪੈਸੇ ਦੀ ਹਵਾ ਨਹੀਂ ਦਿੱਤੀ। ਹਾਰ ਕੇ ਉਹਦੀ ਵਹੁਟੀ ਮਾਰੀ। ਉਹ ਤੇ ਸਗੋਂ ਹੋਰ ਸ਼ੇਰ ਹੋ ਗਿਆ। ਕਹਿੰਦਾ ਹੁਣ ਤੇ ਜੋ ਮਰਜ਼ੀ ਵਿਗਾੜ ਲਓ, ਮੈਂ ਕੁਝ ਨਹੀਂ ਦਵਾਲ। ਜੀਹਦੇ ਲਈ ਭੱਜਾ ਫਿਰਦਾ ਸਾਂ, ਉਹ ਤੇ ਤੁਸੀਂ ਮਾਰ ਘੱਤੀ। ਉਹ ਤੇ ਮਾਸਟਰਾ, ਸਾਨੂੰ ਗਾਲ•ਾਂ ਕੱਢੀ ਜਾਏ।'' ਉਹਨੇ ਸਾਹ ਲਿਆ।


''ਲੈ ਬਈ ਮਾਸਟਰਾ। ਉਹਦੀਆਂ ਗਾਲ•ਾਂ ਨਾਲ ਮੇਰੇ ਸਿਰ ਨੂੰ ਪਤਾ ਨਹੀਂ ਕੀ ਘੇਰਨੀ ਚੜ•ੀ? ਮੈਂ ਉਹਦੀ ਉਹ ਦੋ ਢਾਈ ਸਾਲ ਦੀ ਬਾਲੜੀ ਉਹਦੇ ਸਾਹਮਣੇ ਹੀ ਲੱਤਾਂ ਤੋਂ ਫੜੀ ਤੇ ਗੁੱਸੇ 'ਚ ਜ਼ੋਰ ਦੀ ਜ਼ਮੀਨ 'ਤੇ ਮਾਰੀ। ਜਿੱਦਾਂ ਕੱਪੜਾ ਧੋਣ ਲੱਗਿਆਂ ਜ਼ਮੀਨ ਤੇ ਮਾਰੀਦੈ ਨਾ ਜ਼ਮੀਨ 'ਤੇ ਏਦਾਂ ਮਾਰੀ। ਉਹਨੇ ਬਾਲੜੀ ਨੇ ਮੇਰੇ ਹੱਥਾਂ 'ਚ ਆਖਰੀ ਵਾਰ ਝੂਲਦਿਆਂ ਨਜ਼ਰ ਭਰਕੇ ਮੇਰੇ ਵੱਲ ਵੇਖਿਆ, ਤੇ.......ਤੇ ਸਕਿੰਟ ਕੁ ਬਾਅਦ ਉਹਦਾ ਖੱਖੜੀਆਂ ਹੋਇਆ ਸਿਰ ਦੋ ਟੋਟਿਆਂ ਵਿੱਚ ਖਿੱਲਰ ਗਿਆ।''

ਮੈਂ ਸੁਣ ਕੇ ਸੁੰਨ ਹੋ ਗਿਆ। ਕਿੰਨੀ ਦੇਰ ਜੱਸਾ ਵੀ ਚੁੱਪ ਰਿਹਾ। ਉਹ ਮੇਰੇ ਮੂੰਹ ਵੱਲ ਵੇਖੀ ਗਿਆ। ਹਾਰ ਕੇ ਉਹਨੇ ਕਿਹਾ-

''ਮੈਨੂੰ ਪਤਾ ਸੀ, ਤੂੰ ਸੁਣ ਕੇ ਸੁੰਨ ਹੋ ਜਾਣੈਂ। ਕਹੇਂ ਤਾਂ ਅੱਗੋਂ ਦੱਸਾਂ?''

''ਪਰ....ਪਰ ਇਹਦੇ ਪਿਉ ਦਾ ਕੀ ਬਣਿਆ?'' ਮੈਂ ਏਨਾ ਕਹਿ ਸਕਿਆ।

''ਉਹ ਤੇ ਉਸ ਬਾਲੜੀ ਦੀ ਮੌਤ ਵੇਖ ਕੇ ਬੇਹੋਸ਼ ਹੋ ਗਿਆ। ਹਾਰ ਕੇ ਗੁਰਮੁਖ ਨੇ ਗੋਲੀ ਮਾਰ ਕੇ ਉਥੇ ਵਿਹੜੇ ਵਿੱਚ ਹੀ ਉਹਨੂੰ ਮਾਰ ਦਿੱਤਾ। ਤੇ ਅਸੀਂ ਸਾਰੇ ਖਾਲੀ ਹੱਥ ਉਥੋਂ ਆ ਗਏ। ਐਸ. ਐਸ. ਪੀ. ਨੂੰ ਆ ਕੇ ਅਸੀਂ ਰਿਪੋਰਟ ਕਰ ਦਿੱਤੀ। ਸਵੇਰੇ ਉਹਨੇ ਪੱਤਰਕਾਰਾਂ ਨੂੰ ਸੱਦ ਕੇ ਇਹਨੂੰ ਖਾੜਕੂਆਂ ਦੀ ਆਪਸੀ ਲੜਾਈ ਕਹਿ ਦਿੱਤਾ।

''ਫੇਰ?''


''ਫੇਰ ਕੀ ਭਾਅ? ਅਸੀਂ ਭੁੱਲ-ਭੁਲਾ ਗਏ। ਪਰ ਹਫਤੇ ਕੁ ਬਾਦ ਹੀ ਨਾ, ਰੋਜ਼ ਰਾਤ ਜਦ ਮੈਂ ਸ਼ਰਾਬ ਨਾਲ ਲੋਹੜ ਹੋ ਕੇ ਸੌਵਾਂ, ਕਿ ਬਸ ਰਾਤ ਨੂੰ ਇੱਕ ਡੇਢ ਵਜੇ ਰੋਜ਼ ਕੋਈ ਡਰਾ ਕੇ ਜਗਾ ਦੇਵੇ। ਅੱਖਾਂ ਬੰਦ ਕਰਾਂ ਤਾਂ ਵੀ ਦਿਖੇ ਤੇ ਅੱਖਾਂ ਖੋਲ•ਾਂ ਤਾਂ ਵੀ ਦਿਖੇ।'' ਉਸ ਕਿਹਾ।

''ਕੀ ਦਿਖੇ?'' ਮੈਂ ਪੁੱਛਿਆ।


''ਬਸ ਭਾਅ। ਉਹ ਦੋ-ਢਾਈ ਕੁ ਸਾਲ ਦੀ ਬਾਲੜੀ ਦਿਖੀ ਜਾਏ। ਇੱਕ ਹੱਥ 'ਚ ਉਹਦੇ ਖਾਕੀ ਵਰਦੀ ਹੋਇਆ ਕਰੇ ਤੇ ਦੂਸਰੇ ਵਿੱਚ ਕਿਸੇ ਟੁੱਟੇ ਤੇ ਫਿੱਸੇ ਸਿਰ ਦੇ ਹਿੱਸੇ ਹੋਣ। ਰੋਜ਼ ਮੈਂ ਡਰ ਕੇ ਉੱਠ ਜਾਵਾਂ। ਰਾਤਾਂ ਨੂੰ ਨੀਂਦ ਨਾ ਪਵੇ। ਸਵੇਰੇ ਚੈਨ ਨਾ ਆਵੇ। ਮੈਂ ਅੱਧ ਪਾਗਲ ਜਿਹਾ ਹੋ ਗਿਆ। ਅੰਬਰਸਰ ਵਾਲੇ ਵੀ ਤੇ ਤਰਨਤਾਰਨ ਵਾਲੇ ਵੀ ਐਸ. ਪੀ. ਕਹਿਣ ਕੀ ਹੋ ਗਿਐ ਤੇਰੇ ਚਿਹਰੇ ਨੂੰ? ਜੇ ਬਟਾਲਾ ਨਹੀਂ ਮਾਫਕ ਤਾਂ ਸਾਡੇ ਕੋਲ ਆ ਜਾਹ। ਪਰ ਮੈਂ ਉਨ•ਾਂ ਨੂੰ ਕੀ ਦੱਸਦਾ? ਮੈਂ ਸ਼ਰਾਬ ਬਹੁਤ ਵਧਾ ਦਿੱਤੀ, ਪਰ ਚੈਨ ਕਿੱਥੇ? ਹਾਰ ਕੇ ਮੈਂ ਚਾਟੀਵਿੰਡ ਆਲੇ ਪੀਰ ਗਾਲੜੂ ਸ਼ਾਹ ਕੋਲ ਗਿਆ। ਉਹਨੇ ਮੈਨੂੰ ਬਿਨਾਂ ਕੁਝ ਪੁੱਛੇ ਕਹਿ ਦਿੱਤਾ ਕਿ ਕੋਈ ਕੰਨਿਆ ਤੇਰੀ ਮੌਤ ਲਿਆ ਰਹੀ ਹੈ। ਮੈਂ ਦਿਲ 'ਚ ਉਹਨੂੰ ਲੱਖ ਗਾਲ• ਕੱਢੀ ਤੇ ਆ ਗਿਆ। ਬਈ ਭੜੂਵਿਆ। ਮੌਤ ਮੈਨੂੰ ਕੀ ਕਰੇਗੀ? ਮੈਨੂੰ ਨੀਂਦ ਤੇ ਦੇਹ ਇੱਕ ਰਾਤ।'' ਉਹ ਰੁਕ ਗਿਆ।


''ਫੇਰ ਤੂੰ ਕੀ ਕੀਤਾ?'' ਮੈਂ ਗੱਲਬਾਤ ਰੁਕਣ ਨਹੀਂ ਦੇਣਾ ਚਾਹੁੰਦਾ ਸਾਂ। ਮੇਰੇ ਲਈ ਇਹ ਅਸਲੋਂ ਹੀ ਅਲੋਕਾਰ ਗੱਲਾਂ ਸਨ। ਜੀਵਨ ਦੇ ਏਨੇ ਭਿਆਨਕ ਰੰਗ ਵੇਖ ਕੇ ਵੀ ਇਹ ਗੱਲਾਂ ਤੇ ਜੱਸੇ ਦਾ ਇਹ ਵਰਤਾਰਾ ਜਿਵੇਂ ਸੁੰਨ ਕਰ ਰਿਹਾ ਸੀ।


''ਫੇਰ ਕੀ ਭਾਅ ਵੱਡਿਆ? ਮੈਂ ਸੋਚਿਆ, ਪਈ ਉਹ ਸ਼ਾਇਦ ਮੈਨੂੰ ਪੁਲਿਸ ਦੀ ਵਰਦੀ ਵਿਖਾ ਕੇ ਮੈਥੋਂ ਕੋਈ ਕੁਰਬਾਨੀ ਮੰਗਦੀ ਏ। ਮਰਦਾ ਕੀ ਨਾ ਕਰਦਾ? ਮੇਰਾ ਡਮਾਕ ਤੇ ਹਿੱਲ ਚੁੱਕਾ ਸੀ। ਰੋਜ਼ ਰਾਤ ਨੂੰ ਮੈਂ ਸਾਦੇ ਕੱਪੜੇ ਪਾ ਕੇ ਜਾਣਾ ਤੇ ਜਿੰਨੇ ਕੁ ਵੀ ਵਾਕਫ ਪੁਲਸੀਆਂ ਦੇ ਘਰ ਸਨ, ਚਾਹੇ ਉਹ ਹੋਮਗਾਰਡੀਆ ਈ ਹੋਵੇ, ਉਨ•ਾਂ ਵੱਲ ਜਾ ਕੇ ਤਾੜ ਰੱਖਣੀ। ਜਦੋਂ ਦਾਅ ਲੱਗਣਾ ਕੋਈ ਨਾ ਕੋਈ ਸਿਪਾਹੀ, ਕੋਈ ਹੋਮਗਾਰਡੀਆ ਜਾਂ ਕੋਈ ਛੋਟਾ ਥਾਣੇਦਾਰ ਮਾਰ ਕੇ ਸੁੱਟ ਆਉਣਾ। ਤੇ ਸੱਚ ਜਾਣੀਂ। ਇੱਕ ਦੋ ਦਿਨ ਉਸੇ ਕੁੜੀ ਦੇ ਭੂਤ ਨੇ ਨਾ ਆਉਣਾ। ਪਰ ਤੀਸਰੇ ਕੁ ਦਿਨ ਫੇਰ ਉਸੇ ਬਾਲੜੀ ਨੇ ਆ ਵਖਾਲੀ ਦੇਣੀ। ਅੰਤ ਮੈਂ ਗੈਰਹਾਜ਼ਰ ਹੋਣ ਲੱਗ ਪਿਆ ਤੇ ਪਾਗਲਾਂ ਵਾਂਗ ਇੱਕ ਜ਼ਿਲ•ੇ ਤੋਂ ਦੂਜੇ ਜ਼ਿਲ•ੇ ਵਿੱਚ ਭਟਕਣ ਲੱਗ ਪਿਆ।'' ਉਸ ਕਿਹਾ।

ਮੈਂ ਚੁੱਪ ਸਾਂ। ਉਸ ਆਪੇ ਫੇਰ ਗੱਲ ਛੋਹੀ।


''ਮੇਰਾ ਭਾਅ। ਪਾਗਲਪਣ ਬਹੁਤ ਵਧ ਗਿਆ ਸੀ। ਵਾਕਫੀ ਮੇਰੀ ਬੜੀ ਸੀ। ਮੈਂ ਪਤਾ ਕਰਨਾ ਕਿ ਕਿਹੜਾ ਸਿਪਾਹੀ ਕਿਸ ਥਾਣੇ 'ਚੋਂ ਰੋਜ਼ ਘਰ ਜਾਂਦੈ ਜਾਂ ਕਿਹੜਾ ਛੁੱਟੀ 'ਤੇ ਚੱਲ ਰਿਹਾ ਹੈ? ਮੈਂ ਜਿੱਥੇ ਦਾਅ ਲੱਗਣਾ, ਮਾਰੀ ਟੁਰੀ ਜਾਣੇ। ਹਾਲਤ ਇਹ ਹੋ ਗਈ ਕਿ ਮੈਂ ਆਪਣੇ ਵਰਿ•ਆਂ ਦੇ ਸਾਥੀ ਤਿਲਕੂ ਤੇ ਗੁਰਮੁਖ ਵੀ ਮਾਰ ਸੁੱਟੇ। ਰਾਮ ਸੁੰਹ ਬਚ ਗਿਆ ਸੀ। ਮਾਅਰ ਪੁਲਿਸ 'ਚ ਤੇ ਰੌਲਾ ਪੈ ਗਿਆ ਕਿ ਕੌਣ ਸਾਡੇ ਜਵਾਨ ਏਦਾਂ ਗੁਪਤ ਰੂਪ ਵਿੱਚ ਮਾਰੀ ਜਾ ਰਿਹੈ?''

''ਪਰ ਭਾਅ! ਤੂੰ ਫੜਿਆ ਨਾ ਗਿਆ?'' ਮੈਂ ਕਿਹਾ।


''ਫੜਿਆ ਮੈਂ ਟੱਟੂ ਜਾਣਾ ਸੀ? ਮੇਰੇ 'ਤੇ ਤਾਂ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਸਵੇਰੇ ਮੈਂ ਕਮਲਿਆਂ ਵਾਂਗ ਥਾਣੇ ਫਿਰਦਾ ਰਹਿੰਦਾ। ਹਰ ਕੋਈ ਸਮਝਦਾ, ਕਿਸੇ ਅੱਤਵਾਦੀ ਜਾਂ ਕਿਸੇ ਪਨਾਹ ਦੇਣ ਵਾਲੀ ਦੀ ਮਾਰ ਵਿੱਚ ਫਿਰਦੈ। ਤੇ ਸ਼ੱਕ ਮੇਰੇ 'ਤੇ ਹੁੰਦਾ ਹੀ ਨਹੀਂ ਸੀ। ਉਹ ਤੇ ਏਸ ਲਿਬਰੇਸ਼ਨ ਵਾਲੇ ਸੀਤਲ ਸੁੰਹ ਮਹਿਤੇ ਚੌਂਕ ਆਲੇ ਦੀ ਬੇੜੀ ਬਹਿ ਗਈ ਤੇ ਮੈਂ ਫੜਿਆ ਗਿਆ।'' ਉਸ ਕਿਹਾ।

''ਸੀਤਲ ਨੇ ਕਿੱਦਾਂ ਤੈਨੂੰ ਫੜਿਆ?'' ਮੈਂ ਪੁੱਛਿਆ।


''ਉਹ ਮੈਂ ਨਾ ਮਾਸਟਰਾ। ਧੂਲਕੇ ਅਲ ਕਿਤੇ ਇੱਕ ਰਾਤ ਕਿਸੇ ਹੋਮਗਾਰਡੀਏ ਦਾ ਕੰਮ ਕਰਨ ਗਿਆ ਸਾਂ। ਮੈਨੂੰ ਪੱਕਾ ਪਤਾ ਸੀ ਕਿ ਪਈ ਉਹ ਰਾਤ ਨੂੰ ਸੈਕਲ 'ਤੇ ਪਿੰਡ ਨੂੰ ਜਾਂਦੈ। ਜਦ ਨਾ ਮੈਂ ਉਹਨੂੰ ਮਾਰਨ ਲੱਗਾ, ਉਹਨੇ ਕਿਹਾ, ''ਕੌਣ ਐ?'' ਉਹਦੇ ਲਲਕਾਰੇ ਦੇ ਜਵਾਬ ਵਿੱਚ ਮੈਂ ਕਿਤੇ ਕਹਿ ਬੈਠਾ, ''ਹੁਣ ਕਿੱਥੇ ਜਾਏਂਗਾ? ਮੈਂ ਤੇਰਾ ਭਣਵੋਈਆ ਸੀਤਲ ਇਆਂ।'' ਉਹਨੂੰ ਤੇ ਮਾਰ ਦਿੱਤਾ, ਪਰ ਮੈਂ ਨਸ਼ੇ ਕਾਰਣ ਇਹ ਨਾ ਵੇਖ ਸਕਿਆ ਕਿ ਮਗਰ ਇੱਕ ਹੋਰ ਸਾਈਕਲ ਵਾਲਾ ਵੀ ਆ ਰਿਹਾ ਸੀ। ਉਹ ਖਬਰੇ ਕੋਈ ਦੋਧੀ ਸੀ, ਜਿਹੜਾ ਕਿਤੇ ਸੀਤਲ ਦਾ ਰਿਸ਼ਤੇਦਾਰ ਸੀ। ਲਓ ਜੀ, ਉਹ ਅਗਲੀ ਸਵੇਰ ਸੀਤਲ ਨੂੰ ਦੱਸ ਆਇਆ, ਪਈ ਤੇਰੇ ਨਾਂ ਤੇ ਤਾਂ ਰਾਤੀਂ ਸਾਡੇ ਪਿੰਡ ਆਲਾ ਹੋਮਗਾਰਡੀਆ ਮਾਰ ਤਾ ਤੇ ਤੂੰ ਇਥੇ ਫਿਰੀ ਜਾਨੈਂ। ਲਉ ਜੀ, ਸੀਤਲ ਸੀ ਪੰਜਾਬ ਪੁਲਿਸ ਦਾ ਬੰਦਾ। ਮੈਂ ਐਵੇਂ ਉਹਦਾ ਨਾਂ ਲੈ ਤਾ। ਉਹ ਤੇ ਜੀ ਫੱਟ ਐਸ. ਪੀ. ਕੋਲ ਪੁੱਜਦਾ ਹੋ ਗਿਆ। ਤੇ ਨਾਲੇ ਸੀ. ਆਈ. ਡੀ. ਮਗਰ ਲਾ ਤੀ। ਤੇ ਲਉ ਜੀ ਸੀ. ਆਈ. ਡੀ. ਆਲਿਆਂ ਹਫਤਾ ਨਹੀਂ ਪੈਣ ਦਿੱਤਾ, ਮੈਨੂੰ ਫੜ• ਕੇ ਅਜੈਬੇ ਕੋਲ ਦੇ ਗਏ। ਪਹਿਲੇ ਤੇ ਜਲੰਧਰ ਪੁਲਿਸ ਆਲੇ ਲੈ ਗਏ, ਕਿਉਂਕਿ ਮੈਂ ਜਿਸ ਐਸ. ਐਸ. ਪੀ. ਨਾਲ ਸਾਂ, ਉਹ ਜਲੰਧਰ ਜਾ ਵੜਿਆ ਸੀ। ਉਹਨੇ ਫੇਰ ਮੈਨੂੰ ਅਜੈਬੇ ਨੂੰ ਦੇ ਦਿੱਤਾ। ਮੈਂ ਖਬਰੇ, ਕੋਈ ਪੰਤਾਲੀ ਜਾਂ ਪੰਜਾਬ ਦੇ ਕਰੀਬ ਸਿਪਾਹੀ ਮਾਰੇ ਹੋਣੇ ਆ।'' ਉਹਨੇ ਲੰਮਾ ਸਾਹ ਲੈ ਕੇ ਆਪਣੀ ਰਾਮ ਕਹਾਣੀ ਮੁਕਾ ਦਿੱਤੀ।

***


''ਪਰ ਹੁਣ ਤੂੰ ਕੀ ਚਾਹੁੰਨੈ?'' ਮੈਂ ਕਿਹਾ।

''ਮੈਂ ਭਾਅ। ਬਸ ਇਹੀ ਚਾਹੁੰਨਾ ਕਿ ਵੱਡਾ ਟਰੱਕ ਮੇਰੀ ਛਾਤੀ ਤੋਂ ਲੰਘਾ ਦਿਓ।'' ਉਸ ਫੇਰ ਕਿਹਾ।

''ਕਦੰਤ ਨਹੀਂ ਹੋ ਸਕਦਾ।'' ਮੈਂ ਅੱਕ ਕੇ ਕਿਹਾ।

''ਹੋ ਕਿਉਂ ਨਹੀਂ ਸਕਦਾ? ਬਘੇਲੇ ਨੂੰ ਵੀ ਤੇ ਅਜੈਬੇ ਦੇ ਬੰਦਿਆਂ ਵੱਡੇ ਟਰੱਕ ਥੱਲੇ ਸਿਰ ਫੇਹ ਕੇ ਮਾਰਿਆ ਸੀ।'' ਉਹਨੇ ਮੈਨੂੰ ਜਿਵੇਂ ਸੂਚਨਾ ਦਿੱਤੀ।

''ਉਏ, ਉਹ ਤੇ ਗਿੱਲ ਦਾ ਹੁਕਮ ਸੀ।'' ਮੈਂ ਉਹਨੂੰ ਸੱਚ ਦੱਸ ਦਿੱਤਾ।

''ਪਰ ਭਾਅ। ਮੈਂ ਤੇ ਆਪ ਹੀ ਟਰੱਕ ਥੱਲੇ ਹੋ ਕੇ ਮਰਨਾ ਚਾਹੁੰਨਾ। ਫੇਰ ਕਿਸੇ ਨੂੰ ਕੀ ਤਰਾਜ ਐ?'' ਉਸ ਬੱਚਿਆਂ ਵਾਂਗ ਹਠ ਕੀਤਾ।

''ਪਰ ਯਾਰ। ਤੂੰ ਇਸ ਸਿਆਪੇ 'ਚ ਕਿਉਂ ਪੈਨੈ? ਗੱਲ ਕੀ ਆ ਵਿੱਚੋਂ?'' ਮੈਂ ਅੱਕ ਕੇ ਕਿਹਾ।

''ਲੈ ਉਹ ਵੀ ਸੁਣ ਲੈ, ਤੇ ਆਪੇ ਫੈਸਲਾ ਕਰ ਲੈ।'' ਉਸਨੇ ਕਿਹਾ। ਸਾਹ ਲੈ ਕੇ ਉਹ ਫੇਰ ਸ਼ੁਰੂ ਹੋ ਗਿਆ-


''ਪਿਛਲੇ ਮਹੀਨੇ ਤੋਂ, ਜਦੋਂ ਦਾ ਮੈਨੂੰ ਪੁਲਿਸ ਨੇ ਫ²ਿੜਐ ਤੇ ਤਸੀਹੇ ਦੇ ਰਹੀ ਹੈ, ਸੱਚ ਜਾਣੀਂ।'' ਮੈਨੂੰ ਕਿਤੇ ਦਰਦ ਨਹੀਂ ਹੁੰਦੀ। ਕੋਈ ਪੀੜ ਨਹੀਂ ਹੁੰਦੀ। ਬੱਸ ਇੱਕੋ ਪੀੜ ਹੁੰਦੀ ਹੈ ਦਿਨ ਰਾਤ। ਉਹ ਇਹ ਕਿ ਪਿਛਲੇ ਇੱਕ ਮਹੀਨੇ ਤੋਂ ਜਦ ਮੈਂ ਅੱਖਾਂ ਮੀਟਦਾਂ, ਉਹ ਬਾਲੜੀ ਜਿਵੇਂ ਛਾਲ ਮਾਰ ਕੇ ਮੇਰੀ ਛਾਤੀ 'ਤੇ ਬਹਿ ਜਾਂਦੀ ਐ। ਤੇ ਉਹ, ਜਿਹੜੀ ਮਸਾਂ ਦਸ-ਬਾਰਾਂ ਕਿੱਲੋ ਦੀ ਹੋਣੀ ਐ, ਉਹਦਾ ਭਾਰ ਵਧਣ ਲੱਗ ਪੈਂਦੇ। ਤੇ ਜਿਵੇਂ ਮੇਰੀ ਛਾਤੀ 'ਤੇ ਬੈਠੀ ਉਹ ਮਣਾਂ, ਟਨਾਂ ਤੇ ਕੁਇੰਟਲਾਂ ਦੀ ਹੋ ਜਾਂਦੀ ਏ। ਨਾਲ ਹੱਸੀ ਜਾਂਦੀ ਏ ਤੇ ਨਾਲੇ ਭਾਰ ਵਧਾਈ ਜਾਂਦੀ ਏ। ਮੈਂ ਬਥੇਰਾ ਅੱਖਾਂ ਖੋਲ•ਦਾਂ, ਹੱਥ ਮੈਰ ਮਾਰਦਾਂ, ਪਰ ਉਹ ਲਹਿੰਦੀ ਹੀ ਨਹੀਂ।''

ਮੈਂ ਚੁੱਪ ਸਾਂ।

ਉਹਨੇ


(ਚੱਲਦੀ......)
-ਮਨਿੰਦਰ ਸਿੰਘ ਕਾਂਗ