ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, October 27, 2011

ਇਹੋ ਜਿਹਾ ਸੀ ‘ਸਾਡਾ ਸਾਥੀ ਪਾਲ ਸਿੰਘ’

ਦਸਾਂ ਨੋਹਾਂ ਦੀ ਕਿਰਤ ਕਰ-ਕਰ, ਗੁਰਬਤ ਹੰਦਾਉਂਦਾ ਤੁਰ ਗਿਆ,
ਹਨੇਰਿਆਂ ਨੂੰ ਰੁਸ਼ਨਾਉਣ ਲਈ ਮਸਾਲਾਂ ’ਚ ਤੇਲ ਪਾਉਂਦਾ ਤੁਰ ਗਿਆ

ਜਿਸ ਵਿਅਕਤੀ ਬਾਰੇ ਮੈਂ ਸ਼ਰਧਾਂਜਲੀ ਲਿਖਣ ਜਾ ਰਿਹਾ ਹਾਂ ਉਹ ਨਾਂ ਕੋਈ ਸਿਆਅਤਦਾਨ ਸੀ, ਨਾ ਨਾਟਕਕਾਰ ਤੇ ਨਾ ਹੀ ਉਹ ਕਿਸੇ ਹੋਰ ਅਸਰ ਰਸੂਖ ਵਾਲਾ ਬੰਦਾ ਸੀ। ਉਹ ਇਕ ਸਾਧਾਰਨ ਪਿੰਡ ਵਿੱਚ ਰਹਿਣ ਵਾਲਾ ਇਕ ਮਜ਼ਦੂਰ ਸੀ। ਜਿਸ ਨੇ ਸਾਰੀ ਉਮਰ ਹੱਡ-ਭੰਨਵੀ ਮਿਹਨਤ ਕਰਕੇ ਦੇਸ਼ ਦੇ ਅੰਨ ਦੇ ਭੰਡਾਰ ਭਰਨ ਵਿੱਚ ਆਪਣਾ ਯੋਗਦਾਨ ਪਾਇਆ। ਇਹ ਵਿਅਕਤੀ ਉਸ ਤਬਕੇ ਵਿੱਚੋਂ ਸੀ ਜਿਸ ਨੂੰ ਹਮੇਸ਼ਾ ਮੀਡੀਏ, ਸਰਕਾਰਾ ਬੁਧੀਜੀਵੀਆਂ ਵੱਲੋਂ ਅਣਗੋਲਿਆ ਕੀਤਾ ਜਾਂਦਾ ਰਿਹਾ ਹੈ।

9 ਅਕਤੂਬਰ 2011 ਦੀ ਸ਼ਾਮ ਨੂੰ ਦਿਲ ਦੀ ਬਿਮਾਰੀ ਨਾਲ ਲੜਦਿਆਂ ਸਾਥੀ ਪਾਲ ਸਿੰਘ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸੰਗੀਆਂ-ਸਾਥੀਆਂ ਕੋਲੋਂ ਸਦਾ-ਸਦਾ ਲਈ ਚਲਾ ਗਿਆ। ਉਹ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਪੜਿਤ ਸੀ। 9 ਅਕਤੂਬਰ ਨੂੰ ਉਹ ਆਪਣੇ ਨਿਤ-ਕਰਮ ਅਨੁਸਾਰ ਸਾਂਝੇ ਖੇਤ ਗਏ ਵਾਪਸ ਆਉਂਦਿਆਂ ਛਾਤੀ ਵਿੱਚ ਦਰਦ ਹੋਣ ਲੱਗਾ। ਘਰ ਆ ਕੇ ਦਰਦ ਹੋਰ ਵੱਧ ਗਿਆ। ਉਨ੍ਹਾਂ ਦਾ ਪੁੱਤਰ ਜਸਵੀਰ ਸਿੰਘ ਅਤੇ ਜੀਵਨ ਸਾਥਣ ਗਿਆਨ ਕੌਰ ਉਨ੍ਹਾਂ ਨੂੰ ਸੰਗਰੂਰ ਹਸਪਤਾਲ ਵਿੱਚ ਲੈ ਕੇ ਗਏ। ਉਥੋਂ ਉਨ੍ਹਾਂ ਦਾ ਪਟਿਆਲੇ ਦਾ ਪਰਚਾ ਕੱਟ ਦਿੱਤਾ। ਜਦੋਂ ਸਾਡੇ ਪਿਆਰੇ ਸਾਥੀ ਨੂੰ ਜੇਰੇ-ਇਲਾਜ਼ ਲਈ ਪਟਿਆਲੇ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਬਿਮਾਰੀ ਨਾਲ ਜੁਝਦਿਆਂ ਦਮ ਤੋੜ ਗਏ।

ਸਾਥੀ ਪਾਲ ਸਿੰਘ ਅੱਜ ਤੋਂ ਤਕਰੀਬਨ 55 ਵਰੇ੍ ਪਹਿਲਾਂ ਪੰਜਾਬ ਦੇ ਪਿੰਡ ਬੇਨੜਾ ਦੇ ਮਜ਼ਦੂਰ ਵਿਹੜੇ ਅੰਦਰਲੇ ਇਕ ਬੇ-ਜ਼ਮੀਨੇ ਗਰੀਬ ਦਲਿਤ ਪਰਿਵਾਰ ਦੇ ਬਜੁਰਗ ਧੰਨ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਉਨ੍ਹਾਂ ਸਮਿਆਂ ਵਿੱਚ ਪੈਦਾ ਹੋਏ ਜਦੋਂ ਦਲਿਤ ਪਰਿਵਾਰਾਂ ਵਿੱਚ ਪੈਦੇ ਹੋਣ ਵਾਲੇ ਬੱਚਿਆਂ ਨੂੰ ਸਕੂਲ ਦੀ ਥਾਂ, ਪਸ਼ੂਆਂ ਦੀ ਰਾਖੀ ਕਰਨ ਦੇ ਕੰਮ ਲਾ ਦਿੱਤਾ ਜਾਂਦਾ ਸੀ।

ਭਾਰਤ ਦੇ ਹੋਰ ਕਰੋੜਾਂ ਮਿਹਨਤਕਸ੍ਹ ਲੋਕਾਂ ਦੇ ਧੀਆਂ ਪੁੱਤਰਾਂ ਵਾਗੂੰ ਸਾਥੀ ਪਾਲ ਸਿੰਘ ਵੀ ਵਿਦਿਆ ਦੀ ਅਨਮੋਲ ਦਾਤ ਤੋਂ ਸੱਖਣਾ ਰਿਹਾ। ਪੜ੍ਹਨ-ਲਿਖਣ ਅਤੇ ਖੇਡਣ ਦੀ ਉਮਰ ਪਸ਼ੂ-ਡੰਗਰ ਚਾਰਦਿਆਂ ਬੀਤੀ। ਚੜਦੀ ਜਵਾਨੀ ਵਿੱਚ ਹੀ ਸੀਰੀ-ਸਾਂਝੀ ਰਲਣਾ ਪਿਆ। ਕਿੰਨੇ ਹੀ ਪੋਹਾਂ-ਮਾਘਾਂ ਦੀਆਂ ਕੁਕਰਾਲੀ ਰਾਤਾਂ ਅਤੇ ਜੇਠ ਹਾੜ ਦੀਆਂ ਸਿਖਰ ਦੁਪਹਿਰਾਂ, ਸੱਪਾਂ ਦੀਆਂ ਸਿਰੀਆਂ ਮਿੱਧਦਿਆਂ, ਖੇਤ-ਬੰਨਿਆਂ ਵਿੱਚ ਕਿਰਤ ਕਰਦਿਆਂ ਗੁਜਾਰਨੀਆਂ ਪਈਆਂ। ਸਾਥੀ ਪਾਲ ਸਿੰਘ ਮਜ਼ਦੂਰਾਂ ਦੀ ਉਸ ਪੀੜ੍ਹੀ ਦਾ ਪ੍ਰਤੀਨਿਧੀ ਸੀ ਜਿਸ ਨੇ ਨਾ ਚੰਗਾ ਪਹਿਣ ਕੇ ਨਾਂ ਸੌਂ ਕੇ ਤੇ ਨਾਂ ਚੰਗਾ ਖਾ ਕੇ ਦੇਖਿਆ। ਆਪਣੇ ਜੀਵਨ ਦਾ ਵੱਡਾ ਹਿੱਸਾ ਲਹੂ-ਪਸੀਨਾਂ ਇਕ ਕਰਕੇ ਦੇਸ਼ ਦੇ ਅਨਾਜ ਦੇ ਭੰਡਾਰ ਭਰਨ ਵਿੱਚ ਲਗਾਇਆ। ਪਰ ਦੇਸ਼ ਵਿੱਚ ਸਮੇਂ-ਸਮੇਂ ਤੇ ਬਣਦੀਆਂ ਰਹੀਆਂ ਵੋਟ ਪਾਰਟੀਆਂ ਦੀਆਂ ਸਰਕਾਰਾਂ ਤੇ ਦੇਸ਼ ਦੇ ਬੁਧੀਜੀਵੀਆਂ ਨੇ ਕਦੇ ਇਨ੍ਹਾਂ ਮਜ਼ਦੂਰਾਂ ਨੂੰ ਅੰਨ-ਦਾਤੇ ਦੇ ਤੌਰ ਤੇ ਨਹੀਂ ਦੇਖਿਆ। ਉਹ ਵੀ ਬਿਗਾਨੇ ਖੇਤਾਂ ਵਿੱਚ ਹਲ ਚਲਾਉਂਦਾ, ਮਹਿੰਗਾਈ, ਗੁਰਬਤ, ਜਾਤ-ਪਾਤ ਵਿਤਕਰੇ ਅਤੇ ਕਰਜ਼ੇ ਦਾ ਸ਼ਿਕਾਰ ਹੁੰਦਾ ਰਿਹਾ। ਸੰਸੇ, ਫਿਕਰਾਂ, ਝੋਰਿਆਂ ਅਤੇ ਮਜ਼ਬੂਰੀਆਂ ਨੇ ਹੋਰ ਕਿਰਤੀਆਂ ਦੀ ਤਰ੍ਹਾਂ ਉਸ ਦਾ ਖਹਿੜਾ ਵੀ ਨਾ ਛੱਡਿਆ।

ਸਾਥੀ ਪਾਲ ਸਿੰਘ ਮਜ਼ਦੂਰਾਂ ਦੇ ਹੱਕ ਲਈ ਲੜਨ ਵਾਲੀ ਜੱਥੇਬੰਦੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਇਕਾਈ ਪਿੰਡ ਬੇਨੜਾ ਦੇ ਮੁੱਖ ਆਗੂਆਂ ਵਿੱਚੋਂ ਇਕ ਸੀ। ਉਹ ਜੱਥੇਬੰਦੀ ਦੇ ਕੰਮਾਂ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਪਿੰਡ ਬੇਨੜਾ ਵਿੱਚ ਜੱਥੇਬੰਦੀ ਵੱਲੋਂ ਪੰਚਾਇਤ ਜ਼ਮੀਨ ਵਿੱਚੋਂ ਮਜ਼ਦੂਰਾਂ ਦੇ ਬਣਦੇ ਤੀਜੇ ਹਿੱਸੇ ਨੂੰ ਪ੍ਰਾਪਤ ਕਰਨ ਲਈ ਲੜੇ ਗਏ ਮਾਣਮੱਤੇ ਸੰਘਰਸ਼ ਵਿੱਚ ਸਾਥੀ ਪਾਲ ਦਾ ਪ੍ਰਸ਼ੰਸਾਯੋਗ ਯੋਗਦਾਨ ਸੀ। ਜਦੋਂ ਜੱਥੇਬੰਦੀ ਨੇ ਜ਼ਮੀਨ ਵਿੱਚ ਸਾਂਝੇ ਤੌਰ ਤੇ ਹਰਾ-ਚਾਰਾ ਬੀਜਣਾ ਸ਼ੁਰੂ ਕੀਤਾ ਤਾਂ ਇਸ ਦੀ ਸੰਭਾਲ ਦਾ ਵੱਡਾ ਮਸਲਾ ਸਾਹਮਣੇ ਆ ਖੜਾ ਹੋਇਆ ਤਾਂ ਸਾਥੀ ਪਾਲ ਸਿੰਘ ਨੇ ਕਿਹਾ ਕਿ ਸਾਂਝੇ ਖੇਤ ਦੀ ਸੰਭਾਲ ਮੈਂ ਕਰਾਂਗਾ ਤੁਸੀਂ ਫਿਕਰ ਨਾ ਕਰੋਂ। ਸਾਥੀ ਜੀ ਨੇ ਜਿੰਦ-ਜਾਨ ਲਾ ਕੇ ਖੇਤ ਦੀ ਸੰਭਾਲ ਕੀਤੀ। ਸਾਂਝੇ ਖੇਤ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸਾਥੀ ਜੀ ਨੇ ਬੜੀ ਮਿਹਨਤ ਤੇ ਸਿਆਪਣ ਨਾਲ ਹੱਲ ਕੀਤਾ। ਖੇਤ ਦੀ ਸੰਭਾਲ ਵਿੱਚ ਦਿੱਤੇ ਇਸ ਯੋਗਦਾਨ ਨੂੰ ਪਿੰਡ ਬੇਨੜਾ ਦੇ ਮਜ਼ਦੂਰ ਕਦੇ ਵੀ ਨਹੀਂ ਭੁੱਲਣਗੇ।
ਸਾਥੀ ਪਾਲ ਦਾ ਮੰਨਣਾ ਸੀ ਕਿ ਜਿਨਾਂ ਚਿਰ ਸਾਰੇ ਪਿੰਡਾਂ ਦੇ ਮਜ਼ਦੂਰ ਇੱਕਠੇ ਨਹੀਂ ਹੁੰਦੇ ਉਨ੍ਹਾਂ ਚਿਰ ਮਜ਼ਦੂਰਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਦਾ। ਉਹ ਇਹ ਵੀ ਕਹਿੰਦੇ ਹੁੰਦੇ ਸਨ ਕਿ ਜਿਨਾਂ ਚਿਰ ਸਾਂਝੇ ਖੇਤ ਦੀ ਵਾਂਗ-ਡੋਰ ਜੱਥੇਬੰਦੀ ਦੇ ਹੱਥ ਵਿੱਚ ਹੈ ਉਨ੍ਹਾ ਚਿਰ ਹੀ ਖੇਤ ਵਿੱਚ ਸਾਂਝੀਵਾਲਤਾ ਕਾਇਮ ਰਹਿ ਸਕਦੀ ਹੈ। ਇਸ ਕਰਕੇ ਸਾਥੀ ਪਾਲ ਨੇ ਜੱਥੇਬੰਦੀ ਨੂੰ ਮਜਬੂਤ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਸੀ। ਉਨ੍ਹਾਂ ਦੇ ਇਸ ਯੋਗਦਾਨ ਨੂੰ ਜੱਥੇਬੰਦੀ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਮਜ਼ਦੂਰਾਂ ਦੀ ਘਰੇਲੂ ਜ਼ਿੰਦਗੀ ਵਿੱਚ ਪੈਦਾ ਹੋਣ ਵਾਲੇ ਲੜਾਈ ਝਗੜਿਆਂ ਨੂੰ ਸੁਲਝਾਉਣ ਵਿੱਚ ਸਾਥੀ ਪਾਲ ਦੀ ਖਾਸ ਮੁਹਾਰਤ ਸੀ। ਲੋਕਾਂ ਦੇ ਰੌਲੇ-ਰੱਪਿਆਂ ਨੂੰ ਹੱਲ ਕਰਨਾ ਉਹ ਆਪਣੀ ਜਿੰਮੇਵਾਰੀ ਸਮਝਦਾ ਸੀ। ਜਿਸ ਪਰਿਵਾਰ ਦਾ ਕੋਈ ਰੌਲਾ ਹੁੰਦਾ ਉਹ ਉਸਨੂੰ ਹੱਲ ਕਰਨ ਚਲਿਆ ਜਾਂਦਾ। ਜਿਸ ਧਿਰ ਦਾ ਕਸੂਰ ਹੁੰਦਾ ਉਸ ਨੂੰ ਸਮਝਾਉਂਦਾ। ਲੋਕ ਉਨ੍ਹਾਂ ਦਾ ਚੰਗਾ ਪ੍ਰਭਾਵ ਮੰਨਦੇ ਸਨ। ਉਹ ਟੁੱਟਦੇ ਘਰਾਂ ਨੂੰ ਫਿਰ ਤੋਂ ਜੋੜ ਦਿੰਦੇ, ਵਿਛੜੇ ਭਰਾਵਾਂ ਵਿੱਚ ਮਿਲਾਪ ਕਰਵਾ ਦਿੰਦਾ।

ਉਨ੍ਹਾਂ ਕੋਲ ਜ਼ਿੰਦਗੀ ਦਾ ਹੱਡੀ ਹੰਢਾਇਆ ਤਜ਼ਰਬਾ ਸੀ। ਉਨ੍ਹਾਂ ਦੇ ਇਸ ਤਜ਼ਰਬੇ ਤੋਂ ਪਿੰਡ ਇਕਾਈ ਦੇ ਨੌਜਵਾਨ ਸਾਥੀਆਂ ਨੇ ਕਾਫੀ ਕੁਝ ਸਿੱਖਣਾ ਸੀ। ਉਨ੍ਹਾਂ ਦੇ ਬੇ-ਵਕਤੇ ਚਲੇ ਜਾਣ ਨਾਲ ਜਿਥੇ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਵੱਡਾ ਘਾਟਾ ਜੱਥੇਬੰਦੀ ਨੂੰ ਵੀ ਪਿਆ ਹੈ। ਜੱਥੇਬੰਦੀ ਪਿਛੇ ਰਹਿ ਗਏ ਪਰਿਵਾਰ ਦੇ ਮੈਂਬਰਾਂ ਨੂੰ ਹੌਂਸਲਾ ਦਿੰਦੀ ਹੈ। ਉਹ ਕਿਸੇ ਗੱਲ ਦਾ ਫਿਕਰ ਨਾ ਕਰਨ ਜੱਥੇਬੰਦੀ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਹੈ। ਉਹਨਾਂ ਵੱਲੋਂ ਲੋਕ-ਹਿੱਤਾਂ, ਖਾਸ ਕਰਕੇ ਸਾਂਝੇ ਖੇਤ ਦੀ ਸੰਭਾਲ ਅਤੇ ਇਸ ਨੂੰ ਕਾਇਮ ਰੱਖਣ ਲਈ ਕੀਤੇ ਕੰਮਾਂ ਦੀਆਂ ਪੈਂੜਾਂ ਅਮਿੱਟ ਰਹਿਣਗੀਆਂ। ਉਹਨਾਂ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਬੇਨੜਾ ਇਕਾਈ ਵਿਛੜੇ ਸਾਥੀ ਪਾਲ ਸਿੰਘ ਨੂੰ ਲਾਲ ਸਲਾਮ ਆਖਦੀ ਹੈ।

ਬਹਾਲ ਸਿੰਘ
ਬੇਨੜਾ ਪਿੰਡ ਦੇ ਸਾਂਝੇ ਖੇਤ ਬਾਰੇ ਪੜ੍ਹਨ ਲਈ ਹੇਠਲਾ ਲਿੰਕ ਕਲਿੱਕ ਕਰੋ


1 comment:

  1. Sathi Pal singh noon bikul sahi shardhaanjlee hai eh.
    Laal Slaam sathi Pal singh

    ReplyDelete