Saturday, January 21, 2012
ਪਾਰਟੀਆਂ ਦਾ 'ਵਿਕਾਸ ਏਜੰਡਾ' ਬਨਾਮ ਪੰਜਾਬ ਦਾ ਵਿਕਾਸ
Sunday, January 15, 2012
ਜਮਹੂਰੀਅਤ ਦੇ ਨਾਮ ਉੱਤੇ ਜੁੰਡੀ ਰਾਜ
ਦਲਜੀਤ ਅਮੀ
Thursday, January 12, 2012
ਅੰਨਦਾਤਾ ਦਾ ਦੂਜਾ ਭਾਗ ਛੇਤੀ ਹੀ ਲਿਖਾਂਗਾ--ਬਲਦੇਵ ਸਿੰਘ
ਸਾਹਿਤ ਦੇ ਖੇਤਰ 'ਚ ਅਜਿਹਾ ਪੁਰਸਕਾਰ ਮਿਲਣ 'ਤੇ ਲੇਖਕ ਦਾ ਕੱਦ ਕਿੰਨਾ ਕੁ ਉੱਚਾ ਹੋ ਜਾਂਦਾ ਹੈ?
ਨਹੀਂ, ਇਸ 'ਚ ਦੋ ਪੱਖ ਹਨ। ਲੇਖਕ ਤਾਂ ਉਹੀ ਹੁੰਦਾ ਹੈ,ਉਹਦੀਆਂ ਰਚਨਾਵਾਂ ਵੀ ਉਹੀ ਹੁੰਦੀਆਂ ਹਨ।ਲੇਖਕ ਦੀ ਮਕਬੂਲੀਅਤ ਤਾਂ ਪਾਠਕਾਂ ਵੱਲੋਂ ਹੀ ਹੋ ਜਾਂਦੀ ਹੈ ਪਰ ਅਜਿਹੇ ਪੁਰਸਕਾਰ ਤੁਹਾਨੂੰ ਯਕਦਮ ਇੰਝ ਸੁਰਖੀਆਂ 'ਚ ਲਿਆ ਦਿੰਦੇ ਹਨ ਜੋ ਮੇਰੇ ਲਈ ਇੱਕ ਤਸਵੀਰ ਸੀ ਜਿਸ ਤੋਂ ਮੈਨੂੰ ਮੁੜ ਅਹਿਸਾਸ ਹੋਇਆ ਕਿ ਲੋਕ ਤੁਹਾਨੂੰ ਕਿੰਨੀ ਦੂਰ ਦੂਰ ਤੱਕ ਜਾਣਦੇ ਹਨ।ਸਨਮਾਨ ਤਾਂ ਕਿਸੇ ਕੀਤੇ ਕੰਮ ਨੂੰ ਕਰਦੇ ਹੋਏ ਸਾਹ ਲੈਣ ਲਈ ਹੁੰਦੇ ਹਨ,ਇਸ ਤੋਂ ਬਾਅਦ ਫਿਰ ਸਫਰ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਜਾਂਦਾ ਹੈ।
ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਜੀਹਨੂੰ 'ਮੋਗਾ ਚਾਹ ਜੋਗਾ' ਕਹਿਕੇ ਸੰਬੋਧਿਤ ਕੀਤਾ ਗਿਆ ਤੇ ਦੂਜੇ ਪਾਸੇ ਰੌਲੇ ਰੱਪੇ ਤੇ ਤੇਜ਼ ਤਰਾਰ ਜ਼ਿੰਦਗੀ ਨੂੰ ਭੋਗਦੇ ਸ਼ਹਿਰ ਕੋਲਕਾਤਾ 'ਚ ਸਾਹਿਤ ਦੇ ਹਰਫੀ ਫੁਰਨੇ,ਕਿਸ ਸਰਜ਼ਮੀਨ 'ਚ ਸਾਹਿਤ ਵਧੇਰੇ ਨਕਸ਼ਬੱਧ ਹੋਇਆ?
ਮੇਰੇ ਸ਼ਹਿਰ ਮੋਗੇ ਬਾਰੇ ਅਜਿਹੀ ਧਾਰਨਾ ਜ਼ਰੂਰ ਹੈ ਪਰ ਮੋਗਾ ਪੰਜਾਬ ਦੀ ਸੱਭਿਆਚਾਰਕ ਜ਼ਿੰਦਗੀ ਦਾ ਖਾਸ ਵਰਤਾਰਾ ਰਿਹਾ ਹੈ।ਜਿੱਥੋਂ ਤੱਕ ਕੋਲਕਾਤਾ ਦੀ ਗੱਲ ਹੈ ਤਾਂ ਮੈਂ ਇਹੋ ਕਹਾਂਗਾ ਕਿ ਜੇ ਇਹ ਮਹਾਂਨਗਰ ਨਾ ਹੁੰਦਾ ਤਾਂ ਮੇਰੀ ਰਚਨਾ 'ਸੜਕਨਾਮਾ' ਨਾ ਹੁੰਦੀ।ਇਸ ਸ਼ਹਿਰ ਨੇ ਮੇਰੀ ਸੋਚ,ਮੇਰੇ ਨਜ਼ਰੀਏ ਨੂੰ ਵਧੇਰੇ ਗੂੜ੍ਹਾ ਕੀਤਾ।
'ਢਾਹਵਾਂ ਦਿੱਲੀ ਦੇ ਕਿੰਗਰੇ' ਬਾਰੇ ਦੱਸੋ?
ਇਸ ਨਾਵਲ ਨੂੰ ਲਿਖਣ ਦਾ ਕਾਰਨ ਸੀ ਕਿ ਮੈਂ ਲੋਕ ਨਾਇਕ 'ਦੁੱਲਾ ਭੱਟੀ' ਨੂੰ ਨਾਇਕ ਵੱਜੋਂ ਪੇਸ਼ ਕਰਦਾ ਨਾਵਲ ਲਿਖਣਾ ਚਾਹੁੰਦਾ ਸੀ।ਇਸ ਲਈ ਮੈਂ ਖੋਜ ਕਰਨ ਦੋ ਵਾਰ ਲਾਹੌਰ(ਪਾਕਿਸਤਾਨ) ਗਿਆ।ਉੱਥੇ ਪਿੰਡੀ ਭੱਟੀਆ ਦੁੱਲਾ ਭੱਟੀ ਦਾ ਪਿੰਡ ਹੈ।ਮੈਂ ਉੱਥੇ ਜਾਕੇ ਉਹਨਾਂ ਲੋਕਾਂ ਦੀ ਬੋਲੀ ਨੂੰ ਜਾਨਣ ਦੀ ਕੋਸ਼ਿਸ ਵੀ ਕੀਤੀ ਜੋ ਮੇਰੇ ਨਾਵਲ 'ਚ ਕਾਫੀ ਸਹਾਈ ਸਿੱਧ ਹੋਈ।ਉੱਥੇ ਮੈਂ ਮਿਆਨੀ ਸਾਹਿਬ ਜਾਕੇ ਦੁੱਲਾ ਭੱਟੀ ਦੀ ਸਮਾਧ ਵੀ ਵੇਖੀ।ਉਹਦੀ ਸਮਾਧ 'ਤੇ ਲਿਖਿਆ ਸੀ 'ਢਾਹਵਾਂ ਦਿੱਲੀ ਦੇ ਕਿੰਗਰੇ' ਜਿਹਨੂੰ ਮੈਂ ਆਪਣੇ ਨਾਵਲ ਦਾ ਸਿਰਲੇਖ ਬਣਾਇਆ।
ਕਿਸੇ ਸਾਹਿਤਕਾਰ ਲਈ ਸਭ ਤੋਂ ਵੱਡੀ ਮਕਬੂਲੀਅਤ ਹੁੰਦੀ ਹੈ ਜਦੋਂ ਪਾਠਕ ਲੇਖਕ ਨੂੰ ਉਸਦੀ ਰਚਨਾ ਦੇ ਨਾਲ ਜਾਨਣ ਲੱਗ ਜਾਵੇ,ਜਿਵੇਂ ਕਿ ਤੁਹਾਨੂੰ ਲੋਕ ਬਲਦੇਵ ਸਿੰਘ ਸੜਕਨਾਮਾ ਕਹਿਕੇ ਸੰਬੋਧਿਤ ਕਰਦੇ ਹਨ ਤਾਂ ਕਿੰਝ ਲੱਗਦਾ ਹੈ?
ਇਹ ਮੇਰੇ ਲਈ ਹਮੇਸ਼ਾ ਫਖ਼ਰ ਵਾਲੀ ਗੱਲ ਰਹੀ ਹੈ। ਮੈਨੂੰ ਲੋਕ ਬਲਦੇਵ ਸਿੰਘ ਸੜਕਨਾਮਾ ਕਹਿਕੇ ਬਲਾਉਂਦੇ ਹਨ। ਫਿਰ ਜਦੋਂ ਮੈਂ 'ਲਾਲ ਬੱਤੀ' ਲਿਖਿਆ ਤਾਂ ਪਾਠਕਾਂ ਬਲਦੇਵ ਸਿੰਘ ਲਾਲਬੱਤੀ ਕਹਿਕੇ ਸੰਬੋਧਿਤ ਕਰਨਾ ਸ਼ੁਰੂ ਕਰ ਦਿੱਤਾ।ਇਸ ਤੋਂ ਮੈਨੂੰ ਇੱਕ ਕਿੱਸਾ ਵੀ ਯਾਦ ਆ ਗਿਆ।ਗੱਲ ਚੰਡੀਗੜ੍ਹ ਦੀ ਹੈ। ਇਸ ਸ਼ਹਿਰ 'ਚ ਕਿਸੇ ਸਾਹਿਤਕ ਸਮਾਗਮ 'ਚ ਮੇਰੇ ਮਿੱਤਰ ਨੇ ਮੈਨੂੰ ਮਜ਼ਾਕ ਨਾਲ ਕਿਹਾ, "ਬਲਦੇਵ ਤੇਰੀ ਕਿਤਾਬ ਇੰਨੀ ਮਸ਼ਹੂਰ ਹੁੰਦੀ ਹੈ ਕਿ ਤੇਰੇ ਨਾਮ ਦੇ ਨਾਲ ਤੇਰੀ ਕਿਤਾਬ ਦਾ ਨਾਮ ਵੀ ਜੁੜ ਜਾਂਦਾ ਹੈ।ਜੇ ਤੂੰ ਆਪਣੀ ਕਿਸੇ ਕਿਤਾਬ ਦਾ ਨਾਮ 'ਹਰਾਮਜ਼ਾਦਾ' ਰੱਖ ਦਿੱਤਾ ਫੇਰ।"ਮੈਂ ਉਹਨੂੰ ਜਵਾਬ ਦਿੱਤਾ ਕਿ ਮੇਰਾ ਦਿਮਾਗ ਥੋੜ੍ਹਾ ਖਰਾਬ ਹੈ ਕਿ ਮੈਂ ਅਜਿਹਾ ਨਾਮ ਰੱਖਾਗਾਂ ਸਗੋਂ ਮੈਂ ਆਪਣੀ ਕਿਤਾਬ ਦਾ ਨਾਮ 'ਜਵਾਈ ਭਾਈ' ਰੱਖਾਗਾਂ।ਫਿਰ ਜਿਹਨੇ ਜੋ ਸੰਬੋਧਨ ਕਰਨਾ ਹੋਵੇ, ਕਰਦਾ ਰਹੇ।
ਤੁਹਾਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ 'ਤੇ ਬਹੁਤ ਸਾਰਿਆਂ ਇਹ ਵੀ ਪ੍ਰਤੀਕਿਰਿਆ ਦਿੱਤੀ ਕਿ ਬਲਦੇਵ ਸਿੰਘ ਨੂੰ ਇਹ ਸਨਮਾਨ ਤਾਂ ਬਹੁਤ ਪਹਿਲਾਂ ਹੀ ਸੜਕਨਾਮਾ ਕਰਕੇ ਮਿਲ ਜਾਣਾ ਚਾਹੀਦਾ ਸੀ ਜੋਕਿ ਹੁਣ ਉਹਨੂੰ 'ਢਾਹਵਾਂ ਦਿੱਲੀ ਦੇ ਕਿੰਗਰੇ' ਰਾਹੀਂ ਮਿਲਿਆ ਹੈ?
ਇਹ ਮੇਰੇ ਪਾਠਕਾਂ ਦਾ ਪਿਆਰ ਹੈ ਕਿ ਉਹਨਾਂ ਦੀ ਅਜਿਹੀ ਟਿੱਪਣੀ ਸੀ।ਮੇਰੇ ਲੇਖਕ ਦੋਸਤਾਂ ਦਾ ਵੀ ਅਜਿਹਾ ਵਿਚਾਰ ਸੀ ਕਿ ਇਹ ਸਨਮਾਨ 'ਸੜਕਨਾਮਾ' ਨੂੰ ਮਿਲਣਾ ਚਾਹੀਦਾ ਸੀ।ਇਸ ਤੋਂ ਬਾਅਦ ਵੀ ਉਹਨਾਂ ਦਾ ਮੰਨਣਾ ਸੀ ਕਿ ਜੇ ਸੜਕਨਾਮਾ ਨਹੀਂ ਤਾਂ 'ਲਾਲਬੱਤੀ' ਜਾਂ 'ਅੰਨਦਾਤਾ' ਨੂੰ ਤਾਂ ਪੱਕਾ ਮਿਲ ਹੀ ਜਾਣਾ ਚਾਹੀਦਾ ਸੀ।ਇਹ ਮੇਰੇ ਚਾਹੁਣ ਵਾਲਿਆਂ ਦਾ ਨਜ਼ਰੀਆ ਹੈ ਪਰ ਮੈਂ ਕਦੀ ਪੁਰਸਕਾਰਾਂ ਲਈ ਨਹੀਂ ਲਿਖਿਆ।ਮੈਂ ਇਸ ਬਾਰੇ ਵੀ ਇਹੋ ਕਹਾਂਗਾ ਕਿ ਆਮ ਤੌਰ 'ਤੇ ਅਜਿਹੇ ਸਨਮਾਨ ਚਿਹਰੇ ਜਾਂ ਰਸੂਖਦਾਰ ਅਕਸ ਨੂੰ ਮਿਲਦੇ ਹਨ ਪਰ ਮੇਰੇ ਸੰਦਰਭ 'ਚ ਇਹ ਸਨਮਾਨ ਮੈਨੂੰ ਨਹੀਂ ਸਗੋਂ ਇੱਕ ਰਚਨਾ ਨੂੰ ਮਿਲਿਆ ਹੈ।
ਤੁਹਾਡੇ ਸਾਹਿਤ ਅਕਾਦਮੀ ਪੁਰਸਕਾਰ ਦੇ ਸੰਦਰਭ 'ਚ ਫਿਲਹਾਲ ਦੇ ਸੰਪਾਦਕ ਗੁਰਬਚਨ ਹੁਰਾਂ ਦਾ ਤਾਂ ਇਹ ਵੀ ਕਹਿਣਾ ਸੀ ਕਿ ਪੰਜਾਬੀ 'ਚ ਹੁਣ ਤੱਕ ਔਸਤਨ ਸਾਹਿਤ ਲਿਖਿਆ ਜਾ ਰਿਹਾ ਹੈ,ਇਸ ਲਈ ਜੇ ਹੋਰ ਔਸਤਨ ਸਾਹਿਤਕਾਰਾਂ ਨੂੰ ਇਨਾਮ ਮਿਲੇ ਹਨ ਤਾਂ ਬਲਦੇਵ ਸਿੰਘ ਨੂੰ ਵੀ ਸਨਮਾਨ ਮਿਲਣਾ ਜਾਇਜ਼ ਹੈ ਪਰ ਇਹ ਬਲਦੇਵ ਸਿੰਘ ਲਈ ਕੋਈ ਖੁਸ਼ ਹੋਣ ਵਾਲੀ ਗੱਲ ਨਹੀਂ ਸਗੋਂ ਪੰਜਾਬੀ ਸਾਹਿਤ ਬਾਬਤ ਇਹ ਗੱਲ ਵਿਚਾਰਣਯੋਗ ਵੀ ਹੈ?
ਗੁਰਬਚਨ ਜੀ ਸਾਡੇ ਬਹੁਤ ਚੰਗੇ ਵਿਦਵਾਨ ਹਨ। ਉਹ ਸਾਹਿਤ ਦੇ ਪੰਡਿਤ ਹਨ ਪਰ ਉਹ ਹਮੇਸ਼ਾ ਨਾਂਹ ਪੱਖੀ ਪਹੁੰਚ ਰੱਖਦੇ ਹਨ। ਪੰਜਾਬੀ ਸਾਹਿਤ ਦਾ ਚੰਗਾ ਕੰਮ ਵੀ ਹੋ ਰਿਹਾ ਹੈ ਜੋ ਉਹ ਵੇਖਣਾ ਨਹੀਂ ਚਾਹੁੰਦੇ।ਪਰ ਗੁਰਬਚਨ ਹੁਰਾਂ ਦੀ ਇਸ ਟਿੱਪਣੀ ਤੋਂ ਅਸੀ ਇਹ ਗੱਲ ਤਾਂ ਵਿਚਾਰ ਸਕਦੇ ਹਾਂ ਕਿ ਜਿਸ ਤਰ੍ਹਾਂ 'ਚਾਰ ਪੈਸੇ ਖਰਚ ਕਰਕੇ ਅੱਖਰ ਖਰੀਦਣ' ਵਾਲੀ ਗੱਲ ਕਰ ਪਬਲਿਸ਼ਰਾਂ ਤੋਂ ਹਰ ਕੋਈ ਥੋਕ ਦੇ ਭਾਅ ਕਿਤਾਬਾਂ ਛਪਵਾ ਰਿਹਾ ਹੈ,ਸੰਸਾਰ ਪੱਧਰ 'ਤੇ ਜੋ ਸਾਹਿਤ ਸਿਰਜਣਾ ਹੋ ਰਹੀ ਹੈ, ਉਸ ਤੋਂ ਕੁਝ ਵੱਖਰੀਆਂ ਨਕਾਰਤਾਮਕ ਗੱਲਾਂ ਪੰਜਾਬੀ ਸਾਹਿਤ 'ਚ ਵੇਖਣ ਨੂੰ ਮਿਲ ਰਹੀਆਂ ਹਨ। ਕੀ ਕਿਤਾਬਾਂ ਦੀ ਗਿਣਤੀ ਵਧਣ ਦੇ ਨਾਲ ਕਲਾ ਦੀ ਗੁਣਵਤਾ 'ਚ ਖੜੋਤ ਵਾਲਾ ਮਸਲਾ ਗੰਭੀਰ ਨਹੀਂ?
ਮੈਂ ਇਸ ਗੱਲ ਨੂੰ ਰੱਦ ਨਹੀਂ ਕਰ ਰਿਹਾ ਅਤੇ ਅਜਿਹੀਆਂ ਕਿਤਾਬਾਂ ਨਾਲ ਕੋਈ ਬਹੁਤਾ ਉਤਾਰਾ ਨਹੀਂ ਹੁੰਦਾ ਪਰ ਗੁਰਬਚਨ ਹੁਰਾਂ ਦੀ ਟਿੱਪਣੀ ਜਿੱਥੇ ਖਲੋਤੀ ਹੈ ਉਹ ਇਹ ਹੈ ਕਿ ਉਹਨਾਂ ਨੂੰ ਸਿਰਫ ਨਾਂਹ ਪੱਖੀ ਗੱਲ ਨਹੀਂ ਕਹਿਣੀ ਚਾਹੀਦੀ। ਜੇ ਪੰਜਾਬੀ ਸਾਹਿਤ 'ਚ ਵੀਹ ਫੀਸਦੀ ਵੀ ਚੰਗਾ ਕੰਮ ਹੋ ਰਿਹਾ ਹੈ, ਉਸ ਨੂੰ ਦਰਨਿਕਾਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਉਹਨਾਂ ਨੂੰ ਇਹ ਜ਼ਰੂਰ ਵਿਚਾਰਨਾ ਚਾਹੀਦਾ ਹੈ, ਅਮ੍ਰਿਤਾ ਵੀ ਵਧੀਆ ਨਹੀਂ ਲੱਗਦੀ,ਸੁਰਜੀਤ ਵੀ ਚੰਗਾ ਨਹੀਂ ਲੱਗਦਾ,ਉਹਨਾਂ ਨੂੰ ਅਜੀਤ ਕੌਰ ਵੀ ਚੰਗੀ ਨਹੀਂ ਲੱਗਦੀ।ਉਹ ਹਮੇਸ਼ਾ ਅਜਿਹੀਆਂ ਟਿੱਪਣੀਆਂ ਨਾਲ ਕੀ ਸਿੱਧ ਕਰ ਰਹੇ ਹਨ।ਉਹ ਇਹ ਜ਼ਰੂਰ ਦੱਸਣ ਕਿ ਉਹਨਾਂ ਦੀ ਔਸਤਨ ਸਾਹਿਤ ਦੀ ਪਰੀਭਾਸ਼ਾ ਕੀ ਹੈ?ਉਹਨਾਂ ਦੀ ਨਜ਼ਰ 'ਚ ਕਲਾਸੀਕਲ ਸਾਹਿਤ ਕੀ ਹੈ?ਮੇਰੇ ਮਨ 'ਚ ਉਹਨਾਂ ਦੀ ਬਹੁਤ ਇੱਜ਼ਤ ਹੈ,ਇਹ ਉਹਨਾਂ ਦਾ ਨਿਜੀ ਵਿਚਾਰ ਹੋ ਸਕਦਾ ਹੈ ਜੋ ਕਿ ਅੱਜ ਦੇ ਲੋਕਤੰਤਰੀ ਯੁੱਗ 'ਚ ਕਹਿਣ ਦਾ ਸਭ ਦਾ ਹੱਕ ਬਣਦਾ ਹੈ ਪਰ ਪੰਜਾਬੀ ਸਾਹਿਤ ਦਾ ਹਾਂ ਪੱਖੀ ਨਜ਼ਰੀਆ ਵੀ ਵੇਖਣਾ ਚਾਹੀਦਾ ਹੈ।ਉਹ ਸਾਨੂੰ ਦੱਸਣ ਸਾਡੇ 'ਚ ਕੀ ਨੁਕਸ ਹੈ, ਅਸੀਂ ਜ਼ਰੂਰ ਉਹਨਾਂ ਦੇ ਵਿਚਾਰਾਂ ਨੂੰ ਸਿਰ ਮੱਥੇ ਲਵਾਂਗੇ ਪਰ ਸਿਰਫ ਨਾਂਹ ਪੱਖੀ ਗੱਲ ਕਰਨੀ ਤਾਂ ਉਹੀ ਗੱਲ ਹੋ ਗਈ ਕਿ ਕੋਈ ਬੰਦਾ ਤਾਰ 'ਤੇ ਤੁਰਿਆ ਜਾ ਰਿਹਾ ਹੈ ਤੇ ਥੱਲੇ ਖੜ੍ਹਕੇ ਢੋਲ ਵਾਲਾ ਕਹੀ ਜਾਵੇ ਕਿ ਮੈਂ ਨਾ ਮਾਨੂੰ ਮੈਂ ਨਾ ਮਾਨੂੰ' ਪੰਜਾਬੀ ਸਾਹਿਤ 'ਚ ਉਹ ਵੀ ਹਰਫੀ ਬੁਣਕਾਰੀ ਸੀ ਜਿਸ 'ਚ ਕੁਲਵੰਤ ਸਿੰਘ ਵਿਰਕ ਵਰਗੇ ਕਿਰਦਾਰਾਂ ਦਾ ਮਨੋਵਿਗਿਆਨਕ ਚਿਤਰਨ ਬਾਖੂਬ ਕਰਦੇ ਸਨ, ਸੰਤ ਸਿੰਘ ਸੇਖੋਂ ਦਾ ਆਪਣਾ ਕਮਾਲ ਸੀ।ਪ੍ਰੋ ਪੂਰਨ ਸਿੰਘ ਦਾ ਆਪਣੀ ਤਰ੍ਹਾਂ ਦਾ ਅਲਬੇਲਾ ਚਿੰਤਨ ਸੀ। ਅਜਿਹੇ 'ਚ ਪੰਜਾਬੀ ਸਾਹਿਤ ਦਾ ਇੱਕ ਆਪਣਾ ਜੋਬਨ ਹੈ, ਅਜਿਹੇ 'ਚ ਪੰਜਾਬੀ ਸਾਹਿਤ ਦੀ ਖੜੋਤ ਵਿਚਾਰਨਯੋਗ ਤਾਂ ਹੋਣੀ ਚਾਹੀਦੀ ਹੈ,ਕਿਉਂਕਿ ਔਸਤਨ ਸਾਹਿਤ ਦੇ ਹੱਲ ਬਾਰੇ ਗੁਰਬਚਨ ਤਾਂ ਇਹ ਵੀ ਕਹਿੰਦੇ ਹਨ ਕਿ ਕੁਝ ਸਮੱਸਿਆਵਾਂ ਹੁੰਦੀਆਂ ਹਨ ਜਿਨ੍ਹਾਂ ਦਾ ਹੱਲ ਨਹੀਂ ਹੁੰਦਾ।
ਤੁਹਾਡੇ ਮੁਤਾਬਕ ਕਿਹੜੇ ਪਹਿਲੂ ਵਿਚਾਰਣਯੋਗ ਹਨ?
ਮੇਰਾ ਖੇਤਰ ਸਾਹਿਤ ਸਿਰਜਣਾ ਦਾ ਹੈ,ਆਲੋਚਨਾ ਦਾ ਖੇਤਰ ਮੇਰਾ ਨਹੀਂ ਹੈ।ਇਹ ਜਿਹਨਾਂ ਦਾ ਖੇਤਰ ਹੈ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਔਸਤਨ ਸਾਹਿਤ ਨੂੰ ਮਿਆਰੀ ਸਾਹਿਤ ਕਿਵੇਂ ਬਣਾਇਆ ਜਾ ਸਕਦਾ ਹੈ।ਜਿਹਨਾਂ ਨੇ ਇਹ ਫਤਵਾ ਜਾਰੀ ਕੀਤਾ ਹੈ ਕਿ ਔਸਤਨ ਸਾਹਿਤ ਸਿਰਜਿਆ ਜਾ ਰਿਹਾ ਹੈ, ਇਹਦਾ ਹੱਲ ਉਹਨਾਂ ਨੂੰ ਵਧੇਰੇ ਗੰਭੀਰਤਾ ਨਾਲ ਕਰਨਾ ਚਾਹੀਦਾ ਹੈ।ਸਾਹਿਤ ਜਦੋਂ ਸਿਨੇਮਾਈ ਰੂਪ ਲੈਂਦਾ ਹੈ ਤਾਂ ਸਾਹਿਤ ਪ੍ਰਤੀ ਲੋਕਾਂ ਦੀ ਰੁਚੀ ਵਧੇਰੇ ਉਜਾਗਰ ਹੋ ਜਾਂਦੀ ਹੈ,ਜਿਵੇਂ ਬੰਗਾਲੀ ਸਾਹਿਤ 'ਤੇ ਫਿਲਮਾਂ ਬਣੀਆਂ, ਪੰਜਾਬੀ ਦੇ ਵੀ ਕੁਝ ਨਾਵਲਾਂ (ਪਵਿੱਤਰ ਪਾਪੀ,ਅੰਨ੍ਹੇ ਘੋੜੇ ਦਾ ਦਾਨ,ਪਿੰਜਰ,ਮੜ੍ਹੀ ਦਾ ਦੀਵਾ) 'ਤੇ ਵੀ ਫਿਲਮਾਂ ਬਣੀਆਂ।ਤੁਹਾਡੇ ਕੋਲ ਤੁਹਾਡੇ
ਨਾਵਲਾਂ ਬਾਬਤ ਕਦੀ ਅਜਿਹੀ ਵਿਉਂਤਬੰਦੀ ਲੈਕੇ ਕੋਈ ਆਇਆ?
ਇਸ ਬਾਰੇ ਮੇਰੇ ਤੱਕ ਕਈਆਂ ਨੇ ਪਹੁੰਚ ਕੀਤੀ ਪਰ ਅਜਿਹਾ ਕੋਈ ਸਬੱਬ ਨਹੀਂ ਬਣਿਆ। ਸਗੋਂ ਸੁਰਿੰਦਰ ਸਿੰਘ ਪੂਨੇ ਵਾਲੇ ਜਿਨ੍ਹਾਂ ਗੁਰਦਿਆਲ ਸਿੰਘ ਦੇ ਨਾਵਲ 'ਤੇ 'ਮੜ੍ਹੀ ਦਾ ਦੀਵਾ' ਬਣਾਈ ਸੀ, ਨੇ ਮੇਰੇ ਨਾਵਲਾਂ ਨੂੰ ਅਧਾਰ ਬਣਾਕੇ ਫਿਲਮ ਬਣਾਉਣੀ ਚਾਹੀ ਸੀ ਪਰ ਉਹਨਾਂ ਦੀ ਅਚਨਚੇਤੀ ਮੌਤ ਹੋ ਗਈ।ਇਸ ਤੋਂ ਬਾਅਦ ਵੀ ਕੁਝ ਅਜਿਹਾ ਹੀ ਵਾਪਰਦਾ ਰਿਹਾ, ਨਹੀਂ ਤਾਂ ਹੁਣ ਤੱਕ ਮੇਰੇ ਨਾਵਲਾਂ 'ਤੇ ਅਧਾਰਿਤ ਤਿੰਨ ਜਾਂ ਚਾਰ ਫਿਲਮਾਂ ਤਾਂ ਜ਼ਰੂਰ ਬਣੀਆਂ ਹੁੰਦੀਆਂ।
ਭੱਵਿਖ 'ਚ ਤੁਹਾਡੀ ਕਲਮ ਦੀ ਕਿਹੜੀ ਹਰਫੀ ਬੁਣਕਾਰੀ ਸਾਡੇ ਸਾਹਮਣੇ ਹੋਵੇਗੀ?
ਪੰਜਾਬ 'ਚ ਜਿਵੇਂ ਭੂ ਮਾਫੀਆ ਨੇ ਜ਼ਮੀਨਾਂ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਅਜਿਹੇ 'ਚ ਕਿੰਝ ਜ਼ਮੀਨਾਂ ਦੇ ਭਾਅ ਕਰੋੜਾਂ 'ਚ ਹੋਏ ਪਏ ਹਨ। ਅਜਿਹੇ 'ਚ ਕਿਸਾਨ ਦੀ ਜ਼ਿੰਦਗੀ ਕਿੰਝ ਪ੍ਰਭਾਵਿਤ ਹੋ ਰਹੀ ਹੈ। ਇਸ ਵਿਸ਼ੇ ਨੂੰ ਸਮੇਟ ਕੇ ਮੈਂ 'ਅੰਨਦਾਤਾ' ਭਾਗ ਦੂਜਾ ਨਾਵਲ ਲਿਖਣ ਜਾ ਰਿਹਾ ਹਾਂ। ਉਮੀਦ ਹੈ ਕਿ ਮੈਂ ਇੰਝ ਹਮਾਤੜ ਜ਼ਿੰਦਗਾਨੀ ਦੇ ਦਰਦ ਨੂੰ ਜ਼ੁਬਾਨ ਦੇ ਸਕਾਗਾਂ।
Sunday, January 8, 2012
ਦਲਿਤ 'ਵਿਚਾਰ-ਚਰਚਾ' ਅੰਦੋਲਨ ਨਹੀਂ,ਪ੍ਰਤੀਕਰਮ ਹੈ
ਮੈਂ ਤੁਹਾਡੇ ਸਵਾਲ ਨਾਲ ਸਹਿਮਤ ਹਾਂ।ਦਲਿਤ ਵਿਚਾਰ-ਚਰਚਾ ਕੋਈ ਅੰਦੋਲਨ ਨਹੀਂ,ਸਿਰਫ ਪ੍ਰਤੀਕਰਮ ਹੈ।ਇਹ ਪ੍ਰਤੀਕਰਮ ਹੈ,ਉਹਨਾਂ ਉੱਚ ਜਾਤੀਆਂ ਦੇ ਵਿਰੁੱਧ,ਜਿਨ੍ਹਾਂ ਨੂੰ ਦਲਿਤਾਂ ਦਾ ਦੁੱਖ ਦਰਦ ਦਿਖਾਈ ਨਹੀਂ ਦਿੰਦਾ। ਇਤਿਹਾਸ ਗਵਾਹ ਹੈ ਕਿ ਪਹਿਲਾਂ ਸਿਖਿਆ ਉੱਚ ਜਾਤੀਆਂ ਲਈ ਹੀ ਸੀ।ਦਲਿਤਾਂ ਲਈ ਪੁਸਤਕ ਅਤੇ ਮੰਦਿਰ ਵਗੈਰਾ ਜਾਣ 'ਤੇ ਪਾਬੰਦੀ ਸੀ।'ਦਲਿਤ ਲਿਖਤ' ਦੇ ਮੁੱਲ ਵਿਚ ਇਹ ਪਾਬੰਦੀ ਦੇ ਖਿਲਾਫ਼ ਉਠੱਦੀ ਅਵਾਜ਼ ਹੈ। ਅੱਜ ਵੀ ਸਮਾਜ ਵਿੱਚ ਦਲਿਤ ਨੂੰ ਅਲੱਗ ਨਜ਼ਰ ਨਾਲ ਵੇਖਿਆ ਜਾਂਦਾ ਹੈ।ਪਹਿਲਾਂ ਤਾਂ ਇਹ ਦੱਸ ਦੇਵਾਂ ਕਿ ਦਲਿਤ ਲਿਖਤ ਦਾ ਮਹੱਤਵ ਉਹਨਾਂ ਲੋਕਾਂ ਦੀ ਲਿਖਤ ਨਾਲ ਹੈ, ਜਿਨ੍ਹਾਂ ਦਾ ਸਬੰਧ ਦਲਿਤ ਵਰਗ ਨਾਲ ਹੈ।ਦੂਸਰਾ ਦਲਿਤ ਲਿਖਤ ਦੀ ਸ਼ੁਰੂਆਤ ਜਿਨ੍ਹਾਂ ਹਾਲਤਾਂ ਵਿੱਚ ਹੋਈ, ਉਹਨਾਂ ਨੂੰ ਸਮਝਣਾ ਜ਼ਰੂਰੀ ਹੈ।ਦਲਿਤਾਂ ਦੀ ਸਮਾਜਿਕ ਹਾਲਤ ਕਾਰਨ ਦਲਿਤ ਵਰਗ ਨਾਲ ਸਬੰਧ ਰੱਖਣ ਵਾਲੇ ਲੇਖਕਾਂ ਨੂੰ ਕੰਨ੍ਹੀ 'ਤੇ ਦੇਖਿਆ ਜਾਦਾਂ ਹੈ।ਜਦੋਂ ਕਿ ਮੌਜੂਦਾ ਸਥਿਤੀ ਵਿੱਚ ਐਨਾ ਸੁਧਾਰ ਜ਼ਰੂਰ ਹੋਇਆ ਹੈ ਕਿ ਦਲਿਤਾਂ ਵਿਚਕਾਰ ਉਨ੍ਹਾਂ ਦੀ ਪਛਾਣ ਅਤੇ ਸਮਾਜ ਵਿੱਚ ਦਲਿਤ ਲੇਖਕਾਂ ਦੇ ਰੂਪ ਵਿੱਚ ਉਨ੍ਹਾਂ ਦੀ ਪਛਾਣ ਬਣੀ ਹੈ।ਇਸ ਪਛਾਣ ਨਾਲ ਲੇਖਕਾਂ ਨੂੰ ਜਿਆਦਾ ਖੁਸ਼ ਨਹੀਂ ਹੋਣਾ ਚਾਹੀਦਾ।ਕਿਉਂਕਿ ਅਸਲੀ ਖੁਸ਼ੀ ਤਾਂ ਉਸ ਵੇਲੇ ਹੁੰਦੀ ਹੈ, ਜਦੋਂ ਤੁਹਾਨੂੰ ਸਿਰਫ਼ ਇੱਕ ਲੇਖਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।ਦਰਅਸਲ, ਲਿਖ਼ਤ ਨੂੰ ਕਿਸੇ ਖ਼ਾਸ ਵਰਗ ਦੇ ਨਾਲ ਜੋੜਕੇ ਵੇਖਿਆ ਜਾਣਾ ਹੀ ਗਲਤ ਹੈ।ਇਸ ਲਈ ਦਲਿਤ ਵਿਚਾਰ-ਚਰਚਾ ਵੀ ਬਹੁਤ ਦਿਨਾਂ ਤੱਕ ਚੱਲਣ ਵਾਲੀ ਨਹੀਂ ਹੈ।
ਕੀ ਤੁਸੀਂ ਮੰਨਦੇ ਹੋ ਕੀ 'ਦਲਿਤ ਵਿਚਾਰ-ਚਰਚਾ' ਨੇੜਲੇ-ਭਵਿੱਖ ਵਿੱਚ ਖ਼ਤਮ ਹੋ ਜਾਵੇਗੀ?
ਹਾਂ,ਇਸ ਨੂੰ ਖ਼ਤਮ ਹੀ ਹੇਣਾ ਪਵੇਗਾ ਕਿਉਂਕਿ ਲੋਕ ਸਮਝਦਾਰ ਹੋ ਰਹੇ ਹਨ।ਲੋਕ ਜਿੰਨੇ ਸਿਖਿਅਤ ਹੁੰਦੇ ਜਾ ਰਹੇ ਹਨ, ਉਹਨਾਂ ਦੇ ਵਿਚਕਾਰ ਭੇਦ-ਭਾਵ ਮਿਟਦਾ ਜਾ ਰਿਹਾ ਹੈ।ਅੱਜ ਦੇ ਸਮਾਜ 'ਚ ਇਸ ਤਰ੍ਹਾਂ ਦੀਆਂ ਉਦਾਹਰਨਾਂ ਨਾਲ ਭਰਿਆ ਹੋਇਆ ਹੈ ਕਿ ਲੋਕ ਜਾਤ ਅਤੇ ਧਰਮ ਤੋਂ ਉੱਤੇ ਉੱਠਕੇ ਅਪਣੇ ਜੀਵਨ ਦਾ ਨਿਰਣਾ ਕਰ ਰਹੇ ਹਨ।ਖ਼ਾਸ ਕਰਕੇ ਜੋ ਨੌਜਵਾਨ ਲੇਖ਼ਕ ਹਨ,ਉਹਨਾਂ ਵਿਚਕਾਰ ਇਹ ਭਾਵਨਾ ਨਹੀਂ ਹੈ ਕਿ ਅਸੀਂ ਕਿਸ ਵਰਗ ਵਿੱਚ ਪੈਦਾ ਹੋਏ ਹਾਂ? ਉਹਨਾਂ ਦਾ ਮਕਸਦ ਸਿਰਫ਼ ਇਸ ਗੱਲ ਨਾਲ ਹੈ ਕਿ ਸਾਡੀ ਲਿਖਤ ਸਮਾਜ ਲਈ ਕਿੰਨੀ ਉਪਯੋਗੀ ਹੈ।ਨੌਜਵਾਨ ਲੇਖਕਾਂ ਦੇ ਲਈ ਲਿਖਤ ਹੀ ਪਹਿਲ ਹੈ, ਬਾਕੀ ਸਭ ਗੱਲਾਂ ਬੇਕਾਰ ਹਨ। ਇਸ ਦੇ ਬਾਵਜੂਦ ਸਮਾਜ ਵਿੱਚ ਜਾਤ,ਭਾਸ਼ਾ ਦੇ ਨਾਮ ਤੇ ਪ੍ਰਦੂਸ਼ਣ ਫ਼ੈਲਾਉਣ ਵਾਲੇ ਗੈਰ ਸਮਾਜੀ ਤੱਤ ਮੋਜੂਦ ਹਨ,ਇਹ ਵੀ ਇੱਕ ਸੱਚ ਹੈ।ਲਿਖਤ ਦੇ ਵਿੱਚ ਇੱਕ ਹੋਰ ਗੱਲ ਆਉਂਦੀ ਹੈ,ਉਹ ਹੈ ਭਾਸ਼ਾ। ਅਸੀਂ ਜਿਸ ਖੇਤਰ ਦੇ ਲੋਕਾਂ ਦੀ ਭਾਸ਼ਾ ਨੂੰ ਸਮਝ ਨਹੀਂ ਸਕਦੇ,ਉਨ੍ਹਾ ਦੀਆਂ ਤਕਲੀਫ਼ਾਂ ਨੂੰ ਸਮਝਣਾ ਸੌਖਾ ਨਹੀਂ ਹੁੰਦਾ ਹੈ।
ਤੁਹਾਡੇ ਅਨੁਸਾਰ, ਸੰਚਾਰ ਦੇ ਲਈ ਕਿਹੜੀ ਭਾਸ਼ਾ ਹੋਣੀ ਚਾਹੀਦੀ ਹੈ?
ਮੈਂ ਕਿਸੇ ਵੀ ਭਾਸ਼ਾ ਦੇ ਵਿਸ਼ੇਸ਼ ਪੱਖ ਵਿੱਚ ਨਹੀਂ ਹਾਂ।ਕਿਉਂਕਿ ਮੈਂ ਮਹਾਰਾਸ਼ਟਰ ਤੋਂ ਹਾਂ ਅਤੇ ਮਰਾਠੀ ਬੋਲਦਾ ਹਾਂ, ਮਰਾਠੀ ਵਿੱਚ ਲਿਖਦਾ ਹਾਂ, ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਮਰਾਠੀ ਦਾ ਪੱਖਪਾਤੀ ਹੋ ਜਾਵਾਂ।ਇਸ ਵਿਸ਼ਾ 'ਤੇ ਗੱਲ ਕਰਦੇ ਹੋਏ ਕਈ ਲੋਕ ਮੈਨੂੰ ਗਲਤ ਸਮਝ ਲੈਂਦੇ ਹਨ।ਮੈਂ ਸਾਫ਼ ਤੌਰ ਤੇ ਕਹਿੰਦਾ ਹਾਂ ਕਿ ਪੂਰੇ ਭਾਰਤ ਵਿੱਚ ਇੱਕ ਅਜਿਹੀ ਭਾਸ਼ਾ ਹੋਣੀ ਚਾਹੀਦੀ ਹੈ, ਜੋ ਸੰਚਾਰ ਦੇ ਲਈ ਵਰਤੋਂ ਵਿੱਚ ਲਿਆਂਦੀ ਜਾਵੇ। ਇਹ ਭਾਸ਼ਾ ਕੋਈ ਵੀ ਹੋ ਸਕਦੀ ਹੈ, ਅੰਗ੍ਰੇਜ਼ੀ, ਮਰਾਠੀ, ਗੁਜਰਾਤੀ, ਬੰਗਲਾ.. ਕੋਈ ਵੀ। ਮੈਨੂੰ ਕਿਸੇ ਵੀ ਭਾਸ਼ਾ ਤੇ ਇਤਰਾਜ਼ ਨਹੀਂ ਹੈ।ਹਾਂ,ਪਰ ਜੇਕਰ ਪੂਰੇ ਭਾਰਤ ਵਿੱਚ ਇੱਕ ਭਾਸ਼ਾ ਹੋਵੇ,ਜੋ ਸਭ ਦੇ ਸਮਝ ਆਉਂਦੀ ਹੋਵੇ ਤਾਂ ਇਸ ਤੋਂ ਵੱਧ ਫਾਇਦਾ ਕੀ ਹੋਵੇਗਾ।ਅਸੀਂ,ਇੱਕ ਦੂਜੇ ਦੇ ਦੁੱਖਾਂ ਅਤੇ ਖੁਸ਼ੀਆਂ ਵਿੱਚ ਸ਼ਰੀਕ ਹੋ ਸਕਾਂਗੇ। ਅਸੀਂ ਇੱਕ ਦੂਸਰੇ ਦੇ ਹੋਰ ਵੀ ਨੇੜੇ ਆ ਸਕਾਂਗੇ।ਕਈ ਵਾਰ ਅਜਿਹਾ ਵੇਖਿਆ ਜਾਂਦਾ ਹੈ ਕਿ ਮੁਜ਼ਰਮ ਨੂੰ ਕਦੋਂ ਹੱਥਕੜੀ ਲੱਗਦੀ ਹੈ ਤਾਂ ਪਤਾ ਚਲਦਾ ਹੈ ਕਿ ਉਸਨੂੰ ਸਜ਼ਾ ਦਿੱਤੀ ਗਈ ਹੈ।ਕਿਉਂਕਿ ਕੋਰਟ ਵਿੱਚ ਕਾਰਵਾਈ ਦੌਰਾਨ ਜਿਸ ਭਾਸ਼ਾ ਦਾ ਪ੍ਰਯੋਗ ਕੀਤਾ ਜਾਂਦਾ ਹੈ,ਉਸ ਭਾਸ਼ਾ ਤੋਂ ਉਹ ਅਣਜਾਣ ਹੁੰਦਾ ਹੈ।ਇਸ ਵਿੱਚ ਬਹੁਤ ਮੁਸ਼ਕਿਲ ਵੀ ਨਹੀਂ ਹੈ। ਲੋੜ ਹੈ ਸਾਨੂੰ ਅਪਣੇ ਛੋਟੇ ਮੋਟੇ ਸਵਾਰਥਾਂ ਨੂੰ ਭੁੱਲਕੇ ਸਮਾਜ,ਦੇਸ਼ ਅਤੇ ਮਨੁੱਖ ਦੇ ਹਿੱਤ ਬਾਰੇ ਸੋਚਣ ਦੀ।ਸਾਹਿਤ ਦਾ ਵੱਖ ਵੱਖ ਭਾਸ਼ਾਵਾਂ ਵਿੱਚ ਲਿਖਿਆ ਜਾਣਾ ਵਧੀਆ ਹੈ,ਪਰ ਇਹਨਾਂ ਸਾਰਿਆਂ ਦੇ ਵਿਚਕਾਰ ਕੋਈ ਇੱਕ ਭਾਸ਼ਾ (ਪੁੱਲ ਦਾ ਕੰਮ ਕਰੇ) ਦੀ ਜ਼ਰੂਰਤ ਹੈ।
ਭਾਸ਼ਾ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਜੋੜ ਕੇ ਵੇਖਣਾ ਕਿਥੋਂ ਤੱਕ ਠੀਕ ਹੈ?
ਦਰ ਅਸਲ ਭਾਸ਼ਾਵਾਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਧਰਮ ਦੀ ਕੋਈ ਭਾਸ਼ਾ ਨਹੀਂ ਹੁੰਦੀ।ਇਸ ਲਈ ਭਾਸ਼ਾ ਨੂੰ ਕਿਸੇ ਧਰਮ ਜਾਂ ਭਾਈਚਾਰੇ ਨਾਲ ਜੋੜਨਾ ਗ਼ਲਤ ਹੈ।ਕਿਸੇ ਭਾਸ਼ਾ ਨੂੰ ਧਰਮ ਜਾਂ ਕਿਸੇ ਖ਼ਾਸ ਭਾਈਚਾਰੇ ਨਾਲ ਜੋੜਕੇ ਦੇਖਣਾ 'ਵੋਟ ਬੈਂਕ ਦੀ ਰਾਜਨੀਤੀ' ਦੇ ਇਲਾਵਾ ਕੁਝ ਨਹੀਂ ਹੈ।ਨੇਤਾ ਲੋਕ ਸਮੇਂ ਸਮੇਂ ਤੇ ਭਾਸ਼ਾ ਦੀ ਗੱਲ ਛੇੜਦੇ ਰਹਿੰਦੇ ਹਨ। ਕੁਝ ਸਾਲ ਪਹਿਲਾਂ ਮਹਾਰਾਸ਼ਟਰ ਵਿੱਚ ਵੀ ਭਾਸ਼ਾ ਦੇ ਨਾਮ ਤੇ ਵਿਰੋਧਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।ਇਹ ਸਭ ਨੇਤਾਵਾਂ ਅਤੇ ਹੋਰ ਅਖ਼ੋਤੀ ਧਾਰਮਿਕ ਲੋਕਾਂ ਦੀ ਸਾਜ਼ਿਸ਼ ਹੈ। ਇਹ ਗੱਲ ਆਮ ਲੋਕਾਂ ਨੂੰ ਸਮਝਣੀ ਹੋਵੇਗੀ।ਇੱਕ ਲੇਖਕ ਹੋਣ ਦੇ ਨਾਤੇ ਸਾਡੀ ਵੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ,ਕਿ ਅਸੀਂ ਪਾਠਕਾਂ ਅਤੇ ਆਮ ਲੋਕਾਂ ਨੂੰ ਭਾਸ਼ਾ ਅਤੇ ਧਰਮ ਦੇ ਨਾਮ ਤੇ ਹੋ ਰਹੇ ਧੰਦਿਆਂ ਤੋਂ ਜਾਣੂ ਕਰਵਾਈਏ। ਅਸਲੀ ਚਿਹਰਾ ਸਾਹਮਣੇ ਲੋਕਾਂ ਸਾਹਮਣੇ ਲਿਆਈਏ ਤਾਂ ਕਿ ਲੋਕ ਜਾਗਰੂਕ ਹੋ ਸਕਣ।
ਕੀ ਤੁਹਾਨੂੰ 'ਦਲਿਤ ਲੇਖਕ' ਕਹਾਉਣਾ ਪਸੰਦ ਹੈ?
ਜਦੋਂ ਕਿਸੇ ਲੇਖਕ ਨੂੰ ਦਲਿਤ ਲੇਖਕ ਕਿਹਾ ਜਾਂਦਾ ੍ਹਹੈ ਤਾਂ ਉਸਦਾ ਮਤਲਬ ਹੁੰਦਾ ਹੈ- ਅਜਿਹਾ ਲੇਖਕ ਜਿਸਦਾ ਜਨਮ ਅਜਿਹੇ ਪਰਿਵਾਰ ਹੋਇਆ ਹੁੰਦਾ ਹੈ, ਜਿਸਨੂੰ ਦਲਿਤ ਕਿਹਾ ਜਾਂਦਾ ਹੈ ਅਤੇ ਸਮਾਜ ਦੇ ਹੋਰ ਲੋਕ ਉਸਨੂੰ ਅਪਣੇ ਵਰਗਾ ਨਹੀਂ ਸਮਝਦੇ ਹਨ। ਸਮਾਜ ਵਿੱਚ ਉਨ੍ਹਾਂ ਦੀ ਕੋਈ ਪਛਾਣ ਨਹੀਂ ਹੁੰਦੀ। ਆਮ ਤੌਰ ਤੇ ਦਲਿਤਾਂ ਦੇ ਦੁੱਖ ਦਰਦ ਨੂੰ ਲ਼ਿਖਤ ਦੇ ਮਾਧਿਅਮ ਦੇ ਰਾਹੀਂ ਪੇਸ਼ ਕਰਨ ਵਾਲੇ ਵਿਅਕਤੀ ਨੂੰ ਹੀ ਦਲਿਤ ਲੇਖਕ ਕਿਹਾ ਜਾਂਦਾ ਹੈ।ਇੱਕ ਅਰਥ ਵਿੱਚ ਇਹ ਠੀਕ ਕਿਹਾ ਹੈ ਪਰ ਜਿਥੇ ਤੱਕ ਲਿਖਤ ਦਾ ਸਵਾਲ ਹੈ ਤਾਂ ਦਲਿਤ ਲੇਖਕ ਵੀ ਸਮਾਜ ਦੇ ਹੋਰ ਵਰਗਾਂ ਦੇ ਦੁੱਖ ਦਰਦ ਨੂੰ ਸਮਝਦਾ ਹੈ ਅਤੇ ਉਸਨੂੰ ਅਪਣੀ ਲਿਖਤ ਵਿੱਚ ਉਤਰਨ ਦਾ ਯਤਨ ਕਰਦਾ ਹੈ।ਜਿਥੋਂ ਤੱਕ ਮੇਰਾ ਸਵਾਲ ਹੈ ਤਾਂ ਮੈਂ 'ਦਲਿਤ ਲੇਖਕ' ਦੀ ਬਜਾਏ ਲੇਖਕ ਕਹਿਲਉਣ ਵਿੱਚ ਜ਼ਿਆਦਾ ਸਤੁੰਸ਼ਟ ਹਾਂ।ਇਹ ਗੱਲ ਤਾਂ ਬਾਅਦ ਵਿੱਚ ਆਉਂਦੀ ਹੈ ਕਿ ਮੈਂ ਕਿਸ ਭਾਸ਼ਾ ਵਿੱਚ ਲਿਖਦਾ ਹਾਂ ਅਤੇ ਕਿਸ ਵਰਗ਼ ਨਾਲ ਸਬੰਧ ਰਖਦਾ ਹਾਂ।
Thursday, January 5, 2012
ਚੋਣਾਂ: ਭਾਰਤੀ ਲੋਕ-ਤੰਤਰ ਦਾ ਘਾਣਤੰਤਰ
ਅਜੋਕੇ ਸਮੇਂ ਦੀ ਚੋਣ ਵਿਵਸਥਾ ਦੀ ਗੱਲ ਕਰੀਏ ਤਾਂ ਸਾਨੂੰ ਇਸ ਵਿੱਚ ਕਿਤੇ ਵੀ ਲੋਕ ਹਿੱਤ ਦਿਖਾਈ ਨਹੀਂ ਦਿੰਦਾ। ਅੱਜ ਆਮ ਆਦਮੀ ਚੋਣਾਂ ਵਿੱਚ ਭਾਗ ਲੈਣ ਤੋਂ ਡਰਦਾ ਹੈ ਤੇ ਰਾਜਨੀਤੀ ਤੋਂ ਗੁਰੇਜ਼ ਕਰਦਾ ਹੈ,ਇਸ ਦਾ ਇਹ ਮਤਲਬ ਨਹੀਂ ਹੈ, ਕਿ ਆਮ ਆਦਮੀ ਸਿਆਸਤ ਦਾ ਚਾਹਵਾਨ ਨਹੀਂ, ਇਸ ਦਾ ਮਤਲਬ ਇਹ ਹੈ ਕਿ ਸਾਡੇ ਸਰਕਾਰੀ ਢਾਂਚੇ 'ਚੋਣ ਕਮਿਸ਼ਨ 'ਤੇ ਸਿਆਸੀ ਪਾਰਟੀਆਂ ਨੇ ਚੋਣਾਂ ਨੂੰ ਐਨਾ ਗੁੰਝਲ਼ਦਾਰ ਤੇ ਮਹਿੰਗਾ ਕਰ ਦਿੱਤਾ ਹੈ,ਕਿ ਆਮ ਆਦਮੀ ਨੂੰ ਇਸ ਤੋਂ ਕੋਹਾਂ ਦੂਰ ਕਰ ਦਿੱਤਾ ਗਿਆ ਹੈ।ਅਤੇ ਗਰੀਬ ਤੇ ਕਦੀ ਇਸ ਬਾਰੇ ਸੋਚ ਵੀ ਨਹੀਂ ਸਕਦਾ।ਇਸ ਕਰਕੇ ਚੋਣਾਂ ਨੂੰ ਅਮੀਰ ਲੋਕਾਂ ਦੀ ਖੇਡ ਕਿਹਾ ਜਾਂਦਾ ਹੈ। ਇਹ ਅਮੀਰ ਲੋਕ,ਸਾਡੇ ਸਿਆਸੀ ਆਗੂ ਜੋ ਚੋਣਾਂ ਵਿੱਚ ਸਾਊ, ਮਿੱਠ-ਬੋਲੜੇ, ਤੇ ਦਾਨੀ ਲਗਗੇ ਹਨ, ਜਿੰਨਾ ਇਹ ਚੋਣਾਂ ਦੌਰਾਨ ਖ਼ਰਚ ਕਰਦੇ ਹਨ ਤੇ ਵਿਖਾਵਾ ਕਰਦੇ ਹਨ ਅਤੇ ਚੋਣ ਕਮਿਸ਼ਨ ਜੋ ਹਰ ਵਾਰ ਚੌਣਾਂ ਉਪਰ ਕਰੌੜਾਂ ਰੁਪਏ ਖਰਚ ਕਰਦਾ ਹੈ,ਇਹ ਹੋਰ ਕਿਤੋਂ ਨਹੀ ਸਗੋਂ ਆਮ ਲੋਕਾਂ ਦੀ ਜੇਬ ਵਿੱਚੋਂ ਹੀ ਜਾਂਦੇ ਹਨ ਪਰ ਫਰਕ ਐਨਾ ਹੈ ਕਿ ਕੋਈ ਨਾ ਇਸ ਨੂੰ ਵੇਖਣਾ ਚਹੁੰਦਾ ਹੈ ਤੇ ਨਾ ਕੋਈ ਇਸਨੂੰ ਵਿਖਾਉਣਾ ਚਾਹੁੰਦਾ ਹੈ ।
ਹਰ ਵਾਰ ਕਰੋੜਾਂ ਰੁਪਏ ਚੋਣਾਂ ਦੀ ਭੇਂਟ ਚਾੜ ਦਿੱਤਾ ਜਾਂਦਾ ਹੈ,ਅਸਲ ਵਿਚ ਚੋਣਾਂ ਨਹੀਂ ਘਾਣ ਹੈ ਜੋ ਆਮ ਤੇ ਗਰੀਬ ਲੋਕਾਂ ਦਾ ਕੀਤਾ ਜਾਂਦਾ ਹੈ,ਚੋਣਾਂ ਤੋਂ ਪਹਿਲਾਂ ਵੀ ਤੇ ਬਾਦ ਵਿੱਚ ਵੀ ਅਜੋਕੇ ਸਮੇਂ ਚੋਣਾਂ ਦੀ ਗੱਲ ਕਰੀਏ ਤਾਂ ਆਮ ਤੇ ਗਰੀਬ ਆਦਮੀ ਦੀ ਮਾਨਸਿਕਤਾ ਨੂੰ ਇਹਨਾਂ ਸਿਆਸੀ ਪਾਰਟੀਆਂ ਨੇ ਗੁਲਾਮ ਕੀਤਾ ਹੋਇਆ ਹੈ, ਅਤੇ ਇਸ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਆਮ ਤੇ ਗਰੀਬ ਆਦਮੀ ਇਸ ਤੋਂ ਅਜ਼ਾਦ ਹੀ ਨਹੀਂ ਹੋਣਾ ਚਾਹੁੰਦਾ ।ਉਦਾਹਰਨ ਲਈਏ ਤਾਂ ਪੰਜਾਬ ਚੋਣਾਂ 'ਚ ਹਮੇਸ਼ਾ ਦੋ ਪਾਰਟੀਆਂ ਸੱਤਾ 'ਤੇ ਕਾਬਜ਼ ਰਹੀਆਂ ਹਨ।ਕਾਂਗਰਸ ਤੇ ਦੂਸਰੀ ਸ਼੍ਰੋਮਣੀ ਅਕਾਲੀ ਦਲ (ਬਾਦਲ)।ਇਸ ਵਾਰ ਵੀ ਪੰਜਾਬ ਦਾ ਰਲਵਾਂ ਮਿਲਵਾਂ ਲੋਕ ਹੁੰਗਾਰਾ ਇਹਨਾਂ ਦੋਵਾਂ ਪਾਰਟੀਆਂ ਨੂੰ ਮਿਲ ਰਿਹਾ ਹੈ।
ਇਹਨਾਂ ਦੋਵਾਂ ਪਾਰਟੀਆਂ ਦੇ ਅਜੋਕੇ ਕਿਰਦਾਰ ਤੇ ਨਜ਼ਰ ਮਾਰੀਏ ਤਾਂ ਦੋਵੇਂ ਹੀ ਸੱਤਾ ਉੱਪਰ ਕਾਬਜ ਰਹੀਆਂ ਹਨ ਤੇ ਦੋਵੇਂ ਵਿੱਚ ਅਮੀਰ ਪਰਿਵਾਰਵਾਦ ਛਾਇਆ ਹੋਇਆ ਹੈ।ਕਾਂਗਰਸ ਜੋ ਕੇਂਦਰ ਵਿਚ ਸੱਤਾ ਤੇ ਕਾਬਜ਼ ਹੈ ਇਸ ਦੀ ਰਹਿਨੁਮਾਈ ਹੇਠ ਪਹਿਲਾਂ ਭ੍ਰਿਸ਼ਟਾਚਾਰ ਤੇ ਫਿਰ ਮਹਿੰਗਾਈ ਤੇ ਫਿਰ ਲੋਕ ਮਾਰੂ ਨੀਤੀਆਂ,ਫਿਰ ਘੁਟਾਲੇ ਹੋਏ। ਆਮ ਤੇ ਗਰੀਬ ਦੀ ਰੋਟੀ ਨੂੰ ਦਰ ਤੋਂ ਬਦੱਤਰ ਕਰ ਦਿੱਤਾ ਗਿਆ ਅਤੇ ਮਹਿੰਗਾਈ ਦੇ ਟੀਕੇ ਅਜੇ ਵੀ ਲੋਕਾਂ ਦਿਨੋ ਦਿਨ ਲੱਗ ਰਹੇ ਨੇ, ਅਤੇ ਇਹਨਾਂ ਦੇ ਮੰਤਰੀ ਦਿਨੋ ਦਿਨ ਅਮੀਰ ਹੁੰਦੇ ਜਾ ਰਹੇ ਨੇ ।ਦੂਜੇ ਪਾਸੇ ਵੇਖਿਆ ਜਾਵੇ ਤੇ ਅਕਾਲੀ ਦਲ ਜਿਸਨੇ ਆਪਣੇ ੫ ਸਾਲ ਹੁਣ ਪੂਰੇ ਕੀਤੇ ਹਨ ਤੇ ਦੁਬਾਰਾ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਇਸ ਦਾ ਕਿਰਦਾਰ ਵੀ ਕੇਂਦਰ ਦੀ ਕਾਂਗਰਸ ਵਾਂਗ ਹੀ ਰਿਹਾ ਹੈ, ਇਸ ਨੇ ਸਰਕਾਰੀ ਚੀਜ਼ਾਂ ਅਤੇ ਥਾਂਵਾਂ ਨੂੰ ਵੇਚਿਆ ਹੀ ਨਹੀਂ ਸਗੋਂ ਨਾਲ ਹੀ ਸਰਕਾਰੀ ਅਦਾਰਿਆਂ ਨੂੰ ਪ੍ਰਾਈਵੇਟ ਹੱਥੇ ਚਾੜ ਦਿੱਤਾ। ਅਕਾਲੀ ਸਰਕਾਰ ਦੀ ਰਹੁਨਮਾਈ ਹੇਠ ਮਹਿੰਗਾਈ ਤੇ ਵਧੀ ਹੀ ਨਾਲ ਹੀ ਬੇਰੁਗ਼ਾਰੀ ਵੀ ਵਧੀ। ਬੇਰੁਜ਼ਗਾਰ ਨੋਜਆਣਾਂ, ਅਧਿਆਪਕਾਂ ਨੂੰ ਕੁੱਟਣਾ-ਮਾਰਨਾ ਤੇ ਅਪਣੀਆਂਕਾਰਾਂ ਹੇਠ ਦੇਣਾ, ਕਿਸਾਨਾਂ ਦੀਆਂ ਜਮੀਨਾਂ ਉਪਰ ਜ਼ਬਰੀ ਕਬਜ਼ਾ ਕਰਕੇ ਪ੍ਰਾਇਵੇਟ ਕੰਪਨੀਆਂ ਨੂ ਵੇਚਨਾ,ਸਰਕਾਰੀਆਂ ਅਦਾਰਿਆਂ ਨੂ ਪ੍ਰਾਇਵੇਟ ਕਰਨਾ, ਲੋਕ ਮਾਰੂ ਨੀਤੀਆਂ ਨੂ ਲੈਕੇ ਆਉਣਾ, ਗੁੰਡਾਗਰਦੀ ਤੇ ਝੂਠੇ ਕੇਸ, ਹੋਰ ਕਿੰਨੇ ਕੁ ਕੰੰਮ ਇਨ੍ਹਾਂ ਦੀ ਰਹੁਨਮਾਈ ਹੇਠ ਹੋਏ।ਵੇਖਿਆ ਜਾਵੇ ਤੇ ਕਾਂਗਰਸ ਤੇ ਅਕਾਲੀ ਦਲ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ, ਨਾ ਕੁਝ ਘੱਟ ਨਾ ਕੁਝ ਵੱਧ।ਪੰਜਾਬ ਦੇ ਲੋਕ ਅੱਜ ਭਾਵਂੇ ਤਰੱਕੀ ਕਰਨ ਜਾਂ ਹੋਣ ਦੇ ਦਾਵੇ ਕਰ ਰਹੇ ਹਨ, ਪਰ ਅਸਲ ਵਿਚ ਉਹ ਹਕੀਕਤ ਤੇ ਸਹੀ ਸੋਚ ਦੀ ਲੜਾਈ ਤੋਂ ਕੋਹਾਂ ਦੂਰ ਭੱਜ ਰਹੇ ਹਨ,ਜਿਸ ਦਾ ਫਾਇਦਾ ਸਿਆਸੀ ਪਰਟੀਆਂ ਚੱਕ ਰਹੀਆਂ ਹਨ।
ਹੈਰਾਨੀ ਦੀ ਗੱਲ ਇਹ ਨਹੀਂ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਕਿਰਦਾਰ ਇਹੋ ਜਿਹੇ ਨੇ, ਕਿਉਂਕਿ ਪੰਜਾਬ ਹੀ ਨਹੀਂ ਪੂਰੇ ਭਾਰਤ ਦੀਆਂ ਸਾਰੀਆਂ ਪਾਰਟੀਆਂ ਦਾ ਹੀ ਇਹੋ ਹਾਲ ਹੈ,ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਕੁਝ ਜਾਣਦੇ ਹੋਏ ਵੀ ਪੰਜਾਬ ਦੇ ਲੋਕ ਮੁੜ ਇਨ੍ਹਾਂ ਪਾਰਟੀਆਂ ਪਿਛੇ ਲਗ ਹੋਏ ਨੇ, ਇਨ੍ਹਾਂ ਦੀ ਹਕੀਕਤ ਵੇਖਕੇ ਵੀ ਸਭ ਅਣਵੇਖਿਆ ਕਰ ਰਹੇ ਨੇ ।
ਅੱਜ ਦੀ ਸੱਤਾ,ਸਿਆਸੀ ਪਾਰਟੀਆਂ ਤੇ ਚੋਣਾਂ ਇਹ ਸਭ ਆਮ ਤੇ ਗਰੀਬ ਲੋਕਾਂ ਦਾ ਕਰ ਰਹੀਆਂ ਹਨ ਤੇ ਕਰਦੀਆ ਰਹਿਣਗੀਆਂ।ਜੇਕਰ ਇਨ੍ਹਾਂ ਨੂੰ ਸਮਝਿਆ ਤੇ ਰੋਕਿਆ ਨਾ ਗਿਆ ਤਾਂ ਸ਼ਾਇਦ ਹੋ ਸਕਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਲਾਹਨਤ ਪਾਉਣ।ਹੋਰ ਕਿੰਨਾ ਕਿ ਦੇਰ ਅਸੀਂ ਕਬੂਤਰੀ ਭਾਸ਼ਾ ਪੜ੍ਹਦੇ ਰਹਾਂਗੇ। ਅੱਜ ਸਾਰੀ ਦੁਨੀਆ ਇਨਕਲਾਬੀ ਦੌਰ ਵਿਚੋਂ ਦੀ ਗੁਜ਼ਰ ਰਹੀ ਹੈ ਪਰ ਅਸੀਂ ਇਹ ਸਭ ਕੁਝ ਅਖ਼ਬਾਰ ਦੀਆਂ ਸੁਰਖੀਆਂ ਵਿੱਚ ਵੇਖਕੇ ਹੀ ਖੁਸ਼ ਹੋ ਰਹੇ ਹਾਂ।ਇਹ ਅਮੀਰਾਂ ਦੀ ਖੇਡ ਵਿੱਚ ਆਮ ਲੋਕਾਂ ਦਾ ਕੁਝ ਵੀ ਨਹੀਂ ਹੈ ਜੇ ਹੈ ਤਾਂ ਕੁਝ ਖੋਣ ਨੂੰ ਹੈ ਜੋ ਚੋਣਾਂ ਦੇ ਬਾਦ ਇਹ ਅਮੀਰ ਸਿਆਸੀ ਲੋਕ ਹੌਲੀ ਹੌਲੀ ਲੁੱਟਣਗੇ ਤੇ ਖੋਹਣਗੇ।ਭਾਵੇਂ ਕਿਤਾਬੀ ਭਾਸ਼ਾ ਵਿਚ ਕਿਹਾ ਜਾਂਦਾ ਹੈ ਕਿ ਚੋਣਾਂ ਦੁਆਰਾ ਚੁਣੀ ਸਰਕਾਰ ਲੋਕਾਂ ਵਲੋਂ, ਲੋਕਾਂ ਦੀ, ਲੋਕਾਂ ਲਈ ਹੁੰਦੀ ਹੈ, ਪਰ ਅਸਲ ਹਕੀਕਤ ਇਹ ਹੈ ਕਿ ਇਸ ਵੋਟਾਂ ਵਿਚ ਸਭ ਕੁਝ ਉਨ੍ਹਾਂ ਦਾ ਹੋ ਕੇ ਵੀ ਕੁਝ ਵੀ ਨਹੀਂ ਹੁੰਦਾ।ਜਦ ਤੱਕ ਇਹ ਸਿਸਟਮ ਆਮ ਲੋਕਾਂ ਦੇ ਹੱਥ ਵਿੱਚ ਨਹੀਂ ਆਉਂਦਾ,ਉਹਨਾਂ ਚਿਰ ਕੁਝ ਹੋਣਾ ਜਾਂ ਬਦਲਣਾਂ ਸੰਭਾਵੀ ਨਹੀਂ।ਪਰ ਇਹ ਸਭ ਲਈ ਇੱਕ ਸੋਚ ਤੇ ਦਿਸ਼ਾ ਦੀ ਲੋੜ ਹੈ, ਜੋ ਸ਼ਾਇਦ ਅਜੇ ਕਿਤੇ ਦੂਰ
ਖੜ੍ਹੀ ਹੈ।
ਅੰਮ੍ਰਿਤਪਾਲ ਸਿੰਘ ਪ੍ਰੀਤ
Sunday, January 1, 2012
ਏਹਨਾਂ ਰਾਹਾਂ 'ਚ ਬੰਦੇ ਬਿਰਖ ਹੋ ਗਏ…
ਚਰਨਜੀਤ ਭੁੱਲਰ