ਅਸੀਂ ਭੂਤਵਾੜਾ ਨਹੀਂ ਵੇਖਿਆ ਪਰ ਕਾਫੀ ਸਾਰੇ ਭੂਤ ਵੇਖੇ ਹਨ, ਜਿਹੜੇ ਭੂਤ ਨਹੀਂ ਵੇਖੇ ਉਨ੍ਹਾਂ ਭੂਤਾਂ ਦੀਆਂ ਕਥਾਵਾਂ ਸੁਣੀਆਂ ਹਨ। ਪੰਜਾਬ ਦੇ ਬੌਧਿਕ ਅਕਾਦਮਿਕ ਖੇਤਰ ਵਿਚ ਭੂਤਾਂ ਨੇ ਉਹ ਪੈੜਾਂ ਪਾਈਆਂ ਹਨ ਜੋ ਵੱਖਰੀਆਂ ਹੀ ਪਛਾਣੀਆਂ ਜਾ ਸਕਦੀਆਂ ਹਨ(ਬਿਨਾ ਸ਼ੱਕ ਪਛਾਣੀਆਂ ਹੀ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਵਿਸ਼ਵਾਸ ਅਨੁਸਾਰ ਭੂਤਾਂ ਦੇ ਪੈਰ ਪੁੱਠੇ ਹੰੁਦੇ ਹਨ)। ਸਾਡੀ ਮੁਰਾਦ 1961-62 ਤੋਂ ਲੈ ਕੇ 1964-65 ਤਕ ਪਟਿਆਲੇ ਵਿਚ ਪੈਦਾ ਹੋਏ ਭੂਤਵਾੜੇ ਤੋਂ ਹੈ।
ਮੁਢਲੇ ਤੌਰ ਤੇ ਇਹ ਸ਼ਬਦ ਮਹਿੰਦਰਾ ਕਾਲਜ ਪਟਿਆਲਾ ਦੀ ਐਮ.ਏ.ਪੰਜਾਬੀ ਦੇ 1961-62 ਵਿਚ ਦਾਖਲ ਹੋਏ ਵਿਦਿਆਰਥੀਆਂ ਦੇ ਉਸ ਟੋਲੇ ਨਾਲ ਜੁੜਿਆ ਜਿਹੜਾ ਲੋਅਰ ਮਾਲ ਤੇ ਉਸਤਾਦਾਂ ਦੇ ਉਸਤਾਦ ਪ੍ਰੋਫੈਸਰ ਪ੍ਰੀਤਮ ਸਿੰਘ(ਮਹਾਂਭੂਤ) ਦੇ ਘਰ ਦੇ ਸਾਹਮਣੇ ਇਕ ਸੰੁਨੀ ਜਿਹੀ ਕੋਠੀ ਵਿਚ ਰਹਿੰਦੇ ਸਨ। ਇਸ ਜਮਾਤ ਵਿਚ ਨਵਤੇਜ ਭਾਰਤੀ, ਹਰਿੰਦਰ ਮਹਿਬੂਬ, ਹਰਬੰਸ ਬਰਾੜ, ਸੁਰਜੀਤ ਬਂੈਸ, ਸੁਰਿੰਦਰ ਚਾਹਲ, ਅਨੂਪ ਸਿੰਘ ਸਨ ਜਦੋਂ ਕਿ ਕੁਲਵੰਤ ਗਰੇਵਾਲ ਇਕ ਜਮਾਤ ਅੱਗੇ ਅਤੇ ਦਰਬਾਰਾ ਸਿੰਘ ਇਕ ਜਮਾਤ ਪਿੱਛੇ ਸਨ। ਪ੍ਰੋਫੈਸਰ ਪ੍ਰੀਤਮ ਸਿੰਘ, ਪ੍ਰੋਫੈਸਰ ਦਲੀਪ ਕੌਰ ਟਿਵਾਣਾ, ਪ੍ਰੋਫੈਸਰ ਗੁਰਚਰਨ ਸਿੰਘ,ਪ੍ਰੋਫੈਸਰ ਉਮਰਾਓ ਸਿੰਘ ਇਨ੍ਹਾਂ ਦੇ ਅਧਿਆਪਕ ਸਨ ਅਤੇ ਉਸ ਸਮੇਂ ਅੰਗਰੇਜੀ ਦੇ ਪ੍ਰੋਫੈਸਰ ਸੋਮ ਪ੍ਰਕਾਸ਼ ਰੰਚਨ ਅਤੇ ਪ੍ਰੋਫੈਸਰ ਰਾਜਦਾਨ ਵੀ ਇੱਥੇ ਹੀ ਸਨ। ਉਸ ਸਮੇਂ ਮਹਿੰਦਰਾ ਕਾਲਜ ਦੇ ਪ੍ਰਿੰਸੀਪਲ ਗੋਵਰਧਨ ਲਾਲ ਬਖ਼ਸ਼ੀ ਸਨ। ਇਸੇ ਸਮੇਂ ਹੀ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਦਾ ਪਹਿਲਾ ਬੈਚ ਵੀ 1963-64 ਵਿਚ ਮਹਿੰਦਰਾ ਕਾਲਜ ਦੀ ਇਮਾਰਤ ਵਿਚ ਹੀ ਸ਼ੁਰੂ ਹੋਇਆ ।ਸੁਰਜੀਤ ਪਾਤਰ, ਵੀਰ ਸਿੰਘ ਰੰਧਾਵਾ,ਅਜਮੇਰ ਔਲਖ ਅਤੇ ਤਰਲੋਕ ਸਿੰਘ ਅਨੰਦ ਹੋਰੀ ਵਿਦਿਆਰਥੀ ਸਨ। ਮਹਿੰਦਰਾ ਕਾਲਜ ਵਿਚ ਐਮ.ਏ. ਪੰਜਾਬੀ ਅੱਜ ਵੀ ਚਲਦੀ ਹੈ ਪਰ ਪੰਜਾਬੀ ਯੂਨੀਵਰਸਿਟੀ ਬਣਨ ਨਾਲ ਬਹੁਤਾ ਰੁਝਾਨ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਵੱਲ ਹੋ ਗਿਆ , ਉਸ ਸਮੇਂ ਪਹਿਲਾ ਬੈਚ ਵੀ ਮਹਿੰਦਰਾ ਕਾਲਜ ਹੀ ਚੱਲਿਆ। ਸੋ ਇਕ ਤਰ੍ਹਾਂ ਨਾਲ 1961 ਤੋਂ 1965 ਤਕ ਮਹਿੰਦਰਾ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਪੜ੍ਹਨ ਵਾਲੇ ਸਾਰੇ ਹੀ ਭੂਤ ਨਹੀਂ ਤਾਂ ਭੂਤਾਂ ਦੇ ਨੇੜੇ ਤੇੜੇ ਹੀ ਸਨ। ਜੇ ਇਸ ਭੂਤਵਾੜੇ ਦਾ ਦਾਇਰਾ ਹੋਰ ਵੀ ਵਧਾਉਣਾ ਹੋਵੇ ਤਾਂ ਉਸ ਸਮੇਂ ਦੀਆਂ ਸਾਰੀਆਂ ਹੀ ਵਿਦਿਅਕ ਸੰਸਥਾਵਾਂ ਇਸ ਦੀ ਜੱਦ ਵਿਚ ਆ ਜਾਂਦੀਆਂ ਹਨ ਕਿਉਂਕਿ ਇਸੇ ਸਮੇਂ ਹੀ ਖ਼ਾਲਸਾ ਕਾਲਜ, ਪਟਿਆਲਾ ਵੀ ਜੰਮਣ ਪੀੜਾ ਹੰਢਾ ਰਿਹਾ ਸੀ। ਕੁਝ ਭੂਤ ਉਥੇ ਵੀ ਪੜ੍ਹਦੇ ਪੜ੍ਹਾਉਦੇ ਸੀ। ਪੰਜਾਬੀ ਯੂਨੀਵਰਸਿਟੀ ਦੀਆਂ ਜਮਾਤਾਂ ਵੀ ਮਹਿੰਦਰਾ ਕਾਲਜ ਤੋਂ ਇਲਾਵਾ ਬਾਰਾਂਦਰੀ, ਜੀ.ਸੀ.ਜੀ. ਤੇ ਥਾਪਰ ਵਿਚ ਵੀ ਲਗਦੀਆਂ ਸਨ। ਬਹੁਤੇ ਭੂਤ ਭਾਵੇਂ ਪੰਜਾਬੀ ਦੇ ਸਨ ਪਰ ਕੁਝ ਅੰਗਰੇਜ਼ੀ ,ਫਿਲਾਸਫੀ, ਜੁਗਰਾਫੀ, ਲਿੰਗੁਇਸਟਿਕ ਆਦਿ ਵਿਚ ਵੀ ਤੁਰੇ ਫਿਰਦੇ ਸਨ।
ਇਨ੍ਹਾਂ ਭੂਤਾਂ ਵਿਚ ਵਿਦਿਆਰਥੀ ਜੀਵਨ ਵਾਲੇ ਸਾਰੇ ਗੁਣ-ਔਗੁਣ ਸਨ। ਬੱਸ ਗੁਣ ਐਡੇ ਵੱਡੇ ਸਨ ਕਿ ਔਗੁਣ ਵੀ ਗੁਣ ਬਣ ਗਏ। ਇਹ ਭੂਤ ਸਾਧਨਹੀਣ ਪੇਂਡੂ ਪਿਛੋਕੜ ਵਿਚੋਂ ਸ਼ਹਿਰ ਪੜ੍ਹਨ ਆਏ ਸਨ। ਪੁਰਾਤਨ ਨਿਹੰਗ ਸਿੰਘਾਂ ਵਾਂਗ ਆਪਣੇ ਹੀ ਖ਼ਾਲਸਾਈ ਬੋਲੇ ਸਿਰਜ ਲਏ। ਮਲੰਗੀ ਨੂੰ ਫਲਸਫਾ ਬਣਾ ਲਿਆ, ਮਜ਼ਬੂਰੀਆਂ ਨੂੰ ਗਹਿਣਾ ਬਣਾ ਲਿਆ ਤੇ ਸ਼ੌਕਾਂ ਦੀ ਪੂਰਤੀ ਲਈ ਅਵੱਲੇ ਢੰਗ ਸਿਰਜ ਲਏ। ਅੱਜਕਲ੍ਹ ਦੇ ਮੁੰਡਿਆਂ ਵਾਂਗ ਨਾ ਏਅਰਕੰਡੀਸ਼ਨ ਘਰਾਂ ਵਿਚ ਪੀ.ਜੀ. ਰਹਿ ਸਕਦੇ ਸਨ,ਨਾ ਹੋਸ਼ਟਲ, ਨਾ ਹੀ ਮੁੰਡੂ ਰੱਖ ਕੇ ਕਿਸੇ ਤੋਂ ਖਾਣਾ ਬਨਵਾਉਣ ਦੀ ਆਯਾਸ਼ੀ ਕਰ ਸਕਦੇ ਸਨ। ਸੋ ਜੇ ਭਾਂਡੇ ਮਾਂਜਣੇ ਔਖੇ ਲੱਗੇ ਤਾਂ ਮਾਂਜਣੇ ਹੀ ਛੱਡ ਦਿੱਤੇ,ਅਜਿਹਾ ਭਾਂਡਾ ਜੇ ਕਦੇ ਨਵੇਂ ਆਏ ਅਨਜਾਣ ਬਾਲਕੇ ਨੇ ਮਾਂਜ ਦਿੱਤਾ ਤਾਂ ਦੁੱਧ ਦੇਣ ਵਾਲ਼ੇ ਨੇ ਦੁੱਧ ਪਾਉਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਤਾਂ ਭੂਤਾਂ ਦਾ ਭਾਂਡਾ ਨਹੀਂ। ਜੇ ਕੋਈ ਬਾਹਰੋਂ ਮਹਿਮਾਨ ਆ ਗਿਆ ਤਾਂ ਦਰੀਆਂ-ਚਾਦਰਾਂ ਦੀ ਅਣਹੋਂਦ ਕਾਰਨ ਮਹਿਮਾਨ ਨੂੰ ਨਵੇਂ ਅਖ਼ਬਾਰ ਦਾ ਵਿਛਾਉਣਾ ਦੇ ਕੇ ਉਚੇਚ ਕਰ ਦਿੱਤੀ। ਘੋਰੀ ਐਨੇ ਕਿ ਇਕ ਭੂਤ ਨੇ ਆਪਣਾ ਆਸਣ ਕਦੇ ਝਾੜਨਾ ਤਾਂ ਦੂਰ ਹਿਲਾਇਆ ਵੀ ਨਹੀਂ ਸੀ,ਸਿੱਟੇ ਵਜੋਂ ਸਿਰ੍ਹਾਣੇ ਹੇਠ ਸਿਉਂਕ ਲੱਗ ਗਈ। ਖਾਣ-ਪੀਣ ਦੀ ਚੋਰੀ ਨੂੰ ਭੂਤ ਚੋਰੀ ਨਹੀਂ ਸਮਝਦੇ ਸਨ। ਹਰਬੰਸ ਬਰਾੜ ਦੇ ਕਮਰੇ ਵਿਚੋਂ ਘਿਓ ਚੋਰੀ ਕਰ ਲੈਣਾ ਤੇ ਉਸੇ ਘਿਓ ਦਾ ਕੜਾਹ ਕਰਨ ਲੱਗੇ ਤਾਂ ਵਿਚ ਬੀਕਾਸੂਲ ਦੇ ਕੈਪਸੂਲ ਸੁੱਟ ਲੈਣੇ ਆਮ ਗੱਲਾਂ ਸਨ। ਬਾਰਾਂ ਆਨਿਆਂ ਵਾਲ਼ੀ ਸਿਨੇਮੇ ਦੀ ਟਿਕਟ ਲੈਣੀ ਅਤੇ ਉਸ ਵਿਚੋਂ ਵੀ ਚੁਆਨੀ ਡਿੱਗ ਪੈਣੀ ਤਾਂ ਮੂੰਗਫਲੀਆਂ ਵਾਲੇ ਤੋਂ ਉਧਾਰ ਲੈ ਕੇ ਫਿਲਮ ਦੇਖ ਲੈਣੀ ਸਾਧਾਰਨ ਗੱਲ ਸੀ। ਇਹ ਸਭ ਆਮ ਸਾਧਾਰਨ ਗੱਲਾਂ ਹਨ। ਇਨ੍ਹਾਂ ਨੂੰ ਅਸਾਧਾਰਨ ਬਣਾਉਂਦਾ ਹੈ, ਇਨ੍ਹਾਂ ਭੂਤਾਂ ਦੀ ਪੜ੍ਹਨ-ਲਿਖਣ ਦੀ ਰੁਚੀ, ਸੂਫੀਆਂ ਵਾਲੀ ਮਲੰਗੀ, ਪੁਰਾਣੇ ਕਮਿੳੂਨ ਵਰਗੀ ਜੀਵਨ ਸ਼ੈਲੀ, ਜੋਗੀਆਂ ਵਾਲਾ ਤਿਆਗ, ਗੁਰੂ ਘਰਾਂ ਵਰਗੀ ਲੰਗਰ ਪ੍ਰਥਾ, ਆਸ਼ਕਾਂ ਵਰਗਾ ਜਨੂੰਨ, ਦੁੱਲੇ ਵਰਗੀ ਨਾਬਰੀ ਇਹ ਸਾਰੇ ਟਿੱਲੇ ਵਾਲ਼ੇ ਸਾਧ ਸਨ ਅਤੇ ਸਭ ਨੂੰ ਟਿੱਚ ਜਾਣਦੇ ਸਨ। ਇਨ੍ਹਾਂ ਦੀ ਕੋਈ ਬੱਝਵੀਂ ਵਿਚਾਰਧਾਰਾ, ਸਾਂਝਾ ਉਦੇਸ਼ ਜਾਂ ਸੰਗਠਨ ਨਹੀਂ ਸੀ। ਬੱਸ ਇਕੋ ਸਮੇਂ ਵਿਚ ਪੈਦਾ ਹੋਏ ਸਨ। ਇਨ੍ਹਾਂ ਵਿਚੋਂ ਵੀ ਇਕ ਪਾਸੇ ਤਾਂ ਕਮਿੳੂਨਿਸਟ ਵਿਚਾਰਧਾਰਾ ਨਾਲ ਪ੍ਰਣਾਈ ਨਕਸਲਬਾੜੀ ਲਹਿਰ ਦੇ ਇਕ ਗਰੁੱਪ ਦਾ ਮੁਖੀ ਹਰਿਭਜਨ ਸੋਹੀ ਸੀ, ਦੂਜੇ ਪਾਸੇ ਕਿਸੇ ਸਮੇਂ ਲੈਨਿਨ,ਮਾਓ ਤੇ ਨਜ਼ਮਾਂ ਲਿਖਣ ਵਾਲ਼ਾ ਪਰ ਪਿੱਛੋਂ ਸਿੱਖ ਖਾੜਕੂ ਲਹਿਰ ਦਾ ਸਮਰਥਕ ਬਣਨ ਵਾਲ਼ਾ ਹਰਿੰਦਰ ਮਹਿਬੂਬ ਸੀ। ਇਨ੍ਹਾਂ ਵਿਚ ਹੀ ਸੂਖ਼ਮ ਸ਼ਾਇਰ ਨਵਤੇਜ ਭਾਰਤੀ ਸੀ ।ਇਨ੍ਹਾਂ ਵਿਚ ਹੀ ਫੌਜ ਦੀ ਨੌਕਰੀ ਕਰਕੇ ਹੁਣ ਕੈਨੇਡਾ ਵਸਦਾ ਸ਼ਾਇਰ ਅਮਰਜੀਤ ਸਾਥੀ ਉਰਫ ਅਮਰਜੀਤ ਟਿਵਾਣਾ ਸੀ ਜਿਸ ਨੇ ਜਾਪਾਨ ਦੀ ਹਾਇਕੂ ਵਿਧਾ ਨੂੰ ਪੰਜਾਬੀ ਵਿਚ ਪ੍ਰਚੱਲਤ ਕਰਨ ਦਾ ਜਨੂੰਨ ਪਾਲਿ਼ਆ ਹੋਇਆ ਹੈ।
ਇਨ੍ਹਾਂ ਵਿਚ ਹੀ ਗੁਰਭਗਤ ਸਿੰਘ ਵਰਗਾ ਵਿਦਵਾਨ ਪੈਦਾ ਹੋਇਆ ਜੋ ਅਜੇ ਵੀ ਨੇਮ ਨਾਲ ਹਰ ਰੋਜ਼ 8-00 ਤੋਂ 1-00 ਵਜੇ ਤਕ ਯੂਨੀਵਰਸਿਟੀ ਲਾਇਬ੍ਰੇਰੀ ਵਿਚ ਪੜ੍ਹਦਾ ਲਿਖਦਾ ਰਹਿੰਦਾ ਹੈ। ਉਨ੍ਹਾਂ ਦਾ ਭਰਾ ਸਤਿੰਦਰ ਸਿੰਘ ਨੂਰ ਪੰਜਾਬੀ ਸ਼ਬਦ ਸਭਿਆਚਾਰ ਦਾ ਜਥੇਦਾਰ ਬਣਿਆ ਜਿਸ ਨੇ ਆਪਣੇ ਅਧਿਐਨ/ਅਧਿਆਪਨ ਅਤੇ ਸਿਰਜਣਾਤਮਿਕ ਕਲਾ ਨਾਲ ਦੁਨੀਆਂ ਭਰ ਵਿਚ ਪੰਜਾਬੀ ਦਾ ਡੰਕਾ ਵਜਾਇਆ। ਇੱਥੇ ਹੀ ਅੰਬਰਾਂ ਤੇ ਨਾਂ ਲਿਖਣ ਵਾਲਾ ਕੁਲਵੰਤ ਗਰੇਵਾਲ ਸੀ। ਸੁਰਜੀਤ ਪਾਤਰ ਅਤੇ ਅਜਮੇਰ ਔਲਖ ਸਨ ਜਿਨ੍ਹਾਂ ਨੇ ਪੰਜਾਬੀ ਦੇ ਸਾਹਿਤਕ ਸੰਸਾਰ ਨੂੰ ਚਾਰ ਚੰਦ ਲਾਏ। ਬਹੁਤ ਸਾਰੇ ਭੂਤਵਾੜੇ ਦੇ ਆਰਜੀ ਮੈਂਬਰ ਸਨ। ਕਦੇ ਜਾਂਦੇ ਜਾਂਦੇ ਰਾਤ ਕੱਟ ਗਏ, ਕਦੇ ਰਾਤਾਂ ਕੱਟਦੇ ਕੱਟਦੇ ਰਾਹ ਪੈ ਗਏ, ਕਈ ਜਾਂਦੇ ਜਾਂਦੇ ਇੱਥੇ ਹੀ ਰੁਕ ਗਏ ਤੇ ਰੁਕੇ ਹੀ ਰਹੇ ਜਿਵੇਂ ਫਿ਼ਲਮਾਂ ਵਿਚ ਦ੍ਰਿਸ਼ ਫਰੀਜ਼ ਹੋ ਜਾਂਦੇ ਹਨ। ਅਜਮੇਰ ਰੋਡੇ, ਲੁਧਿਆਣੇ ਪੜ੍ਹਦਾ ਸੀ, ਪਟਿਆਲੇ ਤਾਂ ਐਵੇਂ ਗੇੜਾ ਮਾਰਨ ਆੳਂਦਾ ਸੀ। ਉਸ ਸਮੇਂ ਦੇ ਵੱਡੇ ਸਾਹਿਤਕਾਰ ਸੰਤ ਸਿੰਘ ਸੇਖੋਂ, ਮੋਹਨ ਸਿੰਘ, ਅਤਰ ਸਿੰਘ,ਹਰਿਭਜਨ ਸਿੰਘ ਭੂਤਵਾੜੇ ਤੋਂ ਅਭਿੱਜ ਨਹੀਂ ਸੀ। ਕੁਝ ਮੋਹ ਕਰਦੇ ਸੀ, ਕੁਝ ਰੋਹ ਕਰਦੇ ਸੀ, ਕੁਝ ਡਰਦੇ ਸੀ, ਕੁਝ ਡਰਾਉਂਦੇ ਸੀ। ਕੁਝ ਲੋਕ ਭਾਵੇਂ ਉਸ ਸਮੇਂ ਤਾਂ ਮੌਜੂਦ ਨਹੀਂ ਸਨ ਪਰ ਉਹ ਬਾਅਦ ਵਿਚ ਇਨ੍ਹਾਂ ਭੂਤਾਂ ਨਾਲ ਦੂਰੋਂ ਪਾਰੋਂ ਜੁੜਦੇ ਰਹੇ। ਇਕ ਤਰ੍ਹਾਂ ਨਾਲ ਬੱਤੀ ਨਾਲ ਬੱਤੀ ਲਗਦੀ ਰਹੀ। ਇਹ ਪਰੰਪਰਾ ਤਾਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਹੁਣ ਤਕ ਚਲਦੀ ਹੈ ਅਤੇ ਦਿੱਲੀ-ਕੈਨੇਡਾ ਜਿੱਥੇ-ਜਿੱਥੇ ਭੂਤ ਗਏ ਉਥੇ ਉਥੇ ਆਪੋ ਆਪਣੇ ਚੇਲੇ ਬਾਲਕੇ ਵੀ ਬਣਾਉਂਦੇ ਗਏ। ਇਕ ਤਰ੍ਹਾਂ ਨਾਲ ਹਰ ਯੁੱਗ ਵਿਚ ਸਾਰੇ ਹੀ ਵਿਅਕਤੀਆਂ ਦਾ ਆਪੋ ਆਪਣਾ ਭੂਤਵਾੜਾ ਹੁੰਦਾ ਹੈ। ਇਸ ਭੂਤਵਾੜੇ ਦਾ ਕੇਂਦਰੀ ਸੂਤਰਧਾਰ ਲਾਲੀ ਬਾਬਾ ਉਰਫ ਹਰਦਿਲਜੀਤ ਸਿੰਘ ਸਿੱਧੂ ਸੀ। ਲਾਲੀ ਬਾਬੇ ਨੇ ਬਹੁਤ ਸਾਹਿਤ ਪੜ੍ਹਿਆ ਪਰ ਜਿੰਨਾ ਪੜ੍ਹਿਆ ਉਸ ਤੋਂ ਵੱਧ ਜੀਵਿਆ। ਉਹ ਕਲਾ ਸਾਹਿਤ ਦਾ ਚਲਦਾ ਫਿਰਦਾ ਵਿਸ਼ਵਕੋਸ਼ ਸੀ ਜੋ ਜਿਉਂਦੇ ਜੀਅ ਮਿੱਥ ਬਣ ਗਿਆ। ਕਦੇ ਬੋਲਦਾ ਸੀ ਤਾਂ ਸਭ ਨੂੰ ਚੁੱਪ ਕਰਾ ਦਿੰਦਾ ਸੀ, ਹੁਣ ਚੁੱਪ ਹੈ ਤਾਂ ਕਿਸੇ ਦਾ ਬੋਲਣ ਨੂੰ ਜੀਅ ਨਹੀਂ ਕਰਦਾ। ਉਸ ਦੇ ਖ਼ਾਸ ਅੰਦਾਜ਼ ਵਿਚ ਹੱਥ ਹਿਲਾਉਣ ਨੂੰ ਉਸ ਦਾ ਹੀ ਸਿਰਜਿਆ ਸਿਧਾਰਥ ਚੰਦ ਲਕੀਰਾਂ ਨਾਲ ਸਥਿਰ ਕਰ ਰਿਹਾ ਹੈ। ਨਵਤੇਜ ਭਾਰਤੀ ਉਸ ਦੀ ਚੁੱਪ ਨੂੰ ਜ਼ੁਬਾਨ ਦੇ ਰਿਹਾ ਹੈ। ਅਸਲ ਵਿਚ ਭੂਤਵਾੜਾ ਪੰਜਾਬ ਦੀ ਬੌਧਿਕ ਪਰੰਪਰਾ ਦਾ ਇਕ ਵੱਖਰਾ ਰੰਗ ਸੀ ਜੋ ਤੱਤ ਵਜੋਂ ਪੰਜਾਬੀ ਸੀ ਪਰ ਇਸ ਦੀਆਂ ਜੜ੍ਹਾਂ ਭਾਰਤੀ ਦਰਸ਼ਨ ਵਿਚ ਸਨ ਪਰ ਇਹ ਭੂਤ ਪੱਛਮ ਵਿਚ ਵਾਪਰ ਰਹੇ ਹਰ ਵਰਤਾਰੇ ਤੋਂ ਜਾਣੂ ਸਨ ਅਤੇ ਉਸ ਨਾਲ ਸੰਵਾਦ ਰਚਾਉਣਾ ਚਾਹੁੰਦੇ ਸਨ। ਉੱਚਿਆਂ ਅੱਗੇ ਨਾਬਰੀ ਤੇ ਨੀਵਿਆਂ ਲਈ ਬਰਾਬਰੀ ਇਨ੍ਹਾਂ ਦੇ ਲਹੂ ਵਿਚ ਰਚੀ ਹੋਈ ਸੀ। ਇਨ੍ਹਾਂ ਵਿਚ ਮੁਰੱਬਿਆਂ ਦਾ ਮਾਲਕ, ਜਾਗ਼ੀਰਦਾਰ ਪਿਓ ਦਾ ਪੁੱਤਰ ਲਾਲੀ ਸੀ ਜਿਸ ਨੇ ਫਕੀਰ ਹੋਣ ਦੀ ਕਲਾ ਵਰਤਾਈ। ਇਨ੍ਹਾਂ ਵਿਚ ਹਲ਼ਵਾਹ ਕਿਸਾਨਾਂ ਦੇ ਪੁੱਤਰ ਸਨ ਜਿਨ੍ਹਾਂ ਕਦੇ ਪਟੜੀਫੇਰ ਪਿੰਡਾਂ ਤੋਂ ਬਾਹਰ ਜੂਹ ਨਹੀਂ ਟੱਪੀ ਸੀ, ਅੱਜ ਦੇਸ਼-ਵਿਦੇਸ਼ ਗਾਹੁੰਦੇ ਫਿਰਦੇ ਹਨ। ਇਨ੍ਹਾ ਵਿਚ ਉਹ ਦਸਤਕਾਰਾਂ ਦੇ ਪੁੱਤਰ ਸਨ ਜਿਨ੍ਹਾਂ ਦੁਨੀਆਂ ਭਰ ਵਿਚ ਕਲਾ ਵਰਤਾਈ। ਧਰਮ ਨਿਰਪੱਖਤਾ, ਜ਼ਾਤ ਨਿਰਪੱਖਤਾ, ਜਮਾਤ ਨਿਰਪੱਖਤਾ ਅਤੇ ਮਾਨਵਵਾਦ ਇਨ੍ਹਾਂ ਨੂੰ ਆਧੁਨਿਕਵਾਦ ਨੇ ਸਿਖਾਇਆ ਸੀ ਪਰ ਆਪਣੀ ਵਿਲੱਖਣ ਹਸਤੀ ਬਨਾਉਣੀ ਇਨ੍ਹਾਂ ਆਪੇ ਸਿੱਖ ਲਈ। ਇਸ ਵਰਤਾਰੇ ਨੂੰ ਸਮਝਣ ਲਈ ਪੰਜਾਬ ਦੀ ਬੌਧਿਕ ਪਰੰਪਰਾ ਦੇ ਇਤਿਹਾਸ ਦੀਆਂ ਪੈੜਾਂ ਫਰੋਲਣੀਆਂ ਪੈਣੀਆਂ ਹਨ।
ਅੰਗਰੇਜ਼ਾਂ ਦੇ ਕਬਜ਼ੇ ਹੇਠ ਸਾਰਾ ਪੰਜਾਬ ਆ ਜਾਣ ਨਾਲ ਕੇਵਲ ਪੰਜਾਬ ਦੀ ਧਰਤੀ ਹੀ ਅੰਗਰੇਜ਼ਾਂ ਕੋਲ਼ ਨਹੀਂ ਚਲੀ ਗਈ ਸਗੋਂ ਪੰਜਾਬ ਦੀ ਬੌਧਿਕ ਵਿਰਾਸਤ ਵੀ ਗ੍ਰਹਿਣੀ ਗਈ ਸੀ। ਪੰਜਾਬ ਦੀ ਬੌਧਿਕ ਪਰੰਪਰਾ ਪਹਿਲਾਂ ਵੀ ਮੁਗਲ ਸਲਤਨਤ ਤੋਂ ਦੂਰ ਲੋਕ ਦਾਇਰਿਆਂ ਵਿਚ ਸੂਫ਼ੀਆਂ ਦੀਆਂ ਦਰਗਾਹਾਂ ਵਿਚ, ਸਾਧਾਂ ਦੇ ਡੇਰਿਆਂ ਵਿਚ, ਗੁਰੂ ਘਰਾਂ ਤੇ ਟਕਸਾਲਾਂ ਦੁਆਲੇ ਫੈਲਦੀ ਸੀ। ਰਿਆਸਤੀ ਰਾਜਿਆਂ ਦੇ ਇਰਦ ਗਿਰਦ ਪੈਦਾ ਹੋਣ ਵਾਲੀ ਬੌਧਿਕਤਾ, ਆਧੁਨਿਕਤਾ ਦੀ ਮਾਰ ਹੇਠ ਸੀ। ਇਕ ਤਰ੍ਹਾਂ ਨਾਲ ਸਾਰੀ ਪੰਜਾਬ ਬੌਧਿਕਤਾ ਨੂੰ ਨਵੇਂ ਢੰਗ ਦੀ ਸਿੱਖਿਆ ਪ੍ਰਣਾਲੀ ਨੇ ਅੰਗਰੇਜ਼ ਸਾਮਰਾਜ ਦੀ ਯੂਰਪ ਕੇਂਦਰਤ ਮਰਦਾਵੀਂ ਆਧੁਨਿਕ ਪੱਟੜੀ ਤੇ ਚਾੜ ਲਿਆ ਸੀ। ਉਸ ਸਮੇਂ ਖੇਤੀਬਾੜੀ ਜਾਂ ਖੇਤੀਬਾੜੀ ਆਧਾਰਤ ਲੋਕਾਂ ਦੇ ਬੰਦਿਆਂ ਦੀ ਉੜਾਨ ਆਈ.ਸੀ.ਐਸ.ਕਰਨ ਜਾਂ ਫੌਜ ਵਿਚ ਕਮਿਸ਼ਨ ਲੈਣ ਤਕ ਸੀਮਤ ਸੀ। ਸਾਮਰਾਜ ਤੋਂ ਬਗਾਵਤੀ ਰੁਚੀਆਂ ਵਾਲੇ ਜਾਂ ਤਾਂ ਸਿੱਖਿਆ ਦੇ ਖੇਤਰ ਵਿਚ ਆ ਜਾਂਦੇ ਅਤੇ ਜਾਂ ਫਿਰ ਦੇਸ਼-ਵਿਦੇਸ਼ ਵਿਚ ਸਿਆਸੀ-ਧਾਰਮਿਕ ਸਰਗਰਮੀਆਂ ਵਿਚ ਲੱਗ ਜਾਂਦੇ। ਉਦਾਹਰਨ ਵਜੋਂ ਸ਼ਹੀਦ ਭਗਤ ਸਿੰਘ, ਲਾਲਾ ਹਰਦਿਆਲ, ਬ੍ਰਿਜ ਨਰਾਇਣ, ਸੋਹਣ ਸਿੰਘ ਭਕਨਾ ਆਪੋ ਆਪਣੇ ਢੰਗਾਂ ਨਾਲ ਬੌਧਿਕ ਪਰੰਪਰਾ ਨੂੰ ਅਮੀਰ ਕਰ ਰਹੇ ਸਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖੀ ਅਤੇ ਮਾਰਕਸਵਾਦੀ ਵਿਚਾਰਧਾਰਾ ਬਾਗੀ ਤਬੀਅਤਾਂ ਦੀ ਮਨਪਸੰਦੀ ਸੋਚ ਸੀ। ਅਕਸਰ ਇਹ ਦੋਨੋ ਪਰੰਪਰਾਵਾਂ ਕਰੰਘੜੀ ਪਾ ਕੇ ਚਲਦੀਆਂ ਸਨ।ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖੀ ਅਤੇ ਕਮਿੳੂਨਿਸਟ ਸੋਚ ਦਾ ਤੋੜ-ਵਿਛੋੜਾ ਹੋ ਗਿਆ, ਲਾਹੌਰ ਖੁੱਸ ਗਿਆ ਤੇ ਦਿੱਲੀ ਪੇਸ਼ ਪੈ ਗਈ। ਭਾਰਤੀ ਸੋਚ, ਪੰਜਾਬੀ ਸੋਚ, ਸਿੱਖੀ ਸੋਚ ਅਤੇ ਮਾਰਕਸਵਾਦੀ ਸੋਚ ਵਿਚ ਵੰਡੀਆਂ ਪੈ ਗਈਆਂ। ਘੱਟ ਗਿਣਤੀ ਪੜ੍ਹੀ-ਲਿਖੀ ਸ਼ਹਿਰੀ ਮੱਧ ਸ਼੍ਰੇਣੀ ਦੀਆਂ ਉਚ-ਅਕਾਂਖਿਆਵਾਂ ਪੂਰੀਆਂ ਹੋਣ ਲੱਗੀਆਂ ਪਰ ਬਹੁ-ਗਿਣਤੀ ਪੰਜਾਬੀਆਂ ਦੀਆਂ ਨਿਗੂਣੀਆਂ ਅਕਾਂਖਿਆਵਾਂ ਵੀ ਰੁਲ਼ ਗਈਆਂ।
ਆਜ਼ਾਦੀ ਦੇ ਸੁਪਨੇ ਪੂਰੇ ਨਾ ਹੋਣ ਤੇ ਵਿਦਰੋਹੀ ਤੇਵਰ ਤਣਨ ਲੱਗੇ। ਥੁੜਾਂ ਮਾਰਿਆ ਭਾਰਤ ਅੰਨ ਪੱਖੋਂ ਪੰਜਾਬ ਦੀ ਖੇਤੀ ਤੇ ਟੇਕ ਰੱਖ ਰਿਹਾ ਸੀ। ਇਸੇ ਸਮੇਂ ਨਵੇਂ ਅਕਾਦਮਿਕ ਅਦਾਰੇ ਫੁੱਟ ਰਹੇ ਸਨ। ਇਕ ਪਾਸੇ ਨਹਿਰੂ ਦੀ ਮਿਸ਼ਰਤ ਆਰਥਿਕਤਾ ਦਾ ਮਾਡਲ,ਕਾਂਗਰਸੀ ਪਾਰਟੀ ਦੀ ਸਥਿਰ ਹਕੂਮਤ, ਹਰੇ ਇਨਕਲਾਬ ਦੀ ਸ਼ੁਰੂਆਤ, ਪਿੰੰਡਾਂ ਦੀ ਪੁਨਰ ਵਿੳਂਤਬੰਦੀ ਹੋ ਰਹੀ ਸੀ। ੳਤਸ਼ਾਹ ਅਤੇ ਵੈਰਾਗ , ਉਦਾਸੀ ਅਤੇ ਉਮਾਹ, ਬੇਚੈਨੀ ਤੇ ਟਕਰਾਓ ਇਕੋ ਵੇਲ਼ੇ ਪੰਜਾਬੀ ਮਨ ਨੂੰ ਮੱਲੀ ਬੈਠੇ ਸਨ।ਇਸੇ ਮਾਨਸਿਕ ਘੜਮੱਸ ਵਿਚੋਂ ਭੂਤਵਾੜਾ ਜਨਮ ਲੈਂਦਾ ਹੈ। ਇਸ ਭੂਤਵਾੜੇ ਨੇ ਪੰਜਾਬ ਦੀ ਬੌਧਿਕਤਾ ਨੂੰ ਲੱਗਭਗ ਅੱਧਾ ਦਹਾਕਾ ਸਿੱਧੇ ਤੌਰ ਅਤੇ ਇਕ ਦਹਾਕਾ ਅਸਿੱਧੇ ਤੌਰ ਤੇ ਪ੍ਰਭਾਵਿਤ ਕੀਤਾ। ਨਿਸ਼ਚੇ ਹੀ ਇਹ ਭੂਤਵਾੜਾ ਪੰਜਾਬੀਆਂ ਵੱਲੋਂ ਆਪਣੇ ਕਿਸੇ ਸਭਿਆਚਾਰਕ ਅਵਚੇਤਨ ਦੀ ਤਲਾਸ਼ ਸੀ। ਇਹ ਤਲਾਸ਼ ਭਾਵੇਂ ਕਿਸੇ ਸਿਰੇ ਨਹੀਂ ਲੱਗੀ ਪਰ ਇਸ ਤਲਾਸ਼ ਨੇ ਕਈ ਕੋਨੇ ਫਰੋਲੇ ਨੇ। ਅੱਜ ਪੰਜਾਹ ਸਾਲਾਂ ਬਾਅਦ ਭੂਤਵਾੜੇ ਨੂੰ ਇਸ ਆਸ ਨਾਲ ਮੁੜ ਯਾਦ ਕੀਤਾ ਜਾ ਰਿਹਾ ਹੈ ਕਿ ਆਓ ਆਪਾਂ ਆਪੋ ਆਪਣੇ ਭੂਤਵਾੜਿਆਂ ਨੂੰ ਤਲਾਸ਼ੀਏ ਅਤੇ ਸਮੇਂ ਦੇ ਹਾਣ ਦੀ ਬੌਧਿਕ ਪਰੰਪਰਾ ਨੂੰ ਵਿਕਸਤ ਕਰਨ ਦਾ ਯਤਨ ਕਰੀਏ।
ਡਾ ਰਾਜਿੰਦਰ ਪਾਲ ਸਿੰਘ ਬਰਾੜ
ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੰਜਾਬੀ ਵਿਭਾਗ ਦੇ ਮੁਖੀ ਹਨ।
ਬਹੁਤ ਵਧੀਆ...ਭੂਤਵਾੜੇ ਬਾਰੇ ਪਹਿਲਾਂ ਵੀ ਸੁਣਿਆ ਸੀ, ਪਿਛਲੇ ਦਿਨੀਂ ਨਵਤੇਜ ਭਾਰਤੀ ਜੀ ਬਠਿੰਡੇ ਆਏ ਤਾਂ ਓਹਨਾਂ ਨੇ ਭੂਤਵਾੜੇ ਬਾਰੇ ਕਾਫ਼ੀ ਵਿਸਥਾਰ ਨਾਲ ਦੱਸਿਆ.. ਹੁਣ ਇਹ ਲੇਖ ਪੜ੍ਹ ਕੇ ਹੋਰ ਵੀ ਕਾਫ਼ੀ ਜਾਣਕਾਰੀ ਮਿਲੀ.. ਸ਼ੁਕਰੀਆ ਰਜਿੰਦਰ ਜੀ ਤੇ ਗੁਲਾਮ ਕਲਮ ...
ReplyDelete