ਪੰਜਾਬੀ ਦੀ ‘ਹੁਣ ਤਕ ਦੀ ਸਭ ਤੋਂ ਮਹਿੰਗੀ’ ਫ਼ਿਲਮ ਬਾਰੇ ਕੋਈ ਗੱਲ ਕਰਨ ਤੋਂ ਪਹਿਲਾਂ ਇਕ ‘ਲਫ਼ਜ਼ੀ ਸ਼ੁਗ਼ਲ’ ਕਰ ਲਈਏ। ਪੰਜਾਬੀ ਦੀ ਇਕ ਕਹੌਤ ਹੈ, ‘ਪੰਜ ਬੁੜੀ ਦੇ ਪੁੱਤ, ਪੰਜੇ ਹੀ ਸ਼ੌਕੀਨ’। ਇਸ ਨੂੰ ‘ਪੰਜ ਬੁੜੀ ਦੇ ਪੁੱਤ, ਪੰਜੇ ਹੀ ਪ੍ਰੋਡਿਊਸਰ’ ਕਰ ਲੈਂਦੇ ਹਾਂ ਤੇ ਫਿਰ ਇਸ ਫ਼ਿਲਮ ਬਾਰੇ ਚਰਚਾ ਕਰਦੇ ਹਾਂ। ਇਸ ਫ਼ਿਲਮ ਦੇ ਬਹੁਤੇ ਵਿਭਾਗਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੇ ਆਪਣੀ ਹੈਸੀਅਤ ਮੁਤਾਬਕ ਇਸ ਫ਼ਿਲਮ ਵਿਚ ਪੈਸਾ ਲਾਇਆ ਹੋਇਆ ਹੈ। ਇਹ ਗੱਲ, ਫ਼ਿਲਮ ਵਿਚ ਕਿੱਥੇ ਨਜ਼ਰ ਆਈ? ਸੁਆਲ ਮਾੜਾ ਨਹੀਂ। ਜੁਆਬ ਵੀ ਸ਼ਾਇਦ ਚੰਗਾ ਹੀ ਹੋਵੇ। ਇਸ ਦਾ ਇਕ ਸਬੂਤ ਸੀ ‘ਦੀਸ਼ੇ’ ਦਾ ਕਿਰਦਾਰ ਨਿਭਾਉਣ ਵਾਲ਼ਾ ਅਦਾਕਾਰ (ਸ਼ਾਇਦ ਯੋ ਯੋ ਹਨੀ ਸਿੰਘ), ਜੋ ਇਸ ਫ਼ਿਲਮ ਦੇ ਦੋ ਸੰਗੀਤਕਾਰਾਂ ਵਿਚੋਂ ਇਕ ਵੀ ਹੈ। ਇਸ ਸ਼ਖ਼ਸ ਨੇ ਇਸ ਫ਼ਿਲਮ ਵਿਚ ਪਾਏ ਆਪਣੇ ਮਾਲੀ ਯੋਗਦਾਨ ਦੀ ਬਦੌਲਤ, ਨਾ ਸਕਰਿਪਟ ਦੀ ਪ੍ਰਵਾਹ ਕੀਤੀ ਲੱਗਦੀ ਹੈ, ਨਾ ਨਿਰਦੇਸ਼ਨ ਦੀ। ਇਹ ਬੰਦਾ ਜਦੋਂ ਵੀ ਸਕਰੀਨ ’ਤੇ ਨਜ਼ਰ ਆਇਆ, ਇਸ ਦਾ ਚਿਹਨ-ਚੱਕਰ ਇਹੋ ਕਹਿੰਦਾ ਜਾਪਦਾ ਸੀ, “ਆਪਣੀ ਮਰਜ਼ੀ ਕਰੂੰਗਾ, ਸਾਲ਼ੀ ਰਕਮ ਫੂਕ ਕੇ ਆਏ ਹਾਂ।” ਇਹ ਬੰਦਾ, ਨਿਰਦੇਸ਼ਕ ਨੂੰ ਆਪਣੀ ਫ਼ਿਲਮ ਨਾਲੋਂ ਵੀ ਅਜ਼ੀਜ਼ ਰਿਹਾ ਕਿਉਂ ਕਿ ਉਸ ਨੇ ਉਸ ਨੂੰ ਕਾਬੂ ਕਰਨ ਦਾ ਹੀਲਾ ਹੀ ਨਹੀਂ ਕੀਤਾ। ਕਰਦਾ ਵੀ ਕਿੱਦਾਂ? ਉਹ ਉਸ ਦਾ ‘ਬੌਸ’ ਸੀ। ਆਪਣੇ ਆਖ਼ਰੀ ਸੀਨ ਵਿਚ ਉਹ ਹੀਰੋ ਨਾਲ ਟੱਕਰ ਲੈਣ ਲਈ ਨਾਈਟ ਗਾਊਨ ਪਾ ਕੇ ਆਉਂਦਾ ਹੈ ਜਦੋਂ ਕਿ ਉਸ ਸੀਨ ਵਿਚ ਨਾਈਟ ਗਾਊਨ ਦੀ ਕੋਈ ਡਰਾਮੈਟਿਕ ਅਹਿਮੀਅਤ ਨਹੀਂ। ਅਖੇ “ਕੌਣ ਕਹੇ ਪ੍ਰੋਡਿਊਸਰਾ ਗਾਊਨ ਨਾ ਪਾ”।
ਦੂਜਾ ਪ੍ਰੋਡਿਊਸਰ ਅਮਨ ਖਟਕੜ ਹੈ, ਜਿਸ ਨੇ‘ਮੈਕ’ ਦਾ ਕਿਰਦਾਰ ਨਿਭਾਇਆ ਹੈ। ਮੈਕ ਤੇ ਦੀਸ਼ਾ ਇਸ ਫ਼ਿਲਮ ਵਿਚ ਮਰ ਜਾਂਦੇ ਹਨ, ਪਰ ਮਰਦੇ-ਮਰਦੇ ਰਾਮਲੀਲਾ ਵਿਚ ਰਾਵਣ ਦਾ ਕਿਰਦਾਰ ਨਿਭਾਉਣ ਵਾਲ਼ੇ ਉਸ ਬੰਦੇ ਦਾ ਚੇਤਾ ਕਰਾ ਗਏ, ਜਿਸ ਦੀ ਧੁੰਨੀ ਵਿਚ ਤੀਰ ਲੱਗਿਆ ਹੋਣ ’ਤੇ ਵੀ ਉਹ ਮਰਨ ਦਾ ਨਾਂ ਨਹੀਂ ਲੈਂਦਾ ਸੀ ਕਿਉਂ ਕਿ ਪ੍ਰਬੰਧਕਾਂ ਵੱਲ ਉਸ ਦੇ ਪੈਸੇ ਰਹਿੰਦੇ ਸਨ। ਇਹ ਦੋਵੇਂ ਅਦਾਕਾਰ ਮਰਨ ਦੀ ਅਦਾਕਾਰੀ ਕਰਦਿਆਂ, ਇਸ ਫ਼ਿਲਮ ਵਿਚ ਲਾਏ ਪੈਸੇ ਖ਼ਰੇ ਕਰ ਕੇ ਹੀ ਮਰਦੇ ਹਨ। ਇਕ ਹੋਰ ਕਿਰਦਾਰ ‘ਕਬੀਰ’ ਹੈ (ਅਦਾਕਾਰ ਦੇ ਨਾਮ ਦਾ ਇਲਮ ਨਹੀਂ), ਜਿਸ ਨੂੰ ਬਾਕੀਆਂ ਦੇ ਮੁਕਾਬਲੇ ਬਹੁਤਾ ਚਿਰ ਜਿਊਂਦਾ ਰੱਖਿਆ ਗਿਆ ਹੈ। ਉਹ ਸਾਰੀ ਫ਼ਿਲਮ ਵਿਚ ਆਪਣੀ ‘ਬਦਮਾਸ਼ੀ’ ਚਮਕਾਉਣ ਲਈ ਇਹੋ ਜਿਹੀਆਂ ਹਰਕਤਾਂ ਕਰਦਾ ਹੈ ਕਿ ਉਨ੍ਹਾਂ ਨੂੰ ਦੇਖ ਕੇ ਹਾਸਾ ਆਉਂਦਾ ਹੈ। ਲੱਗਦਾ ਤਾਂ ਹੈ, ਪਰ ਯਕੀਨ ਨਹੀਂ ਕਿ ਉਹ ਵੀ ਇਸ ਫ਼ਿਲਮ ਕਈ ਪ੍ਰੋਡਿਊਸਰਾਂ ਵਿਚੋਂ ਇਕ ਹੈ। ਰਲ਼ ਕੇ ਪੈਸਾ ਲਾ ਕੇ, ਫ਼ਿਲਮ ਬਣਾਉਣਾ ਤਾਂ ਕੀ, ਕੋਈ ਵੀ ਕੰਮ ਕਰਨਾ ਗੁਨਾਹ ਨਹੀਂ ਹੈ, ਪਰ ਪੈਸਾ ਲਾਇਆ ਹੋਣ ਦੀ ਧੌਂਸ ਵਿਚ ਉਸ ਦਾ ਬੇੜਾ ਗ਼ਰਕ ਕਰਨਾ ਤਾਂ ਕਿਸੇ ਵੀ ਤਰ੍ਹਾਂ ਚੰਗਾ ਨਹੀਂ। ਕਈ ਫ਼ਿਲਮਾਂ ਲਿਖ ਕੇ ਨਾਮ ਤੇ ਨਾਮਾ ਕਮਾ ਚੁੱਕੇ ਅਮਰੀਕ ਗਿੱਲ ਦਾ ਨਾਂ ਵੀ ਇਸ ਫ਼ਿਲਮ ਵਿਚ ਗੁੱਧੂ ਹੋ ਗਿਆ ਹੈ ਕਿਉਂ ਇਸ ਫ਼ਿਲਮ ਵਿਚ ਜਿਸ ਤਰ੍ਹਾਂ ਦੇ ਡਾਇਲਾਗ ਸੁਣਨ ਵਿਚ ਆਏ ਹਨ, ਉਹ ਕਿਸੇ ਦੇ ਲਿਖੇ ਹੋਏ ਨਹੀਂ ਲੱਗਦੇ। ਲੱਗਦਾ ਹੈ ਕਿ ਫ਼ਿਲਮ ਵਿਚ ਪੈਸਾ ਲਾਉਣ ਵਾਲ਼ੇ ਹਰ ਬੰਦੇ ਨੇ ਆਪਣੀ ਰਕਮ ਦੇ ਹਿਸਾਬ ਨਾਲ ਜੋ ਜੀਅ ਕੀਤਾ, ਬੋਲ ਦਿੱਤਾ ਹੈ। ਇਸ ਮਾਮਲੇ ਵਿਚ ਫ਼ਿਲਮ ਦੀ ਨਾਇਕਾ ਦਾ ਕਿਰਦਾਰ ਨਿਭਾਉਣ ਵਾਲੀ ਮੈਂਡੀ ਤੱਖਰ ਵੀ ਇਸ ਫ਼ਿਲਮ ਦੇ ਨਿਰਮਾਤਾਵਾਂ ਵਿਚ ਸ਼ਾਮਲ ਦੱਸੀ ਜਾਂਦੀ ਹੈ। ਡਾਇਲਾਗਾਂ ਦੇ ਕੁੱਝ ਨਮੂਨੇ: “ਮੈਂ ਕਿਸਮਤ ਦਾ ਯਕੀਨ ਨਹੀਂ ਕਰਦੀ” ਜਦੋਂ ਕਿ ਕਹਿਣਾ ਇਹ ਬਣਦਾ ਸੀ, “ਮੈਨੂੰ ਕਿਸਮਤ ਵਿਚ ਯਕੀਨ ਨਹੀਂ”। “ਤੇਰੀ ਮੌਤ ਦਾ ਹੱਕਦਾਰ ਤਾਂ ‘ਫਲਾਣਾ’ ਸੀ” ਜਦੋਂ ਕਿ ਉਹ ਕਹਿਣਾ ਇਹ ਚਾਹੁੰਦਾ ਸੀ, “ਤੈਨੂੰ ਮਾਰਨ ਦਾ ਹੱਕ ਤਾਂ ‘ਫਲਾਣੇ’ ਦਾ ਸੀ”।
ਇਕ ਹੋਰ ਡਾਇਲਾਗ ਦੇਖੋ, “ਸਮਝ ਨਹੀਂ ਆਉਂਦੀ, ਤੈਨੂੰ ਕਿੱਦਾਂ ਮਾਰੀਏ।” ਇਹ ਹਾਲ ਉਨ੍ਹਾਂ ਡਾਇਲਾਗਜ਼ ਦਾ ਸੀ, ਜੋ ਬੋਲੇ-ਸੁਣੇ ਗਏ। ਓਦਾਂ ਇਸ ਫ਼ਿਲਮ ਜਿੰਨੇ ਡਾਇਲਾਗ ਪਿਸਤੌਲਾਂ ਤੇ ਬੰਦੂਕਾਂ ਨੇ ਬੋਲੇ, ਉਨੇ ਇਸ ਫ਼ਿਲਮ ਦੇ ਕਿਰਦਾਰਾਂ ਨੇ ਨਹੀਂ ਬੋਲੇ।ਮਿਰਜ਼ੇ ਦੀ ਭੈਣ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸਾਰੀ ਫ਼ਿਲਮ ਵਿਚ ਉਸ ਨੂੰ ਏਦਾਂ ਸੰਬੋਧਨ ਕਰਦੀ ਹੈ ਕਿ ਉਨ੍ਹਾਂ ਦੇ ਭੈਣ-ਭਰਾ ਹੋਣ ਬਾਰੇ ਵੀ ਸ਼ੱਕ ਪੈਣ ਲੱਗ ਜਾਂਦਾ ਹੈ। ਸੜਕ ਉੱਤੇ ਕਾਰ ਵਿਚ ਜਾਂਦੇ ‘ਜੀਤ’ (ਰਾਹੁਲ) ਨੂੰ ਦਿਖਾਏ ਜਾਣ ਸਮੇਂ, ਵਿਚ-ਵਿਚ ਹਵਾਈ ਜਹਾਜ਼ ਰਾਹੀਂ ਉਪਰੋਂ ਲਏ, ਸ਼ਹਿਰ ਦੇ ਦ੍ਰਿਸ਼ ਦਿਖਾ ਕੇ ਇਕ ਭੁਲੇਖਾ ਹੀ ਪਾਇਆ ਗਿਆ ਹੈ। ਫ਼ਿਲਮ ਦਾ ਖ਼ੂਬਸੂਰਤ ਪੱਖ ਇਸ ਦੀ ਸਿਨੇਮੈਟੋਗ਼੍ਰਾਫੀ ਹੈ, ਜੋ ਨਿਰਦੇਸ਼ਕ ਨੇ ਕਈ ਥਾਈਂ ਮਾੜੀ ਐਡੀਟਿੰਗ ਰਾਹੀਂ ਭੰਗ ਕਰ ਦਿੱਤੀ ਹੈ। ਨਾਰਮਲ ਸਪੀਡ ’ਤੇ ਲਏ ਦ੍ਰਿਸ਼, ਸਲੋਅ ਸਪੀਡ ’ਤੇ ਦਿਖਾਉਣ ਨਾਲ ਤੇ ਕਮਜ਼ੋਰ ਐਡੀਟਿੰਗ ਕਾਰਨ ਫ਼ਿਲਮ ਲੰਬੀ ਹੋ ਗਈ ਹੈ। ਨਾਇਕ ਵਲੋਂ ਕਾਰ ਚਲਾਉਣ ਦੇ ਦ੍ਰਿਸ਼ ਲੰਬੇ ਹੋਣੇ, ਨਿਰਦੇਸ਼ਨ ਦੀ ਖ਼ਾਮੀ ਹੈ। ਫ਼ਿਲਮ ਕਿਤੋਂ ਸ਼ੁਰੂ ਹੁੰਦੀ ਹੈ, ਕਿਤੇ ਮੁੱਕਦੀ ਹੈ। ਮਿਰਜ਼ਾ-ਸਾਹਿਬਾਂ ਦੇ ਕਿੱਸੇ ਨੂੰ ਨਸ਼ਿਆਂ ਦਾ ਤੜਕਾ ਲਾਉਣ ਦੀ ਲੋੜ ਨਹੀਂ ਸੀ ਕਿਉਂ ਕਿ ਪਿਆਰ ਦਾ ਆਪਣਾ ਹੀ ਨਸ਼ਾ ਬਹੁਤ ਹੁੰਦਾ ਹੈ।ਬੀਨੂ ਢਿੱਲੋਂ ਤੇ ਬੀ.ਐੱਨ. ਸ਼ਰਮਾ ਦੇ ਲਤੀਫ਼ਿਆਂ ਤੋਂ ਹਾਸਾ ਨਹੀਂ ਆਉਂਦਾ। ਇਸ ਗੱਲ ਤੋਂ ਹਾਸਾ ਲਾਜ਼ਮੀ ਆਉਂਦਾ ਹੈ ਕਿ ਉਹ ਕਰੀ ਕੀ ਜਾਂਦੇ ਹਨ। ਉਨ੍ਹਾਂ ਦਾ ‘ਮੋਗੇ ਵਾਲ਼ਾ ਕਾਂਡ’ ਵੀ ਇਸ ਫ਼ਿਲਮ ਦੀ ਸਟੋਰੀ ਵਾਂਗ ‘ਅਨਟੋਲਡ’ ਹੀ ਰਹਿ ਜਾਂਦਾ ਹੈ। ਇਸ ਫ਼ਿਲਮ ਰਾਹੁਲ ਹੀ ਇਕ ਇਹੋ ਜਿਹਾ ਅਦਾਕਾਰ ਹੈ, ਜਿਸ ਨੂੰ ਪੈਸੇ ਦਿੱਤੇ ਗਏ ਹੋਣਗੇ, ਬਾਕੀ ਤਾਂ ਪੈਸੇ ਲਾ ਕੇ ਐਕਟਰ ਬਣੇ ਹੋਏ ਸਨ। ਫਿਰ ਇਹ ਫ਼ਿਲਮ ਜਹਾਨ ਦੀ ਸਭ ਤੋਂ ਮਹਿੰਗੀ ਫ਼ਿਲਮ ਹੈ, ਇਸ ਬਾਰੇ ਵੀ ਸ਼ੱਕ ਪੈਂਦਾ ਹੈ।ਇਸ ਫ਼ਿਲਮ ਦੀ ਕਮਾਈ ਇਸ ਉੱਪਰ ਖ਼ਰਚੀ ਰਕਮ ਦੇ ਨੇੜੇ-ਤੇੜੇ ਪਹੁੰਚ ਜਾਊਗੀ, ਲੱਗਦਾ ਨਹੀਂ।
ਬਖ਼ਸਿੰਦਰ
ਲੇਖਕ ਸੀਨੀਅਰ ਪੱਤਰਕਾਰ ਤੇ ਮਾਂ ਬੋਲੀ ਪੰਜਾਬੀ ਦੇ ਸ਼ੁੱਧਤਾਵਾਦੀ ਪੁੱਤ ਹਨ।ਬੋਲੀ 'ਚ ਵਿਗਾੜ ਖ਼ਿਲਾਫ ਫੇਸਬੁੱਕੀ ਮੁਹਿੰਮ ਵੀ ਚਲਾ ਰਹੇ ਹਨ।ਲਗਾਤਾਰ ਵੱਖ ਵੱਖ ਵਿਸ਼ਿਆਂ 'ਤੇ ਲਿਖਦੇ ਰਹਿੰਦੇ ਹਨ।ਫਿਲਮਸਾਜ਼ੀ ਬਾਰੇ ਕਿਤਾਬ ਵੀ ਲਿਖ ਚੁੱਕੇ ਹਨ।
ਮਿਰਜ਼ਾ (ਪ੍ਰੋਮੋ ਦੇਖਣ ਬਾਅਦ), ਹਿਟਲਰ ਇਨ ਲਵ (ਖਾਸ ਕਰਕੇ ਨਾਮ ਤੋਂ) ਕੁਝ ਕੁ ਬਾਤ ਪਾ ਦਿੰਦੇ ਹਨ, ਆਸਾਂ ਰੱਖੀਆਂ ਹੀ ਕਿਉਂ ਜਾਂਦੀਆਂ ਹਨ ??
ReplyDeletegill saab....punjab ch bilkul namatar filma bndia han.....es lai sade kol koi option nai ae,,,,vekhan jana painda hai...khaure chngi hove..
ReplyDeleteਹੁਣ ਰਾਜੀਵ ਸ਼ਰਮਾ (ਆਤੁ ਖੋਜੀ ਫੇਮ) ਦੀ ਨਿਰਦੇਸ਼ਨਾ ਹੇਠ ਬਣ ਰਹੀ ਫਿਲਮ "ਨਾਬਰ" ਦੇ ਆਉਣ ਦੀ ਉਡੀਕ ਹੈ ਫਿਲਮ ਚੰਗੀ ਹੈ
ReplyDeleteਅੱਜ ਦੂਜੀ ਵਾਰੀ ਫਿਲਮ ਦੀ ਸਮੀਖਿਆ ਪੜ੍ਹੀ ਪੜ੍ਹਕੇ ਚੰਗਾ ਲੱਗਿਆ ਕਿ ਅਜਿਹੀਆਂ ਬੇਹੁਦਾ ਫਿਲਮਾਂ ਦੀ ਅਲੋਚਨਾਂ ਹੋਣੀ ਹੀ ਚਾਹੀਦੀ ਹੈ
ReplyDeleteਮੇਰੇ ਤਾਂ ਕੰਨਾਂ ਵਿੱਚ ਛੂੰ ਛੂੰ ਹੀ ਹੁੰਦੀ ਰਹੀ ਪੱਲੇ ਕੁਝ ਪਿਆ ਹੀ ਨਹੀਂ .... ਨਾ ਹੀ ਇਹ ਪਤਾ ਲਗਦਾ ਕਿ ਪੈਸਾ ਲਾਇਆ ਕਿੱਥੇ ਗਿਆ ਵਾ ਸ਼ਾਇਦ ਗੱਡੀਆਂ ਖਰੀਦੀਆਂ ਗਈਆਂ ਹੋਣਗੀਆ ਫਿਲਮ ਚ ਦਿਖਾਉਣ ਲਈ |
ReplyDelete