ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, April 23, 2012

ਪਾਸ਼ ਦੇ 'ਬਰਨਾਲੇ' ਨੇ ਉਦਾਸੀ ਨੂੰ ਕੀਤਾ ਯਾਦ

ਲੋਕ ਕਵੀ ਸੰਤ ਰਾਮ ਉਦਾਸੀ ਦੇ 73ਵੇਂ ਜਨਮ ਦਿਨ ਨੂੰ ਸਮਰਪਿਤ ਸੈਮੀਨਾਰ ਸਥਾਨਕ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਸੰਤ ਰਾਮ ਉਦਾਸੀ ਯਾਦਗਾਰੀ ਸਮਾਗਮ ਕਮੇਟੀ ਵੱਲੋਂ ਕਰਵਾਇਆ ਗਿਆ। ਇਸ ਸੈਮੀਨਾਰ ਦਾ ਵਿਸ਼ਾ 'ਸੰਤ ਰਾਮ ਉਦਾਸੀ, ਕਵਿਤਾ, ਜੀਵਨ, ਵਿਚਾਰਧਾਰਾ ਅਤੇ ਅਜੋਕੇ ਦੌਰ ਵਿੱਚ ਪ੍ਰਸੰਗਿਕਤਾ' ਰੱਖਿਆ ਗਿਆ, ਇਸ ਸੰਬੰਧੀ ਉਹਨਾਂ ਦੇ ਸਮਕਾਲੀ ਸਾਥੀ ਨਰਭਿੰਦਰ ਨੇ ਵਿਸਥਾਰਤ ਪੇਪਰ ਪੇਸ਼ ਕੀਤਾ। ਇਸ ਸੈਮੀਨਾਰ ਦੀ ਪ੍ਰਧਾਨਗੀ ਮੰਡਲ ਵਿੱਚ ਓਮ ਪ੍ਰਕਾਸ਼ ਗਾਸੋ, ਦਰਸ਼ਨ ਖਟਕੜ, ਕੰਵਲਜੀਤ ਖੰਨਾ, ਸੁਖਦਰਸ਼ਨ ਨੱਤ,ਮੇਘ ਰਾਜ ਮਿੱਤਰ, ਬੂਟਾ ਸਿੰਘ, ਅਮੋਲਕ ਸਿੰਘ ਅਤੇ ਬਲਵਿੰਦਰ ਬਰਨਾਲਾ ਸੋਸ਼ਭਿਤ ਸਨ।

ਨਰਭਿੰਦਰ ਵਲੋਂ ਪੇਸ਼ ਆਪਣੇ ਪੇਪਰ ਵਿੱਚ ਉਦਾਸੀ ਦੇ ਜੀਵਨ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਕਵਿਤਾ ਤੋਂ ਬਿਨਾਂ ਮਨੁੱਖੀ ਹੋਂਦ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ, ਕਵਿਤਾ ਜ਼ਿੰਦਗੀ ਨਾਲ ਇੱਕ ਮਿੱਕ ਹੋਣ ਦੀ ਸ਼ਰਤ ਹੈ ਕਵਿਤਾ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਸੰਘਰਸ਼ ਦੀ ਗਾਥਾ ਹੈ, ਪੰਜਾਬੀ ਕਵਿਤਾ ਦੇ ਪਿਛਲੇ ਸਾਢੇ ਚਾਰ ਪੰਜ ਸੌ ਸਾਲ ਦੇ ਇਤਿਹਾਸ ਅਦੰਰ ਨਿਗ੍ਹਾ ਮਾਰੀਏ ਤਾਂ ਸਥਿਤੀ ਵੇਖੀ ਜਾ ਸਕਦੀ ਹੈ।'ਰਾਜੇ ਸ਼ੀਂਹ ਮਕੱਦਮ ਕੁੱਤੇ' ਜਾਂ 'ਇੱਕ ਤੂੰ ਕਸਾਈ ਮੇਰੇ ਪਿੰਡ ਦੇਇਆ ਰਾਜਿਆ ਓਏ' ਉਦਾਸੀ ਦੀ ਨਿਰੀ ਕਵਿਤਾ ਨਹੀਂ ਸਗੋਂ ਇੱਕ ਮਨੁੱਖੀ ਮੈਨੀਫ਼ੈਸਟੋ ਹੈ। ਕੰਵਲਜੀਤ ਖੰਨਾ ਨੇ ਕਿਹਾ ਕਿ ਸੰਤ ਰਾਮ ਉਦਾਸੀ ਇਸੇ ਕਾਵਿ ਪਰੰਪਰਾ ਦਾ ਪ੍ਰਪੱਕ ਹਸਤਾਖ਼ਰ ਹੈ। ਸੁਖਦਰਸ਼ਨ ਨੱਤ ਨੇ ਕਿਹਾ ਕਿ ਉਦਾਸੀ ਇੱਕ ਅਜਿਹੇ ਮਿਹਨਤਕ
ਸ਼ ਪਰਿਵਾਰ ਵਿੱਚ ਪੈਦਾ ਹੋਇਆ ਜਿਹੜਾ ਮਾਲਕੀ ਵਾਲੀਆਂ ਜਮਾਤਾਂ ਕੋਲ ਕਿਰਤ ਵੇਚ ਕੇ ਜਿੰਦਗੀ ਤੋਰਦਾ ਹੈ। ਦਰਸ਼ਨ ਖਟਕੜ ਨੇ ਕਿਹਾ ਕਿ ਉਦਾਸੀ ਕਾਵਿ ਦੀ ਖੂਬੀ ਹੈ ਕਿ ਜਿਹੜੀਆਂ ਚੀਜ਼ਾਂ ਬਹੁਤ ਲੰਬੇ, ਗਹਿਰੇ ਅਧਿਐਨ ਤੇ ਵਿਖਿਆਨ ਦੀ ਮੰਗ ਕਰਦੀਆਂ ਹਨ ਉਹ ਸੰਖੇਪ ਵਿੱਚ ਸਰੋਤੇ/ਪਾਠਕ ਨੂੰ ਸੌਖਿਆਂ ਹੀ ਸਮਝਾ ਦਿੰਦੀ ਹੈ। ਬੂਟਾ ਸਿੰਘ ਅਤੇ ਅਮੋਲਕ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਦਾਸੀ ਦੀ ਕਵਿਤਾ ਨਕਸਲਬਾੜੀ ਲਹਿਰ ਦੇ 70ਵਿਆਂ ਦੇ ਦਹਾਕੇ ਦੀ ਸਮਾਜਿਕ, ਰਾਜਨੀਤਿਕ, ਆਰਥਿਕ ਧਰਾਤਲ ਉੱਤੇ ਖੜ੍ਹਕੇ ਹੀ ਸਮਝੀ ਜਾਣੀ ਚਾਹੀਦੀ ਹੈ। ਉਦਾਸੀ ਆਪਣੀ ਕਾਵਿਕ ਭਾਸ਼ਾ ਵਿੱਚ ਪੂਰਾ ਸਮਾਜਿਕ, ਰਾਜਨਿਤਕ ਅਰਥ ਸਾਸ਼ਤਰ ਇੰਨੇ ਸਰਲ ਢੰਗ ਪਰੋਸ ਦਿੰਦਾ ਹੈ ਕਿ ਵੱਡੀਆਂ ਵੱਡੀਆਂ ਪੋਥੀਆਂ ਦੇ ਵਿਆਖਿਆਕਾਰ ਵੀ ਸ਼ਾਇਦ ਇੰਨੀ ਸਰਲਤਾ ਨਾਲ ਨਾ ਸਮਝਾ ਸਕਣ। ਮੇਘ ਰਾਜ ਮਿੱਤਰ ਅਤੇ ਓਮ ਪ੍ਰਕਾਸ਼ ਗਾਸੋ ਨੇ ਸੰਤ ਰਾਮ ਉਦਾਸੀ ਨਾਲ ਜੁੜੀਆ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਾਥੀਆਂ ਨੇ ਬਹਿਸ 'ਚ ਭਾਗ ਲੈਂਦਆਿਂ ਸਾਰੇ ਪੱਖਾਂ ਤੋਂ ਆਪੋ ਆਪਣੇ ਉਸਾਰੂ ਵਿਚਾਰ/ਸਵਾਲ ਪੇਸ਼ ਕੀਤੇ। ਇਹਨਾਂ ਸਭ ਦਾ ਜੁਆਬ ਸਾਥੀ ਨਰਭਿੰਦਰ ਨੇ ਵਿਸਥਾਰ ਪੂਰਵਕ ਦਿੰਦਿਆਂ ਕਿਹਾ ਕਿ ਸੁਝਾਵਾਂ ਅਤੇ ਸਵਾਲਾਂ ਨੇ ਮੇਰੇ ਗਿਆਨ ਵਿੱਚ ਹੋਰ ਵਾਧਾ ਕੀਤਾ ਹੈ। ਇਸ ਸੈਮੀਨਾਰ ਸਮੇਂ ਹਾਜ਼ਰ ਕਵੀਆਂ ਅਤੇ ਲੋਕ ਸੰਗੀਤ ਮੰਡਲੀਆਂ ਨੇ ਉਦਾਸੀ ਦੇ ਗੀਤ/ਕਵਿਤਾਵਾਂ ਪੇਸ਼ ਕੀਤੀਆਂ। ਸੰਤ ਰਾਮ ਉਦਾਸੀ ਦੀ ਬੇਟੀ ਇਕਬਾਲ ਨੇ ਵੀ ਇਸ ਮੌਕੇ ਉਦਾਸੀ ਦੀ ਰਚਨਾ ਪੇਸ਼ ਕੀਤੀ। ਸੈਮੀਨਾਰ ਦੌਰਾਨ ਸਾਥੀ ਨਰੈਣ ਦੱਤ ਨੇ ਕੇਂਦਰ ਦੇ ਅੱਤਵਾਦ ਵਿਰੋਧੀ ਕਾਨੂੰਨ ਅਫ਼ਸਪਾ ਰੱਦ ਕਰਨ, ਜਲੰਧਰ ਵਿਖੇ ਇੱਕ ਅਸੁਰੱਖਿਅਤ ਇਮਾਰਤ ਵਿੱਚ ਵਾਪਰੇ ਭਿਆਨਕ ਹਾਦਸੇ ਦੀ ਨਆਇਕ ਜਾਂਚ ਕਰਨ ਅਤੇ ਮਾਰੇ ਗਏ ਮਜ਼ਦੂਰਾਂ ਨੂੰ 10 ਲੱਖ ਦਾ ਮੁਆਵਜ਼ਾ ਅਤੇ ਦੋਸ਼ੀਆਂ ਉੱਪਰ ਕਤਲ ਦਾ ਮੁਕੱਦਮਾ ਦਰਜ ਕਰਨ, ਅਸ਼ਲੀਲ/ਅੰਧਵਿਸ਼ਵਾਸ਼ੀ ਸੱਭਿਆਚਾਰ ਬੰਦ ਕਰਨ ਅਤੇ ਲਿਖਣ ਬੋਲਣ ਸਮੇਤ ਵਿਚਾਰਾਂ ਦੇ ਪ੍ਰਗਟਾਵੇ ਉੱਪਰ ਡਾਕਾ ਮਾਰਦੀ ਧਾਰਾ 295ਏ ਖਤਮ ਕਰਨ ਦੇ ਮਤੇ ਸੰਤ ਰਾਮ ਉਦਾਸੀ ਸਮਾਗਮ ਕਮੇਟੀ ਵੱਲੋਂ ਪੇਸ਼ ਕੀਤੇ ਗਏ। ਸਟੇਜ ਦਾ ਸੰਚਾਲਨ ਰਜੀਵ ਕੁਮਾਰ ਵੱਲੋਂ ਕੀਤਾ ਗਿਆ। ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਪ੍ਰਦੀਪ ਕਸਬਾ,ਨਵਕਿਰਨ ਅਤੇ ਹਰਵਿੰਦਰ ਦੀਵਾਨਾ ਨੇ ਅਹਿਮ ਭੁਮਿਕਾ ਨਭਾਈ। ਅੰਤ ਵਿੱਚ ਆਏ ਸਾਥਿਆਂ ਦਾ ਉਦਾਸੀ ਯਾਦਗਾਰੀ ਕਮੇਟੀ ਵੱਲੋਂ ਅਮਿੱਤ ਮਿੱਤਰ ਨੇ ਧੰਨਵਾਦ ਕੀਤਾ।

ਬੂਟਾ ਸਿੰਘ ਦੀ ਰਿਪੋਰਟ

No comments:

Post a Comment