ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, July 20, 2012

ਕਨੇਡਾ:ਪਰਮਿੰਦਰ ਸਵੈਚ ਦੇ ਨਾਟ ਸੰਗ੍ਰਹਿ 'ਬਲ਼ਦੇ ਬਿਰਖ' 'ਤੇ ਹੋਈ ਭਰਪੂਰ ਚਰਚਾ

ਪਰਮਿੰਦਰ ਸਵੈੱਚ ਦੀ ਲ਼ਘੂ ਨਾਟਕਾਂ ਦੀ ਪੁਸਤਕ 'ਬਲ਼ਦੇ ਬਿਰਖ' ਤੇ ਗੋਸ਼ਟੀ ਦਾ ਆਯੋਜਨ ਪਰੋਗ੍ਰੈਸਿਵ ਕਲਚਰਲ ਸੈਂਟਰ ਸਰੀ- 7536, 130 ਸਟਰੀਟ ਸਰ੍ਹੀ ਬੀ. ਸੀ. ਵਿਖੇ ਤਰਕਸ਼ੀਲ ਕਲਚਰਲ ਸੁਸਾਇਟੀ ਵਲੋਂ ਕੀਤਾ ਗਿਆ।ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵੈਨਕੂਵਰ ਦੇ ਏਰੀਏ ਦੀਆਂ ਸਾਰੀਆਂ ਪੰਜਾਬੀ ਸਾਹਿਤ ਸਭਾਵਾਂ, ਈਸਟ ਇੰਡੀਅਨ ਡਿਫੈਂਸ ਕਮੇਟੀ ਅਤੇ ਸ਼ਹੀਦ ਮੇਵਾ ਸਿੰਘ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਸਹਿਯੋਗ ਦਿੱਤਾ।ਇਸ ਵਿੱਚ ਮੁੱਖ ਮਹਿਮਾਨ ਕੈਲਗਿਰੀ ਤੋਂ 'ਪੰਜਾਬੀ ਇਤਿਹਾਸਕ ਨਾਟਕ' ਕਿਤਾਬ ਦੇ ਰਚੇਤਾ ਡਾ. ਹਰਭਜਨ ਸਿੰਘ ਢਿੱਲੋਂ ਸਨ।ਜਸਵੀਰ ਕੌਰ ਮੰਗੂਵਾਲ ਨੇ ਸਟੇਜ ਸਕੱਤਰ ਦੀ ਜੁੰਮੇਵਾਰੀ ਨਿਭਾਉਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਨਾਟਕ ਦੇ ਇਤਿਹਾਸ, ਇਪਟਾ ਦੀ ਦੇਣ ਤੇ ਅੱਜ ਦੇ ਪੰਜਾਬੇ ਇਨਕਲਾਬੀ ਨਾਟਕ ਬਾਰੇ ਗੱਲ ਕਰਦਿਆਂ, ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ, ਸੁਖਦੇਵ ਪ੍ਰੀਤ, ਰਣਜੀਤ ਕੌਰ, ਸਫਦਰ ਹਾਸ਼ਮੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਜਿਹਨਾਂ ਵਿੱਚੋਂ ਤਿੰਨ ਨੂੰ ਸਟੇਜ ਤੋਂ ਨਾਟਕ ਦੇ ਰਾਹੀਂ ਸੱਚ ਕਹਿਣ ਦੇ ਬਦਲੇ ਕੁਰਬਾਨੀ ਦੇਣੀ ਪਈ ਸੀ।


ਇਸ ਤੋਂ ਬਾਅਦ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੈਲਗਿਰੀ ਤੋਂ 'ਪੰਜਾਬੀ ਇਤਿਹਾਸਕ ਨਾਟਕ' ਕਿਤਾਬ ਦੇ ਰਚੈਤਾ ਡਾ. ਹਰਭਜਨ ਸਿੰਘ ਢਿੱਲੋਂ, ਲੇਖਿਕਾ ਪਰਮਿੰਦਰ ਸਵੈੱਚ ਤੇ ਕਨੇਡਾ ਦੀ ਤਰਕਸ਼ੀਲ ਲਹਿਰ ਦੇ ਬਾਨੀ ਅਵਤਾਰ ਸਿੰਘ ਗਿੱਲ ਨੂੰ ਕ੍ਰਮਵਾਰ ਸਤਿਕਾਰ ਸਹਿਤ ਸਟੇਜ ਤੇ ਬਿਠਾਇਆ ਗਿਆ।ਮੁੱਖ ਬੁਲਾਰੇ ਡਾ. ਹਰਭਜਨ ਢਿੱਲੋਂ ਨੇ ਪੰਜਾਬੀ ਨਾਟਕ ਦੇ ਇਤਿਹਾਸ ਸਮਾਜ ਤੇ ਪੈਂਦੇ ਪ੍ਰਭਾਵ ਅਤੇ ਪਰਮਿੰਦਰ ਦੀ ਨਾਟਕ ਲੇਖਣੀ ਬਾਰੇ ਬਹੁਤ ਹੀ ਰੌਚਕ ਤੇ ਵਿਸਥਾਰ ਵਿੱਚ ਵਿਚਾਰ ਪੇਸ਼ ਕੀਤੇ।ਸਾਧੂ ਬਿਨਿੰਗ ਨੇ ਪਰਮਿੰਦਰ ਦੀ ਕਿਤਾਬ ਤੇ ਚਰਚਾ ਕਰਦਿਆਂ ਕਿਹਾ ਕਿ ਮੈਂ ਸਾਰੇ ਨਾਟਕਾਂ ਦਾ ਅਨੰਦ ਮਾਣਿਆ ਕਿਉਂਕਿ ਇਹ ਆਮ ਲੋਕਾਈ ਦੇ ਦੁੱਖਾਂ, ਸੁੱਖਾਂ ਸੰਘਰਸ਼ਾਂ ਦੀ ਬਾਤ ਪਾਉਂਦੇ ਹਨ।ਉਨ੍ਹਾਂ ਅਲੋਚਨਾ ਦੇ ਪੱਖ ਨੂੰ ਛੂੰਹਦਿਆਂ ਕਿਹਾ ਕਿ ਨਾਟਕ ਦੀ ਸਮਝ ਹੋਣ ਕਰਕੇ ਕੁਝ ਊਣਤਾਈਆਂ ਵੀ ਮਹਿਸੂਸ ਹੋਈਆਂ ਪਰ ਇਹ ਔਰਤ ਲੇਖਿਕਾ ਨੇ ਬਹੁਤ ਸਾਰੀਆਂ ਜਿੰਮੇਵਾਰੀਆਂ ਨਿਭਾਉਦਿਆਂ ਲਿਖੇ ਹਨ ਇਸ ਕਰਕੇ ਇਹ ਹੀ ਬਹੁਤ ਵੱਡੀ ਗੱਲ ਹੈ।ਪ੍ਰਿੰਸੀਪਲ ਸੁਰਿੰਦਰ ਪਾਲ ਕੌਰ ਬਰਾੜ ਨੇ ਪਰਮਿੰਦਰ ਨੂੰ ਉਸ ਦੀ ਪੁਸਤਕ ਤੇ ਵਧਾਈ ਦਿੱਤੀ, ਨਾਟਕ ਦੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਮਨਜੀਤ ਮੀਤ ਦੁਆਰਾ ਲਿਖਿਆ ਪੇਪਰ ਪੇਸ਼ ਕੀਤਾ।


ਸੁਖਵੰਤ ਹੁੰਦਲ ਨੇ ਪਰਮਿੰਦਰ ਦੇ ਨਾਟਕਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਲੇਕ ਹਿੱਤਾਂ ਲਈ ਲਿਖਿਆ ਸਾਹਿਤ ਹੀ ਉੱਚਕੋਟੀ ਦਾ ਸਾਹਿਤ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਪਰਮਿੰਦਰ ਦੇ ਨਾਟਕਾਂ ਦੇ ਪਾਤਰ ਇੱਕ ਦੂਜੇ ਦੇ ਦੁਸ਼ਮਣ ਨਹੀਂ ਸਗੋਂ ਸਹਾਇਕ ਹਨ, ਉਹ ਰਿਸ਼ਤਿਆਂ ਦੀ ਕੁੜੱਤਣ ਦੀ ਥਾਂ ਮਿਠਾਸ ਤੇ ਸਹਿਯੋਗੀ ਨਜ਼ਰ ਆਉਂਦੇ ਹਨ, ਲੇਖਿਕਾ ਨੇ ਬੇਲੋੜੀ ਹਿੰਸਾ ਤੋਂ ਵੀ ਗੁਰੇਜ਼ ਕੀਤਾ ਹੈ।ਚਰਨ ਸਿੰਘ ਵਿਰਦੀ ਜੀ ਨੇ ਨਾਟਕ ਦੇ ਵਿਸ਼ਿਆਂ ਬਾਰੇ ਵਿਸਥਾਰ ਸਾਹਿਤ ਪੇਪਰ ਪੜ੍ਹਦਿਆਂ ਕਿਹਾ ਕਿ ਸਾਰੇ ਨਾਟਕ ਬਹੁਤ ਵਧੀਆ ਹਨ ਅਤੇ ਨਿਭਾ ਵੀ ਬਹੁਤ ਵਧੀਆ ਹੈ ਪਰ ਉਨ੍ਹਾਂ ਨੇ ਵਿਸ਼ਿਆਂ ਦੇ ਦੁਹਰਾਓ ਵੱਲ ਵੀ ਧਿਆਨ ਦਿਵਾਇਆ।ਕ੍ਰਿਸ਼ਨ ਭਨੋਟ ਨੇ ਪਰਮਿੰਦਰ ਸਵੈੱਚ ਨੂੰ ਉਨ੍ਹਾਂ ਦੀ ਕਿਤਾਬ ਤੇ ਵਧਾਈ ਪੇਸ਼ ਕੀਤੀ।ਤਰਕਸ਼ੀਲ ਸੱਭਿਆਚਾਰਕ ਵਿੰਗ ਪੰਜਾਬ ਦੇ ਮੁੱਖੀ ਸਰਬਜੀਤ ਉੱਖਲਾ ਜੀ ਨੇ ਪਰਮਿੰਦਰ ਸਵੈਚ ਨੂੰ ਕਿਤਾਬ ਤੇ ਵਧਾਈ ਦਿੰਦਿਆ ਦੱਸਿਆ ਕਿ ਇਹ ਸਾਰੇ ਨਾਟਕ ਕਨੇਡਾ ਦੀ ਧਰਤੀ ਦੇ ਲੋਕਾਂ ਦੀ ਗੱਲ ਕਰਦੇ ਹਨ ਤੇ ਇੱਥੇ ਸਟੇਜ ਤੇ ਖੇਡੇ ਜਾ ਚੁੱਕੇ ਹਨ।


ਇੰਦਰਜੀਤ ਸਿੱਧੂ ਜੀ ਨੇ ਪੁਸਤਕ ਬਲਦੇ ਬਿਰਖ ਤੇ ਵਧਾਈ ਦਿੰਦਿਆ ਕਿਹਾ ਕਿ ਪਰਮਿੰਦਰ ਇੱਕ ਬਹੁਤ ਵਧੀਆ ਲੇਖਿਕਾ ਹੈ ਉਸ ਨੇ ਇਹ ਵੀ ਕਿਹਾ ਕਿ ਲੇਖਕ ਮਰਦ ਜਾਂ ਔਰਤ ਨਹੀਂ ਹੁੰਦਾ ਸਿਰਫ ਲੇਖਕ ਹੁੰਦਾ ਹੈ ਅਤੇ ਉਸਦਾ ਆਪਣਾ ਦ੍ਰਿਸ਼ਟੀਕੋਣ ਹੁੰਦਾ ਹੈ।ਐਬਸਫੋਰਡ ਦੀ ਸਾਹਿਤ ਸਭਾ ਦੀ ਪ੍ਰਧਾਨ ਬੀਬੀ ਗੁਰਬਚਨ ਕੌਰ ਨੇ ਪਰਮਿੰਦਰ ਦੇ ਨਾਟਕਾਂ ਤੇ ਉਸਦੀ ਕਲਾਕਾਰੀ ਦੀ ਸ਼ਲਾਘਾ ਕੀਤੀ ਤੇ ਕੁਝ ਗਲਤੀਆਂ ਤੋਂ ਵੀ ਜਾਣੂ ਕਰਵਾਇਆ। ਗੁਰਦਰਸ਼ਨ ਬਾਦਲ ਨੇ ਵੀ ਪਰਮਿੰਦਰ ਸਵੈਚ ਨੂੰ ਪੁਸਤਕ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਗੋਸ਼ਟੀ ਅਸਲ ਵਿੱਚ ਗੋਸ਼ਟੀ ਨਹੀਂ ਸੀ। ਗੁਰਮੇਲ ਸਿੰਘ ਗਿੱਲ ਨੇ ਪਰਮਿੰਦਰ ਨੂੰ ਵਧਾਈ ਦਿੱਤੀ ਤੇ ਆਪਣੀ ਕਵਿਤਾ ਪੇਸ਼ ਕੀਤੀ।


ਤਨਦੀਪ ਤਮੰਨਾ ਜੀ ਨੇ ਵੀ ਪਰਮਿੰਦਰ ਨੂੰ ਕਿਤਾਬ ਲਈ ਵਧਾਈ ਦਿੱਤੀ ਅਤੇ ਅਗਾਮੀ ਆ ਰਹੇ ਪ੍ਰੋਗਰਾਮਾਂ ਦੀ ਸੂਚਨਾ ਵੀ ਦਿੱਤੀ। ਇੰਦਰਜੀਤ ਧਾਮੀ ਜੀ ਨੇ ਪਰਮਿੰਦਰ ਦੀ ਲੇਖਣੀ ਦੀ ਉਸਤਤ ਕਰਦੀ ਬਹੁਤ ਖੂਬਸੂਰਤ ਕਵਿਤਾ ਪੇਸ਼ ਕੀਤੀ। ਮੁੱਖ ਬੁਲਾਰੇ ਡਾ.ਹਰਭਜਨ ਢਿੱਲੋਂ ਨੇ ਪ੍ਰੋਗਰਾਮ ਵਿੱਚ ਉੱਠੇ ਸਵਾਲਾਂ ਦੇ ਜਵਾਬ ਦਿੱਤੇ।


ਇਸ ਤੋਂ ਉਪਰੰਤ ਪਰਮਿੰਦਰ ਸਵੈੱਚ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਨਾਟਕਾਂ ਬਾਰੇ ਦੱਸਦਿਆਂ ਕਿਹਾ ਕਿ ਉਸ ਦੇ ਸਾਰੇ ਨਾਟਕਾਂ ਦੇ ਪਾਤਰ ਆਲੇ ਦੁਆਲੇ ਵਿਚਰਦੇ ਲੋਕ ਹਨ।ਜੋ ਵੀ ਉਹ ਮਹਿਸੂਸ ਕਰਦੀ ਹੈ ਉਸ ਨੂੰ ਕਲਮ ਬੱਧ ਕਰ ਦਿੰਦੀ ਉਹ ਕੋਈ ਲੇਖਿਕਾ ਨਹੀਂ ਸਗੋਂ ਕਾਰਜਸ਼ੀਲ ਔਰਤ ਹੈ। ਉਸਦਾ ਮਕਸਦ ਤਾਂ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਜੜ੍ਹੋਂ ਧੂਹਣ ਲਈ ਹੱਕ ਸੱਚ ਤੇ ਇਨਸਾਫ ਲਈ ਲੜ ਰਹੇ ਲੋਕਾਂ ਦਾ ਸਾਥ ਦੇਣਾ ਹੈ, ਉਹਨਾਂ ਦੇ ਦੁੱਖਾਂ ਦਰਦਾਂ ਦੀਆਂ ਸਮੱਸਿਆਵਾਂ ਵੱਲ ਝਾਤ ਦਵਾਉਣਾ ਹੈ।ਪ੍ਰੋਗਰਾਮ ਦੇ ਅੰਤ ਵਿੱਚ ਅਵਤਾਰ ਸਿੰਘ ਗਿੱਲ ਨੇ ਪਰਮਿੰਦਰ ਸਵੈਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪਰਮਿੰਦਰ ਤਰਕਸ਼ੀਲ ਸੁਸਾਇਟੀ ਨਾਲ ਜੁੜੀ ਹੋਈ ਹੈ।ਉਨ੍ਹਾਂ ਆਏ ਹੋਏ ਸਾਰੇ ਲੋਕਾਂ ਅਤੇ ਖਾਸ ਕਰ ਡਾ. ਹਰਭਜਨ ਢਿੱਲੋਂ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿੱਚ ਹੋਰ ਵੀ ਬਹੁਤ ਮਾਣਯੋਗ ਸ਼ਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ।ਜਿਵੇਂ ਸੋਹਣ ਪੂਨੀ, ਅੰਮ੍ਰਿਤ ਦੀਵਾਨਾ, ਜਰਨੈਲ ਸੇਖਾ, ਹਰਪ੍ਰੀਤ ਸੇਖਾ, ਮੋਹਣ ਗਿੱਲ, ਨਛੱਤਰ ਗਿੱਲ, ਦਰਸ਼ਨ ਚਾਹਲ, ਪ੍ਰਿੰਸੀਪਲ ਲਖਵੀਰ ਸਿੰਘ, ਜਗੀਰ ਸਿੰਘ ਵਿਕਟੋਰੀਆ ਤੋਂ, ਸ਼ੇਰੇ ਪੰਜਾਬ ਤੋਂ ਰੇਡੀਓ ਹੋਸਟ ਜਸਬੀਰ ਸਿੰਘ ਰੁਮਾਣਾ ਅਤੇ ਰਮਿੰਦਰ ਥਿੰਦ ਆਦਿ। ਸਾਰਾ ਪ੍ਰੋਗਰਾਮ ਭਰਵੀਂ ਹਾਜ਼ਰੀ ਤੇ ਉਸਾਰੂ ਸਾਹਿਤ ਦੀ ਲੋੜ ਨੂੰ ਲੈ ਕੇ ਗੋਸ਼ਟੀਆਂ ਦੇ ਰੂਪ ਵਿੱਚ ਪਹਿਲਾ ਉਪਰਾਲਾ ਹੋਣ ਦੇ ਬਾਵਜੂਦ ਕਾਫੀ ਹਾਂ ਪੱਖੀ ਹੋ ਨਿਬੜਿਆ।

ਜਸਵੀਰ ਕੌਰ ਮੰਗੂਵਾਲ  ਦੀ ਰਿਪੋਰਟ

No comments:

Post a Comment