ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, July 30, 2012

ਚੰਡੀਗੜ੍ਹ ਦੀ ਮੌਤ !

ਗੁਰਮੇਲ ਸਰਾ ਦੀ ਮੌਤ ਕੁਝ ਸਮਾਂ ਪਹਿਲਾਂ ਹੋਈ ਸੀ।ਇਹ ਲਿਖ਼ਤ ਮੌਤ ਦੀ ਕਾਫੀ ਪਹਿਲਾਂ ਲਿਖੀ ਗਈ ਹੋਵੇਗੀ।ਉਨ੍ਹਾਂ ਦੀ ਮੌਤ 'ਤੇ ਆਸਟਰੇਲੀਆ ਵਾਲੇ ਮਿੰਟੂ ਬਰਾੜ ਨੇ ਇਹ 'ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ' ' ਲੇਖ ਲਿਖਿਆ ਸੀ।ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਵੀ ਬਾਬੂਸ਼ਾਹੀ 'ਤੇ ਟਿੱਪਣੀ ਕੀਤੀ।ਸਰਾ ਦੀ ਚੰਡੀਗੜ੍ਹ ਬਾਰੇ ਟਿੱਪਣੀ ਪੰਜਾਬੀ ਨਿਉਜ਼ ਆਨਲਾਈਨ ਦੇ ਦੇਖੀ।ਚੰਗੀ ਲੱਗੀ।'ਕਾਮਨ ਮਿਨੀਮਮ ਅੰਡਰਸਟੈਂਡਿੰਗ' ਤਹਿਤ ਗੁਲਾਮ ਕਲਮ 'ਤੇ ਚੇਪ ਰਹੇ ਹਾਂ।-ਗੁਲਾਮ ਕਲਮ


ਚੰਡੀਗੜ੍ਹ ਕਦੇ ਜਨਮਿਆ ਹੀ ਨਹੀਂ, ਪਰ ਕਦੇ  ਮਰਿਆ ਵੀ ਨਹੀਂ।ਕਬਰਾਂ ‘ਚੋਂ ਉੱਠ ਕੇ ਮੇਰੀ ਜ਼ਿੰਦਗੀ ਵਿੱਚ ਕਦੇ ਆ ਧੜਕਦਾ ਹੈ, ਕਦੇ ਪੰਖ ਫੜਫੜਾਉਂਦਾ, ਸਹਿਕਦਾ, ਮੁੜ ਮਰ ਜਾਂਦਾ ਹੈ।
21 ਸੈਕਟਰ ਦੀ 345 ਨੰਬਰ ਕੋਠੀ ਨੇ ਮੈਂਨੂੰ ਪਿਛਲੇ ਅਵਤਾਰ ਵੇਲੇ ਸੱਦਿਆ ਸੀ, ਅਵਤਾਰ ਸਿੰਘ ਮਲਹੋਤਰਾ ਦੇ ਜ਼ਮਾਨੇ ਵਿੱਚ। ਬੱਸ ਅੱਡੇ ਦੇ ਸਾਹਮਣੇ ‘ਖਾਨਦਾਨੀ ਵੈਦ’ ਹਰਭਜਨ ਸਿੰਘ ਯੋਗੀ ਦੇ ‘ਖਾਨਦਾਨੀ’ ਦਵਾਖਾਨੇ ਦੇ ਬੋਰਡ ਦੇ ਵੀ ਦਰਸ਼ਨ ਹੋਏ। ਪਾਰਟੀ ਦਾ ਕੋਈ ‘ਸਕੂਲ’ ਸੀ। ਸਕੂਲ ਦੌਰਾਨ ਬੜੇ ਮਾਸਟਰਾਂ ਨੇ ਭਾਸ਼ਣ ਦਿੱਤੇ।ਮੇਰੇ ਮਹਿਬੂਬ ਕਵੀ ਮਦਨ ਲਾਲ ਦੀਦੀ, ਸ਼ੀਲਾ ਦੇ ਸੁ-ਪਤੀ ਤੇ ਪੂਨਮ ਦੇ ਸੁ-ਬਾਪ ਵੀ ਉਨ੍ਹਾਂ ਵਿੱਚ ਸ਼ਾਮਲ ਸਨ। ਉਸ ਸਕੂਲ ਵਿੱਚ ਸ਼ਾਇਦ ਪੂਨਮ ਤੇ ਉਸ ਦੀ ਭੈਣ ਵੀ ਸ਼ਾਮਲ ਸਨ।


ਸੈਕਟਰ ਇੱਕੀ-ਬਾਈ-ਸਤਾਰਾਂ-ਅਠਾਰਾਂ ਵਾਲੇ ਚੌਕ ‘ਤੇ ਇੱਕ ਢਲਾਣ ਜਿਹੀ ਉੱਤਰ ਕੇ ਅਸੀਂ ਆਇਆ ਕਰਦੇ ਸਾਂ।ਉੱਥੇ ਇੱਕ ਖੁੱਲ੍ਹੇ ਮੈਦਾਨ ਵਿਚ ਸਰਕਸ ਲੱਗੀ ਹੋਈ ਸੀ।ਇੱਕ ਦਿਨ ਸਰਕਸ ਦੇਖਣ ਨੂੰ ਦਿਲ਼ ਕਰ ਆਇਆ।ਮੈਂ ਟਿਕਟ ਲੈਣ ਲਈ ਕਤਾਰ ਵਿੱਚ ਖੜ੍ਹਾ ਸਾਂ ਕਿ ਕਿਸੇ ਬੰਦੇ ਨੇ ਮੇਰੇ ਮੋਢੇ ‘ਤੇ ਹੱਥ ਮਾਰ ਕੇ ਕਿਹਾ: ‘ਗੁਰਮੇਲ ਤੂੰ ਕਿਵੇਂ?’ ਬਹਿਮਣ ਦੀਵਾਨਾ ਪਿੰਡ ਦਾ ਝੋਟੇ-ਸਿਰਾ ਬਲਦੇਵ ਸੀ ਉਹ।ਮੈਂਨੂੰ ਕਹਿੰਦਾ : ‘ਆ ਤੈਨੂੰ ਸਰਕਸ ਦਿਖਾਵਾਂ। ਮੈਂ ਇਸ ਦਾ ਮੈਨੇਜਰ ਹਾਂ!’ ਜਿੰਨੇ ਦਿਨ ਮੈਂ ਚੰਡੀਗੜ੍ਹ ਰਿਹਾ, ਰੋਜ਼ ਰਾਤੀਂ ਆਪਣੇ ਨਾਲ ਦੋ-ਚਹੁੰ ‘ਕਾਮਰੇਡਾਂ’ ਨੂੰ ਲੈ ਕੇ ਮੁਫਤ ਵਿਚ ਸਰਕਸ ਦੇਖਦਾ ਰਿਹਾ।ਸ਼ਹਿਰ ਨਾਲ ਐਸੀ ਚੁੰਬਕੀ ਸਾਂਝ ਪਈ ਕਿ ਇੱਥੋਂ ਅੱਜ ਤੱਕ ਕਦੇ ਜਾਣ ਦੀ ਇੱਛਾ ਜਾਗਰਿਤ ਨਹੀਂ ਹੋਈ।ਇੱਕ ਤਖਾਣੀ ਨਾਲ ਪਿਆਰ ਪਾ ਬੈਠਾ, ਵਿਆਹ ਕਰਵਾ ਲਿਆ, ਨਿਭੀ ਨਹੀਂ, ਉਹ ਮੈਂਨੂੰ ਛੱਡ ਕੇ ਚਲੀ ਗਈ, ਨਾਲੇ ਦੋ ਜੁਆਕ ਵੀ ਲੈ ਗਈ। ਚੰਡੀਗੜ੍ਹ ਮਾਰ ਗਈ ਮੇਰਾ।


ਜਦੋਂ ਤੱਕ ਉਸ ਤਖਾਣੀ ਤੇ ਸਾਂਝੇ ਬੱਚਿਆਂ ਨਾਲ ਪਿਆਰ ਸੀ, ਮੇਰੀ ਕਿਸੇ ਹੋਰ ਸ਼ਹਿਰ ਵਿੱਚ ਬਦਲੀ ਹੋਣ ‘ਤੇ ਮੈਂ ਚੀਕਣ-ਕੁਰਲਾਉਣ ਲੱਗ ਪੈਂਦਾ ਸਾਂ।ਕੁਰਲਾਉਂਦੇ ਬੱਚੇ ਦੀ ਸੁਣਵਾਈ ਹੁੰਦੀ ਰਹਿੰਦੀ ਸੀ। ਚੰਡੀਗੜ੍ਹ ਜਿਉਂਦਾ ਹੋ ਜਾਂਦਾ ਸੀ।


ਦਿੱਲੀ ਮੰਤਰਾਲੇ ਵਿਚ ਇਕ ਸੈਕਸ਼ਨ ਆਫੀਸਰ ਹੈ, ਜਿਸ ਦੀ ਸੀਟ ਦਾ ਸੰਬੰਧ ਮੇਰੀ ਸਰਵਿਸ ਦੇ ਅਫਸਰਾਂ ਦੀਆਂ ਬਦਲੀਆਂ/ਤਰੱਕੀਆਂ ਆਦਿ ਨਾਲ ਹੈ। ਮੇਰੀ ਆਖਰੀ ਤਰੱਕੀ ਵੇਲੇ ਜਦੋਂ ਜਲੰਧਰ ਵਿੱਚ ਕੋਈ ਆਸਾਮੀ ਨਾ ਮਿਲੀ ਤਾਂ ਉਸ ਨੇ ਮੇਰੀ ਚੰਡੀਗੜ੍ਹ ਦੀ ਬਦਲੀ ਕਰ ਦਿੱਤੀ। ਮੌਲਾ ਉਸ ਦੀਆਂ ਸੱਤ ਪੁਸ਼ਤਾਂ ਨੂੰ ਰਹਿਮਤ ਬਖਸ਼ੇ! ਉਹ ਸਮਝਦਾ ਸੀ ਕਿ ਮੇਰਾ ਸ਼ਾਇਦ ਚੰਡੀਗੜ੍ਹ ਵਿੱਚ ਅਜੇ ਵੀ ਕੋਈ ਇਨਟ੍ਰਸਟ ਸੀ।


ਚੰਡੀਗੜ੍ਹ ਦੀ ਅੱਧੀ ਮੌਤ ਉਦੋਂ ਹੋਈ ਜਦੋਂ ਆਵਾ ਨੇ ਮੇਰੇ ਨਾਲੋਂ ਨਾਤਾ ਤੋੜ ਲਿਆ। ਇਸ ਦੀ ਮੌਤ ਉਦੋਂ ਪੌਣੀ ਹੋ ਗਈ ਜਦੋਂ ਦਲਬੀਰ ਚੱਲ ਵਸਿਆ। ਇਸ ਦੀ ਮੌਤ ਉਦੋਂ ਮੁਕੰਮਲ ਹੋ ਗਈ ਜਦੋਂ ਮੇਰਾ ਯਾਰ ਬਖ਼ਸ਼ਿੰਦਰ ਇੱਥੋਂ ਰਿਟਾਇਰ ਹੋ ਕੇ ਜਲੰਧਰ ਜਾ ਪਹੁੰਚਿਆ। ਧਾਰ ਮਾਰਨੀ ਹੈ ਐਹੋ ਜਿਹੇ ਚੰਡੀਗੜ੍ਹ ‘ਤੇ ਜਿੱਥੇ ਕੋਈ ਯਾਰ ਨਹੀਂ ਵਸਦਾ?


ਗੁਰਮੇਲ ਸਰਾ

No comments:

Post a Comment