ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, July 22, 2012

ਸੱਤਿਆਮੇਵ ਜਯਤੇ

'ਸੱਚ ਦੀ ਹਮੇਸ਼ਾ ਜਿੱਤ' ਦੇ ਵਾਕ ਨੂੰ ਪੂਰੇ ਵਿਸ਼ਵ ਅੰਦਰ ਇੱਕ ਸਰਵ ਪ੍ਰਮਾਨਿਤ ਸਚਾਈ ਵਜੋਂ ਵਰਤਿਆ ਜਾਂਦਾ ਹੈ। ਸਾਡੇ ਦੇਸ਼ ਅੰਦਰ ਇਹ 'ਸੱਤਿਆਮੇਵ ਜਯਤੇ' ਦੇ ਰੂਪ 'ਚ ਰਾਸ਼ਟਰੀ ਨਾਅਰੇ ਵਜੋਂ ਸਥਾਪਿਤ ਹੈ। ਇਹ ਨਾਅਰਾ ਪੂਰੀ ਤਰ੍ਹਾਂ ਠੀਕ ਨਹੀਂ। ਆਮ ਤੌਰ 'ਤੇ ਇਸਦੇ ਅਰਥ ਇਸਨੂੰ ਵਰਤਣ ਵਾਲੇ ਦੀ ਸਮਝ ਮੁਤਾਬਿਕ ਹੁੰਦੇ ਹਨ। ਇੱਕ ਵਿਚਾਰਵਾਦੀ ਦਾ ਸੱਚ ਅਧਿਆਤਮਕ, ਰੂੜੀਵਾਦੀ ਤੇ ਅੰਧਵਿਸ਼ਵਾਸੀ ਕਿਸਮ ਦਾ ਹੁੰਦਾ ਹੈ ਇਸਦੇ ਉਲਟ ਪਦਾਰਥਵਾਦੀ ਦਾ ਸੱਚ ਵਿਗਿਆਨ, ਅਗਾਂਹਵਧੂ, ਅਲੋਚਨਾਤਮਕ ਤੇ ਤਰਕਵਾਦੀ ਕਿਸਮ ਦਾ ਹੁੰਦਾ ਹੈ।

ਹੁਣ ਲੁੱਟ ਦੇ ਸਰਮਾਏਦਾਰਨਾ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲਾ ਅਮਿਰ ਖਾਨ 'ਸੱਤਿਆਮੇਵ ਜਯਤੇ' ਰਾਹੀਂ ਵੱਖ-ਵੱਖ ਸਮਾਜਿਕ ਘਟਨਾਵਾਂ ਨੂੰ ਲੈ ਕੇ ਸੱਚ ਦੀ ਜਿੱਤ ਸਾਬਤ ਕਰ ਰਿਹਾ ਹੈ। ਆਪਣੇ ਪਹਿਲੇ ਐਪੀਸੋਡ 'ਚ ਮਾਦਾ ਭਰੂਣ ਹੱਤਿਆ ਬਾਰੇ ਉਸਦਾ ਕਹਿਣਾ ਹੈ ਕਿ ਮੈਂ ਲੋਕਾਂ 'ਚ ਜਾ ਕੇ ਜੋ ਖੋਜ ਕਾਰਜ ਕੀਤਾ, ਉਸ ਮੁਤਾਬਿਕ ਮੇਰਾ ਵਿਸ਼ਲੇਸ਼ਣ ਕਹਿੰਦਾ ਹੈ ਕਿ ਸਮਾਜ ਅੰਦਰ ਔਰਤ ਦੀ ਮਾੜੀ ਹਾਲਤ ਦਾ ਜਿੰਮੇਵਾਰ ਕਾਰਨ ਮਰਦ ਹੈ। ਔਰਤ ਨੂੰ ਲਤਾੜਣ ਵਾਲੇ ਰਸਮ ਰਿਵਾਜ ਵੀ ਮਰਦ ਦੇ ਬਣਾਏ ਹੋਏ ਹਨ। ਇਹਦੇ ਹੱਲ ਵਜੋਂ ਖਾਨ ਸਾਹਿਬ ਇੱਕ ਲੰਮਾ ਚੌੜਾ ਆਦਰਸ਼ਕ ਭਾਸ਼ਣ ਦਿੰਦੇ ਹਨ ਜਿਹਦੇ 'ਚ ਉਹ ਕੁੜੀਆਂ ਨੂੰ ਪਿਆਰ ਕਰਨ, ਖੁਸ਼ੀ ਨਾਲ ਰਹਿਣ, ਸਿਆਣੇ ਬਣਨ, ਪ੍ਰਮਾਤਮਾ ਦੀ ਦਿੱਤੀ ਦਾਤ ਨੂੰ ਮਾਰਕੇ ਪਾਪ ਨਾ ਕਰਨ ਦੀਆਂ ਅਨੇਕਾਂ ਗੈਰ ਹਕੀਕੀ (ਕਰੋੜਾਂ ਕਿਰਤੀਆਂ ਲਈ) ਮੱਤਾਂ ਦਿੰਦੇ ਹਨ। ਵਾਹ ਕਿਆ ਵਿਸ਼ਲੇਸ਼ਣ ਹੈ!


ਖਾਨ ਸਾਹਿਬ ਜਿਨ੍ਹਾਂ ਕਿਰਤੀ ਪਰਿਵਾਰਾਂ 'ਚ ਔਰਤ ਨੂੰ ਮਰਦਾਂ ਸਮੇਤ ਭੁੱਖੇ ਸੌਣ, ਉਜਰਤ ਵੇਚਣ ਤੇ ਖੁਦਕਸ਼ੀਆਂ ਕਰਨੀਆਂ ਪੈਂਦੀਆਂ ਹਨ ਤਦ ਉਨ੍ਹਾਂ ਉੱਪਰ ਕਿਹੜਾ ਦਾਬਾ ਹੋਇਆ? ਸਾਡੇ ਦੇਸ਼ ਅੰਦਰ ਔਰਤ ਦੀ ਲੁੱਟ ਤੇ ਜਬਰ ਦੇ ਰਾਜ ਪ੍ਰਬੰਧ, ਧਾਰਮਿਕ ਅੰਧਵਿਸ਼ਵਾਸੀ, ਸਮਾਜਿਕ ਪਛੜਿਆਪਣ ਤੇ ਮਰਦ ਪ੍ਰਧਾਨਤਾ, ਚਾਰ ਕਾਰਨ ਹਨ। ਮਰਦ ਪ੍ਰਧਾਨਤਾ ਇਨ੍ਹਾਂ ਚਾਰਾਂ ਵਿਚੋਂ ਇੱਕ ਹੈ। ਮੁੱਖ ਕਾਰਨ ਲੁਟੇਰਾ ਭਾਰਤੀ ਰਾਜ ਪ੍ਰਬੰਧ ਹੈ ਜੋ ਔਰਤ ਸਮੇਤ ਮਰਦ ਉੱਪਰ ਲੁੱਟ ਜਬਰ ਦਾ ਮੂਲ ਹੈ। ਧਾਰਮਿਕ ਅੰਧਵਿਸ਼ਵਾਸੀ, ਮਰਦ ਪ੍ਰਧਾਨਤਾ ਤੇ ਸਮਾਜਿਕ ਪਛੜਿਆਪਣ ਇਸ ਵਿਚਲੇ ਨੁਕਸਾਂ ਦੀ ਹੀ ਦੇਣ ਹੈ। ਅਜਿਹੇ ਵਿਸ਼ਲੇਸ਼ਣ ਅਸਲ ਦੁਸ਼ਮਣ ਟਿੱਕਣ ਤੇ ਸਹੀ ਲੋਕ ਘੋਲਾਂ ਦੇ ਜੜੀਂ ਤੇਲ ਦਿੰਦੇ ਹਨ।


ਲੋਕਾਂ 'ਚ ਜਾ ਕੇ ਵਿਸ਼ਲੇਸ਼ਣ ਕਰਨ ਦਾ ਢੌਂਗ ਰਚਣ ਵਾਲੀਆਂ ਇਨ੍ਹਾਂ ਫ਼ਿਲਮ ਹਸਤੀਆਂ ਦਾ ਲੋਕਾਂ ਦੀ ਅਮਲੀ ਜ਼ਿੰਦਗੀ ਨਾਲ ਕੋਈ ਨੇੜਲਾ ਵਾਹ ਵਾਸਤਾ ਨਹੀਂ ਹੁੰਦਾ। ਅਮੀਰੀ ਤੇ ਅਯਾਸ਼ੀ 'ਚ ਡੁੱਬੇ ਰਹਿੰਦੇ ਫ਼ਿਲਮ ਨਗਰੀ ਦੇ ਇਹ ਮਹਾਂਰਥੀ ਪੈਸਾ ਕਮਾਉਣ ਦੇ ਹਰ ਜਾਇਜ਼ ਨਜਾਇਜ਼ ਮੌਕਿਆਂ ਦਾ ਫਾਇਦਾ ਉਠਾਉਂਦੇ ਹਨ। ਪੈਸਾ ਲੋਕਾਂ ਦੀਆਂ ਜੇਬਾਂ 'ਚੋਂ ਆਉਂਦਾ ਹੈ। ਇਹਦੇ ਲਈ ਇਹ ਫ਼ਿਲਮਾਂ, ਨਾਟਕਾਂ ਤੇ ਕੁਝ ਕੁ ਸਮਾਜ ਸੁਧਾਰਕ ਕੰਮਾਂ 'ਚ ਹਿੱਸਾ ਲੈ ਕੇ, ਰਸਮੀ ਤੌਰ 'ਤੇ ਇੱਕਾ ਦੁੱਕਾ ਬਿਆਨ ਲੋਕਾਂ ਦੇ ਹੱਕ 'ਚ ਦੇ ਕੇ ਸਮਾਜ ਸੇਵੀ ਬਣਨ ਦਾ ਪਖੰਡ ਰਚਦੇ ਹਨ। ਆਪਣੀ 'ਪੁੰਨ ਦੀ ਕਮਾਈ' 'ਚੋਂ 'ਦਸਵੰਧ' ਕੱਢਕੇ ਸਮਾਜ ਸੇਵੀ ਸੰਸਥਾਵਾਂ ਨੂੰ ਦਾਨ ਦੇਣ ਤੇ ਬੱਚੇ ਗੋਦ ਲੈਣ ਦੇ ਅਨੇਕਾਂ 'ਸ਼ੁਭ ਕਾਰਜ' ਕਰਦੇ ਹਨ। ਇਨ੍ਹਾਂ ਦੇ ਪ੍ਰਚਾਰ ਲਈ ਵੱਡੀਆਂ-ਵੱਡੀਆਂ ਪਾਰਟੀਆਂ ਅਰਗੇਨਾਇਜ਼ ਕੀਤੀਆਂ ਜਾਂਦੀਆਂ ਹਨ। ਜਿੱਥੇ ਵਿਕਾਊ ਮੀਡੀਆ ਪੂਰੇ ਦੇਸ਼ ਦੇ ਲੋਕਾਂ ਨੂੰ ਚੰਦ ਕੁ ਹਸਤੀਆਂ ਦੀ ਖੁਸ਼ੀ 'ਚ ਝੂਮਣ ਲਾ ਦਿੰਦਾ ਹੈ। ਲੋਕਾਂ ਦਾ ਇਨ੍ਹਾਂ 'ਸਵਰਗੀ ਹਸਤੀਆਂ' 'ਚ ਵਿਸ਼ਵਾਸ ਬਣਿਆ ਰਹੇ ਇਸ ਲਈ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਇਨ੍ਹਾਂ ਹਸਤੀਆਂ ਦੀਆਂ ਲੋੜਾਂ ਤੇ ਖੁਸ਼ੀਆਂ ਦਾ ਪੂਰਾ-ਪੂਰਾ ਖਿਆਲ ਰੱਖਦੇ ਹਨ। ਆਖਰ ਲੋਕਾਂ ਨੂੰ ਮਾਨਸਿਕ ਤੌਰ 'ਤੇ ਨਿੱਸਲ ਕਰਨ ਵਾਲੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਸਾਧਨ ਜੋ ਹੋਏ। ਅੰਬਾਨੀ ਦੇ ਚੈਨਲ ਤੋਂ 'ਸੱਤਿਆਮੇਵ ਜਯਤੇ' ਰਾਹੀਂ ਖਾਨ ਸਾਹਿਬ ਏਹੀ ਕਰ ਰਹੇ ਹਨ। ਕਈ ਹਸਤੀਆਂ ਨੇ ਇਸਨੂੰ ਪਾਪੂਲਰ ਕਰਨ ਲਈ ਆਪਣੇ 'ਕੀਮਤੀ' ਬਿਆਨ ਵੀ ਦਿੱਤੇ ਹਨ ਉਨ•ਾ ਨੂੰ ਲਗਦਾ ਹੈ ਕਿ ਇਹ ਸ਼ੋਅ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦੇਵੇਗਾ।
 
ਪੂੰਜੀਵਾਦੀ ਪ੍ਰਬੰਧ ਦੇ ਆਰਥਿਕ ਸੰਕਟ ਵਜੋਂ ਭਾਰਤੀ ਸਿਨੇਮਾ ਸਨਅਤ ਵੀ ਸੰਕਟ ਦੀ ਮਾਰ ਹੇਠ ਚੱਲ ਰਹੀ ਹੈ। ਅਮਿਰ ਖਾਨ ਨੇ ਨਿਮਨ ਤੇ ਨਿਮਨ ਮੱਧ ਵਰਗ ਦੀ ਮਾਨਸਿਕਤਾ ਨੂੰ ਬੁਝਦਿਆਂ 'ਥ੍ਰੀ ਇਡੀਅਟ, 'ਪੀਪਲੀ ਲਾਈਵ' ਵਰਗੀਆਂ ਕੁਝ ਚੰਗੀਆਂ ਫ਼ਿਲਮਾਂ ਦਿੱਤੀਆਂ ਪਰ ਦੂਜੇ ਪਾਸੇ ਦਾਅ ਲਗਦੇ ਹੀ ਡੇਹਲੀ-ਬੇਹਲੀ ਵਰਗੀਆਂ ਬੇਹੱਦ ਘਟੀਆ ਦਰਜੇ ਦੀਆਂ ਫ਼ਿਲਮਾਂ ਵੀ ਬਣਾਈਆਂ। ਜੋ ਕੁਝ ਕੁ ਚੰਗੀਆਂ ਫ਼ਿਲਮਾਂ ਬਣਾਈਆਂ ਉਹ ਆਪਣੇ ਮੁਨਾਫੇ ਦੇ ਬਾਜਾਰ ਨੂੰ ਗਰਮ ਰੱਖਣ ਲਈ ਹਰ ਪੱਧਰ ਦੇ ਟੇਸਟ ਵਾਲੇ ਦਰਸ਼ਕਾਂ ਨੂੰ ਮਲਟੀਪਲੈਕਸਾਂ, ਸਿਨੇਮਾ ਘਰਾਂ, ਸੀ.ਡੀਜ਼, ਇੰਟਰਨੈੱਟ ਆਦਿ ਨਾਲ ਜੋੜਕੇ ਪੈਸੇ ਬਟੋਰਨ ਲਈ ਹੀ ਬਣਾਈਆਂ ਹਨ। ਬਦਲਵੇ ਲੋਕਪੱਖੀ ਸੱਭਿਆਚਾਰ ਦਾ ਵੱਡਾ ਥੜਾ ਨਾ ਹੋਣ ਕਾਰਨ ਸਾਨੂੰ ਇਨ੍ਹਾਂ ਆਮ ਨਾਲੋਂ ਚੰਗੀਆਂ ਫ਼ਿਲਮਾਂ ਦਾ ਅਕਸਰ ਸਹਾਰਾ ਲੈਣਾ ਪੈਂਦਾ ਹੈ।


ਦੇਸ਼ ਤੇ ਵਿਸ਼ਵ ਪੱਧਰ ਤੇ ਲੋਕਾਂ ਦੀ ਔਖ ਦੀਆਂ ਘਟਨਾਵਾਂ ਨੂੰ ਦੇਖਦਿਆਂ ਅਮਿਰ ਖਾਨ ਵਰਗੇ ਸਰਮਾਏਦਾਰੀ ਦੇ 'ਸਪੀਕਰ' ਆਪਣੇ ਅੰਤਰਮੁਖੀ ਝੂਠੇ ਵਿਸ਼ਲੇਸ਼ਣ ਪੇਸ਼ ਕਰਦੇ ਹਨ। ਉਹ ਮਰ ਰਹੀ ਸਰਮਾਏਦਾਰੀ ਦੇ ਮੂੰਹ ਵਿਚ ਪਾਣੀ ਪਾਕੇ ਜਿੰਦਾ ਰੱਖਣ ਦੇ ਓਹੜ-ਪੋਹੜ ਕਰਨ 'ਚ ਜੁਟੇ ਹੋਏ ਹਨ। ਸਮਾਜਿਕ ਤਬਦੀਲੀ ਦੇ ਅਜਿਹੇ ਸੁਧਾਰਵਾਦੀ ਬਦਲ ਚਾਲ, ਨਾ-ਸਮਝੀ ਤੇ ਕੰਮਜੋਰੀ 'ਚੋਂ ਨਿਕਲੇ ਹੁੰਦੇ ਹਨ।


ਅਸੀਂ ਦੇਖਦੇ ਹਾਂ ਕਿ ਸਮਾਜ ਅੰਦਰ ਦੋ ਜਮਾਤਾਂ ਦਾ ਆਪਸੀ ਭੇੜ ਹੈ। ਲੁੱਟੀ ਜਾਂ ਰਹੀ ਜਮਾਤ ਸਹੀ ਸਮਝ ਤੇ ਤਾਕਤ ਨਾਲ ਲੁੱਟਣ ਵਾਲੀ ਜਮਾਤ ਨੂੰ ਉਲਟਾਅ ਧਰਦੀ ਹੈ। ਇਹ ਬੇਹੱਦ ਕਸ਼ਟਦਾਇਕ ਤੇ ਹਕੀਕੀ ਰਾਹ ਹੈ। ਇਹ ਇਨਕਲਾਬ ਦਾ ਰਾਹ ਹੈ। ਕਈ ਵਾਰ ਇਸ ਰਾਹ ਨੂੰ ਦੇਖ ਹੋਏ ਚੰਗੇ ਭਲਿਆਂ ਦੇ ਮੂੰਹੋਂ ''ਇਨਕਲਾਬ ਜਿੰਦਾਬਾਦ'' ਦੀ ਰੋਹਲੀ ਗਰਜ ਦੀ ਥਾਂ ਸੁਧਾਰਵਾਦੀ 'ਸੱਤਿਆਮੇਵ ਜਯਤੇ' ਦੀ ਚੀਕ ਨਿਕਲ ਜਾਂਦੀ ਹੈ। 


ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ।

1 comment:

  1. ਕੀਤਾ ਹੋਇਆ ਵਿਸ਼ਲੇਸ਼ਨ ਇੰਝ ਨਾ ਪੇਸ਼ ਕੀਤਾ ਜਾਵੇ ਕਿ ਆਖ਼ਰੀ ਸੱਚ ਹੈ।ਸਮਾਜਵਾਦ ਜਿੰਨਾ ਮਰਜ਼ੀ ਚੰਗਾ ਹੋਵੇ ਪਰ ਇੱਕ ਗੱਲ ਦਿੱਲੋਂ ਕਹਿੰਦਾ ਹਾਂ ਕਿ ਆਪਣੀ ਗੱਲ ਨੂੰ ਹੀ ਆਖਰੀ ਕਹਿਣਾ ਅਤੇ ਇਸ ਨੂੰ ਹਮੇਸ਼ਾ ਪੁੰਜੀਵਾਦੀ ਤੂਤਣੀ ਦਾ ਹਊਆ ਖੜ੍ਹਾ ਕਰਕੇ ਥੋਪਣਾ ਕੁਝ ਸੱਜਣਾ ਦੀ ਬਿਮਾਰੀ ਬਣ ਗਈ ਹੈ।ਇੱਥੇ ਕਈ ਵਾਰ ਐਕਟਰਾਂ ਲਈ ਅਜਿਹੀ ਹਾਲਤ ਬਣ ਜਾਂਦੀ ਹੈ ਕਿ ਕੁਝ ਕਿਹਾ ਤਾਂ ਨ੍ਹੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ।ਠੀਕ ਹੈ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਜਿਹੋ ਜਿਹਾ ਕੰਮ ਕਰਦੀਆਂ ਹਨ ਉਸ ਅੰਦਰ ਲੁਕੇ ਹੋਏ ਕੁਝ ਭੇਦ ਹਨ ਪਰ ਜਨ ਸਰੋਕਾਰ ਲਈ ਕੀਤੀ ਅਜਿਹੀ ਕੌਸ਼ਿਸ਼ ਨੂੰ ਪੂਰਾ ਹੀ ਨਿੰਦ ਦੇਣਾ ਤਾਂ ਜਾਇਜ਼ ਨਹੀਂ ਹੈ।ਠੀਕ ਹੈ ਪੂੰਜੀਵਾਦੀ ਜੜ੍ਹਾ ਲੋਟੂ ਹੁੰਦੀਆਂ ਹਨ ਪਰ ਕੁਝ ਅਹਿਸਾਸ ਜਾਂ ਸਰੋਕਾਰ ਉਹਨਾਂ ਅੰਦਰ ਨਾ ਹੋਣ ਇਹ ਪੱਚਦੀ ਗੱਲ ਨਹੀਂ ਹੈ।
    ਕੀ ਇਹ ਸਾਰੀਆਂ ਸਮੱਸਿਆਵਾਂ ਨਹੀਂ ਹਨ?
    ਜੇ ਆਮਿਰ ਖ਼ਾਨ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤਾਂ ਫਿਰ ਕੋਈ ਕਰੋ ਤਿਆਰ ਜੋ ਅਜਿਹੀ ਗੱਲਾਂ ਨੂੰ ਘਰ ਘਰ ਪਹੁੰਚਾਵੇ।ਜੇ ਕਹਿੰਦੇ ਓ ਕਿ ਇੰਝ ਕਰਨ ਨਾਲ ਕੁਝ ਨਹੀਂ ਬਦਲਣ ਵਾਲਾ ਫ਼ਿਰ ਤਾਂ ਗੱਲ ਹੀ ਮੁੱਕ ਗਈ ਕਿ ਸਾਰੇ ਚੁੱਪ ਕਰ ਜਾਓ।ਸਾਰੀ ਗੱਲਾਂ 'ਚ ਇਹ ਵੀ ਯਾਦ ਰੱਖਿਆ ਜਾਵੇ ਕਿ ਠੀਕ ਹੈ ਅਸੀ ਪੂੰਜੀਵਾਦ ਦੇ ਹੱਕ 'ਚ ਨਹੀਂ ਹਾਂ ਪਰ ਸਮਾਜਵਾਦੀਆਂ ਨੀ ਕੀ ਕਦੀ ਅਜਿਹਾ ਮੰਚ ਤਿਆਰ ਕੀਤਾ ਹੈ।ਮੁਸ਼ਕਲ ਨਾਲ ਇੱਕ ਸੀਰੀਅਲ ਆਇਆ ਹੈ ਜਿਹਨੂੰ ਵੇਖਕੇ ਲੋਕੀ ਥੋੜ੍ਹੀ ਬਹੁਤ ਗੱਲ ਕਰਦੇ ਹਨ ਜੇ ਇਹ ਵੀ ਮਨਜ਼ੂਰ ਨਹੀਂ ਤਾਂ ਲੋਕਾਂ ਨੂੰ ਵੇਖਣ ਦਿਓ ਦੀਆ ਔਰ ਬਾਤੀ ਹਮ,ਬੜੇ ਅੱਛੇ ਲੱਗਤੇ ਹੈਂ,ਪਵਿੱਤਰ ਰਿਸ਼ਤਾ....ਕਿਸੇ ਸਮੱਸਿਆ ਬਾਰੇ ਗੱਲ ਕਰਨ ਦਾ ਹੱਕ ਸਿਰਫ ਤੁਹਾਨੂੰ ਹੀ ਕਿਉਂ ਆਮਿਰ ਖ਼ਾਨ ਨੂੰ ਕਿਉਂ ਨਹੀਂ...ਸਾਰੇ ਲੋਕੀ ਤੁਹਾਡੇ ਜਿੰਨੇ ਬੁੱਧੀਮਾਨ ਤਾਂ ਨਹੀਂ,ਬਹੁਤ ਸਾਰੇ ਉਹ ਵੀ ਨੇ ਜਿਹਨਾਂ ਨੂੰ ਅਜਿਹੀਆਂ ਸਮੱਸਿਆਵਾਂ ਬਾਰੇ ਉੱਕਾ ਪਤਾ ਨਹੀਂ ਸੀ...ਅਵਾਮ ਨੂੰ ਜਾਗਰੂਕ ਕਰਨ ਲਈ ਮੰਚ ਨੂੰ ਪਹਿਲਾਂ ਲਾਲ ਲਬਾਧੇ ਪਹਿਣ ਕੇ ਬਹਿਣਾ ਪਏ ਇਹ ਜ਼ਰੂਰੀ ਨਹੀਂ।ਗਲਤ ਹੋਣ ਤੇ ਵਿਰੋਧ ਕਰਨ ਦਾ ਸਭ ਨੂੰ ਹੱਕ ਹੈ।
    ਬਾਲੀਵੁੱਡ ਇੰਡਸਟਰੀ ਹੈ ਸਮਾਜ ਸੇਵੀ ਸੰਸਥਾ ਨਹੀਂ।ਪੈਸਾ ਲਾਇਆ ਹੈ ਤਾਂ ਲਾਗਤ ਤਾਂ ਵਸੂਲ ਕਰਨੀ ਵੀ ਪਵੇਗੀ।ਦਿਲੀ ਬੇਲੀ ਬਾਏ ਨੈਤਿਕਤਾ ਦੀ ਗੱਲ ਕਾਹਨੂੰ ਕਰੀਏ।ਜਿਹਨਾਂ ਲਈ ਬਣਾਈ ਹੈ ਉਹ ਅਜਿਹੀ ਭਾਸ਼ਾ ਦੇ ਮਾਹੌਲ ਨੂੰ ਸਮਝਦੇ ਵੀ ਹਨ ਅਤੇ ਦੋਸਤਾਂ 'ਚ ਆਪਸ 'ਚ ਵਰਤਦੇ ਵੀ ਹਨ।ਹਰ ਚੀਜ਼ ਨੈਤਿਕਤਾ ਦੀ ਸੂਈ ਚੋਂ ਇੰਨੀ ਵੀ ਨਹੀਂ ਕੱਢਣੀ ਚਾਹੀਦੀ।ਦਿੱਲੀ ਬੇਲੀ 'ਚ ਕੁਝ ਵੀ ਗਲਤ ਨਹੀਂ।ਜੇ ਫ਼ਿਲਮ ਨਹੀਂ ਚੰਗੀ ਲੱਗੀ ਭਰਾ ਤਾਂ ਬਹੁਤ ਸਾਰੀਆਂ ਫ਼ਿਲਮਾਂ ਤੁਹਾਡੇ ਮਿਜਾਜ਼ ਦੀ ਵੀ ਬਣੀਆਂ ਹਨ ਜਾਓ ਦੇ ਦੇਖੋ।

    ReplyDelete