ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, March 6, 2013

ਮੇਰੇ ਹਿੱਸੇ ਦਾ ਸਾਹਿਰ ਲੁਧਿਆਣਵੀ

'ਪੰਜਾਬ ਦੀਆਂ ਬੌਧਿਕ ਸੱਭਿਆਚਾਰਕ ਹਸਤੀਆਂ ਨੂੰ ਪੰਜਾਬੀਆਂ ਨੇ ਜ਼ਿੰਦਗੀ ਦੇ ਜਸ਼ਨਾਂ 'ਚ ਬੇਹੱਦ ਘੱਟ ਸ਼ਾਮਲ ਕੀਤਾ ਹੈ। ਤਮਿਲ,ਕੇਰਲਾਈਟ ਤੇ ਬੰਗਾਲੀ ਇਸ ਪੱਖੋਂ ਕਾਫੀ ਅਮੀਰ ਹਨ। ਬਾਬਾ ਬੁੱਲ੍ਹੇ ਸ਼ਾਹ ਤੋਂ ਲੈ ਕੇ ਸਾਹਿਰ ਲੁਧਿਆਣਵੀ ਤੱਕ ਸਥਾਪਤੀ ਨੂੰ ਸਵਾਲ ਕਰਨ ਵਾਲੇ ਸੱਭਿਆਚਾਰਕ ਕਾਮੇ 'ਸਮਾਗਮੀ-ਮੰਚੀ ਸੱਭਿਆਚਰ'(ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ) ਸਿਆਸਤ ਦਾ ਸ਼ਿਕਾਰ ਜ਼ਰੂਰ ਹੋਏ ਪਰ ਪੰਜਾਬੀ ਸਮਾਜ ਦੀ ਰੂਹ 'ਚੋਂ ਗੈਰ-ਹਾਜ਼ਰ ਹੁੰਦੇ ਗਏ।ਲੋਕਾਈ ਨਾਲ ਹਮੇਸ਼ਾਂ ਲੋਕ ਭਾਸ਼ਾ 'ਚ ਹੀ ਸੰਵਾਦ ਸਥਾਪਤ ਕੀਤਾ ਜਾ ਸਕਦਾ ਹੈ। ਤਾਮਿਲਨਾਡੂ,ਕੇਰਲ ਤੇ ਬੰਗਾਲ ਦੇ ਨੌਜਵਾਨ ਨੂੰ ਦੇਸ-ਦੁਨੀਆਂ ਦੀਆਂ ਕਿਤਾਬਾਂ ਲੋਕ ਭਾਸ਼ਾ 'ਚ ਮਿਲਦੀਆਂ ਹਨ ਪਰ ਸਾਡਾ ਕਿਹਾ ਜਾਂਦਾ ਬੌਧਿਕ ਲਾਣਾ ਆਪਣਾ ਪਿਛੋਕੜ ਭੁੱਲ ਕੇ 'ਮੰਡੀ ਦੀ ਭਾਸ਼ਾ' ਅੰਗਰੇਜ਼ੀ 'ਚ ਲਿਖਣ/ਤਰਜ਼ਮੇ ਕਾਰਨ ਲੋਕ ਸੱਭਿਆਚਾਰ ਤੋਂ ਦੂਰ ਹੋ ਗਿਆ ਤੇ ਨਵੀਂ ਪੀੜ੍ਹੀ ਦੇ ਹਿੱਸੇ ਸੰਵਾਦ ਸਥਾਪਤ ਕਾਰਨ ਵਾਲੀਆਂ ਚੰਗੀਆਂ ਕਿਤਾਬਾਂ ਦੀ ਥਾਂ ਸਿਰਫ ਗਾਲ੍ਹਾਂ ਆਈਆਂ ਹਨ।ਪੰਜਾਬੀ ਸਮਾਜ ਕੋਲ ਊਂਗਲਾਂ 'ਤੇ ਗਿਣਨ ਜੋਗੀਆਂ ਚੰਗੀਆਂ ਵਾਰਤਕ ਕਿਤਾਬਾਂ ਨਹੀਂ ਹਨ,ਹਾਂ 'ਸਾਹਿਤਕ ਵਾਰਤਕ ਪ੍ਰਦੂਸ਼ਣ' ਤੇ ਖੱਬੀ-ਸੱਜੀ 'ਕੁੱਤੀ ਦੇ ਸੂਏ' ਵਰਗੀ ਕਵਿਤਾ ਦਾ ਹੜ੍ਹ ਜ਼ਰੂਰ ਆਇਆ ਹੋਇਆ,ਜਿਸ ਨਾਲ ਪੰਜਾਬ ਡੁੱਬ ਵੀ ਸਕਦਾ ਹੈ। ਅਜਿਹੀ ਤਰਥੱਲੀ ਦੇ ਮਾਹੌਲ 'ਚ ਦਿੱਲੀ ਰਹਿੰਦੇ ਪੰਜਾਬੀ ਦੇ 'ਸਾਹਿਤਕ-ਸੱਭਿਆਚਾਰਕ' ਪੱਤਰਕਾਰ ਦੀਪ ਜਗਦੀਪ ਸਿੰਘ ਨੇ ਸਾਹਿਰ ਲੁਧਿਆਣਵੀ ਬਾਰੇ ਅੰਗਰੇਜ਼ੀ 'ਚ ਅਨੂਪ ਸਿੰਘ ਸੰਧੂ ਦੀ ਕਿਤਾਬ Sahir Ludhianvi :‘Life and Love’ ਦਾ ਪੰਜਾਬੀ ਤਰਜ਼ਮਾ ਕਰਕੇ ਅਹਿਮ ਜਿੰਮੇਂਵਾਰੀ ਨਿਭਾਉਂਦਿਆਂ ਪੰਜਾਬੀ ਲੋਕ ਸੱਭਿਆਚਾਰ ਤੇ ਇਤਿਹਾਸ ਨੂੰ ਹੋਰ ਅਮੀਰ ਕੀਤਾ ਹੈ,ਜਿਸ ਨਾਲ ਪੰਜਾਬੀ ਆਪਣੀ ਲੋਕ ਭਾਸ਼ਾ ਜ਼ਰੀਏ ਸਾਹਿਰ ਦੀ ਜ਼ਿੰਦਗੀ,ਪਿਆਰ ਤੇ ਸਮਾਜ ਨਾਲ ਨਵਾਂ ਰਿਸ਼ਤਾ ਗੰਢਣਗੇ।ਮੈਂ ਆਪਣੇ ਵਲੋਂ ਦੋਸਤ ਦੀਪ ਜਗਦੀਪ ਨੂੰ ਚੰਗੇ ਕਾਰਜ ਲਈ ਵਧਾਈ ਦਿੰਦਾ ਹਾਂ।-ਯਾਦਵਿੰਦਰ ਕਰਫਿਊ

ਸਾਹਿਰ ਲੁਧਿਆਣਵੀ-ਜੀਵਨ ਅਤੇ ਇਸ਼ਕ। ਕਿਤਾਬ ਛਪ ਕੇ ਮੇਰੇ ਹੱਥਾਂ ਵਿਚ ਆ ਗਈ ਹੈ। ਇਸ ਕਿਤਾਬ ਦਾ ਅਨੁਵਾਦ ਸ਼ੁਰੂ ਕਰਨ ਤੋਂ ਵੀ ਚਿਰਾਂ ਪਹਿਲਾਂ ਮੇਰਾ ਸਾਹਿਰ ਨਾਲ ਇਕ ਅਜੀਬ ਜਿਹਾ ਅਹਿਸਾਸ ਜੁੜਿਆ ਹੋਇਆ ਸੀ। ਕੋਸ਼ਿਸ਼ ਕਰਦਾ ਹਾਂ ਕਿ ਜੇ ਉਹ ਅਹਿਸਾਸ ਮੈਂ ਲਫ਼ਜ਼ਾਂ ਵਿਚ ਬਿਆਨ ਹੋ ਸਕੇ। ਅਸਲ ਵਿਚ ਮੇਰੇ ਅੰਦਰ ਸਾਹਿਤ ਦੀ ਚਿਣਗ ਬਾਲਣ ਵਾਲਾ ਨਾਮ ਹੈ ਸਾਹਿਰ ਲੁਧਿਆਣਵੀ। ਬਾਲ ਉਮਰੇ ਮੈਂ ਬੱਸ ਸਾਹਿਰ ਲੁਧਿਆਣਵੀ ਦਾ ਨਾਮ ਸੁਣਿਆ ਸੀ। ਨਾ ਉਸ ਦੀ ਕੋਈ ਕਵਿਤਾ ਪੜ੍ਹੀ ਸੀ ਅਤੇ ਨਾ ਹੀ ਮੈਨੂੰ ਪਤਾ ਸੀ ਕਿ ਉਸ ਦਾ ਲਿਖਿਆ ਗੀਤ ਕਿਹੜਾ ਹੈ। ਪਰ ਉਸ ਦਾ ਨਾਮ ਮੈਨੂੰ ਹਮੇਸ਼ਾ ਫੰਤਾਸੀ ਦਾ ਅਹਿਸਾਸ ਕਰਵਾਉਂਦਾ ਸੀ। ਮੈਨੂੰ ਬੱਸ ਇਨ੍ਹਾਂ ਹੀ ਪਤਾ ਸੀ ਕਿ ਉਹ ਬੜਾ ਵੱਡਾ ਸ਼ਾਇਰ ਸੀ। ਉਸ ਨਾਲ ਜੁੜੇ ਕਈ ਕਿੱਸੇ ਸੁਣੇ ਸਨ। ਕਿਸੇ ਦੱਸਿਆ ਸੀ ਕਿ ਉਹ ਐਸਾ ਗੀਤਕਾਰ ਸੀ, ਜੋ ਸੰਗੀਤਕਾਰ ਤੋਂ ਵੀ ਵੱਧ ਪੈਸੇ ਲੈਂਦਾ ਸੀ। ਇਹ ਵੀ ਸੁਣਿਆ ਸੀ ਕਿ ਉਹ ਆਪਣੇ ਯਾਰਾਂ ਨਾਲ ਲੁਧਿਆਣੇ ਵਾਲੇ ਜਗਰਾਉਂ ਪੁਲ ਤੇ ਬੈਠਦਾ ਸੀ। ਇਹ ਉਹੀ ਉਮਰ ਸੀ ਜਦੋਂ ਬਾਲ-ਮਨ ਕੋਈ ਨਾ ਕੋਈ ਕਾਰਨਾਮਾ ਕਰ ਕੇ ਛੇਤੀ ਮਸ਼ਹੂਰ ਹੋ ਜਾਣਾ ਚਾਹੁੰਦਾ ਹੈ। ਮੇਰੀ ਮਨੋਸਥਿਤੀ ਵੀ ਇਹੋ ਜਿਹੀ ਹੀ ਸੀ।

ਸਕੂਲ ਦੇ ਦਿਨਾਂ ਵਿਚ ਮੈਂ ਬੈਡਮਿੰਟਨ ਖੇਡਣ ਲਈ ਗੁਰੂ ਨਾਨਕ ਸਟੇਡਿਅਮ ਪੈਦਲ ਜਾਂਦਾ ਹੁੰਦਾ ਸੀ। ਆਪਣੇ ਘਰ ਤੋਂ ਸਟੇਡਿਅਮ ਜਾਣ ਲਈ ਮੈਂ ਰੇਵਲੇ ਕਲੋਨੀ ਅਤੇ ਰੇਲਵੇ ਵਰਕਸ਼ਾਪ ਵਿਚਲਾ ਛੋਟਾ ਰਾਹ ਫੜ੍ਹਦਾ ਸੀ। ਇਹ ਰਾਹ ਅੱਗੇ ਜਾ ਕੇ ਸ਼ਾਮ ਨਗਰ ਦੇ ਪਿਛਲੇ ਪਾਸੇ ਜਗਰਾਉਂ ਪੁਲ ਦੇ ਹੇਠਾਂ ਨਿਕਲਦਾ ਸੀ, ਜਿੱਥੋਂ ਪੁਲ ਦੇ ਹੇਠੋਂ ਲੰਘ ਕੇ ਸਟੇਡਿਅਮ ਦੀ ਦੀਵਾਰ ਦੇ ਕੋਲ ਪੁੱਜ ਜਾਈਦਾ ਸੀ। ਜਦੋਂ ਵੀ ਇੱਥੋਂ ਲੰਘਦਾ ਮੈਨੂੰ ਇੰਝ ਮਹਿਸੂਸ ਹੁੰਦਾ ਕਿ ਸਾਹਿਰ ਪੁਲ ਦੇ ਉਤੇ ਕਿਤੇ ਖੜਾ ਹੈ। ਜਾ ਕੇ ਇਕ ਵਾਰ ਦੇਖ ਕੇ ਆਵਾਂ। ਇੰਝ ਇਹ ਖਿਆਲ ਕਈ ਸਾਲਾਂ ਤੱਕ ਮੇਰੇ ਜ਼ਹਿਨ ਵਿਚ ਤੈਰਦਾ ਰਿਹਾ ਸੀ। ਜਦੋਂ ਕੋਈ ਮਿੱਤਰ ਬਾਹਰਲੇ ਸ਼ਹਿਰੋਂ ਮਿਲਣ ਆਉਂਦਾ ਤਾਂ ਇਸ ਪੁਲ ਤੋਂ ਲੰਘਦੇ ਹੋਏ ਮੈਂ ਉਸ ਨੂੰ ਦੱਸਦਾ ਕਿ ਸਾਹਿਰ ਇਸੇ ਪੁਲ ਦੇ ਉੱਤੇ ਆਪਣੇ ਦੋਸਤਾਂ ਨਾਲ ਮਹਿਫ਼ਿਲ ਲਾਉਂਦਾ ਸੀ। ਸੁਣ ਕੇ ਪਤਾ ਨਹੀਂ ਕੀ ਮਹਿਸੂਸ ਕਰਦੇ ਹੋਣਗੇ, ਪਰ ਇਹ ਗੱਲ ਦੱਸ ਕੇ ਮੈਨੂੰ ਖ਼ੁਮਾਰ ਜਿਹਾ ਚੜ੍ਹ ਜਾਂਦਾ ਸੀ। ਉਸ ਦੇ ਨਾਮ ਵਾਂਗ ਆਪਣੇ ਨਾਮ ਦੇ ਪਿੱਛੇ ਲੁਧਿਆਣਵੀ ਲਿਖ ਕੇ ਵੇਖਦਾ ਹੁੰਦਾ ਸੀ।

ਉਨ੍ਹਾਂ ਦਿਨਾਂ ਵਿਚ ਮੈਂਨੂੰ ਕਾਮਿਕਸ ਪੜ੍ਹਨ ਦਾ ਬੜਾ ਸ਼ੌਂਕ ਸੀ। ਅੱਠ ਤੋਂ ਬਾਰਾਂ ਕੁ ਰੁਪਏ ਵਿਚ ਇਕ ਕਾਮਿਕਸ ਆ ਜਾਂਦੀ ਸੀ। ਮੈਂ ਜੇਬ ਖਰਚ ਲਈ ਮਿਲੇ ਪੈਸੇ ਜੋੜ ਕੇ ਰੱਖਦਾ ਤੇ ਜਦੋਂ ਇਕ ਕਾਮਿਕਸ ਖਰੀਦਣ ਜੋਗੇ ਪੈਸੇ ਹੋ ਜਾਂਦੇ ਜਾ ਕੇ ਲੈ ਆਂਦਾ। ਜਦੋਂ ਮੈਨੂੰ ਸਾਹਿਰ ਬਾਰੇ ਅਖਬਾਰਾਂ ਰਾਹੀਂ ਜਿਆਦਾ ਜਾਣਕਾਰੀ ਮਿਲੀ ਤਾਂ ਉਸ ਦੀ ਕਿਤਾਬ ਤਲਖ਼ੀਆਂ ਪੜ੍ਹਨ ਦੀ ਤਾਂਘ ਮਨ ਵਿਚ ਪੈਦਾ ਹੋਈ। ਚੌੜੇ ਬਾਜ਼ਾਰ ਵਿਚਕਾਰ ਲਾਇਲ ਬੁੱਕ ਡਿਪੋ ਤੇ ਜਾ ਕੇ ਮੈਂ ਉਹ ਕਿਤਾਬ ਲੱਭ ਲਈ, ਉਸ ਦੀ ਕੀਮਤ ਉਸ ਵੇਲੇ ਸ਼ਾਇਦ ਵੀਹ ਕੁ ਰੁਪਏ ਸੀ। ਕਾਫ਼ੀ ਦੇਰ ਉਸ ਕਿਤਾਬ ਨੂੰ ਉਲਟ-ਪਲਟ ਕੇ ਦੇਖਦਾ ਰਿਹਾ। ਬਹੁਤ ਤਾਂਘ ਹੁੰਦੇ ਹੋਏ ਵੀ ਪਤਾ ਨਹੀਂ ਕਿਉਂ ਮੈਂ ਕਿਤਾਬ ਬਿਨ੍ਹਾਂ ਖਰੀਦੇ ਘਰ ਮੁੜ ਆਇਆ। ਸ਼ਾਇਦ ਰੰਗੀਨ ਤਸਵੀਰਾਂ ਅਤੇ ਦਿਲਚਸਪ ਫੰਤਾਸੀ ਵਾਲੀਆਂ ਕਹਾਣੀਆਂ ਵਾਲੇ ਕਾਮਿਕਸ ਦੇ ਮੁਕਾਬਲੇ ਇਹ ਸਾਧਾਰਣ ਛਪਾਈ ਵਾਲੀ ਸਾਦੀ ਜਿਹੀ ਕਿਤਾਬ ਮੈਨੂੰ ਕੁਝ ਮਹਿੰਗੀ ਜਾਪੀ ਸੀ। ਫਿਰ ਵੀ ਸਾਹਿਰ ਨਾਲ ਮੇਰਾ ਜ਼ਹਿਨੀ ਮੋਹ ਘਟਿਆ ਨਹੀਂ ਸੀ। ਸਾਹਿਰ ਦੀ ਤਾਜ ਮਹੱਲ ਕਵਿਤਾ ਕਿਤੇ ਪੜ੍ਹੀ ਤਾਂ ਇਸ ਨੇ ਮੈਨੂੰ ਬੜਾ ਝੰਜੋੜਿਆ ਸੀ। ਪਤਾ ਨਹੀਂ ਕਦੋਂ ਮੈਂ ਤੁੱਕ-ਬੰਦੀ ਜਿਹੀ ਕਰਨ ਲੱਗ ਗਿਆ ਸੀ। ਫ਼ਿਲਮੀ ਗੀਤਾਂ ਵਿਚੋਂ ਚੰਗੀਆਂ ਲਗਦੀਆਂ ਸਤਰਾਂ ਨੂੰ ਨੋਟ ਕਰ ਲੈਣਾ। ਉਨ੍ਹਾਂ ਦੇ ਅੱਗੇ ਆਪਣੀ ਸਤਰਾਂ ਜੋੜ ਕੇ ਤੁਕਬੰਦੀ ਜਿਹੀ ਬਣਾ ਦੇਣੀ। ਦਸਵੀਂ ਵਿਚ ਪੜ੍ਹਦਿਆਂ ਅਜਿਹੀ ਤੁੱਕਬੰਦੀ ਨਾਲ ਮੇਰੀ ਇਕ ਕਾਪੀ ਭਰੀ ਹੋਈ ਸੀ, ਜੋ ਮੇਰੇ ਬਸਤੇ ਵਿਚ ਰਹਿੰਦੀ ਸੀ। ਇਕ ਵਾਰ ਇਹ ਕਾਪੀ ਮੇਰੀ ਅਧਿਆਪਕਾ ਨੇ ਦੇਖ ਲਈ ਸੀ ਅਤੇ ਮੈਨੂੰ ਭਰੀ ਕਲਾਸ ਵਿਚ ਇਸ ਵਿਚੋਂ ਕੁਝ ਪੜ੍ਹ ਕੇ ਸੁਣਾਉਣਾ ਪਿਆ ਸੀ।

ਉਦੋਂ ਮਿਲੀ ਤਾਰੀਫ਼ ਨੇ ਮੈਨੂੰ ਸ਼ਾਇਰੀ ਤੋਂ ਮਿਲਣ ਵਾਲੇ ਮਾਣ ਸਤਕਾਰ ਬਾਰੇ ਹੋਰ ਵੀ ਜਿਆਦਾ ਜਾਗਰੂਕ ਕਰ ਦਿੱਤਾ ਸੀ। ਇਸ ਤਰ੍ਹਾਂ ਕਦੇ ਮੈਂ ਤੁਕਬੰਦੀ ਜੋੜਨ ਲੱਗ ਜਾਂਦਾ, ਕਦੇ ਗੀਤ ਲਿਖਣ ਲੱਗ ਜਾਂਦਾ, ਕਦੇ ਫ਼ਿਲਮੀ ਸੰਵਾਦ ਤੇ ਕਦੇ ਨਾਟਕ, ਗੱਲ ਕੀ ਜੋ ਵੀ ਮੇਰੇ ਹੱਥ ਆਉਂਦਾ ਜਾਣ ਨਾ ਦਿੰਦਾ। ਉੇਦੋਂ ਇਕੋ-ਇਕ ਮਕਸਦ ਸ਼ੋਹਰਤ ਖੱਟਣਾ ਹੁੰਦਾ ਸੀ। ਜੇ ਮੈਂ ਕਹਾਂ ਕਿ ਸਾਹਿਤ ਨਾਲ ਜੋ ਅੱਜ ਮੇਰੀ ਸਾਂਝ ਹੈ ਤਾਂ ਬਾਲਪੁਣੇ ਵਿਚ ਸਾਹਿਰ ਦੇ ਫੰਤਾਸੀ ਭਰਪੂਰ ਇਸ ਮੋਹ ਦਾ ਹੀ ਨਤੀਜਾ ਹੈ ਤਾਂ ਅਤਿਕਥਨੀ ਨਹੀਂ ਹੋਵੇਗਾ। ਪੱਤਰਕਾਰੀ ਵਿਚ ਸਰਗਰਮ ਹੋਣ ਮਗਰੋਂ ਸਾਹਿਤਕਾਰਾਂ ਦੇ ਨੇੜੇ ਆਉਣ ਅਤੇ ਸਾਹਿਤਕ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਬਾਅਦ ਮੇਰੇ ਇਸ ਬੇ-ਮੁਹਾਰੇ ਸ਼ੌਂਕ ਨੂੰ ਦਿਸ਼ਾ ਮਿਲ ਗਈ। ਇਸ ਤੋਂ ਕਾਫ਼ੀ ਪਹਿਲਾਂ ਮੈਂ ਕਾਮਿਕਸ ਛੱਡ ਕੇ ਗੰਭੀਰ ਸਾਹਿਤ ਪੜ੍ਹਨ ਲੱਗ ਪਿਆ ਸੀ। ਮੇਰਾ ਇਕ ਦੋਸਤ ਜੋ ਕਾਫ਼ੀ ਸਾਲ ਮੁੰਬਈ ਫ਼ਿਲਮ ਨਗਰੀ ਦੇ ਨੇੜੇ ਰਹਿ ਕੇ ਆਇਆ ਸੀ ਨੇ ਜਦੋਂ ਮੈਨੂੰ ਸਾਹਿਰ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਤੇ ਆਧਾਰਿਤ ਕਿੱਸੇ ਸੁਣਾਏ ਤਾਂ ਸਾਹਿਰ ਪ੍ਰਤਿ ਮੇਰੇ ਅੰਤਰ-ਮਨ ਵਿਚ ਪਿਆ ਇਹ ਮੋਹ ਹੋਰ ਵੀ ਪੀਡਾ ਹੋ ਗਿਆ। ਉਸ ਬਾਰੇ ਹੋਰ ਜਿਆਦਾ ਜਾਣਨ ਦੀ ਤਾਂਘ ਹਮੇਸ਼ਾ ਮਨ ਵਿਚ ਰਹਿੰਦੀ। ਅਕਸਰ ਉਸ ਦੋਸਤ ਨੂੰ ਵੀ ਮੈਂ ਉਸਦੀ ਜਾਣਕਾਰੀ ਨੂੰ ਕਿਤਾਬ ਵਿਚ ਢਾਲਣ ਦੀ ਸਲਾਹ ਦਿੰਦਾ, ਪਰ ਉਹ ਪਤਾ ਨਹੀਂ ਕਿਉਂ ਉਹ ਅੱਜ ਤੱਕ ਅਜਿਹਾ ਨਹੀਂ ਕਰ ਸਕਿਆ।

ਜਦੋਂ ਸਤੀਸ਼ ਗੁਲਾਟੀ ਨੇ ਮੈਨੂੰ ਇਹ ਕਿਤਾਬ ਅਨੁਵਾਦ ਕਰਨ ਲਈ ਦਿੱਤੀ ਤਾਂ ਮੇਰੇ ਅੰਦਰ ਕਿਤੇ ਸੌਂ ਰਿਹਾ ਸਾਹਿਰ ਇਕ ਦਮ ਜਾਗ਼ ਉਠਿਆ ਤੇ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸ ਨੇ ਆਪ ਹੀ ਕਿਹਾ ਹੋਵੇ ਕਿ ਇਹ ਕੰਮ ਤਾਂ ਤੈਨੂੰ ਕਰਨਾ ਹੀ ਪਵੇਗਾ। ਮੇਰੇ ਮਨ ਨੇ ਵੀ ਜਵਾਬ ਦਿੱਤਾ ਕਿ ਮੈਂ ਕਦ ਇੰਨਕਾਰ ਕਰ ਰਿਹਾ ਹਾਂ। ਮੈਂ ਤਾਂ ਜਿਵੇਂ ਉਡੀਕ ਰਿਹਾ ਸਾਂ ਕਿ ਇਹ ਕੰਮ ਮੈਨੂੰ ਮਿਲੇ। ਇਸ ਕਰ ਕੇ ਇਹ ਕਿਤਾਬ ਅਤੇ ਇਸਦਾ ਅਨੁਵਾਦ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਨੂੰ ਪੰਜਾਬੀ ਵਿਚ ਲਿਖਦਿਆਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਮੈਂ ਸਾਹਿਰ ਦੇ ਕਮਰੇ ਵਿਚ ਬੈਠ ਕੇ ਉਸ ਦੀ ਕਿਸੇ ਐਲਬਮ ਵਿਚੋਂ ਉਸ ਦੀਆਂ ਤਸਵੀਰਾਂ ਵੇਖ ਰਿਹਾ ਹੋਵਾਂ ਅਤੇ ਨਾਲ ਸਾਹਿਰ ਉਨ੍ਹਾਂ ਤਸਵੀਰਾਂ ਨਾਲ ਜੁੜੇ ਕਿੱਸੇ ਹੁੱਬ ਕੇ ਸੁਣਾ ਰਿਹਾ ਹੋਵੇ। ਇਹ ਕਿਤਾਬ ਲਿਖਣ ਲਈ ਮੈਂ ਡਾਕਟਰ ਅਨੂਪ ਸਿੰਘ ਸੰਧੂ ਹੁਰਾਂ ਦਾ ਧੰਨਵਾਦੀ ਹਾਂ। ਸਤੀਸ਼ ਗੁਲਾਟੀ ਹੁਰਾਂ ਨੇ ਇਹ ਕਿਤਾਬ ਅੰਗਰੇਜ਼ੀ ਵਿਚ ਛਾਪ ਕੇ ਅਤੇ ਇਸ ਦਾ ਅਨੁਵਾਦ ਕਰਨ ਦਾ ਮੌਕਾ ਦੇ ਕੇ ਜੋ ਮਿਹਰਬਾਨੀ ਕੀਤੀ ਹੈ, ਉਸ ਦਾ ਵੀ ਮੈਂ ਸਦਾ ਰਿਣੀ ਰਹਾਂਗਾ।

ਦੀਪ ਜਗਦੀਪ ਸਿੰਘ 
ਨਵੀਂ ਦਿੱਲੀ
Mob:09818003625

No comments:

Post a Comment