ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, March 7, 2013

'ਸੈਕੇਂਡ ਸੈਕਸ' ਨੂੰ ਪ੍ਰਭਾਸ਼ਤ ਕਰਨ ਵਾਲੀ 'ਸੀਮੋਨ ਦ ਬਾਓਵਾਰ'

ਭਾਰਤੀ ਨਾਰੀਵਾਦੀ ਲੇਖਿਕਾ ਡਾ. ਪ੍ਰਭਾ ਖੇਤਾਨ ਦੀ ਫਰਾਂਸ ਦੀ ਮਸ਼ਹੂਰ ਨਾਰੀਵਾਦੀ 'ਸੀਮੋਨ ਦ ਬਾਓਵਾਰ' ਬਾਰੇ ਅਹਿਮ ਲਿਖਤ ਦਾ ਪੰਜਾਬੀ ਤਰਜ਼ਮਾ ਜਰਮਨੀ ਰਹਿੰਦੇ ਲੇਖਕ ਕੇਹਰ ਸ਼ਰੀਫ ਨੇ ਕੀਤਾ ਹੈ।ਗੁਲਾਮ ਕਲਮ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।-ਯਾਦਵਿੰਦਰ ਕਰਫਿਊ 

9 ਜਨਵਰੀ 1908 ਨੂੰ ਸੀਮੋਨ ਦ ਬਾਓਵਾਰ ਦਾ ਜਨਮ ਪੈਰਿਸ ਦੇ ਇਕ ਮਧਵਰਗੀ ਕੈਥੋਲਿਕ ਪਰਿਵਾਰ ਵਿਚ ਹੋਇਆ। ਪਹਿਲੀ ਸੰਤਾਨ ਹੋਣ ਕਰਕੇ ਉਸਨੂੰ ਮਾਤਾ ਪਿਤਾ ਦਾ ਭਰਪੂਰ ਪਿਆਰ ਮਿਲਿਆ। ਦੋ ਸਾਲ ਬਾਅਦ ਭਾਵ 1910 ਵਿਚ ਨਾਲ ਖੇਡਣ ਵਾਸਤੇ ਬਹੁਤ ਪਿਆਰੀ, ਖੁਬਸੂਰਤ ਛੋਟੀ ਜਹੀ ਭੈਣ ਮਿਲੀ ਜਿਸਦਾ ਨਾਮ ਸੀ ਪਾਪੀਤ। 1913 ਵਿਚ ਸੀਮੋਨ ਨੂੰ ਲੜਕੀਆਂ ਦੇ ਇਕ ਸਕੂਲ ਵਿਚ ਪੜ੍ਹਨ ਵਾਸਤੇ ਭੇਜਿਆ ਗਿਆ। ਉੱਥੇ ਮਿਲੀ ਜਾਜਾ, ਜਾਨ ਤੋਂ ਵੀ ਪਿਆਰੀ ਸਹੇਲੀ। ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਸੀਮੋਨ ਆਪਣੇ ਨਾਨੇ ਦੇ ਘਰ, ਜੋ ਪਿੰਡ ਵਿਚ ਰਹਿੰਦਾ ਸੀ, ਕੁਦਰਤ ਦੇ ਵਿਚ ਬਿਤਾਉਂਦੀ। ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ ਸੀਮੋਨ ਨੇ ਆਪਣਾ ਸਿਰਜਕ ਵਿਅਕਤਿਤਵ ਪਹਿਚਾਣ ਲਿਆ। ਘੰਟਿਆਂ ਬੱਧੀ ਕਾਲਪਨਿਕ ਸੰਸਾਰ ਜਾਂ ਕਿਤਾਬਾਂ ਵਿਚ ਗੁਆਚੀ ਰਹਿਣ ਵਾਲੀ ਇਸ ਲੜਕੀ ਨੇ ਵਿਚਾਰ ਬਣਾ ਲਿਆ ਕਿ ਉਹ ਲੇਖਕ ਬਣੇਗੀ। ਇਹ ਹੀ ਉਸਦੀ ਤਮੰਨਾ ਹੈ, ਕਿਤਾਬਾਂ ਅਤੇ ਕੇਵਲ ਕਿਤਾਬਾਂ। ਪਿਤਾ ਨੂੰ ਆਪਣੀ ਹੋਣਹਾਰ ਧੀ 'ਤੇ ਬਹੁਤ ਮਾਣ ਸੀ ਅਤੇ ਮਾਂ ਉਸਦੇ ਕਿਤਾਬਾਂ ਪ੍ਰਤੀ ਪਾਗਲਪਨ ਤੋਂ ਚਿੰਤਤ। ਮਾਂ ਸਭ ਤੋਂ ਵੱਧ ਦੁਖੀ ਹੋਈ, ਇਕ ਦਿਨ ਜਦੋਂ 14 ਸਾਲ ਦੀ ਲੜਕੀ ਨੇ ਐਲਾਨ ਕਰ ਦਿੱਤਾ ਕਿ ਮੈਂ ਪ੍ਰਰਥਨਾ ਨਹੀਂ ਕਰਾਂਗੀ, ਮੈਨੂੰ ਤੁਹਾਡੇ ਯਿਸੂ ਉੱਤੇ ਵਿਸ਼ਵਾਸ ਨਹੀਂ। 


1925-26 ਦੇ ਸਮੇਂ ਸੀਮੋਨ ਨੇ ਦਰਸ਼ਨ (ਫਿਲਾਸਫੀ) ਅਤੇ ਹਿਸਾਬ ਵਿਚ ਸਕੂਲ ਦੀ ਪਰੀਖਿਆ ਪਾਸ ਕੀਤੀ ਅਤੇ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਕੇ ਅੱਗੇ ਪੜ੍ਹਨ ਵਾਸਤੇ ਨਿਊਲੀ ਦੀ ਸੈਂਤ ਮਾਰੀ ਇੰਸਟੀਚਿਊਟ ਵਿਚ ਦਾਖਲਾ ਲਿਆ। 1926 ਵਿਚ ਸੌਰਬੋਨ ਦੇ ਵਿਸ਼ਵਵਿਦਿਆਲੇ ਵਿਚ ਉਸਨੇ ਦਰਸ਼ਨ ਅਤੇ ਸਾਹਿਤ ਦਾ ਕੋਰਸ ਸ਼ੁਰੂ ਕਰ ਦਿੱਤਾ। ਮਾਤਾ-ਪਿਤਾ ਨੂੰ ਡੂੰਘੀ ਨਿਰਾਸ਼ਾ ਹੋਈ। ਮਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸੀਮੋਨ ਸ਼ਾਦੀ ਨਹੀਂ ਕਰ ਰਹੀ, ਧਾਰਮਿਕ ਨਹੀਂ ਹੈ, ਅਵਾਰਾ ਮੁੰਡਿਆਂ ਨਾਲ ਘੁੰਮਦੀ ਫਿਰਦੀ ਹੈ। ਪਿਤਾ ਨੂੰ ਇਸ ਗੱਲ ਦਾ ਅਫਸੋਸ ਕਿ ਉਸਦੀ ਬਹੁਤ ਹੀ ਹੋਣਹਾਰ ਧੀ ਨੇ ਸਰਕਾਰੀ ਨੌਕਰੀ ਨਾ ਕਰਕੇ ਸਿਰਫ ਅਧਿਆਪਕਾ ਦਾ ਪੇਸ਼ਾ ਅਪਣਾਇਆ। ਪਿਤਾ ਦੀਵਾਲੀਆ ਹੋ ਚੁੱਕੇ ਸਨ, ਧੀ ਦੇ ਵਿਆਹ ਵਿਚ ਦੇਣ ਵਾਸਤੇ ਉਨ੍ਹਾਂ ਕੋਲ ਦਹੇਜ ਨਹੀਂ ਸੀ ਅਤੇ ਨਾ ਹੀ ਰੂਪ ਦੇਖ ਕੇ ਉਸਨੂੰ ਕੋਈ ਸਵੀਕਾਰ ਕਰਦਾ। ਸੀਮੋਨ ਉਨ੍ਹੀਂ ਦਿਨੀ ਆਪਣੇ ਕਜ਼ਿਨ ਜੈਕ ਨਾਲ ਜੋ ਬਹੁਤ ਅਮੀਰ ਘਰ ਦਾ ਮੁੰਡਾ ਸੀ ਪ੍ਰੇਮ ਕਰਦੀ ਸੀ ਪਰ ਜੈਕ ਨੇ ਉਸ ਨੂੰ ਠੁਕਰਾ ਦਿੱਤਾ। ਦੁਖੀ ਸੀਮੋਨ ਸਮਾਜ ਸੇਵਾ ਵਿਚ ਦਿਲਚਸਪੀ ਲੈਣ ਲੱਗੀ, ਪਰ ਬਹੁਤਾ ਚਿਰ ਨਹੀਂ। ਮਨ ਕੁੱਝ ਹੋਰ ਹੀ ਚਾਹੁੰਦਾ ਸੀ। 


1927 ਵਿਚ ਸੀਮੋਨ ਨੇ ਦਰਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 1928 ਵਿਚ ਇਕੌਲ ਨਾਰਮਲ ਸੁਪੀਰੀਅਰ ਦਰਸ਼ਨ ਵਿਚ ਪੋਸਟ ਗਰੈਜੂਏਸ਼ਨ ਵਾਸਤੇ ਦਾਖਲਾ ਲਿਆ। ਉਹਨੂੰ ਪਹਿਲੀ ਵਾਰ ਆਜ਼ਾਦੀ ਮਿਲੀ। ਘਰ ਦੀਆਂ ਬੰਦਸ਼ਾਂ ਤੋਂ ਦੂਰ ਆਜ਼ਾਦੀ ਭਰਿਆ ਸਾਹ ਲਿਆ। ਸ਼ੁਰੂ ਦੇ ਦਿਨਾਂ ਵਿਚ ਅਵਾਰਾਗਰਦੀ ਕਰਨਾ, ਭੈਣ ਜਾਂ ਹੋਰ ਦੋਸਤਾਂ ਨਾਲ ਕੌਫੀ ਹਾਊਸਾਂ ਜਾਂ ਸ਼ਰਾਬਖਾਨਿਆਂ ਵਿਚ ਘੁੰਮਣਾਂ, ਪੀਣ-ਪਿਲਾਉਣ ਦਾ ਦੌਰ ਚੱਲਦਾ ਰਿਹਾ। ਪਰ ਉਹ ਫੇਰ ਉਚਾਟ ਹੋ ਗਈ ਅਤੇ ਪੂਰੇ ਜੋਸ਼ ਨਾਲ ਪੜ੍ਹਾਈ ਵਿਚ ਜੁਟ ਗਈ। ਫੇਰ ਵਿਦਿਆਰਥਣ ਬਣ ਗਈ। ਇਸ ਸਮੇਂ ਦੌਰਾਨ ਉਸਦੇ ਦੋ ਦੋਸਤ ਸਨ ਸਾਰੰਚਨਾਵਾਦ ਦਾ ਸੰਸਾਰ ਸਰਵਵਿਆਪੀ ਜਾਣਕਾਰ ਕਲੋਟ ਲਵੀ ਸਤਰਾਸ ਅਤੇ ਘਟਨਾ ਵਿਗਿਆਨਵਾਦੀ ਮੋਰਿਸ ਮੈਰਲੋਪੌਂਤੀ। ਇਹ ਸਾਲ ਸੀਮੋਨ ਵਾਸਤੇ ਬੜਾ ਹੀ ਦੁਖ ਭਰਿਆ ਰਿਹਾ। ਉਸ ਦੀ ਜਾਨ ਤੋਂ ਪਿਆਰੀ ਸਹੇਲੀ ਜਾਜਾ ਨੇ ਆਤਮ ਹੱਤਿਆ ਕਰ ਲਈ ਮੈਰਲੋਪੌਂਤੀ ਵੀ ਅਕਾਲ ਚਲਾਣਾ ਕਰ ਗਿਆ। ਸੀਮੋਨ, ਮੌਰਲੋਪੌਂਤੀ ਨਾਲ ਸ਼ਾਦੀ ਕਰਨੀ ਚਾਹੁੰਦੀ ਸੀ। ਜਾਜਾ ਦੀ ਘਾਟ ਉਸਦੇ ਜੀਵਨ ਵਿਚ ਪੂਰੀ ਨਹੀਂ ਹੋ ਸਕੀ, ਪਰ ਮੌਰਲੋਪੌਂਤੀ ਦੇ ਬਦਲੇ ਇਕੌਲ ਨੌਰਮਾਲ ਵਿਚ ਉਸਦੀ ਜਾਣ-ਪਹਿਚਾਣ ਅਸਤਿਤਵਵਾਦ ਦੇ ਮਸੀਹਾ ਯਾਂ ਪਾਲ ਸਾਰਤਰ ਨਾਲ ਹੋਈ। ਦੋਵੇਂ ਹੀ ਬਹੁਤ ਹੋਣਹਾਰ ਵਿਦਿਆਰਥੀ ਸਨ ਅਤੇ ਬਹੁਤ ਚੰਗੇ ਨੰਬਰਾਂ ਵਿਚ ਪ੍ਰੀਖਿਆ ਪਾਸ ਕੀਤੀ। 21 ਸਾਲ ਦੀ ਉਮਰ ਵਿਚ ਪਹਿਲੀ ਵਾਰ ਹੀ ਦਰਸ਼ਨ ਵਿਚ ਪਾਸ ਹੋ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸੀ ਸੀਮੋਨ, ਸਾਰਤਰ ਦਾ ਇਹ ਦੂਸਰਾ ਜਤਨ ਸੀ। ਹੁਣ ਉਹ ਪ੍ਰੋਫੈਸਰ ਬਣ ਸਕਦੇ ਸਨ। ਆਪਸੀ ਦੋਸਤੀ ਪ੍ਰੇਮ ਵਿਚ ਬਦਲਣ ਲੱਗੀ। ਸੀਮੋਨ ਨੂੰ ਸਾਰਤਰ ਚੜ੍ਹਦੀ ਉਮਰ ਵਿਚ ਕਿਆਸੇ ਆਪਣੇ ਸੁਪਨਿਆਂ ਦੇ ਸਾਥੀ ਲੱਗੇ। 

ਵਿਆਹ ਅਤੇ ਖਾਨਦਾਨ ਦੀ ਪ੍ਰੰਪਰਾ/ਰਵਾਇਤ ਦੀ ਜਰੂਰਤ ਦੇ ਖਿਲਾਫ ਦੋਹਾਂ ਨੇ ਨਿਸਚਾ ਕੀਤਾ। ਸੀਮੋਨ ਵਿਆਹ ਨੂੰ ਇਕ ਖੋਖਲੀ ਤੇ ਢਹਿੰਦੀ ਹੋਈ ਸੰਸਥਾ ਮੰਨਦੀ ਸੀ। ਸਾਰਤਰ ਨੂੰ ਰਾਸ਼ਟਰੀ ਸੇਵਾ ਦੀ ਨੌਕਰੀ, ਜੋ ਕਿ ਉਨ੍ਹਾਂ ਦਿਨਾਂ ਵਿਚ ਫਰਾਂਸ ਅੰਦਰ ਜਰੂਰੀ ਸੀ ਸਵੀਕਾਰ ਕਰਨੀ ਪਈ। ਸੀਮੋਨ ਨੇ ਘਰ ਛੱਡ ਦਿੱਤਾ ਅਤੇ ਨਾਨੀ ਦੇ ਕੋਲ ਇਕ ਕਮਰਾ ਕਿਰਾਏ 'ਤੇ ਲੈ ਕੇ ਰਹਿਣ ਲੱਗੀ। ਪਾਰਟ ਟਾਈਮ ਦਾ ਅਧਿਆਪਨ ਉਸਦੀ ਉਪਜੀਵਕਾ ਦਾ ਸਾਧਨ ਬਣਿਆ। ਉਹਨੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਪਹਿਲੀ ਵਾਰ ਸਾਰਤਰ ਦੇ ਨਾਲ ਵਿਦੇਸ਼ ਯਾਤਰਾ 'ਤੇ ਸਪੇਨ ਪਹੁੰਚੀ। 


ਸੰਨ 1931 ਵਿਚ ਸਾਰਤਰ ਦੀ ਨਿਯੁਕਤੀ ਮਾਰਸੇਅ ਦੇ ਇਕ ਸਕੂਲ ਵਿਚ ਹੋਈ ਅਤੇ ਸਾਰਤਰ ਲੀਹਾਰਵ ਵਿਖੇ ਪੜ੍ਹਾਉਣ ਚਲਾ ਗਿਆ। ਇਹ ਜੁਦਾਈ ਦੋਹਾਂ ਵਾਸਤੇ ਦਰਦ ਭਰੀ ਸੀ। ਸਾਰਤਰ ਨੇ ਸੀਮੋਨ ਕੋਲ ਪਹਿਲੀ ਵਾਰ ਵਿਆਹ ਕਰਨ ਦਾ ਸੁਝਾਅ ਰੱਖਿਆ, ਤਾਂ ਕਿ ਉਹ ਇਕ ਹੀ ਜਗ੍ਹਾ ਨਿਯੁਕਤ ਹੋ ਸਕਣ। ਸੀਮੋਨ ਆਪਣੀ ਆਸਥਾ 'ਤੇ ਸਥਿਰ ਰਹੀ ਅਤੇ ਕੁੱਝ ਸਮੇਂ ਦਾ ਇਹ ਵਿਛੋੜਾ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਹੋਰ ਡੂੰਘੇ ਵਿਸ਼ਵਾਸ ਨਾਲ ਭਰ ਗਿਆ। ਸੀਮੋਨ ਨੂੰ ਜੀਵਨ ਵਿਚ ਪਹਿਲੀ ਵਾਰ ਇਕੱਲੇਪਣ ਦਾ ਅਹਿਸਾਸ ਹੋਇਆ। ਸੁੰਨੇ ਦਿਨ ਤੜਪਾਉਂਦੇ ਹਨ, ਪਰ ਮੁਕਤੀ ਦੀ ਇਹ ਯਾਤਰਾ ਉਸਦੀ ਇਕੱਲਿਆਂ ਹੋਵੇਗੀ, ਇਹ ਵੀ ਉਹ ਸਮਝ ਗਈ। ਇਹ ਲੜਾਈ ਉਸਦੀ ਆਪਣੇ ਆਪ ਨਾਲ ਸੀ ਕਿ ਸ਼ਰੀਰ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ? ਉਹਨੂੰ ਲੱਗਿਆ ਕਿ ਫੇਰ ਔਰਤ 'ਤੇ ਜਾਨਵਰ ਵਿਚ ਕੀ ਫਰਕ? ਆਪਣੀ ਊਰਜਾ ਸ਼ਕਤੀ ਦਾ ਨਿਕਾਸ ਉਹ ਨਿਯਮਬੱਧ ਪਹਾੜਾਂ ਦੀਆਂ ਲੰਬੀਆਂ ਅਤੇ ਥਕਾ ਦੇਣ ਵਾਲੀਆਂ ਚੜਾਈਆਂ ਚੜ੍ਹਨ ਨਾਲ ਕਰਨ ਲੱਗੀ। 


1932 ਵਿਚ ਉਸਦਾ ਤਬਾਦਲਾ ਰੂਔਂ ਦੇ ਇਕ ਸਕੂਲ ਵਿਚ ਹੋ ਗਿਆ, ਸਾਰਤਰ ਲਹਿਰਾਵ ਵਿਚ ਹੀ ਰਹਿ ਗਏ, ਪਰ ਹੁਣ ਮਿਲਣ-ਜੁਲਣ ਦੀ ਸਹੂਲਤ ਵੱਧ ਸੀ। ਸੀਮੋਨ ਦੀ ਵਿਦਿਆਰਥਣ ਸੀ ਪੋਲਿਸ਼ ਲੜਕੀ ਓਲਗਾ। ਖੁਬਸੂਰਤ, ਤੇਜ-ਤਰਾਰ, ਝਰਨੇ ਵਾਂਗ ਵਹਿੰਦੀ ਹੋਈ, ਉਹ ਸੀਮੋਨ ਦੀ ਦੋਸਤ ਬਣੀ ਅਤੇ ਉਸਦੇ ਨਾਲ ਹੀ ਰਹਿਣ ਲੱਗੀ। ਸਾਰਤਰ ਦਾ ਮਨ ਓਲਗਾ ਦੇ ਰੂਪ ਨਾਲ, ਉਸਦੇ ਜਵਾਨ ਸਰੀਰ ਨਾਲ ਪਹਿਚਾਣ ਚਾਹੁੰਦਾ ਸੀ। ਇਹ ਤਿੱਕੜੀ ਸੀਮੋਨ ਲਈ ਅਸਹਿ ਪੀੜਾ ਸੀ, ਕਿਉਂਕਿ ਸਾਰਤਰ ਨੇ ਸੀਮੋਨ ਨਾਲ ਸਬੰਧ ਦੀ ਪਹਿਲੀ ਸ਼ਰਤ ਇਹ ਰੱਖੀ ਸੀ ਕਿ ਪ੍ਰੇਮ ਦੋ ਕਿਸਮ ਦਾ ਹੁੰਦਾ ਹੈ। ਅਸਥਾਈ ਅਤੇ ਚਿਰ ਸਥਾਈ ਸਾਥਣ ਦਾ। ਇਹ ਛੋਟ ਨਾ ਸਿਰਫ ਉਹਨੇ ਆਪਣੇ ਵਾਸਤੇ ਰੱਖੀ ਬਲਕਿ ਸੀਮੋਨ ਨੂੰ ਵੀ ਇਸ ਦੀ ਇਜਾਜ਼ਤ ਦਿੱਤੀ ਸੀ, ਪਰ ਦ੍ਰਿੜ ਵਿਸ਼ਵਾਸਾਂ ਦੀ ਇਹ ਪੁਜਾਰਿਨ ਪਿਆਰ ਨੂੰ ਮਨ ਦਾ ਸਬੰਧ ਸਮਝਦੀ ਸੀ, ਸਿਰਫ ਸਰੀਰ ਦਾ ਨਹੀਂ। ਕੁੱਝ ਸਮੇਂ ਦੀ ਇਹ ਦਹਿਕਦੀ ਜਵਾਲਾ ਉਸਦੇ ਪਹਿਲੇ ਨਾਵਲ 'ਸ਼ੀ ਕੇਮ ਟੂ ਸਟੇਅ' ਦਾ ਅਧਾਰ ਬਣੀ। ਓਲਗਾ ਸਾਰਤਰ ਦੇ ਇਕ ਵਿਦਿਆਰਥੀ ਬੋਸਟ ਨਾਲ ਹੀ ਉਲਝ ਗਈ। ਸਾਰਤਰ ਇਕ ਸਾਲ ਵਾਸਤੇ ਬਰਲਿਨ ਪੜ੍ਹਾਉਣ ਚਲੇ ਗਿਆ। 

ਸੀਮੋਨ ,ਸਾਰਤਰ ਤੇ ਗਵੇਰਾ

ਸੀਮੋਨ ਆਪਣੀਆਂ ਵਿਦਿਆਰਥਣਾਂ ਨਾਲ ਕਦੇ ਵੀ ਸਖਤੀ ਨਾਲ ਵਰਤਾਉ ਨਹੀਂ ਕਰਦੀ ਸੀ। ਨਤੀਜੇ ਵਲੋਂ ਵਿਦਿਆਰਥਣਾਂ ਵੀ ਉਸਦੀਆਂ ਦੋਸਤ ਵੱਧ ਬਣਦੀਆਂ ਗਈਆਂ। ਦੋਸਤੀ ਕਰਕੇ ਆਪਸੀ ਵਿਚਾਰਾਂ ਦਾ ਆਦਨ-ਪ੍ਰਦਾਨ ਹੁੰਦਾ। ਜਦੋਂ ਉਹ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੁਣਦੀ ਸੀ ਉਦੋਂ ਉਹਨੂੰ ਆਪਣੀ ਪਿਆਰੀ ਸਹੇਲੀ ਜਾਜਾ ਯਾਦ ਆ ਜਾਂਦੀ ਸੀ, ਜੋ ਆਪਣੇ ਮਸੇਰੇ ਭਾਈ ਪਰਾਦੇਲ ਨਾਲ ਪਿਆਰ ਕਰਦੀ ਸੀ, ਪਰੰਤੂ ਧਰਮ ਤੋਂ ਭੈਅ-ਭੀਤ ਜਾਜਾ ਨੂੰ ਮਾਂ૶ਬਾਪ ਦੇ ਡਰ ਕਾਰਨ ਆਤਮ ਹੱਤਿਆ ਕਰਨੀ ਪਈ। ਸੀਮੋਨ ਔਰਤ ਦੀਆਂ ਰਵਾਇਤੀ ਭੂਮਿਕਾਵਾਂ ਦੀ ਆਲੋਚਨਾ ਕਰਦੀ ਹੈ, ਨਾਲ ਹੀ ਜੰਗ ਵਿਰੋਧੀ ਚਰਚਾ ਵੱਧ ਕਰਦੀ ਹੈ। ਵਿਦਿਆਰਥਣਾਂ ਦੇ ਮਾਪਿਆਂ ਵਲੋਂ ਸ਼ਿਕਾਇਤ ਦੇ ਕਾਰਨ ਸੀਮੋਨ ਨੂੰ ਅਧਿਕਾਰੀਆਂ ਵਲੋਂ ਸਖਤ ਝਾੜ ਪਈ, ਪਰ ਉਹ ਕਦੋਂ ਚੁੱਪ ਰਹਿਣ ਵਾਲੀ ਸੀ? ਸੰਨ 1936 ਵਿਚ ਉਸਦੀ ਬਦਲੀ ਲੀਸੇ ਮਾਲਿਏਰ ਵਿਚ ਹੋ ਗਈ। ਸਾਲ ਤੋਂ ਬਾਅਦ ਸਾਰਤਰ ਦੀ ਨਿਯੁਕਤੀ ਵੀ ਪੈਰਿਸ ਦੇ ਸਕੂਲ ਲੀਸੇ ਪਾਸਤਰ ਵਿਖੇ ਹੋ ਗਈ। ਉਹ ਇਕ ਹੀ ਹੋਟਲ ਵਿਚ ਵੱਖੋ ਵੱਖ ਮੰਜ਼ਿਲਾਂ 'ਤੇ ਰਹਿਣ ਲੱਗੇ। ਘਰ ਨਹੀਂ ਵਸਾਇਆ। ਹੋਟਲ 'ਚ ਰਹਿਣਾ ਤੇ ਬਾਹਰ ਖਾਣਾ। ਗ੍ਰਿਹਸਥੀ ਦੇ ਝੰਜਟਾਂ ਤੋਂ ਬਿਲਕੁੱਲ ਮੁਕਤ। ਸਾਰਾ ਸਮਾਂ ਲਿਖਣ, ਅਧਿਅਨ ਅਤੇ ਅਧਿਆਪਨ ਲਈ। ਕਾਹਵਾ ਘਰਾਂ ਵਿਚ ਦੋਸਤਾਂ ਨਾਲ ਦਰਸ਼ਨ 'ਤੇ ਬਹਿਸ । ਸਾਰੀ ਰਾਤ ਪੈਰਿਸ ਦੀਆਂ ਸੜਕਾਂ 'ਤੇ ਘੁੰਮਣਾਂ, ਕਦੀਂ ਕਿਤੇ ਅਤੇ ਕਦੀਂ ਕਿਤੇ। ਬੇਫਿਕਰੀ ਤੇ ਮਸਤੀ ਦਾ ਆਲਮ। ਉਹ 1938 ਦਾ ਸਾਲ ਸੀ। ਹਿਟਲਰ ਦੀ ਸੈਨਾ ਦਿਨ-ਪ੍ਰਤੀਦਿਨ ਅੱਗੇ ਵਧਦੀ ਜਾ ਰਹੀ ਸੀ ਅਤੇ ਇਹ ਦੋ ਲਾਲ ਕਮਲ ਤਲਾਬ ਵਿਚ ਮਸਤੀ ਨਾਲ ਤਰ ਰਹੇ ਸਨ। 


ਸੰਨ 1939 ਦਾ ਸਾਲ। ਦੂਜੇ ਮਹਾਂਯੁੱਧ ਦਾ ਐਲਾਨ। 1940 ਦਾ ਸਾਲ। ਫਰਾਂਸ ਦਾ ਪਤਨ। ਨਾਜ਼ੀ ਸੈਨਾ ਪੈਰਿਸ ਦੀਆਂ ਸੜਕਾਂ ਨੂੰ ਕੁਚਲ ਰਹੀ ਸੀ। ਰਾਜਨੀਤੀ, ਜੀਵਨ ਨੂੰ ਅਜਿਹੀ ਵਿਸਫੋਕਟ ਚੋਟ ਦੇ ਸਕਦੀ ਹੈ, ਇਹ ਸਾਰਤਰ ਨੇ ਪਹਿਲੀ ਵਾਰ ਸਮਝਿਆ। ਜ਼ਿੰਦਗੀ ਰਾਜਨੀਤੀ ਤੋਂ ਅਲੱਗ ਨਹੀਂ ਹੈ। ਸਾਰਤਰ ਨੇ ਪ੍ਰਤੀਨਿਧਤਾ ਦਾ ਸਿਧਾਂਤ ਅਪਣਾਇਆ। ਇਸ ਸੋਚ ਨਾਲ ਸੀਮੋਨ ਦਾ ਪੂਰਨ ਸਮਰਥਨ ਸੀ। ਉਸ ਨੂੰ ਪੈਰਿਸ ਤੋਂ ਭੱਜਣਾ ਪਿਆ। ਉਹ ਇਸ ਵਿਰੋਧੀ ਅੰਦੋਲਨ ਦੇ ਆਗੂਆਂ ਵਿਚੋਂ ਸੀ। ਸਾਰਤਰ ਨੂੰ ਕੈਦ ਕਰ ਲਿਆ ਗਿਆ, ਪਰ ਬਾਅਦ ਵਿਚ ਛੱਡ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿਚ ਸੀਮੋਨ ਫਲੌਰੇ ਕੌਫੀ ਹਾਉਸ ਵਿਚ ਬੈਠ ਕੇ ਲਿਖਿਆ ਕਰਦੀ ਸੀ। ਨਾਜ਼ੀਆਂ ਨੇ ਉਹਨੂੰ ਸਕੂਲ ਦੀ ਨੌਕਰੀ ਤੋਂ ਕੱਢ ਦਿੱਤਾ। 1941 ਵਿਚ ਉਸਦਾ ਪਹਿਲਾ ਨਾਵਲ 'ਸ਼ੀ ਕੇਮ ਟੂ ਸਟੇਅ' ਪ੍ਰਕਾਸ਼ਿਤ ਹੋਇਆ ਅਤੇ ਉਸਦੀ ਲਿਖਤ ਨੂੰ ਲੋਕਾਂ ਵਲੋਂ ਸਨਮਾਨ ਮਿਲਿਆ। 1944 ਵਿਚ ਪੈਰਿਸ ਅਜਾਦ ਹੋਇਆ। ਕਿਉਂਕਿ ਸੀਮੋਨ ਤੇ ਸਾਰਤਰ ਦੋਵੇਂ ਹੀ ਖੱਬੇ ਪੱਖੀ ਸਨ। ਅਖੀਰ 1945 ਵਿਚ 'ਲਾ ਤੋ ਮੋਦਾਰਨ' ਨਾਂ ਦੀ ਪੱਤ੍ਰਿਕਾ ਦਾ ਆਰੰਭ ਹੋਇਆ। ਸੀਮੋਨ ਦਾ ਲਿਖਿਆ ਹੋਇਆ ਇਕ ਨਾਟਕ 'ਯੂ ਸਲੈਸ ਮਾਊਥ' ਸਟੇਜ 'ਤੇ ਖੇਡਿਆ ਗਿਆ ਪਰ ਅਸਫਲ ਰਿਹਾ। ਇਸ ਤੋਂ ਬਾਅਦ ਉਸ ਨੇ ਕਦੇ ਵੀ ਨਾਟਕ ਨਹੀਂ ਲਿਖਿਆ। ਦੂਸਰਾ ਨਾਵਲ 'ਦ ਬਲੱਡ ਆਫ ਅਦਰਸ' ਇਸੇ ਸਾਲ ਪ੍ਰਕਾਸ਼ਿਤ ਹੋਇਆ, ਜਿਸਨੂੰ ਸੰਘਰਸ਼ਸ਼ੀਲ ਅੰਦੋਲਨ ਦੇ ਦੌਰਾਨ ਲਿਖਿਆ ਹੋਇਆ ਅਤਿਅੰਤ ਪਰਮਾਣਿਕ ਨਾਵਲ ਮੰਨਿਆ ਗਿਆ। 1946 ਵਿਚ 'ਆਲ ਮੈਨ ਆਰ ਮੋਰਟਲ' ਪ੍ਰਕਾਸ਼ਿਤ ਹੋਇਆ। ਸਾਰਤਰ ਨੇ ਐਲਾਨ ਕੀਤਾ ਕਿ ਹੁਣ ਉਹ ਕਿਸੇ 'ਐਮ' ਨਾਂ ਦੀ ਔਰਤ ਨਾਲ ਸਾਲ ਵਿਚ ਤਿੰਨ-ਚਾਰ ਮਹੀਨੇ ਰਿਹਾ ਕਰੇਗਾ। ਸੀਮੋਨ ਸੋਚਦੀ ਹੈ ਇਹ 'ਐਮ' ਕੌਣ ਹੈ। 1947 ਵਿਚ ਉਸਦੀ ਦਰਸ਼ਨ ਦੀ ਇਕੋ-ਇਕ ਪੁਸਤਕ 'ਦ ਏਥਿਕਸ ਆਫ ਐਂਬੀਗੁਇਟੀ' ਛਪੀ ਜੋ ਕਿ ਮਨੁੱਖੀ ਕਦਰਾਂ-ਕੀਮਤਾਂ 'ਤੇ ਇਕ ਮਹੱਤਵਪੂਰਨ ਦਾਰਸ਼ਨਿਕ ਦਸਤਾਵੇਜ਼ ਹੈ। 

ਇਹ 1947 ਦਾ ਸਾਲ ਸੀ ਜਦੋਂ ਸੀਮੋਨ ਵੇ ਆਪਣੇ ਮਹਾਨ ਗ੍ਰੰਥ 'ਦ ਸੈਕਿੰਡ ਸੈਕਸ' ਉੱਪਰ ਕੰਮ ਸ਼ੁਰੂ ਕੀਤਾ। ਔਰਤ ਦੀ ਹੋਣੀ ਕੀ ਹੈ? ਉਹ ਗੁਲਾਮ ਕਿਉਂ ਹੈ? ਕਿਸਨੇ ਛਾਲਾਂ ਮਾਰਦੀ ਫਿਰਦੀ ਹਿਰਨੀ ਦੇ ਪੈਰਾਂ ਵਿਚ ਇਹ ਬੇੜੀਆਂ ਪਾਈਆਂ ਹਨ? ਇਸ ਸਮੇਂ ਹੀ ਅਮਰੀਕਾ ਤੋਂ ਆਏ ਭਾਸ਼ਣ ਲੜੀ ਦੇ ਸੱਦੇ ਨੂੰ ਕਬੂਲ ਕਰ ਲਿਆ। ਨਵਾਂ ਦੇਸ਼ ਦੇਖਣ ਦਾ ਉਤਸ਼ਾਹ ਅਤੇ ਪਹਿਲੀ ਵਾਰ ਇੰਨੀ ਦੂਰ ਜਾਣਾ? ਸ਼ਿਕਾਗੋ ਵਿਚ ਉਹ ਅਮਰੀਕਨ ਨਾਵਲ ਲੇਖਕ ਨੈਲਸਨ ਐਲਗ੍ਰੇਨ ਨੂੰ ਮਿਲੀ। ਉਹ ਭਰਪੂਰ ਪਿਆਰ ਵਿਚ ਡੁੱਬ ਗਏ। ਚਾਰ ਸਾਲ ਤੱਕ ਇਹ ਪ੍ਰੇਮ ਪ੍ਰਸੰਗ ਚਲਿਆ। ਕਦੀਂ ਛੁੱਟੀਆਂ ਵਿਚ ਸੀਮੋਨ ਅਮਰੀਕਾ ਜਾਂਦੀ, ਕਦੀਂ ਨੈਲਸਨ ਪੈਰਿਸ ਵਿਚ ਆ ਜਾਂਦਾ। ਐਲਗ੍ਰੇਨ ਨੇ ਵਿਆਹ ਦਾ ਸੁਝਾਅ ਰੱਖਿਆ, ਪਰ ਸੀਮੋਨ ਸਾਰਤਰ ਦੇ ਪ੍ਰਤੀ ਪ੍ਰਤੀਬੱਧ ਰਹੀ। ਪੈਰਿਸ ਉਸਨੂੰ ਬਹੁਤ ਪਿਆਰਾ ਹੈ ਅਤੇ ਆਪਣੇ ਲਿਖਣ ਕਾਰਜ ਨਾਲ ਬੇਹੱਦ ਲਗਾਉ। ਪਿਆਰ ਕੁੜੱਤਣ ਵਿਚ ਬਦਲ ਜਾਂਦਾ ਹੈ। ਦੁਖੀ ਹੋਇਆ ਐਲਗ੍ਰੇਨ ਅਮਰੀਕਾ ਵਾਪਸ ਚਲਾ ਜਾਂਦਾ ਹੈ। ਬਸ! ਕਦੀ-ਕਦਾਈਂ ਖ਼ਤ-ਪੱਤਰ ਤੱਕ ਇਹ ਸਬੰਧ ਸਿਮਟ ਕੇ ਰਹਿ ਜਾਂਦਾ ਹੈ। 

ਸੀਮੋਨ ਤੇ ਸਾਰਤਰ 

ਸੰਨ 1948 ਵਿਚ 'ਅਮੈਰਿਕਾ : ਡੇ ਬਾਈ ਡੇ' ਦਾ ਪ੍ਰਕਾਸ਼ਨ ਹੁੰਦਾ ਹੈ ਅਤੇ 'ਲਾ ਤੌ ਮੋਦਾਰਨ' ਵਿਚ 'ਸੈਕਿੰਡ ਸੈਕਸ' ਦੇ ਕੁੱਝ ਹਿੱਸੇ ਛਪਦੇ ਹਨ। ਸੀਮੋਨ ਹੁਣ ਪੱਕੇ ਨਿਯਮ ਅਧੀਨ ਸਵੇਰ ਦਾ ਸਮਾਂ ਆਪਣੇ ਲਿਖਣ ਵਾਸਤੇ ਅਤੇ ਸ਼ਾਮ ਦਾ ਵਕਤ ਸਾਰਤਰ ਨਾਲ ਗੁਜ਼ਾਰਨ ਲੱਗੀ। ਆਪਣੇ ਸਮੇਂ ਦੇ ਬੌਧਿਕ ਮਸੀਹੇ ਨੇ ਔਰਤ ਦੀ ਆਜ਼ਾਦੀ ਬਾਰੇ ਲਿਖੀ ਜਾਣ ਵਾਲੀ ਕਿਤਾਬ ਵਿਚ ਪੂਰੀ ਦਿਲਚਸਪੀ ਲਈ। ਕਈ ਥਾਵਾਂ 'ਤੇ ਸਾਰਤਰ ਨੇ ਸੀਮੋਨ ਨੂੰ ਹੋਰ ਵੀ ਡੂੰਘਾ ਵਿਚਾਰ ਕਰਨ ਨੂੰ ਕਿਹਾ। ਕਈ ਥਾਵਾਂ 'ਤੇ ਬੰਦਿਆਂ ਉੱਪਰ ਇਕਤਰਫਾ ਲਾਏ ਗਏ ਦੋਸ਼ਾਂ ਨੂੰ ਕੱਟਿਆ। 


1949 ਵਿਚ 'ਦ ਸੈਕਿੰਡ ਸੈਕਸ' ਦਾ ਪ੍ਰਕਾਸ਼ਨ ਹੁੰਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਉਸਨੂੰ ਪੱਤਰ ਲਿਖੇ। ਜਿਸ ਸਮੇਂ ਇਹ ਕਿਤਾਬ ਛਪੀ, ਸੀਮੋਨ ਆਪਣੇ ਆਪ ਨੂੰ ਨਾਰੀਵਾਦੀ ਭਾਵ ਆਦਮੀਆਂ ਦੇ ਅੰਦਰ ਇਸਤਰੀ ਦੀ ਸਭਾਵਿਕ ਸਥਿਤੀ ਬਾਰੇ ਜਾਂ ਇੰਝ ਕਹੋ ਕਿ ਔਰਤਾਂ ਦੇ ਅਸਲ ਅਤੇ ਬੁਨਿਆਦੀ ਅਧਿਕਾਰਾਂ ਦੀ ਸਮਰਥਕ ਨਹੀਂ ਮੰਨਦੀ ਸੀ, ਪਰ ਸਮੇਂ ਦੇ ਨਾਲ ਉਸਨੂੰ ਸਮਝ ਆਉਣ ਲੱਗਾ ਕਿ ਇਹ ਅੱਧੀ ਦੁਨੀਆਂ ਦੀ ਗੁਲਾਮੀ ਦਾ ਸਵਾਲ ਹੈ, ਜਿਸ ਵਿਚ ਅਮੀਰ-ਗਰੀਬ ਹਰ ਵਰਗ ਤੇ ਹਰ ਦੇਸ਼ ਦੀ ਔਰਤ ਜਕੜੀ ਹੋਈ ਹੈ। ਕੋਈ ਔਰਤ ਮੁਕਤ ਨਹੀਂ। ਉਸਨੇ ਕਦੇ ਕੁੱਝ ਵਿਸ਼ੇਸ਼ ਔਰਤਾਂ ਦੀਆਂ ਪ੍ਰਪਤੀਆਂ ਉੱਤੇ ਧਿਆਨ ਨਹੀਂ ਦਿੱਤਾ ਅਤੇ ਨਾਂ ਹੀ ਆਪਣੇ ਬਾਰੇ ਉਸਨੂੰ ਕੋਈ ਗਲਤ-ਫਹਿਮੀ ਸੀ। ਔਰਤ ਦੀ ਸਮੱਸਿਆ ਸਮਾਜਵਾਦ ਤੋਂ ਵੀ ਨਹੀਂ ਸੁਲਝ ਸਕਦੀ। ਇਸ ਸਮੇਂ ਸੋਵੀਅਤ ਲੇਬਰ ਕੈਂਪ ਵਿਚ ਹੋਏ ਅੱਤਿਆਚਾਰ ਦੁਨੀਆਂ ਦੇ ਅਖਬਾਰਾਂ ਵਿਚ ਛਪੇ। ਸੀਮੋਨ ਨੇ ਖੁੱਲ੍ਹ ਕੇ ਵਿਰੋਧ ਕੀਤਾ। ਪਾਰਟੀ ਪ੍ਰਤੀ ਉਸ ਦੀ ਪ੍ਰਤੀਬੱਧਤਾ ਬਾਰੇ ਸਵਾਲ ਉੱਠੇ। ਇਸ ਮੁੱਦੇ ਬਾਰੇ ਉਸਨੇ ਵਿਅਕਤੀ ਵੱਡਾ ਜਾਂ ਪਾਰਟੀ ਸਮੱਸਿਆ 'ਤੇ 'ਦ ਮੈਨਰਡੇਰਿਸ' ਨਾਵਲ ਲਿਖਿਆ। 1951 ਵਿਚ ਐਲਗ੍ਰੇਨ ਨਾਲ ਸਬੰਧ ਹਮੇਸ਼ਾ ਵਾਸਤੇ ਖਤਮ ਹੋ ਗਏ। ਸੀਮੋਨ ਅਫਰੀਕਾ ਘੁੰਣ ਗਈ। ਉਸਨੇ ਆਪਣੀ ਪਹਿਲੀ ਕਾਰ ਖਰੀਦੀ। 

1952 ਵਿਚ ਡਾਕਟਰਾਂ ਨੂੰ ਉਸਦੀ ਖੱਬੀ ਛਾਤੀ ਵਿਚ ਕੈਂਸਰ ਹੋਣ ਦਾ ਸ਼ੱਕ ਹੋਇਆ। ਇਕ ਛੋਟਾ ਮਾਸ ਦਾ ਗੋਲ਼ਾ ਕੱਟ ਕੇ ਕੱਢ ਦਿੱਤਾ ਗਿਆ। ਪਹਿਲੀ ਵਾਰ ਉਮਰ ਅਤੇ ਮੌਤ ਉਸਨੂੰ ਡਰਾਉਂਦੀ ਹੈ, ਉਹ ਇਸਨੂੰ ਸੁਲਝਾਉਣ ਦਾ ਸਬੱਬ ਬਣਾਉਂਦੀ ਹੈ ਇਕ ਪ੍ਰੇਮ ਪ੍ਰਸੰਗ ਵਿਚ। ਕਲਾਂਦ ਲੈਂਜ਼ਮੈਨ ਉਸਤੋਂ ਕਾਫੀ ਘੱਟ ਉਮਰ ਦਾ ਪੱਤਰਕਾਰ ਸੀ। ਸੀਮੋਨ ਨੇ ਫੈਸਲਾ ਕੀਤਾ ਕਿ ਉਹ ਲੈਂਜ਼ਮੈਨ ਦੇ ਨਾਲ ਰਵ੍ਹੇਗੀ ਅਤੇ ਨਾਲ ਹੀ ਸਾਰਤਰ ਨਾਲ ਪੱਕੀ ਦੋਸਤੀ ਅਤੇ ਸਥਾਈ ਪ੍ਰੇਮ ਸਬੰਧ ਵੀ ਰਹੇਗਾ। ਉਹ ਸਾਰਤਰ ਨਾਲ ਗਰਮੀਆਂ ਵਿਚ ਹਰ ਵਾਰ ਰੋਮ ਜਾਣ ਲੱਗੀ। 1954 ਵਿਚ 'ਦ ਮੇਂਡਰਿਕਸ' ਨਾਂ ਦਾ ਨਾਵਲ ਛਪਿਆ ਅਤੇ ਫਰਾਂਸ ਦਾ ਸਭ ਤੋਂ ਸਨਮਾਨਿਤ ਪੁਰਸਕਾਰ 'ਪਰਿਕਸ ਗੋਂਕਰ' ਉਸਨੂੰ ਮਿਲਿਆ। 46 ਸਾਲ ਦੀ ਉਮਰ ਵਿਚ ਇਹ ਪੁਰਸਕਾਰ ਸ਼ਾਇਦ ਸਭ ਤੋਂ ਪਹਿਲਾਂ ਉਹਨੂੰ ਹੀ ਦਿੱਤਾ ਗਿਆ ਸੀ। ਫਰਾਂਸ ਦੀ ਬਸਤੀਵਾਦੀ ਨੀਤੀ, ਅਲਜੀਰੀਆ ਦਾ ਵਿਦਰੋਹ। ਸੀਮੋਨ ਹੁਣ ਸਿੱਧੀ ਰਾਜਨੀਤਕ ਅਖਾੜੇ ਵਿਚ ਸੀ। 'ਪਰਿਨੀਲੇਜ਼' ਨਾਂ ਦਾ ਲੇਖ ਸੰਗ੍ਰਹਿ ਪ੍ਰਕਾਸ਼ਿਤ ਹੋਇਆ, ਜਿਸ ਵਿਚ ਖੁਲ੍ਹਕੇ ਫਰਾਂਸ ਦੀ ਬਸਤੀਵਾਦੀ ਨੀਤੀ ਦੇ ਖਿਲਾਫ ਲਿਖਿਆ ਗਿਆ ਸੀ। ਸਾਰਤਰ ਦੇ ਨਾਲ 1955 ਵਿਚ ਹੈਲਸਿੰਕੀ ਵਿਖੇ ਵਿਸ਼ਵ ਅਮਨ ਕਾਨਫਰੰਸ ਵਿਚ ਹਿੱਸਾ ਲੈਂਦੀ ਹੈ। ਇਸੇ ਸਾਲ ਸਾਰਤਰ ਦੇ ਨਾਲ ਚੀਨ ਦੀ ਯਾਤਰਾ। ਮੌਂਪਾਰਨਸ ਵਿਚ ਪੁਰਸਕਾਰ ਰਾਹੀਂ ਮਿਲੇ ਹੋਏ ਪੈਸਿਆਂ ਨਾਲ ਆਪਣਾ ਨਿੱਜੀ ਸਟੂਡੀਉ ਭਾਵ ਇਕ ਕਮਰੇ ਦਾ ਛੋਟਾ ਜਿਹਾ ਫਲੈਟ ਖਰੀਦਦੀ ਹੈ, ਜਿੱਥੇ ਉਹ ਅਖੀਰ ਤੱਕ ਰਹੀ। 


1958 ਵਿਚ ਉਸ ਦੀ ਡਾਇਰੀ ਦੇ ਪਹਿਲੇ ਭਾਗ 'ਮੈਮੋਰੀਜ਼ ਆਫ ਡਿਉਟੀਫੁੱਲ ਡਾਟਰ' ਛਪਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਦੀ ਇਕ ਵਿਸ਼ਾਲ ਸਭਾ ਵਿਚ ਦ ਗਾਲ ਦੇ ਫੇਰ ਸੱਤਾ ਵਿਚ ਆਉਣ ਦੇ ਖਿਲਾਫ ਬੋਲਦੀ ਹੈ। ਪਰ ਦ ਗਾਲ ਫੇਰ ਸੱਤਾ ਵਿਚ ਆ ਜਾਂਦਾ ਹੈ। ਦ ਗਾਲ ਦੀ ਅਲਜੀਰੀਆ ਬਾਰੇ ਨੀਤੀ ਦੇ ਖਿਲਾਫ ਸੀਮੋਨ ਤੇ ਸਾਰਤਰ ਦੋਵੇਂ ਸਖਤ ਆਲੋਚਨਾ ਕਰਦੇ ਹਨ। ਇਸੇ ਸਾਲ ਲੈਂਜ਼ਮੈਨ ਨਾਲ ਉਸਦਾ ਸਬੰਧ ਖਤਮ ਹੋ ਜਾਂਦਾ ਹੈ। ਇਹ ਹੋਣਾ ਹੀ ਸੀ। ਲੈਂਜ਼ਮੈਨ ਦੇ ਸਾਹਮਣੇ ਸਾਰੀ ਜ਼ਿੰਦਗੀ ਪਈ ਸੀ। 


1959 ਵਿਚ ਫੇਰ ਅਲਜੀਰੀਆ ਦੇ ਮੁਕਤੀ-ਸੰਗਰਾਮ ਵਿਚ ਖੁੱਲ੍ਹ ਕੇ ਹਿੱਸਾ ਲੈਂਦੀ ਹੈ ਅਤੇ ਸਰਕਾਰੀ ਪਾਬੰਦੀ ਦੇ ਖਿਲਾਫ ਜਲੂਸ ਵਿਚ ਜਾਂਦੀ ਹੈ। ਕੈਨੇਡੀਅਨ ਸਰਕਾਰ ਉਸਦੇ ਇਕ ਟੈਲੀਵੀਜ਼ਨ ਇੰਟਰਵਿਊ ਤੇ ਪਾਬੰਦੀ ਲਾ ਦਿੰਦੀ ਹੈ, ਕਿਉਂਕਿ ਉਹ ਨਾਸਤਿਕ ਹੈ ਅਤੇ ਵਿਆਹ ਦੀ ਸੰਸਥਾ ਦੇ ਨਾਲ ਹੀ ਕੈਥੋਲਿਕ ਧਰਮ ਦਾ ਵੀ ਵਿਰੋਧ ਕਰਦੀ ਹੈ। 


ਇਸ ਸਮੇਂ ਫਰਾਂਸ ਵਿਚ ਇਕ ਕਿਤਾਬ ਛਪਦੀ ਹੈ ਔਰਤ ਦੇ ਜਨਮ-ਨਿਰੋਧਕ ਅਧਿਕਾਰ ਦੇ ਹੱਕ ਵਿਚ। ਸੀਮੋਨ ਇਸ ਕਿਤਾਬ ਦਾ ਮੁੱਖ ਬੰਦ ਲਿਖਦੀ ਹੈ। 1960 ਵਿਚ ਸਾਰਤਰ ਦੇ ਨਾਲ ਕਿਊਬਾ ਜਾਂਦੀ ਹੈ। ਕਾਸਟਰੋ ਨੇ ਬਹੁਤ ਹੀ ਮੁਹੱਬਤ ਅਤੇ ਗਰਮਜੋਸ਼ੀ ਨਾਲ ਇਨ੍ਹਾਂ ਦੋ ਮਹਾਨ ਲੇਖਕਾਂ ਦਾ ਸਵਾਗਤ ਕੀਤਾ। ਫਰਾਂਸੀਸੀ ਸਰਕਾਰ ਵਲੋਂ ਦੁਖੀ ਕੀਤੀ ਗਈ ਜਮੀਲਾ ਬੂਪਾਕਾ ਦੇ ਹੱਕ ਵਿਚ ਸੀਮੋਨ ਆਵਾਜ਼ ਉਠਾਉਂਦੀ ਹੈ। ਇਸੇ ਸਾਲ ਉਸਦੀ ਆਤਮ ਕਥਾ ਦਾ ਦੂਸਰਾ ਭਾਗ 'ਦ ਪਰਾਈਸ ਆਫ ਲਾਈਫ' ਪ੍ਰਕਾਸ਼ਿਤ ਹੁੰਦਾ ਹੈ। ਫੇਰ ਲੇਖਕਾਂ ਵਲੋਂ ਆਲੋਚਨਾ ਦਾ ਵਿਸ਼ਾ, ਪਰ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ। 


ਸੰਨ 1961 ਵਿਚ ਸਾਰਤਰ ਦੇ ਫਲੈਟ ਉੱਤੇ ਬੰਬ ਸੁੱਟੇ ਗਏ, ਕਿਉਂਕਿ ਉਹ ਅਲਜੀਰੀਆ ਦੀ ਆਜ਼ਾਦੀ ਦੇ ਅੰਦੋਲਨ ਦੇ ਹੱਕ ਵਿਚ ਸਨ। ਉਹ ਚੁੱਪ-ਚਾਪ ਲੁਕ ਕੇ ਦੂਸਰੀ ਫਲੈਟ ਵਿਚ ਰਹਿਣ ਲਗਦੇ ਹਨ। ਉੱਥੇ ਵੀ ਬੰਬ ਸੁੱਟਿਆ ਜਾਂਦਾ ਹੈ। ਉਹ ਫੇਰ ਹੋਰ ਜਗ੍ਹਾ। ਜਮੀਲਾ ਬੂਪਾਕਾ ਆਪਣੇ ਦੁੱਖਾਂ ਦੀ ਕਹਾਣੀ ਕਿਤਾਬ ਦੇ ਰੂਪ ਵਿਚ ਲਿਖਦੀ ਹੈ। ਸੀਮੋਨ ਇਸਦੀ ਭੂਮਿਕਾ ਲਿਖਦੀ ਹੈ। ਸੀਮੋਨ ਨੂੰ ਟੈਲੀਫੋਨ ਰਾਹੀਂ ਮੌਤ ਦੀਆਂ ਧਮਕੀਆਂ ਮਿਲਦੀਆਂ ਹਨ। ਅੰਤ ਵਿਚ ਅਲਜੀਰੀਆ ਨਾਲ ਫਰਾਂਸੀਸੀ ਸਰਕਾਰ ਸਮਝੌਤਾ ਕਰਦੀ ਹੈ। ਸੋਵੀਅਤ ਲੇਖਕਾਂ ਦੇ ਸੱਦੇ 'ਤੇ ਸੀਮੋਨ, ਸਾਰਤਰ ਦੇ ਨਾਲ ਰੂਸ ਪਹੁੰਚੀ। 


1963 ਵਿਚ ਸੀਮੋਨ ਦੀ ਮਾਂ ਦੀ ਮੌਤ ਹੋ ਗਈ। ਉਹ ਚੈਕੋਸਲਵਾਕੀਆ ਗਈ। ਆਤਮਕਥਾ ਦਾ ਤੀਜਾ ਭਾਗ 'ਦ ਫੋਰਸ ਆਫ ਸਰਕਮਸਟਾਂਸਜ਼' ਪ੍ਰਕਾਸ਼ਿਤ ਹੋਇਆ। ਪ੍ਰੈਸ ਦੀ ਮਿਲੀ-ਜੁਲੀ ਪ੍ਰਤੀਕ੍ਰਿਆ। ਉਸਨੇ ਆਪਣੀ ਮਾਂ ਦੀ ਮੌਤ ਸਮੇਂ 1964 ਵਿਚ 'ੲ ਵੈਰ੍ਹੀ ਈਜ਼ੀ ਡੈਥ' ਨਾਵਲ ਲਿਖਿਆ। 1966 ਵਿਚ ਫੇਰ ਸਾਰਤਰ ਦੇ ਨਾਲ ਸੋਵੀਅਤ ਯੂਨੀਅਨ ਅਤੇ ਜਪਾਨ ਦੀ ਯਾਤਰਾ। ਇਨ੍ਹਾਂ ਦੋਹਾਂ ਮਹਾਨ ਲੇਖਕਾਂ ਦਾ ਸਾਰਾ ਸਾਹਿਤ ਜਾਪਾਨੀ ਭਾਸ਼ਾ ਵਿਚ ਅਨੁਵਾਦਿਤ ਹੋਇਆ, ਜਿਸ ਵਿਚ 'ਦ ਸੈਕਿੰਡ ਸੈਕਸ' ਸਭ ਤੋਂ ਵੱਧ ਵਿਕੀ। ਇਸੇ ਸਾਲ ਹੋਰ ਇਕ ਨਾਵਲ 'ਬਿਉਟੀਫੁਲ ਇਮੇਜਜ਼' ਛਪਿਆ। 1967 ਵਿਚ ਮੱਧਪੂਰਬ ਦੀ ਯਾਤਰਾ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਭਾਸ਼ਣ। 


1968 ਵਿਚ ਬਰਟੰਡ ਰਸਲ ਨੇ ਸਾਰਤਰ ਦੇ ਸਹਿਯੋਗ ਨਾਲ ਯੁੱਧ ਅੰਦਰ ਅਪਰਾਧੀਕਰਣ ਦੇ ਖਿਲਾਫ ਨਿਆਂ ਲਈ ਵਿਵਸਥਾ ਦੀ ਸਥਾਪਨਾ ਕੀਤੀ ਜਿਸ ਵਿਚ ਸੀਮੋਨ ਨੇ ਵੀ ਸਹਾਇਤਾ ਕੀਤੀ। ਮੁੱਖ ਉਦੇਸ਼ ਸੀ ਅਮਰੀਕਾ ਦੀ ਵੀਅਤਨਾਮ ਨੀਤੀ ਦੇ ਵਿਰੁੱਧ ਸਸਾੰਰ ਦੀ ਰਾਇ ਤਿਆਰ ਕਰਨੀ। ਇਸ ਸਾਲ ਉਸਦਾ ਇਕ ਹੋਰ ਨਾਵਲ 'ਦ ਵੂਮੈਨ ਡੈਸਟ੍ਰਾਇਡ' ਪ੍ਰਕਾਸ਼ਿਤ ਹੋਇਆ। ਇਸਤੋਂ ਬਾਅਦ 1968 ਦੀ ਮਈ ਦੇ ਮਹੀਨੇ ਸੱਤਾ ਦੀਆਂ ਜੜਾਂ ਨੂੰ ਹਲਾ ਦੇਣ ਵਾਲੀ ਵਿਦਿਆਰਥੀ ਕ੍ਰਾਂਤੀ। ਸਾਰਤਰ ਹੁਣ ਕਰਮਯੋਗੀ ਸੀ, ਇਸ ਕ੍ਰਾਂਤੀ ਦਾ ਆਗੂ। ਸੀਮੋਨ ਚੁਣੀ ਜਾਂਦੀ ਹੈ ਨੈਸ਼ਨਲ ਲਾਇਬ੍ਰੇਰੀ ਕਾਂਸਲਰਲੇਟਿਟਵ ਕਮੇਟੀ ਲਈ 'ਮੈਨ ਆਫ ਲੈਟਰਜ਼' ਦੀ ਮੈਂਬਰ ਦੇ ਰੂਪ ਵਿਚ। 


1970 ਵਿਚ 'ਓਲਡ ਏਜ' ਦਾ ਪ੍ਰਕਾਸ਼ਨ। ਇਸਦੀ ਖੁੱਲ੍ਹਕੇ ਆਲੋਚਨਾ ਹੋਈ ਕਿ ਉਹ ਸਠਿਆ ਗਈ ਹੈ, ਪੀੜਤ ਹੈ ਆਦਿ ਆਦਿ। ਪਰ ਸੰਸਾਰ ਸਾਹਿਤ ਵਿਚ ਬੁਢਾਪੇ ਦੀ ਅਵਸਥਾ ਬਾਰੇ ਇੰਨੇ ਮਹੱਤਵਪੂਰਨ ਵਿਸਲੇਸ਼ਣ ਬਹੁਤ ਘੱਟ ਲਿਖੇ ਗਏ ਹਨ। 


ਹੁਣ ਸੀਮੋਨ ਫਰਾਂਸ ਦੀ ਔਰਤਾਂ ਦੇ ਮੁਕਤੀ ਅੰਦੋਲਨ ਦੀ ਆਗੂ ਸੀ ਅਤੇ ਨਿੱਤ ਨਵੇਂ ਮੁੱਦਿਆਂ ਤੇ ਬੋਲ ਰਹੀ ਸੀ। 1971 ਵਿਚ 'ਮੈਨੀਫੇਸਟੋ ਆਫ 343' ਛਪਿਆ ਜਿਸ ਵਿਚ ਫਰਾਂਸ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਔਰਤਾਂ ਨੇ ਆਪਣੇ ਜੀਵਨ ਵਿਚ ਕੀਤੇ ਗਏ ਗਰਭਪਾਤਾਂ ਨੂੰ ਸਵੀਕਾਰਿਆ। ਇਸ ਵਿਚ ਸੀਮੋਨ ਦੇ ਵੀ ਦਸਤਖਤ ਸਨ। 1970 ਤੋਂ ਪਹਿਲਾਂ ਉਹ ਨਾਰੀ ਮੁਕਤੀ ਅੰਦੋਲਨ ਦੇ ਪ੍ਰਤੀ ਇਕ ਸਮਾਜ ਸੁਧਾਰਕ ਦਾ ਦ੍ਰਿਸ਼ਟੀਕੋਨ ਰਖਦੀ ਸੀ ਪਰ ਹੁਣ ਉਹ ਔਰਤਾਂ ਦੀ ਸਥਿਤੀ ਵਿਚ ਬੁਨਿਆਦੀ ਤਬਦੀਲੀ ਚਾਹੁੰਦੀ ਸੀ। ਸਦੀਆਂ ਤੋਂ ਔਰਤਾਂ 'ਤੇ ਤਸ਼ੱਦਦ ਹੋ ਰਿਹਾ ਸੀ ਜਿਸਦਾ ਜੜ੍ਹੋਂ ਖਾਤਮਾ ਜਰੂਰੀ ਸੀ। ਸਮਾਜਵਾਦ ਨਾਲ ਔਰਤ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ। ਉਹ ਰੂਸ ਦੀਆਂ ਔਰਤਾਂ ਦੀ ਉਦਾਹਰਣ ਵੀ ਦੇਖ ਰਹੀ ਸੀ। ਆਦਮੀ ਬਹੁਤ ਚਲਾਕ ਹੁੰਦਾ ਹੈ ਅਤੇ ਸੱਤਾ ਦੇ ਨਸ਼ੇ ਵਿਚ ਔਰਤਾਂ ਦਾ ਦਮਨ ਕੀਤੇ ਬਗੈਰ ਰਹਿ ਨਹੀਂ ਸਕਦਾ। ਹੁਣ ਇਸ ਅੱਧੀ ਦੁਨੀਆਂ ਦੇ ਸਾਰੇ ਵਾਦਾਂ, ਜਾਤੀਆਂ, ਰਾਸ਼ਟਰਾਂ ਦਾ ਵਖਰੇਵਾਂ ਛੱਡ ਕੇ ਦਬਾਈ ਜਾ ਰਹੀ ਜਾਤੀ ਦੀ ਤਰ੍ਹਾਂ ਲੰਬੀ ਲੜਾਈ ਲੜਨੀ ਪਵੇਗੀ। 


ਆਤਮ ਕਥਾ ਦਾ ਚੌਥਾ ਭਾਗ 'ਆਲ ਸੈਡ ਐਂਡ ਡੰਨ' 1972 ਵਿਚ ਛਪਦਾ ਹੈ। 1973 ਵਿਚ 'ਲ ਤੌ ਮੋਦਾਰਨ' ਪੱਤ੍ਰਿਕਾ ਵਿਚ ਔਰਤਾਂ ਦੇ ਸਮਰਥਕ ਕਾਲਮ ਦੀ ਸ਼ੁਰੂਆਤ ਕੀਤੀ। ਉਹ 1974 ਵਿਚ ਔਰਤਾਂ ਦੇ ਮੁਕਤੀ ਅੰਦੋਲਨ ਦੀ ਪ੍ਰਧਾਨ ਚੁਣੀ ਗਈ। 1978 ਵਿਚ ਉਸਦੇ ਜੀਵਨ 'ਤੇ ਦਾਯਾਂ ਐਂਡ ਰਿਬੋਸਕਾ ਨੇ ਇਕ ਫਿਲਮ ਬਣਾਈ। 1979 ਵਿਚ ਜੀਵਨ ਭਰ ਮਨੁੱਖੀ ਸਬੰਧਾ ਵਾਲੇ ਅਤੇ ਸੰਗੀ-ਸਾਥੀ ਸਾਰਤਰ ਦੀ ਮੌਤ। ਸਾਰਤਰ ਦੀ ਮੌਤ ਅਤੇ ਉਸ ਨਾਲ ਗੱਲਬਾਤ ਦੇ ਕੁੱਝ ਅੰਦਰੂਨੀ ਹਿੱਸੇ ' ੲ ਫਅਰਵੈਲ ਟੂ ਸਾਰਤਰ' 1981 ਵਿਚ ਪ੍ਰਭਾਵਸ਼ਾਲੀ ਰੂਪ ਵਿਚ ਸੀਮੋਨ ਨੇ ਪ੍ਰਕਾਸ਼ਿਤ ਕੀਤੇ। 1981 ਵਿਚ ਉਸਦੇ ਪੁਰਾਣੇ ਪ੍ਰੇਮੀ ਐਲਗ੍ਰੇਨ ਦੀ ਵੀ ਮੌਤ ਹੋ ਗਈ। 1983 ਵਿਚ ਸਾਰਤਰ ਵਲੋਂ ਸੀਮੋਨ ਨੂੰ ਲਿਖੀਆਂ ਗਈਆਂ ਜਾਤੀ ਚਿੱਠੀਆਂ ਅਤੇ ਕੁੱਝ ਹੋਰ ਸਾਥੀਆਂ ਦੀਆਂ ਚਿੱਠੀਆਂ ਨੂੰ ਛਪਵਾਇਆ ਗਿਆ, ਜਿਸਦਾ ਸੰਪਾਦਨ ਸੀਮੋਨ ਨੇ ਆਪ ਕੀਤਾ। 1985 ਵਿਚ ਓਲਗਾ ਅਤੇ ਬੋਸਟ ਦੋ ਹੋਰ ਨੇੜਲੇ ਸਾਥੀਆਂ ਦੀ ਮੌਤ ਹੋ ਗਈ। 


ਇਕ ਇਕ ਕਰਕੇ ਸੰਗੀ ਸਾਥੀ ਹੁਣ ਵਿਦਾ ਹੋ ਰਹੇ ਸਨ। ਸੀਮੋਨ ਨੂੰ ਵੀ ਆਪਣੀ ਮੌਤ ਨੇੜੇ ਆਉਂਦੀ ਦਿਸ ਰਹੀ ਸੀ। ਸਾਰਤਰ ਦੀ ਮੌਤ, ਨੇੜਲੇ ਸਾਥੀਆਂ ਦਾ ਜਾਣਾ। ਆਖਰੀ ਦਿਨਾਂ ਵਿਚ ਉਹ ਇਕੱਲੀ ਪਰ ਪੂਰੀ ਤਰ੍ਹਾਂ ਇਕ ਇਕ ਪਲ ਕੰਮ ਵਿਚ ਜੁਟੀ ਰਹੀ। ਆਪਣੀ ਇਕ ਇੰਟਰਵਿਊ ਵਿਚ ਉਹ ਕਹਿੰਦੀ ਹੈ : 'ਮੈਂ ਜ਼ਿੰਦਗੀ ਨੂੰ ਪਿਆਰ ਕੀਤਾ, ਸ਼ਿੱਦਤ ਨਾਲ ਚਾਹਿਆ, ਉਸਦਾ ਪੱਲਾ ਫੜਿਆ, ਦਿਸ਼ਾ-ਨਿਰਦੇਸ਼ ਦਿੱਤਾ। ਇਹ ਮੇਰੀ ਜ਼ਿੰਦਗੀ ਹੈ ਜੋ ਸਿਰਫ ਇਕ ਵਾਰ ਹੀ ਮਿਲੀ ਹੈ। ਹੁਣ ਲਗਦਾ ਹੈ ਕਿ ਮੈਂ ਆਪਣੀ ਮੰਜ਼ਿਲ ਦੀ ਦਿਸ਼ਾ ਵਲ ਅੱਗੇ ਵਧ ਰਹੀ ਹਾਂ। ਜੋ ਕੁੱਝ ਵੀ ਅੱਜ ਕਰ ਰਹੀ ਹਾਂ, ਉਹ ਲਿਖਣ ਦਾ ਵਿਕਾਸ ਨਹੀਂ, ਬਲਕਿ ਮੇਰਾ ਜੀਵਨ ਖਤਮ ਕਰਦੀ ਹੈ, ਮੌਤ ਮੇਰੇ ਪਿੱਛੇ ਪਈ ਹੈ।'ਫੇਰ 14 ਅਪਰੈਲ 1986 ਨੂੰ ਇਹ ਲੇਖਿਕਾ ਦੁਨੀਆਂ ਨੂੰ ਅਲਵਿਦਾ ਆਖ ਜਾਂਦੀ ਹੈ। 


ਲੇਖਿਕਾ--ਡਾ: ਪ੍ਰਭਾ ਖੇਤਾਨ 

ਪੰਜਾਬੀ ਤਰਜ਼ਮਾ-ਕੇਹਰ ਸ਼ਰੀਫ਼

No comments:

Post a Comment