ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, March 6, 2013

ਔਰਤ ਮੁਕਤੀ ਦਾ ਰਾਹ ਕੀ ਹੋਵੇ ?

ਔਰਤਾਂ ਉੱਪਰ ਲੁੱਟ-ਜਬਰ ਦੀਆਂ ਵਾਪਰਦੀਆਂ ਸ਼ਰਮਨਾਕ ਘਟਨਾਵਾਂ ਦੇ ਬਾਵਜੂਦ ਹਰ ਸਾਲ ਦੀ ਤਰਾਂ ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਦਿਆਂ ਭਾਰਤ ਅੰਦਰ ਵੀ 'ਔਰਤ ਕੌਮਾਂਤਰੀ ਦਿਵਸ' ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤੀ ਰਾਜ ਮਸ਼ੀਨਰੀ ਦੇ ਸਾਰੇ ਪੁਰਜੇ (ਅਦਾਲਤਾਂ, ਕਾਨੂੰਨ, ਧਰਮ, ਮੀਡੀਆ, ਸਿੱਖਿਆ ਆਦਿ) ਔਰਤ ਸ਼ਸ਼ਕਤੀਕਰਨ, ਬਰਾਬਰੀ ਤੇ ਜਮਹੂਰੀਅਤ ਦੇ ਲੰਮੇ ਚੌੜੇ ਭਾਸ਼ਨ ਤੇ ਪ੍ਰੋਗਰਾਮ ਕਰਦੇ ਨਜਰ ਆਉਂਦੇ ਹਨ।


ਭਾਰਤ ਅੰਦਰ ਬੇਰੁਜਗਾਰੀ ਦੇ ਆਲਮ 'ਚ ਪੜੀਆਂ ਲਿਖੀਆਂ ਔਰਤਾਂ ਨੂੰ ਵੱਡੇ-ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ-ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੂੰਜੀਵਾਦੀ ਪ੍ਰਬੰਧ ਨੇ ਔਰਤ ਦੀ ਸਰੀਰਕ ਕਿਰਤ ਸ਼ਕਤੀ ਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ 'ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ। ਖਪਤਵਾਦੀ ਸੱਭਿਆਚਾਰ ਤਹਿਤ ਉਸ ਨੂੰ ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਗਾਉਣ-ਵਜਾਉਣ, ਚੀਅਰਜ ਗਰਲਜ, ਮੌਡਲਿੰਗ, ਕਾਲ ਗਰਲਜ, ਸੇਲਜ ਗਰਲਜ, ਬਲਿਊ ਪੌਰਨ ਫਿਲਮਾਂ ਅਤੇ ਅਧ ਨੰਗੇ ਜਿਸਮ ਨੂੰ ਮਸ਼ਹੂਰੀਆਂ ਲਈ ਵਰਤਦਿਆਂ ਉਸ ਨੂੰ ਜਿਣਸੀ ਉਪਭੋਗਤਾ ਦੀ ਵਸਤੂ ਬਣਾਇਆ ਗਿਆ ਹੈ। ਗਰੀਬ ਔਰਤਾਂ ਘੋਰ ਗਰੀਬੀ, ਭੁੱਖਮਰੀ, ਕੁਪੋਸ਼ਣ, ਬਿਮਾਰੀਆਂ, ਅਣਪੜ੍ਹਤਾ ਤੇ ਅਨੀਮੀਏ ਦੀਆਂ ਬੁਰੀ ਤਰਾਂ ਸ਼ਿਕਾਰ ਹਨ। ਬਾਲ ਵਿਆਹ, ਦਾਜ, ਭਰੂਣ ਹੱਤਿਆ ਤੇ ਲਿੰਗਕ ਵਖਰੇਵੇਂ ਦੀਆਂ ਘਟਨਾਵਾਂ ਰੋਜਮਰ੍ਹਾ ਦਾ ਵਰਤਾਰਾ ਬਣ ਗਈਆ ਹਨ। ਭਾਰਤ 'ਚ ਹਰ 7 ਮਿੰਟ ਬਾਅਦ ਔਰਤ ਨਾਲ ਅਪਰਾਧਿਕ ਘਟਨਾ, 26 ਮਿੰਟ ਬਾਅਦ ਛੇੜਛਾੜ, 42 ਮਿੰਟ ਬਾਅਦ ਦਾਜ ਕਾਰਨ ਇੱਕ ਮੌਤ, 43 ਮਿੰਟ ਬਾਅਦ ਇੱਕ ਅਗਵਾ ਕੇਸ, ਤੇ 54 ਮਿੰਟ ਬਾਅਦ ਇੱਕ ਬਲਾਤਕਾਰ ਦੀ ਘਟਨਾ ਵਾਪਰ ਰਹੀ ਹੈ। ਸਮੁੱਚੇ ਭਾਰਤ ਅੰਦਰ ਪਿਛਲੇ ਸਾਲ ਬਲਾਤਕਾਰ ਦੀਆਂ 22,173 ਘਟਨਾਵਾਂ ਵਾਪਰੀਆਂ। ਇੱਕ ਅੰਕੜੇ ਮੁਤਾਬਕ ਦੇਸ ਦੀਆਂ ਅਦਾਲਤਾਂ 'ਚ 1,2, 000 ਬਲਾਤਕਾਰ ਦੇ ਕੇਸ ਪੈਂਡਿੰਗ ਦੇਸ ਦੀਆਂ ਅਦਾਲਤਾਂ 'ਚ 1,2, 000 ਬਲਾਤਕਾਰ ਦੇ ਕੇਸ ਪੈਂਡਿੰਗ ਪਏ ਹਨ। ਯੂਨੀਸੈਫ ਅਨੁਸਾਰ ਭਾਰਤ 'ਚ 14 ਕਰੋੜ ਕੁੜੀਆਂ ਦੇ ਜਨਣ ਅੰਗਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਦੇਸ਼ ਦੀਆਂ 30 ਲੱਖ ਨੌਜੁਆਨ ਕੁੜੀਆਂ ਵੇਸ਼ਵਾਗਿਰੀ ਕਰਨ ਲਈ ਮਜਬੂਰ ਹਨ। ਅੱਜ 21 ਵੀਂ ਸਦੀ ਵਿੱਚ ਵੀ ਭਾਰਤ ਵਿੱਚ ਲੜਕੀਆਂ ਨੂੰ ਆਜਾਦ ਤੌਰ 'ਤੇ ਆਪਣਾ ਜੀਵਨ ਸਾਥੀ ਚੁਨਣ ਦਾ ਅਧਿਕਾਰ ਤੱਕ ਨਹੀਂ ਹੈ। ਅੱਜ ਵੀ ਉਨ੍ਹਾਂ ਨੂੰ ਅਣਖ ਖਾਤਰ ਖਾਪ ਪੰਚਾਇਤਾਂ ਦੇ ਜੁਲਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਆਮ ਤੋਰ 'ਤੇ ਜਦੋਂ ਔਰਤ ਉੱਪਰ ਜੁਲਮ, ਵਿਤਕਰੇ ਅਤੇ ਹਿੰਸਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਮਰਦ ਨੂੰ ਹੀ ਜਿੰਮੇਵਾਰ ਸਮਝ ਲਿਆ ਜਾਂਦਾ ਹੈ ਅਤੇ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮਿਹਨਤਕਸ਼ ਮਰਦ ਤਾਂ ਖੁਦ ਇਸ ਪ੍ਰਬੰਧ ਵਿੱਚ ਲੁਟੇਰੀਆਂ ਜਮਾਤਾਂ ਹੱਥੋਂ ਲੁੱਟ ਤੇ ਦਾਬੇ ਦਾ ਸ਼ਿਕਾਰ ਹਨ। ਔਰਤਾਂ ਨੂੰ ਜਮਾਤੀ ਦਾਬੇ ਦੇ ਨਾਲ-ਨਾਲ ਪਿਤਾ ਪੁਰਖੀ ਮਰਦ ਪ੍ਰਧਾਨ ਦਾਬੇ ਦੀ ਦੋਹਰੀ ਗੁਲਾਮੀ ਦੀ ਮਾਰ ਝੱਲਣੀ ਪੈ ਰਹੀ ਹੈ। ਇੱਥੇ ਕਿਰਤੀ ਮਰਦ ਅਤੇ ਔਰਤ ਦੋਵਾਂ ਦਾ ਜਮਾਤੀ ਦੁਸ਼ਮਣ ਮੌਜੂਦਾ ਲੁਟੇਰਾ ਤੇ ਜਾਬਰ ਰਾਜ ਪ੍ਰਬੰਧ ਹੈ। ਇਹ ਰਾਜ ਮਸ਼ੀਨਰੀ ਹੈ ਜਿਹੜੀ ਕੌਮੀ ਮੁਕਤੀ ਲਈ ਲੜ ਰਹੀਆਂ ਕੌਮੀਅਤਾਂ, ਜਮਹੂਰੀ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ, ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਮੇਹਨਤਕਸ਼ ਲੋਕਾਂ ਦੇ ਜਮਾਤੀ ਘੋਲਾਂ ਨੂੰ ਕੁਚਲਦੀ ਹੈ।

ਸਾਮਰਾਜੀਆਂ ਦੇ ਪਾਲਤੂ ਗੈਰ ਸਰਕਾਰੀ ਸੰਗਠਨ ਪੂੰਜੀਵਾਦੀ ਹਾਕਮਾਂ ਤੇ ਉਨ੍ਹਾਂ ਦੀਆਂ ਪਿੱਠੂ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੁਆਰਾ ਚਲਾਈਆ ਜਾਂਦੀਆਂ ਪਿਛਾਖੜੀ ਔਰਤ ਜਥੇਬੰਦੀਆਂ ਜੋ ਇਕ ਪਾਸੇ ਇਨਕਲਾਬੀ ਔਰਤ ਅੰਦੋਲਨ ਦਾ ਤੱਤ ਤੇ ਰੂਪ ਵਿਗਾੜਨ ਲਈ ਯਤਨਸ਼ੀਲ ਰਹਿੰਦੀਆਂ ਹਨ ਤੇ ਦੂਸਰੇ ਪਾਸੇ ਲੁਟੇਰੀਆਂ ਹਾਕਮ ਜਮਾਤਾਂ ਦੀ ਸੇਵਾ ਕਰਦੀਆਂ ਹਨ। ਇਸ ਤੋਂ ਇਲਾਵਾ ਉਦਾਰ ਬੁਰਜੂਆ ਨਾਰੀਵਾਦੀ ਸੁਧਾਰਵਾਦੀ ਅੰਦੋਲਨ ਜੋ ਔਰਤਾਂ ਦੇ ਸਿੱਖਿਆ, ਸਿਹਤ, ਲਿੰਗਕ ਭੇਦ ਭਾਵ, ਯੌਨ ਸ਼ੋਸ਼ਣ ਪਿਤਰਸੱਤਾ ਆਦਿ ਸਬੰਧੀ ਮੰਗਾਂ ਨੂੰ ਲੋਟੂ ਰਾਜ ਪ੍ਰਬੰਧ ਦੇ ਅੰਤਰਗਤ ਕਰਨ ਦੀ ਦਿਸ਼ਾਹੀਣ ਗੈਰਸਿਧਾਂਤਕ ਕਵਾਇਦ ਦੀਆਂ ਕਾਰਵਾਈਆਂ ਕਰਦਿਆਂ ਖੁਦਗਰਜ ਆਤਮਿਕ ਅਨੰਦ ਹਾਸਲ ਕਰਨ ਦੇ ਆਹਰੇ ਲੱਗੇ ਨਜਰ ਆਉਂਦੇ ਹਨ। ਇੱਥੇ ਮਾਰਕਸਵਾਦੀ ਸਿਧਾਂਤਕ ਸ਼ਬਦਾਵਲੀ 'ਚ ਲਿਪਟੀ ਸਮਾਜਵਾਦੀ ਨਾਰੀਵਾਦੀ ਧਾਰਾ ਵੀ ਵੇਖਣ ਨੂੰ ਮਿਲਦੀ ਹੈ ਜੋ ਸੁਧਾਰਵਾਦੀ ਰੌਲੇ ਦੇ ਮੁਕਾਬਲੇ ਵੱਧ ਰੈਡੀਕਲ ਤੇ ਅਗਾਂਹਵਧੂ ਜਾਪਦੀ ਹੈ। ਪ੍ਰੰਤੂ ਵੱਖ-ਵੱਖ ਭਾਂਤ ਦੀਆਂ ਇਹ ਧਾਰਾਵਾਂ ਔਰਤ ਮੁਕਤੀ ਲਹਿਰ ਨੂੰ ਜਮਾਤੀ ਸੰਘਰਸ਼ਾਂ ਦੇ ਨਜਰੀਏ ਤੋਂ ਚਲਾਉਣ ਤੋਂ ਅਸਮਰੱਥ ਰਹਿੰਦੀਆ ਹੋਈਆਂ ਵੱਖ-ਵੱਖ ਭਟਕਣਾ, (ਅਰਾਜਿਕਤਾਵਾਦ, ਕਾਨੂੰਨਵਾਦ, ਸੋਧਵਾਦ, ਸੁਧਾਰਵਾਦ) ਦਾ ਸ਼ਿਕਾਰ ਹੋ ਜਾਂਦੀਆ ਹਨ। ਅਜਿਹੇ ਭਟਕਾਅ ਇਨਕਲਾਬੀ ਸੰਘਰਸ਼ਾਂ ਨੂੰ ਗੁੰਮਰਾਹ ਕਰਦੇ ਹੋਏ ਪੀੜਤ ਜਮਾਤਾਂ ਦੇ ਰੋਹ ਅਤੇ ਗੁੱਸੇ ਨੂੰ ਮੁਲਤਵੀ ਕਰਨ ਦਾ ਸਾਧਨ ਹੋ ਨਿੱਬੜਦੇ ਹਨ ਜੋ ਅੰਤ ਨੂੰ ਪੂੰਜੀਵਾਦੀ ਪ੍ਰਬੰਧ ਦੀ ਉਮਰ ਹੀ ਲੰਮੀ ਕਰਦੇ ਹਨ।

ਇਤਿਹਾਸ ਸਾਡਾ ਮਾਰਗ ਦਰਸ਼ਨ ਕਰਦਾ ਹੈ। ਔਰਤ ਅੰਦੋਲਨ ਨੂੰ ਇਤਿਹਾਸਕ ਪਰਿਪੇਖ ਚੋਂ ਪੜਚੋਲਦਿਆਂ ਸਹੀ ਨਿਰਣਿਆ ਦੀ ਨਿਸ਼ਾਨਦੇਹੀ ਕਰਦਿਆਂ ਹੀ ਅੱਗੇ ਵਧਿਆ ਜਾ ਸਕਦਾ ਹੈ। ਇੱਥੇ ਲੁੱਟੇ-ਨਪੀੜੇ ਜਾ ਰਹੇ ਸਭਨਾਂ ਤਬਕਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਰ ਤਰਾਂ ਦੀ ਲੁੱਟ-ਜਬਰ ਤੋਂ ਮੁਕਤੀ ਦਾ ਰਾਹ ਸਮਾਜਵਾਦੀ ਵਿਚਾਰਧਾਰਾ ਹੀ ਹੈ। ਇਸ ਵਿਚਾਰਧਾਰਾ ਮੁਤਾਬਕ ਸਮਾਜ 'ਚ ਅੱਧੀ ਅਬਾਦੀ ਔਰਤਾਂ ਜਮਾਤੀ ਸੰਘਰਸ਼ ਦਾ ਅਟੁੱਟ ਅੰਗ ਬਣਦੀਆਂ ਹਨ। ਔਰਤਾਂ ਤੋਂ ਬਿਨ੍ਹਾਂ ਜਮਾਤੀ ਸੰਘਰਸ਼ ਨੂੰ ਕਿਆਸਣਾ ਖਿਆਲੀ ਅਤੇ ਆਪਣੀ ਮਜਬੂਤ ਤਾਕਤ ਨੂੰ ਅਣਗੌਲਿਆਂ ਕਰਨ ਵਰਗੀ ਵੱਡੀ ਗਲਤੀ ਹੋਵੇਗੀ।

ਸ਼ਕਤੀਸਾਲੀ ਔਰਤ ਅੰਦੋਲਨ ਲਈ ਸਹੀ ਸਿਧਾਂਤਕ ਕੀ ਹੋਵੇ? ਲੈਨਿਨ ਦੇ ਸ਼ਬਦਾਂ'ਚ ''ਜਾਹਰ ਹੈ ਕਿ ਮਾਰਕਸਵਾਦੀ ਸਿਧਾਂਤ ਤੋਂ ਬਿਨਾਂ ਅੱਛਾ ਵਿਹਾਰਕ ਕੰਮ ਨਹੀਂ ਹੋ ਸਕਦਾ''। ਹੁਣ ਇੱਥੇ ਕਮਿਊਨਿਸਟ ਲਹਿਰ ਅੱਗੇ ਸ਼ਕਤੀਸ਼ਾਲੀ ਔਰਤ ਅੰਦੋਲਨ ਉਸਾਰਨ ਲਈ ਤੇ ਇਸ ਦੀ ਰੌਸ਼ਨੀ 'ਚ ਔਰਤ ਅੰਦੋਲਨ ਉਸਾਰਨ ਲਈ ਸਿਧਾਂਤਕ ਤੇ ਵਿਹਾਰਕ ਪਹੁੰਚ ਨੂੰ ਅੱਗੇ ਪ੍ਰਫੁਲਿਤ ਕਰਨ ਦਾ ਵੱਡਾ ਸਵਾਲ ਖੜਾ ਹੈ। ਭਾਰਤ ਦੇ ਵੱਖ-2 ਖਿਤਿਆਂ ਅੰਦਰ ਔਰਤਾਂ ਉਪਰ ਹੋ ਰਹੇ ਲੁੱਟ ਤੇ ਜਬਰ ਖਿਲਾਫ ਕਮਿਊਨਿਸਟ ਪ੍ਰਭਾਵ ਵਾਲੀਆਂ ਔਰਤ ਜੰਥੇਬੰਦੀਆਂ ਵੱਲੋ ਲਗਾਤਾਰ ਸ਼ਾਨਦਾਰ ਸੰਘਰਸ ਲੜੇ ਜਾ ਰਹੇ ਹਨ। ਮਾਓਵਾਦੀ ਬੈਲਟਾਂ ਅੰਦਰੋਂ ਕੁਲਵਕਤੀ ਔਰਤ ਅਰਗੇਨਾਈਜਰ ਤੇ ਲਾਲ ਫੌਜ ਵਿਚ ਵੱਡੀ ਪੱਧਰ ਤੇ ਔਰਤਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਉਦੀਆਂ ਰਹੀਆਂ। ਹੋਰਨਾਂ ਮੇਹਨਤਕ ਤਬਕਿਆਂ ਦੇ ਸੰਘਰਸ਼ਾਂ ਵਾਂਗ ਘੱਟ-ਵੱਧ ਰੂਪ ਵਿਚ ਔਰਤ ਅੰਦੋਲਨ ਚੱਲਦੇ ਰਹਿਣ ਦੇ ਬਾਵਜੂਦ ਇਕ ਮਜਬੂਤ ਔਰਤ ਜੰਥੇਬੰਦੀ ਸਕਰੀਨ ਤੇ ਨਹੀਂ ਦਿਖਦੀ। ਇਸਦੇ ਅਨੇਕਾਂ ਕਾਰਨ ਹਨ। ਪਹਿਲਾਂ ਪੂੰਜੀਵਾਦੀ ਸਾਮਰਾਜੀਆਂ, ਭਾਰਤੀ ਸਰਮਏਦਾਰਾਂ, ਫਾਸ਼ੀਵਾਦੀ ਫਿਰਕਾਪ੍ਰਸਤ ਪਿਛਾਖੜੀ ਤਾਕਤਾਂ ਦੇ ਸਾਂਝੇ ਗੱਠਜੋੜ ਵੱਲੋਂ ਆਪਣੀ ਲੁਟੇਰੀ ਜਾਬਰ ਰਾਜ ਪ੍ਰਣਾਲੀ ਤੇ ਇਸਦੇ ਜਾਬਰ ਸੰਦਾਂ ਤੇ ਨੀਤੀ ਨਿਰਣੀਆਂ ਤੋਂ ਵੱਧ ਸ਼ਿਕਾਰ ਦੁਨੀਆਂ ਭਰ ਦੀਆਂ ਮੇਹਨਤਕਸ਼ ਔਰਤਾਂ ਹਨ। ਦੂਸਰਾ ਇਸ ਲੋਕ ਵਿਰੋਧੀ, ਔਰਤ ਵਿਰੋਧੀ ਗੱਠਜੋੜ ਦਾ ਲਾਗਾਤਾਰ ਸਹੀ ਤੇ ਬੱਝਵਾਂ ਮੋੜਵਾਂ ਜਵਾਬ ਦੇਣ ਵਾਲੀ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਖਿੰਡੀ ਖੱਪਰੀ ਤੇ ਕਮਜੋਰ ਸਥਿਤੀ 'ਚ ਹੈ। ਦੂਸਰਾ ਨੁਕਤਾ ਸਾਡੇ ਧਿਆਨ ਦਾ ਮੁੱਖ ਕੇਂਦਰ ਬਣਨਾ ਚਾਹੀਦਾ ਹੈ।

ਸੋ ਇਸ ਲੋਕ ਵਿਰੋਧੀ, ਔਰਤ ਵਿਰੋਧੀ ਪ੍ਰੰਬਧ ਨੂੰ ਬਦਲਣ ਲਈ ਸਭਨਾਂ ਮੇਹਨਤਕਸ਼ ਤਬਕਿਆਂ ਸਮੇਤ ਔਰਤ ਵਰਗ ਦੇ ਢਿੱਲਮੱਠ ਤੇ ਬੇਹਰਕਤੀ ਦੇ ਆਲਮ ਤੋਂ ਬਾਹਰ ਨਿਕਲਦਿਆਂ ਸ਼ਕਤੀਸ਼ਾਲੀ ਔਰਤ ਜੰਥੇਬੰਦੀ ਬਣਾਉਣ ਦਾ ਦਲੇਰਾਨਾ ਕਾਜ ਹੱਥ ਲੈਣਾ ਚਾਹੀਦਾ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 98764-
98764-42052

No comments:

Post a Comment