
‘ਕਲੀ-ਕੂਚੀ’, ਸੁਰਜੀਤ ਗਾਮੀ ਦਾ ਇਹ ਕਿੱਤਾ ਹੈ, ਨਾਟਕ ਨਹੀਂ। ਨਾਟਕ ਨੇ ਗਾਮੀ ਦੇ ਅੰਦਰਲੀ ਤ੍ਰੇਹ ਤਾਂ ਬੁਝਾਈ ਪਰ ਢਿੱਡ ਦਾ ਉਲਾਭਾਂ ਸਿਰ ਰੱਖਿਆ। ਜੱਗੋਂ ਤੇਹਰਵੀਂ ਹੋ ਜਾਏਗੀ, ਇਹ ਚੇਤਾ ਉਸਨੂੰ ਨਹੀਂ ਸੀ। ਨਿੱਕੇ ਹੁੰਦੇ ‘ਪਰੀਆਂ’ ਦੀ ਨਹੀਂ,‘ਗੁਰਬਤ’ ਦੀ ਬਾਤ ਸੁਣੀ। ਖੇਡਣ ਉਡਣ ਦੀ ਉਮਰ ਪਿਛਾਂਹ ਮੁੜ ਦੇਖਿਆ ਤਾਂ ਪਿਛੇ ‘ਗਰੀਬੀ’ ਸੀ। ਇਕਵੱਜਾਂ ਵਰ੍ਹਿਆਂ ਮਗਰੋਂ ਵੀ ਪਿਛੇ ਪੁਰਾਣੀ ‘ਸਾਥਣ’ ਖੜੀ ਹੈ। ਮਾਨਸਾ ਵਾਲਾ ਸੁਰਜੀਤ ਗਾਮੀ ਥਿਏਟਰ ਦਾ ਉਹ ਹੀਰਾ ਹੈ ਜੋ ਗੁਰਬਤ ਦੀ ਧੂੜ ’ਚ ਗੁਆਚ ਗਿਆ ਹੈ। ਉਮਰ ’ਚ ਮਸਾਂ ਦਸ ਸਾਲ ਦੀ ਸੀ ਕਿ ਗਾਮੀ ਇੱਕ ਵਹ੍ਹਾ ਬਣ ਕੇ ਤੁਰਿਆ। ਰੰਗਮੰਚ ਲਈ ਦਿਨ ਰਾਤ ਜਾਗਿਆ। ਸਭ ਕੁੱਝ ਭੁੱਲ ਗਿਆ। ਇੱਕੋ ਲਲਕ, ਇੱਕੋ ਜਨੂੰਨ, ਇੱਕੋ ਪੈਂਡਾ। ਅੱਗੇ ਹੀ ਅੱਗੇ ਵੱਧਦਾ ਗਿਆ। ਸਮਾਜ ਦੀ ਝੋਲੀ ’ਚ ਇੱਕ ਰੰਗਕਰਮੀ ਵਜੋਂ ਬਹੁਤ ਕੁਝ ਪਾਇਆ। ਖੁਦ ਹੁਣ ਉਸਦੀ ਝੋਲੀ ਖਾਲੀ ਹੈ। ਤਾੜੀਆਂ ਦਾ ਜਸ ਖੱਟਣ ਵਾਲਾ ਸੁਰਜੀਤ ਆਪਣੇ ਪਰਿਵਾਰ ਦੇ ਗਮਾਂ ’ਚ ਸਿਸਕ ਰਿਹਾ ਹੈ। ਕਲੀ ਕੂਚੀ ਦਾ ਕਿੱਤਾ ਤਾਂ ਉਹ ਸ਼ੁਰੂ ਤੋਂ ਹੀ ਕਰ ਰਿਹਾ ਹੈ। ਇਸ ਮੋੜ ’ਤੇ ਉਸ ਨਾਲ ਕਲੀ ਕੂਚੀ ਵੀ ਹਾਮੀ ਭਰਨੋਂ ਹਟ ਗਈ ਹੈ। ਉਸਦੀ ਪਤਨੀ ਕਈ ਦਫਾ ਆਖ ਦਿੰਦੀ ਸੀ, ‘ਨਾਟਕ ਨੂਟਕ ਤਾਂ ਘਰ ਫੂਕ ਤਮਾਸ਼ਾ ਦੇਖਣ ਵਾਲਾ ਕੰਮ ਹੈ।’ ਕਹੀ ਗੱਲ ਤਾਂ ਸੱਚ ਹੋ ਗਈ, ਜੋ ਹੁਣ ਗੁਰਬਤ ਦਾ ਤਮਾਸ਼ਾ ਹੈ, ਉਹ ਇਕੱਲਾ ਨਹੀਂ, ਉਸ ਨੂੰ ਜਾਣਨ ਵਾਲੇ ਸਭ ਦੇਖਦੇ ਹਨ।

ਦਿਹਾੜੀਦਾਰ ਕਾਮਾ ਹੈ ਸੁਰਜੀਤ ਗਾਮੀ। ਦਿਹਾੜੀ ਨਾ ਮਿਲੇ ਤਾਂ ਸਭ ਨੂੰ ਫਿਕਰ ਪੈ ਜਾਂਦਾ ਹੈ। ਕਈ ਮਾਨਸਾ ਵਾਲੇ ਆਖ ਦਿੰਦੇ ਨੇ, ‘ਬਈ ਸ਼ਰਾਬ ਪੀਂਦੈ, ਬੰਦਾ ਚੰਗੈ ,ਕੋਈ ਰੀਸ ਨਹੀਂ, ਬੱਸ ਆਹ ਸ਼ਰਾਬ ਦੀ ਲਤ ਮਾੜੀ ਐਂ। ਸਹਿਮਤ ਹਾਂ ਕਿ ਬੜੀ ਮਾੜੀ ਹੈ ਸ਼ਰਾਬ ਪੀਣ ਵਾਲੀ ਗੱਲ। ਸਹਿਮਤ ਨਹੀਂ ਹਾਂ ਕਿ ਗਾਮੀ ਦੇ ਐਡੇ ਵੱਡੇ ਥੀਏਟਰ ਦੇ ਯੋਗਦਾਨ ਨੂੰ ਇੱਕੋ ਗੱਲ ਵਜੋਂ ਖੂਹ ਖਾਤੇ ਪਾ ਦੇਈਏ। ਉਸਦੇ ਕਰੇ ਕਰਾਏ ਨੂੰ ਇੱਕੋ ਵੱਟੇ ਖਾਤੇ ਪਾਉਣ ਦੀ ਥਾਂ ਉਸ ਨੂੰ ਸਮਝਣ ਦੀ ਵੀ ਲੋੜ ਹੈ। ਕੀ ਭੁੱਲਣਾ ਬਣਦਾ ਹੈ ਜੋ ਜ਼ਿੰਦਗੀ ਉਸ ਨੇ ਨਾਟਕਾਂ ਜਰੀਏ ਸਮਾਜ ਨੂੰ ਜਗਾਉਣ ’ਤੇ ਲਗਾ ਦਿੱਤੀ। ਭੁੱਲ ਜਾਈਏ ਉਨ੍ਹਾਂ ਦਿਨ੍ਹਾਂ ਨੂੰ ਜਦੋਂ ਉਹ ਨਾਟਕਾਂ ਰਾਹੀਂ ‘ਜਾਗਦੇ ਰਹੋ’ ਦਾ ਹੋਕਾ ਦਿੰਦਾ ਰਿਹਾ। ਉਨ੍ਹਾਂ ਦਿਨ੍ਹਾਂ ’ਚ ਘਰ ਦੀ ਪਹੁੰਚ ਨਹੀਂ ਸੀ ਕਿ ਗਾਮੀ ਪੜ ਲਿਖ ਜਾਂਦਾ। ਬਾਪ ਨੇ 8 ਸਾਲ ਦੀ ਉਮਰ ’ਚ ਉਸ ਨੂੰ ਮਾਨਸਾ ਦੇ ਹੋਟਲ ’ਤੇ ਭਾਂਡੇ ਮਾਂਜਣ ਲਾ ਦਿੱਤਾ। ਹੋਟਲ ਤੇ ਆਉਂਦੇ ਕਾਲਜ ਦੇ ਮੁੰਡਿਆਂ ਨੂੰ ਉਸ ਨੇ ਪੜਣ ਦਾ ਵਾਸਤਾ ਪਾਇਆ। ਮੁੰਡਿਆਂ ਨੇ ਫੀਸ ਭਰ ਦਿੱਤੀ ,ਉਹ ਪੜਣ ਲੱਗ ਪਿਆ। ਬਾਪ ਨੂੰ ਪਤਾ ਲੱਗਾ ਤਾਂ ਉਸ ਨੂੰ ਦੂਸਰੇ ਹੋਟਲ ’ਤੇ ਕੰਮ ਕਰਨ ਲਗਾ ਦਿੱਤੀ। ਗਾਮੀ ਪੜਣਾ ਚਾਹੁੰਦਾ ਸੀ। ਆਖਰ 10 ਸਾਲ ਦੀ ਉਮਰ ’ਚ ਉਹ ਘਰੋਂ ਇਕੱਲਾ ਤੁਰ ਪਿਆ, ਕਹਿ ਲਓ ਕਿ ਆਪਣੇ ਮਿਸ਼ਨ ਦੀ ਤਲਾਸ਼ ’ਚ।
ਉਹ ਲੋਗੋਂਵਾਲ ਇਲਾਕੇ ਦੇ ਮਸ਼ਹੂਰ ਕਾਮਰੇਡ ਮਰਹੂਮ ਵਿੱਦਿਆ ਦੇਵ ਦੀ ਨਾਟਕ ਮੰਡਲੀ ਦਾ ਸਾਥੀ ਬਣ ਗਿਆ। ਉਸ ਨੇ ਆਪਣੀ ਪੜਾਈ ਲਈ ਕਾਮਰੇਡ ਦੇ ਕਹੇ ‘ਲੋਕ ਲਹਿਰ’ ਅਖਬਾਰ ਨੂੰ ਗੁਰੂ ਮੰਨਣ ਲੱਗਾ। ਉਸ ਨੂੰ ਪੰਜਾਬੀ ਪੜਣੀ ਆ ਗਈ। 16 ਸਾਲ ਦੀ ਉਮਰ ਤੱਕ ਉਸ ਨੇ ਸਾਰਾ ਰੂਸੀ ਸਾਹਿਤ ਪੜ ਦਿੱਤਾ। ਮਗਰੋਂ ਪੰਜਾਬੀ ਦੇ ਨਾਮੀ ਲੇਖਕਾਂ ਦਾ ਸਾਹਿਤ ਪੜਿਆ। ਕਾਮਰੇਡਾਂ ਦੇ ਡਰਾਮਿਆਂ ਚੋਂ ਉਸ ਨੂੰ ਅਸਲੀ ਨਾਟਕ ਨਾ ਲੱਭਾ। ਮਗਰੋਂ ਦੋ ਕੁ ਸਾਲ ਗੁਰਸ਼ਰਨ ਭਾਅ ਜੀ ਨਾਲ ਵੀ ਇਨਕਲਾਬੀ ਨਾਟਕ ਖੇਡਦਾ ਰਿਹਾ। ਉਮਰ ਮਸਾਂ 14 ਕੁ ਸਾਲ ਦੀ ਸੀ ਤੇ ਗਲਤੀ ਇਨਕਲਾਬੀ ਨਾਟਕ ਖੇਡਣ ਦੀ ਕੀਤੀ, ਇਸੇ ਕਸੂਰ ’ਚ ਪੂਰੀ ਨਾਟਕ ਮੰਡਲੀ ਸਮੇਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਦੋਂ ਸੱਤਿਆਗ੍ਰਹਿ ਲਹਿਰ ਚੱਲ ਰਹੀ ਸੀ। ਮਾਨਸਾ ਵਾਲੇ ਮਰਹੂਮ ਦਰਸ਼ਨ ਮਿਤਵਾ ਦਾ ਨਾਟਕ ‘ਕੁਰਸੀ ਨਾਚ ਨਚਾਏ’ ਗਾਮੀ ਨੇ 4770 ਵਾਰੀ ਖੇਡਿਆ। ਕਹਿਣਾ ਸੌਖਾ ਹੈ। ਅਜਿਹੇ ਵੀ ਦਿਨ ਸਨ ਕਿ ਇੱਕੋ ਮਹੀਨੇ ’ਚ ਉਹ 45-45 ਨਾਟਕ ਖੇਡਦਾ ਸੀ। ਗਾਮੀ ਨਾਟਕ ਖੁਦ ਲਿਖਦਾ ਹੈ, ਖਾੜੀ ਜੰਗ ਵੇਲੇ ਉਸ ਨੇ ਨਾਟਕ ‘ਮੌਤ ਦੇ ਖੂਹ’ ਲਿਖਿਆ ਤੇ ਜਦੋਂ ਬੀਬੀ ਜਗੀਰ ਕੌਰ ਦੀ ਲੜਕੀ ਵਾਲਾ ਮਾਮਲਾ ਸਾਹਮਣੇ ਆਇਆ ਤਾਂ ਉਸ ਨੇ ਨਾਟਕ ‘ਰੋਣ ਆਟੇ ਦੀਆਂ ਚਿੱੜੀਆਂ’ ਲਿਖਿਆ।

ਐਮਰਜੈਂਸੀ ਦਾ ਮਾੜਾ ਵੇਲਾ ਵੀ ਦੇਖਿਆ। ਉਦੋਂ ਨਾਟਕ ਵੀ ਖੇਡੇ ਲੇਕਿਨ ਗ੍ਰਿਫਤਾਰੀ ਤੋਂ ਬਚਿਆ ਰਿਹਾ। ਉਸ ਦੀ ਮਲਕਪੁਰ ਖਿਆਲੇ ਵਾਲੀ ਗੱਲ ਸੁਣੋ ਜਿਥੋਂ ਉਹ ਨੁੱਕੜ ਨਾਟਕ ਖੇਡਣ ਲੱਗਾ। ਪੂਰੀ ਤਿਆਰੀ ’ਚ ਜਦੋਂ ਮਾਨਸਾ ਨੇੜਲੇ ਇਸ ਪਿੰਡ ਨਾਟਕ ਖੇਡਣ ਗਿਆ ਤਾਂ ਅੱਗਿਓ ਸਟੇਜ ਉਲਟ ਪੁਲਟ ਹੋਈ ਪਈ। ਇਲਾਕੇ ਦੀ ਪੁਲੀਸ ਉਸ ਤੋਂ ਪਹਿਲਾਂ ਹੀ ਆਪਣਾ ‘ਤਮਾਸਾ’ ਕਰ ਗਈ। ਪੁਲੀਸ ਦਾ ਇੱਕੋ ਮਕਸਦ ਸੀ ਕਿ ਨਾਟਕ ਨੂੰ ਰੋਕਣਾ। ਗਾਮੀ ਨੇ ਸਟੇਜ ਦੀ ਥਾਂ ਨੁੱਕੜ ਨਾਟਕ ਕਰ ਦਿੱਤਾ। ਭਾਵੇਂ ਕੋਈ ਉਤਰਾਅ ਚੜਾਅ ਆਇਆ ਉਸ ਨੇ ਆਪਣੀ ਅਦਾਕਾਰੀ ਨੂੰ ਮਰਨ ਨਾ ਦਿੱਤਾ। ਗਾਮੀ ਦੇ ਸਾਥੀ ਕਲਾਕਾਰ ਵੀ ਉਸ ਨਾਲ ਕਲੀ ਕੂਚੀ ਦੇ ਕੰਮ ਕਾਰ ’ਚ ਦਿਹਾੜੀ ਕਰਨ ਵਾਲੇ ਮਜ਼ਦੂਰ ਹੀ ਹੁੰਦੇ ਹਨ। ਇੱਕ ਅਸਲੀ ਕਹਾਣੀ ਦੱਸਦਾ ਹੈ। ਇੱਕ ਦਫਾ ਕਿਸੇ ਪਿੰਡ ਕਲੀ ਕੂਚੀ ਕਰਦੇ ਕਰਦੇ ਉਹ ਰਾਮਪੁਰਾ ਵਿਖੇ ਨਾਟਕ ਮੁਕਾਬਲੇ ’ਚ ਹਿੱਸਾ ਲੈਣ ਪੁੱਜ ਗਏ। ਰੰਗ ਨਾਲ ਲਿਬੜੇ ਕੱਪੜੇ ਦੇਖ ਕੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੁਰਸੀਆ ਚੁੱਕਣ ਲਾ ਲਿਆ। ਜਦੋਂ ਨਾਟਕ ਮੁਕਾਬਲੇ ਚੋਂ ਗਾਮੀ ਦਾ ਨਾਟਕ ਪਹਿਲੇ ਨੰਬਰ ’ਤੇ ਆ ਗਿਆ ਤਾਂ ਪ੍ਰਬੰਧਕਾਂ ਨੂੰ ਪਤਾ ਲੱਗਾ ਕਿ ਕੁਰਸੀਆਂ ਚੱਕਣ ਵਾਲੇ ਤਾਂ ‘ਛੁਪੇ ਰੁਸਤਮ’ ਸਨ।
ਡਰਾਮੇ ਤੇ ਨੁੱਕੜ ਨਾਟਕ ਅੱਜ ਵੀ ਉਸ ਦੀ ਜਾਗ ਖੋਲਦੇ ਹਨ। ਇੱਥੋਂ ਤੱਕ ਕਿ ਇਸ ਮਾਮਲੇ ’ਚ ਤਾਂ ਗਰੀਬੀ ਵੀ ਉਸਦਾ ਕੁਝ ਵਿਗਾੜ ਨਹੀਂ ਸਕੀ। ਇਹ ਵੱਖਰੀ ਗੱਲ ਹੈ ਕਿ ਉਸਦੀ ਖੁਦ ਦੀ ਜ਼ਿੰਦਗੀ ਇੱਕ ਚਲਦਾ ਫਿਰਦਾ ਨਾਟਕ ਬਣ ਗਈ ਹੈ। ਇੱਕ ਕਮਰੇ ਦੇ ਘਰ ਦਾ ਅਗਲਾ ਚੁੱਲ੍ਹੇ ਚੌਂਕੇ ਵਾਲਾ ਵਿਹੜਾ ਹੀ ਪਰਿਵਾਰ ਦੀ ਰਸੋਈ ਹੈ। ਤਿੰਨ ਮੁੰਡੇ ਤੇ ਦੋ ਕੁੜੀਆ ਹਨ। ਉਹ ਤਾਂ ਇਸੇ ਗਰੀਬੀ ’ਚ ਆਪਣੇ ਲੜਕੇ ਦੀਆਂ ਅੱਖਾਂ ਦਾ ਇਲਾਜ ਨਹੀਂ ਕਰਾ ਸਕਿਆ। ਇਨ੍ਹਾਂ ਹਾਲਾਤਾਂ ਨੇ ਉਸਨੂੰ ਸੱਚਮੁੱਚ ਰਵਾ ਦਿੱਤਾ ਹੈ। ਪਤਨੀ ਮਹਿੰਦਰ ਕੌਰ ਨੂੰ ਗਿਲਾ ਹੈ ਕਿ ਕੋਈ ਹੋਰ ਕੰਮ ਕਰਦਾ, ਤਾਂ ਮਾੜੇ ਦਿਨ ਨਾ ਦੇਖਣੇ ਪੈਂਦੇ। ਉਹ ਨਹੋਰਾ ਦਿੰਦੀ ਹੈ, ਕੀ ਦਿੱਤਾ ਹੈ ਇਹਨੂੰ ਨਾਟਕਾਂ ਨੇ। ਘਰ ਦਾ ਚੁੱਲਾ ਸੁੱਕੇ ਬਾਲਣ ਨੂੰ ਤਰਸ ਗਿਐ ਹੈ। ਉਹ ਦੱਸਦਾ ਹੈ ਕਿ ਕਈ ਕਈ ਦਫਾ ਤਾਂ ਘਰ ’ਚ ਚਾਹ ਵੀ ਨਹੀਂ ਬਣਦੀ। ਨਾਲ ਹੀ ਆਖਦਾ ਹੈ ਕਿ ਹੁਣ ਤਾਂ ਉਸ ਨੇ ਗਰੀਬੀ ਨੂੰ ਹੰਢਾ ਲਿਆ ਹੈ ਜਿਸ ਕਰਕੇ ਕੁਝ ਬੁਰਾ ਨਹੀਂ ਲੱਗਦਾ। ਉਹ ਆਖਦਾ ਹੈ ਕਿ ਰਾਤ ਨੂੰ ਨਾਟਕ ਨੂੰ ਦੇਖ ਕੇ ਲੋਕਾਂ ਤੋਂ ਤਾੜੀਆਂ ਦੀ ਸੌਗਾਤ ਲੈ ਕੇ ਜਦੋਂ ਘਰ ਪੁੱਜਦਾ ਹੈ ਤਾਂ ਅੱਗਿਓ ਪਤਨੀ ਆਟੇ ਵਾਲਾ ਪੀਪਾ ਦਿਖਾ ਦਿੰਦੀ ਹੈ। ਗਾਮੀ ਦੀ ਪਤਨੀ ਖੁਦ ਵੀ ਦਿਹਾੜੀ ਕਰਦੀ ਹੈ। ਉਸਦੇ ਦੋਹੇ ਬੱਚੇ ਵੀ ਦਿਹਾੜੀ ਕਰਦੇ ਹਨ।
ਸੁਰਜੀਤ ਗਾਮੀ ਤੇ ਉਸਦੇ ਸਾਥੀਆਂ ਵਲੋਂ ਪੰਜਾਬ ਕਲਾ ਮੰਚ ਬਣਾਇਆ ਗਿਆ। ਫਿਰ ਪੂਰੇ ਢਾਈ ਦਹਾਕੇ ਉਨ੍ਹਾਂ ਨੇ ਮਹਾਂਨਗਰਾਂ ਦਿੱਲੀ, ਮੁੰਬਈ ਤੇ ਕਲਕੱਤਾ ’ਚ ਨਾਟਕ ਖੇਡੇ। ਪੰਜਾਬ ਦਾ ਕੋਈ ਕੋਨਾ ਬਚਿਆ ਨਹੀਂ ਜਿਥੇ ਇਹ ਟੀਮ ਨਾ ਗਈ ਹੋਵੇ। ਮਗਰੋਂ ਪੰਜਾਬ ਕਲਾ ਮੰਚ ਬਠਿੰਡਾ ਤਬਦੀਲ ਹੋ ਕੇ ਬਠਿੰਡਾ ਆਰਟ ਥੀਏਟਰ ਬਣ ਗਿਆ। ਸੁਰਜੀਤ ਗਾਮੀ ਨੇ ਕੌਮੀ ਪੁਰਸਕਾਰ ਜੇਤੂ ਤੇ ਮਾਨਸਾ ਦੇ ਮਸ਼ਹੂਰ ਨਾਟਕਕਾਰ ਪ੍ਰੋ.ਅਜਮੇਰ ਔਲਖ ਨਾਲ ਵੀ ਨਾਟਕ ਖੇਡੇ ਹਨ। ਉਸਨੂੰ ਅੰਬਾਲਾ ’ਚ ਨਾਟਕ ਮੁਕਾਬਲਿਆਂ ’ਚ ਸੋਨਾ ਦਾ ਤਗਮਾ ਅਤੇ ਬਰਨਾਲਾ ਦੇ ਮਹਾਂ ਸ਼ਕਤੀ ਕਲਾ ਮੰਦਰ ਵਲੋਂ ਕਰਾਏ ਮੁਕਾਬਲਿਆਂ ’ਚ ਚਾਂਦੀ ਦਾ ਤਗਮਾ ਮਿਲਿਆ। ਛੇ ਥਾਵਾਂ ’ਤੇ ਉਸ ਨੂੰ ਬੈਸਟ ਐਕਟਰ ਐਲਾਨਿਆ ਗਿਆ। ਸੁਰਜੀਤ ਗਾਮੀ ਹੁਣ ‘ਮਿੱਟੀ’ ਫਿਲਮ ’ਚ ਟੁੰਡੇ ਦੇ ਪਿਓ ਵਜੋਂ ਪਰਦੇ ’ਤੇ ਆਇਆ ਹੈ। ਕਲਾ ਪ੍ਰੇਮੀ ਤੇ ਰੰਗ ਕਰਮੀ ਉਸ ਦੀ ਅਦਾਕਾਰੀ ’ਤੇ ਮਾਣ ਕਰਦੇ ਹਨ। ਤਾਹੀਓ ਤਾਂ ਫਿਲਮ ਦੇ ਕਾਸਟਿੰਗ ਡਾਇਰੈਕਟਰ ਸੈਮੂਅਲ ਜੌਹਨ ਨੇ ਫਿਲਮ ‘ਮਿੱਟੀ’ ਦੀ ਪਟਕਥਾ ਦੇਖਦਿਆਂ ਹੀ ਸੁਰਜੀਤ ਗਾਮੀ ਨੂੰ ਟੁੰਡੇ ਦੇ ਪਿਓ ਦੀ ਭੂਮਿਕਾ ਵਾਸਤੇ ਚੁਣ ਲਿਆ ਸੀ। ਇਸ ਭੁੂਮਿਕਾ ’ਚ ਗਾਮੀ ਨੇ ਜਾਨ ਪਾਈ ਹੈ। ਉਸ ਦੀ ਉਸਤਤ ਹਰ ਪਾਸੇ ਮੁੜ ਹੋਈ ਹੈ। ਉਸ ਦੇ ਪੁਰਾਣੇ ਜਾਣਨ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਉਹ ਆਖਦਾ ਹੈ ਕਿ ਨਾਟਕ ਇੱਕ ਹਥਿਆਰ ਹੈ ਜਿਸ ਨਾਲ ਉਸ ਨੇ ਸਮਾਜੀ ਤੇ ਸਿਆਸੀ ਪ੍ਰਬੰਧ ’ਚ ਬਦਲਾਓ ਦਾ ਉਪਰਾਲਾ ਕੀਤਾ।
ਉਸ ਨੇ ਹਮੇਸ਼ਾ ਲੋਕਾਂ ਦਾ ਨਾਟਕ ਖੇਡਿਆ। ਅੱਜ ਇਸ ਹਾਲ ਹੈ। ਹੁਣ ਉਦੋਂ ਉਸ ਦੀ ਕੋਈ ਪਹਿਚਾਣ ਨਹੀਂ ਕਰਦਾ ਜਦੋਂ ਉਹ ਮਾਨਸਾ ਦੇ ਮਾਲ ਗੋਦਾਮ ’ਤੇ ਲੇਬਰ ’ਚ ਆਪਣੀ ਦੋ ਵਕਤ ਦੀ ਰੋਟੀ ਦੇ ਜੁਗਾੜ ਵਾਸਤੇ ਬੈਠਾ ਹੁੰਦਾ ਹੈ। ਕਈ ਦਫਾ ਤਾਂ ਉਸ ਨੂੰ ਦਿਹਾੜੀ ਵੀ ਨਹੀਂ ਮਿਲਦੀ। ਉਸਨੇ ਕਈ ਨਾਟਕ ਵੀ ਲਿਖੇ ਹਨ ਜਿਨ੍ਹਾਂ ’ਤੇ ਵੀਡੀਓ ਫਿਲਮਾਂ ਵੀ ਬਣੀਆਂ ਹਨ। ਰੰਗ ਮੰਚ ਦੀ ਧੜਕਣ ਅਗਰ ਇਸ ਤਰ੍ਹਾਂ ਤੰਗੀ ਤੁਰਸ਼ੀ ’ਚ ਮਰੇਗੀ ਤਾਂ ਨਿਰਸੰਦੇਹ ਇਸ ਦੇ ਭਵਿੱਖ ਵੀ ਚਿੰਤਾ ਵਾਲਾ ਹੀ ਹੈ। ਝਾਕ ਸਰਕਾਰ ਤੋਂ ਰੱਖਣੀ ਤਾਂ ਬੇਵਕੂਫੀ ਵਾਲੀ ਗੱਲ ਹੋਏਗੀ। ਕਿਉਂਕਿ ਸਮਾਜ ਨੂੰ ਹਲੂਣ ਕੇ ਦਿਨੇ ਜਗਾਉਣ ਵਾਲੇ ਕਦੇ ਹਕੂਮਤ ਨੂੰ ਚੰਗੇ ਨਹੀਂ ਲੱਗੇ। ਜੋ ਲੋਰੀ ਦੇ ਕੇ ਜਨ ਸਧਾਰਨ ਨੂੰ ਸੁਆਉਂਦੇ ਹਨ,ਉਨ੍ਹਾਂ ਦੀ ਵੁੱਕਤ ਪੈਂਦੀ ਹੈ। ਸੋ ਅਸਲੀ ਮੁੱਲ ਤਾਂ ਸਮਾਜ ਦੇ ਚੇਤੰਨ ਤੇ ਪਹੁੰਚ ਰੱਖਣ ਵਾਲੇ ਲੋਕ ਹੀ ਮੋੜ ਸਕਦੇ ਹਨ ਤਾਂ ਜੋ ਥੀਏਟਰ ਇਸੇ ਤਰ੍ਹਾਂ ਜਿਉਂਦਾ ਰਹੇ ਤੇ ਉਸ ਦੇ ਕਾਮੇ ਤੰਗੀ ਤੁਰਸ਼ੀ ਨੂੰ ਬਰਾਬਰੀ ਨਾਲ ਨਜਿੱਠਣ ਦੀ ਸਮਰੱਥਾ ਰੱਖ ਸਕਣ।
ਚਰਨਜੀਤ ਭੁੱਲਰ, ਬਠਿੰਡਾ।