ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, June 3, 2010

ਇਕ ਹੈ ਵਿਚਾਰੀ ਹਾਕੀ...


ਪਿਛਲੇ ਸਾਲ ਜਨਵਰੀ-ਫਰਵਰੀ ਦੇ ਮਹੀਨੇ ਜਦੋਂ ਚੰਡੀਗੜ੍ਹ 'ਚ ਚਾਰ ਦੇਸ਼ਾਂ ਹਾਕੀ ਗੋਲਡ ਕੱਪ ਖੇਡਿਆ ਗਿਆ ਤਾਂ ਦੋ ਅਹਿਮ ਗੱਲਾਂ ਮੈਂ ਨੋਟ ਕੀਤੀਆਂ। ਪਹਿਲੀ- ਹਾਕੀ ਦੇ ਪੁਰਾਣੇ ਤੇ ਦਿੱਗਜ਼ ਖਿਡਾਰੀਆਂ ਨੂੰ ਵਧੇਰੇ ਲੋਕੀਂ ਪਹਿਚਾਣਦੇ ਹੀ ਨਹੀਂ ਸਨ। ਓਲੰਪੀਅਨ ਅਤੇ ਨਾਮੀਂ ਹਾਕੀ ਖਿਡਾਰੀ ਆਮ ਦਰਸ਼ਕਾਂ ਦੀ ਤਰ੍ਹਾਂ ਮੈਦਾਨ 'ਚ ਵਿਚਰ ਰਹੇ ਸਨ, ਕੋਈ ਉਨ੍ਹਾਂ ਦਾ ਆਟੋਗ੍ਰਾਫ ਲੈਣ ਲਈ ਤਰਲੋ-ਮੱਛੀ ਨਹੀਂ ਹੋ ਰਿਹਾ ਸੀ। ਪਹਿਲੇ ਮੈਚ 'ਚ ਦਰਸ਼ਕਾਂ ਦੀ ਘਾਟ ਦੇ ਚੱਲਦਿਆਂ ਜਿਹੜੀ ਐਂਟਰੀ ਮੁਫਤ ਪਾਸ 'ਤੇ ਸੀ ਉਹ ਵੀ ਬਦਲਕੇ ਖੁੱਲ੍ਹੀ ਕਰ ਦਿੱਤੀ ਗਈ ਤਾਂ ਜੋ ਮੈਚ ਦੇਖਣ ਆਉਣ ਵਾਲਿਆਂ ਨੂੰ ਪਾਸ ਲੈਣ ਲਈ ਦਿੱਕਤਾਂ ਪੇਸ਼ ਨਾ ਆਉਣ।

ਦੂਸਰੀ ਅਹਿਮ ਗੱਲ ਸੀ ਕਿ ਮੌਜੂਦਾ ਹਾਕੀ ਟੀਮ ਦੇ ਇਕ-ਦੋ ਖਿਡਾਰੀਆਂ ਨੂੰ ਛੱਡਕੇ ਬਾਕੀਆਂ ਨੂੰ ਵੀ ਬਹੁਤੇ ਦਰਸ਼ਕ ਨਹੀਂ ਜਾਣਦੇ ਸਨ। ਵਿਦੇਸ਼ੀ ਖਿਡਾਰੀਆਂ ਦੇ ਨਾਂ ਤਾਂ ਛੱਡੋ ਭਾਰਤੀ ਖਿਡਾਰੀਆਂ ਬਾਰੇ ਸੀਮਤ ਜਾਣਕਾਰੀ ਨੇ ਇਕ ਪ੍ਰੈੱਸ ਕਾਨਫਰੰਸ 'ਚ ਤਾਂ ਹਾਸਾ ਹੀ ਛੇੜ ਦਿੱਤਾ ਸੀ। ਦਰਅਸਲ ਹਰੇਕ ਮੈਚ ਤੋਂ ਬਾਅਦ ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਇਕ ਪ੍ਰੈੱਸ ਮਿਲਣੀ ਕੀਤੀ ਜਾਂਦੀ ਸੀ, ਜਿੱਥੇ ਟੀਮ ਦੇ ਸੀਨੀਅਰ ਖਿਡਾਰੀ ਅਤੇ ਕਪਤਾਨ ਕੋਚ ਸਮੇਤ ਆਉਂਦੇ ਸਨ।

ਮੇਰੇ ਇਕ ਪੱਤਰਕਾਰ ਸਾਥੀ ਨੂੰ ਕੁਝ ਭਾਰਤੀ ਹਾਕੀ ਖਿਡਾਰੀਆਂ ਤੋਂ ਸਵਾਲ ਪੁੱਛਣ ਲਈ ਦਫਤਰ ਵੱਲੋਂ ਦਿਸ਼ਾਂ-ਨਿਰਦੇਸ਼ ਜਾਰੀ ਕਰ ਦਿੱਤੇ ਗਏ। ਜੋ ਸਵਾਲ ਪੁੱਛਣੇ ਸੀ ਉਹ ਵੀ ਲਿਖਾ ਦਿੱਤੇ ਗਏ। ਪਰ ਸਮੱਸਿਆ ਇਹ ਸੀ ਕਿ ਜਿਨ੍ਹਾਂ ਤਿੰਨ ਖਿਡਾਰੀਆਂ ਦੀ ਇੰਟਰਵਿਊ ਕਰਨੀ ਸੀ, ਉਨ੍ਹਾਂ 'ਚੋਂ ਦੋ ਨੂੰ ਨਾ ਤਾਂ ਉਹ ਪਹਿਚਾਣਦਾ ਸੀ ਅਤੇ ਉੱਪਰੋਂ ਉਨ੍ਹਾਂ ਖਿਡਾਰੀਆਂ ਦੇ ਨਾਂ ਵੀ ਉਸਨੇ ਪਹਿਲੀ ਵਾਰ ਸੁਣੇ ਸਨ। ਖੈਰ, ਨੌਕਰੀ ਕੀ ਤੇ ਨਖਰਾ ਕੀ।

ਉਸ ਸਮੇਂ ਦਾ ਭਾਰਤੀ ਕਪਤਾਨ ਸੰਦੀਪ ਸਿੰਘ ਆਪਣੇ ਕੁਝ ਸੀਨੀਅਰ ਖਿਡਾਰੀਆਂ ਨਾਲ ਪ੍ਰੈੱਸ ਕਾਨਫਰੰਸ 'ਤੇ ਆ ਬੈਠਿਆ। ਉਸ ਨੂੰ ਕੀਤੇ ਜਾਣ ਵਾਲੇ ਸਵਾਲਾਂ ਤੋਂ ਬਾਅਦ ਮੇਰਾ ਪੱਤਰਕਾਰ ਸਾਥੀ ਕਹਿੰਦਾ, ''ਆਪ ਮੇਂ ਸੇ ਅਰਜੁਨ ਹਲੱਪਾ ਕੌਣ ਐ?'' ਕੁਰਸੀ 'ਚ ਲੁਕਿਆ ਬੈਠਾ ਹੌਲੇ ਜਿਹੇ ਸਰੀਰ ਦਾ ਇਕ ਖਿਡਾਰੀ ਹੱਥ ਚੁੱਕ ਕੇ ਕਹਿੰਦਾ , ''ਮੈਂ ਹੂੰ।'' ਅੱਛਾ ਆਪ ਯੇਹ ਬਤਾਏਂ૴૴ ਅਤੇ ਅੱਗੋਂ ਲਿਖੇ ਸਵਾਲਾਂ ਨੂੰ ਉਸਨੇ ਹਲੱਪਾ ਲਈ ਦੋਹਰਾ ਦਿੱਤਾ। ਭਾਰਤੀ ਹਾਕੀ ਟੀਮ ਦੇ ਮੰਨੇ-ਪ੍ਰਮੰਨੇ ਇਸ ਫਾਰਵਰਡ ਖਿਡਾਰੀ ਦੇ ਮੂੰਹ 'ਤੇ ਹਲਕਾ ਜਿਹਾ ਹਾਸਾ ਸੀ ਅਤੇ ਪੱਤਰਕਾਰਾਂ 'ਚ ਘੁਸ-ਮੁਸ ਹੋ ਰਹੀ ਸੀ। ਚਲੋ, ਮੇਰੇ ਸਾਥੀ ਨੇ ਤਾਂ ਆਪਣੀ ਡਿਊਟੀ ਨਿਭਾਕੇ ਖਬਰ ਮੁੱਖ ਦਫਤਰ ਨੂੰ ਘੱਲ ਦਿੱਤੀ ਸੀ।

ਸਵਾਲ ਇੱਥੇ ਇਹ ਉੱਠਦਾ ਏ ਕਿ ਹਾਕੀ ਖਿਡਾਰੀਆਂ ਦੇ ਮਨਾਂ 'ਚ ਵੀ ਆਉਂਦਾ ਹੋਵੇਗਾ ਕਿ ਉਨ੍ਹਾਂ ਨੂੰ ਵੀ ਦੁਨੀਆਂ ਜਾਣੇ ਅਤੇ ਆਟੋਗ੍ਰਾਫ ਲਵੇ। ਉਹ ਵੀ ਤਾਂ ਕ੍ਰਿਕਟ ਖਿਡਾਰੀਆਂ ਵਾਂਗ ਕੌਮੀ ਟੀਮ ਦੇ ਮੈਂਬਰ ਨੇ। ਉਹ ਵੀ 'ਖਾਸ' ਨੇ ਆਮ ਨਹੀਂ। ਹਾਕੀ ਟੀਮ ਦੇ ਇਕ ਸੀਨੀਅਰ ਅਤੇ ਨਾਮੀਂ ਖਿਡਾਰੀ ਨੇ ਕੁਝ ਕੁ ਮਹੀਨੇ ਪਹਿਲਾਂ ਮੈਨੂੰ ਆਪ ਕਿਹਾ ਸੀ ਕਿ ਕਦੇ ਉਸਨੂੰ ਵੀ ਸਟੂਡੀਓ ਇੰਟਰਵਿਊ ਲਈ ਸੱਦੋ। ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਮਹਿੰਦਰ ਸਿੰਘ ਧੋਨੀ ਰਾਂਚੀ 'ਚ ਮਹਿਲ ਨੁਮਾ ਘਰ ਦੀ ਉਸਾਰੀ ਕਰਵਾ ਰਿਹੈ। ਉਸਦੇ ਬਾਕੀ ਸਾਥੀ ਖਿਡਾਰੀਆਂ ਦੀ ਵੀ ਰਹਿਣ-ਬਹਿਣੀ 'ਨਵਾਬਾਂ' ਤੋਂ ਘੱਟ ਨਹੀਂ। ਕਰੋੜਾਂ ਰੁਪਏ ਸਾਲਾਨਾਂ ਦੀ ਆਮਦਨੀ ਐ, ਉੱਪਰੋਂ ਸ਼ੋਹਰਤ ਅਤੇ ਠਾਠ-ਬਾਠ ਦੇ ਕਿਆ ਕਹਿਨੇ। ਜਦਕਿ ਹਾਕੀ ਖਿਡਾਰੀਆਂ (ਕਿਸੇ ਦਾ ਨਾਂ ਨਹੀਂ ਲਵਾਂਗਾ) ਲਈ ਫਲੈਟ ਜੁਟਾਉਣੇ ਵੀ ਮੁਸ਼ਕਿਲ ਨੇ।

ਪਿਛਲੇ ਦਿਨੀਂ ਕ੍ਰਿਕਟਰ ਹਰਭਜਨ ਸਿੰਘ ਦੀ ਭੈਣ ਦਾ ਵਿਆਹ ਹੋਇਆ ਤਾਂ ਵਿਆਹ ਕਵਰ ਕਰਨ ਲਈ ਮੀਡੀਆਂ ਕਮਲਾ ਹੋਇਆ ਫਿਰੇ (ਹਾਲੇ ਤਾਂ ਹਰਭਜਨ ਦਾ ਆਪਣਾ ਵਿਆਹ ਨਹੀਂ ਸੀ!) ਜਦਕਿ ਉਸ ਤੋਂ ਕੁਝ ਸਮਾਂ ਪਹਿਲਾਂ ਹਾਕੀ ਲਈ ਆਪਣੀ ਅੱਖ 'ਤੇ ਗੰਭੀਰ ਸੱਟ ਖਾਣ ਵਾਲੇ ਗੋਲਕੀਪਰ ਬਲਜੀਤ ਸਿੰਘ ਦੇ ਵਿਆਹ ਦਾ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ। ਦੁੱਖ ਤਾਂ ਹੁੰਦਾ ਈ ਹੋਵੇਗਾ ਜਦੋਂ ਅਜਿਹੀਆਂ ਘਟਨਾਵਾਂ ਦੀ ਤੁਲਨਾ ਕੀਤੀ ਜਾਂਦੀ ਐ!

ਇਸ ਤੋਂ ਥੋੜ੍ਹਾ ਪਿਛਾਂਹ ਦੀ ਵੀ ਇੱਕ ਘਟਨਾ ਮੇਰੇ ਜ਼ਿਹਨ 'ਚ ਆ ਰਹੀ ਐ ਜਦੋਂ ਮੋਹਾਲੀ 'ਚ ਕਾਰਪੋਰੇਟ ਕੱਪ ਦੇ ਕੁਝ ਮੈਚ ਖੇਡਣ ਲਈ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਮੋਹਾਲੀ ਆਏ ਹੋਏ ਸਨ। ਮੈਦਾਨ 'ਚ ਕੋਈ ਜ਼ਿਆਦਾ ਭੀੜ ਨਹੀਂ ਸੀ ਪਰ ਖਿਡਾਰੀਆਂ ਦੀ ਇਕ ਝਲਕ ਲਈ ਕਿੰਨੇ ਹੀ ਲੋਕ ਤਰਲੋ-ਮੱਛੀ ਹੋ ਰਹੇ ਸਨ। ਜਦਕਿ ਹਾਕੀ ਗੋਲਡ ਕੱਪ ਦੌਰਾਨ ਭਾਰਤੀ ਹਾਕੀ ਟੀਮ ਦੇ ਖਿਡਾਰੀ ਕੱਲਮ-ਕੱਲੇ ਹੀ ਸੈਕਟਰ 17 ਦੀ ਮਾਰਕਿਟ 'ਚ ਹੱਥਾਂ 'ਚ ਹੱਥ ਪਾਈ ਗੇੜੀਆਂ ਮਾਰ ਰਹੇ ਸੀ।

ਪਿਛਲੇ ਦਿਨੀਂ ਜਦੋਂ ਭੋਪਾਲ ਵਿਖੇ ਕੈਂਪ ਦੌਰਾਨ ਹਾਕੀ ਖਿਡਾਰੀਆਂ ਨੇ ਪੈਸਾ ਨਾ ਮਿਲਣ ਕਰਕੇ 'ਬਗਾਵਤ' ਕੀਤੀ ਤਾਂ ਦਿਨਾਂ 'ਚ ਹੀ ਹਾਕੀ-ਹਾਕੀ ਹੋ ਗਈ। ਮੁੜ ਚਰਚਾ 'ਚ ਆ ਗਏ ਖਿਡਾਰੀ। ਖਿਡਾਰੀਆਂ ਦੇ ਨਾਂ ਲੈ ਕੇ ਖੁੰਡ ਚਰਚਾਵਾਂ ਸ਼ੁਰੂ ਹੋ ਗਈਆਂ। ਟੀ.ਵੀ.-ਅਖਬਾਰਾਂ 'ਚ ਹਾਕੀ ਖਿਡਾਰੀਆਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਛਾਪੀਆਂ/ਪ੍ਰਸਾਰਿਤ (ਕੀਤੀਆਂ) ਗਈਆਂ । ਇਸ ਤੋਂ ਬਾਅਦ ਚੰਡੀਗੜ੍ਹ 'ਚ ਇਕ ''ਸ਼ੋਅ ਮੈਚ'' ਦੌਰਾਨ ਪਏ ਰੌਲੇ ਤੋਂ ਬਾਅਦ ਭਾਵੇਂ ਕਈਆਂ ਨੇ ਆਲੋਚਨਾ ਹੀ ਕੀਤੀ ਪਰ ਚੰਗੀ ਗੱਲ ਇਹ ਐ ਕਿ ''ਹਾਕੀ ਦਾ ਅਤੇ ਖਿਡਾਰੀਆਂ ਦਾ ਨਾਂ ਤਾਂ ਚੱਲਿਆ।''

ਨਰਿੰਦਰ ਪਾਲ ਸਿੰਘ
npsjagdeo@gmail.com

1 comment:

  1. yes i know very well about that incident.i was there at that time.If u remember then u should know that that reporter asked not "who is arjun hallapa",instead he jst used the word "aap me se haddapa kaun hai".what is more shameful than this for a international player?

    ReplyDelete