
ਸਿਕੰਦਰ’ ਹਾਰ ਗਿਆ ਹੈ। ਸਮੇਂ ਦੇ ਹਾਕਮ ਫਿਰ ਜਿੱਤੇ ਹਨ। ਕੋਈ ਪਤਾ ਨਹੀਂ, ਨਿੱਤ ਕਿੰਨੇ ਕੁ ‘ਸਿਕੰਦਰ’ ਹਾਰਦੇ ਹਨ। ਹਾਰੇ ਕੋਈ ਵੀ, ਜਿੱਤ ਗੱਦੀ ਵਾਲਿਆਂ ਦੀ ਹੁੰਦੀ ਹੈ। ਇਸ ‘ਸਿਕੰਦਰ’ ਨੂੰ ਹਾਰ ਦਾ ਅਫਸੋਸ ਨਹੀਂ। ਗਿਲ੍ਹਾ ਇਸ ਗੱਲੋਂ ਹੈ ਕਿ ਤੰਗੀ-ਤੁਰਸ਼ੀ ਮੌਤ ਮਗਰੋਂ ਵੀ ਸਿਵਿਆਂ ਤੱਕ ਗਈ। ‘ਸਿਕੰਦਰ’ ਦੀ ਪਤਨੀ ਨੂੰ ਟੀ.ਬੀ ਦੀ ਬਿਮਾਰੀ ਸੀ। ਦੋ ਵਰ੍ਹਿਆਂ ਤੋਂ ਮੌਤ ਉਡੀਕ ਰਹੀ ਸੀ। ਇਲਾਜ ਜੋਗੇ ਪੈਸੇ ਨਹੀਂ ਸਨ। ਬੱਚੇ ਪਾਲਦਾ ਕਿ ਇਲਾਜ ਕਰਾਉਂਦਾ। ਆਖਰ ਪਤਨੀ ਚਲੀ ਗਈ। ਗੱਲ ਇਥੇ ਵੀ ਨਹੀਂ ਰੁਕੀ। ਗਰੀਬੀ ਨੇ ਮੌਤ ਪਿੱਛੋਂ ਵੀ ਪਤਨੀ ਦਾ ਪਿੱਛਾ ਨਾ ਛੱਡਿਆ। ‘ਸਿਕੰਦਰ’ ਨੂੰ ਇੱਕ ‘ਕਫਨ’ ਨਾ ਜੁੜ ਸਕਿਆ। ਬਠਿੰਡਾ ਸ਼ਹਿਰ ’ਚ ਕਈ ਘੰਟੇ ਪਤਨੀ ਦੀ ਲਾਸ਼ ‘ਕਫਨ’ ਉਡੀਕਦੀ ਰਹੀ। ਆਖਰ ਇਕ ਸੰਸਥਾ ਨੇ ਇਕੱਲੇ ‘ਕਫਨ’ ਦਾ ਨਹੀਂ,ਬਲਕਿ ਸਸਕਾਰ ਦਾ ਖਰਚਾ ਵੀ ਚੁੱਕਿਆ। ਗੁਰੂਆਂ-ਪੀਰਾਂ ਦੀ ਧਰਤੀ ਇਹ ਦਿਨ ਦੇਖੇਗੀ, ਯਕੀਨ ਨਹੀਂ ਬੱਝਦਾ। ਰਾਮ ਬਾਗ ਦੇ ਪ੍ਰਬੰਧਕਾਂ ਨੂੰ ਇਸ ਦਾ ਕੋਈ ਅਚੰਭਾ ਨਹੀਂ ਲੱਗਿਆ। ਦੱਸਦੇ ਹਨ ਕਿ ਰਾਮ ਬਾਗ ’ਚ ਕਿੰਨੀਆਂ ਅਸਥੀਆਂ ਰੁਲਦੀਆਂ ਰਹਿੰਦੀਆਂ ਹਨ। ਜਹਾਨੋਂ ਜਾਣ ਵਾਲੇ ਦੇ ਵਾਰਸਾਂ ਕੋਲ ਅਸਥੀਆਂ ਤਾਰਨ ਦੀ ਪਹੁੰਚ ਵੀ ਨਹੀਂ ਹੁੰਦੀ।
ਪਿਛਲੇ ਸਾਲ ਦੀ ਗੱਲ ਹੈ। ਚਾਰ ਧੀਆਂ ਦੇ ਬਾਪ ਇੱਕ ਰਿਕਸ਼ਾ ਚਾਲਕ ਦੀ ਅਰਥੀ ਪੰਜ ਘੰਟੇ ਸ਼ਮਸ਼ਾਨਘਾਟ ’ਚ ਪਈ ਰਹੀ। ਵਾਰਸਾਂ ਕੋਲ ‘ਲੱਕੜਾਂ’ ਜੋਗੇ ਪੈਸੇ ਨਹੀਂ ਸਨ। ਸਹਾਰਾ ਸੰਸਥਾ ਵਾਲੇ ਦੱਸਦੇ ਹਨ ਕਿ ਮਹੀਨੇ ’ਚ ਇੱਕਾ- ਦੁੱਕਾ ਇਹੋ ਜਿਹੇ ਕੇਸ ਹੁੰਦੇ ਹਨ ਜਿਨ੍ਹਾਂ ਕੋਲ ਮ੍ਰਿ੍ਰਤਕ ਦਾ ਸਸਕਾਰ ਕਰਨ ਦੀ ਪਹੁੰਚ ਵੀ ਨਹੀਂ ਹੁੰਦੀ। ਇਲਾਜ ਬਿਨਾਂ ਮਰਨ ਵਾਲਿਆਂ ਦਾ ਅੰਕੜਾ ਵੱਡਾ ਹੈ। ਪੰਜਾਬ ਸੂਬਾ ਨੰਬਰ ਵਨ ਹੈ। ਹਰ ਵਰ੍ਹੇ ਨੰਬਰ ਵਨ ਦਾ ਖਿਤਾਬ ਪੰਜਾਬ ਦੇ ਸਿਰ ਟਿਕਦਾ ਹੈ। ਖਿਤਾਬਾਂ ਵਾਲੇ ਕੋਈ ਅਜਿਹੀ ਵਿਉਂਤ ਨਹੀਂ ਬਣਾਉਂਦੇ ਕਿ ਕੋਈ ਇਲਾਜ ਖੁਣੋਂ ਨਾ ਮਰੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਬੇਲੇ ’ਚ ਖੜੀਆਂ ‘ਖੱਚਰਾਂ’ ਦੀ ਗੱਲ ਹੈ। ਜਦੋਂ ਅਕਾਲੀ ਵਜ਼ਾਰਤ ਬਣੀ ਤਾਂ ਥੋੜ੍ਹੇ ਸਮੇਂ ਮਗਰੋਂ ਪਿੰਡ ਬਾਦਲ ਦੇ ਇਸ ਸਟੱਡ ਫਾਰਮ ’ਚ ਖੜ੍ਹੀਆਂ ‘ਅਰਬੀਅਨ ਖੱਚਰਾਂ’ ਨੂੰ ਨਮੂਨੀਆ ਹੋ ਗਿਆ ਸੀ। ਰਾਤੋਂ ਰਾਤ ‘ਖੱਚਰਾਂ’ ਨੂੰ ਲੁਧਿਆਣਾ ਦੀ ਵੈਟਰਨਰੀ ‘ਵਰਸਿਟੀ ਲਿਜਾਇਆ ਗਿਆ। ਕਰੀਬ ਹਫਤਾ ਭਰ ਇਲਾਜ ਚੱਲਿਆ। ਵੈਟਰਨਰੀ ਡਾਕਟਰਾਂ ਨੇ ਦਿਨ ਰਾਤ ਦਾ ਪਹਿਰਾ ਦਿੱਤਾ। ਜਦੋਂ ‘ਖੱਚਰਾਂ’ ਨੌਂ-ਬਰ-ਨੌਂ ਹੋ ਗਈਆਂ, ਉਦੋਂ ਡਾਕਟਰਾਂ ਨੂੰ ਸੁਖ ਦਾ ਸਾਹ ਆਇਆ। ‘ਸਿਕੰਦਰ’ ਨਾਲੋਂ ਤਾਂ ‘ਖੱਚਰਾਂ’ ਚੰਗੀਆਂ ਹਨ।

ਕੇਹੋ ਜਿਹੀ ਨੀਤੀ ਹੈ। ਕਿਹੋ ਜਿਹੇ ਨੀਤੀ ਘੜਣ ਵਾਲੇ ਹਨ। ਇਲਾਜ ਵਾਸਤੇ ਪੈਸਾ ਨਹੀਂ। ਸ਼ਮਸ਼ਾਨਘਾਟਾਂ ਵਾਸਤੇ ਕੋਈ ਤੋਟ ਨਹੀਂ। ਇਨ੍ਹਾਂ ਦੀ ਚਾਰਦੀਵਾਰੀ ਲਈ ਰਿਊੜੀਆਂ ਵਾਂਗ ਪੈਸੇ ਵੰਡੇ ਜਾਂਦੇ ਹਨ। ਗੁਰੂ ਘਰਾਂ ਤੋਂ ਮਗਰੋਂ ਹੁਣ ਤਾਂ ਪਿੰਡਾਂ ’ਚ ਲੋਕਾਂ ਨੇ ਸ਼ਮਸ਼ਾਨਘਾਟ ਵੀ ਵੱਖੋ-ਵੱਖਰੇ ਕਰ ਲਏ ਹਨ। ਦਲਿਤ ਵਰਗ ਦੇ ਲੋਕਾਂ ਨੂੰ ਵੱਖਰੇ ਸ਼ਮਸ਼ਾਨਘਾਟ ਬਣਾਉਣੇ ਪਏ ਹਨ। ਕਰੀਬ ਇੱਕ ਦਹਾਕਾ ਪਹਿਲਾਂ ਪਿੰਡ ਰਾਮਪੁਰਾ ’ਚ ਉਦੋਂ ਬਿਖੇੜਾ ਖੜਾ ਹੋ ਗਿਆ ਸੀ ਜਦੋਂ ਸਰਦਾਰਾਂ ਦੇ ਸ਼ਮਸ਼ਾਨਘਾਟ ਨੇ ਹੱਲਾ- ਗੁੱਲਾ ਕਰਾ ਦਿੱਤਾ ਸੀ। ਪਿੰਡ ਬਾਦਲ ’ਚ ਵੀ ਸਰਦਾਰਾਂ ਦਾ ਵੱਖਰਾ ਸ਼ਮਸ਼ਾਨਘਾਟ ਹੈ। ਬਹੁਤੇ ਲੋਕ ਤਾਂ ਹੁਣ ਸਸਕਾਰ ਆਪਣੇ ਖੇਤਾਂ ’ਚ ਵੀ ਕਰਨ ਲੱਗੇ ਹਨ। ਸ਼ਮਸ਼ਾਨਘਾਟਾਂ ਦੀ ਵੀ ਲੋੜ ਹੈ ਪਰ ਉਸ ਤੋਂ ਵੱਡੀ ਲੋੜ ਤਾਂ ਸਿਹਤ ਕੇਂਦਰਾਂ ਦੀ ਹੈ। 14ਵੀਂ ਲੋਕ ਸਭਾ ਦੇ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਵੰਡੇ ਫੰਡਾਂ ਦੀ ਸਮੀਖਿਆ ਕੀਤੀ ਗਈ। ਲੁਧਿਆਣਾ ਤੋਂ ਅਕਾਲੀ ਸੰਸਦ ਮੈਂਬਰ ਰਹੇ ਸ਼ਰਨਜੀਤ ਸਿੰਘ ਢਿੱਲੋਂ ਨੇ ਇਕੱਲੇ ਸ਼ਮਸ਼ਾਨਘਾਟਾਂ ਵਾਸਤੇ 1.33 ਕਰੋੜ ਦੇ ਫੰਡ ਵੰਡੇ ਸਨ, ਪਟਿਆਲਾ ਤੋਂ ਕਾਂਗਰਸੀ ਐਮ.ਪੀ ਮਹਾਰਾਣੀ ਪ੍ਰਨੀਤ ਕੌਰ ਨੇ ਆਪਣੇ ਸੰਸਦੀ ਕੋਟੇ ਦੇ ਫੰਡਾਂ ਚੋਂ 20.54 ਲੱਖ ਰੁਪਏ ਸਿਹਤ ਸੈਕਟਰ ਲਈ ਵੰਡੇ ਜਦੋਂ ਕਿ ਸ਼ਮਸ਼ਾਨਘਾਟਾਂ ਵਾਸਤੇ 76 ਲੱਖ ਰੁਪਏ ਦਿੱਤੇ ਗਏ। ਦੋ ਸੰਸਦ ਮੈਂਬਰਾਂ ਨੇ ਸਿਹਤ ਸੈਕਟਰ ਵਾਸਤੇ ਫੰਡਾਂ ਦਾ ਮੂੰਹ ਹੀ ਨਹੀਂ ਖੋਲ੍ਹਿਆ ਸੀ। ਇਨ੍ਹਾਂ ਸੰਸਦ ਮੈਂਬਰਾਂ ਨੇ ਓਨਾ ਪੈਸਾ ਸਿਹਤ ਕੇਂਦਰਾਂ ਵਾਸਤੇ ਨਹੀਂ ਦਿੱਤਾ, ਜਿੰਨਾਂ ਸ਼ਮਸ਼ਾਨਘਾਟਾਂ ਲਈ ਵੰਡ ਦਿੱਤਾ।

ਵਿਧਾਇਕ ਜਾਂ ਉਸ ਦਾ ਪਰਿਵਾਰਕ ਜੀਅ ਇਲਾਜ ਆਪਣੇ ਮੁਲਕ ਅੰਦਰੋਂ ਕਰਾਵੇ ਜਾਂ ਬਾਹਰੋਂ, ਉਸ ਦਾ ਸਾਰਾ ਖਰਚਾ ਸਰਕਾਰ ਝੱਲਦੀ ਹੈ। ਸਰਕਾਰੀ ਮੁਲਾਜ਼ਮ ਦੇ ਇਲਾਜ ਵਾਸਤੇ ਵੀ ਬੱਝਵੇਂ ਫੰਡ ਮਿਲਦੇ ਹਨ। ਆਮ ਬੰਦੇ ਨੂੰ ਇਲਾਜ ਵਾਸਤੇ ਕੋਈ ਸਿਹਤ ਫੰਡ ਨਹੀਂ। ਪੰਜਾਬ ਦੇ ਕਈ ਵੱਡੇ ਨੇਤਾ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਕੋਈ ਫਿਨਸੀ ਵੀ ਨਿਕਲ ਆਏ ਤਾਂ ਉਹ ਇਲਾਜ ਵਾਸਤੇ ਵਿਦੇਸ਼ ਜਾਂਦੇ ਹਨ। ਕੀ ਆਪਣੇ ਡਾਕਟਰ ਕਾਬਲ ਨਹੀਂ ਹਨ? ਕੀ ਸਰਕਾਰੀ ਸਿਹਤ ਕੇਂਦਰ ਗਰੀਬ-ਗੁਰਬੇ ਲਈ ਹੀ ਹਨ ਜਿਨ੍ਹਾਂ ’ਚ ਨਾ ਡਾਕਟਰ ਹਨ ਤੇ ਨਾ ਦਵਾਈ। ਤੱਥ ਗਵਾਹ ਹਨ ਕਿ ਪੰਜਾਬ ਦੇ ਲੋਕ ਇਕ ਦਿਨ ’ਚ 20 ਕਰੋੜ ਰੁਪਏ ਇਕੱਲੇ ਮੁਰਗੇ ਛਕਣ ’ਤੇ ਖਰਚ ਦਿੰਦੇ ਹਨ। ਇਕੋ ਸਾਲ ’ਚ ਕਰੀਬ 20 ਕਰੋੜ ਬੋਤਲਾਂ ਸ਼ਰਾਬ ਪੀ ਜਾਂਦੇ ਹਨ। ਇਕ ਜਾਇਜ਼ੇ ਅਨੁਸਾਰ ਮਾਲਵੇ ਦੇ ਲੋਕ ਇਕ ਸਾਲ ’ਚ ਵਹਿਮਾਂ-ਭਰਮਾਂ ਦੇ ਡਰੋਂ ਦਾਨ-ਪੁੰਨ ਲਈ ਪਸ਼ੂਆਂ ਨੂੰ 30 ਕਰੋੜ ਰੁਪਏ ਦਾ ਹਰਾ ਚਾਰਾ ਪਾ ਦਿੰਦੇ ਹਨ। ਜਾਣਕਾਰੀ ਹੈ ਕਿ ਪੁਰੀ ਦੇ ਜਗਨ ਨਾਥ ਮੰਦਰ ’ਚ ਕਰੋੜ-ਕਰੋੜ ਰੁਪਏ ਦਾ ਚੜਾਵਾ ਚੜ੍ਹਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਕ ਵਿਅਕਤੀ ਨੇ ਤਾਂ ਇੱਕੋ ਦਿਨ ’ਚ 45 ਕਰੋੜ ਰੁਪਏ ਦਾ ਮੱਥਾ ਵੀ ਟੇਕਿਆ ਹੈ। ਵਹਿਮਾਂ- ਭਰਮਾਂ ਅਤੇ ਚੜਾਵੇ ਵਾਲੇ ਲੋਕ ਇਹ ਕੌਣ ਹਨ। ਜਨ ਸਾਧਾਰਨ ਦੀ ਭਾਸ਼ਾ ’ਚ ਇਹ ‘ਵੱਡੇ ਲੋਕ’ ਹਨ। ਫਿਰ ਇਨ੍ਹਾਂ ਵੱਡੇ ਲੋਕਾਂ ਦੇ ਦੇਸ਼ ਵਿਚ ਨਿੱਤ ‘ਸਿਕੰਦਰ’ ਕਿਉਂ ਹਾਰਦੇ ਹਨ।
ਚਰਨਜੀਤ ਭੁੱਲਰ,ਬਠਿੰਡਾ
ਲੇਖਕ ਪੱਤਰਕਾਰ ਹਨ।
veer teri kalam hamesha soshit dher lai ha daa nara mardi hai eh dekh k khushi hundi hai,ass hai ese tarha loka naal kharde rahoge.sarbjeet sangatpura
ReplyDelete