ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Monday, June 7, 2010

ਕਿਸੇ ਨਹੀਂ ਗਾਉਣਾ ਖੇਤ ਮਜ਼ਦੂਰਾਂ ਦਾ ਗੀਤ


ਕੁਝ ਇਕ ਦਹਾਕਿਆਂ 'ਚ ਸਾਡੇ ਆਲੇ-ਦਆਲੇ ਹੋਈ ਤਕਨੀਕੀ ਉਨਤੀ ਤੇ ਸੰਸਾਰੀਕਰਨ ਦੇ ਪਸਰੇ-ਪਸਾਰੇ ਨਾਲ ਕਈ ਕੁਝ ਬਦਲਿਆ ਹੈ। ਸਾਧਨਾਂ ਵਾਲੇ ਲੋਕ ਚੁੰਘੀਆਂ ਭਰਦੇ ਕਿਤੇ ਦੇ ਕਿਤੇ ਚਲੇ ਗਏ ਹਨ । ਜਿਸ ਦੀ ਕੋਠੀ 'ਚ ਦਾਣੇ ਸੀ ਉਨ੍ਹਾਂ ਕੋਲ ਵਿਦਿਆ ਵੀ ਆ ਗਈ ਤੇ ਐਸ਼-ਅਰਾਮ ਵੀ। ਵਿਸ਼ਵੀਕਰਨ ਦੇ ਦੌਰ 'ਚ ਵੀ ਦਾਣਿਆਂ ਵਾਲਿਆਂ ਦੇ ਕਮਲੇ ਸਿਆਣੇ ਹੋ ਗਏ।ਪਰ ਸਾਧਨਾ ਤੋਂ ਵਿਹੂਣੇ ਲੋਕ ਐਸੇ ਲੀਹੋਂ ਲੱਥੇ ਕਿ ਸਮੇਂ ਦੀ ਤੋਰ ਨਾਲ ਚੱਲਣੋਂ ਵੀ ਅਸਮਰੱਥ ਹਨ।ਗੱਲ ਕਿਸਾਨ ਅਤੇ ਖੇਤ ਮਜ਼ਦੂਰ ਦੇ ਸਬੰਧ 'ਚ ਕੀਤੀ ਜਾ ਰਹੀ ਹੈ। ਪੰਜਾਬ ਦੀ ਛੋਟੀ ਕਿਸਾਨੀ ਦੀ ਦੁਰਦਸ਼ਾ ਤੋਂ ਕੋਈ ਅਣਜਾਣ ਨਹੀਂ ਹੈ। ਕਿਉਂਕਿ ਰਾਹੇ-ਬਗਾਹੇ ਗੱਲ ਚਲਦੀ ਰਹਿੰਦੀ ਹੈ।ਵੱਖਰੀ ਗੱਲ ਸਰਕਾਰਾਂ ਕੁਝ ਨਹੀਂ ਕਰਦੀਆਂ ਪਰ ਗੱਲ ਹੰਦੀ ਤਾਂ ਹੈ ।ਹੋਰ ਨਹੀਂ ਤਾਂ ਗਾਉਣ ਵਾਲੇ ਫ਼ਿਲਮਾਂ ਬਣਾਉਣ ਵਾਲੇ ਮੰਡੀ ਦੇ ਫ਼ਾਇਦੇ ਪੱਖੋਂ ਹੀ ਇਸ ਜਮਾਤ ਦੀ ਗੱਲ ਕਰਦੇ ਹਨ।ਇਕ ਮਾਨਸਿਕ ਧਰਵਾਸਾ ਬੱਝਦਾ ਹੈ ਕਿ ਸਾਡੀ ਜਮਾਤ ਦੀ ਗੱਲ ਤਾਂ ਹੋ ਰਹੀ ਹੈ। ਪਰ ਇਸ ਜਮਾਤ ਦੇ ਦੋ ਵਿਹੜੇ ਹਨ ਜਿਨ੍ਹਾਂ 'ਚ ਜਾਤ ਦੀ ਕੰਧ ਵੀ ਵੇਖੀ ਜਾ ਸਕਦੀ ਹੈ।ਪੰਜਾਬ ਦੇ ਪਿੰਡਾਂ 'ਚ ਵੱਸਦੀ ਦਲਿਤ ਵਸੋਂ ਸਦੀਆਂ ਤੋਂ ਹਲ ਵਾਹਕ ਕਿਸਾਨਾਂ ਨਾਲ ਮਿੱਟੀ ਨਾਲ ਮਿੱਟੀ ਹੰਦੀ ਆਈ ਹੈ।ਹਰੀ ਕ੍ਰਾਤੀ ਤੋਂ ਪਿਛੋਂ ਹੋਈ ਸਮਾਜਕ ਟੱਟ ਭੱਜ ਤੋਂ ਪਹਿਲਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ 'ਚ ਆਪਸੀ ਫ਼ਰਕ ਵੀ ਘੱਟ ਹੀ ਸੀ। ਦੋਵਾਂ ਦਾ ਮਿਲ ਜੁਲ ਕੇ ਮਸੀਂ ਗੁਜ਼ਾਰਾ ਹੀਂ ਹੁੰਦਾ ਸੀ।ਖੇਤੀ ਦੇ ਮਸ਼ੀਨੀਕਰਨ ਨੇ ਖੇਤ ਮਜ਼ਦੂਰਾਂ ਨੂੰ ਕੁਝ ਕੁ ਸਾਲਾਂ 'ਚ ਖੁਡੇ ਲਾਇਨ ਲਾ ਦਿਤਾ ਹੈ। ਭਾਵੇਂ ਕਿ ਖੇਤ ਮਜ਼ਦੂਰ ਲਈ ਕਿਸੇ ਕਿਸਾਨ ਨਾਲ ਸੀਰੀ ਰਲਣ ਨਾਲੋਂ ਸਾਇਕਲ ਚੁੱਕ ਕੇ ਸ਼ਹਿਰ ਜਾਣਾ ਕਈ ਪੱਖਾਂ ਤੋਂ ਫ਼ਾਇਦੇਮੰਦਾ ਹੈ । ਪਰ ਸ਼ਹਿਰਾਂ ਦੇ ਮਜ਼ਦੂਰ ਚੌਕਾਂ ਤੇ ਲੱਗੀਆਂ ਭੀੜਾਂ ਤੋਂ ਬਿਨਾਂ ਦਿਹਾੜੀ ਲੱਗੇ ਮੁੜਨ ਦਾ ਸੰਤਾਪ ਮਜ਼ਦੂਰ ਹੀ ਜਾਣਦਾ ਹੈ।

ਸ਼ਹਿਰਾਂ 'ਚ ਇਕ ਤਾਂ ਪਹਿਲਾਂ ਤੋਂ ਹੀ ਸਥਾਪਤ ਮਜ਼ਦੂਰ ਤਬਕਾ ਸੀ ਉਤੋਂ ਪ੍ਰਵਾਸੀ ਮਜ਼ਦੂਰ ਦੇ ਛੋਟੇ ਕਸਬਿਆਂ ਤਕ ਆ ਜਾਣ ਨੇ ਖੇਤ ਮਜ਼ਦੂਰ ਨੂੰ ਅੱਗੇ-ਪਿਛੇ ਕਿਸੇ ਪਾਸੇ ਦੇ ਨਾ ਰਹਿਣ ਦਿਤਾ। ਮੌਜੂਦਾ ਹਲਾਤ ਦੀ ਗੱਲ ਕਰੀਏ ਤਾਂ ਮਜ਼ਦੂਰਾਂ ਦੇ ਘਰਾਂ 'ਚ ਐਮਰਜੰਸੀ ਵਰਗੇ ਹਲਾਤ ਹਨ।ਬਜ਼ਾਰ 'ਚ ਕਿਸੇ ਚੀਜ ਦਾ ਭਾਅ ਪੁਛ ਕੇ, ਸੋਚਿਆ ਜਾਵੇ ਕਿ ਜਿਹੜੀ ਜਨਾਨੀ ਸੋ ਸਵਾ ਸੋ ਰੁਪਏ ਪ੍ਰਤੀ ਮਹੀਨੇ 'ਤੇ ਲੋਕਾਂ ਦਾ ਗੂਹਾ ਕੂੜਾ ਕਰਦੀ ਹੈ ਉਹ ਬਜ਼ਾਰ ਵਿਚੋਂ ਕੀ ਖਰੀਦ ਸਕਦੀ ਹੈ।ਮਹਿੰਗਾਈ ਨੇ ਹੁਣ ਤਕ ਮਿਲਦੀ ਰੁਖੀ ਸੁਖੀ ਨੂੰ ਸੰਸੇ 'ਚ ਪਾ ਦਿਤਾ ਹੈ। ਪਹਿਲਾਂ ਮਜ਼ਦੂਰਾਂ ਦੇ ਘਰਾਂ 'ਚ 1-2 ਡੰਗਰ ਹੋਇਆ ਕਰਦੇ ਸਨ । ਔਖੇ ਸੌਖੇ ਵੇਲੇ ਦੁੱਧ ਦੀ ਆਮਦਨ ਮੌਕਾ ਸਾਰ ਦਿੰਦੀ ਸੀ। ਕਿਸਾਨੀ ਨਾਲੋਂ ਨਾਤਾ ਟੁਟ ਜਾਣ ਕਰ ਕੇ ਪੱਠਿਆਂ ਦੀ ਪੰਡ ਦੀ ਲਿਹਾਜ ਵੀ ਜਾਂਦਾ ਰਹੀ।ਪਿੰਡਾਂ 'ਚ ਪਸ਼ੂਆਂ ਲਈ ਚਰਾਂਦਾਂ ਉਤੇ ਜ਼ਮੀਦਾਰਾਂ ਨੇ ਸਿਆਸੀ ਪੁਸ਼ਤ-ਪਨਾਹੀ ਨਾਲ ਕਬਜ਼ੇ ਕੀਤੇ ਹੋਏ ਹਨ। ਡੰਗਰ-ਵੱਛਾ ਤਾਂ ਜ਼ਮੀਨਾਂ ਵਾਲਿਆਂ ਲਈ ਸਾਂਭਣਾ ਔਖਾ ਬੇਜ਼ਮੀਨਿਆਂ ਦੀ ਕੀ ਵਾਹ ਰਹਿਣੀ ਸੀ। ਮਜ਼ਦੂਰਾਂ ਦੇ ਵਿਹੜਿਆਂ 'ਚ ਬਹੁਤੇ ਮਰਦ ਸਸਤੇ ਨਸ਼ੇ ਨੇ ਖਤਮ ਕਰ ਦਿਤੇ ਹਨ। ਚੜਦੀ ਉਮਰੇ ਅਕਸਰ ਬੇਰੁਜ਼ਗਾਰ ਦਲਿਤ ਮੁੰਡੇ ਸਿਗਰਟ 'ਚ ਭੰਗ ਭਰ ਕੇ ਪੀਣ ਦੇ ਆਦੀ ਹੋ ਜਾਂਦੇ ਹਨ। ਭੰਗ ਦੀ ਖੁਸ਼ਕੀ ਸਿਰ ਨੂੰ ਚੜ ਜਾਂਦੀ ਹੈ।ਬਿਨਾਂ ਖੁਰਾਕ ਤੋਂ ਨਸ਼ਾ ਛੇਤੀ ਸ਼ਰੀਰ ਨੂੰ ਖੋਖਲਾ ਕਰ ਦਿੰਦਾ ਹੈ । ਇਸ ਤਰ੍ਹਾਂ ਦੇ ਕਈ ਬੁਤ ਵਿਹੜਿਆਂ 'ਚ ਲਾਸ਼ਾ ਬਣੇ ਵੇਖੇ ਜਾ ਸਕਦੇ ਹਨ।ਵਿਹੜਿਆਂ 'ਚ ਮੌਤ ਨੱਚ ਰਹੀ ਹੈ। ਕਰਨ ਲਈ ਮੰਗਣ 'ਤੇ ਵੀ ਕੰਮ ਨਹੀਂ ਮਿਲਦਾ । ਸਰਕਾਰੀ ਕੋਟਿਆਂ ਦਾ ਫ਼ਾਇਦਾ ਉਹੀ ਲੈ ਰਹੇ ਨੇ ਜੋ ਇਕ ਵਾਰ ਕਿਸੇ ਤਰ੍ਹਾਂ ਇਸ ਜਿੱਲਣ 'ਚੋਂ ਨਿਕਲ ਗਏ। ਪੰਜਾਬ 'ਚ ਸਨਅਤ ਲਗਭਗ ਖਤਮ ਹੋਣ ਦੇ ਕੰਢੇ 'ਤੇ ਹੈ।ਉਸਾਰੀ ਦੇ ਕੰਮਾਂ 'ਚ ਪ੍ਰਈਵੇਟ ਕੰਪਨੀਆਂ ਕੁਝ ਇਕ ਕਾਰਨਾਂ ਕਰ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲ ਦਿੰਦੀਆਂ ਹਨ। ਨੌਜਵਾਨ ਮੁੰਡੇ ਕਮਾਈ ਦੇ ਲਾਲਚ 'ਚ ਗੁਜਰਾਤ ਅਤੇ ਮਹਾਂਰਾਸ਼ਟਰ ਵੱਲ ਜਾਂਦੇ ਹਨ। ਗ਼ੈਰ ਸੰਗਠਤ ਹੋਣ ਕਰ ਕੇ ਬਹੁਤੀ ਵਾਰ ਉਥੇ ਵੀ ਠੇਕੇਦਾਰਾਂ ਤੇ ਇੰਜੀਨੀਅਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ।ਪ੍ਰਵਾਸ ਦੀਆਂ ਕੁਝ ਅਪਣੀਆਂ ਵੀ ਮੁਸ਼ਕਲਾਂ ਹੁੰਦੀਆਂ ਹਨ। ਨਰੇਗਾ ਸਕੀਮ ਸਿਰਫ਼ 100 ਦਿਨ ਦੇ ਰੁਜ਼ਗਾਰ ਦੀ ਗਰੰਟੀ ਦਿੰਦੀ ਹੈ।ਜਦਕਿ ਜੀਉਂਦੇ ਰਹਿਣ ਲਈ 365 ਦਿਨ ਕੁਝ ਖਾਣਾ ਨੂੰ ਚਾਹੀਦਾ ਹੈ। ਨਰੇਗਾ ਬਾਰੇ ਬਹੁਤ ਸਾਰੇ ਭੁਲੇਖੇ ਕੁਝ ਮਹੀਨੇ ਪਹਿਲਾਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਦੀ ਸਰਕਾਰ ਨੂੰ ਮਾਰੀ ਝਿੜਕ ਨੇ ਸਾਫ਼ ਕਰ ਦਿਤਾ ਸਨ ਕਿ ਨਰੇਗਾ ਦਾ ਪੈਸਾ ਅਸਲ ਲੋਕਾਂ ਦੀ ਥਾਂ ਗਲਤ ਹੱਥਾਂ 'ਚ ਜਾ ਰਿਹਾ ਹੈ।

ਲੋਕਾਂ ਦੇ ਘਰਾਂ 'ਚ ਗੋਹਾ ਕੂੜਾਂ ਕਰਦੀਆਂ ਦਲਿਤ ਜਨਾਨੀਆਂ ਦੇ ਹਲਾਤ ਕਿਸੇ ਨੂੰ ਨਹੀਂ ਦਿਸਦੀ। ਘਰ-ਬਾਰ ਦੀ ਜ਼ਿੰਮੇਵਾਰੀ, ਕਮਾਈ ਅਤੇ ਔਲਾਦ ਦਾ ਫਿਕਰ, ਰਿਸ਼ਤੇਦਾਰੀਆਂ ਨੱਕ ਨਮੂਜ, ਸਭ ਦਾ ਫ਼ਿਕਰ ਔਰਤ ਲਈ ਹੀ ਹੰਦਾ ਹੈ। ਇਸ ਤਰ੍ਹਾਂ ਦੇ ਘਰੇਲੂ ਹਲਾਤਾਂ 'ਚ ਬੰਦੇ ਅਕਸਰ ਹੀ ਨਸ਼ੇੜੀ ਹੋ ਜਾਂਦੇ ਹਨ। ਅਮਲੀ ਬੰਦਿਆਂ ਕੋਲੋਂ ਹੱਡ-ਤੜਵਾਉਣੇ ਅਤੇ ਆਰਥਕ ਤੁਰਸ਼ੀਆਂ ਕਰ ਕੇ ਬਾਹਰੋਂ ਜਿੱਲਤ ਝੱਲਣਾਂ ਵੀ ਜਨਾਨੀਆਂ ਦੇ ਹੀ ਹਿੱਸੇ ਆਇਆ ਹੈ।ਅਜਿਹੇ ਸਮਾਜਕ ਹਲਾਤਾਂ 'ਚ ਜਨਾਨੀ ਦੀ ਕਿਤੇ ਕੋਈ ਸੁਣਵਾਈ ਨਹੀ ।ਮੀਡੀਏ ਨੂੰ ਦੋ-ਧਾਰੇ ਉਤੇ ਚਲਦੀਆਂ ਇਹ ਔਰਤਾਂ ਨਹੀਂ ਦਿਸਦੀਆਂ। ਭਾਰਤੀ ਮੀਡੀਏ ਨੂੰ ਕਿਸੇ ਕੁੜੀ ਦੇ ਘਰੋਂ ਭੱਜ ਕੇ ਲਵ-ਮੈਰਿਜ ਕਰਵਾ ਲੈਣ 'ਚ ਹੀ ਔਰਤ ਦੀ ਆਜ਼ਾਦੀ ਦਿਖਾਈ ਦਿੰਦੀ ਹੈ। ਜੇ ਵਿਆਹ ਕਾਮਯਾਬ ਤਾਂ ਔਰਤ ਆਜ਼ਾਦ, ਜੇ ਕੋਈ ਮਾੜੀ ਚੰਗੀ ਵਾਪਰ ਗਈ ਤਾਂ ਔਰਤ 21 ਵੀਂ ਸਦੀ 'ਚ ਵੀ ਗ਼ੁਲਾਮ।

ਮੁਕਦੀ ਗੱਲ ਇਸ ਬਦ ਤੋਂ ਬਦਤਰ ਹਾਲਤ ਦੇ ਬਾਵਜੂਦ ਵੀ ਪੰਜਾਬ ਦੀਆਂ ਸਿਆਸੀ ਸਾਮਜਕ ਤੇ ਧਾਰਮਕ ਧਿਰਾਂ 'ਚ ਇਨ੍ਹਾਂ ਦੀ ਕਿਤੇ ਗੱਲ ਹੀ ਨਹੀਂ ਤੁਰਦੀ। ਪੰਜਾਬ ਦੇ ਡੇਰਿਆਂ ਅਤੇ ਡੇਰਿਆਂ ਉਤੇ ਹੁੰਦੀ ਸਿਅਸਤ ਦੀ ਜੜ੍ਹ ਵੀ ਇਥੇ ਹੀ ਕਿਤੇ ਲੁਕੀ ਹੈ। ਪਰ ਸਾਡੀਆਂ ਧਾਰਮਕ ਧਿਰਾਂ ਨੂੰ ਤਾਂ ਡੇਰੇਦਾਰਾਂ ਦਾ ਨੇਜੇ 'ਤੇ ਟੰਗਿਆ ਸਿਰ ਚਾਹੀਦਾ ਮਸਲੇ ਦਾ ਹੱਲ ਨਹੀਂ ।ਇਸ ਪਾਸੇ ਕੋਈ ਨਹੀਂ ਵੇਖਣਾ ਚਾਹੁੰਦਾ ਕਿ ਹਰੀ ਕ੍ਰਾਂਤੀ ਨਾਲ ਸਮਾਜ ਦੀ ਹੋਈ ਟੁਟ ਭੱਜ ਤੋਂ ਪਿਛੋਂ 'ਬਾਹਮਣਵਾਦ' ਤੋਂ ਵੀ ਕਿਤੇ ਵੱਧ ਖਤਰਨਾਕ ਰੂਪ 'ਚ ਉਭਰੇ ਜੱਟਵਾਦ ਨੇ ਦਲਿਤਾਂ ਨੂੰ ਧੱਕ ਕੇ ਡੇਰਿਆਂ 'ਚ ਵਾੜ ਦਿਤਾ ਹੈ। ਸਿਆਸੀ ਲੋਕਾਂ ਲਈ ਵਿਹੜਿਆਂ 'ਚ ਰਹਿਣ ਵਾਲੇ ਲੋਕ ਸਿਰਫ਼ ਮਸ਼ੀਨ ਦਾ ਬਟਨ ਦੱਬਣ ਵਾਲੇ ਅੰਗੂਠੇ ਹਨ । ਉਹ ਨਬਜ ਟੋਹ ਕੇ ਨਸ਼ੇ ਦਾ ਟੀਕਾ ਲਾਉਣਾਂ ਅਤੇ ਬਾਂਹ ਸੁੰਨ ਕਰ ਕੇ ਅੰਗੂਠਾ ਵਰਤਣਾ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਨੂੰ ਕੁਝ ਹੋਰ ਜਾਨਣ ਦੀ ਲੋੜ ਨਹੀਂ। ਕੁਲ ਮਿਲਾ ਕੇ ਪੰਜਾਬ ਦੇ ਦਲਿਤ ਅਤੇ ਮਜ਼ਦੂਰ ਵਰਗ ਦੀ ਬਾਂਹ ਫੜਨਾਂ ਤਾਂ ਦੂਰ ਦੀ ਗੱਲ, ਗੱਲ ਕਰਨ ਵਾਲਾ ਵੀ ਕੋਈ ਨਹੀਂ। ਇਥੋਂ ਤਕ ਕਿ ਇਸ ਜਮਾਤ ਨਾਲ ਸਬੰਧਤ ਲੋਕਾਂ 'ਚੋਂ ਗ਼ਰੀਬੀ ਕਰ ਕੇ ਗਾਉਣ ਵਾਲਾ ਵੀ ਕੋਈ ਉੱਤੇ ਨਹੀਂ ਆਉਂਦਾ । ਜੇ ਆਂਉਦਾ ਹੈ ਤਾਂ ਲੋਕ ਉਸ ਦਰਦ ਭਰੇ ਗੀਤ ਤਾਂ ਸੁਣਦੇ ਹਨ ਪਰ ਅਖਾੜਿਆਂ, ਵਿਆਹਾਂ ਲਈ ਫਿਰ ਜੱਟਾਂ ਦੀਆਂ ਘੋੜੀਆਂ ਗਾਉਣ ਵਾਲੇ ਗਾਇਕਾਂ ਨੂੰ ਹੀ ਕਮਾਈਆਂ ਕਰਵਾਂਉਦੇ ਹਨ। ਅਪਣੇ ਲੋਕਾਂ ਦੇ ਦਰਦ ਦੀ ਗੱਲ ਉਹ ਕਰ ਨਹੀਂ ਸਕਦੇ ਕਿਉਂ ਕਿ ਗ਼ਰੀਬਾਂ ਦੇ ਖ਼ੁਸ਼ੀਆਂ-ਖੇੜੇ ਤਾਂ ਮੰਡੀ 'ਚ ਵਿਕਦੇ ਨੇ, ਪਰ ਦਰਦ ਨਹੀਂ।

ਚਰਨਜੀਤ ਤੇਜਾ
ਲੇਖਕ ਪੱਤਰਕਾਰ ਹਨ।

ਫੋਟੋਆਂ-ਨੌਜਵਾਨ ਫੋਟੋ ਪੱਤਰਕਾਰ ਰੁਪਿੰਦਰ ਗਿੱਲ ਦੀ ਅੱਖ ਤੋਂ

3 comments:

  1. Piare Charanjeet, yaar tu ta chote umre bahuta dard handa betha, Rab tuhanu lami umar te chardi kala vich rakhe eho he dua hai!!!!!!!
    Prem Parkash Singh
    Khaira

    ReplyDelete
  2. Charanjee verea tere ajad kalam nu salam chit ghutke milan nu karda tan ke tere dardan da bhar bhora ku vanda skan . nshyan de hnere nal kache beran vangun jharh rahe jabani dard,jatvad hathon jalil hundi dalit bhyn di pirh,derean val dhake ja rahe dalitan nu jevan tusi mehsus kita hy eh guru kirpa karke hy nhi tan mere varge alp mat vale nejean nu hi udeeki jande ne.aameen !...............navdeep singh sakroudi9417796173

    ReplyDelete
  3. kamian nu vir sada sabh ne durkarian hai, rehndi sehndi kasar Punjab di siasat te aha BSP, Dalit Pro parties ne kad diti hai. Khet mazdoor bhali lai bill 1986 ton Parliament ch pia hai still that is not on table. For this un-organisd sector we need to work in cooperation, but none is working .

    ReplyDelete