ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, June 12, 2010

ਮੀਡੀਆ ਦਾ ਗ੍ਰੀਨਹੰਟ !--ਅਰੁੰਧਤੀ ਰਾਏ


ਅਰੁੰਧਤੀ ਰਾਏ ਬੁਕਰ ਸਨਮਾਨ ਪ੍ਰਾਪਤ ਲੇਖਿਕਾ ਤੇ ਸਮਾਜਿਕ ਕਾਰਕੁੰਨ ਹੈ।ਉਹ ਮਨੁੱਖੀ ਅਧਿਕਾਰਾਂ ਦੇ ਪੱਖ 'ਚ ਹਮੇਸ਼ਾਂ ਬੋਲਦੀ ਰਹੀ ਹੈ।ਜਿਸ ਕਰਕੇ ਸੱਤਾ ਨੁੰ ਉਸਦੀ ਬੋਲੀ ਕਦੇ ਰਾਸ ਨਹੀਂ ਆਈ।ਪਿਛਲੇ ਸਮੇਂ ਉਹ ਸੁਤੰਤਰ ਪੱਤਰਕਾਰ ਦੇ ਤੌਰ 'ਤੇ ਲਾਲ ਗਲਿਆਰੇ 'ਚ ਘੁੰਮਕੇ ਆਈ ਤੇ ਅੰਗਰੇਜ਼ੀ ਦੇ ਮੰਨੀ ਪ੍ਰਮੰਨੀ ਮੈਗਜ਼ੀਨ 'ਚ ਇਕ ਲੇਖ ਲਿਖਿਆ ਸੀ।ਜਿਸਤੋਂ ਬਾਅਦ ਵੀ ਉਸਨੂੰ ਕਨੂੰਨੀ ਅੜਚਣਾਂ 'ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।ਦਿੱਲੀ ਦੇ ਬਟਲਾ ਹਾਊਸ ਐਨਕਾਉਂਟਰ ਨੂੰ ਜਦੋਂ ਉਸਨੇ ''ਫਰਜ਼ੀ ਮੁਕਾਬਲਾ'' ਕਿਹਾ ਤਾਂ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।ਉਦੋਂ ਵੀ ਇਸ ਵਾਰ ਦੀ ਤਰ੍ਹਾਂ ਪੀ ਟੀ ਆਈ ਨੇ ਅਰੁੰਧਤੀ ਦੇ ਮੁਆਫੀ ਮੰਗਣ ਦੀ ਝੂਠੀ ਖ਼ਬਰ ਛਾਪੀ ਸੀ।ਅਰੁੰਧਤੀ ਨੇ ਪਿਛਲੇ ਦਿਨੀਂ ਮੁੰਬਈ 'ਚ ਇਕ ਜਮਹੂਰੀ ਹੱਕਾਂ ਦੀ ਰਾਖੀ ਲਈ ਬਣੀ ਕਮੇਟੀ ਦੇ ਪ੍ਰੋਗਰਾਮ 'ਚ ਮਾਓਵਾਦੀ ਲਹਿਰ ਤੇ ਉਸਦੇ ਆਲੇ ਦੁਆਲੇ ਦੀਆਂ ਹਾਲਤਾਂ ਬਾਰੇ ਭਾਸ਼ਨ ਦਿੱਤਾ ਸੀ,ਜਿਸਨੂੰ ਖ਼ਬਰ ਏਜੰਸੀ ਪੀ ਟੀ ਆਈ ਤੋੜ ਮਰੋੜਕੇ ਇਕ ਖ਼ਬਰ ਬਣਾਈ।ਪੀ ਟੀ ਆਈ ਦੀ ਹਰਕਤ ਨੇ ਇਹ ਫਿਰ ਸਿੱਧ ਕਰ ਦਿੱਤਾ ਕਿ ਖ਼ਬਰ ਤੇ ਸੱਚ ਦਾ ਕੋਈ ਰਿਸ਼ਤਾ ਨਹੀਂ ਹੁੰਦਾ।ਅਰੁੰਧਤੀ ਨੇ ਮੀਡੀਆ ਦੀ ਇਸ ਸਿਆਸਤ ਨੂੰ ਬੇਨਕਾਬ ਕਰਦਾ ਇਕ ਲੇਖ ਲਿਖਿਆ ਹੈ।ਜੋ ਸਾਨੂੰ ਦੋਸਤਾਂ ਤੱਕ ਪਹੁੰਚਾਉਣਾ ਜ਼ਰੂਰੀ ਲੱਗਿਆ।--ਗੁਲਾਮ ਕਲਮ

ਭਾਰਤ ਸਰਕਾਰ ਜਦੋਂ ਇਕ ਪਾਸੇ ਦੇਸ਼ ਦੇ ਪਿੰਡਾਂ 'ਚ ਫੌਜ ਤੇ ਹਵਾਈ ਸੈਨਾ ਨੂੰ ਭੇਜ ਨੂੰ ਲੋਕਾਂ ਦੇ ਸੰਘਰਸ਼ ਨੂੰ ਖਤਮ ਕਰ ਰਹੀ ਹੈ ਤਾਂ ਦੂਜੇ ਪਾਸੇ ਸ਼ਹਿਰਾਂ 'ਚ ਕੁਝ ਵਿਲੱਖਣ ਤਰ੍ਹਾਂ ਦੀਆਂ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਹਨ।

ਬੀਤੇ 2 ਜੂਨ ਨੂੰ ਮੈਂ ਮੁੰਬਈ 'ਚ ਕਮੇਟੀ ਫਾਰ ਪ੍ਰੋਟੈਕਸ਼ਨ ਆਫ ਡੈਮੋਕਟੇਟਿਕ ਰਾਈਟਸ(ਸੀ ਪੀ ਡੀ ਆਰ)(ਜਮਹੂ੍ਰਰੀ ਹੱਕਾਂ ਦੀ ਰਾਖੀ ਦੀ ਕਮੇਟੀ) ਵਲੋਂ ਕਰਵਾਏ ਗਏ ਇਕ ਪ੍ਰੋਗਰਾਮ ਨੂੰ ਸੰਬੋਧਤ ਕੀਤਾ।ਅਗਲੇ 'ਚ ਦਿਨ ਬਹੁਤ ਸਾਰੇ ਅਖ਼ਬਾਰਾਂ ਤੇ ਚੈਨਲਾਂ 'ਤੇ ਇਸਦੀ ਸਹੀ ਕਵਰੇਜ਼ ਹੋਈ।ਇਸੇ ਦਿਨ ਖ਼ਬਰ ਏਜੰਸੀ ਪੀ ਟੀ ਆਈ ਨੇ ਮੇਰੇ ਭਾਸ਼ਨ ਨੂੰ ਤੋੜ ਮਰੋੜਕੇ ਇਕ ਖ਼ਬਰ ਚਲਾਈ,ਜਿਸਨੂੰ ਸਭ ਤੋਂ ਪਹਿਲਾਂ ਇੰਡੀਅਨ ਐਕਸਪ੍ਰੈਸ ਨੇ ਆਨਲਾਈਨ ਪੋਸਟ ਕੀਤਾ।ਇਸਦੀ ਸੁਰਖੀ ਸੀ ''ਅਰੁੰਧਤੀ ਨੇ ਕੀਤਾ ਮਾਓਵਾਦੀਆਂ ਦਾ ਸਮਰਥਨ,ਖੁਦ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ''। ਖ਼ਬਰ ਦੀਆਂ ਕੁਝ ਪੰਕਤੀਆਂ ਵੇਖੋ:

''ਲੇਖਿਕਾ ਅਰੁੰਧਤੀ ਰਾਏ ਨੇ ਮਾਓਵਾਦੀਆਂ ਦੇ ਹਥਿਆਰਬੰਦ ਸੰਘਰਸ਼ ਦਾ ਸਮਰਥਨ ਕੀਤਾ ਹੈ ਤੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਸ ਸਮਰਥਨ ਲਈ ਉਸਨੂੰ ਗ੍ਰਿਫਤਾਰ ਕਰਕੇ ਦਿਖਾਵੇ''।

'ਨਕਸਲੀ ਸੰਘਰਸ਼ ਹਥਿਆਰਬੰਦ ਲਹਿਰ ਤੋਂ ਬਿਨਾਂ ਸੰਭਵ ਨਹੀਂ ਹੈ।ਮੈਂ ਹਿੰਸਾ ਦਾ ਸਮਰਥਨ ਨਹੀਂ ਕਰ ਰਹੀ ,ਪਰ ਮੈਂ ਬੇਇੱਜ਼ਤੀਨੁਮਾ ਉਤਪੀੜਨ 'ਤੇ ਟਿਕੇ ਸਿਆਸੀ ਵਿਸ਼ਲੇਸ਼ਨ ਦੇ ਖਿਲਾਫ ਹਾਂ'।

'ਇਸ ਤਰ੍ਹਾਂ ਹਥਿਆਰਬੰਦ ਸੰਘਰਸ਼ ਹੋਣਾ ਤੈਅ ਸੀ।ਪ੍ਰਤੀਰੋਧ ਦਾ ਗਾਂਧੀਵਾਦੀ ਤਰੀਕਾ ਇਕ ਅਜਿਹੇ ਭਾਈਚਾਰੇ ਦੀ ਮੰਗ ਕਰਦਾ ਹੈ,ਜੋ ਉਸਦਾ ਗਵਾਹ ਬਣ ਸਕੇ।ਪਰ ਇਹ ਇਥੈ ਮੌਜੂਦ ਨਹੀਂ ਹੈ।ਸੰਘਰਸ਼ ਦੇ ਇਸ ਤਰੀਕੇ ਨੂੰ ਚੁਣਨ ਤੋਂ ਪਹਿਲਾਂ ਲੋਕਾਂ ਨੇ ਕਾਫੀ ਬਹਿਸ ਮੁਹਾਬਸੇ ਕੀਤੇ ਹਨ।ਜਿਨ੍ਹਾਂ ਨੇ ਮਾਓਵਾਦੀਆਂ ਦੁਆਰਾ ਸੀ ਆਰ ਪੀ ਐਫ ਤੇ ਪੁਲੀਸ ਦੇ 76 ਜਵਾਨਾਂ ਦੇ ਕਤਲ ਤੋਂ ਬਾਅਦ ''ਦਾਂਤੇਵਾੜਾ ਦੇ ਲੋਕਾਂ'' ਨੂੰ ਸਲਾਮੀ ਦਿੱਤੀ ਸੀ,ਨੇ ਕਿਹਾ 'ਮੈਂ ਬਾੜ ਦੇ ਇਸ ਪਾਸੇ ਹਾਂ।ਮੈਨੂੰ ਫਰਕ ਨਹੀਂ ਪੈਦਾ..ਤੁਸੀਂ ਮੈਨੂੰ ਜੇਲ੍ਹ 'ਚ ਸੁੱਟ ਦਿਓ।-ਇੰਡੀਅਨ ਐਕਸਪ੍ਰੈਸ

ਮੈਂ ਆਪਣੀ ਗੱਲ ਇਸ ਖ਼ਬਰ ਦੇ ਅੰਤ 'ਚੋਂ ਸ਼ੁਰੂ ਕਰਦੀ ਹਾਂ।ਇਹ ਗੱਲ ਕਿ ਮੈਂ ਮਾਓਵਾਦੀਆਂ ਦੁਆਰਾ ਸੀ ਆਰ ਪੀ ਐਫ ਤੇ ਪੁਲੀਸ ਦੇ 76 ਜਵਾਨਾਂ ਦੇ ਕਤਲ ਤੋਂ ਬਾਅਦ ''ਦਾਂਤੇਵਾੜਾ ਦੇ ਲੋਕਾਂ'' ਨੂੰ ਸਲਾਮੀ ਦਿੱਤੀ ਸੀ,ਅਪਰਾਧਕ ਉਲੰਘਣਾ ਦਾ ਮਾਮਲਾ ਹੈ।ਮੈਂ ਸਾਫ ਕੀਤਾ ਸੀ ਕਿ ਸੀ ਆਫ ਪੀ ਐਫ ਦੇ ਜਵਾਨਾਂ ਦੀ ਮੌਤ ਨੂੰ ਮੈਂ ਇਕ ਤ੍ਰਾਸਦੀ ਦੇ ਰੂਪ 'ਚ ਵੇਖਦੀ ਹਾਂ ਤੇ ਮੈਂ ਮੰਨਦੀ ਹਾਂ ਕਿ ਉਹ ਗਰੀਬਾਂ ਖਿਲਾਫ ਅਮੀਰਾਂ ਦੀ ਲੜਾਈ 'ਚ ਵਰਤੇ ਜਾ ਰਹੇ ਮੋਹਰੇ ਹਨ।ਮੈਂ ਮੁੰਬਈ ਦੀ ਬੈਠਕ 'ਚ ਕਿਹਾ ਸੀ ਕਿ ਜਿਵੇਂ ਜਿਵੇਂ ਇਹ ਸੰਘਰਸ਼ ਅੱਗੇ ਵਧ ਰਿਹਾ ਹੈ,ਦੋਨੇਂ ਪਾਸਿਓਂ ਹੋ ਰਹੀ ਹਿੰਸਾ ਦਾ ਕੋਈ ਵੀ ਨੈਤਿਕ ਸੁਨੇਹਾ ਲੱਭਣਾ ਔਖਾ ਹੋ ਰਿਹਾ ਹੈ।ਮੈਂ ਸਾਫ ਕੀਤਾ ਸੀ ਕਿ ਮੈਂ ਨਾ ਤਾਂ ਓਥੇ ਸਰਕਾਰ ਤੇ ਨਾ ਹੀ ਮਾਓਵਾਦੀਆਂ ਵਲੋਂ ਕੀਤੇ ਜਾ ਰਹੇ ਨਿਰਦੋਸ਼ ਕਤਲਾਂ ਦਾ ਬਚਾਅ ਕਰਨ ਆਈ ਹਾਂ।

ਪੀ ਟੀ ਆਈ ਦੀ ਰਿਪੋਰਟ ਦਾ ਬਾਕੀ ਹਿੱਸਾ ਬੈਠਕ ਦੀ ਕਾਰਵਾਈ ਦੀ ਮਨਘੜਤ ਕਹਾਣੀ ਸੀ।ਮੈਂ ਕਿਹਾ ਸੀ ਕਿ ਜ਼ਮੀਨ ਦੀ ਕਾਰਪੋਰੇਟ ਲੁੱਟ ਦੇ ਖਿਲ਼ਾਫ ਲੋਕਾਂ ਦਾ ਸੰਘਰਸ਼ ਕਈ ਵਿਚਾਰਧਰਾਵਾਂ ਨਾਲ ਚੱਲ ਰਿਹਾ ਹੈ,ਜਿਸ 'ਚ ਮਾਓਵਾਦੀ ਸਭ ਤੋਂ ਜ਼ਿਆਦਾ ਖਾੜਕੂ ਹਨ।ਮੈਂ ਕਿਹਾ ਸੀ ਕਿ ਸਰਕਾਰ ਹਰ ਕਿਸਮ ਦੇ ਸੰਘਰਸ਼ਸ਼ੀਲ ਅੰਦੋਲਨਾਂ ਤੇ ਹਰ ਸੰਘਰਸ਼ਸ਼ੀਲ ਮਨੁੱਖ ਨੂੰ ਮਾਓਵਾਦੀ ਕਰਾਰ ਦੇ ਰਹੀ ਹੈ ਤਾਂਕਿ ਉਹਨਾਂ ਨਾਲ ਦਮਨਕਾਰੀ ਤਰੀਕਿਆਂ ਨਾਲ ਨਿਪਟਿਆ ਜਾ ਸਕੇ।ਮੈਂ ਕਲਿੰਗਨਗਰ ਤੇ ਜਗਤਸਿੰਘਪੁਰ ਦੇ ਲੋਕਾਂ ਵੱਲ ਧਿਆਨ ਦਵਾਇਆ,ਜੋ ਸ਼ਾਂਤੀਪੂਰਨ ਅੰਦੋਲਨ ਚਲਾ ਰਹੇ ਹਨ,ਪਰ ਉਹਨਾਂ 'ਤੇ ਗੋਲੀਆਂ ਤੇ ਡਾਂਗਾਂ ਚਲਾਈਆਂ ਗਈਆਂ।ਮੈਂ ਦੱਸਿਆ ਸੀ ਕਿ ਸਥਾਨਕ ਲੋਕਾਂ ਨੇ ਪ੍ਰਤੀਰੋਧ ਦੀ ਸਿਆਸਤ ਚੁਣਨ ਤੋਂ ਪਹਿਲਾਂ ਕਾਫੀ ਵਿਚਾਰ ਚਰਚਾ ਕੀਤੀ ਸੀ।ਮੈਂ ਕਿਹਾ ਸੀ ਕਿ ਭਰੇ ਜੰਗਲਾਂ 'ਚ ਰਹਿ ਰਹੇ ਲੋਕ ਗਾਂਧੀਵਾਦੀ ਸੰਘਰਸ਼ ਦਾ ਤਰੀਕਾ ਕਿਉਂ ਨਹੀ ਅਪਣਾ ਸਕਦੇ,ਕਿਉਂਕਿ ਉਸਦੇ ਲਈ ਭਾਵਨਾਤਮਿਕ ਭਾਈਚਾਰੇ ਦੀ ਜ਼ਰੂਰਤ ਹੁੰਦੀ ਹੈ।ਮੈਂ ਸਵਾਲ ਕੀਤਾ ਸੀ ਕਿ ਜਿਹੜੇ ਲੋਕ ਪਹਿਲਾਂ ਹੀ ਭੁੱਖਮਰੀ ਦਾ ਸ਼ਿਕਾਰ ਹਨ ,ਉਹ ਭੁੱਖ ਹੜਤਾਲ 'ਤੇ ਕਿਸ ਤਰ੍ਹਾਂ ਬੈਠ ਸਕਦੇ ਹਨ।ਮੈਂ ਕਦੇ ਇਹ ਨਹੀਂ ਕਿਹਾ ਕਿ 'ਹਥਿਆਰਬੰਦ ਸੰਘਰਸ਼ ਹੋਣਾ ਹੀ ਸੀ।

ਮੈਂ ਕਿਹਾ ਸੀ ਕਿ ਅੱਜ ਹਜ਼ਾਰਾਂ ਮੱਤਭੇਦਾਂ ਦੇ ਬਾਵਜੂਦ ਜੋ ਅੰਦੋਲਨ ਚੱਲ ਰਹੇ ਹਨ,ਉਹ ਇਕ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ,ਕਿ ਉਹਨਾਂ ਦਾ ਵਿਰੋਧੀ ਇਕ ਹੈ।ਇਸ ਲਈ ਉਹ ਬਾੜ ਦੇ ਇਕ ਪਾਸੇ ਤੇ ਮੈਂ ਉਹਨਾਂ ਦੇ ਨਾਲ ਖੜ੍ਹੀ ਹਾਂ।ਇਸਤੋਂ ਬਾਅਦ ਮੈਂ ਕਿਹਾ ਕਿ ਭਾਵੇਂ ਪ੍ਰਤੀਰੋਧ ਦਾ ਗਾਂਧੀਵਾਦੀ ਤਰੀਕਾ ਓਨਾ ਪ੍ਰਭਾਵੀ ਨਾ ਰਿਹਾ ਹੋਵੇ ,ਪਰ ਨਰਮਦਾ ਬਚਾਓ ਅੰਦੋਲਨ ਜਿਹਾ ''ਵਿਕਾਸ'' ਦਾ ਇਕ ਕ੍ਰਾਂਤੀਕਾਰੀ ਤੇ ਬਦਲਵਾਂ ਨਜ਼ਰੀਆ ਹੈ।ਜਦਕਿ ਮੈਨੂੰ ਸ਼ੱਕ ਹੁੰਦਾ ਹੈ ਕਿ ਪ੍ਰਤੀਰੋਧ ਦਾ ਮਾਓਵਾਦੀ ਤਰੀਕਾ ਚਾਹੇ ਪ੍ਰਭਾਵੀ ਹੋਵੇ,ਪਰ ਉਹ ਕਿਹੋ ਜਿਹਾ ਵਿਕਾਸ ਚਾਹੁੰਦੇ ਹਨ,ਇਹ ਸਪੱਸ਼ਟ ਨਹੀਂ ਹੈ।ਕੀ ਉਹ ਬਾਕਸਾਈਟ ਨੂੰ ਪਹਾੜਾਂ'ਚ ਹੀ ਛੱਡ ਦੇਣਗੇ ਜਾਂ ਸੱਤਾ ਦੇ ਆਉਣ 'ਤੇ ਉਸ ਨੂੰ ਕੱਢ ਲੈਣਗੇ।

ਪੀ ਟੀ ਆਈ ਦੀ ਇਹ ਰਿਪੋਰਟ ਕਈ ਭਸ਼ਾਵਾਂ ਦੇ ਅਖ਼ਬਾਰਾਂ 'ਚ ਛਪੀ ਤੇ 4 ਜੂਨ ਨੂੰ ਟੈਲੀਵੀਜ਼ਨ 'ਤੇ ਚੱਲੀ।ਜਦਕਿ ਇਹਨਾਂ ਅਖ਼ਬਾਰਾਂ ਤੇ ਚੈਨਲਾਂ ਦੇ ਪੱਤਰਕਾਰ ਖ਼ੁਦ ਇਸ ਬੈਠਕ ਨੂੰ ਕਵਰ ਕਰਨ ਆਏ ਸਨ ਤੇ ਜਾਣਦੇ ਸੀ ਕਿ ਪੀ ਟੀ ਆਈ ਦੀ ਖ਼ਬਰ ਝੂਠੀ ਹੈ।ਮੈਨੂੰ ਹੈਰਾਨੀ ਹੁੰਦੀ ਹੈ ਕਿ ਕਿਉਂ ਅਖ਼ਬਾਰ ਤੇ ਚੈਨਲ ਇਕ ਹੀ ਖ਼ਬਰ ਨੂੰ ਦੋ ਵਾਰ ਚਲਾਉਣਗੇ..ਇਕ ਵਾਰ ਸਹੀ ਤੇ ਦੂਜੀ ਵਾਰ ਗਲਤ !

4 ਜੂਨ ਦੀ ਸ਼ਾਮ ਦੇ ਲਗਭਗ 7 ਵਜੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਮੇਰੇ ਦਿੱਲੀ ਸਥਿਤ ਨਿਵਾਸ'ਤੇ ਆਏ।ਇਕ ਪੱਥਰ ਤਾਂ ਇਕ ਬੱਚੇ ਨੂੰ ਲੱਗ ਗਿਆ ਸੀ।ਲੋਕ ਬਹੁਤ ਗੁੱਸੇ ਨਾਲ ਇਕੱਠੈ ਹੋਏ ਤੇ ਉਹ ਭੱਜ ਗਏ।ਕੁਝ ਹੀ ਮਿੰਟਾਂ ਅੰਦਰ ਓਥੇ ਟਾਟਾ ਇੰਡੀਕਾ ਗੱਡੀ ਪਹੁੰਚੀ।ਗੱਡੀ 'ਚ ਬੈਠਾ ਵਿਅਕਤੀ ਜੋ ਖ਼ੁਦ ਨੂੰ ਜ਼ੀ ਨਿਊਜ਼ ਦਾ ਪੱਤਰਕਾਰ ਦੱਸ ਰਿਹਾ ਸੀ।ਉਸਨੇ ਪੁੱਛਿਆ ਕਿ ਇਹ ਅਰੁੰਧਤੀ ਰਾਏ ਦਾ ਘਰ ਇਹੀ ਹੈ,ਕੋਈ ਗੜਬੜ ਹੋਈ ਹੈ ?ਜਾਹਿਰ ਹੈ ਇਹ ਘੜਿਆ ਹੋਇਆ ਡਰਾਮਾ ਸੀ।''ਜਨਤਕ ਗੁੱਸੇ'' ਦਾ ਨਾਟਕੀ ਪ੍ਰਦਰਸ਼ਨ,ਜਿਸਦੀ ਟੀ ਵੀ ਚੈਨਲਾਂ ਨੂੰ ਹਮੇਸ਼ਾਂ ਤਲਾਸ਼ ਰਹਿੰਦੀ ਹੈ।ਖੁਸ਼ਕਿਸਮਤੀ ਨਾਲ ਇਹ ਸ਼ਾਮ ਨਾਟਕ ਨਾਕਾਮ ਰਿਹਾ।5 ਜੂਨ ਨੂੰ ਇਕ ਅਖ਼ਬਾਰ ਨੇ ਖ਼ਬਰ ਲਾਈ ''ਹਿੰਮਤ ਹੈ ਤਾਂ ਏ ਸੀ ਕਮਰਾ ਛੱਡਕੇ ਜੰਗਲ ਆਵੇ ਅਰੁੰਧਤੀ' ਜਿਸ 'ਚ ਛੱਤੀਸਗੜ੍ਹ ਦੇ ਡੀ ਜੀ ਪੀ ਮੈਨੂੰ ਚੁਣੌਤੀ ਦੇ ਰਹੇ ਹਨ।ਛੱਤੀਸਗੜ੍ਹ ਦੀ ਇਕ ਭਾਜਪਾ ਆਗੂ ਨੇ ਇਸ ਤੋਂ ਵੀ ਅੱਗੇ ਵਧਕੇ ਪ੍ਰੈਸ 'ਚ ਐਲਾਨ ਕੀਤਾ ਕਿ ਮੈਨੂੰ ਚੁਰਾਹੇ 'ਚ ਖੜ੍ਹਾਕੇ ਗੋਲੀ ਮਾਰ ਦੇਣੀ ਚਾਹੀਦੀ ਹੈ।

ਕੀ ਇਹ ਆਪਰੇਸ਼ਨ ਗ੍ਰੀਨ ਹੰਟ ਦਾ ਸ਼ਹਿਰੀ ਰੂਪ ਹੈ,ਜਿਸ 'ਚ ਭਾਰਤ ਦੀ ਪ੍ਰਮੁੱਖ ਖ਼ਬਰ ਏਜੰਸੀ ਉਹਨਾਂ ਲੋਕਾਂ ਖਿਲਾਫ ਮਾਮਲੇ ਬਣਾਉਣ 'ਚ ਸਰਕਾਰ ਦੀ ਮਦਦ ਕਰਦੀ ਹੈ,ਜਿਨ੍ਹਾਂ ਖਿਲਾਫ ਕੋਈ ਸਬੂਤ ਨਹੀਂ ਹੈ।ਕੀ ਉਹ ਸਾਡੇ ਵਰਗੇ ਕੁਝ ਲੋਕਾਂ ਨੂੰ ਵਹਿਸ਼ੀ ਭੀੜ ਦੇ ਹਵਾਲੇ ਕਰ ਦੇਣਾ ਚਾਹੁੰਦੀ ਹੈ ਤਾਂ ਕਿ ਸਾਨੂੰ ਮਾਰਨ ਤੇ ਗ੍ਰਿਫਤਾਰ ਕਰਨ ਦਾ ਕਲੰਕ ਵੀ ਸਰਕਾਰ ਦੇ ਸਿਰ ਨਾ ਆਵੇ।ਜਾਂ ਇਹ ਸਮਾਜ 'ਚ ਧਰੁਵੀਕਰਨ ਪੈਦਾ ਕਰਨ ਦੀ ਸਾਜਿਸ਼ ਹੈ ਕਿ ਜੇ ਤੁਸੀਂ ਸਾਡੇ ਨਾਲ ਨਹੀਂ ਤਾਂ ਮਾਓਵਾਦੀ ਹੋਂ।

26 ਜੂਨ ਨੂੰ ਐਮਰਜੈਂਸੀ ਦੀ 35ਵੀਂ ਸਲਾਨਾ ਯਾਦ ਮਨਾਈ ਜਾ ਰਹੀ ਹੈ।ਭਾਰਤ ਦੇ ਲੋਕਾਂ ਨੂੰ ਸ਼ਾਇਦ ਇਹ ਐਲਾਨ ਕਰ ਦੇਣਾ ਚਾਹੀਦਾ ਹੈ ਕਿ ਦੇਸ਼ ਐਮਰਜੈਂਸੀ ਦੀ ਹਾਲਤ 'ਚ ਹੈ(ਕਿਉਂਕਿ ਸਰਕਾਰ ਤਾਂ ਅਜਿਹਾ ਕਰਨੋਂ ਰਹੀ) ਇਸ ਵਾਰ ਸਿਰਫ ਸੈਂਸਰਸ਼ਿਪ ਹੀ ਮਸਲਾ ਨਹੀਂ,ਖ਼ਬਰਾਂ ਦਾ ਲਿਖਿਆ ਜਾਣਾ ਕਿਤੇ ਵੱਡੀ ਸਮੱਸਿਆ ਹੈ।

2 comments:

  1. Punjabi inqlabia ne kade, Chander Shekar Azad, te phir kidre Charu Mazumdar, te hun Roy te Wilsona val takna shuru kita hai...bahut sidra hai Punjabi nauzvan te eho sada dukhant...

    ReplyDelete
  2. ਨਾਮ ਨਾ ਲਿਖਣ ਵਾਲੇ ਬਾਈ ਜੀ ,.....ਪੰਜਾਬ ਦੁਨੀਆਂ ਦਾ ਹੀ ਹਿੱਸਾ ਹੈ ਤੇ ਇਨਕਲਾਬ ਇਕੱਲੇ ਪੰਜਾਬ ਨਾਲ ਨਹੀਂ ਦੁਨੀਆਂ ਨਾਲ ਜੁੜੀ ਹੋਈ ਚੀਜ਼ ਹੈ।ਦੇਸ਼ ਦੇ ਬਾਕੀ ਹਿੱਸਿਆਂ ਦੇ ਰਾਏ,ਵਰਮੇ,ਵਿਲਸ਼ਨ ਹਮੇਸਾਂ ਭੀੜ ਦੇ ਸਮੇਂ ਪੰਜਾਬ ਨਾਲ ਖੜ੍ਹਦੇ ਰਹੇ ਹਨ।ਰਾਹ 'ਚ ਅੜਿੱਕਾ ਭਾਰਤੀ ਹਿੰਦੂਤਵੀ ਸਟੇਟ ਹੈ ਨਾ ਕਿ ਸੇਖਰ ,ਰਾਏ,ਵਿਲਸਨ,ਮਜੂਮਦਾਰ ਰਾਹ 'ਚ ਰੋੜਾ ਹਨ।ਪੰਜਾਬੀ ਨੌਜਵਾਨ ਨੂੰ ਕੁਝ ਨਹੀਂ ਹੋਇਆ,ਬੱਸ ਦੋਸਤ ਤੇ ਦੁਸ਼ਮਣ 'ਚ ਫਰਕ ਲੱਭਣ ਤੇ ਅੱਖਾਂ ਖੋਲ੍ਹਣ ਦੀ ਲੋੜ ਹੈ।

    ReplyDelete