ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, June 23, 2010

ਰੱਬਾ ਦੱਸ ਕੀ ਕਰੀਏ

ਅਜ਼ਾਦੀ ਦੇ 63 ਸਾਲਾਂ ਬਾਅਦ : 8 ਸਾਲਾਂ ਦੇ ਵਕਫ਼ੇ ’ਚ ਬਠਿੰਡਾ ਜਿਲ੍ਹਾ ਦੀਆਂ 70 ਕਿਰਤੀ ਔਰਤਾਂ ਸਣੇ 483 ਖ਼ੇਤ ਮਜ਼ਦੂਰਾਂ ਨੇ ਕੀਤੀਆਂ ਖ਼ੁਦਕੁਸੀਆਂ

ਮਜ਼ਦੂਰਾਂ ਦੇ ਘਰਾਂ ਵਿੱਚੋਂ ਹੁਣ ਦਾਤੀਆਂ ਵਾਲੇ ਘੁੰਗਰੂਆਂ ਦੀ ਆਵਾਜ਼ਾਂ ਆਉਂਣੀਆਂ ਬੰਦ ਹੋ ਰਹੀਆਂ ਹਨ, ਇਨ੍ਹਾਂ ਦੀ ਥਾਂ ਕੀਰਨਿਆਂ ਨੇ ਲੈ ਲਈ ਹੈ। ਜਾਪਦਾ ਹੈ ਅਮਰਵੇਲ ਵਾਂਗ ਵੱਧ ਰਹੇ ਕਰਜ਼ੇ ਦੇ ਜਾਲ ਕਾਰਨ ਕਿਰਤੀਆਂ ਲਈ ਸਲਫ਼ਾਸ ਤੇ ਫਾਹਾ ਦਾ ਢੰਗ ਹੀ ਰਹਿ ਗਿਆ ਹੈ । ਕੇਵਲ 8 ਸਾਲਾਂ ਦੇ ਵਕਫ਼ੇ ਵਿੱਚ ਹੀ ਬਠਿੰਡਾ ਜਿਲ੍ਹੇ ਦੇ 483 ਖ਼ੇਤੀ ਵਾਲੇ ਮਜ਼ਦੂਰਾਂ ਵੱਲੋਂ ਗਰੀਬੀ ਅਤੇ ਕਰਜ਼ੇ ਕਾਰਣ ਖ਼ੁਦਕੁਸੀਆਂ ਕਰਨ ਦਾ ਦੁੱਖਦਾਇਕ ਪਹਿਲੂ ਸਾਹਮਣੇ ਆਇਆ ਹੈ। ਇਨ੍ਹਾਂ ਮਜ਼ਦੂਰਾਂ ਸਿਰ ਡੇਢ ਕਰੋੜ ਰੁਪਏ ਕਰਜ਼ੇ ਦਾ ਮਾਮਲਾ ਵੀ ਉਜਾਗਰ ਹੋ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਆਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਵੱਲੋਂ 2000 ਤੋਂ 2008 ਤੱਕ ਦੇ ਵਕਫ਼ੇ ਦੌਰਾਨ ਖ਼ੁਦਕੁਸੀਆਂ ਬਾਰੇ ਕੀਤੇ ਸਰਵੇਖਣ ਦੀ ਰਿਪੋਰਟ ਜੋ ਪੰਜਾਬ ਸਰਕਾਰ ਸੋਂਪੀ ਜਾ ਚੁੱਕੀ ਹੈ, ਵਿੱਚ ਬਹੁਤ ਸਾਰੇ ਅਣਛੂਹੇ ਪੱਖ ਸਾਹਮਣੇ ਆਏ ਹਨ, ਭਾਵੇਂ ਜਥੇਬੰਦੀਆਂ ਨੇ ਇਸ ਨੂੰ ਆਧੂਰੀ ਰਿਪੋਰਟ ਵੀ ਕਰਾਰ ਦੇ ਦਿੱਤਾ। ਯੂਨੀਵਰਸਿਟੀ ਵੱਲੋਂ ਇਹ ਸਰਵੇਖਣ ਜਿਲ੍ਹੇ ਦੇ 8 ਬਲਾਕਾਂ ਦੇ 193 ਪਿੰਡਾਂ ਵਿੱਚ ਕੀਤਾ ਗਿਆ। ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਕਿ ਅੱਠ ਸਾਲਾਂ ਦੌਰਾਨ 483 ਖ਼ੁਦਕੁਸੀਆਂ ਵਿੱਚੋਂ 227 ਦਾ ਕਾਰਣ ਕਰਜ਼ੇ ਦੀ ਭਾਰੀ ਨਾ ਮੋੜਨਯੋਗ ਰਕਮ ਦਾ ਹੋਣਾ ਹੈ।

ਆਤਮਘਾਤ ਕਰ ਚੁੱਕੇ ਇਨ੍ਹਾਂ ਮਜ਼ਦੂਰਾਂ ਸਿਰ ਕੁੱਲ ਕਰਜ਼ੇ ਦਾ 57.3 ਪ੍ਰਤੀਸ਼ਤ ਕਰਜ਼ਾ ਭਾਵ ਪ੍ਰਤੀ ਮਜ਼ਦੂਰ ਔਸਤ 47 ਹਜ਼ਾਰ 347 ਰੁਪਏ ਦਾ ਕਰਜ਼ਾ ਹੈ ਜਦ ਕਿ ਹੋਰ ਕਾਰਣਾਂ ਕਰਕੇ ਆਤਮਦਾਹ ਕਰ ਚੁੱਕੇ ਮਜ਼ਦੂਰਾਂ ਸਿਰ ਕਰਜ਼ੇ ਦਾ 42.7 ਪ੍ਰਤੀਸ਼ਤ ਕਰਜ਼ਾ ਭਾਵ 5 ਹਜ਼ਾਰ 468 ਰੁਪਏ ਹੈ। ਇਸ ਮਾਮਲੇ ਵਿੱਚ ਬਹੁਤ ਹੀ ਦੁਖਦਾਇਕ ਪਹਿਲੂ ਇਹ ਵੀ ਸਾਹਮਣੇ ਆਇਆ ਕਿ ਕਈ ਪਿੰਡਾਂ ਵਿੱਚ ਮਜ਼ਦੂਰ ਖ਼ੁਦਕੁਸੀਆਂ ਦੀ ਇਹ ਗਿਣਤੀ ਅੱਠ ਤੱਕ ਵੀ ਪੁੱਜ ਚੁੱਕੀ ਹੈ। ਖੁਦਕੁਸੀ ਵਰਗਾ ਆਤਮਘਾਤੀ ਕਦਮ ਉਠਾਉਂਣ ਵਾਲਿਆਂ ਵਿੱਚ ਜਿਆਦਾਤਰ ਨੌਜਵਾਨ ਉਮਰ ਦਾ ਵਰਗ ਸ਼ਾਮਲ ਹੈ, ਜਿਸ ਵਿੱਚ ਕੁਆਰੇ ਨੌਜਵਾਨ ਲੜਕੇ ਵੀ ਸ਼ਾਮਲ ਹਨ। ਰਿਪੋਰਟ ਦੀ ਛਾਣਬੀਣ ਕਰਨ ਮਗਰੋਂ ਇਹ ਗੱਲ ਉਭਰੀ ਕਿ ਜਿਲ੍ਹੇ ਦੇ ਤਲਵੰਡੀ ਸਾਬੋਂ ਬਲਾਕ ਦੀ ਹਾਲਤ ਅਤਿ ਨਿਰਾਸਾਜਨਕ ਹੈ, ਜਿੱਥੇ ਆਤਮਘਾਤ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਸਭ ਬਲਾਕਾਂ ਤੋਂ ਅੱਗੇ ਹੈ।


ਤਲਵੰਡੀ ਸਾਬੋ ਬਲਾਕ ਦੇ 40 ਪਿੰਡਾਂ ਵਿੱਚ ਸਰਵੇਖਣ ਕੀਤਾ ਗਿਆ ਜਿਸ ਵਿੱਚ 95 ਕੇਸ ਸਾਹਮਣੇ ਆਏ ਜਿਸ ਵਿੱਚ 18 ਮਜ਼ਦੂਰ ਔਰਤਾਂ ਵੀ ਸ਼ਾਮਲ ਹਨ। ਇਸ ਬਲਾਕ ਦੇ ਭਾਗੀਵਾਦਰ ਪਿੰਡ ਵਿੱਚ ਸਭ ਤੋਂ ਵੱਧ ਮਾਮਲੇ ਰੋਸ਼ਨੀ ਵਿੱਚ ਆਏ, ਇਸ ਪਿੰਡ ਵਿੱਚ 6 ਅਤੇ ਜੀਵਨ ਸਿੰਘ ਵਾਲਾ ਵਿੱਚ 5 ਖ਼ੁਦਕੁਸੀਆਂ ਹੋਈਆਂ । ਜਦ ਕਿ ਚਾਰ ਚਾਰ ਖ਼ੁਦਕੁਸੀਆਂ ਵਾਲੇ ਪਿੰਡਾਂ ਵਿੱਚ ਕਲਾਲ ਵਾਲਾ, ਕੋਟ ਬਖਤੂ, ਮਾਨਵਾਲਾ, ਮਲਕਾਣਾ ਤੋਂ ਇਲਾਵਾ ਤਿੰਨ ਤਿੰਨ ਖੁਦਕੁਸੀਆਂ ਵਾਲੇ 9 ਪਿੰਡਾ ਸ਼ਾਮਲ ਹਨ। ਉਸ ਤੋਂ ਬਾਅਦ ਰਾਮਪੁਰਾ ਬਲਾਕ ਹੈ, ਜਿਸ ਦੇ 22 ਪਿੰਡਾਂ ਵਿੱਚ 74 ਮਜ਼ਦੂਰਾਂ ਨੂੰ ਆਪਣੀ ਜਾਨ ਦੇਣੀ ਪਈ। ਜਿਸ ਵਿੱਚ ਨੌ ਔਰਤਾਂ ਵੀ ਸ਼ਾਮਲ ਹਨ। ਇਸ ਬਲਾਕ ਦੇ ਤਿੰਨ ਪਿੰਡਾਂ ਚਾਓਂਕੇ, ਕਰਾੜਵਾਲਾ ਅਤੇ ਗਿੱਲ ਖ਼ੁਰਦ ਦੇ ਮਜ਼ਦੂਰਾਂ ਦੀ ਹਾਲਤ ਵੱਧ ਨਾਜ਼ਕ ਹੈ, ਜਿੱਥੇ 6=6 ਮਜ਼ਦੂਰ ਮੌਤ ਨੂੰ ਆਪਣੇ ਗਲ ਆਪ ਲਾਉਂਣ ਲਈ ਮਜ਼ਬੂਰ ਹੋਏ। ਪਿੰਡ ਨੰਦਗੜ੍ਹ ਕੋਟੜਾ ਦੇ 5 ਮਜਦੂਰਾਂ ਨੇ ਖੁਦਕੁਸੀ ਕੀਤੀ, ਜਦ ਕਿ ਇਸੇ ਬਲਾਕ ਦੇ 6 ਹੋਰ ਪਿੰਡਾਂ ਵਿੱਚ 4=4 ਆਤਮ ਹੱਤਿਆ ਦੇ ਕੇਸ ਨੋਟ ਕੀਤੇ ਗਏ।

ਜਿਲ੍ਹੇ ਦੇ ਸੰਗਤ ਬਲਾਕ ਦੇ 24 ਪਿੰਡਾਂ ਦੇ 64 ਕਿਰਤੀਆਂ ਨੇ ਖ਼ੁਦਕੁਸੀਆਂ ਕੀਤੀਆਂ, ਜਿਨ੍ਹਾਂ ਵਿੱਚ 6 ਔਰਤਾਂ ਵੀ ਸ਼ਾਮਲ ਹਨ। ਪਿੰਡ ਚੱਕ ਅਤਰ ਸਿੰਘ ਵਾਲਾ ਦੇ ਮਜ਼ਦੂਰਾਂ ਦੀ ਹਾਲਤ ਸਭ ਤੋਂ ਗੰਭੀਰ ਸਾਹਮਣੇ ਆਈ ਜਿੱਥੋਂ ਦੇ ਅੱਠ ਮਜ਼ਦੂਰਾਂ, ਪਿੰਡ ਭਗਵਾਨਗੜ੍ਹ ਦੇ 7 ਮਜ਼ਦੂਰਾਂ ਨੇ ਇਹ ਕਦਮ ਚੁੱਕਿਆਂ। ਬਲਾਕ ਦੇ 4 ਪਿੰਡਾਂ ਵਿੱਚ ਗਰੀਬੀ ਨੇ 4=4 ਮਜ਼ਦੂਰਾਂ ਨੂੰ ਆਤਮ ਹੱਤਿਆਂ ਕਰਨ ਲਈ ਮਜਬੂਰ ਕੀਤਾ। ਬਲਾਕ ਦੇ ਮਜ਼ਦੂਰਾਂ ਦਾ ਕਰਜ਼ਾ 5 ਹਜ਼ਾਰ ਰੁਪਏ ਤੋਂ ਲੈ ਕੇ 80 ਹਜ਼ਾਰ ਰੁਪਏ ਵੀ ਨੋਟ ਕੀਤਾ ਗਿਆ। ਬਲਾਕ ਬਠਿੰਡਾ ਦੇ ਮਜ਼ਦੂਰਾਂ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈ, ਇੱਥੋਂ ਦੇ 24 ਪਿੰਡਾਂ ਦੀਆਂ ਅੱਠ ਔਰਤਾਂ ਸਮੇਤ 57 ਮਜ਼ਦੂਰਾਂ ਨੂੰ ਗਰੀਬੀ ਕਾਰਣ ਮਜਬੂਰੀਵੱਸ ਆਪਣੀ ਜਾਨ ਆਪ ਗਵਾਉਂਣੀ ਪਈ। ਦੋ ਪਿੰਡਾਂ ਅਕਲੀਆ ਕਲਾਂ ਅਤੇ ਨਰੂਆਣਾ ਪਿੰਡ ਦੇ 8=8 ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ, ਜਦ ਕਿ ਬਠਿੰਡਾ ਦੀ ਜੂਹ ਵਿੱਚ ਸਮਾਉਂਦਾ ਜਾ ਰਿਹਾ ਪਿੰਡ ਬੀੜ ਤਲਾਬ ਦੇ 5 ਮਜ਼ਦੂਰਾਂ ਨੇ ਖੁਦਕੁਸੀ ਕੀਤੀ। ਮਾਲਵੇ ਦੀ ਨਰਮਾ ਪੱਟੀ ਤੋਂ ਬਾਹਰ ਜਿਲ੍ਹੇ ਦੀ ਬਹੁਤ ਉਪਜਾਊ ਭੂਮੀ ਵਾਲਾ ਮੰਨਿਆ ਜਾਣ ਵਾਲਾ ਬਲਾਕ ਫੂਲ ਦੇ 22 ਪਿੰਡਾਂ ਦੇ 58 ਮਜ਼ਦੂਰਾਂ ਦੀ ਗਰੀਬੀ ਨੇ ਸਿਰਫ ਅੱਠ ਸਾਲਾਂ ਵਿੱਚ ਹੀ ਜਾਨ ਲਈ, ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਲ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਦੇ ਮਜ਼ਦੂਰਾਂ ਦੀ ਹਾਲਤ ਸਭ ਤੋਂ ਵੱਧ ਗੰਭੀਰ ਹੈ, ਪਿੰਡ ਦੀਆਂ 5 ਪੱਤੀਆਂ ਦੇ 11 ਕਿਰਤੀਆਂ ਨੂੰ ਗਰੀਬੀ ਨੇ ਆਤਮਘਾਤ ਵਰਗਾ ਖ਼ਤਰਨਾਕ ਰਾਹ ਚੁਨਣ ਲਈ ਮਜ਼ਬੂਰ ਕੀਤਾ। ਪਿੰਡ ਭਾਈ ਰੂਪਾ ਵਿੱਚ ਅੱਠ, ਪਿੰਡ ਬੁਗਰਾਂ ਵਿੱਚ 6 ਤੇ ਪਿੰਡ ਆਲੀਕੇ ਦੇ 5 ਮਜ਼ਦੂਰਾਂ ਨੇ ਖ਼ੁਦਕੁਸੀ ਕੀਤੀ।

ਬਲਾਕ ਨਥਾਣਾ ਦੇ 18 ਪਿੰਡਾਂ ਦੀ ਸਰਵੇਖਣ ਰਿਪੋਰਟ ਮੁਤਾਬਕ ਇਨ੍ਹਾਂ ਪਿੰਡਾਂ ਦੀਆਂ 5 ਔਰਤਾਂ ਸਮੇਤ 48 ਮਜ਼ਦੂਰਾਂ ਨੇ ਆਤਮਘਾਤ ਵਾਲੇ ਰਾਹ ਦੀ ਚੋਣ ਕੀਤੀ। ਬਲਾਕ ਦੇ ਤਿੰਨ ਪਿੰਡਾਂ ਭੁੱਚੋ ਖੁਰਦ, ਨਥਾਣਾ ਅਤੇ ਗੰਗਾ ਦੇ 5=5 ਮਜ਼ਦੂਰਾਂ ਨੇ ਖ਼ੁਦਕੁਸੀਆਂ ਕੀਤੀਆਂ। ਜਦੋਂ ਕਿ ਪਿੰਡ ਲਹਿਰਾਖਾਨਾ, ਲਹਿਰਾ ਮੁਹੱਬਤ, ਲਹਿਰਾ ਧੂਰਕੋਟ, ਤੁੰਗਵਾਲੀ ਦੇ 4=4 ਮਜ਼ਦੂਰਾਂ ਦੀ ਗਿਣਤੀ ਸ਼ਾਮਲ ਹੈ। ਇਸ ਬਲਾਕ ਵਿੱਚ ਸ਼ਾਮਲ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ ਸਿੰਘ ਬਾਤਲ ਦੇ ਸਾਹੁਰਾ ਪਿੰਡ ਚੱਕ ਫਤਹਿ ਸਿੰਘ ਵਾਲਾ ਦੇ ਖੁਦਕੁਸ਼ੀ ਕਰ ਚੁੱਕੇ ਮਜ਼ਦੂਰਾਂ ਦੀ ਹਾਲਤ ਉਜਾਗਰ ਨਾ ਕਰਨ ਲਈ ਇਹ ਪਿੰਡ ਸਰਵੇ ਤੋ ਬਾਹਰ ਰੱਖਿਆ ਗਿਆ, ਹਲਾਕਿ ਆਪਣੇ ਦੋ ਸਾਲਿਆਂ ਨੂੰ ਸਰਪੰਚ ਬਣਾਉਣ ਲਈ ਮੁੱਖ ਮੰਤਰੀ ਨੇ ਇੱਕ ਵਾਰ ਆਪਣੇਰਾਜ ਭਾਗ ਦੌਰਾਨ ਇਸ ਪਿੰਡ ਤੋ ਇੱਕ ਹੋਰ ਪਿੰਡ ਰਾਤੋਂ ਰਾਤ ਬਣਾ ਦਿੱਤਾ ਸੀ। ਬਲਾਕ ਭਗਤਾ ਭਾਈਕਾ ਦੇ 20 ਪਿੰਡਾਂ ਦੇ 43 ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ ਜਿਨ੍ਹਾਂ ਵਿੱਚ ਇੱਕ ਨੌਜਵਾਨ ਕੁਆਰੀ ਲੜਕੀ ਸਮੇਤ 10 ਔਰਤਾਂ ਵੀ ਸ਼ਾਮਲ ਹਨ। ਭਗਤਾ ਭਾਈ ਵਿੱਚ ਚਾਰ ਖ਼ੁਦਕੁਸੀਆਂ ਹੋਈਆਂ, ਜਿਨ੍ਹਾਂ ਵਿੱਚ ਚਾਰੇ ਹੀ ਮਜ਼ਦੂਰ ਔਰਤਾਂ ਹਨ। ਬਲਾਕ ਦੇ ਚਾਰ ਚਾਰ ਮਜ਼ਦੂਰ ਆਤਮ ਹੱਤਿਆ ਵਾਲੇ ਪਿੰਡਾਂ ਵਿੱਚ ਗੁਰੂਸਰ ਅਤੇ ਸਿਰੀਏਵਾਲਾ ਵੀ ਸ਼ਾਮਲ ਹੈ। ਆਤਮ ਹੱਤਿਆ ਕਰ ਚੁੱਕੇ ਮਜ਼ਦੂਰਾਂ ਸਿਰ 9 ਹਜ਼ਾਰ ਤੋਂ ਲੈ ਕੇ 60 ਹਜ਼ਾਰ ਰੁਪਏ ਦਾ ਕਰਜ਼ਾ ਹੈ। ਬਲਾਕ ਮੌੜ ਮੰਡੀ ਦੇ 22 ਪਿੰਡਾਂ ਦੇ 44 ਮਜ਼ਦੂਰਾਂ ਨੇ ਖ਼ੁਦਕੁਸੀਆਂ ਕੀਤੀਆਂ, ਜਿਨ੍ਹਾਂ ਵਿੱਚ 9 ਔਰਤਾਂ ਵੀ ਸ਼ਾਮਲ ਹਨ। ਪੂਰੇ ਸੂਬੇ ਵਿੱਚ ਚਰਖ਼ਿਆਂ ਦੇ ਘਰੇਲੂ ਪਰਜੈਕਟ ਕਾਰਣ ਮਸ਼ਹੂਰ ਪਿੰਡ ਜੋਧਪੁਰ ਪਾਖਰ ਵਿੱਚ ਇਹ ਗਿਣਤੀ ਸਭ ਤੋਂ ਵੱਧ ਹੈ, ਜਿੱਥੋਂ ਦੇ 6 ਮਜ਼ਦੂਰਾਂ ਨੇ ਆਤਮ ਹੱਤਿਆ ਕੀਤੀ। ਪਿੰਡ ਭਾਈ ਬਖ਼ਤੌਰ ਦੇ ਕਰਜ਼ੇ ਕਾਰਨ ਖ਼ੁਦਕੁਸੀ ਕਰਨ ਵਾਲੇ ਮਜ਼ਦੂਰਾਂ ਸਿਰ 40 ਹਜ਼ਾਰ ਰੁਪਏ ਤੋਂ ਲੈ ਕੇ 60 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਹੈ। ਸਰਵੇਖਣ ਰਿਪੋਰਟ ਮੁਤਾਬਕ ਮਜ਼ਦੂਰਾਂ ਵੱਲੋਂ ਦਿਨ ਰਾਤ ਇੱਕ ਕਰਨ ਦੇ ਬਾਵਜੂਦ ਵੀ ਉਨ੍ਹਾਂ ਸਿਰ ਕਰਜ਼ੇ ਦੀ ਰਕਮ ਆਮਦਨ ਨਾਲੋ ਦੁੱਗਣੀ ਤੋਂ ਵੀ ਵੱਧ ਹੈ। ਔਸਤ ਆਮਦਨ 21 ਹਜ਼ਾਰ 701 ਰੁਪਏ ਜਦ ਕਿ ਔਸਤ ਕਰਜ਼ਾ 47 ਹਜ਼ਾਰ ਤਿੰਨ ਸੌ 47 ਰੁਪਏ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਜੋਰਾ ਸਿੰਘ ਨਿਸਰਾਲੀ, ਪੇਂਡੂ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਦਾ ਕਹਿਣਾ ਹੈ ਕਿ ਪੰਜਾਬ ਦੀ ਖ਼ੇਤੀ ਵਿੱਚੋਂ ਮਜ਼ਦੂਰਾਂ ਦੇ ਖ਼ਤਮ ਹੋ ਰਹੇ ਰੁਜ਼ਗਾਰ, ਲੱਕ ਤੋੜਵੀ ਮਹਿੰਗਾਈ ਅਤੇ ਕਰਜ਼ਿਆਂ ਦੇ ਭਾਰ ਨੇ ਉਨ੍ਹਾਂ ਨੂੰ ਖ਼ੁਦਕੁਸ਼ੀਆਂ ਵਾਲਾ ਮਾਰੂ ਰੁਝਾਨ ਪੈਂਦਾ ਕਰ ਦਿੱਤਾ ਹੈ, ਜਿਸ ਵੱਲ ਸੂਬਾ ਹਕੂਮਤ ਨੂੰ ਧਿਆਨ ਦੇਣਾ ਬਣਦਾ ਹੈ।

ਬਲਜਿੰਦਰ ਕੋਟਭਾਰਾ,ਬਠਿੰਡਾ
ਲੇਖਕ ਪੱਤਰਕਾਰ ਹਨ

3 comments:

  1. It is a matter of regret That 483 labourers including 70 women labourers committed suicides only in district Bathinda in Punjab state where Mr. P.S. Badal C.M. , his son Mr. S.S. Badal dy. C.M. and M.P. of Bathinda and daughter-in-law of C.M. reside . Now the all Badals including his nephew finance minister must act on the Punjabi proverb - Je tenu sharam hovey taan dubb ke mar jaa !...............C.l. Chumber

    ReplyDelete
  2. All of our resources both human and non human are being destroyed throughout the world.The end seems near.Struggle free from all prejudices might promise some hope.But where is it.We all are torn into.

    ReplyDelete
  3. ਉੱਜਲ ਸਤਨਾਮ ::::
    ਪੱਤਰਕਾਰ ਨੇ ਅੰਕੜਿਆਂ ਦੇ ਅਧਾਰ ਉੱਤੇ ਚੰਗਾ ਲੇਖ ਲਿਖਿਆ ਏ। ਖੁਦਕੁਸ਼ੀਆਂ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਕੜੇ ਬਹੁਤੇ ਜ਼ਿਆਦਾ ਨਹੀਂ, ਇਹ ਇਸ ਤੋਂ ਵੀ ਜ਼ਿਆਦਾ ਹੋ ਸਕਦੇ ਨੇ। ਮਾਲਵੇ ਦਾ ਬਠਿੰਡਾ ਬਾਦਲਾਂ, ਜ਼ਹਿਰੀਲੇ ਪਾਣੀ ਅਤੇ ਖੁਦਕੁਸ਼ੀਆਂ ਕਰਕੇ ਹੁਣ ਵਿਦੇਸ਼ਾ ਵਿੱਚ ਵੀ ਆਪਣੀ ਐਡ ਬਾਖੂਬੀ ਲਵਾ ਰਿਹੈ। ਆਪਣੀ ਜ਼ਿੰਦਗੀ ਨੂੰ ਧੱਕਾ ਲਾਉਣ ਲਈ ਪੈਸਿਆਂ ਦੀ ਜ਼ਰੂਰਤ ਜ਼ਰੂਰ ਹੁੰਦੀ ਏ, ਪਰ ਇਹ ਕਿੱਥੋਂ ਦੀ ਸਿਆਣਪ ਏ ਕਿ ਆਪਣੇ ਜਵਾਕਾਂ ਦੇ ਵਿਆਹ ਕਰਨ ਲਈ ਅਤੇ ਨਸ਼ੇ ਪੱਤੇ ਦੀ ਪੂਰਤੀ ਲਈ ਬੇ ਵਜ੍ਹਾ ਰੁਪਏ ਬਰਬਾਦ ਕੀਤੇ ਜਾਣ। ਖੁਦਕੁਸ਼ੀ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਏ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਿਹੈ..? ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਖੁਦਕੁਸ਼ੀ ਕਰਨ ਵਾਲੇ ਗਲਤ ਤਰੀਕਿਆਂ ਦਾ ਸ਼ਿਕਾਰ ਬਣੇ। ਮਜ਼ਬੂਰੀ ਵੀ ਕਿਤੇ ਨਾ ਕਿਤੇ ਬੰਦੇ ਦੀ ਰੀੜ੍ਹ ਦੀ ਹੱਡੀ ਤੋੜਦੀ ਜ਼ਰੂਰ ਏ ਪਰ ਇਸ ਸਭ ਤੋਂ ਅਸੀਂ ਆਪਣਾ ਬਚਾਅ ਆਪ ਈ ਕਰਨੈ, ਪਿੰਡਾਂ ਵਿੱਚ ਜੇਕਰ ਬਾਬੇ ਨਾਨਕ ਵਰਗੇ ਦਾ ਗੁਰਪੁਰਬ ਪੈਸੇ ਕੱਠੇ ਕਰਕੇ ਮਨਾਇਆ ਜਾ ਸਕਦੈ ਤਾਂ ਫੇਰ ਕਿਸੇ ਪਿੰਡ ਦੇ ਸਾਬਤ ਸੂਰਤ ਬੰਦੇ ਦੀ ਮੁਸ਼ਕਿਲ ਪੈਸੇ ਕੱਠੇ ਕਰਕੇ ਕਿਉਂ ਨੀ ਕੀਤੀ ਜਾ ਸਕਦੀ। ਬੰਦਾ ਈ ਬੰਦੇ ਦੀ ਦਾਰੂ ਐ ਪੱਤਰਕਾਰਾ,,,

    ReplyDelete