ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, August 1, 2010

ਅੱਧੀ ਅਬਾਦੀ ਮਨੋਰੋਗੀ ਕਿਉਂ....?


ਰੂੜੀਵਾਦੀ ਕਦਰਾਂ ਕੀਮਤਾਂ ਦੇਸ਼ ਦੀਆਂ ਔਰਤਾਂ ਨੂੰ ਹਿਸਟੇਰੀਆਂ ਦਾ ਸ਼ਿਕਾਰ ਬਣਾ ਰਹੀਆਂ ਹਨ। ਅੰਧਵਿਸ਼ਵਾਸ, ਘਰਾਂ ਵਿੱਚ ਦਮ ਘੋਟੂ ਮਾਹੌਲ, ਜਜਬਾਤਾਂ ਦਾ ਗਲਾ ਘੁੱਟਣ, ਵਿਤਰਕੇਬਾਜੀ ਦਾ ਮਾਹੌਲ ਔਰਤਾਂ ਨੂੰ ਮਾਨਸਿਕ ਤੌਰ 'ਤੇ ਰੋਗਾਂ ਵਿੱਚ ਜਕੜ ਰਿਹਾ ਹੈ। ਅਗਿਆਨਤਾ ਦੇ ਵਹਿਣ ਵਿੱਚ ਵਹਿ ਰਹੀਆਂ ਇਹ ਔਰਤਾਂ ਅਖ਼ੋਤੀ ਸਿਆਣਿਆਂ ਕੋਲੋ ਆਪਣੀ ਆਰਥਿਕ ਲੁੱਟ ਵੀ ਕਰਵਾ ਰਹੀਆਂ ਹਨ। ਪੰਜਾਬ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਮਨੋਰੋਗੀਆਂ ਲਈ ਚਲਾਏ ਜਾ ਰਹੇ ਮੁਫ਼ਤ ਸਲਾਹ ਤੇ ਸਹਾਇਤਾ ਕੇਂਦਰਾਂ ਵਿੱਚੋਂ ਕੁਝ ਇੱਕ ਦੇ ਹੱਲ ਕੀਤੇ ਸੈਂਕੜੇ ਕੇਸਾਂ ਦੇ ਅਧਿਐਨ ਤੋਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਬਹੁਤ ਹੀ ਅਨੋਖੇ ਕਿਸਮ ਦੇ ਉਲਝਾਊ ਅਤੇ ਅਤਿ ਹੈਰਾਨੀਜਨਕ ਮਾਨਿਸਕ ਰੋਗਾਂ ਦੇ ਪੱਖ ਰੋਸ਼ਨੀ ਵਿੱਚ ਆਏ ਹਨ। ਅਧਿਐਨ ਦੇ ਇਸ ਕੇਂਦਰ ਵਿੱਚ ਪਿਛਲੇ ਇੱਕ ਦਹਾਕੇ ਦੇ ਕਰੀਬ ਵਿੱਚ ਆਏ ਪੰਜ ਸੌ ਮਾਨਸਿਕ ਰੋਗੀਆਂ ਦੇ ਮਾਮਲਿਆਂ ਬਾਰੇ ਪੜ੍ਹਤਾਲ ਕਰਨ 'ਤੇ ਇਹ ਮਾਮਲੇ ਉਜਾਗਰ ਹੋਇਆ ਕਿ ਇਨ੍ਹਾਂ ਮਰੀਜਾਂ ਵਿੱਚੋਂ ਵੱਡੀ ਗਿਣਤੀ ਭਾਵ 60 ਪ੍ਰਤੀਸ਼ਤ ਔਰਤਾਂ ਦੀ ਹੈ, ਜਿਨ੍ਹਾਂ ਵਿੱਚੋਂ 200 ਔਰਤਾਂ ਹਿਸਟੇਰੀਆਂ ਤੋਂ ਪੀੜ੍ਹਤ ਹਨ। ਤਰਕਸ਼ੀਲ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਰੋਗ ਦਾ ਕਾਰਣ ਚੜ੍ਹਦੀ ਉਮਰੇ ਲੜਕੀਆਂ ਵਿੱਚ ਹਾਰਮੋਨਜ਼ ਦੀ ਤਬਦੀਲੀ, ਅਰਮਾਨਾਂ ਦਾ ਕੁਚਲੇ ਜਾਣਾ, ਮਾਨਸਿਕ ਹੀਣਤਾ, ਵਿਤਕਰੇ ਭਰਿਆ ਵਰਤਾਅ ਆਦਿ ਹਨ। ਬਹੁਤਿਆਂ ਕੇਸਾਂ ਵਿੱਚ ਇਹ ਪੱਖ ਵੀ ਸਾਹਮਣੇ ਆਇਆ ਕਿ ਨਵਵਿਆਹੁਤਾ ਲੜਕੀ ਨੂੰ ਸਾਹੁਰੇ ਘਰ ਜਾਣ ਦੇ ਕੁਝ ਸਮੇਂ ਮਗਰੋਂ ਹੀ ਉਸ ਦੀ ਸੱਸ ਜਾਂ ਜੇਠਾਣੀ ਜਾਂ ਕੁਝ ਕੇਸ਼ਾਂ ਵਿੱਚ ਦਰਾਣੀ ਵੱਲੋਂ ਉਸ ਨੂੰ ਮਹਿਜ ਇੱਕ ਮਸ਼ੀਨ ਸਮਝਕੇ ਹੀ ਗੋਹਾ ਕੂੜਾ ਸੁਟਾਈ ਜਾਣਾ ਵੀ ਇਸ ਰੋਗ ਦੀ ਪੈਂਦਾਇਸ਼ ਦਾ ਕਾਰਣ ਬਣਿਆ ਹੈ। ਕੁਝ ਕੇਸ਼ਾਂ ਵਿੱਚ ਜਗੀਰੂ ਸੋਚ ਦੇ ਮਾਲਕ ਪੇਕਿਆਂ ਵੱਲੋਂ ਚੰਗੀ ਪੜ੍ਹੀ ਲੜਕੀ ਦਾ ਰਿਸ਼ਤਾ ਕੇਵਲ ਜ਼ਮੀਨ ਦੇ ਲਾਲਚ ਵਿੱਚ ਅੱਧਪ੍ਹੜ ਜਾਂ ਨਿਰੋਲ ਅਨਪ੍ਹੜ ਵਿਆਕਤੀ ਨਾਲ ਕਰ ਦੇਣ 'ਤੇ ਵੀ ਲੜਕੀਆਂ ਇਸ ਰੋਗ ਦੇ ਲਪੇਟੇ ਵਿੱਚ ਆਈਆਂ। ਕੁਜੋੜ ਰਿਸ਼ਤਿਆਂ ਦੇ ਮਗਰੋਂ ਤਲਾਕ ਹੋਣ ਮਗਰੋਂ ਵੀ ਇਕੱਲਤਾ ਅਤੇ ਸਮਾਜ ਵਿੱਚ ਛੁਟੜ ਹੋਣ ਦੇ ਡਰ ਕਾਰਣ ਵੀ ਔਰਤਾਂ ਨੂੰ ਮਾਨਸਿਕ ਰੋਗੀ ਬਣਾਇਆ। ਇਸ ਰੋਗ ਦੀਆਂ ਸ਼ਿਕਾਰ ਔਰਤਾਂ ਦੀ ਉਮਰ ਦਾ ਪੱਖ ਖੋਜਣ 'ਤੇ ਇਹ ਗੱਲ ਸਾਹਮਣੇ ਆਈ ਕਿ 99 ਪ੍ਰਤੀਸ਼ਤ 16 ਤੋਂ 35 ਸਾਲ ਦੀਆਂ ਹਨ। ਜਿਨ੍ਹਾਂ ਵਿੱਚੋਂ 60 ਪ੍ਰਤੀਸ਼ਤ ਔਰਤਾਂ ਵਿਆਹੀਆਂ ਅਤੇ 40 ਪ੍ਰਤੀਸ਼ਤ ਲੜਕੀਆਂ ਕੁਵਾਰੀਆਂ ਸ਼ਾਮਲ ਹਨ। ਕੁਝ ਕੇਸ ਅਜਿਹੇ ਵੀ ਸਾਹਮਣੇ ਆਏ ਕਿ ਮੁੰਡਿਆਂ ਦੇ ਲਾਲਚ ਵਿੱਚ ਲਗਾਤਾਰ ਕੁੜੀਆਂ ਦਾ ਪੈਂਦਾ ਹੋਣਾ ਜਾਂ ਬਿਲਕੁੱਲ ਹੀ ਬੇਔਲਾਦ ਰਹਿ ਜਾਣ ਕਾਰਣ ਵੀ ਔਰਤਾਂ ਮਾਨਸਿਕ ਰੋਗਾਂ ਵਿੱਚ ਜਕੜ ਜਾਦੀਆਂ ਹਨ, ਜਿਨ੍ਹਾਂ ਨੂੰ ਕਿਸੇ ਸਰੀਕਣੀ ਭਾਵ ਦਰਾਣੀ ਜਾਂ ਜੇਠਾਣੀ ਵੱਲੋਂ ਕੁੱਖ ਬੰਨਣ ਦਾ ਵਹਿਮ ਪਾ ਕੇ ਸਾਧ ਸ਼ੋਸਣ ਕਰਦੇ ਰਹੇ।

ਰਿਪੋਰਟਾਂ ਦੀ ਖ਼ੋਜ ਅਤੇ ਮਾਹਿਰਾਂ ਦੀ ਗੱਲਬਾਤ ਤੋਂ ਵੀ ਇਹ ਗੱਲ ਸਾਹਮਣੇ ਆਈ ਕਿ ਜਵਾਨੀ ਦੀ ਦਹਿਲੀਜ਼ 'ਤੇ ਪੈਰ ਰੱਖ ਰਹੀਆਂ ਕਿਸ਼ੋਰ ਅਵਸਥਾ ਦੀਆਂ ਪੇਂਡੂ ਅਣਭੋਲ ਲੜਕੀਆਂ ਹਾਰਮੋਨਜ਼ ਦੀ ਤਬਦੀਲੀ ਕਾਰਣ ਮਾਨਸਿਕ ਤੋਰ 'ਤੇ ਅੱਪ ਸੈਂਟ ਹੋਈਆਂ । ਇਸ ਦਾ ਕਾਰਣ ਅਗਿਆਨੀ ਮਾਵਾਂ ਵੱਲੋਂ ਉਨ੍ਹਾਂ ਨੂੰ ਇਸ ਕੁਦਰਤੀ ਬਦਲ ਬਾਰੇ ਜਾਂ ਤਾਂ ਜਾਣਕਾਰੀ ਨਾ ਦੇਣਾ ਜਾਂ ਇੱਕ ਹਾਊਆ ਬਣਾਉਂਣਾ ਵੀ ਸ਼ਾਮਲ ਹੈ। ਛਾਣਬੀਣ ਤੋਂ ਇਹ ਗੱਲ ਸਾਹਮਣੇ ਆਈ ਕਿ ਇਸ ਰੋਗ ਦੇ ਲੱਛਣ ਸਰੀਰਕ ਅਕੜਾਅ, ਨੀਮ ਬੇਹੋਸੀ, ਗਲੇ ਦਾ ਰੂਕ ਜਾਣਾ, ਦੱਦਲਾਂ ਪੈਂ ਜਾਣੀਆਂ, ਹੋਸ਼ ਆਉਂਣ ਤੋ ਤੁਰੰਤ ਮਗਰੋਂ ਆਰਜ਼ੀ ਤੌਰ 'ਤੇ ਸਰੀਰ ਦੇ ਇੱਕ ਪਾਸੇ ਦੇ ਖੜ੍ਹ ਜਾਣ ਦਾ ਵਹਿਮ, ਉੱਠ ਕੇ ਤੁਰਨ ਸਮੇਂ ਸਰੀਰ ਨੂੰ ਝਟਕੇ ਮਹਿਸੂਸ ਹੋਣੇ ਆਦਿ ਵੀ ਸ਼ਾਮਲ ਆਏ। ਇਨ੍ਹਾਂ ਵਿੱਚੋਂ 2 ਤੋਂ 4 ਪ੍ਰਤੀਸ਼ਤ ਮਰੀਜ਼ ਔਰਤਾਂ ਵੱਲੋਂ ਅਰਧ ਚੇਤਨ ਮਨ ਦੇ ਭਾਰੂ ਹੋ ਜਾਣ ਕਾਰਣ ਘਰੇ ਅੱਗ ਲਾਉਂਣਾ ਅਤੇ ਆਪਣੇ ਘਰੋਂ ਸਮਾਨ ਗੁੰਮ ਕਰਨ ਦੇ ਮਾਮਲੇ ਵੀ ਸਪੱਸ਼ਟ ਹੋਏ। ਇੱਕ ਲੜਕੀ ਵੱਲੋਂ ਆਪਣੀ ਗੁੱਤ ਕੱਟਣ ਦਾ ਕੇਸ ਵੱਖਰੇ ਤੌਰ 'ਤੇ ਸ਼ਾਮਲ ਹੈ।

ਅਜੇ ਵੀ ਅਗਿਆਨਤਾ ਦੇ ਹਨੇਰੇ ਸਮੁੰਦਰ ਵਿੱਚ ਡੁੱਬੇ ਹੋਣ ਕਾਰਣ ਇਨ੍ਹਾਂ ਵਿੱਚੋਂ ਬਹੁਤੀਆਂ ਮਰੀਜ਼ ਔਰਤਾਂ ਸਾਲਾਂ ਬੱਧੀ ਅਖ਼ੋਤੀ ਬਾਬਿਆਂ ਦੀਆਂ ਸਰਧਾਲੂਆਂ ਬਣ ਕੇ ਆਪਣੀ ਕਿਰਤ ਲੁਟਾਉਂਦੀਆਂ ਰਹੀਆਂ ਹਨ। ਬਹੁਤੀਆਂ ਨੂੰ ਚੇਲੇ ਇਹ ਕਹਿਕੇ ਡਰਾਉਂਦੇ ਰਹੇ ਕਿ ਬਦਰੂਹ ਉਨ੍ਹਾਂ ਨੂੰ ਅੰਦਰੋਂ ਅੰਦਰੀ ਖਾ ਰਹੀ ਹੈ, ਜਦ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸਿਕ ਤਣਾਅ ਕਾਰਨ ਐਸਿਡਿਟੀ ਵੱਧਣ ਕਰਕੇ ਪੇਟ ਵਿੱਚ ਜਲਣ ਹੁੰਦੀ ਹੈ।

ਮਾਨਸਿਕ ਰੋਗਾਂ ਦੀ ਜਨਮ ਦਾਤੀ ਗਰੀਬੀ

ਮਨੋਰੋਗਾਂ ਲਈ ਸਲਾਹ ਤੇ ਸਹਾਇਤਾ ਕੇਂਦਰ ਵਿੱਚ 15 ਪ੍ਰਤੀਸ਼ਤ ਕੇਸ ਆਰਥਿਕ ਥੁੜ੍ਹਾਂ ਮਾਰੇ ਕਿਰਤੀ ਪਰਿਵਾਰਾਂ ਨਾਲ ਸਬੰਧਤ ਹਨ। ਗਰੀਬੀ ਕਾਰਨ ਕਰਜ਼ਿਆਂ ਦਾ ਵੱਧਣਾ, ਬੁਨਿਆਦੀ ਜਰੂਰਤਾਂ ਦੀ ਪੂਰਤੀ ਨਾ ਹੋਣਾ ਆਦਿ ਮੁੱਖ ਕਾਰਨ ਦੇਖਣ ਨੂੰ ਮਿਲੇ। ਅਜਿਹੇ ਮਾਨਸਿਕ ਰੋਗਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੀ ਹੈ। ਆਪਣਾ ਦੁੱਖ ਭੁੱਲਣ ਲਈ ਮਰਦ ਆਮ ਕਰਕੇ ਸ਼ਰਾਬ ਦਾ ਸਹਾਰਾ ਲੈ ਲੈਂਦੇ ਹਨ। ਮਾਨਸਿਕ ਤਣਾਓ 'ਚ ਗ੍ਰਸਤ 60-70 ਔਰਤਾਂ ਦੀ ਕੇਸ ਹਿਸਟਰੀ ਦੇਖਣ ਮਗਰੋਂ ਇਹ ਗੱਲ ਸਾਫ਼ ਹੈ ਕਿ ਸਖ਼ਤ ਸਰੀਰਕ ਮਿਹਨਤ ਮਗਰੋਂ ਸੰਤੁਲਿਤ ਖ਼ੁਰਾਕਦਾ ਨਾ ਹੋਣ ਕਾਰਣ ਸਰੀਰ ਵਿੱਚ ਖੂਨ ਦੀ ਕਮੀ ਕਾਰਣ ਸਰੀਰਕ ਰੋਗ ਵੀ ਭਾਰੂ ਹਨ। ਅਜਿਹੀ ਹਾਲਤ ਵਿੱਚ ਚੱਕਰ ਆਉਂਣ ਆਦਿ ਸਰੀਰਕ ਰੋਗਾਂ ਦੇ ਇਲਾਜ ਲਈ ਵੀ ਪੈਸੇ ਨਾ ਹੋਣ 'ਤੇ ਮਜਬੂਰੀ ਵੱਸ ਇਹ ਔਰਤਾਂ ਚੇਲਿਆਂ ਦੇ ਚੁੰਗਲ ਵਿੱਚ ਫ਼ਸ ਕੇ ਆਪਣੀ ਲੁੱਟ ਕਰਵਾਉਂਦੀਆਂ ਹਨ। ਗਰੀਬੀ ਅਤੇ ਕਰਜ਼ੇ ਕਾਰਨ ਨਿੱਤ ਦਿਨ ਘਰੇਲੂ ਕਲੇਸ ਨੇ ਵੀ ਵੱਡੀ ਗਿਣਤੀ ਵਿੱਚ ਪੇਂਡੂ ਔਰਤ ਇਸ ਮਾਰੂ ਰੋਗ ਨਾਲ ਗ੍ਰਸਤ ਹੋ ਰਹੀਆਂ ਹਨ। ਉਮਰ ਵਿੱਚ ਇਹ ਔਰਤਾਂ 30 ਤੋਂ 45 ਸਾਲ ਦੇ ਵਿਚਕਾਰ ਦੀਆਂ ਹਨ। ਮਾਨਸਿਕ ਤੌਰ 'ਤੇ ਅੱਪ ਸੈਟ ਹੋਣ ਕਾਰਨ ਬਹੁਤੀਆਂ ਕਾਫੀ ਕਾਫੀ ਚਿਰ ਤੱਕ ਸਿਰ ਵੀ ਘੁਮਾਉਂਦੀਆਂ ਰਹੀਆਂ ਜਿਨ੍ਹਾਂ ਨੂੰ ਕਸਰਾਂ ਹੋਣਾ ਆਖਿਆ ਜਾਂਦਾ ਹੈ।

ਕੇਸ ਹਿਸਟਰੀ ਸੀਟਾਂ ਦਾ ਨਿਰੀਖਣ ਕਰਨ 'ਤੇ ਇੱਕ ਹੋਰ ਪਹਿਲੂ ਸਾਹਮਣੇ ਆਇਆ। 5 ਪ੍ਰਤੀਸ਼ਤ ਛੋਟੀਆਂ ਬੱਚੀਆਂ-ਬੱਚੇ ਜੋ ਅਦਿੱਖ ਭੂਤਾਂ ਪ੍ਰੇਤਾਂ ਦੇ ਡਰ ਤੋਂ ਪੀੜਤ ਸਨ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਜਿਆਦਾਤਰ ਬੱਚੇ ਟੈਲੀਵੀਜ਼ਨ 'ਤੇ ਚੱਲਦੇ ਅੰਧਵਿਸ਼ਵਾਸ਼ੀ ਡਰਾਉਂਣੇ ਸੀਰੀਅਲ, ਆਤਮਾ, ਪੁਨਰ ਜਨਮ, ਚੁੜੇਲਾਂ ਆਦਿ ਤੋਂ ਡਰ ਕੇ ਮਾਨਸਿਕ ਤੌਰ 'ਤੇ ਰੋਗੀ ਹੋਏ। ਕੁਝ ਕੁ ਬੱਚੀਆਂ ਨੂੰ ਡਰ ਕਾਰਨ ਸਕੂਲ ਵਿੱਚ ਜਮਾਤ 'ਚ ਹੀ ਦੌਰੇ ਪੈ ਗਏ ਅਤੇ ਬੇਹੋਸ਼ ਹੁੰਦੀਆਂ ਰਹੀਆਂ। ਅਜਿਹੇ ਬੱਚੇ ਡਰ ਨਾਲ ਚੀਕਾਂ ਵੀ ਮਾਰਦੇ ਰਹੇ। ਇਨ੍ਹਾਂ ਵਿੱਚੋਂ ਜਿਆਦਾਤਰ ਨੂੰ ਲਾਲ ਸੂਟ ਵਾਲੀਆਂ ਔਰਤਾਂ ਵੀ ਡਰਾਉਂਦੀਆਂ ਰਹੀਆਂ। ਰਾਤ ਨੂੰ ਡਰਾਉਂਣੇ ਸੁਪਨਿਆਂ ਕਾਰਨ ਵੀ ਡਰਕੇ ਉਡਦੇ ਰਹੇ। ਕੁਝ ਕੁ ਬਚਪਨ ਤੋਂ ਅਦਿੱਖ ਸ਼ਕਤੀਆਂ ਭੂਤਾਂ=ਪ੍ਰੇਤਾਂ, ਦੇਵੀ=ਦੇਵਤਿਆਂ ਦੀਆਂ ਕਹਾਣੀਆਂ ਸੁਣ ਕੇ ਵੀ ਮਾਨਸਿਕ ਰੋਗਾਂ ਤੋਂ ਪੀੜਤ ਹੋਏ। ਮਾਨਸਿਕ ਰੋਗ ਤੋਂ ਪੀੜਤ ਇਨ੍ਹਾਂ ਬੱਚਿਆਂ ਦੀ ਉਮਰ 10 ਸਾਲ ਤੋਂ 15 ਸਾਲ ਤੱਕ ਦੀ ਹੈ। ਜਿਨ੍ਹਾਂ ਨੂੰ ਵਿਗਿਆਨਕ ਢੰਗ ਨਾਲ ਹਿਪਨੋਟਾਈਜ ਕਰਕੇ ਉਨ੍ਹਾਂ ਦੇ ਅਰਧ ਚੇਤਨ ਮਨ ਵਿੱਚੋਂ ਭੂਤਾਂ=ਚੁੜੇਲਾਂ ਦੇ ਸਾਰੇ ਵਹਿਮ ਕੱਢ ਦਿੱਤੇ। ਮਾਨਸਿਕ ਰੋਗੀਆਂ ਦੇ ਮਾਮਲਿਆਂ ਵਿੱਚੋਂ 10 ਪ੍ਰਤੀਸ਼ਤ ਨੋਜਵਾਨ ਲੜਕੇ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚ ਮਨੋ-ਵਿਕਾਰਾਂ ਕਰਕੇ ਘੱਟ ਸਗੋਂ ਜਿਆਦਾਤਰ ਮਾਨਸਿਕ ਰੋਗ ਦੇ ਕਾਰਨ ਅਖ਼ੋਤੀ ਸੈਕਸੂਅਲ ਕਮਜ਼ੋਰੀ ਵਾਲੇ ਸ਼ਾਮਲ ਹਨ। ਜਿਨ੍ਹਾਂ ਨੂੰ ਅਖ਼ੋਤੀ ਵੈਦਾਂ ਦੇ ਇਸਤਿਹਾਰ ਪੜ੍ਹਕੇ ਇਹ ਮਾਨਸਿਕ ਰੋਗ ਹੈ ਕਿ ਉਹ ਸਰੀਰਕ ਕਮਜ਼ੋਰੀ ਕਾਰਨ ਵਿਆਹੁਤਾ ਜਿੰਦਗੀ ਨੂੰ ਸੁਖਾਵੇ ਢੰਗ ਨਾਲ ਨਿਭਾਅ ਨਹੀਂ ਸਕਣਗੇ। ਵਿਆਹ ਦੇ ਦਿਨ ਨੇੜੇ ਆਉਂਣ 'ਤੇ ਇਨ੍ਹਾਂ ਵਿੱਚ ਮਾਨਸਿਕ ਤਣਾਓ ਹੋਰ ਵੱਧਿਆ ਸੀ। ਮਾਨਸਿਕ ਰੋਗਾਂ ਤੋਂ ਪੀੜ੍ਹਤ ਨੌਜਵਾਨਾਂ ਦੀ ਦੂਜੀ ਸ਼੍ਰੇਣੀ ਵਿੱਚ ਕੰਮ ਚੋਰ ਜਾਂ ਮਨ ਭਾਉਂਦਾ ਕੰਮ ਨਾ ਮਿਲ ਸਕਣ ਕਾਰਨ ਤੋਂ ਇਲਾਵਾ ਫੋਕੀ ਟੌਹਰ ਲਈ ਸਾਧਨ ਨਾ ਬਣਨੇ, ਦੂਜੇ ਦੇ ਮੁਕਾਬਲੇ ਚੰਗੇ ਸਾਧਨ ਨਾ ਹੋਣ 'ਤੇ ਹੀਣਤਾ ਦੇ ਬੋਝ ਹੇਠ ਦੱਬ ਜਾਣ, ਬੇਰੁਜ਼ਗਾਰੀ ਆਦਿ ਕਾਰਨ ਵੀ ਪ੍ਰਮੁੱਖ ਤੌਰ 'ਤੇ ਦੇਖੇ ਗਏ। ਫ਼ੇਲ ਹੋਣ ਕਾਰਨ ਮਾਨਸਿਕ ਰੋਗੀ ਬਣੇ ਕਈ ਨੌਜਵਾਨ ਗਰੈਜੂਏਸਨ ਦੀ ਪੜ੍ਹਾਈ ਵੀ ਕਰ ਰਹੇ ਸਨ, ਜਿਸ ਤੋਂ ਪੂਰੇ ਵਿਦਿਅਕ ਢਾਚੇ 'ਤੇ ਵੀ ਉਂਗਲ ਉ¤ਡਦੀ ਹੈ। ਅਧਿਐਨ ਤੋਂ ਪਤਾ ਲੱਗਿਆ ਕਿ ਇਨ੍ਹਾਂ ਮਾਨਸਿਕ ਰੋਗੀ ਨੌਜਵਾਨ ਦੇ ਲੱਛਣਾਂ ਵਿੱਚ ਕੰਮ 'ਤੇ ਧਿਆਨ ਨਾ ਲੱਗਣਾ, ਨਸ਼ਿਆਂ ਦੇ ਸ਼ਿਕਾਰ ਹੋਣਾ, ਅੰਦਰੇ ਹੀ ਵੜੇ ਰਹਿਣਾ, ਆਲੇ=ਦੁਆਲੇ ਤੋਂ ਟੁੱਟ ਜਾਣ ਕਾਰਨ ਆਸੁਖਾਵੇਪਣ ਦਾ ਸ਼ਿਕਾਰ ਹੋਣਾ, ਕੇਵਲ ਬੁੱਤ ਹੀ ਬਣ ਜਾਣਾ, ਸੁਭਾਅ ਚਿੜਚੜਾ ਹੋਣਾ, ਮਾਂ=ਬਾਪ ਨਾਲ ਲੜਾਈ ਝਗੜਾ, ਘੋਰ ਨਿਰਾਸ਼ਾ ਕਾਰਨ ਉਤਸ਼ਾਹ ਖ਼ਤਮ ਹੋ ਜਾਣਾ ਆਦਿ ਸ਼ਾਮਲ ਹੈ। ਇਨ੍ਹਾਂ ਮਾਨਸਿਕ ਰੋਗੀਆਂ ਦੀ ਉਮਰ 17 ਤੋਂ 28 ਸਾਲ ਜਾਂ ਕੁਝ ਕੁ ਕੇਸਾਂ ਵਿੱਚ ਵੱਧ ਵੀ ਹੈ। ਇਨ੍ਹਾਂ ਵਿੱਚ ਮੱਧ ਸ਼੍ਰੇਣੀ ਕਿਸਾਨੀ ਨਾਲ ਸਬੰਧਤ ਨੋਜਵਾਨਾਂ ਦੀ ਗਿਣਤੀ ਜਿਆਦਾ ਹੈ। ਬਾਬਿਆਂ ਦਾ ਦਿਲ ਹੈ ਜਵਾਨ: ਅਧਿਐਨ ਤੋਂ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਜਵਾਨੀ ਹੰਢਾ ਚੁੱਕੇ ਬਾਬੇ ਵੀ ਮਨੋ ਵਿਕਾਰਾਂ ਕਾਰਨ ਮਾਨਸਿਕ ਰੋਗੀ ਬਣ ਰਹੇ ਹਨ। ਕਾਮੁਕ ਤ੍ਰਿਪਤੀ ਨਾ ਹੋਣ ਕਾਰਨ ਅਤੇ ਉ¤ਪਰੋਂ ਅਰਧ ਜੰਗੀਰੂ ਸੱਭਿਆਚਾਰ ਭਾਰੂ ਹੋਣ ਕਾਰਨ ਬੁੱਢਿਆਂ ਦੇ ਉਲਝਾਊ ਕੇਸਾਂ ਨੂੰ ਇੱਕ ਵਾਰ ਤਾਂ ਤਰਕਸ਼ੀਲਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ । ਕਾਮੁਕ ਤ੍ਰਿਪਤੀ ਪੂਰੀ ਨਾ ਹੋਣ ਕਾਰਣ ਆਏ ਕੇਸਾਂ ਵਿੱਚੋਂ ਪੰਜ ਪ੍ਰਤੀਸ਼ਤ ਅੱਧਖੜ ਬਜ਼ੁਰਗ ਸੱਕ ਦੀ ਬਿਮਾਰੀ ਦੇ ਅਤੇ ਖੱਬਤ ਮਾਨਸਿਕ ਰੋਗ ਦੇ ਸ਼ਿਕਾਰ ਹਨ। ਉਹ ਆਪਣੀ ਔਰਤ 'ਤੇ ਚਰਿੱਤਰਹੀਣਤਾ ਦਾ ਝੂਠਾ ਦੋਸ਼ ਲਾ ਕੇ ਆਪਣੀ ਕਾਮੁਕ ਭੁੱਖ ਪੂਰੀ ਕਰਨਾ ਚਾਹੁੰਦੇ ਹਨ। ਕਾਮੁਕਤਾ ਨਾਲ ਪੀੜਤ ਇੱਕ ਬਾਬੇ ਨੇ ਤਾਂ ਆਪਣੇ ਗੁਆਢੀ 'ਤੇ ਗਡਾਸਿਆਂ ਨਾਲ ਹਮਲਾ ਕਰ ਦਿੱਤਾ, ਉਸ 'ਤੇ ਉਸ ਦੀ ਬਜ਼ੁਰਗ ਔਰਤ ਨਾਲ ''ਮਾੜਾ'' ਹੋਣ ਦੇ ਦੋਸ਼ ਲਾਏ ਗਏ, ਹਲਾਕਿ ਹਮਲਾਵਰ ਬਾਬੇ ਦੀ ਜਨਾਨੀ ਨੇ ਨਿਗਾਅ ਘੱਟ ਹੋਣ ਕਾਰਨ ਮੰਜਾ ਮੱਲਿਆ ਹੋਇਆ ਹੈ। ਆਖਿਰ ਇਸ ਹਮਲਾਵਰ ਮਾਨਸਿਕ ਰੋਗੀ ਬਾਬੇ ਦਾ ਦੁੱਖ ਕੋਈ ਨਾ ਸਮਝ ਸਕਿਆ ਅਤੇ ਇਹ ਬਾਬਾ ਆਤਮ ਹੱਤਿਆ ਕਰ ਗਿਆ।

ਮਾਹਿਰਾਂ ਦਾ ਮੰਨਣਾ ਹੈ ਕਿ ਬਾਬਿਆਂ ਨੂੰ ਇਹ ਵੀ ਭੁਲੇਖਾ ਹੈ ਕਿ ਕਿਉਂਕਿ ਜਿਵੇਂ ਉਹ ਇਸ ਬੂਢਾਪੇ ਵਾਲੀ ਉਮਰ ਵਿੱਚ ਵੀ ਇੱਕਲੇ ਨਹੀਂ ਰਹਿ ਸਕਦੇ ਫਿਰ ਅੰਬੋਂ ਕਿਵੇਂ ਇਕੱਲੀ ਰਹਿ ਸਕਦੀ ਹੈ। ਭਾਵੇਂ ਅਜਿਹੇ ਕੇਸ ਘੱਟ ਗਿਣਤੀ ਵਿੱਚ ਆਉਂਦੇ ਹਨ ਫਿਰ ਵੀ ਮਾਹਿਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਮਾਨਸਿਕ ਰੋਗੀ ਬਾਬਿਆਂ ਵਿੱਚੋਂ ਕੁਝ ਸਵੈ ਭਰਮਤ ਦਿਮਾਗੀ ਕਮਜ਼ੋਰੀ ਕਾਰਣ ਮਨੋਕਲਪਨਾ ਤੇ ਹਲਿਊਮਿਨ ਦੇ ਮਰੀਜ਼ ਵੀ ਸਾਹਮਣੇ ਆਏ, ਜਿਨ੍ਹਾਂ ਨੂੰ ਵਹਿਮ ਹੈ ਕਿ ਘਰੇਲੂ ਝਗੜਿਆਂ ਕਾਰਨ ਉਨ੍ਹਾਂ ਦੇ ਪੁੱਤਾਂ ਨੂੰ ਕਤਲ ਕਰ ਦੇਣ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ, ਜਾਂ ਕਤਲ ਕਰ ਦਿੱਤੇ ਹਨ ਜਾਂ ਉਨ੍ਹਾਂ ਦੀ ਕੁੜੀਆਂ ਜਾਂ ਪੋਤੀਆਂ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਮਗਰੋਂ ਕਤਲ ਕੀਤਾ ਜਾ ਰਿਹਾ ਹੈ। ਅਜਿਹੇ ਕੇਸ ਵੀ ਸਾਹਮਣੇ ਆਏ ਹਨ ਕਿ ਜਦੋਂ ਬਾਬੇ ਇਸ ਵਹਿਮ ਦਾ ਸ਼ਿਕਾਰ ਹੋ ਗਏ ਕਿ ਉਨ੍ਹਾਂ ਦੀ ਆਰਥਿਕ ਤਰੱਕੀ 'ਤੇ ਸ਼ਰੀਕ ਈਰਖਾ ਕਰਕੇ ਉਨ੍ਹਾਂ ਦਾ ਗੈਬੀ ਸ਼ਕਤੀ ਨਾਲ ਨੁਕਸਾਨ ਕਰ ਰਹੇ ਹਨ। ਸੰਪਰਕ ਕਰਨ 'ਤੇ ਰਾਮ ਸਿੰਘ ਨਿਰਮਾਣ ਮੁਖੀ ਮੀਡੀਆ ਵਿਭਾਗ ਅਤੇ ਇਨਚਾਰਜ ਮਨੋਰੋਗਾਂ ਲਈ ਸਲਾਹ ਤੇ ਸਹਾਇਤਾ ਕੇਂਦਰ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਦੱਸਿਆ ਕਿ ਕੁਦਰਤੀ ਅਤੇ ਸਰੀਰਕ ਕਾਰਨਾਂ ਨੂੰ ਛੱਡ ਕੇ ਜੇਕਰ ਔਰਤਾਂ ਨੂੰ ਸਹੀ ਵਿਗਿਆਨਕ ਜਾਣਕਾਰੀ ਅਤੇ ਵਿਚਰਨ ਦੇ ਖੁੱਲੇ ਮੌਕੇ ਮਿਲਣ, ਬਰਾਬਰ ਦੀਆਂ ਸਹੂਲਤਾਂ ਹੋਣ, ਬੇਲੋੜੀਆਂ ਬੰਦਸ਼ਾਂ ਬੰਦ ਹੋਣ, ਅੰਧਵਿਸ਼ਵਾਸੀ ਪ੍ਰਚਾਰ ਦੀ ਥਾਂ 'ਤੇ ਖੋਜ ਭਰਪੂਰ ਤਰਕਸ਼ੀਲ ਨਜਰੀਏ ਵਾਲੇ ਸੀਰੀਅਲ, ਫ਼ਿਲਮਾਂ ਜਾਂ ਤਰਕਸੰਗਤ ਸਮਾਜਿਕ, ਪਰਿਵਾਰਕ ਸਿੱਖਿਆ ਅਤੇ ਉਸਾਰੂ ਮਾਹੌਲ ਮਿਲੇ ਤਾਂ ਇਹ ਹਿਸਟੇਰੀਆਂ ਰੋਗ ਖ਼ਤਮ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਬਚਪਨ ਤੋਂ ਵਿਗਿਆਨ ਜਾਣਕਾਰੀ ਵਾਲਾ ਸਾਹਿਤ ਪੜ੍ਹਾਇਆ ਜਾਵੇ ਅਤੇ ਅੰਧ=ਵਿਸ਼ਵਾਸੀ ਕਹਾਣੀਆਂ ਵਾਲੇ ਤੇ ਅੰਧ ਸਰਧਾ ਕਾਰਨ ਅਦਿੱਖ ਸ਼ਕਤੀਆਂ ਜਿਨ੍ਹਾਂ ਦੀ ਕੋਈ ਹੋਂਦ ਹੀ ਨਹੀਂ ਦੇਵੀ ਦੇਵਦੇ, ਆਤਮਾ, ਪ੍ਰਮਾਤਮਾ ਤੇ ਗੈਬੀ ਸ਼ਕਤੀ ਨਾਲ ਸਬੰਧਤ ਕਹਾਣੀਆਂ, ਕਿਸਮਤਵਾਦੀ ਬਣਾਉਂਣ ਵਾਲੇ ਰਾਸ਼ੀ ਫ਼ਲ, ਜਨਮ ਪੱਤਰੀਆਂ ਕੁੰਡਲੀਆਂ ਆਦਿ ਦੀ ਥਾਂ ਤਰਕਸ਼ੀਲ ਨਜ਼ਰੀਏ ਤੋਂ ਵੱਖ ਵੱਖ ਵਰਤਾਰਿਆਂ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕਰਦੇ ਸੀਰੀਅਲ, ਫ਼ਿਲਮਾਂ ਤੇ ਹੋਰ ਜਾਣਕਾਰੀ ਦੇ ਸਰੋਤ ਮੁਹੱਈਆ ਕਰਵਾਏ ਜਾਣ ਤਾਂ ਬੱਚੇ ਅਤੇ ਨੌਜਵਾਨ ਅਗਿਆਨਤਾ ਭਰਪੂਰ ਜਹਾਲਤ ਦੇ ਹਨੇਰੇ 'ਚੋਂ ਨਿਕਲ ਕੇ ਤੰਦਰੁਸਤ ਮਾਨਸਿਕਤਾ ਅਤੇ ਤੰਦਰੁਸਤ ਸਰੀਰਕ ਸਿਹਤਮੰਦਵਾਲੇ ਬਣ ਸਕਦੇ ਹਨ।

ਬਲਜਿੰਦਰ ਕੋਟਭਾਰਾ,ਬਠਿੰਡਾ
ਲੇਖਕ ਪੱਤਰਕਾਰ ਹਨ


ਪੇਂਟਿੰਗ--ਜੇ.ਐਨ ਯੂ ਦੇ ਖੋਜਕਰਤਾ ਅਸ਼ੀਸ਼ ਕੁਮਾਰ ਦੀ

1 comment:

  1. Main Sariyan Galan nal sehmat han par is gal nal nahi k 'Garibi' mansik rogan da karn hai. Garibi nalon Khubsurat koi chees nahi, rooh nal Nang ho k tan dekho....................

    ReplyDelete