ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, February 12, 2011

ਪੰਜਾਬ ਦੀ ਖਲਨਾਇਕ ਜਵਾਨੀ

ਨੌਜਵਾਨਾਂ ਦੀ ਸਮਾਜ ਅੰਦਰ ਅਹਿਮ ਭੂਮਿਕਾ ਹੁੰਦੀ ਹੈ। ਅਜਿਹੀਆਂ ਮਿਸਾਲਾਂ ਨਾਲ ਸਾਡਾ ਇਤਿਹਾਸ ਭਰਿਆ ਪਿਆ ਹੈ। ਸਾਡੇ ਇਤਿਹਾਸ ਦੀ ਕੁੱਖ ਅੰਦਰ ਅਜਿਹੇ ਪਲ ਧੜਕ ਰਹੇ ਹਨ, ਜਿਨ੍ਹਾਂ ਨੂੰ ਸਾਡੇ ਨਾਇਕਾਂ ਨੇ ਆਪਣੀਆਂ ਜਾਨਾਂ ਵਾਰ ਕੇ ਜੀਵੰਤ ਕੀਤਾ। ਇਨ੍ਹਾਂ ਪਲਾਂ ‘ਤੇ ਹਿਮਾਲਿਆ ਪਰਬਤ ਤੋਂ ਵੀ ਵੱਡਾ ਮਾਣ ਕੀਤਾ ਜਾ ਸਕਦਾ ਹੈ।

ਅੱਜ ਪੰਜਾਬ ਅੰਦਰ ਨੌਜਵਾਨ ਪੀੜ੍ਹੀ ਦੀ ਦਿਸ਼ਾਹੀਣਤਾ ਬਹੁਤ ਹੀ ਗੰਭੀਰ ਮਸਲਾ ਹੈ। ਬਹੁਗਿਣਤੀ ਨੌਜਵਾਨ, ਨੈਤਿਕ, ਬੌਧਿਕ ਅਤੇ ਸਮਾਜਕ ਕਦਰਾਂ-ਕੀਮਤਾਂ ਤੋਂ ਕੋਹਾਂ ਦੂਰ ਕਿਸੇ ਹੋਰ ਹੀ ਦੁਨੀਆਂ ਵਿੱਚ ਜਿਉਂ ਰਹੇ ਹਨ, ਜਿਸ ਦੀ ਕੋਈ ਜ਼ਮੀਨ ਹੀ ਨਹੀਂ।ਅਜਿਹੇ ਵੀ ਸਮੇਂ ਰਹੇ ਹਨ ਜਦੋਂ ਨੌਜਵਾਨ ਕਿਸੇ ਨਾ ਕਿਸੇ ਮੰਚ ‘ਤੇ ਇਕੱਠੇ ਹੋ ਕੇ ਲੜੇ। ਉਨ੍ਹਾਂ ਸਾਹਮਣੇ ਕੁਝ ਮਕਸਦ ਸਨ। ਭਾਵੇਂ ਉਹ ਵਿਦਿਆਰਥੀ ਜਥੇਬੰਦੀਆਂ ਹੋਣ, ਨੌਜਵਾਨ ਸਭਾਵਾਂ ਹੋਣ ਜਾਂ ਫਿਰ ਫੈਡਰੇਸ਼ਨਾਂ ਦੇ ਰੂਪ ਵਿੱਚ। ਉਹ ਕਿਸੇ ਨਾ ਕਿਸੇ ਵਿਚਾਰ ਜਾਂ ਧਿਰ ਦੀ ਨੁਮਾਇੰਦਗੀ ਕਰਦੇ ਰਹੇ ਹਨ। ਇਨ੍ਹਾਂ ਲਹਿਰਾਂ ਅੰਦਰ ਜਿੱਤਾਂ ਵੀ ਜਿੱਤੀਆਂ ਤੇ ਹਾਰਾਂ ਵੀ ਝੱਲੀਆਂ। ਇੱਥੇ ਸਵਾਲ ਜਿੱਤਾਂ ਜਾਂ ਹਾਰਾਂ ਦਾ ਨਹੀਂ ਸਗੋਂ ਜ਼ਿੰਦਗੀ ਦੇ ਮਸਲਿਆਂ ਨੂੰ ਸੰਬੋਧਿਤ ਹੋਣ ਦਾ ਹੈ। ਗੱਲ ਇਹ ਨਹੀਂ ਕਿ ਅੱਜ ਇਸ ਕਿਸਮ ਦੇ ਵਿਚਾਰ ਨਹੀਂ ਰਹੇ। ਅੱਜ ਵੀ ਬਹੁਤ ਸਾਰੇ ਲੋਕ ਆਪਣੇ ਅੰਦਰ ਚੰਗੀ ਜ਼ਿੰਦਗੀ ਦਾ ਸੁਪਨਾ ਸਮੋਈ ਬੈਠੇ ਹਨ ਤੇ ਉਸ ਨੂੰ ਹਕੀਕਤ ਵਿੱਚ ਬਦਲਣ ਲਈ ਜੱਦੋ-ਜਹਿਦ ਕਰ ਰਹੇ ਹਨ।

ਨੌਜਵਾਨ ਇਸ ਦੌਰ ਵਿੱਚ ਵੀ ਕਾਲਜਾਂ ਤੇ ਯੂਨੀਵਰਸਿਟੀਆਂ ਅੰਦਰ ਜਥੇਬੰਦੀਆਂ ਬਣਾ ਰਹੇ ਹਨ ਪਰ ਜਿਸ ਤਰਜ਼ ‘ਤੇ ਇਹ ਜਥੇਬੰਦੀਆਂ ਬਣ ਰਹੀਆਂ ਹਨ, ਉਹ ਬਿਲਕੁਲ ਹੀ ਸਮਾਜਕ ਸਰੋਕਾਰਾਂ ਤੋਂ ਸੱਖਣੀਆਂ ਜਾਪਦੀਆਂ ਹਨ। ਕੁਝ ਨੌਜਵਾਨ ਇਕੱਠੇ ਹੁੰਦੇ ਹਨ ਅਤੇ ਆਪਣੇ ਧੜੇ ਦਾ ਨਾਂ ਰੱਖ ਕੇ ਜਥੇਬੰਦੀ ਦਾ ਨਾਂ ਦੇ ਦਿੰਦੇ ਹਨ। ਫਿਰ ਉਹ ਵੱਡੇ-ਵੱਡੇ ਬੈਨਰ ਬਣਾ ਕੇ, ਪੋਸਟਰ, ਸਟਿੱਕਰ ਬਣਾ ਕੇ ਬੋਰਡਾਂ, ਵਹੀਕਲਾਂ ਅਤੇ ਕੰਧਾਂ ‘ਤੇ ਚਿਪਕਾ ਦਿੰਦੇ ਹਨ। ਅਗਲੀ ਗੱਲ ਇਹ ਕਿ ਉਹ ਆਪਣੇ ਬੈਨਰ-ਪੋਸਟਰ ‘ਤੇ ਕਿਸੇ ਨਾ ਕਿਸੇ ਰਾਜਸੀ ਲੀਡਰ ਦੀ ਫੋਟੋ ਵੀ ਚਿਪਕਾ ਦਿੰਦੇ ਹਨ। ਉਸ ਰਾਜ ਨੇਤਾ ਨੂੰ ਵੀ ਇਸ ਉਪਰ ਕਿਸੇ ਗੱਲ ਦਾ ਗਿਲਾ ਨਹੀਂ ਹੁੰਦਾ ਤੇ ਨਾ ਹੀ ਇਹ ਜ਼ਰੂਰਤ ਸਮਝੀ ਜਾਂਦੀ ਹੈ ਕਿ ਇਹ ਕੌਣ ਹਨ ਤੇ ਕਿਉਂ ਕਰ ਰਹੇ ਨੇ? ਸਗੋਂ ਉਹ ਤਾਂ ਖ਼ੁਸ਼ ਹੁੰਦੇ ਹਨ ਕਿ ਅਜਿਹੇ ਮੁੰਡਿਆਂ ਦੀ ਉਨ੍ਹਾਂ ਨੂੰ ਚੋਣਾਂ ਵਿੱਚ ਕਿਸੇ ਰੈਲੀ ਜਾਂ ਜਲਸੇ ਵਿੱਚ ਜ਼ਰੂਰਤ ਪੈਂਦੀ ਰਹਿੰਦੀ ਹੈ। ਇਸੇ ਲਈ ਰਾਜ ਨੇਤਾ ਇਨ੍ਹਾਂ ਮੁੰਡਿਆਂ ਨੂੰ ਕਿਸੇ ਵੀ ਕੀਮਤ ‘ਤੇ ਆਪਣੀ ਛਤਰ-ਛਾਇਆ ਹੇਠ ਰੱਖਣ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ।

ਸਾਡੀ ਬਦਕਿਸਮਤੀ ਇਹ ਹੈ ਕਿ ਇਸ ਪ੍ਰਬੰਧ ਹੇਠ ਅਸੀਂ ਏਨੇ ਬੇਬੱਸ ਹੁੰਦੇ ਜਾਪਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਕਿਸੇ ਵੀ ਸ਼ਰਤ ‘ਤੇ ਜਿਊਣ ਲਈ ਤਿਆਰ ਰਹਿੰਦੇ ਹਾਂ। ਸਾਡੀ ਹੋਂਦ ਦਾ ਸਵਾਲ ਹੀ ਸਾਡੀ ਨੈਤਿਕਤਾ ਅਤੇ ਮਾਸੂਮੀਅਤ ਨੂੰ ਖਾ ਰਿਹਾ ਹੈ। ਮਨੁੱਖ ਹੋਣਾ ਮਾਣ ਦੀ ਗੱਲ ਹੈ ਅਤੇ ਸ਼ਾਨਾਮੱਤੀ ਮਨੁੱਖੀ ਜ਼ਿੰਦਗੀ ਜਿਊਣਾ ਉਸ ਤੋਂ ਵੀ ਵੱਡੇ ਫ਼ਖ਼ਰ ਦੀ ਗੱਲ ਹੈ। ਸਾਡਾ ਸਮਾਜਕ, ਆਰਥਿਕ ਅਤੇ ਰਾਜਨੀਤਕ ਪ੍ਰਬੰਧ ਮਨੁੱਖ ਹੋਣ ਦੇ ਅਹਿਸਾਸ ਤੋਂ ਹੀ ਵਿਰਵਾ ਕਰ ਰਿਹਾ ਹੈ। ਸਾਡੇ ਆਪਣੇ ਲੋਕ ਹੀ ਕੁਝ ਲਾਲਚ ਵੱਸ ਜਾਂ ਫਿਰ ਸਮਾਜ ਦੇ ਠੇਕੇਦਾਰਾਂ ਦੀ ਸ਼ਾਬਾਸੀ ਲਈ ਸਾਡੇ ਆਪਣੇ ਹੀ ਲੋਕਾਂ ਨੂੰ ਗੋਲੀ ਤੱਕ ਮਾਰ ਸਕਦੇ ਹਨ। ਅਸੀਂ ਅਜਿਹੀਆਂ ਹੀ ਮੌਤਾਂ ਨੂੰ ਕਬੂਲ ਕਰਨਾ ਵੀ ਸਿੱਖ ਲਿਆ ਹੈ, ਕੀ ਇਹੋ ਸਾਡੀ ਹੋਣੀ ਹੋਏਗੀ?

ਕੁਝ ਦਿਨ ਪਹਿਲਾਂ ਮੇਰੇ ਨਾਲ ਇੱਕ ਘਟਨਾ ਵਾਪਰੀ। ਮੈਂ ਇੱਕ ਕਾਲਜ ਵਿੱਚ ਨਾਟਕ ਦੀ ਰੀਹਰਸਲ ਕਰਵਾਉਣ ਤੋਂ ਬਾਅਦ ਆਪਣੇ ਮਿੱਤਰ ਨਾਲ ਕਾਲਜ ਕੰਟੀਨ ‘ਤੇ ਚਾਹ ਪੀਣ ਚਲਾ ਗਿਆ। ਉੱਥੇ ਦੋ ਹੋਰ ਮੁੰਡੇ ਖੜ੍ਹੇ ਸਨ ਜਿਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ। ਉਨ੍ਹਾਂ ‘ਚੋਂ ਇਕ ਨੇ ਅਚਾਨਕ ਹੀ ਮੈਥੋਂ ਪੁੱਛ ਲਿਆ, “ਬਾਈ ਏਥੇ ਪੜ੍ਹਦੇ ਓ।” ਮੈਂ ਹਲਕਾ ਜਿਹਾ ਜਵਾਬ ਦਿੱਤਾ, “ਨਹੀਂ ਵੀਰੇ” ਉਹ ਬੋਲਿਆ, “ਫੇਰ ਏਥੇ ਕੀ ਕਰਨ ਆਏ ਓ।” ਮੈਂ ਕਿਹਾ, “ਵੀਰੇ ਨਾਟਕ ਦੀ ਰੀਹਰਸਲ ਕਰਵਾਉਣ ਆਇਆਂ।” ਉਨ੍ਹਾਂ ਮੋੜਵਾਂ ਫਿਰ ਸਵਾਲ ਕਰ ਦਿੱਤਾ, “ਪੈਸੇ ਕਿੰਨੇ ਕੁ ਦੇ ਦਿੰਦੇ ਨੇ?” ਮੈਂ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, “ਬਸ ਵਧੀਆ ਗੁਜ਼ਾਰਾ ਚੱਲੀ ਜਾਂਦੈ।” ਪਤਾ ਨਹੀਂ ਮੇਰੇ ਮਨ ਵਿੱਚ ਕੀ ਆਈ ਮੈਂ ਉਨ੍ਹਾਂ ਨੂੰ ਮੋੜਵਾਂ ਸਵਾਲ ਪੁੱਛ ਲਿਆ, “ਤੁਸੀਂ ਕੀ ਕੰਮ ਕਰਦੇ ਹੋ।” ਉਹ ਇਕਦਮ ਬੋਲਿਆ, “ਲੋਕਾਂ ਦੀਆਂ ਲੱਤਾਂ-ਬਾਹਾਂ ਤੋੜੀ ਦੀਆਂ ਨੇ।” ਮੇਰੇ ਮੂੰਹੋਂ ਨਿਕਲ ਗਿਆ, “ਇਹ ਕਿਹੜਾ ਕੰਮ ਹੋਇਆ।” ਉਨ੍ਹਾਂ ਦਾ ਜਵਾਬ ਸੀ, “ਸਾਨੂੰ ਕੋਈ ਪੈਸੇ ਦੇ ਦੇਵੇ ਤੇਰੀਆਂ ਵੀ ਤੋੜ ਦਿਆਂਗੇ।” ਇੰਨੀ ਗੱਲ ਸੁਣ ਕੇ ਮੈਨੂੰ ਵੀ ਗੁੱਸਾ ਆ ਗਿਆ ਤੇ ਅਸੀਂ ਹੱਥੋਪਾਈ ਹੋ ਗਏ। ਉੱਥੇ ਖੜ੍ਹੇ ਹੋਰ ਕੁਝ ਮੁੰਡੇ ਵਿੱਚ ਪੈ ਗਏ ਤੇ ਸਾਨੂੰ ਛੁਡਵਾ ਦਿੱਤਾ ਅਤੇ ਏਨੇ ਨੂੰ ਕਾਲਜ ਦੇ ਕੁਝ ਪ੍ਰੋਫ਼ੈਸਰ ਵੀ ਪਹੁੰਚ ਗਏ। ਉਹ ਮੁੰਡੇ ਉੱਥੋਂ ਭੱਜ ਨਿਕਲੇ। ਬਾਅਦ ਵਿੱਚ ਕਿਸੇ ਮੁੰਡੇ ਨੇ ਦੱਸਿਆ ਕਿ ਉਹ ਫਲਾਣੀ ਜਥੇਬੰਦੀ ਦੇ ਸਨ। ਉਸ ਜਥੇਬੰਦੀ ਦਾ ਮੈਂ ਕਦੇ ਪਹਿਲਾਂ ਨਾਂ ਨਹੀਂ ਸੀ ਸੁਣਿਆ। ਜਦ ਮੈਂ ਅੱਜ ਇਸ ਘਟਨਾ ਬਾਰੇ ਸੋਚਦਾ ਹਾਂ ਤਾਂ ਮੇਰੇ ਮਨ ਵਿੱਚ ਉਨ੍ਹਾਂ ਮੁੰਡਿਆਂ ਪ੍ਰਤੀ ਕੋਈ ਨਫ਼ਰਤ ਜਾਂ ਗੁੱਸਾ ਨਹੀਂ ਪਰ ਇਸ ਘਟਨਾ ਤੋਂ ਬਾਅਦ ਮੈਂ ਕਈ ਦਿਨ ਸਹਿਜ ਨਹੀਂ ਰਹਿ ਸਕਿਆ। ਮੇਰੇ ਦਿਮਾਗ ਅੰਦਰ ਇੱਕੋ ਸਵਾਲ ਘੁੰਮੀ ਜਾਵੇ ਕਿ ਅੱਜ ਅਸੀਂ ਸਿਰਫ਼ ਲੱਤਾਂ ਤੋੜਨ ਜੋਗੇ ਹੀ ਰਹਿ ਗਏ।

ਅੱਜ ਨੌਜਵਾਨਾਂ ਵੱਲੋਂ ਬਹੁਤ ਸਾਰੀਆਂ ਜਥੇਬੰਦੀਆਂ ਬਣਾਈਆਂ ਜਾ ਰਹੀਆਂ ਹਨ। ਜਥੇਬੰਦੀ ਬਣਾਉਣਾ ਸਭ ਦਾ ਜਮਹੂਰੀ ਹੱਕ ਹੈ। ਗੱਲ ਇਹ ਹੈ ਕਿ ਇਸ ਦੇ ਪਿੱਛੇ ਤੁਹਾਡੀ ਮਨਸ਼ਾ ਕੀ ਹੈ। ਪਿਛਲੇ ਸਮੇਂ ‘ਚ ਜਿੰਨਾ ਕੁ ਮੈਂ ਸਮਝਿਆ ਹੈ ਕਿ ਅਜਿਹੀਆਂ ਜਥੇਬੰਦੀਆਂ ਬਣਾਉਣ ਪਿੱਛੇ ਫੋਕੀ ਚੌਧਰ ਕਾਇਮ ਰੱਖਣਾ ਜਾਂ ਫਿਰ ਸਿਆਸੀ ਲਾਹਾ ਖੱਟਣਾ ਹੈ। ਬਹੁਤ ਸਾਰੇ ਲੋਕ ਅਜਿਹਾ ਲਾਹਾ ਖੱਟ ਵੀ ਰਹੇ ਹਨ।

ਮੇਰੀ ਸਮਝ ਮੁਤਾਬਕ ਹਰ ਜਥੇਬੰਦੀ ਦਾ ਆਪਣਾ ਵਿਚਾਰ ਤੇ ਕਿਰਦਾਰ ਹੁੰਦਾ ਹੈ। ਇਸ ਵਿਚਾਰ ਅਤੇ ਕਿਰਦਾਰ ਦੀ ਸਿਖਲਾਈ ਹੁੰਦੀ ਹੈ। ਇਸ ਸਿਖਲਾਈ ਦੀਆਂ ਜੜ੍ਹਾਂ ਜਥੇਬੰਦੀ ਦੀ ਵਿਰਾਸਤ ਵਿੱਚ ਹੁੰਦੀਆਂ ਹਨ। ਅੱਜ ਜਿਸ ਕਿਸਮ ਦੇ ਗਰੁੱਪ ਜਥੇਬੰਦੀਆਂ ਦੇ ਨਾਂ ਹੇਠ ਵਿਚਰਦੇ ਹਨ ਇਨ੍ਹਾਂ ਦੀ ਵਿਰਾਸਤ ਦੀਆਂ ਜੜ੍ਹਾਂ ਕਿੱਥੇ ਨੇ? ਇਹ ਕਿਸ ਕਿਸਮ ਦੀ ਵਿਰਾਸਤ ਹੈ ਜੋ ਨੌਜਵਾਨਾਂ ਅੰਦਰ ਕੁਝ ਪੁੰਘਰਣ ਦੀ ਬਜਾਏ ਉਨ੍ਹਾਂ ਨੂੰ ਖੋਖਲਾ ਕਰ ਰਹੀ ਹੈ?

ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਸਿਆਸਤ ਦਾ ਅਪਰਾਧੀਕਰਨ ਹੋ ਰਿਹਾ ਹੈ, ਇਸ ਦਾ ਸੱਭਿਆਚਾਰ ਵੀ ਬਹੁਤ ਖ਼ਤਰਨਾਕ ਹੋਵੇਗਾ। ਸਾਡੇ ਸਮਾਜ ਦੇ ਭ੍ਰਿਸ਼ਟ ਪ੍ਰਬੰਧ ਅੰਦਰ ਇਨ੍ਹਾਂ ਮੁੰਡਿਆਂ ਨੂੰ ਉਹ ਜਗ੍ਹਾ ਨਹੀਂ ਮਿਲ ਰਹੀ ਜਿੱਥੇ ਖੜ ਕੇ ਇਨ੍ਹਾਂ ਕੁਝ ਸਿਰਜਣਾ ਸੀ। ਜਿਸ ਮਿੱਟੀ ਅੰਦਰ ਇਨ੍ਹਾਂ ਮੁੰਡਿਆਂ ਦੀਆਂ ਜੜ੍ਹਾਂ ਸਨ, ਉਹ ਧਰਤੀ ਹੀ ਇਨ੍ਹਾਂ ਦੇ ਪੈਰਾਂ ਹੇਠੋਂ ਖਿੱਚੀ ਜਾ ਰਹੀ ਹੈ। ਮੀਡੀਏ ਰਾਹੀਂ ਵੀ ਜ਼ਿੰਦਗੀ ਜੋ ਚਕਾਚੌਂਧ ਪਰੋਸੀ ਜਾ ਰਹੀ ਹੈ, ਉਹ ਛਲਾਵੇ ਤੋਂ ਬਿਨਾਂ ਕੁਝ ਨਹੀਂ। ਮਾਰੂਥਲ ਵਿੱਚ ਪਾਣੀ ਦਾ ਭਰਮ ਤਾਂ ਹੋ ਸਕਦਾ ਹੈ, ਪਰ ਪਾਣੀ ਨਹੀਂ। ਕਿਤੇ ਸਾਡਾ ਭਵਿੱਖ ਇਤਿਹਾਸ ਬਣਨ ਤੋਂ ਪਹਿਲਾਂ ਹੀ ਸਾਡੀ ਮੁੱਠੀ ਵਿੱਚੋਂ ਕਿਰ ਨਾ ਜਾਵੇ। ਇਸ ਮਸਲੇ ਨੂੰ ਸੰਬੋਧਿਤ ਹੋਣਾ ਜ਼ਰੂਰੀ ਹੈ ਕਿ ਸਾਡੇ ਇਤਿਹਾਸ ਦੇ ਨਾਇਕਾਂ ਦੇ ਵਾਰਸ ਖਲਨਾਇਕ ਕਿਉਂ ਹਨ?

ਲੇਖ਼ਕ ਰਣਜੀਤ ਨੋਨਾ ਕਿਸੇ ਸਮੇਂ ਵਿਦਿਆਰਥੀ ਜਥੇਬੰਦੀ ਪੀ.ਐੱਸ.ਯੂ 'ਚ ਕੰਮ ਕਰਦਾ ਰਿਹਾ।ਸਿਆਸਤ ਤੋਂ ਬਾਅਦ ਪੰਜਾਬੀ ਰੰਗਮੰਚ ਦੇ ਅੰਗ-ਸੰਗ ਹੈ।ਨਾਟਕਕਾਰ ਸੈਮੂਅਲ ਜੌਹਨ ਨਾਲ ਵੀ ਲੰਮਾ ਸਮਾਂ ਥੀਏਟਰ ਕੀਤਾ।ਅੱਜਕਲ੍ਹ ਪਿੰਡ ਦੇ ਆਲੇ ਦੁਆਲੇ ਥੀਏਟਰ ਕਰਦਾ ਹੈ ਤੇ ਲਿਖਣ-ਪੜ੍ਹਨ ਦੀ ਵੀ ਕੋਸ਼ਿਸ਼ ਕਰਦਾ ਹੈ।

3 comments:

  1. ਰਣਜੀਤ ਨੋਨਾ ਜੀ ਤੁਹਾਡੀ ਗੱਲ ਦਰੁਸਤ ਹੈ,ਕਿ ਪੰਜਾਬੀ ਨੌਜਵਾਨ ਪੀੜੀ ਦਾ ਬੇੜਾ ਪੂਰੀ ਤਰਾਂ ਗਰਕਣ ਕਿਨਾਰੇ ਹੈ ।ਇਸ ਦਾ ਹੱਲ ਵੀ ਦੂਰ-ਨੇੜੇ ਨਜਰ ਨਹੀ ਆਉਦਾ । ਇਹ ਸਭ ਗੰਦ ਸਾਡੀਆ ਰਾਜਨੀਤਕ ਪਾਰਟੀਆ ਨੇ ਪਾਇਆ ਹੈ, ਬਿਨਾ ਸਹਿ ਤੇ ਗੁਡਾਗਰਦੀ ਨਹੀ ਹੁਦੀ । ਕਦੇ ਉਹ ਸਮਾਂ ਵੀ ਸੀ ਜਦੋ ਖੱਬੇ ਪੱਖੀ ਵਿਚਾਰਧਾਰਾ ਦੀਆਂ ਅਪਣੀਆਂ ਸਟੂਡੈਂਟ ਫੇਡਰੇਸਨਾਂ ਹੁਦੀਆ ਸਨ । ਉਹਨਾ ਦੀ ਇਕ ਵਿਚਾਰਧਾਰਾ ਹੁਦੀ ਸੀ ਤੇ ਉਹ ਉਸ ਤੇ ਪੈਰਾ ਵੀ ਦੇਦੀਆਂ ਸਨ । ਪਰ ਸਮੇ ਨਾਲ ਜਿਥੇ ਖੱਬੇ ਪੱਖੀ ਤਾਕਤਾਂ ਕਮਜੋਰ ਹੋਇਆ ਨੇ ,ਉਸ ਨਾਲ ਦੂਸਰੀਆ ਸਮਾਜ ਵਿਰੋਧੀ ਅਨਸਰਾਂ ਨੂੰ ਪਨਪਣ ਦਾ ਮੌਕਾ ਮਿਲਿਆ ਹੈ ।

    ReplyDelete
  2. Gurinder Saini on facebook------ ਪੰਜਾਬ ਦੀ ਖਲਨਾਯਕ ਜਵਾਨੀ --- ਬਹੁਤ ਹੀ ਪ੍ਰੇਰ੍ਨਾਤਮਕ ਸਿਰਲੇਖ ਹੈ. ਸਿਰਫ਼ ਇਕ ਸਮਸਿਆ ਹੈ. ਇਹ ਕੋਈ ਤਥਾਂ ਤੇ ਅਧਾਰਿਤ ਤਰਕ ਨਹੀਂ ਲਗਦਾ. The evidence is mostly anicdotal. I think it might safety fit into what they call as the " Fallacy of Golden Past". ਗੁਸਤਾਖੀ ਮਾਫ਼

    ReplyDelete
  3. ਰਣਜੀਤ ਨੋਨਾ ਵਧੀਆ ਅਦਾਕਾਰ ਹੋਣ ਦੇ ਨਾਲ ਇੱਕ ਵਧੀਆ ਇਨਸਾਨ ਵੀ ਹੈ ਮੈਂ ਉਸਨੂੰ 3-4 ਸਾਲ ਪਹਿਲਾਂ ਮਿਲਿਆ ਸੀ ਤਾਂ ਉਹ ਮੈਨੂੰ ਬੜਾ ਚੰਗਾ ਲੱਗਿਆ ਸੀ ਲਹਿਰਾਗਾਗਾ ਵਿਖੇ ਉਹ ਸੈਮੁਅਲ ਜੌਹਨ ਨਾਲ ਰਿਹਾ ਹੈ ਪਹਿਲੀ ਮੁਲਾਕਾਤ ਉਸਨੇਂ ਮੇਰੇ ਨਾਲ ਆਪਣਿਆਂ ਵਾਂਗ ਕੀਤੀ ਸੀ

    ReplyDelete