ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Sunday, May 20, 2012

… ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ!

ਪਿਛਲੇ ਐਤਵਾਰ ਛਪੇ ਮੇਰੇ ਲੇਖ ''ਬਾਦਲ ਜੀ, ਹੁਣ ਤਾਂ ਸਾਡਾ ਕਿੱਲਾ ਵੀ ਮਿਣੋ'' ਦੇ ਸਬੰਧ ਵਿਚ ਕੁਝ ਗੱਲਾਂ ਅਜਿਹੀਆਂ ਵਾਪਰੀਆਂ ਜੋ ਪਾਠਕਾਂ ਨਾਲ ਸਾਂਝੀਆਂ ਕਰਨੀਆਂ ਠੀਕ ਰਹਿਣਗੀਆਂ।
'ਪੰਜਾਬੀ ਟ੍ਰਿਬਿਊਨ'' ਦੇ ਸੰਪਾਦਕ ਵਜੋਂ ਕੰਮ ਕਰਦਿਆਂ ਇਹ ਗੱਲ ਤਾਂ ਮੈਂ ਚੰਗੀ ਤਰ੍ਹਾਂ ਜਾਣ ਗਿਆ ਸੀ ਕਿ ਇਸ ਦੇ ਪਾਠਕਾਂ ਦਾ ਘੇਰਾ ਦੂਜੇ ਅਖ਼ਬਾਰਾਂ ਨਾਲੋਂ ਬਹੁਤ ਵੱਖਰਾ ਹੈ। ਲੇਖਕ ਤੇ ਦੂਜੇ ਅਖ਼ਬਾਰਾਂ ਦੇ ਪੱਤਰਕਾਰ, ਕੰਮਕਾਜੀ ਤੇ ਸੇਵਾਮੁਕਤ ਸਕੂਲੀ-ਕਾਲਜੀ ਅਧਿਆਪਕ, ਬੁੱਧੀਜੀਵੀ ਤੇ ਹੋਰ ਪੜ੍ਹੇ-ਲਿਖੇ ਲੋਕ ਸਭ ਤੋਂ ਵੱਧ ਇਸੇ ਦੇ ਪਾਠਕ ਹਨ। ਇਹ ਚਾਨਣ ਨਹੀਂ ਸੀ ਕਿ ਪਾਠਕ ਸਮੂਹ ਏਨਾ ਵੰਨ-ਸੁਵੰਨਾ ਅਤੇ ਏਨਾ ਜਾਗਰਿਤ ਹੈ। ਇਹ ਪਤਾ ਲੇਖ ਦੇ ਹੁੰਗਾਰੇ ਵਜੋਂ ਆਏ ਤੇ ਹੁਣ ਵੀ ਆ ਰਹੇ ਗਿਣਤੀਉਂ ਬਾਹਰੇ ਫ਼ੋਨਾਂ ਤੋਂ ਲੱਗਿਆ। ਜਦੋਂ ਕੋਈ ਫ਼ੋਨ ਆਉਂਦਾ ਮੈਂ ਪੁੱਛਦਾ, ''ਕਿਥੋਂ ਬੋਲ ਰਹੇ ਹੋ, ਕੀ ਕਰਦੇ ਹੋ?'' ਪ੍ਰਤੀਕਰਮ ਦੇਣ ਵਾਲੇ ਪਾਠਕਾਂ ਵਿੱਚ ਉਪਰੋਕਤ ਲੋਕ ਤਾਂ ਸਨ ਹੀ ਉਨ੍ਹਾਂ ਤੋਂ ਬਿਨਾਂ  ਕਾਲਜ ਵਿਦਿਆਰਥੀ, ਮਨੁੱਖਾਂ ਤੇ ਪਸ਼ੂਆਂ ਦੇ ਡਾਕਟਰ, ਪਟਵਾਰੀ ਤੇ ਕਾਨੂੰਗੋ, ਸਿਪਾਹੀ ਤੇ ਐੱਸ ਅੱੈਸ ਪੀ, ਛੋਟੇ ਕਾਰੋਬਾਰੀ, ਟੈਲੀਫ਼ੋਨ ਕੰਪਨੀਆਂ ਖਾਸ ਕਰਕੇ ਬੀ ਐਸ ਐਨ ਐਲ ਦੇ ਕਰਮਚਾਰੀ ਤੇ ਅਧਿਕਾਰੀ, ਰੇਡੀਓ, ਟੀਵੀ ਤੇ ਕੰਪਿਊਟਰ ਸੰਚਾਰ ਨਾਲ ਸਬੰਧਤ ਲੋਕ, ਮੈਂਬਰ, ਸਰਪੰਚ ਤੇ ਬਲਾਕ ਸੰਮਤੀਆਂ ਦੇ ਚੇਅਰਮੈਨ, ਇੰਜੀਨੀਅਰ ਤੇ ਆਪਣੇ ਕਈ ਅਖ਼ਬਾਰਾਂ ਦੇ ਬਾਵਜੂਦ ਸਾਧਾਰਨ ਤੋਂ ਲੈ ਕੇ ਧੁਰ ਖੱਬੇ ਤਕ ਦੇ ਕਾਮਰੇਡ ਆਦਿ ਵੀ ਸ਼ਾਮਲ ਸਨ। ਫ਼ੋਨਾਂ ਦੀ ਅਟੁੱਟ ਲੜੀ ਹਾਲੇ ਤਕ ਜਾਰੀ ਹੈ। ਲੋਕਾਂ ਵੱਲੋਂ ਆਪੇ ਹੀ ਇਹ ਲੇਖ ਕਈ ਵੈੱਬਸਾਈਟਾਂ ਉੱਤੇ ਪਾ ਦਿੱਤੇ ਜਾਣ ਕਾਰਨ ਕੱਲ੍ਹ-ਪਰਸੋਂ ਕੁਝ ਮੱਠਾ ਪਿਆ ਫ਼ੋਨਾਂ ਦਾ ਸਿਲਸਿਲਾ ਫੇਰ ਜ਼ੋਰ ਫੜ ਗਿਆ ਹੈ।


ਬਹੁਗਿਣਤੀ ਦਾ ਪੰਜਾਬੋਂ ਹੋਣਾ ਤਾਂ ਸੁਭਾਵਿਕ ਸੀ, ਕਾਫ਼ੀ ਫ਼ੋਨ ਹਰਿਆਣਾ, ਦਿੱਲੀ ਤੇ ਰਾਜਸਥਾਨ ਤੋਂ ਆਏ। ਇੰਟਰਨੈੱਟ ਐਡੀਸ਼ਨ ਦੀ ਕਿਰਪਾ ਨਾਲ ਕੁਝ ਪਰਦੇਸੀ ਪਾਠਕਾਂ ਨੇ ਵੀ ਸੰਪਰਕ ਕੀਤਾ। ਸਭ ਤੋਂ ਦਿਲਚਸਪ ਫ਼ੋਨ ਇੱਕ ਮਾਈ ਦਾ ਸੀ,''ਭਾਈ, ਮੈਂ ਬਾਦਲ ਪਿੰਡ ਤੋਂ ਬੋਲਦੀ ਆਂ, ਅੱਸੀ ਸਾਲ ਉਮਰ ਹੈ ਮੇਰੀ। ਬਹੁਤ ਚੰਗਾ ਲੱਗਿਆ ਤੇਰਾ ਲਿਖਿਆ।'' ਮੈਂ ਹੱਸਿਆ,''ਬੀਬੀ, ਜੇ ਤੁਸੀਂ ਬਾਦਲ ਪਿੰਡ ਤੋਂ ਹੋਂ, ਸਾਡਾ ਕਿੱਲਾ ਹੀ ਦੁਆ ਦਿਉ!'' ਮਾਈ ਹੱਸੀ, ਵੇ ਵੀਰਾ, ਥੋਨੂੰ ਤਾਂ ਫੇਰ ਕੁਝ ਦੁਆਈਏ ਜੇ ਪਹਿਲਾਂ ਸਾਡੇ ਨਾਲ ਕੀਤੇ ਕਰਾਰਾਂ ਦਾ ਕੁਝ ਬਣੇ! ਸਭ ਤੋਂ ਬਹੁਤਾ ਹਾਸਾ ਇੱਕ ਪਟਵਾਰੀ ਸਾਹਿਬ ਦੇ ਫ਼ੋਨ ਤੋਂ ਆਇਆ,''ਭੁੱਲਰ ਸਾਹਿਬ, ਤੁਸੀਂ ਕਿੱਲਾ ਲੈ ਲਵੋ, ਮੇਰਾ ਵਾਅਦਾ ਰਿਹਾ, ਸਭਾ ਦੇ ਨਾਂ ਪਲਾਟ ਚੜ੍ਹਨ ਤਕ ਦਾ ਸਾਰਾ ਕੰਮ ਸਾਡੇ ਮੁਹਾਲੀ ਵਾਲੇ ਸਾਥੀ ਸਾਡੇ ਮਹਿਕਮੇ ਦਾ ਅਸੂਲ ਤੋੜ ਕੇ ਤੁਹਾਥੋਂ ਇੱਕ ਵੀ ਪੈਸਾ ਰਿਸ਼ਵਤ ਲਏ ਬਿਨਾਂ ਫ਼ਟਾਫ਼ਟ ਕਰ ਦੇਣਗੇ।''



ਇੱਕ ਬੜੀ ਵਚਿੱਤਰ ਤੇ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਸੈਂਕੜੇ ਫੋਨਾਂ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਿਸੇ ਅਹੁਦੇਦਾਰ ਜਾਂ ਕਾਰਜਕਾਰੀ ਮੈਂਬਰ ਦਾ ਇੱਕ ਵੀ ਫ਼ੋਨ ਨਹੀਂ ਆਇਆ! ਜਿੰਨਾ ਚਿਰ ਧੀਰ ਜੀ ਜਿਉਂਦੇ ਰਹੇ, ਸਰਕਾਰ ਦਾ ਕੁੰਡਾ ਖੜਕਾਉਂਦੇ ਰਹੇ, ਹੁਣ ਆਬਦੀ ਹਿੱਕ ਤੋਂ ਬੇਰ ਚੁੱਕ ਕੇ ਆਬਦੇ ਹੀ ਮੂੰਹ ਵਿੱਚ ਪਾ ਸਕਣ ਵਾਲਾ ਹਿੰਮਤੀ ਕਿੱਥੋਂ ਲੱਭੀਏ! ਸੂਣ ਵਾਲੀਆਂ ਦੋ ਮੱਝਾਂ ਦੇ ਮਾਲਕਾਂ ਨੂੰ ਇਕੱਠਿਆਂ ਰਾਤ ਕੱਟਣੀ ਪੈ ਗਈ। ਇਕ ਸੌਂ ਗਿਆ, ਦੂਜਾ ਜਾਗਦਾ ਰਿਹਾ। ਜਾਗਦੇ ਦੀ ਮੱਝ ਨੇ ਕੱਟਾ ਦੇ ਦਿੱਤਾ, ਸੁੱਤੇ ਦੀ ਮੱਝ ਨੇ ਕੱਟੀ। ਜਾਗਦੇ ਨੇ ਅਦਲਾ-ਬਦਲੀ ਕਰ ਦਿੱਤੀ। ਸੁੱਤੇ ਨੇ ਜਾਗ ਕੇ ਜਦੋਂ ਹੈਰਾਨੀ-ਪਰੇਸ਼ਾਨੀ ਜਿਹੀ ਪ੍ਰਗਟਾਈ। ਗ਼ੈਬੀ ਆਵਾਜ਼ ਆਈ,''ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੀ ਹੁੰਦੇ ਹਨ ਭਾਈ!'' ਜਾਗਦੇ ਹੋਣ ਕਰਕੇ ਕ੍ਰਿਕਟਰ, ਐਕਟਰ ਤੇ ਸਾਧ-ਸੰਤ ਕਰੋੜਾਂ ਰੁਪਏ ਤੇ ਵੀਹਾਂ ਕਿੱਲੇ ਭੋਇੰ ਲੈ ਜਾਂਦੇ ਹਨ, ਲੇਖਕਾਂ ਦੇ ਆਗੂ ਨੀਂਦ ਦੀਆਂ ਮੌਜਾਂ ਮਾਣਦੇ ਹਨ। ਜਦੋਂ ਦਰਬਾਰ ਸਾਹਿਬ ਵਿੱਚ ਮੱਸੇ ਰੰਘੜ ਦੀਆਂ ਆਪਹੁਦਰੀਆਂ ਤੋਂ ਦੁਖੀ ਸਿੱਖ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਕੋਲ ਆ ਕੇ ਰੋਏ ਤਾਂ ਉਹ ਕਹਿੰਦੇ, ਭਾਈ ਤੁਸੀਂ ਐਡੀ ਦੂਰ ਆਏ, ਓਥੇ ਹੀ ਲੜ ਮਰਨਾ ਸੀ ਪਰ ਜੇ ਇਹ ਕੰਮ ਮੇਰੇ ਕਰਨ ਦਾ ਸਮਝਦੇ ਹੋ, ਚਲੋ ਮੈਂ ਹੀ ਚਲਦਾ ਹਾਂ। ਅੱਗੇ ਦਾ ਇਤਿਹਾਸ ਤੁਸੀਂ ਜਾਣਦੇ ਹੀ ਹੋ। ਜੇ ਸਭਾ ਸਮਝਦੀ ਹੈ, ਬਾਬਾ ਦੀਪ ਸਿੰਘ ਦੇ ਇਲਾਕੇ ਦਾ ਕੋਈ ਬੰਦਾ ਉਨ੍ਹਾਂ ਦੀ ਹਿੱਕ ਤੋਂ ਬੇਰ ਚੁੱਕ ਕੇ ਉਨ੍ਹਾਂ ਦੇ ਮੂੰਹ ਵਿੱਚ ਪਾਵੇ, ਉਹ ਮੈਂ ਆਪਣਾ ਫ਼ਰਜ਼ ਸਮਝਦਿਆਂ ਪਾ ਦਿੱਤਾ ਹੈ। ਹੁਣ ਕੋਹੜੀ ਟੱਬਰਾ, ਇਸ ਬੇਰ ਨੂੰ ਚੱਬ ਤਾਂ ਲਉ!


ਗੰਭੀਰ ਗੱਲ, ਜਿਸ ਦੀ ਪੰਜਾਬ ਦੇ ਸਾਰੇ ਸੋਚਵਾਨ ਲੋਕਾਂ ਨੂੰ ਚਿੰਤਾ ਹੋਣੀ ਚਾਹੀਦੀ ਹੈ, ਸਰਕਾਰ ਅਤੇ ਲੋਕਾਂ ਵਿਚਕਾਰਲੀ ਬੇਵਸਾਹੀ, ਬੇਇਤਬਾਰੀ ਹੈ। ਗ਼ਜ਼ਬ ਸਾਂਈਂ ਦਾ, ਇੱਕ ਵੀ ਬੰਦੇ ਨੇ ਇਹ ਨਹੀਂ ਆਖਿਆ ਕਿ ਦੇਰ-ਸਵੇਰ ਹੋ ਜਾਂਦੀ ਹੈ। ਸਭਾ ਨੂੰ ਪਲਾਟ ਮਿਲ ਜਾਵੇਗਾ। ਸਭ ਦਾ ਕਹਿਣਾ ਸੀ, ਗ਼ਲਤ ਆਸਾਂ ਲਾਈ ਬੈਠੇ ਹੋ। ਲੇਖਕਾਂ ਦੀ ਬੇਵਸੀ ਇਉਂ ਬੋਲਦੀ ਸੀ, ਆਪਾਂ ਨੂੰ ਤਾਂ ਪਹਿਲਾਂ ਵਾਂਗ ਹੀ ਪ੍ਰਧਾਨ ਜਾਂ ਸਕੱਤਰ ਦੇ ਘਰੋਂ ਕੰਮ ਚਲਾਉਣਾ ਪਊ। ਇੱਕ ਪਾਠਕ ਮੇਰੇ ਭੱਥੇ ਵਿੱਚੋਂ ਤੀਰ ਲੈ ਕੇ ਮੇਰੇ ਵੱਲ ਹੀ ਚਲਾਉਂਦਾ ਹੋਇਆ ਬੋਲਿਆ,''ਹੋਂ ਤਾਂ ਤੁਸੀਂ ਉਮਰ ਵਿੱਚ ਮੈਥੋਂ ਵੱਡੇ, ਮੁਆਫ਼ ਕਰਨਾ, ਸਰਕਾਰ ਤੋਂ ਪਲਾਟ ਦੀ ਉਡੀਕ ਵਿੱਚ ਮੁਰਲੀ ਉੱਤੇ ਕਾਹਨੂੰ ਬੈਠੇ ਹੋ! ਉੱਠ ਕੇ ਸੁਖ ਦਾ ਸਾਹ ਤੇ ਰੱਬ ਦਾ ਨਾਂ ਲਉ!'' ਇੱਕ ਵੱਡੇ ਸਿੱਖ ਧਾਰਮਿਕ ਆਗੂ ਦਾ ਫ਼ੋਨ ਆਇਆ। ਨਾਂ ਸੁਣ ਕੇ ਮੈਂ ਸੋਚਿਆ, ਉਸੇ ਨਾਂ ਵਾਲਾ ਕੋਈ ਹੋਰ ਹੋਣਾ ਹੈ ਪਰ ਉਨ੍ਹਾਂ ਵੱਲੋਂ ਆਪਣੇ ਨਾਂ ਨਾਲ ਬੋਲੇ ਗਏ ਸ਼ਬਦ ਭਾਈ ਨੇ ਮੈਨੂੰ ਦੁਬਿਧਾ ਵਿੱਚ ਪਾ ਦਿੱਤਾ। ਮੈਂ ਪੁੱਛਿਆ, ਉਹ ਵਾਲੇ ਭਾਈ ਫ਼ਲਾਣਾ ਸਿੰਘ ਜੀ? ਉਹ ਹੱਸੇ, ਹਾਂ ਜੀ, ਉਹ ਵਾਲੇ ਹੀ! ਉਨ੍ਹਾਂ ਨੇ  ਲੰਮੀ-ਚੌੜੀ ਗੱਲਬਾਤ ਵਿੱਚ ਇੱਕ ਦਿਲਚਸਪ ਕਿੱਸਾ ਪੂਰੇ ਵਿਸਤਾਰ ਨਾਲ ਸੁਣਾਇਆ। ਸਾਰ-ਤੱਤ ਇਹ ਕਿ ਸਾਡੇ ਗੁਆਂਢੀਆਂ ਦੇ ਇੱਕ ਗਾਂ ਹੁੰਦੀ ਸੀ। ਦੂਜੀਆਂ ਗਊਆਂ ਨਾਲੋਂ ਵੱਡਾ ਕੱਦ-ਕਾਠ, ਵੱਡੇ ਵੱਡੇ ਸਿੰਗ, ਦੂਰੋਂ ਦੇਖਣ ਨੂੰ ਨਗੌਰੀ ਬਲ੍ਹਦ ਜਾਪਦੀ, ਨਾ ਨਵੇਂ ਦੁੱਧ ਹੁੰਦੀ ਤੇ ਨਾ ਸੂੰਦੀ, ਪੂਰੀ ਚਰਿੱਤਰਵਾਨ…। ਮੈਂ ਸੋਚਿਆ, ਭਾਈ ਸਾਹਿਬ ਨੇ ਇਹ ਕੀ ਕਥਾ ਛੇੜ ਲਈ ਤੇ ਇਹ ਦਾ ਮੇਰੇ ਲੇਖ ਨਾਲ ਕੀ ਨਾਤਾ! ਪਰ ਉਨ੍ਹਾਂ ਦੇ ਇੱਕੋ ਵਾਕ ਨੇ ਸਾਰੀ ਗੱਲ ਸਾਫ਼ ਕਰ ਦਿੱਤੀ। ਕਹਿੰਦੇ, ਵਾਹਿਗੁਰੂ ਮਿਹਰ ਕਰੇ, ਤੁਸੀਂ ਸਰਕਾਰ ਰੂਪੀ ਓਸ ਗਾਂ ਤੋਂ ਦੁੱਧ ਭਾਲ ਰਹੇ ਹੋ!


ਅਸਲ ਗੱਲ ਇਹ ਹੈ ਕਿ ਵਿਚਾਰੇ ਸਾਧਾਰਨ ਭੋਲੇ-ਭਾਲੇ ਲੋਕਾਂ ਦੀ ਗੱਲ ਤਾਂ ਛੱਡੋ, ਜਦੋਂ ਸਾਡੇ ਹਾਕਮ ਰਾਜਧਾਨੀ ਵਿੱਚ ਜੁੜੇ ਸੈਂਕੜੇ ਲੇਖਕਾਂ, ਪਾਠਕਾਂ ਤੇ ਹੋਰ ਬੁੱਧੀਮਾਨਾਂ ਸਾਹਮਣੇ ਉੱਚੇ ਮੰਚ ਤੋਂ ਕੀਤਾ ਵਾਅਦਾ ਦੇਰ-ਸਵੇਰ ਵੀ ਪੂਰਾ ਨਹੀਂ ਕਰਦੇ, ਸਾਨੂੰ ਇਸ ਬੇਵਿਸਾਹੀ, ਬੇਇਤਬਾਰੀ ਤੋਂ ਹੈਰਾਨ ਨਹੀਂ ਹੋਣਾ ਚਾਹੀਦਾ। ਇਹ ਬੇਵਿਸਾਹੀ ਓਦੋਂ ਹੋਰ ਵਧਦੀ ਹੈ ਜਦੋਂ ਕ੍ਰਿਕਟ ਵਾਂਗ ਹੀ ਡੇਰਿਆਂ-ਮੱਠਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚੋਂ ਕਰੋੜਾਂ ਰੁਪਏ ਭੇਟ ਕੀਤੇ ਜਾਂਦੇ ਹਨ। ਹੋਰ ਤਾਂ ਹੋਰ, ਅਜੇ ਇਸੇ ਹਫ਼ਤੇ ਬਾਦਲ ਸਾਹਿਬ ਰਾਜਸਥਾਨ ਵਿੱਚ ਭੈਰੋਂ ਸਿੰਘ ਸ਼ੇਖ਼ਾਵਤ ਦੇ ਨਾਂ ਉੱਤੇ ਇੱਕ ਕਰੋੜ ਦੇ ਕੇ ਆਏ ਹਨ। ਬਠਿੰਡੇ ਤੋਂ ਜਿੰਨੇ ਵੀ ਫ਼ੋਨ ਆਏ, ਲਗਪਗ ਸਭ ਨੇ ਕਿਹਾ ਕਿ ਸਾਡੇ ਇੱਥੇ ਕਬੱਡੀ ਕੱਪ ਵੇਲੇ ਆਰੰਭਕ ਤੇ ਸਮਾਪਤੀ ਪ੍ਰੋਗਰਾਮਾਂ ਉੱਤੇ ਕਿਸੇ ਕੰਪਨੀ ਰਾਹੀਂ ਲੋਕਾਂ ਦੇ ਗਾੜ੍ਹੇ ਪਸੀਨੇ ਦੀ ਕਮਾਈ ਦੇ ਪੰਜ ਕਰੋੜ ਰੁਪਏ ਖਰਚ ਕਰ ਦਿੱਤੇ ਗਏ ਜਿਨ੍ਹਾਂ ਵਿੱਚੋਂ ਅੱਧੇ ਸ਼ਾਹਰੁਖ ਖਾਂ ਨੂੰ ਕੁੱਲ ਉੱਨੀ ਮਿੰਟ ਲਈ ਅਧਨੰਗੀਆਂ ਕੁੜੀਆਂ ਨਾਲ ਨੱਚਣ ਸਦਕਾ ਦੇ ਦਿੱਤੇ ਗਏ। ਲੇਖਕਾਂ ਦੀ ਗਿਣਤੀ ਜੇਠਾਂ ਵਿੱਚ ਹੁੰਦੀ ਹੈ, ਐਕਟਰਾਂ ਤੇ ਕ੍ਰਿਕਟਰਾਂ ਦੀ ਦਿਉਰਾਂ ਵਿੱਚ। ਪੰਜਾਬੀ ਬੋਲੀਆਂ ਵਿੱਚ ਤਾਂ ਗੱਜਬੱਜ ਕੇ ਕਿਹਾ ਜਾਂਦਾ ਹੈ, ਜੇਠ ਨੂੰ ਲੱਸੀ ਨਹੀਂ ਦੇਣੀ, ਦਿਉਰ ਭਾਵੇਂ ਦੁੱਧ ਮੰਗ ਲਏ!
ਪੰਜਾਬੀ ਸੱਭਿਆਚਾਰ ਵਿੱਚ ਕੌਲ-ਕਰਾਰ ਦੀ ਬੜੀ ਮਹੱਤਤਾ ਸੀ। ਹਜ਼ਾਰਾਂ-ਲੱਖਾਂ ਦਾ ਦੇਣ-ਲੈਣ ਜ਼ਬਾਨ ਅਤੇ ਇਕਰਾਰ ਦੇ ਭਰੋਸੇ ਹੋ ਜਾਂਦਾ ਸੀ। (ਕਰੋੜ-ਅਰਬ ਓਦੋਂ ਹੁੰਦੇ ਹੀ ਨਹੀਂ ਸਨ; ਲੱਖ ਵੀ ਘੱਟ ਹੀ ਹੁੰਦੇ ਸਨ!) ਕੌਲ ਤੋਂ ਮੁੱਕਰੇ ਬੰਦੇ ਦੀ ਸਮਾਜ ਵਿੱਚ ਕੋਈ ਹੈਸੀਅਤ ਨਹੀਂ ਸੀ        ਰਹਿੰਦੀ। ਖੇੜਿਆਂ ਦੇ ਲੜ ਲੱਗੀ ਹੀਰ ਨੂੰ ਰਾਂਝਾ ਸਭ ਤੋਂ      ਕਾਟਵਾਂ-ਚੀਰਵਾਂ ਮਿਹਣਾ ਇਹੋ ਮਾਰਦਾ ਹੈ, ਕਰ ਕੇ ਕੌਲ ਜ਼ਬਾਨ ਦੇ ਹਾਰੀਉਂ ਨੀ!


ਇੱਕ ਵਾਰ ਤਾਂ ਮਨ ਨਿਰਾਸ਼ ਹੋ ਗਿਆ ਜਾਂ ਕਹੋ, ਪਾਠਕਾਂ ਦੇ ਇਨ੍ਹਾਂ ਪ੍ਰਤੀਕਰਮਾਂ ਨੇ ਨਿਰਾਸ਼ ਕਰ ਦਿੱਤਾ ਕਿ ਪਲਾਟ-ਪਲੂਟ ਦੀ ਝਾਕ ਨਾ ਰੱਖੋ। ਵੀਰਵਾਰ ਦੇ ਅਖ਼ਬਾਰ ਦੀ ਤਸਵੀਰ ਵਿੱਚ ਬਾਦਲ ਸਾਹਿਬ ਨੂੰ ਇੱਕ ਕਰੋੜ ਦਾ ਮੰਜੇ ਜਿੱਡਾ ਚੈੱਕ ਕ੍ਰਿਕਟਰ ਯੁਵਰਾਜ ਸਿੰਘ ਦੇ ਹਵਾਲੇ ਕਰਦਿਆਂ ਦੇਖਿਆ ਤਾਂ ਇਸ ਘੋਰ ਨਿਰਾਸ਼ਾ ਵਿੱਚ ਮੈਨੂੰ ਫੇਰ ਮਰਾਸੀ ਯਾਦ ਆ ਗਿਆ। ਵਿਚਾਰੇ ਦੀ ਟੈਰ ਮਰ ਗਈ ਤੇ ਪੈਰੀਂ ਤੁਰਨ ਦੀ ਆਦਤ ਨਹੀਂ ਸੀ। ਕਿਧਰੇ ਜਾਂਦਿਆਂ ਜਦੋਂ ਪਿੰਜਣੀਆਂ ਵਿੱਚ ਖੱਲੀਆਂ ਚੜ੍ਹਨ ਲੱਗੀਆਂ, ਉਹਨੇ ਅੱਖਾਂ ਬੰਦ ਕਰਕੇ ਤੇ ਦੋਵੇਂ ਹੱਥ ਉੱਚੇ ਚੁੱਕ ਕੇ ਦੁਆ ਕੀਤੀ, ਅੱਲਾ ਮੀਆਂ, ਘੋੜੀ ਬਖ਼ਸ਼, ਲਿੱਸੀ-ਮਾੜੀ ਹੀ ਸਹੀ, ਮੈਂ ਪ੍ਰਭਾਂ ਦੇ ਘਰਾਂ ਤੋਂ ਮੰਗ-ਤੰਗ ਕੇ ਤਕੜੀ ਕਰ ਲਊਂ। ਫੇਰ ਉਹਨੇ ਸਮਝੌਤੇਬਾਜ਼ੀ ਕੀਤੀ, ਘੋੜੀ ਨਹੀਂ ਤਾਂ ਬਛੇਰੀ ਹੀ ਸਹੀ, ਮੈਂ ਪਾਲ ਕੇ ਵੱਡੀ ਕਰ ਲਊਂ! ਏਨੀਂ ਨੂੰ ਪਿੱਛੋਂ ਘੋੜੀ-ਸਵਾਰ ਠਾਣੇਦਾਰ ਆ ਰਲਿਆ, ਪਿੱਛੇ ਪਿੱਛੇ ਕੁਛ ਦਿਨਾਂ ਦੀ ਬਛੇਰੀ। ਉਹ ਨੇ ਗਰੀਬੜਾ ਜਿਹਾ ਬੰਦਾ ਦੇਖ ਕੇ ਹੁਕਮ ਕੀਤਾ, ਐਹ ਬਛੇਰੀ ਚੁੱਕ ਉਇ, ਨਿਆਣੀ ਥੱਕ ਜਾਊ। ਮਰਾਸੀ ਪਹਿਲਾਂ ਹੀ ਗਰਮੀ ਨਾਲ ਅੱਕਲਕਾਨ ਤੇ ਥੱਕਿਆ-ਹਾਰਿਆ, ਉੱਤੋਂ ਬਛੇਰੀ ਮੋਢਿਆਂ ਉੱਤੇ ਚਾੜ੍ਹਨੀ ਪੈ ਗਈ। ਕਹਿੰਦਾ, ਵਾਹ ਉਇ ਪੁੱਠੀਆਂ ਸਮਝਣ ਵਾਲਿਆ ਰੱਬਾ, ਮੰਗੀ ਸੀ ਚੜ੍ਹਨ ਨੂੰ, ਭੇਜ ਦਿੱਤੀ ਚੁੱਕਣ ਨੂੰ! ਤਸਵੀਰ ਦੇਖ ਕੇ ਮੈਂ ਸੋਚਿਆ, ਸਰਕਾਰ ਨੂੰ ਪਲਾਟ ਚੇਤੇ ਕਰਵਾਇਆ ਸੀ ਸਾਡੇ ਹਵਾਲੇ ਕਰਨ ਨੂੰ, ਉਹਨੇ ਚੰਗਾ-ਚੇਤੇ-ਕਰਾਇਆ ਆਖਦਿਆਂ ਇੱਟਾਂ, ਸੀਮਿੰਟ ਤੇ ਸਰੀਏ ਸਮੇਤ ਇਕ ਕਰੋੜ ਵਿਚ ਵੇਚ ਕੇ ਚੈੱਕ ਯੁਵਰਾਜ ਸਿੰਘ ਦੇ ਹਵਾਲੇ ਕਰ ਦਿੱਤਾ! ਵਾਹ ਨੀ ਪੁੱਠੀਆਂ ਸਮਝਣ ਵਾਲੀਏ ਸਰਕਾਰੇ, ਪਲਾਟ ਯਾਦ ਕੀ ਕਰਵਾਇਆ, ਹੱਥੋਂ ਹੀ ਗੁਆ ਬੈਠੇ।


ਆਖ਼ਰ ਮੇਰੇ ਕਿਸਾਨ ਪਿਛੋਕੇ ਨੇ ਆਸ ਫੇਰ ਜਗਾ ਦਿੱਤੀ। ਕਹਿੰਦੇ, ਕਿਸੇ ਗੱਲੋਂ ਕਰੋਧ ਵਿਚ ਆਏ ਦੇਵਤੇ ਨੇ ਧਰਤੀ ਨੂੰ ਸੋਕੇ ਦਾ ਸਰਾਪ ਦੇ ਕੇ ਉਹ ਬੰਸਰੀ ਅਲਮਾਰੀ ਵਿਚ ਸਾਂਭ ਦਿੱਤੀ ਜਿਸ ਨੂੰ ਬਜਾਇਆਂ ਮੀਂਹ ਪੈਂਦਾ ਸੀ। ਦੂਜੇ ਸਾਲ ਹੀ ਤਰਾਹੀ ਤਰਾਹੀ ਕਰਦੇ ਕਿਸਾਨ ਬੀ ਲਈ ਸਾਂਭ ਕੇ ਰੱਖੀ ਕਣਕ ਖਾਣ ਲੱਗੇ। ਇਕ ਕਿਸਾਨ ਨੇ ਅੱਧਾ ਬੀ ਪਿਛਲੇ ਸਾਲ ਬੀਜ ਕੇ ਗੁਆ ਲਿਆ ਸੀ, ਬਾਕੀ ਅੱਧਾ ਹੁਣ ਬੀਜਣ ਲਈ ਪਤਨੀ ਦੇ ਰੋਕਦਿਆਂ ਰੋਕਦਿਆਂ ਵੀ ਸੁੱਕੀ ਭੋਇੰ ਵਿਚ ਹਲ ਜਾ ਜੋੜਿਆ। ਸਭ ਲੋਕ ਉਹ ਨੂੰ ਮੂਰਖ ਆਖਣ ਲੱਗੇ। ਉਹ ਕਹਿੰਦਾ, ਮੇਰਾ ਧਰਮ ਹੈ ਬੀ ਪਾਉਣਾ, ਫ਼ਸਲ ਪੈਦਾ ਕਰਨਾ ਰੱਬ ਦਾ ਧਰਮ ਹੈ, ਉਹ ਆਪਣਾ ਧਰਮ ਨਿਭਾਉਂਦਾ ਹੈ ਕਿ ਨਹੀਂ, ਇਹ ਉਹ ਜਾਣੇ! ਉਧਰ ਇਕ ਦਿਨ ਦੇਵਤਨੀ ਆਖਣ ਲੱਗੀ, ਸੁਆਮੀ, ਕਿਤੇ ਸਰਾਫ ਦੇ ਚੱਕਰ ਵਿਚ ਬੰਸਰੀ ਬਜਾਉਣੀ ਹੀ ਨਾ ਭੁੱਲ ਜਾਇਉ। ਦੇਵਤਾ ਬੋਲਿਆ, ਗੱਲ ਤਾਂ ਤੇਰੀ ਠੀਕ ਹੈ ਭਾਗਵਾਨੇ, ਰਾਤ ਨੂੰ ਚੋਰੀਉਂ ਦੋ ਕੁ ਤਾਨਾਂ ਕੱਢ ਲਵਾਂਗੇ। ਬੱਸ ਦੇਵਤਾ ਦੇ ਬੁੱਲ੍ਹਾਂ ਦਾ ਬੰਸਰੀ ਉੱਤੇ ਟਿਕਣਾ ਸੀ ਕਿ ਮੂਲ੍ਹੇਧਾਰ ਮੀਂਹ ਵਰ੍ਹ ਪਿਆ ਅਤੇ ਘੜੀਆਂ ਪਲਾਂ ਵਿਚ ਜਲ-ਥਲ ਇਕ ਹੋ ਗਿਆ! ਲੇਖਕ-ਪਾਠਕ ਮੈਨੂੰ ਲੱਖ ਨਿਰਾਸ਼ ਕਰਦੇ ਰਹਿਣ, ਮੈਂ ਕਿਸਾਨ-ਪੁੱਤਰ ਹਾਂ ਤੇ ਲੇਖਕ ਸਭਾ ਦੇ ਪਲਾਟ ਦੀ ਆਸ ਮੈਂ ਛੱਡਣੀ ਨਹੀਂ! ਕੀ ਪਤਾ, ਬਾਦਲ ਜੀ ਕਦੇ ਅਹਿਲਕਾਰਾਂ ਨੂੰ ਪੁੱਛ ਬੈਠਣ ਕਿ ਕੋਈ ਮੇਰਾ ਇਹੋ ਜਿਹਾ ਇਕਰਾਰ ਹੋਵੇ ਤਾਂ ਦੱਸੋ ਜਿਸ ਨੂੰ ਪੂਰਾ ਕਰਦਿਆਂ ਬਹੁਤੀ ਹਿੰਗ-ਫ਼ਟਕੜੀ ਨਾ ਲਗਦੀ ਹੋਵੇ ਤੇ ਕੋਈ ਉਨ੍ਹਾਂ ਨੂੰ ਇਸ ਇਕਰਾਰ ਦਾ ਚੇਤਾ ਕਰਵਾ ਦੇਵੇ! ਲੇਖਕ ਵਜੋਂ ਮੇਰਾ ਧਰਮ ਹੈ ਆਬਦੀ ਸਭਾ ਦਾ ਪਲਾਟ ਮੰਗਣਾ, ਦੇਣਾ ਜਾਂ ਨਾ ਦੇਣਾ ਬਾਦਲ ਜੀ ਦਾ ਧਰਮ ਹੈ! ਆਪਣਾ ਧਰਮ ਉਹ ਜਾਨਣ!


ਲੇਖਕ ਮਿੱਤਰੋ ਤੇ ਪਾਠਕ ਪਿਆਰਿਓ, ਮੈਨੂੰ ਨਿਰਾਸ਼ ਨਾ ਕਰੋ। ਮੈਂ ਨਿਰਾਸ਼ ਹੋਣਾ ਨਹੀਂ! ਜਦੋਂ ਬਾਬਾ ਬਾਲ ਨਾਥ ਜੋਗੀ ਆਪਣੇ ਮੁੰਡੇ ਰਾਂਝੇ ਨੂੰ ਜੋਗ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਉਹ ਵਡਿਆਉਂਦਾ ਹੈ: ਤੈਨੂੰ ਛੱਡ ਕੇ ਜਾਂ ਮੈਂ ਹੋਰ ਕਿਸਥੇ, ਨਜ਼ਰ ਆਵਨਾ ਏਂ ਜ਼ਾਹਰਾ ਪੀਰ ਮੀਆਂ। ਬਾਬਾ ਫੇਰ ਵੀ ਆਨਾ-ਕਾਨੀ ਕਰਦਾ ਹੈ: ਹੱਥ ਕੰਗਣਾ, ਪਹੁੰਚੀਆਂ ਫੱਬ ਰਹੀਆਂ, ਕੰਨੀਂ ਛਣਕਦੇ ਸੋਹਣੇ ਬੁੰਦੜੇ ਨੀ/ ਮੱਝ ਪੱਟ ਦੀਆਂ ਲੁੰਗੀਆਂ ਘਿੰਨ ਉੱਤੇ, ਸਿਰ ਭਿੰਨੇ ਫੁਲੇਲ ਦੇ ਜੁੰਡੜੇ ਨੀ। ਅਰਥਾਤ, ਇਹ ਤੇਰੇ ਲੱਛਣ ਜੋਗ ਲੈਣ ਵਾਲੇ ਨੇ? ਬਾਦਲ ਜੀ ਲੱਖ ਆਖਦੇ ਰਹਿਣ: ਭੋਇੰ ਕਾਗ਼ਜ਼ ਅਤੇ ਸਾਗਰ ਬਣੇ ਸਿਆਹੀ, ਹੱਥ ਕਲਮ ਜਿਉਂ ਤਿੱਖੀ ਕਟਾਰ ਹੋਵੇ/ ਲਿਖਣ ਲੱਗੇ ਨਾ ਕਿਤੇ ਵੀ ਬੱਸ ਕਰਦੇ, ਆਸ ਕਿੱਲੇ ਦੀ ਕਿਵੇਂ ਸਾਕਾਰ ਹੋਵੇ! ਅਰਥਾਤ, ਇਹ ਤੁਹਾਡੇ ਲੱਛਣ ਪਲਾਟ ਲੈਣ ਵਾਲੇ ਨੇ? ਰਿਸ਼ੀ ਕਵੀ ਪੂਰਨ ਸਿੰਘ ਵੱਲੋਂ ਥਾਪੇ ਗਏ ਸਾਡੇ ਰਿਸ਼ਤੇ ਅਨੁਸਾਰ ਮੈਂ ਰਾਂਝੇ ਦਾ ਵੀਰ ਹਾਂ ਅਤੇ ਬਾਦਲ ਸਾਹਿਬ ਨੂੰ ਬੇਨਤੀ ਵਿਚ ਮੈਂ ਉਹੋ ਸ਼ਬਦ ਬੋਲ ਦੇਣੇ ਕਾਫ਼ੀ ਸਮਝਦਾ ਹਾਂ ਜੋ ਉਹਨੇ ਬਾਬੇ ਬਾਲ ਨਾਥ ਦੇ ਉਪਰੋਕਤ ਇਨਕਾਰ ਦੇ ਜਵਾਬ ਵਿਚ ਕਹੇ ਸਨ: ਜੋਗ ਦਿਉ ਤੇ ਕਰੋ ਨਿਹਾਲ ਮੈਨੂੰ, ਕੇਹੀਆਂ ਜੀਉ 'ਤੇ ਘੁੰਡੀਆਂ ਚਾੜ੍ਹੀਆਂ ਨੇ/ ਏਸ ਜੱਟ ਗ਼ਰੀਬ ਨੂੰ ਤਾਰ  ਓਵੇਂ, ਜਿਵੇਂ ਅਗਲੀਆਂ ਸੰਗਤਾਂ ਤਾਰੀਆਂ ਨੇ! ਅਰਥਾਤ, ਬਾਦਲ ਜੀ, ਹੁਣ ਤਾਂ ਸਭ ਜੇ-ਜੱਕਾਂ ਛੱਡ ਕੇ ਸਾਨੂੰ ਲੇਖਕਾਂ ਨੂੰ ਵੀ   ਕ੍ਰਿਕਟੀਆਂ, ਐਕਟਰਾਂ, ਡੇਰੇਦਾਰਾਂ ਤੇ ਸੰਗਤ-ਦਰਸ਼ਨੀਆਂ ਵਾਂਗੂੰ ਬੱਸ ਤਾਰ ਹੀ ਦਿਉ!


ਗੁਰਬਚਨ ਸਿੰਘ ਭੁੱਲਰ 
ਸੰਪਰਕ: 011-65736868
ਪੰਜਾਬੀ ਟ੍ਰਿਬਿਊਨ ਤੋਂ  ਗੈਰ-ਰਵਾਇਤੀ ਚੋਰੀ

No comments:

Post a Comment