ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Friday, May 25, 2012

ਸਵੀਡਿਸ਼ ਲੇਖਕ ਜਾਨ ਮਿਰਡਲ 'ਤੇ ਪਾਬੰਦੀ ਖ਼ਿਲਾਫ ਉੱਠੀਆਂ ਅਵਾਜ਼ਾਂ


ਜੰਗਲ 'ਚ ਮਾਓਵਾਦੀਆਂ ਨਾਲ ਜਾਨ ਮਿਰਡਲ
ਲੁਧਿਆਣਾ ਫੇਰੀ ਦੀ ਫੋਟੋ
ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਪ੍ਰੋਫੈਸਰ ਏ ਕੇ ਮਲੇਰੀ ਨੇ ਭਾਰਤ  ਦੇ ਗ੍ਰਹਿ ਮੰਤਰਾਲੇ ਵਲੋਂ ਪ੍ਰਸਿੱਧ ਸਵੀਡਿਸ਼ ਚਿੰਤਕ ਤੇ ਲੇਖਕ ਜਾਨ ਮਿਰਡਲ ਦੀ ਕਿਸੇ ਭਵਿੱਖੀ ਫੇਰੀ 'ਤੇ ਪਾਬੰਦੀ ਲਾਉਣ ਦੀ ਤਜਵੀਜ਼ ਨੂੰ ਚਿੰਤਾਜਨਕ ਅਤੇ ਗ਼ੈਰਜਮਹੂਰੀ ਕਰਾਰ ਦਿੱਤਾ ਹੈ। ਯਾਦ ਰਹੇ ਕਿ ਜਾਨ ਮਿਰਡਲ ਵਲੋਂ ਇਸ ਸਾਲ ਫਰਵਰੀ ਮਹੀਨੇ ਕਲਕੱਤਾ,ਹੈਦਰਾਬਾਦ, ਦਿੱਲੀ ਅਤੇ ਲੁਧਿਆਣਾ 'ਚ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨਾਲ ਰੂ-ਬ-ਰੂ ਸਮਾਗਮਾਂ ਵਿਚ ਆਪਣੇ ਨਿੱਜੀ ਤਜ਼ਰਬੇ ਦੇ ਅਧਾਰ 'ਤੇ ਭਾਰਤ ਦੇ ਮੌਜੂਦਾ ਹਾਲਾਤ  ਉੱਤੇ ਆਪਣੇ ਵਿਚਾਰ ਬੇਬਾਕੀ ਨਾਲ ਪੇਸ਼ ਗਏ ਸਨ। ਉਨ੍ਹਾਂ ਨੇ ਸਾਡੇ ਮੁਲਕ ਦੇ ਯਥਾਰਥ ਦੀ ਸੱਚੀ ਤਸਵੀਰ ਪੇਸ਼ ਕਰਦਿਆਂ ਕਿਹਾ ਸੀ ਕਿ ਭਾਰਤੀ ਰਾਜ ਵਲੋਂ ਆਦਿਵਾਸੀ ਲੋਕਾਂ ਵਿਰੁੱਧ 'ਓਪਰੇਸ਼ਨ ਗਰੀਨ ਹੰਟ' ਅਤੇ ਹੋਰ ਓਪਰੇਸ਼ਨ, ਕਾਰਪੋਰੇਟ ਜਗਤ ਦੇ ਮੁਨਾਫ਼ੇ ਅਤੇ ਲਾਲਚ ਦੇ ਨਿਰੋਲ ਆਰਥਕ ਤਰਕ ਚੋਂ ਲੋਕਾਂ ਭਾਰਤੀ ਲੋਕਾਂ ਉੱਪਰ ਥੋਪੇ ਜਾ ਰਹੇ ਹਨ। ਅਫਸੋਸ ਕਿ ਸਰਕਾਰ ਨੇ ਆਪਣੀ ਇਸ ਸੋਚਣੀ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਰਾਜ ਪ੍ਰਬੰਧ ਨੂੰ ਆਮ ਜਨਤਾ ਦੇ ਹਿੱਤ ਲਈ ਨਹੀਂ ਸਗੋਂ ਚੰਦ ਅਮੀਰਾਂ ਦੇ ਹਿੱਤ ਵਿਚ ਚਲਾ ਰਹੀ ਹੈ। 


ਸਭਾ ਦੇ ਆਗੂਆਂ ਨੇ ਇਕ ਸਮਝੌਤਾ ਰਹਿਤ ਸਾਮਰਾਜ ਵਿਰੋਧੀ ਚਿੰਤਕ ਵਜੋਂ ਜਾਨ ਮਿਰਡਲ ਦੀ 60 ਸਾਲ ਲੰਮੀ ਘਾਲਣਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਵੀਅਤਨਾਮ ਉੱਪਰ ਅਮਰੀਕਾ ਵਲੋਂ ਥੋਪੀ ਧਾੜਵੀ ਜੰਗ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੀ ਉਹ ਮੁੱਖ ਸ਼ਖਸੀਅਤ ਹਨ। 80 ਤੋਂ ਵੱਧ ਤਰੱਕੀਪਸੰਦ ਕਿਤਾਬਾਂ ਦੇ ਲੇਖਕ ਤੇ ਪ੍ਰਸਿੱਧ ਕਾਲਮਨਵੀਸ ਅਤੇ ਦੁਨੀਆ ਭਰ ਵਿਚ  ਸ਼ਹਿਰੀ ਆਜ਼ਾਦੀਆਂ ਤੇ ਮਨੁੱਖੀ ਹੱਕਾਂ ਦੀ ਰਾਖੀ ਦੇ ਮੁਜੱਸਮੇ ਵਜੋਂ ਜਾਣੇ ਜਾਂਦੇ ਜਾਨ ਮਿਰਡਲ ਦੀ ਸਾਡੇ ਮੁਲਕ ਵਿਚ ਆਮਦ ਨੂੰ ਰੋਕਣਾ ਘੋਰ ਗ਼ੈਰ-ਜਮਹੂਰੀ ਕਦਮ ਹੈ ਜੋ ਦਰਸਾਉਂਦਾ ਹੈ ਕਿ ਮੁਲਕ ਦੇ ਹੁਕਮਰਾਨ ਐਸੀ ਕਿਸੇ ਵੀ ਆਵਾਜ਼ ਨੂੰ ਸਹਿਣ ਕਰਨ ਲਈ ਤਿਆਰ ਨਹੀਂ ਹਨ ਜੋ ਭਾਰਤੀ ਰਾਜ ਦੀਆਂ ਕਾਰਪੋਰੇਟ ਸਰਮਾਏਦਾਰੀ ਪੱਖੀ ਨੀਤੀਆਂ ਦੀ ਆਲੋਚਨਾ ਕਰਦੀ ਹੋਵੇ। 


ਭਾਰਤੀ ਰਾਜ ਵਲੋਂ ਕਿਸੇ ਤਰ੍ਹਾਂ ਦੇ ਜਮਹੂਰੀ ਵਿਰੋਧ ਨੂੰ ਮੁਜਰਮਾਨਾ ਬਣਾ ਦੇਣ ਅਤੇ ਸਥਾਪਤੀ ਦੇ ਵਿਰੋਧ ਦਾ ਗਲਾ ਘੁੱਟਣ ਦੇ ਤਿੱਖੇ ਹੋ ਰਹੇ ਤੇਵਰ ਸਾਡੇ ਸਮਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਲਈ ਖ਼ਤਰੇ ਦੀ ਘੰਟੀ ਹਨ। ਇਸ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਮਨੁੱਖ ਦੇ ਬਿਹਤਰ ਜ਼ਿੰਦਗੀ ਲਈ ਜੂਝਣ ਅਤੇ ਰਾਜ ਪ੍ਰਬੰਧ ਦੀਆਂ ਗ਼ਲਤ ਨੀਤੀਆਂ ਨੂੰ ਰੱਦ ਕਰਨ ਦੇ ਜਮਹੂਰੀ ਹੱਕਾਂ ਦੀ ਰਾਖੀ ਲਈ ਸਭਨਾਂ ਜਮਹੂਰੀ ਤਾਕਤਾਂ ਨੂੰ ਇਕ ਆਵਾਜ਼ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜਾਨ ਮਿਰਡਲ ਉੱਪਰ ਪਾਬੰਦੀ ਲਾਏ ਜਾਣ ਦੀ ਤਜਵੀਜ਼ ਤੁਰੰਤ ਰੱਦ ਕੀਤੀ ਜਾਵੇ।


ਜਾਰੀ ਕਰਤਾ:
ਪ੍ਰੋਫੈਸਰ ਜਗਮੋਹਣ ਸਿੰਘ (98140-01836)
ਪ੍ਰੋਫੈਸਰ ਏ ਕੇ ਮਲੇਰੀ (98557-0031)

No comments:

Post a Comment