ਲੰਘੀ ਚਾਰ ਜੁਲਾਈ ਦਾ ਦਿਨ ਵਿਗਿਆਨ ਦੇ ਇਤਿਹਾਸ ਦਾ ਯਾਦਗਾਰੀ ਦਿਨ ਹੋ ਨਿਬੜਿਆ। ਲੱਗਭੱਗ ਪੰਜ ਦਹਾਕੇ ਪਹਿਲਾਂ ਸਿਧਾਂਤਕ ਤੌਰ ‘ਤੇ ਕਲਪਨਾ ਕੀਤੇ ਗਏ ‘ਕਣ’ ਜਿਸਨੂੰ ਹਿਗਜ਼ ਬੋਸੋਨ ਦਾ ਨਾਮ ਦਿੱਤਾ ਗਿਆ, ਦੀ ਹੋਂਦ ਹੋਣ ਦਾ ਐਲਾਨ ਕੀਤਾ ਗਿਆ। ਨਿਊਕਲੀਅਰ ਖੋਜ ਦੀ ਯੂਰਪੀ ਜਥੇਬੰਦੀ, ਸਰਨ ਵੱਲੋਂ ਸੰਸਾਰ ਭਰ ਤੋਂ ਇਕੱਠੇ ਹੋਏ ਵਿਗਿਆਨੀਆਂ ਦੀ ਹਾਜ਼ਰੀ ‘ਚ ਇਸ ਖੋਜ ਦਾ ਐਲਾਨ ਕੀਤਾ ਗਿਆ। ਭਾਵੇਂ ਵਿਗਿਆਨੀਆਂ ਨੇ ਸਾਵਧਾਨੀ ਵਰਤਦੇ ਹੋਏ ਇਹ ਕਿਹਾ ਹੈ ਕਿ ਹਿਗਜ਼ ਬੋਸੋਨ ਦੀ ਹੋਂਦ ਹੋਣ ਨੂੰ ਪੱਕੀ ਤਰ੍ਹਾਂ ਸਿੱਧ ਕਰਨ ਲਈ ਪ੍ਰਯੋਗ ਤੋਂ ਉਪਲਬਧ ਅੰਕੜਿਆਂ ਤੇ ਸੂਚਨਾ ਦਾ ਹੋਰ ਵਧੇਰੇ ਵਿਸ਼ਲੇਸ਼ਣ ਕਰਨਾ ਹੋਵੇਗਾ ਪਰ ਸੰਸਥਾ ਦੇ ਮੁਖੀ ਰਾਲਫ਼ ਡੀਟਰ ਹੇਉਰ ਦਾ ਇਹ ਕਹਿਣਾ ਕਿ “ਇੱਕ ਆਮ ਆਦਮੀ ਵਾਂਗ ਕਿਹਾ ਜਾਵੇ ਤਾਂ ਮੈਂ ਇਹ ਕਹਾਂਗਾ ਕਿ ਅਸੀਂ ਇਸਨੂੰ ਲੱਭ ਲਿਆ ਹੈ” ਦੱਸਦਾ ਹੈ ਕਿ ਇਸ ਖੋਜ ਦਾ ਐਲਾਨ ਆਤਮਵਿਸ਼ਵਾਸ ਭਰਿਆ ਹੈ। ਇਸ ਵਿੱਚ ਗਣਨਾ ਦੀ ਜਾਂ ਹੋਰ ਕਿਸੇ ਕਿਸਮ ਦੀ ਗਲਤੀ ਹੋਣ ਦੀ ਸੰਭਾਵਨਾ ਦਸ ਲੱਖ ਪਿੱਛੇ ਸਿਰਫ਼ ਇੱਕ ਦੀ ਹੈ। ਹੋਰ ਤਾਂ ਹੋਰ, ਇਸ ਪ੍ਰਯੋਗ ਵਿੱਚ ਅੰਕੜੇ ਤੇ ਸੂਚਨਾਵਾਂ ਇਕੱਠਿਆਂ ਕਰਨ ਲਈ ਇੱਕੋ ਸਮੇਂ ਦੋ ਟੀਮਾਂ ਕੰਮ ਕਰ ਰਹੀਆਂ ਸਨ ਜਿਹੜੀਆਂ ਇੱਕ-ਦੂਜੇ ਦੇ ਨਤੀਜਿਆਂ ਤੋਂ ਬੇਖਬਰ ਰਹਿ ਕੇ ਵਿਸ਼ਲੇਸ਼ਣ ਕਰ ਰਹੀਆਂ ਸਨ। ਇਸ ਤੋਂ ਇਲਾਵਾ,ਇਸ ਐਲਾਨ ਤੋਂ ਦੋ ਦਿਨ ਪਹਿਲਾਂ ਹੀ ਦੋ ਜੁਲਾਈ ਨੂੰ ਅਮਰੀਕਾ ਦੀ ਫਰਮੀਲੈਬ ਜੋ ਕਿ ਮਾਰਚ, 2001 ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਸੀ ਨੇ ਵੀ ਆਪਣੇ ਨਤੀਜੇ ਐਲਾਨੇ ਸਨ ਜਿਸ ਵਿੱਚ ਕਿਹਾ ਗਿਆ- “ਜੇ ਹਿਗਜ਼ ਬੋਸੋਨ ਦੀ ਹੋਂਦ ਹੈ ਤਾਂ ਇਸ ਦਾ ਪੁੰਜ 115-135 ਗੀਗਾ ਇਲੈਕਟ੍ਰਾਨ ਵੋਲਟ (7eV) ਦੇ ਵਿਚਕਾਰ ਹੋਵੇਗਾ। ਬਿਲਕੁਲ ਇਸ ਤਰ੍ਹਾਂ ਦੇ ਨਤੀਜੇ ਹੀ ਦਸੰਬਰ, 2011 ‘ਚ ਸਰਨ ਦੀ ਪ੍ਰਯੋਗਸ਼ਾਲਾ ‘ਚ ਸਾਹਮਣੇ ਆਏ ਸਨ। ਇਸ ਤਰ੍ਹਾਂ ਇਹ ਤਾਂ ਸਪੱਸ਼ਟ ਹੈ ਕਿ ਜੇ ਇਹ ਕਣ ਹਿਗਜ਼ ਬੋਸੋਨ ਨਹੀਂ ਵੀ ਹੈ, ਤਾਂ ਵੀ ਇਹ ਇੱਕ ਨਵਾਂ ਕਣ ਹੈ ਅਤੇ ਇਹ ਲਾਜ਼ਮੀ ਹੀ ਵਿਗਿਆਨ ਲਈ ਨਵੇਂ ਆਯਾਮ ਪ੍ਰਦਾਨ ਕਰੇਗਾ। ਇਸ ਲੇਖ ਵਿੱਚ ਅਸੀਂ ਹਿਗਜ਼ ਬੋਸੋਨ ਕੀ ਹੈ, ਇਸ ਦੀ ਭੌਤਿਕ ਵਿਗਿਆਨ ਲਈ ਕੀ ਅਹਿਮੀਅਤ ਹੈ ਇਸ ਬਾਰੇ ਤਾਂ ਚਰਚਾ ਕਰਾਂਗੇ ਹੀ, ਨਾਲ਼ ਹੀ ਇਸ ਬਾਰੇ ਕੀਤੀ ਗਈ ਮੀਡੀਆ ਦੁਆਰਾ ਰਿਪੋਟਿੰਗ ਬਾਰੇ, ਇਸ ਨਾਲ਼ ਜੁੜੀਆਂ ਗਲਤ ਧਾਰਨਾਵਾਂ ਬਾਰੇ ਅਤੇ ਇਸ ਨਾਲ਼ ਜੁੜੀਆਂ ਦਾਰਸ਼ਨਿਕ ਬਹਿਸਾਂ ਬਾਰੇ ਵੀ ਸੰਖੇਪ ‘ਚ ਚਰਚਾ ਕਰਾਂਗੇ।
19ਵੀਂ ਸਦੀ ਦੇ ਅੰਤ ਤੱਕ ਇਹ ਸਮਝਿਆ ਜਾਂਦਾ ਸੀ ਕਿ ਪਰਮਾਣੂ (ਐਟਮ) ਨੂੰ ਹੋਰ ਛੋਟੇ ਹਿੱਸਿਆਂ ‘ਚ ਨਹੀਂ ਵੰਡਿਆ ਜਾ ਸਕਦਾ। ਅਸਲ ‘ਚ ਐਟਮ ਸ਼ਬਦ ਦਾ ਮਤਲਬ ਹੀ ”ਨਾ ਵੰਡਿਆ ਜਾਣ ਵਾਲ਼ਾ” ਹੈ, ਪਰੰਤੂ 19ਵੀਂ ਸਦੀ ਦੇ ਆਖਰੀ ਸਾਲਾਂ ‘ਚ ਰੇਡੀਓ-ਐਕਟੀਵਿਟੀ ਦੀ ਖੋਜ ਅਤੇ ਇੱਕ ਹੋਰ ਅਚੰਭੇਜਨਕ ਵਰਤਾਰੇ ”ਫੋਟੋਇਲੈਕਟ੍ਰਿਕ ਅਫੈਕਟ” ਦੇ ਸਾਹਮਣੇ ਆਉਣ ਨਾਲ਼ ਇਸ ਧਾਰਨਾ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ ਅਤੇ 19ਵੀਂ ਸਦੀ ਦਾ ਆਖਰੀ ਸੂਰਜ ਛਿਪਣ ਨਾਲ਼ ਹੀ ਇਸ ਧਾਰਨਾ ਦਾ ਵੀ ਅੰਤ ਹੋ ਗਿਆ। ਵੀਹਵੀਂ ਸਦੀ ਆਪਣੇ ਨਾਲ਼ ਭੌਤਿਕ ਵਿਗਿਆਨ ਦੇ ਖੇਤਰ ‘ਚ ਇਨਕਲਾਬ ਲੈ ਕੇ ਆਈ। ਪਰਮਾਣੂ ਦੇ ਘਟਕ ਕਣਾਂ ਦਾ ਪਤਾ ਲੱਗਣਾ ਸ਼ੁਰੂ ਹੋ ਚੁੱਕਾ ਸੀ ਅਤੇ ਨਾਲ਼ ਹੀ ਆਈਨਸਟਾਈਨ ਨਾਂ ਦਾ ਸਿਤਾਰਾ ਭੌਤਿਕ ਵਿਗਿਆਨ ਦੇ ਅੰਬਰਾਂ ‘ਤੇ ਚਾਨਣ ਬਖੇਰਨ ਲੱਗਾ ਸੀ। ਉਸ ਦੇ ਸਾਪੇਖਕਤਾ ਦੇ ਸਿਧਾਂਤਾਂ ਨੇ ਭੌਤਿਕ ਵਿਗਿਆਨ ਦੀ ਸਮਝ ਨੂੰ ਬਦਲ ਕੇ ਰੱਖ ਦਿੱਤਾ। ਆਈਨਸਟਾਈਨ, ਨੀਲਜ਼ ਬੋਹਰ, ਹੀਜ਼ਨਬਰਗ, ਸ਼੍ਰੋਡਿੰਗਰ ਸਮੇਤ ਹੋਰ ਬਹੁਤ ਸਾਰੇ ਜਗਤ ਪ੍ਰਸਿੱਧ ਵਿਗਿਆਨੀਆਂ ਦੀ ਮਿਹਨਤ ਸਦਕਾ ਭੌਤਿਕ ਵਿਗਿਆਨ ਦੀ ਅਸਲੋਂ ਨਵੀ ਸ਼ਾਖਾ ”ਕੁਆਂਟਮ ਭੌਤਿਕੀ” ਦਾ ਜਨਮ ਹੋਇਆ ਜਿਸ ਦੇ ਜ਼ਰੀਏ ਪਰਮਾਣੂ ਦੇ ਜ਼ਿਆਦਾ ਤੋਂ ਜ਼ਿਆਦਾ ਅੰਦਰ ਤੱਕ ਝਾਕਣਾ ਸੰਭਵ ਹੁੰਦਾ ਗਿਆ। ਪਰਮਾਣੂ ਅੰਦਰ ਨਿਊਕਲੀਅਸ (ਕੇਂਦਰਕ), ਨਿਊਕਲੀਅਸ ਅੰਦਰ ਪ੍ਰੋਟੋਨ ਤੇ ਨਿਊਟ੍ਰੋਨ ਨਾਂ ਦੇ ਕਣ ਹੋਣ ਦਾ ਪਤਾ ਲੱਗਾ। ਪ੍ਰੋਟੋਨ ਤੇ ਨਿਊਟ੍ਰੋਨ ਦੇ ਅੱਗੇ ”ਕੁਆਰਕ” ਨਾਂ ਦੇ ਕਣਾਂ ਤੋਂ ਬਣੇ ਹੋਣ ਦਾ ਪਤਾ ਚੱਲਿਆ। ਇਸੇ ਦੌਰਾਨ ਇਹ ਵੀ ਖੋਜਿਆ ਜਾ ਚੁੱਕਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਦੇ ਇਰਦ-ਗਿਰਦ ”ਇਲੈਕਟ੍ਰੋਨ” ਨਾਂ ਦੇ ਕਣ ਹੁੰਦੇ ਹਨ ਜੋ ਅਲੱਗ-ਅਲੱਗ ਊਰਜਾ ਦੇ ਘੇਰਿਆਂ ‘ਚ ਬਣੇ ਰਹਿੰਦੇ ਹਨ। ਇੰਨੇ ਸਾਰੇ ਕਣ ਆਪਸ ਵਿੱਚ ਇੱਕ ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ, ਕਿਵੇਂ ਇਹ ਪਰਮਾਣੂ ਦਾ ਰੂਪ ਧਾਰਦੇ ਹੋਏ ਬ੍ਰਹਿਮੰਡ ‘ਚ ਸਮੁੱਚੇ ਪਦਾਰਥ ਦੇ ਪਸਾਰੇ ਨੂੰ ਬਣਾਉਂਦੇ ਹਨ, ਇਸ ਦੀ ਵਿਆਖਿਆ ਚਾਰ ਕਿਸਮ ਦੇ ਬੁਨਿਆਦੀ ਬਲਾਂ ਦੀ ਖੋਜ ਨਾਲ਼ ਹੋਈ ਜਿਹਨਾਂ ਬਾਰੇ ਅਸੀਂ ਅੱਗੇ ਚਰਚਾ ਕਰਾਂਗੇ। ਇਹਨਾਂ ਸਾਰੀਆਂ ਖੋਜਾਂ ਅਤੇ ਜਾਣਕਾਰੀਆਂ ਨੂੰ ਸੂਤਰਬੱਧ ਕਰਨ ਲਈ ਤਾਂ ਕਿ ਪਦਾਰਥ ਦੇ ਪਸਾਰੇ ਦੀ ਸਮਝ ਨੂੰ ਇੱਕ ਲੜੀ ‘ਚ ਪਰੋਇਆ ਜਾ ਸਕੇ, ਭੌਤਿਕ ਵਿਗਿਆਨ ਦਾ ਮਸ਼ਹੂਰ ਸਿਧਾਂਤ ”ਸਟੈਂਡਰਡ ਮਾਡਲ” ਹੋਂਦ ‘ਚ ਆਇਆ। ਹਿਗਜ਼ ਬੋਸੋਨ ਕੀ ਹੈ, ਇਸਦੀ ਭੌਤਿਕ ਵਿਗਿਆਨ ਦੇ ਸਿਧਾਂਤਾਂ ‘ਚ ਕੀ ਥਾਂ ਹੈ ਅਤੇ ਇਸਨੂੰ ਖੋਜਣ ਲਈ ਇੰਨੇ ਵੱਡੇ ਪੈਮਾਨੇ ‘ਤੇ ਪ੍ਰਯੋਗ ਕਿਉਂ ਹੋ ਰਹੇ ਸਨ, ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਜਾਣਨ ਲਈ ਅੱਗੇ ਵਧਣ ਤੋਂ ਪਹਿਲਾਂ ”ਸਟੈਂਡਰਡ ਮਾਡਲ” ਬਾਰੇ ਥੋੜੇ ਹੋਰ ਵਿਸਥਾਰ ‘ਚ ਜਾਣ ਲੈਣਾ ਠੀਕ ਹੋਵੇਗਾ।
ਸਟੈਂਡਰਡ ਮਾਡਲ
ਪਰਮਾਣੂ ਅੰਦਰ ਛੋਟੇ ਤੋਂ ਛੋਟੇ ਕਣਾਂ ਦੀ ਖੋਜ ਹੋਣ ਬਾਅਦ ਇਹ ਸਾਹਮਣੇ ਆਇਆ ਕਿ ਇਹਨਾਂ ‘ਚੋਂ ਕੁਝ ਅਜਿਹੇ ਪਦਾਰਥਕ ਕਣ ਹਨ ਜਿਹਨਾਂ ਕਣਾਂ ਨੂੰ ਅੱਗੇ ਹੋਰ ਛੋਟੇ ਕਣਾਂ ‘ਚ ਨਹੀਂ ਵੰਡਿਆ ਜਾ ਸਕਦਾ। ਇਹਨਾਂ ਕਣਾਂ ਨੂੰ ”ਬੁਨਿਆਦੀ ਕਣ” ਦਾ ਨਾਮ ਦਿੱਤਾ ਗਿਆ ਹੈ। ਪਦਾਰਥ ਦੇ ਬੁਨਿਆਦੀ ਕਣਾਂ ਨੂੰ “ਫਰਮੀਓਨ” ਕਿਹਾ ਜਾਂਦਾ ਹੈ ਜਿਹਨਾਂ ‘ਚ ‘ਕੁਆਰਕ’ ਅਤੇ ‘ਲੈਪਟੋਨ’ ਭਾਵ “”ਹਲਕੇ ਕਣ” ਸ਼ਾਮਿਲ ਹਨ। ਕੁਆਰਕ ਅੱਗੇ ਛੇ ਤਰ੍ਹਾਂ ਦੇ ਹਨ ਅਤੇ ਲੈਪਟੋਨ ਵੀ ਛੇ ਤਰ੍ਹਾਂ ਦੇ ਹਨ। ਪਰਮਾਣੂ ਦਾ ਘਟਕ ਕਣ ਇਲੈਕਟ੍ਰੋਨ ਇੱਕ ਲੈਪਟੋਨ ਹੈ। ਪਰ ਬੁਨਿਆਦੀ ਕਣਾਂ ‘ਚ ਪਦਾਰਥ ਦੇ ਘਟਕ ਕਣ ਹੀ ਸ਼ਾਮਿਲ ਨਹੀਂ ਹਨ, ਸਗੋਂ ਇਹਨਾਂ ਘਟਕ ਕਣਾਂ ‘ਚ ਆਪਸੀ ਮੇਲਜੋਲ ਨੂੰ ਅੰਜਾਮ ਦੇਣ ਵਾਲ਼ੇ ਕਣ ਵੀ ਸ਼ਾਮਿਲ ਹਨ। ਇਹ ਆਪਸੀ ਮੇਲਜੋਲ ਕੁਦਰਤ ‘ਚ ਪਾਏ ਜਾਣ ਵਾਲ਼ੇ ਚਾਰ ਕਿਸਮ ਦੇ ਬੁਨਿਆਦੀ ਬਲਾਂ ਦੇ ਰੂਪ ‘ਚ ਹੁੰਦਾ ਹੈ। ਇਹ ਚਾਰ ਬਲ ਹਨ – ਮਜ਼ਬੂਤ ਬਲ, ਬਿਜਲਈ-ਚੁੰਬਕੀ ਬਲ, ਕਮਜ਼ੋਰ ਬਲ ਅਤੇ ਗਰੂਤਾ ਬਲ। ਇਹ ਬਲ ਆਪਣੇ ਵਾਹਕ ਕਣਾਂ ਰਾਹੀਂ ਕੰਮ ਕਰਦੇ ਹਨ, ਇਹਨਾਂ ਵਾਹਕ ਕਣਾਂ ਨੂੰ “ਬੋਸੋਨ” ਕਿਹਾ ਜਾਂਦਾ ਹੈ।
ਮਜ਼ਬੂਤ ਬਲ ਕੁਆਰਕ ਕਣਾਂ ਨੂੰ ਪ੍ਰੋਟੋਨਾਂ ਤੇ ਨਿਉਟ੍ਰੋਨਾਂ ‘ਚ ਅਤੇ ਇਹਨਾਂ ਨੂੰ ਅੱਗੇ ਨਿਉਕਲੀਅਸ ਦੇ ਅੰਦਰ ਜੋੜ ਕੇ ਰੱਖਦਾ ਹੈ। ਇਹ ਇੱਕ ਬਹੁਤ ਥੋੜ੍ਹੀ ਜਿਹੀ ਨਿਸਚਿਤ ਦੂਰੀ ਤੱਕ ਹੀ ਅਸਰਦਾਰ ਹੁੰਦਾ ਹੈ ਅਤੇ ਇਸ ਬਲ ਦਾ ਵਾਹਕ ਕਣ ”ਗਲੂਓਨ””ਹੈ। ਬਿਜਲਈ-ਚੁੰਬਕੀ ਬਲ ਨਿਉਕਲੀਅਸ ਅਤੇ ਇਲੈਕਟਰੋਨਾਂ ਨੂੰ ਆਪਸ ‘ਚ ਇਕੱਠੇ ਰੱਖਦੇ ਹੋਏ ਪਰਮਾਣੂ ਨੂੰ ਹੋਂਦ ‘ਚ ਲੈ ਕੇ ਆਉਂਦਾ ਹੈ ਅਤੇ ਅੱਗੇ ਪਰਮਾਣੂਆਂ ਨੂੰ ਅਣੂਆਂ ਦੇ ਰੂਪ ‘ਚ ਜੋੜਦਾ ਹੈ ਜਿਹੜੇ ਠੋਸ ਪਦਾਰਥ ਨੂੰ ਜਨਮ ਦਿੰਦੇ ਹਨ। ਇਹ ਬਲ ਅਨੰਤ ਦੂਰੀ ਤੱਕ ਪ੍ਰਭਾਵ ਛੱਡ ਸਕਦਾ ਹੈ ਅਤੇ ਇਸਦਾ ਦਾ ਵਾਹਕ ਕਣ “ਫੋਟੋਨ”ਹੈ। ਕਮਜ਼ੋਰ ਬਲ ਨਿਉਕਲੀਅਸਾਂ ਦੇ ਟੁੱਟਣ ਦੀ ਪ੍ਰਕਿਰਿਆ ਅਤੇ ਸੂਰਜ ਸਮੇਤ ਸਾਰੇ ਤਾਰਿਆਂ ‘ਚ ਊਰਜਾ ਦਾ ਸ੍ਰੋਤ ”ਨਿਉਕਲੀਅਰ ਫਿਊਜ਼ਨ” ਨਾਂ ਦੀ ਪ੍ਰਕਿਰਿਆ ਨੂੰ ਅੰਜ਼ਾਮ ਦਿੰਦਾ ਹੈ। ਇਹ ਬਲ ਵੀ ਇੱਕ ਥੋੜੀ ਜਿਹੀ ਨਿਸ਼ਚਿਤ ਦੂਰੀ ਤੱਕ ਹੀ ਪ੍ਰਭਾਵ ਪਾਉਂਦਾ ਹੈ, ਇਸਦੇ ਵਾਹਕ ਕਣ ਤਿੰਨ ਤਰ੍ਹਾਂ ਦੇ ਹਨ- ਡਬਲਿਊ ਰਿਣ, ਡਬਲਿਊ ਧਨ ਅਤੇ ਜੈੱਡ ਬੋਸੋਨ। ਚੌਥਾ ਬਲ ਗਰੂਤਾ ਬਲ ਗ੍ਰਹਿਆਂ ਨੂੰ ਤਾਰਾ-ਮੰਡਲਾਂ ‘ਚ ਅਤੇ ਤਾਰਾ ਮੰਡਲਾਂ ਨੂੰ ਗਲੈਕਸੀਆਂ ਅੰਦਰ ਅਤੇ ਗਲੈਕਸੀਆਂ ਨੂੰ ਆਪਸ ਵਿੱਚ ਜੋੜ ਕੇ ਰੱਖਦਾ ਹੈ। ਇਹ ਬਲ ਵੀ ਅਨੰਤ ਦੂਰੀ ਤੱਕ ਪ੍ਰਭਾਵ ਪਾਉਂਦਾ ਹੈ। ਇਸ ਬਲ ਦਾ ਵਾਹਕ ਕਣ “ਗ੍ਰੇਵੀਟੋਨ ਮੰਨਿਆ ਜਾਂਦਾ ਜਾਂਦਾ ਹੈ ਪਰ ਇਸ ਕਣ ਨੂੰ ਅਜੇ ਤੱਕ ਲੱਭਿਆ ਨਹੀਂ ਜਾ ਸਕਿਆ। ਇਸ ਤਰ੍ਹਾਂ ਕੁਆਰਕ, ਲੈਪਟੋਨ ਅਤੇ ਬੋਸੋਨ ਕਣ ਸਭ ਮਿਲਾ ਕੇ ਬੁਨਿਆਦੀ ਕਣਾਂ ਦਾ ਸਮੂਹ ਬਣਾਉਂਦੇ ਹਨ। ਇਹਨਾਂ ਸਾਰੇ ਕਣਾਂ ‘ਚੋਂ ਕੁਝ ਸਟੈਂਡਰਡ ਮਾਡਲ ਦਾ ਸਿਧਾਂਤ ਨਿਰਮਤ ਹੋਣ ਤੋਂ ਪਹਿਲਾਂ ਲੱਭੇ ਗਏ ਸਨ ਅਤੇ ਕੁਝ ਦੀ ਸਟੈਂਡਰਡ ਮਾਡਲ ਦੇ ਅਧਾਰ ‘ਤੇ ਕਲਪਨਾ ਕੀਤੀ ਸੀ। ਬਾਅਦ ‘ਚ ਪ੍ਰਯੋਗਾਂ ਦੁਆਰਾ ਇਸ ਸਿਧਾਂਤ ਅਨੁਸਾਰ ਕਲਪੇ ਗਏ ਕਣ ਸਮੇਂ-ਸਮੇਂ ‘ਤੇ ਲੱਭੇ ਗਏ, ਜਿਸ ਕਾਰਨ ਸਟੈਂਡਰਡ ਮਾਡਲ ਦੀ ਭਰੋਸੇਯੋਗਤਾ ਕਾਫ਼ੀ ਵਧੀ ਹੈ। ਇਸ ਤਰ੍ਹਾਂ ਸਟੈਂਡਰਡ ਮਾਡਲ ਬੁਨਿਆਦੀ ਕਣਾਂ ਅਤੇ ਉਹਨਾਂ ‘ਚ ਕੰਮ ਕਰਦੇ ਵੱਖ-ਵੱਖ ਬਲਾਂ ਨੂੰ ਇੱਕ ਸੂਤਰ ‘ਚ ਪਰੋਣ ਦਾ ਨਾਂ ਹੈ, ਹੋਰ ਵਧੇਰੇ ਨੇੜਲੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਸਟੈਂਡਰਡ ਮਾਡਲ ਕੁਦਰਤ ਦੇ ਬੁਨਿਆਦੀ ਬਲਾਂ ਦਾ ਸਿਧਾਂਤ ਹੈ। ਇਹ ਮਾਡਲ ਪ੍ਰਯੋਗਾਂ ਤੋਂ ਅਤੇ ਕੁਦਰਤ ‘ਚੋਂ ਇਕੱਠੀਆਂ ਕੀਤੀਆਂ ਗਈਆਂ ਜਾਣਕਾਰੀਆਂ ਦੇ ਅਧਾਰ ‘ਤੇ ਕਾਫ਼ੀ ਹੱਦ ਤੱਕ ਸਹੀ ਸਿੱਧ ਹੋ ਚੁੱਕਾ ਹੈ। ਪਰ ਇਸ ਮਾਡਲ ‘ਚ ਗਰੂਤਾ ਬਲ ਸ਼ਾਮਿਲ ਨਹੀਂ ਹੈ। ਇਸੇ ਤਰ੍ਹਾਂ ਇਸ ਮਾਡਲ ਨਾਲ਼ “”ਨਿਊਟਰੀਨੋ” ਨਾਂ ਦੇ ਬੁਨਿਆਦੀ ਕਣ ਦੀ ਵਿਆਖਿਆ ਕਰਨਾ ਵੀ ਸੰਭਵ ਨਹੀਂ ਹੋ ਸਕਿਆ ਹੈ। ਇਹ ਇਸ ਬਹੁਤ ਹੀ ਸਫ਼ਲ ਸਿਧਾਂਤ ਦੀਆਂ ਮੁੱਖ ਘਾਟਾਂ ‘ਚ ਸ਼ਾਮਿਲ ਹਨ। ਹੁਣ ਅਸੀਂ ਹਿਗਜ਼ ਬੋਸੋਨ ਬਾਰੇ ਜਾਣਨ ਲਈ ਅੱਗੇ ਵਧ ਸਕਦੇ ਹਾਂ।
ਕੀ ਹੈ ਹਿਗਜ਼ ਬੋਸੋਨ ?
ਕੁਆਂਟਮ ਭੌਤਿਕੀ ਅਨੁਸਾਰ ਕੋਈ ਬਲ ਕਿੰਨੀ ਦੂਰੀ ਤੱਕ ਪ੍ਰਭਾਵਸ਼ਾਲੀ ਹੋ ਸਕਦਾ ਹੈ ਇਹ ਉਸਦੇ ਵਾਹਕ ਕਣ ਦੇ ਪੁੰਜ ‘ਤੇ ਨਿਰਭਰ ਕਰਦਾ ਹੈ। ਜਿੰਨਾ ਕਿਸੇ ਵਾਹਕ ਕਣ ਦਾ ਪੁੰਜ ਘੱਟ ਹੋਵੇਗਾ, ਉਹ ਬਲ ਓਨੀ ਹੀ ਜ਼ਿਆਦਾ ਦੂਰੀ ਤੱਕ ਕੰਮ ਕਰੇਗਾ। ਬਿਜਲਈ-ਚੁੰਬਕੀ ਬਲ ਤੇ ਗਰੂਤਾ ਬਲ ਕਿਉਂਕਿ ਅਨੰਤ ਦੂਰੀ ਤੱਕ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਲਈ ਇਸਦੇ ਵਾਹਕ ਕਣਾਂ ਦਾ ਪੁੰਜ ਸਿਫ਼ਰ ਹੋਵੇਗਾ। ਫੋਟੋਨ ਦੇ ਮਾਮਲੇ ‘ਚ ਅਜਿਹਾ ਹੀ ਹੈ। (ਇੱਥੇ ਪੁੰਜ ਕੀ ਹੈ, ਇਸ ਬਾਰੇ ਕੁਝ ਸਪੱਸ਼ਟ ਕਰਨ ਦੀ ਜ਼ਰੂਰਤ ਹੈ। ਪੁੰਜ ਇੱਕ ਸੰਕਲਪ ਹੈ ਜਿਸਨੂੰ ਕਈ ਤਰੀਕੇ ਨਾਲ਼ ਪ੍ਰਭਾਸ਼ਿਤ ਕੀਤਾ ਜਾਂਦਾ ਹੈ। ਪਹਿਲੀ ਪਰਿਭਾਸ਼ਾ ਅਨੁਸਾਰ ਕਿਸੇ ਕਣ ਜਾਂ ਕਿਸੇ ਚੀਜ਼ ‘ਚ ਪਦਾਰਥ ਦੀ ਜਿੰਨੀ ਮਾਤਰਾ ਹੈ, ਉਹ ਕਣ ਜਾਂ ਚੀਜ਼ ਦਾ ਪੁੰਜ ਹੈ। ਦੂਸਰੀ ਪਰਿਭਾਸ਼ਾ ਅਨੁਸਾਰ, ਕੋਈ ਕਣ ਜਾਂ ਚੀਜ਼ ਨੂੰ ਉਸਦੀ ਸਥਿਰ ਹਾਲਤ ਤੋਂ ਗਤੀਸ਼ੀਲ ਕਰਨ ਦੀ ਪ੍ਰਕਿਰਿਆ ਦੌਰਾਨ ਉਸ ਕਣ ਜਾਂ ਚੀਜ਼ ਦੀ ਜਿਸ ਖਾਸੀਅਤ ਕਾਰਨ ਬਲ ਦੀ ਲੋੜ ਪੈਂਦੀ ਹੈ, ਉਹ ਖਾਸੀਅਤ ਹੀ ਪੁੰਜ ਹੈ। ਇੱਕ ਹੋਰ ਪਰਿਭਾਸ਼ਾ ਅਨੁਸਾਰ ਕੋਈ ਕਣ ਜਾਂ ਚੀਜ਼ ਜਿੰਨੀ ਤਾਕਤ ਨਾਲ਼ ਉਸ ਜਗ੍ਹਾ ਮੌਜੂਦ ਗਰੂਤਾ ਬਲ ਨੂੰ ਮਹਿਸੂਸ ਕਰਦੀ ਹੈ, ਉਹੀ ਪੁੰਜ ਹੈ। ਕਿਉਂਕਿ ਪੁੰਜ ਤੇ ਊਰਜਾ ਇੱਕ ਦੂਸਰੇ ‘ਚ ਬਦਲ ਸਕਦੇ ਹਨ ਇਸ ਲਈ ਪੁੰਜ ਨੂੰ ਊਰਜਾ ਦੀਆਂ ਇਕਾਈਆਂ ‘ਚ ਵੀ ਮਾਪਿਆ ਜਾ ਸਕਦਾ ਹੈ ਅਤੇ ਪੁੰਜ ਦੀਆਂ ਅਲੱਗ ਤੋਂ ਮੌਜੂਦ ਇਕਾਈਆਂ ਰਾਹੀਂ ਵੀ ਮਾਪਿਆ ਜਾ ਸਕਦਾ ਹੈ) ਦੂਜੇ ਪਾਸੇ, ਮਜ਼ਬੂਤ ਤੇ ਕਮਜ਼ੋਰ ਬਲ ਬਹੁਤ ਥੋੜੀ ਦੂਰੀ (ਇਹ ਵੀ ਪਰਮਾਣੂ ਦੇ ਅੰਦਰ ਹੀ ਬਹੁਤ ਛੋਟੇ ਹਿੱਸੇ ਤੱਕ ਸੀਮਤ ਹੁੰਦੀ ਹੈ) ਤੱਕ ਪ੍ਰਭਾਵਸ਼ਾਲੀ ਹੁੰਦੇ ਹਨ, ਇਸ ਲਈ ਇਸਦੇ ਵਾਹਕ ਕਣਾਂ ਦਾ ਖਾਸ ਪੁੰਜ ਹੁੰਦਾ ਹੈ, ਇਸੇ ਕਾਰਨ ਇਹਨਾਂ ਕਣਾਂ ਨੂੰ “ਭਾਰੀ” ਕਣ ਵੀ ਕਿਹਾ ਜਾਂਦਾ ਹੈ। ਇਸੇ ਦੌਰਾਨ ਭੌਤਿਕ ਵਿਗਿਆਨ ਦੇ ਨਿਰੰਤਰ ਵਿਕਾਸ ਦੌਰਾਨ ਇਹ ਸਾਹਮਣੇ ਆਇਆ ਕਿ ਬਿਜਲਈ-ਚੁੰਬਕੀ ਬਲ ਅਤੇ ਕਮਜ਼ੋਰ ਬਲ ਇੱਕੋ ਹੀ ਵਰਤਾਰੇ ਦੇ ਦੋ ਚੇਹਰੇ ਹਨ, ਸਿੱਟੇ ਵਜੋਂ ਇਹਨਾਂ ਦੋਹਾਂ ਬਲਾਂ ਦੀ ਵਿਆਖਿਆ ਕਰਨ ਲਈ ਇੱਕੋ ਸਿਧਾਂਤ ”ਇਲੈਕਟ੍ਰੋਵੀਕ ਥਿਊਰੀ” ਨਾਂ ਦੇ ਸਿਧਾਂਤ ਦਾ ਜਨਮ ਹੋਇਆ। ਇਹ ਸਿਧਾਂਤ ਸਟੈਂਡਰਡ ਮਾਡਲ ਦੇ ਜ਼ਰੂਰੀ ਤੱਤਾਂ ‘ਚੋਂ ਇੱਕ ਬਣ ਗਿਆ ਪਰ ਇਸ ਸਿਧਾਂਤ ਦੇ ਰਸਤੇ ‘ਚ ਇੱਕ ਬੜੀ ਵੱਡੀ ਰੁਕਾਵਟ ਸੀ। ਇਹ ਰੁਕਾਵਟ ਸੀ- ਡਬਲਿਊ ਤੇ ਜੈੱਡ ਬੋਸੋਨ ਕਣਾਂ ਦਾ ਭਾਰੀ ਹੋਣਾ, ਭਾਵ ਇਹਨਾਂ ਕਣਾਂ ਦਾ ਪੁੰਜ ਹੋਣਾ ਕਿਉਂਕਿ ਇਲੈਕਟ੍ਰੋਵੀਕ ਸਿਧਾਂਤ ਦੀਆਂ ਗਿਣਤੀਆਂ-ਮਿਣਤੀਆਂ ਅਨੁਸਾਰ ਇਹਨਾਂ ਕਣਾਂ ਦਾ ਪੁੰਜ ਨਹੀਂ ਹੋਣਾ ਚਾਹੀਦਾ ਪਰ ਅਸਲੀਅਤ ‘ਚ ਅਜਿਹਾ ਨਹੀਂ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ”ਹਿਗਜ਼ ਮੈਕੇਨਿਜ਼ਮ” ਨਾਂ ਦਾ ਸਿਧਾਂਤ ਸਾਹਮਣੇ ਆਇਆ। ਇਹ ਸਿਧਾਂਤ ਨੂੰ ਤਿੰਨ ਅਲੱਗ-ਅਲੱਗ ਟੀਮਾਂ ਨੇ ਇੱਕੋ ਸਮੇਂ ਅਜ਼ਾਦਾਨਾ ਤੌਰ ‘ਤੇ ਪੇਸ਼ ਕੀਤਾ ਪਰ ਇੰਗਲੈਂਡ ਦੇ ਵਿਗਿਆਨੀ ਪੀਟਰ ਹਿਗਜ਼ ਇਸਨੂੰ ਵਧੇਰੇ ਸਪੱਸ਼ਟਤਾ ਨਾਲ਼ ਸਾਹਮਣੇ ਰੱਖਣ ‘ਚ ਕਾਮਯਾਬ ਹੋਏ ਜਿਹਨਾਂ ਦੇ ਨਾਮ ‘ਤੇ ਇਸ ਸਿਧਾਂਤ ਦਾ ਨਾਮਕਰਨ ਹੋਇਆ।
ਇਸ ਸਿਧਾਂਤ ਅਨੁਸਾਰ ਪੂਰੇ ਪੁਲਾੜ (ਸਪੇਸ) ਵਿੱਚ ਇੱਕ ਫੀਲਡ (ਊਰਜਾ) ਦਾ ਫੈਲਾਅ ਹੈ ਜਿਸ ਨੂੰ ਹਿਗਜ਼ ਫੀਲਡ ਕਿਹਾ ਜਾਂਦਾ ਹੈ। ਜਦੋਂ ਕੁਝ ਕਣ ਇਸ ਫੀਲਡ ਦੇ ਸੰਪਰਕ ‘ਚ ਆਉਂਦੇ ਹਨ ਤਾਂ ਉਹ ਪੁੰਜ ਗ੍ਰਹਿਣ ਕਰ ਲੈਂਦੇ ਹਨ ਜਦਕਿ ਕੁਝ ਕਣ ਅਜਿਹਾ ਨਹੀਂ ਕਰਦੇ। ਇਸ ਕਰਕੇ ਡਬਲਿਊ ਤੇ ਜੈੱਡ ਬੋਸੋਨ ਪੁੰਜ ਵਾਲ਼ੇ ਕਣ ਹਨ ਜਦਕਿ ਫੋਟੋਨ ਦਾ ਕੋਈ ਪੁੰਜ ਨਹੀਂ ਹੁੰਦਾ। ਇਸ ਸਿਧਾਂਤ ਨੇ ਇਹ ਸੰਭਾਵਨਾ ਜ਼ਾਹਿਰ ਕੀਤੀ ਕਿ ਜੇ ਇਹ ਸਿਧਾਂਤ ਵਾਕਈ ਸਹੀ ਹੈ ਤਾਂ ਇੱਕ ਅਜਿਹੇ ਕਣ ਦੀ ਹੋਂਦ ਜ਼ਰੂਰ ਹੋਵੇਗੀ ਜਿਹੜਾ ਇਹਨਾਂ ਕਣਾਂ ਤੇ ਹਿਗਜ਼ ਫੀਲਡ ਦੇ ਆਪਸੀ ਸੰਪਰਕ ਦੀ ਪ੍ਰਕਿਰਿਆ ਦਾ ਵਾਹਕ ਹੈ। ਇਹੀ ਕਲਪਿਆ ਗਿਆ ਕਣ ਹੀ “ਹਿਗਜ਼ ਬੋਸੋਨ” ਹੈ। ‘ਹਿਗਜ਼ ਮੈਕੇਨਿਜ਼ਮ’ ਦਾ ਸਿਧਾਂਤ ਅਕਤੂਬਰ, 1964 ‘ਚ ਪਹਿਲੀ ਵਾਰ ਉਦਘਾਟਤ ਹੋਇਆ ਸੀ ਅਤੇ ਇਸ ਨੂੰ ਪੂਰਾ ਵਿਸਥਾਰ 1966 ਤੱਕ ਦਿੱਤਾ ਗਿਆ। ਇਹ ਕਣ ਇੱਕ ਬੋਸੋਨ ਕਣ ਹੈ ਕਿਉਂਕਿ ਸਿਧਾਂਤਕ ਤੌਰ ‘ਤੇ ਇਹ ਕਣ ਬਾਕੀ ਬੋਸੋਨ ਕਣਾਂ ਵਾਂਗ ”ਬੋਸ-ਆਈਨਸਟਾਈਨ ਸਟੇਟੀਸਟਿਕਸ” ਦੇ ਅਨੁਸਾਰ ਵਰਤਾਓ ਕਰਦਾ ਹੈ। ਹਿਗਜ਼ ਮੈਕੇਨਿਜ਼ਮ ਦੇ ਸਿਧਾਂਤ ਨੇ ਇਹ ਸੰਭਾਵਨਾ ਵੀ ਜ਼ਾਹਿਰ ਕੀਤੀ ਕਿ ਇਹ ਕਲਪਿਆ ਗਿਆ ਕਣ ਭਾਵ ਹਿਗਜ਼ ਬੋਸੋਨ ਇੱਕ ਪੁੰਜ-ਯੁਕਤ ਕਣ ਹੋਵੇਗਾ ਪਰ ਇਹ ਦੂਜੇ ਬੋਸੋਨ ਕਣਾਂ ਦੇ ਇੱਕ ਖਾਸ ਲੱਛਣ ‘ਸਪਿਨ’ ਦੇ ਗੁਣ ਤੋਂ ਰਹਿਤ ਹੋਵੇਗਾ, ਇਸਨੂੰ ਪ੍ਰਯੋਗਾਂ ਦੁਆਰਾ ਦੇਖ ਸਕਣਾ ਬਹੁਤ ਹੀ ਮੁਸ਼ਕਿਲ ਹੋਵੇਗਾ ਕਿਉਂਕਿ ਇੱਕ ਭਾਰੀ ਕਣ ਹੋਣ ਦੇ ਕਾਰਨ ਆਪਣੇ ਹੋਂਦ ਦੇ ਆਉਣ ਦੇ ਨਾਲ਼ ਹੀ ਹੋਰ ਕਣਾਂ ‘ਚ ਟੁੱਟ ਜਾਂਦਾ ਹੈ। ਇਹ ਇੰਨੇ ਘੱਟ ਸਮੇਂ ਲਈ ਹੋਂਦ ‘ਚ ਰਹਿੰਦਾ ਹੈ ਕਿ ਇਸਨੂੰ ਸਿੱਧੇ ਦੇਖ ਸਕਣਾ ਸੰਭਵ ਨਹੀਂ, ਇਸ ਲਈ ਇਸ ਦੁਆਰਾ ਟੁੱਟਣ ਤੋਂ ਬਾਅਦ ਪਿੱਛੇ ਛੱਡੀਆਂ ਨਿਸ਼ਾਨੀਆਂ ਦੇ ਅਧਾਰ ‘ਤੇ ਹੀ ਇਸਦੀ ਹੋਂਦ ਤੈਅ ਕੀਤੀ ਜਾ ਸਕੇਗੀ। ਦੂਜਾ, ਇਹ ਬਹੁਤ ਹੀ ਉੱਚੇ ਊਰਜਾ ਲੈਵਲ ‘ਤੇ ਹੋਂਦ ‘ਚ ਆਉਂਦਾ ਹੈ ਜਿਸ ਲੈਵਲ ਨੂੰ ਪ੍ਰਯੋਗਸ਼ਾਲਾ ‘ਚ ਸਿਰਜਣਾ ਬਹੁਤ ਮੁਸ਼ਕਿਲ ਹੋਵੇਗਾ। ਇਹ ਸਾਰੀਆਂ ਭਵਿੱਖਬਾਣੀਆਂ ਤੇ ਖਦਸ਼ੇ ਸਹੀ ਸਾਬਿਤ ਹੋਏ ਅਤੇ 1964 ਤੋਂ ਬਾਅਦ ਲੱਗਭੱਗ ਪੰਜ ਦਹਾਕਿਆਂ ਬਾਅਦ ਹੀ ਇਸ ਅਚੰਭਾਜਨਕ ਕਣ ਨੂੰ ਲੱਭਿਆ ਜਾ ਸਕਿਆ।
ਹਿਗਜ਼ ਬੋਸੋਨ ਅਤੇ ਬਿਗ ਬੈਂਗ ਦਾ ਸਿਧਾਂਤ ਭਾਵੇਂ ‘ਹਿਗਜ਼ ਬੋਸੋਨ’ ਮੁੱਖ ਤੌਰ ‘ਤੇ ਪਦਾਰਥ ਦੇ ਪਰਮਾਣੂ ਤੋਂ ਛੋਟੇ ਕਣਾਂ ਨਾਲ਼ ਸੰਬੰਧਿਤ ਭੌਤਿਕ ਵਿਗਿਆਨ ਦੀ ਸ਼ਾਖਾ ”ਪਾਰਟੀਕਲ ਫਿਜ਼ਿਕਸ” ਦੇ ਸਟੈਂਡਰਡ ਮਾਡਲ ਨਾਲ਼ ਹੀ ਜੁੜਿਆ ਹੋਇਆ ਹੈ ਪਰ ਹਿਗਜ਼ ਮੈਕੇਨਿਜ਼ਮ ਨੂੰ ਦੂਸਰੇ ਬੁਨਿਆਦੀ ਪਦਾਰਥਕ ਕਣਾਂ ਦੇ ਪੁੰਜ ਗ੍ਰਹਿਣ ਕਰਨ ਦੀ ਪ੍ਰਕਿਰਿਆ ਨੂੰ ਸਮਝਣ ਲਈ ਵੀ ਵਰਤਿਆ ਗਿਆ ਹੈ। ਜਿਵੇਂ ਡਬਲਿਊ ਤੇ ਜ਼ੈੱਡ ਬੋਸੋਨ ਕਣ ਹਿਗਜ਼ ਫੀਲਡ ਨਾਲ਼ ਸੰਪਰਕ ‘ਚ ਆਉਣ ‘ਤੇ ਪੁੰਜ-ਯੁਕਤ ਕਣ ਬਣ ਜਾਂਦੇ ਹਨ, ਬਿਲਕੁਲ ਇਸੇ ਤਰ੍ਹਾਂ ਦੂਸਰੇ ਕਣ ਜਿਵੇਂ ਕੁਆਰਕ, ਇਲੈਕਟ੍ਰੋਨ ਆਦਿ ਵੀ ਇਸੇ ਪ੍ਰਕਿਰਿਆ ਰਾਹੀਂ ਪੁੰਜ-ਯੁਕਤ ਕਣ ਬਣ ਸਕਦੇ ਹਨ। ਜਦੋਂ ਇਹ ਵਿਚਾਰ ਸਿਧਾਂਤਕ ਪੱਧਰ ‘ਤੇ ਪਰਖਿਆ ਗਿਆ ਤਾਂ ਇਹ ਵੀ ਸੰਭਵ ਲੱਗਿਆ। ਇਸ ਨਾਲ਼ ਇੱਕ ਹੋਰ ਸਮੱਸਿਆ ਹੱਲ ਹੋ ਗਈ, ਉਹ ਸੀ ਕਿ ਆਖਿਰ ਪੁੰਜ-ਯੁਕਤ ਪਦਾਰਥ ਪੁੰਜ ਕਿਸ ਤਰ੍ਹਾਂ ਧਾਰਨ ਕਰਦਾ ਹੈ। ਇਸ ਸਮੱਸਿਆ ਦੇ ਸੁਲਝਣ ਨਾਲ਼ ਬ੍ਰਹਿਮੰਡ ਦੇ ਪੈਦਾ ਹੋਣ ਦੇ ਆਧੁਨਿਕ ਭੌਤਿਕੀ ਸਿਧਾਂਤ ”ਬਿੱਗ ਬੈਂਗ” (ਮਹਾਂ ਧਮਾਕਾ) ਦੀ ਇੱਕ ਅਣਸੁਲਝੀ ਗੁੱਥੀ ਵੀ ਹੱਲ ਹੋ ਸਕਦੀ ਹੈ।
ਬਿਗ ਬੈਂਗ ਦਾ ਸਿਧਾਂਤ ਬ੍ਰਹਿਮੰਡ ਦੇ ਪੈਦਾ ਹੋਣ ਦੇ ਬਹੁਤ ਸਾਰੇ ਪੜਾਵਾਂ ਦੀ ਕਾਫ਼ੀ ਸਟੀਕ ਵਿਆਖਿਆ ਕਰਦਾ ਹੈ ਜਿਸਨੂੰ ਕਾਫ਼ੀ ਸਾਰੀਆਂ ਪੁਲਾੜੀ ਜਾਣਕਾਰੀਆਂ ਤੇ ਖੋਜਾਂ ਨੇ ਸਹੀ ਸਾਬਿਤ ਕੀਤਾ ਹੈ। ਪਰ ਪੁੰਜ-ਰਹਿਤ ਪਦਾਰਥ ਮਹਾਂ ਧਮਾਕੇ ਤੋਂ ਬਾਅਦ ਪੁੰਜ-ਯੁਕਤ ਪਦਾਰਥ ਨੂੰ ਕਿਵੇਂ ਜਨਮ ਦਿੰਦਾ ਹੈ, ਇਹ ਗੁੱਥੀ ਇਸ ਸਿਧਾਂਤ ਤੋਂ ਸੁਲਝ ਨਹੀਂ ਰਹੀ ਸੀ। ਹਿਗਜ਼ ਮੈਕੇਨਿਜ਼ਮ ਇਸ ਰਹੱਸ ਤੋਂ ਵੀ ਪਰਦਾ ਉਠਾਉਂਦਾ ਹੈ। ਇਸ ਅਨੁਸਾਰ ਮਹਾਂ ਧਮਾਕਾ ਹੋਣ ਦੇ ਕੁਝ ਪਲਾਂ ‘ਚ ਹੀ (ਇੱਕ ਸਕਿੰਟ ਦੇ ਬਹੁਤ ਹੀ ਛੋਟੇ ਹਿੱਸੇ ‘ਚ) ਬ੍ਰਹਿਮੰਡ ਇਕਦਮ ਫੈਲਦਾ ਹੈ ਜਿਸ ਕਾਰਨ ਤਾਪਮਾਨ ‘ਚ ਕਮੀ ਆਉਂਦੀ ਹੈ ਅਤੇ ਹਿਗਜ਼ ਫੀਲਡ ਹੋਂਦ ‘ਚ ਆਉਂਦਾ ਹੈ। ਹਿਗਜ਼ ਫੀਲਡ ਦੇ ਸੰਪਰਕ ‘ਚ ਆਉਣ ਨਾਲ਼ ਕੁਝ ਕਣ ਪੁੰਜ ਧਾਰਨ ਕਰ ਜਾਂਦੇ ਹਨ ਅਤੇ ਉਹਨਾਂ ਦੀ ਗਤੀ ਧੀਮੀ ਹੋ ਜਾਂਦੀ ਹੈ। ਇਹੀ ਧੀਮੇ ਹੋਏ ਕਣ ਕਈ ਲੱਖਾਂ ਸਾਲਾਂ ਦੇ ਅੰਤਰਾਲ ‘ਚ ਇੱਕ ਦੂਜੇ ਨਾਲ਼ ਜੁੜਦੇ ਜਾਂਦੇ ਹਨ ਤੇ ਪਰਮਾਣੂਆਂ, ਅਣੂਆਂ ਨੂੰ ਜਨਮ ਦਿੰਦੇ ਹੋਏ ਪਦਾਰਥ ਦੇ ਅੱਜ ਦਿਖਾਈ ਦਿੰਦੇ ਪਸਾਰੇ ਦੇ ਰੂਪ ‘ਚ ਬ੍ਰਹਿਮੰਡ ਦਾ ਰੂਪ ਲੈ ਲੈਂਦੇ ਹਨ। ਪਰ ਦਿੱਕਤ ਇੱਥੇ ਵੀ ਉਹੀ ਸੀ ਕਿ ਹਿਗਜ਼ ਬੋਸੋਨ ਦੀ ਹੋਂਦ ਨੂੰ ਕਿਵੇਂ ਸਿੱਧ ਕੀਤਾ ਜਾਵੇ ਅਤੇ ਜਦੋਂ ਤੱਕ ਇਸ ਕਣ ਦੀ ਹੋਂਦ ਸਿੱਧ ਨਹੀਂ ਹੁੰਦੀ ਤਦ ਤੱਕ ਇਸ ਕਣ ਦੀ ਬੁਨਿਆਦ ‘ਤੇ ਟਿਕੇ ਸਾਰੇ ਦੇ ਸਾਰੇ ਸਿਧਾਂਤ ਇੱਕ ਅੰਦਾਜ਼ੇ ਹੀ ਰਹਿਣੇ ਸਨ।
ਹਿਗਜ਼ ਬੋਸੋਨ ਨੂੰ ਲੱਭਣ ਦਾ ਸਫ਼ਰ ਜਿਵੇਂ ਕਿ ਪਹਿਲਾਂ ਹੀ ਜ਼ਿਕਰ ਆ ਚੁੱਕਾ ਹੈ ਕਿ ਹਿਗਜ਼ ਬੋਸੋਨ ਇੱਕ ਅਜਿਹਾ ਕਣ ਹੈ ਜਿਹੜਾ ਹੋਂਦ ‘ਚ ਆਉਣ ਦੇ ਨਾਲ਼ ਹੀ ਦੂਸਰੇ ਕਣਾਂ ‘ਚ ਟੁੱਟ ਜਾਂਦਾ ਹੈ, ਜਿਸ ਕਾਰਨ ਇਸਨੂੰ ਸਿੱਧਾ ਦੇਖ ਸਕਣਾ ਅਸੰਭਵ ਹੈ। ਪਰ ਸਟੈਂਡਰਡ ਮਾਡਲ ਨੇ ਉਹ ਸਾਰੇ ਪੈਟਰਨ (ਤਰੀਕੇ) ਦੱਸੇ ਜਿਹਨਾਂ ਰਾਹੀਂ ਹਿਗਜ਼ ਬੋਸੋਨ ਦੂਜੇ ਕਣਾਂ ‘ਚ ਟੁੱਟ ਸਕਦਾ ਹੈ। ਕਿਸੇ ਜਗ੍ਹਾ ‘ਤੇ ਕਣਾਂ ਦੀ ਪਹਿਚਾਣ ਕਰਨ ਨਾਲ਼ ਅਤੇ ਕਣਾਂ ਦੇ ਉਸ ਪੈਟਰਨ ਨੂੰ ਹਿਗਜ਼ ਬੋਸੋਨ ਦੇ ਟੁੱਟਣ ਦੇ ਸਿਧਾਂਤਕ ਤੌਰ ‘ਤੇ ਪਹਿਲਾਂ ਨਿਰਧਾਰਤ ਕੀਤੇ ਜਾ ਚੁੱਕੇ ਪੈਟਰਨਾਂ ਨਾਲ਼ ਮਿਲਾ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਉਸ ਪਲ ਤੋਂ ਤੁਰੰਤ ਪਹਿਲਾਂ ਜਿਹੜਾ ਕਣ ਟੁੱਟਿਆ ਹੈ, ਉਹ ਹਿਗਜ਼ ਬੋਸੋਨ ਸੀ ਜਾਂ ਕੋਈ ਹੋਰ ਕਣ। ਕਿਹਾ ਜਾਵੇ ਕਿ ਇਹ ਪੈਟਰਨ ਇੱਕ ਤਰ੍ਹਾਂ ਨਾਲ਼ ਉਂਗਲਾਂ ਦੇ ਨਿਸ਼ਾਨਾਂ ਵਾਂਗ ਹਨ। ਜਿਸ ਤਰ੍ਹਾਂ ਕੋਈ ਵਿਅਕਤੀ ਆਪਣੇ ਉਂਗਲਾਂ ਦੇ ਨਿਸ਼ਾਨ ਕਿਸੇ ਜਗ੍ਹਾ ਛੱਡ ਕੇ ਆਪਣੀ ਪਹਿਚਾਣ ਛੱਡ ਜਾਂਦਾ ਹੈ ਉਸੇ ਤਰ੍ਹਾਂ ਇਹ ਪੈਟਰਨ ਵੀ ਟੁੱਟੇ ਹੋਏ ਕਣ ਨੂੰ ਪਹਿਚਾਨਣ ਲਈ ਕੰਮ ਆਉਂਦੇ ਹਨ। ਦੂਜਾ ਅੜਿੱਕਾ ਸੀ ਉੱਚ ਊਰਜਾ ਦੀਆਂ ਹਾਲਤਾਂ ਪੈਦਾ ਕਰਨ ਦਾ ਜੋ ਕਿ ਹਿਗਜ਼ ਬੋਸੋਨ ਦੇ ਹੋਂਦ ‘ਚ ਆਉਣ ਲਈ ਜ਼ਰੂਰੀ ਸ਼ਰਤ ਸਨ। ਨਿਉਕਲੀਅਰ ਵਿਗਿਆਨ ਦੇ ਖੇਤਰ ‘ਚ ਉੱਚ ਊਰਜਾ ਹਾਲਤਾਂ ਪੈਦਾ ਕਰਨ ਲਈ ਵੱਖ-ਵੱਖ ਕਣਾਂ ਨੂੰ ਇੱਕ ਨਿਰਧਾਰਤ ਊਰਜਾ ਦੇ ਕੇ ਇੱਕ ਦੂਸਰੇ ਨਾਲ਼ ਟਕਰਾਇਆ ਜਾਂਦਾ ਹੈ ਜਿਸ ਨਾਲ਼ ਵੱਡੀ ਮਾਤਰਾ ‘ਚ ਊਰਜਾ ਪੈਦਾ ਹੁੰਦੀ ਹੈ ਜਿਹੜੀ ਉੱਚ ਊਰਜਾ ਦੀਆਂ ਹਾਲਤਾਂ ਪੈਦਾ ਕਰਦੀ ਹੈ। ਅਜਿਹਾ ਕਰਨ ਲਈ ਕਣਾਂ ਨੂੰ ਤੇਜ਼ ਗਤੀ ਨਾਲ਼ ਕਿਰਿਆਸ਼ੀਲ ਕੀਤਾ ਜਾਂਦਾ ਹੈ ਜਿਸ ਲਈ ਖਾਸ ਕਿਸਮ ਦੀ ਮਸ਼ੀਨ ਜਿਸਨੂੰ ”ਪਾਰਟੀਕਲ ਐਕਸਲਰੇਟਰ” ਕਿਹਾ ਜਾਂਦਾ ਹੈ, ਦੀ ਲੋੜ ਹੁੰਦੀ ਹੈ। 1980ਵਿਆਂ ਤੱਕ ਤਾਂ ਤਕਨੀਕ ਦਾ ਵਿਕਾਸ ਹਿਗਜ਼ ਬੋਸੋਨ ਦੇ ਪੈਦਾ ਹੋਣ ਦੀਆਂ ਹਾਲਤਾਂ ਨੂੰ ਸਿਰਜਣ ਲਈ ਨਾਕਾਫ਼ੀ ਸੀ। ਅੱਸੀਵਿਆਂ ‘ਚ ਅਜਿਹੇ ”ਪਾਰਟੀਕਲ ਐਕਸਲਰੇਟਰ” ਬਣੇ ਜਿਹਨਾਂ ਨਾਲ਼ ਹਿਗਜ਼ ਬੋਸੋਨ ਦੀ ਹੋਂਦ ਸਿੱਧ ਕਰਨ ਲਈ ਪ੍ਰਯੋਗ ਸ਼ੁਰੂ ਕੀਤੇ ਜਾ ਸਕਦੇ ਸਨ। 1990 ਤੋਂ ਬਾਅਦ ਸਰਨ ਦੇ ਪਾਰਟੀਕਲ ਐਕਸਲਰੇਟਰ ”ਲਾਰਜ ਇਲੈਕਟ੍ਰੋਨ-ਪਾਜ਼ੀਟ੍ਰੋਨ ਕੋਲਾਈਡਰ” ਨੇ ਕੰਮ ਸ਼ੁਰੂ ਕੀਤਾ। ਇਹ ਮਸ਼ੀਨ ਨੇ 2000 ਈਸਵੀ ਤੱਕ ਕੰਮ ਕੀਤਾ ਜਿਸ ਨਾਲ਼ ਇਹ ਪਤਾ ਚੱਲਿਆ ਕਿ ਹਿਗਜ਼ ਬੋਸੋਨ ਜੇ ਹੋਂਦ ‘ਚ ਹੈ ਵੀ ਤਾਂ ਇਸਦਾ ਪੁੰਜ ਲਾਜ਼ਮੀ ਤੌਰ ‘ਤੇ 115 ਗੀਗਾ ਇਲੈਕਟ੍ਰਾਨ ਵੋਲਟ ਤੋਂ ਜ਼ਿਆਦਾ ਹੋਵੇਗਾ। ਇਸ ਪ੍ਰਯੋਗ ਦੌਰਾਨ ਕੁਝ ਟੱਕਰਾਂ ਦੌਰਾਨ ਅਜਿਹੇ ਪੈਟਰਨ ਮਿਲੇ ਜਿਹੜੇ ਹਿਗਜ਼ ਬੋਸੋਨ ਨਾਲ਼ ਮੇਲ ਖਾਂਦੇ ਸਨ ਪਰ ਇਹ ਜਾਣਕਾਰੀਆਂ ਇੰਨੀਆਂ ਘੱਟ ਸਨ ਕਿ ਇਹਨਾਂ ਦੇ ਅਧਾਰ ‘ਤੇ ਕੋਈ ਨਤੀਜਾ ਕੱਢ ਸਕਣਾ ਸੰਭਵ ਨਹੀਂ ਸੀ। 2000 ਇਹ ਮਸ਼ੀਨ ਨੂੰ ਹੋਰ ਉੱਨਤ ਮਸ਼ੀਨ ”ਲਾਰਜ ਹੈਡਰੋਨ ਕੋਲਾਈਡਰ” (L83) ਦੇ ਨਿਰਮਾਣ ਲਈ ਤੋੜ ਦਿੱਤਾ ਗਿਆ। ਸੰਨ 2000 ਤੋਂ ਬਾਅਦ ਹਿਗਜ਼ ਬੋਸੋਨ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਦਾ ਕੇਂਦਰ ਅਮਰੀਕਾ ਦੀ ਫਰਮੀਲੈਬ ‘ਚ ਬਣਿਆ ਐਕਸਲਰੇਟਰ ”ਟੇਵਾਟ੍ਰੋਨ” ਬਣ ਗਿਆ। ਇਸ ਮਸ਼ੀਨ ਨੇ ਸਤੰਬਰ, 2011 ਤੱਕ ਕੰਮ ਕਰਨਾ ਜ਼ਾਰੀ ਰੱਖਿਆ। ਇਸ ਮਸ਼ੀਨ ਤੋਂ ਸਮੇਂ-ਸਮੇਂ ‘ਤੇ ਪ੍ਰਾਪਤ ਜਾਣਕਾਰੀਆਂ ਨੇ ਵਿਗਿਆਨੀਆਂ ਦਾ ਕੰਮ ਅਸਾਨ ਕੀਤਾ ਕਿਉਂਕਿ ਇਹਨਾਂ ਦੇ ਅਧਾਰ ‘ਤੇ ਹਿਗਜ਼ ਬੋਸੋਨ ਦੀ ਭਾਲ ਦਾ ਦਾਇਰਾ ਲਗਾਤਾਰ ਸੁੰਗੜਦਾ ਗਿਆ। ਇਸ ਮਸ਼ੀਨ ਦੀਆਂ ਜਾਣਕਾਰੀਆਂ ਦੇ ਅਧਾਰ ‘ਤੇ ਹੀ ਫਰਮੀਲੈਬ ਨੇ 2 ਜੁਲਾਈ, 2012 ਦੇ ਨਤੀਜੇ ਪੇਸ਼ ਕੀਤੇ ਸਨ।
ਇਸ ਦੌਰਾਨ ਹੀ ਸਰਨ ਦੇ ਪਾਰਟੀਕਲ ਐਕਸਲਰੇਟਰ ”ਲਾਰਜ ਹੈਡਰੋਨ ਕੋਲਾਈਡਰ” ਨੇ ਨਵੰਬਰ, 2009 ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 27 ਕਿਲੋਮੀਟਰ ਘੇਰੇ ਵਾਲ਼ੀ ਇਹ ਮਸ਼ੀਨ ਮਨੁੱਖ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ‘ਚੋਂ ਇੱਕ ਸਭ ਤੋਂ ਵੱਡੀ ਤੇ ਇੱਕ ਸਭ ਤੋਂ ਗੁੰਝਲਦਾਰ ਮਸ਼ੀਨ ਹੈ। ਇਸ ਤਰ੍ਹਾਂ ਦੀ ਮਸ਼ੀਨ ਬਣਾ ਸਕਣਾ ਮਨੁੱਖਤਾ ਲਈ ਆਪਣੇ ਆਪ ‘ਚ ਇੱਕ ਪ੍ਰਾਪਤੀ ਹੈ। ਫਰਾਂਸ-ਸਵਿਟਜ਼ਰਲੈਂਡ ਦੀ ਸਰਹੱਦ ਉੱਤੇ 574 ਫੁੱਟ ਦੀ ਡੂੰਘਾਈ ‘ਤੇ ਸਥਿਤ ਇਹ ਮਸ਼ੀਨ 10,000 ਤੋਂ ਜ਼ਿਆਦਾ ਵਿਗਿਆਨੀਆਂ ਤੇ 100 ਤੋਂ ਵੱਧ ਦੇਸ਼ਾਂ ਦੇ ਇੰਜਨੀਅਰਾਂ ਦੀ 10 ਸਾਲ ਦੀ ਮਿਹਨਤ ਦਾ ਸਿੱਟਾ ਹੈ। ਇਸ ਮਸ਼ੀਨ ਅੰਦਰ ਪ੍ਰਤੀ ਕਣ 7 ਟੈਰਾ ਇਲੈਕਟ੍ਰਾਨ ਵੋਲਟ (“eV) ਦੀ ਊਰਜਾ ਵਾਲ਼ੇ ਦੋ ਪ੍ਰੋਟੋਨ ਗੁੱਛਿਆਂ ਨੂੰ ਆਪਸ ‘ਚ ਟਕਰਾਉਣ ਦੀ ਸਮਰੱਥਾ ਹੈ। ਅਜੇ ਤੱਕ ਇਸ ਨੇ ਇਸ ਤੋਂ ਅੱਧੇ ਪੱਧਰ ਭਾਵ ਪ੍ਰਤੀ ਕਣ 3.5 ਟੈਰਾ ਇਲੈਕਟ੍ਰਾਨ ਵੋਲਟ (“eV) ਦੀ ਊਰਜਾ ਦੇ ਪੱਧਰ ਤੱਕ ਹੀ ਕੰਮ ਕੀਤਾ ਹੈ। (ਇੱਕ ਟੈਰਾ ਇਲੈਕਟ੍ਰਾਨ ਵੋਲਟ (“eV) ਊਰਜਾ ਕਿੰਨੀ ਕੁ ਹੁੰਦੀ ਹੈ? ਇੱਕ ਮੱਛਰ ਜਦੋਂ ਆਪਣੀ ਆਮ ਗਤੀ 1.5 ਕਿਲੋਮੀਟਰ/ਘੰਟਾ ਦੀ ਰਫਤਾਰ ‘ਤੇ ਉੱਡਣ ਸਮੇਂ ਜਿੰਨੀ ਊਰਜਾ ਪੈਦਾ ਕਰਦਾ ਹੈ, ਉਹ ਇੱਕ ਟੈਰਾ ਇਲੈਕਟ੍ਰਾਨ ਵੋਲਟ (“eV) ਦੇ ਲੱਗਭੱਗ ਬਰਾਬਰ ਹੁੰਦੀ ਹੈ। ਪਰੰਤੂ ਊਰਜਾ ਦੀ ਇੰਨੀ ਥੋੜੀ ਮਾਤਰਾ ਨੂੰ ਪ੍ਰੋਟੋਨ ਜਾਂ ਕਿਸੇ ਹੋਰ ਏਦਾਂ ਦੇ ਕਣ ‘ਚ ਕੇਂਦਰਤ ਕਰਨ ਨਾਲ਼ ਉਸ ਬਿੰਦੂ ‘ਤੇ ਊਰਜਾ ਦੀ ਸੰਘਣਤਾ ਬਹੁਤ ਵੱਧ ਜਾਂਦੀ ਹੈ ਅਤੇ ਇੰਨੀ ਊਰਜਾ ਵਾਲ਼ੇ ਕਣਾਂ ਦੀ ਆਪਸੀ ਟੱਕਰ ਨਾਲ਼ ਟੱਕਰ ਵਾਲ਼ੇ ਬਿੰਦੂ ‘ਤੇ ਊਰਜਾ ਦਾ ਮਾਪ ਟੱਕਰ ‘ਚ ਸ਼ਾਮਿਲ ਕਣਾਂ ਦੀ ਕੁਲ ਊਰਜਾ ਦੇ ਜੋੜ ਬਰਾਬਰ ਹੋ ਜਾਂਦੀ ਹੈ) ਦਸੰਬਰ, 2011 ‘ਚ ਇਸ ਮਸ਼ੀਨ ਤੋਂ ਮਿਲਣ ਵਾਲ਼ੀਆਂ ਜਾਣਕਾਰੀਆਂ ਨੇ ਹਿਗਜ਼ ਬੋਸੋਨ ਦੀ ਹੋਂਦ ਹੋਣ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਤੱਕ ਜਾਣਕਾਰੀਆਂ ਇਕੱਠੀਆਂ ਕਰਨ ਤੇ ਗਣਨਾ ਕਰਨ ਦੀਆਂ ਪ੍ਰਕਿਰਿਆਵਾਂ ਦੌਰਾਨ ਗਲਤੀ ਹੋਣ ਦੀ ਸੰਭਾਵਨਾ 750 ‘ਚੋਂ ਇੱਕ ਮੌਕੇ ਦੀ ਸੀ, ਭਾਵੇਂ ਇਹ ਕੋਈ ਜ਼ਿਆਦਾ ਨਹੀਂ ਹੈ ਪਰ ਵਿਗਿਆਨ ‘ਚ ਕਿਸੇ ਵੀ ਨਵੀਂ ਮਿਲੀ ਜਾਣਕਾਰੀ ਨੂੰ ਖੋਜ ਦਾ ਦਰਜਾ ਦੇਣ ਲਈ ਗਲਤੀ ਹੋਣ ਦੀ ਸੰਭਾਵਨਾ ਦਾ ਪੱਧਰ 10 ਲੱਖ ‘ਚੋਂ ਇੱਕ ਹੋਣਾ ਚਾਹੀਦਾ ਹੈ। ਜੂਨ, 2012 ਤੱਕ ਵਿਗਿਆਨੀਆਂ ਨੇ ਇਹ ਪੱਧਰ ਵੀ ਹਾਸਿਲ ਕਰ ਲਿਆ ਅਤੇ ਸਿੱਟਾ ਸੀ 4 ਜੁਲਾਈ, 2012 ਦਾ ਇਤਿਹਾਸਿਕ ਐਲਾਨ।
ਹਿਗਜ਼ ਬੋਸੋਨ ਸੰਬੰਧੀ ਗਲਤ ਧਾਰਨਾਵਾਂ
ਹਿਗਜ਼ ਬੋਸਨ ਸੰਬੰਧੀ ਲੋਕਾਂ ‘ਚ ਪ੍ਰਚਲਿਤ ਗਲਤ ਧਾਰਨਾਵਾਂ ਦਾ ਇੱਕ ਵੱਡਾ ਸ੍ਰੋਤ ਇਸ ਕਣ ਦਾ ”ਗੌਡ ਪਾਰਟੀਕਲ” ਜਾਂ ”ਰੱਬੀ ਕਣ” ਦਾ ਆਮ ਪ੍ਰਚਲਿਤ ਨਾਮਕਰਨ ਹੈ। ਬਹੁਤ ਸਾਰੇ ਲੋਕੀਂ ਇਸ ਨਾਮਕਰਨ ਨੂੰ ਇਸਦੇ ਸ਼ਾਬਦਿਕ ਅਰਥਾਂ ‘ਚ ਲੈਂਦੇ ਹਨ ਅਤੇ ਇਹ ਸਮਝ ਲੈਂਦੇ ਹਨ ਕਿ ਇਸ ਕਣ ਦਾ ਸੰਬੰਧ ਰੱਬ ਦੀ ਹੋਂਦ ਨਾਲ਼ ਹੈ। ਜਾਂ ਫਿਰ ਇਹ ਕਣ ਰੱਬ ਦੀ ਕਰਾਮਾਤ ਹੈ। ਅਸਲ ਵਿੱਚ ਰੱਬ ਨਾਂ ਦੀ ਖਿਆਲੀ ਚਿੜੀ ਦਾ ਇਸ ਕਣ ਨਾਲ਼ ਦੂਰ-ਦੂਰ ਕੋਈ ਸੰਬੰਧ ਨਹੀਂ ਹੈ। ਇਹ ਨਾਮਕਰਨ ਇਸ ਕਣ ਦੀ ਸਿਧਾਂਤਕ ਪੱਧਰ ‘ਤੇ ਖੋਜ ਤੋਂ ਤਿੰਨ ਦਹਾਕੇ ਬਾਅਦ 1993 ‘ਚ ਹੋਇਆ। ਹਿਗਜ਼ ਬੋਸੋਨ ਦਾ ਇਹ ਨਾਮ ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਲਿਉਨ ਲੇਡਰਮੈਨ ਦੀ ਕਿਤਾਬ ਦੇ ਟਾਈਟਲ ਤੋਂ ਪਿਆ ਹੈ। ਲੇਡਰਮੈਨ ਅਨੁਸਾਰ ਉਸ ਨੇ ਹਿਗਜ਼ ਬੋਸੋਨ ਦਾ ਨਾਮ ”ਰੱਬੀ ਕਣ” ਇਸ ਲਈ ਰੱਖਿਆ ਕਿਉਂਕਿ ਭੌਤਿਕ ਵਿਗਿਆਨ ਦੇ ਸਟੈਂਡਰਡ ਮਾਡਲ ਲਈ ਇਸ ਦੀ ਬਹੁਤ ਅਹਿਮੀਅਤ ਹੈ ਪਰ ਇਸਨੂੰ ਲਭਣਾ ਓਨਾ ਹੀ ਮੁਸ਼ਕਿਲ ਸਾਬਿਤ ਹੋ ਰਿਹਾ ਸੀ ਅਤੇ ਨਾਲ਼ ਹੀ ਇਸ ਨਾਲ਼ ਸੰਬੰਧਿਤ ਖੋਜ ਪ੍ਰੋਜੈਕਟ ਅਥਾਹ ਮਿਹਨਤ ਤੇ ਪੈਸਾ ਖਾ ਰਹੇ ਸਨ। ਵਿਗਿਆਨੀ ਇਸ ਨਾਮਕਰਨ ਨੂੰ ਬਿਲਕੁਲ ਨਹੀਂ ਵਰਤਦੇ ਕਿਉਂਕਿ ਉਹਨਾਂ ਅਨੁਸਾਰ ਇਸ ਕਾਰਨ ਹਿਗਜ਼ ਬੋਸੋਨ ਨਾਲ਼ ਰਹੱਸਵਾਦੀ ਭੁਲੇਖੇ ਤੇ ਗੈਰ-ਜ਼ਰੂਰੀ ਵਿਸਥਾਰ ਜੁੜ ਜਾਂਦੇ ਹਨ ਜਿਸ ਦਾ ਲੋਕਾਂ ‘ਚ ਗਲਤ ਪ੍ਰਭਾਵ ਜਾਂਦਾ ਹੈ। ਕਣ ਦਾ ਖੋਜੀ ਪੀਟਰ ਹਿਗਜ਼ ਖੁਦ ਨਾਸਤਿਕ ਹੈ, ਪਰ ਮੀਡੀਆ ਨੇ ਲਗਾਤਾਰ ਕੰਨ-ਪਾੜਵਾਂ ਰੌਲਾ ਪਾ ਕੇ ਸਧਾਰਨ ਲੋਕਾਂ ਦੇ ਦਿਮਾਗਾਂ ‘ਚ ਹਿਗਜ਼ ਬੋਸੋਨ ਸੰਬੰਧੀ ਰੱਬੀ ਕਣ ਦਾ ਕੂੜਾ-ਕਬਾੜਾ ਭਰ ਦਿੱਤਾ ਹੈ ਜਿਸਦਾ ਫਾਇਦਾ ਉਠਾ ਕੇ ਵੱਖ-ਵੱਖ ਧਰਮ ਤੇ ਬਾਬੇ ਆਪਣੀਆਂ ਗੈਰ-ਤਾਰਕਿਕ ਤੇ ਮੂਰਖਤਾਪੂਰਨ ਗੱਲਾਂ ਘੜ ਕੇ ਲੋਕਾਂ ਅੱਗੇ ਧਰਮਾਂ/ਰੱਬ ਦੇ ਚੱਕਰ ਦਾ ਵਿਗਿਆਨਕ ਅਧਾਰ ਬਣਾ ਕੇ ਪੇਸ਼ ਕਰਨ ‘ਚ ਲੱਗੇ ਹੋਏ ਹਨ।
ਇੱਕ ਹੋਰ ਗਲਤ ਧਾਰਨਾ ਇਹ ਪਾਈ ਜਾਂਦੀ ਹੈ ਕਿ ਹਿਗਜ਼ ਬੋਸੋਨ ਦਾ ਲੱਭਿਆ ਜਾਣਾ ਹਰ ਹਾਲ ‘ਚ ਜ਼ਰੂਰੀ ਹੈ, ਜੇ ਇਹ ਕਣ ਨਹੀਂ ਮਿਲਦਾ ਤਾਂ ਸਟੈਂਡਰਡ ਮਾਡਲ ਤਾਂ ਛੱਡੋ ਪੂਰੀ ਭੌਤਿਕ ਵਿਗਿਆਨ ਹੀ ਫੇਲ੍ਹ ਸਾਬਿਤ ਹੋ ਜਾਵੇਗੀ। ਕੁਝ ਲੋਕ ਇਸ ਸੰਭਾਵਨਾ ਦੇ ਸੱਚ ਸਾਬਿਤ ਹੋਣ ਤੋਂ ਡਰੇ ਹੋਏ ਹਨ ਕਿਉਂਕਿ ਇਸ ਨਾਲ਼ ਉਹਨਾਂ ਨੂੰ ਲੱਗਦਾ ਹੈ ਕਿ ਰੱਬ ਤੇ ਧਰਮ ਵਿਗਿਆਨ ‘ਤੇ ਭਾਰੀ ਪੈ ਜਾਣਗੇ। ਦੂਜੇ ਪਾਸੇ ਕਈ ਭੋਲੀਆਂ ਆਤਮਾਵਾਂ ਆਪਣੇ ਰੱਬ ਦੇ ਬਚਾਅ ਲਈ ਪ੍ਰਸ਼ਾਦ ਸੁੱਖਦੀਆਂ ਫਿਰਦੀਆਂ ਹਨ ਤਾਂ ਕਿ ਹਿਗਜ਼ ਬੋਸੋਨ ”ਨਾ ਲੱਭੇ” ਤੇ ਉਹਨਾਂ ਦੇ ਧਰਮ ਜਾਂ ਬਾਬੇ ਦਾ ਇਹ ਦਾਅਵਾ ਕਿ ਦੁਨੀਆਂ ਨੂੰ ਕੋਈ ਨਹੀਂ ਸਮਝ ਸਕਦਾ, ਜਿੱਤ ਜਾਵੇ। ਅਸਲ ਵਿੱਚ ਇਹ ਦੋਵੇਂ ਗੱਲਾਂ ਹੀ ਅਗਿਆਨਤਾ ‘ਚੋਂ ਉਪਜੀਆਂ ਹਨ। ਜੇ ਹਿਗਜ਼ ਬੋਸੋਨ ਨਹੀਂ ਵੀ ਮਿਲਦਾ ਤਾਂ ਵੀ ਭੌਤਿਕ ਵਿਗਿਆਨ ਨੂੰ ਤਾਂ ਛੱਡੋ, ਸਟੈਂਡਰਡ ਮਾਡਲ ਨੂੰ ਕੋਈ ਬਹੁਤਾ ਖਤਰਾ ਨਹੀਂ ਕਿਉਂਕਿ ਕਣਾਂ ਦੇ ਪੁੰਜ ਗ੍ਰਹਿਣ ਕਰਨ ਦੀ ਪ੍ਰਕਿਰਿਆ ਦੀ ਵਿਆਖਿਆ ਕਰਨ ਲਈ ਅਜਿਹੇ ਸਿਧਾਂਤ ਵੀ ਮੌਜੂਦ ਹਨ ਜਿਹੜੇ ਹਿਗਜ਼ ਬੋਸੋਨ ਤੋਂ ਇਸ ਪ੍ਰਕਿਰਿਆ ਨੂੰ ਸਮਝਣ ‘ਚ ਮਦਦ ਕਰ ਸਕਦੇ ਹਨ। ਇਹ ਪ੍ਰਯੋਗ ਸਿਰਫ਼ ਇਹਨਾਂ ਦੋ ਤਰ੍ਹਾਂ ਦੇ ਸਿਧਾਂਤਾਂ ‘ਚੋਂ ਕਿਹੜਾ ਠੀਕ ਹੈ, ਨੂੰ ਜਾਣਨ ਲਈ ਕੀਤਾ ਜਾ ਰਿਹਾ ਹੈ। ਜੇ ਹਿਗਜ਼ ਬੋਸੋਨ ਨਹੀਂ ਲੱਭਦਾ (ਜਿਸਦੀ ਸੰਭਾਵਨਾ ਹੁਣ ਘੱਟ ਹੀ ਹੈ) ਤਾਂ ਭੌਤਿਕ ਵਿਗਿਆਨ ਹਿਗਜ਼ ਬੋਸੋਨ ਤੋਂ ਬਿਨਾ ਕੰਮ ਕਰਨ ਵਾਲ਼ੇ ਸਿਧਾਂਤਾਂ ਦੀ ਪਰਖ ਕਰਨ ਵੱਲ ਵਧੇਗੀ ਅਤੇ ਸਟੈਂਡਰਡ ਮਾਡਲ ਦੇ ਮੌਜੂਦਾ ਰੂਪ ‘ਚ ਕੁਝ ਫੇਰਬਦਲ ਕਰਨਾ ਪਵੇਗਾ।
ਤੀਜੀ ਗਲਤ ਧਾਰਨਾ ਇਹ ਹੈ ਕਿ ਹਿਗਜ਼ ਮੈਕੇਨਿਜ਼ਮ ਇੱਕੋ-ਇੱਕ ਤਰੀਕਾ ਹੈ ਜਿਸ ਰਾਹੀਂ ਬੁਨਿਆਦੀ ਕਣ ਖਾਸ ਤੌਰ ‘ਤੇ ਪਦਾਰਥਕ ਬੁਨਿਆਦੀ ਕਣ (ਕੁਆਰਕ ਤੇ ਲੈਪਟੋਨ) ਪੁੰਜ ਹਾਸਿਲ ਕਰਦੇ ਹਨ। ਅਸਲ ਵਿੱਚ ਇੱਥੇ ਵੀ ਫਿਲਹਾਲ ਸਥਿਤੀ ਕਾਫ਼ੀ ਖਿਲਰੀ ਹੋਈ ਹੈ। ਕੁਆਰਕ ਤੇ ਲੈਪਟੋਨ ਪੁੰਜ ਕਿਵੇਂ ਹਾਸਿਲ ਕਰਦੇ ਹਨ, ਦੀ ਵਿਆਖਿਆ ਕਰਨ ਲਈ ਦੋ ਕਿਸਮ ਦੇ ਮਾਡਲ ਹਨ – ਪਹਿਲੇ ਉਹ ਹਨ ਜਿਹੜੇ ਗਰੂਤਾ ਬਲ ਨੂੰ ਨਾਲ਼ ਰੱਖ ਕੇ ਚੱਲਦੇ ਹਨ ਅਤੇ ਦੂਸਰੇ ਉਹ ਹਨ ਜਿਹੜੇ ਗਣਨਾ ‘ਚ ਗਰੂਤਾ ਬਲ ਨੂੰ ਸ਼ਾਮਿਲ ਨਹੀਂ ਕਰਦੇ। ਹਿਗਜ਼ ਮੈਕੇਨਿਜ਼ਮ ਦੂਸਰੀ ਕਿਸਮ ਦੇ ਮਾਡਲਾਂ ‘ਚੋਂ ਹੈ। ਕਿਉਂਕਿ ਸਟੈਂਡਰਡ ਮਾਡਲ ਗਰੂਤਾ ਬਲ ਦਾ ਕੋਈ ਕੁਆਂਟਮ ਸਿਧਾਂਤ ਨਹੀਂ ਪੇਸ਼ ਕਰਦਾ, ਇਸ ਲਈ ਇਹ ਮਾਮਲਾ ਅਜੇ ਬਹੁਤ ਖੋਜ-ਪੜਤਾਲ ਦੀ ਮੰਗ ਕਰਦਾ ਹੈ ਅਤੇ ਇਸ ਦਾ ਸਹੀ ਜਵਾਬ ਫਿਲਹਾਲ ਭਵਿੱਖ ਦੇ ਗਰਭ ਵਿੱਚ ਹੈ।
ਜਿਵੇਂ ਇਹ ਸਮਝਿਆ ਜਾਂਦਾ ਹੈ ਕਿ ਹਿਗਜ਼ ਬੋਸੋਨ ਦੇ ਨਾ ਮਿਲਣ ਦੀ ਸੂਰਤ ‘ਚ ਸਟੈਂਡਰਡ ਮਾਡਲ ਫੇਲ੍ਹ ਹੋ ਜਾਵੇਗਾ, ਉਸੇ ਤਰ੍ਹਾਂ ਇਹ ਵੀ ਸਮਝਿਆ ਜਾਂਦਾ ਹੈ ਕਿ ਹਿਗਜ਼ ਬੋਸੋਨ ਦੀ ਲੱਭਤ ਨਾ ਹੋਣ ਦੀ ਹਾਲਤ ‘ਚ ਬ੍ਰਹਿਮੰਡ ਦੀ ਉੱਤਪਤੀ ਦਾ ”ਬਿਗ ਬੈਂਗ” ਦਾ ਸਿਧਾਂਤ ਵੀ ਅਸਫਲ ਹੋ ਜਾਏਗਾ। ਅਸਲ ਵਿੱਚ ਅਜਿਹਾ ਨਹੀਂ ਹੈ। ਜਿਸ ਤਰ੍ਹਾਂ ਹਿਗਜ਼ ਬੋਸੋਨ ਤੋਂ ਬਿਨਾ ਵੀ ਪੁੰਜ ਗ੍ਰਹਿਣ ਕਰਨ ਦੀ ਪ੍ਰਕਿਰਿਆ ਦੀ ਵਿਆਖਿਆ ਕੀਤੀ ਜਾ ਸਕਦੀ ਹੈ, ਉਸੇ ਤਰ੍ਹਾਂ ਬਿੱਗ ਬੈਂਗ ‘ਚ ਵੀ ਇਹ ਖੱਪਾ ਪੂਰਿਆ ਜਾ ਸਕਦਾ ਹੈ। ਦੂਜੇ ਪਾਸੇ, ਇਹ ਸਮਝਿਆ ਜਾਂਦਾ ਹੈ ਕਿ ਹਿਗਜ਼ ਬੋਸੋਨ ਦੇ ਮਿਲਣ ਨਾਲ਼ ਬਿੱਗ ਬੈਂਗ ਸਿਧਾਂਤ ਇਕਮਾਤਰ ਸਹੀ ਤੇ ਮੁਕੰਮਲ ਸਿਧਾਂਤ ਦੇ ਤੌਰ ‘ਤੇ ਸਥਾਪਤ ਹੋ ਜਾਵੇਗਾ, ਨੇੜ ਭਵਿੱਖ ‘ਚ ਅਜਿਹਾ ਸੰਭਵ ਹੁੰਦਾ ਵੀ ਨਹੀਂ ਦਿਖ ਰਿਹਾ।
ਮੀਡੀਆ ਵੱਲੋਂ ਕਵਰੇਜ
ਚਾਰ ਜੁਲਾਈ ਨੂੰ ਸਰਨ ਵੱਲੋਂ ਹਿਗਜ਼ ਬੋਸੋਨ ਨੂੰ ਲੱਭ ਲੈਣ ਦੇ ਐਲਾਨ ਤੋਂ ਬਾਅਦ ਮੀਡੀਆ (ਇੱਥੇ ਅਸੀਂ ਭਾਰਤੀ ਮੀਡੀਆ ਦੀ ਹੀ ਗੱਲ ਕਰ ਰਹੇ ਹਾਂ) ਨੇ ਜਿਸ ਘਟੀਆ, ਸਤਹੀ ਤੇ ਹੋਛੇ ਤਰੀਕੇ ਨਾਲ਼ ਪੂਰੀ ਖਬਰ ਨੂੰ ਕਵਰ ਕੀਤਾ, ਉਹ ਆਪਣੇ ਆਪ ‘ਚ ਇੱਕ “ਮਿਸਾਲ” ਹੈ। ਪ੍ਰਿੰਟ ਮੀਡੀਆ ਤੇ ਇਲੈਕਟ੍ਰਾਨਿਕ ਮੀਡੀਆ ਨੇ ਇੱਕ ਦੂਸਰੇ ਨੂੰ ਟੱਕਰ ਦੇਣ ‘ਚ ਕੋਈ ਕਸਰ ਨਹੀਂ ਛੱਡੀ। ਪੰਜ ਜੁਲਾਈ ਦੇ ਕੁਝ ਅਖਬਾਰਾਂ ਦੀਆਂ ਸੁਰਖੀਆਂ ਸਨ- “ਵਿਗਿਆਨ ਪਹੁੰਚਿਆ ਈਸ਼ਵਰ ਦੇ ਕਰੀਬ”, “ਈਸ਼ਵਰ ਕਣ-ਕਣ ‘ਚ ਹੈ, ਵਿਗਿਆਨ ਨੇ ਕੀਤਾ ਸਿੱਧ”। ਖਬਰੀ ਟੀਵੀ ਚੈਨਲਾਂ ਨੂੰ ਪੂਰਾ ਦਿਨ ਵਿਗਿਆਨਕਤਾ ਦਾ ਦੌਰਾ ਪਿਆ ਰਿਹਾ, ਇਹ ਉਹੀ ਟੀਵੀ ਚੈਨਲ ਹਨ ਜਿਹੜੇ ਦਿਨ ਦੀ ਸ਼ੁਰੂਆਤ ਕਿਸੇ ਟੁੱਚੇ ਜਿਹੇ ਬਾਬੇ ਜਾਂ ਜੋਤਿਸ਼ੀ ਦੀਆਂ ਹੱਦ ਦਰਜੇ ਦੀਆਂ ਮੂਰਖਤਾਪੂਰਣ ਭਵਿੱਖਬਾਣੀਆਂ ਨਾਲ਼ ਕਰਦੇ ਹਨ ਜਿਹਨਾਂ ਦਾ ਵਿਗਿਆਨ ਨਾਲ਼ ਜਾਇਜ਼ ਤਾਂ ਕੀ ਨਜ਼ਾਇਜ ਸੰਬੰਧ ਵੀ ਨਹੀਂ ਹੁੰਦਾ! ਚੈਨਲਾਂ ‘ਤੇ ਸਾਰਾ ਦਿਨ ਜਿਹੜੇ ਪ੍ਰੋਗਰਾਮ ਚਲਦੇ ਰਹੇ ਉਹ ਵਿਗਿਆਨ ਨਾਲ਼ ਸਬੰਧਤ ਘੱਟ, ਭਿਅੰਕਰ ਤੇ ਘਟੀਆ ਅਵਾਜ਼ਾਂ ਨਾਲ਼ ਭਰੇ ”ਸਨਸਨੀ” ਕਿਸਮ ਦੇ ਪ੍ਰੋਗਰਾਮ ਜ਼ਿਆਦਾ ਲੱਗ ਰਹੇ ਸਨ। ਹਿਗਜ਼ ਬੋਸੋਨ ਕੀ ਹੈ, ਇਸਦਾ ਵਿਗਿਆਨ ਲਈ ਕੀ ਮਹੱਤਵ ਹੈ ਅਤੇ ਇਸਦੀ ਖੋਜ ਕਿਵੇਂ ਹੋਈ ਹੈ, ਇਸ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਥਾਂ ਮੀਡੀਆ ਨੇ ਆਪਣਾ ਪੂਰਾ ਜ਼ੋਰ ”ਗਾੱਡ ਪਾਰਟੀਕਲ-ਗਾੱਡ ਪਾਰਟੀਕਲ” ਚੀਕਣ ‘ਤੇ ਲਗਾ ਦਿੱਤਾ। ਤਰ੍ਹਾਂ-ਤਰ੍ਹਾਂ ਦੇ ਰੰਗ-ਬਿਰੰਗੇ ਸਾਧਾਂ ਤੇ ਧਰਮਾਂ ਦੇ ਪੰਡਤਾਂ ਦੇ ਬਿਆਨਾਂ, ਲੇਖਾਂ ਤੇ ਗੱਲਬਾਤਾਂ ਰਾਹੀਂ ਇਹ ਸਿੱਧ ਕੀਤਾ ਗਿਆ ਕਿ ਕਿਸ ਤਰ੍ਹਾਂ ਵਿਗਿਆਨ ਰੱਬ ਨਾਂ ਦੀ ਕਲਪਨਾ ਨੂੰ ਸਹੀ ਸਾਬਿਤ ਕਰ ਰਿਹਾ ਹੈ। ਇਹ ਹੈ ਸਾਡਾ ”ਜ਼ਿੰਮੇਵਾਰ” ਤੇ“”ਅਜ਼ਾਦ” ਮੀਡੀਆ ਜੋ ਅਸਲ ਵਿੱਚ ਕਿਸੇ ਵੀ ਕਿਸਮ ਦਾ ਮੂਰਖਤਾਪੂਰਣ ਪ੍ਰਚਾਰ ਕਰਨ ਲਈ ”ਅਜ਼ਾਦ” ਹੈ ਅਤੇ ਇਸ ”ਜ਼ਿੰਮੇਵਾਰੀ” ਨੂੰ ਬਾਖੂਬੀ ਨਿਭਾਉਂਦਾ ਹੈ।
ਅਸਲ ਵਿੱਚ ਅੱਜ ਦਾ ਮੁੱਖ ਧਾਰਾ ਦਾ ਮੀਡੀਆ ਪੂਰੀ ਤਰ੍ਹਾਂ ਸਰਮਾਏਦਾਰ ਜਮਾਤ ਦੇ ਕਬਜ਼ੇ ‘ਚ ਹੈ। ਭਾਰਤ ‘ਚ ਚੱਲਣ ਵਾਲ਼ੇ ਚੈਨਲਾਂ ਚੋਂ 23 ਚੈਨਲਾਂ ਦਾ ਮਾਲਕ ਮੁਕੇਸ਼ ਅੰਬਾਨੀ ਹੈ। ਦੂਜੇ ਪਾਸੇ ਕਈ ਮੀਡੀਆ ਘਰਾਣਿਆਂ ਦੇ ਦੂਜੇ ਕਾਰੋਬਾਰਾਂ ਜਿਵੇਂ ਖਣਿਜਾਂ ਦੀਆਂ ਖਾਣਾਂ ਆਦਿ ‘ਚ ਵੱਡੇ ਪੱਧਰ ‘ਤੇ ਹਿੱਸੇਦਾਰੀ ਹੈ। ਮੀਡੀਆ ਪੂਰੀ ਤਰ੍ਹਾਂ ਨਾਲ਼ ਸਰਮਾਏਦਾਰ ਜਮਾਤ ਦੇ ਹਿਤਾਂ ਨੂੰ ਧਿਆਨ ‘ਚ ਚੱਲਦਾ ਹੈ ਜੋ ਦਿਖਾਉਣ ਲਈ ਭਾਵੇਂ ”ਅਜ਼ਾਦ ਪ੍ਰੈੱਸ” ਦਾ ਡਰਾਮਾ ਕਰਦਾ ਹੈ। ਸਰਮਾਏਦਾਰ ਜਮਾਤ ਦੇ ਹਿੱਤ ਹਨ ਲੋਕਾਂ ਦੀ ਚੇਤਨਾ ਨੂੰ ਜ਼ਿਆਦਾ ਤੋਂ ਜ਼ਿਆਦਾ ਹੱਦ ਤੱਕ ਖੁੰਡਾ ਕਰਨਾ। ਵਿਗਿਆਨ ਦਾ ਲਗਾਤਾਰ ਵਿਕਾਸ ਸਰਮਾਏਦਾਰੀ ਦੀ ਮਜ਼ਬੂਰੀ ਹੈ ਕਿਉਂਕਿ ਮੁਨਾਫੇ ਦੀ ਦਰ ਲਗਾਤਾਰ ਵਧਾਉਣ ਲਈ ਤਕਨੀਕ ਨੂੰ ਲਗਾਤਾਰ ਵਿਕਸਤ ਕਰਦੇ ਜਾਣਾ ਸਰਮਾਏਦਾਰਾ ਪ੍ਰਬੰਧ ਦੀ ਹੋਂਦ ਲਈ ਇੱਕ ਜ਼ਰੂਰੀ ਸ਼ਰਤ ਹੈ। ਪਰ ਇਸ ਦੇ ਨਾਲ਼ ਹੀ ਇਹ ਵੀ ਜ਼ਰੂਰੀ ਹੈ ਕਿ ਮਨੁੱਖਤਾ ਦੁਆਰਾ ਹੁਣ ਤੱਕ ਦੇ ਹਾਸਿਲ ਤੇ ਲਗਾਤਾਰ ਵਿਕਸਤ ਹੋ ਰਹੇ ਵਿਗਿਆਨਕ ਗਿਆਨ ਤੇ ਵਿਗਿਆਨਕ ਸੋਚ ਦਾ ਕੋਈ ਨਿਗੂਣਾ ਜਿਹਾ ਹਿੱਸਾ ਵੀ ਆਮ ਲੋਕਾਂ ਤੱਕ ਨਾ ਪਹੁੰਚ ਸਕੇ। ਇਸ ਕੰਮ ਲਈ ਸਰਮਾਏਦਾਰੀ ਮੀਡੀਆ ਨੂੰ ਮੁੱਖ ਹਥਿਆਰ ਦੇ ਤੌਰ ‘ਤੇ ਵਰਤਦੀ ਹੈ ਅਤੇ ਅਜਿਹਾ ਕਰਨ ‘ਚ ਸਭ ਤਰ੍ਹਾਂ ਦੇ ਸਾਧ-ਸੰਤ, ਬਾਬੇ, ਧਰਮਾਂ ਦੇ ਠੇਕੇਦਾਰ ਤੇ ਹੋਰ ਢੋਂਗੀ-ਪਖੰਡੀ ਸਰਮਾਏਦਾਰੀ ਦੀ ਮਦਦ ਕਰਦੇ ਹਨ। ਅਜਿਹਾ ਕਰਦੇ ਸਮੇਂ ਮੀਡੀਆ ਨਾ ਸਿਰਫ਼ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਦਾ ਹੈ ਸਗੋਂ ਇਸਨੂੰ ਇਸਦੇ ਉਲਟ ‘ਅਵਿਗਿਆਨ” ‘ਚ ਬਦਲ ਦਿੰਦਾ ਹੈ।
ਇੱਕ ਹੋਰ ਕੰਮ ਜੋ ਮੀਡੀਆ ਨੇ ਕੀਤਾ, ਉਹ ਸੀ ਅਖੌਤੀ ਦੇਸ਼ਭਗਤੀ ਤੇ ਕੌਮਪ੍ਰਸਤੀ ਦਾ ਵਿਖਾਵਾ। ਭਾਰਤ ਦੇ ਮਹਾਨ ਵਿਗਿਆਨੀ ਸਤੇਂਦਰ ਨਾਥ ਬੋਸ ਦਾ ਪੱਛਮ ਵੱਲੋਂ ਅਪਮਾਨ ਕਰਨ ਦਾ ਅੰਨ੍ਹੇਵਾਹ ਪ੍ਰਚਾਰ। ਪ੍ਰੋ. ਬੋਸ ਦੇ ਨਾਮ ਆਧੁਨਿਕ ਭੌਤਿਕ ਵਿਗਿਆਨ ‘ਚ ਕਈ ਖੋਜਾਂ ਹਨ ਜਿਹਨਾਂ ‘ਚੋਂ ਸਭ ਤੋਂ ਅਹਿਮ ਉਹਨਾਂ ਵੱਲੋ ਤੇ ਆਈਨਸਟਾਈਨ ਵੱਲੋਂ ਮਿਲ ਕੇ ਖੋਜੇ ਗਏ ”ਬੋਸ-ਆਈਨਸਟਾਈਨ ਸਟੇਟੀਸਟਿਕਸ” ਹਨ ਜਿਸ ਅਧਾਰ ‘ਤੇ ਪਰਮਾਣੂ ਦੇ ਘਟਕ ਕਣਾਂ ਨੂੰ ਅਲੱਗ-ਅਲੱਗ ਵਰਗਾਂ ‘ਚ ਵੰਡਣਾ ਸੰਭਵ ਹੋਇਆ। ਉਹਨਾਂ ਦੇ ਨਾਮ ‘ਤੇ ਹੀ ”ਬੋਸੋਨ” ਕਣਾਂ ਦਾ ਨਾਮਕਰਨ ਹੋਇਆ ਹੈ। ਪ੍ਰੋ. ਬੋਸ ਨੂੰ ਨੋਬਲ ਇਨਾਮ ਨਹੀਂ ਮਿਲਿਆ, ਇਹ ਬਹਿਸ ਦਾ ਮੁੱਦਾ ਹੋ ਸਕਦਾ ਹੈ ਪਰ ਹਿਗਜ਼ ਬੋਸੋਨ ਦੀ ਲੱਭਤ ਸਮੇਂ ਉਹਨਾਂ ਨੂੰ ਵਿਗਿਆਨੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਯਾਦ ਨਾ ਕਰਨ ਦਾ ਪ੍ਰਚਾਰ ਅਸਲੋਂ ਹੀ ਨਿਰਾਧਾਰ ਹੈ। ਕਈ ਟੀਵੀ ਪ੍ਰੋਗਰਾਮਾਂ ਨੇ ਹੱਦ ਹੀ ਕਰ ਦਿੱਤੀ। ਇਹਨਾਂ ਅਨੁਸਾਰ ਹਿਗਜ਼ ਬੋਸੋਨ ‘ਚ ਅੱਧਾ ਹਿੱਸਾ ਭਾਰਤੀ ਹੈ, ਕਿਉਂਕਿ ਕਣ ਦਾ ਨਾਮ ਹਿਗਜ਼+ਬੋਸੋਨ ਹੈ, ਇਸ ਲਈ ਭਾਰਤ ਦਾ ਉਚੇਚੇ ਤੌਰ ‘ਤੇ ਜ਼ਿਕਰ ਆਉਣਾ ਚਾਹੀਦਾ ਸੀ। ਹੈ ਨਾ ਕਮਾਲ ਦਾ ਹਿਸਾਬ!
ਹਿਗਜ਼ ਬੋਸੋਨ ਅਤੇ ਦਾਰਸ਼ਨਿਕ ਬਹਿਸਾਂ
ਸਮਾਜ ਦੀ ਭਾਰੂ ਜਮਾਤ ਸਰਮਾਏਦਾਰੀ ਆਮ ਲੋਕਾਂ ਨੂੰ ਸੌਖਿਆਂ ਹੀ ਵਿਗਿਆਨਕ ਚੇਤਨਾ ਤੋਂ ਦੂਰ ਰੱਖ ਲੈਂਦੀ ਹੈ ਪਰ ਵਿਗਿਆਨਕ ਖੋਜਾਂ ਕਾਰਨ ਲਗਾਤਾਰ ਵਿਕਸਤ ਹੁੰਦੇ ਮਨੁੱਖੀ ਗਿਆਨ ਤੇ ਚੇਤਨਤਾ ਦੁਆਰਾ ਸਮਾਜ ਦੇ ਉੱਨਤ ਤੱਤਾਂ ਨੂੰ ਪ੍ਰਭਾਵਿਤ ਕਰਨ ਅਤੇ ਉਹਨਾਂ ਦੇ ਹੱਥਾਂ ‘ਚ ਜਾ ਕੇ ਇਸ ਲੁਟੇਰੀ ਜਮਾਤ ਖਿਲਾਫ਼ ਸੰਘਰਸ਼ ਦਾ ਇੱਕ ਹਥਿਆਰ ਬਣ ਜਾਣ ਤੋਂ ਰੋਕ ਪਾਉਣਾ ਉਸ ਲਈ ਇੰਨਾ ਅਸਾਨ ਨਹੀਂ ਹੁੰਦਾ। ਇਸ ਲਈ ਉਹ ਦਾਰਸ਼ਨਿਕ ਭੰਬਲਭੂਸਿਆਂ ਦਾ ਸਹਾਰਾ ਲੈਂਦੀ ਹੈ। ਸਰਮਾਏਦਾਰਾ ਸਮਾਜ ਅੰਦਰ ਆਪਣੀ ਲੁਟੇਰੀ ਸਮਾਜਿਕ ਭੂਮਿਕਾ ਨੂੰ ਲੁਕਾਉਣ ਵਾਸਤੇ ਸਰਮਾਏਦਾਰ ਜਮਾਤ ਲਈ ਵਿਚਾਰਵਾਦੀ ਦਰਸ਼ਨ ਤੇ ਇਸਦਾ ਅਧਿਆਤਮਵਾਦੀ ਕੰਮ-ਢੰਗ ਸਭ ਤੋਂ ਢੁੱਕਵਾਂ ਸੰਸਾਰ ਨਜ਼ਰੀਆ ਹੈ। ਦੂਜੇ ਪਾਸੇ ਕਿਰਤੀ ਲੋਕ ਸਮੂਹਾਂ, ਅਗਾਂਹਵਧੂ ਬੁੱਧੀਜੀਵੀਆਂ ਤੇ ਮਜ਼ਦੂਰ ਜਮਾਤ ਲਈ ਆਪਣੀ ਲੜਾਈ ਨੂੰ ਅੱਗੇ ਵਧਾਉਣ ਲਈ ਪਦਾਰਥਵਾਦੀ ਸੰਸਾਰ ਨਜ਼ਰੀਆ ਫਿੱਟ ਬੈਠਦਾ ਹੈ। ਸਰਮਾਏਦਾਰੀ ਜਮਾਤ ਦੇ ਬੁੱਧੀਜੀਵੀ ਹਰ ਵੱਡੀ ਵਿਗਿਆਨਕ ਖੋਜ ਤੋਂ ਨਿਕਲਣ ਵਾਲ਼ੇ ਦਾਰਸ਼ਨਿਕ ਸਿੱਟਿਆਂ ਨੂੰ ਸਰਮਾਏਦਾਰੀ ਦੇ ਸੰਸਾਰ ਨਜ਼ਰੀਏ ਅਨੁਸਾਰ ਢਾਲਣ ਦੀ ਜੀ-ਤੋੜ ਕੋਸ਼ਿਸ਼ ਕਰਦੇ ਹਨ, ਜੇ ਉਹ ਅਜਿਹਾ ਨਹੀਂ ਵੀ ਕਰ ਪਾਉਂਦੇ ਤਾਂ ਇਸ ਸੰਬੰਧੀ ਭੰਬਲਭੂਸਾ ਜ਼ਰੂਰ ਖੜਾ ਕਰਦੇ ਹਨ। ਵਿਗਿਆਨ ਦੇ ਲਗਾਤਾਰ ਵਿਕਾਸ ਨੇ ਜਿੱਥੇ ਸਰਮਾਏਦਾਰੀ ਦੀ ਦੌਲਤ ‘ਚ ਅਥਾਹ ਵਾਧਾ ਕੀਤਾ ਹੈ, ਉੱਥੇ ਇਸ ਵਿਕਾਸ ਨੇ ਵਿਚਾਰਵਾਦ ਤੇ ਇਸੇ ‘ਤੇ ਆਧਾਰਤ ਧਾਰਮਿਕ ਫਲਸਫਿਆਂ ਨੂੰ ਡਾਹਢਾ ਰਗੜਾ ਲਾਇਆ ਹੈ। ਇਸਦਾ ਹੱਲ ਇਹੀ ਨਿਕਲਦਾ ਹੈ ਕਿ ਮਨੁੱਖੀ ਸਮਾਜ ਨੂੰ ਅੱਗੇ ਲਿਜਾਣ ਵਾਲ਼ੀਆਂ ਤਾਕਤਾਂ ਦੇ ਸੰਸਾਰ ਨਜ਼ਰੀਏ ਭਾਵ ਪਦਾਰਥਵਾਦ, ‘ਤੇ ਸਵਾਲੀਆ ਨਿਸ਼ਾਨ ਲਗਾਏ ਜਾਣ। ਕਿਉਂਕਿ ਅੱਜ ਦਾ ਪਦਾਰਥਵਾਦ ਮਾਰਕਸਵਾਦ ਤੋਂ ਬਿਨਾਂ ਕਲਪਿਆ ਵੀ ਨਹੀਂ ਜਾ ਸਕਦਾ, ਇਸ ਲਈ ਇਹ ਹਮਲੇ ਮਾਰਕਸਵਾਦ ਦੀਆਂ ਦਾਰਸ਼ਨਿਕ ਬੁਨਿਆਦਾਂ ‘ਤੇ ਹਮਲੇ ਦਾ ਰੂਪ ਧਾਰ ਲੈਂਦੇ ਹਨ।
ਭੌਤਿਕ ਵਿਗਿਆਨ ਦੇ ਖੇਤਰ ‘ਚ ਇਹ ਕੋਈ ਨਵਾਂ ਰੁਝਾਨ ਨਹੀਂ ਹੈ। ਵੀਹਵੀਂ ਸਦੀ ਦੀ ਸ਼ੁਰੂਆਤ ‘ਚ ਭੌਤਿਕ ਵਿਗਿਆਨ ‘ਚ ਸੰਕਟ ਆ ਜਾਣ ਤੇ ਪਦਾਰਥ ਦੇ ”ਗਾਇਬ” ਹੋਣ ਦਾ ਰੌਲਾ-ਰੱਪਾ ਪਾ ਕੇ ਪਦਾਰਥਵਾਦ ਨੂੰ (ਅਸਿੱਧੇ ਰੂਪ ‘ਚ ਮਾਰਕਸਵਾਦ ਨੂੰ) ਰੱਦ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ। ਅਰਨੈਸਟ ਮਾਖ ਤੇ ਉਸਦੇ ਚੇਲਿਆਂ ਦੁਆਰਾ ਜਿਹਨਾਂ ਰੂਸ ਦੇ ਫਿਲਾਸਫਰ ਬੋਗਦਾਨੋਵ ਤੇ ਲੈਨਿਨ ਦੇ ਸਾਥੀ ਲੂਨਾਚਾਰਸਕੀ ਵੀ ਸ਼ਾਮਿਲ ਸਨ, ਦੁਆਰਾ ਪਦਾਰਥਵਾਦ ‘ਤੇ ਜ਼ੋਰਦਾਰ ਹਮਲਾ ਬੋਲਿਆ ਗਿਆ। ਇਸਦਾ ਜਵਾਬ ਲੈਨਿਨ ਨੇ ਆਪਣੀ ਮਸ਼ਹੂਰ ਕਿਤਾਬ ”ਪਦਾਰਥਵਾਦ ਤੇ ਅਨੁਭਵਸਿੱਧ-ਅਲੋਚਨਾ” ਰਾਹੀਂ ਦਿੱਤਾ। ਇਸ ਤੋਂ ਬਾਅਦ 1925 ਆਉਂਦੇ-ਆਉਂਦੇ ਕੁਆਂਟਮ ਭੌਤਿਕੀ ਦੇ ਸਿਧਾਂਤ ਦੇ ਸੂਤਰਬੱਧ ਹੋਣ ਅਤੇ ਹੀਜ਼ਨਬਰਗ ਦਾ ”ਅਨਿਸ਼ਚਿਤਤਾ ਦਾ ਸਿਧਾਂਤ” ਸਾਹਮਣੇ ਆਉਣ ਤੋਂ ਬਾਅਦ ਇਹ ਹਮਲੇ ਫਿਰ ਤੋਂ ਤੇਜ਼ ਹੋ ਗਏ। ਇਸ ਵਾਰ ਦਾ ਰੌਲਾ-ਰੱਪਾ ਪਦਾਰਥ ਦੀ ਹੋਂਦ ਚੇਤਨਾ ਦੁਆਰਾ ਉਸਨੂੰ ਪ੍ਰੇਖਣ ‘ਤੇ ਨਿਰਭਰ ਹੋਣ ਦੇ ”ਸਿਧਾਂਤ” ਦੁਆਲੇ ਮਚਾਇਆ ਗਿਆ ਜਿਸਦਾ ਆਪਣੇ ਤਰੀਕੇ ਨਾਲ਼ ਆਈਨਸਟਾਈਨ ਨੇ ਵੀ ਵਿਰੋਧ ਕੀਤਾ ਸੀ। ਇਹਨਾਂ ਹਮਲਿਆਂ ਦਾ ਸਮੇਂ ਸਮੇਂ ‘ਤੇ ਪਦਾਰਥਵਾਦੀਆਂ ਵੱਲੋਂ ਜਵਾਬ ਦਿੱਤਾ ਗਿਆ। ਹੁਣ ਇੱਕ ਵਾਰ ਫਿਰ ਜਦੋਂ ਤੋਂ ”ਲਾਰਜ ਹੈਡਰੋਨ ਕੋਲਾਈਡਰ” ਦੇ ਪ੍ਰਯੋਗ ਆਰੰਭ ਹੋਏ ਤਾਂ ਇਹਨਾਂ ਹਮਲਿਆਂ ਨੇ ਨਵੇਂ ਸਿਰੇ ਤੋਂ ਜ਼ੋਰ ਫੜ੍ਹ ਲਿਆ ਹੈ। ਹੁਣ ਦਾ ਰੌਲਾ-ਰੱਪਾ ਵੀ ਕੁਝ ਇਹੋ-ਜਿਹਾ ਹੀ ਹੈ।
ਹਿਗਜ਼ ਬੋਸੋਨ ਦੀ ਲੱਭਤ ਹੋਣ ਤੋਂ ਪਹਿਲਾਂ ਹੀ ਇਹ ਕਿਹਾ ਜਾਣ ਲੱਗਾ ਸੀ ਕਿ ਇਸ ਕਣ ਦੇ ਲੱਭ ਜਾਣ ਨਾਲ਼ ਇਹ ਸਿੱਧ ਹੋ ਜਾਵੇਗਾ ਕਿ ‘ਪਦਾਰਥ ਵੀ ਇੱਕ ਸਮੇਂ ਪੈਦਾ ਹੋਇਆ ਸੀ ਅਤੇ ਕਿਉਂਕਿ ”ਪਦਾਰਥ ਵੀ ਪੈਦਾ ਹੋਇਆ ਸੀ” ਇਸ ਲਈ ਪਦਾਰਥਵਾਦੀ ਦਰਸ਼ਨ ਦੀ ਬੁਨਿਆਦ ਹੀ ਗਲਤ ਹੈ। ਬੁਨਿਆਦ ਨੂੰ ਗਲਤ ਸਿੱਧ ਕਰਨ ਪਿੱਛੇ ਅਸਲ ਮਕਸਦ ਇਹ ਕਹਿਣਾ ਹੁੰਦਾ ਹੈ ਕਿ ਜਦੋਂ ਬੁਨਿਆਦ ਹੀ ਗਲਤ ਹੈ ਤਾਂ ਇਸਦੇ ਅਧਾਰ ‘ਤੇ ਸਮਾਜ ਦਾ ਜੋ ਆਰਥਕ-ਇਤਿਹਾਸਿਕ ਵਿਸ਼ਲੇਸ਼ਣ ਕੀਤਾ ਗਿਆ ਹੈ ਉਹ ਵੀ ਗਲਤ ਹੈ ਅਤੇ ਇਸ ਦੁਆਰਾ ਸਮਾਜ ਦੇ ਬਦਲਣ ਦਾ ਸੁਝਾਇਆ ਗਿਆ ਰਾਹ ਵੀ ਸੁਭਾਵਕ ਰੂਪ ‘ਚ ਗਲਤ ਹੈ। ਧਾਰਮਿਕ ਫਲਸਫਿਆਂ ਦਾ ਕਹਿਣਾ ਹੈ ਕਿ ਹਿਗਜ਼ ਬੋਸੋਨ ਦਾ ਲੱਭ ਜਾਣਾ ਅਸਲ ‘ਚ ”ਰੱਬ ਦੇ ਕਣ-ਕਣ ‘ਚ ਵਸੇ” ਹੋਣ ਦੇ ਧਾਰਮਿਕ “ਸੱਚ” ਨੂੰ ਸਿੱਧ ਕਰਨਾ ਹੈ। ਪਹਿਲਾਂ ਇਸੇ ਬੇਹੂਦਾ “ਤਰਕ” ਦੀ ਪੁਣਛਾਣ ਕਰੀਏ। ਬਤੌਰ ਰੱਬ ਦੇ ਸੰਕਲਪ ਦੇ, ਰੱਬ ਇੱਕ ਸਰਵਸ਼ਕਤੀਮਾਨ, ਆਤਮਚੇਤਨ ਚੀਜ਼ ਹੈ ਜਿਸਨੇ ਬ੍ਰਹਿਮੰਡ ਨੂੰ ਸਿਰਜਿਆ ਹੈ ਅਤੇ ਇਸਨੂੰ ਚਲਾਉਂਦਾ ਵੀ ਹੈ। ਸਿਰਜਿਆ ਕਿਉਂ ਹੈ, ਇਹ ਸਵਾਲ ਪੁੱਛਣ ਦੀ ਮਨਾਹੀ ਹੈ। ਵੈਸੇ ਦੇਖਿਆ ਜਾਵੇ ਜੇ ਇਹ ਚਲਾਉਣ ਵਾਲ਼ੀ ਗੱਲ ਸੱਚ ਵੀ ਹੈ ਤਾਂ ਦੁਨੀਆਂ ਦੀ ਹਾਲਤ ਦੇਖ ਕੇ ਇੰਨਾ ਤਾਂ ਕਿਹਾ ਜਾ ਸਕਦਾ ਹੈ ਕਿ ਰੱਬ ਹੁਰਾਂ ਦਾ ਹਾਲ ਭਾਰਤ ਦੇ ਕਿਸੇ ਅਧਸੁੱਤੇ-ਅਧਜਾਗੇ ਟਰੱਕ ਡਰਾਈਵਰ ਤੋਂ ਵੀ ਬੁਰਾ ਹੈ। ਖੈਰ, ਹਿਗਜ਼ ਬੋਸੋਨ ਨਾਂ ਦਾ ਵਿਚਾਰਾ ਕਣ ਨਾਂ ਤਾਂ ਸਰਵਸ਼ਕਤੀਮਾਨ ਹੈ ਨਾ ਹੀ ਆਤਮਚੇਤਨ ਚੀਜ਼। ਉਲਟਾ ਹਿਗਜ਼ ਬੋਸੋਨ ਦੀ ਹੋਂਦ ਸਿੱਧ ਕਰਨ ਲਈ ਮਨੁੱਖ ਨੂੰ ਦਹਾਕਿਆਂ ਦੀ ਮਿਹਨਤ ਕਰਨੀ ਪਈ, ਗੁੰਝਲਦਾਰ ਤੇ ਵੱਡੀਆਂ-ਵੱਡੀਆਂ ਮਸ਼ੀਨਾਂ ਦਾ ਨਿਰਮਾਣ ਕਰਨਾ ਪਿਆ ਅਤੇ ਅਰਬਾਂ ਡਾਲਰ ਖਰਚ ਕਰਨੇ ਪਏ। ਜੇ ”ਸਰਵਸ਼ਕਤੀਮਾਨ”“”ਰੱਬ” ਨੂੰ ਆਪਣੀ ਹੋਂਦ ਸਿੱਧ ਕਰਨ ਲਈ ਮਨੁੱਖ ਦੀ ਇੰਨੀ ਜ਼ਿਆਦਾ ਮਦਦ ਦੀ ਲੋੜ ਹੈ ਤਾਂ ਉਹ ਸਰਵਸ਼ਕਤੀਮਾਨ ਕਿਵੇਂ ਹੋ ਗਿਆ?
ਹੁਣ ਅਸੀਂ “ਪਦਾਰਥ ਵੀ ਪੈਦਾ ਹੋਇਆ ਸੀ” ਦੇ ਤਰਕ ਦੀ ਛਾਣਬੀਣ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਪਦਾਰਥ ਦੇ ਪੈਦਾ ਹੋਣ ਜਾਂ ਸਦਾ ਤੋਂ ਬਣੇ ਰਹਿਣ ਦੀ ਪ੍ਰਸਥਾਪਨਾ ਨਾਲ਼ ਪਦਾਰਥਵਾਦ ਦੀਆਂ ਬੁਨਿਆਦੀ ਨੀਹਾਂ ‘ਤੇ ਕੋਈ ਅਸਰ ਨਹੀਂ ਪੈਂਦਾ ਹੈ। ਪਦਾਰਥਵਾਦ ਦੀਆਂ ਬੁਨਿਆਦੀ ਨੀਹਾਂ ਕੀ ਹਨ, ਆਓ ਦੇਖੀਏ। 1) ਪਦਾਰਥ ਦੀ ਹੋਂਦ ਪਹਿਲੀ ਥਾਵੇਂ ਹੈ ਤੇ ਚੇਤਨਾ ਦੀ ਦੂਜੀ ਥਾਵੇਂ, ਭਾਵ ਪਦਾਰਥ ਦੀ ਹੋਂਦ ਤੋਂ ਬਾਅਦ ਹੀ ਚੇਤਨਾ ਦੀ ਹੋਂਦ ਸੰਭਵ ਹੈ ਅਤੇ ਪਦਾਰਥ ਤੋਂ ਅਜ਼ਾਦ ਤੌਰ ‘ਤੇ ਚੇਤਨਾ ਦੀ ਕੋਈ ਹੋਂਦ ਨਹੀਂ ਹੈ। 2) ਮਨੁੱਖੀ ਗਿਆਨ ਦਾ ਸ੍ਰੋਤ ਬਾਹਰੀ ਜਗਤ ਹੈ ਜੋ ਉਸਦੀ ਚੇਤਨਾ ਤੋਂ ਅਜ਼ਾਦ ਰੂਪ ‘ਚ ਹੋਂਦ ‘ਚ ਹੈ। ਵਿਚਾਰਵਾਦ ਦੀਆਂ ਬੁਨਿਆਦਾਂ ਇਸ ਤੋਂ ਇਕਦਮ ਉਲਟ ਹਨ। ਵਿਚਾਰਵਾਦ ਅਨੁਸਾਰ- 1) ਚੇਤਨਾ ਪਹਿਲੀ ਥਾਵੇਂ ਹੈ ਤੇ ਪਦਾਰਥ ਦੂਜੀ ਥਾਵੇਂ ਭਾਵ ਪਦਾਰਥ ਆਪਣੀ ਹੋਂਦ ਲਈ ਚੇਤਨਾ ‘ਤੇ ਨਿਰਭਰ ਹੈ ਤੇ ਚੇਤਨਾ ਦੀ ਪਦਾਰਥ ਤੋਂ ਅਜ਼ਾਦ ਰੂਪ ‘ਚ ਹੋਂਦ ਹੈ। 2) ਮਨੁੱਖੀ ਗਿਆਨ ਦਾ ਸ੍ਰੋਤ ਮਨੁੱਖ ਦੀ ਅੰਦਰੂਨੀ ਚੇਤਨਾ ਹੈ। ਹੁਣ ਦੇਖਿਆ ਜਾਵੇ ਤਾਂ ਪਦਾਰਥ ਜੇ ਪੈਦਾ ਹੋਇਆ ਮੰਨ ਵੀ ਲਈਏ ਤਾਂ ਇਸ ਨਾਲ਼ ਪਦਾਰਥਵਾਦ ਦੀਆਂ ਬੁਨਿਆਦੀ ਪੋਜ਼ੀਸ਼ਨਾਂ ਨੂੰ ਕੋਈ ਖਤਰਾ ਨਹੀਂ ਹੈ। ਇਸੇ ਤਰ੍ਹਾਂ ਅਸੀਂ ਪਦਾਰਥ ਦੀ ਪਰਿਭਾਸ਼ਾ ਨੂੰ ਦੇਖਦੇ ਹਾਂ- ਪਦਾਰਥ ਉਹ ਸਭ ਕੁਝ ਹੈ ਜੋ ਮਨੁੱਖ ਦੀ ਚੇਤਨਾ ਤੋਂ ਅਜ਼ਾਦ ਰੂਪ ‘ਚ ਹੋਂਦ ਵਿੱਚ ਹੈ। ਇਸ ਤਰ੍ਹਾਂ ਇਸ ਤਰਕ ਦਾ ਪਦਾਰਥ ਦੀ ਪਰਿਭਾਸ਼ਾ ‘ਤੇ ਵੀ ਕੋਈ ਅਸਰ ਨਹੀਂ ਹੁੰਦਾ।
ਦੂਜੀ ਗੱਲ, ਕੀ ਹਿਗਜ਼ ਬੋਸੋਨ ਦੀ ਖੋਜ ਨਾਲ਼ ਇਹ ਸਿੱਧ ਹੁੰਦਾ ਹੈ ਕਿ “”ਪਦਾਰਥ ਪੈਦਾ ਹੋਇਆ ਸੀ”।” ਬਿਲਕੁਲ ਵੀ ਨਹੀਂ। ਹਿਗਜ਼ ਮੈਕੇਨਿਜ਼ਮ ਦਾ ਸਿਧਾਂਤ ਮਨੁੱਖ ਦੁਆਰਾ ਉਸ ਪ੍ਰਕਿਰਿਆ ਦੀ ਵਿਆਖਿਆ ਹੈ ਜਿਸ ਰਾਹੀਂ ਪੁੰਜ-ਰਹਿਤ ਪਦਾਰਥ ਪੁੰਜ-ਯੁਕਤ ਪਦਾਰਥ ਦਾ ਰੂਪ ਲੈ ਲੈਂਦਾ ਹੈ। ਇਸ ਤਰ੍ਹਾਂ ਇਹ ਪਦਾਰਥ ਦੇ ਇੱਕ ਰੂਪ ਤੋਂ ਦੂਜੇ ਰੂਪ ‘ਚ ਬਦਲਣ ਦੀ ਪ੍ਰਕਿਰਿਆ ਨੂੰ ਸਮਝਣ ਲਈ ਹੈ, ਨਾ ਕਿ ਪਦਾਰਥ ਦੇ ਪੈਦਾ ਹੋਣ ਦਾ ਸਬੂਤ। ਇਸ ਤਰ੍ਹਾਂ ਹਿਗਜ਼ ਬੋਸੋਨ ਦੀ ਖੋਜ ਅਤੇ ਇਸ ਨਾਲ਼ ਜੁੜੇ ਪ੍ਰਯੋਗ ਕਿਸੇ ਪਾਸਿਉਂ ਵੀ ਪਦਾਰਥਵਾਦ ਵਿਰੋਧੀ ਕੋਈ ਸਾਜਿਸ਼ ਨਹੀਂ ਹਨ ਜਿਸ ਤਰ੍ਹਾਂ ਕਈ ਅਗਾਂਹਵਧੂ ਕਾਰਕੁੰਨ ਸੋਚਦੇ ਹਨ।
ਇੱਕ ਹੋਰ ਤਰੀਕੇ ਨਾਲ਼ ਪਦਾਰਥਵਾਦ ‘ਤੇ ਸਵਾਲ ਉਠਾਇਆ ਜਾ ਰਿਹਾ ਹੈ। ਇਹ ਭਾਵੇਂ ਸਿੱਧੇ ਤੌਰ ‘ਤੇ ਹਿਗਜ਼ ਬੋਸੋਨ ਦੀ ਖੋਜ ਨਾਲ਼ ਨਹੀਂ ਜੁੜਿਆ ਹੋਇਆ ਅਤੇ ਨਾ ਹੀ ਪਦਾਰਥਵਾਦ ਦੀਆਂ ਦੋ ਬੁਨਿਆਦੀ ਧਾਰਨਾਵਾਂ ‘ਤੇ ਸਵਾਲ ਖੜਾ ਕਰਦਾ ਹੈ ਪਰ ਇਹ ਇੱਕ ਦਾਰਸ਼ਨਿਕ ਭੰਬਲਭੂਸਾ ਜ਼ਰੂਰ ਪੈਦਾ ਕਰ ਰਿਹਾ ਹੈ। ਇਹ ਸਵਾਲ ਬਿਗ ਬੈਂਗ ਸਿਧਾਂਤ ਦੇ ਮਾਧਿਅਮ ਰਾਹੀਂ ਖੜਾ ਕੀਤਾ ਜਾ ਰਿਹਾ ਹੈ, ਕਿਉਂਕਿ ਹਿਗਜ਼ ਬੋਸੋਨ ਬਿਗ ਬੈਂਗ ਨਾਲ਼ ਵੀ ਜੁੜਿਆ ਹੋਇਆ ਹੈ, ਇਸ ਲਈ ਇਸ ਬਾਰੇ ਵੀ ਸੰਖੇਪ ਚਰਚਾ ਇੱਥੇ ਕੁਥਾਂ ਨਹੀਂ ਹੋਵੇਗੀ। ਹੁਣ ਤੱਕ ਪਦਾਰਥਵਾਦ ਦੀਆਂ ਇਹ ਧਾਰਨਾਵਾਂ ਰਹੀਆਂ ਹਨ ਕਿ ਪਦਾਰਥ ਸਦੀਵੀ ਹੈ ਅਤੇ ਸਮੇਂ ਦਾ ਨਾ ਕੋਈ ਆਰੰਭ ਹੈ ਤੇ ਨਾ ਹੀ ਕੋਈ ਅੰਤ। ਬਿਗ ਬੈਂਗ ਸਿਧਾਂਤ ਨੂੰ ਮੰਨਣ ਵਾਲ਼ਿਆਂ ਦਾ ਕਹਿਣਾ ਹੈ ਕਿ ਬਿਗ ਬੈਂਗ ਨਾਲ਼ ਹੀ ਸਮੇਂ ਅਤੇ ਪੁਲਾੜ ਦੀ ਸ਼ੁਰੂਆਤ ਹੋਈ ਹੈ। ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਬਿਗ ਬੈਂਗ ਸਮੇਂ ਪਦਾਰਥ ਕਿੱਥੋਂ ਆਇਆ ਤਾਂ ਜਿਵੇਂ ਕਿ ਮਸ਼ਹੂਰ ਭੌਤਿਕ ਵਿਗਿਆਨੀ ਸਟੀਫ਼ਨ ਹਾਅਕਿੰਗ ਨੇ ਆਪਣੀ ਪਿਛਲੀ ਕਿਤਾਬ ਵਿੱਚ ਲਿਖਿਆ ਹੈ ਕਿ ਪਦਾਰਥ ”ਕੁਝ ਨਹੀਂ” ਵਿੱਚੋਂ ਭੌਤਿਕ ਵਿਗਿਆਨ ਦੇ ਨਿਯਮਾਂ ਕਾਰਨ ਪੈਦਾ ਹੋ ਗਿਆ। ਇਹ ਪੂਰੀ ਤਰ੍ਹਾਂ ਵਿਚਾਰਵਾਦੀ ਤੇ ਗੈਰ-ਵਿਗਿਆਨਕ ਧਾਰਨਾ ਹੈ। ਕਿਸੇ ਵੀ ਵਿਗਿਆਨ ਦੇ ਨਿਯਮ ਪਦਾਰਥ ਤੋਂ ਅਜ਼ਾਦ ਹੋਂਦ ਨਹੀਂ ਰੱਖਦੇ ਅਤੇ ਨਾ ਹੀ ਪਦਾਰਥ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਹੋਂਦ ‘ਚ ਆ ਸਕਦੇ ਹਨ। ਅਸਲ ਵਿੱਚ “ਨਿਯਮ” ਮਨੁੱਖ ਦੁਆਰਾ ਕੁਦਰਤ ਦੇ ਭੇਦ ਸਮਝਣ ਦੀ ਪ੍ਰਕਿਰਿਆ ਦੌਰਾਨ ਪਤਾ ਚੱਲੀਆਂ ਜਾਣਕਾਰੀਆਂ ਨੂੰ ਸੂਤਰਬੱਧ ਕਰਨਾ ਹੈ। ਇਸ ਲਈ ਜੇ ਪਦਾਰਥ ਦੀ ਹੋਂਦ ਨਹੀਂ ਹੈ ਤਾਂ ਨਿਯਮਾਂ ਦੀ ਹੋਂਦ ਹੋਣ ਦੀ ਕਲਪਨਾ ਕਰਨਾ ਪੂਰੀ ਤਰ੍ਹਾਂ ਗਲਤ ਹੈ।
ਇਸੇ ਤਰ੍ਹਾਂ ਜਦੋਂ ਇਹ ਸਵਾਲ ਕੀਤਾ ਜਾਂਦਾ ਹੈ ਕਿ ਬਿਗ ਬੈਂਗ ਤੋਂ ਪਹਿਲਾਂ ਕੀ ਸੀ ਤਾਂ ਸਟੀਫ਼ਨ ਹਾਅਕਿੰਗ ਦੀ ਤਰਜ਼ ‘ਤੇ ਬਹੁਤੇ ਵਿਗਿਆਨੀਆਂ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਇਹ ਸਵਾਲ ਪੁੱਛਣਾ ਹੀ ਗਲਤ ਹੈ, ਕਿਉਂਕਿ ਉਸ ਤੋਂ ਪਹਿਲਾਂ ਸਮੇਂ ਦੀ ਕੋਈ ਹੋਂਦ ਨਹੀਂ, ਤੇ ਸਮੇਂ ਤੋਂ ਪਾਰ ਜਾ ਕੇ ਸੋਚਣਾ ਮਨੁੱਖੀ ਦਿਮਾਗ ਦੇ ਵੱਸ ‘ਚ ਨਹੀਂ ਹੈ। ਪਰ ਇਸ ਧਾਰਨਾ ਦਾ ਵਿਰੋਧ ਕਰਨ ਵਾਲ਼ੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਜਵਾਬ ਗਲਤ ਹੈ। ਅਸਲ ਵਿੱਚ ਜਵਾਬ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਅਜੇ ਇਸ ਬਾਰੇ ਨਹੀਂ ਜਾਣਦੇ। ਇਸ ਧਾਰਨਾ ਦੀ ਜੜ੍ਹ ‘ਚ ਸਮੇਂ ਤੇ ਪੁਲਾੜ ਸੰਬੰਧੀ ਗਲਤ ਸਮਝ ਹੈ। ਜਿਵੇਂ ਪਦਾਰਥ ਦੀ ਮਨੁੱਖੀ ਚੇਤਨਾ ਤੋਂ ਅਜ਼ਾਦ ਬਾਹਰਮੁਖੀ ਹੋਂਦ ਹੈ, ਉਸੇ ਤਰ੍ਹਾਂ ਸਮੇਂ ਤੇ ਪੁਲਾੜ ਦੀ ਵੀ ਮਨੁੱਖੀ ਚੇਤਨਾ ਤੋਂ ਅਜ਼ਾਦ ਬਾਹਰਮੁਖੀ ਹੋਂਦ ਹੈ। ਜਿਹੜਾ ਸਮੇਂ ਦਾ ਸੰਕਲਪ ਮਨੁੱਖ ਨੇ ਵਿਕਸਤ ਕੀਤਾ ਹੈ ਇਹ ਬਾਹਰਮੁਖੀ ਯਥਾਰਥ ਦਾ ਪ੍ਰਤੀਬਿੰਬ ਹੈ, ਨਾ ਕਿ ਖੁਦ ਯਥਾਰਥ। ਅਤੇ ਪ੍ਰਤੀਬਿੰਬ ਮਨੁੱਖ ਦੀ ਬਾਹਰਮੁਖੀ ਯਥਾਰਥ ਦੀ ਸਮਝ ਦੇ ਲਗਾਤਾਰ ਵਿਕਾਸ ਕਰਦੇ ਰਹਿਣ ਨਾਲ਼ ਯਥਾਰਥ ਦੇ ਵਧੇਰੇ ਨਜ਼ਦੀਕ ਹੁੰਦਾ ਜਾਂਦਾ ਹੈ ਪਰ ਯਥਾਰਥ ਦੀ ਕਾਰਬਨ ਕਾਪੀ ਕਦੇ ਨਹੀਂ ਬਣ ਸਕਦਾ। ਸਮੇਂ ਤੇ ਪੁਲਾੜ ਦੀ ਹੋਂਦ ਨੂੰ ਮਨੁੱਖੀ ਚੇਤਨਾ ‘ਤੇ ਨਿਰਭਰ ਬਣਾ ਦੇਣਾ ਵਿਚਾਰਵਾਦ ਤੇ ਮਾਖ ਦੇ ਪ੍ਰਤੱਖਵਾਦ ਵੱਲ ਮੋੜਾ ਕੱਟਣਾ ਹੋਵੇਗਾ।
ਸਮਾਂ ਤੇ ਪੁਲਾੜ ਉਹ ਆਯਾਮ ਹਨ ਜਿਹਨਾਂ ਅੰਦਰ ਪਦਾਰਥ ਲਗਾਤਾਰ ਗਤੀ ‘ਚ ਰਹਿੰਦਾ ਹੈ। ਗਤੀ ਬਿਨਾਂ ਪਦਾਰਥ ਦੀ ਤੇ ਪਦਾਰਥ ਬਿਨਾਂ ਗਤੀ ਦੀ ਕਲਪਨਾ ਕਰਨਾ ਸੰਭਵ ਨਹੀਂ ਹੈ। ਇਸ ਲਈ ਜੇ ਸਮੇਂ ਤੇ ਪੁਲਾੜ ਦਾ ਇੱਕ ਆਰੰਭ ਬਿੰਦੂ ਮੰਨਿਆ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਜਾਂ ਤਾਂ ਪਦਾਰਥ ਦੀ ਹੋਂਦ ਨਹੀਂ ਸੀ, ਜਾਂ ਫਿਰ ਪਦਾਰਥ ਅੰਦਰ ਗਤੀ ਨਹੀਂ ਸੀ। ਜੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਸ ਤੋਂ ਪਹਿਲਾਂ ਪਦਾਰਥ ਦੀ ਹੋਂਦ ਨਹੀਂ ਸੀ ਤਾਂ ਸਾਡੇ ਸਾਹਮਣੇ ਇਹ ਸਵਾਲ ਖੜਾ ਹੁੰਦਾ ਹੈ ਕਿ ਪਦਾਰਥ ਕਿਵੇਂ ਪੈਦਾ ਹੋਇਆ? ਇਸਦਾ ਜਾਂ ਤਾਂ ਸਟੀਫ਼ਨ ਹਾਅਕਿੰਗ ਵਾਲ਼ਾ ਜਵਾਬ ਹੋ ਸਕਦਾ ਹੈ ਕਿ ਭੌਤਿਕ ਵਿਗਿਆਨ ਦੇ ਨਿਯਮਾਂ ਕਾਰਨ ”ਕੁਝ ਨਹੀਂ” ਵਿੱਚੋਂ ”ਕੁਝ ਪੈਦਾ” ਹੋਇਆ, ਅਤੇ ਜਾਂ ਫਿਰ ਪਦਾਰਥ ਨੂੰ ਕਿਸੇ ਪਦਾਰਥ ਤੋਂ ਬਾਹਰੀ ਸ਼ਕਤੀ ਨੇ ਪੈਦਾ ਕੀਤਾ ਜੋ ਰੱਬ ਤੋਂ ਬਿਨਾਂ ਹੋਰ ਕੋਈ ਹੋ ਨਹੀਂ ਸਕਦਾ। ਦੋਵੇਂ ਹਾਲਤਾਂ ‘ਚ ਅਸੀਂ ਵਿਚਾਰਵਾਦ ਦੀ ਜਿੱਲਣ ‘ਚ ਜਾ ਫਸਦੇ ਹਾਂ। ਜੇ ਅਸੀਂ ਇਹ ਨਹੀਂ ਮੰਨਦੇ ਕਿ ਪਦਾਰਥ ਦੀ ਪਹਿਲਾਂ ਕੋਈ ਹੋਂਦ ਨਹੀਂ ਸੀ, ਸਗੋਂ ਇਹ ਮੰਨਦੇ ਹਾਂ ਕਿ ਪਦਾਰਥ ਪਹਿਲਾਂ ਮੌਜੂਦ ਸੀ ਪਰ ਸਮਾਂ ਤੇ ਪੁਲਾੜ ਮੌਜੂਦ ਨਹੀਂ ਸਨ ਤਾਂ ਸਾਨੂੰ ਇਹ ਮੰਨਣਾ ਪਵੇਗਾ ਕਿ ਪਦਾਰਥ ਗਤੀਹੀਣ ਸਥਿਤੀ ਵਿੱਚ ਸੀ। ਜੇ ਪਦਾਰਥ ਗਤੀਹੀਣ ਸਥਿਤੀ ਵਿੱਚ ਸੀ ਤਾਂ ਇਸ ਵਿੱਚ ਬਿਗ ਬੈਂਗ ਲਈ ਗਤੀ ਕਿਵੇਂ ਪੈਦਾ ਹੋਈ। ਗਤੀਹੀਣ ਪਦਾਰਥ ਦੇ ਅੰਦਰੋਂ ਗਤੀਸ਼ੀਲ ਪਦਾਰਥ ਪੈਦਾ ਹੋਣਾ ਅਸੰਭਵ ਹੈ ਇਸ ਲਈ ਸਾਡੇ ਕੋਲ ਇੱਕੋ ਹੀ ਰਸਤਾ ਬਚਦਾ ਹੈ ਕਿ ਅਸੀਂ ਇਹ ਮੰਨ ਲਈਏ ਕਿ ਕਿਸੇ ਬਾਹਰੀ ਸ਼ਕਤੀ ਨੇ ਧੱਕਾ ਲਗਾ ਕੇ ਪਦਾਰਥ ‘ਚ ਗਤੀ ਪੈਦਾ ਕੀਤੀ। ਜੇ ਇਹ ਬਾਹਰੀ ਸ਼ਕਤੀ ਉਸ ਤੋਂ ਬਾਅਦ ਵੀ ਪਦਾਰਥ ‘ਤੇ ਆਪਣੀ ਸੱਤ੍ਹਾ ਕਾਇਮ ਰੱਖਦੀ ਹੈ ਤਾਂ ਅਸੀਂ ਵਿਚਾਰਵਾਦੀ ਧਾਰਮਿਕ ਫਲਸਫਿਆਂ ‘ਚ ਜਾ ਖੁੱਭੇ ਹਾਂ ਅਤੇ ਜੇ ਅਸੀਂ ਇਹ ਮੰਨ ਲਈਏ ਕਿ ਬਾਹਰੀ ਸ਼ਕਤੀ ਸ਼ੁਰੂਆਤੀ ਧੱਕਾ ਲਗਾ ਕੇ ਚੁੱਪ ਬੈਠ ਗਈ ਤਾਂ ਵੀ ਅਸੀਂ ਅਠਾਰ੍ਹਵੀਂ ਸਦੀ ਦੇ ਮਕਾਨਕੀ ਪਦਾਰਥਵਾਦ ਤੱਕ ਹੀ ਪਹੁੰਚ ਪਾਉਂਦੇ ਹਾਂ। ਇਸ ਤੋਂ ਬਚਣ ਲਈ ਸਾਨੂੰ ਇਹ ਮੰਨਣਾ ਪਵੇਗਾ ਕਿ ਪਦਾਰਥ ਬਿਗ ਬੈਂਗ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਗਤੀਸ਼ੀਲ ਅਵਸਥਾ ਵਿੱਚ ਸੀ ਪਰ ਇਸ ਨਾਲ਼ ਆਧੁਨਿਕ ਭੌਤਿਕ ਵਿਗਿਆਨੀਆਂ ਦੀ ਧਾਰਨਾ ਕਿ ਸਮੇਂ ਤੇ ਪੁਲਾੜ ਦਾ ਆਰੰਭ ਬਿੰਦੂ ਹੈ, ਟੁਕੜੇ ਹੋ ਜਾਂਦੀ ਹੈ। ਅਸਲ ਵਿੱਚ ਵਿਗਿਆਨੀ ਵੀ ਦਰਸ਼ਨ ਦੀ ਕਮਜ਼ੋਰ ਸਮਝ ਕਾਰਨ ਕਿਸੇ ਵਿਗਿਆਨਕ ਖੋਜ ਦੀ ਸਫ਼ਲਤਾ ਤੋਂ ਜਾਂ ਤਾਂ ਅਤੀ-ਉਤਸ਼ਾਹਿਤ ਹੋ ਕੇ ਜਲਦਬਾਜ਼ੀ ‘ਚ ਗਲਤ ਦਾਰਸ਼ਨਿਕ ਸਿੱਟੇ ਕੱਢਣ ਲੱਗਦੇ ਹਨ ਜਾਂ ਫਿਰ ਵਕਤੀ ਅਸਫ਼ਲਤਾ ਤੋਂ ਘਬਰਾਅ ਕੇ ਸੰਕਟ ਦਾ ਐਲਾਨ ਕਰ ਦਿੰਦੇ ਹਨ। ਅਸਲ ਵਿੱਚ ਇਸ ਭੰਬਲਭੂਸੇ ਦੀ ਜੜ੍ਹ ਆਈਨਸਟਾਈਨ ਦੇ ਸਾਪੇਖਤਾ ਦੇ ਆਮ ਸਿਧਾਂਤ ਅਤੇ ਸਟੈਂਡਰਡ ਮਾਡਲ ਦੀ ਗਰੂਤਾ ਬਲ ਦੀ ਕੁਆਂਟਮ ਵਿਆਖਿਆ ਕਰਨ ਦੀ ਅਸਮਰੱਥਤਾ ਵਿੱਚ ਹੈ। ਗਰੂਤਾ ਬਲ ਦੇ ਕੁਆਂਟਮ ਸਿਧਾਂਤ ਵਿਕਸਤ ਹੋਣ ਤੋਂ ਬਾਅਦ ਬਿਗ ਬੈਂਗ ਸੰਬੰਧੀ ਮੌਜੂਦਾ ਧਾਰਨਾ ਬਦਲ ਸਕਦੀ ਹੈ। ”ਲੂਪ ਕੁਆਂਟਮ ਗਰੇਵਿਟੀ”” ਨਾਂ ਦਾ ਸਿਧਾਂਤ ਪਹਿਲਾਂ ਹੀ ਗਰੂਤਾ ਬਲ ਦੀ ਕੁਆਂਟਮ ਵਿਆਖਿਆ ਵੱਲ ਅੱਗੇ ਵਧ ਰਿਹਾ ਹੈ ਅਤੇ ਇਸ ਨੇ ਬਿਗ ਬੈਂਗ ਸਿਧਾਂਤ ‘ਚ ਜ਼ਰੂਰੀ ਫੇਰਬਦਲ ਦੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਜਿਸ ਕਾਰਨ ਆਉਣ ਵਾਲ਼ੇ ਭਵਿੱਖ ‘ਚ ਬਿਗ ਬੈਂਗ ਸਿਧਾਂਤ ਦੀ ਥਾਂ ”ਬਿਗ ਬਾਉਂਸ” ਦਾ ਸਿਧਾਂਤ ਲੈ ਸਕਦਾ ਹੈ ਜੋ ਬਿਗ ਬੈਂਗ ਸਿਧਾਂਤ ਦੀਆਂ ਘਾਟਾਂ ਜਿਵੇਂ ਇਸ ਸਵਾਲ ਦਾ ਜਵਾਬ ਦੇਣ ਦੀ ਅਸਮਰੱਥਤਾ ਕਿ ਧਮਾਕੇ ਤੋਂ ਪਹਿਲਾਂ ਕੀ ਸੀ, ਨੂੰ ਪੂਰਨ ਦੇ ਸਮਰੱਥ ਹੈ। ਜੋ ਵੀ ਹੋਵੇ, ਇੱਕ ਗੱਲ ਤਾਂ ਸਾਫ਼ ਹੈ ਵਿਗਿਆਨ ਦਾ ਕੰਮ ਕਦੇ ਵੀ ਨਾ ਖਤਮ ਹੋਣ ਵਾਲ਼ਾ ਹੈ ਅਤੇ ਇਹ ਕੁਦਰਤ ਦਾ ਇੱਕ ਭੇਦ ਖੋਲਣ ਤੋਂ ਬਾਅਦ ਨਵੇਂ ਭੇਦ ਦੇ ਸਾਹਮਣੇ ਜਾ ਖਲੋਈ ਹੋਵੇਗੀ। ਇਹੀ ਵਿਗਿਆਨ ਦਾ ਨਿਯਮ ਹੈ ਅਤੇ ਇਹੀ ਮਨੁੱਖਤਾ ਦਾ ਸਫ਼ਰ।
ਡਾ. ਅੰਮ੍ਰਿਤਪਾਲ
ਲੇਖਕ ਤਿੱਖੇ ਮਾਰਕਸੀ ਸਿਆਸੀ ਕਾਰਕੁੰਨ ਹਨ।ਡਾਕਟਰੀ ਦੀ ਉੱਚ ਪੜ੍ਹਾਈ ਕਰਕੇ ਸਰੀਰਕ ਹਾਲਤਾਂ ਬਦਲਣ ਦੀ ਥਾਂ ਸਮਾਜਿਕ-ਸਿਆਸੀ ਹਾਲਤਾਂ ਨੂੰ ਬਦਲਣ ਦੀ ਲੜਾਈ ਨੂੰ ਪਹਿਲ ਦਿੱਤੀ ਤੇ ਮਜ਼ਦੂਰਾਂ ਨੂੰ ਜਥੇਬੰਦ ਕਰਨ ਦਾ ਰਾਹ ਅਪਣਾਇਆ।।ਅੱਜਕਲ੍ਹ ਲੁਧਿਆਣਾ ਸਿਆਸੀ ਸਰਗਰਮੀ ਦਾ ਮੁੱਖ ਕੇਂਦਰ ਹੈ ਪਰ ਪੰਜਾਬ ਦੇ ਸਨਅਤੀ ਸ਼ਹਿਰਾਂ 'ਚ ਗੇੜਾ ਰੱਖਦੇ ਹਨ।
ਲੇਖ ਵਿਦਿਆਰਥੀ ਰਸਾਲੇ 'ਲਲਕਾਰ ' ਤੋਂ ਕਾਪੀ-ਪੇਸਟ