ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Wednesday, July 4, 2012

ਪੰਜਾਬੀ ਸੱਭਿਆਚਾਰ ਦੇ ਨਾਂਅ 'ਤੇ 'ਸੱਭਿਆਚਾਰਕ ਪ੍ਰਦੂਸ਼ਣ'

ਪੰਜਾਬੀ ਗਾਣਿਆਂ 'ਚ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ। ਪੰਜਾਬੀ ਗਾਣਿਆਂ 'ਚ ਨੰਗਪੁਣਾ ਸਭ ਹੱਦਾਂ ਟੱਪ ਗਿਆ ਹੈ। ਪੰਜਾਬੀ ਗਾਣਿਆਂ 'ਚ ਪੰਜਾਬੀ ਬੋਲਾਂ 'ਤੇ ਅੰਗਰੇਜ਼ੀ ਭਾਰੀ ਹੁੰਦੀ ਜਾ ਰਹੀ ਹੈ। ਪੰਜਾਬੀ ਗਾਣਿਆਂ 'ਚ ਹਥਿਆਰ ਚੁੱਕਣ ਦੀਆਂ ਗੱਲਾਂ ਸ਼ਰੇਆਮ ਹੋ ਰਹੀਆਂ ਹਨ। ਪੰਜਾਬੀ ਗਾਣਿਆਂ 'ਚ ਕਾਲਜਾਂ-ਸਕੂਲਾਂ 'ਚ ਆਸ਼ਕੀ ਮਾਰਨ ਲਈ ਉਕਸਾਇਆ ਜਾ ਰਿਹਾ ਹੈ। ਪੰਜਾਬੀ ਗਾਣਿਆਂ ਦੇ ਫਿਲਮਾਂਕਣ ਵੇਲੇ ਨੰਗੀਆਂ ਕੁੜੀਆਂ ਨਚਾਈਆਂ/ਦਿਖਾਈਆਂ ਜਾ ਰਹੀਆਂ ਹਨ। ਪੰਜਾਬੀ ਗਾਣਿਆਂ 'ਚ ਦਾਰੂ ਪੀਣ ਤੇ ਹੋਰ ਨਸ਼ੇ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬੀ ਗਾਣਿਆਂ 'ਚ ਬੰਦੇ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਪੰਜਾਬੀ ਗਾਣਿਆਂ 'ਚ ਹਿੰਸਾ ਭਾਰੂ ਹੈ, ਸ਼ੋਰ ਬੇਹਿਸਾਬ ਹੈ, ਬੇਸੁਰਾਪਣ ਪ੍ਰਧਾਨ ਹੈ, ਬੇਮਾਅਨੀ ਤੁਕਬੰਦੀ ਸਿਖਰਾਂ 'ਤੇ ਹੈ । ਮਾਪਿਆਂ ਦੇ ਅੱਖੀਂ ਘੱਟਾ ਪਾ ਕੇ ਕੁੜੀਆਂ ਨੂੰ ਰਾਤਾਂ ਨੂੰ ਮਿਲਣ ਲਈ ਉਸਦਾ 'ਜਾਣਕਾਰ' ਪੰਜਾਬੀ ਗਾਣਿਆਂ ਰਾਹੀਂ 'ਤਰਲੇ' ਮਾਰ ਰਿਹਾ ਹੈ। ਪੰਜਾਬੀ ਗਾਣਿਆਂ 'ਚ 'ਪੰਜਾਬ' ਹੀ ਨਹੀਂ ਬਾਕੀ ਸਭ ਕੁਝ ਹੈ।

ਤਕਰੀਬਨ ਸਾਰੇ ਪੰਜਾਬੀ ਗਾਣੇ ਇਨਾਂ 'ਵਿਸ਼ੇਸ਼ਤਾਵਾਂ' ਨਾਲ ਭਰੇ ਪਏ ਹਨ ਅਤੇ ਅਸੀਂ ਹਾਲੇ ਵੀ ਸਲਾਹਾਂ ਕਰੀ ਜਾ ਰਹੇ ਹਾਂ ਕਿ ਪੰਜਾਬ ਦੀ ਜਵਾਨੀ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੇ ਰਵਾਇਤੀ ਗੀਤ-ਸੰਗੀਤ ਨੂੰ ਬਚਾਉਣ ਲਈ ਕੋਈ ਸਾਰਥਕ ਕਦਮ ਉਠਾਏ ਜਾਣ। ਹੁਣ ਹੋਰ ਕੀ ਦੇਖਣਾ/ਸੁਣਨਾ ਬਾਕੀ ਰਹਿ ਗਿਆ ਹੈ?


ਇਸ ਗੱਲ ਦੀ ਕਾਹਦੀ ਖੁਸ਼ੀ ਕਿ ਹਿੰਦੀ ਫਿਲਮਾਂ ਪੰਜਾਬੀ ਗਾਣਿਆਂ ਕਰਕੇ ਹਿੱਟ ਹੁੰਦੀਆਂ ਹਨ ਅਤੇ ਪੰਜਾਬੀ ਗੀਤਾਂ ਦੇ ਫਿਲਮਾਂਕਣ 'ਤੇ ਲੱਖਾਂ ਰੁਪਿਆ ਖਰਚ ਹੁੰਦੈ? ਸੰਪੂਰਣ ਵਪਾਰ ਬਣ ਚੁੱਕੇ ਗਾਇਕੀ ਉਦਯੋਗ ਦਾ ਇਕੋ-ਇਕ ਮਕਸਦ ਹੈ ਲਾਭ ਕਮਾਉਣਾ। ਲਾਭ ਕਿਵੇਂ ਕਮਾਉਣਾ ਹੈ, ਇਸ ਮਕਸਦ ਲਈ ਮਾਪਦੰਡ ਬਜ਼ਾਰ ਤੈਅ ਕਰਦਾ ਹੈ ਅਤੇ ਜਿੱਥੇ 'ਬਜ਼ਾਰ' ਆ ਗਿਆ ਉੱਥੇ ਸਮਾਜਕ ਕਦਰਾਂ-ਕੀਮਤਾਂ ਅਤੇ ਸਭਿਆਚਾਰਕ ਮੁੱਲ ਕੋਈ ਮਾਅਨੇ ਨਹੀਂ ਰੱਖਦਾ। ਜੇ ਨੰਗਪੁਣਾ ਅਤੇ ਗਾਲ੍ਹਾਂ ਬਜ਼ਾਰ 'ਚ ਵਿਕਦੀਆਂ ਹਨ ਤਾਂ ਵਪਾਰੀ (ਗਾਇਕ/ਗੀਤਕਾਰ/ਪੇਸ਼ਕਾਰ/ਰੈਪਰ/ਨਿਰਦੇਸ਼ਕ) ਨੂੰ ਕੀ ਹਰਜ਼ ਐ ਵੇਚਣ 'ਚ! ਜੇ ਕੋਈ ਖਰੀਦਦਾਰ ਨਹੀਂ ਹੋਵੇਗਾ ਤਾਂ ਸੁਧਾਰ ਦੀ ਗੁੰਜਾਇਸ਼ ਹੈ। ਹੁਣ ਜੇਕਰ ਸਰੋਤੇ (ਖਰੀਦਦਾਰ) ਹੀ 'ਨੁਕਸਦਾਰ ਤੇ ਅਸ਼ਲੀਲ' ਗੀਤਾਂ ਨੂੰ ਉਤਸ਼ਾਹਿਤ ਕਰਨਗੇ ਤਾਂ ਇਸ 'ਚ ਵਪਾਰੀਆਂ ਦਾ ਕੀ ਦੋਸ਼? ਹਾਲਾਂਕਿ ਇਹ ਗੱਲ ਸਭਨਾਂ 'ਤੇ ਲਾਗੂ ਨਹੀਂ ਹੁੰਦੀ ਪਰ ਬਹੁਤੇ ਗਾਇਕ/ਗੀਤਕਾਰ/ਪੇਸ਼ਕਾਰ/ਨਿਰਦੇਸ਼ਕ ਅਸੱਭਿਅਕ ਗਾਇਕੀ/ਫਿਲਮਾਂਕਣ ਲਈ ਦੋਸ਼ੀ ਜ਼ਰੂਰ ਹਨ।


ਜਿਹੜੇ ਗਿਣਤੀ ਦੇ ਗਾਇਕ ਅਰਥਭਰਪੂਰ ਅਤੇ ਵਧੀਆ ਪੰਜਾਬੀ ਗਾਣੇ ਗਾਉਂਦੇ ਹਨ ਉਨਾਂ 'ਤੇ ਮਾਣ ਕੀਤਾ ਜਾਣਾ ਚਾਹੀਦਾ ਹੈ ਪਰ ਜਦੋਂ ਅਜਿਹੇ ਗਾਉਣ ਵਾਲਿਆਂ ਨੂੰ ਪੰਜਾਬੀ ਸਭਿਆਚਾਰ ਦੀ ਪ੍ਰਫੁੱਲਤਾ ਲਈ ਕਿਸੇ ਪ੍ਰੋਗਰਾਮ 'ਚ ਆਉਣ ਲਈ ਸੱਦਾ ਦਿਓ ਤਾਂ ਇਨ੍ਹਾਂ 'ਚੋਂ ਕੁਝ ਕੁ ਮੁਫਤ ਗਾਉਣ ਲਈ ਤਾਂ ਹੋ ਸਕਦੈ ਮੰਨ ਜਾਣ ਪਰ ਇਨਾਂ ਦੀ ਸਾਊਂਡ ਤੇ ਸਾਜ਼ੀਆਂ ਦਾ ਖਰਚਾ ਦੋ ਲੱਖ ਤੋਂ ਪੰਜ ਲੱਖ ਰੁਪਏ ਤੱਕ ਦਾ ਹੋ ਸਕਦਾ ਹੈ! ਕੀ ਕੋਈ ਮਾਹਤੜ ਬੰਦਾ/ਕਲੱਬ/ਸੰਸਥਾ ਏਨੇ ਪੈਸੇ ਖਰਚ ਕੇ 'ਸਾਫ-ਸੁਥਰੀ ਤੇ ਅਰਥਭਰਪੂਰ' ਪੰਜਾਬੀ ਗਾਇਕੀ ਦਾ ਆਨੰਦ ਮਾਣ ਸਕੇਗਾ? ਵੈਸੇ ਇਹ ਵਿਸ਼ਾ ਵੱਖਰਾ ਹੈ।


ਪੰਜਾਬੀ ਦੇ ਵਿਕਾਸ ਵੱਲ ਕਿਸੇ ਦੀ ਤਵੱਜੋਂ ਨਹੀਂ, ਸਭ ਜੇਬਾਂ ਭਰਨ ਲੱਗੇ ਹੋਏ ਹਨ ਅਤੇ ਮਨੋਰੰਜਨ ਦੇ ਨਾਂ 'ਤੇ ਸਰੋਤੇ/ਦਰਸ਼ਕ ਖੁਸ਼ੀ-ਖੁਸ਼ੀ ਲੁੱਟ ਖਾ ਰਹੇ ਹਨ। ਇਹ ਠੀਕ ਹੈ ਕਿ ਦੁਨੀਆਂ ਭਰ 'ਚ ਪੰਜਾਬੀ ਸੰਗੀਤ ਮਕਬੂਲ ਜ਼ਰੂਰ ਹੋਇਆ ਹੈ ਪਰ ਇਹ ਸਥਿਤੀ ਠੀਕ ਉਸੇ ਤਰਾਂ ਹੈ ਜਿਵੇਂ ਬਹੁਤ ਸਾਰੀਆਂ ਅਰਬੀ, ਬਰਾਜ਼ੀਲੀ ਅਤੇ ਲੈਟਿਨ ਅਮਰੀਕੀ ਧੁਨਾਂ 'ਤੇ ਵਿਆਹਾਂ 'ਚ ਅਸੀਂ ਪੰਜਾਬੀ ਛਾਲਾਂ ਮਾਰਦੇ ਹਾਂ, ਬਾਕੀ ਦੁਨੀਆਂ ਸਾਡੇ ਢੋਲ 'ਤੇ ਨੱਚੀ ਜਾਂਦੀ ਹੈ। ਸਵਾਦ ਵਾਲੀ ਗੱਲ ਤਾਂ, ਤਾਂ ਹੈ ਜੇਕਰ ਪੰਜਾਬੀ ਗਾਣਿਆਂ ਨੇ ਪੰਜਾਬੀ ਬੋਲੀ/ਭਾਸ਼ਾ ਦੇ ਵਿਕਾਸ 'ਚ ਯੋਗਦਾਨ ਪਾਇਆ ਹੁੰਦਾ। ਪਰ ਅਜਿਹਾ ਨਹੀਂ ਹੈ। ਅੰਗਰੇਜ਼ੀ ਮਾਧਿਅਮ ਸਕੂਲਾਂ ਦੀ ਗਿਣਤੀ ਤਾਂ ਪੰਜਾਬੀ ਮਾਧਿਅਮ ਵਾਲੇ ਸਕੂਲਾਂ ਦੇ ਮੁਕਾਬਲੇ ਧੜਾਧੜ ਵੱਧਦੀ ਜਾ ਰਹੀ ਹੈ। ਬਹੁਤੇ ਨੌਜਵਾਨਾਂ ਨੂੰ ਨਾ ਤਾਂ ਪੰਜਾਬੀ ਸ਼ਬਦਾਂ ਦੇ ਸਹੀ ਉਚਾਰਣ ਬਾਰੇ ਪਤਾ ਹੈ ਅਤੇ ਨਾ ਬਹੁਤੇ ਸ਼ਬਦਾਂ ਦੇ ਅਰਥਾਂ ਦੀ ਜਾਣਕਾਰੀ ਹੈ। ਪੰਜਾਬੀ ਮੀਡੀਆਂ ਲਈ ਵੀ ਇਹ ਤ੍ਰਾਸਦੀ ਹੈ ਕਿ ਨਵੇਂ ਪੱਤਰਕਾਰ ਸ਼ਬਦਾਂ ਅਤੇ ਸ਼ਬਦਜੋੜਾਂ ਪੱਖੋਂ ਡਾਵਾਂਡੋਲ ਜਿਹੇ ਹੀ ਹਨ। ਚਲੋ, ਇਹ ਵਿਸ਼ਾ ਵੀ ਵੱਖਰਾ ਹੈ।

ਟੀ.ਵੀ. ਪੱਤਰਕਾਰੀ ਨਾਲ ਜੁੜੇ ਰਹਿਣ ਕਰਕੇ ਮੈਂ ਪੰਜਾਬੀ ਸੰਗੀਤਕ ਉਦਯੋਗ ਨਾਲ ਜੁੜੇ ਨਵੇਂ-ਪੁਰਾਣੇ 60-70 ਗਾਇਕਾਂ ਤੇ ਗੀਤਕਾਰਾਂ ਦੀ ਇੰਟਰਵਿਊ ਕੀਤੀ ਹੈ। ਕੈਮਰੇ ਸਾਹਮਣੇ ਤਾਂ ਸਭ ਮੰਨ ਜਾਣਗੇ ਕਿ ਵਿਗਾੜ ਆਇਆ ਹੈ, ਮੁਕਾਬਲਾ ਵੱਧ ਜਾਣ ਕਰਕੇ ਨਵੇਂ-ਨਵੇਂ ਪ੍ਰਯੋਗ ਹੋ ਰਹੇ ਹਨ ਜੋ ਜ਼ਿਆਦਾਤਰ ਮਾਰੂ ਸਿੱਧ ਹੋ ਰਹੇ ਹਨ, ਇਹ ਗਲਤ ਹੈ ਪਰ ਸੁਧਰਦਾ ਕੋਈ ਨਹੀਂ। ਕੋਈ ਸੁਧਰੇ ਵੀ ਕਿਉਂ? ਗਾਉਣ ਵਾਲਿਆਂ ਅਨੁਸਾਰ, “ਜਿਹਨੇ ਲੱਖਾਂ ਰੁਪਿਆ ਖਰਚ ਕੀਤਾ ਇਕ ਟੇਪ ਬਣਾਉਣ 'ਤੇ, ਉਹ ਆਪਣਾ ਘਰ ਭਰਨ ਲਈ ਤਾਂ ਸਭ ਹੱਥਕੰਡੇ ਅਪਣਾਵੇਗਾ ਹੀ।“ ਪਰ ਆਪਣੇ ਘਰ (ਸਭਿਆਚਾਰ) ਨੂੰ ਅੱਗ ਲਾਉਣੀ (ਗੀਤਾਂ ਰਾਹੀਂ) ਵੀ ਕਿੱਧਰੋਂ ਦੀ ਸਿਆਣਪ ਹੈ? ਪਾਠਕਾਂ ਨੂੰ ਯਕੀਨ ਨਹੀਂ ਆਵੇਗਾ ਕਿ ਪੰਜਾਬੀ ਫਿਲਮਾਂ ਤੋਂ ਰੋਟੀਆਂ ਖਾਣ ਵਾਲੀਆਂ (ਹੁਣ ਦੀਆਂ) ਦੋ-ਤਿੰਨ ਹੀਰੋਇਨਾਂ (ਤੇ ਕੁਝ ਅਦਾਕਾਰ ਹੋਰ ਵੀ) ਆਮ ਬੋਲਚਾਲ ਦੌਰਾਨ ਪੰਜਾਬੀ ਇੰਝ ਬੋਲਦੀਆਂ ਨੇ ਜਿਵੇਂ ਦੇਸੀ ਪੰਜਾਬੀ ਬੰਦਾ ਅੰਗਰੇਜ਼ੀ ਨੂੰ ਮੂੰਹ ਮਾਰ ਰਿਹਾ ਹੋਵੇ। ਖੈਰ, ਇਹ ਵਿਸ਼ਾ ਵੀ ਵੱਖਰਾ ਹੋ ਸਕਦੈ।


ਸਰਕਾਰਾਂ ਲਈ 'ਸੈਂਸਰ ਬੋਰਡ' ਬਣਾਉਣੇ ਜੇਕਰ ਕੋਈ ਵੱਡੀ ਗੱਲ ਨਹੀਂ ਤਾਂ ਏਨਾ ਸੁਖਾਲਾ ਕੰਮ ਵੀ ਨਹੀਂ। ਲੋੜ ਹੈ ਸਖਤ ਨੀਤੀਆਂ ਬਣਾਉਣ ਦੀ। ਸਲਾਮ ਕਰਨਾ ਬਣਦਾ ਹੈ ਇਸਤਰੀ ਜ੍ਰਾਗਤੀ ਮੰਚ ਨੂੰ ਜਿਨਾਂ ਇਕਮੁੱਠ ਹੋ ਕੇ ਅਸ਼ਲੀਲ ਗੀਤ ਗਾਉਣ ਵਾਲੇ ਪੰਜ ਗਾਇਕਾਂ ਖਿਲਾਫ ਆਵਾਜ਼ ਉਠਾਈ। ਅਸ਼ਲੀਲ ਗਾਇਕਾਂ ਖਿਲਾਫ ਇਸ ਮੰਚ ਦੀਆਂ ਔਰਤਾਂ ਨੇ ਸੂਬਾ ਪੱਧਰੀ ਧਰਨੇ ਮਾਰੇ ਹਨ। ਇਹ ਸ਼ੁਰੂਆਤ ਹੈ। ਜੇਕਰ ਅਣਖੀ ਪੰਜਾਬੀ ਨਾ ਜਾਗੇ ਤਾਂ ਪੰਜਾਬ ਦੇ ਭਾਗ ਸੌਂ ਜਾਣਗੇ। ਅਸ਼ਲੀਲ ਗਾਇਕੀ ਕਾਰਣ ਸਮਾਜਕ ਅਤੇ ਸਭਿਆਚਾਰਕ ਪੱਧਰ 'ਤੇ ਅਜਿਹੇ ਵਿਗਾੜ ਆ ਸਕਦੇ ਹਨ ਜਿਨ੍ਹਾਂ ਦੀ ਭਰਪਾਈ ਕਰਨੀ ਮੁਸ਼ਕਿਲ ਹੀ ਨਹੀਂ ਨਾ-ਮੁਮਕਿਨ ਹੋਵੇਗੀ। ਇਸ ਲਈ ਉੱਠੋ ਪੰਜਾਬੀਓ, ਪੰਜਾਬੀ ਗਾਣਿਆਂ 'ਚ ਗੰਦ ਪਾਉਣ ਵਾਲਿਆਂ ਨੂੰ ਆਪਾਂ ਖੁਦ ਸਬਕ ਸਿਖਾਈਏ।ਨਿੱਜੀ ਪੱਧਰ ਤੋਂ ਵਿਰੋਧ ਸ਼ੁਰੂ ਕਰਕੇ ਇਸ ਨੂੰ ਇਕ ਸਮਾਜਿਕ ਮੁਹਿੰਮ ਬਣਾਈਏ। ਇਹ ਵਿਸ਼ਾ ਸਭਨਾਂ ਪੰਜਾਬੀਆਂ ਦਾ ਸਾਂਝਾ ਹੈ।

ਨਰਿੰਦਰ ਪਾਲ ਸਿੰਘ ਜਗਦਿਓ
ਲੇਖ਼ਕ ਅੱਜਕਲ੍ਹ ਪੰਜਾਬ ਸਰਕਾਰ ਦੇ 'ਅਸਿਸਟੈਂਟ ਪਬਲਿਕ ਰਿਲੇਸ਼ਨ ਅਫਸਰ' ਹਨ।

2 comments:

  1. This is absolutely grand trouble Punjab and Punjabi culture facing today since last couple of years. We do need to take all the required steps to stop this enormous critical issue to Save Punjab, Punjabiat and our Culture, for which we are known in this world. Thanks Narindar for highlighting this issue, lets hope for some continuous improvements..

    ReplyDelete
  2. A very well written article. Punjabi language and the music is loosing its ground. Vulgarity, guns, smoking and wooing the girls seems to be the trend of young males and I am astonished to see the change that has come about in females. It is the race to catch with western society which is only limited to showing off and nothing else. Our leaders for tomorrow are growing with this kind of environment, one can only imagine the calamity they will bring if the music world continue to impact them in such manner.

    ReplyDelete