ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Saturday, March 9, 2013

ਦੇਸ ਰਾਜ ਕਾਲੀ ਦਾ ਬਾਦਲ ਨੂੰ ਖੁੱਲ੍ਹਾ ਖ਼ਤ

ਐੱਸ ਸੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਰਲਸ਼ਿਪ ਦਾ ਨੰਗਾ ਸੱਚ 

ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਜੀਓ !

ਆਪ ਜੀ ਦੇ ਧਿਆਨ ਹਿੱਤ ਕੁਝ ਕਾਰਜਾਂ ਦੀ ਨਜ਼ਰਸਾਨੀ ਲਈ ਹਥਲੀਆਂ ਸਤਰਾਂ ਲਿਖ ਰਿਹਾ ਹਾਂ। ਇਹ ਸਤਰਾਂ ਉਹਨਾਂ ਐੱਸ ਸੀ ਵਿਦਿਆਰਥੀਆਂ ਦੀ ਕੇਂਦਰ ਤੇ ਸੂਬਾ ਸਰਕਾਰ ਦੀ ਸਾਂਝੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਾਰੇ ਹੈ, ਜਿਸ ਤਹਿਤ ਇਹਨਾਂ ਬੱਚਿਆਂ ਦੀ ਉੱਚ ਸਿਖਿਆ ਦਾ ਪ੍ਰਬੰਧ ਮੁਫਤ ਕੀਤਾ ਜਾਣਾ ਹੈ। ਇਸ ਸਕੀਮ ਬਾਰੇ ਕੇਂਦਰ ਸਰਕਾਰ ਕਰੋੜਾਂ ਰੁਪਏ ਫੰਡ ਭੇਜ ਚੁੱਕੀ ਹੈ ਤੇ ਤੁਹਾਡੀ ਰਹਿਨੁਮਾਈ ਵਿੱਚ ਇਸ ਸਕੀਮ ਬਾਰੇ ਸੂਬਾ ਸਰਕਾਰ 11.7.2007 ਨੂੰ ਆਰਡੀਨੈਂਸ ਵੀ ਜਾਰੀ ਕਰ ਚੁੱਕੀ ਹੈ, ਤਾਂ ਕਿ ਇਸ ਸਕੀਮ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਇਸ ਸਕੀਮ ਦੇ ਕੁਝ ਨੁਕਤੇ, ਸਕੀਮ ਬਾਰੇ ਕਾਲਜਾਂ ਤੇ ਸੰਬੰਧਿਤ ਦਫਤਰਾਂ ਦੀ ਪਹੁੰਚ, ਅਧਿਕਾਰੀਆਂ ਤੇ ਕਾਲਿਜ ਮੈਨੇਜਮੈਂਟਾਂ ਦੀ ਜ਼ਿੰਮੇਵਾਰੀ ਤੋਂ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ।

ਪਹਿਲਾ ਨੁਕਤਾ ਤਾਂ ਇਹ ਹੈ ਕਿ ਪਿਛਲੇਰੀ ਜਨਗਣਨਾ ਦੇ ਹਿਸਾਬ ਨਾਲ ਪੰਜਾਬ ਵਿੱਚ ਸ਼ਡਿਊਲਡ ਕਾਸਟ ਲੋਕਾਂ ਦੀ ਜਨਸੰਖਿਆ 29 ਫੀਸਦੀ ਦੇ ਲੱਗਭੱਗ ਬਣਦੀ ਹੈ। ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਹਾਲਾਤ ਦੇ ਮੱਦੇਨਜ਼ਰ ਇਹ ਭਾਰੀ ਵਰਗ ਸਦੀਆਂ ਤੋਂ ਹੀ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਅਸਾਵੀਂ ਵੰਡ ਤੇ ਆਰਥਿਕ ਏਕਾਅਧਿਕਾਰ ਦੇ ਕਾਰਣ ਇਹ ਵਰਗ ਹੋਰ ਤੋਂ ਹੋਰ ਪੱਛੜਦਾ ਹੀ ਰਿਹਾ ਹੈ। ਭਾਵੇਂ ਸੰਵਿਧਾਨਕ ਤੌਰ ਉੱਤੇ ਇਸ ਵਰਗ ਦੀ ਰਿਜ਼ਰਵੇਸ਼ਨ ਨਾਲ ਬਾਂਹ ਫੜਨ ਦੀ ਕੋਸ਼ਿਸ਼ ਹੋਈ, ਪਰੰਤੂ ਸਿਖਿਆ ਅਤੇ ਜਨਸੰਖਿਆ ਵਿੱਚ ਅਨੁਪਾਤ ਦੀ ਕੋਈ ਸਾਂਝ ਨਾ ਹੋਣ ਕਰਕੇ ਇਹ ਲੋਕ ਅਨਪੜ੍ਹ ਰਹੇ ਤੇ ਨੌਕਰੀਆਂ ਹਾਸਲ ਕਰਨ ਤੋਂ ਵਾਂਝੇ ਰਹਿ ਗਏ। ਹੁਣ ਜਦੋਂ ਦਾ ਗੋਲਬੇਲਾਈਜੇਸ਼ਨ ਦਾ ਦੌਰ ਆਇਆ ਹੈ, ਨਿੱਜੀਕਰਨ ਦਾ ਦੌਰ ਆਇਆ ਹੈ, ਉਦੋਂ ਸਿਖਿਆ ਇਹਨਾਂ ਵੰਚਿਤ ਲੋਕਾਂ ਤੋਂ ਕੋਹਾਂ ਦੂਰ ਚਲੇ ਗਈ ਹੈ। ਜਿਹਨਾਂ ਸਰਕਾਰੀ ਸਕੂਲਾਂ ਵਿੱਚ ਇਹਨਾਂ ਦੀ ਸਿਖਆ ਦਾ ਮਾੜਾ ਮੋਟਾ ਪ੍ਰਬੰਧ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ, ਉਹਨਾਂ ਵਿੱਚ ਸਹੂਲਤਾਂ ਦੀ ਏਨੀ ਘਾਟ ਹੈ ਕਿ ਸਿਖਆ ਦੇ ਨਾਮ ਉੱਪਰ ਇਹਨਾਂ ਨੂੰ ਸਰਾਪ ਹੀ ਭੁਗਤਣਾ ਪੈ ਰਿਹਾ ਹੈ। ਫਿਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਨੂੰ ਸਿਖਿਆ ਦੇ ਨੇੜੇ ਕਿਵੇਂ ਲਿਆਂਦਾ ਜਾਵੇ।

ਇਸ ਸਵਾਲ ਦੇ ਜਵਾਬ ਵਿੱਚ ਕੇਂਦਰ ਤੇ ਸੂਬਾ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਹੁਤ ਹੀ ਲਾਹੇਵੰਦ ਸਕੀਮ ਹੈ। ਇਹਨਾਂ ਵੰਚਿਤ ਵਿਦਿਆਰਥੀਆਂ ਨੂੰ ਜੇਕਰ ਉੱਚ ਸਿਖਿਆ ਦਾ ਅਧਿਕਾਰ ਮਿਲ ਜਾਂਦਾ ਹੈ ਤਾਂ ਇਹ ਦੇਸ਼ ਦੀ ਤੱਰਕੀ ਤੇ ਸੂਬੇ ਦੇ ਵਿਕਾਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਸਕਦੇ ਹਨ। ਨਹੀਂ ਤਾਂ ਅਸੀਂ ਦੇਸ਼ ਦੇ ਭਲੇ ਤੋਂ ਦੂਰ ਰਹਿਣ ਵਾਲੇ ਰਾਜ ਭਾਗ ਦੀ ਉਸਾਰੀ ਹੀ ਕਰ ਰਹੇ ਹੋਵਾਂਗੇ। ਇਹ ਤੱਥ ਤਾਂ ਆਪਜੀ ਦੇ ਧਿਆਨ ਵਿੱਚ ਹੀ ਹੋਣਗੇ ਕਿ ਜਿਸ ਐੱਸ ਸੀ ਪਰਿਵਾਰ ਦੀ ਸਲਾਨਾ ਆਮਦਨ 2 ਲੱਖ ਤੋਂ ਘੱਟ ਬਣਦੀ ਹੈ, ਉਸਦੇ ਬੱਚਿਆਂ ਨੂੰ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ ਅਤੇ ਉਸਦੀ ਪਲੱਸ ਟੂ ਤੋਂ ਬਾਦ ਦੀ ਸਾਰੀ ਪੜ੍ਹਾਈ ਮੁਫਤ ਹੋਵੇਗੀ। ਇਸ ਸਕੀਮ ਤਹਿਤ ਸਾਰੇ ਦੇ ਸਾਰੇ ਨਾਨ ਰਿਫੰਡੇਬਲ ਚਾਰਜਿਜ, ਮੇਨਟੇਨੈਂਸ ਚਾਰਜਿਜ, ਸਟੱਡੀ ਟੂਰ ਚਾਰਜਿਜ ਅਤੇ ਥੀਸਿਸ ਟਾਈਪਿੰਗ ਆਦਿ ਚਾਰਜਿਜ ਵੀ ਸ਼ਾਮਿਲ ਹਨ, ਜੋ ਵਿਦਿਆਰਥੀਆਂ ਨੂੰ ਮਿਲਣਗੇ। ਹੁਣ ਆਪ ਜੀ ਦੀ ਸਰਕਾਰ ਦੇ 25.6.2010 ਵਾਲੀਆਂ ਹਦਾਇਤਾਂ ਉੱਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਬਹੁਤ ਸਾਰੀਆਂ ਸਿਖਿਆ ਸੰਸਥਾਵਾਂ ਇਹਨਾਂ ਹਦਾਇਤਾਂ ਨੂੰ ਮੰਨਣ ਲਈ ਤਿਆਰ ਹੀ ਨਹੀਂ ਹਨ ਅਤੇ ਉਹ ਵਿਦਿਆਰਥੀਆਂ ਦੇ ਇਸ ਹੱਕ ਨੂੰ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਖੋਹ ਰਹੀਆਂ ਹਨ। ਜਦਕਿ ਸਰਕਾਰ ਦੀਆਂ ਹਦਾਇਤਾਂ ਤਾਂ ਇਹ ਕਹਿੰਦੀਆਂ ਹਨ ਕਿ ਇਸ ਸਕੀਮ ਦਾ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਦੀ ਐਫਲੀਏਸ਼ਨ ਰੱਦ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਸਕੀਮ ਦੇ ਲਾਭਪਾਤਰੀ ਵਿਦਿਆਰਥੀਆਂ ਦੀ ਲਿਸਟ ਸੰਬੰਧਿਤ ਵਿਭਾਗ ਨੂੰ ਭੇਜਦਿਆਂ ਸੰਸਥਾ ਇਹ ਹਲਫੀਆ ਬਿਆਨ ਦੇਵੇਗੀ ਕਿ ਇਹਨਾਂ ਵਿਦਿਆਰਥੀਆਂ ਪਾਸੋਂ ਕੋਈ ਵੀ ਫੀਸ ਨਹੀਂ ਲਈ ਗਈ। ਇਹ ਵੀ ਵਰਨਣਯੋਗ ਹੈ ਕਿ ਇਸ ਸਕੀਮ ਬਾਰੇ ਕਾਲਜ ਦੇ ਪ੍ਰਾਸਪੈਕਟਸ ਵਿੱਚ ਜਾਣਕਾਰੀ ਦੇਣਾ ਹਰ ਸੰਸਥਾ ਲਈ ਲਾਜ਼ਮੀ ਹੈ। ਜਿਸਦੀ ਕਿ ਘੋਰ ਉਲੰਘਣਾ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਜ਼ਰੂਰੀ ਹੈ ਕਿ ਇਸ ਵਰਗ ਦੇ ਵਿਦਿਆਰਥੀ ਚਾਹੇ ਉਹ ਕਾਰਸਪੌਡੇਂਸ ਰਾਹੀਂ ਕੋਈ ਕੋਰਸ ਕਰ ਰਹੇ ਹੋਣ ਜਾਂ ਈਵਨਿੰਗ ਕਲਾਸਾਂ ਲਗਾ ਰਹੇ ਹੋਣ, ਇਸਦਾ ਲਾਭ ਲੈਣ ਦੇ ਹੱਕਦਾਰ ਹਨ।

ਹੁਣ ਹੋ ਕੀ ਰਿਹਾ ਹੈ? ਹੋ ਇਹ ਰਿਹਾ ਹੈ ਕਿ ਪੰਜਾਬ ਦੀ ਕੋਈ ਵੀ ਅਜਿਹੀ ਸੰਸਥਾ ਨਹੀਂ ਲੱਭਦੀ, ਜਿਸਨੇ ਇਸ ਸਕੀਮ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਹੋਵੇ। ਜਿਸ ਸੰਸਥਾ ਨੇ ਕੀਤਾ ਹੈ, ਉਸਦੇ ਵਿਦਿਆਰਥੀਆਂ ਦੇ ਫੰਡ ਡਿਪਾਰਟਮੈਂਟ ਆਫ ਵੈਲਫੇਅਰ ਆਫ ਸ਼ਡਿਊਲਡ ਕਾਸਟ ਐੰਡ ਬੈਕਵਰਡ ਕਲਾਸਿਸ, ਪੰਜਾਬ, ਵਿਭਾਗ ਵੱਲੋਂ ਰੀਲੀਜ਼ ਹੀ ਨਹੀਂ ਕੀਤੇ ਗਏ। ਇੱਕ ਤਾਜ਼ਾ ਖਬਰ ਜਲੰਧਰ ਦੇ ਮੇਹਰ ਚੰਦ ਪਾਲੀਟੈਕਨਿਕ ਕਾਲਜ ਦੀ ਹੈ, ਜਿਹਨਾਂ ਨੇ ਐੱਸ ਸੀ ਕਮਿਸ਼ਨ ਪੰਜਾਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਕਿ ਇਸ ਸਕੀਮ ਤਹਿਤ ਆਉਂਦੇ ਵਿਦਿਆਰਥੀਆਂ ਦੇ ਵਰ੍ਹੇ 2010-11 ਦੇ 58 ਲੱਖ ਦੇ ਕਰੀਬ ਸਕਾਲਰਸ਼ਿਪ ਦੇ ਪੈਸੇ ਹਨ, ਜੋ ਨਹੀਂ ਮਿਲੇ। ਇਸੇ ਤਰ੍ਹਾਂ ਇਸੇ ਕਾਲਜ ਦੇ ਵਰ੍ਹੇ 2011-12 ਦੇ 1 ਕਰੋੜ 50 ਲੱਖ ਦੇ ਕਰੀਬ ਹਨ ਅਤੇ ਵਰ੍ਹੇ 2012-13 ਦੇ ਕੋਈ 1 ਕਰੋੜ 70 ਲੱਖ ਦੇ ਕਰੀਬ ਬਣਦੇ ਹਨ, ਜੋ ਇਹਨਾਂ ਵਿਦਿਆਰਥੀਆਂ ਨੂੰ ਰੀਲੀਜ਼ ਨਹੀਂ ਹੋਏ। ਇਸ ਕਾਲਜ ਵਿੱਚ ਇਸ ਤਰਵਾਂ ਦੇ ਕਰੀਬ 500 ਵਿਦਿਆਰਥੀ ਹਨ, ਜਿਹਨਾਂ ਦੇ ਪਾਰਮ ਵਿਭਾਗ ਕੋਲ ਪਏ ਹਨ, ਪਰ ਪੈਸੇ ਜਾਰੀ ਨਹੀਂ ਹੋਏ। ਵਰਨਣਯੋਗ ਇਹ ਵੀ ਹੈ ਕਿ ਇਹ ਇਕੱਲਾ ਕਾਲਜ ਨਹੀਂ ਹੈ, ਅਨੇਕ ਕਾਲਜ ਹਨ, ਜਿਹਨਾਂ ਨੇ ਜੋ ਵੀ ਥੋੜੇ ਬਹੁਤ ਫਾਰਮ ਭੇਜੇ ਹਨ, ਉਹਨਾਂ ਦਾ ਜਵਾਬ ਸੰਬੰਧਿਤ ਕਿਸੇ ਵੀ ਵਿਭਾਗ ਵੱਲੋਂ ਨਹੀਂ ਮਿਲਿਆ।

ਹੁਣ ਇਸ ਸਥਿਤੀ ਦੇ ਮੱਦੇਨਜ਼ਰ ਅਸੀਂ ਜਦੋਂ ਸਰਕਾਰ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਦੇਖਦੇ ਹਾਂ ਤਾਂ ਤੁਹਾਡੇ ਨੱਕ ਹੇਠ ਕੀ ਹੋ ਰਿਹਾ ਹੈ, ਇਸ ਉੱਤੇ ਹੈਰਾਨੀ ਹੁੰਦੀ ਹੈ। ਸਰਕਾਰ ਨੇ ਸੱਭ ਕੁਝ ਕਰ ਕਰਾ ਦਿੱਤਾ,ਪਰ ਮਸਲਾ ਕਿੱਥੇ ਆਣ ਕੇ ਖੜ ਗਿਆ? ਕੇਂਦਰ ਨੇ ਪੈਸੇ ਭੇਜ ਦਿੱਤੇ। ਪੈਸੇ ਗਏ ਕਿੱਥੇ? ਵਿਦਿਆਰਥੀਆਂ ਨੂੰ ਉਹਨਾਂ ਦਾ ਹੱਕ ਮਿਲ ਨਹੀਂ ਰਿਹਾ। ਉਹ ਵਿਲਕ ਰਹੇ ਨੇ। ਕਿਸੇ ਨੇ ਅੱਜ ਤੱਕ ਕੋਈ ਸੂਚਨਾ ਨਹੀਂ ਦਿੱਤੀ। ਕੇਂਦਰ ਦੀ ਹਦਾਇਤ ਹੈ ਕਿ ਇਸ ਸਕੀਮ ਬਾਰੇ ਰਾਜ ਸਰਕਾਰਾਂ ਇਸ਼ਤਿਹਾਰਬਾਜ਼ੀ ਕਰਨ, ਪਰ ਕਦੇ ਵੀ ਪੰਜਾਬ ਸਰਕਾਰ ਨੇ ਅਜਿਹਾ ਨਹੀਂ ਕੀਤਾ। ਵਰ੍ਹੇ 2007 ਤੋਂ ਲੈ ਕੇ ਅੱਜ ਤੱਕ ਕਦੇ ਵੀ ਕੋਈ ਵੀ ਇਸ਼ਤਿਹਾਰ ਨਹੀਂ ਜਾਰੀ ਕੀਤਾ ਗਿਆ। ਕਾਲਜਾਂ ਨੂੰ ਹਦਾਇਤ ਹੈ ਕਿ ਆਪਣੇ ਪ੍ਰਾਸਪੈਕਟਸ ਵਿੱਚ ਇਸ ਸਕੀਮ ਬਾਰੇ ਜਾਣਕਾਰੀ ਦੇਵੇ, ਕੋਈ ਜਾਣਕਾਰੀ ਕਦੇ ਨਹੀਂ ਨਹੀਂ ਪ੍ਰਕਾਸ਼ਿਤ ਹੋਈ। ਆਖਿਰ ਦੋਸ਼ੀ ਕੌਣ ਹੈ? ਜਵਾਬਦੇਹ ਕੌਣ ਹੈ?

ਪਿਛਲੇ ਵਿਧਾਨ ਸਭਾ ਸੈਸ਼ਨ ਵਿੱਚ ਵਰੋਧੀ ਧਿਰ ਨੇ ਸਰਕਾਰ ਦਾ ਧਿਆਨ ਇਸ ਪਾਸੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ, ਪਰੰਤੂ ਇਸ ਬਾਰੇ ਬਾਦ ਵਿੱਚ ਉਹ ਵੀ ਖਾਮੋਸ਼ ਹੋ ਗਏ। ਇਸ ਖਾਮੋਸ਼ੀ ਨੂੰ ਸਮਝਣਾ ਵੀ ਬੜਾ ਮੁਸ਼ਕਿਲ ਕਾਰਜ ਜਾਪ ਰਿਹਾ ਹੈ। ਕੁਲ ਮਿਲਾ ਕੇ ਸਾਡੀ ਬੇਨਤੀ ਇਹ ਹੈ ਕਿ ਜਿਸ ਤਰ੍ਹਾਂ ਨਾਲ ਸਿਖਿਆ ਦਾ ਨਿੱਜੀਕਰਨ ਹੋ ਗਿਆ ਹੈ, ਜਾਂ ਹੋ ਰਿਹਾ ਹੈ, ਉਸਦੇ ਮੱਦੇਨਜ਼ਰ ਇਹਨਾਂ ਗਰੀਬ ਤੇ ਜ਼ਰੂਰਤਮੰਦ ਵਿਦਿਆਰਥੀਆਂ ਦੀ ਤੁਸੀਂ ਮਦਦ ਕਰ ਸਕਦੇ ਹੋ। ਇਹ ਵਿਦਿਆਰਥੀ ਜੇਕਰ ਸਿਖਿਆ ਗ੍ਰਹਿਣ ਕਰ ਜਾਣਗੇ ਤਾਂ ਦੇਸ ਦਾ ਭਵਿੱਖ ਉਜਵਲ ਬਨਾਉਣਗੇ। ਉਮੀਦ ਹੈ ਤੁਸੀਂ ਇਹਨਾਂ ਦੀ ਬਾਂਹ ਜ਼ਰੂਰ ਫੜੋਗੇ।

ਦੇਸ ਰਾਜ ਕਾਲੀ
ਲੇਖਕ ਰਸਮੀ ਜਾਣ-ਪਛਾਣ ਦੇ ਹੁਤਾਜ ਨਹੀਂ,ਉਹ ਪੰਜਾਬੀ ਸਾਹਿਤ ਦਾ ਜਾਣਿਆ-ਪਛਾਣਿਆ ਨਾਂਅ ਹਨ

Thursday, March 7, 2013

'ਸੈਕੇਂਡ ਸੈਕਸ' ਨੂੰ ਪ੍ਰਭਾਸ਼ਤ ਕਰਨ ਵਾਲੀ 'ਸੀਮੋਨ ਦ ਬਾਓਵਾਰ'

ਭਾਰਤੀ ਨਾਰੀਵਾਦੀ ਲੇਖਿਕਾ ਡਾ. ਪ੍ਰਭਾ ਖੇਤਾਨ ਦੀ ਫਰਾਂਸ ਦੀ ਮਸ਼ਹੂਰ ਨਾਰੀਵਾਦੀ 'ਸੀਮੋਨ ਦ ਬਾਓਵਾਰ' ਬਾਰੇ ਅਹਿਮ ਲਿਖਤ ਦਾ ਪੰਜਾਬੀ ਤਰਜ਼ਮਾ ਜਰਮਨੀ ਰਹਿੰਦੇ ਲੇਖਕ ਕੇਹਰ ਸ਼ਰੀਫ ਨੇ ਕੀਤਾ ਹੈ।ਗੁਲਾਮ ਕਲਮ ਵਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।-ਯਾਦਵਿੰਦਰ ਕਰਫਿਊ 

9 ਜਨਵਰੀ 1908 ਨੂੰ ਸੀਮੋਨ ਦ ਬਾਓਵਾਰ ਦਾ ਜਨਮ ਪੈਰਿਸ ਦੇ ਇਕ ਮਧਵਰਗੀ ਕੈਥੋਲਿਕ ਪਰਿਵਾਰ ਵਿਚ ਹੋਇਆ। ਪਹਿਲੀ ਸੰਤਾਨ ਹੋਣ ਕਰਕੇ ਉਸਨੂੰ ਮਾਤਾ ਪਿਤਾ ਦਾ ਭਰਪੂਰ ਪਿਆਰ ਮਿਲਿਆ। ਦੋ ਸਾਲ ਬਾਅਦ ਭਾਵ 1910 ਵਿਚ ਨਾਲ ਖੇਡਣ ਵਾਸਤੇ ਬਹੁਤ ਪਿਆਰੀ, ਖੁਬਸੂਰਤ ਛੋਟੀ ਜਹੀ ਭੈਣ ਮਿਲੀ ਜਿਸਦਾ ਨਾਮ ਸੀ ਪਾਪੀਤ। 1913 ਵਿਚ ਸੀਮੋਨ ਨੂੰ ਲੜਕੀਆਂ ਦੇ ਇਕ ਸਕੂਲ ਵਿਚ ਪੜ੍ਹਨ ਵਾਸਤੇ ਭੇਜਿਆ ਗਿਆ। ਉੱਥੇ ਮਿਲੀ ਜਾਜਾ, ਜਾਨ ਤੋਂ ਵੀ ਪਿਆਰੀ ਸਹੇਲੀ। ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਸੀਮੋਨ ਆਪਣੇ ਨਾਨੇ ਦੇ ਘਰ, ਜੋ ਪਿੰਡ ਵਿਚ ਰਹਿੰਦਾ ਸੀ, ਕੁਦਰਤ ਦੇ ਵਿਚ ਬਿਤਾਉਂਦੀ। ਦਸ ਸਾਲ ਦੀ ਉਮਰ ਤੱਕ ਪਹੁੰਚਦਿਆਂ ਸੀਮੋਨ ਨੇ ਆਪਣਾ ਸਿਰਜਕ ਵਿਅਕਤਿਤਵ ਪਹਿਚਾਣ ਲਿਆ। ਘੰਟਿਆਂ ਬੱਧੀ ਕਾਲਪਨਿਕ ਸੰਸਾਰ ਜਾਂ ਕਿਤਾਬਾਂ ਵਿਚ ਗੁਆਚੀ ਰਹਿਣ ਵਾਲੀ ਇਸ ਲੜਕੀ ਨੇ ਵਿਚਾਰ ਬਣਾ ਲਿਆ ਕਿ ਉਹ ਲੇਖਕ ਬਣੇਗੀ। ਇਹ ਹੀ ਉਸਦੀ ਤਮੰਨਾ ਹੈ, ਕਿਤਾਬਾਂ ਅਤੇ ਕੇਵਲ ਕਿਤਾਬਾਂ। ਪਿਤਾ ਨੂੰ ਆਪਣੀ ਹੋਣਹਾਰ ਧੀ 'ਤੇ ਬਹੁਤ ਮਾਣ ਸੀ ਅਤੇ ਮਾਂ ਉਸਦੇ ਕਿਤਾਬਾਂ ਪ੍ਰਤੀ ਪਾਗਲਪਨ ਤੋਂ ਚਿੰਤਤ। ਮਾਂ ਸਭ ਤੋਂ ਵੱਧ ਦੁਖੀ ਹੋਈ, ਇਕ ਦਿਨ ਜਦੋਂ 14 ਸਾਲ ਦੀ ਲੜਕੀ ਨੇ ਐਲਾਨ ਕਰ ਦਿੱਤਾ ਕਿ ਮੈਂ ਪ੍ਰਰਥਨਾ ਨਹੀਂ ਕਰਾਂਗੀ, ਮੈਨੂੰ ਤੁਹਾਡੇ ਯਿਸੂ ਉੱਤੇ ਵਿਸ਼ਵਾਸ ਨਹੀਂ। 


1925-26 ਦੇ ਸਮੇਂ ਸੀਮੋਨ ਨੇ ਦਰਸ਼ਨ (ਫਿਲਾਸਫੀ) ਅਤੇ ਹਿਸਾਬ ਵਿਚ ਸਕੂਲ ਦੀ ਪਰੀਖਿਆ ਪਾਸ ਕੀਤੀ ਅਤੇ ਗਰੈਜੂਏਸ਼ਨ ਦੀ ਡਿਗਰੀ ਹਾਸਲ ਕਰਕੇ ਅੱਗੇ ਪੜ੍ਹਨ ਵਾਸਤੇ ਨਿਊਲੀ ਦੀ ਸੈਂਤ ਮਾਰੀ ਇੰਸਟੀਚਿਊਟ ਵਿਚ ਦਾਖਲਾ ਲਿਆ। 1926 ਵਿਚ ਸੌਰਬੋਨ ਦੇ ਵਿਸ਼ਵਵਿਦਿਆਲੇ ਵਿਚ ਉਸਨੇ ਦਰਸ਼ਨ ਅਤੇ ਸਾਹਿਤ ਦਾ ਕੋਰਸ ਸ਼ੁਰੂ ਕਰ ਦਿੱਤਾ। ਮਾਤਾ-ਪਿਤਾ ਨੂੰ ਡੂੰਘੀ ਨਿਰਾਸ਼ਾ ਹੋਈ। ਮਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਸੀਮੋਨ ਸ਼ਾਦੀ ਨਹੀਂ ਕਰ ਰਹੀ, ਧਾਰਮਿਕ ਨਹੀਂ ਹੈ, ਅਵਾਰਾ ਮੁੰਡਿਆਂ ਨਾਲ ਘੁੰਮਦੀ ਫਿਰਦੀ ਹੈ। ਪਿਤਾ ਨੂੰ ਇਸ ਗੱਲ ਦਾ ਅਫਸੋਸ ਕਿ ਉਸਦੀ ਬਹੁਤ ਹੀ ਹੋਣਹਾਰ ਧੀ ਨੇ ਸਰਕਾਰੀ ਨੌਕਰੀ ਨਾ ਕਰਕੇ ਸਿਰਫ ਅਧਿਆਪਕਾ ਦਾ ਪੇਸ਼ਾ ਅਪਣਾਇਆ। ਪਿਤਾ ਦੀਵਾਲੀਆ ਹੋ ਚੁੱਕੇ ਸਨ, ਧੀ ਦੇ ਵਿਆਹ ਵਿਚ ਦੇਣ ਵਾਸਤੇ ਉਨ੍ਹਾਂ ਕੋਲ ਦਹੇਜ ਨਹੀਂ ਸੀ ਅਤੇ ਨਾ ਹੀ ਰੂਪ ਦੇਖ ਕੇ ਉਸਨੂੰ ਕੋਈ ਸਵੀਕਾਰ ਕਰਦਾ। ਸੀਮੋਨ ਉਨ੍ਹੀਂ ਦਿਨੀ ਆਪਣੇ ਕਜ਼ਿਨ ਜੈਕ ਨਾਲ ਜੋ ਬਹੁਤ ਅਮੀਰ ਘਰ ਦਾ ਮੁੰਡਾ ਸੀ ਪ੍ਰੇਮ ਕਰਦੀ ਸੀ ਪਰ ਜੈਕ ਨੇ ਉਸ ਨੂੰ ਠੁਕਰਾ ਦਿੱਤਾ। ਦੁਖੀ ਸੀਮੋਨ ਸਮਾਜ ਸੇਵਾ ਵਿਚ ਦਿਲਚਸਪੀ ਲੈਣ ਲੱਗੀ, ਪਰ ਬਹੁਤਾ ਚਿਰ ਨਹੀਂ। ਮਨ ਕੁੱਝ ਹੋਰ ਹੀ ਚਾਹੁੰਦਾ ਸੀ। 


1927 ਵਿਚ ਸੀਮੋਨ ਨੇ ਦਰਸ਼ਨ ਦੀ ਡਿਗਰੀ ਪ੍ਰਾਪਤ ਕੀਤੀ। 1928 ਵਿਚ ਇਕੌਲ ਨਾਰਮਲ ਸੁਪੀਰੀਅਰ ਦਰਸ਼ਨ ਵਿਚ ਪੋਸਟ ਗਰੈਜੂਏਸ਼ਨ ਵਾਸਤੇ ਦਾਖਲਾ ਲਿਆ। ਉਹਨੂੰ ਪਹਿਲੀ ਵਾਰ ਆਜ਼ਾਦੀ ਮਿਲੀ। ਘਰ ਦੀਆਂ ਬੰਦਸ਼ਾਂ ਤੋਂ ਦੂਰ ਆਜ਼ਾਦੀ ਭਰਿਆ ਸਾਹ ਲਿਆ। ਸ਼ੁਰੂ ਦੇ ਦਿਨਾਂ ਵਿਚ ਅਵਾਰਾਗਰਦੀ ਕਰਨਾ, ਭੈਣ ਜਾਂ ਹੋਰ ਦੋਸਤਾਂ ਨਾਲ ਕੌਫੀ ਹਾਊਸਾਂ ਜਾਂ ਸ਼ਰਾਬਖਾਨਿਆਂ ਵਿਚ ਘੁੰਮਣਾਂ, ਪੀਣ-ਪਿਲਾਉਣ ਦਾ ਦੌਰ ਚੱਲਦਾ ਰਿਹਾ। ਪਰ ਉਹ ਫੇਰ ਉਚਾਟ ਹੋ ਗਈ ਅਤੇ ਪੂਰੇ ਜੋਸ਼ ਨਾਲ ਪੜ੍ਹਾਈ ਵਿਚ ਜੁਟ ਗਈ। ਫੇਰ ਵਿਦਿਆਰਥਣ ਬਣ ਗਈ। ਇਸ ਸਮੇਂ ਦੌਰਾਨ ਉਸਦੇ ਦੋ ਦੋਸਤ ਸਨ ਸਾਰੰਚਨਾਵਾਦ ਦਾ ਸੰਸਾਰ ਸਰਵਵਿਆਪੀ ਜਾਣਕਾਰ ਕਲੋਟ ਲਵੀ ਸਤਰਾਸ ਅਤੇ ਘਟਨਾ ਵਿਗਿਆਨਵਾਦੀ ਮੋਰਿਸ ਮੈਰਲੋਪੌਂਤੀ। ਇਹ ਸਾਲ ਸੀਮੋਨ ਵਾਸਤੇ ਬੜਾ ਹੀ ਦੁਖ ਭਰਿਆ ਰਿਹਾ। ਉਸ ਦੀ ਜਾਨ ਤੋਂ ਪਿਆਰੀ ਸਹੇਲੀ ਜਾਜਾ ਨੇ ਆਤਮ ਹੱਤਿਆ ਕਰ ਲਈ ਮੈਰਲੋਪੌਂਤੀ ਵੀ ਅਕਾਲ ਚਲਾਣਾ ਕਰ ਗਿਆ। ਸੀਮੋਨ, ਮੌਰਲੋਪੌਂਤੀ ਨਾਲ ਸ਼ਾਦੀ ਕਰਨੀ ਚਾਹੁੰਦੀ ਸੀ। ਜਾਜਾ ਦੀ ਘਾਟ ਉਸਦੇ ਜੀਵਨ ਵਿਚ ਪੂਰੀ ਨਹੀਂ ਹੋ ਸਕੀ, ਪਰ ਮੌਰਲੋਪੌਂਤੀ ਦੇ ਬਦਲੇ ਇਕੌਲ ਨੌਰਮਾਲ ਵਿਚ ਉਸਦੀ ਜਾਣ-ਪਹਿਚਾਣ ਅਸਤਿਤਵਵਾਦ ਦੇ ਮਸੀਹਾ ਯਾਂ ਪਾਲ ਸਾਰਤਰ ਨਾਲ ਹੋਈ। ਦੋਵੇਂ ਹੀ ਬਹੁਤ ਹੋਣਹਾਰ ਵਿਦਿਆਰਥੀ ਸਨ ਅਤੇ ਬਹੁਤ ਚੰਗੇ ਨੰਬਰਾਂ ਵਿਚ ਪ੍ਰੀਖਿਆ ਪਾਸ ਕੀਤੀ। 21 ਸਾਲ ਦੀ ਉਮਰ ਵਿਚ ਪਹਿਲੀ ਵਾਰ ਹੀ ਦਰਸ਼ਨ ਵਿਚ ਪਾਸ ਹੋ ਕੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਸੀ ਸੀਮੋਨ, ਸਾਰਤਰ ਦਾ ਇਹ ਦੂਸਰਾ ਜਤਨ ਸੀ। ਹੁਣ ਉਹ ਪ੍ਰੋਫੈਸਰ ਬਣ ਸਕਦੇ ਸਨ। ਆਪਸੀ ਦੋਸਤੀ ਪ੍ਰੇਮ ਵਿਚ ਬਦਲਣ ਲੱਗੀ। ਸੀਮੋਨ ਨੂੰ ਸਾਰਤਰ ਚੜ੍ਹਦੀ ਉਮਰ ਵਿਚ ਕਿਆਸੇ ਆਪਣੇ ਸੁਪਨਿਆਂ ਦੇ ਸਾਥੀ ਲੱਗੇ। 

ਵਿਆਹ ਅਤੇ ਖਾਨਦਾਨ ਦੀ ਪ੍ਰੰਪਰਾ/ਰਵਾਇਤ ਦੀ ਜਰੂਰਤ ਦੇ ਖਿਲਾਫ ਦੋਹਾਂ ਨੇ ਨਿਸਚਾ ਕੀਤਾ। ਸੀਮੋਨ ਵਿਆਹ ਨੂੰ ਇਕ ਖੋਖਲੀ ਤੇ ਢਹਿੰਦੀ ਹੋਈ ਸੰਸਥਾ ਮੰਨਦੀ ਸੀ। ਸਾਰਤਰ ਨੂੰ ਰਾਸ਼ਟਰੀ ਸੇਵਾ ਦੀ ਨੌਕਰੀ, ਜੋ ਕਿ ਉਨ੍ਹਾਂ ਦਿਨਾਂ ਵਿਚ ਫਰਾਂਸ ਅੰਦਰ ਜਰੂਰੀ ਸੀ ਸਵੀਕਾਰ ਕਰਨੀ ਪਈ। ਸੀਮੋਨ ਨੇ ਘਰ ਛੱਡ ਦਿੱਤਾ ਅਤੇ ਨਾਨੀ ਦੇ ਕੋਲ ਇਕ ਕਮਰਾ ਕਿਰਾਏ 'ਤੇ ਲੈ ਕੇ ਰਹਿਣ ਲੱਗੀ। ਪਾਰਟ ਟਾਈਮ ਦਾ ਅਧਿਆਪਨ ਉਸਦੀ ਉਪਜੀਵਕਾ ਦਾ ਸਾਧਨ ਬਣਿਆ। ਉਹਨੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਪਹਿਲੀ ਵਾਰ ਸਾਰਤਰ ਦੇ ਨਾਲ ਵਿਦੇਸ਼ ਯਾਤਰਾ 'ਤੇ ਸਪੇਨ ਪਹੁੰਚੀ। 


ਸੰਨ 1931 ਵਿਚ ਸਾਰਤਰ ਦੀ ਨਿਯੁਕਤੀ ਮਾਰਸੇਅ ਦੇ ਇਕ ਸਕੂਲ ਵਿਚ ਹੋਈ ਅਤੇ ਸਾਰਤਰ ਲੀਹਾਰਵ ਵਿਖੇ ਪੜ੍ਹਾਉਣ ਚਲਾ ਗਿਆ। ਇਹ ਜੁਦਾਈ ਦੋਹਾਂ ਵਾਸਤੇ ਦਰਦ ਭਰੀ ਸੀ। ਸਾਰਤਰ ਨੇ ਸੀਮੋਨ ਕੋਲ ਪਹਿਲੀ ਵਾਰ ਵਿਆਹ ਕਰਨ ਦਾ ਸੁਝਾਅ ਰੱਖਿਆ, ਤਾਂ ਕਿ ਉਹ ਇਕ ਹੀ ਜਗ੍ਹਾ ਨਿਯੁਕਤ ਹੋ ਸਕਣ। ਸੀਮੋਨ ਆਪਣੀ ਆਸਥਾ 'ਤੇ ਸਥਿਰ ਰਹੀ ਅਤੇ ਕੁੱਝ ਸਮੇਂ ਦਾ ਇਹ ਵਿਛੋੜਾ ਉਨ੍ਹਾਂ ਦੇ ਆਪਸੀ ਸਬੰਧਾਂ ਨੂੰ ਹੋਰ ਡੂੰਘੇ ਵਿਸ਼ਵਾਸ ਨਾਲ ਭਰ ਗਿਆ। ਸੀਮੋਨ ਨੂੰ ਜੀਵਨ ਵਿਚ ਪਹਿਲੀ ਵਾਰ ਇਕੱਲੇਪਣ ਦਾ ਅਹਿਸਾਸ ਹੋਇਆ। ਸੁੰਨੇ ਦਿਨ ਤੜਪਾਉਂਦੇ ਹਨ, ਪਰ ਮੁਕਤੀ ਦੀ ਇਹ ਯਾਤਰਾ ਉਸਦੀ ਇਕੱਲਿਆਂ ਹੋਵੇਗੀ, ਇਹ ਵੀ ਉਹ ਸਮਝ ਗਈ। ਇਹ ਲੜਾਈ ਉਸਦੀ ਆਪਣੇ ਆਪ ਨਾਲ ਸੀ ਕਿ ਸ਼ਰੀਰ ਦੀ ਮੰਗ ਦੀ ਪੂਰਤੀ ਕਿਵੇਂ ਹੋਵੇ? ਉਹਨੂੰ ਲੱਗਿਆ ਕਿ ਫੇਰ ਔਰਤ 'ਤੇ ਜਾਨਵਰ ਵਿਚ ਕੀ ਫਰਕ? ਆਪਣੀ ਊਰਜਾ ਸ਼ਕਤੀ ਦਾ ਨਿਕਾਸ ਉਹ ਨਿਯਮਬੱਧ ਪਹਾੜਾਂ ਦੀਆਂ ਲੰਬੀਆਂ ਅਤੇ ਥਕਾ ਦੇਣ ਵਾਲੀਆਂ ਚੜਾਈਆਂ ਚੜ੍ਹਨ ਨਾਲ ਕਰਨ ਲੱਗੀ। 


1932 ਵਿਚ ਉਸਦਾ ਤਬਾਦਲਾ ਰੂਔਂ ਦੇ ਇਕ ਸਕੂਲ ਵਿਚ ਹੋ ਗਿਆ, ਸਾਰਤਰ ਲਹਿਰਾਵ ਵਿਚ ਹੀ ਰਹਿ ਗਏ, ਪਰ ਹੁਣ ਮਿਲਣ-ਜੁਲਣ ਦੀ ਸਹੂਲਤ ਵੱਧ ਸੀ। ਸੀਮੋਨ ਦੀ ਵਿਦਿਆਰਥਣ ਸੀ ਪੋਲਿਸ਼ ਲੜਕੀ ਓਲਗਾ। ਖੁਬਸੂਰਤ, ਤੇਜ-ਤਰਾਰ, ਝਰਨੇ ਵਾਂਗ ਵਹਿੰਦੀ ਹੋਈ, ਉਹ ਸੀਮੋਨ ਦੀ ਦੋਸਤ ਬਣੀ ਅਤੇ ਉਸਦੇ ਨਾਲ ਹੀ ਰਹਿਣ ਲੱਗੀ। ਸਾਰਤਰ ਦਾ ਮਨ ਓਲਗਾ ਦੇ ਰੂਪ ਨਾਲ, ਉਸਦੇ ਜਵਾਨ ਸਰੀਰ ਨਾਲ ਪਹਿਚਾਣ ਚਾਹੁੰਦਾ ਸੀ। ਇਹ ਤਿੱਕੜੀ ਸੀਮੋਨ ਲਈ ਅਸਹਿ ਪੀੜਾ ਸੀ, ਕਿਉਂਕਿ ਸਾਰਤਰ ਨੇ ਸੀਮੋਨ ਨਾਲ ਸਬੰਧ ਦੀ ਪਹਿਲੀ ਸ਼ਰਤ ਇਹ ਰੱਖੀ ਸੀ ਕਿ ਪ੍ਰੇਮ ਦੋ ਕਿਸਮ ਦਾ ਹੁੰਦਾ ਹੈ। ਅਸਥਾਈ ਅਤੇ ਚਿਰ ਸਥਾਈ ਸਾਥਣ ਦਾ। ਇਹ ਛੋਟ ਨਾ ਸਿਰਫ ਉਹਨੇ ਆਪਣੇ ਵਾਸਤੇ ਰੱਖੀ ਬਲਕਿ ਸੀਮੋਨ ਨੂੰ ਵੀ ਇਸ ਦੀ ਇਜਾਜ਼ਤ ਦਿੱਤੀ ਸੀ, ਪਰ ਦ੍ਰਿੜ ਵਿਸ਼ਵਾਸਾਂ ਦੀ ਇਹ ਪੁਜਾਰਿਨ ਪਿਆਰ ਨੂੰ ਮਨ ਦਾ ਸਬੰਧ ਸਮਝਦੀ ਸੀ, ਸਿਰਫ ਸਰੀਰ ਦਾ ਨਹੀਂ। ਕੁੱਝ ਸਮੇਂ ਦੀ ਇਹ ਦਹਿਕਦੀ ਜਵਾਲਾ ਉਸਦੇ ਪਹਿਲੇ ਨਾਵਲ 'ਸ਼ੀ ਕੇਮ ਟੂ ਸਟੇਅ' ਦਾ ਅਧਾਰ ਬਣੀ। ਓਲਗਾ ਸਾਰਤਰ ਦੇ ਇਕ ਵਿਦਿਆਰਥੀ ਬੋਸਟ ਨਾਲ ਹੀ ਉਲਝ ਗਈ। ਸਾਰਤਰ ਇਕ ਸਾਲ ਵਾਸਤੇ ਬਰਲਿਨ ਪੜ੍ਹਾਉਣ ਚਲੇ ਗਿਆ। 

ਸੀਮੋਨ ,ਸਾਰਤਰ ਤੇ ਗਵੇਰਾ

ਸੀਮੋਨ ਆਪਣੀਆਂ ਵਿਦਿਆਰਥਣਾਂ ਨਾਲ ਕਦੇ ਵੀ ਸਖਤੀ ਨਾਲ ਵਰਤਾਉ ਨਹੀਂ ਕਰਦੀ ਸੀ। ਨਤੀਜੇ ਵਲੋਂ ਵਿਦਿਆਰਥਣਾਂ ਵੀ ਉਸਦੀਆਂ ਦੋਸਤ ਵੱਧ ਬਣਦੀਆਂ ਗਈਆਂ। ਦੋਸਤੀ ਕਰਕੇ ਆਪਸੀ ਵਿਚਾਰਾਂ ਦਾ ਆਦਨ-ਪ੍ਰਦਾਨ ਹੁੰਦਾ। ਜਦੋਂ ਉਹ ਵਿਦਿਆਰਥਣਾਂ ਦੀਆਂ ਸਮੱਸਿਆਵਾਂ ਸੁਣਦੀ ਸੀ ਉਦੋਂ ਉਹਨੂੰ ਆਪਣੀ ਪਿਆਰੀ ਸਹੇਲੀ ਜਾਜਾ ਯਾਦ ਆ ਜਾਂਦੀ ਸੀ, ਜੋ ਆਪਣੇ ਮਸੇਰੇ ਭਾਈ ਪਰਾਦੇਲ ਨਾਲ ਪਿਆਰ ਕਰਦੀ ਸੀ, ਪਰੰਤੂ ਧਰਮ ਤੋਂ ਭੈਅ-ਭੀਤ ਜਾਜਾ ਨੂੰ ਮਾਂ૶ਬਾਪ ਦੇ ਡਰ ਕਾਰਨ ਆਤਮ ਹੱਤਿਆ ਕਰਨੀ ਪਈ। ਸੀਮੋਨ ਔਰਤ ਦੀਆਂ ਰਵਾਇਤੀ ਭੂਮਿਕਾਵਾਂ ਦੀ ਆਲੋਚਨਾ ਕਰਦੀ ਹੈ, ਨਾਲ ਹੀ ਜੰਗ ਵਿਰੋਧੀ ਚਰਚਾ ਵੱਧ ਕਰਦੀ ਹੈ। ਵਿਦਿਆਰਥਣਾਂ ਦੇ ਮਾਪਿਆਂ ਵਲੋਂ ਸ਼ਿਕਾਇਤ ਦੇ ਕਾਰਨ ਸੀਮੋਨ ਨੂੰ ਅਧਿਕਾਰੀਆਂ ਵਲੋਂ ਸਖਤ ਝਾੜ ਪਈ, ਪਰ ਉਹ ਕਦੋਂ ਚੁੱਪ ਰਹਿਣ ਵਾਲੀ ਸੀ? ਸੰਨ 1936 ਵਿਚ ਉਸਦੀ ਬਦਲੀ ਲੀਸੇ ਮਾਲਿਏਰ ਵਿਚ ਹੋ ਗਈ। ਸਾਲ ਤੋਂ ਬਾਅਦ ਸਾਰਤਰ ਦੀ ਨਿਯੁਕਤੀ ਵੀ ਪੈਰਿਸ ਦੇ ਸਕੂਲ ਲੀਸੇ ਪਾਸਤਰ ਵਿਖੇ ਹੋ ਗਈ। ਉਹ ਇਕ ਹੀ ਹੋਟਲ ਵਿਚ ਵੱਖੋ ਵੱਖ ਮੰਜ਼ਿਲਾਂ 'ਤੇ ਰਹਿਣ ਲੱਗੇ। ਘਰ ਨਹੀਂ ਵਸਾਇਆ। ਹੋਟਲ 'ਚ ਰਹਿਣਾ ਤੇ ਬਾਹਰ ਖਾਣਾ। ਗ੍ਰਿਹਸਥੀ ਦੇ ਝੰਜਟਾਂ ਤੋਂ ਬਿਲਕੁੱਲ ਮੁਕਤ। ਸਾਰਾ ਸਮਾਂ ਲਿਖਣ, ਅਧਿਅਨ ਅਤੇ ਅਧਿਆਪਨ ਲਈ। ਕਾਹਵਾ ਘਰਾਂ ਵਿਚ ਦੋਸਤਾਂ ਨਾਲ ਦਰਸ਼ਨ 'ਤੇ ਬਹਿਸ । ਸਾਰੀ ਰਾਤ ਪੈਰਿਸ ਦੀਆਂ ਸੜਕਾਂ 'ਤੇ ਘੁੰਮਣਾਂ, ਕਦੀਂ ਕਿਤੇ ਅਤੇ ਕਦੀਂ ਕਿਤੇ। ਬੇਫਿਕਰੀ ਤੇ ਮਸਤੀ ਦਾ ਆਲਮ। ਉਹ 1938 ਦਾ ਸਾਲ ਸੀ। ਹਿਟਲਰ ਦੀ ਸੈਨਾ ਦਿਨ-ਪ੍ਰਤੀਦਿਨ ਅੱਗੇ ਵਧਦੀ ਜਾ ਰਹੀ ਸੀ ਅਤੇ ਇਹ ਦੋ ਲਾਲ ਕਮਲ ਤਲਾਬ ਵਿਚ ਮਸਤੀ ਨਾਲ ਤਰ ਰਹੇ ਸਨ। 


ਸੰਨ 1939 ਦਾ ਸਾਲ। ਦੂਜੇ ਮਹਾਂਯੁੱਧ ਦਾ ਐਲਾਨ। 1940 ਦਾ ਸਾਲ। ਫਰਾਂਸ ਦਾ ਪਤਨ। ਨਾਜ਼ੀ ਸੈਨਾ ਪੈਰਿਸ ਦੀਆਂ ਸੜਕਾਂ ਨੂੰ ਕੁਚਲ ਰਹੀ ਸੀ। ਰਾਜਨੀਤੀ, ਜੀਵਨ ਨੂੰ ਅਜਿਹੀ ਵਿਸਫੋਕਟ ਚੋਟ ਦੇ ਸਕਦੀ ਹੈ, ਇਹ ਸਾਰਤਰ ਨੇ ਪਹਿਲੀ ਵਾਰ ਸਮਝਿਆ। ਜ਼ਿੰਦਗੀ ਰਾਜਨੀਤੀ ਤੋਂ ਅਲੱਗ ਨਹੀਂ ਹੈ। ਸਾਰਤਰ ਨੇ ਪ੍ਰਤੀਨਿਧਤਾ ਦਾ ਸਿਧਾਂਤ ਅਪਣਾਇਆ। ਇਸ ਸੋਚ ਨਾਲ ਸੀਮੋਨ ਦਾ ਪੂਰਨ ਸਮਰਥਨ ਸੀ। ਉਸ ਨੂੰ ਪੈਰਿਸ ਤੋਂ ਭੱਜਣਾ ਪਿਆ। ਉਹ ਇਸ ਵਿਰੋਧੀ ਅੰਦੋਲਨ ਦੇ ਆਗੂਆਂ ਵਿਚੋਂ ਸੀ। ਸਾਰਤਰ ਨੂੰ ਕੈਦ ਕਰ ਲਿਆ ਗਿਆ, ਪਰ ਬਾਅਦ ਵਿਚ ਛੱਡ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿਚ ਸੀਮੋਨ ਫਲੌਰੇ ਕੌਫੀ ਹਾਉਸ ਵਿਚ ਬੈਠ ਕੇ ਲਿਖਿਆ ਕਰਦੀ ਸੀ। ਨਾਜ਼ੀਆਂ ਨੇ ਉਹਨੂੰ ਸਕੂਲ ਦੀ ਨੌਕਰੀ ਤੋਂ ਕੱਢ ਦਿੱਤਾ। 1941 ਵਿਚ ਉਸਦਾ ਪਹਿਲਾ ਨਾਵਲ 'ਸ਼ੀ ਕੇਮ ਟੂ ਸਟੇਅ' ਪ੍ਰਕਾਸ਼ਿਤ ਹੋਇਆ ਅਤੇ ਉਸਦੀ ਲਿਖਤ ਨੂੰ ਲੋਕਾਂ ਵਲੋਂ ਸਨਮਾਨ ਮਿਲਿਆ। 1944 ਵਿਚ ਪੈਰਿਸ ਅਜਾਦ ਹੋਇਆ। ਕਿਉਂਕਿ ਸੀਮੋਨ ਤੇ ਸਾਰਤਰ ਦੋਵੇਂ ਹੀ ਖੱਬੇ ਪੱਖੀ ਸਨ। ਅਖੀਰ 1945 ਵਿਚ 'ਲਾ ਤੋ ਮੋਦਾਰਨ' ਨਾਂ ਦੀ ਪੱਤ੍ਰਿਕਾ ਦਾ ਆਰੰਭ ਹੋਇਆ। ਸੀਮੋਨ ਦਾ ਲਿਖਿਆ ਹੋਇਆ ਇਕ ਨਾਟਕ 'ਯੂ ਸਲੈਸ ਮਾਊਥ' ਸਟੇਜ 'ਤੇ ਖੇਡਿਆ ਗਿਆ ਪਰ ਅਸਫਲ ਰਿਹਾ। ਇਸ ਤੋਂ ਬਾਅਦ ਉਸ ਨੇ ਕਦੇ ਵੀ ਨਾਟਕ ਨਹੀਂ ਲਿਖਿਆ। ਦੂਸਰਾ ਨਾਵਲ 'ਦ ਬਲੱਡ ਆਫ ਅਦਰਸ' ਇਸੇ ਸਾਲ ਪ੍ਰਕਾਸ਼ਿਤ ਹੋਇਆ, ਜਿਸਨੂੰ ਸੰਘਰਸ਼ਸ਼ੀਲ ਅੰਦੋਲਨ ਦੇ ਦੌਰਾਨ ਲਿਖਿਆ ਹੋਇਆ ਅਤਿਅੰਤ ਪਰਮਾਣਿਕ ਨਾਵਲ ਮੰਨਿਆ ਗਿਆ। 1946 ਵਿਚ 'ਆਲ ਮੈਨ ਆਰ ਮੋਰਟਲ' ਪ੍ਰਕਾਸ਼ਿਤ ਹੋਇਆ। ਸਾਰਤਰ ਨੇ ਐਲਾਨ ਕੀਤਾ ਕਿ ਹੁਣ ਉਹ ਕਿਸੇ 'ਐਮ' ਨਾਂ ਦੀ ਔਰਤ ਨਾਲ ਸਾਲ ਵਿਚ ਤਿੰਨ-ਚਾਰ ਮਹੀਨੇ ਰਿਹਾ ਕਰੇਗਾ। ਸੀਮੋਨ ਸੋਚਦੀ ਹੈ ਇਹ 'ਐਮ' ਕੌਣ ਹੈ। 1947 ਵਿਚ ਉਸਦੀ ਦਰਸ਼ਨ ਦੀ ਇਕੋ-ਇਕ ਪੁਸਤਕ 'ਦ ਏਥਿਕਸ ਆਫ ਐਂਬੀਗੁਇਟੀ' ਛਪੀ ਜੋ ਕਿ ਮਨੁੱਖੀ ਕਦਰਾਂ-ਕੀਮਤਾਂ 'ਤੇ ਇਕ ਮਹੱਤਵਪੂਰਨ ਦਾਰਸ਼ਨਿਕ ਦਸਤਾਵੇਜ਼ ਹੈ। 

ਇਹ 1947 ਦਾ ਸਾਲ ਸੀ ਜਦੋਂ ਸੀਮੋਨ ਵੇ ਆਪਣੇ ਮਹਾਨ ਗ੍ਰੰਥ 'ਦ ਸੈਕਿੰਡ ਸੈਕਸ' ਉੱਪਰ ਕੰਮ ਸ਼ੁਰੂ ਕੀਤਾ। ਔਰਤ ਦੀ ਹੋਣੀ ਕੀ ਹੈ? ਉਹ ਗੁਲਾਮ ਕਿਉਂ ਹੈ? ਕਿਸਨੇ ਛਾਲਾਂ ਮਾਰਦੀ ਫਿਰਦੀ ਹਿਰਨੀ ਦੇ ਪੈਰਾਂ ਵਿਚ ਇਹ ਬੇੜੀਆਂ ਪਾਈਆਂ ਹਨ? ਇਸ ਸਮੇਂ ਹੀ ਅਮਰੀਕਾ ਤੋਂ ਆਏ ਭਾਸ਼ਣ ਲੜੀ ਦੇ ਸੱਦੇ ਨੂੰ ਕਬੂਲ ਕਰ ਲਿਆ। ਨਵਾਂ ਦੇਸ਼ ਦੇਖਣ ਦਾ ਉਤਸ਼ਾਹ ਅਤੇ ਪਹਿਲੀ ਵਾਰ ਇੰਨੀ ਦੂਰ ਜਾਣਾ? ਸ਼ਿਕਾਗੋ ਵਿਚ ਉਹ ਅਮਰੀਕਨ ਨਾਵਲ ਲੇਖਕ ਨੈਲਸਨ ਐਲਗ੍ਰੇਨ ਨੂੰ ਮਿਲੀ। ਉਹ ਭਰਪੂਰ ਪਿਆਰ ਵਿਚ ਡੁੱਬ ਗਏ। ਚਾਰ ਸਾਲ ਤੱਕ ਇਹ ਪ੍ਰੇਮ ਪ੍ਰਸੰਗ ਚਲਿਆ। ਕਦੀਂ ਛੁੱਟੀਆਂ ਵਿਚ ਸੀਮੋਨ ਅਮਰੀਕਾ ਜਾਂਦੀ, ਕਦੀਂ ਨੈਲਸਨ ਪੈਰਿਸ ਵਿਚ ਆ ਜਾਂਦਾ। ਐਲਗ੍ਰੇਨ ਨੇ ਵਿਆਹ ਦਾ ਸੁਝਾਅ ਰੱਖਿਆ, ਪਰ ਸੀਮੋਨ ਸਾਰਤਰ ਦੇ ਪ੍ਰਤੀ ਪ੍ਰਤੀਬੱਧ ਰਹੀ। ਪੈਰਿਸ ਉਸਨੂੰ ਬਹੁਤ ਪਿਆਰਾ ਹੈ ਅਤੇ ਆਪਣੇ ਲਿਖਣ ਕਾਰਜ ਨਾਲ ਬੇਹੱਦ ਲਗਾਉ। ਪਿਆਰ ਕੁੜੱਤਣ ਵਿਚ ਬਦਲ ਜਾਂਦਾ ਹੈ। ਦੁਖੀ ਹੋਇਆ ਐਲਗ੍ਰੇਨ ਅਮਰੀਕਾ ਵਾਪਸ ਚਲਾ ਜਾਂਦਾ ਹੈ। ਬਸ! ਕਦੀ-ਕਦਾਈਂ ਖ਼ਤ-ਪੱਤਰ ਤੱਕ ਇਹ ਸਬੰਧ ਸਿਮਟ ਕੇ ਰਹਿ ਜਾਂਦਾ ਹੈ। 

ਸੀਮੋਨ ਤੇ ਸਾਰਤਰ 

ਸੰਨ 1948 ਵਿਚ 'ਅਮੈਰਿਕਾ : ਡੇ ਬਾਈ ਡੇ' ਦਾ ਪ੍ਰਕਾਸ਼ਨ ਹੁੰਦਾ ਹੈ ਅਤੇ 'ਲਾ ਤੌ ਮੋਦਾਰਨ' ਵਿਚ 'ਸੈਕਿੰਡ ਸੈਕਸ' ਦੇ ਕੁੱਝ ਹਿੱਸੇ ਛਪਦੇ ਹਨ। ਸੀਮੋਨ ਹੁਣ ਪੱਕੇ ਨਿਯਮ ਅਧੀਨ ਸਵੇਰ ਦਾ ਸਮਾਂ ਆਪਣੇ ਲਿਖਣ ਵਾਸਤੇ ਅਤੇ ਸ਼ਾਮ ਦਾ ਵਕਤ ਸਾਰਤਰ ਨਾਲ ਗੁਜ਼ਾਰਨ ਲੱਗੀ। ਆਪਣੇ ਸਮੇਂ ਦੇ ਬੌਧਿਕ ਮਸੀਹੇ ਨੇ ਔਰਤ ਦੀ ਆਜ਼ਾਦੀ ਬਾਰੇ ਲਿਖੀ ਜਾਣ ਵਾਲੀ ਕਿਤਾਬ ਵਿਚ ਪੂਰੀ ਦਿਲਚਸਪੀ ਲਈ। ਕਈ ਥਾਵਾਂ 'ਤੇ ਸਾਰਤਰ ਨੇ ਸੀਮੋਨ ਨੂੰ ਹੋਰ ਵੀ ਡੂੰਘਾ ਵਿਚਾਰ ਕਰਨ ਨੂੰ ਕਿਹਾ। ਕਈ ਥਾਵਾਂ 'ਤੇ ਬੰਦਿਆਂ ਉੱਪਰ ਇਕਤਰਫਾ ਲਾਏ ਗਏ ਦੋਸ਼ਾਂ ਨੂੰ ਕੱਟਿਆ। 


1949 ਵਿਚ 'ਦ ਸੈਕਿੰਡ ਸੈਕਸ' ਦਾ ਪ੍ਰਕਾਸ਼ਨ ਹੁੰਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਉਸਨੂੰ ਪੱਤਰ ਲਿਖੇ। ਜਿਸ ਸਮੇਂ ਇਹ ਕਿਤਾਬ ਛਪੀ, ਸੀਮੋਨ ਆਪਣੇ ਆਪ ਨੂੰ ਨਾਰੀਵਾਦੀ ਭਾਵ ਆਦਮੀਆਂ ਦੇ ਅੰਦਰ ਇਸਤਰੀ ਦੀ ਸਭਾਵਿਕ ਸਥਿਤੀ ਬਾਰੇ ਜਾਂ ਇੰਝ ਕਹੋ ਕਿ ਔਰਤਾਂ ਦੇ ਅਸਲ ਅਤੇ ਬੁਨਿਆਦੀ ਅਧਿਕਾਰਾਂ ਦੀ ਸਮਰਥਕ ਨਹੀਂ ਮੰਨਦੀ ਸੀ, ਪਰ ਸਮੇਂ ਦੇ ਨਾਲ ਉਸਨੂੰ ਸਮਝ ਆਉਣ ਲੱਗਾ ਕਿ ਇਹ ਅੱਧੀ ਦੁਨੀਆਂ ਦੀ ਗੁਲਾਮੀ ਦਾ ਸਵਾਲ ਹੈ, ਜਿਸ ਵਿਚ ਅਮੀਰ-ਗਰੀਬ ਹਰ ਵਰਗ ਤੇ ਹਰ ਦੇਸ਼ ਦੀ ਔਰਤ ਜਕੜੀ ਹੋਈ ਹੈ। ਕੋਈ ਔਰਤ ਮੁਕਤ ਨਹੀਂ। ਉਸਨੇ ਕਦੇ ਕੁੱਝ ਵਿਸ਼ੇਸ਼ ਔਰਤਾਂ ਦੀਆਂ ਪ੍ਰਪਤੀਆਂ ਉੱਤੇ ਧਿਆਨ ਨਹੀਂ ਦਿੱਤਾ ਅਤੇ ਨਾਂ ਹੀ ਆਪਣੇ ਬਾਰੇ ਉਸਨੂੰ ਕੋਈ ਗਲਤ-ਫਹਿਮੀ ਸੀ। ਔਰਤ ਦੀ ਸਮੱਸਿਆ ਸਮਾਜਵਾਦ ਤੋਂ ਵੀ ਨਹੀਂ ਸੁਲਝ ਸਕਦੀ। ਇਸ ਸਮੇਂ ਸੋਵੀਅਤ ਲੇਬਰ ਕੈਂਪ ਵਿਚ ਹੋਏ ਅੱਤਿਆਚਾਰ ਦੁਨੀਆਂ ਦੇ ਅਖਬਾਰਾਂ ਵਿਚ ਛਪੇ। ਸੀਮੋਨ ਨੇ ਖੁੱਲ੍ਹ ਕੇ ਵਿਰੋਧ ਕੀਤਾ। ਪਾਰਟੀ ਪ੍ਰਤੀ ਉਸ ਦੀ ਪ੍ਰਤੀਬੱਧਤਾ ਬਾਰੇ ਸਵਾਲ ਉੱਠੇ। ਇਸ ਮੁੱਦੇ ਬਾਰੇ ਉਸਨੇ ਵਿਅਕਤੀ ਵੱਡਾ ਜਾਂ ਪਾਰਟੀ ਸਮੱਸਿਆ 'ਤੇ 'ਦ ਮੈਨਰਡੇਰਿਸ' ਨਾਵਲ ਲਿਖਿਆ। 1951 ਵਿਚ ਐਲਗ੍ਰੇਨ ਨਾਲ ਸਬੰਧ ਹਮੇਸ਼ਾ ਵਾਸਤੇ ਖਤਮ ਹੋ ਗਏ। ਸੀਮੋਨ ਅਫਰੀਕਾ ਘੁੰਣ ਗਈ। ਉਸਨੇ ਆਪਣੀ ਪਹਿਲੀ ਕਾਰ ਖਰੀਦੀ। 

1952 ਵਿਚ ਡਾਕਟਰਾਂ ਨੂੰ ਉਸਦੀ ਖੱਬੀ ਛਾਤੀ ਵਿਚ ਕੈਂਸਰ ਹੋਣ ਦਾ ਸ਼ੱਕ ਹੋਇਆ। ਇਕ ਛੋਟਾ ਮਾਸ ਦਾ ਗੋਲ਼ਾ ਕੱਟ ਕੇ ਕੱਢ ਦਿੱਤਾ ਗਿਆ। ਪਹਿਲੀ ਵਾਰ ਉਮਰ ਅਤੇ ਮੌਤ ਉਸਨੂੰ ਡਰਾਉਂਦੀ ਹੈ, ਉਹ ਇਸਨੂੰ ਸੁਲਝਾਉਣ ਦਾ ਸਬੱਬ ਬਣਾਉਂਦੀ ਹੈ ਇਕ ਪ੍ਰੇਮ ਪ੍ਰਸੰਗ ਵਿਚ। ਕਲਾਂਦ ਲੈਂਜ਼ਮੈਨ ਉਸਤੋਂ ਕਾਫੀ ਘੱਟ ਉਮਰ ਦਾ ਪੱਤਰਕਾਰ ਸੀ। ਸੀਮੋਨ ਨੇ ਫੈਸਲਾ ਕੀਤਾ ਕਿ ਉਹ ਲੈਂਜ਼ਮੈਨ ਦੇ ਨਾਲ ਰਵ੍ਹੇਗੀ ਅਤੇ ਨਾਲ ਹੀ ਸਾਰਤਰ ਨਾਲ ਪੱਕੀ ਦੋਸਤੀ ਅਤੇ ਸਥਾਈ ਪ੍ਰੇਮ ਸਬੰਧ ਵੀ ਰਹੇਗਾ। ਉਹ ਸਾਰਤਰ ਨਾਲ ਗਰਮੀਆਂ ਵਿਚ ਹਰ ਵਾਰ ਰੋਮ ਜਾਣ ਲੱਗੀ। 1954 ਵਿਚ 'ਦ ਮੇਂਡਰਿਕਸ' ਨਾਂ ਦਾ ਨਾਵਲ ਛਪਿਆ ਅਤੇ ਫਰਾਂਸ ਦਾ ਸਭ ਤੋਂ ਸਨਮਾਨਿਤ ਪੁਰਸਕਾਰ 'ਪਰਿਕਸ ਗੋਂਕਰ' ਉਸਨੂੰ ਮਿਲਿਆ। 46 ਸਾਲ ਦੀ ਉਮਰ ਵਿਚ ਇਹ ਪੁਰਸਕਾਰ ਸ਼ਾਇਦ ਸਭ ਤੋਂ ਪਹਿਲਾਂ ਉਹਨੂੰ ਹੀ ਦਿੱਤਾ ਗਿਆ ਸੀ। ਫਰਾਂਸ ਦੀ ਬਸਤੀਵਾਦੀ ਨੀਤੀ, ਅਲਜੀਰੀਆ ਦਾ ਵਿਦਰੋਹ। ਸੀਮੋਨ ਹੁਣ ਸਿੱਧੀ ਰਾਜਨੀਤਕ ਅਖਾੜੇ ਵਿਚ ਸੀ। 'ਪਰਿਨੀਲੇਜ਼' ਨਾਂ ਦਾ ਲੇਖ ਸੰਗ੍ਰਹਿ ਪ੍ਰਕਾਸ਼ਿਤ ਹੋਇਆ, ਜਿਸ ਵਿਚ ਖੁਲ੍ਹਕੇ ਫਰਾਂਸ ਦੀ ਬਸਤੀਵਾਦੀ ਨੀਤੀ ਦੇ ਖਿਲਾਫ ਲਿਖਿਆ ਗਿਆ ਸੀ। ਸਾਰਤਰ ਦੇ ਨਾਲ 1955 ਵਿਚ ਹੈਲਸਿੰਕੀ ਵਿਖੇ ਵਿਸ਼ਵ ਅਮਨ ਕਾਨਫਰੰਸ ਵਿਚ ਹਿੱਸਾ ਲੈਂਦੀ ਹੈ। ਇਸੇ ਸਾਲ ਸਾਰਤਰ ਦੇ ਨਾਲ ਚੀਨ ਦੀ ਯਾਤਰਾ। ਮੌਂਪਾਰਨਸ ਵਿਚ ਪੁਰਸਕਾਰ ਰਾਹੀਂ ਮਿਲੇ ਹੋਏ ਪੈਸਿਆਂ ਨਾਲ ਆਪਣਾ ਨਿੱਜੀ ਸਟੂਡੀਉ ਭਾਵ ਇਕ ਕਮਰੇ ਦਾ ਛੋਟਾ ਜਿਹਾ ਫਲੈਟ ਖਰੀਦਦੀ ਹੈ, ਜਿੱਥੇ ਉਹ ਅਖੀਰ ਤੱਕ ਰਹੀ। 


1958 ਵਿਚ ਉਸ ਦੀ ਡਾਇਰੀ ਦੇ ਪਹਿਲੇ ਭਾਗ 'ਮੈਮੋਰੀਜ਼ ਆਫ ਡਿਉਟੀਫੁੱਲ ਡਾਟਰ' ਛਪਦੀਆਂ ਹਨ। ਇਸ ਦੇ ਨਾਲ ਹੀ ਲੋਕਾਂ ਦੀ ਇਕ ਵਿਸ਼ਾਲ ਸਭਾ ਵਿਚ ਦ ਗਾਲ ਦੇ ਫੇਰ ਸੱਤਾ ਵਿਚ ਆਉਣ ਦੇ ਖਿਲਾਫ ਬੋਲਦੀ ਹੈ। ਪਰ ਦ ਗਾਲ ਫੇਰ ਸੱਤਾ ਵਿਚ ਆ ਜਾਂਦਾ ਹੈ। ਦ ਗਾਲ ਦੀ ਅਲਜੀਰੀਆ ਬਾਰੇ ਨੀਤੀ ਦੇ ਖਿਲਾਫ ਸੀਮੋਨ ਤੇ ਸਾਰਤਰ ਦੋਵੇਂ ਸਖਤ ਆਲੋਚਨਾ ਕਰਦੇ ਹਨ। ਇਸੇ ਸਾਲ ਲੈਂਜ਼ਮੈਨ ਨਾਲ ਉਸਦਾ ਸਬੰਧ ਖਤਮ ਹੋ ਜਾਂਦਾ ਹੈ। ਇਹ ਹੋਣਾ ਹੀ ਸੀ। ਲੈਂਜ਼ਮੈਨ ਦੇ ਸਾਹਮਣੇ ਸਾਰੀ ਜ਼ਿੰਦਗੀ ਪਈ ਸੀ। 


1959 ਵਿਚ ਫੇਰ ਅਲਜੀਰੀਆ ਦੇ ਮੁਕਤੀ-ਸੰਗਰਾਮ ਵਿਚ ਖੁੱਲ੍ਹ ਕੇ ਹਿੱਸਾ ਲੈਂਦੀ ਹੈ ਅਤੇ ਸਰਕਾਰੀ ਪਾਬੰਦੀ ਦੇ ਖਿਲਾਫ ਜਲੂਸ ਵਿਚ ਜਾਂਦੀ ਹੈ। ਕੈਨੇਡੀਅਨ ਸਰਕਾਰ ਉਸਦੇ ਇਕ ਟੈਲੀਵੀਜ਼ਨ ਇੰਟਰਵਿਊ ਤੇ ਪਾਬੰਦੀ ਲਾ ਦਿੰਦੀ ਹੈ, ਕਿਉਂਕਿ ਉਹ ਨਾਸਤਿਕ ਹੈ ਅਤੇ ਵਿਆਹ ਦੀ ਸੰਸਥਾ ਦੇ ਨਾਲ ਹੀ ਕੈਥੋਲਿਕ ਧਰਮ ਦਾ ਵੀ ਵਿਰੋਧ ਕਰਦੀ ਹੈ। 


ਇਸ ਸਮੇਂ ਫਰਾਂਸ ਵਿਚ ਇਕ ਕਿਤਾਬ ਛਪਦੀ ਹੈ ਔਰਤ ਦੇ ਜਨਮ-ਨਿਰੋਧਕ ਅਧਿਕਾਰ ਦੇ ਹੱਕ ਵਿਚ। ਸੀਮੋਨ ਇਸ ਕਿਤਾਬ ਦਾ ਮੁੱਖ ਬੰਦ ਲਿਖਦੀ ਹੈ। 1960 ਵਿਚ ਸਾਰਤਰ ਦੇ ਨਾਲ ਕਿਊਬਾ ਜਾਂਦੀ ਹੈ। ਕਾਸਟਰੋ ਨੇ ਬਹੁਤ ਹੀ ਮੁਹੱਬਤ ਅਤੇ ਗਰਮਜੋਸ਼ੀ ਨਾਲ ਇਨ੍ਹਾਂ ਦੋ ਮਹਾਨ ਲੇਖਕਾਂ ਦਾ ਸਵਾਗਤ ਕੀਤਾ। ਫਰਾਂਸੀਸੀ ਸਰਕਾਰ ਵਲੋਂ ਦੁਖੀ ਕੀਤੀ ਗਈ ਜਮੀਲਾ ਬੂਪਾਕਾ ਦੇ ਹੱਕ ਵਿਚ ਸੀਮੋਨ ਆਵਾਜ਼ ਉਠਾਉਂਦੀ ਹੈ। ਇਸੇ ਸਾਲ ਉਸਦੀ ਆਤਮ ਕਥਾ ਦਾ ਦੂਸਰਾ ਭਾਗ 'ਦ ਪਰਾਈਸ ਆਫ ਲਾਈਫ' ਪ੍ਰਕਾਸ਼ਿਤ ਹੁੰਦਾ ਹੈ। ਫੇਰ ਲੇਖਕਾਂ ਵਲੋਂ ਆਲੋਚਨਾ ਦਾ ਵਿਸ਼ਾ, ਪਰ ਸਭ ਤੋਂ ਵੱਧ ਵਿਕਣ ਵਾਲੀ ਕਿਤਾਬ। 


ਸੰਨ 1961 ਵਿਚ ਸਾਰਤਰ ਦੇ ਫਲੈਟ ਉੱਤੇ ਬੰਬ ਸੁੱਟੇ ਗਏ, ਕਿਉਂਕਿ ਉਹ ਅਲਜੀਰੀਆ ਦੀ ਆਜ਼ਾਦੀ ਦੇ ਅੰਦੋਲਨ ਦੇ ਹੱਕ ਵਿਚ ਸਨ। ਉਹ ਚੁੱਪ-ਚਾਪ ਲੁਕ ਕੇ ਦੂਸਰੀ ਫਲੈਟ ਵਿਚ ਰਹਿਣ ਲਗਦੇ ਹਨ। ਉੱਥੇ ਵੀ ਬੰਬ ਸੁੱਟਿਆ ਜਾਂਦਾ ਹੈ। ਉਹ ਫੇਰ ਹੋਰ ਜਗ੍ਹਾ। ਜਮੀਲਾ ਬੂਪਾਕਾ ਆਪਣੇ ਦੁੱਖਾਂ ਦੀ ਕਹਾਣੀ ਕਿਤਾਬ ਦੇ ਰੂਪ ਵਿਚ ਲਿਖਦੀ ਹੈ। ਸੀਮੋਨ ਇਸਦੀ ਭੂਮਿਕਾ ਲਿਖਦੀ ਹੈ। ਸੀਮੋਨ ਨੂੰ ਟੈਲੀਫੋਨ ਰਾਹੀਂ ਮੌਤ ਦੀਆਂ ਧਮਕੀਆਂ ਮਿਲਦੀਆਂ ਹਨ। ਅੰਤ ਵਿਚ ਅਲਜੀਰੀਆ ਨਾਲ ਫਰਾਂਸੀਸੀ ਸਰਕਾਰ ਸਮਝੌਤਾ ਕਰਦੀ ਹੈ। ਸੋਵੀਅਤ ਲੇਖਕਾਂ ਦੇ ਸੱਦੇ 'ਤੇ ਸੀਮੋਨ, ਸਾਰਤਰ ਦੇ ਨਾਲ ਰੂਸ ਪਹੁੰਚੀ। 


1963 ਵਿਚ ਸੀਮੋਨ ਦੀ ਮਾਂ ਦੀ ਮੌਤ ਹੋ ਗਈ। ਉਹ ਚੈਕੋਸਲਵਾਕੀਆ ਗਈ। ਆਤਮਕਥਾ ਦਾ ਤੀਜਾ ਭਾਗ 'ਦ ਫੋਰਸ ਆਫ ਸਰਕਮਸਟਾਂਸਜ਼' ਪ੍ਰਕਾਸ਼ਿਤ ਹੋਇਆ। ਪ੍ਰੈਸ ਦੀ ਮਿਲੀ-ਜੁਲੀ ਪ੍ਰਤੀਕ੍ਰਿਆ। ਉਸਨੇ ਆਪਣੀ ਮਾਂ ਦੀ ਮੌਤ ਸਮੇਂ 1964 ਵਿਚ 'ੲ ਵੈਰ੍ਹੀ ਈਜ਼ੀ ਡੈਥ' ਨਾਵਲ ਲਿਖਿਆ। 1966 ਵਿਚ ਫੇਰ ਸਾਰਤਰ ਦੇ ਨਾਲ ਸੋਵੀਅਤ ਯੂਨੀਅਨ ਅਤੇ ਜਪਾਨ ਦੀ ਯਾਤਰਾ। ਇਨ੍ਹਾਂ ਦੋਹਾਂ ਮਹਾਨ ਲੇਖਕਾਂ ਦਾ ਸਾਰਾ ਸਾਹਿਤ ਜਾਪਾਨੀ ਭਾਸ਼ਾ ਵਿਚ ਅਨੁਵਾਦਿਤ ਹੋਇਆ, ਜਿਸ ਵਿਚ 'ਦ ਸੈਕਿੰਡ ਸੈਕਸ' ਸਭ ਤੋਂ ਵੱਧ ਵਿਕੀ। ਇਸੇ ਸਾਲ ਹੋਰ ਇਕ ਨਾਵਲ 'ਬਿਉਟੀਫੁਲ ਇਮੇਜਜ਼' ਛਪਿਆ। 1967 ਵਿਚ ਮੱਧਪੂਰਬ ਦੀ ਯਾਤਰਾ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਭਾਸ਼ਣ। 


1968 ਵਿਚ ਬਰਟੰਡ ਰਸਲ ਨੇ ਸਾਰਤਰ ਦੇ ਸਹਿਯੋਗ ਨਾਲ ਯੁੱਧ ਅੰਦਰ ਅਪਰਾਧੀਕਰਣ ਦੇ ਖਿਲਾਫ ਨਿਆਂ ਲਈ ਵਿਵਸਥਾ ਦੀ ਸਥਾਪਨਾ ਕੀਤੀ ਜਿਸ ਵਿਚ ਸੀਮੋਨ ਨੇ ਵੀ ਸਹਾਇਤਾ ਕੀਤੀ। ਮੁੱਖ ਉਦੇਸ਼ ਸੀ ਅਮਰੀਕਾ ਦੀ ਵੀਅਤਨਾਮ ਨੀਤੀ ਦੇ ਵਿਰੁੱਧ ਸਸਾੰਰ ਦੀ ਰਾਇ ਤਿਆਰ ਕਰਨੀ। ਇਸ ਸਾਲ ਉਸਦਾ ਇਕ ਹੋਰ ਨਾਵਲ 'ਦ ਵੂਮੈਨ ਡੈਸਟ੍ਰਾਇਡ' ਪ੍ਰਕਾਸ਼ਿਤ ਹੋਇਆ। ਇਸਤੋਂ ਬਾਅਦ 1968 ਦੀ ਮਈ ਦੇ ਮਹੀਨੇ ਸੱਤਾ ਦੀਆਂ ਜੜਾਂ ਨੂੰ ਹਲਾ ਦੇਣ ਵਾਲੀ ਵਿਦਿਆਰਥੀ ਕ੍ਰਾਂਤੀ। ਸਾਰਤਰ ਹੁਣ ਕਰਮਯੋਗੀ ਸੀ, ਇਸ ਕ੍ਰਾਂਤੀ ਦਾ ਆਗੂ। ਸੀਮੋਨ ਚੁਣੀ ਜਾਂਦੀ ਹੈ ਨੈਸ਼ਨਲ ਲਾਇਬ੍ਰੇਰੀ ਕਾਂਸਲਰਲੇਟਿਟਵ ਕਮੇਟੀ ਲਈ 'ਮੈਨ ਆਫ ਲੈਟਰਜ਼' ਦੀ ਮੈਂਬਰ ਦੇ ਰੂਪ ਵਿਚ। 


1970 ਵਿਚ 'ਓਲਡ ਏਜ' ਦਾ ਪ੍ਰਕਾਸ਼ਨ। ਇਸਦੀ ਖੁੱਲ੍ਹਕੇ ਆਲੋਚਨਾ ਹੋਈ ਕਿ ਉਹ ਸਠਿਆ ਗਈ ਹੈ, ਪੀੜਤ ਹੈ ਆਦਿ ਆਦਿ। ਪਰ ਸੰਸਾਰ ਸਾਹਿਤ ਵਿਚ ਬੁਢਾਪੇ ਦੀ ਅਵਸਥਾ ਬਾਰੇ ਇੰਨੇ ਮਹੱਤਵਪੂਰਨ ਵਿਸਲੇਸ਼ਣ ਬਹੁਤ ਘੱਟ ਲਿਖੇ ਗਏ ਹਨ। 


ਹੁਣ ਸੀਮੋਨ ਫਰਾਂਸ ਦੀ ਔਰਤਾਂ ਦੇ ਮੁਕਤੀ ਅੰਦੋਲਨ ਦੀ ਆਗੂ ਸੀ ਅਤੇ ਨਿੱਤ ਨਵੇਂ ਮੁੱਦਿਆਂ ਤੇ ਬੋਲ ਰਹੀ ਸੀ। 1971 ਵਿਚ 'ਮੈਨੀਫੇਸਟੋ ਆਫ 343' ਛਪਿਆ ਜਿਸ ਵਿਚ ਫਰਾਂਸ ਦੀਆਂ ਬਹੁਤ ਸਾਰੀਆਂ ਮਹੱਤਵਪੂਰਨ ਔਰਤਾਂ ਨੇ ਆਪਣੇ ਜੀਵਨ ਵਿਚ ਕੀਤੇ ਗਏ ਗਰਭਪਾਤਾਂ ਨੂੰ ਸਵੀਕਾਰਿਆ। ਇਸ ਵਿਚ ਸੀਮੋਨ ਦੇ ਵੀ ਦਸਤਖਤ ਸਨ। 1970 ਤੋਂ ਪਹਿਲਾਂ ਉਹ ਨਾਰੀ ਮੁਕਤੀ ਅੰਦੋਲਨ ਦੇ ਪ੍ਰਤੀ ਇਕ ਸਮਾਜ ਸੁਧਾਰਕ ਦਾ ਦ੍ਰਿਸ਼ਟੀਕੋਨ ਰਖਦੀ ਸੀ ਪਰ ਹੁਣ ਉਹ ਔਰਤਾਂ ਦੀ ਸਥਿਤੀ ਵਿਚ ਬੁਨਿਆਦੀ ਤਬਦੀਲੀ ਚਾਹੁੰਦੀ ਸੀ। ਸਦੀਆਂ ਤੋਂ ਔਰਤਾਂ 'ਤੇ ਤਸ਼ੱਦਦ ਹੋ ਰਿਹਾ ਸੀ ਜਿਸਦਾ ਜੜ੍ਹੋਂ ਖਾਤਮਾ ਜਰੂਰੀ ਸੀ। ਸਮਾਜਵਾਦ ਨਾਲ ਔਰਤ ਦੀ ਸਮੱਸਿਆ ਹੱਲ ਨਹੀਂ ਹੋ ਸਕਦੀ। ਉਹ ਰੂਸ ਦੀਆਂ ਔਰਤਾਂ ਦੀ ਉਦਾਹਰਣ ਵੀ ਦੇਖ ਰਹੀ ਸੀ। ਆਦਮੀ ਬਹੁਤ ਚਲਾਕ ਹੁੰਦਾ ਹੈ ਅਤੇ ਸੱਤਾ ਦੇ ਨਸ਼ੇ ਵਿਚ ਔਰਤਾਂ ਦਾ ਦਮਨ ਕੀਤੇ ਬਗੈਰ ਰਹਿ ਨਹੀਂ ਸਕਦਾ। ਹੁਣ ਇਸ ਅੱਧੀ ਦੁਨੀਆਂ ਦੇ ਸਾਰੇ ਵਾਦਾਂ, ਜਾਤੀਆਂ, ਰਾਸ਼ਟਰਾਂ ਦਾ ਵਖਰੇਵਾਂ ਛੱਡ ਕੇ ਦਬਾਈ ਜਾ ਰਹੀ ਜਾਤੀ ਦੀ ਤਰ੍ਹਾਂ ਲੰਬੀ ਲੜਾਈ ਲੜਨੀ ਪਵੇਗੀ। 


ਆਤਮ ਕਥਾ ਦਾ ਚੌਥਾ ਭਾਗ 'ਆਲ ਸੈਡ ਐਂਡ ਡੰਨ' 1972 ਵਿਚ ਛਪਦਾ ਹੈ। 1973 ਵਿਚ 'ਲ ਤੌ ਮੋਦਾਰਨ' ਪੱਤ੍ਰਿਕਾ ਵਿਚ ਔਰਤਾਂ ਦੇ ਸਮਰਥਕ ਕਾਲਮ ਦੀ ਸ਼ੁਰੂਆਤ ਕੀਤੀ। ਉਹ 1974 ਵਿਚ ਔਰਤਾਂ ਦੇ ਮੁਕਤੀ ਅੰਦੋਲਨ ਦੀ ਪ੍ਰਧਾਨ ਚੁਣੀ ਗਈ। 1978 ਵਿਚ ਉਸਦੇ ਜੀਵਨ 'ਤੇ ਦਾਯਾਂ ਐਂਡ ਰਿਬੋਸਕਾ ਨੇ ਇਕ ਫਿਲਮ ਬਣਾਈ। 1979 ਵਿਚ ਜੀਵਨ ਭਰ ਮਨੁੱਖੀ ਸਬੰਧਾ ਵਾਲੇ ਅਤੇ ਸੰਗੀ-ਸਾਥੀ ਸਾਰਤਰ ਦੀ ਮੌਤ। ਸਾਰਤਰ ਦੀ ਮੌਤ ਅਤੇ ਉਸ ਨਾਲ ਗੱਲਬਾਤ ਦੇ ਕੁੱਝ ਅੰਦਰੂਨੀ ਹਿੱਸੇ ' ੲ ਫਅਰਵੈਲ ਟੂ ਸਾਰਤਰ' 1981 ਵਿਚ ਪ੍ਰਭਾਵਸ਼ਾਲੀ ਰੂਪ ਵਿਚ ਸੀਮੋਨ ਨੇ ਪ੍ਰਕਾਸ਼ਿਤ ਕੀਤੇ। 1981 ਵਿਚ ਉਸਦੇ ਪੁਰਾਣੇ ਪ੍ਰੇਮੀ ਐਲਗ੍ਰੇਨ ਦੀ ਵੀ ਮੌਤ ਹੋ ਗਈ। 1983 ਵਿਚ ਸਾਰਤਰ ਵਲੋਂ ਸੀਮੋਨ ਨੂੰ ਲਿਖੀਆਂ ਗਈਆਂ ਜਾਤੀ ਚਿੱਠੀਆਂ ਅਤੇ ਕੁੱਝ ਹੋਰ ਸਾਥੀਆਂ ਦੀਆਂ ਚਿੱਠੀਆਂ ਨੂੰ ਛਪਵਾਇਆ ਗਿਆ, ਜਿਸਦਾ ਸੰਪਾਦਨ ਸੀਮੋਨ ਨੇ ਆਪ ਕੀਤਾ। 1985 ਵਿਚ ਓਲਗਾ ਅਤੇ ਬੋਸਟ ਦੋ ਹੋਰ ਨੇੜਲੇ ਸਾਥੀਆਂ ਦੀ ਮੌਤ ਹੋ ਗਈ। 


ਇਕ ਇਕ ਕਰਕੇ ਸੰਗੀ ਸਾਥੀ ਹੁਣ ਵਿਦਾ ਹੋ ਰਹੇ ਸਨ। ਸੀਮੋਨ ਨੂੰ ਵੀ ਆਪਣੀ ਮੌਤ ਨੇੜੇ ਆਉਂਦੀ ਦਿਸ ਰਹੀ ਸੀ। ਸਾਰਤਰ ਦੀ ਮੌਤ, ਨੇੜਲੇ ਸਾਥੀਆਂ ਦਾ ਜਾਣਾ। ਆਖਰੀ ਦਿਨਾਂ ਵਿਚ ਉਹ ਇਕੱਲੀ ਪਰ ਪੂਰੀ ਤਰ੍ਹਾਂ ਇਕ ਇਕ ਪਲ ਕੰਮ ਵਿਚ ਜੁਟੀ ਰਹੀ। ਆਪਣੀ ਇਕ ਇੰਟਰਵਿਊ ਵਿਚ ਉਹ ਕਹਿੰਦੀ ਹੈ : 'ਮੈਂ ਜ਼ਿੰਦਗੀ ਨੂੰ ਪਿਆਰ ਕੀਤਾ, ਸ਼ਿੱਦਤ ਨਾਲ ਚਾਹਿਆ, ਉਸਦਾ ਪੱਲਾ ਫੜਿਆ, ਦਿਸ਼ਾ-ਨਿਰਦੇਸ਼ ਦਿੱਤਾ। ਇਹ ਮੇਰੀ ਜ਼ਿੰਦਗੀ ਹੈ ਜੋ ਸਿਰਫ ਇਕ ਵਾਰ ਹੀ ਮਿਲੀ ਹੈ। ਹੁਣ ਲਗਦਾ ਹੈ ਕਿ ਮੈਂ ਆਪਣੀ ਮੰਜ਼ਿਲ ਦੀ ਦਿਸ਼ਾ ਵਲ ਅੱਗੇ ਵਧ ਰਹੀ ਹਾਂ। ਜੋ ਕੁੱਝ ਵੀ ਅੱਜ ਕਰ ਰਹੀ ਹਾਂ, ਉਹ ਲਿਖਣ ਦਾ ਵਿਕਾਸ ਨਹੀਂ, ਬਲਕਿ ਮੇਰਾ ਜੀਵਨ ਖਤਮ ਕਰਦੀ ਹੈ, ਮੌਤ ਮੇਰੇ ਪਿੱਛੇ ਪਈ ਹੈ।'ਫੇਰ 14 ਅਪਰੈਲ 1986 ਨੂੰ ਇਹ ਲੇਖਿਕਾ ਦੁਨੀਆਂ ਨੂੰ ਅਲਵਿਦਾ ਆਖ ਜਾਂਦੀ ਹੈ। 


ਲੇਖਿਕਾ--ਡਾ: ਪ੍ਰਭਾ ਖੇਤਾਨ 

ਪੰਜਾਬੀ ਤਰਜ਼ਮਾ-ਕੇਹਰ ਸ਼ਰੀਫ਼

Wednesday, March 6, 2013

ਮੇਰੇ ਹਿੱਸੇ ਦਾ ਸਾਹਿਰ ਲੁਧਿਆਣਵੀ

'ਪੰਜਾਬ ਦੀਆਂ ਬੌਧਿਕ ਸੱਭਿਆਚਾਰਕ ਹਸਤੀਆਂ ਨੂੰ ਪੰਜਾਬੀਆਂ ਨੇ ਜ਼ਿੰਦਗੀ ਦੇ ਜਸ਼ਨਾਂ 'ਚ ਬੇਹੱਦ ਘੱਟ ਸ਼ਾਮਲ ਕੀਤਾ ਹੈ। ਤਮਿਲ,ਕੇਰਲਾਈਟ ਤੇ ਬੰਗਾਲੀ ਇਸ ਪੱਖੋਂ ਕਾਫੀ ਅਮੀਰ ਹਨ। ਬਾਬਾ ਬੁੱਲ੍ਹੇ ਸ਼ਾਹ ਤੋਂ ਲੈ ਕੇ ਸਾਹਿਰ ਲੁਧਿਆਣਵੀ ਤੱਕ ਸਥਾਪਤੀ ਨੂੰ ਸਵਾਲ ਕਰਨ ਵਾਲੇ ਸੱਭਿਆਚਾਰਕ ਕਾਮੇ 'ਸਮਾਗਮੀ-ਮੰਚੀ ਸੱਭਿਆਚਰ'(ਯੇ ਦੁਨੀਆ ਅਗਰ ਮਿਲ ਭੀ ਜਾਏ ਤੋ ਕਿਆ ਹੈ) ਸਿਆਸਤ ਦਾ ਸ਼ਿਕਾਰ ਜ਼ਰੂਰ ਹੋਏ ਪਰ ਪੰਜਾਬੀ ਸਮਾਜ ਦੀ ਰੂਹ 'ਚੋਂ ਗੈਰ-ਹਾਜ਼ਰ ਹੁੰਦੇ ਗਏ।ਲੋਕਾਈ ਨਾਲ ਹਮੇਸ਼ਾਂ ਲੋਕ ਭਾਸ਼ਾ 'ਚ ਹੀ ਸੰਵਾਦ ਸਥਾਪਤ ਕੀਤਾ ਜਾ ਸਕਦਾ ਹੈ। ਤਾਮਿਲਨਾਡੂ,ਕੇਰਲ ਤੇ ਬੰਗਾਲ ਦੇ ਨੌਜਵਾਨ ਨੂੰ ਦੇਸ-ਦੁਨੀਆਂ ਦੀਆਂ ਕਿਤਾਬਾਂ ਲੋਕ ਭਾਸ਼ਾ 'ਚ ਮਿਲਦੀਆਂ ਹਨ ਪਰ ਸਾਡਾ ਕਿਹਾ ਜਾਂਦਾ ਬੌਧਿਕ ਲਾਣਾ ਆਪਣਾ ਪਿਛੋਕੜ ਭੁੱਲ ਕੇ 'ਮੰਡੀ ਦੀ ਭਾਸ਼ਾ' ਅੰਗਰੇਜ਼ੀ 'ਚ ਲਿਖਣ/ਤਰਜ਼ਮੇ ਕਾਰਨ ਲੋਕ ਸੱਭਿਆਚਾਰ ਤੋਂ ਦੂਰ ਹੋ ਗਿਆ ਤੇ ਨਵੀਂ ਪੀੜ੍ਹੀ ਦੇ ਹਿੱਸੇ ਸੰਵਾਦ ਸਥਾਪਤ ਕਾਰਨ ਵਾਲੀਆਂ ਚੰਗੀਆਂ ਕਿਤਾਬਾਂ ਦੀ ਥਾਂ ਸਿਰਫ ਗਾਲ੍ਹਾਂ ਆਈਆਂ ਹਨ।ਪੰਜਾਬੀ ਸਮਾਜ ਕੋਲ ਊਂਗਲਾਂ 'ਤੇ ਗਿਣਨ ਜੋਗੀਆਂ ਚੰਗੀਆਂ ਵਾਰਤਕ ਕਿਤਾਬਾਂ ਨਹੀਂ ਹਨ,ਹਾਂ 'ਸਾਹਿਤਕ ਵਾਰਤਕ ਪ੍ਰਦੂਸ਼ਣ' ਤੇ ਖੱਬੀ-ਸੱਜੀ 'ਕੁੱਤੀ ਦੇ ਸੂਏ' ਵਰਗੀ ਕਵਿਤਾ ਦਾ ਹੜ੍ਹ ਜ਼ਰੂਰ ਆਇਆ ਹੋਇਆ,ਜਿਸ ਨਾਲ ਪੰਜਾਬ ਡੁੱਬ ਵੀ ਸਕਦਾ ਹੈ। ਅਜਿਹੀ ਤਰਥੱਲੀ ਦੇ ਮਾਹੌਲ 'ਚ ਦਿੱਲੀ ਰਹਿੰਦੇ ਪੰਜਾਬੀ ਦੇ 'ਸਾਹਿਤਕ-ਸੱਭਿਆਚਾਰਕ' ਪੱਤਰਕਾਰ ਦੀਪ ਜਗਦੀਪ ਸਿੰਘ ਨੇ ਸਾਹਿਰ ਲੁਧਿਆਣਵੀ ਬਾਰੇ ਅੰਗਰੇਜ਼ੀ 'ਚ ਅਨੂਪ ਸਿੰਘ ਸੰਧੂ ਦੀ ਕਿਤਾਬ Sahir Ludhianvi :‘Life and Love’ ਦਾ ਪੰਜਾਬੀ ਤਰਜ਼ਮਾ ਕਰਕੇ ਅਹਿਮ ਜਿੰਮੇਂਵਾਰੀ ਨਿਭਾਉਂਦਿਆਂ ਪੰਜਾਬੀ ਲੋਕ ਸੱਭਿਆਚਾਰ ਤੇ ਇਤਿਹਾਸ ਨੂੰ ਹੋਰ ਅਮੀਰ ਕੀਤਾ ਹੈ,ਜਿਸ ਨਾਲ ਪੰਜਾਬੀ ਆਪਣੀ ਲੋਕ ਭਾਸ਼ਾ ਜ਼ਰੀਏ ਸਾਹਿਰ ਦੀ ਜ਼ਿੰਦਗੀ,ਪਿਆਰ ਤੇ ਸਮਾਜ ਨਾਲ ਨਵਾਂ ਰਿਸ਼ਤਾ ਗੰਢਣਗੇ।ਮੈਂ ਆਪਣੇ ਵਲੋਂ ਦੋਸਤ ਦੀਪ ਜਗਦੀਪ ਨੂੰ ਚੰਗੇ ਕਾਰਜ ਲਈ ਵਧਾਈ ਦਿੰਦਾ ਹਾਂ।-ਯਾਦਵਿੰਦਰ ਕਰਫਿਊ

ਸਾਹਿਰ ਲੁਧਿਆਣਵੀ-ਜੀਵਨ ਅਤੇ ਇਸ਼ਕ। ਕਿਤਾਬ ਛਪ ਕੇ ਮੇਰੇ ਹੱਥਾਂ ਵਿਚ ਆ ਗਈ ਹੈ। ਇਸ ਕਿਤਾਬ ਦਾ ਅਨੁਵਾਦ ਸ਼ੁਰੂ ਕਰਨ ਤੋਂ ਵੀ ਚਿਰਾਂ ਪਹਿਲਾਂ ਮੇਰਾ ਸਾਹਿਰ ਨਾਲ ਇਕ ਅਜੀਬ ਜਿਹਾ ਅਹਿਸਾਸ ਜੁੜਿਆ ਹੋਇਆ ਸੀ। ਕੋਸ਼ਿਸ਼ ਕਰਦਾ ਹਾਂ ਕਿ ਜੇ ਉਹ ਅਹਿਸਾਸ ਮੈਂ ਲਫ਼ਜ਼ਾਂ ਵਿਚ ਬਿਆਨ ਹੋ ਸਕੇ। ਅਸਲ ਵਿਚ ਮੇਰੇ ਅੰਦਰ ਸਾਹਿਤ ਦੀ ਚਿਣਗ ਬਾਲਣ ਵਾਲਾ ਨਾਮ ਹੈ ਸਾਹਿਰ ਲੁਧਿਆਣਵੀ। ਬਾਲ ਉਮਰੇ ਮੈਂ ਬੱਸ ਸਾਹਿਰ ਲੁਧਿਆਣਵੀ ਦਾ ਨਾਮ ਸੁਣਿਆ ਸੀ। ਨਾ ਉਸ ਦੀ ਕੋਈ ਕਵਿਤਾ ਪੜ੍ਹੀ ਸੀ ਅਤੇ ਨਾ ਹੀ ਮੈਨੂੰ ਪਤਾ ਸੀ ਕਿ ਉਸ ਦਾ ਲਿਖਿਆ ਗੀਤ ਕਿਹੜਾ ਹੈ। ਪਰ ਉਸ ਦਾ ਨਾਮ ਮੈਨੂੰ ਹਮੇਸ਼ਾ ਫੰਤਾਸੀ ਦਾ ਅਹਿਸਾਸ ਕਰਵਾਉਂਦਾ ਸੀ। ਮੈਨੂੰ ਬੱਸ ਇਨ੍ਹਾਂ ਹੀ ਪਤਾ ਸੀ ਕਿ ਉਹ ਬੜਾ ਵੱਡਾ ਸ਼ਾਇਰ ਸੀ। ਉਸ ਨਾਲ ਜੁੜੇ ਕਈ ਕਿੱਸੇ ਸੁਣੇ ਸਨ। ਕਿਸੇ ਦੱਸਿਆ ਸੀ ਕਿ ਉਹ ਐਸਾ ਗੀਤਕਾਰ ਸੀ, ਜੋ ਸੰਗੀਤਕਾਰ ਤੋਂ ਵੀ ਵੱਧ ਪੈਸੇ ਲੈਂਦਾ ਸੀ। ਇਹ ਵੀ ਸੁਣਿਆ ਸੀ ਕਿ ਉਹ ਆਪਣੇ ਯਾਰਾਂ ਨਾਲ ਲੁਧਿਆਣੇ ਵਾਲੇ ਜਗਰਾਉਂ ਪੁਲ ਤੇ ਬੈਠਦਾ ਸੀ। ਇਹ ਉਹੀ ਉਮਰ ਸੀ ਜਦੋਂ ਬਾਲ-ਮਨ ਕੋਈ ਨਾ ਕੋਈ ਕਾਰਨਾਮਾ ਕਰ ਕੇ ਛੇਤੀ ਮਸ਼ਹੂਰ ਹੋ ਜਾਣਾ ਚਾਹੁੰਦਾ ਹੈ। ਮੇਰੀ ਮਨੋਸਥਿਤੀ ਵੀ ਇਹੋ ਜਿਹੀ ਹੀ ਸੀ।

ਸਕੂਲ ਦੇ ਦਿਨਾਂ ਵਿਚ ਮੈਂ ਬੈਡਮਿੰਟਨ ਖੇਡਣ ਲਈ ਗੁਰੂ ਨਾਨਕ ਸਟੇਡਿਅਮ ਪੈਦਲ ਜਾਂਦਾ ਹੁੰਦਾ ਸੀ। ਆਪਣੇ ਘਰ ਤੋਂ ਸਟੇਡਿਅਮ ਜਾਣ ਲਈ ਮੈਂ ਰੇਵਲੇ ਕਲੋਨੀ ਅਤੇ ਰੇਲਵੇ ਵਰਕਸ਼ਾਪ ਵਿਚਲਾ ਛੋਟਾ ਰਾਹ ਫੜ੍ਹਦਾ ਸੀ। ਇਹ ਰਾਹ ਅੱਗੇ ਜਾ ਕੇ ਸ਼ਾਮ ਨਗਰ ਦੇ ਪਿਛਲੇ ਪਾਸੇ ਜਗਰਾਉਂ ਪੁਲ ਦੇ ਹੇਠਾਂ ਨਿਕਲਦਾ ਸੀ, ਜਿੱਥੋਂ ਪੁਲ ਦੇ ਹੇਠੋਂ ਲੰਘ ਕੇ ਸਟੇਡਿਅਮ ਦੀ ਦੀਵਾਰ ਦੇ ਕੋਲ ਪੁੱਜ ਜਾਈਦਾ ਸੀ। ਜਦੋਂ ਵੀ ਇੱਥੋਂ ਲੰਘਦਾ ਮੈਨੂੰ ਇੰਝ ਮਹਿਸੂਸ ਹੁੰਦਾ ਕਿ ਸਾਹਿਰ ਪੁਲ ਦੇ ਉਤੇ ਕਿਤੇ ਖੜਾ ਹੈ। ਜਾ ਕੇ ਇਕ ਵਾਰ ਦੇਖ ਕੇ ਆਵਾਂ। ਇੰਝ ਇਹ ਖਿਆਲ ਕਈ ਸਾਲਾਂ ਤੱਕ ਮੇਰੇ ਜ਼ਹਿਨ ਵਿਚ ਤੈਰਦਾ ਰਿਹਾ ਸੀ। ਜਦੋਂ ਕੋਈ ਮਿੱਤਰ ਬਾਹਰਲੇ ਸ਼ਹਿਰੋਂ ਮਿਲਣ ਆਉਂਦਾ ਤਾਂ ਇਸ ਪੁਲ ਤੋਂ ਲੰਘਦੇ ਹੋਏ ਮੈਂ ਉਸ ਨੂੰ ਦੱਸਦਾ ਕਿ ਸਾਹਿਰ ਇਸੇ ਪੁਲ ਦੇ ਉੱਤੇ ਆਪਣੇ ਦੋਸਤਾਂ ਨਾਲ ਮਹਿਫ਼ਿਲ ਲਾਉਂਦਾ ਸੀ। ਸੁਣ ਕੇ ਪਤਾ ਨਹੀਂ ਕੀ ਮਹਿਸੂਸ ਕਰਦੇ ਹੋਣਗੇ, ਪਰ ਇਹ ਗੱਲ ਦੱਸ ਕੇ ਮੈਨੂੰ ਖ਼ੁਮਾਰ ਜਿਹਾ ਚੜ੍ਹ ਜਾਂਦਾ ਸੀ। ਉਸ ਦੇ ਨਾਮ ਵਾਂਗ ਆਪਣੇ ਨਾਮ ਦੇ ਪਿੱਛੇ ਲੁਧਿਆਣਵੀ ਲਿਖ ਕੇ ਵੇਖਦਾ ਹੁੰਦਾ ਸੀ।

ਉਨ੍ਹਾਂ ਦਿਨਾਂ ਵਿਚ ਮੈਂਨੂੰ ਕਾਮਿਕਸ ਪੜ੍ਹਨ ਦਾ ਬੜਾ ਸ਼ੌਂਕ ਸੀ। ਅੱਠ ਤੋਂ ਬਾਰਾਂ ਕੁ ਰੁਪਏ ਵਿਚ ਇਕ ਕਾਮਿਕਸ ਆ ਜਾਂਦੀ ਸੀ। ਮੈਂ ਜੇਬ ਖਰਚ ਲਈ ਮਿਲੇ ਪੈਸੇ ਜੋੜ ਕੇ ਰੱਖਦਾ ਤੇ ਜਦੋਂ ਇਕ ਕਾਮਿਕਸ ਖਰੀਦਣ ਜੋਗੇ ਪੈਸੇ ਹੋ ਜਾਂਦੇ ਜਾ ਕੇ ਲੈ ਆਂਦਾ। ਜਦੋਂ ਮੈਨੂੰ ਸਾਹਿਰ ਬਾਰੇ ਅਖਬਾਰਾਂ ਰਾਹੀਂ ਜਿਆਦਾ ਜਾਣਕਾਰੀ ਮਿਲੀ ਤਾਂ ਉਸ ਦੀ ਕਿਤਾਬ ਤਲਖ਼ੀਆਂ ਪੜ੍ਹਨ ਦੀ ਤਾਂਘ ਮਨ ਵਿਚ ਪੈਦਾ ਹੋਈ। ਚੌੜੇ ਬਾਜ਼ਾਰ ਵਿਚਕਾਰ ਲਾਇਲ ਬੁੱਕ ਡਿਪੋ ਤੇ ਜਾ ਕੇ ਮੈਂ ਉਹ ਕਿਤਾਬ ਲੱਭ ਲਈ, ਉਸ ਦੀ ਕੀਮਤ ਉਸ ਵੇਲੇ ਸ਼ਾਇਦ ਵੀਹ ਕੁ ਰੁਪਏ ਸੀ। ਕਾਫ਼ੀ ਦੇਰ ਉਸ ਕਿਤਾਬ ਨੂੰ ਉਲਟ-ਪਲਟ ਕੇ ਦੇਖਦਾ ਰਿਹਾ। ਬਹੁਤ ਤਾਂਘ ਹੁੰਦੇ ਹੋਏ ਵੀ ਪਤਾ ਨਹੀਂ ਕਿਉਂ ਮੈਂ ਕਿਤਾਬ ਬਿਨ੍ਹਾਂ ਖਰੀਦੇ ਘਰ ਮੁੜ ਆਇਆ। ਸ਼ਾਇਦ ਰੰਗੀਨ ਤਸਵੀਰਾਂ ਅਤੇ ਦਿਲਚਸਪ ਫੰਤਾਸੀ ਵਾਲੀਆਂ ਕਹਾਣੀਆਂ ਵਾਲੇ ਕਾਮਿਕਸ ਦੇ ਮੁਕਾਬਲੇ ਇਹ ਸਾਧਾਰਣ ਛਪਾਈ ਵਾਲੀ ਸਾਦੀ ਜਿਹੀ ਕਿਤਾਬ ਮੈਨੂੰ ਕੁਝ ਮਹਿੰਗੀ ਜਾਪੀ ਸੀ। ਫਿਰ ਵੀ ਸਾਹਿਰ ਨਾਲ ਮੇਰਾ ਜ਼ਹਿਨੀ ਮੋਹ ਘਟਿਆ ਨਹੀਂ ਸੀ। ਸਾਹਿਰ ਦੀ ਤਾਜ ਮਹੱਲ ਕਵਿਤਾ ਕਿਤੇ ਪੜ੍ਹੀ ਤਾਂ ਇਸ ਨੇ ਮੈਨੂੰ ਬੜਾ ਝੰਜੋੜਿਆ ਸੀ। ਪਤਾ ਨਹੀਂ ਕਦੋਂ ਮੈਂ ਤੁੱਕ-ਬੰਦੀ ਜਿਹੀ ਕਰਨ ਲੱਗ ਗਿਆ ਸੀ। ਫ਼ਿਲਮੀ ਗੀਤਾਂ ਵਿਚੋਂ ਚੰਗੀਆਂ ਲਗਦੀਆਂ ਸਤਰਾਂ ਨੂੰ ਨੋਟ ਕਰ ਲੈਣਾ। ਉਨ੍ਹਾਂ ਦੇ ਅੱਗੇ ਆਪਣੀ ਸਤਰਾਂ ਜੋੜ ਕੇ ਤੁਕਬੰਦੀ ਜਿਹੀ ਬਣਾ ਦੇਣੀ। ਦਸਵੀਂ ਵਿਚ ਪੜ੍ਹਦਿਆਂ ਅਜਿਹੀ ਤੁੱਕਬੰਦੀ ਨਾਲ ਮੇਰੀ ਇਕ ਕਾਪੀ ਭਰੀ ਹੋਈ ਸੀ, ਜੋ ਮੇਰੇ ਬਸਤੇ ਵਿਚ ਰਹਿੰਦੀ ਸੀ। ਇਕ ਵਾਰ ਇਹ ਕਾਪੀ ਮੇਰੀ ਅਧਿਆਪਕਾ ਨੇ ਦੇਖ ਲਈ ਸੀ ਅਤੇ ਮੈਨੂੰ ਭਰੀ ਕਲਾਸ ਵਿਚ ਇਸ ਵਿਚੋਂ ਕੁਝ ਪੜ੍ਹ ਕੇ ਸੁਣਾਉਣਾ ਪਿਆ ਸੀ।

ਉਦੋਂ ਮਿਲੀ ਤਾਰੀਫ਼ ਨੇ ਮੈਨੂੰ ਸ਼ਾਇਰੀ ਤੋਂ ਮਿਲਣ ਵਾਲੇ ਮਾਣ ਸਤਕਾਰ ਬਾਰੇ ਹੋਰ ਵੀ ਜਿਆਦਾ ਜਾਗਰੂਕ ਕਰ ਦਿੱਤਾ ਸੀ। ਇਸ ਤਰ੍ਹਾਂ ਕਦੇ ਮੈਂ ਤੁਕਬੰਦੀ ਜੋੜਨ ਲੱਗ ਜਾਂਦਾ, ਕਦੇ ਗੀਤ ਲਿਖਣ ਲੱਗ ਜਾਂਦਾ, ਕਦੇ ਫ਼ਿਲਮੀ ਸੰਵਾਦ ਤੇ ਕਦੇ ਨਾਟਕ, ਗੱਲ ਕੀ ਜੋ ਵੀ ਮੇਰੇ ਹੱਥ ਆਉਂਦਾ ਜਾਣ ਨਾ ਦਿੰਦਾ। ਉੇਦੋਂ ਇਕੋ-ਇਕ ਮਕਸਦ ਸ਼ੋਹਰਤ ਖੱਟਣਾ ਹੁੰਦਾ ਸੀ। ਜੇ ਮੈਂ ਕਹਾਂ ਕਿ ਸਾਹਿਤ ਨਾਲ ਜੋ ਅੱਜ ਮੇਰੀ ਸਾਂਝ ਹੈ ਤਾਂ ਬਾਲਪੁਣੇ ਵਿਚ ਸਾਹਿਰ ਦੇ ਫੰਤਾਸੀ ਭਰਪੂਰ ਇਸ ਮੋਹ ਦਾ ਹੀ ਨਤੀਜਾ ਹੈ ਤਾਂ ਅਤਿਕਥਨੀ ਨਹੀਂ ਹੋਵੇਗਾ। ਪੱਤਰਕਾਰੀ ਵਿਚ ਸਰਗਰਮ ਹੋਣ ਮਗਰੋਂ ਸਾਹਿਤਕਾਰਾਂ ਦੇ ਨੇੜੇ ਆਉਣ ਅਤੇ ਸਾਹਿਤਕ ਸਮਾਗਮਾਂ ਵਿਚ ਸ਼ਾਮਿਲ ਹੋਣ ਤੋਂ ਬਾਅਦ ਮੇਰੇ ਇਸ ਬੇ-ਮੁਹਾਰੇ ਸ਼ੌਂਕ ਨੂੰ ਦਿਸ਼ਾ ਮਿਲ ਗਈ। ਇਸ ਤੋਂ ਕਾਫ਼ੀ ਪਹਿਲਾਂ ਮੈਂ ਕਾਮਿਕਸ ਛੱਡ ਕੇ ਗੰਭੀਰ ਸਾਹਿਤ ਪੜ੍ਹਨ ਲੱਗ ਪਿਆ ਸੀ। ਮੇਰਾ ਇਕ ਦੋਸਤ ਜੋ ਕਾਫ਼ੀ ਸਾਲ ਮੁੰਬਈ ਫ਼ਿਲਮ ਨਗਰੀ ਦੇ ਨੇੜੇ ਰਹਿ ਕੇ ਆਇਆ ਸੀ ਨੇ ਜਦੋਂ ਮੈਨੂੰ ਸਾਹਿਰ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਤੇ ਆਧਾਰਿਤ ਕਿੱਸੇ ਸੁਣਾਏ ਤਾਂ ਸਾਹਿਰ ਪ੍ਰਤਿ ਮੇਰੇ ਅੰਤਰ-ਮਨ ਵਿਚ ਪਿਆ ਇਹ ਮੋਹ ਹੋਰ ਵੀ ਪੀਡਾ ਹੋ ਗਿਆ। ਉਸ ਬਾਰੇ ਹੋਰ ਜਿਆਦਾ ਜਾਣਨ ਦੀ ਤਾਂਘ ਹਮੇਸ਼ਾ ਮਨ ਵਿਚ ਰਹਿੰਦੀ। ਅਕਸਰ ਉਸ ਦੋਸਤ ਨੂੰ ਵੀ ਮੈਂ ਉਸਦੀ ਜਾਣਕਾਰੀ ਨੂੰ ਕਿਤਾਬ ਵਿਚ ਢਾਲਣ ਦੀ ਸਲਾਹ ਦਿੰਦਾ, ਪਰ ਉਹ ਪਤਾ ਨਹੀਂ ਕਿਉਂ ਉਹ ਅੱਜ ਤੱਕ ਅਜਿਹਾ ਨਹੀਂ ਕਰ ਸਕਿਆ।

ਜਦੋਂ ਸਤੀਸ਼ ਗੁਲਾਟੀ ਨੇ ਮੈਨੂੰ ਇਹ ਕਿਤਾਬ ਅਨੁਵਾਦ ਕਰਨ ਲਈ ਦਿੱਤੀ ਤਾਂ ਮੇਰੇ ਅੰਦਰ ਕਿਤੇ ਸੌਂ ਰਿਹਾ ਸਾਹਿਰ ਇਕ ਦਮ ਜਾਗ਼ ਉਠਿਆ ਤੇ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਉਸ ਨੇ ਆਪ ਹੀ ਕਿਹਾ ਹੋਵੇ ਕਿ ਇਹ ਕੰਮ ਤਾਂ ਤੈਨੂੰ ਕਰਨਾ ਹੀ ਪਵੇਗਾ। ਮੇਰੇ ਮਨ ਨੇ ਵੀ ਜਵਾਬ ਦਿੱਤਾ ਕਿ ਮੈਂ ਕਦ ਇੰਨਕਾਰ ਕਰ ਰਿਹਾ ਹਾਂ। ਮੈਂ ਤਾਂ ਜਿਵੇਂ ਉਡੀਕ ਰਿਹਾ ਸਾਂ ਕਿ ਇਹ ਕੰਮ ਮੈਨੂੰ ਮਿਲੇ। ਇਸ ਕਰ ਕੇ ਇਹ ਕਿਤਾਬ ਅਤੇ ਇਸਦਾ ਅਨੁਵਾਦ ਮੇਰੇ ਦਿਲ ਦੇ ਬਹੁਤ ਨੇੜੇ ਹੈ। ਇਸ ਨੂੰ ਪੰਜਾਬੀ ਵਿਚ ਲਿਖਦਿਆਂ ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਮੈਂ ਸਾਹਿਰ ਦੇ ਕਮਰੇ ਵਿਚ ਬੈਠ ਕੇ ਉਸ ਦੀ ਕਿਸੇ ਐਲਬਮ ਵਿਚੋਂ ਉਸ ਦੀਆਂ ਤਸਵੀਰਾਂ ਵੇਖ ਰਿਹਾ ਹੋਵਾਂ ਅਤੇ ਨਾਲ ਸਾਹਿਰ ਉਨ੍ਹਾਂ ਤਸਵੀਰਾਂ ਨਾਲ ਜੁੜੇ ਕਿੱਸੇ ਹੁੱਬ ਕੇ ਸੁਣਾ ਰਿਹਾ ਹੋਵੇ। ਇਹ ਕਿਤਾਬ ਲਿਖਣ ਲਈ ਮੈਂ ਡਾਕਟਰ ਅਨੂਪ ਸਿੰਘ ਸੰਧੂ ਹੁਰਾਂ ਦਾ ਧੰਨਵਾਦੀ ਹਾਂ। ਸਤੀਸ਼ ਗੁਲਾਟੀ ਹੁਰਾਂ ਨੇ ਇਹ ਕਿਤਾਬ ਅੰਗਰੇਜ਼ੀ ਵਿਚ ਛਾਪ ਕੇ ਅਤੇ ਇਸ ਦਾ ਅਨੁਵਾਦ ਕਰਨ ਦਾ ਮੌਕਾ ਦੇ ਕੇ ਜੋ ਮਿਹਰਬਾਨੀ ਕੀਤੀ ਹੈ, ਉਸ ਦਾ ਵੀ ਮੈਂ ਸਦਾ ਰਿਣੀ ਰਹਾਂਗਾ।

ਦੀਪ ਜਗਦੀਪ ਸਿੰਘ 
ਨਵੀਂ ਦਿੱਲੀ
Mob:09818003625

ਔਰਤ ਮੁਕਤੀ ਦਾ ਰਾਹ ਕੀ ਹੋਵੇ ?

ਔਰਤਾਂ ਉੱਪਰ ਲੁੱਟ-ਜਬਰ ਦੀਆਂ ਵਾਪਰਦੀਆਂ ਸ਼ਰਮਨਾਕ ਘਟਨਾਵਾਂ ਦੇ ਬਾਵਜੂਦ ਹਰ ਸਾਲ ਦੀ ਤਰਾਂ ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਬੇਸ਼ਰਮੀ ਦੀਆਂ ਸਭ ਹੱਦਾਂ ਪਾਰ ਕਰਦਿਆਂ ਭਾਰਤ ਅੰਦਰ ਵੀ 'ਔਰਤ ਕੌਮਾਂਤਰੀ ਦਿਵਸ' ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਭਾਰਤੀ ਰਾਜ ਮਸ਼ੀਨਰੀ ਦੇ ਸਾਰੇ ਪੁਰਜੇ (ਅਦਾਲਤਾਂ, ਕਾਨੂੰਨ, ਧਰਮ, ਮੀਡੀਆ, ਸਿੱਖਿਆ ਆਦਿ) ਔਰਤ ਸ਼ਸ਼ਕਤੀਕਰਨ, ਬਰਾਬਰੀ ਤੇ ਜਮਹੂਰੀਅਤ ਦੇ ਲੰਮੇ ਚੌੜੇ ਭਾਸ਼ਨ ਤੇ ਪ੍ਰੋਗਰਾਮ ਕਰਦੇ ਨਜਰ ਆਉਂਦੇ ਹਨ।


ਭਾਰਤ ਅੰਦਰ ਬੇਰੁਜਗਾਰੀ ਦੇ ਆਲਮ 'ਚ ਪੜੀਆਂ ਲਿਖੀਆਂ ਔਰਤਾਂ ਨੂੰ ਵੱਡੇ-ਵੱਡੇ ਸ਼ੋਅ ਰੂਮਾਂ, ਹੋਟਲਾਂ, ਸਕੂਲਾਂ-ਕਾਲਜਾਂ, ਰੈਸਟੋਰੈਂਟਾਂ, ਬੈਂਕਾਂ ਅਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੂੰਜੀਵਾਦੀ ਪ੍ਰਬੰਧ ਨੇ ਔਰਤ ਦੀ ਸਰੀਰਕ ਕਿਰਤ ਸ਼ਕਤੀ ਤੇ ਮਾਨਸਿਕ ਕਿਰਤ ਸ਼ਕਤੀ ਦੀ ਇੱਕ ਜਿਣਸ ਦੇ ਤੌਰ 'ਤੇ ਲੁੱਟ ਤੋਂ ਇਲਾਵਾ ਉਸ ਨੂੰ ਮਾਲ ਵੇਚਣ ਲਈ ਇੱਕ ਨੁਮਾਇਸ਼ ਦੀ ਵਸਤੂ ਬਣਾ ਦਿੱਤਾ ਹੈ। ਖਪਤਵਾਦੀ ਸੱਭਿਆਚਾਰ ਤਹਿਤ ਉਸ ਨੂੰ ਫੈਸ਼ਨ ਮੁਕਾਬਲਿਆਂ, ਸੁੰਦਰਤਾ ਮੁਕਾਬਲਿਆਂ, ਗਾਉਣ-ਵਜਾਉਣ, ਚੀਅਰਜ ਗਰਲਜ, ਮੌਡਲਿੰਗ, ਕਾਲ ਗਰਲਜ, ਸੇਲਜ ਗਰਲਜ, ਬਲਿਊ ਪੌਰਨ ਫਿਲਮਾਂ ਅਤੇ ਅਧ ਨੰਗੇ ਜਿਸਮ ਨੂੰ ਮਸ਼ਹੂਰੀਆਂ ਲਈ ਵਰਤਦਿਆਂ ਉਸ ਨੂੰ ਜਿਣਸੀ ਉਪਭੋਗਤਾ ਦੀ ਵਸਤੂ ਬਣਾਇਆ ਗਿਆ ਹੈ। ਗਰੀਬ ਔਰਤਾਂ ਘੋਰ ਗਰੀਬੀ, ਭੁੱਖਮਰੀ, ਕੁਪੋਸ਼ਣ, ਬਿਮਾਰੀਆਂ, ਅਣਪੜ੍ਹਤਾ ਤੇ ਅਨੀਮੀਏ ਦੀਆਂ ਬੁਰੀ ਤਰਾਂ ਸ਼ਿਕਾਰ ਹਨ। ਬਾਲ ਵਿਆਹ, ਦਾਜ, ਭਰੂਣ ਹੱਤਿਆ ਤੇ ਲਿੰਗਕ ਵਖਰੇਵੇਂ ਦੀਆਂ ਘਟਨਾਵਾਂ ਰੋਜਮਰ੍ਹਾ ਦਾ ਵਰਤਾਰਾ ਬਣ ਗਈਆ ਹਨ। ਭਾਰਤ 'ਚ ਹਰ 7 ਮਿੰਟ ਬਾਅਦ ਔਰਤ ਨਾਲ ਅਪਰਾਧਿਕ ਘਟਨਾ, 26 ਮਿੰਟ ਬਾਅਦ ਛੇੜਛਾੜ, 42 ਮਿੰਟ ਬਾਅਦ ਦਾਜ ਕਾਰਨ ਇੱਕ ਮੌਤ, 43 ਮਿੰਟ ਬਾਅਦ ਇੱਕ ਅਗਵਾ ਕੇਸ, ਤੇ 54 ਮਿੰਟ ਬਾਅਦ ਇੱਕ ਬਲਾਤਕਾਰ ਦੀ ਘਟਨਾ ਵਾਪਰ ਰਹੀ ਹੈ। ਸਮੁੱਚੇ ਭਾਰਤ ਅੰਦਰ ਪਿਛਲੇ ਸਾਲ ਬਲਾਤਕਾਰ ਦੀਆਂ 22,173 ਘਟਨਾਵਾਂ ਵਾਪਰੀਆਂ। ਇੱਕ ਅੰਕੜੇ ਮੁਤਾਬਕ ਦੇਸ ਦੀਆਂ ਅਦਾਲਤਾਂ 'ਚ 1,2, 000 ਬਲਾਤਕਾਰ ਦੇ ਕੇਸ ਪੈਂਡਿੰਗ ਦੇਸ ਦੀਆਂ ਅਦਾਲਤਾਂ 'ਚ 1,2, 000 ਬਲਾਤਕਾਰ ਦੇ ਕੇਸ ਪੈਂਡਿੰਗ ਪਏ ਹਨ। ਯੂਨੀਸੈਫ ਅਨੁਸਾਰ ਭਾਰਤ 'ਚ 14 ਕਰੋੜ ਕੁੜੀਆਂ ਦੇ ਜਨਣ ਅੰਗਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਦੇਸ਼ ਦੀਆਂ 30 ਲੱਖ ਨੌਜੁਆਨ ਕੁੜੀਆਂ ਵੇਸ਼ਵਾਗਿਰੀ ਕਰਨ ਲਈ ਮਜਬੂਰ ਹਨ। ਅੱਜ 21 ਵੀਂ ਸਦੀ ਵਿੱਚ ਵੀ ਭਾਰਤ ਵਿੱਚ ਲੜਕੀਆਂ ਨੂੰ ਆਜਾਦ ਤੌਰ 'ਤੇ ਆਪਣਾ ਜੀਵਨ ਸਾਥੀ ਚੁਨਣ ਦਾ ਅਧਿਕਾਰ ਤੱਕ ਨਹੀਂ ਹੈ। ਅੱਜ ਵੀ ਉਨ੍ਹਾਂ ਨੂੰ ਅਣਖ ਖਾਤਰ ਖਾਪ ਪੰਚਾਇਤਾਂ ਦੇ ਜੁਲਮਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਆਮ ਤੋਰ 'ਤੇ ਜਦੋਂ ਔਰਤ ਉੱਪਰ ਜੁਲਮ, ਵਿਤਕਰੇ ਅਤੇ ਹਿੰਸਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਲਈ ਮਰਦ ਨੂੰ ਹੀ ਜਿੰਮੇਵਾਰ ਸਮਝ ਲਿਆ ਜਾਂਦਾ ਹੈ ਅਤੇ ਇਹ ਗੱਲ ਭੁਲਾ ਦਿੱਤੀ ਜਾਂਦੀ ਹੈ ਕਿ ਮਿਹਨਤਕਸ਼ ਮਰਦ ਤਾਂ ਖੁਦ ਇਸ ਪ੍ਰਬੰਧ ਵਿੱਚ ਲੁਟੇਰੀਆਂ ਜਮਾਤਾਂ ਹੱਥੋਂ ਲੁੱਟ ਤੇ ਦਾਬੇ ਦਾ ਸ਼ਿਕਾਰ ਹਨ। ਔਰਤਾਂ ਨੂੰ ਜਮਾਤੀ ਦਾਬੇ ਦੇ ਨਾਲ-ਨਾਲ ਪਿਤਾ ਪੁਰਖੀ ਮਰਦ ਪ੍ਰਧਾਨ ਦਾਬੇ ਦੀ ਦੋਹਰੀ ਗੁਲਾਮੀ ਦੀ ਮਾਰ ਝੱਲਣੀ ਪੈ ਰਹੀ ਹੈ। ਇੱਥੇ ਕਿਰਤੀ ਮਰਦ ਅਤੇ ਔਰਤ ਦੋਵਾਂ ਦਾ ਜਮਾਤੀ ਦੁਸ਼ਮਣ ਮੌਜੂਦਾ ਲੁਟੇਰਾ ਤੇ ਜਾਬਰ ਰਾਜ ਪ੍ਰਬੰਧ ਹੈ। ਇਹ ਰਾਜ ਮਸ਼ੀਨਰੀ ਹੈ ਜਿਹੜੀ ਕੌਮੀ ਮੁਕਤੀ ਲਈ ਲੜ ਰਹੀਆਂ ਕੌਮੀਅਤਾਂ, ਜਮਹੂਰੀ ਹੱਕਾਂ ਲਈ ਲੜ ਰਹੇ ਜਮਹੂਰੀਅਤ ਪਸੰਦ ਲੋਕਾਂ, ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਮੇਹਨਤਕਸ਼ ਲੋਕਾਂ ਦੇ ਜਮਾਤੀ ਘੋਲਾਂ ਨੂੰ ਕੁਚਲਦੀ ਹੈ।

ਸਾਮਰਾਜੀਆਂ ਦੇ ਪਾਲਤੂ ਗੈਰ ਸਰਕਾਰੀ ਸੰਗਠਨ ਪੂੰਜੀਵਾਦੀ ਹਾਕਮਾਂ ਤੇ ਉਨ੍ਹਾਂ ਦੀਆਂ ਪਿੱਠੂ ਧਾਰਮਿਕ ਫਿਰਕਾਪ੍ਰਸਤ ਤਾਕਤਾਂ ਦੁਆਰਾ ਚਲਾਈਆ ਜਾਂਦੀਆਂ ਪਿਛਾਖੜੀ ਔਰਤ ਜਥੇਬੰਦੀਆਂ ਜੋ ਇਕ ਪਾਸੇ ਇਨਕਲਾਬੀ ਔਰਤ ਅੰਦੋਲਨ ਦਾ ਤੱਤ ਤੇ ਰੂਪ ਵਿਗਾੜਨ ਲਈ ਯਤਨਸ਼ੀਲ ਰਹਿੰਦੀਆਂ ਹਨ ਤੇ ਦੂਸਰੇ ਪਾਸੇ ਲੁਟੇਰੀਆਂ ਹਾਕਮ ਜਮਾਤਾਂ ਦੀ ਸੇਵਾ ਕਰਦੀਆਂ ਹਨ। ਇਸ ਤੋਂ ਇਲਾਵਾ ਉਦਾਰ ਬੁਰਜੂਆ ਨਾਰੀਵਾਦੀ ਸੁਧਾਰਵਾਦੀ ਅੰਦੋਲਨ ਜੋ ਔਰਤਾਂ ਦੇ ਸਿੱਖਿਆ, ਸਿਹਤ, ਲਿੰਗਕ ਭੇਦ ਭਾਵ, ਯੌਨ ਸ਼ੋਸ਼ਣ ਪਿਤਰਸੱਤਾ ਆਦਿ ਸਬੰਧੀ ਮੰਗਾਂ ਨੂੰ ਲੋਟੂ ਰਾਜ ਪ੍ਰਬੰਧ ਦੇ ਅੰਤਰਗਤ ਕਰਨ ਦੀ ਦਿਸ਼ਾਹੀਣ ਗੈਰਸਿਧਾਂਤਕ ਕਵਾਇਦ ਦੀਆਂ ਕਾਰਵਾਈਆਂ ਕਰਦਿਆਂ ਖੁਦਗਰਜ ਆਤਮਿਕ ਅਨੰਦ ਹਾਸਲ ਕਰਨ ਦੇ ਆਹਰੇ ਲੱਗੇ ਨਜਰ ਆਉਂਦੇ ਹਨ। ਇੱਥੇ ਮਾਰਕਸਵਾਦੀ ਸਿਧਾਂਤਕ ਸ਼ਬਦਾਵਲੀ 'ਚ ਲਿਪਟੀ ਸਮਾਜਵਾਦੀ ਨਾਰੀਵਾਦੀ ਧਾਰਾ ਵੀ ਵੇਖਣ ਨੂੰ ਮਿਲਦੀ ਹੈ ਜੋ ਸੁਧਾਰਵਾਦੀ ਰੌਲੇ ਦੇ ਮੁਕਾਬਲੇ ਵੱਧ ਰੈਡੀਕਲ ਤੇ ਅਗਾਂਹਵਧੂ ਜਾਪਦੀ ਹੈ। ਪ੍ਰੰਤੂ ਵੱਖ-ਵੱਖ ਭਾਂਤ ਦੀਆਂ ਇਹ ਧਾਰਾਵਾਂ ਔਰਤ ਮੁਕਤੀ ਲਹਿਰ ਨੂੰ ਜਮਾਤੀ ਸੰਘਰਸ਼ਾਂ ਦੇ ਨਜਰੀਏ ਤੋਂ ਚਲਾਉਣ ਤੋਂ ਅਸਮਰੱਥ ਰਹਿੰਦੀਆ ਹੋਈਆਂ ਵੱਖ-ਵੱਖ ਭਟਕਣਾ, (ਅਰਾਜਿਕਤਾਵਾਦ, ਕਾਨੂੰਨਵਾਦ, ਸੋਧਵਾਦ, ਸੁਧਾਰਵਾਦ) ਦਾ ਸ਼ਿਕਾਰ ਹੋ ਜਾਂਦੀਆ ਹਨ। ਅਜਿਹੇ ਭਟਕਾਅ ਇਨਕਲਾਬੀ ਸੰਘਰਸ਼ਾਂ ਨੂੰ ਗੁੰਮਰਾਹ ਕਰਦੇ ਹੋਏ ਪੀੜਤ ਜਮਾਤਾਂ ਦੇ ਰੋਹ ਅਤੇ ਗੁੱਸੇ ਨੂੰ ਮੁਲਤਵੀ ਕਰਨ ਦਾ ਸਾਧਨ ਹੋ ਨਿੱਬੜਦੇ ਹਨ ਜੋ ਅੰਤ ਨੂੰ ਪੂੰਜੀਵਾਦੀ ਪ੍ਰਬੰਧ ਦੀ ਉਮਰ ਹੀ ਲੰਮੀ ਕਰਦੇ ਹਨ।

ਇਤਿਹਾਸ ਸਾਡਾ ਮਾਰਗ ਦਰਸ਼ਨ ਕਰਦਾ ਹੈ। ਔਰਤ ਅੰਦੋਲਨ ਨੂੰ ਇਤਿਹਾਸਕ ਪਰਿਪੇਖ ਚੋਂ ਪੜਚੋਲਦਿਆਂ ਸਹੀ ਨਿਰਣਿਆ ਦੀ ਨਿਸ਼ਾਨਦੇਹੀ ਕਰਦਿਆਂ ਹੀ ਅੱਗੇ ਵਧਿਆ ਜਾ ਸਕਦਾ ਹੈ। ਇੱਥੇ ਲੁੱਟੇ-ਨਪੀੜੇ ਜਾ ਰਹੇ ਸਭਨਾਂ ਤਬਕਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਹਰ ਤਰਾਂ ਦੀ ਲੁੱਟ-ਜਬਰ ਤੋਂ ਮੁਕਤੀ ਦਾ ਰਾਹ ਸਮਾਜਵਾਦੀ ਵਿਚਾਰਧਾਰਾ ਹੀ ਹੈ। ਇਸ ਵਿਚਾਰਧਾਰਾ ਮੁਤਾਬਕ ਸਮਾਜ 'ਚ ਅੱਧੀ ਅਬਾਦੀ ਔਰਤਾਂ ਜਮਾਤੀ ਸੰਘਰਸ਼ ਦਾ ਅਟੁੱਟ ਅੰਗ ਬਣਦੀਆਂ ਹਨ। ਔਰਤਾਂ ਤੋਂ ਬਿਨ੍ਹਾਂ ਜਮਾਤੀ ਸੰਘਰਸ਼ ਨੂੰ ਕਿਆਸਣਾ ਖਿਆਲੀ ਅਤੇ ਆਪਣੀ ਮਜਬੂਤ ਤਾਕਤ ਨੂੰ ਅਣਗੌਲਿਆਂ ਕਰਨ ਵਰਗੀ ਵੱਡੀ ਗਲਤੀ ਹੋਵੇਗੀ।

ਸ਼ਕਤੀਸਾਲੀ ਔਰਤ ਅੰਦੋਲਨ ਲਈ ਸਹੀ ਸਿਧਾਂਤਕ ਕੀ ਹੋਵੇ? ਲੈਨਿਨ ਦੇ ਸ਼ਬਦਾਂ'ਚ ''ਜਾਹਰ ਹੈ ਕਿ ਮਾਰਕਸਵਾਦੀ ਸਿਧਾਂਤ ਤੋਂ ਬਿਨਾਂ ਅੱਛਾ ਵਿਹਾਰਕ ਕੰਮ ਨਹੀਂ ਹੋ ਸਕਦਾ''। ਹੁਣ ਇੱਥੇ ਕਮਿਊਨਿਸਟ ਲਹਿਰ ਅੱਗੇ ਸ਼ਕਤੀਸ਼ਾਲੀ ਔਰਤ ਅੰਦੋਲਨ ਉਸਾਰਨ ਲਈ ਤੇ ਇਸ ਦੀ ਰੌਸ਼ਨੀ 'ਚ ਔਰਤ ਅੰਦੋਲਨ ਉਸਾਰਨ ਲਈ ਸਿਧਾਂਤਕ ਤੇ ਵਿਹਾਰਕ ਪਹੁੰਚ ਨੂੰ ਅੱਗੇ ਪ੍ਰਫੁਲਿਤ ਕਰਨ ਦਾ ਵੱਡਾ ਸਵਾਲ ਖੜਾ ਹੈ। ਭਾਰਤ ਦੇ ਵੱਖ-2 ਖਿਤਿਆਂ ਅੰਦਰ ਔਰਤਾਂ ਉਪਰ ਹੋ ਰਹੇ ਲੁੱਟ ਤੇ ਜਬਰ ਖਿਲਾਫ ਕਮਿਊਨਿਸਟ ਪ੍ਰਭਾਵ ਵਾਲੀਆਂ ਔਰਤ ਜੰਥੇਬੰਦੀਆਂ ਵੱਲੋ ਲਗਾਤਾਰ ਸ਼ਾਨਦਾਰ ਸੰਘਰਸ ਲੜੇ ਜਾ ਰਹੇ ਹਨ। ਮਾਓਵਾਦੀ ਬੈਲਟਾਂ ਅੰਦਰੋਂ ਕੁਲਵਕਤੀ ਔਰਤ ਅਰਗੇਨਾਈਜਰ ਤੇ ਲਾਲ ਫੌਜ ਵਿਚ ਵੱਡੀ ਪੱਧਰ ਤੇ ਔਰਤਾਂ ਦੇ ਸ਼ਾਮਲ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਉਦੀਆਂ ਰਹੀਆਂ। ਹੋਰਨਾਂ ਮੇਹਨਤਕ ਤਬਕਿਆਂ ਦੇ ਸੰਘਰਸ਼ਾਂ ਵਾਂਗ ਘੱਟ-ਵੱਧ ਰੂਪ ਵਿਚ ਔਰਤ ਅੰਦੋਲਨ ਚੱਲਦੇ ਰਹਿਣ ਦੇ ਬਾਵਜੂਦ ਇਕ ਮਜਬੂਤ ਔਰਤ ਜੰਥੇਬੰਦੀ ਸਕਰੀਨ ਤੇ ਨਹੀਂ ਦਿਖਦੀ। ਇਸਦੇ ਅਨੇਕਾਂ ਕਾਰਨ ਹਨ। ਪਹਿਲਾਂ ਪੂੰਜੀਵਾਦੀ ਸਾਮਰਾਜੀਆਂ, ਭਾਰਤੀ ਸਰਮਏਦਾਰਾਂ, ਫਾਸ਼ੀਵਾਦੀ ਫਿਰਕਾਪ੍ਰਸਤ ਪਿਛਾਖੜੀ ਤਾਕਤਾਂ ਦੇ ਸਾਂਝੇ ਗੱਠਜੋੜ ਵੱਲੋਂ ਆਪਣੀ ਲੁਟੇਰੀ ਜਾਬਰ ਰਾਜ ਪ੍ਰਣਾਲੀ ਤੇ ਇਸਦੇ ਜਾਬਰ ਸੰਦਾਂ ਤੇ ਨੀਤੀ ਨਿਰਣੀਆਂ ਤੋਂ ਵੱਧ ਸ਼ਿਕਾਰ ਦੁਨੀਆਂ ਭਰ ਦੀਆਂ ਮੇਹਨਤਕਸ਼ ਔਰਤਾਂ ਹਨ। ਦੂਸਰਾ ਇਸ ਲੋਕ ਵਿਰੋਧੀ, ਔਰਤ ਵਿਰੋਧੀ ਗੱਠਜੋੜ ਦਾ ਲਾਗਾਤਾਰ ਸਹੀ ਤੇ ਬੱਝਵਾਂ ਮੋੜਵਾਂ ਜਵਾਬ ਦੇਣ ਵਾਲੀ ਭਾਰਤੀ ਕਮਿਊਨਿਸਟ ਇਨਕਲਾਬੀ ਲਹਿਰ ਖਿੰਡੀ ਖੱਪਰੀ ਤੇ ਕਮਜੋਰ ਸਥਿਤੀ 'ਚ ਹੈ। ਦੂਸਰਾ ਨੁਕਤਾ ਸਾਡੇ ਧਿਆਨ ਦਾ ਮੁੱਖ ਕੇਂਦਰ ਬਣਨਾ ਚਾਹੀਦਾ ਹੈ।

ਸੋ ਇਸ ਲੋਕ ਵਿਰੋਧੀ, ਔਰਤ ਵਿਰੋਧੀ ਪ੍ਰੰਬਧ ਨੂੰ ਬਦਲਣ ਲਈ ਸਭਨਾਂ ਮੇਹਨਤਕਸ਼ ਤਬਕਿਆਂ ਸਮੇਤ ਔਰਤ ਵਰਗ ਦੇ ਢਿੱਲਮੱਠ ਤੇ ਬੇਹਰਕਤੀ ਦੇ ਆਲਮ ਤੋਂ ਬਾਹਰ ਨਿਕਲਦਿਆਂ ਸ਼ਕਤੀਸ਼ਾਲੀ ਔਰਤ ਜੰਥੇਬੰਦੀ ਬਣਾਉਣ ਦਾ ਦਲੇਰਾਨਾ ਕਾਜ ਹੱਥ ਲੈਣਾ ਚਾਹੀਦਾ ਹੈ।

ਮਨਦੀਪ 
ਲੇਖਕ 'ਇਨਕਲਾਬੀ ਯੂਥ ਸਟੂਡੈਂਟਸ ਫਰੰਟ' ਦਾ ਕਨਵੀਨਰ ਤੇ 'ਇਨਕਲਾਬੀ ਨੌਜਵਾਨ' ਰਸਾਲੇ ਦਾ ਸੰਪਾਦਕ ਹੈ। 98764-
98764-42052

Monday, March 4, 2013

'ਲੋਕ ਪਹਿਲਕਦਮੀ'('People's Initiative'):ਇਸ਼ਤਿਆਕ ਅਹਿਮਦ ਦੀ ਕਿਤਾਬ 'ਤੇ ਹੋਈ ਰੌਚਿਕ ਵਿਚਾਰ-ਚਰਚਾ



ਸੁਖਬੀਰ ਬਾਜਵਾ,ਯਾਦਵਿੰਦਰ ਤੇ ਪੋ: ਇਸ਼ਤਿਆਕ ਅਹਿਮਦ
ਵੰਡ ਗੈਰ-ਕੁਦਰਤੀ ਤੇ ਬੇ-ਦਲੀਲੀ ਸੀ :ਇਸ਼ਤਿਆਕ ਅਹਿਮਦ 

ਭਾਰਤ-ਪਾਕਿਸਤਾਨ ਦੀ ਵੰਡ ਗੈਰ-ਕੁਦਰਤੀ,ਬੇਦਲੀਲੀ ਤੇ ਗੈਰ ਸਮਾਜਿਕ ਸੀ।ਇਹ ਦੋਵੇਂ ਖਿੱਤੇ ਭੂਗੋਲਿਕ ਤੌਰ 'ਤੇ ਭਾਵੇਂ ਵੰਡੇ ਗਏ ਪਰ ਸਮਾਜ ਵਿਰੋਧੀ ਸ਼ਕਤੀਆਂ ਭਾਵਨਾਤਕ ਮੋਹ ਨੂੰ ਵੰਡਣ ਨੂੰ ਅਸਫਲ ਰਹੀਆਂ ਹਨ,ਜਿਸ ਕਾਰਨ ਹੀ ਦੋਵਾਂ ਦੇਸ਼ਾਂ ਦੇ ਲੋਕ ਆਪਣੇ ਪੱਧਰ 'ਤੇ ਲਗਾਤਾਰ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੱਲ ਸਵੀਡਨ ਦੀ ਸਟੌਕਹੌਮ ਯੂਨੀਵਰਸਟੀ ਦੇ ਰਾਜਨੀਤੀ ਦੇ ਪ੍ਰੈਫਸਰ ਤੇ ਭਾਰਤ ਪਾਕਿਸਤਾਨ ਮਸਲੇ 'ਚ ਸਾਂਝੇ ਪੰਜਾਬ ਦੀ ਵੰਡ ਬਾਰੇ 'ਦ ਪੰਜਾਬ ਬਲੱਡੀਡ,ਪਾਰਟੀਸ਼ਨਡ ਐਡ ਕਲਿਨਜ਼ਡ' ਕਿਤਾਬ ਦੇ ਲੇਖ਼ਕ ਇਸ਼ਤਿਹਾਕ ਅਹਿਮਦ ਨੇ ਵਿਚਾਰ-ਚਰਚਾ ਕਰਦਿਆਂ ਕਹੀ।ਕਿਤਾਬ 'ਤੇ ਚਰਚਾ ਦਾ ਪ੍ਰੋਗਰਾਮ 'ਲੋਕ ਪਹਿਲਕਦਮੀ' ਵਲੋਂ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ।


ਇਸ ਮੌਕੇ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਬੀਰ ਸਿੰਘ ਬਾਜਵਾ ਨੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਨੂੰ ਬੁੱਕੇ ਭੇਂਟ ਕਰਕੇ 'ਜੀ ਆਇਆਂ ਨੂੰ' ਕਿਹਾ ਤੇ 'ਲੋਕ ਪਹਿਲਕਦਮੀ' ਦੇ 
ਉਪਰਾਲੇ ਲਈ ਨੈਨਇੰਦਰ ਸਿੰਘ,ਕਪਿਲ ਦੇਵ,ਰਮਨਜੀਤ ਸਿੰਘ,ਜਸਦੀਪ ਸਿੰਘ ਤੇ ਯਾਦਵਿੰਦਰ ਕਰਫਿਊ ਦਾ ਧੰਨਵਾਦ ਕੀਤਾ।ਬਾਜਵਾ ਨੇ ਕਿਹਾ ਕਿ ਪ੍ਰੈਸ ਕੱਲਬ ਆਪਣੇ ਭਾਰਤ-ਪਾਕਿ ਟੂਰਾਂ ਜ਼ਰੀਏ ਭਾਈਚਾਰਕ ਸਾਂਝ ਵਧਾਉਣ ਦੇ ਲਗਾਤਾਰ ਉਪਰਾਲੇ ਕਰ ਰਿਹਾ ਹੈ'।

ਅਹਿਮਦ ਕਿਹਾ ਕਿ ਵੰਡ ਪਿੱਛੇ ਫੌਰੀ ਸਿਆਸਤ ਤੋਂ ਲੈਕੇ ਵੰਨ-ਸਵੰਨਾ ਫਿਰਕੂ ਰੁਝਾਨ ਅਤੇ ਅੰਗਰੇਜ਼ ਬਸਤਾਨਾਂ ਦੀ ਚਿਰਕਾਲੀ ਨੀਤੀ ਕਾਰਜਸ਼ੀਲ ਸੀ। ਇਹ ਨਾਕਸ ਰਾਜਪ੍ਰਬੰਧ ਦੀ ਬਦੌਲਤ ਖ਼ੂਨੀ ਹੋਈ ਅਤੇ ਇਸ ਖ਼ੂਨੀ ਰੁਝਾਨ ਦੇ ਪਿੱਛੇ ਲੁਕੇ ਆਰਥਿਕ ਕਾਰਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੇ ਕਿਹਾ ਕਿ 'ਇਹ ਵੰਡ ਕੌਮ ਅਧਾਰਤ ਨਹੀਂ ਧਰਮ ਅਧਾਰਤ ਹੋਈ ਸੀ,ਜਿਸ 'ਚ ਵੱਡੀ ਭੂਮਿਕਾ ਮੁਸਲਿਮ ਲੀਗ ਨੇ ਵੀ ਅਦਾ ਕੀਤੀ ਸੇ ਤੇ ਕਾਂਗਰਸ ਦਾ ਰੋਲ ਕੁੱਲ ਮਿਲਾ ਕੇ ਠੀਕ ਠਾਕ ਸੀ। ਉਨ੍ਹਾਂ ਕਿਹਾ ਕਿ ਇਸ ਵੰਡ ਨੇ ਸਭ ਤੋਂ ਵੱਡਾ ਨੁਕਸਾਨ ਦੋਵਾਂ ਪੰਜਾਬਾਂ ਦਾ ਕੀਤਾ ਹੈ,ਜਿਸ ਦੇ ਜ਼ਖ਼ਮ ਅਜੇ ਤੱਕ ਭਰੇ ਨਹੀਂ ਜਾ ਸਕੇ ਹਨ'।ਉਨ੍ਹਾਂ ਕਿਹਾ ਕਿ ਕੋਈ ਵੀ ਰਾਜ ਧਰਮ ਅਧਾਰਤ ਨਹੀਂ ਹੋਣਾ ਚਾਹੀਦਾ,ਕਿਉਂਕਿ ਇਸ ਦੇ ਸਿੱਟੇ ਬੜੇ ਗੰਭੀਰ ਨਿਕਲਦੇ ਹਨ ਤੇ ਪਾਕਿਸਤਾਨ ਇਨ੍ਹਾਂ ਸਿੱਟਿਆਂ ਨੂੰ ਭੁਗਤ ਰਿਹਾ ਹੈ'।


ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਸਾਂਝਾ ਪੰਜਾਬ ਜੋਗੀਆਂ,ਨਾਥਾਂ,ਸੂਫੀਆਂ,ਫਰੀਦ,ਨਾਨਕ ਦੀ ਧਰਤੀ ਸੀ ਜਿਨ੍ਹਾਂ ਨੇ ਹਮੇਸ਼ਾਂ ਸਮਾਜਿਕ ਸਦਭਾਵਨਾ ਦੀ ਗੱਲ ਕੀਤੀ ਤੇ ਇਸੇ ਲਈ ਆਮ ਲੋਕ ਵੰਡ ਨਹੀਂ ਚਾਹੁੰਦੇ ਸਨ ਪਰ ਉਹ ਵੰਡ ਦਾ ਸ਼ਿਕਾਰ ਸਿਰਫ ਕੁਝ ਲੋਕਾਂ ਦੇ ਸਿਆਸੀ ਮੁਫਾਦਾਂ ਕਰਕੇ ਹੋਏ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਪੱਖੀ ਸੱਭਿਆਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ।


ਉਨ੍ਹਾਂ ਕਿਹਾ ਕਿ ਭਾਵੇਂ 'ਰੈਡਕਲਿਫ ਲਾਈਨ' ਖ਼ਤਮ ਨਹੀਂ ਕੀਤੀ ਜਾ ਸਕਦੀ ਪਰ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਾਂਗ 'ਚ ਸੱਭਿਆਚਾਰ-ਸਮਾਜਕ ਭਾਈਚਾਰਕ ਸਾਂਝ ਪੈਦਾ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਯੂਰਪੀ ਯੂਨੀਅਨ ਵਾਂਗ ਵੀਜ਼ਾ ਤੇ ਆਰਥਿਕ ਅਦਾਨ ਪ੍ਰਦਾਨ ਰਾਹ ਅਪਨਾਉਣੀ ਚਾਹੀਦੀ ਹੈ'।



ਸਿੱਖ ਚਿੰਤਕ ਅਜਮੇਰ ਸਿੰਘ
ਅਹਿਮਦ ਨੇ ਕਿਹਾ ਕਿ ਮੇਰੀ ਕਿਤਾਬ 'ਦ ਪੰਜਾਬ ਬਲੱਡੀਡ,ਪਾਰਟੀਸ਼ਨਡ ਐਂਡ ਕਲੀਨਜ਼ਡ' ਇਸ ਮਸਲੇ ਨੂੰ ਡੂੰਘਾਈ ਨਾਲ ਫਰੋਲਦੀ ਹੈ,ਪਰ ਮੇਰੇ ਕੋਲ ਭਾਰਤ-ਪਾਕਿਸਤਾਨ ਨੂੰ ਵੰਡ ਨੂੰ ਲੈ ਕੇ ਸਾਰੇ ਜਵਾਬ ਨਹੀਂ ਹਨ।

ਇਸ ਚਰਚਾ 'ਚ ਭਾਗ ਲੈਂਦਿਆਂ ਸਿੱਖ ਚਿੰਤਕ ਅਜਮੇਰ ਸਿੰਘ ਨੇ ਕਿਹਾ ਕਿ 'ਵੰਡ ਦੌਰਾਨ ਕੀ ਹੋਇਆ ਇਸ 'ਤੇ ਤਾਂ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ ਪਰ ਲੋੜ ਉਹ ਸਵਾਲ ਦਾ ਜਵਾਬ ਲੱਭਣ ਦੀ ਹੈ ਕਿ ਇਹ ਸਭ ਕਿਉਂ ਵਾਪਰਿਆ ਤੇ ਇਸ 'ਚ ਕਿਹੜੀਆਂ ਸ਼ਕਤੀਆਂ ਸ਼ਾਮਲ ਸਨ।ਉਨ੍ਹਾਂ ਕਿਹਾ 'ਨੇਸ਼ਨ ਸਟੇਟ ਦਾ ਮਾਡਲ ਜਾਂ ਨੈਸ਼ਨਲਿਜ਼ਮ ਦੇ ਵਿਚਾਰ ਇਸ ਤਰ੍ਹਾਂ ਦੀ ਵਰਤਾਰਿਆਂ ਲਈ ਮੁੱਖ ਜ਼ਿੰਮੇਵਾਰ ਹੈ' ਕਿਉਂਕਿ ਇਹ ਫਿਰਨੀ ਤੋਂ ਬਗੈਰ ਕੇਂਦਰ ਬਣਾਉਣਾ ਚਾਹੁੰਦਾ ਹੈ ਤੇ ਹਰ ਨੈਸ਼ਨਲਿਜ਼ਮ ਦਾ ਇਕ ਕੋਰ ਗਰੁੱਪ ਹੁੰਦਾ ਹੈ ਜੋ ਜੋ ਬਾਕੀਆਂ ਘੇਰਿਆਂ ਨੂੰ ਜਾਂ ਤਾਂ ਆਪਣੇ 'ਚ ਸਮਾ ਲੈਂਦਾ ਹੈ ਜਾਂ ਉਨ੍ਹਾਂ ਦੀ ਕਤਲੋਗਾਰਤ ਕਰਦਾ ਹੈ ।ਪੂਰੀ ਦੁਨੀਆਂ ਦੇ ਨੇਸ਼ਨ ਸਟੇਟ ਮਾਡਲ ਇਸ ਦੀ ਗਵਾਹੀ ਭਰਦੇ ਹਨ।
ਦਲਜੀਤ ਸਰਾਂ,ਇੰਦਰਜੀਤ ਜੀ ਤੇ ਪਿੱਛੇ ਗੁਰਬਚਨ




ਉਨ੍ਹਾਂ ਕਿਹਾ ਕਿ ਜੇ ਦੁਨੀਆ ਨੇ ਇਸ ਤੋਂ ਬਚਣਾ ਹੈ ਤਾਂ ਮੌਜੂਦਾ ਸਿਆਸੀ-ਆਰਥਿਕ ਮਾਡਲਾਂ ਤੋਂ ਹਟ ਕੇ ਸੋਚਣਾ ਪਵੇਗਾ'।ਉਨ੍ਹਾਂ ਕਿਹਾ ਕਿ ਲੋਕ ਪੱਖੀ ਸਿਆਸੀ ਪਾਰਟੀਆਂ ਲੋਕ ਵਿਰੋਧੀ ਸਿਆਸਤ ਦਾ ਵਿਰੋਧ ਤਾਂ ਕਰਦੀਆਂ ਹਨ ਪਰ ਲੋਕ ਵਿਰੋਧੀ ਸਿਆਸਤ ਦੇ ਸਿਆਸੀ-ਆਰਥਿਕ ਮਾਡਲ ਨੂੰ ਰੱਦ ਨਾ ਕਰਕੇ ਅਪਣਾਉਦੀਆਂ ਰਹੀਆਂ ਤੇ ਅਪਣਾ ਰਹੀਆਂ ਹਨ ਤੇ ਇਹ ਨੈਸ਼ਨਲਿਜ਼ਮ ਅਣਮਨੁੱਖੀ ਪੂੰਜੀਵਾਦੀ ਵਰਤਾਰੇ 'ਚੋਂ ਨਿਕਲਿਆ ਹੋਇਆ ਕਨਸੈਪਟ ਹੈ,ਜੋ ਹਮੇਸ਼ਾਂ ਕੰਨ੍ਹੀ 'ਤੇ ਪਏ ਲੋਕਾਂ ਦੇ ਖੁਨ ਨਾਲ ਹੀ ਜਿਉਂਦਾ ਰਹਿ ਸਕਦਾ ਹੈ।


ਅਜਮੇਰ ਸਿੰਘ ਨੇ ਕਿਹਾ ਕਿ 'ਸਾਨੂੰ ਸਥਾਨਕ ਅਮੀਰ ਇਤਹਾਸ ਦੇ ਤਜ਼ਰਬਿਆਂ 'ਚੋਂ ਇਕ ਬਦਲਵਾਂ ਲੋਕਪੱਖੀ ਮਾਡਲ ਸਥਾਪਤ ਕਰਨ ਦੀ ਲੋੜ,ਜੋ ਇਸ ਵਕਤ ਕਿਸੇ ਧਿਰ ਕੋਲ ਨਹੀਂ ਵਿਖਦਾ ਹੈ ਪਰ ਅਜਿਹੇ ਮਾਡਲ ਨੂੰ ਅਪਣਾ ਕੇ ਹੀ ਪੰਜਾਬ ਤੇ ਤੇ ਸਰਬਤ ਦਾ ਭਲਾ ਹੋ ਸਕਦਾ ਹੈ'।ਅਜਿਹੇ ਮਾਡਲ ਨੂੰ ਬਣਾਉਣ ਦੀ ਸੋਚ ਲਈ ਲੋਕ ਪੱਖੀ ਲੋਕਾਂ ਨੂੰ ਅੱਜ ਤੋਂ ਹੀ ਕਦਮ ਪੁੱਟਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੂੰਜੀਵਾਦ ਦੇ ਪੂਰਨ ਮਾਡਲਾਂ ਨੂੰ ਛੱਡਣ ਦੀ ਲੋੜ ਹੈ ਕਿਉਂਕਿ ਮਨੁੱਖਤਾਵਾਦੀ ਵਿਚਾਰਧਾਰਾ ਦੇ ਬਿਲਕੁਲ ਉਲਟ ਖੜ੍ਹੇ ਹਨ'।
'ਦ ਹਿੰਦੂ'  ਦੇ ਪੱਤਰਕਾਰ ਸਰਬਜੀਤ ਪੰਧੇਰ ਦਾ ਸਵਾਲ 

ਇਸ ਤੋਂ ਬਾਅਦ ਫਿਲਹਾਲ ਰਸਾਲੇ ਸੰਪਾਦਕ ਗੁਰਬਚਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ 'ਪੰਜਾਬ 'ਚ ਭਾਈਚਾਰ ਨਾਲ ਰਹਿੰਦੇ ਲੋਕ ਇਕ ਦੂਜੇ ਦੇ ਪਿਆਸੇ ਕਿਵੇਂ ਹੋ ਗਏ ਇਸ ਦੀਆਂ ਜੜ੍ਹਾਂ ਨੂੰ ਲੱਭਣ ਦੀ ਲੋੜ ਹੈ'।ਉਨ੍ਹਾਂ ਕਿਹਾ ਕਿ ਅਸਲ ਸਥਿਤੀ ਇੱਥੋਂ ਪੈਦਾ ਹੁੰਦੀ ਹੋਈ ਕਿ ਸਥਾਨਕ ਹਲਾਤ ਨੂੰ ਕੋਈ ਸੰਬੋਧਤ ਨਹੀਂ ਹੋਇਆ ਤੇ ਹੌਲ਼ੀ ਹੌਲੀ ਇਸਨੇ ਦੂਸ਼ਤ ਅਧਿਆਤਮਕ ਰੰਗ ਫੜ੍ਹ ਲਿਆ ਤੇ ਦੋਵੇਂ ਪਾਸਿਆਂ 'ਚ ਮਨੋਦੂਸ਼ਤ ਸਥਿਤੀ ਪੈਦਾ ਹੋ ਗਈ।


ਉਨ੍ਹਾਂ ਕਿਹਾ ਕਿ 1984 ਦੇ ਸਮੇਂ ਵੀ ਪੰਜਾਬ ਦੀਆਂ ਛੋਟੀਆਂ ਛੋਟੀਆਂ ਸਥਾਨਕ ਤੇ ਪ੍ਰਾਂਤਕ ਮੰਗਾਂ ਸਨ ਪਰ ਹਿੰਦੂਤਵੀ ਤੇ ਬ੍ਰਹਮਣੀ ਸੁਪਰ ਸਟੇਟ ਦੇ ਅਵਚੇਤਨ ਨੇ ਇਹ ਸਥਿਤੀ ਨੂੰ ਪੈਦਾ ਕਰਨ 'ਚ ਅਹਿਮ ਰੋਲ ਅਦਾ ਕੀਤਾ ਤੇ ਕਰ ਰਿਹਾ ਹੈ'।ਕਿਉਂਕਿ ਉਹ ਸੁਪਰਸਟੇਟ ਮਾਨਸਿਕਤਾ 'ਚੋਂ ਦੂਜੇ ਭਾਵ ਕੰਨ੍ਹੀ 'ਤੇ ਪਏ ਸਮੂਹਾਂ ਨੂੰ ਕੋਈ ਸਪੇਸ ਦੇਣ ਨੂੰ ਤਿਆਰ ਨਹੀਂ ਹੈ ਤੇ ਜਿਸ ਦੇ ਵਜੋਂ ਹੀ ਧਮਾਕੇਖੇਜ਼ ਹਾਲਤ ਪੈਦਾ ਹੁੰਦੀ ਹੈ।ਇਸੇ ਕਾਰਨ ਹੀ ਇਸੇ ਤਰ੍ਹਾਂ ਦੇ ਵਰਤਾਰੇ ਲਗਤਾਰ ਸਾਹਮਣੇ ਆਉਂਦੇ ਹਨ'।
ਸਿੱਖ ਚਿੰਤਕ ਪੋ: ਗੁਰਤੇਜ ਸਿੰਘ

ਸਿੱਖ ਚਿੰਤਕ ਪ੍ਰੈਫਸਰ ਗੁਰਤੇਜ ਸਿੰਘ ਨੇ ਪ੍ਰੋਫੈਸਰ ਇਸ਼ਤਿਆਕ ਅਹਿਮਦ ਦੀ ਕਿਤਾਬ ਦੀ ਸ਼ਲਾਘਾ ਕੀਤੀ ਪਰ ਨਾਲ ਹੀ ਉਨ੍ਹਾਂ ਦੇ ਭਾਰਤ-ਪਾਕਿਸਤਾਨ ਦੀ ਵੰਡ ਬਾਰੇ ਕਾਂਗਰਸ ਪੱਖੀ ਵਿਚਾਰਾਂ ਦਾ ਵਿਰੋਧ ਵੀ ਕੀਤਾ।

ਇਸ ਤੋਂ ਇਲਾਵਾ ਪ੍ਰੋਗਰਾਮ 'ਚ ਨੇ ਸਵਾਲ ਜਵਾਬ ਤੇ ਵਿਚਾਰ-ਚਰਚਾ ਦੇ ਦੌਰਾਨ 'ਚ ਸੀਨੀਅਰ ਪੱਤਰਕਾਰ ਤੇ ਸਾਊਸ ਏਸ਼ੀਆ ਪੋਸਟ ਦੇ 
ਸੰਪਾਦਕ ਗੋਬਿੰਦ ਠੁਕਰਾਲ,ਹਿੰਦੂ ਅਖ਼ਬਾਰ ਦੇ ਸੀਨਅਰ ਪੱਤਰਕਾਰ ਸਰਬਜੀਤ ਪੰਧੇਰ,ਚਿੰਤਕ ਡਾ ਸਵਰਾਜ ਸਿੰਘ,ਪੰਜਾਬ ਬੁੱਕ ਸੈਂਟਰ ਦੇ ਕਰਤਾ-ਧਰਤਾ ਪਾਲ ਵਿਰਕ,ਸਾਬਕਾ ਆਈ ਏ ਐਸ ਕੁਲਬੀਰ ਸਿੰਘ ਸਿੱਧੂ,ਆਦਿ ਨੇ ਆਪਣੇ ਸਵਾਲ-ਜਵਾਬ ਤੇ ਵਿਚਾਰ ਪੇਸ਼ ਕੀਤੇ।


'ਕੈਮਰੇ ਦਾ ਯਾਰ' ਦਲਜੀਤ ਅਮੀ
ਪੋਗਰਾਮ ਦੇ ਵਿਦਾਈ ਵੇਲੇ ਲੋਕ ਪਹਿਕਦਮੀ ਵਲੋਂ ਨੈਨਇੰਦਰ ਸਿੰਘ ਤੇ ਯਾਦਵਿੰਦਰ ਕਰਫਿਊ ਨੇ ਵਿਚਾਰ ਚਰਚਾ 'ਚ ਸ਼ਾਮਲ ਹੋਣ ਵਾਲੇ ਸੱਜਣਾਂ-ਮਿਤੱਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 'ਸਾਡਾ ਮਕਸਦ ਉਮੀਦ ਤੋਂ ਵੱਧ ਪੂਰਾ ਹੋਇਆ ਹੈ,ਕਿਉਂਕਿ ਲੋਕ ਪਹਿਕਦਮੀ ਸਾਰੇ ਮਸਲਿਆਂ 'ਤੇ ਗੰਭੀਰ ਵਿਭਿੰਨਤਾਵਾਦੀ ਬਹਿਸ ਚਾਹੁੰਦੀ ਹੈ'।ਉਨ੍ਹਾਂ ਕਿਹਾ ਕਿ 'ਸਾਡਾ ਮੰਨਣਾ ਹੈ ਕਿ ਇਤਿਹਾਸ 'ਤੇ ਮਿੱਟੀ ਪਾ ਕੇ ਅੱਗੇ ਨਹੀਂ ਵਧਿਆ ਜਾ ਸਕਦਾ ਹੈ ਤੇ ਸਾਰੇ ਸਿਆਸੀ,ਸਮਾਜਿਕ,ਸੱਭਿਆਚਾਰ ਮਸਲਿਆਂ ਦਾ ਹੱਲ ਵਿਚਾਰ ਚਰਚਾ ਹੈ,ਜੋ ਜਮਹੂਰੀ ਸੱਭਿਆਚਾਰ ਦੀ ਆਕਸੀਜਨ ਹੈ,ਪਰ ਸਾਡੀ ਤਰਾਸਦੀ ਹੈ ਕਿ ਅਸੀਂ ਵੱਖਰੇ ਵਿਚਾਰ ਵਾਲਿਆਂ ਪ੍ਰਤੀ ਅਜੀਬ ਤਰ੍ਹਾਂ ਦੀ ਪਹੁੰਚ ਰੱਖਦੇ ਹਾਂ ਜੋ ਜਮਹੂਰੀ ਸੱਭਿਆਚਾਰ ਲਈ ਸਭ ਤੋਂ ਖਤਰਨਾਕ ਹੈ ਕਿਉਂਕਿ ਦੁਨੀਆਂ ਦੇ ਹਰ ਮਸਲੇ ਦਾ ਹੱਲ ਡਾਇਲਾਗ ਨਾਲ ਹੋਇਆ ਹੈ ਤੇ ਡਾਇਲਾਗ ਨਾਲ ਹੀ ਹੋਵੇਗਾ।ਉਨ੍ਹਾਂ ਕਿਹਾ ਕਿ 'ਲੋਕ ਪਹਿਲਕਦਮੀ'  ਨੂੰ ਇਸੇ ਲਈ ਬਣਾਇਆ ਹੈ ਤੇ ਅਸੀਂ ਆਉਣ ਦਿਨਾਂ 'ਚ ਕਿਸੇ ਹੋਰ ਅਜਿਹੀ ਸਖ਼ਸ਼ੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ'।

ਇਸ ਸਿਹਤਮੰਦ ਵਿਚਾਰ-ਚਰਚਾ 
ਨੂੰ ਸੁਣਣ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਤੇ ਅੱਜਕਲ਼੍ਹ ਸਮਾਜ ਸੇਵੀ ਵਜੋਂ ਕੰਮ ਕਰ ਰਹੇ ਜੁਗਰਾਜ ਸਿੰਘ ਗਿੱਲ ਨੇ ਵਿਅਕਤੀਗਤ ਤੌਰ 'ਤੇ ਕਿਹਾ ਕਿ 'ਲੋਕ ਪਹਿਲਕਦਮੀ ਦੀ ਅਗਲੀ ਕਿਸੇ ਵੀ ਪਹਿਲਕਦਮੀ ਲਈ ਖਾਣ-ਪੀਣ ਤੋਂ ਹਾਲ ਤੱਕ ਦਾ ਸਾਰਾ ਪ੍ਰਬੰਧ ਉਹ ਖ਼ੁਦ ਕਰਨਗੇ ਤੇ ਹੋਰ ਵੀ ਸਹਿਯੋਗ ਦਿੰਦੇ ਰਹਿਣਗੇ'।
ਪੂਰਬੀ ਚਿੰਤਨ ਵਾਲੇ ਡਾ ਸਵਰਾਜ ਸਿੰਘ

ਇਸ ਚਰਚਾ 'ਚ ਸੀਨੀਅਰ ਪੱਤਰਕਾਰ ਬਲਜੀਤ ਬੱਲੀ, 'ਦ ਟ੍ਰਿਬਿਊਨ ਦੇ ਬਿਓਰੋ ਚੀਫ ਸਰਬਜੀਤ ਧਾਲੀਵਾਲ,ਸੀਨੀਅਰ ਪੱਤਰਕਾਰ ਰਮਜੀਤ ਸਿੰਘ,ਫਿਲਮਸਾਜ਼ ਤੇ ਪੱਤਰਕਾਰ ਦਲਜੀਤ ਅਮੀ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਜਸਵੀਰ ਸਮਰ,ਹਿੰਦੋਸਤਾਨ ਟਾਈਮਜ਼ ਦੇ ਪੱਤਰਕਾਰ ਸੰਜਮਪ੍ਰੀਤ, ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਜੀ ਸੀ ਭਾਰਦਵਾਜ, ਭਾਸਕਰ ਦੇ ਪੱਤਰਕਾਰ ਇੰਦਰਪ੍ਰੀਤ ਸਿੰਘ,ਡੇਅ ਐਂਡ ਨਾਈਟ ਦੇ ਜਗਤਾਰ ਭੁੱਲਰ,ਸਿੱਖ ਚਿੰਤਕ ਰਣਜੀਤ ਸਿੰਘ,ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਜੋਗਿੰਦਰ ਸਿੰਘ ਤੂਰ ਤੇ ਐਡਵੋਕੇਟ ਜਗਦੇਵ ਸਿੰਘ,ਫਿਲਮ ਨਿਰਦੇਸ਼ਕ ਜਤਿੰਦਰ ਮੌਹਰ,ਲੇਖਕ ਤੇ ਸਾਬਕਾ ਸੈਸ਼ਨ ਜੱਜ ਅਵਤਾਰ ਸਿੰਘ ਗਿੱਲ,ਰਿਟਾਇਡ ਲੈਫਟੀਨੈਂਟ ਜਨ: ਕਰਤਾਰ ਸਿੰਘ, ਡਾ ਜੀ ਐਸ ਕੰਗ,ਲੇਖ਼ਕ ਮਿਸਜ਼ ਨੀਲੂ ਪੁਰੀ, ਰੱਖਿਆ ਮਾਮਲਿਆਂ ਦੇ ਵਿਸ਼ਲੇਸ਼ਕ ਮਨਦੀਪ ਸਿੰਘ ਬਾਜਵਾ,ਰਿਟਾਇਰਡ ਕਰਨਲ ਬੀ ਐਸ ਬੈਂਸ,ਗੰਗਵੀਰ ਰਠੌੜ,ਰੋਹਨ ਤੇ ਹੋਰ ਕਈ ਦੋਸਤਾਂ ਮਿੱਤਰ ਵਿਚਾਰ ਚਰਚਾ 'ਚ ਸ਼ਾਮਲ ਹੋਏ।

ਬਾਈ ਕਪਿਲ ਦੇਵ ਦਾ ਸ਼ਾਨਦਾਰ ਫੋਟੋਆਂ ਖਿੱਚਣ ਲਈ ਧੰਨਵਾਦ


'ਲੋਕ ਪਹਿਲਕਦਮੀ' ਇਸ ਵਿਚਾਰ-ਚਰਚਾ ਦੀ ਵੀਡਿਓ ਰਿਕਾਰਡਿੰਗ ਆਉਣ ਵਾਲੇ ਦਿਨਾਂ 'ਚ ਪੇਸ਼ ਕਰੇਗੀ।

Thursday, February 28, 2013

ਚੰਡੀਗੜ੍ਹ: 'ਲੋਕ ਪਹਿਲਕਦਮੀ' ਮਸ਼ਹੂਰ ਲੇਖ਼ਕ ਇਸ਼ਤਿਆਕ ਅਹਿਮਦ ਨੂੰ ਕਰੇਗੀ ਰੂਬਰੂ

'ਇਸ਼ਤਿਆਕ ਅਹਿਮਦ' ਦੀ ਕਿਤਾਬ  ਦਾ ਕਵਰ
ਦਿਨ ਐਤਵਾਰ,ਤਰੀਕ-3 ਮਾਰਚ 
ਸਥਾਨ-ਪ੍ਰੈਸ ਕਲੱਬ,ਚੰਡੀਗੜ੍ਹ,ਸੈਕਟਰ-27 
ਸਮਾਂ-1 ਤੋਂ 4

'ਲੋਕ ਪਹਿਲਕਦਮੀ'(Peoples’s Initative) ਵਲੋਂ ਸਟੌਕਹੋਮ ਯੂਨੀਵਰਸਿਟੀ ਦੇ ਪ੍ਰਫੈਸਰ,ਸਿਆਸੀ ਵਿਗਿਆਨੀ ਤੇ 1947 ਦੀ ਵੰਡ 'ਤੇ ਲਿਖੀ ਮਸ਼ਹੂਰ ਕਿਤਾਬ 'Punjab: Bloodied,Patitioned and cleansed’ ਦੇ ਲੇਖਕ 'ਇਸ਼ਤਿਆਕ ਅਹਿਮਦ' ਨੂੰ ਕਿਤਾਬ ਤੇ ਵੰਡ ਉੱਤੇ ਵਿਚਾਰ-ਚਰਚਾ ਬਾਰੇ ਚੰਡੀਗੜ੍ਹ ਪ੍ਰੈਸ ਕਲੱਬ (ਕਾਨਫਰੰਸ ਹਾਲ, ਸੈਕਟਰ-27) ਵਿਖੇ 3 ਮਾਰਚ ਦਿਨ ਐਤਵਾਰ ਨੂੰ ਸੱਦਿਆ ਗਿਆ ਹੈ।ਉਹ ਦੁਪਿਹਰ 1 ਤੋਂ 4 ਵਜੇ ਤੱਕ ਭਾਰਤ-ਪਾਕਿਸਤਾਨ ਵੰਡ ਬਾਰੇ ਆਪਣੇ ਵਿਚਾਰ ਰੱਖਣਗੇ ਤੇ ਦੋਸਤਾਂ-ਮਿੱਤਰਾਂ ਦੇ ਸਵਾਲਾਂ ਦੇ ਰੂਬਰੂ ਹੋਣਗੇ।ਅਸੀਂ ਸਾਰੇ ਦੋਸਤਾਂ-ਮਿੱਤਰਾਂ ਨੂੰ ਪਹੁੰਚਣ ਦਾ ਸੱਦਾ ਦਿੰਦੇ ਹਾਂ।

ਇਹ 'ਲੋਕ ਪਹਿਲਕਦਮੀ' ਦਾ ਪਹਿਲਾ ਉਪਰਲਾ ਹੈ। ਅਸੀਂ ਆਉਣ ਵਾਲੇ ਦਿਨਾਂ ਕਿਤਾਬਾਂ,ਫਿਲਮਾਂ ਤੇ ਲੋਕ ਕਲਾਵਾਂ ਜ਼ਰੀਏ ਲੋਕ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕਰਾਂਗੇ,ਜਿਸ ਨਾਲ 'ਅਮਲੀ ਜਮਹੂਰੀ' ਕਦਰਾਂ-ਕਮੀਤਾਂ ਵਾਲਾ ਸੱਭਿਆਚਾਰ ਮਜ਼ਬੁਤ ਹੋ ਸਕੇ। ਲੋਕ ਸਹਿਯੋਗ ਨਾਲ ਅੱਗੇ ਵੀ ਇਸ ਤਰ੍ਹਾਂ ਦੀਆਂ ਪਹਿਕਦਮੀਆਂ ਜਾਰੀ ਰਹਿਣਗੀਆਂ।ਫਿਲਹਾਲ 'ਲੋਕ ਪਹਿਕਦਮੀ' ਦੀ ਆਰਜ਼ੀ ਟੀਮ ਗਠਿਤ ਕੀਤੀ ਹੈ ਤੇ ਸਾਡੇ ਵਲੋਂ ਇਸ ਟੀਮ ਦਾ ਹਿੱਸਾ ਬਣਨ ਦਾ ਸਭ ਨੂੰ ਖੁੱਲ੍ਹਾ ਸੱਦਾ ਹੈ।

'ਲੋਕ ਪਹਿਲਕਦਮੀ' ਟੀਮ

ਨੈਨਇੰਦਰ ਸਿੰਘ--------98761-10958
ਜਸਦੀਪ ਸਿੰਘ---------99886-38850
ਰਮਨਜੀਤ ਸਿੰਘ--------98788-80137
ਯਾਦਵਿੰਦਰ ਕਰਫਿਊ------95308--95198

ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ

ਯੂ. ਬੀ. ਸੀ.(ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ(ਵੈਨਕੁਵਰ) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ਹਰ ਸਾਲ ਬੀ ਸੀ ਦੇ ਇਕ ਪੰਜਾਬੀ ਲੇਖਕ ਨੂੰ ਦਿੱਤਾ ਜਾਣ ਵਾਲਾ ਇਨਾਮ ਇਸ ਸਾਲ ਅਜਮੇਰ ਰੋਡੇ ਨੂੰ ਉਹਨਾਂ ਦੀ ਸਮੁੱਚੀ ਸਾਹਿਤਕ ਦੇਣ ਲਈ ਦਿੱਤਾ ਜਾਵੇਗਾ। ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਂਦੇ ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਨੂੰ ਇਨਾਮ ਦੇਣ ਦਾ ਇਹ ਫੈਸਲਾ ਲੇਖਕਾਂ ਅਤੇ ਸਾਹਿਤ ਪਾਰਖੂਆਂ ਦੀ ਇਕ ਤਿੰਨ ਮੈਂਬਰੀ ਕਮੇਟੀ ਨੇ ਕੀਤਾ ਹੈ।

ਪੰਜਾਬੀ ਸਾਹਿਤਕ ਜਗਤ ਵਿੱਚ ਅਜਮੇਰ ਰੋਡੇ ਦਾ ਨਾਂ ਇਕ ਜਾਣਿਆਂ ਪਛਾਣਿਆਂ ਨਾਂ ਹੈ। ਉਹ ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਉਹਨਾਂ ਦੀ ਪਹਿਲੀ ਕਿਤਾਬ "ਵਿਸ਼ਵ ਦੀ ਨੁਹਾਰ" ਸੰਨ 1966 ਵਿੱਚ ਪ੍ਰਕਾਸ਼ਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕਰਵਾ ਚੁੱਕੇ ਹਨ। ਉਹ ਬਹੁਤ ਹੀ ਵਧੀਆ ਕਵੀ,ਨਾਟਕਕਾਰ ਅਤੇ ਵਾਰਤਕ ਲੇਖਕ ਹਨ। ਉਹਨਾਂ ਦੀਆ ਕੁਝ ਚੋਣਵੀਆਂ ਕਿਤਾਬਾਂ ਦੇ ਨਾਂ ਹਨ: ਲੀਲਾ (ਨਵਤੇਜ ਭਾਰਤੀ ਨਾਲ ਸਾਂਝੀ), ਸ਼ੁਭ ਚਿੰਤਨ, ਪੋਇਮਜ਼ ਐਟ ਮਾਈ ਡੋਰ ਸਟੈੱਪ, ਕਾਮਾਗਾਟਾਮਾਰੂ, ਦੂਜਾ ਪਾਸਾ ਅਤੇ ਸੁਰਤੀ।

ਇਹ ਇਨਾਮ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। ਹਰਜੀਤ ਕੌਰ ਸਿੱਧੂ (1937-2007) ਇਕ ਚੰਗੀ ਪਤਨੀ, ਮਾਂ ਤੇ ਅਧਿਆਪਕਾ ਸੀ ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ।

ਅਜਮੇਰ ਰੋਡੇ ਨੂੰ ਇਹ ਇਨਾਮ 7 ਮਾਰਚ 2013 ਨੂੰ ਯੂ.ਬੀ.ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਵਲੋਂ ਕਰਵਾਇਆ ਜਾ ਰਿਹਾ ਇਹ ਸਮਾਗਮ ਸ਼ਾਮ ਦੇ 5:00 ਵਜੇ ਤੋਂ ਲੈ ਕੇ 8:00 ਵਜੇ ਵਿਚਕਾਰ ਹੋਵੇਗਾ। ਅਜਮੇਰ ਰੋਡੇ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਅਮਰੀਕਾ (ਯੂਨੀਵਰਸਿਟੀ ਆਫ ਕੈਲੇਫੋਰਨੀਆ, ਸੰਤਾ ਕਰੂਜ਼) ਤੋਂ ਇਕ ਵਿਦਵਾਨ ਗੁਰਇਕਬਾਲ ਸਿੰਘ ਸਹੋਤਾ ਰਾਜਿੰਦਰ ਸਿੰਘ ਬੇਦੀ ਦੇ ਸਾਹਿਤ ਬਾਰੇ ਇਕ ਭਾਸ਼ਨ ਦੇਣਗੇ। ਉਹਨਾਂ ਦੇ ਭਾਸ਼ਨ ਦਾ ਸਿਰਲੇਖ ਹੈ: "ਰਾਜਿੰਦਰ ਸਿੰਘ ਬੇਦੀ ਐਜ਼ ਮੌਰਲ ਫਿਲਾਸਫਰ: ਡੁਮਿਸਟਿਸਿਟੀ ਐਜ਼ ਪੁਲੀਟੀਕਲ ਫਰੰਟੀਅਰ"। ਇਸ ਦੇ ਨਾਲ ਨਾਲ ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਯੂ.ਬੀ.ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਅਤੇ ਹੋਰ ਪੇਸ਼ਕਾਰੀਆਂ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।ਹੋਰ ਜਾਣਕਾਰੀ ਲਈ 604-644-2470 'ਤੇ ਫੋਨ ਕਰੋ ਜਾਂ anne.murphy@ubc.ca 'ਤੇ ਈ-ਮੇਲ ਕਰੋ।

ਵੈਨਕੁਵਰ ਤੋਂ ਸੁਖਵੰਤ ਹੁੰਦਲ ਦੀ ਰਪਟ

Tuesday, February 26, 2013

ਕਨੇਡਾ: ਪਲੀ ਦਾ 10ਵਾਂ ਸਲਾਨਾ ਮਾਂ-ਬੋਲੀ ਦਿਨ ਗਦਰ ਲਹਿਰ ਨੂੰ ਸਮਰਪਿਤ

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ(ਪਲੀ) ਵੱਲੋਂ ਦਸਵਾਂ ਮਾਂ-ਬੋਲੀ ਦਿਨ 23 ਫਰਵਰੀ ਨੂੰ ਨੌਰਥ ਡੈਲਟਾ ਰੈਕ ਸੈਂਟਰ ਨੌਰਥ ਡੈਲਟਾ ਵਿਖੇ ਮਨਾਇਆ ਗਿਆ। ਇਸ ਵਾਰ ਇਹ ਦਿਨ ਗਦਰ ਲਹਿਰ ਦੀ ਸ਼ਤਾਬਦੀ ਨੂੰ ਸਮਰਪਿੱਤ ਕੀਤਾ ਗਿਆ। ਇਸ ਸਮਾਰੋਹ ਵਿਚ ਗ੍ਰੇਟਰ ਵੈਨਕੂਵਰ ਦੇ ਇਲਾਕੇ ਵਿੱਚੋਂ ਦੋ ਸੌ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸਥਾਨਕ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਦੀ ਵੀ ਚੋਖੀ ਗਿਣਤੀ ਸੀ।

ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਪੰਜਾਬੀ ਸਬੰਧੀ ਮਹੱਤਵਪੂਰਨ ਅੰਕੜਿਆਂ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਹੋਰ ਮੁੱਦਿਆਂ ਦੇ ਨਾਲ ਨਾਲ ਉਨ੍ਹਾਂ ਦੱਸਿਆ ਕਿ ਹਰ ਸਾਲ ਵੱਡੀ ਗਿਣਤੀ ਵਿਚ ਪੰਜਾਬੀ ਹਵਾਈ ਜਹਾਜ਼ਾਂ ਵਿਚ ਸਫਰ ਕਰਦੇ ਹਨ ਪਰ ਕੋਈ ਵੀ ਹਵਾਈ ਕੰਪਨੀ ਪੰਜਾਬੀ ਸਵਾਰੀਆਂ ਦੀ ਸਹੂਲਤ ਲਈ ਕੋਈ ਵਿਸ਼ੇਸ਼ ਤਰੱਦਦ ਨਹੀਂ ਕਰਦੀਆਂ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਹਾਜ਼ਾਂ ਵਿੱਚ ਪੰਜਾਬੀ ਅਖਬਾਰ, ਰਸਾਲੇ ਅਤੇ ਪੰਜਾਬੀ ਜ਼ੁਬਾਨ ਵਿਚ ਸੂਚਨਾਵਾਂ ਆਦਿ ਦੇਣ ਬਾਰੇ ਏਅਰ ਲਾਈਨਾਂ ਨੂੰ ਪ੍ਰੇਰਨਾ ਚਾਹੀਦਾ ਹੈ।


ਪ੍ਰਸਿੱਧ ਇਤਿਹਾਸਕਾਰ ਸੋਹਣ ਸਿੰਘ ਪੂਨੀ ਨੇ ਆਪਣੇ ਭਾਸ਼ਣ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਨੂੰ ਗਦਰ ਲਹਿਰ ਦੀ ਦੇਣ ਬਾਰੇ ਗੱਲ ਕੀਤੀ। ਪੂਨੀ ਨੇ ਦੱਸਿਆ ਕਿ ਕਨੇਡਾ ਵਿਚ 1908 ਵਿਚ ਗੁਰਦੁਆਰੇ ਵਿਚ ਪੰਜਾਬੀ ਪੜ੍ਹਾਉਣ ਦੀ ਸ਼ੁਰੂਆਤ ਭਾਈ ਬਲਵੰਤ ਸਿੰਘ ਅਤੇ ਹਾਕਮ ਸਿੰਘ ਬੱਠਲ ਨੇ ਕੀਤੀ। ਹਿੰਦੁਸਤਾਨ ਤੋਂ ਬਾਹਰ ਪਹਿਲਾ ਪੰਜਾਬੀ ਅਖਬਾਰ ਸੁਦੇਸ਼ ਸੇਵਕ 1910 ਵਿਚ ਵੈਨਕੂਵਰ ਵਿਚ ਸ਼ੁਰੂ ਹੋਇਆ ਅਤੇ ਭਾਈ ਮੁਨਸ਼ਾ ਸਿੰਘ ਦੁਖੀ ਦੀ ਕਿਤਾਬ 'ਦੁਸ਼ਮਣ ਦੀ ਖੋਜ-ਭਾਲ' 1914 ਵਿਚ ਕਨੇਡਾ ਵਿਚ ਛਪਣ ਵਾਲੀ ਪਹਿਲੀ ਪੰਜਾਬੀ ਦੀ ਕਿਤਾਬ ਸੀ। ਉਨ੍ਹਾਂ ਕਿਹਾ ਕਿ ਗਦਰ ਲਹਿਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਖਾਹਿਸ਼ ਅਤੇ ਖਾਸ ਕਰਕੇ ਗਦਰ ਦੀ ਕਵਿਤਾ ਪੜ੍ਹਨ ਲਈ ਬਹੁਤ ਸਾਰੇ ਪੰਜਾਬੀਆਂ ਨੇ ਗੁਰਮੁਖੀ ਲਿਪੀ ਸਿੱਖੀ।


ਸਾਧੂ ਬਿਨਿੰਗ ਨੇ ਆਪਣੀ ਤਕਰੀਰ ਵਿਚ ਫਿਕਰ ਜ਼ਾਹਿਰ ਕੀਤਾ ਕਿ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਈ ਬੀ ਸੀ ਵਿਚ ਜਿਹੜੀਆਂ ਸੰਭਾਵਨਾਵਾਂ 1994 ਵਿਚ ਪੈਦਾ ਹੋਈਆਂ ਸਨ ਅਸੀਂ ਉਨ੍ਹਾਂ ਤੋਂ ਪੂਰੀ ਤਰ੍ਹਾਂ ਫਾਇਦਾ ਨਹੀਂ ਲੈ ਰਹੇ। ਉਨ੍ਹਾਂ ਨੇ ਸਕੂਲਾਂ ਵਾਸਤੇ ਸਲੇਬਸ ਤਿਆਰ ਕਰਨ ਲਈ ਸੈਕੂਲਰ ਲੀਹਾਂ 'ਤੇ ਚੱਲਣ 'ਤੇ ਜ਼ੋਰ ਪਾਇਆ। ਕਨੇਡਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਸਬੰਧੀ ਅਜੇ ਬਹੁਤ ਸਾਰੇ ਮਸਲੇ ਉਠਾਉਣ ਵਾਲੇ ਹਨ। ਏਥੇ ਲਿਖੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਤੌਰ 'ਤੇ ਇਸ ਨੂੰ ਕਨੇਡੀਅਨ ਸਾਹਿਤ ਦਾ ਹਿੱਸਾ ਨਹੀਂ ਸਮਝਿਆ ਜਾਂਦਾ। ਇਸ ਦਾ ਸਿਰਫ ਲੇਖਕਾਂ ਨੂੰ ਹੀ ਨਹੀਂ ਆਮ ਪੰਜਾਬੀਆਂ ਨੂੰ ਵੀ ਹੋਣਾ ਚਾਹੀਦਾ ਹੈ।


ਜਸ ਲੇਹਲ ਨੇ ਸਲਾਈਡਾਂ ਨਾਲ ਪੇਸ਼ਕਾਰੀ ਵਿਚ ਬੀ ਸੀ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਦੀ ਸਥਿਤੀ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੀ ਖੋਜ ਦਾ ਅਧਾਰ ਪਬਲਿਕ ਸਕੂਲ, ਪ੍ਰਾਈਵੇਟ ਸਕੂਲ ਅਤੇ ਗੁਰਦਾਆਰਿਆਂ ਨੂੰ ਬਣਾਇਆ। ਉਨ੍ਹਾਂ ਨੇ ਪੜ੍ਹਾਈ ਲਈ ਲੋਂੜੀਦੀ ਖੋਜ, ਢੁੱਕਵਾਂ ਸਲੇਬਸ ਅਤੇ ਪੰਜਾਬੀ ਅਧਿਆਪਕ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਕਨੇਡੀਅਨ ਮਰਦਮਸ਼ੁਮਾਰੀ ਵਿਭਾਗ ਵਿਚ ਕੰਮ ਕਰਦੇ ਅਸ਼ੋਕ ਮਾਥੁਰ ਅਤੇ ਪੀਟਰ ਲੀਆਂਗ ਨੇ ਆਪਣੀ ਸਲਾਈਡ ਪੇਸ਼ਕਾਰੀ ਵਿਚ ਕਨੇਡਾ ਵਿਚ ਪੰਜਾਬੀ ਬੋਲੀ ਦੀ ਸਥਿਤੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਅੰਕੜਿਆ ਰਾਹੀਂ ਦਿਖਾਇਆ ਕਿ ਪੰਜਾਬੀ ਕਨੇਡਾ ਵਿਚ ਤੀਜੀ ਵੱਡੀ ਬੋਲੀ ਹੈ; ਇਹ ਬੀ ਸੀ ਵਿਚ 193,000, ਓਂਟੇਰੀਓ ਵਿਚ 174,000 ਅਤੇ ਅਲਬਰਟਾ ਵਿਚ 50,000 ਲੋਕਾਂ ਵੱਲੋਂ ਬੋਲੀ ਜਾਂਦੀ ਹੈ। ਪੰਜਾਬੀ ਬੋਲਣ ਵਾਲੇ ਲੋਕ ਕਨੇਡਾ ਦੇ ਮਹਾਂਨਗਰਾਂ ਵਿਚ ਜ਼ਿਆਦਾ ਰਹਿੰਦੇ ਹਨ। ਪੰਜਾਬੀ ਲੇਖਕ ਗਿਆਨ ਸਿੰਘ ਕੋਟਲੀ ਨੇ ਆਪਣੀ ਕਵਿਤਾ 'ਇਹ ਤਾਂ ਟੌਹਰ ਹੈ ਸਾਰੇ ਪੰਜਾਬੀਆਂ ਦੀ' ਦਾ ਪਾਠ ਕੀਤਾ।


ਇਸ ਸਮਾਗਮ ਵਿਚ ਲੋਅਰ ਮੇਨਲੈਂਡ ਦੇ ਵੱਖ ਵੱਖ ਸਕੂਲਾਂ ਵਿਚ ਪੰਜਾਬੀ ਪੜ੍ਹਦੇ 40 ਦੇ ਕਰੀਬ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਹਰਦੀਪ ਵਿਰਕ ਨੇ ਗੁਰਦਾਸ ਮਾਨ ਦੇ ਦੋ ਗੀਤ ਪੇਸ਼ ਕੀਤੇ। ਬੀਵਰ ਕਰੀਕ ਐਲੀਮੈਂਟਰੀ ਸਕੂਲ ਦੇ ਪੰਜਵੀਂ ਕਲਾਸ ਦੇ ਬੱਚਿਆਂ ਨੇ 'ਮਾਂ ਬੋਲੀ ਪੰਜਾਬੀ' ਪੇਸ਼ ਕੀਤੀ। ਛੇਵੀਂ ਕਲਾਸ ਦੇ ਬੱਚਿਆਂ ਨੇ 'ਚੰਗਾ ਬੱਚਾ' ਅਤੇ 'ਫੁੱਲਾਂ ਦਾ ਗੁਲਦਸਤਾ' ਕਵਿਤਾਵਾਂ ਸੁਣਾਈਆਂ। ਸੱਤਵੀ ਕਲਾਸ ਦੇ ਬੱਚਿਆਂ ਨੇ 'ਅਸੀਂ ਪੰਜਾਬੀ ਕਿਓਂ ਪੜ੍ਹਦੇ ਹਾਂ' ਕਵਿਤਾ ਦਾ ਪਾਠ ਕੀਤਾ। ਨੌਰਥ ਡੈਲਟਾ ਸੈਕੰਡਰੀ ਸਕੂਲ ਦੀ ਦਸਵੀਂ ਕਲਾਸ ਦੀ ਵਿਦਿਆਰਥਣ ਹਰਲੀਨ ਧਾਮੀ ਨੇ 'ਪਹਿਲੇ ਸ਼ਬਦ' ਕਵਿਤਾ ਪੜ੍ਹੀ ਅਤੇ ਗੁਰਲੀਨ ਧਾਮੀ ਨੇ ਔਰਤਾਂ ਨਾਲ ਹੁੰਦੇ ਧੱਕੇ ਬਾਰੇ ਆਪਣਾ ਲੇਖ ਪੜਿਆ। ਪ੍ਰਿੰਸਿਸ ਮਾਰਗਰੇਟ ਸਕੂਲ ਦੇ ਬੱਚਿਆਂ ਨੇ 'ਅੱਜ ਦੀ ਆਵਾਜ਼, ਪਗੜੀ, ਮਾਂ, ਅਤੇ ਪੰਜਾਬੀ ਬੋਲੀ' ਕਵਿਤਾਵਾਂ ਸੁਣਾਈਆਂ। ਇਮਰੋਜਪਾਲ ਮੌੜ ਨੇ ਗ਼ਜ਼ਲ ਅਤੇ ਰਿੱਕ ਮੌੜ ਨੇ 'ਬੀਬਾ ਰਾਣਾ' ਕਵਿਤਾ ਸੁਣਾਈ।


ਇਸ ਸਮਾਰੋਹ ਦੌਰਾਨ ਬੀ ਸੀ ਵਿਚ ਪੰਜਾਬੀ ਦੀ ਪੜਾਈ ਸਕੂ਼ਲਾਂ ਵਿਚ ਚਾਲੂ ਕਰਵਾਉਣ ਲਈ ਪਾਏ ਯੋਗਦਾਨ ਬਦਲੇ ਕੁਝ ਸਖ਼ਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਹ ਸ਼ਖਸ਼ੀਅਤਾਂ ਹਨ: ਇੰਦਰ ਮੇਟ੍ਹ, ਅੰਮ੍ਰਿਤ ਮਾਨ, ਰਜਿੰਦਰ ਪੰਧੇਰ ਅਤੇ ਪਾਲ ਬਿਨਿੰਗ। ਇੰਦਰ ਮੇਟ੍ਹ ਨੇ ਪ੍ਰਸ਼ਨ ਉਠਾਇਆ ਕਿ ਕਨੇਡਾ ਵਿਚ ਅੰਗ੍ਰੇਜ਼ੀ ਅਤੇ ਫਰਾਂਸੀਸੀ ਭਾਸ਼ਾ ਮੁਖ ਭਾਸ਼ਵਾਂ ਕਿਓਂ ਬਣੀਆਂ ਅਤੇ ਪੰਜਾਬੀ ਤੇ ਮੈਂਡਰਿਨ ਵਰਗੀਆਂ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਕਿਓਂ ਬਣੀਆਂ? ਉਨ੍ਹਾਂ ਨੇ ਇਤਿਹਾਸ ਨੂੰ ਘੋਖਣ ਦੀ ਲੋੜ 'ਤੇ ਜ਼ੋਰ ਦਿੱਤਾ। ਰਜਿੰਦਰ ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਇਸ ਗੱਲ ਦੀ ਮਿਸਾਲ ਹਨ ਕਿ ਪੰਜਾਬੀ ਸਿੱਖ ਕੇ ਬੇਹਤਰ ਨੌਕਰੀ ਮਿਲ ਸਕਦੀ ਹੈ। ਪਾਲ ਬਿਨਿੰਗ ਨੇ ਕਿਹਾ ਕਿ ਮੇਰੇ ਅੰਦਰ ਮਾਂ-ਬੋਲੀ ਦੀ ਸੇਵਾ ਕਰਨ ਦਾ ਜਜ਼ਬਾ ਹੈ ਅਤੇ ਮੈਂ ਕਰੀ ਜਾਨਾ। ਅੰਮ੍ਰਿਤ ਮਾਨ ਨੇ ਆਪਣੀ ਨਵੀਂ ਛਪੀ ਕਿਤਾਬ 'ਕੁਸੰਭੜਾ ਅੱਜ ਖਿੜਿਆ' ਪਲੀ ਨੂੰ ਭੇਂਟ ਕੀਤੀ। ਪੰਜਾਬੀ ਲੇਖਕ ਅਜਮੇਰ ਰੋਡੇ ਨੇ ਕਿਤਾਬ ਬਾਰੇ ਕੁਝ ਸ਼ਬਦ ਕਹੇ।


ਅੰਤ ਵਿਚ ਬਲਵੰਤ ਸਿੰਘ ਸੰਘੇੜਾ ਨੇ ਆਏ ਮਹਿਮਾਨਾਂ ਦੇ ਨਾਲ ਨਾਲ ਪੰਜਾਬੀ ਮੀਡੀਏ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਮਾਇਕ ਸਹਾਇਤਾ ਲਈ ਸੁੱਖੀ ਬਾਧ ਮੋਟਰਜ਼, ਪਰਮਜੀਤ ਸਿੰਘ ਸੰਧੂ, ਹਾਕਮ ਸਿੰਘ ਭੁੱਲਰ, ਰਾਏ ਬੈਂਸ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦਾ ਧੰਨਵਾਦ ਕੀਤਾ। ਇਸ ਸਮਾਗਮ ਨੂੰ ਸਿਰੇ ਚੜ੍ਹਾਉਣ ਲਈ ਪਲੀ ਦੇ ਮੈਂਬਰ: ਸਾਧੂ ਬਿਨਿੰਗ, ਪਾਲ ਬਿਨਿੰਗ, ਪਰਵਿੰਦਰ ਧਾਰੀਵਾਲ, ਰਜਿੰਦਰ ਪੰਧੇਰ, ਰਮਿੰਦਰਜੀਤ ਧਾਮੀ, ਰਣਬੀਰ ਜੌਹਲ, ਹਰਮੋਹਨਜੀਤ ਪੰਧੇਰ, ਸੁਖਵੰਤ ਹੁੰਦਲ, ਜਸ ਲੇਹਲ, ਦਯਾ ਜੌਹਲ ਅਤੇ ਹੋਰ ਬਹੁਤ ਸਾਰੇ ਵਲੰਟੀਅਰਾਂ ਦਾ ਵੀ ਧੰਨਵਾਦ ਕੀਤਾ।


ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਸਿੰਘ, ਜੋ ਕਨੇਡਾ ਵਿਚ ਜੰਮੀ ਪਲ਼ੀ ਵਿਦਿਆਰਥਣ ਹੈ, ਨੇ ਬਹੁਤ ਹੀ ਵਧੀਆ ਨਿਭਾਇਆ ਅਤੇ ਆਪਣੀ ਬੋਲੀ ਅਤੇ ਲਿਆਕਤ ਨਾਲ ਸਭ ਨੂੰ ਪ੍ਰਭਾਵਤ ਕੀਤਾ। ਉਸ ਦੇ ਇਸ ਕੰਮ ਵਿਚ ਪਲੀ ਦੀ ਸਕੱਤਰ ਪਰਵਿੰਦਰ ਧਾਰੀਵਾਲ ਨੇ ਮਹੱਤਵਪੂਰਨ ਰੋਲ ਨਿਭਅਇਆ।

ਕਨੇਡਾ ਤੋਂ ਹਰਪ੍ਰੀਤ ਸੇਖਾ ਦੀ ਰਪਟ