ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, February 28, 2013

ਯੂ. ਬੀ. ਸੀ. ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ

ਯੂ. ਬੀ. ਸੀ.(ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ(ਵੈਨਕੁਵਰ) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵੱਲੋਂ ਹਰ ਸਾਲ ਬੀ ਸੀ ਦੇ ਇਕ ਪੰਜਾਬੀ ਲੇਖਕ ਨੂੰ ਦਿੱਤਾ ਜਾਣ ਵਾਲਾ ਇਨਾਮ ਇਸ ਸਾਲ ਅਜਮੇਰ ਰੋਡੇ ਨੂੰ ਉਹਨਾਂ ਦੀ ਸਮੁੱਚੀ ਸਾਹਿਤਕ ਦੇਣ ਲਈ ਦਿੱਤਾ ਜਾਵੇਗਾ। ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਂਦੇ ਇਸ ਇਨਾਮ ਵਿੱਚ ਲੇਖਕ ਨੂੰ ਇਕ ਸਨਮਾਨ ਚਿੰਨ ਅਤੇ ਇਕ ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਉਹਨਾਂ ਨੂੰ ਇਨਾਮ ਦੇਣ ਦਾ ਇਹ ਫੈਸਲਾ ਲੇਖਕਾਂ ਅਤੇ ਸਾਹਿਤ ਪਾਰਖੂਆਂ ਦੀ ਇਕ ਤਿੰਨ ਮੈਂਬਰੀ ਕਮੇਟੀ ਨੇ ਕੀਤਾ ਹੈ।

ਪੰਜਾਬੀ ਸਾਹਿਤਕ ਜਗਤ ਵਿੱਚ ਅਜਮੇਰ ਰੋਡੇ ਦਾ ਨਾਂ ਇਕ ਜਾਣਿਆਂ ਪਛਾਣਿਆਂ ਨਾਂ ਹੈ। ਉਹ ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ। ਉਹਨਾਂ ਦੀ ਪਹਿਲੀ ਕਿਤਾਬ "ਵਿਸ਼ਵ ਦੀ ਨੁਹਾਰ" ਸੰਨ 1966 ਵਿੱਚ ਪ੍ਰਕਾਸ਼ਤ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਇਕ ਦਰਜਨ ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕਰਵਾ ਚੁੱਕੇ ਹਨ। ਉਹ ਬਹੁਤ ਹੀ ਵਧੀਆ ਕਵੀ,ਨਾਟਕਕਾਰ ਅਤੇ ਵਾਰਤਕ ਲੇਖਕ ਹਨ। ਉਹਨਾਂ ਦੀਆ ਕੁਝ ਚੋਣਵੀਆਂ ਕਿਤਾਬਾਂ ਦੇ ਨਾਂ ਹਨ: ਲੀਲਾ (ਨਵਤੇਜ ਭਾਰਤੀ ਨਾਲ ਸਾਂਝੀ), ਸ਼ੁਭ ਚਿੰਤਨ, ਪੋਇਮਜ਼ ਐਟ ਮਾਈ ਡੋਰ ਸਟੈੱਪ, ਕਾਮਾਗਾਟਾਮਾਰੂ, ਦੂਜਾ ਪਾਸਾ ਅਤੇ ਸੁਰਤੀ।

ਇਹ ਇਨਾਮ ਹਰਜੀਤ ਕੌਰ ਸਿੱਧੂ ਦੀ ਯਾਦ ਵਿੱਚ ਹਰ ਸਾਲ ਦਿੱਤਾ ਜਾਂਦਾ ਹੈ। ਹਰਜੀਤ ਕੌਰ ਸਿੱਧੂ (1937-2007) ਇਕ ਚੰਗੀ ਪਤਨੀ, ਮਾਂ ਤੇ ਅਧਿਆਪਕਾ ਸੀ ਅਤੇ ਵਿਦਿਆ, ਪੰਜਾਬੀ ਬੋਲੀ ਅਤੇ ਸੱਭਿਆਚਾਰ ਅਤੇ ਨਾਰੀਆਂ ਦੇ ਹੱਕਾਂ ਦੀ ਸਮਰਥਕ ਸੀ।

ਅਜਮੇਰ ਰੋਡੇ ਨੂੰ ਇਹ ਇਨਾਮ 7 ਮਾਰਚ 2013 ਨੂੰ ਯੂ.ਬੀ.ਸੀ. ਵਿੱਚ ਹੋਣ ਜਾ ਰਹੇ ਪੰਜਾਬੀ ਬੋਲੀ ਦੇ ਜਸ਼ਨ ਦੌਰਾਨ ਦਿੱਤਾ ਜਾਵੇਗਾ। ਏਸ਼ੀਅਨ ਸਟੱਡੀਜ਼ ਡਿਪਾਰਟਮੈਂਟ ਵਲੋਂ ਕਰਵਾਇਆ ਜਾ ਰਿਹਾ ਇਹ ਸਮਾਗਮ ਸ਼ਾਮ ਦੇ 5:00 ਵਜੇ ਤੋਂ ਲੈ ਕੇ 8:00 ਵਜੇ ਵਿਚਕਾਰ ਹੋਵੇਗਾ। ਅਜਮੇਰ ਰੋਡੇ ਨੂੰ ਇਨਾਮ ਦੇਣ ਤੋਂ ਇਲਾਵਾ ਇਸ ਸਮਾਗਮ ਵਿੱਚ ਅਮਰੀਕਾ (ਯੂਨੀਵਰਸਿਟੀ ਆਫ ਕੈਲੇਫੋਰਨੀਆ, ਸੰਤਾ ਕਰੂਜ਼) ਤੋਂ ਇਕ ਵਿਦਵਾਨ ਗੁਰਇਕਬਾਲ ਸਿੰਘ ਸਹੋਤਾ ਰਾਜਿੰਦਰ ਸਿੰਘ ਬੇਦੀ ਦੇ ਸਾਹਿਤ ਬਾਰੇ ਇਕ ਭਾਸ਼ਨ ਦੇਣਗੇ। ਉਹਨਾਂ ਦੇ ਭਾਸ਼ਨ ਦਾ ਸਿਰਲੇਖ ਹੈ: "ਰਾਜਿੰਦਰ ਸਿੰਘ ਬੇਦੀ ਐਜ਼ ਮੌਰਲ ਫਿਲਾਸਫਰ: ਡੁਮਿਸਟਿਸਿਟੀ ਐਜ਼ ਪੁਲੀਟੀਕਲ ਫਰੰਟੀਅਰ"। ਇਸ ਦੇ ਨਾਲ ਨਾਲ ਪੰਜਾਬੀ ਲੇਖ ਮੁਕਾਬਲਿਆਂ ਵਿੱਚ ਪਹਿਲੇ ਨੰਬਰ'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ ਅਤੇ ਯੂ.ਬੀ.ਸੀ. ਵਿੱਚ ਪੰਜਾਬੀ ਪੜ੍ਹ ਰਹੇ ਵਿਦਿਆਰਥੀ ਆਪਣੇ ਸਕਿੱਟ ਅਤੇ ਹੋਰ ਪੇਸ਼ਕਾਰੀਆਂ ਪੇਸ਼ ਕਰਨਗੇ। ਪੰਜਾਬੀ ਬੋਲੀ, ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਸਾਰੇ ਲੋਕਾਂ ਨੂੰ ਇਸ ਸਮਾਗਮ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ।ਹੋਰ ਜਾਣਕਾਰੀ ਲਈ 604-644-2470 'ਤੇ ਫੋਨ ਕਰੋ ਜਾਂ anne.murphy@ubc.ca 'ਤੇ ਈ-ਮੇਲ ਕਰੋ।

ਵੈਨਕੁਵਰ ਤੋਂ ਸੁਖਵੰਤ ਹੁੰਦਲ ਦੀ ਰਪਟ

No comments:

Post a Comment