ਦਾਰਸ਼ਨਿਕਤਾ ਲਈ ਪਹਿਲੀ ਲੋੜ ਦਲੇਰ ਤੇ ਅਜ਼ਾਦ ਮਨ ਹੁੰਦੀ ਹੈ

Thursday, January 6, 2011

ਦੇਸ਼ਧ੍ਰੋਹੀ ਦੀ ਪਰਿਭਾਸ਼ਾ ਭ੍ਰਿਸ਼ਟ ਹੋ ਚੁੱਕੀ ਹੈ-ਅਰੁੰਧਤੀ

ਮਨੁੱਖੀ ਅਧਿਕਾਰ ਤੇ ਸਮਾਜਿਕ ਕਾਰਕੁੰਨ ਡਾਕਟਰ ਬਿਨਾਇਕ ਸੇਨ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਤੋਂ ਬਾਅਦ ਪੂਰੇ ਦੇਸ਼ ਦੇ ਇੰਸਾਫ ਪਸੰਦ ਲੋਕਾਂ ਵਲੋਂ ਅਦਾਲਤ ਦੇ ਫੈਸਲੇ ਵਿਰੁੱਧ ਤਿੱਖਾ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ।ਥਾਂ ਥਾਂ ਧਰਨੇ ਮੁਜ਼ਾਹਰੇ ਵੀ ਹੋ ਰਹੇ ਹੈ।ਅਸੀਂ ਗੁਲਾਮ ਕਲਮ 'ਤੇ ਕੁਝ ਦਿਨਾਂ ਤੋਂ ਕੁਝ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ,ਇਕ-ਦੋ ਦੋਸਤਾਂ ਨੂੰ ਲਿਖ਼ਣ ਲਈ ਵੀ ਕਿਹਾ,ਪਰ ਹਾਂ ਕਰਨ ਦੇ ਬਾਵਜੂਦ ਕੋਈ ਸਹਿਯੋਗ ਨਹੀਂ ਆਇਆ।ਮੈਂ ਆਪ ਕੁਝ ਵਿਅਕਤੀਗਤ ਕੰਮਾਂ 'ਚ ਉਲਝਿਆ ਹੋਣ ਕਾਰਨ ਨਹੀਂ ਲਿਖ ਸਕਿਆ।ਪਰ ਅੱਜ ਬਿਨਾਇਕ ਸੇਨ ਦੇ ਮਸਲੇ 'ਤੇ ਸੀ ਐੱਨ ਐੱਨ ਆਈ ਬੀ ਐੱਨ ਦੀ ਪੱਤਰਕਾਰ ਰੂਪ ਸ਼੍ਰੀ ਨੰਦਾ ਦੀ ਸਮਾਜਿਕ ਕਾਰਕੁੰਨ ਅਰੁੰਧਤੀ ਰਾਏ ਨਾਲ ਕੀਤੀ ਗੱਲਬਾਤ ਹੱਥ ਲੱਗੀ।ਉਸਦਾ ਤਰਜ਼ਮਾ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਨਾਲ ਵੀ ਬਿਨਾਇਕ ਸੇਨ ਲਈ ਗਾਇਆ ਗੀਤ ਤੇ ਕਵਿਤਾ ਸਾਂਝੀ ਕਰਨ ਲੱਗੇ ਹਾਂ,ਜੋ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤੇ ਗਏ ਹਨ।ਜੇ ਸਮਾਂ ਲੱਗਿਆ ਤਾਂ ਬਹੁਤ ਛੇਤੀ ਡਾ. ਬਿਨਾਇਕ ਸੇਨ ਦੀ ਪਤਨੀ ਏਲੀਨਾ ਸੇਨ ਦੀ ਇੰਟਰਵਿਊ ਵੀ ਪ੍ਰਕਾਸ਼ਤ ਕਰਾਂਗੇ,ਜੋ ਅਜਿਹੀਆਂ ਹਾਲਤਾਂ 'ਚ ਰੁਕੇ-ਝੁਕੇ ਨਹੀਂ,ਸਗੋਂ ਦਲੇਰੀ ਨਾਲ ਲੜ ਰਹੇ ਹਨ।ਫਿਲਹਾਲ ਪੋਸਟ 'ਚ ਏਲੀਨਾ ਸੇਨ ਦਾ ਕਿਸੇ ਜਨਤਕ ਬੈਠਕ 'ਚ ਦਿਤਾ ਭਾਸ਼ਨ ਸੁਣ ਸਕਦੇ ਹੋਂ।ਤੁਸੀਂ ਉਨ੍ਹਾਂ ਬਾਰੇ ਕੋਈ ਤਰਜ਼ਮਾ ਜਾਂ ਲੇਖ ਗੁਲਾਮ ਕਲਮ ਲਈ ਭੇਜ ਸਕਦੇ ਹੋ (mail2malwa@gmail.com)-ਯਾਦਵਿੰਦਰ ਕਰਫਿਊ

ਰੂਪ ਸ਼੍ਰੀ ਨੰਦਾ: ਓਸ ਸਮੇਂ ਤੁਹਾਡੀ ਪਹਿਲੀ ਟਿੱਪਣੀ ਕੀ ਸੀ,ਜਦੋਂ ਤੁਸੀਂ ਸੁਣਿਆ ਕਿ ਬਿਨਾਇਕ ਸੇਨ ਤੇ ਦੋ ਹੋਰ ਲੋਕਾਂ ਨੂੰ ਰਾਜਧ੍ਰੋਹ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ?

ਅਰੁੰਧਤੀ ਰਾਏ: ਮੈਂ ਇਸ ਗੱਲ ਦੀ ਆਸ ਨਹੀਂ ਕਰ ਰਹੀ ਸੀ ਕਿ ਫੈਸਲਾ ਨਿਆਂ ਪੂਰਨ ਹੋਵੇਗਾ,ਪਰ ਇਵੇਂ ਲੱਗਿਆ ਕਿ ਅਦਾਲਤ 'ਚ ਜੋ ਸਬੂਤ ਪੇਸ਼ ਕੀਤੇ ਗਏ ਹਨ ਤੇ ਜੋ ਫੈਸਲਾ ਆਇਆ,ਉਨ੍ਹਾਂ ਦਾ ਆਪਸ 'ਚ ਕੋਈ ਸਬੰਧ ਨਹੀਂ ਹੈ।ਮੇਰੀ ਟਿੱਪਣੀ ਇਹ ਸੀ ਕਿ ਇਹ ਇਕ ਤਰ੍ਹਾਂ ਦਾ ਐਲਾਨ ਹੈ..ਇਹ ਕੋਈ ਫੈਸਲਾ ਨਹੀਂ ਸੀ।ਇਹ ਇਕ ਤਰ੍ਹਾਂ ਦਾ ਉਨ੍ਹਾਂ ਦੇ ਏਜੰਡੇ ਦਾ ਐਲਾਨ ਸੀ,ਇਕ ਸੰਦੇਸ਼ ਸੀ,ਦੂਜਿਆਂ ਦੇ ਲਈ ਚੇਤਾਵਨੀ ਸੀ।ਇਸ ਲਈ ਇਹ ਦੋ ਤਰ੍ਹਾਂ ਦਾ ਕੰਮ ਕਰਦਾ ਹੈ।ਚੇਤਾਵਨੀ 'ਤੇ ਧਿਆਨ ਰੱਖਿਆ ਜਾਵੇਗਾ।ਮੈਨੂੰਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਫੈਸਲਾ ਸੁਣਾਇਆ ਗਿਆ,ਉਨ੍ਹਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੋਵੇਗਾ ਕਿ ਲੋਕਾਂ ਦਾ ਰੋਹ ਐਨਾ ਇਕਜੁੱਟ ਤੇ ਤੇਜਧਾਰ ਹੋਵੇਗਾ,ਜਿਵੇਂ ਕਿ ਇਹ ਹੁਣ ਹੈ।

ਰੂਪ ਸ਼੍ਰੀ ਨੰਦਾ: ਤੁਹਾਨੂੰ ਨਿਆਂਪੂਰਨ ਫੈਸਲੇ ਦੀ ਉਮੀਦ ਕਿਉਂ ਨਹੀਂ ਸੀ ?

ਅਰੁੰਧਤੀ ਰਾਏ: ਇਸ ਕੇਸ 'ਤੇ ਸਾਡੀ ਨਜ਼ਰ ਪਿਛਲੇ ਕੁਝ ਸਾਲਾਂ ਤੋਂ ਸੀ।ਜਿਸ ਤਰ੍ਹਾਂ ਟਰਾਇਲ ਚੱਲਿਆ।ਉਸ ਨੂੰ ਲੈ ਕੇ ਖ਼ਬਰਾਂ ਆਉਂਦੀਆਂ ਸਨ।ਸਬੂਤ ਇਹ ਹੈ ਕਿ ਕੁਝ ਤੱਥਾਂ ਨੂੰ ਤਰੋੜਿਆ ਮਰੋੜਿਆ ਗਿਆ,ਜੋ ਸਬੂਤ ਵੀ ਸਨ,ਉਹ ਬਹੁਤ ਕਮਜ਼ੋਰ ਸੀ...ਇਥੋਂ ਤੱਕ ਕਿ ਨਾਰਾਇਣ ਸਾਨਿਆਲ ਜਿਸਨੂੰ ਕੇਂਦਰ 'ਚ ਰੱਖ ਕੇ ਰਾਜਧ੍ਰੋਹ ਦਾ ਮਾਮਲਾ ਤਿਆਰ ਕੀਤਾ ਗਿਆ,ਵੀ ਉਸ ਸਮੇਂ ਤੱਕ ਰਾਜਧ੍ਰੋਹ ਦੇ ਮਾਮਲੇ 'ਚ ਮੁਲਜ਼ਮ ਨਹੀਂ ਸੀ,ਜਦ ਬਿਨਾਇਕ ਸੇਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਇਸ ਲਈ ਇਹ ਲਗਦਾ ਹੈ ਕਿ ਇਸ ਪਿੱਛੇ ਆਪਮੁਹਾਰੇ ਅੰਦਾਜਿ਼ਆਂ ਦੀ ਭਾਵਨਾ ਕੰਮ ਕਰ ਰਹੀ ਸੀ,ਜੋ ਲੋਕਤੰਤਰ ਲਈ ਖਤਰਨਾਕ ਹੈ।ਅਦਾਲਤਾਂ ਤੇ ਮੀਡੀਆ ਨੂੰ ਭੀੜਤੰਤਰ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਰੂਪ ਸ਼੍ਰੀ ਨੰਦਾ: ਕੀ ਤੁਹਾਨੂੰ ਲਗਦਾ ਹੈ ਕਿ ਰਾਜ ਕਦੇ ਲੋਕਤੰਤਰੀ ਅਧਿਕਾਰਾਂ ਦੀ ਸੁਰੱਖਿਆ ਤੇ ਅੱਤਵਾਦ ਤੋਂ ਰੱਖਿਆ ਦੀ ਵਿਚਲੀ ਪਤਲੀ ਜਿਹੀ ਲਕੀਰ 'ਤੇ ਚੱਲ ਸਕਦਾ ਹੈ?ਇਸਦੀ ਆਸ ਕੀਤੀ ਜਾ ਸਕਦੀ ਹੈ?

ਅਰੁੰਧਤੀ ਰਾਏ: ਅੱਤਵਾਦ ਦੀ ਪਰਿਭਾਸ਼ਾ 'ਚ ਵੀ ਗੜਬੜੀ ਹੈ,ਅਸੀਂ ਇਸਨੂੰ ਲੈ ਕੇ ਬਹਿਸ ਕਰ ਸਕਦੇ ਹਾਂ,ਪਰ ਇਸ ਤਰ੍ਹਾਂ ਦੇ ਕਾਨੂੰਨ ਹਮੇਸ਼ਾ ਮੌਜੂਦ ਰਹੇ ਹਨ,ਭਾਵੇਂ ਉਹ ਟਾਡਾ ਰਿਹਾ ਹੋਵੇ ਜਾਂ ਪੋਟਾ।ਜੇ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਜਿੰਨੇ ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ,ਉਸ 'ਚ ਕਿੰਨੇ ਦੋਸ਼ੀ ਸੀ....ਸ਼ਾਇਦ ਇਕ ਪ੍ਰਤੀਸ਼ਤ ਜਾਂ 0.1 ਪ੍ਰਤੀਸ਼ਤ।ਕਿਉਂਕਿ ਜੋ ਲੋਕ ਸੱਚਮੁੱਚ ਗੈਰ-ਕਾਨੂੰਨੀ ਹੈ,ਭਾਵੇਂ ਉਹ ਵਿਦਰੋਹੀ ਹੋਣ ਜਾਂ ਅੱਤਵਾਦੀ,ਉਨ੍ਹਾਂ ਦੀ ਕਾਨੂੰਨ 'ਚ ਕੋਈ ਖਾਸ ਰੁਚੀ ਨਹੀਂ ਹੁੰਦੀ।ਇਸ ਲਈ ਇਨ੍ਹਾਂ ਕਾਨੂੰਨਾਂ ਨੂੰ ਹਮੇਸ਼ਾ ਉਨ੍ਹਾਂ ਲੋਕਾਂ ਦੇ ਖਿਲਾਫ ਵਰਤਿਆ ਜਾਂਦਾ ਰਿਹਾ ਹੈ,ਜੋ ਅੱਤਵਾਦੀ,ਵਿਦਰੋਹੀ ਨਹੀਂ ਹੁੰਦੇ ਤੇ ਕਿਸੇ ਨਾ ਕਿਸੇ ਰੂਪ 'ਚ ਗੈਰਕਨੂੰਨੀ ਵੀ ਨਹੀਂ ਹੁੰਦੇ।ਇਹੀ ਗੱਲ ਬਿਨਾਇਕ ਸੇਨ ਦੇ ਮਸਲੇ 'ਚ ਵੀ ਹੈ।ਅਸਲ ਮਸਲਾ ਇਹ ਹੈ ਕਿ ਜੇ ਤੁਸੀਂ ਮਾਓਵਾਦੀ ਦੀ ਗੱਲ ਕਰ ਰਹੇ ਹੋ,ਜੋ ਇਕ ਇਕ ਪਾਬੰਦੀਸ਼ੁਦਾ ਜਥੇਬੰਦੀ ਹੈ...ਤਾਂ ਉਨ੍ਹਾਂ 'ਤੇ ਪਾਬੰਦੀ ਕਿੳਂੁ ਲਾਈ ਗਈ ਹੈ?ਕਿਉਂਕਿ ਉਹ ਹਿੰਸਾ 'ਚ ਵਿਸ਼ਵਾਸ਼ ਰੱਖਦੇ ਹਨ,ਪਰ ਅੱਜ ਦੇ ਅਖ਼ਬਾਰ 'ਚ ਇਹ ਲਿਖਿਆ ਹੋਇਆ ਹੈ ਕਿ ਸਮਝੌਤਾ ਐਕਸਪ੍ਰੈਸ 'ਚ ਹੋਏ ਬੰਬ ਧਮਾਕੇ ਪਿੱਛੇ ਹਿੰਦੂਤਵੀ ਜਥੇਬੰਦੀਆਂ ਕੰਮ ਕਰ ਰਹੀਆਂ ਸਨ।ਇਥੋਂ ਤੱਕ ਕਿ ਮੁੱਖ ਧਾਰਾ ਦੀਆ ਸਿਆਸੀ ਪਾਰਟੀਆਂ ਘਿਣੋਨੀ ਹਿੰਸਾ ਨਾਲ ਜੁੜੀਆਂ ਹੋਈਆਂ ਹਨ।ਇਥੋਂ ਤੱਕ ਕਿ ਕਤਲੇਆਮ ਤੱਕ ਵੀ,ਪਰ ਕਿਸੇ ਪਾਰਟੀ 'ਤੇ ਪਾਬੰਦੀ ਨਹੀਂ ਲਾਈ ਗਈ।ਇਸ ਲਈ ਕਿਸ 'ਤੇ ਤੁਸੀਂ ਪਾਬੰਦੀ ਲਾਉਣੀ ਹੈ ਤੇ ਕਿਸ 'ਤੇ ਪਾਬੰਦੀ ਨਹੀਂ ਲਾਉਣੀ ਇਹ ਸਾਰੇ ਸਿਆਸੀ ਫੈਸਲੇ ਹੁੰਦੇ ਹਨ।ਪਰ ਅੱਜ ਹਾਲਤ ਇਹ ਹੈ ਕਿ ਸਰਕਾਰ ਤੇ ਆਰਥਿਕ ਨੀਤੀਆਂ ਗੈਰ ਸੰਵਧਾਨਿਕ ਰੂਪ 'ਚ ਕੰਮ ਕਰ ਰਹੀਆਂ ਹਨ।ਇਹ ਪੀਸਾ PESA (panchayat extension schedule area act) ਦੇ ਖਿਲਾਫ ਕੰਮ ਕਰ ਰਹੀਆਂ ਹਨ।ਇਨ੍ਹਾਂ ਦੀਆਂ ਆਰਥਿਕ ਨੀਤੀਆਂ ਕਾਰਨ ਕਾਰਨ ਉਜਾੜਾ ਵਧ ਰਿਹਾ ਹੈ।80 ਕਰੋੜ ਲੋਕ 20 ਰੁਪਏ ਦਿਹਾੜੀ 'ਤੇ ਗੁਜ਼ਾਰਾ ਕਰ ਰਹੇ ਹਨ,ਸਾਲ 'ਚ 17 ਹਜ਼ਾਰ ਕਿਸਾਨ ਖ਼ੁਦਕੁਸੀਆਂ ਕਰ ਰਹੇ ਹਨ।

ਰੂਪ ਸ਼੍ਰੀ ਨੰਦਾ: ਪਰ ਇਹ ਹਿੰਸਾ ਨੂੰ ਜਾਇਜ਼ ਨਹੀਂ ਠਹਿਰਾਉਂਦਾ ਹੈ।ਸੀ ਐੱਨ ਐੱਨ ਆਈ ਬੀ ਐੱਨ ਨੇ ਸਰਵੇ ਕੀਤਾ ਹੈ ਜਿਸ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਗਿਣਤੀ ਲੋਕ ਮਾਓਵਾਦੀਆਂ ਦੇ ਮੁੱਦਿਆਂ ਨੂੰ ਹਮਾਇਤ ਦਿੰਦੇ ਹਨ,ਪਰ ਉਨ੍ਹਾਂ ਦੇ ਤੌਰ ਤਰੀਕਿਆਂ ਨਾਲ ਇਤਫਾਕ ਨਹੀਂ ਰੱਖਦੇ ਹਨ।ਹਾਂ,ਇਹ ਗੱਲ ਸੱਚ ਹੈ ਕਿ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਹਿੰਸਾ ਕਰਦੀਆਂ ਹਨ,ਪਰ ਉਹ ਇਹ ਨਹੀਂ ਕਹਿੰਦੀਆਂ ਕਿ ਇਹ ਉਨ੍ਹਾਂ ਦਾ ਪਾਰਟੀ ਪ੍ਰੋਗਰਾਮ ਹੈ,ਦੋਨਾਂ 'ਚ ਇਹ ਫਰਕ ਹੈ ?

ਅਰੁੰਧਤੀ ਰਾਏ: ਹਾਂ ਮੈਂ ਮੰਨਦੀ ਹਾਂ ਕਿ ਇਹ ਇਕ ਮਹੱਤਵਪੂਰਨ ਫਰਕ ਹੈ।ਮਾਓਵਾਦੀਆਂ ਦੇ ਤਰੀਕਿਆਂ 'ਤੇ ਨਿਸ਼ਚਤ ਤੌਰ 'ਤੇ ਕੋਈ ਵੀ ਪ੍ਰਸ਼ਨ ਉਠਾ ਸਕਦਾ ਹੈ,ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਕਾਨੂੰਨ ਅਜਿਹੇ ਹਨ ਕਿ ਕਿਸੇ ਨੂੰ ਵੀ ਅਪਰਾਧੀ ਬਣਾਇਆ ਜਾ ਸਕਦਾ ਹੈ।ਇਹ ਸਿਰਫ ਮਾਓਵਾਦੀਆਂ ਲਈ ਹੀ ਨਹੀਂ ਹਨ,ਉਨ੍ਹਾਂ ਲਈ ਵੀ ਹਨ,ਜੋ ਮਾਓਵਾਦੀ ਨਹੀਂ।ਇਕ ਜਮਹੂਰੀ ਕਾਰਵਾਈਆਂ ਨੂੰ ਅਪਰਾਧੀ ਠਹਿਰਾਉਂਦਾ ਹੈ ਤੇ ਜਿ਼ਆਦਾ ਤੋਂ ਜਿ਼ਆਦਾ ਲੋਕਾਂ ਨੂੰ ਕਾਨੂੰਨ ਦੇ ਦਾਇਰੇ 'ਚੋਂ ਬਾਹਰ ਲਿਆਉਂਦਾ ਹੈ।ਇਸ ਲਈ ਇਸ ਤਰ੍ਹਾਂ ਦੇ ਕਾਨੂੰਨ ਨਾਲ,ਜਿਸ 'ਚ ਰਾਜ ਪ੍ਰਤੀ ਵਿਰੋਧ ਨੂੰ ਅਪਰਾਧ ਮੰਨਿਆ ਜਾਵੇ,ਅਸੀਂ ਸਾਰੇ ਅਪਰਾਧੀ ਹੀ ਹੋਏ।

ਰੂਪ ਸ਼੍ਰੀ ਨੰਦਾ: ਫਿਰ ਸੁਰੱਖਿਆ ਦਾ ਜਾਇਜ਼ ਹੱਲ ਕੀ ਹੋਣਾ ਚਾਹੀਦਾ ਹੈ ?

ਅਰੁੰਧਤੀ ਰਾਏ: ਦੇਖੋ,ਇਹ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਸਭ ਇਸ ਗੱਲ ਤੋਂ ਪੈਦਾ ਹੁੰਦਾ ਹੈ ਕਿ ਰਾਜ ਦੀਆਂ ਸੰਸਥਾਵਾਂ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਘੱਟ ਹੁੰਦਾ ਜਾ ਰਿਹਾ ਹੈ।ਲੋਕ ਇਹ ਮੰਨਣ ਲੱਗੇ ਹਨ ਕਿ ਜਮਹੂਰੀ ਸੰਸਥਾਵਾਂ 'ਚ ਉਨ੍ਹਾਂ ਲਈ ਨਿਆਂ ਦੀ ਕੋਈ ਆਸ ਨਹੀਂ ਹੈ।ਇਸ ਲਈ ਇਸਦਾ ਕੋਈ ਹੱਲ ਤੁਰਤ ਫੁਰਤ 'ਚ ਨਹੀਂ ਕੀਤਾ ਜਾ ਸਕਦਾ ਹੈ।ਤੁਹਾਨੂੰ ਲੋਕਾਂ 'ਚ ਇਹ ਵਿਸ਼ਵਾਸ਼ ਜਗਾਉਣਾ ਹੋਵੇਗਾ ਕਿ ਤੁਸੀਂ ਉਨ੍ਹਾਂ ਦੇ ਗੁੱਸੇ ਤੇ ਵਿਰੋਧ ਨੂੰ ਸਮਝਦੇ ਹੋ ਤੇ ਉਸਨੂੰ ਦੂਰ ਕਰਨ ਲਈ ਕੋਈ ਹੱਲ ਕੱਢਣਾ ਚਾਹੁੰਦੇ ਹੋ।ਨਹੀਂ ਤਾਂ ਅਜਿਹੀ ਹਾਲਤ ਬਣ ਜਾਵੇਗੀ ਕਿ 'ਚ ਮਹੌਲ ਹਿੰਸਾਤਮਕ ਹੋ ਜਾਵੇਗਾ।ਪੁਲਿਸ ਤੇ ਫੌਜ ਦੇ ਰਾਜ ਨਾਲ ਕਿਸੇ ਦਾ ਭਲਾ ਹੋਣ ਵਾਲਾ ਨਹੀਂ ਹੈ।ਕਿਉਂਕਿ 80 ਕਰੋੜ ਲੋਕਾਂ ਨੂੰ ਕੰਗਾਲ ਬਣਾ ਕੇ ਤਸੀਂ ਸੁਰੱਖਿਅਤ ਰਹਿਣ ਦੀ ਆਸ ਨਹੀਂ ਕਰ ਸਕਦੇ। ਅਜਿਹਾ ਨਹੀਂ ਹੋਣ ਵਾਲਾ।ਜਿ਼ਆਦਾ ਤੋਂ ਜਿ਼ਆਦਾ ਲੋਕਾਂ 'ਤੇ ਰਾਜਧ੍ਰੋਹ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ,ਉਨ੍ਹਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ।ਤੁਸੀਂ ਇਕ ਅਜਿਹੇ ਹਲਾਤ ਬਣਾਉਂਦੇ ਜਾ ਰਹੇ ਹੋ ਕਿ ਜਿਸ 'ਚ ਰਾਸ਼ਟਰ ਵਿਰੋਧੀ ਦੀ ਪਰਿਭਾਸ਼ਾ ਇਹ ਹੋ ਜਾਂਦੀ ਹੈ ਕਿ ਜੋ ਜਿ਼ਆਦਾ ਤੋਂ ਜਿ਼ਆਦਾ ਲੋਕਾਂ ਦੀ ਭਲਾਈ ਕਰਨ ਜਾ ਰਿਹਾ ਹੈ,ਉਹ ਆਪਣੇ ਆਪ 'ਚ ਰਾਸ਼ਟਰ ਵਿਰੋਧੀ ਤੇ ਭ੍ਰਿਸ਼ਟ ਹੈ।ਬਿਨਾਇਕ ਸੇਨ ਜਿਹਾ ਆਦਮੀ ਜੋ ਸਭ ਤੋਂ ਗਰੀਬ ਲੋਕਾਂ 'ਚ ਕੰਮ ਕਰਦਾ ਹੈ,ਅਪਰਾਧੀ ਹੋ ਜਾਂਦਾ ਹੈ,ਪਰ ਨਿਆਂਪਾਲਿਕਾ,ਮੀਡੀਆ ਤੇ ਹੋਰ ਲੋਕਾਂ ਦੀ ਮਦਦ ਨਾਲ ਜਨਤਾ ਦੇ ਇਕ ਲੱਖ 75 ਹਜ਼ਾਰ ਦਾ ਘਪਲਾ ਕਰਨ ਵਾਲਿਆਂ ਦਾ ਕੁਝ ਨਹੀਂ ਹੁੰਦਾ।ਉਹ ਆਪਣੇ ਫਾਰਮ ਹਾਊਸਾਂ 'ਚ ,ਆਪਣੀ ਬੀ ਐੱਮ ਡਬਲਿਊ ਗੱਡੀਆਂ ਨਾਲ ਜੀਅ ਰਹੇ ਹਨ।ਰਾਸ਼ਟਰ ਵਿਰੋਧੀ ਦੀ ਪਰਿਭਾਸ਼ਾ ਹੀ ਆਪਣੇ ਆਪ 'ਚ ਭ੍ਰਿਸ਼ਟ ਹੋ ਚੁੱਕੀ ਹੈ।ਜੋ ਕੋਈ ਵੀ ਨਿਆਂ ਦੀ ਗੱਲ ਕਰ ਰਿਹਾ ਹੈ,ਉਸਨੂੰ ਮਾਓੱਵਾਦੀ ਐਲਾਨ ਦਿੱਤਾ ਜਾਂਦਾ ਹੈ,ਇਹ ਕੋਣ ਤਹਿ ਕਰਦਾ ਹੈ ਕਿ ਰਾਸ਼ਟਰ ਦੇ ਲਈ ਕੀ ਚੰਗਾ ਹੈ।

ਰੂਪ ਸ਼੍ਰੀ ਨੰਦਾ: ਦਿੱਲੀ 'ਚ ਤੁਹਾਡੇ ਖਿਲਾਫ ਐੱਫ ਆਰ ਆਈ ਦਾਖਲ ਹੋਈ ਹੈ...ਕੀ ਤੁਹਾਨੂੰ ਲਗਦਾ ਹੈ ਕਿ ਤੁਹਾਡੇ 'ਤੇ ਵੀ ਰਾਜਧ੍ਰੋਹ ਦਾ ਮਕੱਦਮਾ ਚਲਾਇਆ ਜਾ ਸਕਦਾ ਹੈ?

ਅਰੁੰਧਤੀ ਰਾਏ: ਅਜੇ ਤਾਂ ਇਹ ਸਭ ਕੁਝ ਲੋਕਾਂ ਦੁਆਰਾ ਨਿਜੀ ਤੌਰ 'ਤੇ ਕੀਤਾ ਜਾ ਰਿਹਾ ਹੈ।ਜਿਸ ਵਿਅਕਤੀ ਨੇ ਮਕੱਦਮਾ ਦਰਜ਼ ਕੀਤਾ ਹੈ,ਉਹ ਭਾਜਪਾ ਦਾ ਅਣ-ਅਧਿਕਾਰਕ ਪ੍ਰਚਾਰ ਮੈਨੇਜਰ ਹੈ।ਰਾਜ ਵਲੋਂ ਇਹ ਨਹੀਂ ਕੀਤਾ ਜਾ ਰਿਹਾ ਹੈ ਤੇ ਮੈਂ ਇਸ 'ਤੇ ਕੋਈ ਅਤਿ ਟਿੱਪਣੀਕਾਰੀ ਹੋ ਆਪਣੇ ਆਪ ਨੂੰ ਸ਼ਹੀਦ ਐਲਾਨਣਾ ਨਹੀਂ ਚਾਹੁੰਦੀ।ਬਿਨਾਇਕ ਤੇ ਹੋਰ ਲੋਕ ਜੋ ਜੇਲ੍ਹਾਂ 'ਚ ਹਨ,ਉਨ੍ਹਾਂ ਦੀਆਂ ਜਿ਼ੰਦਗੀਆਂ ਤਬਾਹ ਕਰ ਦਿੱਤੀਆਂ ਗਈਆਂ।ਜੇ ਉਹ ਜ਼ਮਾਨਤ 'ਤੇ ਛੁੱਟ ਵੀ ਜਾਣ ਤਾਂ ਵੀ ਅਦਾਲਤ ਵੀ ਫੀਸ ਚਕਾਉਂਦੇ ਕੰਗਾਲ ਹੋ ਜਾਣਗੇ।ਤੁਹਾਨੀ ਆਪਣੀ ਪ੍ਰੈਕਟਿਸ ਛੱਡਣੀ ਪਈ।ਜੋ ਬਹੁਤ ਵੱਡਾ ਕੰਮ ਉਹ ਕਰ ਰਹੇ ਸੀ,ਉਸਨੂੰ ਛੱਡਣਾ ਪਿਆ।ਇਹ ਇਕ ਤਰ੍ਹਾਂ ਨਾਲ ਤੁਹਾਨੂੰ ਚੁੱਪ ਕਰਵਾਉਣ ਦੀ ਕਾਰਵਾਈ ਹੈ,ਜੋ ਚਿੰਤਾਜਨਕ ਹੈ।

ਰੂਪ ਸ਼੍ਰੀ ਨੰਦਾ: ਕੀ ਤੁਸੀਂ ਐਨੇ ਬੁਰੇ ਹਲਾਤ ਵੀ ਵੇਖੇ ਹਨ...ਲੋਕ ਇਸ ਗੱਲ ਨੂੰ ਲੈ ਕੇ ਡਰੇ ਰਹਿੰਦੇ ਹਨ ਕਿ ਉਹ ਕਿਸ ਨਾਲ ਗੱਲਾਂ ਕਰ ਰਹੇ ਹਨ,ਕਿਸ ਨਾਲ ਮਿਲ ਰਹੇ ਹਨ ?

ਅਰੁੰਧਤੀ ਰਾਏ: ਦੇਖੋ,ਕਸ਼ਮੀਰ ਤੇ ਮਨੀਪੁਰ ਜਿਹੇ ਸੂਬਿਆਂ 'ਚ ਇਹ ਸਾਲਾਂ ਦਾ ਚੱਲ ਰਿਹਾ ਹੈ..ਪਰ ਹੁਣ ਇਹ ਰਾਜਧਾਨੀ 'ਚ ਦਾਖਲ ਹੋ ਚੁੱਕਿਆ ਹੈ,ਤੁਹਾਡੇ ਡਰਾਇੰਗ ਰੂਮ 'ਚ ਵੜ ਰਿਹਾ ਹੈ,ਜੋ ਚਿੰਤਾ ਦਾ ਕਾਰਨ ਹੈ--ਪਰ ਬਸਤਰ 'ਚ ਇਹ ਸਾਲਾਂ ਤੋਂ ਹੋ ਰਿਹਾ ਹੈ।

ਰੂਪ ਸ਼੍ਰੀ ਨੰਦਾ: ਅੱਜ ਅਸੀਂ ਜਿਸ ਤਰ੍ਹਾਂ ਦੇ ਵਾਤਾਵਰਨ 'ਚ ਰਹਿ ਰਹੇ ਹਾਂ,ਇਕ ਲੇਖ਼ਕ ਦੇ ਤੌਰ 'ਤੇ ਤੁਸੀਂ ਕਿਵੇਂ ਵੇਖਦੇ ਹੋ?

ਅਰੁੰਧਤੀ ਰਾਏ: ਮੇਰਾ ਇਹ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਅਸੀਂ ਖ਼ੁਦ ਨੂੰ ਫੌਜ ਤੇ ਪੁਲਿਸ ਰਾਜ 'ਚ ਬਦਲੇ ਬਿਨਾਂ ਲਾਗੂ ਨਹੀਂ ਕਰ ਸਕਦੇ।ਅਸੀਂ ਸੁਣਿਆ ਕਿ ਰਾਡੀਆ ਟੇਪ ਜਾਂ 2ਜੀ ਸਪੈਕਟ੍ਰਮ ਘਪਲਾ ਉਜਾਗਰ ਹੋਇਆ,ਪਰ ਕੁਦਰਤੀ ਸਾਧਨਾਂ ਦੇ ਨਿਜੀਕਰਨ ਦਾ ਮਸਲਾ ਵੀ ਓਨਾ ਹੀ ਵੱਡਾ ਤੇ ਓਨਾ ਹੀ ਮਨੁੱਖੀ ਹਿੱਤਾਂ ਦਾ ਹੈ।ਇਕ ਮਨਮਰਜ਼ੀ ਨਾਲ ਹੋ ਰਿਹਾ ਹੈ।ਇਕ ਰਾਸ਼ਟਰ ਦੇ ਰੂਪ 'ਚ ਅਸੀਂ ਮੁਸ਼ਕਲ 'ਚ ਹਾਂ।ਅਸੀਂ ਉਨ੍ਹਾਂ ਲੋਕਾਂ ਦੀ ਜ਼ੁਬਾਨ ਬੰਦ ਕਰਨ ਜਾ ਰਹੇ ਹਾਂ,ਜੋ ਇਸ ਪ੍ਰਤੀ ਚਿੰਤਾ ਜਤਾ ਰਹੇ ਹਨ,ਇਨ੍ਹਾਂ ਖਤਰਿਆਂ ਤੋਂ ਅਗਾਹ ਕਰ ਰਹੇ ਹਨ,ਉਹ ਅਜਿਹੇ ਲੋਕ ਨਹੀਂ ਹਨ,ਜੋ ਆਪਣੇ ਦੇਸ਼ ਤੋਂ ਨਫਰਤ ਕਰਦੇ ਹੋਣ।ਜੇ ਤੁਸੀਂ ਪਿੱਛੇ ਜਾ ਕੇ ਉਨ੍ਹਾਂ ਦੇ ਲਿਖੇ ਨੂੰ ਪੜ੍ਹੋਂ ਤਾਂ ਉਨ੍ਹਾਂ ਨੇ ਅਜਿਹੀਆਂ ਹਾਲਤਾਂ ਦੀ ਭਵਿੱਖਬਾਣੀ ਬਹੁਤ ਪਹਿਲਾਂ ਕਰ ਦਿੱਤੀ ਸੀ,ਇਹ ਉਹ ਲੋਕ ਹਨ ਜਿਨ੍ਹਾਂ ਨੂੰ ਸੁਣੇ ਜਾਣ ਦੀ ਲੋੜ ਹੈ,ਨਾ ਕਿ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਵੇ,ਉਮਰ ਕੈਦ ਸੁਣਾਈ ਜਾਵੇ ਜਾਂ ਮਾਰ ਦਿੱਤਾ ਜਾਵੇ।

No comments:

Post a Comment